.

ਸ੍ਰ. ਮੱਖਣ ਸਿੰਘ ਪੁਰੇਵਾਲ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਅਕਾਲ ਪੁਰਖ ਦੀ ਰਹਿਮਤ ਸੱਦਕਾ ਆਪਜੀ ਚੜ੍ਹਦੀ ਕਲਾ ਵਿੱਚ ਹੋਵੋਗੇ। ਸਿੱਖ ਮਾਰਗ ਰਾਹੀਂ ਆਪ ਕੌਮ ਦੀ ਸਿਧਾਂਤਕ ਪਖੋਂ ਜੋ ਸੇਵਾ ਕਰ ਰਹੇ ਹੋ ਕਾਬਿਲੇ ਤਾਰੀਫ਼ ਹੈ। ਅੱਜੋਕੇ ਸਮੇਂ ਜਦੋਂਕਿ ਚਾਪਲੂਸ ਅਤੇ ਖੁਸ਼ਾਮਦੀ ਕਿਸਮ ਦੇ ਲੋਕਾਂ ਦੀ ਕੋਈ ਕਮੀ ਨਹੀਂ ਹੈ, ਜੋ ਹਵਾ ਦੇ ਰੁੱਖ ਨਾਲ ਅਪਣਾ ਹੀ ਰੁੱਖ ਬਦਲ ਲੈਂਦੇ ਹਨ। ਪਰ ਤੁਸੀਂ ਬਹੁਤ ਹੀ ਬੇਬਾਕੀ ਨਾਲ ਹਰੇਕ ਸਿੱਖ ਮਸਲੇ ਬਾਰੇ ਅਪਣੇ ਅਤੇ ਹੋਰਨਾਂ ਲੇਖਕਾਂ ਦੇ ਵਿਚਾਰ ਸਿੱਖ ਅਵਾਮ ਤੱਕ, ਅਪਣੇ ਰੁਝੇਵਿਆਂ `ਚੋਂ’ ਸਮਾਂ ਕੱਢਦੇ ਹੋਇਆਂ, ਬਿਨ੍ਹਾਂ ਕਿਸੇ ਲੋਭ ਲਾਲਚ ਦੇ ਪਹੁੰਚਾ ਰਹੇ ਹੋ। ਅਕਾਲ ਪੁਰਖ ਆਪ ਅਤੇ ਆਪਦੇ ਪਰਵਾਰ ਨੂੰ ਪਹਿਲਾਂ ਨਾਲੋਂ ਵਧੇਰੇ ਉੱਦਮ ਅਤੇ ਉਤਸ਼ਾਹ ਬਖਸ਼ਣ, ਤਾਂ ਜੁ ਸਿੱਖੀ ਕੋਮ ਨੂੰ ਸਿਧਾਂਤਕ ਪਖੋਂ ਜਗਾਇਆ ਜਾ ਸਕੇ।
ਆਪਜੀ ਦਾ ਸ਼ੁੱਭਚਿੰਤਕ
ਅਮਨਦੀਪ ਸਿੰਘ ਦਿੱਲੀ

ਗੁਰਦੁਆਰਿਆਂ ਨੂੰ ਕਤਲਗਾਹ ਨ ਬਣਾਉ
ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਰਾ ਨੂੰ ਮਲੀਅਮੇਟ ਕਰਨ ਦੇ ਸਜਿਸ਼ੀ ਯਤਨਾਂ ਦਾ ਡਟਵਾਂ ਜੁਆਬ ਦੇਈਏ

ਸਿੱਖੀ ਦੀ ਜੋ ਰੂਪ-ਰੇਖਾ ਗੁਰੁ ਨਾਨਕ ਸਾਹਿਬ ਨੇ ਚਿਤਵੀ, ਉਸਨੂੰ ਅਮਲੀ ਤੌਰ ਤੇ ਲਾਗੂ ਕਰਨ ਲਈ, ਅਣਥੱਕ ਸੰਘਰਸ਼ ਭੀ ਕੀਤਾ। ਜਿਸਦੇ ਫ਼ਲਸਰੂਪ ਸਿੱਖਾਂ ਨੂੰ ਵੀਚਾਰਧਾਰਕ ਤੇ ਸਮਾਜਿਕ ਤੌਰ ਤੇ ਸੰਗਠਤ ਕੀਤਾ। ਪਰ ਉਹ ਸੱਭ ਕੁੱਝ ਹੁਣ ਬੀਤੇ ਦੀ ਯਾਦ ਬਣਕੇ ਹੀ ਰਹਿ ਗਿਆ ਹੈ। ਅੱਜ ਆਪਣੇ ਆਪ ਨੂੰ ਸਿੱਖੀ ਦੇ ਦਾਅਵੇਦਾਰ ਅਖਵਾਉਣ ਵਾਲਿਆਂ ਕੋਲ, ਉਪਰੋਕਤ ‘ਚੋਂ ਇੱਕ ਵੀ ਗੁਣ ਨਹੀਂ ਸੰਭਾਲਿਆ ਗਿਆ। ਅਜੋਕੇ ਸਿੱਖ ਨ ਤਾਂ ਵਿਚਾਰਧਾਰਕ ਪੱਖੋਂ ਇਕ ਹਨ, ਭਾਈਚਾਰਕ ਤੌਰ ਤੇ ਸੰਗਠਤ ਹੋਣਾ ਤਾਂ ਦੂਰ ਰਿਹਾ। ਹਾਲਾਂਕਿ ਸਾਹਿਬਾਂ ਨੇ ਹੋਕਾ ਹੀ “ਇਕਾ ਬਾਣੀ ਇੱਕ ਗੁਰੁ ਇਕੋ ਸਬਦੁ ਵੀਚਾਰਿ” ਦਾ ਦਿਤਾ। ਪਰ ਅਖਉਤੀ ਸਿੱਖਾਂ ਦਾ ਕੀ ਜੋ ਨਾਨਕ ਨਿਰੰਕਾਰੀ ਦੇ ਸਿਧਾਂਤਾਂ ਨੂੰ ਸਮਝਣਾ ਹੀ ਨਹੀਂ ਚਾਹੁੰਦੇ। ਜਿਨ੍ਹਾਂ ਦਾ ਮੁੱਖ ਮੰਤਵ ਹੀ ਜ਼ੋਰ-ਅਜਮਾਇਸ਼ ਨਾਲ, ਅਪਣੇ ਵਿਰੋਧੀਆਂ (ਗੁਰਮਤਿ ਹਿਤੈਸ਼ੀਆਂ) ਦੇ ਵਿਚਾਰਾਂ ਨੂੰ ਦਬਾਉਣਾ ਬਣ ਚੱਕਿਆ ਹੋਵੇ।
ਸਿੱਖ ਵੀਚਾਰਧਾਰਾ ਨੂੰ ਨ ਸਮਝਣ ਦੀ ਅਣਗਹਿਲੀ ਕਰਕੇ ਹੀ ਅੱਜ, ਸਿੱਖ ਜਗਤ ਕਸ਼ਮਕਸ਼ ਦੇ ਦੌਰ `ਚੋਂ ਗੁਜਰ ਰਿਹਾ ਹੈ। ਇਸ ਸਥਿਤੀ ਨੂੰ ਵੇਖ ਕੇ ਨਹੀਂ ਲੱਗਦਾ ਕਿ, ਕੀ ਸਿੱਖ ਭਵਿੱਖ ਪ੍ਰਤੀ ਕੋਈ ਵੱਡੀ ਪ੍ਰਾਪਤੀ ਕਰ ਸਕਣਗੇ? ਗੁਰੁ ਬਾਬਾ ਸੁਮੇਰ ਪਰਬਤ ਤੇ ਗਿਆ ਅਤੇ ਸਿਧਾਂ ਨਾਲ ਗੋਸਿਟ ਕੀਤੀ। ਕੁਰਾਹੇ ਪਏ ਹੋਇਆਂ ਨੂੰ ਠਰ੍ਹੰਮੇ ਨਾਲ ਸਮਝਾਇਆ ਅਤੇ ‘ਰੋਸੁ ਨ ਕੀਜੈ ਉਤਰ ਦੀਜੈ’ ਦਾ ਅਮਲ ਵਰਤਾਇਆ। ਬਦਕਿਸਮਤੀ ਨੂੰ ਅਸਾਨੂੰ ਸਾਹਿਬਾਂ ਦੇ ਇਲਾਹੀ ਬਚਨ ਹੀ ਮੁਕੰਮਲ ਤੌਰ ਤੇ ਵਿਸਰ ਚੁੱਕੇ ਹਨ। ਇਸੇ ਕਰਕੇ ਹੀ ਅਸੀਂ ਅਪਣੇ ਵਿਰੋਧੀ ਵਿਚਾਰਾਂ (ਗੁਰਮਤਿ ਦੇ ਹਮਾਇਤੀਆਂ) ਵਾਲਿਆਂ ਨੂੰ ਡਾਂਗਾਂ, ਸੋਟਿਆਂ ਤੇ ਕਿਰਪਾਨਾਂ ਨਾਲ ਕਤਲ ਕਰਨਾ ਲੋਚਦੇ ਹਾਂ, ਉਹ ਵੀ ਉਨ੍ਹਾਂ ਹੀ ਅਸਥਾਨਾਂ ਤੇ, ਜਿੱਥੋਂ ਸਾਹਿਬ ਸੱਚੇ ਪਾਤਸ਼ਾਹ ਦੇ ਨਿਰਮਲ ਤੇ ਸਰਬ ਕਲਿਆਣਕਾਰੀ ਉਪਦੇਸ਼ਾਂ ਦਾ ਪ੍ਰਵਾਹ ਚਲਦਾ ਹੈ। ਅਕਤੂਬਰ 06 ਨੂੰ, ਕਨੈਡਾ ਦੇ ਗੁਰਦੁਆਰੇ ‘ਚ ਜੋ ਜ਼ਾਲਮਾਨਾ ਕਾਰਵਾਈ ਕੀਤੀ ਗਈ, ਉਸ ਨਾਲ ਅਸੀਂ ਲੋਕ ਮਨਾਂ ਤੇ ਕੋਈ ਚੰਗਾ ਪ੍ਰਭਾਵ ਨਹੀਂ ਪਾ ਸਕਾਂਗੇ। ਉਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।

ਸਿੱਖੀ ਸਿਧਾਂਤਾਂ ਦੀ ਬਰਬਾਦੀ ਦਾ ਫ਼ਤਹਿ ਦਿਵਸ

ਜਿਸ ਵੇਲੇ ਮਨੁੱਖਤਾ ਦੇ ਦਰਦੀ ਇਲਾਹੀ ਨੂਰ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ ਜਨੇਊ ਨੂੰ ਚੁਣੋਤੀ ਦਿਤੀ, ਬਸ ਉਸੇ ਹੀ ਦਿਨ ਤੋਂ ਉਹ ਸਿੱਖੀ ਸਿਧਾਂਤਾਂ ਦੀ ਬਰਬਾਦੀ ਲਈ ਯਤਨਸ਼ੀਲ ਹੋ ਗਿਆ। ਆਖਿਰ ਉਸਦੇ ਮਨਸੂਬਿਆਂ ਨੂੰ ਬੂਰ ਲੱਗਾ। ਜਦੋਂ ਉਹ ਨੀਲੇ ਦੇ ਸ਼ਾਹ ਅਸਵਾਰ ਗੁਰੁ ਦਸਮ ਪਾਤਸ਼ਾਹ ਦੇ ਨਾਂਅ ਹੇਠਾਂ, “ਕੋਕ ਸ਼ਾਸਤਰੀ” ਕੂੜ ਨੂੰ ਸਰਬੰਸਦਾਨੀ ਪਾਤਸ਼ਾਹ ਦੀ ਕਿਰਤ ਦਰਸਾਉਣ `ਚ ਕਾਮਯਾਬ ਹੋ ਗਿਆ। ‘ਬੱਚਿਤਰ ਨਾਟਕ’ ਤੋਂ ਦਸਮ ਸ੍ਰੀ ਗੁਰੁ ਗ੍ਰੰਥ ਸਹਿਬ ਜੀ ਤੱਕ ਦਾ ਸਫ਼ਰ, ਉਸਨੇ ਬੜੇ ਹੀ ਸਹਿਜ ਨਾਲ ਪੂਰਾ ਕਰ ਲਿਆ। ‘ਸ੍ਰੀ ਦਸਮ ਗੁਰੁ ਗ੍ਰੰਥ ਸਾਹਿਬ’ ਦੇ ਪੜਾਅ ਤੇ ਪਹੁੰਚਣ ਉਪ੍ਰੰਤ ਹੀ ਉਸਨੇ ਅਪਣਾ ਅਗਲਾ ਸਫ਼ਰ, ਇਸ ਗ੍ਰੰਥ ਨੂੰ ਇਲਾਹੀ ਗੁਰੂ ਬਾਣੀ, ਗੁਰੁ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਸਥਾਪਿਤ ਕਰਨ ਲਈ ਅਰੰਭ ਦਿਤਾ।
ਬਸ ਜਦੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਇਲਾਵਾ ਕਿਸੇ ਹੋਰ ਪੁਸਤਕ ਨਾਲ ਗੁਰੁ ਦਾ ਲਕਬ ਜੁੜ ਗਿਆ, ਸਮਝੋ ਤਦੋਂ ਤੋਂ ਹੀ ਸਿੱਖ ਵਿਚਾਰਧਾਰਾ ਦਾ ਭੋਗ ਪੈਣ ਦੀ ਸ਼ੁਰੂਆਤ ਹੋ ਗਈ। ਜਿਹੜੇ ਲੋਕ ਅੱਜ ਮੁੱਢੋਂ ਵਿਵਾਦਿਤ ਰਹੀ ਪੁਸਤਕ ਅਖਉਤੀ ‘ਦਸਮ ਗ੍ਰੰਥ’ ਦੇ ਨਾਲ ਗੁਰੁ ਪਦ ਲਗਾ ਕੇ, ਗੁਰੁ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਨ ਦੇ ਯਤਨ ਕਰ ਰਹੇ ਹਨ, ਉਨ੍ਹਾਂ ਪ੍ਰਥਾਇ ਹੀ ਭਾਈ ਕਾਨ੍ਹ ਸਿੰਘ ਨਾਭਾ ‘ਗੁਰਮਤ ਮਾਰਤੰਡ’ ਭਾਗ ਪਹਿਲਾ, ਛਾਪਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦੇ ਪੰਨਾ 415 ਉਪਰ ਲਿਖਦੇ ਹਨ, “ਕਈ ਨਾਦਾਨ ਸਿੱਖ ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ। ਦਸਮ ਗ੍ਰੰਥ ਦੇ ਮਸਲੇ ਬਾਰੇ, ਸ਼ੋ. ਕਮੇਟੀ ਦੇ ਸਕੱਤਰ ਨੇ, ਅਕਾਲ ਤਖਤ ਦੀ ਰਾਇ ਦੇ ਆਧਾਰ ਉਤੇ, ਪੱਤਰ ਨੰ. 36672 ਮਿੱਤੀ 3. 8. 1973 ਰਾਹੀਂ ਇੱਕ ਪੁੱਛ ਦਾ ਜਵਾਬ ਦਿੰਦੇ ਹੋਏ ਕਿਹਾ ਕਿ,” “ਚਰਿਤ੍ਰੋ ਪਖਿਆਨ” ਜੋ ਦਸਮ ਗ੍ਰੰਥ ਵਿੱਚ ਅੰਕਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। ਉਪ੍ਰੋਕਤ ਫ਼ੈਸਲੇ ਨੂੰ ਅੱਖੋਂ ਪਰੋਖੇ ਕਰਕੇ ਸਿੱਖ ਵੀਚਾਰਧਾਰਾ ਨੂੰ ਮਲੀਆਮੇਟ ਕਰਨ ਦੀ ਸਾਜਿਸ਼ ਅਧੀਨ ਮਿੱਤੀ 13 ਨਵੰਬਰ 2006 ਨੂੰ ਪਿੰਡ ਦਿਆਲਪੁਰਾ ਭਾਈਕਾ ਵਿੱਖੇ, ਪੰਥ ਦੇ ਆਪੂੰ ਬਣੇ ਚੌਧਰੀਆਂ ਨੇ, ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੁ ਗ੍ਰੰਥ ਸ਼ਾਹਿਬ ਜੀ ਦੇ ਬਰਾਬਰ ਅਸ਼ਲੀਲਤਾ ਦੀ ਪੰਡ ਅਖਉਤੀ ਦਸਮ ਗੰਥ ਦਾ ਪ੍ਰਕਾਸ਼ ਕਰਕੇ, ਗੁਰੂ ਦਸਮ ਪਾਤਸ਼ਾਹ ਦੇ ਹੁਕਮ ‘ਸਭ ਸਿੱਖਨ ਕਉ ਹੁਕਮ ਹੈ ਗੁਰੁ ਮਾਨਿਉ ਗ੍ਰੰਥ’ ਨੂੰ ਸਿੱਧੀ ਚੁਣੌਤੀ ਦਿੰਦਿਆਂ ਅਪਣੇ ਆਪ ਨੂੰ ਗਿਆਰਵੀਂ ਪਾਤਸ਼ਾਹੀ ਸਿੱਧ ਕਰਨ ਦਾ ਨਾ ਕਾਬਿਲੇ ਬਰਦਾਸ਼ ਗੁਨਾਹ ਕੀਤਾ ਹੈ ਜਿਸਨੂੰ ਸਿੱਖ ਤਵਾਰੀਖ਼ ਕਦੇ ਮੁਆਫ਼ ਨਹੀਂ ਕਰੇਗੀ।

ਆਉ ਗੁਰੂ ਸਵਾਰੇ ਖ਼ਾਲਸਾ ਜੀਉ ਜ਼ਰਾ ਦਰਸ਼ਨ ਕਰੀਏ ਅਖਉਤੀ “ਦਸਮ ਗ੍ਰੰਥ” `ਚ, ਦਰਜ ਕੋਕ ਸ਼ਾਸਤਰੀ ਕਹਾਣੀਆਂ ਦੇ, ਜਿਸਨੂੰ ਸਿੱਖ ਕੌੰਮ ਦੇ ਅਖਉਤੀ ਜੱਥੇਦਾਰਾਂ ਨੇ, ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਸਿੱਖੀ ਸਿਧਾਂਤਾਂ ਨੂੰ ਮਲੀਆਮੇਟ ਕਰਨ ਦਾ ਘੋਰ ਗੁਨਾਹ ਕੀਤਾ ਹੈ।
‘ਚਰਿਤ੍ਰੋ ਪਾਖਿਆਨ’ ਤਾਂ ਮੈਥੁਨੀ ਆਸਨਾਂ, ਚੁੰਬਨਾਂ ਅਤੇ ਗਲਵਕੜੀਆਂ ਦਾ ਵਿਵਰਣ ਮਾਤਰ ਹੈ। ਜਿਵੇਂ

(1) ਭਗ ਮੋ ਲਿੰਗ ਦਿਯੋ ਰਾਜਾ ਜਬ।
ਰੁਚਿ ਉਪਜੀ ਤਰਨੀ ਕੇ ਜਿਯ ਤਬ।

ਲਪਟਿ ਲਪਟਿ ਆਸਨ ਤਰ ਗਈ।
ਚੁੰਬਨ ਕਰਤ ਭੂਪ ਕੇ ਭਈ॥ (25)॥


ਗਹਿ ਗਹਿ ਤਿਹ ਕੋ ਗਰੇ ਲਗਾਵਾ।
ਆਸਨ ਸੌ ਆਸਨਹਿ ਛੁਹਾਵਾ।

ਅਧਰਨ ਸੌ ਦੋਊ ਅਧਰ ਲਗਾਈ।
ਦੁਹੂੰ ਕੁਚਨ ਸੌ ਕੁਚਨ ਮਿਲਾਈ॥ (26)
(ਦਸਮ ਗ੍ਰੰਥ ਪੰਨਾ, 1358)

(ਹਵਾਲਾ ਪੁਸਤਕ, ਦਸਮ ਗ੍ਰੰਥ ਬਾਰੇ,
ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸੰਨ 1995)।

ਇਸ ਗ੍ਰੰਥ ਚੋਂ ਕਾਮੁਕਤਾ ਦੀ ਦੂਜੀ ਝਲਕ ਇਉਂ ਮਿਲਦੀ ਹੈ।
(2) ਪੋਸਤ ਭਾਂਗ ਅਫੀਮ ਮੰਗਾਈ॥ ਏਕ ਸੇਜ ਪਰ ਬੈਠ ਚੜ੍ਹਾਈ॥
ਜਬ ਮਦ ਦੋ ਮਤਵਾਰੇ ਭਏ॥ ਤਬ ਹੀ ਸ਼ੋਕ ਬਿਸਰਿ ਸਭ ਗਏ॥ 5॥

ਏਕ ਸੇਜ ਪਰ ਬੈਠਿ ਕਲੋਲਹਿ॥ ਰਸ ਕੀ ਕਥਾ ਰਸਿਕ ਮਿਲਿ ਬੋਲਹਿ॥
ਚੁੰਬਨ ਔਰ ਆਲਿੰਗਨ ਕਰਹੀਂ॥ ਭਾਂਤਿ ਭਾਂਤਿ ਕੇ ਭੋਗਨ ਭਰਹੀਂ॥ 6॥
291 ਚਰਿਤ੍ਰ, (ਦਸਮ ਗ੍ਰੰਥ ਪੰਨਾ 1237)
(ਹਵਾਲਾ ਪੁਸਤਕ, ਦਸਮ ਗ੍ਰੰਥ ਦਾ ਲਿਖਾਰੀ ਕੌਣ?
ਭਾਗ -1, ਪੰਨਾ-175)
ਉਪ੍ਰੋਕਤ ਦੋਵੇਂ ਝਾਂਕੀਆਂ ਅਖਉਤੀ ਦਸਮ ਗ੍ਰੰਥ `ਚੋਂ ਹਨ, ਜਿਸ ਨੂੰ ਤੇਗੇ, ਕੁਹਾੜੀਆਂ ਤੇ ਗੰਡਾਸਿਆਂ ਦੇ ਜ਼ੋਰ ਨਾਲ। ਸਿੱਖਾਂ ਦਾ ਇਸ਼ਟ ਬਣਾਇਆ ਜਾ ਰਿਹਾ ਹੈ। ਫ਼ੈਸਲਾ ਬਿਬੇਕੀ ਖ਼ਾਲਸੇ ਨੇ ਕਰਨਾ ਹੈ ਕਿ ਸਾਡੇ ਗੁਰੂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ ਕਿ ਅਖਉਤੀ ਦਸਮ ਗ੍ਰੰਥ ਜਿਸਦਾ ਅੱਧੇ ਤੋਂ ਵੱਧ ਭਾਗ ਕੋਕ ਸ਼ਾਸਤਰੀ ਕਹਾਣੀਆਂ ਨਾਲ ਭਰਿਆ ਪਿਆ ਹੈ, ਜਿਸਨੂੰ ਇਕ ਮਾਂ ਤੇ ਉਸਦਾ ਪੁੱਤਰ ਇਕੱਠੇ ਬੈਠ ਕੇ ਪੜ੍ਹ ਨਹੀਂ ਸਕਦੇ, ਜਿਸ ਤੋਂ ਸਮਾਜਕ ਬੁਰਾਈਆਂ ਹੀ ਉਪਜਦੀਆਂ ਹਨ। ਜੇ ਸਿੱਖ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਕਿਤੇ ਵੀ ਸਿੱਧ ਨਹੀਂ ਹੁੰਦਾ ਕਿ ਚਰਚਾ ਅਧੀਨ ਗ੍ਰੰਥ ਨੇ, ਸਿੱਖ ਕੌਮ ਨੂੰ ਕੋਈ ਸੇਧ ਦਿੱਤੀ ਹੋਵੋ । ਕੀ ਹਰੀ ਸਿੰਘ ਨਲੂਏ ਵਰਗੇ ਕਿਰਦਾਰ ਦੀ ਘਾੜਤ ‘ਚਰਿਤ੍ਰੋ ਪਾਖਿਆਨ’ ਦੀਆਂ ਕੋਕ ਸ਼ਾਸਤਰੀ ਕਹਾਣੀਆਂ ਨਾਲ ਹੋਈ ਸੀ ਜਾਂ ਗੁਰੁ ਨਾਨਕ ਸਾਹਿਬ ਦੀ ਇਨਕਲਾਬੀ ਗੁਰੁ ਬਾਣੀ ਰਾਹੀਂ? ਹੁਣ ਤਾਂ ਤਖਤ ਕੇਸਗੜ੍ਹ ਸਾਹਿਬ ਦੇ ਅਖਉਤੀ ਜੱਥੇਦਾਰ ਨੇ ਸਮਾਜਿਕ ਸਮੱਸਿਆਂ ਦੇ ਹਲ ਲਈ “ਏਡਜ਼ ਕੰਟਰੋਲ ਸੁਸਾਇਟੀ” ਦੇ ਸਟਿਕਰ ਜਾਰੀ ਕੀਤੇ ਹਨ ਜਿਸ `ਤੇ ਗੁਰਬਾਣੀ ਦਾ ਮੂੰਹ ਚਿੜਾਉਣ ਲਈ ਅਖਉਤੀ ਦਸਮ ਗੰਥ ਦੀਆਂ ਤੁਕਾਂ ਦੇ ਨਾਲ, ਗੁਰੁ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਨੂੰ ਪ੍ਰਕਾਸ਼ਿਤ ਕੀਤਾ ਹੋਇਆ ਹੈ। ਕੀ ਸਿੱਖ ਕੌਮ ਨੂੰ ਚਿੰਬੜੇ ਜਿਰਾਸੀਮਾਂ ਵੱਲ ਕਿਸੇ ਜੱਥੇਦਾਰ ਦਾ ਧਿਆਨ ਨਹੀਂ ਜਾਂਦਾ ਜਾਂ ਉਹ ਅਪਣੇ ਆਕਾਵਾਂ ਦੇ ਹੁਕਮਾਂ ਤੋਂ ਛੁੱਟ ਕਿਸੇ ਮੱਸਲੇ ਵੱਲ ਧਿਆਨ ਨਹੀਂ ਕਰਨਾ ਚਾਹੂੰਦੇ?
ਸਾਡੀ ਅਜੋਕੀ ਹਾਲਤ `ਤੇ ਪੰਥ ਦੇ ਪ੍ਰਸਿੱਧ ਕਵੀ ਸਰਦਾਰ ਪ੍ਰੀਤਮ ਸਿੰਘ ਕਾਸਦ
ਦੀਆਂ ਇਹ ਸਤਰਾਂ ਸਾਨੂੰ ਚੇਤਾਵਨੀ ਦੇ ਰਹੀਆਂ ਹਨ,
ਰਾਜ ਖ਼ਾਲਸਾ ਸਾਂਭ ਨ ਸਕੇ
ਲਾਜ ਖ਼ਾਲਸਾ ਸਾਂਭ ਕੇ ਰੱਖੋ।
ਆਉ ਗੁਰੂ ਗ੍ਰੰਥ ਸਹਿਬ ਦੀ ਵਿਚਾਰਧਰਾ ਨੂੰ ਮਲੀਅਮੇਟ ਕਰਨ ਦੇ ਸਜਿਸ਼ੀ ਯਤਨਾਂ ਦਾ ਡਟਵਾਂ ਜੁਆਬ ਦੇਈਏ।
ਅਮਨਦੀਪ ਸਿੰਘ
ਨਵੀਂ ਦਿੱਲ਼ੀ
.