.

ਮਨੁੱਖੀ ਜੀਵਨ ਵਿੱਚ ਰੰਗਾਂ ਦੀ ਭੂਮਿਕਾ

ਪ੍ਰੋ: ਤਰਲੋਚਨ ਸਿੰਘ ਮਹਾਜਨ
ਫਿਜਿਕਸ ਵਿਭਾਗ
ਖਾਲਸਾ ਕਾਲਜ ਪਟਿਆਲਾ
+919888169226

ਮਨੁੱਖ ਉਤੇ ਰੰਗਾਂ ਦਾ ਇਸ ਹੱਦ ਤਕ ਅਸਰ ਹੋਇਆ ਕਿ ਉਸ ਨੇ ਦੇਸ਼ਾਂ, ਧਰਮਾਂ ਅਤੇ ਕੌਮਾਂ ਦੀ ਪਹਿਚਾਣ ਵੀ ਰੰਗਾਂ ਉਤੇ ਨਿਰਧਾਰਿਤ ਕਰ ਦਿੱਤੀ। ਕਿਸੇ ਨੇ ਆਪਣੇ ਧਰਮ ਨੂੰ ਹਰੀ ਚਾਦਰ ਦੇ ਰੂਪ ਵਿੱਚ ਕਬੂਲ ਕੀਤਾ ਤੇ ਕਿਸੇ ਨੇ ਲਾਲ ਚੁੰਨੀ ਦੇ ਰੂਪ ਵਿਚ। ਜੇ ਇਸਾਈਆਂ ਨੇ ਚਿੱਟੇ ਰੰਗ ਨੂੰ ਵਿਆਹ ਸ਼ਾਦੀਆਂ ਲਈ ਸ਼ੁਭ ਮੰਨਿਆ ਤਾਂ ਹਿੰਦੁਸਤਾਨੀਆਂ ਨੇ ਚਿੱਟੇ ਕਪੜੇ ਮਰਗਤ ਸਮੇਂ ਪਹਿਨਣ ਦੀ ਰੀਤ ਚਲਾਈ।

ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ (767)

ਸਿੱਖ ਧਰਮ ਵਿੱਚ ਜਿਥੇ ਰਾਜਾ ਤੇ ਰੰਕ ਇੱਕ ਥਾਂ, ਇਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ, ਸ਼ੇਰ ਅਤੇ ਬੱਕਰੀ ਵਿੱਚ ਬਰਾਬਰੀ ਹੈ, ਮੀਰੀ ਅਤੇ ਪੀਰੀ ਦਾ ਸੁਮੇਲ ਹੈ ਉਥੇ ਇਸ ਧਰਮ ਵਿੱਚ ਕੇਸਰੀ ਅਤੇ ਨੀਲੇ ਰੰਗਾਂ ਦਾ ਵੀ ਸੁਮੇਲ ਹੈ ਜਿਨ੍ਹਾਂ ਦੇ ਗੁਣ ਵੱਖੋ-ਵੱਖਰੇ ਹਨ। ਆਓ ਰੰਗਾਂ ਬਾਰੇ ਵਿਸਥਾਰ ਵਿੱਚ ਵਿਚਾਰ ਕਰੀਏ।
ਮਨੁੱਖੀ ਜੀਵਨ ਵਿੱਚ ਰੰਗਾਂ ਦੀ ਇੱਕ ਅਹਿਮ ਭੂਮਿਕਾ ਹੈ। ਕੁਦਰਤ ਨੇ ਆਪਣੀ ਕਲਮ ਦੁਆਰਾ ਪਸ਼ੂ ਪੰਛੀਆਂ ਨੂੰ ਰੰਗਾਂ ਨਾਲ ਸਜਾ ਕੇ ਕਲਾ ਦਾ ਇੱਕ ਜਿੰਦਾ ਜਾਗਦਾ ਨਮੂਨਾ ਪੇਸ਼ ਕੀਤਾ। ਜਿਥੇ ਕੋਇਲ ਦੇ ਗੁਣਾਂ ਦੇ ਖਜ਼ਾਨੇ ਨੂੰ ਕਾਲੇ ਰੰਗ ਨਾਲ ਢੱਕਿਆ ਉਥੇ ਮੋਰਾਂ ਦੇ ਖੰਭਾਂ ਦੀ ਕਲਾਕ੍ਰਿਤੀ ਅਤੇ ਉਸ ਵਿਚਲੇ ਰੰਗਾਂ ਦੇ ਸੁਮੇਲ ਨੂੰ ਸ਼ਬਦਾਂ ਦੁਆਰਾ ਬਿਆਨ ਨਹੀ ਕੀਤਾ ਜਾ ਸਕਦਾ।

ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ॥ (1094)
ਮਨੁੱਖ ਉਤੇ ਰੰਗਾਂ ਦਾ ਇਸ ਹੱਦ ਤਕ ਅਸਰ ਹੋਇਆ ਕਿ ਉਸ ਨੇ ਦੇਸ਼ਾਂ, ਧਰਮਾਂ ਅਤੇ ਕੌਮਾਂ ਦੀ ਪਹਿਚਾਣ ਵੀ ਰੰਗਾਂ ਉਤੇ ਨਿਰਧਾਰਿਤ ਕਰ ਦਿੱਤੀ। ਕਿਸੇ ਨੇ ਆਪਣੇ ਧਰਮ ਨੂੰ ਹਰੀ ਚਾਦਰ ਦੇ ਰੂਪ ਵਿੱਚ ਕਬੂਲ ਕੀਤਾ ਤੇ ਕਿਸੇ ਨੇ ਲਾਲ ਚੁੰਨੀ ਦੇ ਰੂਪ ਵਿਚ। ਜੇ ਇਸਾਈਆਂ ਨੇ ਚਿੱਟੇ ਰੰਗ ਨੂੰ ਵਿਆਹ ਸ਼ਾਦੀਆਂ ਲਈ ਸ਼ੁਭ ਮੰਨਿਆ ਤਾਂ ਹਿੰਦੁਸਤਾਨੀਆਂ ਨੇ ਚਿੱਟੇ ਕਪੜੇ ਮਰਗਤ ਸਮੇਂ ਪਹਿਨਣ ਦੀ ਰੀਤ ਚਲਾਈ।
ਚਿੱਟਾ ਰੰਗ ਅਸਲ ਵਿੱਚ ਸੱਤ ਰੰਗਾਂ ਦਾ ਸੁਮੇਲ ਹੈ। ਵਿਗਿਆਨ ਇਨ੍ਹਾਂ ਸੱਤ ਰੰਗਾਂ ਵਿਚੋਂ ਤਿੰਨ ਨੂੰ ਮੂਲ ਰੰਗ ਮੰਨਦਾ ਹੈ। ਇਹ ਰੰਗ ਹਨ ਲਾਲ, ਨੀਲਾ ਅਤੇ ਹਰਾ। ਇਨ੍ਹਾਂ ਤਿੰਨਾਂ ਰੰਗਾਂ ਨੂੰ ਅਨੁਪਾਤ ਵਿੱਚ ਮਿਲਾ ਕੇ ਕੋਈ ਵੀ ਰੰਗ ਬਣਾਇਆ ਜਾ ਸਕਦਾ ਹੈ। ਇਨ੍ਹਾਂ ਤਿੰਨ ਰੰਗਾਂ ਵਿਚੋਂ ਲਾਲ ਰੰਗ ਦੀ ਵੇਵ ਲੈਂਥ (ਤਰੰਗ ਲੰਬਾਈ) ਸਭ ਤੋਂ ਜ਼ਿਆਦਾ ਅਤੇ ਨੀਲੇ ਰੰਗ ਦਾ ਵੇਵ ਲੈਂਥ ਸਭ ਤੋਂ ਘੱਟ ਹੁੰਦੀ ਹੈ।
ਵਿਗਿਆਨਿਕ ਰੈਲੇ ਮੁਤਾਬਕ ਜਿਨ੍ਹਾਂ ਰੰਗਾਂ ਦਾ ਵੇਵ ਫਾਸਲਾ ਜ਼ਿਆਦਾ ਹੁੰਦਾ ਹੈ ਉਹ ਹਵਾ ਵਿੱਚ ਘੱਟ ਖਿੰਡਦੇ ਹਨ ਅਤੇ ਦੂਰ ਤਕ ਵਿਖਾਈ ਦੇਣ ਯੋਗ ਹੁੰਦੇ ਹਨ। ਇਸੇ ਲਈ ਰੇਲਵੇ ਵਲੋਂ ਜਰੂਰੀ ਸੰਕੇਤਾਂ ਲਈ ਲਾਲ ਰੰਗ ਦੀ ਝੰਡੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲਾਲ ਰੰਗ ਤੋਂ ਭਾਵ ਹੈ ਇਕਾਗਰਤਾ, ਖਿੰਡਾਅ ਨਹੀਂ। ਇਸੇ ਲਈ ਨਵ- ਵਿਆਹੀ ਦੁਲਹਨ ਨੂੰ ਲਾਲ ਰੰਗਾਂ ਨਾਲ ਸਜਾਇਆ ਜਾਂਦਾ ਹੈ ਭਾਵ ਹੁਣ ਭਟਕਣ ਨਹੀਂ, ਦਿਸ਼ਾ ਮਿਲ ਚੁੱਕੀ ਹੈ। ਲਾਲ ਅਤੇ ਇਸ ਦੇ ਨਾਲ ਮਿਲਦੇ-ਜੁਲਦੇ ਰੰਗਾਂ, ਜਿਵੇਂ ਸੰਤਰੀ ਜਾਂ ਕੇਸਰੀ ਜਿਨ੍ਹਾਂ ਦਾ ਵੇਵ ਫਾਸਲਾ ਵੱਧ ਹੁੰਦਾ ਹੈ, ਤੋਂ ਉਪਜਦੀ ਹੈ ਇਕਾਗਰਤਾ ਅਤੇ ਇਕਾਗਰਤਾ ਤੋਂ ਜਨਮ ਹੁੰਦਾ ਹੈ ਅਧਿਆਤਮਵਾਦ ਦਾ। ਇਸ ਲਈ ਇਹ ਰੰਗ ਅਧਿਆਤਮਵਾਦ ਦਾ ਵੀ ਸੂਚਕ ਹਨ। ਇਸੇ ਲਈ ਸਾਡੇ ਗੁਰੂਆਂ ਪੀਰਾਂ- ਫਕੀਰਾਂ ਨੇ ਲਾਲ ਜਾਂ ਕੇਸਰੀ ਰੰਗ ਨੂੰ ਇਕਾਗਰਤਾ ਲਈ ਚੁਣਿਆ। ਪਿਆਰ ਦਾ ਨਿਸ਼ਾਨ ਵੀ ਲਾਲ ਰੰਗ ਹੈ, ਸੱਚਾ ਰੂਹਾਨੀ ਪਿਆਰ ਕੇਵਲ ਇੱਕ ਨਾਲ ਹੁੰਦਾ ਹੈ

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ॥
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ॥ (804)

ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ (767)


ਵਿਗਿਆਨਿਕ ਰੈਲੇ ਅਨੁਸਾਰ ਜਿਥੇ ਲਾਲ ਰੰਗ ਖਿੰਡਦਾ ਨਹੀਂ ਉਥੇ ਘੱਟ ਵੇਵ ਫਾਸਲੇ ਵਾਲੇ ਰੰਗ ਜ਼ਿਆਦਾ ਖਿੰਡਦੇ ਹਨ ਜਿਵੇਂ ਕਿ ਵੈਂਗਣੀ ਅਤੇ ਨੀਲਾ। ਸੂਰਜ ਕੋਲੋਂ ਆ ਰਿਹਾ ਪ੍ਰਕਾਸ਼ ਸਫੈਦ ਰੰਗਾ ਹੈ ਪਰ ਜਿਉਂ ਹੀ ਉਹ ਧਰਤੀ ਦੇ ਵਾਯੂਮੰਡਲ ਨਾਲ ਟਕਰਾਉਂਦਾ ਹੈ ਤਾਂ ਨੀਲੇ ਰੰਗ ਦੇ ਖਿੰਡਣ ਨਾਲ ਦੂਰ-ਦੂਰ ਤੱਕ ਨੀਲਾ-ਨੀਲਾ ਦਿੱਸਦਾ ਹੈ ਜਿਸ ਨੂੰ ਅਸੀਂ ਅਸਮਾਨ ਸਮਝਦੇ ਹਾਂ। ਨੀਲੇ ਰੰਗ ਵਿੱਚ ਖਿੰਡਣ ਜਾਂ ਆਪਣੇ ਆਪ ਨੂੰ ਵੰਡਣ ਦੇ ਗੁਣ ਹਨ। ਜਦੋਂ ਇਨਸਾਨ ਕੁੱਝ ਵੰਡਦਾ ਹੈ ਤਾਂ ਉਹ ਖੁਦ ਹਲਕਾ ਹਲਕਾ ਮਹਿਸੂਸ ਕਰਦਾ ਹੈ ਜਿਵੇਂ ਕਿ ਕਈ ਮਣ ਬੋਝ ਉਸ ਤੋਂ ਲਹਿ ਗਿਆ ਹੋਵੇ। ਇਸ ਲਈ ਨੀਲਾ ਅਤੇ ਇਸ ਦੇ ਨਾਲ ਮਿਲਦੇ-ਜੁਲਦੇ ਹੋਰ ਰੰਗ ਜਿਵੇਂ ਕਿ ਹਲਕਾ ਨੀਲਾ ਜਾਂ ਅਸਮਾਨੀ ਰੰਗ, ਵੰਡ ਅਤੇ ਫਿਰ ਇਸ ਤੋਂ ਪ੍ਰਾਪਤ ਹੋਣ ਵਾਲੇ ਸਕੂਨ ਦੇ ਪ੍ਰਤੀਕ ਹਨ। ਜਿੰਨ੍ਹਾਂ ਨੂੰ ਇਹ ਰੰਗ ਪਸੰਦ ਹੈ ਉਹ ਆਪਣੇ ਆਪ ਨੂੰ ਦੂਜਿਆਂ ਵਿੱਚ ਵੰਡਣਾ ਚਾਹੁੰਣਗੇ, ਰਲ ਮਿਲ ਕੇ ਰਹਿਣਾ ਪਸੰਦ ਕਰਨਗੇ, ਦੂਜਿਆਂ ਦੇ ਸੁਖ-ਦੁਖ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ ਉਨ੍ਹਾਂ ਦਾ ਸੁਭਾਅ ਹੋਵੇਗਾ। ਜਿਥੇ ਲਾਲ, ਸੰਤਰੀ ਜਾਂ ਕੇਸਰੀ ਇਕਾਗਰਤਾ ਦੇ ਸੂਚਕ ਹਨ ਉਥੇ ਨੀਲਾ ਜਾਂ ਅਸਮਾਨੀ ਗ੍ਰਹਿਸਥੀ ਹੋਣ ਦੇ ਪ੍ਰਤੀਕ ਹਨ। ਲਾਲ ਇੱਕ ਤੇ ਖੜ੍ਹਾ ਹੈ ਤੇ ਨੀਲਾ ਅਨੇਕਾਂ ਵਿੱਚ ਵਿਚਰਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਕੇਸਰੀ ਤੇ ਨੀਲਾ ਰੰਗ ਇੱਕ ਤੇ ਅਨੇਕ ਦੇ ਸੁਮੇਲ ਵਜੋਂ ਸਾਨੂੰ ਪ੍ਰਸਾਦਿ ਰੂਪ ਵਿੱਚ ਬਖਸਿਆ। ਸਿੱਖ ਧਰਮ ਅਨੁਸਾਰ ਪ੍ਰਮਾਤਮਾ ਇੱਕ ਅਤੇ ਇਕਾਗਰਤਾ ਦਾ ਪ੍ਰਤੀਕ ਹੈ (ਲਾਲ ਰੰਗ ਦੇ ਵੀ ਇਹੋ ਗੁਣ ਹਨ) ਫਿਰ ਉਹ ਅਨੇਕ ਵੀ ਹੈ, ਸਾਰਿਆਂ ਵਿੱਚ ਉਹ ਆਪ ਹੀ ਹੈ (ਇਹੋ ਨੀਲੇ ਰੰਗ ਦੇ ਗੁਣ ਹਨ)।

ਅਨੇਕ ਹੈਂ॥ ਫਿਰਿ ਏਕ ਹੈਂ॥ (ਜਾਪੁ ਸਾਹਿਬ)

ਹਰੇ ਰੰਗ ਦਾ ਵੇਵ ਫਾਸਲਾ ਤਕਰੀਬਨ ਲਾਲ ਰੰਗ ਅਤੇ ਨੀਲੇ ਰੰਗ ਦੇ ਵਿਚਾਲੇ ਹੈ। ਕੁਦਰਤ ਨੇ ਬਨਸਪਤੀ ਦੀ ਝੋਲੀ ਵਿੱਚ ਹਰਾ ਰੰਗ ਪਾਇਆ।

ਸੋਹੇ ਬੰਕ ਦੁਆਰ ਸਗਲਾ ਬਨੁ ਹਰ॥ ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ॥ (857)
ਇਸ ਰੰਗ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਵਿੱਚ ਕੁੱਝ ਲਾਲ ਅਤੇ ਕੁੱਝ ਨੀਲੇ ਰੰਗਾਂ ਦੇ ਗੁਣਾਂ ਦਾ ਸੁਮੇਲ ਹੋਵੇਗਾ। ਹਰਾ ਅਤੇ ਪੀਲਾ ਰੰਗ ਅੱਖਾਂ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਇਨ੍ਹਾਂ ਰੰਗਾਂ ਨੂੰ ਪਸੰਦ ਕਰਨ ਵਾਲੇ ਵਿਅਕਤੀ ਜ਼ਿਆਦਾ ਸੰਵੇਦਨਸ਼ੀਲ ਅਤੇ ਹਰ ਗਲ ਦੀ ਤਹਿ ਤਕ ਜਾਣਾ ਇਨ੍ਹਾਂ ਦਾ ਸੁਭਾਅ ਹੁੰਦਾ ਹੈ।
ਵਿਗਿਆਨ ਮੁਤਾਬਕ ਗੂੜ੍ਹੇ ਰੰਗ ਤਾਪ ਜ਼ਿਆਦਾ ਸੋਖਦੇ ਹਨ। ਸਰਦੀਆਂ ਵੇਲੇ ਜਾਂ ਠੰਡ ਵੇਲੇ ਗੂੜ੍ਹੇ ਰੰਗ ਦੇ ਕਪੜੇ ਪਾਉਣੇ ਚਾਹੀਦੇ ਹਨ, ਇਹ ਸਰੀਰ ਨੂੰ ਨਿੱਘ ਦਿੰਦੇ ਹਨ। ਹਲਕੇ ਰੰਗ ਦੇ ਕਪੜੇ ਤਾਪ ਨੂੰ ਸਰੀਰ ਤਕ ਪਹੁੰਚਣ ਨਹੀਂ ਦਿੰਦੇ, ਗਰਮੀਆਂ ਵਿੱਚ ਹਮੇਸ਼ਾਂ ਇਨ੍ਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮਨੁੱਖੀ ਜਿਸਮ ਤੇ ਉਗੇ ਹੋਏ ਵਾਲ ਮਨੁੱਖੀ ਸਰੀਰ ਅਤੇ ਉਸ ਦੇ ਦੁਆਲੇ ਪਸਰੇ ਵਾਯੂਮੰਡਲ ਨਾਲ ਉਸ ਦਾ ਤਾਲ-ਮੇਲ ਬਣਾਈ ਰਖਦੇ ਹਨ। ਸਾਡੇ ਆਲੇ-ਦੁਆਲੇ ਦਾ ਤਾਪਮਾਨ ਗਰਮੀਆਂ ਵਿੱਚ ਬੇਹੱਦ ਵਧ ਤੇ ਸਰਦੀਆਂ ਵਿੱਚ ਬੇਹੱਦ ਘਟ ਹੁੰਦਾ ਹੈ। ਇਹ ਵਾਲ, ਇਸ ਬਦਲ ਰਹੇ ਤਾਪਮਾਨ ਅਤੇ ਸਾਡੇ ਸਰੀਰ ਦੇ ਤਾਪਮਾਨ ਵਿੱਚ ਇਕਸੁਰਤਾ ਲਿਆਉਣ ਲਈ ਮਦਦ ਕਰਦੇ ਹਨ। ਜਿਵੇਂ ਕੱਚ ਦਾ ਗਲਾਸ ਗਰਮ ਅਤੇ ਠੰਡਾ ਪਾਣੀ ਵਾਰੀ-ਵਾਰੀ ਪਾਉਣ ਨਾਲ, ਟੁੱਟ ਜਾਂਦਾ ਹੈ ਇਵੇਂ ਹੀ ਵਾਲਾਂ ਰਹਿਤ ਵਿਅਕਤੀ ਜ਼ਿਆਦਾ ਸੰਵੇਦਨਸ਼ੀਲ ਹੋਣ ਕਾਰਨ ਬਾਰ ਬਾਰ ਐਲਰਜੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਇੱਕ ਖਾਸ ਉਮਰ ਤੱਕ ਵਾਲਾਂ ਦਾ ਰੰਗ ਕਾਲਾ ਹੁੰਦਾ ਹੈ। ਕਾਲਾ ਰੰਗ ਊਰਜਾ ਨੂੰ ਜ਼ਿਆਦਾ ਸੋਖਦਾ ਹੈ, ਜਿਸ ਦਾ ਭਾਵ ਹੈ ਕਿ ਸਰੀਰ ਨੂੰ ਊਰਜਾ ਦੀ ਜਿਆਦਾ ਲੋੜ ਹੈ। ਉਸ ਤੋਂ ਬਾਅਦ ਇਹ ਰੰਗ ਚਿੱਟਾ ਹੋਣ ਲਗਦਾ ਹੈ, ਜਿਸ ਦਾ ਭਾਵ ਹੈ ਕਿ ਹੁਣ ਊਰਜਾ ਦੀ ਜ਼ਿਆਦਾ ਜ਼ਰੂਰਤ ਨਹੀਂ। ਪਰ ਮਨੁੱਖ ਵਾਲਾਂ ਨੂੰ ਰਸਾਇਣਿਕ ਤਰੀਕਿਆਂ ਨਾਲ ਮੁੜ ਕਾਲਾ ਕਰ ਦਿੰਦਾ ਹੈ ਨਤੀਜੇ ਵਜੋਂ ਉਸ ਦਾ ਸਰੀਰ ਹੋਰ ਸੰਵੇਦਨਸ਼ੀਲ ਬਣ ਜਾਂਦਾ ਹੈ।
ਚਿੱਟਾ ਰੰਗ ਸ਼ਾਤੀ ਦਾ ਪ੍ਰਤੀਕ ਹੈ, ਇਸ ਵਿੱਚ ਸਾਰੇ ਰੰਗ ਸ਼ਾਮਲ ਹਨ ਸੋ ਇਹ ਏਕਤਾ ਦਾ ਵੀ ਪ੍ਰਤੀਕ ਹੈ। ਚੰਨ ਵਾਂਗੂੰ ਇਸ ਵਿਚੋਂ ਅਸੀਮ ਸੁੰਦਰਤਾ ਦੀ ਝਲਕ ਪੈਂਦੀ ਹੈ ਤਾਂ ਹੀ ਇਸਾਈਆਂ ਵਿੱਚ ਦੁਲਹਨ ਦੇ ਕਪੜੇ ਚਿੱਟੇ ਹਨ। ਹਿੰਦੁਸਤਾਨ ਵਿੱਚ ਮਰਗਤ ਸਮੇਂ ਪਾਏ ਜਾਣ ਵਾਲੇ ਚਿੱਟੇ ਕਪੜੇ ਇਸ ਗਲ ਦਾ ਪ੍ਰਤੀਕ ਹਨ ਕਿ ਸਾਡਾ ਦੇਸ਼ ਮੌਤ ਜਿਹੀ ਅਟਲ ਸਚਾਈ ਨੂੰ ਵੀ ਸਾਂਤੀ ਅਤੇ ਸੁੰਦਰਤਾ ਦੇ ਰੂਪ ਵਿੱਚ ਕਬੂਲਦਾ ਹੈ। ਇਸ ਤੋਂ ਉਲਟ ਕਾਲੇ ਰੰਗ ਵਿੱਚ ਵਿਗਿਆਨ ਮੁਤਾਬਕ ਸਾਰੇ ਰੰਗਾਂ ਨੂੰ ਸਮੋ ਲੈਣ ਦੀ ਤਾਕਤ ਹੁੰਦੀ ਹੈ, ਇਹ ਜ਼ਬਰ ਦਾ ਨਿਸ਼ਾਨ ਹੈ। ਜਿਵੇਂ ਬ੍ਰਹਿਮੰਡ ਵਿੱਚ ਵਿਚਰ ਰਹੇ ਬਲੈਕ ਹੋਲ ਹਰ ਚੀਜ ਨੂੰ ਹੜੱਪ ਜਾਂਦੇ ਹਨ ਉਵੇਂ ਕਾਲਾ ਰੰਗ ਵੀ ਦੂਜਿਆਂ ਨੂੰ ਆਪਣੇ ਆਪ ਵਿੱਚ ਲੀਨ ਕਰਨ ਦੇ ਸਮਰੱਥ ਹੁੰਦਾ ਹੈ ਤਾਂ ਹੀ ਤਾਂਤਰਿਕ ਇਸ ਰੰਗ ਦਾ ਇਸਤੇਮਾਲ ਕਰਦੇ ਹਨ। ਜਦੋਂ ਇਹ ਰੰਗ ਪਾਉਣ ਦਾ ਦਿਲ ਕਰੇ ਤਾਂ ਹਮੇਸ਼ਾਂ ਇਸ ਨੂੰ ਚਿੱਟੇ ਰੰਗ ਦੇ ਮੇਲ ਨਾਲ ਪਾਓ। ਤੁਸੀਂ ਆਪਣੇ ਲਈ ਗੁਲਦਸਤਾ ਸਜਾਓ ਪਰ ਯਾਦ ਰਖੋ ਉਸ ਵਿੱਚ ਹਰ ਰੰਗ ਦੇ ਫੁੱਲ ਹੋਣੇ ਚਾਹੀਦੇ ਹਨ ਤਾਹੀਉਂ ਤੁਸੀ ਸਾਰੇ ਗੁਣਾਂ ਦੇ ਧਾਰਨੀ ਹੋ ਸਕੋਗੇ। ਜੇ ਪ੍ਰਭੂ ਮੇਹਰ ਸਦਕਾ ਹਰਿ ਨਾਮ ਵਿੱਚ ਆਤਮਾ ਰੰਗੀ ਜਾਏ ਤਾਂ ਇੱਕ ਅਜਿਹਾ ਸਦੀਵੀ ਰੰਗ ਪ੍ਰਗਟ ਹੁੰਦਾ ਹੈ, ਜਿਸ ਵਿੱਚ ਆਤਮਾ ਭਿਜਦੀ ਹੋਈ ਆਪਣੇ ਪ੍ਰੀਤਮ ਵਿੱਚ ਲੀਨ ਹੋ ਜਾਂਦੀ ਹੈ।

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ॥ 2॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥ 3॥
(722-4, ਤਿਲੰਗ, ਮਃ 1)
.