.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 12)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਮੰਗਲ ਸਿੰਘ ਸਤਲਾਣੀ

ਇਸ ਸੰਤ ਦੇ ਨਾਲ ਕਸ਼ਮੀਰਾ ਸਿੰਘ ਗੜ੍ਹੇਵਾਲਾ ਅਤੇ ਅਗਿਆਨੀ ਪੂਰਨ ਸਿੰਘ ਦੀ ਚੰਗੀ ਜੋਟੀ ਰਹੀ ਹੈ। R.S.S. ਦੀ ਇਹਨਾਂ ਬੜੀ ਸੇਵਾ ਕੀਤੀ ਅਤੇ ਕਰ ਰਹੇ ਹਨ। ਪੂਰਨ ਸਿੰਘ ਦੇ ਫੋਟੋਆਂ ਸਮੇਤ ਸਬੂਤ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਦਿੱਤੇ ਜਾ ਚੁੱਕੇ ਹਨ। ਇਹੀ ਮੰਗਲ ਸਿੰਘ ਸਰਕਾਰ ਨਿਵਾਜ਼ ਸੰਤ ਸਮਾਜ ਦਾ ਮੀਤ ਪ੍ਰਧਾਨ ਵੀ ਰਿਹਾ ਹੈ। ਸ਼ਹਿਰ ਗੁਨੇ ਤੋਂ ਪੂਰਨ ਸਿੰਘ ਪਾਸੋਂ ਫੈਕਸ ਤੇ ਸਿੱਖਾਂ ਅਤੇ ਹੋਰ ਅਹੁਦੇਦਾਰਾਂ ਨੂੰ ਛੇਕ ਦੇਣ ਦੇ ਹੁਕਮਨਾਮੇ ਵੀ ਇਹੀ ਜਾਰੀ ਕਰਵਾਉਂਦੇ ਰਹੇ ਹਨ ਜੋ R.S.S. ਨੂੰ ਚੰਗਾ ਲੱਗਦਾ ਹੈ ਉਹੀ ਇਹਨਾਂ ਨੂੰ ਚੰਗਾ ਲੱਗਦਾ ਸੀ ਇਸਦੀ ਹਾਲਤ ਆਪ ਡੁੱਬੇ ਜਜਮਾਨ ਵੀ ਡੋਬੇ ਵਾਲੀ ਹੈ। ਅੰਦਾਜ਼ਾ ਰੋਜ਼ਾਨਾ ਜੱਗਬਾਣੀ ਜਲੰਧਰ 14 ਮਈ 2000 ਦੇ ਇਸ ਹੇਠ ਲਿਖੇ ਲਿਖਤੀ ਬਿਆਨ ਤੋਂ ਲਾਉ ਜੀ।
ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਕਰਨ ਵਾਲੇ ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ ਦੇ ਲਿਖਤ ਕਥਨ ਨੂੰ ਜਾਣਨ। ਅੰਮ੍ਰਿਤਸਰ 13 ਮਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਯੰਤਰੀ ਨੂੰ ਲਾਗੂ ਕਰਵਾਉਣ ਵਾਲੇ ਅਨਸਾਰ ਅਤੇ
R.S.S. (ਰਾਸ਼ਟਰੀ ਸਵੈਮ ਸੇਵਕ) ਸੰਘ ਦੇ ਬਿਆਨ ਦਾ ਵਿਰੋਧ ਕਰਨ ਵਾਲੇ ਅਨਰਾਂ ਨੂੰ ਲੰਬੇ ਹੱਥੀਂ ਲੈਂਦੇ ਹੋਏ ਸੰਤ ਸਮਾਜ ਦੇ ਮੀਤ ਪ੍ਰਧਾਨ ਬਾਬਾ ਮੰਗਲ ਸਿੰਘ ਨੇ ਕਿਹਾ ਹੈ ਕਿ ਉਹ ਲੋਕ ਸਿੱਖਾਂ ਨੂੰ ਹਿੰਦੂ ਧਰਮ ਤੋਂ ਅਲੱਗ ਕਰਨ ਤੇ ਤੁਲੇ ਹੋਏ ਹਨ ਜਦ ਕਿ ਇਤਿਹਾਸ ਅਤੇ ਗੁਰਬਾਣੀ ਦੇ ਮੁਤਾਬਿਕ ਸਿੱਖ ਧਰਮ ਦਾ ਪੁਰਾਤਨ ਇਤਿਹਾਸ ਦਾ ਆਧਾਰ ਹਿੰਦੂ ਧਰਮ ਹੀ ਹੈ।
ਅੱਜ ਗਿਆਨੀ ਪੂਰਨ ਸਿੰਘ ਦੇ ਘਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਸਮਾਜ ਦੇ ਮੀਤ ਪ੍ਰਧਾਨ ਬਾਬਾ ਮੰਗਲ ਸਿੰਘ ਨੇ ਦਸਮ ਗ੍ਰੰਥ ਸਾਹਿਬ ਸਟੀਕ ਵਿਚੋਂ ਜਾਪੁ ਸਾਹਿਬ ਸਟੀਕ, ਅਕਾਲ ਉਸਤਤ ਸਟੀਕ, ਦੇ ਪਵਿੱਤਰ ਗੁਰੂ ਬੰਸਾਵਲੀ ਦੇ ਸਫ਼ਾ ਨੰਬਰ 9 ਤੋਂ ਸਫ਼ਾ 13 ਤੱਕ ਦੀਆਂ ਕਾਪੀਆਂ ਜਾਰੀ ਕੀਤੀਆਂ। ਇਸਦੇ ਇਲਾਵਾ ਬਾਬਾ ਮੰਗਲ ਸਿੰਘ ਨੇ ਆਖਿਆ ਕਿ ਜੋ ਸਿੱਖਾਂ ਨੂੰ ਹਿੰਦੂਆਂ ਤੋਂ ਅਲੱਗ ਮੰਨਦੇ ਹਨ। ਉਹਨਾਂ ਨੂੰ ‘ਗੁਰਬਾਣੀ ਪਾਠ ਦਰਸ਼ਨ’ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਕਿਉਂਕਿ ਇਸ ਵਿਚ ਗੁਰੂਆਂ ਦੇ ਇਤਿਹਾਸ ਦੀ ਜਾਣਕਾਰੀ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸਵਰਗੀ ਸੰਤ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲੇ ਨੇ ਦਿੱਤੀ ਹੈ ਜੋ ਇਸ ਤਰ੍ਹਾਂ ਹੈ:
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜੋ ਬੇਦੀ ਵੰਸ਼ ਵਿਚ ਪੈਦਾ ਹੋਏ ਸਨ। ਬੇਦੀ ਵੰਸ਼ ਦਾ ਇਤਿਹਾਸ ਇਹ ਹੈ ਕਿ ਭਗਵਾਨ ਸ਼੍ਰੀ ਰਾਮਚੰਦਰ ਦੇ ਪੁੱਤਰ ਕੁਸ਼ ਦੇ ਪੁੱਤਰ ਕਾਲਕੇਤ ਯਾਨੀ ਕਲਪਤ ਰਾਏ ਨੇ ਕਾਸ਼ੀ ਜਾ ਕੇ ਵੇਦ ਪੜ੍ਹੇ ਸਨ।
ਉਦੋਂ ਤੋਂ ਵੇਦੀ ਵੰਸ਼ ਦੀ ਸ਼ੁਰੂਆਤ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਕਾਲੂ ਜੀ ਕਲਿਆਣ ਚੰਦ, ਮਾਤਾ ਤ੍ਰਿਪਤਾ, ਚਾਚਾ ਲਾਲੂ ਚੰਦ, ਦਾਦਾ ਸ਼ਿਵ ਰਾਮ, ਦਾਦੀ ਬਨਾਰਸੀ ਜੀ, ਬਾਬਾ ਕਲਿਆਣ ਚੰਦ ਦਾ ਦਾਦਾ ਕਲਪਤ ਰਾਏ ਸੀ ਜਦ ਕਿ ਗੁਰੂ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੀ ਸੀ।
ਦੂਸਰੀ ਪਾਤਸ਼ਾਹੀ ਦੀ ਜਾਣਕਾਰੀ ਦਿੰਦੇ ਹੋਏ ਬਾਬਾ ਮੰਗਲ ਸਿੰਘ ਨੇ ਦੱਸਿਆ ਕਿ ਗੁਰੂ ਅੰਗਦ ਦੇਵ, ਤ੍ਰੇਹਨ ਵੰਸ਼ ਵਿਚੋਂ ਸਨ। ਰਾਮਚੰਦਰ ਦੇ ਭਰਾ ਲਛਮਣ ਦੇ ਤਖਨਾਮੇ ਪੁੱਤਰ ਤੋਂ ਤ੍ਰੇਹਨ ਵੰਸ਼ ਦੀ ਸ਼ੁਰੂਆਤ ਹੋਈ ਸੀ। ਇਹਨਾਂ ਦੇ ਪਿਤਾ ਦਾ ਨਾਂ ਬਾਬਾ ਫੇਰੂ ਮੱਲ ਜੀ, ਮਾਤਾ ਦਾ ਨਾਂ ਸਵਰਾਈ ਕੌਰ। ਦਾਦੇ ਦਾ ਨਾਂ ਤੀਰਥ ਮੱਲ ਸੀ।
ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਭਗਵਾਨ ਸ਼੍ਰੀ ਰਾਮਚੰਦਰ ਦੇ ਭਰਾ ਭਰਤ ਦੇ ਪੁੱਤਰ ਭਲਨ ਦੇ ਨਾਂ ਤੋਂ ਭੱਲਾ ਵੰਸ਼ ਤੋਂ ਸੀ। ਉਹਨਾਂ ਦੇ ਪਿਤਾ ਦਾ ਨਾਂ ਤੇਜਭਾਨ ਅਤੇ ਮਾਤਾ ਦਾ ਨਾਂ ਲਛਮੀ ਸੀ।
ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਸੋਢੀ ਵੰਸ਼ ਵਿਚੋਂ ਸਨ ਕਿਉਂਕਿ ਜਦੋਂ ਭਗਵਾਨ ਰਾਮ ਦੇ ਪੁੱਤਰ ਲਵ ਦੇ ਪੁੱਤਰ ਕਾਲਰਾਏ ਦੇ ਪੁੱਤਰਾਂ ਨੇ ਸਨੋਢ ਰਾਜਾ ਨੂੰ ਜਿੱਤ ਕੇ ਉਸਦੀ ਪੁੱਤਰੀ ਨਾਲ ਵਿਆਹ ਰਚਾਇਆ ਸੀ ਤਾਂ ਉਦੋਂ ਉਥੋਂ ਸੋਢੀ ਵੰਸ਼ ਚੱਲਿਆ। ਇਹਨਾਂ ਦੇ ਪਿਤਾ ਹਰਿਦਾਸ, ਮਾਤਾ ਦਯਾ ਕੌਰ ਸਨ।
ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਵੀ ਸੋਢੀ ਵੰਸ਼ ਵਿਚੋਂ ਸਨ। ਇਹਨਾਂ ਦੇ ਪਿਤਾ ਗੁਰੂ ਰਾਮਦਾਸ, ਮਾਤਾ ਭਾਨੀ ਜੀ ਸਨ। ਚੌਥੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਸੋਢੀ ਵੰਸ਼ ਹੀ ਜਾਰੀ ਰਿਹਾ।
ਬਾਬਾ ਮੰਗਲ ਸਿੰਘ ਨੇ ਦੱਸਿਆ ਕਿ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਮਿਟਾਉਣ ਵਾਲੇ ਗੁਰੂਆਂ ਦੇ ਉਪਾਸ਼ਕ ਨਹੀਂ ਕਹੇ ਜਾ ਸਕਦੇ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਦੀ ਮਹਾਨਤਾ ਵੀ ਇਹਨਾਂ ਗੁਰੂਆਂ ਨਾਲ ਜੁੜੀ ਹੋਈ ਹੈ। ਜੋ ਵੀ ਇਸਦਾ ਵਿਰੋਧ ਜਾਂ ਟਕਰਾਅ ਕਰਦਾ ਹੈ, ਉਹ ਗੁਰੂ ਦੀ ਬੇਆਵਾਜ਼ ਲਾਠੀ ਦਾ ਸ਼ਿਕਾਰ 6 ਮਹੀਨਿਆਂ ਤੋਂ ਪਹਿਲਾਂ ਹੀ ਹੋ ਕੇ ਸਜ਼ਾ ਜ਼ਰੂਰ ਭੁਗਤਦਾ ਹੈ।
(ਰੋਜ਼ਾਨਾ ਜੱਗਬਾਣੀ ਵਿਚੋਂ ਧੰਨਵਾਦ ਸਾਹਿਤ)
ਮੈਂ ਪਿੱਛੇ ਵੀ ਅਰਜ਼ ਕਰ ਆਇਆਂ ਹਾਂ ਕਿ ਐਸੇ ਸੱਜਣਾਂ ਦੇ ਹੁੰਦਿਆਂ ਦੁਸ਼ਮਣਾਂ ਦੀ ਕੀ ਲੋੜ ਹੈ? ਇਹ ਸੱਜਣ ਹੀ ਦੁਸ਼ਮਣ ਬਣੇ ਹੋਏ ਹਨ। ਇਹ ਸਾਧ ਸਿੱਖ ਕੌਮ ਵੱਖਰੀ ਮੰਨਣ ਤੋਂ ਪੱਕੇ ਇਨਕਾਰੀ ਹਨ। ਇਹ
R.S.S. ਦਾ ਪ੍ਰਚਾਰ ਖੁਦ ਆਪਣੀਆਂ ਲਿਖਤਾਂ ਅਤੇ ਬਿਆਨਾਂ ਵਿਚ ਕਰ ਰਹੇ ਹਨ।
ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਡੇਰੇ ਵਿਚੋਂ ਤੜਕੇ 2 ਵਜੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਜਦੋਂ ਸਰੋਵਰ ਵਿਚੋਂ ਇਸ਼ਨਾਨ ਕਰਕੇ ਬਾਹਰ ਆ ਕੇ ਕਛਹਿਰਾ ਬਦਲ ਰਹੇ ਸੀ ਤਾਂ ਇਸਦੇ ਆਪਣੇ ਹੀ ਸੇਵਕ ਨੇ ਇਕ ਤਿੱਖਾ ਸਰੀਆ ਕੀਰਬ 1 ਫੁੱਟ ਡੂੰਘਾ ਇਸਦੀ ਹਿੱਕ ਵਿਚ ਲੰਘਾ ਦਿੱਤਾ ਇਸਦੇ ਪੁਰਾਣੇ ਸਾਥੀ ਪੂਰਨ ਸਿੰਘ ਦੀ ਗੱਡੀ ਵਿਚ ਪਾ ਕੇ ਇਸਨੂੰ ਹਸਪਤਾਲ ਦਾਖਲ ਕਰਵਾਇਆ ਉਥੇ ਹੀ ਇਹ ਬਾਬਾ ਮੌਤ ਦੇ ਘਾਟ ਉਤਰ ਗਿਆ। ਜਿਹੜਾ ਕਹਿੰਦਾ ਸੀ ਕਿ ਜਿਹੜੇ ਸਿੱਖ ਕਹਿੰਦੇ ਹਨ ਕਿ ਸਿੱਖ ਵੱਖਰੀ ਕੌਮ ਹੈ ਉਹ ਰੱਬ ਦੇ ਬੇ-ਆਵਾਜ਼ ਲਾਠੀ ਦਾ ਸ਼ਿਕਾਰ ਹੋ ਜਾਣਗੇ ਪਰ ਇਹ ਆਪ ਹੀ ਪ੍ਰਮਾਤਮਾ ਦੀ ਬੇ-ਆਵਾਜ਼ ਲਾਠੀ ਦਾ ਸ਼ਿਕਾਰ ਹੋ ਗਿਆ। ਇਸਦੇ ਮਰਨ ਤੋਂ ਬਾਅਦ ਪੱਗ ਦੇ ਝਗੜੇ ਪੈ ਗਏ।
ਇਹ ਸਾਧ ਪੰਜਵੀਂ ਫੇਲ੍ਹ ਸੀ ਅਤੇ ਤਰਨਤਾਰਨ ਨੇੜੇ ਪਿੰਡ ਕੱਲ੍ਹਾ ਦਾ ਰਹਿਣ ਵਾਲਾ ਸੀ। ਜਿਹੜੇ ਸ਼ਾਦੀ ਕਰਵਾਉਣ ਨੂੰ ਪਾਪ ਸਮਝਦੇ ਹਨ ਇਹ ਵੀ ਉਹਨਾਂ ਵਿਚੋਂ ਸੀ।
ਸੰਤਾਂ ਦੇ ਦੀਵਾਨ ਜਾਂ ‘ਗੁਰੂ ਗ੍ਰੰਥ ਸਾਹਿਬ’ ਦਾ ਅਪਮਾਨ
ਇਕ ਵਾਰੀ ਸਾਡੇ ਪਿੰਡ ਦੇ ਨੇੜੇ ਅਖੌਤੀ ਸੰਤ ਨੇ ਦੀਵਾਨ ਸਜਾਏ। ਦੂਰੋਂ ਨੇੜਿਉਂ ਸੰਗਤਾਂ ਟਰੈਕਟਰਾਂ, ਟਰਾਲੀਆਂ ਅਤੇ ਟਰੱਕਾਂ ਵਿਚ ਸੰਤਾਂ ਦੇ ਦੀਵਾਨ ਸੁਣਨ ਆਈਆਂ। ਸਾਡੇ ਪਿੰਡ ਦੀ ਸੰਗਤ ਨਾਲ ਸਾਡੇ ਮਾਤਾ ਜੀ ਵੀ ਗਏ। ਉਹਨਾਂ ਆ ਕੇ ਦੱਸਿਆ ਕਿ ਸਟੇਜ ਉੱਤੇ ਇਕ ਪਾਸੇ “ਗੁਰੂ ਗ੍ਰੰਥ ਸਾਹਿਬ” ਦਾ ਪ੍ਰਕਾਸ਼ ਸੀ ਅਤੇ ਇਕ ਪਾਸੇ ਦੁੱਧ ਚਿੱਟੇ ਕੱਪੜਿਆਂ ਵਿਚ ਸੰਤ ਜੀ ਕਬੂਤਰ ਵਾਂਗ ਅੱਖਾਂ ਮੀਟੀ ਚੌਂਕੜਾ ਮਾਰੀ ਬੈਠੇ ਸੀ। ਹੂੜ ਮੱਤ ਲੋਕ “ਗੁਰੂ ਗ੍ਰੰਥ ਸਾਹਿਬ” ਨੂੰ ਮੱਥਾ ਟੇਕਣ ਦੀ ਬਜਾਏ ਸੰਤ ਦੇ ਪੈਰਾਂ `ਤੇ ਮੱਥਾ ਟੇਕ ਰਹੇ ਸਨ ਅਤੇ ਸੰਤ ਦੇ ਅੱਗੇ ਖੁੱਲ੍ਹੀ ਮਾਇਆ ਰੱਖ ਰਹੇ ਸਨ। ਸੰਤ ਖੰਘੂਰਾ ਮਾਰ ਕੇ ਨਾਲ ਪਏ ਲੋਹੇ ਦੇ ਗੜਵੇ ਵਿਚ ਥੁੱਕ ਸੁੱਟ ਰਹੇ ਸਨ। ਇਹ ਕਿਹੜਾ ਦੀਵਾਨ ਹੈ? ਹੈਰਾਨੀ ਹੋ ਰਹੀ ਹੈ ਸਿੱਖ ਕੌਮ ਦਾ ਕੀ ਬਣੇਗਾ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਕੀ ਇਹ ਸੰਤਾਂ ਦੇ ਦੀਵਾਨ ਹਨ ਕਿ “ਗੁਰੂ” ਦਾ ਅਪਮਾਨ?
ਸ: ਤੇਜਿੰਦਰ ਸਿੰਘ, ਪਿੰਡ ਫਰਹਾਈ,
ਨੇੜੇ ਮਲੇਰਕੋਟਲਾ (ਸੰਗਰੂਰ)
ਪਾਖੰਡੀ ਸਾਧ
ਅਸੀਂ ਫਗਵਾੜੇ ਤੋਂ ਮਾਹਲਪੁਰ ਵਾਲੀ ਬੱਸ ਵਿਚ ਬੈਠੇ ਜਾ ਰਹੇ ਸੀ। 2 ਬੰਦੇ, ਸਾਧ ਅਤੇ ਇਕ ਉਸਦਾ ਚੇਲਾ ਬੱਸ ਵਿਚ ਬੈਠੇ ਸੀ। ਅਚਾਨਕ ਇਕ ਬਲਦਾਂ ਵਾਲਾ ਗੱਡਾ ਬੱਸ ਅੱਗੇ ਆ ਜਾਣ ਕਾਰਨ, ਡਰਾਈਵਰ ਨੇ ਬੱਸ ਇਕਦਮ ਸਾਈਡ ਨੂੰ ਕੱਟੀ ਤਾਂ ਬੱਸ ਕਿੱਕਰ ਵਿਚ ਵੱਜਣ ਤੋਂ ਮਸਾਂ ਬਚੀ। ਬਸ ਖੜ ਗਈ ਕੁਝ ਸਵਾਰੀਆਂ ਦਰੱਖਤ ਦੀ ਛਾਵੇਂ ਬੈਠ ਗਈਆਂ, ਕੁਝ ਸਵਾਰੀਆਂ ਹੋਰ ਬੱਸ ਦੀ ਉਡੀਕ ਕਰ ਰਹੀਆਂ ਸਨ ਤਾਂ ਸਾਧ ਦੇ ਚੇਲੇ ਨੇ ਇਕਦਮ ਕਹਿਣਾ ਸ਼ੁਰੂ ਕੀਤਾ ਕਿ ਮਹਾਤਮਾ ਬੱਸ ਵਿਚ ਬੈਠੇ ਸਨ ਇਸ ਕਰਕੇ ਐਕਸੀਡੈਂਟ ਹੋਣ ਤੋਂ ਬਚ ਗਿਆ ਹੈ, ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ, ਤਾਂ ਅੰਮ੍ਰਿਤਧਾਰੀ ਬੀਬੀਆਂ ਵੀ ਸਾਧ ਦੇ ਪੈਰਾਂ `ਤੇ ਮੱਥੇ ਟੇਕਣ ਲੱਗੀਆਂ। ਮੈਂ ਖੜੀ ਨਾਲੇ ਪਾਖੰਡੀ ਸਾਧ ਦੀਆਂ ਹਰਕਤਾਂ ਦੇਖ ਰਹੀ ਸਾਂ ਅਤੇ ਨਾਲੇ ਅੰਮ੍ਰਿਤਧਾਰੀ ਬੀਬੀਆਂ ਵੱਲ ਵੇਖ ਰਹੀ ਸਾਂ ਕਿ ਜਿਹੜੇ ਗੁਰੂ ਨੇ ਇਹਨਾਂ ਨੂੰ ਸਜਾਇਆ ਹੈ, ਕਕਾਰ ਬਖ਼ਸ਼ੇ ਹਨ, ਉਸ ਗੁਰੂ `ਤੇ ਇਹਨਾਂ ਨੂੰ ਕੋਈ ਭਰੋਸਾ ਨਹੀਂ ਹੈ। ਗੁਰੂ ਦਾ ਤਾਂ ਹੁਕਮ ਹੈ ਕਿ ਹੋਰ ਕਿਤੇ ਵੀ ਸਿਰ ਨਹੀਂ ਨਿਵਾਉਣਾ।
ਬੀਬੀ ਕੁਲਜੀਤ ਕੌਰ
ਪਿੰਡ ਤੇ ਡਾਕ: ਖੀਰਾਂਵਾਲੀ, ਕਪੂਰਥਲਾ
.