.

ਸੁੱਚ ਭਿੱਟ ਅਤੇ ਗੁਰਮਤਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸੁਅੱਛਤਾ ਅਤੇ ਸਫ਼ਾਈ- ਸਫ਼ਾਈ ਸੁਅੱਛਤਾ ਵਲੋਂ ਸਾਡੇ ਮਨੁੱਖਾ ਸਰੀਰ ਦੇ ਤਿੰਨ ਮੁੱਖ ਪੱਖ ਮੰਨੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਪਹਿਲਾ ਤੇ ਜ਼ਰੂਰੀ ਪੱਖ ਹੈ ‘ਸਰੀਰ ਦੀ ਸਫ਼ਾਈ ਸੁਅੱਛਤਾ ਅਤੇ ਸਾਫ਼-ਸੁਥਰਾ ਖੁਲਾ ਹਵਾਦਾਰ ਵਾਤਾਵਰਣ, ਇਸ ਵਿੱਚ ਚੰਗੇ ਤੇ ਪੌਸ਼ਟਕ ਭੋਜਣਾਂ ਦੇ ਖਾਣ ਪੀਣ ਦਾ ਵੀ ਅਪਣਾ ਸਥਾਨ ਹੈ। ਮਨੁੱਖਾ ਸਰੀਰ ਦਾ ਇਹ ਉਹ ਜ਼ਰੂਰੀ ਪੱਖ ਹੈ ਜਿਸ ਨੂੰ ਗੁਰਮਤਿ ਨੇ ਉਚੇਚੇ ਪ੍ਰਗਟ ਕੀਤਾ ਅਤੇ ਇਸ ਵਲ ਖਾਸ ਧਿਆਨ ਵੀ ਦਿੱਤਾ ਫ਼ੁਰਮਾਨ ਹੈ “ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ” (੬੧੧)। ਇਸਦੇ ਨਾਲ ਇਹ ਗਲ ਵੀ ਪੱਕੀ ਹੈ ਕਿ ਜਦੋਂ ਅਸੀਂ ਗੁਰਬਾਣੀ ਸੋਝੀ ਕਾਰਣ ਮਨੁਖਾ ਜਨਮ ਦੀ ਅਮੁਲਤਾ ਤੋਂ ਜਾਗ੍ਰਤ ਹਾਂ ਅਤੇ ਇਸਦੀ ਲੌੜੀਂਦੀ ਸੀਮਾ ਚ ਰਹਿਕੇ, ਇਸ ਪਖੋਂ ਅਪਣੇ ਸਰੀਰ ਦੀ ਸੰਭਾਲ ਕਰਦੇ ਹਾਂ, ਤਾਂ ਹੀ ਸਾਨੂੰ ਇਸਦਾ ਲਾਭ ਹੁੰਦਾ ਹੈ, ਉਂਝ ਨਹੀ। ਉਂਝ ਤਾਂ ਜਿਵੇਂ ਬਾਕੀ ਦੋ ਪੱਖ, ਜਿਨ੍ਹਾਂ ਦਾ ਜ਼ਿਕਰ ਅਗੇ ਆ ਰਿਹਾ ਹੈ ਉਸੇ ਤਰ੍ਹਾਂ ਇਹ ਪਹਿਲਾ ਪੱਖ ਵੀ ਹੈ। ਵੈਸੇ ਸਾਡੇ ਮਨੁੱਖਾ ਜਨਮ ਦੀ ਸਫ਼ਲਤਾ ਲਈ ‘ਸਫ਼ਾਈ ਸੁਅੱਛਤਾ’ ਇਕੋ ਹੀ ਪੱਖ ਹੈ ਜਿਸਦੀ ਕਿ ਸਾਨੂੰ ਲੋੜ ਹੈ। ਫ਼ਿਰ ਵੀ ਹੱਥਲੇ ਗੁਰਮਤਿ ਪਾਠ ਦਾ ਇਹ ਵਿਸ਼ਾ ਨਹੀਂ, ਇਸ ਵਿਸ਼ੇ ਨੂਂ “ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” (ਪੰ: ੩੦੫) ਗੁਰਮਤਿ ਪਾਠ ਨੰ: ੧੦੫ ਚ ਲਿਆ ਗਿਆ ਹੈ।
“ਚਮਰਟਾ ਗਾਂਠਿ ਨ ਜਨਈ”
- ਇਸ ਤੋਂ ਬਾਦ ਜੋ ਦੋ ਪੱਖ ਆਉਂਦੇ ਹਨ ਉਨ੍ਹਾ ਨੂੰ ਗੁਰਮਤਿ ਨੇ ਉਕਾ ਪ੍ਰਵਾਨ ਨਹੀਂ ਕੀਤਾ। ਬਲਕਿ ਜੀਵਨ ਦੀ ਸਫ਼ਲਤਾ ਦੇ ਰਸਤੇ `ਚ ਵਡੀ ਰੁਕਾਵਟ ਅਤੇ ਮਨੁੱਖ ਨੂੰ ਕੁਰਾਹੇ ਪਿਆ ਵੀ ਦਸਿਆ ਹੈ। ਤਾਂਤੇ ਇਹ ਦੋ ਪੱਖ ਕਿਹੜੇ ਹਨ ਜਿਨ੍ਹਾਂ ਤੋਂ ਗੁਰਮਤਿ ਨੇ ਸਾਨੂੰ ਵਰਜਿਆ ਹੈ। ਉਹਨਾਂ ਵਿਚੋਂ ਇੱਕ ਤਾਂ ਹੈ ਇਸ ਪਹਿਲੇ ਅਤੇ ਜ਼ਰੂਰੀ ਪੱਖ ਦੀ ਹੀ ਅਸੀਮਤਾ। ਭਾਵ ‘ਸਫ਼ਾਈ ਸੁਅੱਛਤਾ’ ਦੀ ਲੋੜੀਂਦੀ ਸੀਮਾ ਨੂੰ ਟੱਪਕੇ ਜਦੋਂ ਅਸੀਂ ਪਹਿਰਾਵੇ ਜਾਂ ਬਣਾੳ-ਸ਼ਿੰਗਾਰ ਪਖੋਂ ਹਰਸਮੇਂ ਅਪਣੇ ਸਰੀਰ ਦੀ ਟੱਸ-ਮੱਸ ਸੁੰਦਰਤਾ-ਸੰਭਾਲ `ਚ ਹੀ ਲਗੇ ਰਹਿੰਦੇ ਹਾਂ। ਇਸੇਤਰ੍ਹਾਂ ਖਾਣ ਪੀਣ ਦੇ ਮੁਆਮਲੇ `ਚ ਵੀ ਹਰ ਸਮੇ ਮੂੰਹ ਦੇ ਚਸਕੇ ਸੁਆਦਾਂ ਤੀਕ ਹੀ ਰਹਿਣਾ। ਜਾਂ ਫ਼ਿਰ ਸੇਹਤ ਪਖੌਂ ਵੀ ਹਰ ਸਮੇਂ ਇਸੇ ਕਾਂਟ-ਛਾਂਟ `ਚ ਪਏ ਰਹਿਣਾ ਕਿ ਕਿਸ ਵਸਤ ਦੇ ਖਾਣ ਜਾਂ ਪੀਣ ਨਾਲ ਕੀ ਅਸਰ ਹੁੰਦਾ ਹੈ, ਕਿਸ `ਚ ਕਿਨਾਂ ਪ੍ਰੌਟੀਨ ਹੈ, ਕਿਨਾਂ ਕੈਲਸੀਅਮ ਆਦਿ। ਜੇਕਰ ਇਸਤੋਂ ਅਗੇ ਟੁਰੇ ਤਾਂ ਹਰ ਸਮੇਂ ਰਿਹਾਇਸ਼, ਉਸਦੀ ਫ਼ਰਨੀਸ਼ਿੰਗ ਤੇ ਅਪਣੀ ਸੁਆਰੀ ਆਦਿ ਉਪਰ ਹੀ, ਵਾਧੇ ਘਾਟੇ ਕਢਦੇ ਰਹੇ।
ਦਰਅਸਲ ਇਹ ਸਭ ਉਦੋਂ ਹੁੰਦਾ ਹੈ ਜਦੋਂ ਸਾਨੂੰ ਅਪਣੇ ਮਨੁੱਖਾ ਜਨਮ ਦਾ ਮੱਕਸਦ, ਇਸਦੀ ਅਮੁਲਤਾ ਬਾਰੇ ਤਾਂ ਗਿਆਨ ਹੁੰਦਾ ਨਹੀਂ ਅਤੇ ਅਪਣੇ ਅਮੁਲੇ ਸੁਆਸਾਂ ਨੂੰ ਇਨ੍ਹਾਂ ਵਾਧੂ ਕੰਮਾ-ਗਲਾਂ- ਸੋਚਣੀਆਂ `ਚ ਹੀ ਬਰਬਾਦ ਕਰ ਦੇਂਦੇ ਹਾਂ। ਕਿਉਂਕਿ ਜੀਵਨ ਦੀ ਸੱਚਾਈ ਅਤੇ ਅਸਲੀਅਤ ਨੂੰ ਸਮਝਣ ਲਈ ਗੁਰੂ ਅਥਵਾ ਗੁਰਬਾਣੀ ਗਿਆਨ ਦੀ ਲੋੜ ਹੁੰਦੀ ਹੈ, ਪਰ ਉਸਤੋਂ ਅਸੀਂ ਖਾਲੀ ਹੁੰਦੇ ਹਾਂ। ਨਤੀਜਾ ਹੁੰਦਾ ਹੈ ਕਿ ਮਨੁੱਖ ਅਣਜਾਣੇ `ਚ ਹੀ ਜੀਵਨ ਦੇ ਉਸ ਉਲਟੇ ਮਾਰਗ ਤੇ ਪਿਆ ਰਹਿਕੇ ਅਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੁੰਦਾ ਹੈ। ਗੁਰਬਾਣੀ `ਚ ਹੀ ਰਵੀਦਾਸ ਜੀ ਇਸਨੂੰ ਬੜੇ ਸੁਆਦਲੇ ਢੰਗ ਨਾਲ ਬਿਆਣਦੇ ਹਨ “ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ੧ ॥ ਰਹਾਉ॥ ਆਰ ਨਹੀ ਜਿਹ ਤੋਪਉ॥ ਨਹੀ ਰਾਂਬੀ ਠਾਉ ਰੋਪਉ॥ ੧ ॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ॥ ਹਉ ਬਿਨੁ ਗਾਂਠੇ ਜਾਇ ਪਹੂਚਾ॥ ੨ ॥ ਰਵਿਦਾਸੁ ਜਪੈ ਰਾਮ ਨਾਮਾ॥ ਮੋਹਿ ਜਮ ਸਿਉ ਨਾਹੀ ਕਾਮਾ” (ਪੰ: ੬੫੯) ਸੰਖੇਪ ਅਰਥ ਹੈ, ਐ ਦੁਨੀਆ ਦੇ ਲੋਕੋ! ਤੁਸੀਂ ਭਾਵੇਂ ਮੈਨੂੰ ਚਮਾਰ-ਚਮਾਰ ਕਹਿਕੇ ਨੀਵਾਂ ਦਸਣਾ ਚਾਹੁੰਦੇ ਹੋ ਪਰ ਸਚਾਈ ਇਹ ਹੈ ਕਿ ਮੈਂ ਤਾਂ ਬਹੁਤ ਪਹਿਲਾ ਤੋਂ ਹੀ ਇਸ ਸਰੀਰ ਰੂਪੀ ਜੁੱਤੀ ਨੂੰ ਗੰਢਣਾ ਬੰਦ ਕਰ ਚੁਕਾ ਹਾਂ। ਮੈਂ ਤਾਂ ਤੁਹਾਨੂੰ ਵੀ ਕਹਿੰਦਾ ਹਾਂ ਕਿ ਜੇ ਤੁਸੀਂ ਵੀ ਜਨਮ-ਮਰਨ ਦੇ ਗੇੜ੍ਹ ਚੋਂ ਨਿਕਲਣਾ ਚਾਹੁੰਦੇ ਹੋ ਤਾਂ ਇਸ ਸਰੀਰ ਰੂਪੀ ਜੁੱਤੀ ਨੂ ਗੰਢਣਾ ਬੰਦ ਕਰ ਦੇਵੋ। ਕਿੰਨਾਂ ਸੁਆਦਲਾ ਤਰੀਕਾ ਹੈ ਜੀਵਨ ਦੀ ਸਚਾਈ ਨੂੰ ਸਮਝਾਉਣ ਦਾ, ਪਰ ਸਮਝੇਗਾ ਉਹੀ ਜਿਸ ਕੋਲ ਗੁਰਬਾਣੀ ਦੀ ਸੋਝੀ ਹੈ। ਗੁਰੂ ਸਾਹਿਬ ਨੇ ਇਸ ਪਖੋਂ ਸਾਨੂੰ ਬਾਣੀ ਰਸਤੇ ਬਹੁਤੇਰੇ ਢੰਗਾਂ ਨਾਲ ਵਰਜਿਆ ਅਤੇ ਇਸ ਦਾ ਭਰਵਾਂ ਵਿਰੋਧ ਵੀ ਕੀਤਾ ਹੈ। ਖੈਰ ਹੱਥਲੇ ਗੁਰਮਤਿ ਪਾਠ ਦਾ ਇਹ ਵਿਸ਼ਾ ਵੀ ਨਹੀਂ। ਇਸ ਵਿਸ਼ੇ ਨੂਂ “ਕੋ ਰਹੈ ਨ ਭਰੀਐ ਪਾਈਐ” ਗੁਰਮਤਿ ਪਾਠ ਨੰ: ੧੨੦ `ਚ ਨਿਭਾਇਆ ਗਿਆ ਹੈ।
“ਮਨਿ ਮੈਲੈ ਸੂਚਾ ਕਿਉ ਹੋਇ” - ਹੁਣ ਅਸੀਂ ਆਉਂਦੇ ਹਾਂ ਇਸ ਵਿਸ਼ੇ ਦੇ ਤੀਜੇ ਪੱਖ ਵਲ ਜਿਹੜਾ ਕਿ ਹੱਥਲੇ ਗੁਰਮਤਿ ਪਾਠ ਦਾ ਮੁਖ ਵਿਸ਼ਾ ਹੈ। ਹੋਰ ਤਾਂ ਹੋਰ, ਇਹ ਉਹ ਵਿਸ਼ਾ ਹੈ ਜਿਸਨੂੰ ਸਾਡੇ ਅਨੇਕਾਂ ਗੁਰਸਿੱਖ ਬਲਕਿ ਸਿੱਖ ਸੰਸਥਾਂਵਾਂ ਤੀਕ ਇਸਦੇ ਕੁਪ੍ਰਭਾਵ ਨੂੰ ਕਬੂਲੀ ਬੈਠੀਆਂ ਹਨ। ਚੇਤੇ ਰਹੇ! ਗੁਰਮਤਿ ਨੇ ਤਾਂ ਬੜੀ ਕਰੜਾਈ ਨਾਲ ਇਸ ਜੀਵਨ ਰਹਿਣੀ ਨੂੰ ਪ੍ਰਭੁ ਭੁਲੇ, ਗੁਮਰਾਹ ਲੋਕਾਂ ਦੇ ਜੀਵਨ ਦੀ ਖੇਡ ਬਿਆਨਿਆ ਹੈ। ਦਰਅਸਲ ਇਹੀ ਹੈ ਉਹ ਵਿਸ਼ਾ ਜਿਸਦਾ ਕਿ ਹੱਥਲੇ ਗੁਰਮਤਿ ਪਾਠ ਨਾਲ ਵੱਡਾ ਸੰਬੰਧ ਹੈ। ਇਸ ਰਹਿਣੀ ਦਾ ਜਨਮ ਦਾਤਾ ਬ੍ਰਾਹਮਣ ਅਤੇ ਉਸਦੀਆਂ ਲਿਖਤਾਂ ਹਨ। ਚੂੰਕਿ ਭਾਰਤੀ ਜੰਤਾ ਤੇ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਵਰਗ ਦਾ ਹੀ ਬਹੁਤਾ ਪ੍ਰਭਾਵ ਹੈ। ਇਸ ਤੋਂ ਵੱਧ ਇਹ ਕਿ ਸਿੱਖ ਕੌਮ ਦਾ ਜਨਮ ਹੀ ਇਸੇ ਬ੍ਰਾਹਮਣੀ ਘੇਰੇ `ਚ ਹੋਇਆ ਹੈ, ਇਹੀ ਕਾਰਨ ਹੈ ਕਿ ਸਿੱਖਾਂ ਨੇ ਦੂਜਿਆਂ ਨੂੰ ਤਾਂ ਕੀ ਮੱਤ ਦੇਣੀ ਸੀ, ਗੁਰਬਾਣੀ ਸਿਖਿਆ ਤੋਂ ਅਣਜਾਣ ਬੇਅੰਤ ਸਿੱਖ-ਸੰਗਤਾਂ ਵੀ ਬਹੁਤਾ ਕਰਕੇ ‘ਸਫ਼ਾਈ ਸੁਅੱਛਤਾ’ ਦੇ ਭੁਲੇਖੇ ਇਸੇ ਅਉਗੁਣ ਨੂੰ ਸੰਭਾਲੀ ਬੈਠੀਆਂ ਹਨ। ਜਦਕਿ ਗੁਰਬਾਣੀ ਦਾ ਇਸ ਬਾਰੇ ਦੋ ਟੁਕ ਫ਼ੇਸਲਾ ਹੈ “ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ” (ਪੰ: ੬੮੬)। ਤਾਂਤੇ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਆਧਾਰ ਤੇ ਇਸ ਜੂਠ-ਸੁੱਚ-ਭਿੱਟ ਦੀ ਭਯੰਕਰਤਾ, ਕੁਪ੍ਰਭਾਵਾਂ ਤੇ ਇਸ ਵਿਰੁਧ, ਗੁਰਮਤਿ ਦੇ ਨਿਰਣੇ ਨੂੰ ਵੀ ਸਮਝਣ ਦਾ ਜੱਤਨ ਕਰੀਏ। ਦਰਅਸਲ ਬ੍ਰਾਹਮਣ ਨੇ ਮਨੁੱਖ ਮਾਤਰ ਨੂੰ ਚਾਰ ਵਰਗਾਂ `ਚ ਵੰਡਿਆ ਹੈ ਅਤੇ ਇਹ ਹਨ -ਬ੍ਰਾਹਮਣ, ਖਤ੍ਰੀ, ਵੈਸ਼ ਤੇ ਸ਼ੂਦਰ। ਇਸਤੋਂ ਵਧ, ਜਿਥੇ ਇਸਨੇ ਬਾਕੀ ਤਿੰਨਾ ਵਰਗਾਂ ਨੂੰ ਬਿਨਾਂ ਇਲਾਣੇ ਅਪਣੀ ਗੁਲਾਮੀ ਦੇ ਸੰਗਲ `ਚ ਬਨ੍ਹਿਆਂ ਦਾ ਹੈ, ਉਥੇ ਉਹ ਲੋਕ ਜਿਨ੍ਹਾਂ ਨੂੰ ਇਸਨੇ ਸ਼ੂਦਰ ਦਾ ਲੇਬਲ ਲਾ ਰਖਿਆ ਹੈ, ਉਨ੍ਹਾਂ ਦੇ ਤਾਂ ਪ੍ਰਛਾਵੇਂ ਤੋਂ ਹੀ ਇਸਦੇ ਭੋਜਣ, ਖਾਣ-ਪਾਣ ਸਭ ਭਿੱਟ ਜਾਂਦੇ ਹਨ। ਜਦਕਿ ਗੁਰਮਤਿ ਜਦੋਂ ਇਸ ਵਰਣਵੰਡ ਨੂੰ ਹੀ ਸਵੀਕਾਰ ਨਹੀਂ ਕਰਦੀ ਤਾਂ ਇਸ ਨਾਲ ਜੁੜੀਆਂ ਬਾਕੀ ਗਲਾਂ ਆਪੇ ਹੀ ਮੁੱਕ ਜਾਂਦੀਆਂ ਹਨ। ਖੈਰ ਇਸ ਸੁੱਚ ਭਿੱਟ ਵਾਲੇ ਵਿਸ਼ੇ ਨੂੰ ਸਮਝਣ ਲਈ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਇਤਿਹਾਸਕ ਸਾਖੀ ਦਾ ਹਵਾਲਾ ਦੇਣਾ ਚਾਹਾਂਗੇ।
ਹਰਦੁਆਰ ਵਿੱਚ ਅਪਣੇ ਪ੍ਰਚਾਰ ਦੌਰੇ ਸਮੇਂ, ਗੁਰਦੇਵ ਵਲੋਂ ਭੇਜਣ ਤੇ ਭਾਈ ਮਰਦਾਨੇ ਨੇ ਇੱਕ ਵੈਸ਼ਨੋ ਸਾਧ ਕੋਲੋਂ ਅੱਗ ਦੀ ਚਬਾਤੀ ਜਾ ਮੰਗੀ। ਉਸ ਸਮੇਂ ਧੁੱਪ ਕਾਰਨ ਮਰਦਾਨੇ ਦਾ ਕੇਵਲ ਪ੍ਰਛਾਂਵਾਂ ਉਸ ਸਾਧ ਦੇ ਤਿਆਰ ਹੋ ਰਹੇ ਭੋਜਨਾਂ ਤੇ ਜਾ ਪਿਆ। ਉਹ ਸਾਧ, ਜਿਸਨੇ ਹਨੇਰੇ ਉਠਕੇ ਆਪ ਇਸ਼ਨਾਨ ਕੀਤਾ, ਗੋਬਰ ਲੇਪ ਕਾਰਾਂ ਕਰਕੇ, ਉਪਰੰਤ ਲਕੜਾਂ, ਗੋਹੇ, ਅੰਨ ਨੂੰ ਧੋ ਕੇ ਸ਼ਾਸਤ੍ਰ ਰੀਤੀ ਅਨੁਸਾਰ ਸਾਰੀਆਂ ਸੁਚੱਮਾ ਕੀਤੀਆਂ ਸਨ ਅਤੇ ਹੁਣ ਤਾਂ ਉਸਦੇ ਭੋਜਨ ਦੇ ਛਕਣ ਦਾ ਸਮਾਂ ਸੀ। ਜਦੋਂ ਉਸਨੂੰ ਪਤਾ ਲਗਾ ਕਿ ਉਸਦੇ ਚੋਂਕੇ ਉਪਰ ਪ੍ਰਛਾਈ ਉਸ ਮਨੁੱਖ ਦੀ ਪਈ ਹੈ ਜੋ ਜਨਮ ਦਾ ਡੂਮ ਸੀ। ਤਾਂ ਫ਼ਿਰ ਕੀ ਸੀ, ਲੋਹ ਲਾਖਾ ਹੋਇਆ ਚਬਾਤੀ ਚੁਕ, ਮਰਦਾਨੇ ਨੂੰ ਮਾਰਨ ਲਈ ਉਸਦੇ ਪਿਛੇ-ਦੌੜ ਪਿਆ। ਕਿਉਂਕਿ ਮਰਦਾਨੇ ਦੇ ਹੀ ਪ੍ਰਛਾਵੇਂ ਕਾਰਣ ਉਸਦੇ ਸਾਰੇ ਭੋਜਣ ਹੀ ਭਿੱਟ ਗਏ ਸਨ ਅਤੇ ਦੋਬਾਰਾ ਤਿਆਰ ਕਰਨੇ ਪੈਣੇ ਸਨ, ਇਹ ਉਸਦੇ ਖਾਣ ਜੋਗ ਨਹੀਂ ਸਨ ਰਹਿ ਗਏ। ਸਾਧ ਦੇ ਅਗੇ ਅਗੇ ਮਰਦਾਨਾ ਦੌੜਦਾ ਜਦੋਂ ਗੁਰੂ ਸਾਹਿਬ ਤੀਕ ਪੁਜਾ, ਤਿਉਹਾਰ ਸਮੇਂ ਸਾਧ ਦੇ ਸ਼ੋਰ ਕਾਰਣ ਉਥੇ ਭੀੜ ਵੀ ਬਹੁਤ ਕਠੀ ਹੋ ਚੁਕੀ ਸੀ। ਇਸਤਰ੍ਹਾਂ ਥੱਕ-ਹਾਰ ਜਦੋਂ ਸਾਧ ਦਾ ਪਾਰਾ ਕੁੱਝ ਹਲਕਾ ਹੋਇਆ ਤਾਂ ਗੁਰਦੇਵ ਨੇ ਸਾਧ ਨੂੰ ਸਮਝਾਇਆ, “ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ॥ ੧ ॥ (ਪੰ: ੯੧)।
ਭਾਵ ਸੀ, ਸਾਧ ਜੀ! ਕਬੁੱਧੀ ਤਾਂ ਤੁਹਾਡੇ ਮਨ ਤੇ ਹਾਵੀ ਹੈ, ਦੂਜੇ ਲੋਕਾਂ ਲਈ ਤੁਹਾਡੇ ਮਨ ਚ ਦਇਆ ਨਹੀਂ, ਦੂਜਿਆਂ ਨੂੰ ਅਪਣੇ ਤੋਂ ਨੀਵਾਂ-ਘਟੀਆ ਮੰਣਨਾ ਅਤੇ ਮਨੁੱਖ-ਮਨੁੱਖ ਵਿਚਾਲੇ ਵਿੱਤਕਰੇ ਵਾਲੀ ਤੁਹਾਡੀ ਸੋਚਣੀ, ਇਸਤੋਂ ਵੱਧ ਤੁਹਾਡਾ ਅਪਣੇ ਗੁਸੇ ਤੇ ਕਾਬੂ ਦਾ ਨਾ ਹੋਣਾ-ਇਹ ਸਭ ਨੀਵੀਂ ਪੱਧਰ ਦੇ ਅਉਗਣ ਤੁਹਾਡੇ ਅੰਦਰ ਹਨ ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਗੰਦਾ ਕੀਤਾ ਹੋਇਆ ਹੈ। ਤਾਂਤੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਡੂਮ, ਕਸਾਈ, ਚੂਹੜੇ, ਚੰਡਾਲ ਮੰਨ ਕੇ ਅਪਣੇ ਤੋਂ ਨੀਵਾਂ, ਘਟੀਆਂ ਸਮਝਦੇ ਅਤੇ ਨਫ਼ਰਤ ਕਰਦੇ ਹੋ, ਦਰਅਸਲ ਉਹ ਘਟੀਆ ਲੋਕ ਨਹੀਂ ਹਨ, ਇਹ ਤਾਂ ਉਨ੍ਹਾਂ ਦੇ ਪੇਸ਼ੇ ਹਨ। ਸਚਾਈ ਇਹ ਹੈ ਕਿ ਡੂਮ, ਕਸਾਈ, ਚੂਹੜੇ, ਚੰਡਾਲ ਤਾਂ ਅਸਲ `ਚ ਉਹ ਅਉਗਣ ਹਨ ਜੋ ਤੁਹਾਡੇ ਜੀਵਨ ਤੇ ਹਾਵੀ ਹਨ, ਇਸ ਲਈ ਸਾਧ ਜੀ! ਇਹ ਬਾਹਰ ਦੀਆਂ ਚੋਂਕੇ, ਕਾਰਾਂ ਵਾਲੀਆਂ ਸੁਚੱਮਾਂ, ਜੀਵਨ ਦੀ ਸਫ਼ਲਤਾ ਲਈ ਕਿਸੇ ਕੰਮ ਨਹੀਂ। ਸਚੇ ਧਰਮੀ ਹੋਣ ਲਈ ਤਾਂ ਜੀਵਨ ਅੰਦਰੋਂ ਇਨ੍ਹਾਂ ਅਉਗਣਾਂ ਨੂੰ ਖਤਮ ਕਰਨ ਦੀ ਲੋੜ ਹੈ। ਤਾਂਤੇ ਜ਼ਰੂਰੀ ਹੈ ਕਿ ਪ੍ਰਭੁ ਦੀ ਸਿਫ਼ਤ ਸਲਾਹ ਦੇ ਮਾਰਗ ਤੇ ਚਲੋ, ਇਹ ਸੁੱਚਮਾ ਜੀਵਨ ਦੀ ਸਫ਼ਲਤਾ ਦਾ ਮਾਰਗ ਨਹੀਂ ਹਨ।
“ਮਨਿ ਮੈਲੈ ਸਭੁ ਕਿਛੁ ਮੈਲਾ” - ਦਰਅਸਲ ਗੁਰਮਤਿ ਅਨੁਸਾਰ ਬ੍ਰਾਹਮਣੀ ਵਿਸ਼ਵਾਸਾਂ ਦੀ ਜੂਠ-ਸੁੱਚ-ਭਿੱਟ-ਪ੍ਰਛਾਵੇਂ ਵਾਲੀ ਦੇਣ ਹੀ ਅਗਿਆਨਤਾ ਦੀ ਉਪਜ ਹੈ ਅਤੇ ਇਹ ਵਿਸ਼ਾ ‘ਮਨ’ ਦਾ ਹੈ ਹੀ ਨਹੀਂ। ਮਨੁੱਖਾ ਜੀਵਨ ਦਾ ਮੱਕਸਦ ਤਾਂ ਅਕਾਲਪੁਰਖੁ ਨਾਲ ਇਕ-ਮਿੱਕ ਹੋਣਾ ਹੈ ਇਸ ਲਈ ਲੋੜ ਇਸ ਗਲ ਦੀ ਸੀ ਕਿ ਅਪਣੇ ਮਨ ਨੂੰ ਪ੍ਰਭੁ ਗੁਣਾਂ ਰਾਹੀਂ ਉਚੇ ਸੰਸਕਾਰਾਂ ਨਾਲ ਰੰਗਣਾ। ਇਸਦੇ ਉਲਟ ਜਦੋਂ ਸਾਡੀ ਸਾਰੀ ਦੌੜ ਹੀ ਬਾਹਰਲੀਆਂ ਜੂਠਾਂ-ਸੁੱਚਾ-ਭਿੱਟਾਂ-ਪ੍ਰਛਾਵਿਆਂ ਵਲ ਹੀ ਰਹੀ ਤਾਂ ਅਸਾਂ ਅਪਣੇ ਮਨ ਨੂੰ ਵੀ ਉਸੇ ਹੀ ਵਾਧੂ ਚੱਕਰ `ਚ ਫ਼ਸਾਈ ਰਖਨਾ ਹੈ। ਜਦਕਿ ਮਨ ਦੀ ਮੈਲ ਤਾਂ ਹੈ ਹੀ ਅਉਗਣਾਂ, ਵਿਕਾਰਾਂ, ਵਿੱਤਕਰਿਆਂ, ਭੇਦ-ਭਾਵ ਅਦਿ ਦੀ ਮੈਲ, ਜਿਹੜੀ ਜੂਠਾਂ-ਸੁੱਚਾ-ਭਿੱਟਾਂ ਵਾਲੀ ਸੋਚਣੀ ਕਾਰਨ ਘੱਟਣੀ ਤਾਂ ਦੂਰ ਬਲਕਿ ਹੋਰ ਵਧੇਗੀ ਹੀ। ਨਤੀਜਾ ਇਹ ਕਿ ਜਿਸ ਪਾਸਿਉਂ ਅਸਾਂ ਅਪਣੀ ਸੰਭਾਲ ਕਰਨੀ ਹੈ ਉਸ ਪਾਸਿਓ ਤਾਂ ਅਸੀਂ ਅਪਣੀ ਸੰਭਾਲ ਜੋਗੇ ਪਹਿਲਾਂ ਜਿੰਨੇ ਵੀ ਸਮ੍ਰਥ ਨਹੀਂ ਰਹਿ ਜਾਂਦੇ। ਸਾਡੀ ਹਾਲਤ ਤਾਂ ਗੁਰਬਾਣੀ ਫ਼ੁਰਮਾਨ ਮੁਤਾਬਕ ਇਹ ਬਣਦੀ ਜਾਂਦੀ ਹੈ “ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ” (ਪੰ: ੪੭੨)। ਬਾਹਰੋਂ ਤਾਂ ਸਾਰੀਆਂ ਚੌਂਕੇ ਕਾਰਾ ਵੀ ਹੋ ਰਹੀਆਂ ਹੁੰਦੀਆਂ ਹਨ, ਮੂਹੋਂ ਚੁਲੀਆਂ ਕਰ ਕਰ ਕੇ ਸੁੱਚਮਾਂ ਦੇ ਖੇਖਣ ਵੀ ਕੀਤੇ ਜਾ ਰਹੇ ਹੁੰਦੇ ਹਨ ਪਰ ਮਨ ਅੰਦਰ ਮਨੁੱਖ-ਮਨੁੱਖ ਲਈ ਇਨਾ ਭੇਦ ਭਾਵ, ਵਿਤਕਰਾ ਤੇ ਨਫ਼ਰਤ ਭਰੀ ਹੁੰਦੀ ਹੈ ਕਿ ਜੇ ਕਿਧਰੇ ਦੂਜੇ ਦਾ ਹੱਥ ਵੀ ਲਗ ਗਿਆ ਤਾਂ ਸਭਕੁਝ ਹੀ ਭਿਟਿਆ ਜਾਵੇਗਾ। ਤਾਂਤੇ ਗੁਰਬਾਣੀ ਦਾ ਫ਼ੈਸਲਾ ਹੈ “ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ, ਸਚੁ ਪਾਈਐ” (ਪੰ: ੪੭੨) ਭਾਵ ਐ ਇਨਸਾਨ! ਜੇਕਰ ਤੂੰ ਇਸ ਜੀਵਨ `ਚ ਕਰਤੇ ਨੂੰ ਪਾ ਲਿਆ ਤਾਂ ਤੇਰੀਆਂ ਇਹ ਸਾਰੀਆਂ ਸੁੱਚਾ ਵਿਚੇ ਹੀ ਆ ਜਾਣਗੀਆਂ ਅਤੇ ਅਜੇਹੀਆਂ ਸੁੱਚਾਂ ਦੀ ਤੈਨੂੰ ਲੋੜ ਹੀ ਨਹੀਂ ਰਵੇਗੀ।
ਮਨੁੱਖ ਨੂੰ ਇਨ੍ਹਾਂ ਵਾਧੂ ਦੀਆਂ ਜੂਠਾਂ-ਸੁੱਚਾ-ਭਿੱਟਾਂ-ਪ੍ਰਛਾਵਿਆਂ ਚੋ ਕਢਕੇ ਪ੍ਰਭੁ ਨਾਲ ਜੋੜਣ ਲਈ ਤਾਂ ਗੁਰਬਾਣੀ ਖਜ਼ਾਨੇ `ਚ ਬੇਅੰਤ ਫ਼ੁਰਮਾਨ ਹਨ ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਇਸ ਜਿਲ੍ਹਣ ਵਿਚੋਂ ਪੂਰੀ ਤਰ੍ਹਾਂ ਕਢਿਆ ਹੈ। ਇਸਦੇ ਬਾਵਜੂਦ ਸਿੱਖ ਹੋ ਕੇ ਵੀ ਜੇਕਰ ਅਸਾਂ ਇਨ੍ਹਾਂ ਜੂਠਾਂ-ਸੁੱਚਾ-ਭਿੱਟਾ ਪ੍ਰਛਾਵਿਆਂ `ਚ ਹੀ ਫਸੇ ਰਹਿਣਾ ਹੈ ਤਾਂ ਸਾਡੇ ਲਈ ਇਸਦਾ ਕੋਈ ਇਲਾਜ ਬਾਕੀ ਨਹੀਂ ਰਹਿ ਜਾਂਦਾ। ਤਾਂਤੇ ਕਰਤਾਰ ਹੀ ਸਾਨੂੰ ਸੁਮੱਤ ਬਖਸ਼ ਦੇਵੇ ਤਾਂ ਵੱਖਰੀ ਗਲ ਹੈ ਵਰਨਾ ਅਸੀਂ ਅਪਣੀ ਤੱਬਾਹੀ ਦਾ ਸਾਮਾਨ ਇਕੱਠਾ ਕਰ ਹੀ ਰਹੇ ਹਾਂ। ਗੁਰਬਾਣੀ ਦੀ ਅਵਗਿਆ ਤੋਂ ਬਾਦ, ਸਾਨੂੰ ਜਨਮ-ਮਰਣ ਦੇ ਗੇੜ੍ਹ ਤੋਂ ਕੋਈ ਨਹੀਂ ਬਚਾ ਸਕੇਗਾ। ਬਾਣੀ ਜਪੁ ਦੇ ਅਰੰਭ `ਚ ਅਸੀਂ ਰੋਜ਼ ਪੜ੍ਹਦੇ ਵੀ ਹਾਂ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਭਾਵ ਭਾਵੇਂ ਕੋਈ ਲਖਾਂ ਸੁੱਚਮਾ ਤੇ ਇਸ਼ਨਾਨ ਕਰਦਾ ਫ਼ਿਰੇ, ਇਸ ਨਾਲ ਸਾਡਾ ਮਨ ਕਦੇ ਸੁੱਚਾ ਨਹੀਂ ਹੋ ਸਕਦਾ। ਹੋਰ ਲਵੋ! ਬਾਣੀ ਸੁਖਮਨੀ ਸਾਹਿਬ `ਚ ਗੁਰਦੇਵ ਸਾਨੂੰ ਰੋਜ਼ ਤਾੜਣਾ ਕਰਦੇ ਹਨ “ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ” (ਪੰ: ੨੬੫) ਐ ਇਨਸਾਨ ਤੂੰ ਚਾਹੇ ਦਿਨ-ਰਾਤ ਸੁਚੱਮਾਂ-ਸਨਾਨਾ `ਚ ਲਗਾ ਰਹੁ ਇਸ ਨਾਲ ਤੇਰੇ ਮਨ ਦੀ ਮੈਲ ਭਾਵ ਅਉਗਣ ਨਹੀਂ ਘਟ ਸਕਦੇ। ਬਾਣੀ ਜਪੁ `ਚ ਤਾਂ ਗੁਰਦੇਵ ਇੱਕ ਹੋਰ ਜਗ੍ਹਾ ਵੀ ਦ੍ਰਿੜ ਕਰਵਾ ਰਹੇ ਹਨ “ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ” (ਜਪੁ ਪਉ. ੨੦) ਇਥੇ ਗੁਰਦੇਵ ਇਸ ਵਿਸ਼ੇ ਨੂੰ ਹੋਰ ਵੀ ਸਾਫ਼ ਕਰ ਰਹੇ ਹਨ ਕਿ ਸਰੀਰ ਦੀ ਮੈਲ ਤਾਂ ਸਨਾਨ ਨਾਲ ਧੁਲ ਸਕਦੀ ਹੈ, ਕਪੜਿਆਂ ਨੂੰ ਵਿਸ਼ਟਾ ਆਦਿ ਲਗ ਜਾਵੇ ਤਾਂ ਉਸਨੂੰ ਵੀ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਪਰ ਜਿਥੋਂ ਤੀਕ ਜੀਵਨ ਦੀ ਸੰਭਾਲ ਅਤੇ ਸਫ਼ਲਤਾ ਦੀ ਗਲ ਹੈ ਇਹ ਵਿਸ਼ਾ ਸਰੀਰ ਦਾ ਹੈ ਹੀ ਨਹੀਂ, ਇਹ ਵਿਸ਼ਾ ਹੀ ਮਨ ਦੀ ਸੰਭਾਲ ਦਾ ਹੈ। ਜੇਕਰ ਫ਼ਿਰ ਵੀ ਮਨੁੱਖ ਜੀਵਨ ਦੀ ਸੰਭਾਲ ਨੂੰ ਲੈਕੇ, ਸਰੀਰ ਦੀਆਂ ਸੁੱਚਾਂ-ਜੂਠਾਂ-ਭਿੱਟਾਂ ਵਾਲੇ ਇਸ ਪੁਠੇ ਰਾਹ ਹੀ ਪਿਆ ਰਵੇ, ਤਾਂ ਇਸਤਰ੍ਹਾਂ ਜੀਵਨ ਦੀ ਸੰਭਾਲ ਨਹੀਂ ਹੋ ਸਕੇਗੀ। ਇਸਦੇ ਲਈ ਮਨ ਨੂੰ ਪ੍ਰਭੂ ਰੰਗ `ਚ ਰੰਙਣ ਦੀ ਲੋੜ ਹੈ।
ਦਰਅਸਲ ਇਹ ਵਿਸ਼ਾ ਹੀ ਧਰਮ ਦਾ ਹੈ, ਜਿਸਦਾ ਸਿਧਾ ਸੰਬੰਧ ਮਨ ਨੂੰ ਅਉਗਣਾ ਚੋਂ ਕਢਕੇ ਕਰਤਾਰ ਨਾਲ ਜੋੜਣਾ ਹੈ। “ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ” ਅਨੁਸਾਰ ਮਨ-ਬੁਧੀ ਨੂੰ ਪ੍ਰਭੁ ਦੇ ਰੰਗ `ਚ ਰੰਗ ਕੇ ਹੀ ਅਉਗਣਾ, ਵਿਕਾਰਾਂ, ਵਿੱਤਕਰਿਆਂ ਆਦਿ ਵਾਲੀ ਭਾਵਨਾ ਤੋਂ ਸਾਫ਼ ਕਰਨਾ ਹੈ। ਇਸਤਰ੍ਹਾ ਸਰੀਰ ਆਪੇ ਹੀ ਸਿਧੇ ਰਾਹ ਟੁਰ ਪੈਦਾ ਹੈ ਅਤੇ ਇਸ ਦੇ ਲਈ ਹੋਰ ਕੋਈ ਢੰਗ ਹੈ ਹੀ ਨਹੀਂ। ਹੋਰ ਦੇਖੋ ਮਾਸਕ ਧਰਮ ਇਸਤ੍ਰੀ ਸਰੀਰ ਦੀ ਜ਼ਰੂਰੀ ਕਿਰਿਆ ਹੈ ਪਰ ਧਰਮ ਦੇ ਨਾਂ ਤੇ ਸੁੱਚ ਭਿੱਟ ਦੇ ਇਹ ਠੇਕੇਦਾਰ ਉਥੇ ਵੀ ਪਿਛੇ ਨਹੀਂ ਰਹੇ। ਪਹਿਲਾਂ ਤਾਂ ਉਸਨੂੰ ਇਸ ਮਾਸਕ ਚੱਕਰ ਦੇ ਬਹਾਨੇ ਸਮਾਜ `ਚ ਅਪਵਿਤ੍ਰ ਘੋਸ਼ਤ ਕਰ ਦਿਤਾ ਅਤੇ ਫ਼ਿਰ ਆਪ ਹੀ ਇਹ ਵੀ ਕਹਿ ਦਿਤਾ ਕਿ ਜਦੋਂ ਹਫ਼ਤੇ ਬਾਦ ਉਹ ‘ਸਿਰਨਉਣੀ’ ਭਾਵ ਸਿਰ ਤੋਂ ਪੈਰਾਂ ਤੀਕ ਦਾ ਇਸ਼ਨਾਨ ਕਰ ਲੈਂਦੀ ਤਾਂ ਫ਼ਿਰ ਤੋਂ ਚੋਂਕੇ-ਚੁਲ੍ਹੇ, ਧਰਮ-ਕਰਮ ਲਈ ਪਵਿਤ੍ਰ ਹੋ ਜਾਂਦੀ ਹੈ। ਗੁਰਦੇਵ ਪੁੱਛਦੇ ਹਨ ਕਿ ਇਹ ਭਾਈ! ਮਨੁੱਖਾ ਜੀਵਨ ਨਾਲ ਇਹ ਤੇਰਾ ਕਿਹੋ ਜਿਹਾ ਮਜ਼ਾਕ ਹੈ? ਕਿਉਂਕਿ ਇਹ ਤਾਂ ਇਸਤ੍ਰੀ ਸਰੀਰ ਦਾ ਕੁਦਰਤੀ ਕਿਰਿਆ ਅਤੇ ਉਸ ਸਰੀਰ ਦੀ ਸਾਰਥਕਤਾ ਦਾ ਲਖਾਇਕ ਹੈ। ਫ਼ਿਰ ਵੀ ਜੇ ਤੁਹਾਡੀ ਇਸ ‘ਸਿਰਨਉਣੀ’ ਵਾਲੀ ਢੁੱਚਰ ਨੂੰ ਹੀ ਠੀਕ ਮਨ ਲਿਆ ਜਾਵੇ ਤਾਂਤੇ ਕੇਵਲ ਇਸ਼ਨਾਨ ਨਾਲ ਉਹ ਕਦੇ ਪਵਿਤ੍ਰ ਕਿਵੇਂ ਹੋ ਗਈ? ਕਿਉਂਕਿ ਉਸਦੀ ਇਹ ਸਰੀਰਕ ਕਿਰਿਆ ਤਾਂ ਉਸਦੇ ਸਰੀਰ ਦੇ ਅੰਦਰ ਦੀ ਹੈ ਜੋ ਹਰ ਸਮੇਂ ਅਰੁਕ ਹੈ। ਤਾਂ ਫ਼ਿਰ ਬਾਹਰ ਦੇ ਇਸ਼ਨਾਨ ਨਾਲ ਉਥੇ ਕਿਹੜੀ ਸੁਅਛਤਾ ਪੈਦਾ ਹੋ ਗਈ? ਫ਼ੁਰਮਾਨ ਹੈ “ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” (ਪੰ: ੪੭੨) ਦਰਅਸਲ ਇਹ ਤਾਂ ਵਾਧੂ ਦਾ ਪਾਇਆ ਇੱਕ ਵਹਿਮ ਸੀ, ਜਿਸ ਦੀ ਕਿ ਕੋਈ ਬੁਨਿਆਦ ਹੀ ਨਹੀਂ ਅਤੇ ਨਾ ਹੀ ਇਸ ਢੁੱਚਰ ਨਾਲ ਪਵਿਤ੍ਰਤਾ-ਅਪਵਿਤ੍ਰਤਾ ਦਾ ਕੁੱਝ ਲੈਣਾ ਦੇਣਾ ਹੀ ਹੈ। ਜੀਵਨ ਦੀ ਪਵਿਤ੍ਰਤਾ, ਸਰੀਰ ਦਾ ਨਹੀਂ, ਮਨ ਦਾ ਵਿਸ਼ਾ ਹੈ “ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ”। ਹੋਰ ਲਵੋ “ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ” (ਪੰ: ੧੧੯੫) ਇਕ-ਦੋ ਵਾਰੀ ਨਹੀਂ ਬਾਰੰਬਾਰ ਬਾਣੀ ਦਾ ਫ਼ੈਸਲਾ ਇਹੀ ਹੈ ਕਿ “ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ” (ਪੰ. ੫੫੮) ਇਸਤਰ੍ਹਾਂ ਜਦੋਂ ਇਹ ਜੂਠਾਂ-ਸੁਚਾਂ ਦਾ ਰਸਤਾ ਹੀ ਗ਼ਲਤ ਹੈ ਤਾਂ ਸਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਇਨ੍ਹਾਂ ਜੂਠਾਂ-ਸੁਚਾਂ ਤੋਂ ਪੈਦਾ ਹੋਣ ਵਾਲੀਆਂ ਭਿੱਟਾਂ ਦੀ ਬੁਨਿਆਦ ਕਿਥੇ ਰਹਿ ਗਈ। ਇਹ ਸੁੱਚਾਂ-ਜੂਠਾਂ-ਭਿੱਟਾਂ ਕੇਵਲ ਬ੍ਰਾਹਮਣੀ ਚੋਂਚਲਾ ਹੈ ਜਿਸਦਾ ਗੁਰੂ ਦਰ ਤੇ ਕੋਈ ਵਜੂਦ ਹੈ ਨਹੀਂ। ਇਥੇ ਸੁੱਚਾਂ-ਜੂਠਾਂ-ਭਿੱਟਾਂ ਦਾ ਨਹੀਂ ਬਲਕਿ ਸਰੀਰ ਦੀ ‘ਸਫ਼ਾਈ-ਸੁਅਛਤਾ’ ਦਾ ਵਿਸ਼ਾ ਹੈ ਉਹ ਵੀ ਉਸ ਸੀਮਾ ਤੀਕ ਜਿਥੌ ਤੀਕ ਕਿ ਸਰੀਰ ਨਾਮ-ਬਾਣੀ ਦੀ ਕਮਾਈ ਲਈ ਚੁੱਸਤ ਰਵੇ।
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ- ਲੋੜ ਹੈ ਜਾਗੀਏ ਅਤੇ ਅਪਣਾ ਜੀਵਨ ਰਾਹ ਕੇਵਲ ਅਤੇ ਕੇਵਲ ਗੁਰਬਾਣੀ ਦੀ ਸਿਖਿਆ ਤੋ ਲਵੀਏ। ਬਾਣੀ ‘ਆਸਾ ਕੀ ਵਾਰ’ ਪਉੜੀ ੧੯ ਦੇ ਨਾਲ ਲਗਦੇ ਸਲੋਕ ਦੇ ਦਰਸ਼ਨ ਕਰੋ ਗੁਰਦੇਵ ਨੇ ਤਾਂ ਇਹ ਰੇੜਕਾ ਹੀ ਮੁਕਾ ਦਿਤਾ ਹੈ। ਫ਼ਰੁਮਾਂਦੇ ਹਨ “ਸਲੋਕੁ ਮਃ ੧॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ ੧ ॥” (੪੭੩)
ਭਾਵ “ਸ਼ਾਸਤ੍ਰ ਰੀਤੀ ਅਨੁਸਾਰ ਬ੍ਰਾਹਮਣ ਇਸ਼ਨਾਨ ਪਾਣੀ ਉਪਰੰਤ ਬਿਨਾ ਸੀਤੀ ਧੋਤੀ ਲਪੇਟ ਕੇ ਪਹਿਲਾਂ ਆਪ ਸੁੱਚਾ ਬਣਦਾ ਹੈ। ਫ਼ਿਰ ਉਸ ਸੁਚੇ ਕੀਤੇ ਚੌਕੇ `ਚ ਆ ਕੇ ਬੈਠਦਾ ਹੈ ਜਿਸਨੂੰ ਸ਼ਾਸਤ੍ਰ ਰੀਤੀ ਅਨੁਸਾਰ ਸੁੱਚਾ ਕੀਤਾ ਹੁੰਦਾ ਹੈ।
ਇਸ ਤੋਂ ਬਾਦ ਉਸ ਬ੍ਰਾਹਮਣ ਅਗੇ ਜਜਮਾਨ ਉਹ ਭੋਜਨ ਲਿਆ ਕੇ ਰਖਦਾ ਹੈ ਜਿਹੜੇ ਰਸੋਈ ਲਈ ਸੁਚਮਾਂ ਭਾਵ ਗੋਬਰ, ਚੌਂਕੇ-ਕਾਰਾਂ ਆਦਿ ਸਾਰੇ ਦੇ ਨੀਯਮਾਂ ਨੂੰ ਪੂਰਾ ਕਰਕੇ ਤਿਆਰ ਕੀਤੇ ਹੁੰਦੇ ਹਨ। ਇਥੋ ਤੀਕ ਕਿ ਜਿਨ੍ਹਾ ਪਦਾਰਥਾਂ ਨੂੰ ਅਜੇ ਕਿਸੇ ਨੇ ਭਿੱਟਿਆ ਜਾਂ ਕਿਸੇ ਦਾ ਜੂਠਾ ਜਾਂ ਬਿਨਾ ਇਸ਼ਨਾਨ ਹੱਥ ਵੀ ਨਹੀਂ ਲਗਾ ਹੁੰਦਾ। ਇਸਤਰ੍ਹਾਂ ਹਰ ਪਖੋਂ ਸੁੱਚਮਾਂ ਦੇ ਨੀਯਮ ਪੂਰੇ ਕਰਣ ਤੋਂ ਬਾਦ ਫ਼ਿਰ ਬ੍ਰਾਹਮਣ ਜਦੋਂ ਉਨ੍ਹਾਂ ਪਦਾਰਥਾਂ ਨੂੰ ਛੱਕਦਾ ਹੈ ਤਾਂ ਪਹਿਲਾਂ ਤੇ ਬਾਦ `ਚ ਵੀ ਵੇਦਾਂ-ਸ਼ਾਸਤ੍ਰਾਂ ਦੇ ਸਲੋਕ ਪੜ੍ਹਦਾ ਹੈ।
ਗੁਰਦੇਵ ਇਥੇ ਉਸਦੀ ਇਸ ਕਰਨੀ ਤੇ ਉਟੰਕਣ ਕਰਦੇ ਫ਼ੁਰਮਾਂਦੇ ਹਨ ਕਿ ਕਮਾਲ ਦੀ ਗਲ ਤਾਂ ਇਹ ਹੈ ਕਿ ਹਰ ਕਦਮ ਤੇ ਸ਼ਾਸਤ੍ਰਾਂ ਮੁਤਾਬਕ ਸੁੱਚਮਾ ਦੇ ਸਾਰੇ ਨੀਯਮ ਪੂਰੇ ਕੀਤੇ ਤੇ ਬ੍ਰਾਹਮਣ ਨੇ ਅੰਤ `ਚ ਇੰਨੀ ਸੁੱਚੀ ਵਸਤ ਨੂੰ ਪਾਇਆ ਤਾਂ ਕੁਥਾਏਂ ਹੀ। ਭਾਵ ਉਸ ਪੇਟ `ਚ ਸੁਟਿਆ ਜਿਥੇ ਹਰਸਮੇਂ ਮਲ, ਮੂਤ, ਵਿਸ਼ਟਾ ਆਦਿ ਮੋਜੂਦ ਰਹਿੰਦੇ ਹਨ। ਤਾਂਤੇ ਭਾਈ! ਇੰਨੀ ਹਰ ਤਰ੍ਹਾਂ ਸੁਚੀ ਕੀਤੀ ਪਵਿਤ੍ਰ ਵਸਤ ਨੂੰ ਇੰਨੀ ਗੰਦੀ ਥਾਵੇਂ ਸਿੱਟਣ ਦਾ ਦੋਸ਼ ਕਿਸ ਉਪਰ ਆਇਆ? ਕਿਉਂਕਿ ਅਸੂਲ ਤਾਂ ਇਹੀ ਹੈ ਕਿ ਪਵਿਤ੍ਰ ਤੇ ਸੁੱਚੀ ਵਸਤ ਨੂੰ ਰਖਣ ਲਈ ਜਗ੍ਹਾ ਵੀ ਉਸੇਤਰ੍ਹਾਂ ਦੀ ਪਵਿਤ੍ਰ-ਸੁੱਚੀ ਹੀ ਹੋਣੀ ਚਾਹੀਦੀ ਸੀ ਪਰ ਇਥੇ ਤਾਂ ਸਭ ਉਲਟਾ ਹੀ ਹੋਇਆ ਹੈ।
ਗੁਰਦੇਵ ਸੁਆਲ ਕਰਦੇ ਹਨ ਕਿ ਐ ਭਾਈ! ਅਜੇ ਤਾਂ ਇਥੇ ਵੀ ਬੱਸ ਨਹੀਂ ਹੋਈ; ਬਲਕਿ ਅੰਨ, ਪਾਣੀ, ਅਗਨੀ, ਲੂਣ, ਘੀ ਜਿਨ੍ਹਾਂ ਨੂੰ ਤੂੰ ਆਪ ਦੇਵਤੇ ਕਰਕੇ ਮੰਣਦਾ ਹੈਂ। ਇਸਤਰ੍ਹਾਂ ਜਦੋਂ ਫ਼ਿਰ ਇਨ੍ਹਾਂ ਦੇਵਤਿਆ ਦੇ ਹੀ ਮਿਲਾਪ ਤੋਂ ਜੋ ਭੋਜਨ ਤਿਆਰ ਹੋਇਆ, ਤਾਂਤੇ ਉਸ ਭੌਜਨ ਨੂੰ ਤਾਂ ਮਹਾ ਪਵਿਤ੍ਰ (ਪਾਕੁ ਪਵਿਤੁ) ਮੰਨਣਾ ਪਵੇਗਾ। ਹੁਣ ਤਾ ਇਥੇ ਵੀ ਗਲ ਉਲਟੀ ਹੀ ਹੈ ਕਿਉਂਕਿ ਤੇਰੇ ਮੰਨੇ ਜਾਂਦੇ ਦੇਵਤਿਆਂ ਦੇ ਮਿਲਾਪ ਤੋਂ ਤਿਆਰ ਹੋਏ ਇਸ ‘ਮਹਾ ਪਵਿਤ੍ਰ’ ਸਰੀਰ (ਭੋਜਨ) ਦਾ ਵਾਹ, ਜਦੋਂ ਪ੍ਰਭੁ ਨੂੰ ਭੁਲੇ ਬੇਮੁਖ (ਪਾਪੀ) ਨਾਲ ਪੈਦਾ ਹੈ (ਪਾਪੀ ਸਿਉ ਤਨੁ ਗਡਿਆ) ਤਾਂ ਉਸ ਭੋਜਣ ਨੂੰ ਵੀ ਬ੍ਰਾਹਮਣ ਦੇ ਮੂੰਹ ਦੀਆਂ ਥੁੱਕਾਂ ਹੀ ਮਿਲਦੀਆਂ ਹਨ। (ਪੇਟ ਦੇ ਅੰਦਰ ਦੀ ਗਲ ਤਾਂ ਫ਼ਿਰ ਵੀ ਬਾਦ ਦੀ ਹੀ ਹੈ)।
ਵਿਸ਼ੇ ਨੂੰ ਇਥੇ ਪੁਚਾ ਕੇ, ਗੁਰਦੇਵ ਬ੍ਰਾਹਮਣ ਦੀ ਜੂਠਾਂ-ਸੁੱਚਾਂ-ਭਿੱਟਾਂ ਵਾਲੀ ਅਗਿਆਨਤਾ ਤੋਂ ਪੜਦਾ ਚੁੱਕਦੇ ਹੋਏ ਫ਼ੁਰਮਾਂਦੇ ਹਨ ਕਿ ਸੱਚਾਈ ਇਹ ਨਹੀਂ ਕਿ ਭੋਜਨ ਨੂੰ ਗੰਦੀ ਥਾਂ ਕਿਉਂ ਪਾਇਆ ਅਤੇ ਨਾ ਹੀ ਇਹ ਕਿ ਉਸ `ਚ ਥੁੱਕਾਂ ਮਿਲਾਉਣ ਵਾਲੀ ਹੀ ਕੋਈ ਗ਼ਲਤ ਗਲ ਸੀ। ਬਲਕਿ ਇਹ ਤਾਂ ਭੋਜਨ ਛੱਕਣ ਤੇ ਉਸਨੂੰ ਪੇਟ `ਚ ਪਹੁਚਾਉਣ ਦਾ ਕੁੱਦਰਤੀ ਨੀਯਮ ਹੀ ਹੈ।
ਅਸਲ ਗਲ ਤਾਂ ਇਹ ਹੈ ਕਿ ਜਿਹੜਾ ਮਨੁੱਖ, ਇਨ੍ਹਾਂ ਬੇਅੰਤ ਦਾਤਾਂ ਨੂੰ ਦੇਣ ਵਾਲੇ ਪ੍ਰਭੂ ਨੂੰ ਭੁਲਾ ਕੇ ਵਾਧੂ ਦੇ ਜੂਠ-ਸੁੱਚ-ਭਿੱਟ-ਪ੍ਰਛਾਵਿਆਂ ਦੇ ਆਡੰਬਰਾਂ `ਚ ਉਲਝਿਆ ਅਪਣੇ ਧਰਮੀ ਹੋਣ ਦਾ ਨਾਟਕ ਕਰ ਰਿਹਾ ਹੈ। ਇੱਕ ਪਾਸੇ ਤਾਂ ਉਹ ਦਾਤੇ ਦੀਆਂ ਦਾਤਾਂ ਦੇ ਰਸ ਵੀ ਮਾਣ ਰਿਹਾ ਹੈ, ਫ਼ਿਰ ਵੀ ਇਨ੍ਹਾਂ ਦਾਤਾਂ ਨੂੰ ਦੇਣ ਵਾਲੇ ਕਰਤਾਰ ਦਾ ਸ਼ੁਕਰਾਨਾ ਤੀਕ ਨਹੀ ਕਰਦਾ, ਉਸਦੇ ਗੁਣ ਨਹੀਂ ਗਾਉਂਦਾ। ਉਸ ਬ੍ਰਾਹਮਣ ਦੀ ਸਾਰੀ ਦੋੜ ਹੀ ਧਰਮ ਦੀ ਆੜ `ਚ ਲੋਕਾਈ ਤੋਂ ਅਪਣੀ ਵਾਹ! ਵਾਹ ਕਰਵਾਉਣ ਦੀ ਅਤੇ ਉਨ੍ਹਾਂ ਨੂੰ ਲੁੱਟਣ ਦੀ ਹੈ। ਤਾਂਤੇ ਅਜੇਹਾ ਮਨੁੱਖ ਅਸਲ `ਚ ਧਰਮ ਦਾ ਆਗੂ ਕਹਿਣਾ ਤਾਂ ਦੂਰ, ਉਹ ਤਾਂ ਅਕਾਲਪੁਰਖੁ ਦੀ ਦਰਗਾਹ ਦਾ ਗੁਨਹਗਾਰ `ਤੇ ਪਾਪੀ ਇਨਸਾਨ ਹੈ। ਚੇਤੇ ਰਹੇ! ਗੁਰਮਤਿ ਅਨੁਸਾਰ ਪਾਪੀ ਉਹ ਹੈ ਜੋ ਕਰਤਾਰ ਨੂੰ ਭੁਲਾਕੇ ਉਸਦੀਆਂ ਦਾਤਾਂ ਨੂੰ ਵਰਤਦਾ ਹੈ॥
ਪਾਤਸ਼ਾਹ ਫੈਸਲਾ ਦੇਂਦੇ ਹਨ, ਤਾਂਤੇ ਇਉਂ ਸਮਝਣਾ ਚਾਹੀਦਾ ਹੈ ਕਿ ਇਹ ਥੁੱਕਾਂ ਭੋਜਨ ਚਬਾਉਣ ਲਈ ਭੋਜਨ `ਚ ਨਹੀਂ ਪਈਆਂ, ਇਹ ਤਾਂ ਭੋਜਨ ਚਬਾਉਣ ਦਾ ਕੁਦਰਤੀ ਨੀਯਮ ਹੀ ਹੈ ਬਲਕਿ ਥੁੱਕਾਂ ਤਾਂ ਅਸਲ `ਚ ਪ੍ਰਭੂ ਦਰ ਤੋਂ ਦੁਰਕਾਰੇ ਅਜਿਹੇ ਪਾਪੀ ਦੇ ਮੂੰਹ ਤੇ ਪੈ ਰਹੀਆਂ ਹੁੰਦੀਆਂ ਹਨ। ੧।
ਸੁਆਲ ਪੈਦਾ ਹੁੰਦਾ ਹੈ ਕਿ ਇਨੀ ਸਾਫ਼ ਵਿਚਾਰਧਾਰਾ ਨੂੰ ਵੀ ਜੇਕਰ ਅਸੀਂ ਨਾ ਸਮਝੀਏ ਅਤੇ ਅਪਣੀਆਂ ਉਨ੍ਹਾ ਹੀ ਹੂੜਮਤਾਂ-ਮਨਮਤਾਂ `ਚ ਬ੍ਰਾਹਮਣੀ ਲੀਹਾਂ ਤੇ ਮਨੁੱਖ ਮਨੁੱਖ ਵਿਚਕਾਰ ਵਿਤਕਰੇ, ਪਾੜੇ ਅਤੇ ਸੁੱਚ-ਭਿੱਟ ਪਾਉਣ ਦਾ ਕਾਰਣ ਬਣੇ ਰਹੀਏ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਗੁਰੂ ਸਾਹਿਬ ਦੀਆਂ ਨਜ਼ਰਾਂ `ਚ ਅਸੀਂ ਕਿਥੇ ਖੜੇ ਹਾਂ। ਅਖਿਰ ਜੇ ਅਸੀ ਵੀ ਉਸੇ ਹੀ ਜੂਠ- ਸੁੱਚ-ਭਿੱਟ-ਪ੍ਰਛਾਵਿਆਂ ਤੇ ਜੂਠਾ ਹੱਥ ਲਗਣ ਦੇ ਬ੍ਰਾਹਮਣੀ ਚੱਕਰਾਂ `ਚ ਹੀ ਫਸੇ ਰਹਿਣਾ ਹੈ ਤਾਂ ਯਕੀਨਣ ਅਸੀਂ ਗੁਰਬਾਣੀ ਤੋਂ ਕੁੱਝ ਵੀ ਨਹੀਂ ਲੈ ਰਹੇ। ਲੋੜ ਹੈ ਕਿ ਅਸੀਂ ਜੂਠ-ਸੁੱਚ-ਭਿੱਟ-ਪ੍ਰਛਾਵਿਆਂ ਆਦਿ ਵਾਲੇ ਬ੍ਰਾਹਮਣੀ ਜਾਲ ਨੂੰ ਪੂਰੀ ਤਰ੍ਹਾਂ ਤਿਆਗ ਕੇ “ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ” (ਪੰ: ੬੧੧) ਵਾਲੇ ਗੁਰੂ ਸਾਹਿਬ ਦੇ ਮਾਰਗ ਤੇ ਚਲੀਏ ਅਤੇ ਅਪਣੇ ਜੀਵਨ ਨੂੰ ਸਫ਼ਲਾ ਕਰੀਏ। ਜੇਕਰ ਗੁਰੂ ਕੇ ਸਿੱਖ ਅਖਵਾ ਕੇ ਵੀ ਅਸਾਂ ਗੁਰੂ ਦੇ ਮਾਰਗ ਤੇ ਨਹੀਂ ਚਲਣਾ ਤਾਂ ਸਾਡੇ ਵਾਸਤੇ ਵੀ ਗੁਰਦੇਵ ਦਾ ਫ਼ੈਸਲਾ ਇਹੀ ਹੈ ਜੋ ਹੋਰਨਾਂ ਲਈ ਫ਼ੁਰਮਾਨ ਹੈ “ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥ ਪੂਜਾ ਕਰਹਿ ਬਹੁਤੁ ਬਿਸਥਾਰਾ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ॥ ਅੰਤਰ ਕੀ ਮਲੁ ਕਬ ਹੀ ਨ ਜਾਏ॥ ੧ ॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ” (ਪੰ: ੧੩੪੮) ਭਾਵ ਬਾਹਰੋਂ ਜੇ ਕਰ ਧਰਮੀ ਹੋਣ ਦੇ ਸਾਰੇ ਨਾਟਕ ਕਰਦੇ ਫ਼ਿਰੀਏ ਪਰ ਜੇਕਰ ਸਾਡੇ ਜੀਵਨ ਅੰਦਰ ਵੀ ਉਹੀ ਸੁੱਚ-ਜੂਠ-ਭਿੱਟ-ਵਿੱਤਕਰੇ-ਪ੍ਰਛਾਵੇਂ-ਪਾੜੇ ਅਤੇ ਬ੍ਰਾਹਮਣ ਵਾਦ ਹੀ ਕੁਟ-ਕੁਟ ਕੇ ਭਰਿਆ ਪਿਆ ਹੋਵੇ ਤਾਂ ਗੁਰੂ ਸਾਹਿਬ ਦੇ ਦਰਬਾਰ `ਚ ਅਸੀਂ ਕਦੇ ਪ੍ਰਵਾਨ ਨਹੀਂ ਹੋ ਸਕਾਂਗੇ ਬਲਕਿ ਸਾਡੀ ਹਾਲਤ ਵੀ ਉਹੀ ਹੋਵੇਗੀ ਜਿਸਦੇ ਲਈ ਗੁਰਦੇਵ ਫ਼ੁਰਮਾਅ ਰਹੇ ਹਨ “ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਪੰ: ੪੭੩)।
“ਕਹੁ ਪੰਡਿਤ ਸੂਚਾ ਕਵਨੁ ਠਾਉ” ? - ਹੁਣ ਤੀਕ ਦੀ ਵਿਚਾਰ ਤੋਂ ਬਾਦ ਇਹ ਗਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਗੁਰਮਤਿ ਕਿਸੇ ਵੀ ਬ੍ਰਹਮਣੀ ਜੂਠ-ਸੁੱਚ-ਭਿੱਟ-ਪ੍ਰਛਾਂਵੇਂ ਜਾਂ ਵਰਣ ਵੰਡ `ਚ ਵਿਸ਼ਵਾਸ ਨਹੀਂ ਰਖਦੀ। ਦੇਖਣ ਦੀ ਗਲ ਹੈ ਕਿ ਬ੍ਰਾਹਮਣ, ਜਿਸ ਜੂਠ-ਸੁੱਚ-ਭਿੱਟ-ਪ੍ਰਛਾਂਵੇਂ ਜਾਂ ਬ੍ਰਾਹਮਣ-ਸ਼ੂਦਰ ਦੇ ਚੱਕਰ `ਚ ਆਪ ਫ਼ਸਿਆ ਹੈ ਅਤੇ ਦੂਜਿਆਂ ਨੂੰ ਵੀ ਫਸਾਉਂਦਾ ਹੈ, “ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ” ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਤਾਂ ਉਸਦੀ ਸਾਰੀ ਜੂਠ-ਸੁੱਚ-ਭਿੱਟ ਦਾ ਪਾਜ ਉਸਦੀ ਰਸੋਈ ਤੇ ਚੌਂਕੇ ਤੀਕ ਪੁਜ ਕੇ ਉਘੇੜ ਰਹੇ ਹਨ। ਹੁਣ ਬਾਣੀ ਵਿਚੋਂ ਹੀ ਇਸੇ ਵਿਸ਼ੇ ਤੇ ਹੋਰ ਦਰਸ਼ਨ ਕਰਦੇ ਹਾਂ ਕਬੀਰ ਸਾਹਿਬ ਦੇ। ਕਬੀਰ ਸਾਹਿਬ ਫ਼ੁਰਮਾਂਦੇ ਹਨ:
“ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ॥ ੧ ॥ ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ ਬੈਸਿ ਹਉ ਭੋਜਨੁ ਖਾਉ॥ ੧ ॥ ਰਹਾਉ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ॥ ੨ ॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ॥ ੩ ॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ॥ ੪ ॥ (ਪੰ: ੧੧੯੫)
ਹੁਣ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਸਲੋਕ “ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ” ਨਾਲ ਮਿਲਾ ਕੇ ਦੇਖੋ। ਬੇਸ਼ਕ ਬਿਆਨ ਦਾ ਢੰਗ ਵੱਖ ਵੱਖ ਹੈ ਪਰ ਗਲ ਉਹੀ ਹੈ। ਕਬੀਰ ਸਾਹਿਬ ਫ਼ੁਰਮਾਂਦੇ ਹਨ ਕਿ ਪੰਡਿਤ ਜਿਸਨੂੰ ਜੂਠ-ਸੁੱਚ-ਭਿੱਟ ਕਹਿੰਦਾ ਹੈ ਇਹ ਤਾਂ ਕੇਵਲ ਉਸਦੀ ਅਗਿਆਨਤਾ ਦੀ ਹੀ ਹੱਦ ਹੈ ਅਤੇ ਇਸ ਜੂਠ ਦਾ ਤਾ ਕੋਈ ਅੰਤ ਹੈ ਹੀ ਨਹੀਂ। ਜਿਨਾਂ ਗਹਿਰਾਈ `ਚ ਜਾਵੋਗੇ ਤਾਂ ਫ਼ਿਰ ਜੂਠ ਹੀ ਜੂਠ ਹੀ ਮਿਲੇਗੀ, ਜਿਸਨੂੰ ਸੁੱਚ-ਭਿੱਟ ਦਾ ਲੇਬਲ ਲਾਇਆ ਜਾ ਰਿਹਾ ਉਹ ਤਾਂ ਕਿਧਰੇ ਨਜ਼ਰ ਹੀ ਨਹੀਂ ਆਵੇਗੀ। ਜਿਵੇਂ “ਪਹਿਲਾ ਸੁਚਾ ਆਪਿ ਹੋਇ. .” ਵਾਲੇ ਸਲੋਕ ਰਾਹੀਂ ਗੁਰਦੇਵ ਉਸਦੀ ਇਸੇ ਅਗਿਆਨਤਾ ਨੂੰ ਸਾਹਮਣੇ ਲਿਆ ਰਹੇ ਹਨ। ਪੁਛਦੇ ਹਨ ਐ ਪੰਡਿਤ! ਇਤਨੀਆਂ ਸੁੱਚਾ ਦੇ ਆਡੰਬਰ ਕਰਕੇ ਆਖਿਰ ਤੂੰ ਭੋਜਣ ਨੂੰ ਪਾਇਆ ਤਾਂ ਉਸੇ ਹੀ ਪੇਟ `ਚ ਜਿਥੇ ਹਰ ਸਮੇਂ ਮਲ-ਮੂਤ ਵਿਸ਼ਟਾ ਹੀ ਰਹਿੰਦੀ ਹੈ ਅਤੇ ਚਬਾਇਆ ਵੀ ਥੁੱਕਾਂ ਦੀ ਮਦਦ ਨਾਲ ਹੀ। ਫ਼ਿਰ ਕਿਥੇ ਗਈ ਉਹ ਤੇਰੀ ਸਾਰੀ ਦੀ ਸਾਰੀ ਸੁੱਚ-ਭਿੱਟ। ਦਰਅਸਲ ਭੋਜਣ ਦਾ ਛੱਕਣ ਦਾ ਤਾਂ ਨੀਯਮ ਹੀ ਇਹੀ ਹੈ ਜੋ ਕਰਤਾਰ ਤੇ ਘੜਿਆ ਅਤੇ ਜਿਸ ਉਪਰ ਸਾਡਾ ਸਰੀਰ ਚਲ ਰਿਹਾ ਹੈ।
ਮਨੁੱਖਾ ਜੀਵਨ ਦੀ ਅਸਲ ਲੋੜ ਤਾਂ ਜੀਵਨ ਅੰਦਰੋਂ ਅਗਿਆਨਤਾ ਅਤੇ ਅਉਗਣਾ ਦੀ ਕਾਲਖ ਨੂੰ ਧੋ ਕੇ ਕੱਢਣ ਦੀ ਹੈ ਅਤੇ ਇਸ ਸਾਰੇ ਸੁੱਚਮਾਂ ਦੇ ਆਡੰਬਰਾਂ `ਚ ਉਸ ਪਾਸੇ ਤਾਂ ਰਤੀ ਭਰ ਵੀ ਕੋਈ ਉਦਮ ਹੈ ਹੀ ਨਹੀਂ। ਹੁਣ ਇਸ ਸ਼ਬਦ `ਚ ਕਬੀਰ ਫ਼ੁਰਮਾਂਦੇ ਹਨ ਉਥੇ ਤਾਂ “ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ” ਵਾਲੀ ਗਲ ਬਣੀ ਪਈ ਹੈ ਅਤੇ ਅਸਲ ਵਿੱਚ ਜੀਵਨ ਵਿਚੋਂ ਤਾ ਇਹਨਾਂ ਜੂਠ ਕੱਢਣ ਦੀ ਲੋੜ ਹੈ। ਇਸਤਰ੍ਹਾਂ ਜੀਵਨ ਦੇ ਅੰਦਰੋਂ ਅਉਗਣਾ ਵਾਲੀ ਜੂਠ ਅਤੇ ਬਾਹਰ ਦੇ ਇਨ੍ਹਾਂ ਦਿਖਾਵੇ ਵਾਲੀ ਜੂਠ ਦੇ ਢਕਵੰਜਾਂ ਨੂੰ ਜੀਵਨ ਵਿਚੋਂ ਕੱਢਣ ਦਾ ਇਕੋ ਹੀ ਤਰੀਕਾ ਹੈ ਅਤੇ ਉਹ ਹੈ “ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ” ਭਾਵ ਜਦੋਂ ਤੀਕ ਪ੍ਰਭੁ ਦੀ ਸਿਫ਼ਤ-ਸਲਾਹ ਜੀਵਨ `ਚ ਨਹੀਂ ਵਸਦੀ ਇਹ ਅਗਿਆਨਤਾ ਵਾਲੀ ‘ਜੂਠ-ਸੁੱਚ-ਭਿੱਟ-ਪ੍ਰਛਾਵਿਆਂ’ ਤੋਂ ਖਹਿੜਾ ਵੀ ਨਹੀਂ ਛੁਡਵਾਇਆ ਜਾ ਸਕਦਾ।
ਸੁੱਚਮਾ ਅਤੇ ਅਜੋਕਾ ਸਿੱਖ ਜਗਤ- ਸਮਝਣ ਦੀ ਗਲ ਹੈ ਕਿ ਗੁਰੂਦਰ ਤੇ ਜੂਠ-ਸੁੱਚ-ਭਿੱਟ-ਪ੍ਰਛਾਵੇ, ਚੌਂਕੇ ਕਾਰਾਂ ਆਦਿ ਨੂੰ ਕੋਈ ਥਾਂ ਨਹੀਂ। ਇਥੇ ਤਾਂ ਸਰੀਰ ਦਾ ਸਨਾਨ, ਸਰੀਰ ਦੇ ਨਿਖਾਰ ਤੇ ਅਰੋਗਤਾ ਦੀ ਹੱਦ ਤੀਕ ਹੀ ਹੈ ਕਿਸੇ ਵਹਿਮ-ਭਰਮ ਦੀ ਸੀਮਾਂ ਤੀਕ ਨਹੀਂ। ਪਹਿਰ ਰਾਤ ਰਹਿੰਦੇ ਇਸ਼ਨਾਨ ਵਾਲੀ ਗਲ ਵੀ ਅਰੋਗਤਾ ਅਤੇ ਮਨ ਟਿਕਾਅ ਪਖੋਂ ਹੈ, ਕਿਸੇ ਬ੍ਰਾਹਮਣੀ ਵਿਸ਼ਵਾਸਾਂ ਕਰਕੇ ਨਹੀਂ। ਇਥੇ ਇਹ ਵੀ ਨਹੀਂ, ਕੋਈ ਬਿਮਾਰ ਜਾਂ ਬਿੱਸਤਰੇ ਤੇ ਪਿਆ ਹੈ, ਫ਼ਿਰ ਵੀ ਨਿੱਤਨੇਮ ਜਾਂ ਬਾਣੀ ਅਭਿਆਸ ਲਈ ਉਸਨੇ ਇਸ਼ਨਾਨ ਜ਼ਰੂਰ ਹੀ ਕਰਨਾ ਹੈ। ਇਸੇਤਰ੍ਹਾ ਸੁਅੱਛ, ਧੋਤੇ, ਸਾਫ਼ ਸੁਥਰੇ ਕਪੜੇ ਪਾਉਣੇ, ਸੁਅੱਛਤਾ ਅਤੇ ਖੁਲੀ ਹਵਾ ਵਾਲਾ ਵਾਤਾਵਰਣ, ਇਹ ਸਭ ਚੰਗੀ ਸੇਹਤ, ਅਰੋਗਤਾ ਤੇ ਸਰੀਰ ਦੇ ਨਿਖਾਰ ਲਈ ਹੀ ਹਨ। ਗੁਰੂ ਦਰ ਤੇ ਇਹ ਕੇਵਲ ਉਸ ਸੀਮਾਂ ਤੀਕ ਹਨ ਕਿ ਸਰੀਰ `ਚ ਨਿਖਾਰ ਰਵੇ, ਬਿਮਾਰੀਆਂ ਦੇ ਹਮਲੇ ਨਾ ਹੋਣ, ਇਨਸਾਨ ਸੁਅਸਥ ਤੇ ਚੁਸਤ ਰਵੇ ਅਤੇ ਬਾਣੀ ਅਭਿਆਸ ਜਾਂ ਵਿਚਾਰ-ਸੋਝੀ ਦੌਰਾਨ ਉਸਦਾ ਪੂਰਾ ਲਾਹਾ ਤੇ ਰਸ ਲੈ ਸਕੇ। ਇਹ ਸਰੀਰ ਦੀ ਉਹ ਮੁੱਢਲੀ ਲੋੜ ਹੈ, ਜਿਥੇ ਕਿ ਗੁਰਬਾਣੀ ਰਚਨਾ ਦੇ ਸੈਂਕੜੇ ਵਰ੍ਹਿਆਂ ਬਾਦ, ਅਜ ਮੈਡੀਕਲ ਸਾਇਂਸ ਪੁਜੀ ਹੈ। ਇਸੇ ਦਾ ਨਤੀਜਾ ਹਨ ਅਜ ਕਿਟਾਣੂ-ਨਾਸ਼ਕ ਸਾਬੁਨ-ਲੋਸ਼ਨ ਆਦਿ ਪਰ ਇਹ ਸੇਧ ਹੈ ਗੁਰੂ ਦਰ ਦੀ।
ਇਸਤਰ੍ਹਾਂ ਇਸ ਵਿਸ਼ੇ ਤੇ ਗੁਰਮਤਿ ਦਾ ਕੀ ਨਿਰਣਾ ਕੀ ਹੈ ਸਾਨੂੰ ਬੜੀ ਦਿਆਨਤਦਾਰੀ ਨਾਲ ਸਮਝਣ ਦੀ ਲੋੜ ਹੈ। ਕਿਉਂਕਿ ਇਥੇ ਤਾਂ ਸੁਆਲ ਹੀ ਮਨ ਤੇ ਚੜ੍ਹੀ ਹੋਈ ਅਉਗਣਾਂ-ਵਿਕਾਰਾਂ ਵਾਲੀ ਮੈਲ ਦਾ ਹੈ ਅਤੇ ਇਸਲਈ ਗੁਰਬਾਣੀ ਫ਼ੁਰਮਾਨ ਵੀ ਸਾਫ਼ ਤੇ ਸਪਸ਼ਟ ਹਨ। ਹੋਰ ਲਵੋ “ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ” (ਪੰ: ੬੮੬) ਜਾਂ “ਅੰਤਰਿ ਜੂਠਾ ਕਿਉ ਸੁਚਿ ਹੋਇ॥ ਸਬਦੀ ਧੋਵੈ ਵਿਰਲਾ ਕੋਇ” (ਪੰ: ੧੩੪੪)। ਗੁਰਬਾਣੀ ਦਾ ਨਿਰਣਾ ਹੈ, ਬਾਹਰ ਦੇ ਲੱਖਾਂ ਇਸ਼ਨਾਨ ਅਤੇ ਸੁੱਚਮਾ ਮਨੁੱਖ ਦੇ ਮਨ ਨੂੰ ਪਵਿੱਤ੍ਰ ਨਹੀਂ ਕਰ ਸਕਦੀਆਂ।
ਇਸਦੇ ਉਲਟ, ਅਜ ਪੰਥ ਨੂੰ ਵੀ ਇਹ ਸੁੱਚਮਾ ਵਾਲਾ ਰਾਖਸ਼ ਪੂਰੀ ਤਰ੍ਹਾਂ ਚਿੰਬੜਿਆ ਪਿਆ ਹੈ ਜਿਸ ਦਾ ਮੁਖ ਕਾਰਣ ਜੋਗ ਪ੍ਰਚਾਰ ਦੀ ਘਾਟ ਤੇ ਵਿਰੋਧੀ ਪ੍ਰਚਾਰ ਦਾ ਵੱਧ ਹੋਣਾ ਹੈ। ਇਸਦਾ ਇੱਕ ਕਾਰਣ ਇਹ ਵੀ ਹੈ ਗੁਰਬਾਣੀ ਨੇ ਸਰੀਰ ਅਤੇ ਵਾਤਾਵਰਣ ਦੀ ਜਿਸ ਸੁੱਅਛਤਾ-ਸਫ਼ਾਈ ਲਈ ਜ਼ੋਰ ਦਿਤਾ ਹੈ, ਸ਼ਾਇਦ ਅਸੀਂ ਉਸਨੂੰ ਗੁਰਬਾਣੀ ਦੇ ਠੀਕ ਅਰਥਾਂ `ਚ ਸਮਝ ਹੀ ਨਹੀਂ ਪਾਏ `ਤੇ ਆਪਹੁਦਰੇ ਅਰਥ ਲਈ ਬੈਠੇ ਹਾਂ। ਅਜ ਸਾਡੇ ਹੀ ਕੁੱਝ ਡੇਰੇ ਜਿਥੇ ਅਜੇਹੀਆਂ ਬਾਤਾਂ ਆਮ ਹਨ ਜਿਵੇਂ ‘ਨਲ ਦਾ ਪਾਣੀ ਨਹੀਂ ਪੀਣਾ, ਇਸ `ਚ ਚਮੜੇ ਦਾ ਵਾਸ਼ਲ ਹੁੰਦਾ ਹੈ’ ਜਦਕਿ ਅਜਕਲ ਵਾਸ਼ਰ ਵੀ ਪਲਾਸਟਿਕ ਦੇ ਹੁੰਦੇ ਹਨ। ‘ਅਮੁਕੇ ਬਰਤਨਾਂ `ਚ ਭੋਜਨ ਜਾਂ ਜਲ ਨਹੀ ਛੱਕਣਾ’, ‘ਫਲਾਣੇ ਦਾ ਭੋਜਨ ਪ੍ਰਵਾਨ ਨਹੀਂ’ ‘ਫਲਾਣੇ ਰਾਹੀ ਤਿਆਰ ਕੜਾਹ ਪ੍ਰਸ਼ਦਿ ਦੀ ਅਰਦਾਸ ਨਹੀਂ ਹੋ ਸਕਦੀ’, ‘ਕੇਸੀ ਇਸ਼ਨਾਨ ਕਰਕੇ ਤਾਬਿਆ ਜਾਂ ਪਾਠ ਤੇ ਬੈਠਣਾ ਹੈ, ਉਂਝ ਨਹੀਂ’, ‘ਖਾਸ ਦਿਨਾਂ `ਚ ਇਸਤ੍ਰੀ ਪਾਠ `ਚ ਹਿੱਸਾ ਨਹੀਂ ਲੈ ਸਕਦੀ’ ਆਦਿ ਅਤੇ ਹੋਰ ਬਹੁਤ ਕੁਝ। ਅਜਿਹਾ ਪੁੱਠਾ ਪ੍ਰਚਾਰ ਸਿਖਾਂ ਦੇ ਹੀ ਅਖਵਾਉਂਦੇ ਕਈ ਸੰਤਾਂ, ਸਾਧਾਂ, ਡੇਰਿਆਂ, ਸੰਸਥਾਵਾਂ ਤੋਂ ਹੋ ਰਿਹਾ ਹੈ ਅਤੇ ਜਦਕਿ ਇਹ ਸਭ ਗੁਰਬਾਣੀ ਸਿਧਾਂਤਾਂ ਦੇ ਵਿਰੁਧ ਹੈ। ਕੌਮ ਨੂੰ ਗੁਰਬਾਣੀ ਗਿਆਨ ਦੀ ਰੌਸ਼ਨੀ `ਚ ਗੁਰਮਤਿ ਵਿਰੁਧ, ਅਜਿਹੇ ਸੁੱਚਮਾ ਵਾਲੇ ਪ੍ਰਚਾਰ ਦਾ ਭਰਵਾਂ ਵਿਰੋਧ ਕਰਨਾ ਚਾਹੀਦਾ ਹੈ। ਯਕੀਨਣ, ਗੁਰੂਦਰ ਤੇ ਇਸ ਸਾਰੀ ਨਿਯਮਾਵਲੀ ਨੂੰ, ਧਰਮ ਦੇ ਮਾਰਗ ਤੇ ਫੋਕਟ ਵਿਸ਼ਵਾਸ ਹੀ ਦਸਿਆ ਹੈ, ਇਲਾਹੀ ਅਤੇ ਸੱਚੇ ਜੀਵਨ ਨਾਲ ਇਸਦਾ ਕੁੱਝ ਵੀ ਲੈਣਾ-ਦੇਣਾ ਨਹੀਂ। ਬਲਕਿ ਮਨੁੱਖ ਨੂੰ ਉਸਦੇ ਸੱਚੇ ਜੀਵਨ ਮਾਰਗ ਤੋਂ ਹਟਾ ਕੇ ਮਨ ਨੂੰ ਵਿਅਰਥ ਵਿੱਤਕਰਿਆਂ-ਵੰਡੀਆਂ ਵਾਲੀਆਂ ਸੋਚਣੀਆਂ `ਚ ਉਲਝਾਉਣ ਲਈ ਬੇ-ਸਿਰਪੈਰ ਦੀ ਖੇਡ ਹੈ।
#119s06.1s06#
Including this Self Learning Gurmat Lesson No 119
ਸੁੱਚ ਭਿੱਟ ਅਤੇ ਗੁਰਮਤਿ
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com
 
.