.

ਸਰਦਾਰ ਪੁਰੇਵਾਲ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥

ਸਤਿਕਾਰ ਯੋਗ ਸਰਦਾਰ ਸਾਹਿਬ ਜੀਉ ਆਪ ਜੀ ਸੇਵਾ ਬਹੁਤ ਮਹਾਨ ਹੈ, ਉਸ ਵੇਲੇ ਕਿ ਜਦੋਂ ਅੱਜ ਖਾਲਸਾ ਪੰਥ ਦੇ ਸਨਮੁਖ ਬਹੁਤ ਸਾਰੀਆਂ ਚਣੋਤੀਆਂ ਹਨ ਸਿੱਖੀ ਨਾਲ ਮਨੋਂ ਦਰਦ ਰੱਖਣ ਵਾਲੇ ਕੇਵਲ ਉਂਗਲ਼ਾਂ ਤੇ ਗਿਣਨ ਜੋਗੇ ਹਨ। ਸਿੱਖ ਮਾਰਗ ਦੀ ਸਾਈਟ ਸ਼ੁਰੂ ਕਰਕੇ ਆਪ ਜੀ ਨੇ ਬਹੁਤ ਪਿਆਰਾ ਉੱਦਮ ਕੀਤਾ ਹੈ। ਆਮ ਲੋਕਾਂ ਨੂੰ ਤੇ ਸਿੱਖੀ ਦੇ ਮੁੱਢਲੇ ਸਿਧਾਂਤਾਂ ਬਾਰੇ ਦੀ ਵੀ ਜਾਣਕਾਰੀ ਨਹੀਂ ਹੈ। ਤੁਹਾਡੇ ਇਸ ਉਪਰਾਲੇ ਸਦਕਾ ਕਹਿ ਸਕਦੇ ਹਾਂ ਕਿ ਸਿੱਖੀ ਦੀ ਸਹੀ ਵਿਚਾਰ ਤੇ ਦਰਦ ਵਾਲੇ ਇਨਸਾਨ ਵੀ ਹਨ। ਮੇਰੀ ਇਹ ਦਿਲੀ ਅਰਦਾਸ ਹੈ ਕਿ ਵਹਿਗੁਰੂ ਜੀ ਆਪ ਜੀ ਨੂੰ ਹੋਰ ਬਲ ਤੇ ਉਦੱਮ ਬਖਸ਼ਿਸ਼ ਕਰਨ ਤਾਂ ਜੋ ਏਸੇ ਤਰ੍ਹਾਂ ਹੀ ਬਿੱਪਰ ਚਾਲਾਂ ਦਾ ਮੁਕਾਬਲਾ ਕਰਦਿਆਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ। ਕਦੇ ਡੁਬਈ ਆਉ ਤੇ ਜ਼ਰੂਰ ਮਿਲ ਕੇ ਜਾਣਾ ਅਸੀਂ ਧੰਨਭਾਗ ਸਮਝਾਂਗੇ। ਬੇਨਤੀ ਹੈ ਕਿ ਜੇ ਯੋਗ ਸਮਝੋ ਤਾਂ ਇਸ ਲੇਖ ਨੂੰ ਸਿੱਖ ਮਾਰਗ ਵਿੱਚ ਥਾਂ ਦੇਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦੀ ਹੋਵਾਂਗਾ ਜੀ।
ਪੰਥ ਦਾ ਦਰਦ ਰੱਖਣ ਵਾਲਾ,
ਸਤਿਨਾਮ ਸਿੰਘ ‘ਪੰਨਵਾਂ’ ਡਬਈ ਤੋਂ
ਟੈਲੀ ਫੂਨ ਨੰਬਰ 0097150-2235-991

ਸਿਖੀਏ ਤੇਰਾ ਕੌਣ ਵਿਚਾਰਾ

ਗੁਰੂ ਨਾਨਾਕ ਸਾਹਿਬ ਜੀ ਨੇ ਸਿੱਖੀ ਦਾ ਬੂਟਾ ਲਗਾਇਆ ਸੀ, ਬਾਕੀ ਗੁਰੂ ਸਾਹਿਬਾਨ ਜੀ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਇਸ ਬੂਟੇ ਨੂੰ ਪਰਫੁੱਲਤ ਕੀਤਾ। ਸਮੁੱਚੀ ਮਨੁੱਖਤਾ ਦੇ ਜੀਵਨ ਜਾਚ ਲਈ ਮਹਾਨ ਖਜ਼ਾਨਾ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਂਝੀਵਾਲਤਾ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਬਦ ਕਿਸਮਤੀ ਸਿੱਖ ਕੌਮ ਦੀ ਕਿ ਇਸ ਮਹਾਨ ਖਜ਼ਾਨੇ ਨੂੰ ਖੋਹਲ ਕੇ ਵੇਖਿਆ ਹੀ ਨਹੀਂ ਹੈ, ਬਸ ਧੁਪਾਂ ਧੁਖਾ, ਜੋਤਾਂ ਜਗਾ, ਰੁਮਾਲਿਆਂ ਵਿੱਚ ਲਪੇਟ ਢੱਕ ਕੇ ਪਰਕਰਮਾਂ ਹੀ ਕਰ ਛੱਡੀਆਂ ਤੇ ਮੱਥਾ ਹੀ ਟੇਕ ਛੱਡਿਆ ਹੈ। ਪਰ ਅਫਸੋਸ ਕਿ ਅਸਾਂ ਇਸ ਮਹਾਨ ਖਜ਼ਾਨੇ ਨੂੰ ਖੋਹਲ ਕੇ ਨਾ ਤਾਂ ਕਦੇ ਚੱਜ ਨਾਲ ਆਪ ਪੜ੍ਹਿਆ ਤੇ ਨਾ ਹੀ ਕਦੇ ਵਿਚਾਰਨ ਦਾ ਯਤਨ ਕੀਤਾ ਹੈ।

ਸਿੱਖ ਕੌਮ ਦਾ ਇਤਿਹਾਸ ਵੀ ਬੜਾ ਕਮਾਲ ਦਾ ਹੈ ਕਿਉਂਕਿ ਇਸ ਕੌਮ ਦਾ ਪੂਰਾ ਸੌ ਸਾਲ ਘੋੜਿਆਂ ਦੀਆਂ ਕਾਠੀਆਂ, ਜੰਗਲਾਂ ਬੇਲਿਆਂ ਤੇ ਜੰਗਾਂ ਯੁੱਧਾਂ ਵਿੱਚ ਗੁਜ਼ਰਿਆ ਹੈ। ਇਸ ਸਮੇਂ ਦੌਰਾਨ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ, ਉਦਾਸੀਆਂ, ਨਿਰਮਲਿਆਂ, ਪਿਤਾ ਪੁਰਖੀ ਪੁਜਾਰੀਆਂ ਤੇ ਆਪੇ ਬਣੇ ਸਾਧਾਂ ਦੇ ਹੱਥ ਵਿੱਚ ਚਲਾ ਗਿਆ। ਇਹਨਾਂ ਲੋਕਾਂ ਨੇ ਆਪਣੀ ਮਨ ਮਰਜ਼ੀ ਨਾਲ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਖੂਬ ਵਿਗਾੜਿਆ ਤੇ ਮੱਸਿਆ ਸੰਗਰਾਂਦਾਂ ਪੂਰਨਮਾਸ਼ੀਆਂ ਦੇ ਰੂਪ ਵਿੱਚ ਤਬਦੀਲ ਕੀਤਾ ਸਿਰਫ ਆਪਣੇ ਪੇਟ ਦੀ ਖਾਤਰ। ਸਿੱਖ ਕੌਮ ਦੇ ਮਹਾਨ ਬੀਰ ਸੰਤ ਸਿਪਾਹੀਆਂ ਨੇ ਬੜੀਆਂ ਲੜਾਈਆਂ ਲੜੀਆਂ ਤੇ ਅਖੀਰ ਮਹਾਂਰਾਜਾ ਰਣਜੀਤ ਸਿੰਘ ਨੇ ਸਿੱਖ ਕੌਮ ਦਾ ਰਾਜ ਭਾਗ ਕਾਇਮ ਕੀਤਾ। ਲੇਕਨ ਉਸ ਨੇ ਵੀ ਗੁਰਬਾਣੀ ਵਿਚਾਰ ਵਲ ਕੋਈ ਧਿਆਨ ਨਹੀਂ ਦਿੱਤਾ। ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਦੇ ਉਪਰੰਤ ਸਮੇਂ ਦੇ ਡੋਗਰਿਆਂ, ਪੰਡਤਾਂ ਨੇ ਆਪਣੀਆਂ ਲੂੰਬੜ ਚਾਲਾਂ ਚਲਾਉਂਦਿਆਂ ਹੋਇਆਂ ਸਿੱਖ ਲੀਡਰਾਂ ਵਿੱਚ ਆਪਸੀ ਦੁਸ਼ਮਣੀ ਤੇ ਬੇ ਇਤਫਾਕੀ ਪੈਦਾ ਕਰ ਦਿੱਤੀ। ਇਸ ਬੇ-ਇਤਫਾਕੀ ਦੇ ਕਾਰਨ ਹੀ ਸਿੱਖ ਰਾਜ ਇੰਜ ਉਡਿੱਆ ਜਿਵੇਂ ਬਰਾਤਾਂ ਵਿੱਚ ਬਰਾਤੀ ਆਤਸ਼ਬਾਜ਼ੀ ਉਡਾਉਂਦੇ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਪੁੱਤ ਪੋਤਰੇ ਤੇ ਸਿਰ ਲੱਥ ਜਰਨੈਲ ਹੱਥ ਤੇ ਹੱਥ ਰੱਖ ਕੇ ਦੇਖਦੇ ਹੀ ਦੇਖਦੇ ਰਹਿ ਗਏ ਕਿ ਸਿੱਖ ਰਾਜ ਕਿਵੇਂ ਉੱਡਦਾ ਹੈ। ਕੁੱਝ ਸਾਲਾਂ ਦੇ ਵਿੱਚ ਹੀ ਸਿੱਖਾਂ ਦੀਆਂ ਇਹਨਾ ਮਹਾਨ ਕੁਰਬਾਨੀਆਂ ਦਾ ਬਣਿਆ ਹੋਇਆ ਖਾਲਸਾ ਰਾਜ ਦਾ ਮਹਿਲ ਢਹਿ ਢੇਰੀ ਹੋ ਗਿਆ। ਪੰਜਾਬ ਅੰਗਰੇਜ਼ਾਂ ਦਾ ਗ਼ੁਲਾਮ ਹੋ ਗਿਆ, ਸਭਰਾਵਾਂ ਵਾਲੀ ਜੰਗ ਦੇ ਉਪਰੰਤ ਸ਼ਾਹ ਮੁਹਮੰਦ ਨੂੰ ਲਹੂ ਦੇ ਕੀਰਨੇ ਪਾਉਂਦਿਆ ਹੋਇਆਂ ਇਹ ਲਿਖਣਾ ਪਿਆ, “ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ”। ਗਦਾਰ ਤੇ ਵਿਕ ਚੁੱਕੇ ਲੀਡਰਾਂ ਨੇ ਖਾਲਸਾ ਰਾਜ ਹੱਥੀਂ ਪਰੋਸ ਕੇ ਅੰਗਰੇਜ਼ ਨੂੰ ਦਿੱਤਾ। ਉਹਨਾਂ ਗਦਾਰ ਲੀਡਰਾਂ ਦੀ ਅੰਸ਼ ਅੱਜ ਵੀ ਦਿੱਲੀ ਦੇ ਹਾਕਮਾਂ ਕੋਲ਼ ਵਿੱਕੇ ਚੁੱਕੇ ਅਕਾਲੀ ਲੀਡਰਾਂ ਤੇ ਨਾਮ ਧਰੀਕ ਜੱਥੇਦਾਰਾਂ ਵਿਚੋਂ ਦੇਖੀ ਜਾ ਸਕਦੀ ਹੈ। ਵਿਕ ਚੁੱਕੇ ਲੀਡਰਾਂ ਲਈ ਕੌਮ ਪਵੇ ਢੱਠੇ ਖੂਹ ਵਿੱਚ ਇਹਨਾਂ ਨੂੰ ਤਾਂ ਸਿਰਫ ਕੁਰਸੀ ਤੇ ਝੰਡੀ ਵਾਲੀ ਕਾਰ ਚਾਹੀਦੀ ਹੈ। ਜੇ ਇਹ ਨਹੀਂ ਮਿਲੀ ਤਾਂ ਧਰਮ ਦੇ ਨਾਂ ਤੇ ਲਾਓ ਮੋਰਚਾ ਮਰਵਾਓ ਗਰੀਬ ਮਾਂਵਾਂ ਦੇ ਪੁੱਤਰ, ਲੱਖ ਲਾਹਨਤ ਹੈ ਇਹੋ ਜੇਹੀ ਰਾਜਨੀਤੀ ਦੇ –

ਪੰਜਾਬ ਵਿੱਚ ਅੱਜ ਪਤਿਤਪੁਣੇ ਦੀ ਪੂਰੀ ਤਰ੍ਹਾਂ ਲਹਿਰ ਫੈਲ ਚੁੱਕੀ ਹੈ, ਨਸ਼ਿਆਂ ਦਾ ਤੰਦੂਆ ਜਾਲ ਵਿਛਿੱਆ ਹੋਇਆ ਹੈ ਜਿਸ ਵਿੱਚ ਸਭ ਤੋਂ ਵੱਧ ਹਿੱਸਾ ਅਕਾਲੀਆਂ ਦੀ ਸੌੜੀ ਰਾਜਨੀਤੀ ਦਾ ਹੈ। ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣ ਲਈ ਮਜਬੂਰ ਕੀਤਾ ਤੇ ਗੁਰਦੁਆਰਿਆਂ ਵਿਚੋਂ ਮਹੰਤ ਕੱਢਣ ਲਈ ਸਿੱਖ ਕੌਮ ਨੇ ਸਿਰ ਧਰ ਦੀ ਬਾਜ਼ੀ ਲਗਾ ਦਿੱਤੀ ਕਿਉਂਕਿ ਇਹ ਮਹੰਤ ਅੰਗਰੇਜ਼ ਦੇ ਪਿੱਠੂ ਬਣੇ ਹੋਏ ਸਨ। ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰੇ ਅਜ਼ਾਦ ਕਰਾਏ ਤੇ ਸ਼੍ਰਿਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਕਈ ਚੰਗੇ ਕਾਰਜ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਪਰ ਅਸਲੀ ਕੰਮ ਸੀ ਸ਼ਬਦ ਦੀ ਵਿਚਾਰ ਦਾ ਉਸ ਵਲੋਂ ਅਜੇ ਵੀ ਅਵੇਸਲੀ ਹੈ। ਸ਼ਬਦ ਦੀ ਵਿਚਾਰ ਤੋਂ ਜੀਵਨ ਜਾਚ ਸਿੱਖਣੀ ਸੀ, ਗੁਰਬਾਣੀ ਅਨੁਸਾਰ ਜੀਵਨ ਜਾਚ ਸੀ ਤੇ ਇਸ ਅਨੁਸਾਰ ਅਸਾਂ ਜੀਵਨ ਢਾਲਣਾ ਸੀ ਪਰ ਇਹ ਸਾਰਾ ਕੁੱਝ ਹੋਇਆ ਨਹੀਂ ਹੈ ਕਿਉਂ ਕਿ ਅਸੀਂ ਤੇ ਅਖੰਡਪਾਠਾਂ ਵਿੱਚ ਉਲ਼ਝ ਕੇ ਰਹਿ ਗਏ ਹਾਂ। ਸ਼ਰਮੋਣੀ ਕਮੇਟੀ ਮਾੜੀ ਨਹੀਂ ਹੈ ਪਰ ਵਿੱਚ ਪ੍ਰਬੰਧਕ ਮਾੜੇ ਆ ਗਏ ਹਨ।

ਮੈਂ 2 ਜੂਨ 2005 ਨੂੰ ਦਰਬਾਰ ਸਾਹਿਬ ਬੱਚਿਆਂ ਨੂੰ ਨਾਲ ਲੈ ਕੇ ਗਿਆ। ਬੱਚਿਆਂ ਨੂੰ ੳਡੀਕਣ ਕਰਕੇ ਤੇ ਧੁੱਪ ਤੋਂ ਬਚਣ ਲਈ ਮੈਂ ਉਸ ਕਮਰੇ ਵਿੱਚ ਚਲਾ ਗਿਆ ਜਿੱਥੇ ਅਖੰਡਪਾਠ ਬੁੱਕ ਹੁੰਦੇ ਸਨ। ਇੱਕ ਵੀਰ ਮੇਰੇ ਖਲੋਤਿਆਂ ਤਰਲੇ ਲੈ ਰਿਹਾ ਸੀ ਕਿ ਮੇਰਾ ਅਖੰਡਪਾਠ ਬੁੱਕ ਕਰੋ ‘ਹਰਿ ਕੀ ਪਾਉੜੀ ਤੇ’ ਪਰ ਲਿਖਣ ਵਾਲਾ ਆਖੇ ਨਹੀਂ ਜੀ ਏੱਥੇ ਤਾਂ 2018 ਤੀਕ ਬੁਕਿੰਗ ਹੋ ਚੁੱਕੀ ਹੈ ਪਰ ਅਖੰਡਪਾਠ ਕਰਾਉਂਣ ਵਾਲਾ ਵੀਰ ਤਰਲੇ ਲੈ ਰਿਹਾ ਸੀ। ਫਿਰ ਅਖੰਡਪਾਠ ਬੁੱਕ ਕਰਨ ਵਾਲਾ ਵੀਰ ਇੱਕ ਸੁਝਾਅ ਦੇਂਦਾ ਹੈ ਕਿ ਤੁਸੀਂ ਜੀ ਦੁੱਖ ਭਜਨੀ ਬੇਰੀ ਹੇਠਾਂ ਬੁੱਕ ਕਰਵਾ ਲਓ ਤੁਹਾਡੀ ਜਲਦੀ ਵਾਰੀ ਆ ਜਾਏਗੀ। ਮੈਂ ਕੋਲ ਖ਼ਾਮੋਸ਼ ਖਲੋਤਾ ਹੋਇਆ ਸਾਰੀ ਵਾਰਤਾਲਾਪ ਸੁਣ ਰਿਹਾ ਸੀ ਤੇ ਨਾਲ ਹੀ ਮੈਨੂੰ ਰੋਣਾ ਆ ਰਿਹਾ ਸੀ, ਕਿ ਕੀ ਗੁਰਦੁਆਰੇ ਇਸ ਲਈ ਅਜ਼ਾਦ ਕਰਾਏ ਸਨ? ਕੌਮ ਅਖੰਡਪਾਠਾਂ ਦੇ ਫ਼ਲ਼ਾਂ ਤਕ ਹੀ ਸੀਮਤ ਹੋ ਕਿ ਰਹਿ ਜਾਏ। ਸ਼ਰੋਮਣੀ ਕਮੇਟੀ ਮਾੜੀ ਨਹੀਂ ਇਸ ਨੂੰ ਚਲਾਉਣ ਵਾਲੇ ਪ੍ਰਬੰਧਕ ਮਾੜੇ ਆ ਗਏ ਹਨ। ਕੋਈ ਗਿਆਨਵਾਨ ਆਦਮੀ ਹੁੰਦਾ ਤੇ ਉਸ ਨੂੰ ਸਮਝਾਉਂਦਾ ਭਈ ਕਿਉਂ ਅਖੰਡਪਾਠ ਵਿੱਚ ਉਲ਼ਝ ਗਿਆਂ ਏਂ ਤੂੰ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾ ਤੇ ਸ਼ਬਦ ਦੀ ਵਿਚਾਰ ਆਪਣੇ ਬੱਚਿਆਂ ਵਿੱਚ ਬੈਠ ਕੇ ਕਰ।

ਜੂਨ ਜੁਲਾਈ ਦਾ ਪਰਚਾ ਵਿਸ਼ਵ ਸਿੱਖ ਬੁਲੇਟਿਨ ਵਿੱਚ ਪ੍ਰੋ. ਇੰਦਰ ਸਿੰਘ ਘੱਗਾ ਨੇ ਲਿਖਿਆ ਹੈ, ‘ਗੁਰਸਰਵਰ ਹਮ ਹੰਸ ਪਿਆਰੇ’ ਵਿੱਚ ਦੱਸਿਆ ਹੈ ਸਿੱਖਾਂ ਦੇ ਇਤਿਹਾਸ ਵਿੱਚ ਸਾਖੀਆਂ ਹੀ ਅਜੇਹੀਆਂ ਜੋੜੀਆਂ ਗਈਆਂ ਹਨ ਕਿ ਕਾਲ਼ੇ ਕਾਂ ਹੰਸ ਬਣ ਗਏ ਤੇ ਬੀਬੀ ਰਜਨੀ ਦਾ ਪਿੰਗਲ਼ਾ ਠੀਕ ਹੋ ਗਿਆ ਪ੍ਰੋਫੈਸਰ ਸਾਹਿਬ ਜੀ ਦਾ ਇਹ ਸਾਰਾ ਹੀ ਲੇਖ ਪੜ੍ਹਨ ਵਾਲਾ ਹੈ। ਜੇ ਕਰ ਸ਼ਰੋਮਣੀ ਪ੍ਰਬੰਧਕ ਕਮੇਟੀ ਨੇ ਜਾਂ ਇਸ ਦੇ ਕਿਸੇ ਮੈਂਬਰ ਨੇ ਇਹ ਲੇਖ ਪੜ੍ਹਿਆ ਹੈ ਤਾਂ ਉਸ ਵਿੱਚ ਹਿੰਮਤ ਹੋਵੇ ਤਾਂ ਇਸ ਦਾ ਜੁਆਬ ਦੇਵੇ। ਪਿੰਗਲ਼ੇ ਦਾ ਕੀ ਨਾਮ ਸੀ? ਕੀ ਇਹ ਸਰੋਵਰ ਪਿੰਗਲ਼ੇ ਕਰਕੇ ਮਹਾਨ ਹੈ? ਕੀ ਉਹਨਾਂ ਕਾਂਵਾਂ ਦੀ ਅੱਜ ਵੀ ਔਲ਼ਾਦ ਦੇਖੀ ਜਾ ਸਕਦੀ ਹੈ ਜੋ ਕਾਂਵਾਂ ਤੋਂ ਹੰਸ ਬਣ ਗਏ ਸਨ? ਅਕਾਲੀਏ ਤੇ ਏੱਥੇ ਇਸ਼ਨਾਨ ਕਰਕੇ ਪਵਿੱਤਰ ਜੀਵਨ ਵਾਲੇ ਹੋਏ ਨਹੀਂ, ਇੱਕ ਦੂਜੇ ਦੀਆਂ ਪੱਗਾਂ ਲਾਹ ਰਹੇ ਹਨ। ਜੇ ਦੁੱਖ ਭੰਜਨੀ ਬੇਰੀ ਦੀ ਕੋਈ ਕਰਾਮਾਤ ਸਰੀਰਕ ਰੋਗ ਦੂਰ ਹੁੰਦੇ ਹਨ, ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਾਮਦਾਸ ਹਸਪਤਾਲ ਬਣਾਉਂਣ ਦੀ ਕੀ ਲੋੜ ਸੀ ? ਦੇਵੋ ਜੁਆਬ ਕਰੋ ਹਿੰਮਤ, ਇਹ ਸਾਰਾ ਘਾਲ਼ਾ ਮਾਲ਼ਾ ਗੁਰ ਬਿਲਾਸ ਪਾਤਸ਼ਾਹੀ 6 ਵਰਗੇ ਗ੍ਰੰਥਾਂ ਦੇ ਹੋਂਦ ਵਿੱਚ ਆਉਣ ਨਾਲ ਹੀ ਹੋਇਆ ਹੈ। ਤੇ ਇਸ ਦੀਆਂ ਸਾਖੀਆਂ ਸਾਡੇ ਝੋਲ਼ਾ ਚੁੱਕ ਪਰਚਾਰਕਾਂ ਰਾਗੀਆਂ ਨੇ ਸੰਗਤਾਂ ਨੂੰ ਸੁਣਾ ਸੁਣਾ ਕੇ ਗੁਮਰਾਹ ਕੀਤਾ ਹੈ। ਇਕਵੀਂ ਸਦੀ ਦੇ ਮਹਾਨ ਵਿਦਵਾਨ ਸਰਦਾਰ ਗੁਰਬਖ਼ਸ਼ ਸਿੰਘ ਜੀ ਕਾਲਾ ਅਫ਼ਗਾਨਾ ਜਿਹਨਾਂ ਦੇ ਹੱਥ ਵਿੱਚ ਗੁਰ ਬਿਲਾਸ ਪਾਤਸ਼ਾਹੀ ਵਰਗੀ ਗੁਰੂ ਨਿੰਦਕ ਪੁਸਤਕ ਆਈ। ਉਹਨਾਂ ਨੇ ਕੌਮ ਦੇ ਸਾਹਮਣੇ ਗੁਰਬਾਣੀ ਦੀ ਕਸਵੱਟੀ ਉੱਤੇ ਪੁਸਤਕ ਦੀ ਅਸਲੀਅਤ ਰੱਖੀ ਤਾਂ ਉਸ ਨੁੰ ਪੂਜਾਰੀ ਵਰਗ ਭਾਵ ਧਰਮ ਦੇ ਠੇਕੇਦਾਰਾਂ ਨੇ ਕਈ ਪਰਕਾਰ ਦੇ ਡਰਾਵੇ ਦੇ ਕੇ ਅਖੀਰ ਫਤਵਾ ਜਾਰੀ ਕਰ ਦਿੱਤਾ ਕਿ ਅਖੇ ਇਹਨਾਂ ਨੇ ਕੌਮ ਨੂੰ ਪੁਸਤਕ ਦੀ ਅਸਲੀਅਤ ਕਿਉਂ ਦੱਸੀ ਹੈ। ਵਾਹ ਮੇਰੀਏ ਕੌਮੇ! ਸਦਕੇ ਜਾਈਏ ਅਜੇਹੇ ਪੁਜਾਰੀ ਵਰਗ ਦੇ ਆਉਣ ਵਾਲਾ ਇਤਿਹਾਸ ਕਿਸ ਤਰ੍ਹਾਂ ਅਸੀਂ ਸੰਗਤਾਂ ਦੇ ਸਾਹਮਣੇ ਰੱਖਿਆ ਕਰਾਂਗੇ? ਸਾਡੇ ਪਾਸ ਕੋਈ ਉੱਤਰ ਨਹੀਂ। ਸ੍ਰ. ਕੁਲਬੀਰ ਸਿੰਘ ਕੌੜਾ ਨੇ `ਤੇ ਸਿੱਖ ਵੀ ਨਿਗਲ਼ਿਆ ਗਿਆ’ ਹਿੰਮਤ ਕਰਕੇ ਪੁਸਤਕ ਲਿਖੀ ਹੈ ਉਸ ਵਿੱਚ ਲਿਖਦੇ ਹਨ ਕਿ ਜੋ ਸਾਖੀਆਂ ਗੁਰਮਤ ਦੀ ਕਸਵੱਟੀ ਤੇ ਪੂਰੀਆਂ ਨਹੀਂ ਉੱਤਰਦੀਆਂ ਉਹ ਸਾਰੀਆਂ ਹੀ ਸਾਖੀਆਂ ਰਦ ਹੋਣੀਆਂ ਚਾਹੀਦੀਆਂ ਹਨ। ਪਰ ਦੁੱਖ ਇਸ ਗੱਲ ਦਾ ਹੈ ਕਿ ਸਾਡਾ ਪਰਚਾਰਕ ਲਾਣਾ ਤੇ ਰਾਗੀ ਆਦਿ ਹੀ ਮੰਨਣ ਲਈ ਤਿਆਰ ਨਹੀਂ ਹਨ। ਸ੍ਰ. ਕਾਲਾ ਅਫ਼ਗਾਨਾ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਪੁਸਤਕ ਦੇ ਅੱਠਵੇਂ ਭਾਗ ਵਿੱਚ ਲਿਖਦੇ ਹਨ ਕਿ ਗਿਆਨੀ ਸੰਤ ਸਿੰਘ ਮਸਕੀਨ ਨਾਲ ਕਰੀਬ ਵੀਹ ਮਿੰਟ ਵਿਚਾਰ ਹੋਈ ਕਿ ਭਾਈ ਵੀਰ ਸਿੰਘ ਤੇ ਪ੍ਰੋ. ਸਾਹਿਬ ਸਿੰਘ ਜੀ ਨੇ ਵਿਆਕਰਣ ਅਨੁਸਾਰ ਸ਼ਬਦਾਂ ਦੇ ਅਰਥ ਇਸ ਤਰ੍ਹਾਂ ਕੀਤੇ ਹਨ ਪਰ ਆਪ ਜੀ ਸ਼ਬਦਾਂ ਦੇ ਅਰਥ ਫਿਰ ਗਲਤ ਕਰ ਰਹੇ ਹੋ। ਮਸਕੀਨ ਜੀ ਨੇ ਉੱਤਰ ਦਿੱਤਾ ਕਿ ਉਹਨਾਂ ਨੇ ਆਪਣੀ ਮਤ ਅਨੁਸਾਰ ਅਰਥ ਕੀਤੇ ਹਨ ਅਸੀਂ ਆਪਣੀ ਮਤ ਅਨੁਸਾਰ ਅਰਥ ਕਰ ਰਹੇ ਹਾਂ। ਗੁਰਬਾਣੀ ਦੇ ਆਰਥ ਵਿਆਕਰਣ ਅਨੁਸਾਰ ਇਕਸਾਰ ਬਣਦੇ ਹਨ ਪਰ ਇਹ ਪਰਚਾਰਕ ਆਪਣੀ ਆਪਣੀ ਮਤ ਅਨੁਸਾਰ ਕਰ ਰਹੇ ਹਨ। ਹੋ ਵੀ ਕੀ ਸਕਦਾ ਹੈ ਜਦੋਂ ਕੌਮ ਅਖੰਡਪਾਠਾਂ ਵਿੱਚ ਹੀ ਉਲਝ ਕੇ ਰਹਿ ਗਈ ਹੈ। ਦੂਸਰਾ ਆਮ ਸਰੋਤਾ ਤਾਂ ਹੁਣ ਕੰਨ ਰਸ ਵਾਲੀਆਂ ਹੀ ਸਾਖੀਆਂ ਸੁਣਦਾ ਹੈ।
ਗੁਰਬਾਣੀ ਨੂੰ ਸਮਝਣ ਲਈ ਹੁਣੇ ਆਈ ਨਵੀਂ ਪੁਸਤਕ ਵੀਰ ਭੂਪਿੰਦਰ ਸਿੰਘ ਜੀ ਦੀ ‘ਗੁਰਬਾਣੀ ਜੀਵਨ ਜਾਚ ਦਾ ਖਜ਼ਾਨਾ’ ਪੜ੍ਹ ਕਿ ਮਨ ਨੂੰ ਪਹਿਲੀ ਦਫ਼ਾ ਪਤਾ ਚਲਿਆ ਹੈ ਕਿ ਅਸੀਂ ਕਰ ਕੀ ਰਹੇ ਹਾਂ। ਜਿਵੇਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਵਾਲਾ ਸ਼ਬਦ ਹੀ ਲੈ ਲਉ ਹਰ ਵਿਆਹ ਸ਼ਾਦੀ ਤੇ ਹਰ ਰਾਗੀ ਪੜ੍ਹਣਨ ਵਿੱਚ ਫ਼ਕਰ ਮਹਿਸੂਸ ਕਰਦਾ ਹੈ ਪਰ ਗੁਰਬਾਣੀ ਵਿਆਕਰਣ ਅਨੁਸਾਰ ਇਸ ਸ਼ਬਦ ਦੇ ਅਰਥ ਕੁੱਝ ਹੋਰ ਹੀ ਬਣਦੇ ਹਨ। ਕਦੇ ਅਸਾਂ ਸੋਚਿਆ ਹੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਇਸ ਪੁਸਤਕ ਵਿੱਚ ਹੋਰ ਵੀ ਐਸੇ ਸ਼ਬਦ ਹਨ ਜਿੰਨ੍ਹਾਂ ਦੇ ਅਰਥ ਹੋਰ ਬਣਦੇ ਹਨ ਪਰ ਨਾ ਜਾਣੇ ਵਿੱਚ ਅਸੀਂ ਅਰਥ ਕੁੱਝ ਹੋਰ ਸਮਝੀਂ ਬੈਠੇ ਹਾਂ। ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੀ ਲਿਖੀ ਹੋਈ ਪੁਸਤਕ ‘ਜੋ ਦਰਿ ਰਹੇ ਸੋ ਉਬਰੇ’ ਪੜ੍ਹੀ ਤਾਂ ਮਨ ਨੂੰ ਬਹੁਤ ਹੀ ਖੁਸ਼ੀ ਹੋਈ, ਉਹਨਾਂ ਨੇ ਬਹੁਤ ਸੌਖੇ ਤਰੀਕੇ ਨਾਲ ਉਦਾਹਰਣਾਂ ਦੇ ਦੇ ਕੇ ਗੁਰਬਾਣੀ ਦੇ ਸ਼ਬਦਾਂ ਵਿੱਚ ਵਿਚਲਾ ਗਿਆਨ ਸਾਡੇ ਸਾਹਮਣੇ ਰੱਖਿਆ ਹੈ। ਉਹ ਲਿਖਦੇ ਹਨ ਅੱਜ ਕੌਮ ਪ੍ਰਭਾਤ ਫੇਰੀਆਂ, ਚੇਤਨਾ ਮਾਰਚ, ਕੀਰਤਨ ਦਰਬਾਰਾਂ, ਲੜੀਆਂ ਚਲਾਉਣ ਤੇ ਲੜੀਆਂ ਲਗਾਉਣ ਵਿੱਚ ਹੀ ਉਲ਼ਝ ਕੇ ਰਹਿ ਗਈ ਹੈ। ਪ੍ਰੋ. ਇੰਦਰ ਸਿੰਘ ਘੱਗਾ ਦੀ ਪੁਸਤਕ ‘ਸਾਡਾ ਬੇੜਾ ਇਉਂ ਗਰਕਿਆ’ ਪੜ੍ਹ ਕੇ ਤਾਂ ਇੱਕ ਵਾਰ ਇੰਜ ਲੱਗਦਾ ਹੈ ਘੱਗਾ ਜੀ ਨੇ ਪੁਸਤਕ ਨਹੀਂ ਲਿਖੀ ਸਗੋਂ ਕੌਮ ਦੀ ਦਸ਼ਾ ਦੇਖ ਕੇ ਲਹੂ ਦੇ ਅਥਰੂ ਕੇਰੇ ਹਨ। ਇਸ ਨਿਧੜਕ ਯੋਧੇ ਪ੍ਰੋ. ਘੱਗਾ ਜੀ ਨੇ ਟਕਸਾਲੀਆਂ ਦੀ ਅਸਲੀ ਤਸਵੀਰ ਕੌਮ ਦੇ ਸਾਹਮਣੇ ਲਿਆ ਰੱਖੀ ਹੈ। ਲੀਡਰਾਂ ਦੀਆਂ ਗਿੱਦੜ ਚਾਲਾਂ ਤੋਂ ਕੌਮ ਨੂੰ ਸੁਚੇਤ ਕਰਦੀ ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ ਹੈ ਤੇ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਉਂਜ ਮੇਰਾ ਖਿਆਲ ਹੈ ਕਿ ਇਹ ਸਾਰੀ ਪੁਸਤਕ ਸਿੱਖ ਮਾਰਗ ਤੋਂ ਵੀ ਮਿਲਦੀ ਹੈ।
ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੀ ਧਰਤੀ ਤੇ ਸਾਧਾਂ ਦਾ ਟਿੱਡੀ ਦਲ ਹਰਲ਼ ਹਰਲ਼ ਕਰਦਾ ਫਿਰ ਰਿਹਾ ਹੈ, ਅਖੌਤੀ ਪੰਥਕ ਲੀਡਰ ਧਰਮ ਦੇ ਨਾਂ ਤੇ ਆਪਣੀ ਰਾਜਨੀਤੀ ਕਰਨ ਵਿੱਚ ਰੁੱਝੇ ਹੋਏ ਹਨ ਤੇ ਜੱਥੇਦਾਰ ਫਤਵੇ ਜਾਰੀ ਕਰਨ ਵਿੱਚ ਰੱਝੇ ਹੋਏ ਹਨ। ਅੱਜ ਸਿੱਖੀ ਨੂੰ ਖਤਰਾ ਦੇਹ ਧਾਰੀ ਗੁਰੂਆਂ ਪਾਸੋਂ ਨਹੀਂ ਹੈ ਜੇ ਖਤਰਾ ਹੈ ਤਾਂ ਇਹਨਾਂ ਅਖੌਤੀ ਲੀਡਰਾਂ ਜਾਂ ਬਾਦਲ ਦੀ ਵੱਖੀ ਵਿਚੋਂ ਨਿਕਲੇ ਜੱਥੇਦਾਰਾਂ ਪਾਸੋਂ ਹੈ। ਅੱਜ ਬਹੁਤ ਸਾਰੇ ਸੰਤਾਂ ਦੀਆਂ ਕਾਲ਼ੀਆਂ ਕਰਤੂਤਾਂ ਦਾ ਕਾਲ਼ਾ ਕੱਚਾ ਚਿੱਠਾ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ। ਬਾਕੀ ਦੀ ਅਸਲੀਅਤ ਸ੍ਰ. ਸੁਖਵਿੰਦਰ ਸਿੰਘ ‘ਸਭਰਾ’ ਦੁਆਰਾ ਲਿਖੀਆਂ ਹੋਈਆਂ ਪੁਸਤਕਾਂ, ‘ਸੰਤਾਂ ਕੇ ਕੌਤਕ’ ਵਿਚੋਂ ਦੇਖੀ ਜਾ ਸਕਦੀ ਹੈ।
ਪਿਛਲੇ ਦਿਨੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਤਿਕਾਰ ਯੋਗ ਗ੍ਰੰਥੀ ਮਸਕਟ ਵਿੱਚ ਕਥਾ ਕਰਨ ਵਾਸਤੇ ਆਇਆ, ਉਹਨਾਂ ਨਾਲ ਕਾਫੀ ਵਿਚਾਰਾਂ ਹੋਈਆਂ ਕਿਉਂਕਿ ਉਹ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਸੀ। ਉਹ ਇਸ ਗੱਲ ਨੂੰ ਮੰਨਦੇ ਸੀ ਕਿ ਸ੍ਰ. ਕਾਲਾ ਅਫ਼ਗਾਨਾ ਨੇ ਜੋ ਕੁੱਝ ਲਿਖਿਆ ਹੈ ਉਹ ਬਹੁਤ ਹੀ ਕਾਬਲੇ ਤਾਰੀਫ਼ ਤੇ ਗੁਰਮਤਿ ਦੀ ਸਹੀ ਤਸਵੀਰ ਹੈ ਪਰ ਕੀਤਾ ਕੀ ਜਾਏ ਅਸੀਂ ਬੋਲ ਹੀ ਨਹੀਂ ਸਕਦੇ ਕਿਉਂਕਿ ਅਸੀਂ ਵਿਚਾਰਿਆਂ ਨੇ ਨੌਕਰੀ ਜੁ ਕਰਨੀ ਹੋਈ। ਮੈਨੂੰ ਇਹ ਉਮੀਦ ਜਾਪੀ ਕਿ ਇਹ ਵਿਚਾਰਾ ਵੀ ਹੋਰ ਵੱਡਾ ਗ੍ਰੰਥੀ ਲੱਗਣ ਦੇ ਚੱਕਰਾਂ ਵਿੱਚ ਪਿਆ ਹੋਇਆ ਹੈ, ਜੇ ਇਸ ਦਾ ਸੂਤ ਆ ਗਿਆ ਤਾਂ ਇਹ ਵੀ ਫਤਵੇ ਜਾਰੀ ਕਰੇਗਾ ਉਹਦੀ ਮਸੂਮੀਅਤ ਦੇਖ ਕੇ ਤਰਸ ਵੀ ਆਉਂਦਾ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਹਜ਼ਾਰਾਂ ਮੀਲ ਸਫਰ ਤਹਿ ਕਰਕੇ ਸਿੱਖੀ ਦਾ ਇਹ ਬੂਟਾ ਲਾਇਆ ਸੀ। ਹਰ ਵਿਗੜੇ ਹੋਏ ਆਦਮੀ ਪਾਸ ਗਏ ਤੇ ਉਸ ਨੂੰ ਸ਼ੁਭ ਅਮਲ ਧਾਰਨ ਕਰਨ ਦੀ ਪ੍ਰਰੇਨਾ ਕੀਤੀ। ਸੱਜਣ ਵਰਗੇ ਸੱਜਣ ਨੂੰ ਇੱਕ ਸ਼ਬਦ ਦੁਆਰਾ ਹੀ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੁਣ ਤੇ ਹਜ਼ਾਰਾਂ ਅਖੰਡਪਾਠ ਕਰਾ ਕੇ ਵੀ ਅਸੀਂ ਸਮਝਣ ਲਈ ਤਿਆਰ ਨਹੀਂ ਹਾਂ ਅਸੀਂ ਤੇ ਸਗੋਂ ਇਹਨਾਂ ਲੜੀਆਂ ਰਾਂਹੀ ਸਵਰਗ ਦੀਆਂ ਸੀਟਾਂ ਬੁੱਕ ਕਰਵਾ ਰਹੇ ਹਾਂ। ਕੌਮ ਨਿਗਰਦੀ ਜਾ ਰਹੀ ਹੈ ਪਰ ਕੀ ਪੁਜਾਰੀ ਕੀ ਜੱਥੇਦਾਰ ਕੀ ਅਖੌਤੀ ਪੰਥਕ ਲੀਡਰ ਸਭ ਗੁਰੂ ਦੀ ਗੋਲਕ ਤੇ ਕੇਂਦਰਿਤ ਹੋ ਗਏ ਹਨ। ‘ਸਿਖੀਏ ਤੇਰਾ ਕੌਣ ਵਿਚਾਰਾ’ ਸਾਡੀ ਕੌਮ ਦੇ ਦਾਨਸ਼ਵਰਾਂ ਨੇ ਬੜੀ ਮਿਹਨਤ ਕਰਕੇ ਪੰਥਕ ਸਿੱਖ ਰਹਿਤ ਮਰਯਾਦਾ ਬਣਾਈ ਸੀ ਜਿਸ ਵਿੱਚ ਇਹ ਪ੍ਰਤੱਖ ਤੌਰ ਤੇ ਲਿਖਿਆਂ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਹੋਰ ਕਿਸੇ ਵੀ ਗ੍ਰੰਥ ਦਾ ਪਰਕਾਸ਼ ਨਹੀਂ ਹੋ ਸਕਦਾ। ਪਰ ਪਤਾ ਨਹੀਂ ਇਹ ਜੱਥੇਦਾਰ ਕਿਹੜੀ ਮਿੱਟੀ ਦੇ ਬਣੇ ਹੋਏ ਹਨ ਚਲੀਹੇ ਕੱਟਣ ਵਾਲੇ ‘ਧੁੰਮੇ’ ਪਾਖੰਡੀ ਸਾਧਾਂ ਦੇ ਨਾਲ ਲੱਗ ਕੇ ਅਸ਼ਲੀਲ ਅਖੌਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਰਕਾਸ਼ ਕਰਕੇ ਕਿਹੜਾ ਮਾਰਕਾ ਮਾਰ ਰਹੇ ਹਨ। ਕੀ ਇਹ ਜੱਥੇਦਾਰ, ਭੇਖੀ ਸਾਧ, ਟਕਸਾਲ ਤੇ ਸੰਤ ਲਾਣਾ ਤ੍ਰਿਆ ਚਰਿਤ੍ਰ ਦੀ ਵਿਆਖਿਆ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਕਰ ਸਕਦੇ ਹਨ ਪਰ ਟਕਸਾਲ ਦੇ ਮੁੱਖੀਆਂ ਤਾਂ ਵਿਆਹ ਹੀ ਨਹੀਂ ਕਰਾਇਆ ਇਹਨਾਂ ਨੂੰ ਕੀ ਪਤਾ ਗ੍ਰਹਿਸਤ ਦੀਆ ਕੀ ਕਦਰਾਂ ਕੀਮਤਾਂ ਹਨ। ਇਹਨਾਂ ਤੇ ਪੂਰੇ ਇੱਕੀ ਸਾਲ ਝੂਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲਿਆ ਹੈ ਬਾਬਾ ਜਰਨੈਲ ਸਿੰਘ ਜੀ ਜਿਉਂਦੇ ਹਨ ਜਿਹੜਾ ਸ਼ਹੀਦ ਆਖੇਗਾ ਉਹਦੀ ਜ਼ਬਾਨ ਵਿੱਚ ਕੀੜੇ ਪੇਣਗੇ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹਦੇ ਤਾਂ ਜ਼ਰੂਰ ਸੱਚ ਬੋਲਦੇ ਪਰ ਤੁਸਾਂ ਪੜ੍ਹਿਆ ਹੀ ਅਖੌਤੀ ਤੇ ਅਸ਼ਲੀਲ ਦਸਮ ਗ੍ਰੰਥ ਹੈ ਤੁਹਾਡਾ ਕੀਤਾ ਕੀ ਜਾ ਸਕਦਾ ਹੈ।
ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਤਾਂ ਜੱਥੇਦਾਰਾਂ ਦੇ ਨੱਕ ਹੇਠ ਹੀ ਉੱਡ ਰਹੀਆਂ ਹਨ। ਪੰਥਕ ਰਹਿਤ ਮਰਯਾਦਾ ਅਨੁਸਾਰ ਜੋਤ ਜਗਾਉਣੀ ਮਨਮਤ ਹੈ ਪਰ ਬਾਬਾ ਦੀਪ ਸਿੰਘ ਜੀ ਭਾਵ ਸ਼ਹੀਦਾਂ ਵਾਲੇ ਗੁਰਦੁਆਰੇ ਵਿੱਚ ਪੀਪਿਆਂ ਨਾਲ ਘਿਉ ਰੋੜਿਆ ਜਾ ਰਿਹਾ ਹੈ, ਕਿਉਂ, ਹੈ ਹਿੰਮਤ ਅਜੇਹੀ ਪ੍ਰਥਾ ਨੂੰ ਬੰਦ ਕਰਨ ਦੀ। ਮੇਰੀਏ ਸਿੱਖੀਏ ਤੇਰਾ ਕੌਣ ਵਿਚਾਰਾ ਸ਼ਰੋਮਣੀ ਪ੍ਰਬੰਧ ਕਮੇਟੀ ਦੇ ਨੱਕ ਹੇਠ ਹੀ ਕੀ ਕੁੱਝ ਵਿਕ ਰਿਹਾ ਹੈ ਦੱਸਣ ਦੀ ਬਹੁਤੀ ਲੋੜ ਨਹੀਂ ਹੈ ਰੰਗ ਬਰੰਗੀਆਂ ਗੁਰੂਆਂ ਦੀਆਂ ਤਸਵੀਰਾਂ ਮਨ ਨੂੰ ਖਿਚ ਪਾਉਣ ਵਾਲੇ ਸਿਮਰਨੇ (ਭਾਵ ਮਾਲਾ) ਚਲੀਹੇ ਕੱਟਣ ਵਾਲੀਆਂ ਪੁਸਤਕਾਂ ਪੂਰਨਮਾਸ਼ੀਆਂ ਵਾਲੀਆਂ ਕਥਾ ਦੀਆਂ ਪੁਸਤਕਾਂ ਦੇ ਹਨੂਮਾਨ ਦੀ ਕਥਾ ਰਮਾਇਣ ਮਹਾਂ ਭਾਰਤ ਦੀ ਕਥਾ ਵਡਭਾਗ ਸਿੰਘ ਦੇ ਭੂਤ ਕੱਢਣ ਵਾਲੀਆਂ ਪੁਸਤਕਾਂ ਥੋਕ ਰੂਪ ਵਿੱਚ ਵਿਕ ਰਹੀਆਂ ਹਨ। ਅਸਲ ਵਿੱਚ ਇਹ ਸਾਰੀ ਦੇਣ ਤਾਂ ਜੱਥੇਦਾਰ ਵੇਦਾਂਤੀ ਤੇ ਅਮਰਜੀਤ ਸਿੰਘ ਦੁਆਰਾ ਸੰਪਾਦਕ ਕੀਤੀ ਹੋਈ ਗੁਰੂ ਨਿੰਦਕ ਪੁਸਤਕ ਗੁਰ ਬਿਲਾਸ ਪਾਤਸ਼ਾਹੀ 6 ਦੀ ਹੈ ਜਿਸ ਦੀ ਸਿੱਖ ਕੌਮ ਦੇ ਚੋਟੀ ਦੇ ਚੌਦਾਂ ਕਹਿੰਦੇ ਕਹਾਉਂਦੇ ਅਗੂਆਂ ਨੇ ਬਿਨ੍ਹਾ ਪੜ੍ਹੇ ਹੀ ਭੂਮਿਕਾ ਲਿਖ ਕੇ ਤਿੰਨ ਸੌ ਸਾਲਾ ਤੇ ਕੌਮ ਨੂੰ ਇੱਕ ਤੋਅਫਾ ਭੇਟ ਕੀਤਾ। ਜਿਸ ਸ਼ਾਖ਼ ਤੇ ਆਦਮੀ ਬੈਠਾ ਹੈ ਇਹ ਉਸੇ ਨੂੰ ਹੀ ਕੱਟਣ ਲੱਗਾ ਹੋਇਆ ਹੈ। ਇਹਨਾਂ ਜੱਥੇਦਾਰਾਂ ਨੂੰ ਕੌਣ ਕਹੇ ਕਿ ਰਾਣੀਏ ਆਪਣਾ ਅੱਗਾ ਢੱਕ ਲੈ। ਜਿਹੜਾ ਜੱਥੇਦਾਰ ਗੁਰੂ ਨਿੰਦਕ ਪੁਸਤਕ ਲਿਖ ਕੇ ਕੌਮ ਦੇ ਗਲ਼ ਮੜ੍ਹ ਸਕਦਾ ਹੈ ਤੇ ਇਹ ਕਹੇ ਕੇ ਇਹ ਪੁਸਤਕ ਪੰਥ ਲਈ ਤਾਂ ਇੱਕ ਸੁਗਾਤ ਹੈ, ਉਹ ਜਿਹੜਾ ਜੱਥੇਦਾਰ ਗੁਰੂ ਗ੍ਰੰਥ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦੇ ਸਕਦਾ ਹੈ ਕੀ ਸਿੱਖੀ ਦਾ ਬਚਾ ਹੋ ਸਕਦਾ ਹੈ? ਮੇਰੇ ਸਾਹਮਣੇ ਇੱਕ ਹੋਰ ਪੁਸਤਕ ਸ੍ਰ. ਕੁਲਵੰਤ ਸਿੰਘ ਜੀ ਸਾਬਕਾ ਸਕੱਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਿਖੀ ਹੋਈ ਪੁਸਤਕ ਗ੍ਰਹਿਣ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਪਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ 1978 ਦੇ ਬਆਦ ਜਿੰਨੇ ਅਕਾਲ ਤੱਖਤ ਦੇ ਜੱਥੇਦਾਰ ਬਣੇ ਹਨ ਉਹ ਸਾਰੇ ਦੇ ਸਾਰੇ ਹੱਥ ਠੋਕੇ ਸਨ। 1950 ਤੋਂ ਲੈ ਕੇ ਉਹਨਾਂ ਨੇ ਸ਼ਰੋਮਣੀ ਕਮੇਟੀ ਦੀ ਨੌਕਰੀ ਕੀਤੀ ਹੈ ਉਹ ਹਰ ਨਿੱਕੀ ਨਿੱਕੀ ਵਿਚਲੀ ਗੱਲ ਨੂੰ ਜਾਣਦੇ ਹਨ।
ਕੁੱਝ ਖੁਸ਼ੀ ਵੀ ਹੈ ਜਿਸ ਤਰ੍ਹਾਂ ਸਿੱਖ ਮਾਰਗ ਪਿਛਲੇ ਸਮੇਂ ਤੋਂ ਸਿੱਖ ਸਿਧਾਂਤ ਦੀ ਗੱਲ ਕਰ ਰਿਹਾ ਹੈ, ਸਿੰਘ ਸਭਾ ਕਨੇਡਾ, ਸਿੱਖ ਵਿਰਸਾ ਕਨੇਡਾ, ਪੰਜਾਬ ਰੇਡੀਓ ਯੂ. ਕੇ. ਤੇ ਪੰਜਾਬ ਵਿੱਚ ਸਪੋਕਸਮੈਨ ਸਹੀ ਅਤੇ ਤਥਾਂ ਦੇ ਅਧਾਰਤ ਜਾਣਕਾਰੀ ਦੇ ਕੇ ਪੰਥਕ ਮਹੌਲ ਸਿਰਜਿਆ ਹੈ ਕਹਿ ਸਕਦੇ ਹਾਂ ਅਜੇ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਸਮਝਣ ਵਾਲੇ ਗ਼ੈਰਤ, ਅਣਖ਼, ਜ਼ਮੀਰ ਤੇ ਸਿੱਖੀ ਸਿਧਾਂਤ ਲਈ ਆਪਾ ਵਾਰਨ ਵਾਲੇ ਮਰਜੀਵੜੇ ਹਨ ਇਹਨਾਂ ਦੇ ਆਪਾ ਸਮਰਪਣ ਕਰਕੇ ਖਾਲਸੇ ਦਾ ਨਿਆਰਾਪਨ ਕਇਮ ਰਹਿ ਸਕਦਾ ਹੈ। ‘ਸਿਖੀਏ ਤੇਰਾ ਕੌਣ ਵਿਚਾਰਾ’ ਤੇਰੇ ਨਾਲ ਦਰਦ ਰੱਖਣ ਵਾਲਿਆਂ ਦੀ ਥੋੜ ਨਹੀਂ ਹੈ ਸਿਰਫ ਜੱਥੇਬੰਦ ਹੋਣ ਦੀ ਜ਼ਰੂਰਤ ਹੈ।
ਹਿਰਦਿਉਂ ਪੰਥ ਦਾ ਦਰਦ ਰੱਖਣ ਵਾਲਾ,
ਸਤਿਨਾਮ ਸਿੰਘ ‘ਪੰਨਵਾਂ’ ਡਬਈ ਤੋਂ
ਟੈਲੀਫੂਨ ਨੰਬਰ 0097150 2235 991
.