.

ਅਜੋਕਾ ਅਤੇ ਭਵਿੱਖਤ ਮਨੁੱਖ ਸ਼ਕਤੀਹੀਣ ਕਿਉਂ?

ਪ੍ਰੋ: ਤਰਲੋਚਨ ਸਿੰਘ ਮਹਾਜਨ
ਫਿਜਿਕਸ ਵਿਭਾਗ
ਖਾਲਸਾ ਕਾਲਜ ਪਟਿਆਲਾ
ਫੋਨ: +919888169226

ਆਉਣ ਵਾਲੇ ਸਮੇਂ ਕੋਈ ਘਰ ਕੱਚਾ ਨਹੀਂ ਹੋਏਗਾ, ਪੱਕੇ ਘਰ ਹੋਣਗੇ। ਕੋਠੀਆਂ ਹੋਣਗੀਆ, ਬੰਗਲੇ ਹੋਣਗੇ। ਸੜਕਾਂ ਵਧਣਗੀਆਂ ਅਤੇ ਗੱਡੀਆਂ ਦੀ ਭਰਮਾਰ ਹੋਵੇਗੀ। ਬਾਹਰਲੀਆਂ ਰੋਸ਼ਨੀਆਂ ਦੇ ਵਧਣ ਨਾਲ ਇਹ ਸੰਸਾਰ ਜਗਮਗ-ਜਗਮਗ ਕਰ ਉੱਠੇਗਾ ਰੋਸ਼ਨੀਆਂ ਵਾਲੇ ਜਗਮਗ ਸੰਸਾਰ ਵਿੱਚ ਟਾਈਆਂ, ਪੈਂਟਾਂ, ਸ਼ਰਟਾਂ ਅਤੇ ਵੰਨ-ਸਵੰਨੇ ਕੱਪੜਿਆਂ ਵਿੱਚ ਸਜੇ ਇਨਸਾਨ, ਵੇਖਣ ਨੂੰ ਬਹੁਤ ਸੋਹਣੇ ਲਗਣਗੇ ਪਰ ਆਤਿਮਕ ਤੌਰ ਤੇ ਬੇਹੱਦ ਨਿਰਬਲ ਹੋ ਚੁਕੇ ਹੋਣਗੇ। ਪਰਿਵਾਰਿਕ ਰਿਸ਼ਤੇ ਨਾ-ਮਾਤਰ ਰਹਿ ਜਾਣਗੇ। ਹਰ ਰਿਸ਼ਤੇ ਨੂੰ ਦੌਲਤ ਦੀ ਕਸਵੱਟੀ ਤੇ ਪਰਖਿਆ ਜਾਵੇਗਾ। ਕੋਈ ਵਿਰਲਾ ਹੀ ਅਜਿਹਾ ਇਨਸਾਨ ਹੋਏਗਾ ਜਿਸ ਨੂੰ ਕਦਰਾਂ-ਕੀਮਤਾਂ ਦੀ ਸੋਝੀ ਹੋਏਗੀ।
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ
ਕੋਈ ਹਰਿਆ ਬੂਟੁ ਰਹਿਓ ਰੀ॥
{ਪੰਨਾ 384}

ਇਨ੍ਹਾਂ ਕਦਰਾਂ ਕੀਮਤਾਂ ਬਾਰੇ ਦੁਹਾਈ ਦਿੰਦਾ ਇਹ ਹੈ
ਆਰਟੀਕਲ “ਅਜੋਕਾ ਅਤੇ ਭਵਿੱਖਤ ਮਨੁੱਖ ਸ਼ਕਤੀਹੀਣ ਕਿਉਂ?”
ਅਜੋਕਾ ਅਤੇ ਭਵਿੱਖਤ ਮਨੁੱਖ ਸ਼ਕਤੀਹੀਣ ਕਿਉਂ?
ਇਕ ਛੋਟੇ ਜਿਹੇ ਬੀਜ ਨੇ ਕਦੀ ਭੁਲ ਭੁਲੇਖੇ ਵੀ ਸੋਚਿਆ ਨਹੀਂ ਹੋਣੈ ਕਿ ਉਹ ਕਦੀ ਐਡਾ ਉੱਚਾ ਵਿਸ਼ਾਲ ਰੁੱਖ ਬਣ ਸਕਦੈ ਅਤੇ ਉਸਦੇ ਰੋਏਂ ਰੋਏਂ ਵਿਚੋਂ ਜੀਵਨ ਫੁੱਟ ਸਕਦੈ। ਉਹ ਸਮਾਂ ਯਾਦ ਕਰਦੇ ਹੋਏ ਬੀਜ ਨੂੰ ਇਹ ਚਮਤਕਾਰ ਲਗਦਾ ਹੋਣੈ ਜਦੋਂ ਰੋਸ਼ਨੀ, ਪਾਣੀ ਅਤੇ ਹਵਾ ਦੀ ਸੰਗਤ ਵਿੱਚ ਉਸ ਨੇ ਧਰਤੀ ਮਾਂ ਨੂੰ ਚੁੰਮਿਆ ਤਾਂ ਮਾਂ ਨੇ ਉਸ ਨੂੰ ਜੀਵਨ ਨਾਲ ਭਰਪੂਰ ਕਰ ਦਿੱਤਾ।

ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ॥ (321)

ਉਸ ਦਾ ਕੁਦਰਤ ਨਾਲ ਹੁਣ ਰਿਸ਼ਤਾ ਬੱਝ ਚੁੱਕਾ ਹੈ। ਕੁਦਰਤ ਆਪਣੀ ਸ਼ਕਤੀ ਨੂੰ ਰੂਪਾਂਤਰਤ ਕਰਦੀ ਹੋਈ ਉਸ ਨੂੰ ਦਿਨੋ ਦਿਨ ਵੱਡਾ ਕਰ ਰਹੀ ਹੈ। ਉਸ ਵਿੱਚ ਪਦਾਰਥੀ ਭਾਰ ਵਧਦਾ ਚਲਾ ਜਾ ਰਿਹਾ ਹੈ। ਫਿਰ ਇੱਕ ਅਜਿਹਾ ਦਿਨ ਆਵੇਗਾ ਜਦੋਂ ਉਲਟੀ ਪ੍ਰਕਿਰਿਆ ‘ਪਦਾਰਥ ਤੋਂ ਸ਼ਕਤੀ ਵਿੱਚ ਰੂਪਾਤਰਣ’ ਸ਼ੁਰੂ ਹੋਵੇਗੀ, ਅੰਤ ਬੀਜ ਮੁੜ ਇਸ ਬ੍ਰਹਿਮੰਡੀ ਸ਼ਕਤੀ ਵਿੱਚ ਲੀਨ ਹੋ ਜਾਵੇਗਾ। ਉਸ ਦੇ ਦੁੱਖਾਂ ਸੁੱਖਾਂ ਦੀ ਕਹਾਣੀ ਉਸ ਦੇ ਨਾਲ ਦਫਨ ਹੋ ਜਾਵੇਗੀ।

ਖਖਾ ਖਿਰਤ ਖਪਤ ਗਏ ਕੇਤੇ॥
ਖਿਰਤ ਖਪਤ ਅਜਹੂੰ ਨਹ ਚੇਤੇ॥ (342)


ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਇਹ ਇਲਮ ਨਹੀ ਹੋਵੇਗਾ ਕਿ ਕਦੀ ਕੋਈ ਛੋਟਾ ਜਿਹਾ ਬੀਜ ਸੀ, ਫਿਰ ਉਹ ਵਿਸ਼ਾਲ ਰੁਖ ਬਣਿਆ, ਰੰਗ ਬਰੰਗੀਆਂ ਚਿੜੀਆਂ ਦੇ ਆਲ੍ਹਣਿਆਂ ਨਾਲ ਸਜਿਆ, ਰਾਹ ਜਾਂਦੇ ਰਾਹੀਆਂ ਨੇ ਉਸ ਦੀਆਂ ਛਾਵਾਂ ਮਾਣੀਆਂ, ਪਰ ਇਹ ਛਾਵਾਂ ਹਮੇਸ਼ਾਂ ਲਈ ਨਾ ਹੋ ਸਕੀਆਂ। ਕਿਸੇ ਸਮੇਂ ਖਾਣਾਂ ਵਿੱਚ ਕੰਮ ਕਰ ਰਹੇ ਮਜਦੂਰ ਜਦੋਂ ਉਸ ਨੂੰ ਜਮੀਨੋਂ ਬਾਹਰ ਕਢਣਗੇ ਤਾਂ ਉਹ ਕੋਲਾ ਹੋ ਚੁੱਕਾ ਹੋਵੇਗਾ, ਅੰਤ ਉਸ ਨੂੰ ਉਦੋਂ ਤੱਕ ਭਠੀਆਂ ਵਿੱਚ ਸਾੜਿਆ ਜਾਵੇਗਾ ਜਦ ਤੱਕ ਉਹ ਰਾਖ ਦੇ ਢੇਰ ਵਿੱਚ ਤਬਦੀਲ ਨਹੀਂ ਹੋ ਜਾਂਦਾ। ਇਹੋ ਕੁੱਝ ਸਾਡੇ ਨਾਲ ਹੋਣੈ, ਪਰ ਫਿਰ ਵੀ ਇਨਸਾਨ ਰੁੱਖ ਨਾਲੋਂ ਅੱਡ ਹੈ। ਰੁੱਖ ਹਮੇਸ਼ਾਂ ਆਪਣਾ ਸਭ ਕੁੱਝ ਦੂਜਿਆਂ ਵਿੱਚ ਵੰਡਦਾ ਹੈ, ਵੰਡਦਾ ਹੋਇਆ ਖੁਸ਼ ਹੁੰਦਾ ਹੈ, ਕਿਲਕਾਰੀਆਂ ਮਾਰਦੈ, ਉਸ ਦੀਆਂ ਕਿਲਕਾਰੀਆਂ ਦੀ ਅਵਾਜ਼ ਕਿਸੇ ਨੂੰ ਨਹੀਂ ਸੁਣਦੀ। ਇਨਸਾਨ ਜਦੋਂ ਕੁੱਝ ਵੰਡਦਾ ਹੈ ਤਾਂ ਉਹ ਖੁਸ਼ ਘੱਟ ਹੁੰਦਾ ਹੈ ਪਰ ਕਿਲਕਾਰੀਆਂ ਜ਼ਿਆਦਾ ਮਾਰਦੈ ਅਤੇ ਉਸ ਦੀਆਂ ਕਿਲਕਾਰੀਆਂ ਦੀ ਅਵਾਜ਼ ਸਾਰਾ ਜੱਗ ਸੁਣਦੈ। ਇਨਸਾਨ ਆਪਣੀ ਸ਼ਕਤੀ ਦੀ ਦੌਲਤ ਦੂਜਿਆਂ ਤੇ ਘੱਟ ਤੇ ਅਜਾਈਂ ਜ਼ਿਆਦਾ ਗਵਾਉਂਦੈ। ਆਓ ਜ਼ਰਾ ਵਿਚਾਰ ਕਰੀਏ ਕਿ ਮਨੁੱਖ ਆਪਣੀ ਸ਼ਕਤੀ ਦਾ ਘਾਣ ਕਿਵੇਂ ਕਰਦਾ ਹੈ। ਇਨਸਾਨ ਦੀ ਇੱਛਾ ਹਮੇਸਾਂ ਤੋਂ ਮਜ਼ੇ ਲੈਣ ਦੀ ਰਹੀ ਹੈ। ਪਰ ਉਹ ਇਸ ਗੱਲ ਤੋਂ ਅਣਜਾਣ ਹੁੰਦੈ ਕਿ ਹਰ ਮਜ਼ੇ ਦੀ ਕੀਮਤ ਤਾਰਨੀ ਪਵੇਗੀ। ਜਿਵੇਂ ਕਿ ਵਿਗਿਆਨੀ ਨਿਊਟਨ ਨੇ ਦਸਿਆ ਕਿ ਤੁਹਾਡੇ ਵਲੋਂ ਕੀਤੇ ਜਾਣ ਵਾਲੇ ਹਰ ‘ਐਕਸ਼ਨ ਦਾ ਰਿਐਕਸ਼ਨ’ ਨਿਸ਼ਚਿਤ ਹੈ। ਪਰ ਰਿਐਕਸ਼ਨ ਕਦੋਂ ਹੋਵੇਗਾ ਇਹ ਨਿਸ਼ਚਿਤ ਨਹੀਂ ਹੁੰਦਾ, ਇਹ ਅਗਲੇ ਪਲ ਹੋ ਸਕਦੈ, ਇਸ ਨੁੰ ਕੁੱਝ ਦਿਨ ਵੀ ਲੱਗ ਸਕਦੇ ਹਨ, ਕੁੱਝ ਸਾਲ ਵੀ ਲਗ ਸਕਦੇ ਹਨ ਅਤੇ ਅਨੰਤ ਸਾਲ ਵੀ ਲਗ ਸਕਦੇ ਹਨ। ਆਓ ਉਨ੍ਹਾਂ ਮਜ਼ਿਆਂ ਦੇ ਸੰਸਾਰ ਵਲ ਚਲੀਏ ਜਿਥੇ ਤੁਸੀਂ ਹਰ ਪਲ ਰਹਿਣਾ ਚਾਹੁੰਦੇ ਹੋ, ਜਿਥੇ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਨਿਚੋੜਿਆ ਜਾਂਦਾ ਹੈ।

ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ॥ (1090-1, ਮਾਰੂ, ਮਃ 3)

ਘੁੰਮਣਾ ਫਿਰਨਾ ਸਿਹਤ ਲਈ ਚੰਗਾ ਹੁੰਦੈ। ਠੀਕ ਹੈ, ਪਰ ਜੇ ਇਹ ਕਿਸੀ ਸ਼ਾਂਤ ਜਗ੍ਹਾ ਦੀ ਸੈਰ ਹੋਵੇ, ਭੀੜ ਭੜੱਕਿਆਂ ਅਤੇ ਚਮਕ-ਦਮਕ ਦੀ ਦੁਨੀਆ ਤੋਂ ਪਰੇ। ਕੁਦਰਤ ਦੀ ਹਰਿਆਵਲ ਉਤੇ ਆਹਿਸਤਾ ਆਹਿਸਤਾ ਤੁਰਨਾ ਉਸ ਦੇ ਕਰੀਬ ਆਉਣਾ ਹੁੰਦਾ ਹੈ ਅਤੇ ਮਨੁੱਖ ਸ਼ਕਤੀ ਨਾਲ ਭਰਦਾ ਚਲਿਆ ਜਾਂਦਾ ਹੈ। ਪਰ ਜੇ ਇਸ ਤੋਂ ਉਲਟ ਇਹ ਘੁੰਮਣਾ ਫਿਰਨਾ ਬਜ਼ਾਰਾਂ ਦਾ ਹੋਵੇ, ਕਲੱਬਾਂ ਦਾ ਹੋਵੇ, ਸਿਨੇਮੇ ਘਰਾਂ ਦਾ ਹੋਵੇ ਜਾਂ ਪਾਰਟੀਆਂ ਵਿੱਚ ਹੋਵੇ ਤਾਂ ਮਨੁੱਖੀ ਸ਼ਕਤੀ ਘਟਦੀ ਹੈ। ਤੁਹਾਡਾ ਘਰ ਤੋਂ ਆਪਣੇ ਦਫਤਰ ਜਾਂ ਦੁਕਾਨ ਤੇ ਜਾਣਾ, ਉਥੇ ਕੰਮ ਕਰਨਾ ਅਤੇ ਫਿਰ ਵਾਪਸ ਆਉਣਾ ਇਹ ਤੁਹਾਡੀ ਰੋਜਾਨਾ ਜ਼ਿੰਦਗੀ ਦੀ ਇੱਕ ਰੁਟੀਨ ਹੈ। ਇਸ ਰੁਟੀਨ ਦੀ ਥਕਾਵਟ ਨੂੰ ਨਾਪੋ। ਫੇਰ ਜਦੋਂ ਕਦੀ ਤੁਸੀਂ ਕਿਸੇ ਦੂਜੇ ਸ਼ਹਿਰ ਜਾਓ, ਉਥੇ ਤੁਸੀਂ 6-7 ਘੰਟੇ ਦਾ ਸਮਾਂ ਬਜ਼ਾਰਾਂ ਵਿੱਚ ਜਾਂ ਕਿਸੇ ਹੋਰ ਆਫਿਸ ਵਿੱਚ ਗੁਜ਼ਾਰੋ, ਤੇ ਫੇਰ ਉਸ ਥਕਾਵਟ ਨੂੰ ਨਾਪੋ। ਤੁਸੀਂ ਮਹਿਸੂਸ ਕਰੋਗੇ ਕਿ ਇਹ ਥਕਾਵਟ ਤੁਹਾਡੀ ਰੂਟੀਨ ਦੀ ਥਕਾਵਟ ਤੋਂ ਕਈ ਗੁਣਾਂ ਜ਼ਿਆਦਾ ਹੈ। ਇਸ ਦਾ ਕਾਰਨ ਹੈ ਕਿ ਉਥੋਂ ਦੀ ਹਰ ਚੀਜ਼ ਤੁਹਾਡੇ ਲਈ ਨਵੀਂ ਹੈ, ਹਰ ਵਿਹਾਰ ਨਵਾਂ ਹੈ। ਹਰ ਚੀਜ਼ ਤੇ ਤੁਹਾਡੀ ਊਰਜਾ ਖਰਚ ਹੋ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਤੁਹਾਡੀਆਂ ਅੱਖਾਂ ਰਾਹੀਂ, ਕਿਉਂਕਿ ਅੱਖਾਂ ਨੂੰ ਬੜੀ ਨੀਝ ਨਾਲ ਹਰ ਚੀਜ਼ ਵੇਖਣੀ ਪੈ ਰਹੀ ਹੈ।
ਜ਼ਿਆਦਾ ਬੋਲਣਾ, ਉੱਚਾ ਬੋਲਣਾ, ਬੇਵਜ੍ਹਾ ਬੋਲਣਾ ਅਤੇ ਮਾੜਾ ਬੋਲਣਾ ਇਹ ਮਨੁੱਖ ਨੂੰ ਸ਼ਕਤੀ ਤੋਂ ਵਾਂਝਿਆਂ ਕਰਦੇ ਹਨ। ਇਸ ਲਈ ਕੁੱਝ ਧਰਮਾਂ ਨੇ ਸ਼ਕਤੀ ਹੀਣਤਾ ਤੋਂ ਬਚਣ ਲਈ ਮੌਨ ਧਾਰਨ ਦੀ ਪ੍ਰਥਾ ਸ਼ੁਰੂ ਕੀਤੀ। 10 ਦਿਨਾਂ ਦਾ ਮੋਨ, 20 ਦਿਨਾਂ ਦਾ ਮੋਨ ਜਾਂ 40 ਦਿਨਾਂ ਦਾ ਮੋਨ। ਪਰ ਮੋਨ ਧਾਰ ਕੇ ਵੀ ਸ਼ਕਤੀ ਹੀਣਤਾ ਤੋਂ ਬਚਿਆ ਨਹੀਂ ਜਾ ਸਕਦਾ। ਜੇ ਤੁਸੀਂ ਔਖੇ ਸੌਖੇ ਹੋ ਕੇ ਜ਼ੁਬਾਨ ਤੇ ਤਾਲਾ ਮਾਰ ਵੀ ਲਿਆ ਤਾਂ ਆਪਣੇ ਅੰਦਰਲੇ ਮਨ ਤੇ ਤਾਲਾ ਕਿਵੇਂ ਮਾਰੋਗੇ ਉਨ੍ਹੇ ਤਾਂ ਫਿਰ ਵੀ ਬੋਲੀ ਜਾਣੈ।

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ (1-5, ਜਪੁ, ਮਃ 1)

ਇਸ ਲਈ ਮੋਨ ਧਾਰਨ ਕਰਨ ਦੀ ਲੋੜ ਨਹੀਂ, ਬੋਲੋ ਜ਼ਰੂਰ ਪਰ ਘੱਟ ਬੋਲੋ, ਮਿੱਠਾ ਬੋਲੋ ਪਿਆਰਾ ਬੋਲੋ ਉਹ ਬੋਲ ਬੋਲੋ ਜੋ ਪਰਵਾਣ ਹੋਣ।

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ (15-13, ਸਿਰੀਰਾਗੁ, ਮਃ 1)
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (15-14, ਸਿਰੀਰਾਗੁ, ਮਃ 1)

ਤੁਹਾਡਾ ਹਾਸਾ ਕੁਦਰਤੀ ਹੋਣਾ ਚਾਹੀਦੈ। ਸਹਿਜ ਹੋਣਾ ਚਾਹੀਦਾ ਹੈ। ਜਿਵੇਂ ਇੱਕ ਛੋਟਾ ਬੱਚਾ ਆਪਣੇ ਆਪ ਹਸਦੈ:

ਸਹਜਿ ਬੈਰਾਗੁ ਸਹਜੇ ਹੀ ਹਸਨਾ॥ (236-18, ਗਉੜੀ, ਮਃ 5)
ਸਹਜੇ ਚੂਪ ਸਹਜੇ ਹੀ ਜਪਨਾ॥ 3॥ (236-18, ਗਉੜੀ, ਮਃ 5)


ਖੁਲ੍ਹ ਕੇ ਹੱਸੋ, ਪੂਰਾ ਹਸੋ ਔਰ ਇਸ ਹੱਦ ਤੱਕ ਹੱਸੋ ਕਿ ਤੁਹਾਡਾ ਹਾਸਾ ਹੀ ਕੁਦਰਤ ਬਣ ਜਾਏ ਅਤੇ ਤੁਹਾਡੀਆਂ ਅੱਖਾਂ ਨਮ ਹੋ ਜਾਣ ਫਿਰ ਵੇਖੋ ਤੁਹਾਡੇ ਅੰਦਰ ਸ਼ਕਤੀ ਦਾ ਸੰਚਾਰ ਕਿਸ ਵੇਗ ਨਾਲ ਹੁੰਦੈ। ਗੈਰ-ਕੁਦਰਤੀ ਹਾਸਾ ਅਤੇ ਕਿਸੇ ਨੂੰ ਬੇਇਜ਼ਤ ਕਰਨ ਲਈ ਹੱਸਣਾ ਸ਼ਕਤੀ-ਹੀਣਤਾ ਦੀ ਨਿਸ਼ਾਨੀ ਹੈ। ਅੱਜ ਕਲ੍ਹ ਕੁਦਰਤੀ ਹਾਸਾ ਲੱਭਿਆਂ ਨਹੀ ਲੱਭਦਾ। ਯੋਗਾ ਵਾਲੇ ਹਸਣਾ ਸਿਖਾਉਂਦੇ ਹਨ ਪਰ ਕੁਦਰਤੀ ਹਾਸਾ ਨਹੀ ਬਨਾਵਟੀ। ਬਨਾਵਟ ਕਦੀ ਵੀ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਦੀ। ਹਾਂ, ਬਨਾਵਟ ਫਾਇਦਾ ਕਰਨ ਦੀ ਬਜਾਏ ਨੁਕਸਾਨ ਜ਼ਰੂਰ ਕਰ ਸਕਦੀ ਹੈ

ਜੇ ਹਲਕਾ-ਫੁਲਕਾ ਸ਼ਾਕਾਹਾਰੀ ਭੋਜਨ ਆਪਣੇ ਪਰਿਵਾਰ ਵਿੱਚ ਬੈਠ ਕੇ ਕੀਤਾ ਜਾਵੇ ਤਾਂ ਤੁਸੀਂ ਖਾਣਾ ਖਾਣ ਦਾ ਆਨੰਦ ਲੈ ਸਕਦੇ ਹੋ।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥
(1379-8, ਸਲੋਕ, ਸੇਖ ਫਰੀਦ ਜੀ)


ਭੋਜਨ ਤੋਂ ਹੀ ਸਾਨੂੰ ਊਰਜਾ ਮਿਲਦੀ ਹੈ। ਜੇ ਤੁਸੀਂ ਬਿਲਕੁਲ ਸਾਦਾ ਭੋਜਨ ਸ਼ਾਂਤਮਈ ਮਾਹੌਲ ਅਤੇ ਹਲਕੇ ਕਲਾਸੀਕਲ ਸੰਗੀਤ ਦੀ ਸੰਗਤ ਵਿੱਚ ਕਰੋ ਤਾਂ ਤੁਹਾਨੂੰ ਉਸ ਤੋਂ ਕਈ ਗੁਣਾਂ ਜਿਆਦਾ ਊਰਜਾ ਮਿਲੇਗੀ ਉਸ ਪੌਸ਼ਿਟਕ ਭੋਜਨ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਨਾਲੋਂ ਜਿਹੜਾ ਗਲਤ ਮਾਹੌਲ ਵਿੱਚ ਕੀਤਾ ਜਾਂਦਾ ਹੈ। ਭੋਜਨ ਕਰਨ ਸਮੇਂ ਧਿਆਨ ਖਾਣੇ ਵਿੱਚ ਹੀ ਹੋਣਾ ਚਾਹੀਦੈ ਹੈ ਨਾ ਕਿ ਟੈਲੀਵੀਜ਼ਨ ਤੋਂ ਪ੍ਰਸਾਰਤ ਹੋਣ ਵਾਲੇ ਸੀਰੀਅਲ ਵਿਚ। ਜੇ ਖਾਣਾ ਖਾਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਬਾਅਦ ਕੁਦਰਤ ਦਾ ਧੰਨਵਾਦ ਕਰ ਦਿਤਾ ਜਾਵੇ ਤਾਂ ਭੋਜਨ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਦਾ ਅਨੰਦ ਕਾਫੀ ਸਮੇਂ ਤੱਕ ਲਿਆ ਜਾ ਸਕਦਾ ਹੈ। ਵਿਆਹ ਸ਼ਾਦੀਆਂ ਦਾ ਭੋਜਨ ਸ਼ਕਤੀ ਵਿੱਚ ਵਾਧਾ ਕਰਨ ਦੀ ਥਾਂ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ:

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥ 28॥
(1379-7, ਸਲੋਕ, ਸੇਖ ਫਰੀਦ ਜੀ)


ਵਿਆਹ ਸ਼ਾਦੀਆਂ ਦਾ ਅਨੰਦ ਮਾਣੋ ਪਰ ਆਪਣੇ ਆਪ ਨੂੰ ਕੰਟਰੋਲ ਵਿੱਚ ਕਰਦੇ ਹੋਏ। ਜ਼ਿਆਦਾ ਪੀਣਾ ਤੇ ਜ਼ਿਆਦਾ ਖਾਣਾ ਦੋਵ੍ਹੇਂ ਸਿਹਤ ਲਈ ਨੁਕਸਾਨਦਾਇਕ ਹਨ। ਇਹ ਨਾ ਹੋਵੇ ਕਿ ਇੱਕ ਦਿਨ ਤੁਸੀ ਵਿਆਹ ਦਾ ਆਨੰਦ ਮਾਣੋ ਤੇ ਫਿਰ ਇੱਕ ਹਫਤਾ ਡਾਕਟਰ ਤੁਹਾਡੀ ਜੇਬ੍ਹ ਦਾ ਆਨੰਦ ਮਾਣਨ।
ਇਨਸਾਨ ਸੁੰਦਰਤਾ ਦਾ ਹਮੇਸ਼ਾ ਕਾਇਲ ਰਿਹਾ ਹੈ। ਸੁੰਦਰਤਾ ਵੇਖ ਕੇ ਉਹ ਪਾਗਲ ਹੋ ਉਠਦਾ ਹੈ। ਉਸ ਨੂੰ ਹਾਸਲ ਕਰਨ ਲਈ ਜਾਇਜ਼-ਨਾਜਾਇਜ਼ ਹਰ ਤਰੀਕਾ ਅਪਣਾਉਂਦਾ ਹੈ ਪਰ ਉਸ ਦੇ ਹੱਥ ਨਹੀ ਆਉਂਦੀ। ਸੁੰਦਰਤਾ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਫੜਿਆ ਨਹੀਂ ਜਾ ਸਕਦਾ। ਫੁੱਲਾਂ ਨੂੰ ਵੇਖੋ, ਉਹ ਅਸੀਮ ਸੁੰਦਰਤਾ ਦੇ ਪ੍ਰਤੀਕ ਅਤੇ ਕੁਦਰਤੀ ਕਲਾ ਦੇ ਅਦਭੁਤ ਨਮੂਨੇ ਹਨ। ਕੁਦਰਤ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਜਾਇਆ ਸੰਵਾਰਿਆ ਹੈ। ਤੁਸੀਂ ਉਨ੍ਹਾਂ ਦੀ ਸੁੰਦਰਤਾ ਨੂੰ ਆਪਣੀ ਮੁੱਠੀ ਵਿੱਚ ਨਹੀਂ ਭਰ ਸਕਦੇ ਜੇ ਇਸ ਨੂੰ ਮਸਲਨ ਦੀ ਕੋਸ਼ਿਸ ਕਰੋਗੇ ਤਾਂ ਮੂਰਖ ਕਹਿਲਾਓਗੇ, ਜਿਵੇਂ ਰਾਵਣ ਮੂਰਖ ਕਹਿਲਾਇਆ ਸੀ। ਸੁੰਦਰਤਾ ਨੂੰ ਕੇਵਲ ਨਿਹਾਰੋ ਨਾ ਕਿ ਇਸ ਨੂੰ ਅਪਨਾਉਣ ਲਈ ਪਾਗਲ ਹੋ ਜਾਓ। ਸੁੰਦਰਤਾ ਨੂੰ ਨਿਹਾਰਨ ਨਾਲ, ਉਸ ਨੂੰ ਮਹਿਸੂਸ ਕਰਨ ਨਾਲ ਅਤੇ ਇਸ ਸੁੰਦਰਤਾ ਦੀ ਰਚੇਤਾ ‘ਕੁਦਰਤ’ ਦਾ ਧੰਨਵਾਦੀ ਹੋਣ ਨਾਲ ਤੁਹਾਡੇ ਅੰਦਰ ਊਰਜਾ ਦਾ ਸੰਚਾਰ ਹੋਵੇਗਾ, ਤੁਹਾਡੇ ਚਿਹਰੇ ਤੇ ਵੀ ਖੇੜਾ ਆਏਗਾ ਅਤੇ ਆਹਿਸਤਾ ਆਹਿਸਤਾ ਤੁਸੀ ਵੀ ਉਸੇ ਸੁੰਦਰਤਾ ਦੇ ਪ੍ਰਤੀਕ ਬਣ ਜਾਓਗੇ। ਜੇ ਤੁਸੀਂ ਆਪਣੀ ਸ਼ਕਤੀ ਜਾਂ ਦੌਲਤ ਦੇ ਬਲ-ਬੂਤੇ ਤੇ ਇਸ ਨੂੰ ਮਸਲਣ ਦੀ ਕੋਸ਼ਿਸ ਕੀਤੀ ਤਾਂ ਰਾਵਣ ਵਾਂਗੂੰ ਸ਼ਕਤੀਹੀਨ ਵੀ ਹੋ ਸਕਦੇ ਹੋ।
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਅਨੁਸਾਰ ਮਨੁੱਖ ਸ਼ਕਤੀ ਦਾ ਇੱਕ ਵਿਸ਼ਾਲ ਸੋਮਾ ਹੈ। ਜਿਹੜਾ ਇਨਸਾਨ ਸ਼ਕਤੀ ਦਾ ਇਸਤੇਮਾਲ ਠੀਕ ਢੰਗ ਨਾਲ ਕਰਨਾ ਸਿਖ ਗਿਆ, ਉਹ ਪੀਰ, ਪੈਗੰਬਰ, ਸੰਤ ਜਾਂ ਸੂਰਬੀਰਾਂ ਦੇ ਵਿਸ਼ੇਸਣ ਨਾਲ ਪੂਜਿਆ ਜਾਂਦਾ ਹੈ ਨਹੀਂ ਤਾਂ ਗਲਤ ਵਰਤੋਂ ਸਦਕਾ ਉਸ ਨੂੰ ਹਰ ਸਾਲ ਰਾਵਣ ਵਾਂਗੂੰ ਸਾੜਿਆ ਵੀ ਜਾਂਦਾ ਹੈ।
.