.

ਸਿੱਖ ਧਰਮ `ਚ ਆ ਚੁੱਕਾ:
ਜਾਤ ਪਾਤ ਦਾ ਕੋੜ੍ਹ
‘ਭਨਿਆਰੇ,’ ‘ਆਸੂਤੋਸ਼ਾਂ’ ਨੂੰ ਜਨਮ ਦੇਣ ਵਾਲੇ ਕੌਣ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਗੁਰਬਾਣੀ ਦੀ ਸੇਧ ਅਤੇ ਅਸੀਂ- ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਧਰਮ ਦੀ ਜੜ੍ਹ ਕਿੱਥੇ ਹੈ, ਦੂਜਿਆਂ ਨੂੰ ਸਮਝ ਆ ਗਈ ਪਰ ਸਾਨੂੰ ਵਿਸਰ ਚੁੱਕਾ ਹੈ। ਦਰਅਸਲ ਅਜ ਜੋ ਸਾਡੀ ਹਾਲਤ ਹੈ ਉਸਨੂੰ ਬਾਣੀ `ਚ ਕਬੀਰ ਸਾਹਿਬ ਇਉਂ ਬਿਆਨਦੇ ਹਨ “ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ” (ਪੰ: 335) ਇਹੀ ਹੈ ਅਜ ਸਾਡੇ ਸਿੱਖ ਅਖਵਾਉਣ ਦੀ ਸੱਚਾਈ। ਅਜ ਅਸਾਂ ਅਪਣੇ ਸਿੱਖੀ ਜੀਵਨ `ਚ ਗੁਰਬਾਣੀ ਜੀਵਨ-ਜਾਚ ਲਈ ਸਾਰੇ ਦਰਵਾਜ਼ੇ ਬੰਦ ਕਰ ਰਖੇ ਹਨ। ਸਿੱਖ ਧਰਮ `ਚ ਜਿੱਥੇ ਜਾਤ-ਗੋਤ ਨੂੰ ਕੋਈ ਥਾਂ ਹੈ ਹੀ ਨਹੀਂ, ਅਜ ਇਹ ਕੋੜ੍ਹ ਸਾਡੀ ਰਗ ਰਗ `ਚ ਸਮਾ ਚੁੱਕਾ ਹੈ। ਇਸੇ ਲਈ ਅਜ ‘ਭਨਿਆਰੇ,’ ‘ਆਸੂਤੋਸ਼’, ‘ਸਚੇ ਸੋਦੇ’, ‘ਸੰਤ-ਬਾਬੇ-ਮਹਾਪੁਰਸ਼ ਜੋਕਾਂ ਬਣਕੇ ਸਾਡਾ ਖੂਨ ਚੂਸ ਰਹੇ ਹਨ। ਹੋ ਸਕਦਾ ਹੈ, ਕੁੱਝ ਇਹ ਵੀ ਕਹਿਣ ਕਿ ਇਹਨਾਂ ਦੋਨਾਂ ਗਲਾਂ ਦਾ ਕੋਈ ਜੋੜ ਨਹੀਂ ਪਰ ਇਸੇ ਸਚਾਈ ਨੂੰ ਅਸਾਂ ਇਸ ਗੁਰਮਤਿ ਪਾਠ ਰਾਹੀਂ ਘੋਖਣਾ ਹੈ।
ਜਿਥੇ ਬਾਬਾ ਪੈਰ ਧਰੇ- ਕਲ ਤੀਕ ਸਾਡੀ ਚੱੜ੍ਹਤ ਨੂੰ ਭਾ: ਗੁਰਦਾਸ ਇਸ ਤਰ੍ਹਾਂ ਬਿਆਨਦੇ ਸਨ, “ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ” (੧/੨੭) ਪਰ ਉਸਦੇ ਉਲਟ ਅਜ ਸਾਡੀ ਕੀ ਹਾਲਤ ਹੈ, ਜਦੋ ਕੁੱਝ ਗਹਿਰਾਈ ਵਲ ਵਧਾਂਗੇ ਤਾਂ ਪਤਾ ਲਗੇਗਾ ਕਿ ਇਸ `ਚ ਵੱਡੀ ਜ਼ਿਮੇਵਾਰੀ ਉਸ ਜ਼ਾਤ-ਪਾਤ ਤੇ ਗੋਤ ਦੇ ਵਲੇਵੇਂ ਦੀ ਹੈ ਜਿਸ ਨੂੰ ਅਜ ਅਸੀਂ ਬੜੀ ਲਾਪਰਵਾਹੀ ਨਾਲ ਸੰਭਾਲ ਚੁੱਕੇ ਹਾਂ। ਪੰਜਾਬ, ਜਿੱਥੇ ਨੌ ਪਾਤਸ਼ਾਹੀਆਂ ਦਾ ਆਗਮਨ ਹੋਇਆ, ਜਿੱਥੇ ਅਪਣੇ ਆਪ ਨੂੰ ਸਿੱਖਾਂ ਦੀ ਕੇਂਦ੍ਰੀ ਸੰਸਥਾ ਕਹਿਣ ਵਾਲੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੈ, ਜਿਥੇ ਮਨੇ ਜਾ ਰਹੇ ਪੰਜ ਤਖਤਾਂ ਵਿਚੋ ਤਿੰਨ ਤਖਤ ਹਨ। ਉਥੇ ਅਜ ਜੋ ਸਾਡੀ ਹਾਲਤ ਹੈ ਉਹ ਇਹ ਕਿ ਲਗਭਗ 98% ਦੇ ਕਰੀਬ ਸਿੱਖ ਪਨੀਰੀ, ਸਿੱਖੀ ਨੂੰ ਤਿਆਗ ਚੁੱਕੀ ਹੈ। ‘ਡੇਰਾ ਬਾਬਾ ਨਾਨਕ’ ਜਿੱਥੇ ਗ਼ੈਰ-ਸਿੱਖ ਨਜ਼ਰ ਨਹੀਂ ਸੀ ਆਉਂਦਾ, ਚੱਪੇ-ਚੱਪੇ ਤੇ ਗਿਰਜਾਘਰ ਖੜੇ ਹੋ ਚੁੱਕੇ ਹਨ, ਕਿਉਂ? ਇੱਕ ਬਿਹਾਰੀ ਭਈਆ ਆਸੂਤੋਸ਼ ਨੂਰਮਹਲੀਆਂ ਦੇ ਨਾਂ ਤੇ ਆ ਜਾਂਦਾ ਹੈ ਤਾਂ ਉਸ ਕੋਲ ਲਾਈਨਾ ਲਗ ਜਾਂਦੀਆਂ ਹਨ। ਕੋਈ ਪਿਆਰਾ ਸਿੰਘ, ਭਨਿਆਰੇ ਦੇ ਨਾਂ ਤੇ ਬੋਗਸ ਗ੍ਰੰਥ ਰਚ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਮਹਾਨ ਹਸਤੀ ਨੂੰ ਵੰਗਾਰ ਰਿਹਾ ਹੈ ਤਾਂ ਉਸਦੀ ਹਾਮੀ ਭਰਨ ਵਾਲੇ ਹੋਰ ਘੱਟ ਬਲਕਿ ਸਿੱਖੀ ਸਰੂਪ `ਚ ਹਨ। ਕੋਈ ਗੁਗੇ ਦਾ ਅਵਤਾਰ ਬਣ ਬੈਠਦਾ `ਤੇ ‘ਗੁਰੂ ਗ੍ਰੰਥ ਸਾਹਿਬ’ ਦੀ ਬੀੜ ਦਾ ਪ੍ਰਕਾਸ਼ ਕਰਕੇ, ਦੁਆਲੇ ਫੁੰਕਾਰੇ ਮਾਰਦਾ ਹੈ ਤਾਂ ਉਸਦੀ ਮਾਨਤਾ। ਸ਼ਰਾਬ ਦਾ ‘ਪ੍ਰਸ਼ਾਦ’ ਪ੍ਰਵਾਣ ਕਰਨ ਤੇ ਵੰਡਣ ਵਾਲੇ ਇਸੇ ਗੁਰੂ ਦੀ ਨਗਰੀ `ਚ ਸੰਗਤਾਂ ਦੇ ਜੀਵਨ ਨਾਲ ਖੇਡ ਰਹੇ ਹਨ। ਗੁਰੂਡੰਮਾਂ ਦੇ ਸੰਚਾਲਕ ਰਾਧਾਸੁਆਮੀਆਂ, ਨਿਰੰਕਾਰੀਆਂ, ਸਚੇਸੋਦੇ, ‘ਦਾਸ ਧਰਮ’ ਵਾਲਿਆਂ ਦੇ ਨੇੜੇ ਹੋ ਕੇ ਦੇਖੋ, ਉਥੇ ਵੀ ਉਹ ਹੀ ਹਨ ਜਿਹੜੇ ਕਲ ਤੀਕ ਸਿੱਖ ਸਨ। ਗੋਲ ਪਗਾਂ ਵਾਲੇ ‘ਸੰਤ, ਬਾਬੇ, ਸਾਧ, ਮਹਾਪੁਰਸ਼ਾਂ’ ਦੀਆਂ ਡਾਰਾਂ ਲਗੀਆਂ ਹਨ, ਉਹ ਵੀ ਪੰਜਾਬ `ਚ। ਇਨ੍ਹਾਂ ਕੋਲ ਜਾਣ ਵਾਲਿਆਂ ਦੇ ਨੇੜੇ ਹੋ ਕੇ ਦੇਖੋ, ਆਪੇ ਸਾਰੀ ਗਲ ਸਮਝ `ਚ ਆ ਜਾਵੇਗੀ।
ਇਨ੍ਹਾਂ ਕੋਲ ਹਰ ਪਾਸੇ ਜੋ ਲਾਈਨਾ ਲਗੀਆਂ ਹਨ, ਬਹੁਤੇ ਉਹ ਹਨ ਜੋ ਕਲ ਤੀਕ ਸਿੱਖ ਸਨ ਅਤੇ ਅਜੇ ਵੀ ਜਨਗਨਣਾਂ ਸਮੇਂ ਅਪਣੇ ਆਪ ਨੂੰ ਸਿੱਖ ਹੀ ਲਿਖਵਾ ਰਹੇ ਹਨ, ਪਰ ਉਨ੍ਹਾਂ `ਚੋ ਬਹੁਤਿਆਂ ਦਾ ਰਿਸ਼ਤਾ ਸਿੱਖੀ ਨਾਲੋਂ ਮੁੱਕ ਚੁੱਕਾ ਹੈ। ਇਹ ਕੁੱਝ ਇਸ਼ਾਰੇ ਹਨ, ਗਹਿਰਾਈ ਤਾਂ ਹੋਰ ਵੀ ਲੂੰ-ਕੰਡੇ ਖੜੇ ਕਰਨ ਵਾਲੀ ਹੈ। ਇਹ ਸਭ ਉਨ੍ਹਾਂ ਦੇ ਕਾਰਣ ਹੋ ਰਿਹਾ ਹੈ ਜੋ ਸਿੱਖ ਵੀ ਹਨ ਫ਼ਿਰ ਵੀ ਅਪਣੇ ਆਪ ਨੂੰ ਅਖਵਾਉਂਦੇ ਹਨ ਬੇਦੀ, ਸੋਢੀ, ਮੋਂਗੇ, ਜੁਨੇਜੇ, ਭੰਡਾਰੀ, ਖਰਬੰਦੇ, ਭਾਟੀਏ, ਅਰੋਰੇ. ਖਤਰੀ `ਤੇ ਜਾਤ-ਪਾਤ ਦੀ ਗਹਿਰੀ ਦਲ-ਦਲ `ਚ ਧੱਸੇ ਪਏ ਹਨ। ਇਸ ਗੁਰਮਤਿ ਪਾਠ ਰਾਹੀਂ ਅਸਾਂ ਇਹੀ ਤਾਂ ਦੇਖਣਾ ਹੈ ਕਿ ਇਹ ਕਿਸ ਤਰ੍ਹਾਂ ਜ਼ਿਮੇਵਾਰ ਹਨ ਇਸ ਸਾਰੇ ਵਰਤਾਰੇ ਦੇ?
ਬ੍ਰਾਹਮਣੀ ਵਰਣ ਵੰਡ ਅਤੇ ਗੁਰੂ ਕਾ ਪੰਥ-ਆਓ ਜ਼ਰਾ ਇਸ ਪਾਸੇ ਨਜ਼ਰ ਮਾਰ ਲਈਏ, ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਦੀ ਸੰਭਾਲ ਅਰੰਭ ਕੀਤੀ ਤਾਂ ਸਮਾਜ `ਚ ਉਸ ਸਮੇਂ ਬ੍ਰਾਹਮਣ ਵਲੋਂ ਕੀ ਖੇਡ ਵਰਤ ਰਹੀ ਸੀ। ਇਸਤੋਂ ਬਾਦ ਅਸਾਂ ਇਹ ਵੀ ਦੇਖਣਾ ਹੈ ਕਿੱਧਰੇ ਅਜ ਅਸੀਂ ਉਸ ਤੋਂ ਵੀ ਦੋ ਕਦਮ ਅਗੇ ਤਾਂ ਨਹੀਂ ਨਿਕਲ ਚੁੱਕੇ? ਕੀ ਇਹ ਸਭ ਉਸੇ ਦਾ ਹੀ ਖੁਮਿਆਜ਼ਾ ਤਾਂ ਨਹੀਂ ਭੋਗ ਰਹੇ। ਉਦੋਂ ਬਹੁਤਾ ਕਰਕੇ ਸਮਾਜ ਦਾ ਆਗੂ ਬ੍ਰਾਹਮਣ ਹੀ ਸੀ ਅਤੇ ਬ੍ਰਾਹਮਣ ਨੇ ਕੁਟਲਨੀਤੀ ਨਾਲ, ਸਮਾਜ ਦੀ ਵਰਣ ਵੰਡ ਕੀਤੀ ਹੋਈ ਸੀ। ਇਸਤਰ੍ਹਾਂ ਬੜੀ ਚਾਲਾਕੀ ਨਾਲ ਸਾਰੇ ਸਮਾਜ ਨੂੰ, ਉਸਨੇ ਬਿਨਾਂ ਤਨਖਾਹ ਅਪਣਾ ਦੁਬੇਲ ਬਣਾ ਰਖਿਆ ਸੀ। ਕਿਸੇ ਨੇ ਖਤ੍ਰੀ ਅਖਵਾਕੇ ਤੇ ਜਾਨਾਂ ਹੂਲਕੇ ਉਸ ਦੀ ਰਖਿਆ ਕਰਨੀ ਸੀ। ਵੈਸ਼ ਨੇ ਅਪਣੀ ਖੂਨ ਪਸੀਨੇ ਦੀ ਕਮਾਈ, ਓਲਾਦ ਦੇ ਮੂੰਹੋ ਖੋਹ ਕੇ ਦਾਨ-ਪੁੰਨ-ਧਰਮਕਰਮ ਦੇ ਨਾਂ ਤੇ ਉਸੇ ਨੂੰ ਦੇਣੀ ਸੀ। ਸਭ ਤੋਂ ਮਾੜੀ ਹਾਲਤ, ਜਿਥੋਂ ਸਮਾਜ ਪੂਰੀ ਤਰ੍ਹਾਂ ਤੱਬਾਹ ਹੋਇਆ `ਤੇ ਭਾਰਤ ਲੰਮੀ ਗੁਲਾਮੀ ਦਾ ਕਾਰਣ ਬਣਿਆ, ਉਹ ਬੱਦਨਸੀਬ ਲੋਕ ਸਨ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਉਨ੍ਹਾਂ ਦਾ ਕੰਮ ਕੇਵਲ ਵਿਸ਼ਟਾ ਚੁਕਣੀ, ਦੂਜਿਆਂ ਦੇ ਕਪੜੇ ਧੋਣੇ, ਜੁਤੀਆਂ ਗੰਢਣੀਆਂ ਭਾਵ ਹਰ ਤਰੀਕੇ ਬਾਕੀ ਵਰਗਾਂ ਦੀ ਸੇਵਾ ਕਰਨਾ ਹੀ ਸੀ। ਫ਼ਿਰ ਵੀ ਬਦਲੇ `ਚ ਉਨ੍ਹਾਂ ਨੂੰ ਮਿਲ ਰਹੀ ਸੀ ਨਫ਼ਰਤ, ਗਿਲਾਨੀ `ਤੇ ਹਰ ਸਮੇਂ ਦੀ ਛੀ: ਛੀ: । ਉਸਦੇ ਪ੍ਰਛਾਵੇਂ ਤੋਂ ਵੀ ਉੱਚੀ ਜਾਤ ਵਾਲੇ ਭਿੱਟ ਰਹੇ ਸਨ। ਹੋਰ ਤਾਂ ਹੋਰ ਅਪਣੇ ਆਪ ਨੂੰ ਬ੍ਰਹਮਾ ਦਾ ਮੂੰਹ ਦਸਣ ਵਾਲਾ ਬ੍ਰਾਹਮਣ, ਦੇਵੀਆਂ-ਦੇਵਤੇ-ਭਗਵਾਨ, ਵਹਿਮ-ਸਹਿਮ, ਸਗਣ-ਉਪਾਅ, ਰੀਤਾਂ-ਰਸਮਾ, ਟੇਵੇ-ਟੂਣੇ-ਮਹੂਰਤਾਂ-ਜਨਮਕੁੰਡਲੀਆਂ ਆਦਿ ਕਰਮਕਾਂਡਾਂ ਦਾ ਵੱਡਾ ਮੱਕੜੀਜਾਲ ਬੁਣ ਕੇ ਬਾਕੀ ਤਿੰਨਾਂ ਵਰਗਾਂ ਦਾ ਖੂਨ ਚੂਸ ਰਿਹਾ ਸੀ। ਇਸੇ ਰਸਤੇ ਇਨ੍ਹਾਂ ਸਾਰਿਆਂ ਦੀ ਕਮਾਈ ਦਾ ਵੱਡਾ ਹਿੱਸਾ ਇਸੇ ਕੋਲ ਪੁੱਜਦਾ ਸੀ। ਹੋਰ ਤਾਂ ਹੋਰ, ਚੋਹਾਂ ਹੀ ਵਰਣਾ ਲਈ ਬ੍ਰਾਹਮਣ ਦੇ ਉਪਦੇਸ਼, ਰਹਿਣ-ਸਹਿਣ, ਦਾਨ-ਪੁੰਨ, ਧਰਮ-ਕਰਮ ਅਦਿ ਦੇ ਢੰਗ ਵੀ ਇੱਕ ਦੂਜੇ ਲਈ ਕਾਟਵੇਂ, ਵਿਰੋਧੀ ਤੇ ਭਿੰਨ-ਭਿੰਨ ਸਨ ਤਾਕਿ ਇਹ ਕਦੇ ਇੱਕ ਦੂਜੇ ਦੇ ਨਾੜੇ ਨਾ ਆ ਸਕਣ।
ਉਪਦੇਸੁ ਚਹੁ ਵਰਨਾ ਕਉ ਸਾਂਝਾ- ਹੁਣ ਇਸ ਵਿਸ਼ੇ ਤੇ ਦਰਸ਼ਨ ਕਰੋ ਗੁਰੂਦਰ ਦੇ, ਫ਼ੈਸਲਾ ਹੈ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ” (ਪੰ: 747)। ਸਾਫ਼ ਕਰ ਦਿੱਤਾ ਕਿ ਗੁਰੂ ਦਾ ਉਪਦੇਸ਼, ਬਿਨਾ ਵਿੱਤਕਰਾ ਵਰਣ-ਜਾਤ-ਧਰਮ ਸਾਰੇ ਮਨੁੱਖਾਂ ਲਈ ਇਕੋ ਹੈ। ਇਹ ਜਾਤਾਂ-ਵਰਣਾ ਵਾਲੀ ਵੰਡੀ ਰੱਬ ਨੇ ਨਹੀਂ, ਮਨੁਖ ਨੇ ਪਾਈ ਹੈ। ਸਾਰਿਆਂ ਅੰਦਰ ਇਕੋ ਪ੍ਰਭੁ ਦਾ ਹੀ ਨੂਰ ਵੱਸ ਰਿਹਾ ਹੈ। ਫ਼ਰਜ਼ੀ ਵਰਣਾ ਦੀਆਂ ਦਿਵਾਰਾਂ ਖੜੀਆਂ ਕਰ ਲੈਣ ਨਾਲ, ਕਿਸੇ ਲਈ ਜੀਵਨ ਰਾਹ `ਤੇ ਉਪਦੇਸ਼ ਭਿੰਨ-ਭਿੰਨ ਨਹੀਂ ਹੋ ਜਾਂਦੇ। ਇਸ ਤਰੀਕੇ ਜਦੋਂ ਬ੍ਰਾਹਮਣ ਦੀ ਜੜ੍ਹ, ਵਰਣ-ਵੰਡ ਨੂੰ ਹੀ ਗੁਰੂ ਸਾਹਿਬ ਨੇ ਠੁੱਕਰਾ ਦਿੱਤਾ ਤਾਂ ਸੋਚਣ ਦੀ ਗਲ ਹੈ, ਅਜ ਅਸਾਂ ਕੀ ਕਰ ਰਹੇ ਹਾਂ? ਕਿਉਂਕਿ ਅਸੀਂ ਵੀ ਤਾਂ ‘ਸਿੰਘ-ਕੋਰ’ ਵਾਲੀ ਗੁਰੂ ਬਖਸ਼ੀ ਅਪਣੀ ਪ੍ਰਵਾਰਕ ਵਿਰਾਸਤ ਨੂੰ ਪਿਛੇ ਪਾ ਕੇ, ਵਰਣ ਵੰਡ ਸੂਚਕ ਉਨ੍ਹਾਂ ਜਾਤਾਂ-ਗੋਤਾਂ ਦੇ ਹੀ ਮੁੱਦਈ ਬਣੇ ਬੈਠੇ ਹਾਂ। ਅਪਣੀ ਹੱਦ ਟੱਪ ਕੇ, ਆਪਹੁੱਦਰੇ ਹੋ ਜਾਣਾ ਕੀ ਇਹ ਗੁਰੂ ਦੀ ਅਵਗਿਆ ਨਹੀਂ? ਜਦੋਂ ਕੁੱਝ ਹੋਰ ਗਹਿਰਾਈ `ਚ ਜਾਣ ਦਾ ਜੱਤਨ ਕਰਾਂਗੇ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਪੰਥ ਦੁਸ਼ਮਣ ਆਸ਼ੂਤੋਸ਼ਾਂ, ਭਨਿਆਰਿਆਂ ਨੂੰ ਜਨਮ ਦੇਣ ਦਾ ਵੱਡਾ ਕਾਰਣ ਹੀ ਇਹੀ ਹੈ। ਸਾਡੇ ਨਾਵਾਂ ਨਾਲ ਚਿਪਕਿਆ ਜ਼ਾਤ-ਗੋਤ ਵਾਲਾ ਕੋੜ੍ਹ, ਇਹੀ ਹੈ ਪੰਥ ਦਾ ਖੂਨ ਚੂਸ ਰਹੀਆਂ ‘ਜੋਕਾਂ’।
ਹੱਥਲੇ ਗੁਰਮਤਿ ਪਾਠ `ਚ ‘ਜਾਤ-ਪਾਤ’ ਕੇਵਲ ਵਿਸ਼ਾ ਹੈ, ਸਿੱਖੀ ਪਖੋਂ ਸਾਡੀ ਅਜੌਕੀ ਹਾਲਤ ਤਾਂ ‘ਹਰ ਡਾਲ ਪੇ ਉਲੂ ਬੈਠਾ ਹੈ, ਅੰਜਾਮ ਏ ਗੁਲਸਤਾਨ ਕਿਆ ਹੋਗਾ’ ਗੁਰਬਾਣੀ ਦੀ ਜਿਸ ਵੀ ਜੀਵਨ ਸੇਧ ਦੀ ਗਲ ਕਰੀਏ, ਸਾਡੀ ਹਾਲਤ ਇਹੀ ਬਣੀ ਪਈ ਹੈ। ਅਜ ਤਾਂ ਜਿਵੇਂ ਅਸਾਂ ਸਹੁੰ ਖਾ ਰਖੀ ਹੈ ਕਿ ਚਲਣਾ ਹੀ ਗੁਰਬਾਣੀ ਦੇ ਉਲਟ ਹੈ, ਮੱਥਾ ‘ਗੁਰੂ ਗ੍ਰੰਥ ਸਾਹਿਬ ਜੀ’ ਅਗੇ ਟੇਕਦੇ ਰਵਾਂਗੇ। ਗੁਰਬਾਣੀ ਸਾਡੇ ਲਈ ਅਜ ਜੀਵਨ ਜਾਚ ਨਹੀਂ, ਬਲਕਿ ਗੁਰਬਾਣੀ ਦੀ ਵਰਤੋਂ ਕਰਕੇ ਸ਼ਤਾਬਦੀਆਂ, ਕੀਰਤਨ-ਦਰਬਾਰ, ਚੌਧਰਾਂ, ਸਿੱਖੀ ਜੀਵਨ ਤੇ ਸੋਝੀ ਹੀਣੇ ਚਾਪਲੂਸ ਝੋਲੀਚੁੱਕ ਪ੍ਰਚਾਰਕਾਂ-ਕਥਾਵਾਚਕਾਂ-ਗੁਰਦੁਆਰਾ ਚੋਣਾ ਦੇ ਮਹਾ ਪਲੀਤ ਰਸਤੇ ਗੁਰਦੁਆਰਿਆਂ ਤੇ ਕਾਬਿਜ਼ ਪ੍ਰਬੰਧਕਾਂ ਦੀ ਸਲਤਨਤ ਬਣਿਆ ਪਿਆ ਹੈ। ਖੈਰ! ਇਥੇ ਵਿਸ਼ੇ ਜਾਤ-ਗੋਤ ਦਾ ਹੈ, ਅਖੌਤੀ ਸ਼ੂਦਰਾਂ ਦੇ ਵਿਸ਼ੇ ਤੇ ਬਾਣੀ `ਚ ਕਬੀਰ ਸਾਹਿਬ ਬ੍ਰਾਹਮਣ ਨੂੰ ਇਥੋਂ ਤੀਕ ਵੰਗਾਰਦੇ ਹਨ, ਐ ਬ੍ਰਾਹਮਣ “ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ੧ ॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ੨ ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ. . (ਪੰ: 324)। ਕੇਵਲ ਸ਼ੂਦਰ ਦੀ ਤਾਂ ਗਲ ਹੀ ਕੀ ਹੈ, ਬ੍ਰਾਹਮਣ ਦੀ ਚਾਰ ਵਰਣਾਂ ਵਾਲੀ ਕਾਣੀ ਵੰਡ ਨੇ ਮਨੁੱਖੀ ਭਾਈਚਾਰੇ ਦਾ ਸਦਾ ਤੋਂ ਅਜੇਹਾ ਘਾਣ ਕੀਤਾ, ਕਿ ਅਖੌਤੀ ਧਰਮ ਪ੍ਰਧਾਨ ਦੇਸ਼ ਭਾਰਤ `ਚ, ਭਾਰਤੀ ਲੋਕ ਸਦਾ ਨੇਕ ਨੀਯਤੀ ਨਾਲ ਧਰਮੀ ਬਣਕੇ ਵੀ, ਸੱਚੇ ਇਲਾਹੀ ਧਰਮ ਦੇ ਕਦੇ ਨੇੜੇ ਨਾ ਜਾ ਸਕੇ।
“ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ” -ਸੱਚਾਈ ਇਹ ਹੈ ਕਿ ਅਣਜਾਣੇ ਜਿਹੜੀਆਂ ਜਾਤ-ਗੋਤ ਵਾਲੀਆਂ ਲਾਹਣਤਾਂ ਅਜ ਅਸੀਂ ਅਪਣੇ ਨਾਵਾਂ ਨਾਲ ਚੰਬੋੜੀ ਬੈਠੇ ਹਾਂ, ਇਹ ਦੋ ਪਾਸਿਓ ਸਾਡੇ ਅੰਦਰੋਂ ਸਿੱਖੀ ਨੂੰ ਮੁੱਕਾ ਰਹੀਆਂ ਹਨ। ਪਹਿਲਾ-੨੩੯ ਸਾਲਾਂ ਦੀ ਘਾਲਣਾ ਘਾਲ ਕੇ ਦੱਸਵੇਂ ਨਾਨਕ ਨੇ ਸਾਨੂੰ ‘ਸਿੰਘ-ਕੋਰ’ ਵਾਲੇ ਸਾਂਝੇ ਪ੍ਰਵਾਰ ਦਾ ਰੂਪ ਦਿੱਤਾ ਤਾਕਿ ‘ਸਿੰਘ-ਕੌਰ’ ਵਾਲੇ ਮਕਾਨ ਦੀਆਂ ਮਜ਼ਬੂਤ ਦਿਵਾਰਾਂ ਅੰਦਰ ਬੈਠਕੇ ਅਸੀਂ ਅਪਣੇ ਰੱਬੀ ਭਾਈਚਾਰੇ ਤੇ ਫੱਖਰ ਕਰ ਸਕੀਏ ਤੇ ਵਰਣ-ਵੰਡ ਵਾਲੀ ਬਦਬੂ ਸਾਡੇ ਵਿਹੜੇ ਨਾ ਆਵੇ। ਦੂਜਾ- ਜੰਜੂ ਵਾਲਾ ਕਰਮਕਾਂਡੀ `ਤੇ ਸਰੀਰ ਪੂਜਾ ਵਾਲੇ ਜਿਸ ਰਸਤੇ ਤੋਂ ਗੁਰੂ ਸਾਹਿਬ ਨੇ ਸਾਡਾ ਪਿੱਛਾ ਛੁਡਾਇਆ ਸੀ, ਜਾਤ-ਵਰਣ-ਗੋਤ ਵਾਲੀਆਂ ਪੂਛਲਾਂ ਦਾ ਨਤੀਜਾ ਅਸਾਂ ਫ਼ਿਰ ਤੋਂ ਗੁਰੂ ਦੀ ਨਿੱਘੀ ਗੋਦ ਚੋਂ ਨਿਕਲ ਕੇ, ਉਸੇ ਬ੍ਰਾਹਮਣੀ ਸਮੁੰਦਰ `ਚ ਹੀ ਗ਼ਰਕ ਹੋਣ ਲਈ ਅਪਣਾ ਰਾਹ ਪੱਧਰਾ ਕਰ ਲਿਆ ਹੈ। ਗੁਰਬਾਣੀ ਰਾਹੀਂ ਇਸ ਜਾਤ-ਪਾਤ ਦੇ ਫਿਨੀਅਰ ਲਈ ਤੀਜੇ ਪਾਤਸ਼ਾਹ ਨੇ ਇਥੋਂ ਤੀਕ ਤਾੜਣਾ ਕੀਤੀ ਹੈ “ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ ੧ ॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ੧ ॥ ਰਹਾਉ॥ ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ ੨ ॥ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮ੍ਾਰਾ॥ ੩ ॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥ ੪ ॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ” (ਪੰ: ੧੧੨੮) ਸੰਖੇਪ “ਐ ਮਨੁੱਖ ਜਾਤ ਦਾ ਗਰਭ ਨ ਕਰ, ਇਹ ਜਾਤ ਦਾ ਗਰਭ ਹੀ ਸਾਰੀਆਂ ਸਮਾਜਕ, ਪ੍ਰਵਾਰਕ ਤੇ ਮਾਨਸਕ ਬੁਰਾਈਆਂ ਦੀ ਜੜ੍ਹ ਹੈ। ਜ਼ਰਾ ਵਿਚਾਰ ਤਾਂ ਸਹੀ, ਅਸੀਂ ਸਾਰੇ ਇਕੋ ਮਿੱਟੀ ਅਤੇ ਉਨ੍ਹਾ ਹੀ ਪੰਜਾਂ ਤੱਤਾ ਦੇ ਬਣੇ ਹਾਂ। ਸਾਡੇ ਸਾਰਿਆਂ ਅੰਦਰ ਨੂਰ ਵੀ ਇਕੋ ਪ੍ਰਭੁ ਦਾ ਹੈ ਤਾਂ ਫ਼ਿਰ ਭਿੰਨ ਭਿੰਨ ਜਾਤ ਕਿਵੇਂ `ਤੇ ਉਸ ਲਈ ਹਉਮੈ ਕਾਹਦੀ? ਲੋੜ ਸੀ ਆਤਮਕ ਗਿਆਨ ਦੀ ਸਾਂਝ ਨਾਲ ਜੀਵਨ ਦੀ ਸੰਭਾਲ ਕਰਨ ਦੀ। ਮਨੁੱਖਾ ਜਨਮ ਲੈਕੇ ਕਰਤਾਰ ਨਾਲ ਇੱਕ ਮਿੱਕ ਹੋਣ ਦੀ। ਕੋਈ ਕਿਸੇ ਵੀ ਵਰਣ `ਚ ਪੈਦਾ ਹੋਇਆ ਹੋਵੇ, ਜੇ ਜੀਵਨ ਦੀ ਸੰਭਾਲ ਹੀ ਨਹੀਂ ਤਾਂ ਬ੍ਰਾਹਮਣ ਵੀ ਜਨਮ ਗੁਆ ਕੇ ਹੀ ਜਾਂਦਾ ਹੈ”। ਜਿਉਂ ਜਿਉਂ ਗੁਰਬਾਣੀ `ਚੋਂ ਦਰਸ਼ਨ ਕਰੋ ਵਿਸ਼ਾ ਹੋਰ ਖੁਲਦਾ ਜਾਵੇਗਾ। ਫ਼ੁਰਮਾਣ ਹੈ “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ” (ਮ੧ਪੰ: ੮੩) ਹੋਰ ਲਵੋ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ” (ਮ: ੧ ਪੰ: ੩੪੯) ਜਾਂ “ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ” (ਪੰ: ੩੬੩) ਸਪੱਸ਼ਟ ਹੈ ਗੁਰਮਤਿ ਅਨੁਸਾਰ ਪ੍ਰਭੁ ਦੇ ਨਿਆਂ `ਚ ਕੇਵਲ ‘ਕਰਣੀ ਕੀਰਤਿ’ ਹੀ ਜੀਵਨ ਸਫਲਤਾ ਦਾ ਪੈਮਾਨਾ ਹੈ। ਫ਼ੈਸਲਾ ਹੈ “ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ” (ਪੰ: ੪੬੯) ਗੁਰਬਾਣੀ ਦਾ ਫ਼ੈਸਲਾ ਹੈ, ਜਾਤ-ਵਰਣ ਮਨੁੱਖ ਦਾ ਅਪਣਾ ਘੜਿਆ ਢੋਂਗ ਹੈ। ਇਹ ਸਾਡੇ ਅੰਦਰ ਊਚ-ਨੀਚ ਦੀ ਭਾਵਨਾ ਨੂੰ ਜਨਮ ਦੇਂਦਾ ਹਉਮੈ ਨੂੰ ਪੱਠੇ `ਤੇ ਮਨੁੱਖ-ਮਨੁੱਖ ਵਿਚਾਲੇ ਵੰਡੀਆਂ-ਪਾੜੇ ਪਾਂਦਾ ਹੈ। ਅਖੌਤੀ ਧਰਮ ਪ੍ਰਧਾਨ ਦੇਸ਼ ਭਾਰਤ `ਚ ਧਰਮ ਦੇ ਪੜਦੇ ਹੇਠ ਮਨੁੱਖ ਦਾ ਜਿਨ੍ਹਾਂ ਸ਼ੋਸ਼ਨ ਹੋਇਆ, ਨਾਸਤਿਕਤਾ ਨੂੰ ਹਵਾ ਮਿਲੀ, ਮੁੱਖ ਕਾਰਣ ਬ੍ਰਾਹਮਣ ਵਲੋਂ ਕੀਤੀ ਇਹ ਵਰਣ-ਵੰਡ ਹੀ ਸੀ। ਇਸਤੋਂ ਵੱਧ, ਇਸੇ ਰਸਤੇ ਬ੍ਰਾਹਮਣ ਅਪਣੇ ਆਪ ਰੱਬ ਦਾ ਠੇਕੇਦਾਰ ਵੀ ਬਣ ਬੈਠਾ ਜਿਸਤੋਂ ਵਰਣ ਵੰਡ ਦੇ ਇਸ ਜਾਲ ਨੂੰ ਤੋੜਣ ਦੀ ਕਦੇ ਕੋਈ ਹਿੰਮਤ ਹੀ ਨਾ ਕਰ ਸਕੇ ਅਤੇ ਉਸ ਦੀ ਪ੍ਰਭੁਸਤਾ ਸਦਾ ਕਾਇਮ ਰਵੇ। ਗੁਰਬਾਣੀ `ਚ ਆਏ ਭਗਤਾਂ ਬਾਰੇ ਤਾਂ ਊਲ-ਜਲੂਲ ਕਹਾਣੀਆਂ ਰਸਤੇ ਉਹ ਉਨ੍ਹਾਂ ਉਪਰ ਵਾਰ ਤਾਂ ਕਰ ਹੀ ਚੁੱਕਾ ਸੀ। ਸੱਚਮੁਚ ਜੇ ਗੁਰੂ ਪਾਤਸ਼ਾਹ ਸਾਡੀ ਬਾਂਹ ਨਾ ਫੜਦੇ ਅਤੇ ਬਖਸ਼ਿਸ਼ ਨਾ ਕਰਦੇ ਤਾਂ ਕਿਸੇ ਨੂੰ ਸਮਝ ਵੀ ਨਹੀਂ ਸੀ ਆਉਣੀ ਕਿ ਮਨੁੱਖ ਦਾ ਇਲਾਹੀ ਧਰਮ ਅਤੇ ਆਪਸੀ ਭਾਈਚਾਰਾ ਹੈ ਕੀ?
“ਭੂਖੇ ਭਗਤਿ ਨ ਕੀਜੈ” - ਗਹਿਰਾਈ ਤੋਂ ਵਿਚਾਰੋ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਪ੍ਰਸਾਰ ਦਾ ਆਰੰਭ ਹੀ ਮਨੁੱਖ ਦੀਆਂ ਮੂਲ ਲੋੜਾਂ ਤੋਂ ਕੀਤਾ ਹੈ। ਪਹਿਲਾ-ਮਨੁੱਖ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਕਢਿਆ, ਮਨੁੱਖ ਦੇ ਹਿਰਦੇ ਅੰਦਰ ਵਸ ਰਹੇ ਕਰਤਾਰ ਦੀ ਉਸਨੂੰ ਸੋਝੀ ਕਰਵਾਈ। ਮਨੁੱਖ ਦੇ ਆਪਸੀ ਰੱਬੀ ਭਾਈਚਾਰੇ ਨੂੰ ਜਾਗ੍ਰਤ ਕਰਣ ਲਈ ਤਲਵੰਡੀ ਵਿਖੇ ਦੋ ਵੱਕਤ ਦੇ ਸਤਿਸੰਗਾਂ ਦੇ ਅਰੰਭ ਕੀਤੇ। ਦੂਜਾ- ਸੱਚੇ ਸੌਦੇ’ ਵਾਲੀ ਸਾਖੀ, ਗੁਰੂਦਰ ਤੇ ਲੰਗਰ ਦੀ ਪਰੰਪਰਾ `ਤੇ ਵੇਹਲੜਾਂ ਨੂੰ, ਮੱਦਦ ਦੇਕੇ, ਕਾਰ-ਵਿਹਾਰ ਵਲ ਪ੍ਰੇ੍ਰਰਣ ਦਾ ਆਰੰਭ ਸੀ। ਗੁਰਬਾਣੀ `ਚ ਪਾਤਸ਼ਾਹ ਨੇ ਪੰਨਾ ੬੯੫ ਤੇ ਮਨੁੱਖ ਦੀਆਂ ‘ਮੂਲ ਲੋੜਾਂ’ ਵਾਲੀ ਇਸ ਸਚਾਈ ਨੂੰ ਬੜੀ ਦ੍ਰਿੜਤਾ ਨਾਲ ਪ੍ਰਗਟ ਕੀਤਾ ਹੈ। ਫ਼ੁਰਮਾਨ ਹੈ “ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ ੧ ॥ ਰਹਾਉ॥ ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥ ਪਨ੍ਹ੍ਹੀਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀ ਕਾ॥ ੧ ॥ ਗਊ ਭੈਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥ ੨ ॥ ਹੋਰ ਲਵੋ ਇਸੇਤਰ੍ਹਾਂ “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ॥ ੧ ॥ ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ ਰਹਾਉ॥ ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥ ਅਧ ਸੇਰੁ ਮਾਂਗਉ ਦਾਲੇ॥ ਮੋ ਕਉ ਦੋਨਉ ਵਖਤ ਜਿਵਾਲੇ॥ ੨ ॥ ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ॥ ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਥੀਂਦਾ॥ ੩ ॥ ਮੈ ਨਾਹੀ ਕੀਤਾ ਲਬੋ॥ ਇਕੁ ਨਾਉ ਤੇਰਾ ਮੈ ਫਬੋ॥ ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ॥ ੪॥” (ਪੰ: ੬੫੬)।
ਦਰਅਸਲ ਇਨ੍ਹਾਂ ਦੋਨਾਂ ਸ਼ਬਦਾਂ ਰਾਹੀਂ ਪਾਤਸ਼ਾਹ ਮਨੁੱਖਾ ਜੀਵਨ ਦੀ ਇੱਕ ਵੱਡੀ ਸੱਚਾਈ ਨੂੰ ਬਿਆਨ ਕਰ ਰਹੇ ਹਨ। ਦੋਨਾਂ ਸ਼ਬਦਾ ਦਾ ਨਿਚੋੜ ਹੈ, ਮਨੁੱਖ ਨੇ ਸੰਸਾਰਕ ਭੁੱਖਾਂ ਨੂੰ ਵਧਾਉਣਾ ਤੇ ਇਨ੍ਹਾਂ ਰਸਾਂ `ਚ ਖੱਚਤ ਨਹੀਂ ਹੋਣਾ। ਤਾਂ ਵੀ ਸਰੀਰ ਦੀਆਂ ਕੁੱਝ ਮੂਲ ਲੋੜਾਂ ਹਨ ਜਿਹੜੀਆਂ ਕਰਤੇ ਨੇ ਘੜੀਆਂ ਹਨ। ਮਨੁੱਖਾ ਮਨ ਦੇ ਟਿਕਾਅ ਲਈ ਬੇਸ਼ਕ ਪ੍ਰਭੂ ਦੀ ਸਿਫ਼ਤ ਸਲਾਹ ਹੀ ਵਸੀਲਾ ਹੈ ਪਰ ਉਸਦੇ ਨਾਲ ਸਰੀਰ ਦੀਆਂ ਮੂਲ ਲੋੜਾਂ ਦਾ ਪੂਰਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ। ਦੂਜੇ ਲਫ਼ਜ਼ਾ `ਚ ਮਨੁੱਖ ਦੀ ‘ਕੁਲੀ, ਗੁਲੀ ਤੇ ਜੁਲੀ’ ਭਾਵ ‘ਰੋਟੀ, ਕਪੜਾ ਤੇ ਮਕਾਨ’ ਅਜੇਹੀਆਂ ਲੋੜਾਂ ਹਨ ਜਿਨ੍ਹਾਂ ਦੀ ਪੂਰਤੀ ਬਿਨਾਂ ਮਨੁੱਖ ਦਾ ਧਰਮੀ ਹੋਣਾ ਅਤੇ ਪ੍ਰਭੁ ਚਰਣਾ `ਚ ਮਨ ਦਾ ਟਿਕਾਉਣਾ ਵੀ ਆਮ ਹਾਲਤਾਂ `ਚ ਸੌਖੀ ਖੇਡ ਨਹੀਂ।
ਘਰ ਘਰ ਅੰਦਰ ਧਰਮਸਾਲ (ਭਾ: ਗੁ: ੧/੨੭) - ਦੂਜੀ ਚੀਜ਼ ਜੋ ਮਨੁੱਖਾ ਜੀਵਨ ਦੀ ਸੰਭਾਲ ਲਈ ਗੁਰਦੇਵ ਨੇ ਪੱਕੀ ਕੀਤੀ ਉਹ ਸੀ ਉਸ ਅੰਦਰੋਂ ਜਾਤ-ਗੋਤ-ਵਰਣ ਵਾਲੇ ਕੋਹੜ ਨੂੰ ਕਢ ਕੇ ਉਸ ਅੰਦਰ ਮਨੁੱਖੀ ਭਾਈਚਾਰੇ ਤੇ ਇੱਕ ਅਕਾਲਪੁਰਖੁ (ੴ) ਵਾਲੀ ਸੱਚਾਈ ਨੂੰ ਉਜਾਗਰ ਕੀਤਾ। ਉਸਦੀ ਇਸ ਮੂਲ ਸੱਚਾਈ ਨੂੰ ਉਜਾਗਰ ਕਰਣ ਲਈ ਗੁਰਦੇਵ ਨੇ ਤਲਵੰਡੀ ਵਿਖੇ ਹੀ ਦੋ ਵਕਤ ਦੇ ਸਤਿਸੰਗਾਂ ਦਾ ਅਰੰਭ ਵੀ ਕਰ ਦਿਤਾ ਤੇ ਇਹ ਸਿਲਸਲਾ ਦਸਮੇਸ਼ ਜੀ ਤੀਕ ਨਹੀਂ ਟੁਟਿਆ। ਧਰਮਸਾਲ ਅਤੇ ਗੁਰੂ ਕੀ ਸੰਗਤ-ਪੰਕਤ’ ਦੇ ਨੀਯਮ ਨਾਲ ਮਨੁੱਖ ਦੀਆਂ ਸਮਾਜਕ ਓਕੜਾਂ, ਲੋੜਾਂ ਦੀ ਸੰਭਾਲ ਦਾ ਵੀ ਹੀ ਉਪਰਾਲਾ ਸੀ। ‘ਧਰਮਸਾਲ `ਤੇ ਗੁਰੂ ਕੀ ਸੰਗਤ’ ਦੇ ਬਦਲੇ ਰੂਪ ਦਾ ਨਾਂ ਹੀ ਅਜ ‘ਗੁਰਦੁਆਰਾ’ ਹੈ; ਜੋ ਸ਼ਾਇਦ ਅਜ ਬਦਲੇ ਹੋਏ ਨਾਂ ਕਾਰਣ ਅਪਣਾ ਮੱਕਸਦ ਵੀ ਗੁਆ ਚੁੱਕਾ ਹੈ।
ਜਿਥੈ ਨੀਚ ਸਮਾਲੀਅਨਿ- ਪਾਤਸ਼ਾਹ ਨੇ ਤਲਵੰਡੀ `ਚ ਜੋ ਦੋ ਸਮੇਂ ਦੇ ਸਤਿਸੰਗਾਂ ਦਾ ਅਰੰਭ ਕੀਤਾ, ਕਮਾਲ ਇਹ ਕਿ ਇਨ੍ਹਾਂ ਸਤਿਸੰਗਾਂ ਲਈ ਸਭਤੋਂ ਪਹਿਲਾਂ ਅਪਣੇ ਨਾਲ ਲਿਆ ਭਾਈ ਮਰਦਾਨੇ ਨੂੰ। ਭਾਈ ਮਰਦਾਨਾ ਮਿਰਾਸੀ ਕੁਲ ਵਿਚੋਂ ਸੀ ਅਤੇ ਮੁਸਲਾਮਾਨਾਂ ਅਨੁਸਾਰ ਵੀ ਸਭ ਤੋਂ ਨੀਵੀ ਜਾਤ ਦਾ ਸੀ। ਦੂਜੇ ਪਾਸੇ, ਹਿੰਦੂ ਤਾਂ ਮੁਸਲਮਾਨਾਂ ਨੂੰ ਕਹਿੰਦੇ `ਤੇ ਮੰਨਦੇ ਵੀ ਮਲੇਛ `ਤੇ ਅਛੂਤ ਹੀ ਸਨ। ਇਸ ਹਿਸਾਬ ਮਰਦਾਨਾ ਮੁਸਲਮਾਨਾਂ ਲਈ ਨੀਚ ਫ਼ਿਰ ਹਿੰਦੂਆਂ ਲਈ ਤਾਂ ਨੀਚਾਂ ਵਿਚੋਂ ਵੀ ਨੀਚ ਸੀ। ਵਿਚਾਰਣ ਦਾ ਵਿਸ਼ਾ ਹੈ, ਕਿੰਨਾ ਧੱਕਾ ਹੋ ਰਿਹਾ ਸੀ ਰੱਬ ਦੇ ਬੰਦਿਆਂ ਦੇ ਇੱਕ ਵਡੇ ਵਰਗ ਨਾਲ। ਕਿੰਨੀ ਨਫ਼ਰਤ ਫੈਲਾਈ ਜਾ ਰਹੀ ਸੀ ਮਾਲਕ ਦੇ ਲੋਕਾਂ ਬਾਰੇ। ਛੋਟੀ ਉਮਰ `ਚ ਹੀ, ਮਿਰਾਸੀ ਦੇ ਬੱਚੇ ਨਾਲ, ਉੱਚ ਕੁਲ ਦੇ ਬਾਲਕ ਗੁਰੂ ਦੇ ਸੰਪਰਕ ਦਾ ਨਿੱਤ ਵਧਦੇ ਜਾਣਾ, ਵਰਨ-ਵੰਡ ਅਨੁਸਾਰ ਉਚੀਆਂ ਕੁਲਾਂ ਗੋਤਾਂ-ਜਾਤਾਂ ਵਰਣ ਦੇ ਸ਼ੈਦਾਈਆਂ ਨੂੰ ਕਿਵੇਂ ਰਾਸ ਆ ਸਕਦਾ ਸੀ, ਇਹ ਤਾਂ ਉਨ੍ਹਾਂ ਲਈ ਕਾਰੀ ਚੋਟ ਸੀ।
ਮਿਰਾਸੀ ਤੋਂ ਵੀ ਭਾਈ-ਇਥੇ ਬਸ ਨਹੀਂ, ਗੁਰਦੇਵ ਨੇ ਉਸ ਮਿਰਾਸੀ ਕੁਲ ਦੇ ਮਰਦਾਨੇ ਨੂੰ ਅਪਣੀ ਛਾਤੀ ਨਾਲ ਲਾਇਆ, ਚਰਣ ਪਾਹੁਲ ਦੇਕੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ। ਉਸਨੂੰ ਭਾਈ ਕਹਿਕੇ ਨਿਵਾਜਿਆ ਅਤੇ ਅਪਣੇ ਸਤਿਸੰਗਾਂ ਸਮੇਂ ਨਾਲ ਬਿਠਾਇਆ। ਬਹੁਤ ਵੱਡਾ ਚੈਲੰਜ ਸੀ ਵਰਣਵੰਡ ਅਤੇ ਜਾਤ-ਪਾਤ ਦੇ ਮੁਦਇਆਂ ਲਈ। ਇਹ ਤਾਂ ਉਨ੍ਹਾਂ ਦੀ ਛਾਤੀ ਤੇ ਮੂੰਗ ਦਲਣ ਤੋਂ ਘਟ ਨਹੀਂ ਸੀ, ਵਡੀ ਬੰਬਾਰਮੈਂਟ ਸੀ ਧਰਮ ਦੇ ਨਾਂ ਹੇਠ ਫੈਲਾਈਆਂ ਜਹਾਲਤਾਂ `ਤੇ ਆਡੰਬਰਾਂ ਉਪਰ। ਗੁਰੂ ਪਾਤਸ਼ਾਹ ਤੋਂ ਛੁੱਟ, ਇਹ ਕਿਸੇ ਦੇ ਵੱਸ ਦਾ ਹੈ ਵੀ ਨਹੀਂ ਸੀ। ਪਾਤਸ਼ਾਹ ਚਾਹੁੰਦੇ ਤਾਂ ਇਹ ਮਾਣ, ਕਿਸੇ ਅਖੌਤੀ ਉਚ ਕੁਲ ਵਾਲੇ ਨੂੰ ਵੀ ਬਖਸ਼ ਸਕਦੇ ਸਨ। ਪਰ ਉਨ੍ਹਾਂ ਦਾ ਨਿਸ਼ਾਨਾ ਤਾਂ ਮਨੁੱਖ-ਮਨੁੱਖ `ਚ ਪਾਏ ਗਏ ਇਸ ਨਫ਼ਰਤ ਦੇ ਬੀਜ ਦਾ ਨਾਸ ਕਰਨਾ ਸੀ, ਮਾਣ ਬਖ਼ਸ਼ਿਆ ਮਰਾਸੀ ਕੁਲ ਦੇ ‘ਮਰਦਾਨੇ’ ਨੂੰ। ਕਿਥੇ ਮਰਦਾਨੇ ਦਾ ਪਿਤਾ, ਮਰਾਸੀ ਹੋਣ ਕਾਰਨ ਇਨ੍ਹਾਂ ਰਾਗਾਂ ਨੂੰ ਵਰਤ ਕੇ ਇਸ਼ਕ ਮਿਜਾਜ਼ੀ `ਤੇ ਸੱਸਤੇ ਕਿਸਮ ਦੀਆ ਮਹਿਫ਼ਲਾਂ ਕਰਦਾ ਸੀ। ਮਰਦਾਨੇ ਦੇ ਉਸੇ ਹੁਨਰ ਨੂੰ ਸਾਹਿਬਾਂ ਨੇ ਇਲਾਹੀ ਸਿਫਤਾਂ ਵਲ ਮੋੜ ਦਿੱਤਾ। ਗੁਰਬਾਣੀ ਅੰਦਰ ਵਰਤੇ 31 ਰਾਗਾਂ `ਚੋਂ 19 ਰਾਗ ਪਹਿਲੇ ਜਾਮੇ `ਚ ਹੀ ਉਚਾਰਣ ਹੋਏ ਸਨ ਅਤੇ ਇਹ 19 ਰਾਗ, ਰਬਾਬ ਤੇ ਵਜਾਉਣ ਵਾਲਾ ਹੋਰ ਨਹੀ ਬਲਕਿ ਭਾਈ ਮਰਦਾਨਾ ਹੀ ਸੀ। ਇਸਤਰ੍ਹਾਂ ਉਚੀਆਂ ਜਾਤਾਂ-ਕੁਲਾਂ ਦੇ ਸਦਵਾਉਣ ਵਾਲੇ ਜਦੋਂ ਇਨ੍ਹਾਂ ਸਤਿਸੰਗਾਂ ਦਾ ਰਸ ਮਾਣਦੇ ਤਾਂ ਮਰਦਾਨੇ ਰਾਹੀਂ ਵਜਦੀ ਰਬਾਬ ਉਨ੍ਹਾਂ ਅੰਦਰ ਮਨੁੱਖੀ ਬਰਾਬਰੀ ਦਾ ਹੁਲਾਰਾ ਦੇਦੀ।
ਗੁਰਬਾਣੀ ਰਚਨਾ, ਭਾਈ ਲਾਲੋ, ਵਿਸਾਖੀ 1699, ਸਿੱਖ ਮਿਸਲਾਂ- ਇਥੇ ਵੀ ਬਸ ਨਹੀਂ, ਪਾਤਸ਼ਾਹ ਨੇ ਅਪਣੇ ਪ੍ਰਚਾਰ ਦੋਰਿਆਂ ਦਾ ਅਰੰਭ ਕੀਤਾ ਤਾਂ ਐਮਨਾਬਾਦ, ਤਰਖਾਣ ਭਾਈ ਲਾਲੋ ਤੋਂ। ਉਸ ਦੇ ਗ੍ਰਿਹ `ਚ ਕੇਵਲ ਟਿਕਾਅ ਹੀ ਨਹੀਂ ਕੀਤਾ ਬਲਕਿ ਮਲਕ ਭਾਗੋ ਦੇ ਜ਼ੁਲਮ ਦੀ ਕਮਾਈ ਵਾਲੇ ਪੱਕਵਾਨਾ ਨੂੰ ਠੁੱਕਰਾ ਕੇ, ਲਾਲੋ ਦੀ ‘ਦੱਸਾਂ ਨੋਹਾਂ’ ਦੀ ਕਿਰਤ ਤੋਂ ਤਿਆਰ ਕੋਧਰੇ ਦੀ ਰੋਟੀ ਨੂੰ ਹੀ ਛਕਿਆ। ਫ਼ਿਰ ਮਨੁੱਖੀ ਬਰਾਬਰੀ ਵਾਲੇ ਇਸੇ ਇਲਾਹੀ ਸੱਚ ਦਾ ਨਤੀਜਾ ਸੀ, ਵਿਸਾਖੀ 1699। ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ ਤੇ ਪੰਥ ਦਾ ਇਮਤਿਹਾਨ ਲਿਆ ਤਾਂ ਪਹਿਲੀਆਂ ਕਤਾਰਾਂ `ਚ ਜੋ ਪੰਜ ਨਿੱਤਰੇ ਉਨ੍ਹਾਂ `ਚੋਂ ਚਾਰ ਉਹ ਸਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਛੇਵੇਂ ਤੇ ਸੱਤਵੇਂ ਜਾਮੇ ਸਮੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ ਅਤੇ ਇਹ ਸਾਰੇ ਅਖਉਤੀ ਛੋਟੀਆਂ-ਪੱਛੜੀਆਂ ਜਾਤਾਂ ਵਿਚੋਂ ਹੀ ਸਨ। ਹੋਰ ਤਾਂ ਹੋਰ, ਪ੍ਰਚਾਰ ਦੌਰਿਆਂ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ 15 ਭਗਤਾਂ ਦੀ ਬਾਣੀ ਨੂੰ ਪ੍ਰਵਾਣ ਕੀਤਾ, ਅਪਣੀ ਛਾਤੀ ਨਾਲ ਲਾਇਆ, ਸੰਪਾਦਨਾ ਸਮੇਂ ਜਿਨ੍ਹਾਂ ਦੀ ਬਾਣੀ ਨੂੰ ‘ਬਾਣੀ ਭਗਤਾਂ ਕੀ’ ਦੇ ਸਿਰਲੇਖ ਹੇਠ ‘ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ ਬਰਾਬਰੀ ਦਿੱਤੀ। ਇਨ੍ਹਾਂ `ਚੋਂ ਲਗਭਗ ਦੱਸ ਭਗਤ ਉਹ ਹਨ ਜਿਨ੍ਹਾਂ ਨੂੰ ਅਖੌਤੀ ਨੀਚ ਜਾਤ ਦੇ ਕਿਹਾ ਜਾਂਦਾ ਸੀ। ਫ਼ਿਰ ਗੁਰਬਾਣੀ `ਚ ਹੀ ਗੁਰਦੇਵ ਦਾ ਫ਼ੁਰਮਾਨ ਵੀ ਹੈ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ” (ਪੰ: 15) ਜੋ ਸਾਬਤ ਕਰਦਾ ਹੈ, ਜਿਸ ਗੁਰੂ ਦੇ ਅਸੀਂ ਸਿੱਖ ਹਾਂ ਉਸ ਦੀ ਕੱਥਨੀ ਤੇ ਕਰਨੀ `ਚ ਫ਼ਰਕ ਨਹੀਂ। ਜਿਵੇਂ ਕਿ ਇਸਦੇ ਉਲਟ ਅਜ ਸਾਡੀ ਹਾਲਤ ਇਹ ਬਣੀ ਪਈ ਹੈ ਕਿ ਮੱਥਾ ਟੇਕਦੇ ਹਾਂ ‘ਸ੍ਰੀ ਗੁਰੂ ਗ੍ਰੰਥ ਸਹਿਬ ਜੀ’ ਅਗੇ ਪਰ ਅੰਦਰ ਭਰਿਆ ਹੈ ਜਾਤ-ਵਰਣ, ਹੂੜਮੱਤ, ਮਨਮਤ, ਦੁਰਮੱਤ; ਗੁਰੂ ਤੋਂ ਤਾਂ ਮੱਤ ਲੈਣ ਨੂੰ ਹੀ ਤਿਆਰ ਨਹੀਂ ਹਾਂ।
ਇਥੋਂ ਤੀਕ ਕਿ ਜਦੋਂ ਸਾਡੀ ਕੌਮ ਅੰਦਰ ਵੱਡੀ ਗਿਰਾਵਟ ਵੀ ਗਈ ਅਤੇ ਅਸੀਂ ਬਾਰ੍ਹਾਂ ਮਿਸਲਾਂ `ਚ ਵੰਡੇ ਗਏ ਤਾਂ ਵੀ ਸਾਡੇ ਨਾਵਾਂ ਨਾਲ ਕਿੱਧਰੇ ਜਾਤ-ਗੋਤ ਦੀਆਂ ਪੂਛਲਾਂ ਨਹੀੰ ਮਿਲਦੀਆਂ। ਉਦੋਂ ਤੋਂ ਨਹੀਂ ਮਿਲਦੀਆਂ ਜਦੋ ਤੋਂ ਦੱਸਵੇ ਨਾਨਕ ਨੇ ਸਾਨੂੰ ‘ਸਿੰਘ-ਕੌਰ’ ਵਾਲਾ ਪ੍ਰਵਾਰਕ ਰੂਪ ਬਖਸ਼ ਦਿੱਤਾ। ਇਸਦੇ ਉਲਟ ਅਜ ਜੇਕਰ ਸਿੱਖਾਂ ਦੇ ਸੌ ਕੂ ਨਾਵਾਂ ਦੀ ਲਿਸਟ ਬਣਾ ਲਈ ਜਾਵੇ ਤਾਂ ਨਬ੍ਹਿਆਂ ਪਿਛੇ ਸਾਡੀ ਤੱਬਾਹੀ ਦਾ ਕਾਰਣ, ਇਹ ਜਾਤ-ਗੋਤ ਦੀਆਂ ਪੂਛਲਾਂ ਲਟਕੀਆਂ ਹੋਣਗੀਆਂ। ਇਹਨਾਂ ਪੂਛਲਾਂ ਕਾਰਣ ਹੀ ਅਸੀਂ ਮੁੜ-ਤੁੜ ਕੇ ਅਪਣੇ ਆਪ ਨੂੰ ਬ੍ਰਾਹਮਣ ਦੀ ਕਾਣੀ ਵੰਡ `ਚੋਂ ਹੀ ਢੂੰਡਣ ਵਾਪਸ ਟੁਰ ਪੈਂਦੇ ਹਾਂ; ਗੁਰੂ ਨਾਨਕ-ਕਲਗੀਧਰ ਜੀ ਵਾਲੀ ਵਿਰਾਸਤ ਤੇ ਪਿਛੌਕੜ ਵਲ ਨਹੀਂ ਮੁੜਦੇ।
ਗੁਰੂ ਨਾਨਕ ਧਰਮ ਦੇ ਵਿਰਧ ਹੈ ਮੌਜੂਦਾ ਪ੍ਰਚਾਰ ਸਿੱਸਟਮ- ਆਓ ਜ਼ਰਾ ਫ਼ਿਰ ਤੋਂ ਨਜ਼ਰਸਾਨੀ ਕਰੀਏ ਕਿ ਗੁਰੂ ਨਾਨਕ ਦੇ ਮਾਨਵ ਧਰਮ ਦਾ ਅਰੰਭ ਕਿਥੋਂ ਹੋਇਆ? ਸਮਾਜ ਦੇ ਪਿਛੜੇ ਵਰਗਾਂ ਤੋਂ ਜਿਥੇ ਜਾਤ-ਪਾਤ ਦੇ ਮੁਦਇਆਂ ਨੇ ਅਪਣੀਆਂ ਉਚੀਆਂ ਜਾਤਾਂ-ਕੁਲਾਂ ਦੀ ਹਉਮੈ ਕਾਰਣ, ਉਨ੍ਹਾਂ ਨੂੰ ਖੁੱਡੇ ਲਾ ਰਖਿਆ ਸੀ। ਭਾਈ ਮਰਦਾਨਾ, ਭਾਈ ਲਾਲੌ ਇਸੇ ਹੀ ਸੱਚਾਈ ਦਾ ਪ੍ਰਗਟਾਵਾ ਸਨ। ਇਸੇ ਰੱਬੀ ਧਰਮ ਦਾ ਅਗਲਾ ਪੜਾਅ ਸੀ ਦੋ ਵੱਕਤ ਦੇ ਸਤਿਸੰਗ, ਜਿਥੋਂ ਜਾਤ-ਵਰਣ ਦੀ ਹਉਮੈ ਤਿਆਗ ਕੇ ਇਲਾਹੀ ਸਾਂਝ-ਪਿਆਰ ਵਾਲਾ ਭਾਈਚਾਰਾ ਪੈਦਾ ਕਰਨਾ ਸੀ। ਇਨ੍ਹਾ ਹੀ ਸਤਸੰਗਾਂ ਦਾ ਨਤੀਜਾ ਸੀ ‘ਸਚੇ ਸੋਦੇ’ ਵਾਲੀ ਸਾਖੀ, ਜਿਸਦਾ ਮੱਕਸਦ, ਵੇਹਲੜਾਂ ਨੂੰ ਕਾਰ ਰੁਜ਼ਗਾਰ ਲਾਉਣਾ ਤਾਕਿ ਸਮਾਜ ਦਾ ਕੋਈ ਵਰਗ ਕਿਸੇ ਦਾ ਮੁਹਤਾਜ ਹੋ ਕੇ ਨਾ ਜੀਏ। ਅਜ ਜੇਕਰ ਗੁਰੂ ਦੇ ਨਿਰਮਲ ਭਉ `ਚ ਆਕੇ ਅਸੀਂ ਇਮਾਨਦਾਰੀ ਨਾਲ ਅਪਣੇ ਆਪ ਨੂੰ ਘੋਖੀਏ ਤਾਂ ਸਾਡੇ ਅੰਦਰੋਂ ਗੁਰਬਾਣੀ ਦੇ ਇਹ ਤਿਨੋਂ ਗੁਣ ਅਲੋਪ ਹਨ। ਨਾ ਸਾਡੇ ਨਿਜੀ ਜੀਵਨ `ਚ ਹਨ ਅਤੇ ਨਾ ਸਾਡੇ ਸਮੁਚੇ ਪ੍ਰਚਾਰ ਸਿੱਸਟਮ `ਚ।
ਸਿੱਖ ਕੀ ਤੇ ਪਿੱਛੜੇ ਵਰਗ ਕੀ? -ਅਜ ਦਾ ਸਿੱਖ ਬੱਚਾ-ਬੱਚੀ ਕਿੱਥੇ ਖੜਾ ਹੈ? ਅਜ ਮਜ਼੍ਹਬੀਆਂ-ਰਵੀਦਾਸੀਆਂ ਦੇ ਲੇਬਲ ਕਿਨ੍ਹਾਂ ਨੂੰ ਲਾਈ ਬੈਠੇ ਹਾਂ? ਰਾਮਗੜ੍ਹੀਆਂ ਦੇ ਗੁਰਦੁਆਰੇ ਵੱਖ ਕਿਉਂ ਹਨ? ਜਟ-ਭਾਪੇ ਦੇ ਝਮੇਲੇ ਕੀ ਹਨ? ਸੰਤਾਂ-ਸਾਧਾਂ-ਮਹਾਪੁਰਸ਼ਾਂ ਦੇ ਨਾਂ ਤੇ ਡੇਰੇ ਤੇ ਠਾਠ ਕੀ ਹਨ? ਦੂਜੇ ਪਾਸੇ ਗੁਰਦੁਆਰਿਆਂ `ਚ ਹੋ ਰਹੇ ਬੇਅੰਤ ਪ੍ਰੋਗਰਾਮ, ਪ੍ਰਬੰਧਕੀ ਨਿਜ਼ਾਮ, ਸਿੰਘ ਸਭਾਵਾਂ, ਸਿੱਖ ਸੋਸਾਇਟੀਆਂ ਦੇ ਪ੍ਰੋਗਰਾਮ, ਸਿੱਖ ਬੁਧੀਜੀਵੀਆਂ ਦੀ ਸੋਚਣੀ ਇਨੀ ਸਿੱਮਟ ਚੁਕੀ ਹੈ ਕਿ ਸਿੱਖ ਬਚਿਆਂ ਪ੍ਰਤੀ, ਅਖੌਤੀ ਪੱਛੜਿਆਂ, ਮਜ਼੍ਹਬੀਆਂ, ਰਵੀਦਾਸੀਆਂ ਲਈ ਸਮੁਚੇ ਪੰਥ `ਚ ਕਿਸੇ ਦੀ ਕੋਈ ਸੋਚ ਨਹੀਂ। ਮਨੁੱਖਾ ਜੀਵਨ ਦੀਆਂ ਮੂਲ ਲੋੜਾਂ “ਰੋਟੀ, ਕਪੜਾ ਤੇ ਮਕਾਨ” ਨਾਲ ਅਜੌਕੇ ਸਮੁਚੇ ਪ੍ਰਚਾਰ ਸਿੱਸਟਮ ਦੀ ਉੱਕਾ ਸਾਂਝ ਨਹੀਂ। ਗੁਰਦੁਆਰਿਆਂ `ਚ ਕਰਮਕਾਂਡੀ ਕੀਰਤਨ, ਕੀਰਤਨ ਦਰਬਾਰਾਂ, –ਸ਼ਤਾਬਦੀਆਂ ਦੀ ਹੋੜ, ਗੁਰਪੁਰਬ ਮਨਾ ਲੈਣੇ, ਵੱਧ ਚੜ੍ਹ ਕੇ ਮੀਟਗਾਂ-ਸੈਮੀਨਾਰ, ਸ਼ਬਦ ਚੌਕੀ ਜਥਿਆਂ ਦੀਆਂ ਹੂੜਮਤਾਂ, ਪਰ ਪੱਛੜ ਰਿਹਾਂ ਨੂੰ ਸੰਭਾਲਣ ਵਾਲੀ ਗਲ ਕਿੱਧਰੇ ਵੀ ਨਹੀਂ। ਸਿੱਖ ਧਰਮ ਦਾ ਇਹ ਸਾਰਾ ਪ੍ਰਚਾਰ ਸਿੱਸਟਮ `ਤੇ ਪ੍ਰਚਾਰ ਸ਼੍ਰੇਣੀਆਂ-ਭੱਟਕ ਰਹੀ ਸਿੱਖ ਪਨੀਰੀ ਅਤੇ ਸਿੱਖ ਧਰਮ `ਚ ਪੈਦਾ ਕੀਤੀਆਂ ਗਈਆਂ ਅਖਉਤੀ ਪੱਛੜੀਆਂ ਜਾਤਾਂ ਲਈ ਕੇਵਲ ਇੱਕ ਕਾਗਜ਼ੀ ਲਿਫਾਫੇ ਤੋਂ ਵੱਧ ਨਹੀਂ।
ਗੁਰਦੁਆਰਿਆਂ ਦੀਆਂ ਨਿੱਤ ਬਣ ਰਹੀਆਂ ਵੱਡੀਆਂ-ਵੱਡੀਆਂ ਸੰਗਮਰਮਰ ਦੀਆਂ ਬਿਲਡਿਗਾਂ, ਸੋਨੇ ਦੇ ਕਲਸ ਤੇ ਦਰਵਜ਼ੇ, ਵਾਧੂ ਸਰੋਵਰ, ਸੜਕਾਂ ਤੇ ਲਾਈਨਾ ਲਾਕੇ ਉਡਾਏ ਜਾ ਰਹੇ ਰੰਗ-ਬਰੰਗੇ ਲੰਗਰ, ਫ਼ਰੂਟ-ਉਨ੍ਹਾਂ ਦਾ ਮੂੰਹ ਚਿੜਾ ਰਹੇ ਹਨ। ਯਾਦ ਰਖੋ! ਇਨ੍ਹਾਂ ਫੋਕਟ ਤੇ ਦਿਖਾਵੇ ਦੇ ਕੰਮਾ ਨਾਲ ਸਿੱਖ ਧਰਮ `ਚ ਆ ਚੁਕਾ ਇਹ ਜਾਤ-ਪਾਤ, ਉਚ-ਨੀਚ, ਧਨਾਡ-ਗਰੀਬ, ਬੇਰੁਜ਼ਗਾਰੀ-ਅਣਪੜ੍ਹਤਾ ਵਾਲਾ ਕੋੜ੍ਹ ਨਹੀਂ ਕਟਿਆ ਜਾਵੇਗਾ। ਇਹ ਤਦ ਤੀਕ ਨਹੀਂ ਕਟਿਆ ਜਾਵੇਗਾ ਜਦੋਂ ਤੀਕ ਸੰਤਾਂ-ਬਾਬੇਆਂ-ਭਾਈ ਸਾਹਿਬਾਂ-ਮਹਾਪੁਰਸ਼ਾਂ ਦੀ ਸਿੱਖੀ ਨੂੰ ਤਿਆਗਕੇ, ਅਸੀਂ ਇਮਾਨਦਾਰੀ ਨਾਲ ‘ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਨਹੀ ਚਲ਼ਾਂਗੇ। ਜਦੋਂ ਤੀਕ ਅਸੀਂ ‘ਨਾਮ ਜਪੋ-ਕਿਰਤ ਕਰੋ-ਵੰਡ ਛਕੋ’ ਦੇ ਧਾਰਨੀ ਨਹੀਂ ਹੋਵਾਂਗੇ, ਉਦੋ ਤੀਕ ਭੰਨਿਆਰੇ, ਆਸ਼ੂਤੋਸ਼ ਵਰਗੇ ਗੁਰਡੰਮਾ ਨੂੰ ਨਹੀਂ ਰੋਕ ਸਕਾਂਗੇ ਅਤੇ ਇਹ ਪਣਪਣ ਗੇ ਹੀ। ਸੱਚਾਈ ਇਹ ਹੈ ਕਿ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਕਸ਼ੇ ਕਦਮ ਤੇ ਚਲਕੇ ਕਿਸੇ ਭਾਈ ਮਰਦਾਨੇ ਜਾਂ ਭਾਈ ਲਾਲੋ ਦੇ ਨੇੜੇ ਨਹੀਂ ਬਲਕਿ ਭਾਗੋਆਂ `ਚ ਗੁੰਮ ਹੋਏ ਪਏ ਹਾਂ। ਅੱਜ ਨਾ ਅਸੀਂ ਗੁਰੂ ਦੇ ਹਾਂ ਅਤੇ ਨਾ ਹੀ ਕੌਮ ਦੇ ਉਸ ਹਰਿਆਵਲ ਦਸਤੇ ਨੂੰ ਸੰਭਾਲਣ ਜੋਗੇ।
“ਅਗੇ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” - (ਪੰ: 417) ਆਓ ਜ਼ਰਾ ਠੰਡੇ ਦਿਮਾਗ਼ ਝਾਤ ਮਾਰੀਏ। ਇਨ੍ਹਾਂ ਗੁਰੂਡੰਮਾਂ, ਭਨਿਆਰਿਆਂ, ਆਸ਼ੂਤੋਸ਼ਾਂ `ਚ ਆਪ ਵਿਚਰ ਕੇ ਦੇਖੀਏ। ਗੁਰੂ ਨਾਨਕ ਵਾਂਙ ਇਨ੍ਹਾਂ ਨੇ ਕਿਸੇ ਨੂੰ ਮਨੁੱਖੀ ਭਾਈਚਾਰਾ ਨਹੀਂ ਦੇਣਾ ਤੇ ਨਾ ਹੀ ੴ ਦੀ ਗਲ ਹੀ ਕਰਨੀ ਹੈ। ਪਰ ਪਹਿਲੀਆਂ ਦੋਵੇ ਚੀਜ਼ਾਂ ਇਹ ਗੁਰੂਦਰ ਤੋਂ ਹੀ ਲੈ ਕੇ ਅਪਣੀਆਂ ਦੁਕਾਨਾਂ ਚਲਾ ਰਹੇ ਹਨ। ਜਿਨ੍ਹਾਂ ਨੂੰ ਅਸੀਂ ਅਪਣੀਆਂ ਬਨਾਵਟੀ ਜਾਤਾਂ-ਕੁਲਾਂ ਦੇ ਹੰਕਾਰ `ਚ ਮੱਜ਼੍ਹਬੀ-ਰਵੀਦਾਸੀਏ ਆਦਿ ਲੇਬਲ ਦੇਕੇ ਪਿੱਛੇ ਧਕੇਲ ਰਹੇ ਹਾਂ। ਜਿਨ੍ਹਾਂ ਨੂੰ ਸੰਭਾਲਣ ਲਈ ਸਾਡੇ ਫੋਕੇ ਪ੍ਰਚਾਰ ਸਿੱਸਟਮ `ਚ ਵੀ ਉਪਰਾਲਾ ਨਹੀਂ। ਇਸਦੇ ਉਲਟ, ਇਹ ਗੁਰੂਡੰਮ ਕੀ ਕਰ ਰਹੇ ਹਨ? ਇਹ ਸਾਡੇ ਵਲੋਂ ਉਨ੍ਹਾਂ ਹੀ ਲੱਤਾੜੇ ਤੇ ਧੱਕੇ ਜਾ ਰਹੇ ਸਿੱਖਾਂ-ਗ਼ੈਰ ਸਿੱਖਾਂ `ਚ ਖਲੋ ਕੇ ਉਨ੍ਹਾਂ ਦੀਆਂ ਉਕੜਾਂ `ਚ ਕੰਮ ਆ ਰਹੇ ਹਨ। ਜਿਹੜੇ ਸਾਡੇ ਸਿੱਖ ਬੱਚੇ ਬੇਰੋਜ਼ਗਾਰ ਹਨ, ਰੋਟੀ-ਰੋਜ਼ੀ ਲਈ ਪ੍ਰੇਸ਼ਾਨ ਹਨ; ਰਿਸ਼ਤਿਆਂ ਦੇ ਮੱਸਲੇ ਹਨ; ਜਿਨ੍ਹਾਂ ਲਈ ਪੜ੍ਹਾਈ-ਟੈਕਨਾਲੋਜੀ-ਉਚ ਵਿਦਿਆ `ਤੇ ਅਗੇ ਵਧਣ ਦੇ ਲਾਲੇ ਪਏ ਅਤੇ ਹਰ ਪਖੋਂ ਪੱਛੜ ਰਹੇ ਹਨ। ਇਹ ਭਨਿਆਰੇ, ਆਸ਼ੂਤੋਸ਼ ਸਾਡੀ ਉਸੇ ਸਿੱਖ ਪਨੀਰੀ ਵਿਚਕਾਰ ਪੁਜ ਰਹੇ ਹਨ। ਸਾਡੇ ਹੀ ਪੱਛੜਦੇ ਜਾ ਰਹੇ ਲੋਕ ਜਿਹੜੇ ਆਪਣੀਆਂ ਮੂਲ ਲੋੜਾਂ ਲਈ ਦੂਜਿਆਂ ਦੇ ਆਸਰੇ ਢੂੰਡਣ ਨੂੰ ਮਜਬੂਰ ਹੋ ਰਹੇ ਹਨ, ਇਹ ਭਨਿਆਰੇ, ਆਸ਼ੂਤੋਸ਼ ਉਨ੍ਹਾਂ ਦੀ ਅਗੇ ਹੋਕੇ ਸੰਭਾਲ ਕਰ ਰਹੇ ਹਨ। ਉਸਤੋਂ ਬਾਦ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਗੁਰੂਡੰਮ ਕਾਮਯਾਬ ਨਾ ਹੋਵਣ। ਬ੍ਰਾਹਮਣ ਦੇ ਰਸਤੇ ਚਲਣ ਕਰਕੇ ਸਾਡੇ ਚੋਂ ਹੀ ਪੈਦਾ ਹੋ ਰਹੀਆਂ ਇਹ ਪੱਛੜੀਆਂ ਸ਼੍ਰੇਣੀਆ ਕਿਵੇਂ ਨਾ ਉਨ੍ਹਾ ਗੁਰੂਡੰਮਾਂ ਵਲ ਖਿੱਚੀਆਂ ਜਾਣ। ਕਿਉਂਕਿ ਉਹ ਤਾਂ ਉਥੇ ਉਨ੍ਹਾਂ ਨੂੰ ਬਰਾਬਰ ਦਾ ਆਦਰ ਦੇ ਰਹੇ ਹਨ ਅਤੇ ਉਨ੍ਹਾ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ। ਅਜੇ ਵੀ ਸਮਾਂ ਹੈ, ਗੁਰੂ ਨਾਨਕ ਦੇ ਨਿਰਮਲ ਧਰਮ ਵਿਚੋਂ ਇਹ ਜਾਤ-ਪਾਤ, ਉਚ-ਨੀਚ ਵਾਲਾ ਕੋੜ੍ਹ ਚੁੱਕਕੇ ਬਾਹਰ ਸੁਟਿਆ ਜਾਵੇ। ਗੁਰੂ ਦੇ ਇਸ ਦੂਲੇ ਪੰਥ ਨੂੰ ਸਿੰਘ-ਕੋਰ ਵਾਲੇ ਪ੍ਰਵਾਰ ਦੇ ਰੂਪ `ਚ ‘ਗੁਰੂ ਦੇ ਪੰਥ’ ਵਾਲੇ ਅਸਲੀ ਰੂਪ `ਚ ਉਜਾਗਰ ਕੀਤਾ ਜਾਵੇ। ਅਜੇਹਾ ਸਿੱਖ ਪ੍ਰਵਾਰ ਜਿਸ `ਚ ਕੋਈ ਵੱਡਾ ਨਹੀਂ, ਕੋਈ ਛੋਟਾ ਜਾਂ ਪੱਛੜਿਆ ਨਹੀਂ। ਫ਼ਿਰ ਇਸ ਪ੍ਰਵਾਰ ਚੋਂ ਕੋਈ ਪੱਛੜ ਜਾਣ ਤਾਂ ‘ਨਾਮ ਜਪੋ-ਕਿਰਤ ਕਰੋ-ਵੰਡ ਛਕੋ’ ਦੇ ਰਸਤੇ ਉਨ੍ਹਾ ਦੀ ਸੰਭਾਲ ਹੋਵੇ, ਮੱਸਲਾ ਰਵੇਗਾ ਹੀ ਨਹੀਂ।
ਖਸਮੁ ਵਿਸਾਰਹਿ ਤੇ ਕਮਜਾਤਿ- (ਪੰ: 349) ਚੇਤੇ ਰਖਣਾ ਹੈ ਗੁਰੂ ਨਾਨਕ ਦੇ ਘਰ `ਚ ਕਿਸੇ ਜਾਤ-ਗੋਤ ਨੂੰ ਕੋਈ ਥਾਂ ਨਹੀ। ਅਪਣੀ ਅਗਿਆਨਤਾ ਕਾਰਣ ਭਾਵੇ ਅਪਣੇ ਆਪ ਨੂੰ ਸੋਢੀ ਸਮਝੀਏ ਜਾਂ ਬੇਦੀ, ਜੇਕਰ ਗੁਰਬਾਣੀ ਸਿਖਿਆ ਤੇ ਚਲਕੇ ਅਕਾਲਪੁਰਖੁ ਦੇ ਨਹੀਂ ਬਣ ਸਕੇ ਤਾਂ ਪ੍ਰਭੂ ਦੇ ਨਿਆਂ `ਚ ਅਸੀ ਸਭ ਤੋਂ ਨੀਵੀ ਜਾਤ ਦੇ ਹਾਂ। ਇਥੇ ਜਾਤ-ਵਰਣ ਨੂੰ ਨਹੀਂ, ਇਥੇ ਗੁਰੂ ਬਖਸ਼ੇ ‘ਸਿੰਘ-ਕੌਰ’ ਵਾਲੇ ਬਰਾਬਰੀ ਤੇ ਆਪਸੀ, ਹਮਦਰਦੀ ਵਾਲੇ ਪ੍ਰਵਾਰ ਦੀ ਲੋੜ ਹੈ। ਇਸ ਇਲਾਹੀ ਧਰਮ ਵਲ ਤਾਂ ਮਨੁੱਖ, ਅਪਣੀਆਂ ਮੂਲ ਲੋੜਾਂ ਅਤੇ ਸਮਾਜਕ ਸਾਂਝਾਂ ਕਾਰਣ ਅਪਣੇ ਆਪ ਖਿਚਿਆ ਆਉਣਾ ਸੀ ਅਤੇ ਆਵੇਗਾ ਵੀ, ਜਿਥੇ ਆਉਣ ਬਾਦ ਚੰਗੇ ਉੱਚੇ-ਸੁੱਚੇ ਆਚਰਨ ਵਾਲਾ ਧਰਮੀ ਹੋ ਨਿਬੜੇਗਾ। ਕੇਵਲ ਤਾਂ ਹੀ ਜੇਕਰ ਜਾਤ-ਪਾਤ ਵਾਲਾ ਕੋੜ੍ਹ ਤਿਆਗ ਕੇ ਸਿੰਘ ਤੇ ਕੌਰ ਬਣੀਏ ਤਾਂ। ਇਸਦੇ ਉਲਟ ਜੋ ਕੁੱਝ ਅਜ ਗੁਰੂ ਨਾਨਕ-ਕਲਗੀਧਰ ਜੀ ਦੇ ਧਰਮ ਦੇ ਪਵਿਤ੍ਰ ਨਾਂ ਹੇਠ ਹੋ ਰਿਹਾ ਹੈ ਉਸ ਵਿਚੋਂ “ਭੂਖੇ ਭਗਤਿ ਨ ਕੀਜੈ” ਵਾਲੀ ਗਲ ਹੀ ਮੁੱਕੀ ਪਈ ਹੈ। ਅਜ ਦਾ ਸਿੱਖ ਧਰਮ-ਸਮਾਜਕ ਧਰਮ ਨਹੀਂ ਰਹਿ ਚੁੱਕਾ। ਫ਼ੁਰਮਾਣ ਹੈ “ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ (ਪੰ: 1330) ਅਤੇ “ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ” (ਪੰ: 426) ਤਾਂਤੇ “ਭਗਤਾ ਕੀ ਜਤਿ ਪਤਿ ਏਕ+ ਨਾਮੁ ਹੈ ਆਪੇ ਲਏ ਸਵਾਰਿ (ਪੰ: 429) ਜਾਂ “ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ” (ਪੰ. 731)। ਸਮਝਣ ਦੀ ਲੋੜ ਹੈ ਅਤੇ ਮਸਲੇ ਦਾ ਇਹੀ ਵੱਡਾ ਹਲ ਹੈ ਕਿ ਜਾਤ ਪਾਤ ਦੇ ਕੋੜ੍ਹ ਚੋ ਨਿਕਲ ਕੇ ਗੁਰਬਾਣੀ ਜੀਵਨ ਜਾਚ ਦੇ ਰਾਹੀ ਬਣੀਏ, ਫ਼ੁਰਮਾਨ ਹੈ “ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ” (ਪੰ: 1198) ਲੋੜ ਹੈ ਤਾਂ ਇਸ ਸਚ ਦੀ ਕਿ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: 671) ਇਹੀ ਹੈ ਇਸ ਸਾਰੇ ਮਸਲੇ ਦਾ ਹਲ।
#103s06.1s06#


Including this Self Learning Self Learning Gurmat Lesson No 103

ਸਿੱਖ ਧਰਮ `ਚ ਆ ਚੁੱਕਾ: ‘ਭਨਿਆਰੇ’, ‘ਆਸੂਤੋਸ਼ਾਂ’ ਨੂੰ ਜਨਮ ਦੇਣ ਵਾਲੇ ਕੌਣ?
ਜਾਤ ਪਾਤ ਦਾ ਕੋੜ੍ਹ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com
.