.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 10)

ਭਾਈ ਸੁਖਵਿੰਦਰ ਸਿੰਘ 'ਸਭਰਾ'

ਨਾਨਕਸਰੀਆ ਬਾਬਾ ਅਮਰ ਸਿੰਘ ਵੱਲੋਂ ਸੁਰਿੰਦਰ ਕੌਰ ਦੀ ਕੀਮਤੀ ਜਾਇਦਾਦ ਹਥਿਆਉਣ ਅਤੇ ਅਦਾਲਤ ਵੱਲੋਂ ਜਾਇਦਾਦ ਵਾਪਸ ਕਰਵਾਉਣ ਦੀ ਵਿਥਿਆ

ਬਾਬਾ ਅਮਰ ਸਿੰਘ ਨਿਊਜ਼ੀਲੈਂਡ ਵਿਚ ਕਸੂਤਾ ਫਸਿਆ: ਵੈਨਕੂਵਰ ਅਦਾਲਤੀ ਕੇਸ ਤੋਂ ਬਾਅਦ ਬਾਬਾ ਅਮਰ ਸਿੰਘ ਨਿਊਜ਼ੀਲੈਂਡ ਵਿਚ ਕਸੂਤੀ ਸਥਿਤੀ ਵਿਚ ਫਸ ਗਿਆ ਜਾਪਦਾ ਹੈ। ਸਾਰੀਆਂ ਸਿੱਖ ਸੁਸਾਇਟੀਆਂ ਨੇ ਇਕੱਠਿਆਂ ਹੋ ਕੇ ਨਿਊਜ਼ੀਲੈਂਡ ਸਰਕਾਰ ਕੋਲ ਉਸ ਦਾ ਭਾਂਡਾ ਭੰਨ ਦਿੱਤਾ ਹੈ। ਸਾਡੇ ਸੂਤਰਾਂ ਅਨੁਸਾਰ ਪਿਛਲੇ ਹਫ਼ਤੇ ਦੌਰਾਨ ਬਾਬਾ ਅਮਰ ਸਿੰਘ ਵਿਰੁਧ 2 ਪੁਲਿਸ ਕੇਸ ਦਰਜ ਹੋ ਚੁੱਕੇ ਹਨ ਜਿਨ੍ਹਾਂ ਵਿਚ ਦੋ ਸਿੱਖ ਨੌਜੁਆਨ ਲੜਕੀਆਂ ਨੇ ਬਾਬੇ ਵਿਰੁਧ ਗੰਭੀਰ ਦੇਸ਼ ਲਾਏ ਹਨ। ਅਦਾਰਾ ‘ਸਾਂਝ ਸਵੇਰਾ’ ਨੂੰ ਨਿਊਜ਼ੀਲੈਂਡ ਤੋਂ ਪੁੱਜੀ ਫੈਕਸ ਅਨੁਸਾਰ ਇਹ ਕਿੱਸਾ ਉਸ ਵੇਲੇ ਸ਼ੁਰੂ ਹੋਇਆ ਜਦੋਂ 7 ਜੁਲਾਈ ਇਮੀਗਰੇਸ਼ਨ ਮਨਿਸਟਰ ਗਰੂ ਘਰ ਵਿਖੇ ਆਇਆ। ਇਸ ਮੌਕੇ ਇਕ ਸਿੱਖ ਨੌਜੁਆਨ ਲੜਕੀ ਨੇ ਕਮੇਟੀ ਕੋਲ ਆ ਕੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਬਿਆਨੀ ਤਾਂ ਕਮੇਟੀ ਨੇ ਉਸਨੂੰ ਸਿੱਧਾ ਮਨਿਸਟਰ ਨਾਲ ਮਿਲਾ ਦਿੱਤਾ। ਲੜਕੀ ਨੇ ਮਨਿਸਟਰ ਨੂੰ ਦੱਸਿਆ ਕਿ ਬਾਬੇ ਨੇ ਉਸ ਦੇ ਪ੍ਰਵਾਰ ਕੋਲੋਂ 5 ਲੱਖ ਰੁਪਏ ਇਥੇ ਪੱਕਿਆਂ ਕਰਵਾਉਣ ਦੇ ਲਏ ਹਨ ਤੇ ਇਥੇ ਆ ਕੇ ਉਸ ਪ੍ਰਵਾਰ ਨੂੰ ਚਿੱਠੀ ਪਾ ਦਿੱਤੀ ਕਿ 2 ਲੱਖ ਹੋਰ ਦਿਉ ਨਹੀਂ ਤਾਂ ਉਨ੍ਹਾਂ ਦੀ ਕੁੜੀ ਵਾਪਸ ਆ ਜਾਵੇਗੀ। ਉਸ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਜ਼ਮੀਨ ਗਹਿਣੇ ਧਰ ਕੇ ਬਾਬੇ ਨੂੰ ਪੈਸੇ ਦਿੱਤੇ ਹਨ। ਉਸ ਲੜਕੀ ਨੇ ਦੱਸਿਆ ਕਿ “ਬਾਬਾ ਸਾਨੂੰ 5 ਲੜਕੀਆਂ ਨੂੰ ਪ੍ਰਚਾਰਕਾਂ ਬਣਾ ਕੇ ਲਿਆਇਆ ਸੀ। ਏਅਰਪੋਰਟ ਤੇ ਹੀ ਇਹਦੇ ਬੰਦਿਆਂ ਨੇ ਸਾਡੇ ਪਾਸਪੋਰਟ ਜ਼ਬਤ ਕਰ ਲਏ ਤੇ ਸਾਨੂੰ ਪੰਜਾਂ ਲੜਕੀਆਂ ਨੂੰ ਵੱਖ-ਵੱਖ ਕਮਰਿਆਂ ਵਿਚ ਰੱਖਿਆ।”
ਉਨ੍ਹਾਂ ਨਾਲ ਉਥੇ ਕੀ ਬੀਤੀ, ਇਹ ਦੱਸਣ ਵੇਲੇ ਉਹ ਫੁੱਟ ਫੁੱਟ ਕੇ ਰੋ ਪੈਂਦੀਆਂ ਹਨ। ਪ੍ਰਾਪਤੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦਾ ਇਮੀਗ੍ਰੇਸ਼ਨ ਵਿਭਾਗ ਇਸ ਮਸਲੇ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਬਾਬੇ ਨੇ ਪਿਛਲੇ 6 ਮਹੀਨਿਆਂ ਵਿਚ 40-50 ਪ੍ਰਚਾਰਕ ਇਹ ਕਹਿ ਕੇ ਮੰਗਵਾਏ ਹਨ ਕਿ ਇਥੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ।
ਨਾਨਕਸਰੀਏ ਸਾਧ ਅਮਰ ਸਿੰਘ ਨੂੰ ਸ਼ਰਧਾਲੂ ਬੀਬੀ ਤੋਂ ਹੜੱਪੀ ਜ਼ਮੀਨ ਵਾਪਸ ਕਰਨੀ ਪਈ: ਬ੍ਰਿਟਿਸ਼ ਕੁਲੰਬੀਆ ਦੀ ਸੁਪਰੀਮ ਕੋਰਟ ਨੇ ਨਾਨਕਸਾਰ ਦੇ ਮੁਖੀ ਬਾਬਾ ਅਮਰ ਸਿੰਘ ਵੱਲੋਂ ਇਕ ਸ਼ਰਧਾਲੂ ਸੁਰਿੰਦਰ ਕੌਰ ਸਿੱਧੂ ਤੋਂ ਲਈ ਜ਼ਮੀਨ ਨੂੰ ਉਸਦੀ ਬੱਚੀ ਤੇਗ ਕੌਰ ਨੂੰ ਵਾਪਸ ਕਰ ਦੇਣ ਦਾ ਫੈਸਲਾ ਦਿੱਤਾ ਹੈ।
ਨਾਨਕਸਰੀਆਂ ਦੇ ਸੰਪਟ ਪਾਠ ਅਤੇ ਠਾਠ: ਵਿਚਾਰ ਗੋਚਰੀ ਗੱਲ ਹੈ ਕਿ ਸਿੱਖ ਵਿਦਵਾਨਾਂ ਮੁਤਾਬਕ ਗੁਰੂ ਸ਼ਬਦ ਦਾ ਅੰਤ੍ਰੀਵ ਭਾਵ ਰਹਾਓ ਦੀ ਤੁਕ ਵਿਚ ਹੁੰਦਾ ਹੈ ਜਾਂ ਪੂਰਾ ਸ਼ਬਦ ਪੜ੍ਹਨ ਤੇ ਅਤੇ ਵਿਚਾਰ ਕਰਨ ਉਪਰੰਤ ਸੋਝੀ ਮਿਲਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹੋ ਜਿਹੇ ਸੰਪਟ ਅਖੰਡ ਪਾਠ ਮੰਤਰ ਰਟਨ, ਵਾਰ ਉਹੀ ਤੁਕ ਪੜ੍ਹਨੀ ਬਿਪਰਨ ਕੀ ਰੀਤ ਦੀ ਨਕਲ ਹਨ, ਬਾਣੀ ਦਾ ਅਖੰਡ ਪਾਠ ਨਹੀਂ। ਨਿਰੰਤਰ ਬਾਣੀ ਪੜ੍ਹਦਿਆਂ ‘ਸੰਪਟ’ ਆਪਣੀ ਮਨਮਤ ਮੁਤਾਬਕ।
ਗੁਰਦੁਆਰਾ ਜਾਂ ਠਾਠ: ਇਨ੍ਹਾਂ ਡੇਰਿਆਂ ਵਿਚ ਵੱਡੇ ਸੰਤ ਮਹਾਂਪੁਰਸ਼ ਦੀ ਵੱਡੇ ਕੱਦ ਵਾਲੀ ਫੋਟੋ ਲੱਗੀ ਦੇਖੀ ਜਾ ਸਕਦੀ ਹੈ। ਅਖੌਤੀ ਸੰਤ ਆਪ ਵੀ ਵਿੰਗੇ ਟੇਢੇ ਤਰੀਕੇ ਨਾਲ ਗੁਰੂ ਨਾਨਕ ਦਾ ਅਵਤਾਰ ਅਖਵਾਂਦਾ ਹੈ। ਭਾਵੇਂ ਇਸ ਦੰਭੀ ਸੰਤ ਨੂੰ ਕਈ ਮੁਲਕਾਂ ਵਿਚ ਵਸਦੇ ਸਿੱਖਾਂ ਵੱਲੋਂ ਫਿਟ ਲਾਹਨਤਾਂ ਪਾਈਆਂ ਜਾ ਚੁੱਕੀਆਂ ਹਨ ਤੇ ਇਹਦੇ ਕੁਕਰਮਾਂ ਕਾਰਨ ਕਈ ਮੁਲਕਾਂ ਵਿਚੋਂ ਡੀਪੋਰਟ ਵੀ ਕੀਤਾ ਜਾ ਚੁੱਕਾ ਹੈ ਪਰ ਬਲਿਹਾਰ ਜਾਈਏ ਇਸ ਦੀ ਢੀਠਤਾ `ਤੇ ਅਤੇ ਇਸਦੇ ਸ਼ਰਧਾਲੂਆਂ ਦੇ ਜਿਹੜੇ ਸਭ ਕੁਝ ਦੇਖਦੇ ਤੇ ਸੁਣਦੇ ਹੋਏ ਵੀ ਆਪਣੀਆ ਸੁਆਰਥੀ ਰੁਚੀਆਂ ਕਾਰਨ ਅਤੇ ਅੰਧ-ਵਿਸ਼ਵਾਸ ਕਾਰਨ ਮਾਰ ਖਾਈ ਜਾ ਰਹੇ ਹਨ। ਸਭ ਤੋਂ ਵੱਡੀ ਦੁੱਖੀ ਦੀ ਗੱਲ ਤਾਂ ਇਹ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਜੁਗਿੰਦਰ ਸਿੰਘ ਵੇਦਾਂਤੀ, ਜਿਹੜੇ ਕਿ ਸਿੱਖ ਮਰਯਾਦਾ ਨੂੰ ਲਾਗੂ ਕਰਨ ਲਈ ਵਚਨਬੱਧ ਹਨ, ਆਪਣੀ ਇੰਗਲੈਂਡ ਫੇਰੀ ਸਮੇ ਇਸ ਡੇਰੇ ਦੀ ਚਰਨ ਧੂੜ ਲੈਣ ਜਾਂ ਮਾਇਆ ਦਾ ਗੱਫਾ ਉਗਰਾਹੁਣ ਲਈ ਇਥੇ ਪਧਾਰੇ ਸਨ। ਪ੍ਰਸਿੱਧ ਕਥਾ ਵਾਚਕ, ਗੁਰੂ ਦੇ ਕੀਰਤਨੀਏ ਸਭ ਕੁਝ ਸਮਝਦੇ ਹੋਏ ਵੀ ਮਾਇਆ ਦੇ ਖਿੱਚੇ ਇਸ ਠਾਠ ਤੇ ਜ਼ਰੂਰ ਆਉਂਦੇ ਹਨ। ਮਾਇਆ ਦੇ ਗੱਫਿਆਂ ਨਾਲ ਤ੍ਰਿਪਤ ਤਾਂ ਜ਼ਰੂਰ ਹੋ ਜਾਂਦੇ ਹੋਣਗੇ ਪਰ ਗੁਰਮਤਿ ਸਿਧਾਂਤ ਦੇ ਜੜ੍ਹੀਂ ਤੇਲ ਦੇਣ ਦੇ ਵੱਡੇ ਜ਼ਿੰਮੇਵਾਰ ਵੀ ਬਣਦੇ ਹਨ।
ਪਾਣੀ ਦੀਆਂ ਗਾਗਰਾਂ: ਕਈ ਗੁਰਦੁਆਰਿਆਂ ਵਿਚ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਨੇੜੇ ਪਾਣੀ ਨਾਲ ਭਰੀਆਂ ਗਾਗਰਾਂ, ਪਤੀਲੇ ਜਾਂ ਬੋਤਲਾਂ ਰੱਖੀਆਂ ਹੁੰਦੀਆਂ ਹਨ। ਪ੍ਰਬੰਧਕਾਂ ਅਤੇ ਅੰਧ-ਵਿਸ਼ਵਾਸੀ ਲੋਕਾਂ ਦਾ ਖ਼ਿਆਲ ਹੈ ਕਿ ਇਸ ਪਾਣੀ ਵਿਚ ਗੁਰਬਾਣੀ ਘੁਲ ਜਾਂਦੀ ਹੈ ਤੇ ਇਹ ਪਾਣੀ ‘ਅੰਮ੍ਰਿਤ’ ਬਣ ਜਾਂਦਾ ਹੈ। ਇਸ ਜਲ ਨੂੰ ਅੰਮ੍ਰਿਤ ਸਮਝ ਕੇ ਸੰਗਤਾ ਆਪਣੇ ਘਰਾਂ ਨੂੰ ਲੈ ਜਾਂਦੀਆਂ ਹਨ। ਗੁਰਦੁਆਰੇ ਵਿਚ ਵੀ ਲੰਗਰ ਹਾਲ ਵਿਚ ‘ਅੰਮ੍ਰਿਤ’ ਸੁੱਚੇ ਗਲਾਸ ਵਿਚ ਵੰਡਿਆ ਜਾਂਦਾ ਹੈ। ਇਸ ‘ਅੰਮ੍ਰਿਤ’ ਨੂੰ ਛਕ ਕੇ ਸ਼ਰਧਾਲੂ ਰਾਜ਼ੀ ਖੁਸ਼ੀ ਰਹਿਣ ਦਾ ਭਰਮ ਪਾਲਦੇ ਹਨ। ਆਪਣੇ ਘਰਾਂ ਵਿਚ ਜਲ ਦਾ ਛਿੱਟਾ ਦੇ ਕੇ ਘਰਾਂ ਨੂੰ ਪਵਿੱਤਰ ਹੋਇਆ ਸਮਝਦੇ ਹਨ। ਪ੍ਰੰਤੂ ਗੁਰੂ ਦਾ ਹੁਕਮ ਤਾਂ ਇਹ ਹੈ ਕਿ “ਅੰਮ੍ਰਿਤ ਏਕੋ ਨਾਮ ਹੈ”। ਸਿੱਖ ਰਹਿਤ ਮਰਯਾਦਾ ਮੁਤਾਬਕ ਵੀ ਅੰਮ੍ਰਿਤ ਸਿਰਫ਼ ਉੱਚੇ ਸੁੱਚੇ ਜੀਵਨ ਵਾਲੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਾਣੀ ਪੜ੍ਹ ਕੇ ਤੇ ਖੰਡੇ ਦੀ ਪਾਹੁਲ ਤਿਆਰ ਕਰਕੇ ਅਭਿਲਾਸ਼ੀ ਸਿੱਖਾਂ ਨੂੰ ਛਕਾ ਕੇ, ਗੁਰੂ ਦੇ ਲੜ ਲਾਉਂਦੇ ਹਨ। ਗਾਗਰਾਂ ਜਾਂ ਬੋਤਲਾਂ ਵਿਚ ਰੱਖਿਆ ਜਲ ਅੰਮ੍ਰਿਤ ਸਮਝ ਕੇ ਛਕਣਾ ਬਿਪਰਨ ਕੀ ਰੀਤ ਹੈ। ਇਹ ਕਰਮਕਾਂਡੀ ਰਸਮ ਸਭ ਗੁਰਦੁਆਰਿਆਂ ਵਿਚ ਚਲਦੀ ਹੈ।
ਮੁਰਦੇ ਨੂੰ ਗੁਰਦੁਆਰੇ ਲਿਜਾਣ ਦੀ ਰਸਮ: ਵੀ ਜ਼ੋਰ ਫੜਦੀ ਜਾ ਰਹੀ ਹੈ। ਮੇਰੀ ਤੁਛ ਬੁੱਧੀ ਅਨੁਸਾਰ ਮੁਰਦੇ ਨੂੰ ਗੁਰਦੁਆਰੇ ਲਿਆਉਣਾ, ਮੱਥਾ ਟਿਕਾਉਣਾ, ਕੀਰਤਨ ਸੁਨਾਉਣਾ ਜਾਂ ਸਿਰੋਪਾਓ ਦੀ ਬਖ਼ਸ਼ਿਸ਼ ਕਰਨੀ ਘੋਰ ਮਨਮਤਿ ਹੈ। ਤੁਸੀਂ ਹੈਰਾਨ ਹੋਵੇਗੇ ਕਿ ਇਕ ਸਮੇਂ ਜਥੇਦਾਰ ਮਨਜੀਤ ਸਿੰਘ ਭਾਈ ਨੌਰੰਗ ਸਿੰਘ (ਸਵਰਗੀ) ਦੇ ਅਕਾਲ ਚਲਾਣੇ ਸਮੇਂ ਸ੍ਰੀ ਅੰਮ੍ਰਿਤਸਰ ਤੋਂ ਆ ਕੇ ਸਿਰੋਪਾਓ ਦੀ ਬਖ਼ਸ਼ਿਸ਼ ਕਰਕੇ ਪੱਕੀ ਮੋਹਰ ਲਗਾ ਗਏ ਹਨ। ਮੁਰਦੇ ਦਾ ਬਕਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖਿਆ ਗਿਆ। ਗਿਆਨੀ ਅਮੋਲਕ ਸਿੰਘ ਨੇ ਵੈਰਾਗਮਈ ਕੀਰਤਨ ਮੁਰਦੇ ਨੂੰ ਸੁਣਾਇਆ। ਇਥੇ ਹੀ ਬਸ ਨਹੀਂ, ਪੰਜ ਪਿਆਰਿਆਂ ਦੀ ਅਗਵਾਈ ਵਿਚ ਨੜੋਆ ਸ਼ਮਸ਼ਾਨ ਭੂਮੀ ਲਿਜਾਇਆ ਗਿਆ। ਦੋਹਾਂ ਹੀ ਥਾਵਾਂ `ਤੇ ਜਥੇਦਾਰ ਮਨਜੀਤ ਸਿੰਘ ਨੇ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਅਰਦਾਸੇ ਕੀਤੇ। ਜਦ ਸਾਡੇ ਜਥੇਦਾਰ ਹੀ ਇਹੋ ਜਿਹੀ ਮਨਮਤਿ ਕਰਨ ਤਾਂ ਸੰਗਤਾਂ ਦਾ ਕੀ ਹਾਲ ਹੋਵੇਗਾ?
ਅਨੰਦ ਵਿਵਾਹ ਤੇ ਸਿਰੋਪਾਉ: 1909 ਵਿਚ ਵੱਡੀ ਘਾਲਣਾ ਘਾਲਣ ਬਾਅਦ ਅਨੰਦ ਵਿਵਾਹ ਨੂੰ ਸਰਕਾਰੀ ਤੌਰ `ਤੇ ਮੰਨਿਆ ਗਿਆ। ਇੰਗਲੈਂਡ ਵਿਚ ਮਾਇਆ ਦੇ ਪਸਾਰੇ ਕਾਰਨ ਗੁਰਮਤਿ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਮੁੰਡੇ ਕੁੜੀ ਦੇ ਧਾਰਮਿਕ ਨਿਸ਼ਚੇ ਹੋਰ ਹੋਰ ਹੋਣ ਦੇ ਬਾਵਜੂਦ ਵੀ ਅਨੰਦ ਵਿਵਾਹ ਦੀ ਰਸਮ ਚਾਰ ਲਾਵਾਂ ਪੜ੍ਹ ਕੇ, ਉਪਰੰਤ ਕੀਰਤਨ ਤੇ ਪਰਕਰਮਾ ਕਰ ਕੇ ਪੂਰੀ ਕੀਤੀ ਜਾਂਦੀ ਹੈ। ਅਨੰਦ ਵਿਵਾਹ ਇਕ ਪਵਿੱਤਰ ਰਸਮ ਹੈ ਅਤੇ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਸਾਹਮਣੇ ਵਿਵਾਹ ਨੂੰ ਕਾਮਯਾਬ ਰੱਖਣ ਦੀ ਰਸਮ ਹੁੰਦੀ ਹੈ। ਜਦ ਮੁੰਡੇ ਕੁਡੀ ਦੇ ਇਸ਼ਟ ? ਭਤਰਖਹ! ਹੀ ਇਕ ਦੁਸ਼ਰੇ ਦੇ ਉਲਟ ਹੋਣ ਤਾਂ ਇਹ ਪਵਿੱਤਰ ਰਸਮ ਇਕ ਡਰਾਮਾ ਬਣ ਕੇ ਹੀ ਰਹਿ ਜਾਂਦੀ ਹੈ। ਇਹ ਰਸਮ ਵੀ ਗੁਰਦੁਆਰਿਆਂ ਵਿਚ ਗੋਲਕਾਂ ਭਰਨ ਲਈ ਕੀਤੀ ਜਾਂਦੀ ਹੈ। ਏਥੇ ਹੀ ਬਸ ਨਹੀਂ, ਵਿਆਹ ਦੀ ਰਸਮ ਉਪਰੰਤ ਜੋੜੀ ਨੂੰ ਕਿਸੇ ਨਾ ਕਿਸੇ ਮਹਾਂਪੁਰਸ਼ ਬਾਬੇ ਵੱਲੋਂ ਜਾਂ ਬਾਬੇ ਦੇ ਚੇਲੇ ਵੱਲੋਂ ਸਿਰੋਪਾਓ ਦਿੱਤਾ ਜਾਂਦਾ ਹੈ ਜੋ ਗੁਰਮਤਿ ਸਿਧਾਂਤ ਦੇ ਬਿਲਕੁਲ ਉਲਟ ਹੈ।
ਸ਼ਖ਼ਸੀ ਪੂਜਾ: ਕਈ ਸੰਤਾਂ ਦੇ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਜ਼ਰੂਰ ਹੁੰਦਾ ਹੈ ਪ੍ਰੰਤੂ ਦੇਹਧਾਰੀ ਗੁਰੂਡੰਮ ਜ਼ਿਆਦਾ ਚਲਦਾ ਹੈ। ਬਰਮਿੰਘਮ ਦੇ ਡੇਰਿਆਂ ਵਿਚ ਸੰਤ ਜੀ ਦੇ ਆਉਣ ਦੀ ਉਡੀਕ ਵਿਚ ਸੰਗਤਾਂ ਹੱਥ ਜੋੜੀ ਦਰਸ਼ਨਾਂ ਲਈ ਬਿਹਬਲ ਹੋਈਆਂ ਖੜੀਆਂ ਹੁੰਦੀਆਂ ਹਨ। ਬਾਬਾ ਜੀ ਨੂੰ ਡੰਡਉਤ ਬੰਦਨਾ ਨਾਲ ਨਿਵਾਜਿਆ ਜਾਂਦਾ ਹੈ। ਇਥੇ ਹੀ ਬਸ ਨਹੀਂ, ਬਾਬਾ ਜੀ ਦੇ ਆਉਣ ਤੇ ਘੜਿਆਲ ਖੜਕਦੇ ਹਨ। ਉਪਰੰਤ ਬਾਬਾ ਜੀ ਆਪਣੇ ਹੱਥੀਂ ਆਪਣੀ ਸਪੈਸ਼ਲ ਲੰਗਰ ਛਕਾਉਂਦੇ ਹਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਕਾ ਲੰਗਰ ਹੇਠਾਂ ਚੱਲਦਾ ਹੈ ਪਰ ਉਪਰ ਸੰਤਾਂ ਦਾ ਸਪੈਸ਼ਲ ਲੰਗਰ ਸ਼ਰਧਾਲੂਆਂ ਲਈ ਹੁੰਦਾ ਹੈ। ਕਿੰਨਾ ਨਿਰਾਦਰ ਹੈ ਗੁਰੂ ਕੇ ਲੰਗਰ ਦਾ।
ਅਖੰਡ ਪਾਠ ਆਰੰਭ ਕਰਨ ਤੋਂ ਪਹਿਲਾਂ ਨਾਰੀਅਲ ਲਾਲ ਕੱਪੜੇ ਵਿਚ ਰੱਖਣਾ, ਜੋਤਾਂ ਜਗਾਉਣੀਆਂ, ਅੰਨ ਦੇ ਦਾਣੇ ਰੱਖਣੇ ਆਦਿ ਕਰਮਕਾਂਡ ਕੀਤੇ ਜਾਦੇ ਹਨ। ਸ਼ੰਖ ਵਜਾਉਣੇ, ਆਰਤੀ ਕਰਨੀ ਤੇ ਫੁੱਲਾਂ ਦੀ ਬਰਖ਼ਾ ਕਰਨੀ ਸਭ ਬਿਪਰਨ ਦੇ ਕਰਮਕਾਂਡ ਹਨ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਵਰਜਿਆ ਹੈ। ਸਿੱਖ ਧਰਮ ਸਿਰਫ਼ ਅਕਾਲ ਪੁਰਖ ਦਾ ਪੁਜਾਰੀ ਹੈ, ਸ਼ਬਦ ਦਾ ਪੁਜਾਰੀ ਹੈ। ਸੋ “ਗੁਰਦੁਆਰੇ ਹੋਇ ਸੋਝੀ ਪਾਇਸੀ” ਦਾ ਸੱਚਾ ਰਾਹ ਅਪਨਾਉਣ ਦੀ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਮਿਹਰ ਦੇ ਪਾਤਰ ਬਣ ਸਕੀਏ।
.