.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 13)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਪ੍ਰੋਫੈਸਰ ਸਾਹਿਬ ਸਿੰਘ ਜੀ ਰਚਿਤ ਗੁਰਬਾਣੀ ਦੀ ਸਰਬੋਤਮ ਸਟੀਕ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਸ਼ਬਦ ਦਾ ਅਖਰੀ ਸਰੂਪ ਤੇ ਭਾਵਾਰਥ ਇਸ ਪ੍ਰਕਾਰ ਹਨ:

ਰਾਗੁ ਗੌੜੀ ਮਾਲਵਾ, ਮਹਲਾ ੫।। ਹਰਿਨਾਮੁ ਲੇਹੁ ਮੀਤਾ ਲੇਹੁ, ਆਗੈ ਬਿਖਮ ਪੰਥੁ ਭੈਆਨ।। ੧।। ਰਹਾਉ।।
ਅਰਥ: —ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ। ੧। ਰਹਾਉ।
ਸੇਵਤ ਸੇਵਤ ਸਦਾ ਸੇਵਿ, ਤੇਰੈ ਸੰਗਿ ਬਸਤੁ ਹੈ ਕਾਲੁ।। ਕਰਿ ਸੇਵਾ ਤੂੰ ਸਾਧ ਕੀ, ਹੋ ਕਾਟੀਐ ਜਮ ਜਾਲੁ।। ੧।।
ਅਰਥ: — (ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ। ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿੱਚ ਫਸਾ ਦੇਂਦਾ ਹੈ। ੧।
ਹੋਮ ਜਗ ਤੀਰਥ ਕੀਏ, ਬਿਚਿ ਹਉਮੈ ਬਧੇ ਬਿਕਾਰ।।
ਨਰਕੁ ਸੁਰਗੁ ਦੁਇ ਭੁੰਚਨਾ, ਹੋਇ ਬਹੁਰਿ ਬਹੁਰਿ ਅਵਤਾਰ।। ੨।।

ਅਰਥ: — (ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿੱਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ। ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ। ੨।
ਸਿਵ ਪੁਰੀ, ਬ੍ਰਹਮ ਇੰਦ੍ਰ ਪੁਰੀ, ਨਿਹਚਲੁ ਕੋ ਥਾਉ ਨਾਹਿ।।
ਬਿਨੁ ਹਰਿ ਸੇਵਾ ਸੁਖੁ ਨਹੀ, ਹੋ ਸਾਕਤ ਆਵਹਿ ਜਾਹਿ।। ੩।।

ਅਰਥ: — (ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ। ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ)। ੩।
ਜੈਸੋ ਗੁਰਿ ਉਪਦੇਸਿਆ, ਮੈ ਤੈਸੋ ਕਹਿਆ ਪੁਕਾਰਿ।।
ਨਾਨਕੁ ਕਹੈ ਸੁਨਿ ਰੇ ਮਨਾ, ਕਰਿ ਕੀਰਤਨੁ ਹੋਇ ਉਧਾਰੁ।। ੪।। {ਗੁ. ਗ੍ਰੰ. ਪੰ. ੨੧੪}
ਅਰਥ: — (ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ। ਨਾਨਕ ਆਖਦਾ ਹੈ—ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ। ੪। ੧। ੧੫੮।
ਸਤਿਗੁਰੂ ਜੀ ਦੇ ਪਰਉਪਕਾਰੀ ਤੇ ਸਮਦ੍ਰਿਸ਼ਟਕ ਬ੍ਰਿਤੀ ਨਾਲ ਗਾਇਨ ਕੀਤੇ ਸ਼ਬਦ ਤੇ ਵਿਆਖਿਆ ਸੁਣ ਕੇ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਹਰ ਪ੍ਰਕਾਰ ਦੀ ਹਉਮੈ ਤਿਆਗ ਕੇ ਸੇਵਾ ਵਿੱਚ ਜੁੱਟ ਗਿਆ। ਲੋੜ ਪੈਣ ’ਤੇ ਵੇਚਣ ਲਈ ਲਿਆਂਦਾ ਗਿਆ ਸੈਂਕੜੇ ਮਣ ਬਾਜਰਾ ਵੀ ਗੁਰੂ ਕੇ ਲੰਗਰ ਲਈ ਅਰਪਣ ਕਰ ਦਿੱਤਾ। ਵੈਸਾਖੀ ਦੇ ਜੋੜ ਮੇਲੇ ਉਪਰੰਤ ਜਦੋਂ ਗੁਰਦੇਵ ਜੀ ਨੇ ਬਾਜਰੇ ਦਾ ਮੁੱਲ ਦੇਣਾ ਚਾਹਿਆ ਤਾਂ ਗੰਗਾ ਰਾਮ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ; ਮਹਾਰਾਜ! ਕ੍ਰਿਪਾ ਕਰਕੇ ਆਪਣੀ ਸਿੱਖੀ ਬਖ਼ਸ਼ੋ, ਹੋਰ ਕੁੱਝ ਨਹੀ ਚਾਹੀਦਾ। ਮਨ ਦੀ ਭਟਕਣਾ ਤੇ ਮੋਹ ਆਦਿਕ ਦੀ ਪਕੜ ਵਿੱਚੋਂ ਕੱਢੋ ਤਾਂ ਜੋ ਹਜ਼ੂਰ ਦੀ ਚਰਨ ਸ਼ਰਨ ਵਿੱਚ ਸੇਵਾ-ਭਗਤੀ ਕਰਦਾ ਰਹਾਂ।
ਗੰਗਾ ਰਾਮ ਦੀ ਬੇਨਤੀ ਨੂੰ ਭਾਈ ਸੰਤੋਖ ਸਿੰਘ ਹੁਰਾਂ ਨੇ ਇਉਂ ਕਲਮ ਬੰਦ ਕੀਤਾ ਹੈ:
ਗੰਗਾ ਰਾਮ ਨੰਮ੍ਰਿ ਹੋਏ ਭਨ੍ਯੋ । ‘ਮੈ ਮਨ ਤੇ ਰਾਵਰਿ ਸਿੱਖ ਬਨ੍ਯੋ ।
ਅਰਪਨ ਕਰ੍ਯੋ ਅੰਨ ਮੈਂ ਆਨਿ। ਕਰਿਹੌਂ ਰਾਵਰ ਸੇਵ ਮਹਾਨ।
ਅਪਨੋ ਸਿੱਖ ਬਨਾਵਨ ਕਰੀਅਹਿ। ਉਰ ਤੇ ਭਰਮ ਮੋਹ ਪਰਹਰੀਅਹਿ।
ਦੀਨ ਜਾਨਿ ਲੇਹੁ ਅਪਨ ਬਨਾਈ। ਪਰ੍ਯੋ ਆਨਿ ਮੈਂ ਗੁਰ ਸ਼ਰਨਾਈ।। {ਗੁ. ਪ. ਰਾਸਿ ੨ ਅੰਸੂ ੫੦}
ਲਿਖਿਆ ਹੈ ਕਿ ਗੰਗਾ ਰਾਮ ਨਗਰ ਦਾ ਪ੍ਰੋਹਿਤ ਵੀ ਸੀ, ਪਰ ਜਦੋਂ ਗੁਰੂ ਬਖ਼ਸ਼ੇ ਨਾਮ ਰੰਗ ਵਿੱਚ ਰੰਗੀਜ ਕੇ ਵਾਪਸ ਮੁੜਿਆ ਤਾਂ ਸਭ ਤੋਂ ਪਹਿਲਾਂ ਪ੍ਰੋਹਤਤਾਈ ਦਾ ਕੰਮ ਛਡਿਆ ਅਤੇ ਫਿਰ ਆਪਣੇ ਸਾਰੇ ਪ੍ਰਵਾਰ ਤੋਂ ਮੂਰਤੀ ਪੂਜਾ ਤੇ ਹੋਰ ਬਿਪਰਵਾਦੀ ਕਰਮਕਾਂਡ ਛੱਡਵਾ ਕੇ ਅਕਾਲਮੂਰਤਿ ਦਾ ਪੂਜਾਰੀ ਬਣਾਦਿਆਂ ਸਤਿਨਾਮ ਵਿੱਚ ਲਿਵ ਲਾਉਣ ਦਾ ਗੁਰਉਪਦੇਸ਼ ਦ੍ਰਿੜ੍ਹ ਕਰਵਾਇਆ:
ਪ੍ਰੋਹਤ ਧਰਮ ਛੋਰ ਲਿਖਿ ਦੀਨ। ਅਪਰ ਬਿੱਪ੍ਰ ਕੋ ਤਿਸੁ ਮਹਿ ਕੀਨ।
ਨਿਜ ਪੁਤ੍ਰਨ ਤੇ ਦਯੋ ਛੁਟਾਈ। ਕੇਵਲ ਸਤਿਨਾਮ ਲਿਵਲਾਈ।। {ਗੁ. ਪ. ਰਾਸਿ ੨ ਅੰਸੂ ੫੦}
ਅਕਾਲ ਰੂਪ ਸਤਿਗੁਰਾਂ ਦੇ ਇਸ ਪ੍ਰਕਾਰ ਦੇ ਪ੍ਰਚਾਰ ਦਾ ਸਿੱਟਾ ਇਹ ਨਿਕਲਿਆ ਜੇ ਕੋਈ ਸਿੱਖਾਂ ਨੂੰ ਮਨ ਦੀ ਮੁਰਾਦਾਂ ਦੀ ਪੂਰਤੀ ਲਈ ਮੜੀਆਂ ਮਸਾਣਾਂ ਦੀ ਪੂਜਾ ਕਰਨ ਦੀ ਪ੍ਰੇਰਨਾ ਕਰਦਾ ਤਾਂ ਉਹ ਫਟ ਗੁਰਵਾਕ ਉਚਾਰ ਸੁਣਾਂਦੇ ‘ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ, ਮੜੈ ਮਸਾਣਿ ਨ ਜਾਈ।। ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ, ਤ੍ਰਿਸਨਾ ਨਾਮਿ ਬੁਝਾਈ।। ’ (ਗੁ. ਗ੍ਰੰ. ਪੰ. ੬੩੪) ਜੇ ਕੋਈ ਕਾਲ ਦੇ ਡਰਾਵੇ ਦਿੰਦਾ ਤਾਂ ਉਹ ਨਿਰਭੈਤਾ ਸਹਿਤ ਆਖਦੇ ‘ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ, ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ।। ’ (ਗੁ. ਗ੍ਰੰ. ਪੰ. ੧੬੯) ਜੇ ਕੋਈ ਦੇਵ-ਮੂਰਤੀਆਂ ਦਾ ਮਹਤਵ ਦਸਣ ਦਾ ਯਤਨ ਕਰਦਾ ਤਾਂ ਉਹ ਕਹਿੰਦੇ ਕਿ ਜੇ ਇਹ ਸੱਚੀ ਹੈ ਤਾਂ ਇਸ ਨੇ ਘੜਣ ਵਾਲੇ (ਬੁੱਤ-ਤਰਾਸ਼) ਨੂੰ ਕਿਉਂ ਨਾ ਖਾਧਾ, ਜਿਹੜਾ ਇਹਦੀ ਛਾਤੀ ਤੇ ਪੈਰ ਰੱਖ ਰੱਖ ਕੇ ਤੇਸੇ ਤੇ ਹਥੌੜੇ ਮਾਰਦਾ ਰਿਹਾ। ‘ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ।। ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ’।। {ਗੁ. ਗ੍ਰੰ. ਪੰ. ੪੭੯}
ਗੁਰਇਤਿਹਾਸ ਦੇ ਮੁੱਢਲੇ ਸੋਮਿਆਂ ਵਿਚੋਂ ਇੱਕ ਸਮਕਾਲੀ ਲਿਖਤ ‘ਦਬਿਸਿਤਾਨਿ—ਮਜ਼ਾਹਬ’ ਤੇ ਅਧਾਰਿਤ ਗੁਰੂ ਨਾਨਕ ਦੇ ਅਕਾਲੀ ਗੁਰਸਿੱਖਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਤੇ ਜ਼ੁਅਰਤ ਦਾ ਇੱਕ ਬਹੁਤ ਵਧੀਆ ਪ੍ਰਮਾਣ ਪ੍ਰਚਲਿਤ ਹੈ। ਜ਼ਿਕਰ ਹੈ ਕਿ ਸ੍ਰੀ ਹਰਿਗੋਬਿੰਦ ਸਾਹਿਬ ਦੇ ਵਕਤ ਕੀਰਤਪੁਰ ਸਾਹਿਬ ਨੇੜੇ ਕਿਲੇਬੰਦ ਪਹਾੜਾਂ ਦੀ ਟੀਸੀ ਉੱਤੇ ਬਣੇ ਨੈਣਾ ਦੇਵੀ ਦੇ ਮੰਦਰ ਦੀ ਮੂਰਤੀ ਦਾ ਕਾਲ ਦੀ ਮਾਰ ਨਾਲ ਕਿਸੇ ਤਰ੍ਹਾਂ ਥੋੜਾ ਜਿਹਾ ਨੱਕ ਭੁਰ ਗਿਆ। ਪਤਾ ਨਹੀ ਕਿ ਕਿਸੇ ਪੁਜਾਰੀ ਪਾਸੋਂ ਕੁੱਝ ਵੱਜ ਕੇ ਟੁੱਟ ਗਿਆ ਜਾਂ ਕਿਸੇ ਸ਼ਰਾਰਤ ਨਾਲ ਤੋੜ ਦਿੱਤਾ। ਪਰ ਪੁਜਾਰੀਆਂ ਨੇ ਰੌਲਾ ਪਾ ਦਿੱਤਾ ਕਿ ਗੁਰੂ ਕੇ ਸਿੱਖ ਦੇਵੀ ਦਾ ਨੱਕ ਤੋੜ ਗਏ ਹਨ। ਕਿਉਂਕਿ, ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸੇਵਕ ਸਿੱਖ ਪਹਾੜੀਆਂ ਨੂੰ ਹਮੇਸ਼ਾ ਹੀ ਬੁੱਤ-ਪ੍ਰਸਤੀ ਤੋਂ ਹੋੜਦੇ ਰਹਿੰਦੇ ਸਨ। ਗਵਾਂਢੀ ਹੋਣ ਕਰਕੇ ਸਾਰੇ ਇੱਕ ਦੂਜੇ ਨੂੰ ਜਾਣਦੇ ਵੀ ਸਨ। ਇਸ ਲਈ ਗੁਰਸਿੱਖ, ਪਹਾੜੀਆਂ ਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਲਈ ਫੁੱਲ-ਪਤਰ ਤੋੜਦਿਆਂ ਨੂੰ ਵੇਖ ਕੇ ‘ਧੁਰ ਕੀ ਬਾਣੀ’ ਵਿਚੋਂ ‘ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ’ ਵਰਗੇ ਸ਼ਬਦ ਵੀ ਸੁਣਾ ਦਿੰਦੇ ਸਨ। ਇਹ ਗੱਲ ਉਨ੍ਹਾਂ ਨੂੰ ਬਹੁਤ ਚੁਭਦੀ ਸੀ। ਇਸ ਲਈ ਪੁਜਾਰੀ ਸ਼੍ਰੇਣੀ ਸਿੱਖਾਂ ਨੂੰ ਕਿਸੇ ਨਾ ਕਿਸੇ ਪੱਖੋਂ ਘੇਰਨ ਤੇ ਦਬਾਉਣ ਦੀਆਂ ਸਾਜਸ਼ਾਂ ਰੱਚਦੀ ਰਹਿੰਦੀ ਸੀ।
ਇੱਕ ਪੁਜਾਰੀ ਨੇ ਉਪਰੋਕਤ ਘਟਨਾ ਲਈ ਭਾਈ ‘ਭੈਰਉ’ ਨਾਮ ਦੇ ਸਿੱਖ ਨੂੰ ਜ਼ੁਮੇਂਵਾਰ ਠਹਿਰਾਇਆ। ਜਦੋਂ ਇਨਸਾਫ਼ ਲਈ ਰਾਜਿਆਂ ਦੀ ਸਭਾ ਬੈਠੀ ਤਾਂ ਭਾਈ ਭੈਰਉ ਨੇ ਆਖਿਆ “ਨਿਆ ਕਰਨਾ ਤੁਹਾਡਾ ਧਰਮ ਹੈ। ਮੰਨ ਲਓ ਕਿ ਜੇ ਮੈਂ ਬੁੱਤ ਦਾ ਨੱਕ ਭੰਨਿਆ ਹੈ ਤਾਂ ਮੈਂ ਮੁਲਜ਼ਮ ਹਾਂ ਅਤੇ ਦੇਵੀ ਮੇਰੀ ਮੁਦਈ ਹੈ। ਪੁਜਾਰੀ ਤਾਂ ਕੇਵਲ ਗਵਾਹ ਹੈ। ਗਵਾਹ ਤਾਂ ਝੂਠਾ ਵੀ ਹੋ ਸਕਦਾ ਹੈ। ਇਸ ਲਈ ਤੁਸੀਂ ਅਸੂਲ਼ ਮੁਤਾਬਿਕ ਪਹਿਲੋਂ ਮੁਦਈ ਦਾ ਬਿਆਨ ਲਵੋ। ਉਸ ਨੂੰ ਪੁੱਛੋ ਕਿ ਨੁਕਸਾਨ ਮੈਂ ਪਹੁੰਚਾਇਆ ਹੈ ਜਾਂ ਕਿਸੇ ਹੋਰ ਨੇ? ਸਾਰੇ ਪਹਾੜੀ ਰਾਜ-ਮੱਦ ਤੇ ਗੁੱਸੇ ਵਿੱਚ ਬੋਲੇ “ਇਹ ਕੈਸਾ ਬੇਵਕੂਫ ਹੈ। ਕਦੇ ਦੇਵੀ ਵੀ ਬੋਲ ਸਕਦੀ ਹੈ?” ਇਹ ਸੁਣ ਕੇ ਭਾਈ ਭੈਰਉ ਨੇ ਮੁਸਕ੍ਰਾਂਦਿਆਂ ਹੋਇਆਂ ਧੀਰਜ ਨਾਲ ਆਖਿਆ “ਇਹ ਤਾਂ ਸਾਫ ਹੀ ਸਪਸ਼ਟ ਹੈ ਕਿ ਮੂਰਖ ਕੌਣ ਹੈ। ਜੋ ਆਪਣਾ ਆਪ ਪ੍ਰਗਟ ਨਹੀ ਕਰ ਸਕਦੀ, ਜੋ ਆਪਣਾ ਇਨਸਾਫ਼ ਨਹੀ ਲੈ ਸਕਦੀ, ਜੋ ਆਪਣਾ ਆਪ ਬਚਾ ਨਹੀ ਸਕਦੀ, ਉਹ ਤਹਾਨੂੰ ਕਿਵੇਂ ਤਾਰੇਗੀ? ਉਹ ਕਾਲ ਦੀ ਮਾਰ ਤੋਂ ਤਹਾਨੂੰ ਕਿਵੇਂ ਬਚਾਏਗੀ?
ਇਸ ਪ੍ਰਕਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੱਕ ਪਹੁੰਚ ਕੇ ਤਾਂ ਅਕਾਲਮੂਰਤਿ ਦੇ ਪੂਜਾਰੀ ਸਿੱਖ ਜਗਤ ਵਿੱਚ ਸਾਰੇ ਪਾਸੇ ‘ਸਤਿ ਸ੍ਰੀ ਅਕਾਲੁ’ ‘ਸਤਿ ਸ੍ਰੀ ਅਕਾਲੁ’ ਦੇ ਨਾਹਰੇ ਗੂੰਜਣ ਲੱਗੇ। ਜਿਵੇਂ, ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਨ ਕਿ ‘ਜਪਤ ਅਕਾਲ, ਕਾਲ ਕੰਟਕ ਕਲੇਸ ਨਾਸੇ, ਨਿਰਭੈ ਭਜਨ, ਭ੍ਰਮ ਭੈ ਦਲ ਭਜਾਏ ਹੈ। (ਕਬਿਤ ੪੦੮) ਤਿਵੇਂ ਹੀ ਅਕਾਲ ਅਕਾਲ ਜਪਦੇ ਹੋਰ ਸਿੰਘ ਸੂਰਮੇਂ ਇਤਨੇ ਨਿਰਭਉ ਹੋ ਗਏ ਸਨ ਕਿ ਹਕੂਮਤੀ ਜਬਰ ਜ਼ੁਲਮ ਦੇ ਵਿਰੁਧ ਲੜਦਿਆਂ ਜੇ ਧਰਮ ਜੁੱਧ ਦਾ ਅਵਸਰ ਬਣਿਆਂ ਤਾਂ ਉਹ ‘ਅਕਾਲ’ ‘ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਮੈਦਾਨਿ-ਜੰਗ ਵਿੱਚ ਜੂਝਣ ਲਈ ਉਤਰਦੇ ਰਹੇ। ਅਤੇ ਜੇ ਸਿੱਖੀ ਸਿਦਕ ਨਿਭਾਦਿਆਂ ਦਿੱਲੀ ਤੇ ਲਹੌਰ ਦੀਆਂ ਕਤਲਗਾਹਾਂ ਵਿੱਚ ਪਹੁੰਚਣ ਦਾ ਵਕਤ ਬਣਿਆਂ ਤਾਂ ‘ਅਕਾਲ’ ‘ਅਕਾਲ’ ਉਚਾਰਦਿਆਂ ਖੁਸ਼ੀ ਖੁਸ਼ੀ ਸ਼ਹੀਦੀਆਂ ਪਉਂਦੇ ਰਹੇ। ਕਿਉਂਕਿ, ਉਹ ਸਤਿਗੁਰੂ ਜੀ ਦੇ ਬਖ਼ਸ਼ੇ ਨਾਮ ਦੇ ਪ੍ਰਗਾਸ ਵਿੱਚ ਸਮਝ ਗਏ ਸਨ ਕਿ ਅਕਾਲਪੁਰਖ ਦੇ ਕਾਇਮ ਕੀਤੇ ਕਾਲ ਰੂਪ ਕੁਦਰਤੀ ਨਿਯਮ ਮੁਤਾਬਿਕ ਜੰਮਣਾ ਤੇ ਮਰਨਾ ਰੱਬੀ ਹੁਕਮ ਹੈ। ਇਸ ਲਈ ਇੱਕ ਦਿਹਾੜੇ ਕਿਸੇ ਨਾ ਕਿਸੇ ਬਹਾਨੇ ਸਰੀਰ ਛੁੱਟਣਾ ਹੈ। ਇਸ ਵਿੱਚ ਕੋਈ ਸ਼ੰਕਾ ਨਹੀ। ਪਰ, ਜਿਹੜਾ ਇਨਸਾਨ ਰੱਬੀ ਰਜ਼ਾ ਵਿੱਚ ਰਹਿੰਦਿਆਂ ਸੱਚ-ਧਰਮ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਜਾਂਦਾ ਹੈ, ਉਹ ਸਦਾ ਲਈ ਅਮਰ ਹੋ ਜਾਂਦਾ ਹੈ। ਕਾਰਨ ਇਹ ਹੈ ਕਿ ਉਹ ਆਤਮਿਕ ਤੌਰ ਤੇ ਕਾਲ ਦੀ ਗ੍ਰਿਫ਼ਤ ਵਿਚੋਂ ਨਿਕਲ ਗਿਆ ਹੁੰਦਾ ਹੈ। ਗੁਰਵਾਕ ਹੈ:
ਮਰਨੋ ਮਰਨੁ ਕਹੈ ਸਭੁ ਕੋਈ।। ਸਹਜੇ ਮਰੈ ਅਮਰੁ ਹੋਇ ਸੋਈ।। {ਗੁ. ਗ੍ਰੰ. ਪੰ. ੩੨੭}
ਇਸ ਸਚਾਈ ਨੂੰ ਇੱਕ ਸੂਝਵਾਨ ਸ਼ਾਇਰ ‘ਫ਼ੈਜ਼’ ਆਪਣੇ ਕਾਵਿਕ ਅੰਦਾਜ਼ ਵਿੱਚ ਇਉਂ ਬਿਆਨ ਕਰਦਾ ਹੈ ਕਿ ਜਾਨ ਤਾਂ ਆਉਣ ਜਾਣ ਵਾਲੀ ਚੀਜ ਹੈ। ਮਰਦੇ ਤਾਂ ਸਾਰੇ ਹੀ ਹਨ। ਇਸ ਲਈ ਇਹ ਕੋਈ ਅਚੰਭੇ ਭਰੀ ਵੱਡੀ ਘਟਨਾ ਨਹੀ ਹੈ। ਇਸ ਸਾਰੀ ਕ੍ਰਿਆ ਵਿੱਚ ਵਿਚਾਰਨ ਯੋਗ ਤੇ ਮਹਤਵ ਪੂਰਨ ਗੱਲ ਇਹ ਹੈ ਕਿ ਕੋਈ ਮਰਿਆ ਕਿਸ ਕਾਜ ਲਈ ਤੇ ਕਿਹੜੀ ਸ਼ਾਨ ਨਾਲ? ਕਿਉਂਕਿ, ਮਰਨ ਦਾ ਕਾਰਨ ਤੇ ਮਰਨ ਦੀ ਸ਼ਾਨ ਹੀ ਕਿਸੇ ਨੂੰ ਸ਼ਹੀਦ ਦਾ ਰੁੱਤਬਾ ਪ੍ਰਦਾਨ ਕਰਦੇ ਹਨ। ਸ਼ੇਅਰ ਹੈ: ਜਿਸ ਧਜ ਸੇ ਕੋਈ ਮਕਤਲ ਕੋ ਗਿਆ, ਵੁਹ ਸ਼ਾਨ ਸਲਾਮਤ ਰਹਤੀ ਹੈ।
ਇਸ ਜਾਂ ਕੀ ਤੋ ਕੋਈ ਬਾਤ ਨਹੀ, ਯਿਹ ਜਾਨ ਤੋ ਆਨੀ ਜਾਨੀ ਹੈ।
ਪ੍ਰਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ‘ਜਹਾਂ ਜੁੱਧ ਕੀ ਜਾਗਾ ਹੋਇ। ਮਰਨੈ ਕੈ ਡਰ ਟਰੈ ਨ ਸੋਇ। ਅਕਾਲ ਅਕਾਲ ਕਹਿ ਉਠੈਂ ਸੁ ਧਾਈ।। ਫੜ ਫੜ ਤੇਗੇ ਕਰੈਂ ਲੜਾਈ’। ਇਸੇ ਤਰ੍ਹਾਂ ਜਦੋਂ ਉਹ ਭਾਈ ਤਾਰੂ ਸਿੰਘ ਜੀ ਦਾ ਲਹੌਰ ਦੀ ਕਤਲਗਾਹ ਵਿੱਚ ਪਹੁੰਚਣ ਦਾ ਜ਼ਿਕਰ ਕਰਦੇ ਹਨ ਤਾਂ ਲਿਖਦੇ ਹਨ ‘ਵਾਹਿਗੁਰੂ ਜੀ ਕੀ ਫਤਹਿ ਬਲਾਈ। ਅਕਾਲ ਅਕਾਲ ਕਹਿ ਊਚ ਸੁਨਾਈ’। ਅਤੇ ਜਦ ਉਹ ਪਿਉ ਪੁਤਰ ਭਾਈ ਸ਼ੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ ਜੀ ਦੀ ਸ਼ਹੀਦੀ ਦਾ ਵਰਨਣ ਕਰਦੇ ਹੈ ਤਾਂ ਲਿਖਦੇ ਹਨ ‘ਅਕਾਲ ਅਕਾਲ ਕਹਿ ਊਚ ਉਚਾਰਾ। ਪਹੁੰਚੇ ਸਨਮੁਖ ਪ੍ਰਭ ਦਰਬਾਰਾ।
ਪਰ, ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਇਤਨੇ ਅਮੀਰ ਫ਼ਲਸਫ਼ੇ ਦੇ ਵਾਰਸਾਂ ਦਾ ਹਾਲ ਹੁਣ ਇਹ ਹੈ ਕਿ ਗੁਰਬਾਣੀ ਤੇ ਗੁਰਇਤਿਹਾਸ ਦੇ ਬੋਧ ਤੋਂ ਸਖਣੇ ਹੋਣ ਕਰਕੇ ਡੇਰਾ ਨੁਮਾ ਗੁਰਦੁਆਰਿਆਂ, ਘਰਾਂ ਤੇ ਦੁਕਾਨਾਂ ਵਿੱਚ ਉਹ ਗੁਰੂ ਸਾਹਿਬਾਨ ਦੀਆਂ ਕਲਪਤ ਤਸਵੀਰਾਂ ਅਤੇ ਕਈ ਹੋਰ ਗੁਰੂ-ਦੰਭੀ ਡੇਰੇਦਾਰਾਂ ਦੀਆਂ ਮੂਰਤੀਆਂ ਸਾਹਮਣੇ ਧੂਪ ਧੁਖਾ ਕੇ ਮੱਥੇ ਟੇਕ ਰਹੇ ਹਨ। ਕਈ ਇਤਿਹਾਸਕ ਗੁਰਸਥਾਨਾਂ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਨੀ ਥੜਿਆਂ ਹੇਠ ਬਣੇ ਭੋਰਿਆਂ ਵਿੱਚ ਗੁਰੂ ਸਾਹਿਬ ਦੀਆਂ ਮੁਗਲ ਚਿਤਰਕਾਰਾਂ ਵਲੋਂ ਮੁਗਲ ਬਾਦਸ਼ਾਹਾਂ ਦੇ ਸਰੂਪ ਵਿੱਚ ਬਣਾਈਆਂ ਫੋਟੋਆਂ ਦੀ ਕੁੱਝ ਮਹੰਤ ਨੁਮਾ ਅਮੀਰ ਵਿਅਕਤੀਆਂ ਵਲੋਂ ਪੂਜਾ ਕੀਤੀ ਜਾ ਰਹੀ ਹੈ। ਜੇ ਕੋਈ ਗ੍ਰੰਥੀ ਪ੍ਰਚਾਰਕ ਵਿਰੋਧ ਕਰਦਾ ਹੈ ਤਾਂ ਉਹ ਵੋਟਾਂ ਦੇ ਸਹਾਰੇ ਬਣੇ ਕਮੇਟੀ ਦੇ ਅਹੁਦੇਦਾਰਾਂ ਪਾਸੋਂ ਉਸ ਨੂੰ ਨੌਕਰੀ ਤੋਂ ਹੀ ਬਰਖ਼ਾਸਤ ਕਰਵਾ ਦਿੰਦੇ ਹਨ।
ਨਾਕਕਸਰ ਵਰਗੇ ਬਹੁਤ ਸਾਰੇ ਡੇਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਕਾਲ-ਮੂਰਤੀ ਸਿਧਾਂਤ ਉੱਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਰਾਬਰੀ ’ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰੱਖੀਆਂ ਜਾ ਰਹੀਆਂ ਹਨ। ਗੁਰੂ ਸਾਹਿਬਾਨ ਦੇ ਬੁੱਤ ਬਣਾਏ ਹੋਏ ਹਨ। ਦੀਵੇ ਬਾਲ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ। ‘ਲਾਵਹੁ ਭੋਗ ਹਰਿ ਰਾਇ’ ਗੁਰਵਾਕ ਦੀ ਗਲਤ ਵਰਤੋਂ ਕਰਦਿਆਂ ਪੰਥਕ ਵਿਧਾਨ ਦੇ ਵਿਪਰੀਤ ਬੁੱਤਾਂ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੜਾਹ ਪ੍ਰਸ਼ਾਦ ਤੇ ਹੋਰ ਪਦਾਰਥਾਂ ਦੇ ਭੋਗ ਲਗਾਏ ਜਾ ਰਹੇ ਹਨ।
ਸ਼ਬਦ ਸਰੂਪ ਸਤਿਗੁਰੂ ਜੀ ਦੀ ਸੇਵਾ ਸੰਭਾਲ ਦੇ ਸੁਰਖਿਅਤ ਸਥਾਨ (ਜਿਸ ਨੂੰ ਹੁਣ ਸੁਖਆਸਨ ਸਥਾਨ ਜਾਂ ਸਚਖੰਡ ਕਿਹਾ ਜਾਣ ਲੱਗ ਪਿਆ ਹੈ) ਵਿਖੇ ਸ਼ਰਦੀਆਂ ਵਿੱਚ ਹੀਟਰ ਅਤੇ ਗਰਮੀਆਂ ਵਿੱਚ ਏਅਰ-ਕੰਡੀਸ਼ਨਾਂ ਦੀ ਗੱਲ ਤਾਂ ਹੁਣ ਆਮ ਹੀ ਹੈ, (ਭਾਵੇਂ ਕਈ ਥਾਈਂ ਅੱਗ ਲਗਣ ਨਾਲ ਪਾਵਨ ਬੀੜਾਂ ਦੇ ਸੜਨ ਅਤੇ ਸਲ੍ਹਾਬ ਨਾਲ ਜਿਲਦਾਂ ਗਲਣ ਦੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ) ਪਰ, ਮੂਰਤੀ ਪੂਜਾ ਵਾਲਾ ਬਿਪਰਵਾਦੀ ਪ੍ਰਭਾਵ ਇਤਨਾ ਵਧ ਗਿਆ ਹੈ ਕਿ ਕਈ ਡੇਰੇਦਾਰਾਂ ਵਲੋਂ ਦਾਤਣਾਂ, ਕਛਹਿਰੇ ਤੇ ਤੌਲੀਏ ਵੀ ਰੱਖੇ ਜਾਂਦੇ ਹਨ। ਹੋ ਸਕਦਾ ਕਿ ਕਿਸੇ ਅੰਧ ਅਗਿਆਨੀ ਨੇ ਮੂਰਤੀ ਪੂਜਕ ਬ੍ਰਾਹਮਣ ਪੂਜਾਰੀਆਂ ਤੋਂ ਅੱਗੇ ਲੰਘਦਿਆਂ ਗੁਰੂ ਸਾਹਿਬ ਲਈ ਸਪੈਸ਼ਲ ਬਾਥਰੂਮ ਵੀ ਬਣਾਇਆ ਹੋਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਮੁਖ ਫ਼ਰਜ਼ ਸੀ ਕਿ ਉਹ ਅਜਿਹੇ ਬਿਪਰਵਾਦੀ ਕਰਮਕਾਂਡਾਂ ਨੂੰ ਰੋਕਦੀ। ਸਿੱਖ ਸੰਗਤਾਂ ਨੂੰ ਜਾਗਰੁਕ ਕਰਦੀ। ਪਰ, ਮੰਦੇ ਭਾਗਾਂ ਨੂੰ ਖ਼ਾਲਸਾ ਪੰਥ ਦੀ ਇਸ ਸ਼੍ਰੋਮਣੀ ਜਥੇਬੰਦੀ ਦਾ ਰਾਜਸੀਕਰਨ ਹੋਣ ਕਰਕੇ ਆਗੂਆਂ ਵਲੋਂ ਵੋਟ ਨੀਤੀ ਨੂੰ ਧਿਆਨ ਵਿੱਚ ਰਖਦਿਆਂ ਉਪਰੋਕਤ ਕਿਸਮ ਦੇ ਗੁਰਸਥਾਨਾਂ ਤੇ ਡੇਰੇਦਾਰਾਂ ਪ੍ਰਤੀ ਕੋਈ ਐਕਸ਼ਨ ਨਹੀ ਲਿਆ ਜਾ ਰਿਹਾ। ਸਗੋਂ, ਇਹਦੇ ਉੱਲਟ ਜੇਹੜਾ ਵੀ ਕੋਈ ਵਿਅਕਤੀ ਜਾਂ ਸੰਸਥਾ ਖ਼ਾਲਸੇ ਦੀ ਨਿਰਮਲਤਾ ਤੇ ਨਿਆਰੇਪਨ ਨੂੰ ਧਿਆਨ ਵਿੱਚ ਰਖ ਕੇ ਉਨ੍ਹਾਂ ਦੇ ਬਿਪਰਵਾਦੀ ਕਰਮਾਂ ਤੇ ਰਸਮਾਂ ਪ੍ਰਤੀ ਕੌਮ ਨੂੰ ਜਾਗਰੂਕ ਕਰਨ ਦਾ ਉਦਮ ਕਰਦਾ ਹੈ। ਉਸ ਨੂੰ ਹੀ ਪੰਥ ਵਿਚੋਂ ਛੇਕਣ ਦੀਆਂ ਧਮਕੀਆਂ ਦੇ ਕੇ ਚੁੱਪ ਕਰਾਉਣ ਦਾ ਯਤਨ ਕੀਤਾ ਜਾਂਦਾ ਹੈ। ਜਦ ਕਿ ਸਿੱਖ ਰਹਿਤ ਮਰਯਾਦਾ ਵਿੱਚ ਕਿਸੇ ਨੂੰ ਪੰਥ ਵਿਚੋਂ ਛੇਕਣ ਦਾ ਕੋਈ ਕਠੋਰ ਨਿਯਮ ਨਹੀ ਹੈ ਅਤੇ ‘ਅਕਾਲਮੂਰਤਿ’ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਗੁਰਸਿੱਖਾਂ ਨੂੰ ਉਪਰੋਕਤ ਕਿਸਮ ਦੇ ਡੇਰੇਦਾਰਾਂ ਵਾਲੇ ਬਿਪਰਵਾਦੀ ਕਰਮਾ ਨੂੰ ਮਨਮੱਤ ਦਸਦਿਆਂ ਰੋਕਿਆ ਵੀ ਗਿਆ ਹੈ।
ਇਸ ਲਈ ਸ਼ੀਘਰਤਾ ਸਹਿਤ ਅੰਤਿਅੰਤ ਲੋੜ ਹੈ ਕਿ ਸਮੂਹ ਸਿੱਖ ਸੰਗਤਾਂ ਗੁਰਬਾਣੀ ਵਿੱਚ ਪ੍ਰਗਟਾਏ ਗੁਰਮਤੀ ਸਿਧਾਂਤਾਂ ਨੂੰ ਸਮਝਣ ਲਈ ਮਸ਼ੀਨ-ਵੱਤ ਗੁਰਬਾਣੀ ਪਾਠਾਂ ਦੀ ਥਾਂ ਅਕਾਲ ਪੁਰਖ ਵਲੋਂ ਪ੍ਰੋਫੈਸਰ ਸਾਹਿਬ ਜੀ ਤੋਂ ਲਿਖਾਈ ਗੁਰਬਾਣੀ ਸਟੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀਆਂ ਦਸ ਪੋਥੀਆਂ ਨੂੰ ਵਿਚਾਰ ਸਹਿਤ ਪੜ੍ਹਣ। ਵਧੇਰੇ ਨਹੀ ਤਾਂ ਘੱਟ ਤੋਂ ਘੱਟ ਭਾਈ ਕਾਨ੍ਹ ਸਿੰਘ ਨਾਭਾ ਦੇ ਰਚਿਤ ‘ਗਰਮਤਿ ਮਾਰਤੰਡ’ (ਦੋਵੇਂ ਭਾਗ) ਅਤੇ ‘ਸਿੱਖ ਰਹਿਤ ਮਰਯਾਦਾ’ ਦੀ 32 ਪੰਨੇ ਦੀ ਛੋਟੀ ਜੇਹੀ ਪੁਸਤਕ ਅਵੱਸ਼ ਪੜਣ। ਜਿਸ ਦੇ ਪੰਨਾ 13 ਉੱਤੇ ‘ਗੁਰਦੁਆਰੇ’ ਦੇ ਪ੍ਰਕਰਣ ਵਿੱਚ ‘ਅਕਾਲਮੂਰਤੀ’ ਸਿਧਾਂਤ ਅਨੁਸਾਰ ਹੇਠ ਲਿਖੀਆਂ ਵਿਧਾਨਕ ਧਾਰਾਵਾਂ ਅੰਕਤ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਮੂਰਤੀ ਪੂਜਕਾਂ ਦੀਆਂ ਚਾਲਾਂ ਤੋਂ ਬਚਦੇ ਹੋਏ ਗੁਰੂ ਦੇ ਸਨਮੁਖ ਹੋ ਕੇ ਜਿਊ ਸਕਦੇ ਹਾਂ:
(ਸ) ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੁਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।
(ਹ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀ ਕਰਨਾ। (ਜਿਵੇਂ, ਕੁੱਝ ਸਮੇਂ ਤੋਂ ਸ਼੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ ਅਤੇ ਕੁੱਝ ਬਿਪਰਵਾਦੀ ਸਾਧਾਂ ਤੇ ਨਿਹੰਗਾਂ ਦੇ ਡੇਰਿਆਂ ਵਿਖੇ ਅਗਿਆਨਤਾ ਵੱਸ ਅਤੇ ਜਾਣ-ਬੁੱਝ ਕੇ ਸੰਪਰਦਾਈ ਹੱਠ ਅਧੀਨ ਵਿਵਾਦ ਗ੍ਰਸਤ ‘ਦਸਮ ਗ੍ਰੰਥ’ ਅਤੇ ‘ਸਰਬਲੋਹ ਗ੍ਰੰਥ’ ਦਾ ਪ੍ਰਕਾਸ਼ ਕਰਨ ਦੀ ਅਵੱਗਿਆ ਹੋ ਰਹੀ ਹੈ।) ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀ।
(ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜਿਆਂ ’ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।
ਕਿਉਂਕਿ, ਗੁਰਸਿੱਖ ਉਸ ਸਰਬ ਵਿਆਪਕ ਤੇ ਇੱਕੋ ਇੱਕ ਰੱਬ ਦੇ ਉਪਾਸ਼ਕ ਹਨ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਅਕਾਲ ਮੂਰਤਿ’ ਦਸਦਿਆਂ ਜਪੁ-ਜੀ ਵਿੱਚ ‘ਥਾਪਿਆ ਨਾ ਜਾਇ, ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।’ ਦਾ ਫ਼ੁਰਮਾਨ ਕਰਕੇ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਕਿਉਂਕਿ, ਉਹਦੀ ਏਕੰਕਾਰੀ (ੴ), ਨਿਰੰਕਾਰੀ ਤੇ ਸਰਬ ਵਿਆਪਕ ਹਸਤੀ ਨਿਰੋਲ ਆਪਣੇ ਆਪ ਤੋਂ ਹੀ ਕਾਇਮ ਹੈ। ਨਾ ਉਹ ਅਵਤਾਰਾਂ ਦੇ ਰੂਪ ਵਿੱਚ ਕਿਸੇ ਵਿਅਕਤੀ ਵਲੋਂ ਬੱਚਿਆਂ ਵਾਂਗ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਮੰਦਰਾਂ ਵਿੱਚ ਬੁੱਤ-ਤਰਾਸ਼ਾਂ ਵਲੋਂ ਘੜ ਕੇ ਮੂਰਤੀਆਂ ਦੇ ਰੂਪ ਵਿੱਚ ਸਥਾਪਿਤ ਕੀਤੇ ਕਲਪਤ ਭਗਵਾਨਾਂ ਵਾਂਗ ਸਾਡੇ ਬਣਾਇਆ ਬਣਦਾ ਹੈ।
ਇਹੀ ਕਾਰਨ ਸੀ ਕਿ ਜਿਹੜਾ ਵੀ ਕਾਲ ਦੀ ਬਾਹਰਮੁਖੀ ਤੇ ਅੰਤਰਮੁਖੀ (ਸਰੀਰਕ ਤੇ ਮਾਨਸਿਕ) ਮਾਰ ਤੋਂ ਘਬਰਾਇਆ ਹੋਇਆ ਸਜਣ, ‘ਅਕਾਲ-ਮੂਰਤੀ’ ਅਵਸਥਾ ਦੀ ਪ੍ਰਾਪਤੀ ਹਿੱਤ ਵੱਡੇਭਾਗਾਂ ਨਾਲ ਅਕਾਲ-ਰੂਪ ਗੁਰੂ ਸਾਹਿਬਾਂ ਪਾਸ ਉਪਦੇਸ਼ ਲੈਣ ਲਈ ਆਇਆ, ਉਸ ਨੂੰ ਇਹੀ ਕਹਿੰਦੇ ਰਹੇ; ਭਾਈ! ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਰਬ-ਵਿਆਪਕ ਹੈ, ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ। ਕਿਉਂਕਿ, ਪਰਮਾਤਮਾ ਦਾ ਨਾਮ ਹੀ ਅਸਲ ਖ਼ਜ਼ਾਨਾ ਹੈ, ਜੀਵਨ ਦੀ ਅਸਲ ਖੱਟੀ ਹੈ। ਇਹ ਚੀਜ਼ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦੀ ਹੈ:
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ।।
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ।। {ਗੁ. ਗ੍ਰੰ. ਪੰ. ੧੧੨੧}

ਸੋ ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਗੁਰੂ-ਨਾਨਕ ਦ੍ਰਿਸ਼ਟੀ ਵਿੱਚ ਪਰਮਾਤਮਾ ਇਸ ਲਈ ਕਾਲ ਤੋਂ ਰਹਿਤ ਹਸਤੀ ਵਾਲਾ (ਅਕਾਲ-ਮੂਰਤਿ) ਹੈ, ਕਿਉਂਕਿ, ਉਹ ਆਪਣੇ ਨਿਰਗੁਣੀ ਸਰੂਪ ਵਿੱਚ ਹਰ ਕਿਸਮ ਦੇ ਰੂਪ, ਰੰਗ ਅਤੇ ਰੇਖ, ਭੇਖ ਤੋਂ ਨਿਆਰਾ ਅਤੇ ਸਰਬ ਵਿਆਪਕ ਸੱਤਾ-ਧਾਰੀ ਹੈ। ਜਪੁ-ਜੀ ਵਿੱਚਲਾ ‘ਥਾਪਿਆ ਨ ਜਾਇ, ਕੀਤਾ ਨ ਹੋਇ’ ਦਾ ਸ੍ਰੀ ਮੁਖਵਾਕ ਇਸੇ ਤੱਥ ਦੀ ਸੰਖੇਪ ਵਿਆਖਿਆ ਹੈ। ਇਸ ਲਈ ਸਪਸ਼ਟ ਹੈ ਕਿ ਜੇ ਕੋਈ ਮਨੁੱਖ ‘ਅਕਾਲ-ਮੂਰਤਿ’ ਦੇ ਰੱਬੀ-ਗੁਣ ਨੂੰ ਧਾਰਨ ਕਰਕੇ ਮਾਨਸਿਕ ਤੌਰ ’ਤੇ ਕਾਲ ਦੀ ਮਾਰ ਤੋਂ ਉਚੇਰਾ ਹੋ ਕੇ ਜੀਊਣਾ ਚਹੁੰਦਾ ਹੈ, ਜੋ ਕਿ ਅਕਾਲ-ਪੁਰਖ ਨਾਲ ਇੱਕ-ਸੁਰ ਹੋ ਕੇ ਜੀਊਣ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ, ਤਾਂ ਉਸ ਨੂੰ ਵੀ ਆਪਣੀ ਹੋਂਦ ਦੀ ਹਉਮੈ ਤੇ ਵਖਰੇਵੇਂ ਨੂੰ ਛੱਡ ਕੇ ਰੂਪ, ਰੰਗ, ਨਸਲ ਭੇਦ, ਜ਼ਾਤ-ਪਾਤ ਅਤੇ ਹਰ ਪ੍ਰਕਾਰ ਦੇ ਮਜ਼ਹਬੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਨਿਰਗੁਣੀ-ਸਰੂਪ ਵਿੱਚ ਹੀ ਵਿਚਰਨਾ ਪਵੇਗਾ।
ਕਿਉਂਕਿ, ਜਿਉਂ ਜਿਉਂ ਕੋਈ ਮਨੁੱਖ ਉਪਰੋਕਤ ਕਿਸਮ ਦੇ ਜ਼ਾਤੀ ਤੇ ਜਮਾਤੀ ਵਿਤਕਰਿਆਂ ਦੀ ਤੰਗਦਿਲੀ ਤੋਂ ਉਚੇਰਾ ਤੇ ਸਮਦ੍ਰਿਸ਼ਟ ਹੋ ਕੇ ਸਮੁੱਚੀ ਮਾਨਵਤਾ ਦੇ ਭਲੇ ਵਾਲਾ ਵਿਸ਼ਾਲ ਦ੍ਰਿਸ਼ਟੀਕੋਨ ਅਪਨਾਉਂਦਾ ਹੈ ਤਾਂ ਆਤਮਿਕ ਤੌਰ ਤੇ ਉਹ ਵੀ ‘ਅਕਾਲ-ਮੂਰਤਿ’ ਪ੍ਰਭੂ ਦਾ ਰੂਪ ਬਣਦਾ ਜਾਂਦਾ ਹੈ। ਗੁਰਮਤਿ ਦੇ ਮੁਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਵੀ ਗਵਾਹੀ ਭਰਦੇ ਹਨ ਕਿ ਗੁਰੂ-ਗਿਆਨ ਨੂੰ ਸੱਚ ਕਰਕੇ ਗ੍ਰਹਿਣ ਕਰਨ ਵਾਲੇ, ਜ਼ਹਿਰ ਸਮਾਨ ਮਾਇਆ-ਗ੍ਰਸੇ ਜੀਵਾਂ ਤੋਂ ਅੰਮ੍ਰਿਤ ਵਰਗੇ ਆਤਮ-ਸੁੱਖ ਮਾਨਣਹਾਰੇ ਹੋ ਜਾਂਦੇ ਹਨ। ਉਹ ਕਾਲ-ਚਕ੍ਰ ਤੋਂ ਨਿਰਲੇਪ ਹੋ ਜਾਂਦੇ ਹਨ। (ਭਾਵ, ਉਨ੍ਹਾਂ ਨੂੰ ਮੌਤ ਦਾ ਡਰ ਨਹੀ ਸਤਾਂਦਾ) ਅਤੇ ਉਨ੍ਹਾ ਦਾ ਸਰੀਰ ਪ੍ਰਭੂ ਧਿਆਨ ਵਿੱਚ ਇੱਕ ਰਸ (ਅਚੱਲ) ਨਿਮਗਨ ਹੋ ਜਾਂਦਾ ਹੈ। ਵਰਨਾ, ਖ਼ੁਦਗਰਜ਼ੀ, ਖ਼ੁਦਪ੍ਰਸਤੀ, ਖ਼ੁਦਨੁਮਾਈ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਕਾਲ-ਜਾਲ ਵਿੱਚ ਫਸਿਆ ਡਰਪੋਕ ਜਿਹਾ ਬਣ ਕੇ ਖ਼ੁਦਕੁਸ਼ੀ ਵਲ ਵਧਣ ਲਗਦਾ ਹੈ। ਉਨ੍ਹਾਂ ਦੇ ਬਚਨ ਹਨ:
ਗੁਰਮਤਿ ਸਤਿ ਕਰਿ ਕਾਲ-ਕੂਟ ਅੰਮ੍ਰਿਤ ਹੁਇ, ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ।।
ਗੁਰਮਤਿ ਸਤਿ ਕਰਿ ਜੀਵਨ ਮੁਕਤ ਭਏ, ਮਾਯਾ ਮੈ ਉਦਾਸ ਬਾਸ ਬੰਧ ਨਿਰਬੰਧ ਹੈ।। ੨੭।।
.