.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 33)

ਪ੍ਰੋ: ਇੰਦਰ ਸਿੰਘ ‘ਘੱਗਾ’

ਪ੍ਰਹਿਲਾਦ:- ਹਿਰਨਯਕਸ਼ਪ ਦਾ ਪੁੱਤਰ ਅਤੇ ਬਲਿ ਦਾ ਪਿਤਾ। ਪੌਰਾਣਕ ਕਥਾ ਹੈ ਕਿ ਹਿਰਨਯਕਸ਼ਪ ਨੇ ਦੇਵਤਿਆਂ ਨਾਲ ਜੰਗ ਲੜਕੇ, ਇੰਦਰ ਤੋਂ ਸੁਰਗ ਲੋਕ ਖੋਹ ਲਿਆ ਸੀ। ਇਸ ਦਾ ਪੁੱਤਰ ਪ੍ਰਹਿਲਾਦ ਛੋਟੀ ਉਮਰ ਵਿੱਚ ਹੀ, ਵਿਸ਼ਨੂੰ ਦਾ ਉਪਾਸ਼ਕ ਬਣ ਗਿਆ। ਜਿਸ ਕਾਰਨ ਉਸਦਾ ਪਿਤਾ ਬਹੁਤ ਗੁੱਸੇ ਹੋਇਆ। ਪ੍ਰਹਿਲਾਦ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਦੈਤਾਂ ਦੇ ਅਸਤਰ, ਸੱਪਾਂ ਦੇ ਡੰਗ, ਹਾਥੀਆਂ ਦੇ ਦੰਦ, ਅੱਗ ਦੀਆ ਲਾਟਾਂ, ਪ੍ਰਹਿਲਾਦ ਦਾ ਕੁਛ ਨਾਂ ਕਰ ਸਕੀਆਂ। ਇਸ ਤੋਂ ਮਗਰੋਂ ਹਿਰਨਯਕਸ਼ਪ ਨੂੰ ਦੰਡ ਦੇਣ ਲਈ ਵਿਸ਼ਨੂੰ ਨੇ ਨਰਸਿੰਹ ਦਾ ਅਵਤਾਰ ਧਾਰਿਆ। ਪਿਤਾ ਦੀ ਮੌਤ ਮਗਰੋਂ ਪ੍ਰਹਿਲਾਦ ਦੈਤਾਂ ਦਾ ਰਾਜਾ ਬਣਿਆ ਤੇ ਪਤਾਲ ਵਿੱਚ ਵਿਸ਼ਨੂੰ ਦਾ ਰੂਪ ਹੀ ਹੋ ਗਿਆ। ਭਾਰਤੀ ਧਰਮ ਗ੍ਰੰਥਾਂ ਅਤੇ ਸਿੱਖਾਂ ਦੇ ਧਰਮ ਗ੍ਰੰਥਾਂ ਵਿੱਚ ਪ੍ਰਹਿਲਾਦ ਦੇ ਪਿਤਾ ਦਾ ਨਾਮ ਹਰਨਾਖਸ਼ ਲਿਖਿਆ ਮਿਲਦਾ ਹੈ, ਅਸਲ ਵਿੱਚ ਇਹ ਦੋਵੇਂ ਨਾਮ ਇੱਕੋ ਵਿਅਕਤੀ ਦੇ ਸਨ। ਪਦਮ ਪੁਰਾਣ ਵਿੱਚ ਇਹ ਭੀ ਲਿਖਿਆ ਹੈ ਕਿ ਪ੍ਰਹਿਲਾਦ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ। ਇਸ ਦੇ ਚਾਰ ਹੋਰ ਭਰਾ ਭੀ ਸਨ। ਪਿਛਲੇ ਜਨਮ ਵਿੱਚ ਸਾਰਿਆਂ ਨੇ ਵਿਸ਼ਨੂੰ ਦੀ ਬਹੁਤ ਭਗਤੀ ਕੀਤੀ। ਇਸ ਦੇ ਬਾਕੀ ਚਾਰੇ ਭਰਾ ਮਰਕੇ ਵਿਸ਼ਨੂੰ ਵਿੱਚ ਸਮਾ ਗਏ। ਪ੍ਰਹਿਲਾਦ ਤਪੱਸਿਆ ਕਰਦਿਆਂ, ਦੈਤਾਂ ਕੋਲੋਂ ਡਰ ਗਿਆ ਸੀ। ਇਸ ਲਈ ਇਸ ਨੂੰ ਦੈਂਤ ਦੇ ਘਰ ਪ੍ਰਹਿਲਾਦ ਬਣਕੇ ਜਨਮ ਲੈਣਾ ਪਿਆ (ਮਹਾਨ ਕੋਸ਼ ਪੰਨਾ 795, ਹਿੰਦੂ ਮਿਥਿਹਾਸ ਕੋਸ਼ ਪੰਨਾ - 331)
ਵਿਚਾਰ:- ਗੁਰਬਾਣੀ ਵਿੱਚ ਪ੍ਰਹਿਲਾਦ ਦਾ ਕਈ ਵਾਰੀ ਜ਼ਿਕਰ ਆਇਆ ਹੈ। ਇਸ ਇਤਿਹਾਸਕ ਪਾਤਰ ਨੂੰ ਮਿਥਿਹਾਸਕ ਰੰਗਣ ਦੇ ਦਿੱਤੀ ਗਈ ਹੈ। ਜਾਂ ਇਉ ਕਹਿ ਲਓ, ਜੁੱਗ ਬੀਤ ਜਾਣ ਕਾਰਨ, ਇਸ ਘਟਨਾ ਦਾ ਸਾਰਾ ਚਿਹਰਾ ਮੋਹਰਾ ਹੀ ਵਿਗੜ ਗਿਆ ਹੈ। ਇਸਦਾ ਪਿਤਾ ਹਰਨਾਖਸ, ਅਤੀ ਸ਼ਕਤੀਸ਼ਾਲੀ ਮੂਲਵਾਸੀ ਦਰਾਵੜ ਰਾਜਾ ਸੀ। ਰਿਗ ਵੇਦ ਦੀਆਂ ਰਚਨਾਵਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਨੇ ਇੰਦਰ ਨੂੰ ਜੰਗ ਵਿੱਚ ਪੂਰੀ ਤਰ੍ਹਾਂ ਹਰਾ ਦਿੱਤਾ ਸੀ। ਇੰਦਰ ਦੀ ਪੁਰੀ, ਜਿਸਨੂੰ ਸਵਰਗ ਭੀ ਕਿਹਾ ਗਿਆ ਹੈ ਉਸ ਤੋਂ ਖੋਹ ਲਈ। ਸਵਰਗ ਪੁਰੀ ਕੋਈ ਹੋਰ ਨਹੀਂ ਸੀ, ਰਿਸ਼ੀ ਕੇਸ ਤੋਂ ਹੇਠਲਾ ਮੈਦਾਨੀ ਇਲਾਕਾ ਸੀ। ਵਰਤੋਂ ਲਈ ਗੰਗਾ ਦਾ ਸ਼ੀਤਲ ਸਾਫ ਪਾਣੀ। ਪਸ਼ੂਆਂ ਦੇ ਚਰਨ ਲਈ, ਫਸਲਾਂ ਵਾਸਤੇ, ਸ਼ਿਕਾਰ ਕਰਨ ਲਈ ਇਥੇ ਸਭ ਕੁੱਝ ਪ੍ਰਾਪਤ ਸੀ। ਇਹ ਉੱਤਰੀ ਭਾਰਤ ਦੀ
ਜਰਖੇਜ ਉਪਜਾਊ ਧਰਤੀ ਹਰਨਾਖਸ਼ ਨੇ ਇੰਦਰ ਤੋਂ ਖਾਲੀ ਕਰਵਾ ਲਈ। ਉਸਨੂੰ ਪਹਾੜਾਂ ਵਿੱਚ ਲੁਕਣ ਲਈ ਮਜਬੂਰ ਕਰ ਦਿੱਤਾ। ਇੰਦਰ ਦੇ ਚਾਟੜਿਆਂ ਨੇ ਪ੍ਰਹਿਲਾਦ ਨੂੰ ਆਪਣਾ ਵਿਸ਼ਵਾਸ਼ ਪਾਤਰ ਬਣਾ ਲਿਆ। ਪ੍ਰਹਿਲਾਦ ਨੂੰ ਉਸਦੇ ਪਿਤਾ ਦੀਆਂ ਜਿੱਤਾਂ ਵਿੱਚ ਵੱਡੇ ਜ਼ੁਲਮ ਕਰਦੇ ਦੱਸਿਆ ਗਿਆ। ਪ੍ਰਿਹਲਾਦ ਨੂੰ ਪਿਤਾ ਦਾ ਰਾਜ ਸਾਂਭ ਲੈਣ ਲਈ ਪ੍ਰੇਰਿਆ ਗਿਆ। ਦੇਵਤੇ (ਆਰੀਅਨ) ਲੋਕ ਉਸਦੀ ਹਰ ਤਰ੍ਹਾਂ ਸਹਾਇਤਾ ਕਰਨਗੇ। ਪ੍ਰਹਿਲਾਦ ਧੋਖਾ ਖਾ ਗਿਆ, ਪਿਤਾ ਦੀ ਵਿਰੋਧਤਾ ਵਿੱਚ ਖੜਾ ਹੋ ਗਿਆ। ਹਰਨਾਖਸ਼ ਨੂੰ ਜਦੋਂ ਸਾਜਿਸ਼ਾਂ ਦਾ ਪਤਾ ਲੱਗਿਆ ਉਸਨੇ ਪ੍ਰਹਿਲਾਦ ਦੀ ਸਖਤੀ ਨਾਲ ਪੁੱਛ ਗਿੱਛ ਕੀਤੀ। ਸ਼ੱਕ ਸਹੀ ਸਾਬਤ ਹੋਇਆ। ਪ੍ਰਹਿਲਾਦ ਨੂੰ ਕਈ ਤਰੀਕੇ ਸਜ਼ਾਵਾਂ ਦਿੱਤੀਆਂ ਗਈਆਂ। ਪਰ ਰਾਜਦਰਬਾਰ ਦੇ ਬਹੁਤ ਸਾਰੇ ਕਰਮਚਾਰੀ ਤੇ ਅਫਸਰ ਪ੍ਰਹਿਲਾਦ ਦੀ ਹਮਾਇਤ ਕਰਕੇ ਬਚਾ ਲੈਂਦੇ ਰਹੇ। ਕਿਉਂਕਿ ਪ੍ਰਹਿਲਾਦ ਨੇ ਇਹਨਾਂ ਨੂੰ ਵੱਡੇ ਅਹੁਦੇ ਆਦਿਕ ਦਾ ਲਾਲਚ ਦਿੱਤਾ ਹੋਇਆ ਸੀ। ਇਸਨੂੰ ਸੱਪਾਂ ਅੱਗੇ ਸੁਟਵਾਇਆ ਗਿਆ ਸੱਪਾਂ ਨੇ ਡੰਗ ਹੀ ਨਾ ਮਾਰੇ ਕਿਉਂਕਿ ਉਹ ਪਾਲਤੂ ਸੱਪ ਸਨ। ਗਰਮ ਥੰਮ੍ਹ ਨੂੰ ਜੱਫੀ ਪਾਉਣ ਲਈ ਕਿਹਾ ਗਿਆ, ਇਹ ਡਰ ਗਿਆ ਕਿਤੇ ਸੱਚੀਮੁੱਚੀ ਥੰਮ੍ਹ ਗਰਮ ਨਾ ਹੋਵੇ। ਪਰ ਆਪਣੇ ਹਮਾਇਤੀਆਂ ਨੇ ਉਸ ਥੰਮ ਉਤੇ ਕੀੜੀਆਂ ਛੱਡ ਦਿੱਤੀਆਂ। ਕੀੜੀਆਂ ਟੁਰਦੀਆਂ ਵੇਖਕੇ ਪ੍ਰਹਿਲਾਦ ਦਾ ਹੌਂਸਲਾ ਵਧ ਗਿਆ ਤੇ ਉਸਨੇ ਥੰਮ ਨੂੰ ਗਲਵਕੜੀ ਪਾ ਲਈ ਜੋ ਗਰਮ ਹੀ ਨਹੀਂ ਸੀ।
ਫਿਰ ਹੋਲਕਾ ਭੂਆ ਅੱਗ ਵਿੱਚ ਸਾੜਨ ਲਈ ਲੈ ਗਈ, ਪ੍ਰਹਿਲਾਦ ਨੇ ਆਪਣੇ ਬੰਦਿਆ ਦੀ ਸਹਾਹਿਤਾ ਨਾਲ ਹੋਲਕਾ ਨੂੰ ਹੀ ਅੱਗ ਵਿੱਚ ਸੁੱਟਵਾ ਦਿੱਤਾ, ਤੇ ਪਰਚਾਰ ਕਰਵਾ ਦਿੱਤਾ ਕਿ ਭਤੀਜੇ ਨੂੰ ਸਾੜਦੀ ਖੁਦ ਸੜ ਮਰੀ। ਕਹਿੰਦੇ ਨੇ ਹਰਨਾਖਸ਼ ਨੇ ਵਰ ਲਿਆ ਹੋਇਆ ਸੀ, ਕਿ ਨਾ ਦਿਨੇ ਨਾ ਰਾਤੀ ਮਰਾਂ। ਨਾ ਅੰਦਰ ਨਾ ਬਾਹਰ। ਨਾ ਕੋਈ ਸ਼ੇਰ ਚਿੱਤਾ ਮਾਰ ਸਕੇ ਨਾ ਕੋਈ ਮਨੁੱਖ। ਬਸ ਜੀ ਪ੍ਰਹਿਲਾਦ ਦੀ ਫਰਿਆਦ ਸੁਣ ਕੇ ਵਿਸ਼ਨੂੰ ਜੀ ਨਰਸਿੰਹ ਦਾ ਅਵਤਾਰ ਧਾਰਕੇ ਆ ਪਰਗਟ ਹੋਏ। ਉਸ ਵਕਤ ਨਾ ਦਿਨ ਸੀ ਨਾ ਰਾਤ। ਹਰਨਾਖਸ਼ ਨਾ ਅੰਦਰ ਸੀ ਨਾ ਬਾਹਰ, ਦੇਹਲੀਆਂ ਤੇ ਸੀ। ਮਾਰਨ ਵਾਲੇ ਦੀ ਸ਼ਕਲ ਤੇ ਸਰੀਰ ਅਜੀਬੋ ਗਰੀਬ! ਉਸਤੋਂ ਮਗਰੋਂ ਉਹੋ ਜਿਹਾ ਪੀਸ ਕਦੀ ਨਹੀਂ ਜੰਮਿਆ, ਬਸ ਇੱਕੋ ਪੀਸ ਪੈਦਾ ਹੋਇਆ ਸੀ। ਭਲੇ ਮਾਣਸੋ ਪਹਿਲਾਂ ਅਜਿਹਾ ਵਰਦਾਨ ਕਿਉਂ ਦਿੱਤਾ ਸੀ? ਉਸ ਵਰ ਨੂੰ ਤੋੜਨਾ ਕਿੰਨਾ ਮੁਸ਼ਕਲ ਸੀ। ਵਿਚਾਰੇ ਵਿਸ਼ਨੂੰ ਜੀ ਨੂੰ ਕਿੰਨੇ ਪਾਪੜ ਵੇਲਣੇ ਪਏ। ਆਪਣੇ ਸਰੀਰ ਦਾ ਹੁਲੀਆ ਵਿਗਾੜਨਾ ਪਿਆ। ਅੱਧਾ ਹਿੱਸਾ ਮਨੁੱਖ ਦਾ ਅਤੇ ਅੱਧਾ ਜਾਨਵਰ ਦਾ। ਸ਼ਰਤਾਂ ਭੀ ਪੂਰੀਆਂ ਕੀਤੀਆਂ ਤੇ ਮਾਰਨਾਂ ਭੀ ਜ਼ਰੂਰੀ ਸੀ। ਵਾਹ ਸਤਿਕਾਰਯੋਗ ਦੇਵਤਿਓ! ਵਰਦਾਨ ਦੇਣ ਲੱਗੇ ਆਪਣਾ ਅਧਿਕਾਰ ਰਾਖਵਾਂ ਤਾਂ ਰੱਖ ਸਕਦੇ ਸੀ। ਅਕਲ ਦੀ ਵਰਤੋਂ ਕਰਕੇ ਭਗਤ ਨੂੰ ਵਰ ਦੇ ਸਕਦੇ ਸੀ। ਅਸਲ ਵਿੱਚ ਪ੍ਰਹਿਲਾਦ ਨੂੰ ਨਾਲ ਗੰਢਿਆ ਗਿਆ ਸੀ। ਉਸ ਨੇ ਪਿਤਾ ਦੀਆਂ ਸਾਰੀਆਂ ਕਮਜ਼ੋਰੀਆਂ ਦੁਸ਼ਮਣ ਨੂੰ ਜਾ ਦੱਸੀਆਂ। ਜਦੋਂ “ਘਰ ਦਾ ਭੇਤੀ ਲੰਕਾ ਢਾਹੇ” ਫਿਰ ਬਚਾਵੇ ਕੌਣ? ਜਦੋਂ ਪੁੱਤਰ ਪਿਤਾ ਨੂੰ, ਪਿਤਾ ਪੁੱਤਰ ਨੂੰ ਖਤਮ ਕਰਨਾ ਚਾਹੇ ਤਾਂ ਕੌਣ ਬਚਾ ਸਕਦਾ ਹੈ? ਜਦੋਂ ਭੀ ਇੰਦਰ ਸਿੱਧੀ ਜੰਗ ਵਿੱਚ ਹਾਰ ਜਾਂਦਾ ਸੀ ਤਾਂ ਆਪਣੇ ਭਰਾ ਵਿਸ਼ਨੂੰ ਨੂੰ ਕੋਈ ਤਰਕੀਬ ਕੱਢਣ ਲਈ ਕਿਹਾ ਕਰਦਾ ਸੀ। ਵਿਸ਼ਨੂੰ ਸਾਜ਼ਿਸ਼ਾਂ ਰਚਣ ਵਿੱਚ ਨਿਪੁੰਨ ਸੀ। ਬਲਿ ਨੂੰ ਕਾਬੂ ਕਰਨ ਲਈ ਬੌਣੇ ਦਾ ਰੂਪ ਧਾਰਿਆ। ਅੰਮ੍ਰਿਤ ਦੀ ਵੰਡ ਵਕਤ ਮੋਹਣੀ ਰੂਪ ਵਾਲੀ ਔਰਤ ਬਣ ਕੇ, “ਦੈਂਤਾਂ” ਨੂੰ ਤਬਾਹ ਕਰਵਾ ਗਿਆ। ਭਸਮਾ ਸੁਰ ਨੂੰ ਫਿਰ ਸੋਹਣੀ ਤੀਵੀਂ ਬਣ ਕੇ ਜਾ ਠੱਗਿਆ। ਜਲੰਧਰ ਰਾਜੇ ਦੀ ਪਤਨੀ ਵ੍ਰਿੰਦਾ ਨੂੰ ਭੇਸ ਵਟਾ ਕੇ ਜਾ ਬਲਾਤਕਾਰ ਕੀਤਾ। ਜਦੋਂ ਇਹਨਾਂ ਕੜੀਆਂ ਨੂੰ ਨਾਲ ਜੋੜ ਲਈਏ ਤਾਂ ਸਥਿਤੀ ਛੇਤੀ ਸਪੱਸ਼ਟ ਹੋ ਜਾਂਦੀ ਹੈ। ਜਿਵੇਂ ਕਿ ਪਾਠਕ ਬਲਿ ਵਾਲੇ ਹਿੱਸੇ ਵਿੱਚ ਪੜ੍ਹ ਚੁੱਕੇ ਹਨ ਕਿ ਬਲਿ ਰਾਜਾ ਪ੍ਰਹਿਲਾਦ ਦਾ ਪੁੱਤਰ ਜਾਂ ਪੋਤਰਾ ਹੀ ਸੀ (ਕਈ ਥਾਵਾਂ ਤੇ ਪ੍ਰਹਿਲਾਦ ਦਾ ਬੇਟਾ ਵਿਮੋਚਨ ਤੇ ਪੋਤਰਾ ਬਲਿ ਲਿਖਿਆ ਹੈ। ਕਈ ਥਾਈਂ ਸਿੱਧਾ ਹੀ ਬਲਿ ਪੁੱਤਰ ਲਿਖਿਆ ਹੈ) ਪ੍ਰਹਿਲਾਦ ਨੇ ਰਾਜ ਭੁੱਖ ਕਾਰਨ ਪਿਤਾ ਨੂੰ ਮਰਵਾ ਦਿੱਤਾ। ਮਗਰੋਂ ਅੱਖਾਂ ਖੁੱਲ੍ਹੀਆਂ ਜਦੋਂ ਆਰੀਅਨ ਦੁਸ਼ਮਣਾਂ ਵਿੱਚ ਬੁਰੀ ਤਰ੍ਹਾਂ ਘਿਰ ਗਿਆ। ਛੇਤੀ ਹੀ ਇਸ ਨੂੰ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ। ਜਦੋਂ ਇਹ ਵਿਸ਼ਨੂੰ ਹੁਰਾਂ ਨੂੰ ਅੱਖਾਂ ਵਿਖਾਉਣ ਲੱਗਾ ਸੀ। ਇਸ ਦਾ ਪੁੱਤਰ ਬਹੁਤ ਬਹਾਦਰ ਤੇ ਨੇਕ ਇਨਸਾਨ ਸੀ। ਇਸੇ ਲਈ ਬਲਿ ਰਾਜਾ ਕਿਸੇ ਦਾ ਹਰਾਇਆ ਹਾਰਦਾ ਨਹੀਂ ਸੀ। ਬਸ ਧੋਖੇ ਨਾਲ ਹੀ ਮਾਰਿਆ ਜਾ ਸਕਦਾ ਸੀ। ਇਹੋ ਤਰੀਕਾ ਵਰਤਿਆ ਗਿਆ। ਇੱਕ ਅਤੀ ਤਾਕਤਵਰ ਰਾਜ ਸਾਜ਼ਿਸ਼ ਦੀ ਭੇਟ ਚੜ੍ਹ ਗਿਆ।
ਹੁਣ ਗੱਲ ਕਰਦੇ ਹਾਂ ਪ੍ਰਹਿਲਾਦ ਦੀ ਬਹਾਦਰੀ ਬਾਰੇ। ਕੋਈ ਦੱਸ ਸਕੇਗਾ ਕਿ ਉਸ ਨੇ ਕਿੱਥੇ ਤੇਗਾਂ ਵਾਹੀਆਂ ਸਨ? ਬਾਕੀ ਥਾਈਂ ਸਹਾਇਕ ਅਫਸਰਾਂ ਨੇ ਬਚਾ ਲਿਆ ਪਰ ਥੰਮ ਵਾਲੀ ਕਮਜ਼ੋਰੀ ਤਾਂ ਜੱਗ ਜਾਹਰ ਹੈ। ਜਦੋਂ ਥੰਮ ਨਾਲ ਜੱਫੀ ਪਾਉਣ ਲਈ ਕਿਹਾ ਗਿਆ ਤਾਂ ਕੰਬ ਗਿਆ, ਡੋਲ ਗਿਆ, ਪਸੀਨੇ ਛੁੱਟ ਗਏ। “ਭਗਵਾਨ ਦੀ ਕੀੜੀ” ਨੇ ਬਚਾ ਲਿਆ। ਜੇ ਕੀੜੀ ਨਾ ਆਉਂਦੀ? ਕੀ ਤੱਤੇ ਥੰਮ ਤੇ ਕੀੜੀ ਜੀਵਤ ਰਹਿ ਸਕਦੀ ਹੈ? ਬਾਹਰੀ ਕਰਾਮਾਤਾਂ ਵਰਤਣ ਦੀ ਥਾਵੇਂ ਵਿਸ਼ਨੂੰ ਭਗਵਾਨ ਨੇ ਪ੍ਰਹਿਲਾਦ ਦੇ ਅੰਦਰ ਦਲੇਰੀ ਕਿਉਂ ਨਾ ਭਰ ਦਿੱਤੀ? ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਸਰੀਰ ਦੇ ਚੀਥੜੇ ਉੱਡ ਗਏ ਪਰ ਡੋਲਿਆ ਨਹੀਂ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋਫਾੜ ਕਰ ਦਿੱਤਾ ਗਿਆ। ਆਰੇ ਦੇ ਦੰਦੇ ਬਹੁਤ ਤਿੱਖੇ ਸਨ, ਸਰੀਰ ਦੇ ਦੋ ਟੋਟੇ ਕਰ ਦਿੱਤੇ। ਸਿਦਕ ਤੇ ਅਡੋਲ ਰਹਿ ਕੇ ਪਹਿਰਾ ਦਿੱਤਾ। ਗੁਰੂ ਅਰਜਣ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਤਵੀ ਸੱਚ ਮੁੱਚ ਅੱਗ ਵਰਗੀ ਸੀ। ਉਸ ਤੇ ਕੋਈ ਕੀੜੀ ਨਹੀਂ ਆਈ, ਇਹ ਦੱਸਣ ਲਈ ਕਿ ਤਵੀ ਠੰਢੀ ਹੈ। ਸਤਿਗੁਰੂ ਜੀ ਦਾ ਸਰੀਰ ਛਾਲੇ ਛਾਲੇ ਹੋ ਗਿਆ। ਲਹੂ ਮਿੱਝ ਖਤਮ ਹੋ ਗਿਆ, ਸਤਿਗੁਰੂ ਜੀ ਨੇ ਧਰਮ ਨਹੀਂ ਹਾਰਿਆ। ਜਦੋਂ ਹੋਰ ਕੋਈ ਇਤਿਹਾਸਕ ਪਾਤਰ ਨਹੀਂ ਸੀ ਤਾਂ ਮਜਬੂਰੀ ਵਸ ਮਿਥਿਹਾਸਕ ਪਾਤਰਾਂ ਦਾ ਸਹਾਰਾ ਲੈਣਾ ਪੈਂਦਾ ਸੀ। ਅੱਜ ਤਾਂ ਸਿੱਖਾਂ ਕੋਲ ਬੱਬਰ ਸ਼ੇਰਾਂ ਦਾ ਲਾਸਾਨੀ ਇਤਿਹਾਸ ਮੌਜੁਦ ਹੈ, ਫਿਰ ਕਿਉਂ ਮੁਰਦਾ ਸਾਹਿਤ ਦਾ ਸਹਾਰਾ ਤੱਕਿਆ ਜਾਵੇ? ਕਿੱਥੇ ਸੀ ਉਸ ਵਕਤ ਵਧੀਆ ਪਾਤਰ? ਹਿੰਦੂਆਂ ਦੇ ਘਿਸੇ ਪਿਟੇ ਪਾਤਰਾਂ ਵਿੱਚ ਨਵੀਂ ਰੂਹ ਪਾ ਕੇ ਆਪਦੇ ਲੋਕਾਂ ਨੂੰ ਉਤਸ਼ਾਹ ਦੇਣ ਦਾ ਜਤਨ ਕੀਤਾ ਗਿਆ ਸੀ। ਜੇ ਘਰ ਵਿੱਚ ਅੰਨ੍ਹ ਦਾਣਾ ਨਾ ਹੋਵੇ ਤਾਂ ਗਾਜਰ ਮੂਲੀ ਖਾ ਕੇ ਪੇਟ ਪੂਰਤੀ ਕਰਨੀ ਮਜਬੂਰੀ ਹੁੰਦੀ ਹੈ, ਸ਼ੌਕ ਨਹੀਂ।
ਫਿਰ ਇਹ ਭੀ ਚੰਗੀ ਤਰ੍ਹਾਂ ਵਿਚਾਰ ਕਰ ਲਈਏ ਕਿ ਪ੍ਰਹਿਲਾਦ ਨੇ ਪਿਤਾ ਨੂੰ ਮਰਵਾ ਦਿੱਤਾ। ਉਸ ਤੋਂ ਮਗਰੋਂ ਰਾਜ ਵਿਚਲੇ ਲੋਕਾਂ ਲਈ ਕੀ ਕੀਤਾ? ਕਿਹੜੀਆਂ ਮੱਲਾਂ ਮਾਰੀਆਂ? ਦੇਸ਼ ਨੂੰ ਕਿਵੇਂ ਉੱਨਤ ਕੀਤਾ? ਆਮ ਲੋਕਾਂ ਦੇ ਜੀਵਨ ਵਿੱਚ ਕੋਈ ਤਬਦੀਲੀ ਆਈ? ਉਸ ਨੇ ਕੇਵਲ ਰਾਮ ਨਾਮ ਜਪਿਆ ਕਿਤੇ ਤੇਗਾਂ ਨਹੀਂ ਵਾਹੀਆਂ। ਕੋਈ ਪਰਉਪਕਾਰ ਨਹੀਂ ਕੀਤਾ। ਘਰੇਲੂ ਲੜਾਈ ਸੀ ਪੁੱਤਰ ਪਿਤਾ ਦੀ ਰਾਜ ਗੱਦੀ ਖੋਹਣ ਵਾਸਤੇ। ਅਜਿਹੀਆਂ ਸਾਜ਼ਸ਼ਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਬਾਖੂਬੀ ਕੀਤਾ ਹੈ। ਪੜ੍ਹੋ:-
ਧ੍ਰੂ ਪ੍ਰਹਿਲਾਦੁ ਭਭੀਖਣੋ, ਅੰਬਰੀਕੁ ਬਲਿ ਜਨਕੁ ਵਖਾਣਾ। ।
ਰਾਜ ਕੁਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ। ।
ਧ੍ਰੂ ਮਤਰੇਈ ਚੰਡਿਆ ਪੀਉ ਫੜਿ ਪ੍ਰਹਿਲਾਦੁ ਰਞਾਣਾ। ।
ਭੇਦੁ ਭਭੀਖਣੁ ਲੰਕ ਲੈ ਅੰਬਰੀਕੁ ਲੈ ਚਕ੍ਰੁ ਲੁਭਾਣਾ। ।
ਪੈਰ ਕੜਾਹੈ ਜਨਕ ਦਾ ਕਰਿ ਪਾਖੰਡ ਧਰਮ ਧਿਙਤਾਣਾ। ।
ਆਪੁ ਗਵਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ। ।
“ਗੁਰਮੁਖਿ ਸੁਖ ਫਲੁ ਪਤਿ ਪਰਵਾਣਾ”। । (ਭਾਈ ਗੁਰਦਾਸ ਜੀ, ਵਾਰ-12-14)

ਹੇ ਭਾਈ! ਧਰੂ ਪ੍ਰਹਿਲਾਦ, ਭਭੀਖਣ, ਅੰਬਰੀਕ, ਬਲ ਤੇ ਜਨਕ ਨੂੰ ਪੌਰਾਣਕ ਕਹਾਣੀਆਂ ਵਿੱਚ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਕੋਈ ਦੱਸੇ ਤਾਂ ਸਹੀ ਇਹਨਾਂ ਨੇ ਕੀਤਾ ਕੀ ਹੈ? ਇਹ ਸਾਰੇ ਤਾਂ ਰਾਜ ਕੁਮਾਰ ਸਨ, ਰਾਜ ਲੈਣ ਲਈ ਕਿਸੇ ਭੀ ਹੱਦ ਤੱਕ ਜਾ ਸਕਦੇ ਸਨ। ਵੱਡੀ ਤੋਂ ਵੱਡੀ ਸਾਜ਼ਿਸ਼ ਰਚ ਕੇ ਸਭ ਤੋਂ ਨੇੜੇ ਦੇ ਸਕੇ ਸੰਬੰਧੀਆਂ ਨੂੰ ਮਰਵਾ ਸਕਦੇ ਸਨ। ਆਪਣੇ ਹੀ ਸੁਖੀ ਵਸਦੇ ਲੋਕਾਂ ਨੂੰ ਬੇਗਾਨਿਆਂ ਦੇ ਗੁਲਾਮ ਬਣਾ ਸਕਦੇ ਸਨ। ਇਹ ਭਰਾ ਮਾਰੂ ਜਾਂ ਪੁੱਤਰ ਮਾਰੂ ਜਾਂ ਫਿਰ ਪਿਤਾ ਮਾਰੂ ਜੰਗ ਸੀ। ਦੇਸ਼ ਸੇਵਾ ਜਾਂ ਧਰਮ ਸੇਵਾ ਇਸ ਵਿੱਚ ਲੇਸ ਮਾਤਰ ਭੀ ਨਹੀਂ ਹੇ। ਰਾਜ ਪ੍ਰਾਪਤੀ ਲਈ ਜੇ ਕੋਈ ਆਪਣੇ ਭਰਾਵਾਂ ਆਦਿ ਨੂੰ ਭੀ ਮਾਰ ਸਕਦਾ ਹੈ ਤਾਂ ਦੂਜੇ ਉਸ ਤੋਂ ਕਿਵੇਂ ਇਨਸਾਫ ਦੀ ਆਸ ਕਰ ਸਕਦੇ ਹਨ? ਰਾਜ ਵਾਸਤੇ ਸਦਾ ਹੀ ਇਵੇਂ ਹੁੰਦਾ ਰਿਹਾ ਹੈ।
ਧਰੂ ਨੂੰ ਭਗਤੀ ਬਾਰੇ ਕਿਵੇਂ ਹੋਸ਼ ਆਈ ਜਦੋਂ ਮਤਰੇਈ ਮਾਂ ਚਪੇੜ ਮਾਰ ਦਿੱਤੀ। ਬਾਂਹ ਫੜਕੇ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਨਾਲੇ ਗਰਜ ਕੇ ਸੁਣਾ ਦਿੱਤਾ: “ਦੌੜ ਜਾ ਇੱਥੋਂ, ਮਤਾ ਰਾਜ ਦੀ ਆਸ ਰੱਖੇਂ, ਰਾਜ
ਮੇਰੇ ਪੁੱਤਰ ਨੂੰ ਮਿਲੇਗਾ”। ਧਰੂ ਨੂੰ ਰਾਜ ਸੁਖ ਯਾਦ ਆਏ, ਰਾਜ ਤੋਂ ਵਾਂਝਾ ਹੋ ਕੇ ਦੁਖੀ ਹੋਣਾ ਨਜ਼ਰ ਆਇਆ। ਰਾਜ ਪ੍ਰਾਪਤੀ ਵਾਸਤੇ “ਭਗਤੀ” ਕਰਨ ਦੌੜ ਗਿਆ। ਪ੍ਰਹਿਲਾਦ ਭੀ ਛੇਤੀ ਰਾਜ ਚਾਹੁੰਦਾ ਸੀ। ਦੁਸ਼ਮਣਾਂ ਨਾਲ ਰਲਕੇ ਸਾਜ਼ਿਸ਼ਾਂ ਕਰਦਾ ਸੀ। ਪਿਤਾ ਹਰਨਾਖ਼ਸ਼ ਨੇ ਸਿੱਧੇ ਰਾਹ ਲਿਆਉਣ ਲਈ ਸਖਤੀ ਵਰਤਾਈ, ਕਿਹੜਾ ਪਹਾੜ ਡਿੱਗ ਪਿਆ? ਪ੍ਰਹਿਲਾਦ ਦੀ ਬਹਾਦਰੀ ਵੇਖੋ! ਪਿਤਾ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਦਾ ਭਾਈਵਾਲ, ਕੇਵਲ ਰਾਜ ਸੁੱਖ ਭੋਗਣ ਵਾਸਤੇ। ਰਾਵਣ ਦਾ ਭਰਾ ਭਭੀਖਣ ਅੰਦਰੋਂ ਅੰਦਰ ਰਾਜੇ ਰਾਮ ਚੰਦਰ ਨਾਲ ਰਲ ਗਿਆ। ਲੰਕਾ ਦੇ ਸਾਰੇ ਗੁਪਤ ਭੇਦ ਰਾਮ ਨੂੰ ਦੱਸ ਦਿੱਤੇ। ਵਚਨ ਲੈ ਲਿਆ ਕਿ ਮੈਨੂੰ ਲੰਕਾ ਦਾ ਰਾਜਾ ਬਣਾ ਦੇਣਾ। ਆਪਣੇ ਭਰਾ ਬਹਾਦਰ ਰਾਵਣ ਨੂੰ ਮਰਵਾ ਦਿੱਤਾ। ਲੰਕਾ ਤਬਾਹ ਕਰਵਾ ਲਈ, ਲੱਖਾਂ ਲੋਕ ਮਾਰੇ ਗਏ, ਕਾਹਦੇ ਵਾਸਤੇ? ਰਾਜ ਪ੍ਰਾਪਤੀ ਲਈ ਭਰਾ ਮਾਰੂ ਯੁੱਧ। ਇਹ ਕਿਹੜਾ ਧਰਮ ਹੋਇਆ? ਅੰਬਰੀਕ ਇੱਕ ਰਾਜਾ ਸੀ ਵਿਸ਼ਨੂੰ ਭਗਤ। ਉਸਦੇ ਘਰ ਬਹੁਤ ਸੁੰਦਰ ਕੰਨਿਆ ਜਨਮੀ। ਜਵਾਨ ਹੋਣ ਤੇ ਉਸਦੀ ਸੁੰਦਰਤਾ ਨੂੰ ਤੱਕ ਕੇ ਨਾਰਦ ਅਤੇ ਪਰਬਤ ਰਿਸ਼ੀ ਉਸ ਤੇ ਮੋਹਿਤ ਹੋ ਗਏ। ਦੋਵੇਂ ਅੰਬਰੀਕ ਤੋਂ ਕੰਨਿਆ ਦੀ ਮੰਗ ਕਰਨ ਲੱਗੇ। “ਜਿਸ ਨੂੰ ਮੇਰੀ ਲੜਕੀ ਪਸੰਦ ਕਰ ਲਵੇ, ਉਸ ਨੂੰ ਦੇ ਦਿਆਂਗਾ” ਅੰਬਰੀਕ ਨੇ ਕਿਹਾ। ਦੋਵੇਂ ਖੁਦ ਸੋਹਣੇ ਬਣਨ ਦੀ ਥਾਵੇਂ ਇੱਕ ਦੂਜੇ ਨੂੰ “ਬਾਂਦਰ ਮੂੰਹੇਂ” ਹੋਣ ਦੀ ਕਾਮਨਾ ਕਰਨ ਲੱਗੇ। ਦੋਵੇਂ ਹੀ ਬਾਂਦਰ ਮੂੰਹੇਂ ਹੋ ਗਏ। ਲੜਕੀ ਨੇ ਦੋਵਾਂ ਨੂੰ ਬਾਂਦਰ ਆਖਕੇ ਫਿਟਕਾਰ ਦਿੱਤਾ। ਉਹਨਾਂ ਅੰਬਰੀਕ ਨੂੰ ਸਰਾਪ ਦੇ ਦਿੱਤਾ “ਸਦਾ ਹਨੇਰੇ ਵਿੱਚ ਰਹੇਂ”। ਵਿਸ਼ਨੂੰ ਨੇ ਆਪਣੇ ਭਗਤ ਦੀ ਰੱਖਿਆ ਲਈ ਦੋਵਾਂ ਦੇ ਪਿੱਛੇ ਸੁਦਰਸ਼ਨ ਚੱਕਰ ਚਲਾ ਕੇ ਛੱਡ ਦਿੱਤਾ। ਦੋਵੇਂ ਜਾਨ ਬਚਾਉਂਦੇ ਵਿਸ਼ਨੂੰ ਦੇ ਚਰਨੀਂ ਡਿੱਗੇ। ਵਿਸ਼ਨੂੰ ਨੇ ਅੰਬਰੀਕ ਤੋਂ ਮਾਫੀ ਮੰਗਣ ਲਈ ਭੇਜੇ। ਜਦੋਂ ਅੰਬਰੀਕ ਤੋਂ ਮੁਆਫੀ ਮੰਗੀ ਤੇ ਆਪਣਾ ਸਰਾਪ ਵਾਪਸ ਲਿਆ ਤਾਂ ਕਿਤੇ ਸੁਦਰਸ਼ਨ ਚੱਕਰ ਇਹਨਾਂ ਦਾ ਖਹਿੜਾ ਛੱਡਿਆ ਤੇ ਅੰਬਰੀਕ ਦੁਆਲਿਓਂ ਹਨੇਰਾ ਹਟਿਆ। ਇਸ ਕਹਾਣੀ ਦਾ ਹਵਾਲਾ ਦੇ ਕੇ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਕਾਹਦੇ ਲਈ ਚੱਕਰ ਚਲਾਇਆ ਸੀ? ਦੇਸ਼ ਧਰਮ ਦੀ ਰਾਖੀ ਲਈ ਕਿਹੜਾ ਮਾਅਰਕਾ ਮਾਰਿਆ ਸੀ, ਨਾਰਦ ਮੁਨੀ, ਪਰਬਤ ਮੁਨੀ ਜਾਂ ਅੰਬਰੀਕ ਨੇ? ਬਸ ਇੱਕ ਲੜਕੀ ਦੀ ਸੁੰਦਰਤਾ ਕਾਰਨ ਏਡਾ ਅਡੰਬਰ?
ਜਨਕ ਰਾਜਾ ਭਾਵੇਂ ਧਰਮੀ ਮੰਨੀਂਦਾ ਹੈ ਪਰ ਉਸ ਨੂੰ ਭੀ ਪਿਛਲੇ ਕਿਸੇ ਪਾਪ ਕਾਰਨ ਸਰਾਪ ਲੱਗਾ ਹੋਇਆ ਸੀ। ਉਸ ਨੂੰ ਉਤਾਰਨ ਲਈ ਇਹ ਆਪਣਾ ਇੱਕ ਪੈਰ ਗਰਮ ਤੇਲ ਵਾਲੇ ਕੜਾਹੇ ਵਿੱਚ ਸਾੜ ਲੈਂਦਾ ਫਿਰ ਪਾਪ ਉਤਰਦਾ ਹੈ। ਇਸ ਦੇ ਪਿਤਾ ਦਾ ਕੋਈ ਪਤਾ ਨਹੀਂ ਜਨਕ ਦਾ ਮਤਲਬ ਹੀ ਇਹ ਹੈ ਕਿ ਪਿਤਾ ਤੋਂ ਬਗੇਰ ਜਨਮਿਆ ਹੋਇਆ। ਭਾਵ ਕਿ ਜਨਕ ਨੂੰ ਕੀ ਸਰਾਹੁੰਦੇ ਹੋ ਉਸ ਦੇ ਖੁਦ ਹੀ ਪੈਰ ਬਲਦੇ ਕੜਾਹੇ ਵਿੱਚ ਹਨ। ਬਸ ਪਾਖੰਡ ਕਰਕੇ ਹੀ ਧਰਮੀ ਬਣਿਆ ਨਜ਼ਰ ਆਉਂਦਾ ਹੈ। ਇਥੇ ਤਾਂ ਆਪਾ ਭਾਵ ਗੁਆਉਣਾ ਪੈਂਦਾ ਹੈ। ਨਿਮਰਤਾ ਵਿੱਚ ਰਹਿ ਕੇ ਪਰਉਪਕਾਰੀ ਬਣੀਦਾ ਹੈ। ਆਪੋ ਆਪਣੀਆਂ ਖੁਦਗਰਜ਼ੀਆਂ ਲਈ ਕੋਈ ਕੰਮ ਕਰਨਾ ਕਸ਼ਟ ਝੱਲਣੇ “ਧਰਮ” ਨਹੀਂ ਹੈ। ਗੁਰੂ ਦੀ ਬਖ਼ਸ਼ਿਸ਼ ਕੀਤੀ ਮਤ ਲੈ ਕੇ ਸਿੱਖ ਨਿਸ਼ਕਾਮ ਭਾਵਨਾ ਨਾਲ ਵਿਚਰਦੇ ਹਨ। ਆਪਾ ਭਾਵ ਮਿਟਾ ਦਿੰਦੇ ਹਨ, ਇਸ ਤਰ੍ਹਾਂ ਨਿਰੰਕਾਰ ਨਾਲ ਅਭੇਦ ਹੋ ਜਾਂਦੇ ਹਨ। ਸਮਾਜ ਵਿੱਚ ਅਤੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਗੁਰਸਿੱਖਾਂ ਨੂੰ ਬਹੁਤ ਮਾਣ ਮਿਲਦਾ ਹੈ। ਪਰ ਉਹ ਫਿਰ ਭੀ ਹੰਕਾਰ ਨਹੀਂ ਕਰਦੇ।
ਅਗਲੇ ਪੈਰ੍ਹੇ ਵਿੱਚ ਗੁਰਬਾਣੀ ਵਿਚੋਂ ਕੁੱਝ ਪਰਮਾਣ ਵਿਚਾਰ ਲਈਏ:-
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ। । ਦੂਜੈ ਭਾਇ ਫਾਥੇ ਜਮਜਾਲਾ। ।
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ। । ਹਰਿ ਸੁਖਦਾਤਾ ਮੇਰੈ ਨਾਲਾ। ।
ਗੁਰ ਉਪਦੇਸਿ ਪ੍ਰਹਿਲਾਦ ਹਰਿ ਉਚਰੈ। । ਸਾਸਨਾ ਤੇ ਬਾਲਕੁ ਗਮੁ ਨ ਕਰੈ। । ਰਹਾਉ। ।
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ। । ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ। ।
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ। । ਰਾਮ ਨਾਮੁ ਨ ਛੋਡਾਂ ਗੁਰਿ ਦੀਆ ਬੁਝਾਇ। । …
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ। । ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ। । (1133)

ਜਿਵੇਂ ਪ੍ਰਹਲਾਦ ਨਾਲ ਘਟਨਾ ਵਾਪਰੀ ਦੱਸੀ ਜਾਂਦੀ ਹੈ, ਕਿਸੇ ਸੂਰਤ ਵਿੱਚ ਭੀ ਇਸ ਤਰ੍ਹਾਂ ਵਾਪਰਨੀ ਨਾਮੁਮਕਿਨ ਹੈ। ਲੋਹੇ ਦੇ ਥੰਮ ਵਿਚੋਂ ਨਰਸਿੰਹ ਰੂਪ ਧਾਰ ਕੇ ਭਗਵਾਨ ਵਿਸ਼ਨੂੰ ਜੀ ਪ੍ਰਗਟ ਹੋ ਗਏ। ਗੁਰੂ ਸਾਹਿਬਾਨ ਨੇ ਸ਼ਬਦ ਵਿਸ਼ਨੂੰ ਨਹੀਂ ਵਰਤਿਆ ਰਾਮ ਨਾਮ ਵਰਤਿਆ ਹੈ। ਗੁਰੂ ਦੇ ਉਪਦੇਸ਼ ਨਾਲ ਪਾਰ ਨਿਸਤਾਰਾ ਹੁੰਦਾ ਲਿਖਿਆ ਹੈ। ਬਾਕੀ ਕਹਾਣੀ ਹਿੰਦੂ ਪੌਰਾਣਕ ਗਰੰਥਾਂ ਵਾਲੀ ਹੈ। ਸਤਿਗੁਰੂ ਜੀ ਦੀ ਭਾਵਨਾ ਸੀ, ਕਿਸੇ ਤਰੀਕੇ ਬੁਝਦਿਲ ਹੋ ਚੁੱਕੇ, ਗੁਲਾਮ ਬਣ ਚੁੱਕੇ, ਜੰਗਲਾਂ ਵਿੱਚ ਪਨਾਹ ਲੈ ਚੁੱਕੇ, ਨਸ਼ਿਆਂ ਵਿੱਚ ਗਰਕ ਹੋ ਚੁੱਕੇ, ਸਮੇਂ ਦੇ ਹਾਕਮਾਂ ਦੀਆਂ ਤਲੀਆਂ ਚੱਟਣ ਵਾਲੇ ਲੋਕਾਂ ਨੂੰ ਉਹਨਾਂ ਦੇ ਹੀ ਸਾਹਿਤ ਵਿਚੋਂ ਹੌਸਲਾ ਦੇਣ ਵਾਲੀਆਂ ਕਹਾਣੀਆਂ ਰਾਹੀਂ, ਤਕੜੇ ਕੀਤਾ ਜਾਵੇ। ਜਿਹੋ ਜਿਹਾ ਸਾਹਿਤ ਪਹਿਲਾਂ ਤੋਂ ਮੌਜੂਦ ਸੀ, ਉਸੇ ਨੂੰ ਬਣਾ ਸੰਵਾਰ ਤਰਾਸ਼ ਕੇ ਨਵੇਂ ਅਰਥ ਦੇ ਕੇ ਪੇਸ਼ ਕਰਨਾ ਸੀ। ਹੋਰ ਕੁੱਝ ਹੈ ਹੀ ਨਹੀਂ ਤਾਂ ਉਦਾਹਰਣ ਕੀਹਦੀ ਦਿੰਦੇ? ਇਸ ਸ਼ਬਦ ਰਾਹੀਂ ਗੁਰੂ ਅਮਰਦਾਸ ਜੀ ਹੌਸਲਾ ਹਾਰ ਚੁੱਕੇ ਲੋਕਾਂ ਨੂੰ ਪ੍ਰੇਰਨਾ ਕਰਦੇ ਹਨ। ਹੇ ਭਾਈ! ਮੇਰੇ ਹਿਰਦੇ ਰੂਪੀ ਫੱਟੀ ਤੇ ਹਰੀ ਗੋਵਿੰਦ ਦਾ ਨਾਮ ਲਿਖ ਦੇਵੋ। ਆਪਣੇ ਮਨ ਦੀ ਸਲੇਟ ਤੇ ਹੋਰ ਵਿਚਾਰ ਅੰਕਤ ਕਰੋਗੇ ਤਾਂ ਜਮਾਂ (ਵਿਕਾਰਾਂ) ਦੇ ਵਸ ਪਓਗੇ। ਮੇਰੀ ਰਾਖੀ ਸਤਿਗੁਰੂ ਕਰ ਰਿਹਾ ਹੈ। ਸਾਰੇ ਸੁੱਖਾਂ ਦਾ ਖਜ਼ਾਨਾ ਰੱਬ ਮੇਰੇ ਨਾਲ ਹੈ। ਗੁਰੂ ਦੀ ਦਿੱਤੀ ਸਿੱਖਿਆ ਮੁਤਾਬਕ ਪ੍ਰਹਿਲਾਦ ਹਰੀ ਦਾ ਨਾਮ ਧਿਆਉਂਦਾ ਹੈ। ਇਸ ਰਾਹ ਤੇ ਚਲਦਿਆਂ ਕਿੰਨੀਆਂ ਭੀ ਮੁਸ਼ਕਲਾਂ ਆਉਣ ਬਾਲਕ ਨਿੱਡਰ ਹੋ ਕੇ ਤਿਆਰ ਹੈ। ਪ੍ਰਹਿਲਾਦ ਦੀ ਮਾਂ ਪੁੱਤਰ ਮੋਹ ਵਿੱਚ ਆ ਕੇ ਸਮਝਾਉਂਦੀ ਹੈ; “ਪੁੱਤਰ ਜਿਸ ਰਾਹ ਤੂੰ ਚੱਲ ਰਿਹਾ ਹੈਂ, ਇਹ ਬਹੁਤ ਖਤਰਨਾਕ ਹੈ। ਆਪਦੇ ਫੈਸਲੇ ਨੂੰ ਬਦਲ ਲੈ, ਜਾਨ ਬਚਾ ਲੈ”। ਪ੍ਰਹਿਲਾਦ ਕਹਿੰਦਾ ਹੈ: “ਹੇ ਮਾਂ! ਮੇਰੀ ਗੱਲ ਧਿਆਨ ਨਾਲ ਸੁਣ ਲੈ, ਭਾਵੇਂ ਕੁੱਝ ਭੀ ਹੋ ਜਾਵੇ, ਮੈਂ ਗੁਰੂ ਵੱਲੋਂ ਬਖਸ਼ਿਆ ਰਾਹ ਨਹੀਂ ਛੱਡਾਂਗਾ”। ਹੇ ਭਾਈ! ਸੰਤਾਂ ਭਗਤਾਂ ਗੁਰਮਖਾਂ ਦੇ ਕਾਰਜ ਨਿਰੰਕਾਰ ਆਪ ਸੰਵਾਰਦਾ ਹੈ। ਸੇਵਕ ਪ੍ਰਹਿਲਾਦ ਦੀਆਂ ਇੱਕੀ ਕੁਲ੍ਹਾਂ ਦਾ ਵਾਹਿਗੁਰੂ ਜੀ ਨੇ ਪਾਰ ਨਿਸਤਾਰਾ ਕਰ ਦਿੱਤਾ।
ਕਹਿ ਕਬੀਰ ਕੋ ਲਖੈ ਨ ਪਾਰ। । ਪ੍ਰਹਲਾਦ ਉਧਾਰੇ ਅਨਿਕ ਬਾਰ। । (1194)
ਉਪਰ ਸਾਰੇ ਸ਼ਬਦ ਵਿੱਚ ਕਬੀਰ ਜੀ ਨੇ ਜੋ ਵਿਚਾਰ ਲਿਖੇ ਹਨ ਗੁਰੁ ਅਮਰਦਾਸ ਜੀ ਵਾਲੇ ਸ਼ਬਦ ਵਿੱਚ ਉਪਰ ਦਿੱਤੇ ਜਾ ਚੁੱਕੇ ਹਨ। ਸਾਰੇ ਸ਼ਬਦ ਵਿੱਚ ਉਸੇ ਕਹਾਣੀ ਨੂੰ ਦੁਹਰਾਇਆ ਗਿਆ ਹੈ। ਆਖਰੀ ਪੰਕਤੀ ਵਿੱਚ ਸਮਝਾਉਂਦੇ ਹਨ:- ਹੇ ਭਾਈ! ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਪ੍ਰਹਲਾਦ ਵਰਗੇ ਭਗਤਾਂ ਨੂੰ
ਅਨੇਕ ਵਾਰੀ ਬਚਾਇਆ ਉਬਾਰਿਆ ਹੈ।
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ। । ਹਉ ਕਬਹੁ ਨ ਛੋਡਉ ਹਰਿ ਕਾ ਨਾਮੁ। । (1154)
ਇਸ ਸਾਰੇ ਲੰਮੇ ਸ਼ਬਦ ਵਿੱਚ ਮੁੜ ਉਹੀ ਕਹਾਣੀ ਦੁਹਰਾਈ ਗਈ ਹੈ। ਰਹਾਉ ਵਾਲੇ ਉੱਪਰ ਦਿੱਤੇ ਬੰਦ ਵਿੱਚ ਸਤਿਗੁਰੂ ਜੀ ਆਪਣੇ ਦ੍ਰਿੜ ਇਰਾਦੇ ਦੀ ਗੱਲ ਦੱਸ ਰਹੇ ਹਨ, ਤੇ ਸਾਰਿਆਂ ਨੂੰ ਪ੍ਰਹਿਲਾਦ ਦੀ ਕਹਾਣੀ ਰਾਹੀਂ ਦ੍ਰਿੜ ਹੋਣ ਲਈ ਤਿਆਰ ਕਰ ਰਹੇ ਹਨ। ਹੇ ਭਾਈ! ਗੁਰੂ ਦਾ ਗਿਆਨ ਮੇਰੇ ਅੰਦਰ ਬਿਰਾਜਮਾਨ ਹੈ, ਯਾਦ ਹੈ। ਭਾਵੇਂ ਲੱਖਾਂ ਮੁਸ਼ਕਲਾਂ ਆਉਣ ਮੈਂ ਰੱਬੀ ਯਾਦ ਨੂੰ ਗੁਰੂ ਦੀ ਸਿੱਖਿਆ ਤੋਂ ਉਲਟ ਕੰਮ ਨਹੀਂ ਕਰਾਂਗਾ।
ਜਿਸ ਵਿਸ਼ਨੂੰ ਨੂੰ ਬਹੁਤ ਵੱਡਾ ਕਰਕੇ ਦਰਸਾਇਆ ਜਾ ਰਿਹਾ ਹੈ, ਇਸ ਸ਼ਬਦ ਦੇ ਨਾਲ ਹੀ ਪੰਚਮ
ਗੁਰਦੇਵ ਜੀ ਦ ਸ਼ਬਦ ਹੈ ਜੋ ਸਾਰੇ ਸ਼ੰਕੇ ਨਵਿਰਤ ਕਰ ਦਿੰਦਾ ਹੈ। ਕਿਹੜਾ ਵਿਸ਼ਨੂੰ, ਕਿਹੜਾ ਇੰਦਰ ਤੇ ਕਿਹੜਾ ਬ੍ਰਹਮਾ ਹੈ? ਐਹੋ ਜਿਹੇ ਕਰੋੜਾਂ ਭਟਕਦੇ ਟੁਰੇ ਫਿਰਦੇ ਹਨ। ਵੇਖੋ ਅਗਲਾ ਸ਼ਬਦ:-
ਕੋਟਿ ਬਿਸਨ ਕੀਨੇ ਅਵਤਾਰ। । ਕੋਟਿ ਬ੍ਰਹਮੰਡ ਜਾਕੇ ਧ੍ਰਮਸਾਲ। ।
ਕੋਟਿ ਮਹੇਸ ਉਪਾਏ ਸਮਾਏ। । ਕੋਟਿ ਬ੍ਰਹਮੇ ਜਗ ਸਾਜਣ ਆਏ। ।
ਕੋਟਿ ਮਾਇਆ ਜਾ ਕੈ ਸੇਵਕਾਇ। । ਕੋਟਿ ਜੀਅ ਜਾ ਕੀ ਸਿਹ ਜਾਇ। ।
ਕੋਟਿ ਛਤ੍ਰਪਤਿ ਕਰਤ ਨਮਸਕਾਰ। । ਕੋਟਿ ਇੰਦ੍ਰ ਠਾਢੇ ਹੈ ਦੁਆਰ। । … … (1156)
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ। ।
ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ। । (637)

ਹੇ ਵਾਹਿਗੁਰੂ ਤੂੰ ਸਦਾ ਤੋਂ ਸੇਵਕਾਂ ਦੀ ਰਾਖੀ ਕਰਦਾ ਆਇਆ ਹੈਂ। ਪ੍ਰਹਲਾਦ ਦੀ ਤੂੰ ਹੀ ਰੱਖਿਆ ਕੀਤੀ। ਹਰਨਾਖਸ਼ ਨੂੰ ਤੂੰ ਹੀ ਖਤਮ ਕੀਤਾ। ਇਸੇ ਤਰ੍ਹਾਂ ਅਸੀਂ ਤੇਰੀ ਸ਼ਰਣ ਵਿੱਚ ਹਾਂ। ਕੇਵਲ ਇੱਕ ਪਰਮਾਣ ਹੋਰ:-
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ। ।
ਹਰਣਾਖਸ ਦੁਸਟੁ ਹਰਿ ਮਾਰਿਆ ਪ੍ਰਹਿਲਾਦੁ ਤਰਾਇਆ। ।
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ। ।
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ। । (451)

ਇਹ ਪੌਰਾਣਕ ਕਥਾਵਾਂ ਕੇਵਲ ਉਦਾਹਰਣਾਂ ਹਨ, ਸਿਧਾਂਤ ਨਹੀਂ ਹਨ, ਇਹ ਇਤਿਹਾਸ ਭੀ ਨਹੀਂ ਹਨ।




.