.

(ਸੰਪਾਦਕੀ ਨੋਟ:- ਕਨੇਡਾ ਨਿਵਾਸੀ ਨਿਰਮਲ ਸਿੰਘ ਕਲਸੀ ਨੇ ਇਕ ਕਿਤਾਬ ਇਸ ਬਾਰੇ ਲਿਖੀ ਸੀ। ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਭਾਵੇਂ ਕਿ ਉਹ ਸਾਡੇ ਤੋਂ ਕੋਈ 650 ਕਿਲੋਮੀਟਰ ਦੂਰ ਰਹਿੰਦੇ ਹਨ ਪਰ ਫਿਰ ਵੀ ਕਈ ਵਾਰੀ ਉਹਨਾ ਦੇ ਘਰ ਜਾਣ ਦਾ ਮੌਕਾ ਮਿਲਿਆ ਹੈ। ਉਸ ਨੇ ਆਪਣੀ ਉਹ ਕਿਤਾਬ ਛਾਪਣ ਤੋਂ ਪਹਿਲਾਂ ਸਾਨੂੰ ਖਰੜਾ ਵੀ ਦਿਖਾਇਆ ਸੀ। ਉਸ ਦੀਆਂ ਕੁੱਝ ਦਲੀਲਾਂ ਕੱਚੀਆਂ ਅਤੇ ਕੁੱਝ ਵਜ਼ਨਦਾਰ ਵੀ ਸਨ ਪਰ ਅਸੀਂ ਉਸ ਤੇ ਕੋਈ ਵੀ ਟੀਪਾ-ਟਿਪਣੀ ਨਹੀਂ ਸੀ ਕੀਤੀ। ਅਤੇ ਨਾ ਹੀ ਹੁਣ ਅਸੀਂ ਇਸ ਲੇਖ ਤੇ ਬਹੁਤੀ ਕਰ ਰਹੇ ਹਾਂ। ਕਈ ਸੱਜਣਾ ਨੇ ਇਹ ਲੇਖ ਪਹਿਲਾਂ ਹੀ ਪੜ੍ਹਿਆ ਹੋਇਆ ਹੈ ਅਤੇ ਉਹ ਇਸ ਬਾਰੇ ਕਈ ਸਵਾਲ ਜਵਾਬ ਈ-ਮੇਲ ਰਾਹੀਂ ਸਰਜੀਤ ਸਿੰਘ ਜੀ ਨੂੰ ਕਰ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਪਾਠਕ ਆਪਣੀ ਰਾਇ ਸਾਨੂੰ ਪੰਜਾਬੀ ਵਿਚ ਭੇਜਣ ਅਤੇ ਨਾਲ ਹੀ ਸੁਰਜੀਤ ਸਿੰਘ ਸੰਧੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਦਲੀਲ ਨਾਲ ਉਹਨਾ ਦੀ ਤਸੱਲੀ ਕਰਵਾਉਣ। ਅਸੀਂ ਇਸ ਗੱਲ ਦੇ ਹਾਮੀ ਹਾਂ ਕਿ ਜੇ ਕਰ ਕੋਈ ਕਿਸੇ ਅਰਥ ਜਾਂ ਉਚਾਰਨ ਬਾਰੇ ਵੱਖਰੀ ਰਾਇ ਰੱਖਦਾ ਹੈ ਤਾਂ ਇਹ ਉਸ ਦਾ ਹੱਕ ਹੈ ਬਸ਼ਰਤੇ ਕੇ ਉਹ ਸਿੱਖੀ ਦੇ ਕਿਸੇ ਮੁੱਢਲੇ ਸਿਧਾਂਤ ਦੀ ਜਾਣ ਬੁੱਝ ਕੇ ਖੰਡਣਾ ਜਾਂ ਨਿਰਾਦਰੀ ਨਾ ਕਰ ਰਿਹਾ ਹੋਵੇ ਅਤੇ ਉਸ ਦੀਆਂ ਦਲੀਲਾਂ ਗੁਰਮਤਿ ਅਤੇ ਗੁਰਬਾਣੀ ਦੇ ਅਧਾਰ ਤੇ ਹੀ ਹੋਣੀਆਂ ਚਾਹੀਦੀਆਂ ਹਨ)

ੴ: ਇੱਕੋਓ* ਜਾਂ ੧ਓਅੰਕਾਰ

ਸਰਜੀਤ ਸਿੰਘ ਸੰਧੂ**
ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ


ਆਦਿ ਗੁਰੂ ਗ੍ਰੰਥ ਸਾਹਿਬ ਦਾ ਪਾਹਿਲਾ ਸ਼ਬਦ ੴ ਅੱਜ ਤਕ ੧ਓਅੰਕਾਰ ਦੀ ਅਵਾਜ਼ ਰਾਹੀਂ ਬੋਲਣ ਦਾ ਰਿਵਾਜ ਰਿਹਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਨੇ ਦੱਖਣੀ ਓਅੰਕਾਰ ਦੀ ਬਾਣੀ ਵਿੱਚ ਇੰਜ ਬੋਲਣ ਵੱਲ ਇਸ਼ਾਰਾ ਕੀਤਾ ਹੈ। ਕੁੱਝ ਸੱਜਨ ਕਹਿੰਦੇ ਹਨ ਕਿ ਇਹ ਸ਼ਬਦ ਉਪਨਿਸ਼ਦਾਂ ਵਿੱਚ ਇੰਜ ਲਿਖਿਆ ਅਤੇ ਬੋਲਿਆ ਜਾਂਦਾ ਹੈ। ਉਹ ਉਦਾਹਰਨ ਦੇਂਦੇ ਹਨ ਕਿ ਯੋਗ ਦਰਸ਼ਨ ਅਤੇ ਤਤਰੀਆ ਉਪਨਿਸ਼ਦ ਵਿੱਚ ਇਹ “ਓਅੰਇਤਿ ਬ੍ਰਹਮ … ੦” ਦੇ ਰੂਪ ਵਿੱਚ ਲਿਖਿਆ ਗਿਆ ਹੈ। ਉਹ ਇਹ ਵੀ ਕਹਿੰਦੇ ਹਨ ਕਿ ਗੀਤਾ ਵਿੱਚ ਇਹ “ਓਅੰਇਤਿ ਏਕਾਸ਼ਰੰ ਬ੍ਰਹਮ” ਲਿਖਿਆ ਗਿਆ ਹੈ। ਪਰ ਜੇ ਧਿਆਨ ਨਾਲ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਵਿਚਾਰੀਏ ਤਾਂ ਕੁੱਝ ਕੁ ਸਮਝ ਪੈਂਦੀ ਹੈ ਕਿ ਇਹ ਸੱਜਨ ਕੀ ਕਹਿ ਰਹੇ ਹਨ। ਅਸੀਂ ਤਤਰੀਆ ਉਪਨਸ਼ਿਦ ਦੀ ਲਿਖਤ ਨੂੰ ਗਹੁ ਨਾਲ ਵਿਚਾਰਦੇ ਹਾਂ {੧}।

ਤਤਰੀਆ ਉਪਨਿਸ਼ਦ: ਓਅੰ ਇਤਿ ਬ੍ਰਹਮ …. ੦ ੧
ਅਰਥ: ਓਂਕਾਰ {ਓਅੰਕਾਰ} ਹੀ ਬ੍ਰਹਮ ਹੈ।


ਹੁਣ ਸਪਸ਼ਟ ਹੋ ਗਿਆ ਹੈ ਕਿ ਸੰਸਕ੍ਰਿਤ ਦਾ “ਓਅੰ” ਪੰਜਾਬੀ ਵਿੱਚ ਓਂਕਾਰ {ਓਅੰਕਾਰ} ਦਾ ਰੂਪ ਧਾਰ ਗਿਆ ਹੈ।
ਅਸੀਂ ਹੈਰਾਨ ਹੁੰਦੇ ਹਾਂ ਇਨ੍ਹਾਂ ਗੁਰਸਿੱਖਾਂ ਦੀ ਵਿਦਵਤਾ ਭਰਪੂਰ ਜਾਣਕਾਰੀ ਲਈ।
ਯਾਦ ਰਹੇ ਸਿੱਖਾਂ ਨੂੰ ਤਾਂ ਗੁਰੂ ਸਾਹਿਬਾਨ ਵੱਲੋਂ ਦਿੱਤਾ ਉਪਦੇਸ਼ ਅਤੇ ਉਦੇਸ਼ ਹੈ ਕਿ ਉਹ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦਾ ਉਪਰਾਲਾ ਕਰਨ। ਇੱਸ ਤੋਂ ਹੀ ਸੇਧ ਅਤੇ ਸੋਝੀ ਲੈ ਕੇ ਅੱਗੇ ਚੱਲਣ ਦੀ ਲੋੜ ਹੈ। ਗੁਰੂ ਰਾਮਦਾਸ ਦਾ ਸਲੋਕ (ਪੰਨਾ ੯੮੨) ਹੇਠਾਂ ਦਿੱਤਾ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ ੪॥ ੨


ਗੁਰਬਾਣੀ ਦੀ ਕਸਵੱਟੀ `ਤੇ ਇਹ ਕਹਿਣਾ ਕੋਈ ਔਖੀ ਗੱਲ ਨਹੀਂ ਕਿ ਸ਼ਬਦ ਓਅੰਇਤਿ ਕਿਵੇਂ ੧ਓਅੰਕਾਰ ਹੋ ਸਕਦਾ? ਇੱਸ ਧੂਹ ਘੜੀਸ ਦਾ ਕੋਈ ਫਾਇਦਾ ਨਹੀਂ ਸਿੱਖਾਂ ਨੂੰ। ਗੁਰੂ ਅਮਰਦਾਸ ਦਾ ਸਲੋਕ ਪੰਨਾ ੬੪੪ ਉਤੇ ਮੌਜੂਦ ਹੈ। ਇੱਸ ਸਲੋਕ ਤੋਂ ਸੇਧ ਲੈ ਕੇ ਅਸੀਂ ਗੁਰਬਾਣੀ ਦੀ ਸਹਾਇਤਾ ਨਾਲ ਇੱਸ ਮਸਲੇ ਨੂੰ ਹੱਲ ਕਰਨ ਦਾ ਉੱਦਮ ਕਰੀਏ।

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥
ਜਿਉ ਕਸਤੂਰੀ ਮਿਰਗੁ ਨਾ ਜਾਣੈ ਭ੍ਰਮਦਾ ਭਰਮਿ ਭੁਲਾਇਆ॥
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ॥ ੨॥ ੪॥ ੩

ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ੪

ਗੁਰੂ ਅਰਜਨ ਰਾਗ ਮਾਰੂ ਵਿੱਚ (ਪੰਨਾ ੧੦੮੩) ਫਰਮਾਉਂਦੇ ਹਨ ਕਿ ਕਿਰਤਮ ਨਾਮ ਰਾਹੀਂ ਵਿਅਕਤੀ ਪਰਮ ਸ਼ਕਤੀ ਦੇ ਗੁਣ ਗਾਉਂਦੇ ਹਨ॥

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥
ਕਹੁ ਨਾਨਕ ਭਗਤ ਪਏ ਸਰਨਾਈ ਦੇਹੁ ਦਰਸਨੁ ਮਨਿ ਰੰਗੁ ਲਗਾ॥ ੨੦॥ ੨॥ ੧੧॥ ੫


ਜਪੁ ਵਿੱਚ ਪਰਮ ਸ਼ਕਤੀ ਦੇ ਅਕਿਰਤਮ ਨਾਮ ੴ ਤੋਂ ਬਿਨਾ ਕਈ ਹੋਰ ਕਿਰਤਮ ਨਾਮ ਵਰਤੇ ਗਏ ਹਨ। ਜੋ ਹੇਠਾਂ ਦਿੱਤੇ ਗਏ ਹਨ (ਵੇਖੋ ਸਲੋਕ ੪)।
ਸਤਿ ਨਾਮ, ਕਰਤਾ ਪੁਰਖੁ, ਅਕਾਲ ਮੂਰਤਿ, ਅਜੂਨੀ, ਸੈਭੰ, ਸਾਚਾ ਸਾਹਿਬ, ਨਿਰੰਜਨ, ਇੱਕ ਦਾਤਾ, ਕਰਤਾ, ਵੱਡਾ ਸਾਹਿਬ, ਵੱਡਾ ਦਾਤਾ, ਸਿਰਜਨਹਾਰ, ਰਾਮ, ਨਿਰੰਕਾਰ ਆਦਿਕ।
ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕਈ ਹੋਰ ਕਿਰਤਮ ਨਾਮ ਵੀ ਵਰਤੇ ਗਏ ਹਨ, ਜਿਵੇ ਭਗਵੰਤ, ਗੋਬਿੰਦ, ਬੀਠਲ, ਅਲਹ, ਸਤਿਗੁਰ, ਹਰਿ, ਹਰੀ, ਪਾਰਬ੍ਰਹਮ, ਪ੍ਰਭੁ, ਪ੍ਰਭੂ ਆਦਿਕ। ਇਨ੍ਹਾਂ ਵਿੱਚੋਂ ਕੁੱਝ ਕੇ ਦੇ ਅਰਥ ਹੇਠਾਂ ਦਿੱਤੇ ਗਏ ਹਨ। ਜਿਨ੍ਹਾਂ ਤੋਂ ਬਹੁਤ ਵਧੀਆ ਅਤੇ ਅਮੋਲ ਜਾਣਕਾਰੀ ਮਿਲਦੀ ਹੈ।

ਅਕਾਲਪੁਰਖ ਜਾਂ ਅਕਾਲਮੂਰਤ: ਮੌਤ ਰਹਿਤ; ਜਿੱਸ ਨੂੰ ਮੌਤ ਨਹੀਂ ਆਉਂਦੀ; ਸਦਾ ਜੀਉਂਦਾ ਰਹਿੰਦਾ ਹੈ।
ਨਿਰੰਕਾਰ: ਜਿੱਸ ਦਾ ਕੋਈ ਰੰਗ ਅਤੇ ਰੂਪ ਨਹੀਂ ਹੈ; ਕੋਈ ਸ਼ਕਲ ਸੂਰਤ ਨਹੀਂ ਹੈ, ਅਕਾਰਹੀਨ ਹੈ।
ਪ੍ਰਭੂ: ਜਿੱਸ ਦੀ ਪ੍ਰਭਤਾ ਨੂੰ ਉੱਸ ਦੇ ਸਿੱਖਾਂ ਅਤੇ ਸੇਵਕਾਂ ਨੇ ਪਰਵਾਣ ਕੀਤਾ ਹੋਇਆ ਹੋਵੇ। ਉੱਸ ਨੂੰ ਪ੍ਰਮੁੱਖ ਮੰਨਿਆ ਗਿਆ ਹੋਵੇ।
ਰਾਮ: ਇਹ ਸ਼ਬਦ ਭਾਵੇਂ ਰਮਾਇਣ ਵਿੱਚ ਦਸਰੱਥ ਦੇ ਪੁੱਤਰ ਦਾ ਨਾਉਂ ਹੈ, ਪਰ ਇਹ ਈਸਾਈ ਧਰਮ ਵਿੱਚ ਜੱਸੂ ਮਸੀਹ ਦਾ ਬੁਜ਼ੁਰਗ ਵੀ ਹੈ। ਜੋ ਉੱਸ ਤੋਂ ਚਾਲੀ ਕੁ ਪੀੜੀਆਂ ਪਹਿਲੋਂ ਹੋਇਆ ਸੀ {੨}। ਰਿਗ ਵੇਦ ਵਿੱਚ ਇੱਸ ਨੂੰ ਬੜਾ ਉੱਚਾ ਅਤੇ ਸੁੱਚਾ ਸ਼ਖ਼ਸ ਮੰਨਿਆ ਗਿਆ ਹੈ। ਇੱਸ ਦੀ ਮਾਨਤਾ ਅਤੇ ਮਾਣ ਦੇਵਤੇ ਦੇ ਬਰਾਬਰ ਪਰਵਾਨ ਕੀਤਾ ਗਿਆ ਸੀ {੩}। (ਗੁਰਬਾਣੀ ਵਿੱਚ ‘ਰਾਮ’ ਦਸਰਥ ਦੇ ਪੁੱਤਰ ਅਤੇ ਅਕਾਲ ਪੁਰਖ, ਦੋਹਾਂ ਅਰਥਾਂ ਵਿੱਚ ਵਰਤਿਆ ਮਿਲਦਾ ਹੈ-ਸੰਪਾਦਕ)
ਬੀਠਲ:
ਇਹ ਮਹਾਰਾਸ਼ਟਰ ਵਿੱਚ ਕ੍ਰਿਸ਼ਨ ਦਾ ਨਾਮ ਹੈ। ਇੱਸ ਦੀ ਪੂਜਾ ਵਾਸਤੇ ਮੰਦਰ ਵੀ ਬਣੇ ਹੋਏ ਹਨ। ਪਰ ਭਗਤ ਨਾਮਦੇਵ ਨੇ ਆਪਣੀ ਬਾਣੀ ਵਿੱਚ ਇੱਸ ਨੂੰ ਭਗਵਾਨ ਦੇ ਅਰਥਾਂ ਵਿੱਚ ਵਰਤਿਆ ਹੈ। ਗੁਰੂ ਅਰਜਨ ਨੇ ਇੱਸ ਸ਼ਬਦ ਨੂੰ ਅਕਾਲ ਪੁਰਖ ਦੇ ਅਰਥਾਂ ਵਿੱਚ ਵਰਤ ਕੇ ਗੁਰਬਾਣੀ ਵਿੱਚ ਸਵੀਕਾਰ ਕੀਤਾ ਹੈ।
ਇੱਸ ਜਾਣਕਾਰੀ ਤੋਂ ਭਲੀ ਭਾਂਤ ਸਪਸ਼ਟ ਹੋ ਗਿਆ ਹੈ ਕਿ ਕਿਸੇ ਇੱਕ ਗੁਣ ਦੀ ਪਛਾਣ ਨਾਲ ਵੀ ਪੁਰਾਣੇ ਸਮੇਂ ਵਿੱਚ ਉੱਚੀ ਪਦਵੀ ਦੀ ਪਰਾਪਤੀ ਨੂੰ ਪਰਵਾਨ ਕੀਤਾ ਜਾਂਦਾ ਸੀ। ਸਾਰੀਆਂ ਦੇਵੀਆਂ ਅਤੇ ਦੇਵਤੇ ਅਜੇਹੇ ਗੁਣਾਂ ਕਾਰਨ ਮਾਨਤਾ ਦੇ ਪਾਤਰ ਬਣ ਗਏ ਸਨ ਜਾਂ ਬਣਾ ਦਿੱਤੇ ਗਏ ਸਨ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਭਗਤਾਂ ਅਤੇ ਸੰਤਾ ਦੀ ਬਾਣੀ ਸ਼ਾਮਲ ਕੀਤੀ ਗਈ ਹੈ। ਜਿੱਸ ਕਾਰਨ ਹਰ ਅਜੇਹੇ ਨਾਉਂ ਨੂੰ ਜੋ ਇੱਕ ਉੱਤਮ ਅਤੇ ਸੁੱਚੀ ਹਸਤੀ ਦੀ ਮਾਨਤਾ ਦਾ ਚਿਨ੍ਹ ਸੀ ਅਤੇ ਗੁਰਬਾਣੀ ਦੀਆਂ ਸ਼ਰਤਾਂ ਪੁਰੀਆਂ ਕਰਦਾ ਸੀ ਉੱਸ ਨੂੰ ਪਰਵਾਨ ਕਰ ਲਿਆ ਗਿਆ ਸੀ। ਇਹ ਫੈਸਲਾ ਗੁਰੂ ਨਾਨਕ ਦਾ ਹੀ ਸੀ।
ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਪਰਮ ਸ਼ਕਤੀ ਵਾਸਤੇ ਵਰਤੇ ਗਏ ਨਾਵਾਂ ਵਿੱਚੋਂ ਪਰਮੁੱਖ ਨਾਵਾਂ ਦਾ ਵੇਰਵਾ ਹੇਠ ਦਿੱਤੀ ਸੂਚੀ (ਨੰਬਰ ੧) ਵਿੱਚ ਦਿੱਤਾ ਹੈ। ਇਨ੍ਹਾਂ ਸਾਰੇ ਨਾਵਾਂ ਨੂੰ ਜੇ ਚੋਣ ਉਮੀਦਵਾਰ ਲੈ ਕੇ ਇਨ੍ਹਾਂ ਦੇ ਅਰਥਾਂ ਅਤੇ ਵਰਤੋਂ ਨੂੰ ਵਿਚਾਰਿਆ ਜਾਏ ਤਾਂ ਪਤਾ ਲੱਗਦਾ ਹੈ ਕਿ ‘ਹਰਿ’ ਸਾਰਿਆਂ ਨਾਲੋਂ ਜ਼ਿਆਦਾ ਵਰਤਿਆ ਗਿਆ ਹੈ। ਪਰ ਇੱਸ ਨੂੰ ਗੁਰੂ ਨਾਨਕ ਨੇ ਅਕਿਰਤਮ ਨਾਮ ਵਾਸਤੇ ਨਹੀਂ ਚੁਣਿਆਂ। ‘ਹਰਿ’ ਤੋਂ ਹੀ ਉਪਜਿਆ ਨਾਮ ‘ਹਰੀ’ ਹੈ। ਇੱਸ ਨੂੰ ਵੀ ਗੁਰੂ ਨਾਨਕ ਨੇ ਅਕਿਰਤਮ ਨਾਮ ਲਈ ਨਹੀਂ ਚੁਣਿਆਂ। ਉੱਸ ਨੇ ਕੇਵਲ ਅਕਿਰਤਮ ਨਾਮ ੴ ਨੂੰ ਹੀ ਚੁਣਿਆਂ ਹੈ। ਇੱਸ ਦਾ ਕਾਰਨ ਕੀ ਹੈ?

ਸੂਚੀ ਨੰਬਰ ੧
ਏਕੰਕਾਰ, ਏਕੰਕਾਰੰ, ਏਕੰਕਾਰਾ, ਏਕੰਕਾਰੁ, ਏਕੰਕਾਰੀ, ਏਕੰਕਾਰੇ, ਏਕੰਕਾਰੈ;
੩ + ੧ + ੩ + ੨੬ + ੧ + ੧ + ੧ = ੩੬
ਓਅੰਕਾਰ, ਓਅੰਕਾਰੁ, ਓਅੰਕਰਿ; ਹਰੀ  ਹਰਿ---ੴ
੨----+੨- ----+੧੦ =੧੪; ੫੦- ੯੨੮੯- ੫੬੬

ਗੂਰੁ ਨਾਨਕ ਨੇ ਜੇ ਬਹੁ ਗਿਣਤੀ ਅਨੁਸਾਰ ਅਕਿਰਤਮ ਨਾਮ ਦੀ ਚੋਣ ਕਰਨੀ ਸੀ ਤਾਂ ਕੇਵਲ ਸ਼ਬਦ ਹਰਿ ਇਹ ਸ਼ਰਤ ਪੂਰੀ ਕਰਦਾ ਸੀ। ਇੱਸ ਪਿੱਛੋਂ ਦੂਜੇ ਨੰਬਰ ਉੱਤੇ ਸ਼ਬਦ ਅਤੇ ਚਿਨ੍ਹ ੴ ਹੀ ਆਉਂਦਾ ਹੈ। ਭਾਵੇਂ ਗੁਰੂ ਨਾਨਕ ਨੇ ਇੱਸ ਨੂੰ ਇੱਕ ਵਾਰ ਹੀ ਪਹਿਲੀ ਗੁਰਬਣੀ ਦਾ ਪਹਿਲਾ ਸ਼ਬਦ ਲਿਖਿਆ ਸੀ। ਗੁਰੂ ਅਰਜਨ ਨੇ ਇੱਸ ਤੁਕ ਨੂੰ ਕੁੱਝ ਰੂਪਾਂ ਵਿੱਚ ਬਦਲ ਕੇ ਸਾਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ੫੬੬ ਵਾਰੀ ਲਿੱਖ ਕੇ ਇੱਸ ਦੀ ਉੱਤਮ ਅਤੇ ਸੁੱਚੀ ਹਸਤੀ ਨੂੰ ਉਭਾਰਿਆ ਅਤੇ ਨਿਖ਼ਾਰਿਆ ਹੈ।
ਉਪਰ ਦਿੱਤੀ ਸੂਚੀ (ਨੰਬਰ ੧) ਵਿੱਚ ਦਿੱਤੇ ਸਾਰਿਆਂ ਕਿਰਤਮ ਨਾਵਾਂ ਵਿੱਚ ਕੇਵਲ ੴ ਹੀ ਇੱਕ ਅਕਿਰਤਮ ਨਾਮ ਹੈ। ਇੱਸ ਨੂੰ ਗੁਰੂ ਨਾਨਕ ਦਾ ਪ੍ਰਥਮ ਦਰਜਾ ਦੇਣਾ ਸਪਸ਼ਟ ਕਰਦਾ ਹੈ ਕਿ ਇਹ ਸ਼ਬਦ ਸੱਚੀ ਟਕਸਾਲ ਵਿੱਚ ਘੜਿਆ ਹੋਇਆ ਹੈ। ਭਾਵ ਗੁਰੂ ਨਾਨਕ ਦਾ ਖ਼ਾਸ ਉਦੇਸ਼ ਵਾਸਤੇ ਆਪੂੰ ਘੜਿਆ ਹੋਇਆ ਹੈ। ਗੁਰਬਾਣੀ ਦੇ ਕਿਸੇ ਵੀ ਸ਼ਬਦ ਬਾਰੇ ਗੱਲ ਕਰਨ ਲਗਿਆਂ ਇੱਸ ਦੀ ਪਛੋਕੜ ਨੂੰ ਪਹਿਲੋਂ ਗੁਰਬਾਣੀ ਵਿਚੋਂ ਢੂੰਡਣ ਦੀ ਲੋੜ ਹੈ। ਕੋਸ਼ਿਸ਼ ਕਰਨ ਨਾਲ ਇੱਸ ਦੇ ਅਰਥ ਵੀ ਬਾਣੀ ਵਿਚੋਂ ਮਿਲ਼ ਜਾਂਦੇ ਹਨ। ਆਉ ਗੁਰਬਾਣੀ ਨੂੰ ਵਿਚਾਰਨ ਦਾ ਉੱਦਮ ਕਰੀਏ ਅਤੇ ਕੁੱਝ ਸਵਾਲਾਂ ਦੇ ਜਵਾਬ ਢੂੰਡਣ ਦਾ ਉਪਰਾਲਾ ਕਰੀਏ।

ਪਹਿਲਾ: ਜੇ ੴ ਦੇ ਬਰਾਬਰ ੧ਓਅੰਕਾਰ ਸੀ ਤਾਂ ਗੁਰੂ ਨਾਨਕ ਨੂੰ ਨਵਾਂ ਚਿਨ੍ਹ ਅਤੇ ਸ਼ਬਦ ੴ ਘੜਨ ਦੀ ਕੀ ਲੋੜ ਪਈ? ਉਹ ਜਪੁ ਵਿੱਚ ਪਹਿਲਾ ਸ਼ਬਦ ੧ਓਅੰਕਾਰ ਲਿੱਖ ਸਕਦੇ ਸਨ।

ਦੂਜਾ: ਏਕੰਕਾਰ ਵੀ ਤਾਂ ਗੁਰਬਾਣੀ ਵਿੱਚ ਸੀ। ਇੱਸ ਨਾਲ ਤਾਂ ਏਕਾ ਲਉਣ ਦੀ ਲੋੜ ਵੀ ਨਹੀਂ ਸੀ, ਇਹ ਕਿਉਂ ਨ ੴ ਦੀ ਥਾਂ ਲਿੱਖ ਦਿੱਤਾ?

ਤੀਜਾ: ੴ ਨੂੰ ੧ਓਅੰਕਾਰ ਕਹਿਣਾ ਤਾਂ ਕਰਾਮਾਤੀ ਗੱਲ ਹੀ ਬਣ ਜਾਂਦੀ ਹੈ। ਕੀ ਸਿੱਖ ਧਰਮ ਵਿੱਚ ਕਰਾਮਾਤ ਦੀ ਕੋਈ ਥਾਂ ਮੰਨੀ ਗਈ ਹੈ?

ਚੌਥਾ: ਸ਼ਬਦ ੴ ਨੂੰ ਇੱਕੋਓ* ਕਹਿਨ ਵਿੱਚ ਕੀ ਅੜਚਨ ਪੈਂਦੀ ਹੈ? ਇਹ ਸ਼ਬਦ ੴ ਵੀ ਤਾਂ ਗੁਰੂ ਨਾਨਕ ਦੇ ਪਵਿੱਤਰ ਦਿਮਾਗ਼ ਦੀ ਕਾਢ੍ਹ ਅਤੇ ਉੱਸ ਦੀ ਕਲਮ ਦੀ ਲਿਖਤ ਹੈ।

ਪੰਜਵਾਂ: ਸਿੱਖਾਂ ਨੂੰ ਜੇ ਆਪਣੇ ਧਰਮ ਨਾਲ ਪਿਆਰ ਹੈ ਅਤੇ ਇੱਸ ਉੱਤੇ ਪੂਰਨ ਵਿਸ਼ਵਾਸ ਹੈ ਤਾਂ ਉਨ੍ਹਾਂ ਨੂੰ ਗੀਤਾ ਅਤੇ ਉਪਨਿਸ਼ਦਾਂ ਪਿੱਛੇ ਭੱਟਕਦੇ ਫਿਰਨ ਦੀ ਕੀ ਲੋੜ ਹੈ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਓਅੰਕਾਰ ਨੂੰ ੴਦੀ ਥਾਂ ਕਿਉਂ ਨਹੀਂ ਚੁਣਿਆ ਗਿਆ? ਇਹ ਤਾਂ ਗੁਰੂ ਨਾਨਕ ਨੇ ਆਪ ਦੱਖਣੀ ਓਅੰਕਾਰ ਦੀ ਬਾਣੀ ਵਿੱਚ ਵਰਤਿਆ ਹੈ। ਇੱਸ ਦੇ ਅਰਥਾਂ ਦਾ ਅਧਿਆਨ ਕਰਨ `ਤੇ ਪਤਾ ਲੱਗਦਾ ਹੈ ਕਿ ਤਿੰਨ ਟੀਕਾਕਾਰਾਂ {੪, ੫, ੬} ਨੇ ਇੱਸ ਦੇ ਅਰਥ ਸਿਰਜਨਹਾਰ, (ਕਰਤਾ ਪੁਰਖ) ਯਾਨੀ ਕਰੀਏਟਰ ਦੇ ਕੀਤੇ ਹਨ। ਜਦੋਂ ਅਸੀਂ ਗੁਰਬਾਣੀ ਦੇ ਪਹਿਲੇ ਸ਼ਬਦ ੴ ਦੀ ਪ੍ਰੀਭਾਸ਼ਾ ਪੜ੍ਹਦੇ ਹਾਂ (ਸਲੋਕ ੪) ਤਾਂ ਸ਼ਬਦ ‘ਕਰਤਾ ਪੁਰਖ’ ਇੱਸ ਵਿੱਚ ਸ਼ਾਮਲ ਹੈ। ਭਗਤ ਕਬੀਰ ਅਤੇ ਗੁਰੂ ਨਾਨਕ ਦੇ ਸਲੋਕਾਂ ਦੇ ਭਾਈ ਸਾਹਿਬ ਸਿੰਘ ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਓਅੰਕਾਰ ਆਦਿ ਮੈ ਜਾਨਾ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ॥
ਓਅੰਕਾਰ ਲਖੈ ਜਉ ਕੋਈ॥ ਸੋਈ ਲਖਿ ਮੇਟਣਾ ਨ ਹੋਈ॥ ੬॥ ੬
ਗਉੜੀ ਕਬੀਰ ਅ: ਗ: ਗ: ਸ: ਪੰਨਾ ੩੪੦

ਅਰਥ: ਸਰਬ ਵਿਆਪਕ ਓਅੰਕਾਰ ਸਭ ਨੂੰ ਬਣਾਉਣ {ਪੈਦਾ ਕਰਨ} ਵਾਲਾ ਹੈ। ਉਹ ਅਬਿਨਾਸ਼ੀ ਹੈ। ਹੋਰ ਵਿਅਕਤੀਆਂ ਨੂੰ ਓਅੰਕਾਰ ਪੈਦਾ ਕਰਦਾ ਹੈ ਅਤੇ ਫਿਰ ਮਿਟਾ ਦੇਂਦਾ ਹੈ। ਅਜੇਹੇ ਵਿਅਕਤੀ ਨੂੰ ਜੋ ਮਰ ਜਾਂਦਾ ਹੈ ਮੈਂ ਓਅੰਕਾਰ ਦੇ ਤੁੱਲ ਨਹੀਂ ਮੰਨਦਾ। ਜੋ ਵਿਅਕਤੀ ਓਅੰਕਾਰ ਦੇ ਸਬਦ ਦੀ ਵਿਚਾਰ ਕਰਦਾ ਹੈ, ਉੱਸ ਦੀ ਆਤਮਾ ਦਾ ਨਾਸ ਨਹੀਂ ਹੁੰਦਾ। ੬।

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਰਿ ਸੇਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ ੧॥ ੭
ਦਖਣੀ ਓਅੰਕਾਰੁ ਮ: ੧ ਅ: ਗ: ਗ: ਸ: ਪੰਨਾ ੯੨੯

ਅਰਥ: ਓਅੰਕਾਰ ਨੇ ਬ੍ਰਹਮਾ ਨੂੰ ਰਚਿਆ ਸੀ। ਬ੍ਰਹਮਾ ਨੇ ਵੀ ਓਅੰਕਾਰ ਨੂੰ ਮਨ ਵਿੱਚ ਵਸਾਇਆ ਸੀ।
ਓਅੰਕਾਰ ਨੇ ਹੀ ਪਹਾੜ ਅਤੇ ਸਮਾਂ ਰਚਿਆ ਸੀ। ਓਅੰਕਾਰ ਨੇ ਹੀ ਬੇਦ ਰਚੇ ਸਨ। ੧।

ਪਰ ਚਿੰਨ੍ਹ ੴ ਦੀਆਂ ‘ਕਰਤਾ’ ਪੁਰਖ ਤੋਂ ਬਿਨਾਂ ਹੋਰ ਵੀ ਤਾਂ ਕਈ ਖ਼ੂਬੀਆਂ ਹਨ। ਜਿਵੇਂ ‘ਅਕਾਲ ਮੂਰਤ’ ‘ਨਿਰਵੈਰੁ’, ‘ਸੈਭੰ’, ‘ਅਜੂਨੀ’ ਆਦਿਕ। ਇੱਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼ਬਦ ਓਅੰਕਾਰ ਇਕੱਲੇ ਕਰਤਾ ਪੁਰਖ ਦੇ ਅਰਥਾਂ ਵਿੱਚ ਵਰਤੇ ਜਾਣ ਕਾਰਨ ਅਤੇ ਕਿਤਮ ਨਾਮ ਹੋਣ ਕਾਰਨ ੴ ਦੀ ਥਾਂ ਨਹੀਂ ਸੀ ਵਰਤਿਆ ਜਾ ਸਕਦਾ।
ਸ਼ਬਦ ਏਕੰਕਾਰ ਨੂੰ ਤਾਂ ਸਿੱਧਾ ਹੀ ੴ ਦੀ ਥਾਂ ਵਰਤਿਆ ਜਾ ਸਕਦਾ ਸੀ। ਇੱਸ ਵਿੱਚ ਤਾਂ ਪਦ ‘ਇੱਕ’ ਪਹਿਲੋਂ ਹੀ ‘ਏਕੰਕਾਰ’ ਦਾ ਅੰਗ ਹੈ। ਗੁਰੂ ਨਾਨਕ ਨੇ ਇੱਸ ਨੂੰ ਕਿਉਂ ਨਹੀਂ ੴ ਦੀ ਥਾਂ ਚੁਣਿਆ? ਇੱਸ ਦੇ ਵੀ ਟੀਕਾਕਾਰਾਂ {੪, ੫, ੬} ਨੇ ਆਪਣੀਆ ਲਿੱਖਤਾਂ ਵਿੱਚ ਅਰਥ ਸਿਰਜਨਹਾਰ, ‘ਕਰਤਾ ਪਰਖ’ ਦੇ ਹੀ ਕੀਤੇ ਹਨ।

ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ ਕੀਨੋ ਬਿਸਥਾਰ॥
ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥ ੭॥ ੧੦॥ ੮
ਗਉੜੀ ਸੁਖਮਨੀ ਮ: ੫ ਅ: ਗ: ਗ: ਸ: ਪੰਨਾ ੨੭੬

ਅਰਥ: ਸਦਾ ਥਿਰ ਰਹਿਨ ਵਾਲੇ ਏਕੰਕਾਰ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਅਤੇ ਕਈ ਜੁਗਾਂ ਵਿੱਚ ਇੱਸ ਸੰਸਾਰ ਦੀ ਸਿਰਜਨਾ ਕੀਤੀ ਹੈ। ਇੱਸ ਜਗਤ ਨੂੰ ਕਈ ਵਾਰ ਸਮੇਟਿਆ ਹੈ ਅਤੇ ਕਈ ਵਾਰ ਫਿਰ ਸਿਰਜਿਆ ਹੈ। ੭॥ ੧੦।

ਨਾਨਾ ਬਿਧਿ ਕੀਨੋ ਬਿਸਥਾਰੁ॥ ਪ੍ਰਭੁ ਅਬਿਨਾਸੀ ਏਕੰਕਾਰੁ॥ ੪॥ ੧੬॥ ੯
ਗਉੜੀ ਸੁਖਮਨੀ ਮ: ੫ ਅ: ਗ: ਗ: ਸ: ਪੰਨਾ ੨੮੪

ਅਰਥ: ਏਕੰਕਾਰ ਨਾਸ-ਰਹਿਤ ਹੈ, ਸਭ ਥਾਈਂ ਇੱਕ ਆਪ ਹੀ ਆਪ ਹੈ। ਉੱਸ ਨੇ ਜਗਤ ਦੀ ਰਚਨਾ ਕਈ ਤਰੀਕਿਆਂ ਨਾਲ ਕੀਤੀ ਹੈ।
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥ ੧॥ ੧॥ ੧੦
ਥਿਤੀ ਗਉੜੀ ਮ: ੫ ਅ: ਗ: ਗ: ਸ: ਪੰਨਾ ੨੯੬

ਅਰਥ: ਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਏਕੰਕਾਰ ਜਲ ਵਿੱਚ, ਧਰਤੀ ਉੱਤੇ ਅਤੇ ਪਤਾਲ ਵਿੱਚ ਭਰਪੂਰ ਹੈ। ਏਕੰਕਾਰ ਅਨੇਕਾਂ ਤਰੀਕਿਆਂ ਨਾਲ (ਜਗਤ ਵਿੱਚ ਹਰ ਥਾਂ) ਖਿਲਰਿਆ ਹੋਇਆ ਹੈ। ੧। ੧॥

ਸਾਨੂੰ ਗੁਰੂ ਨਾਨਕ ਦੀ ਕਥਨੀ ਅਤੇ ਕਰਨੀ ਉੱਤੇ ਪੂਰਨ ਵਿਸ਼ਵਾਸ ਕਰਨ ਦੀ ਲੋੜ ਹੈ। ਸ਼ਬਦ ੴ ਸੱਚੀ ਟਕਸਾਲ ਦੀ ਹੀ ਉਪਜ ਹੈ ਅਤੇ ਇਹ ਇੱਕ ਅਕਿਰਤਮ ਨਾਮ ਹੈ। ਇੱਸ ਦਾ ਉਚਾਰਨ ਵੀ ਇੱਕੋਓ* ਹੀ ਕਰਨ ਦੀ ਲੋੜ ਹੈ। ਗੁਰਬਾਣੀ ਵਿੱਚੋਂ ਕੁੱਝ ਸਲੋਕ ਹੇਠ ਦਿੱਤੇ ਗਏ ਹਨ, ਜੋ ਇੱਸ ਉਚਾਰਨ ਦੀ ਪ੍ਰੋੜਤਾ ਕਰਦੇ ਹਨ।

ਗੁਰੂ ਨਾਨਕ: ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੪॥ ਰਹਾਉ॥ ੫॥ ਪੰਨਾ ੩੫੦ ੧੧
ਇਸੁ ਏਕੇ ਕਾ ਜਾਣੈ ਭੇਉ॥ ਆਪੇ ਕਰਤਾ ਆਪੇ ਦੇਉ॥ ੮॥ ਪੰਨਾ ੯੩੦ ੧੨

ਗੁਰੂ ਅਮਰਦਾਸ: ਸਭ ਏਕੋ ਇਕੁ ਵਰਤਦਾ ਅਲਖ ਨ ਲਖਿਆ ਜਾਇ॥ ੧॥ ੨੭॥ ੬੦॥ ਪੰਨਾ ੩੭ ੧੩
ਗੁਰੂ ਅਰਜਨ: ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ॥ ੨॥ ੯॥ ੭੯॥ ਪੰਨਾ ੪੫ ੧੪
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ॥ ੧॥ ੫੪॥ ਪੰਨਾ ੨੬੧ ੧੫

ਸ਼ਬਦ ਅਤੇ ਚਿੰਨ੍ਹ ੴ ਵਿੱਚ ਸਮੋਏ ਬਹੁਪੱਖੀ ਅਰਥਾਂ ਨੂੰ ਉਜਾਗਰ ਕਰਨ ਲਈ ਸਬੂਤ ਹੇਠ ਦਿੱਤੇ ਗੁਰਬਾਣੀ ਦੇ ਸਲੋਕਾਂ ਵਿੱਚ ਮਿਲਦੇ ਹਨ।

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨੁ ਜਾ ਕੋ ਰੇ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ। ੨॥ ੧੯॥ ੭੦॥ ੧੬
ਗਉੜੀ ਕਬੀਰ ਜੀ ਅ: ਗ: ਗ: ਸ: ਪੰਨਾ ੩੩੯

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬਿਚਾਰੀ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕੁ ਮੁਰਾਰੀ॥ ੪॥ ੧॥ ੧੭
ਆਸਾ ਨਾਮਦੇਵ ਜੀ ਅ: ਗ: ਗ: ਸ: ਪੰਨਾ ੪੮੫

ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ॥
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ॥ ੬॥ ੧॥ ੧੩॥ ੧੮
ਗਉੜੀ ਮ: ੧ ਅ: ਗ: ਗ: ਸ: ਪੰਨਾ ੧੫੫

ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ॥
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ॥ ੨॥ ੬॥ ੧੯
ਸੋਰਠ ਮ: ੧ ਅ: ਗ: ਗ: ਸ: ਪੰਨਾ ੫੯੭

ਤੂੰ ਆਦਿ ਪੁਰਖ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਊ॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ॥ ੨॥ ੭॥ ੧੪॥ ੨੦
ਆਸਾ ਮ: ੪ ਅ: ਗ: ਗ: ਸ: ਪੰਨਾ ੪੪੮


ਇਨ੍ਹਾਂ ਸਲੋਕਾਂ ਵਿੱਚ ੴ (ਇੱਕੋਓ) ਦਾ ਕੋਈ ਮਾਤਾ ਅਤੇ ਪਿਤਾ ਨਹੀ ਹੈ ਅਤੇ ਜੂਨਾਂ ਵਿੱਚ ਨਹੀਂ ਆਉਂਦਾ। ਇੱਸ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਇੱਕੋਓ ਸਭ ਵਿੱਚ ਮੌਜੂਦ ਹੈ। ਇੱਸ ਤੋਂ ਉੱਚੀ ਅਤੇ ਨੀਵੀਂ ਜਾਤੀ ਵਿੱਚ ਜਨਮ ਲੈਣ ਦਾ ਮਸਲਾ ਖ਼ਤਮ ਹੋ ਜਾਂਦਾ ਹੈ। ਇੱਸ ਸੰਸਾਰ ਵਿੱਚ ਸਭ ਕੁੱਝ ਇੱਕੋਓ ਦਾ ਹੀ ਬਣਾਇਆ ਹੋਇਆ ਹੈ ਅਤੇ ਉੱਸ ਦੇ ਰਹਿਮ ਅਤੇ ਮਿਹਰ ਵਿੱਚ ਵਿਚਰ ਰਹਿਾ ਹੈ। ਇੱਕੋਓ ਦੀ ਕੋਈ ਕੁਲ਼ ਨਹੀਂ। ਇਨ੍ਹਾਂ ਕੁੱਝ ਕੁ ੳਦਾਹਰਨਾਂ ਰਾਹੀਂ ਸਿੱਖ ਧਰਮ ਵਿੱਚ ਇੱਕੋਓ ਬਾਰੇ ਹੋਰ ਧਰਮਾਂ ਨਾਲੋ ਵੱਖਰੀ ਸੋਚ ਸਪਸ਼ਟ ਹੋ ਜਾਂਦੀ ਹੈ। ਗੁਰਬਾਣੀ ਵਿੱਚ ਹੋਰ ਬਹੁਤ ਮਿਸਾਲਾਂ ਮਿਲਦੀਆਂ ਹਨ ਜੋ ਸਿੱਖ ਧਰਮ ਦੀ ਵਿੱਲਖਣਤਾ ਦਾ ਸਬੂਤ ਪੇਸ਼ ਕਰਦੀਆਂ ਹਨ। ਮੁੱਕਦੀ ਗੱਲ ਸਿੱਖ ਧਰਮ ਦਾ ਇੱਕੋਓ, ੴ, ਬਹੁ ਪੱਖੀ ਅਰਥਾਂ ਦਾ ਚਿੰਨ੍ਹ ਅਤੇ ਅਣਗਿਣਤ ਖ਼ੂਬੀਆਂ ਦਾ ਖ਼ਜ਼ਾਨਾ ਹੈ। ਇੱਕੋਓ ਬਾਰੇ ਵੀਚਾਰ ਦੇ ਪਸਾਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਸ: ਨਿਰਮਲ ਸਿੰਘ ਨੇ ਇੱਸ ਵਿਸ਼ੇ ਨੂੰ ਬੜੀ ਸੂਝ ਅਤੇ ਸਿਆਣਪ ਨਾਲ ਵਿਚਾਰਨ ਦੀ ਪਹਿਲ ਕੀਤੀ ਹੈ {੭}। ਡਾ ਦਵਿੰਦਰ ਸਿੰਘ ਨੇ ਵੀ ਇੱਸ ਵਿਸ਼ੇ ਨੂੰ ਆਪਣੀ ਸੂਝ ਬੂਝ ਰਾਹੀਂ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤਾ ਹੈ {੮}। ਦਾਸ ਨੇ ਇਨ੍ਹਾਂ ਦੇ ਵਿਚਾਰਾਂ ਦੀ ਲੜੀ ਵਿੱਚ ਆਪਣੀ ਨਿਮਾਣੀ ਵਿਚਾਰ ਨੂੰ ਸ਼ਾਮਲ ਕਰਕੇ ਸਿੱਟਾ ਸਿੱਖ ਸੰਗਤ ਅੱਗੇ ਪੇਸ਼ ਕੀਤਾ ਹੈ {੯, ੧੦}।
*ਅਸੀਂ ਇੱਸ ਵਿਸ਼ੇਸ਼ ਸ਼ਬਦ ਦੇ ਉਚਾਰਨ ‘ਇੱਕੋਓ’ ਵਿੱਚ ਵਿਸ਼ੇਸ਼ਤਾ ਭਰਪੂਰ ਚਿੰਨ੍ਹ ਅਤੇ ਅੱਖਰ ਚੁਣੇ ਹਨ ਜੋ ਪੰਜਾਬੀ ਵਿਆਕਰਨ ਦੇ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਇੰਜ ਕਰਨ ਦਾ ਉਦੇਸ਼ ਇੱਸ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਨੂੰ ਸਦਾ ਲਈ ਉਜਾਗਰ ਕਰਨਾ ਅਤੇ ਕਾਇਮ ਰੱਖਣਾ ਹੈ। ਆਸ ਕੀਤੀ ਜਾਂਦੀ ਹੈ ਕਿ ਸਾਰੇ ਗੁਰਸਿੱਖ ਇੱਸ ਉੱਦਮ ਨਾਲ ਸਹਿਮੱਤ ਹੋਣ ਦੀ ਕਿਰਪਾਲਤਾ ਕਰਨਗੇ।
** ਸਾਬਿਕਾ ਪਰੋਫੈਸਰ, ਗੁਰੂ ਨਾਨਕ ਦੇਵ ਯੁਨੀਵਰਸਟੀ, ਅੰਮ੍ਰਿਤਸਰ; ਪੰਜਾਬ, ਇੰਡੀਆ।

References:
੧-ਸਵਾਮੀ ਰਾਮ ਤੀਰਥ; ਸਰਵੋਤਮ ਧਰਮ ਗ੍ਰੰਥ-ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ; ਧਰਮ ਪ੍ਰਚਾਰ ਕਮੇਟੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਦਖਕ ਕਮੇਟੀ, ਅੰਮ੍ਰਿਤਸਰ, ੧੯੯੭, ਪੰਨਾ ੪੨-੪੩।
੨-Holy Bible, New International Version; New Testament, Matthew, p 1007.
3- R.L. Turner; A Comparative Dictionary of the Indo-Aryan Languages, Oxford University Press, NY, 1966.
4-Manmohan Singh; Sri Guru Granth Sahib- English & Punjabi Translation; Shiromani Gurdwara Parbandhak Committee, Amritsar, 1987.
5-Sant Singh Khalsa; Sri Guru Granth Sahib, Gurbaani and its English translation on Gurbaani Searcher .
੬-ਸਾਹਿਬ ਸਿੰਘ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ; ਰਾਜ ਪਬਸ਼ਿਰਜ਼, ਜਾਲੰਧਰ।
7-Nirmal Singh Kalsi; Only One God Philosophy: Kalsi Technologies, Surry, Canada; Distributors, Singh Brothers, Amritsar.
8- Devinder Singh Chahal; Jap: The Essence of Nanakian Philosophy; Published by Institute For Understanding Sikhism, Laval, Quebec, Canada; 2003; Distributors, Singh Brothers, Amritsar.
9-Sarjit Singh Sandhu; Japu: An English Translation; International Sikh Institute For Research & Teaching, Hercules, CA; 2006, p 8.
10-Sarjit Singh Sandhu; Abstracts of Sikh Studies; Institute Of Sikh Studies, Chandigarh; (3)VIII, 2006, pp 81-86.
.