.

ਗੁਰਮਤਿ ਸੇਧਾਂ
ਜੀਵਨ ਗੁਰੂ ਤੇਗ਼ ਬਹਾਦੁਰ ਜੀ ਵਿਚੋਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਜੀਵਨ ਝੱਲਕ: ਆਗਮਨ-5 ਵਿਸਾਖ ਸੰਮਤ 1678 ਮੁਤਾਬਕ 1 ਅਪ੍ਰੈਲ 1621# ਪ੍ਰਕਾਸ਼- ਗੁਰੂ ਕੇ ਮਹੱਲ, ਸ੍ਰੀ ਅਮ੍ਰਿਤਸਰ # ਪਿਤਾ-ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ# ਮਾਤਾ- ਮਾਤਾ ਨਾਨਕੀ ਜੀ # ਜਰਨੈਲ-ਕਰਤਾਰ ਪੁਰ ਸਾਹਿਬ ਦੀ ਜੰਗ ਸੰਨ 1634 (13 ਸਾਲ ਦੀ ਉਮਰ `ਚ) # ਅਨੰਦਕਾਰਜ- ਬਕਾਲਾ ਵਿਖੇ ਭਾਈ ਲਾਲ ਚੰਦ ਦੀ ਸਪੁਤ੍ਰੀ ਗੁਜਰੀ ਜੀ ਨਾਲ # ਗੁਰਗਦੀ ਪ੍ਰਾਪਤ- 1 ਅਪ੍ਰੈਲ 1664# ਸੰਗਤਾਂ ਵਿਚਕਾਰ ਪ੍ਰਗਟ ਹੋਏ- ਅਗਸਤ ਸੰਨ 1664 # ਅਨੰਦਪੁਰ ਸਾਹਿਬ ਵਸਾਇਆ- ਆਉਣ ਵਾਲੀਆਂ ਲੋੜਾਂ ਨੂੰ ਮੁੱਖ ਰਖਦੇ ਹੋਏ, ਕਹਿਲੂਰ ਦੇ ਰਾਜੇ ਪਾਸੋਂ 2200 ਰੁਪਏ `ਚ ਮਾਖੋਵਾਲ ਦੀ ਧਰਤੀ ਖਰੀਦ ਕੇ ਅਨੰਦਪੁਰ ਸਹਿਬ ਵਸਾਇਆ, ਸੰਨ 1665 # ਪੂਰਬ ਦੇਸ ਦਾ ਪ੍ਰਚਾਰ ਦੌਰਾ –ਸੰਨ 1665 ਤੋਂ 1670 # ਅਨੰਦਪੁਰ ਸਾਹਿਬ ਟਿਕੇ- 1670 ਤੋਂ 1674 # ਦਿੱਲੀ ਨੂੰ ਕੂਚ ਤੇ ਪੰਜਾਬ ਦੋਰਾ- 1674 ਤੋਂ 1675 # ਹਕੂਮਤ ਦੀ ਹਿਰਾਸਤ `ਚ- –ਸੰਨ 1675 ਆਗਰੇ ਤੋਂ # ਸ਼ਹਾਦਤ-11 ਨਵੰਬਰ 1675 ਦਿੱਲੀ, ਚਾਂਦਨੀ ਚੌਕ ਵਿਖੇ।
ਵਿਰੋਧੀ ਜਾਗਦੇ ਹਨ ਤੇ ਪਹਿਰੂਏ ਸੁਤੇ ਹਨ- ਸਾਹਿਬ ਸ੍ਰੀ ਗੁਰੂ ਤੇਗਬਹਾਦੁਰ ਜੀ ਦੀ ਜੀਵਨ-ਝੱਲਕ ਅਸੀਂ ਗੁਰਮਤਿ ਪਾਠ ਨੰ: 51, ‘ਲਾਸਾਨੀ ਮਸੀਹਾ-ਮਰਦ ਸੂਰਮਾ-ਨਾਵੇਂ ਪਾਤਸ਼ਾਹ ‘ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ’ `ਚ ਦੇ ਚੁਕੇ ਹਾਂ, ਸੰਗਤਾਂ ਉਸਦਾ ਲਾਭ ਲੈ ਸਕਦੀਆ ਹਨ, ਇਥੇ ਦੋਹਰਾਨ ਦੀ ਲੋੜ ਨਹੀਂ। ਇਥੇ ਤਾਂ ਸਾਡਾ ਵਿਸ਼ਾ, ਇਹ ਦਸਣਾ ਹੈ ਜਿਥੋਂ ਅੰਦਾਜ਼ਾ ਹੋ ਸਕੇ ਕਿ ਸਾਡੀ ਹੀ ਲਾਪਰਵਾਹੀ ਕਾਰਨ ਸਿੱਖ ਇਤਿਹਾਸ ਨਾਲ ਹੋਈ ਛੇੜਖਾਨੀ ਦਾ ਜੇਕਰ ਹੱਦ-ਬੰਨਾ ਨਹੀਂ ਤਾਂ ਦੂਜੇ ਪਾਸੇ ਸ਼ਤਾਬਦੀਆਂ ਤੇ ਕੀਰਤਨ-ਦਰਬਾਰਾਂ ਦੀ ਕੁੰਭਕਰਨੀ ਨੀਂਦ `ਚ ਸੁਤੇ ਸਿੱਖ ਆਗੂ, ਨੇਤਾ, ਗੁਰਦੁਆਰਾ ਪ੍ਰਬੰਧਕਾਂ, ਪ੍ਰਚਾਰਕਾਂ ਤੇ ਲਿਖਾਰੀਆਂ ਦੀ ਨੀਂਦ ਦਾ ਵੀ ਕੋਈ ਹੱਦ-ਬੰਨਾਂ ਨਹੀਂ।
ਸੰਸਾਰ ਪੱਧਰ ਤੇ ਮੰਨਿਆ ਜਾਂਦਾ ਸੱਚ ਹੈ ਕਿ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸਦੇ ਇਤਿਹਾਸ ਤੇ ਉਸਦੀ ਰਹਿਤ ਮਰਿਆਦਾ (ਰਹਿਣੀ) `ਚ ਮਿਲਾਵਟ ਕਰ ਦੇਵੋ, ਮੁਕਾਉਣ ਦੀ ਲੋੜ ਨਹੀਂ, ਕੌਮ ਆਪ ਹੀ ਮੁੱਕ ਜਾਵੇਗੀ। ਸਿੱਖ ਕੌਮ ਨਾਲ ਤਾਂ ਇਸ ਤੌਂ ਵੀ ਵਡਾ ਅਨਰਥ ਹੋਇਆ ਹੈ। ਇਤਿਹਾਸ `ਚ ਮਿਲਾਵਟ ਤਾਂ ਹੋਰ ਗਲ ਹੈ, ਇਥੇ ਤਾਂ ਸੰਨ 1469 ਤੋਂ 1699 ਭਾਵ 230 ਸਾਲਾਂ ਦੇ ਇਤਿਹਾਸ ਦਾ ਹੀ ਮਲੀਆ ਮੇਟ ਕਰ ਦਿੱਤਾ ਹੈ। ਸਾਰੀ ਗਲ ਹੀ ਸ਼ੁਰੂ ਕੀਤੀ ਜਾਂਦੀ ਹੈ ਵਿਸਾਖੀ 1699 ਤੋਂ ਜਿਵੇਂ ਉਸਤੋਂ ਪਹਿਲਾਂ ਸਿੱਖ ਇਤਿਹਾਸ ਕੋਈ ਹੈ ਹੀ ਨਹੀਂ ਸੀ। ਖੈਰ! ਇਸ ਬਾਰੇ ਗੁਰਮਤਿ ਪਾਠ ਨੰ: 01, 63, 68, 73 ਕਰਮਵਾਰ ‘ਜੀਵਨ ਝੱਲਕ-ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ’ , ‘ਵਿਸਾਖੀ 1469’ , ‘ਲੇਖਾ-ਜੋਖਾ ਵਿਸਾਖੀ 1699’ , ‘ਦਸਮੇਸ਼ ਪਿਤਾ ਤੇ ਸਿੱਖ ਇਤਿਹਾਸ `ਚ ਰੱਲ-ਗਡ’ , `ਚ ਜ਼ਿਕਰ ਕਰ ਚੁੱਕੇ ਹਾਂ, ਏਥੇ ਅਸੀਂ ਗਲ ਸ਼ੁਰੂ ਕਰਨੀ ਚਾਹੁੰਦੇ ਹਾਂ:
ਗੁਰੂਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ- ਸਿੱਖ ਵਿਰੋਧੀ ਤਾਕਤਾਂ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਅਪਣੇ ਪਰ ਮਾਰ ਰਹੀਆਂ ਸਨ। ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੀਕ ਇਹਨਾਂ ਹਮਲੇ ਤਾਂ ਬਹੁਤ ਕੀਤੇ ਪਰ ਸਿੱਖੀ ਦੇ ਮਜ਼ਬੂਤ ਕਿਲੇ `ਚ ਦਾਖਲ ਹੋਣਾ ਤਾਂ ਦੂਰ, ਇੱਕ ਸੁਰਾਖ ਵੀ ਨਾਂ ਕਰ ਸਕੀਆਂ। ਸੰਨ 1716, ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਦ ਇਹਨਾਂ ਵਿਰੌਧੀਆਂ ਨੂੰ ਸਿੱਖ ਸਿਧਾਂਤ ਤੇ ਇਤਿਹਾਸ ਦੀ ਭੰਨ ਤੋੜ ਲਈ ਜਿਵੇਂ ਖੁੱਲਾ ਸਮਾਂ ਹੀ ਮਿਲ ਗਿਆ ਹੋਵੇ ਸਿੱਖੀ ਰਹਿਣੀ-ਸਿਧਾਂਤ-ਜੀਵਨ ਅਤੇ ਇਤਿਹਾਸਕ ਗੁਰਦੁਆਰਿਆਂ ਉਪਰ ਇਹ ਲੋਕ, ਇੱਕ ਜਾਂ ਦੂਜੇ ਰੂਪ `ਚ ਪੂਰੀ ਤਰ੍ਹਾਂ ਕਾਬਜ ਹੋ ਗਏ। ਇਨ੍ਹਾਂ ਨੇ ਸਾਡੀ ਰਹਿਣੀ-ਇਤਿਹਾਸ ਚ ਭਰਵੀਂ ਰੱਲ ਗੱਡ ਕੀਤੀ। ਅਜ ਤੀਕ ਇਹਨਾ ਵਿਰੋਧੀ ਹਮਲਿਆਂ ਉਪਰ ਕੋਈ ਰੋਕ ਨਹੀਂ ਅਤੇ ਹਮਲੇ ਹਰ ਸਮੇਂ ਜਾਰੀ ਹਨ। ਸਿੱਖਾਂ ਨੇ ਸ਼ਸਤ੍ਰਾਂ ਦੀਆਂ ਜੰਗਾਂ ਤਾਂ ਬਹੁਤ ਜਿੱਤੀਆਂ ਹਨ ਪਰ ਕਲਮ ਦੀ ਜੰਗ `ਚ ਗੁਰਬਾਣੀ ਜੀਵਨ ਤੋਂ ਦੂਰ ਹੋ ਜਾਣ ਕਾਰਨ ਸਿੱਖ ਪੂਰੀ ਤਰ੍ਹਾਂ ਹਾਰ ਖਾਈ ਬੈਠਾ `ਤੇ ਖਾ ਵੀ ਰਿਹਾ ਹੈ। ਅਜੇਹੀਆਂ ਹੀ ਕੁੱਝ ਗਲਾਂ ਦੀ ਝੱਲਕ ਦੇਖਾਂਗੇ ਨੌਵੇ ਪਾਤਸ਼ਾਹ ਦੀ ਜੀਵਨੀ ਵਿਚੋਂ, ਸ਼ਾਇਦ ਕੁੱਝ ਸਮਝ ਆ ਜਾਵੇ।
34 ਸਾਲਾਂ ਦੀ ਤਪੱਸਿਆ? - ਕੁੱਝ ਲੇਖਕਾਂ ਨੇ, ਆਪ ਜੀ ਰਾਹੀਂ ਲਗਾਤਾਰ 34 ਸਾਲ, ਕਿਸੇ ਭੋਰੇ ਵਿੱਚ ਬੈਠਕੇ ‘ਤੱਪ ਸਾਧਣ’ ਵਾਲੀ ਗੱਲ ਕੀਤੀ ਹੈ। ਇਹ ਗਲ ਨਿਰਮੂਲ `ਤੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਅਸਲ ਵਿੱਚ ਇਹ ਗਲ ਬ੍ਰਾਹਮਣੀ ਪ੍ਰਭਾਵਾਂ ਅਧੀਨ ਅਤੇ ਮੱਖੀ ਤੇ ਮੱਖੀ ਮਾਰਨ ਵਾਲੀ ਹੈ। ਅਜੇਹੀਆਂ ਗਲਾਂ ਪ੍ਰਚਾਰਣ ਵਾਲੇ ਸੱਜਣਾਂ ਨੂੰ ਗੁਰਬਾਣੀ ਜੀਵਨ ਜਾਚ, ਗੁਰਬਾਣੀ ਵਿਚੋਂ ਲੈ ਕੇ ਤੇ ਫ਼ਿਰ ਤਾਂ ਹੀ ਗਲ ਕਰਨੀ ਚਾਹੀਦੀ ਹੈ। ਪਹਿਲੀ ਗਲ ਇਹ ਕਿ ਇਹ ਸਮਾਂ 34 ਸਾਲ ਬਣਦਾ ਹੀ ਨਹੀਂ ਬਲਕਿ ਸੰਨ 1634 ਤੋਂ 1664 ਕੁਲ ਤੀਹ ਸਾਲ ਹੈ। ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਆਉਣ ਵਾਲੇ ਸਮੇਂ ਭਾਵ ਇਸ ਸ਼ਹੀਦੀ ਦੀ ਤਿਆਰੀ ਲਈ ਇਸਦੀ ਲੋੜ ਸੀ। ਦਰਅਸਲ ਜੇ ਇਹ ਮੰਤਕ ਮੰਨ ਵੀ ਲਈ ਜਾਵੇ ਤਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤਾਂ ਹੋਰ ਵੀ ਤਸੀਹੇ ਭਰਪੂਰ ਸੀ। ਜੇ ਗੁਰੂ ਸਾਹਿਬਾਨ ਨੂੰ ਇਸਤਰ੍ਹਾਂ ਦੀ ਤਿਆਰੀ ਦੀ ਲੋੜ ਸੀ ਤਾਂ ਉਹ ਬੇਅੰਤ ਗੁਰੂ ਕੇ ਸ਼ਹੀਦ ਜਿਵੇਂ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ, ਸ਼ਾਹਬਾਜ਼ ਸਿੰਘ-ਸੁਬੇਘ ਸਿੰਘ, ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਨਾਲ 760 ਸਿੰਘਾਂ ਦੀ ਸ਼ਹਾਦਤ, ਇਥੋਂ ਤੀਕ ਸੱਤ ਤੇ ਨੌ ਸਾਲ ਦੇ ਮਾਸੂਮ ਸਾਹਿਬਜ਼ਾਦੇ-ਮੁੱਕਦੀ ਗਲ ਤਾਂ ਤੇ ਅਜੇਹੇ ਭੋਰਿਆਂ ਦਾ ਕੋਈ ਅੰਤ ਹੀ ਨਹੀਂ ਰਵੇਗਾ।
ਦਰਅਸਲ ਉਸ ਸਮੇਂ ਭਾਰਤ `ਚ ਇਤਿਹਾਸ ਲਿਖਣ ਦਾ ਰਿਵਾਜ ਨਹੀਂ ਸੀ। ਇਹ ਰਿਵਾਜ ਮਗਰੋਂ ਜਾਕੇ ਅੰਗ੍ਰੇਜ਼ਾਂ ਨੇ ਪਾਇਆ। ੳਦੋਂ ਕੇਵਲ ਘਟਨਾਵਾਂ ਹੀ ਲਿਖੀਆਂ ਜਾਂਦੀਆਂ ਸਨ। ਇਹੀ ਕਾਰਨ ਹੈ ਕਿ 30 ਸਾਲ ਦਾ ਇਹ ਸਮਾਂ ਹੀ ਨਹੀਂ ਬਲਕਿ ਗੁਰੂ ਸਾਹਿਬਾਨ ਦੇ ਇਤਿਹਾਸ ਦੇ ਅਜੇਹੇ ਬਹੁਤ ਵੱਕਫ਼ੇ ਹਨ ਜਿਹਨਾਂ ਦਾ ਇਤਿਹਾਸ ਹੀ ਨਹੀਂ ਮਿਲਦਾ। ਲੋੜ ਹੈ, ਜਿਥੋਂ ਤੀਕ ਸੰਭਵ ਹੋਵੇ ਉਹਨਾਂ ਸਮਿਆਂ ਦੇ ਇਤਿਹਾਸ ਦੀ ਗਹਿਰਾਈ ਤੋਂ ਸਿਦਕਦਿਲੀ ਨਾਲ ਖੋਜ ਕੀਤੀ ਜਾਵੇ, ਇਸਤਰ੍ਹਾਂ ਚੇਪੀਆਂ ਲਾਉਣ ਵਾਲੀ ਗਲ ਵੀ ਆਪੇ ਹੀ ਮੁੱਕ ਜਾਵੇਗੀ।
ਨਵਾਂ ਪ੍ਰਚਾਰਕੇਂਦ੍ਰ ਬਾਬਾ ਬਕਾਲਾ- ਆਓ! ਹੁਣ ਤਸਵੀਰ ਦਾ ਅਸਲ ਪਾਸਾ ਵੀ ਦੇਖ ਲਵੀਏ। ਪਤਾ ਲਗ ਜਾਵੇਗਾ ਕਿ ਉਹ ਕਿਹੜੀ ਤਪੱਸਿਆ ਜੋ ਇਹਨਾਂ ਤੀਹ ਸਾਲਾਂ `ਚ ਨੌਵੇ ਨਾਨਕ ਨੇ ਕੀਤੀ। ਗੁਰੂ ਹਰਗੋਬਿੰਦ ਜੀ ਨੇ ਸ਼ਾਹਜਹਾਂ ਨਾਲ ਚਾਰ ਜੰਗਾਂ ਲੜੀਆਂ `ਤੇ ਚੋਹਾਂ `ਚ ਜਿੱਤ ਹਾਸਲ ਕੀਤੀ। ਚੌਥੀਂ `ਤੇ ਆਖਰੀ ਜੰਗ ਕਰਤਾਰਪੁਰ ਦੇ ਸਥਾਨ ਤੇ ਸੰਨ 1634 `ਚ ਹੋਈ। ਇਸ ਜੰਗ ਦੀ ਕਮਾਨ (ਗੁਰੂ) ਤੇਗਬਹਾਦੁਰ ਅਤੇ ਭਾਈ ਬਿੱਧੀ ਚੰਦ ਕੋਲ ਸੀ। ਉਸ ਸਮੇਂ ਆਪ ਦੀ ਉਮਰ 13 ਸਾਲ ਸੀ। ਪਿਤਾ ਗੁਰਦੇਵ ਜਾਣਦੇ ਸਨ ਕਿ ਹਕੂਮਤ ਨਾਲ ਇਹ ਜੰਗਾਂ ਦਾ ਆਰੰਭ ਹੈ, ਅੰਤ ਨਹੀਂ। ਇਸੇ ਕਾਰਣ ਗੁਰਦੇਵ ਨੇ ਸਿੱਖੀ ਪ੍ਰਚਾਰ ਤੇ ਅਗਲੀ ਤਿਆਰੀ ਦਾ ਕੇਂਦ੍ਰ ਬਾਬਾ ਬਕਾਲਾ ਚੁਣਿਆ। ਰਾਜਸੀ ਹਾਲਾਤ ਮੁਤਾਬਕ ਉਸ ਸਮੇਂ ਇਹ ਸਥਾਨ ਗੁਰੂ ਕੀਆਂ ਸੰਗਤਾਂ ਦੀ ਪ੍ਰਫੁਲਤਾ ਤੇ ਤਿਆਰੀ ਵਾਸਤੇ ਸਭ ਤੋਂ ਵੱਧ ਯੋਗ ਸੀ। (ਗੁਰੂ) ਤੇਗਬਹਾਦੁਰ ਜੀ ਨੇ ਜੰਗ `ਚ ਅਜੇਹੇ ਜੋਹਰ ਦਿਖਾਏ ਸਨ ਕਿ ਪਿਤਾ ਗੁਰਦੇਵ ਨੇ ਯੋਗ ਜਾਣਕੇ ਇਸ ਕਾਰਜ ਲਈ ਆਪ ਨੂੰ ਮਾਤਾ ਨਾਨਕੀ ਜੀ ਨਾਲ ਬਕਾਲੇ ਭੇਜ ਦਿੱਤਾ, ਬਕਾਲਾ ਆਪਦਾ ‘ਨਾਨਕਾ’ ਪਿੰਡ ਵੀ ਸੀ।
ਛੇਵੇਂ ਪਾਤਸ਼ਾਹ ਨੇ 2200 ਸ਼ਸਤ੍ਰਧਾਰੀ ਘੁੜਸਵਾਰ ਫੌਜ ਪੱਕੇ ਤੌਰ ਤੇ ਕਾਇਮ ਕਰ ਦਿੱਤੀ ਸੀ। ਜੋਤੀ ਜੋਤ ਸਮਾਉਣ ਸਮੇਂ ਹੁਕਮ ਕੀਤਾ ਕਿ ਇਸ ਫੌਜ ਨੂੰ ਤੋੜਣਾ ਨਹੀਂ, ਲੋੜਾਂ ਵੱਧਣੀਆਂ ਹਨ। ਲਗਭਗ ਛੇ ਮਹੀਨੇ ਇਸ ਦੀ ਕਮਾਨ ਗੁਰੂ ਹਰਿਰਾਇ ਸਾਹਿਬ ਪਾਸ ਰਹੀ ਉਪਰੰਤ ਇਹ ਜ਼ਿੰਮੇਵਾਰੀ (ਗੁਰੂ) ਤੇਗ ਬਹਾਦਰ ਜੀ ਪਾਸ, ਬਕਾਲੇ ਵਿਖੇ ਆ ਗਈ। ਕਿਉਂਕਿ ਅਜੇਹੀ ਜ਼ਿਮੇਂਵਾਰੀ ਕੋਈ ਜਰਨੈਲ ਹੀ ਸੰਭਾਲ ਸਕਦਾ ਸੀ, ਆਮ ਇਨਸਾਨ ਨਹੀਂ। ਮਸੰਦਾਂ ਦੀ ਜ਼ਿੰਮੇਵਾਰੀ ਵੀ ਗੁਰੂ ਦਰਬਾਰ `ਚ ਬਹੁਤ ਵੱਡੀ ਜ਼ਿੰਮੇਵਾਰੀ ਹੋਇਆ ਕਰਦੀ ਸੀ। ਬਾਬਾ ਗੁਰਦਿੱਤਾ ਜੀ ਦੇ ਚਲਾਣੇ ਉਪਰੰਤ ਇਹ ਜ਼ਿਮੇਵਾਰੀ ਵੀ (ਗੁਰੂ) ਤੇਗ ਬਹਾਦਰ ਸਾਹਿਬ ਪਾਸ ਹੀ ਸੀ।
ਸੰਨ 1644 ਵਿੱਚ, ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਸਮੇਂ, ਫ਼ਿਰ ਸੱਤਵੇਂ ਪਾਤਸ਼ਾਹ ਦੇ ਗੁਰਗੱਦੀ ਪ੍ਰਾਪਤੀ ਉਪਰੰਤ-ਸੱਤਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਸਮੇਂ ਅਤੇ ਅੱਠਵੇਂ ਪਤਾਸ਼ਾਹ ਦੇ ਗੁਰਗੱਦੀ ਪ੍ਰਾਪਤੀ ਸਮੇਂ-ਭਾਵ ਹਰੇਕ ਘਰ ਗ੍ਰਿਹਸਤੀ ਦੀ ਜ਼ਿਮੇਵਾਰੀ ਸਮੇਂ ਆਪ ਕਦੇ ਪਿੱਛੇ ਨਹੀਂ ਹਟੇ। ਇਸਦੇ ਉਲਟ, ਬਾਬਾ ਧੀਰਮਲ ਪ੍ਰਵਾਰਕ ਨਾਰਾਜ਼ਗੀ ਕਾਰਣ ਨਹੀਂ ਪੁਜੇ ਤਾਂ ਇਤਿਹਾਸ `ਚ ਲੰਮਾ ਚੌੜਾ ਜ਼ਿਕਰ ਆਇਆ ਹੈ। ਸਪੱਸ਼ਟ ਹੈ, ਜੇ (ਗੁਰੂ) ਤੇਗ ਬਹਾਦੁਰ ਵੀ ਨ ਪੁਜੇ ਹੁੰਦੇ ਜਾਂ ਕਿਸੇ ਫਰਜ਼ੀ ਭੋਰੇ `ਚ ਤੱਪ ਸਾਧ ਰਹੇ ਹੁੰਦੇ ਤਾਂ ਇਤਿਹਾਸ `ਚ ਕਿੱਧਰੇ ਨਾ ਕਿੱਧਰੇ, ਕੁੱਝ ਜ਼ਿਕਰ ਤਾਂ ਜ਼ਰੂਰ ਆਉਣਾ ਸੀ। ਸਾਬਤ ਕਰਦਾ ਹੈ ਕਿ ਆਪ ਹਰੇਕ ਪ੍ਰਵਾਰਕ ਕਾਰਜ ਸਮੇਂ ਸਦਾ ਪੁਜਦੇ ਰਹੇ।
ਭੋਰਾ ਅਤੇ ਪ੍ਰਚਾਰ ਦੌਰੇ- ਦਰਅਸਲ ਸਾਨੂੰ ‘ਭੋਰੇ’ ਦਾ ਮੱਤਲਬ ਉਸ ਸਮੇਂ ਦੀ ਬੋਲੀ ਵਿਚੋਂ ਸਮਝਣ ਦੀ ਲੋੜ ਹੈ। ਅੱਜਕਲ ਦੇ ਏਅਰ ਕੰਡੀਸ਼ਨ ਕਮਰਿਆਂ ਦੀ ਤਰ੍ਹਾਂ, ਉਸ ਸਮੇਂ ਅਮੀਰ ਲੋਕਾਂ ਦੇ ਤਹਿਖਾਨੇ ਹੁੰਦੇ ਸਨ। ਇਨ੍ਹਾਂ ਤਹਿਖਾਨਿਆਂ ਨੂੰ ਉਸ ਸਮੇਂ ਭੋਰਾ ਕਿਹਾ ਜਾਂਦਾ ਸੀ। ਨੌਵੇਂ ਮਾਲਿਕ ਗੁਰਗੱਦੀ ਦੀ ਪ੍ਰਾਪਤੀ ਤੋਂ ਪਹਿਲਾਂ ਵੀ ਕਲਗੀ ਸਜਾਉਂਦੇ, ਘੁੜਸਵਾਰੀ ਕਰਦੇ `ਤੇ ਸ਼ਾਹੀ ਠਾਠ ਨਾਲ ਰਹਿੰਦੇ ਸਨ। ਅਪਣੇ ਰੁਝੇਵਿਆਂ ਨੂੰ ਚਲਾਉਣ ਲਈ ਆਪ ਨੇ ਵੀ ਬਕਾਲੇ ਵਿਖੇ ਅਜੇਹਾ ਭੋਰਾ ਕਾਇਮ ਕੀਤਾ ਹੋਇਆ ਸੀ। ਇਹ ਵੱਖਰੀ ਗਲ ਹੈ ਕਿ ਅੱਠਵੇਂ ਪਾਤਸ਼ਾਹ ਨੇ ਦਿੱਲੀ, ਜੋਤੀ ਜੋਤ ਸਮਾਉਣ ਸਮੇਂ ‘ਬਾਬਾ ਬਕਾਲੇ’ ਦਾ ਫੁਰਮਾਨ ਕੀਤਾ ਤਾਂ ਚਾਰ ਮਹੀਨੇ, ਆਪ ਨੇ ਅਪਣੇ ਆਪ ਨੂੰ ਜ਼ਾਹਿਰ ਨਹੀਂ ਕੀਤਾ। ਸੰਗਤਾਂ ਨੂੰ ਪਰਚਾ ਪਾਇਆ ਜਿਵੇਂ ਪਹਿਲੇ ਜਾਮੇਂ ਤੋਂ ਹੀ ਸਮੇਂ-ਸਮੇਂ ਸੰਗਤਾਂ ਦਾ ਇਮਤਿਹਾਨ ਹੁੰਦੇ ਸਨ। ਨਤੀਜਾ, ਇਸ ਦੌਹਰਾਨ ਗੁਰੂ ਪਦ ਦੇ 22 ਦਾਅਵੇਦਾਰ ਬਣ ਬੈਠੇ। ਗੁਰੂ ਕਾ ਸਿੱਖ, ਭਾਈ ਮੱਖਨ ਸ਼ਾਹ ਵਿਉਪਾਰੀ ਅਪਣੇ `ਤੇ ਸੰਗਤਾਂ ਦੇ ਦਸਵੰਧ ਦੀਆਂ 500 ਮੋਹਰਾਂ ਦਰਸ਼ਨ ਭੇਟ ਕਰਨ ਦਿੱਲੀ ਪੁੱਜਾ। ਦਿੱਲੀ ਤੋਂ ਅੱਠਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ `ਤੇ ‘ਬਾਬਾ ਬਕਾਲੇ’ ਵਾਲੀ ਵਿੱਥਿਆ ਦਾ ਪਤਾ ਲੱਗਣ ਤੇ ਬਕਾਲੇ ਪੁੱਜਾ। ਜਦੋਂ ਸਾਰੇ ਪਾਖੰਡੀ, ਉਸਨੂੰ ਪ੍ਰਭਾਵਤ ਨਾ ਕਰ ਸਕੇ ਤਾਂ ਪਾਤਸ਼ਾਹ ਨੇ ਅਪਣੇ ਆਪ ਨੂੰ ਜ਼ਾਹਿਰ ਕਰਨ ਵਾਲਾ ਇਹ ਮਾਣ, ਭਾਈ ਮੱਖਨ ਸ਼ਾਹ ਨੂੰ ਬਖਸ਼ਿਆ। ਬੇਹੱਦ ਖੁਸ਼ੀ ਭਰਿਆ, ਉਸ, ਕੋਠੇ ਚੜ੍ਹਕੇ ‘ਗੁਰੂ ਲਾਧੋ ਰੇ’ ਦਾ ਸ਼ੋਰ ਮਚਾਇਆ ਤਾਂ ਪਹਿਲਾਂ ਤੋਂ ਪ੍ਰੇਸ਼ਾਨ ਸੰਗਤਾਂ ਉਮੱਡ ਪਈਆਂ। ਤੱਦ ਤੋਂ ਇਤਿਹਾਸ `ਚ ਭਾਈ ਮਖਨ ਸ਼ਾਹ ਦਾ ਨਾਂ, ‘ਮਖਨ ਸ਼ਾਹ ਲੁਬਾਨਾ’ ਪ੍ਰਚਲਤ ਹੋ ਗਿਆ।
ਭੱਟ-ਵਹੀਆਂ ਤੋਂ ਸਾਬਤ ਹੋ ਚੁਕਾ ਹੈ ਕਿ ਗੁਰੂ ਪੱਦਵੀ ਦੀ ਪ੍ਰਾਪਤੀ ਤੋਂ ਪਹਿਲਾਂ ਅਪਣੇ 30 ਸਾਲਾਂ ਦੇ ਬਕਾਲੇ ਨਿਵਾਸ ਦੌਰਾਨ ਪਾਤਸ਼ਾਹ ਸਮੇਂ-ਸਮੇਂ ਦਿੱਲੀ, ਬਨਾਰਸ, ਮੱਥੁਰਾ ਆਦਿ ਪ੍ਰਚਾਰਕ ਦੌਰਿਆਂ ਤੇ ਵੀ ਜਾਂਦੇ ਰਹੇ; ਇਸ ਸੱਚਾਈ ਨੂੰ ਕੱਟਿਆ ਨਹੀਂ ਜਾ ਸਕਦਾ। ਇਹ ਭੱਟ-ਵਹੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਤ ਵੀ ਹੋ ਚੁੱਕੀਆਂ ਹਨ। ਇਥੋਂ ਤੀਕ ਵੀ ਜ਼ਿਕਰ ਹੈ ਕਿ ਅੱਠਵੇਂ ਨਾਨਕ ਜਦੋਂ ਦਿੱਲੀ ਪਧਾਰੇ ਤਾਂ ਉਸ ਸਮੇਂ ਆਪ, ਆਪਣੇ ਪ੍ਰਚਾਰ ਦੌਰੇ ਦੌਰਾਨ, ਦਿੱਲੀ ਤੋਂ ਹੀ ਲੰਘੇ ਸਨ।
ਨਹਿ ਮਸੰਦ ਤੁਮ ਅੰਮ੍ਰਿਤਸਰੀਏ- ਗੁਰਗੱਦੀ ਪ੍ਰਾਪਤੀ ਤੋਂ ਪਹਿਲਾਂ ਵੀ ਨਾਵੇਂ ਪਾਤਸ਼ਾਹ ਅਜੇਹੇ ਪ੍ਰਚਾਰ ਦੌਰੇ ਹੀ ਕਰ ਰਹੇ ਸਨ। ਗੱਦੀ ਪ੍ਰਾਪਤੀ ਉਪ੍ਰੰਤ ਆਪ ਅੰਮ੍ਰਿਤਸਰ ਵਲ ਨੂੰ ਤੁਰ ਪਏ। ਸੰਨ 1630 ਤੋਂ ਲੈਕੇ ਅੱਜ 34 ਸਾਲਾਂ ਬਾਦ ਕਿਸੇ ਗੁਰੂ ਵਿਅਕਤੀ ਦਾ ਅੰਮ੍ਰਿਤਸਰ ਵਲ ਪਹਿਲਾ ਦੌਰਾ ਸੀ। ਵਿੱਚਲੇ ਸਮੇਂ ਛੇ ਮਹੀਨੇ ਲਈ ਸੱਤਵੇਂ ਪਾਤਸ਼ਾਹ ਇਥੇ ਆਏ ਸਨ। ਪੂਜਾ ਦੇ ਧਾਨ ਕਾਰਣ ਪੁਜਾਰੀ ਕੁਕੱਰਮਾਂ `ਚ ਫੱਸ ਚੁੱਕੇ ਸਨ। ਪਾਜ ਉਘੜਣ ਡਰੋਂ, ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਦੌੜ ਗਏ। ਪਾਤਸ਼ਾਹ ਬਾਹਰ, ਜਿੱਥੇ ਅੱਜ ਗੁਰਦੁਆਰਾ ਥੱੜਾ ਸਾਹਿਬ ਹੈ, ਟਿਕਾਅ ਕੀਤਾ `ਤੇ ਅੱਗੇ ਨੂੰ ਚਲ ਪਏ; ਭਾਈ ਮੱਖਨ ਸ਼ਾਹ ਨੂੰ ਉਥੇ ਹੀ ਰੋਕ ਦਿੱਤਾ। ਪੂਜਾਰੀਆਂ ਦੇ ਵਾਪਿਸ ਆਉਣ ਤੇ ਮੱਖਨ ਸ਼ਾਹ ਨੇ ਪੁਜਾਰੀਆਂ ਦੀ ਚੰਗੀ ਸੁਧਾਈ ਕੀਤੀ। ਧੀਰਮਲ ਦਾ ਹੱਸ਼ਰ ਉਹ ਪਹਿਲਾਂ ਹੀ ਸੁਣ ਚੁੱਕੇ ਸਨ। ਪੁਜਾਰੀਆਂ ਨੇ ਵੱਲੇ ਪਿੰਡ ਪਹੁੰਚਕੇ, ਗੁਰਦੇਵ ਪਾਸੋਂ ਮੁਆਫੀ ਮੰਗੀ। ਗੁਰੂ ਸਾਹਿਬ ਨੇ ਮਿੱਠੀ ਜਹੀ ਝਾੜ ਪਾਈ ਤੇ ਕਿਹਾ ਪੁਜਾਰੀਓ! ਗੁਰੂ ਕੀ ਨਗਰੀ ਦੇ ਵਾਸੀ ਹੋਣ ਸਦਕਾ ਤੁਹਾਡਾ ਜੀਵਨ ਤਾਂ ਉੱਚਾ ਤੇ ਆਦਰਸ਼ਕ ਹੋਣਾ ਚਾਹੀਦਾ ਸੀ। ਇਸਦੇ ਉਲਟ, ਤੁਹਾਡੇ ਅੰਦਰ ਤਾਂ ਤ੍ਰਿਸ਼ਨਾ `ਤੇ ਹੱਸਦ ਦੀ ਅੱਗ ਬੱਲ ਰਹੀ ਹੈ। ਕਵੀ ਸੰਤੋਖ ਸਿੰਘ ਦੇ ਸ਼ਬਦਾਂ `ਚ “ਨਹਿ ਮਸੰਦ ਤੁਮ ਅੰਮ੍ਰਿਤਸਰੀਏ॥ ਤ੍ਰਿਸ਼ਨਾਗਨਿ ਤੇ ਅੰਤਰ ਸੜੀਏ”। ਅਫ਼ਸੋਸ ਹੈ ਕਿ ਸਾਡੇ ਹੀ ਲਿਖਾਰੀਆਂ ਨੇ ਇਸਦੇ ਉਲਟੇ ਅਰਥ ਲੈਕੇ ‘ਅੰਮ੍ਰਿਤਸਰੀਏ ਅੰਦਰ ਸੜੀਏ’ `ਤੇ ‘ਮਾਈਆਂ ਰੱਬ ਰਜਾਈਆਂ’ ਦੀਆਂ, ਪਾਤਸ਼ਾਹ ਵਲੋਂ ਵਰ-ਸਰਾਪਾਂ ਦੀਆਂ ਕਹਾਣੀਆਂ ਚਾਲੂ ਕਰ ਦਿੱਤੀਆਂ। ਵਰ-ਸਰਾਪ, ਬ੍ਰਾਹਮਣ ਮੱਤ ਦੀ ਵਸਤੂ ਹੈ, ਗੁਰੂਦਰ `ਤੇ ਇਸਦਾ ਕੋਈ ਮੁਲ ਨਹੀਂ। ਕਿਸੇ ਦੀ ਸੇਵਾ-ਲਗਣ ਤੋਂ ਪ੍ਰਸੰਨ ਹੋਕੇ ਕਿਸੇ ਨੂੰ ਮਾਣ-ਸਤਿਕਾਰ ਬਖਸ਼ ਦੇਣਾ ਦੂਜੀ ਗੱਲ ਹੈ।
ਲਾਸਾਨੀ ਮਸੀਹਾ- 45 ਵਰ੍ਹਿਆਂ ਦੀ ਢੱਲਵੀਂ ਉਮਰ, ਸ਼ਾਦੀ ਬਾਦ 32 ਸਾਲਾਂ ਦੀ ਲੰਮੀ ਉਡੀਕ, ਪਹਿਲੇ ਬੱਚੇ ਨੇ ਜਨਮ ਲੈਣਾ ਸੀ। ਪਿਤਾ ਦੇ ਮਨ `ਚ ਕਿਹੋ ਜਹੇ ਵਲਵਲੇ `ਤੇ ਉਮੰਗਾਂ ਹੋ ਸਕਦੀਆਂ ਹ, ਮਾਂ-ਬਾਪ ਵਾਲੇ ਹਿਰਦੇ ਨਾਲ ਹੀ ਇਸਨੂੰ ਸਮਝਿਆ ਜਾ ਸਕਦਾ ਹੈ। ਖਾਸ ਕਰ ਜਦੋਂ ਔਲਾਦ ਲਈ ਉਡੀਕ ਵੀ ਲੰਮੀ ਕਰਨੀ ਪਈ ਹੋਵੇ। ਲੋਕੀਂ ਤਾਂ ਛੁੱਟੀਆਂ ਕਰਕੇ ਘਰ ਬੈਠ ਜਾਂਦੇ ਹਨ, ਕੋਈ ਸਰਕਾਰੀ ਜਾਂ ਘਰੇਲੂ ਮਜਬੂਰੀ ਵੀ ਨਹੀਂ ਸੀ। ਇਸਤੋਂ ਵੱਡੀ ਗਲ ਕਿ ਗੁਰਦੇਵ ਦਾ ਮੌਜੂਦਾ ਪ੍ਰਚਾਰ ਤਾਂ ਜ਼ਾਲਮ ਹਕੂਮਤ ਦੇ ਕੰਮ `ਚ ਸਿੱਧਾ ਦੱਖਲ `ਤੇ ਹਕੂਮਤ ਨਾਲ ਸਿੱਧੀ ਟੱਕਰ ਤੇ ਬੱਲਦੀ ਅੱਗ `ਚ ਕੁੱਦਣ ਦੀ ਨਿਆਈਂ ਸੀ। ਹਕੂਮਤ ਲਈ ਕਿਸੇ ਵਿਦਰੋਹ ਤੋਂ ਘੱਟ ਨਹੀਂ ਸੀ। ਗੁਰਦੇਵ ਚਾਹੁੰਦੇ ਤਾਂ ਪੱਟਨੇ `ਚ ਦੋ ਮਹੀਨੇ ਹੋਰ ਟਿੱਕ ਜਾਂਦੇ ਤੇ ਹੋਣਹਾਰ ਗੋਬਿੰਦ ਰਾਏ ਦਾ ਮੁੱਖੜਾ ਦੇਖਕੇ ਹੀ ਅਗੇ ਤੁਰਦੇ। ਪਰ ਇਸ ਦੌਹਰਾਨ ਕਿੰਨਿਆਂ ਦਾ ਖੂਨ ਬਹਿ ਜਾਂਦਾ-ਇਸ ਸੱਚਾਈ ਨੂੰ ਕੇਵਲ ਇਤਿਹਾਸ ਦਾ ਖੋਜੀ ਹੀ ਜਾਣ ਸਕਦਾ ਹੈ। ਇਥੇ ਬਸ ਨਹੀਂ, ਆਪ ਨੂੰ ਪੁੱਤਰ ਜਨਮ ਦੀ ਖੱਬਰ ਢਾਕੇ `ਚ ਪੁੱਜੀ ਪਰ ਉਥੇ ਵੀ ਪੁੱਤਰ ਮੋਹ ਹਾਰ ਗਿਆ। ਸੰਨ 1670 ਜਦੋਂ ਪਟਨਾ ਸਾਹਿਬ ਵਾਪਸ ਪ੍ਰਵਾਰ `ਚ ਪੁੱਜੇ ਤਾਂ ਇਕਲੌਤੀ- ਸਹਿਕਵੀਂ ਉਲਾਦ, ਸਾਢੇ ਤਿੰਨ ਸਾਲ ਦੇ ਲਾਡਲੇ ਗੋਬਿੰਦ ਰਾਏ ਨੂੰ ਪਹਿਲੀ ਵਾਰੀ ਦੇਖਿਆ। ਫਿਰ ਵੀ ਰੁਕੇ ਨਹੀਂ ਅਤੇ ਅਨੰਦਪੁਰ ਸਾਹਿਬ ਚਲੇ ਗਏ। ਉਥੇ ਪੁੱਜਕੇ ਪ੍ਰਵਾਰ ਨੂੰ ਵੀ ਅਪਣੇ ਕੋਲ ਬੁਲਾ ਭੇਜਿਆ।
ਬ੍ਰਾਹਮਣਾ ਨੂੰ ਦਾਨ ਪੁੰਨ ਤੇ ਪ੍ਰਆਗ ਦੇ ਇਸ਼ਨਾਨ? - ਇੱਕ ਹੋਰ ਵੱਡੀ ਮਿਲਾਵਟ। ਗੁਰੂ ਨਾਨਕ ਪਾਤਸ਼ਾਹ ਤੋਂ ਬਾਦ, ਸਭ ਤੋਂ ਵੱਡਾ ਪ੍ਰਚਾਰ ਦੌਰਾ ਨਾਵੇਂ ਪਾਤਸ਼ਾਹ ਦੇ ਹਿੱਸੇ ਹੀ ਅਇਆ ਹੈ। ਇਹ ਦੌਰਾ ਇੰਨੇ ਕਠਨ ਹਾਲਾਤ `ਚ ਸੀ ਕਿ ਇਸਨੂੰ ਕੋਈ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ, ਮਰਦ ਸੂਰਮਾਂ-ਮਜ਼ਲੂਮਾਂ ਦੁਖੀਆਂ ਦਾ ਮਸੀਹਾ ਹੀ ਨਿਭਾ ਸਕਦਾ ਸੀ, ਆਮ ਮਨੁੱਖ ਨਹੀਂ। ਇਥੇ ਵੀ ਸ਼ਰਾਰਤੀ ਲੋਕਾਂ ਨੇ ਪਾਤਸ਼ਾਹ ਦੇ ਦੌਰੇ ਨੂੰ ਪੁੱਤ੍ਰ ਕਾਮਨਾ ਅਧੀਨ ਪ੍ਰਯਾਗ ਦੇ ਇਸ਼ਨਾਨ ਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਵਾਲਾ ਭਰਵਾਂ ਰੰਗ ਚੜ੍ਹਾਇਆ ਹੈ। ਜਿਸ ਗੁਰੂਦਰ ਅਤੇ ਗੁਰਮਤਿ ਨੇ ਜੰਜੂ ਪਾਉਣ ਤੋਂ ਇਨਕਾਰ ਕਰਕੇ ਬ੍ਰਹਮਣਾ ਦੇ ਜੂਲੇ ਚੋਂ ਮਨੁੱਖ ਨੂੰ ਆਜ਼ਾਦ ਕੀਤਾ। ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ਸਮੂਚੀ ਬਾਣੀ ਰਚਨਾ ਰਾਹੀਂ ਮਨੁੱਖ ਨੂੰ ਕਾਮਨਾਵਾਂ ਤੇ ਆਸਾ-ਮਨਸਾ ਵਾਲੀ ਪੱਕੜ ਚੋਂ ਕੱਢਿਆ; ਕਮਾਲ ਇਹ ਕਿ ਉਸੇ ਪੱਕੜ `ਚ ਨੌਵੇ ਨਾਨਕ ਨੂੰ ਹੀ ਦਸਿਆ ਜਾ ਰਿਹਾ ਹੈ। ਇਸਦਾ ਆਧਾਰ ਬਣਾਇਆ ਹੈ ਉਸ ‘ਬਚਿੱਤ ਨਾਟਕ’ ਜਿਸਨੂੰ ਬਦੋ ਬਦੀ ਦਸਮੇਸ਼ ਬਾਣੀ ਪ੍ਰਚਾਰਣ ਦਾ ਗੁਣਾਹ ਕੀਤਾ ਜਾ ਰਿਹਾ ਹੈ। ਫ਼ਿਰ ਰਹਿੰਦੀ ਕਸਰ ਪੂਰੀ ਕਰ ਦਿੱਤੀ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ `ਚ। ਇਸਤਰ੍ਹਾਂ ਕੌਮ ਨੂੰ ਚੋਰ ਦਰਵਾਜ਼ੇ ਤੋਂ ਧੱਕਿਆ ਜਾ ਰਿਹਾ ਹੈ ਬ੍ਰਾਹਮਣੀ ਤੀਰਥ-ਸਨਾਨਾ ਤੇ ਦਾਨ-ਪੁੰਨ ਵਲ। ਖੈਰ! ਇਹ ਵੇਰਵਾ ਗੁਰਮਤਿ ਪਾਠ ਨੰ: 36 ‘ਮੁਰਪਿਤ ਪੂਰਬ ਕੀਅਸ ਪਯਾਨਾ’ `ਚ ਦੇ ਦਿੱਤਾ ਗਿਆ ਹੈ ਸੰਗਤਾਂ ਉਸਦਾ ਲਾਹਾ ਲੈ ਸਕਦੀਆਂ ਹਨ, ਇਥੇ ਦੋਹਰਾਨ ਦੀ ਲੋੜ ਨਹੀਂ, ਕੇਵਲ ਇਸ਼ਾਰਾ ਹੀ ਕਾਫ਼ੀ ਹੈ। ਉਂਝ ਤੀਜੇ ਪਾਤਸ਼ਾਹ ਦਾ ਪ੍ਰਚਾਰ ਦੌਰਾ ਵੀ ਬਹੁਤ ਵੱਡਾ ਦੌਰਾ ਸੀ।
ਨਾ ਆਕਾਸ਼ਵਾਣੀ, ਨਾ ਸੁਪਨਾ- ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਗੁਰੂਦਰ ਤੇ ਹੀ ਕਿਉਂ? ਇਸ ਬਾਰੇ ਕੁੱਝ ਲੇਖਕਾਂ ਦਾ ਲਿਖਣਾ ਜਾਂ ਪ੍ਰਚਾਰਨਾ ਕਿ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਆਕਾਸ਼ਵਾਣੀ ਹੋਈ, ਸੁਪਨਾ ਆਇਆ, ਕੇਵਲ ਪੌਰਾਣਕ ਗਪੌੜ ਹਨ ਕਿਉਂਕਿ ਆਕਾਸ਼ ਵਾਣੀਆਂ, ਸੁਪਨਿਆ ਦੀ ਭਰਮਾਰ ਉਥੇ ਹੀ ਮਿਲੇਗੀ, ਹੋਰ ਕਿੱਧਰੇ ਨਹੀਂ। ਦਰਅਸਲ ਪਹਿਲੇ ਜਾਮੇਂ ਤੋਂ ਹੀ ਓੜਾਂ-ਕਾਲਾਂ-ਮਹਾਮਾਰੀਆਂ-ਕੁੱਦਰਤੀ ਆਫ਼ਤਾਂ ਸਮੇਂ ਜੇ ਕੋਈ ਕੰਮ ਆਉਂਦਾ ਸੀ ਤਾਂ ਉਹ ਗੁਰੂ ਦਰ ਹੀ ਸੀ ਕਿਉਂਕਿ ਇੱਥੇ ਜਾਤ-ਵਰਣ, ਸੁੱਚ-ਭਿੱਟ ਦਾ ਕੋਈ ਝਮੇਲਾ ਰਿਹਾ ਹੀ ਨਹੀਂ ਸੀ। ਪੰਜਵੇ ਪਾਤਸ਼ਾਹ ਦੀ ਦ੍ਰਿੜ੍ਹਤਾ ਭਰੀ ਸ਼ਹਾਦਤ ਨੇ ਜ਼ਾਲਮ-ਜਨੂੰਨੀਆਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ, ਅਜੇਹੀ ਮਜ਼ਬੂਤੀ ਹੋਰ ਕਿਤੇ ਨਹੀਂ ਸੀ। ਛੇਵੇਂ ਪਾਤਸ਼ਾਹ ਨੇ ਇਸੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ, ਚੌਹਾਂ `ਚ ਫਤਹਿ ਹਾਸਲ ਕੀਤੀ, ਸੱਤਵੇਂ ਜਾਮੇਂ ਸਮੇਂ ਜਿੱਤੇ ਹੋਏ ਔਰੰਗਜ਼ੇਬ ਦੇ ਅਗੇ ਅਪਣੀਆਂ ਫੌਜਾਂ ਲਾਕੇ, ਦਾਰਾਸ਼ਿਕੋਹ ਉਪਰ ਉਸਦਾ ਹਮਲਾ ਨਾਕਾਮ ਕਰ ਦੇਣਾ, ਛੋਟੀ ਦੱਲੇਰੀ ਨਹੀਂ ਸੀ। ਇਸ ਸਾਰੇ ਤੋਂ ਉਪਰ, ਰਾਜ ਮਦ `ਚ ਅੰਨੀ `ਤੇ ਜ਼ੁਲਮ ਦੀ ਇੰਤਹਾ ਤੀਕ ਪੁੱਜ ਚੁਕੀ ਹਕੂਮਤ ਦੇ ਨਿਕਲ ਚੁੱਕੇ ਫ਼ੁਰਮਾਨ `ਚ ਦਖਲ ਦਾ ਨਤੀਜਾ ਕੀ ਹੋ ਸਕਦਾ ਹੈ? ਆਮ ਬੰਦਾ ਵੀ ਸਮਝ ਸਕਦਾ ਹੈ। ਇਹ `ਤੇ ਅਜੇਹਾ ਹੋਰ ਬਹੁਤ ਕੁੱਝ ਇਨ੍ਹਾਂ ਪੰਡਤਾਂ ਦੇ ਸਾਹਮਣੇ ਸੀ। ਪੰਡਤ ਇਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਹਕੂਮਤ ਨਾਲ ਜੇ ਕੋਈ ਗਲ ਕਰ ਸਕਦਾ ਹੈ ਜਾਂ ਲੋੜ ਪੈਣ ਤੇ ਮਜ਼ਬੂਤੀ ਨਾਲ ਖੜਾ ਹੋ ਸਕਦਾ ਹੈ ਤਾਂ ਉਹ ਕੇਵਲ ਗੁਰੂ ਦਰਬਾਰ ਹੀ ਹੈ। ਇਸੇ ਲਈ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਗੁਰੂਦਰ ਤੋਂ ਹੀ ਸੀ ਅਤੇ ਕੋਈ ਹੋਰ ਰਸਤਾ ਹੈ ਹੀ ਨਹੀਂ ਸੀ।
ਗਡੱਰੀਏ ਨੂੰ ਅੰਗੂਠੀ, ਸ਼ਾਲ ਵਾਲੇ ਸਰਕਾਰੀ ਸ਼ੋਸ਼ੇ- ਗੁਰੂ ਸਾਹਿਬ ਵਲੋਂ ਦਿੱਤਾ ਗਿਆ ਜੁਆਬ, ਜਦੋਂ ਕਸ਼ਮੀਰੀ ਪੰਡਤਾਂ ਵਲੋਂ, ਹਕੂਮਤ ਕੋਲ ਪੁੱਜਾ ਤਾਂ ਔਰੰਗਜ਼ੇਬ ਹਸਨਅਬਦਾਲ `ਚ ਯੂਸਫਜਹੀਆ ਨਾਲ ਜੰਗ `ਚ ਰੁੱਝਾ ਦਾ ਸੀ। ਕਸ਼ਮੀਰੀ ਬ੍ਰਾਹਮਣਾਂ ਵਲੋਂ ਉਤਰ ਫਿਰ ਉਸ ਸੰਬੰਧੀ ਅਗਲਾ ਕਦਮ, ਇਹ ਸਭ ਦਾ ਪਤਾ ਲਗਣ ਲਈ ਕਾਫ਼ੀ ਸਮਾਂ ਲਗ ਸਕਦਾ ਸੀ। ਪਾਤਸ਼ਾਹ ਗੁਰਬਾਣੀ ਦੇ ਸੱਚ ਰਾਹੀਂ ਦੁਖੀਆਂ, ਦਰਦਮੰਦਾਂ, ਮਜ਼ਲੂਮਾਂ ਦਾ ਮਨੋਬਲ ਉੱਚਾ ਕਰਨ ਲਈ ਪੰਜਾਬ ਨੂੰ ਚਲ ਪਏ, ਅਨੇਕਾਂ ਸੰਗਤਾਂ ਨਾਲ ਸਨ। ਕੀਰਤਪੁਰ, ਨਨਹੇੜਾ ਤੋਂ ਸੈਫ਼ਾਬਾਦ ਪੁਜੇ। ਸੈਫ਼ਾਬਾਦ `ਚ, ਗੁਰੂਦਰ ਦੇ ਮੁਰੀਦ ਸੈਫਅਲੀ ਪਾਸ ਦੋ ਕੁ ਮਹੀਨੇ ਰੁਕੇ। ਉਪ੍ਰੰਤ ਸਮਾਣੇ ਦੇ ਚੌਧਰੀ ਮੁਹੰਮਦ ਬਖਸ਼ ਨੇ ਬਹੁਤ ਬੇਨਤੀ ਕੀਤੀ, ਪਾਤਸ਼ਾਹ ਕੁੱਝ ਸਮਾਂ ਉਸ ਕੋਲ ਵੀ ਟਿਕਣ, ਪਰ ਉਨ੍ਹਾਂ ਸਾਹਮਣੇ ਤਾਂ ਸਾਰੇ ਪਾਸੇ ਮੱਚੀ ਹੋਈ ਹਾ-ਹਾ ਕਾਰ ਸੀ, ਰੁਕੇ ਨਹੀਂ। ਇਥੋਂ ਇਹ ਵੀ ਪਤਾ ਲਗਦਾ ਹੈ ਅਨੇਕਾਂ ਆਗੂ `ਤੇ ਆਮ ਮੁਸਲਮਾਨ ਵੀ ਗੁਰੂਦਰ ਦੇ ਮੁਰੀਦ ਸਨ। ਗੁਰਦੇਵ ਸਮਾਣੇ ਤੋਂ ਕੈਥਲ, ਲਾਖਨ ਮਾਜਰਾ, ਰੋਹਤਕ `ਤੇ ਫਿਰ ਆਗਰੇ ਪੁੱਜੇ। ਜਗ੍ਹਾ ਜਗ੍ਹਾ ਤੇ ਆਪ ਦੀ ਯਾਦ `ਚ ਗੁਰਦੁਆਰੇ ਕਾਇਮ ਹਨ। ਧਿਆਨ ਦੇਣ ਦੀ ਗਲ ਹੈ ਕਿ ਪਾਤਸ਼ਾਹ ਦੀ ਇਹ ਪ੍ਰਚਾਰ ਫੇਰੀ, ਆਮ ਪ੍ਰਚਾਰ ਫੇਰੀ ਨਹੀਂ ਸੀ ਬਲਕਿ ਹਕੂਮਤ ਦੇ ਜ਼ੁਲਮੀ ਹੁਕਮਾਂ, ਉਸਦੀਆਂ ਕਾਰਵਾਹੀਆਂ, ਵਿਚਾਰਧਾਰਾ ਦਾ ਸਿੱਧਾ ਵਿਰੋਧ ਸੀ। ਗੁਰਦੇਵ ਦੇ ਇਸ ਪ੍ਰਚਾਰ ਦੌਰੇ ਦਾ ਸਾਥ ਉਨ੍ਹਾਂ ਨੂੰ ਮਿਲ ਰਿਹਾ ਸੀ ਜੋ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਦਿੱਲ ਹਾਰ ਚੁੱਕੇ ਅਤੇ ਨਿਰਬਲਤਾ ਨੂੰ ਕਿੱਸਮਤ ਦਾ ਨਾਂ ਦੇਕੇ, ਸਮਝੌਤਾ ਕਰੀ ਬੈਠੇ ਸਨ। ਸਹਿਮੇ ਲੋਕ ਆਪਣੀ ਬਣ ਚੁਕੀ ਆਲਸੀ ਬਿਰਤੀ ਕਾਰਣ, ਭਾਰਤ ਵਿੱਚ ਨਵੀਂ ਆਈ ਤੰਮਾਕੂ ਦੀ ਫਸਲ ਬੀਜਣ-ਪੀਣ `ਤੇ ਘੱਟ ਗਹਿਰੇ ਖੂਹਾਂ ਦਾ ਖਾਰਾ ਪਾਣੀ ਪੀਣ ਦੇ ਆਦੀ ਹੁੰਦੇ ਜਾ ਰਹੇ ਸਨ। ਗੁਰਦੇਵ ਨੇ ਜਗ੍ਹਾ ਜਗ੍ਹਾ ਗਹਿਰੇ ਮਿੱਠੇ ਖੂਹ ਖੁਦਵਾਏ, ਲੋਕਾਈ ਨੂੰ ਤੰਮਾਕੂ-ਸ਼ਰਾਬ ਆਦਿ ਤੋਂ ਵਰਜਿਆ। ਗੁਰਬਾਣੀ ਦੇ ਛੱਟਿਆ ਨਾਲ ‘ਨਾ ਡਰੋ `ਤੇ ਨਾ ਕਿਸੇ ਨੂੰ ਡਰਾਵੋ’ ਦਾ ਉਪਦੇਸ਼ ਦਿੱਤਾ। ਬ੍ਰਾਹਮਣ ਦੇ ਵਰ-ਸਰਾਪ-ਕਰੋਪੀਆਂ ਦੇ ਪਾਖੰਡ ਜਾਲ `ਤੇ ਦੇਵੀ-ਦੇਵਤਾ-ਭਗਵਾਨ ਵਾਦ ਤੋਂ ਵੀ ਸੁਚੇਤ ਕੀਤਾ। ਕੇਵਲ ਇੱਕ ਅਕਾਲਪੁਰਖੁ ਦੇ ਨਿਰਮਲ ਭਉ `ਚ ਆਉਣਾ ਸਿਖਾਇਆ। ਇਹ ਸਾਰਾ ਕਾਰਜ ਸੰਗਤਾਂ ਤੇ ਦਸਵੰਧ ਦੀ ਮਦਦ ਨਾਲ ਹੀ ਕੀਤਾ ਜਾ ਰਿਹਾ ਸੀ।
ਦੂਜੇ ਪਾਸੇ ਹਕੂਮਤ ਦੇ ਦਰਿੰਦਿਆਂ ਨੂੰ ਇਹ ਅਸਹਿ ਸੀ। ਲੋਕਾਂ `ਚ ਆਈ ਜਾਗ੍ਰਤੀ ਲਹਿਰ, ਉਨ੍ਹਾਂ ਨੂੰ ਬਗ਼ਾਵਤ ਨਜ਼ਰ ਆ ਰਹੀ ਸੀ। ਸੰਗਤਾਂ ਵਲੋਂ ਦਸਵੰਧ ਦੀ ਭੇਟਾ-ਡਾਕੂ ਲੁਟੇਰਿਆਂ ਰਾਹੀਂ ਲੁੱਟ-ਖੋਹ ਨਜ਼ਰ ਆ ਰਹੀ ਸੀ। ਗੰਦਗੀ ਦੇ ਕੀੜਿਆਂ ਨੂੰ ਨਵੇਂ ਸੁਅੱਛ ਵਾਤਾਵਰਣ `ਚ ਉਠ ਰਹੀ ਖੁਸ਼ਬੂ `ਤੇ ਬਣਦਾ ਜਾ ਰਿਹਾ ਸੁਅੱਛ ਵਾਤਾਵਰਣ ਚੰਗਾ ਨਹੀਂ ਸੀ ਲਗ ਰਿਹਾ। ਹਕੂਮਤੀ ਦਰਿੰਦਿਆਂ ਨੇ ਸਰਕਾਰੀ ਰਿਕਾਰਡਾਂ ਦੇ ਢਿੱਡ ਵੀ ਤਾਂ ਭਰਨੇ ਸਨ ਜਿਵੇਂ ਅਜੌਕੇ ਸਿੱਖ ਨੌਜੁਆਨਾ ਦੇ ਬੇਤਹਾਸ਼ਾ ਘਾਣ ਲਈ ਵੀ ਇਹੀ ਕੁੱਝ ਹੋਇਆ ਹੈ। ਗੁਰਦੇਵ ਤਾਂ ਚੌਵੀ ਘੰਟੇ ਪ੍ਰਚਾਰ ਦੌਰੇ ਤੇ ਜੁਟੇ ਹੋਏ ਸਨ, ਨਾਕਿ ਕਿੱਧਰੇ ਛੁੱਪ ਕੇ ਬੈਠੇ ਸਨ ਅਤੇ ਨਾ ਹੀ ਘੜੀ ਹੋਈ ਕਹਾਣੀ ਮੁਤਾਬਕ, ਉਹ ਇੱਕ ਗਡਰੀਆ ਹੀ ਅਜੇਹਾ ਗਰੀਬ ਸੀ ਕਿ ਗੁਰੂ ਸਾਹਿਬ ਨੂੰ ਉਸ ਦੀ ਗਰੀਬੀ ਤੇ ਤਰਸ ਆ ਗਿਆ। ਸਾਨੂੰ ਤਾਂ ਗਡਰੀਏ ਨੂੰ ਅੰਗੂਠੀ ਤੇ ਸ਼ਾਲ ਵਾਲੇ ਸਰਕਾਰੀ ਸ਼ੋਸ਼ਿਆਂ ਦਾ ਪਿਛੌਕੜ ਸਮਝਣ ਦੀ ਲੋੜ ਸੀ। ਉਲਟਾ ਸਾਡੇ ਹੀ ਲਿਖਾਰੀ-ਪ੍ਰਚਾਰਕ ਇਸਨੂੰ ਸਾਖੀਆਂ ਦਾ ਨਾਂ ਦੇਕੇ, ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਪਹਿਲਾਂ ਤਾਂ ਬੋਗਸ ਸਰਕਾਰੀ ਰਿਕਾਰਡਾਂ ਦੇ ਢਿੱਡ ਭਰਣ ਲਈ ਗੁਰੂ ਸਾਹਿਬ ਨੂੰ ਛੁਪੇ ਹੋਏ ਤੇ ਲੁਟੇਰੇ ਆਦਿ ਲਫ਼ਜ਼ ਵਰਤਕੇ ਔਰੰਗਜ਼ੇਬ ਨੂੰ ਰਿਪਰੋਟਾਂ ਭੇਜੀਆਂ। ਇਸਤੇ ਹਸਨ ਅਬਦਾਲ ਤੋਂ ਔਰੰਗਜ਼ੇਬ ਦਾ ਪਹਿਲਾ ਹੁਕਮ ਸੀ, ਪਾਤਸ਼ਾਹ ਨੂੰ ਸਤਿਕਾਰ ਸਹਿਤ ਹਿਰਾਸਤ `ਚ ਲੈਕੇ ਉਨ੍ਹਾਂ ਨਾਲ ਵਿਚਾਰ-ਵਿਟਾਂਦਰਾ ਕੀਤਾ ਜਾਵੇ। ਇਸਤਰ੍ਹਾਂ ਦਿੱਲੀ ਤੋਂ 200 ਘੁੜਸੁਆਰ ਫੌਜੀ ਭੇਜਕੇ ਸਾਹਿਬਾਂ ਨੂੰ ਆਗਰੇ ਤੋਂ ਹਿਰਾਸਤ `ਚ ਲਿਆ ਗਿਆ। ਗੁਰਦੇਵ ਨੇ ਸੰਗਤਾਂ ਨੂੰ ਵਾਪਸ ਮੋੜ ਦਿੱਤਾ `ਤੇ ਵਿਚਾਰ-ਵਿਟਾਂਦਰੇ ਲਈ ਪੰਜ ਅਨੰਨ ਵਿਦਵਾਨ ਸਿੱਖ ਭਾਈ ਮਤੀਦਾਸ, ਭਾਈ ਦਇਅਲਾ, ਭਾਈ ਜੈਤਾ, ਭਾਈ ਗੁਰਦਿੱਤਾ `ਤੇ ਭਾਈ ਊਦਾ ਨੂੰ ਨਾਲ ਲੈ ਲਿਆ।
ਸਿੱਖਾਂ ਦੀ ਲਾ-ਮਿਸਾਲ ਬਹਾਦੁਰੀ `ਤੇ ਹਕੂਮਤ ਨੂੰ ਜ਼ਿੱਲਤ- ਦਿੱਲੀ ਵਿਖੇ ਵਿਚਾਰ ਵਿਟਾਂਦਰਿਆਂ ਦਾ ਦੌਰ ਚਲਿਆ। ਸਾਹਿਬਾਂ ਦਾ ਪੱਖ ਵਜ਼ਨਦਾਰ ਸੀ, ਗੁਰਦੇਵ ਨੇ ਸਾਫ਼ ਕਰ ਦਿੱਤਾ ਕਿ ਉਹ ਇਸਲਾਮ ਦੇ ਪ੍ਰਚਾਰ ਵਿਰੁਧ ਨਹੀਂ ਹਨ। ਇਤਰਾਜ਼ ਹੈ ਤਾਂ ਕੇਵਲ ਹਕੂਮਤ ਰਾਹੀਂ ਜ਼ੁਲਮ, ਧੱਕੇ, ਤਲਵਾਰ `ਤੇ ਕੁਟਲਨੀਤੀ ਨਾਲ ਰੱਬ ਦੇ ਬੰਦਿਆਂ ਦਾ ਖੂਨ ਡੋਲ ਕੇ ਉਨ੍ਹਾਂ ਦੇ ਜੱਬਰੀ ਧਰਮ ਪ੍ਰਵਰਤਨ ਤੇ। ਨਤੀਜਾ ਹੋਇਆ ਕਿ ਹਕੂਮਤ ਦੇ ਅਪਣੇ ਹੀ ਘਰ `ਚ ਦੋ ਧੜੇ ਹੋ ਗਏ। ਖੁੱਦਾ ਤਰਸ ਮੁਸਲਮਾਨ, ਸਾਹਿਬਾਂ ਦੇ ਪੱਖ ਨੂੰ ਠੀਕ ਦੱਸ ਰਹੇ ਸਨ। ਜਨੂੰਨੀਆਂ ਦੀ ਘੱਬਰਾਹਟ ਹਦੋਂ ਵੱਧ ਗਈ। ਹਸਨ-ਅਬਦਾਲ ਤੋਂ ਨਵਾਂ ਫ਼ੁਰਮਾਨ ਮੰਗਵਾਇਆ। ਗੁਰਦੇਵ ਲਈ ਦੋ ਟੁੱਕ ਫ਼ੈਸਲਾ ਸੀ ‘ਜਾਂ ਹਿੰਦੂਆਂ ਦਾ ਸਾਥ ਛੱਡ ਦੇਣ ਅਤੇ ਜੇਕਰ ਪ੍ਰਚਾਰ ਰਾਹੀਂ ਹੀ ਕਿਸੇ ਦਾ ਧਰਮ ਤੱਬਦੀਲ ਕਰਨਾ ਹੈ ਤਾਂ ਇਸਲਾਮ ਦੇ ਪ੍ਰਚਾਰ ਦੀ ਬਾਗ਼ਡੋਰ ਅਪਣੇ ਹੱਥ ਵਿੱਚ ਲੈ ਲੈਣ। ਜੇ ਦੌਵੇਂ ਗਲਾਂ ਮਨਜ਼ੂਰ ਨਹੀਂ ਤਾਂ “ਗੁਰਦੇਵ ਦੇ ਸਰੀਰ ਦੇ ਟੁੱਕੜੇ ਟੁੱਕੜੇ ਕਰਕੇ ਦਿੱਲੀ ਦੀਆਂ ਦੀਵਾਰਾਂ ਤੇ ਸਾਰੇ ਪਾਸੇ ਲਟਕਾ ਦਿੱਤੇ ਜਾਣ। ਇੰਨੀ ਦਹਿਸ਼ਤ ਫੈਲਾਈ ਜਾਵੇ ਕਿ ਅਗੋਂ ਹਕੂਮਤ ਦੇ ਕੰਮ `ਚ ਕੋਈ ਦਖਲ ਨਾ ਦੇ ਸਕੇ।” ਪਾਤਸ਼ਾਹ ਨੇ ਮਜ਼ਲੂਮਾਂ ਦਾ ਸਾਥ ਛੱਡਣ ਤੋਂ ਜਾਂ ਇਸਲਾਮ `ਚ ਜਾਕੇ ਉਸਦਾ ਪ੍ਰਚਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਸ਼ਹਾਦਤ ਕਬੂਲ ਕਰ ਲਈ।
ਅਗਲਾ ਦੌਰ ਲਾਲਚਾਂ-ਡਰਾਵਿਆਂ ਦਾ ਸੀ, ਵਿਚਾਰ ਵਿਟਾਂਦਰੇ ਵਾਸਤੇ ਲਿਆਂਦੇ ਪੰਜਾਂ ਸਿੱਖਾਂ ਨੂੰ ਵੀ ਛੁੱਟੀ ਦੇ ਦਿੱਤੀ, ਕਿਉਂਕਿ ਉਹ ਤਾਂ ਗ੍ਰਿਫ਼ਤਾਰ ਨਹੀਂ ਸਨ। ਭਾਈ ਗੁਰਦਿੱਤਾ ਜੀ ਨੂੰ ਗੁਰਗੱਦੀ ਸੌਂਪਣਾ ਵਾਸਤੇ ਦੱਸਵੇਂ ਨਾਨਕ ਪਾਸ ਅਨੰਦਪੁਰ ਭੇਜ ਦਿੱਤਾ। ਭਾਈ ਜੈਤਾ ਅਤੇ ਭਾਈ ਊਦਾ ਅਗਲੇ ਪ੍ਰੋਗਰਾਮ ਦੀ ਤਿਆਰੀ `ਚ ਜੁੱਟ ਗਏ। ਸ਼ਹਾਦਤ ਤੋਂ ਬਾਦ ਗੁਰਦੇਵ ਦੇ ਸਰੀਰ ਵਾਸਤੇ ਹਕੂਮਤ ਦਾ ਫੈਸਲਾ ਸਪੱਸ਼ਟ ਸੀ ਤੇ ਪੰਥ ਨੇ ਫ਼ੈਸਲਾ ਕਰ ਲਿਆ ਕਿ ਪਵਿਤ੍ਰ ਸਰੀਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਤਸੀਹੇ ਦੇਣ ਦਾ ਦੌਰ ਚਾਲੂ ਹੋਇਆ। ਅੰਦਰਵਾਰ ਲੰਮੇ ਸੂਲਾਂ ਵਾਲੇ ਤੰਗ ਪਿੰਜਰੇ `ਚ ਬੰਦ ਕਰਕੇ ਪਾਤਸ਼ਾਹ ਦਾ ਅੰਨ ਪਾਣੀ ਬੰਦ ਕਰ ਦਿੱਤਾ ਗਿਆ। ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਨਾਲ ਆਏ ਪੰਜ ਵਿਦਵਾਨ ਸਿੱਖਾਂ ਵਿਚੋਂ ਭਾਈ ਮਤੀਦਾਸ, ਭਾਈ ਦਇਆਲਾ ਤੇ ਬਾਹਰੌ ਹੋਰ ਆਏ ਭਾਈ ਸਤੀਦਾਸ ਗੁਰੂ ਤੋਂ ਪਹਿਲਾਂ ਸ਼ਹੀਦੀਆਂ ਦੇਣਗੇ ਇਹ ਵੀ ਸਿੱਖਾਂ ਦਾ ਅਪਣਾ ਫ਼ੈਸਲਾ, ਸੀ। ਗੁਰੂ ਸਾਹਿਬ ਦੇ ਮਨ `ਚ ਹੋਰ ਵੱਧ ਦਹਿਸ਼ਤ ਪੈਦਾ ਕਰਨ ਲਈ ਹਕੂਮਤ ਨੇ ਉਸਦਾ ਵੀ ਲਾਭ ਲਿਆ ਪਰ ਸਭ ਬੇ-ਅਸਰ। ਦੀਨ ਦੁੱਖੀਆਂ ਦੇ ਮਸੀਹਾ, ਗੁਰਦੇਵ ਪ੍ਰਭੁ ਰੰਗ `ਚ ਅਡੋਲ ਰਹੇ। ਵੱਧ ਤੋਂ ਵੱਧ ਦਹਿਸ਼ਤ ਪੈਦਾ ਕਰਨ ਲਈ ਡੋਂਡੀ ਪਿੱਟਵਾ ਕੇ ਬੇਅੰਤ ਭੀੜ ਇਕੱਠੀ ਕੀਤੀ ਗਈ। ਇਸ ਭੀੜ `ਚ ਗੁਰੂ ਕੇ ਸਿੱਖ ਵੀ ਸਨ, ਸੰਗਤਾਂ, ਖੁੱਦਾ ਤਰਸ ਮੁਸਲਮਾਨ ਅਤੇ ਪ੍ਰਭੂ ਪਿਆਰ ਵਾਲੇ ਸਹਿਮੇ ਹਮਦਰਦ ਵੀ ਸਨ, ਨਾਲ ਹੀ ਦੋਖੀ `ਤੇ ਤਮਾਸ਼ਬੀਨ ਵੀ ਘੱਟ ਨਹੀਂ ਸਨ। ਹਕੂਮਤ ਦੇ ਫ਼ੈਸਲੇ ਮੁਤਾਬਕ, ਸ਼ਹੀਦੀ ਉਪਰੰਤ ਗੁਰਦੇਵ ਦੇ ਸਰੀਰ ਨੂੰ ਕਬਜ਼ੇ `ਚ ਰਖਣ ਲਈ ਬੇਅੰਤ ਸੁਰਖਿਆ ਪ੍ਰਬੰਧ ਸਨ। ਅੰਤ ਯਾਰਾਂ ਨਵੰਬਰ ਸੰਨ 1675 ਦਿਨ ਦੇ ਯਾਰ੍ਹਾਂ ਵਜੇ, ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਤਲਵਾਰ ਦੇ ਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ। ਇਥੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਮੌਜੂਦ ਹੈ।
ਗੁਰੂ ਕੇ ਬਹਾਦੁਰ, ਦੂਰਦਰਸ਼ੀ `ਤੇ ਸਮਰਪਤ ਸਿੱਖਾਂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਉਸ ਸਮੇਂ ਚਾਂਦਨੀ ਚੌਂਕ `ਚ ਅੱਜ ਵਾਲੀ ਪੱਕੀ ਸੜਕ ਨਹੀਂ ਸੀ। ਇੱਕਠੀ ਹੋਈ ਬੇਸ਼ੁਮਾਰ ਭੀੜ `ਚ ਕਿਸੇ ਯੋਜਣਾ ਬੱਧ ਤਰੀਕੇ, ਭੱਗਦੜ ਪੈਦਾ ਕਰ ਦਿੱਤੀ ਗਈ, ਜਿਸਤੋਂ ਬੇਅੰਤ ਧੂਲ-ਮਿੱਟੀ ਉੱਡੀ ਤੇ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿੱਟੀ `ਚ ਮਿਲਾ ਦਿੱਤੇ ਗਏ। ਸਿੱਖ ਸੂਰਮਿਆਂ ਨੇ ਪਾਤਸ਼ਾਹ ਦਾ ਧੱੜ `ਤੇ ਸੀਸ ਦੋਵੇਂ ਹੀ ਅਪਣੀ ਸੰਭਾਲ `ਚ ਲੈ ਲਏ। ਸੀਸ ਲੈਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਜਾ ਪੁੱਜੇ ਜਿੱਥੇ ਦਸਮੇਸ਼ ਜੀ ਨੇ ਭਾਈ ਜੈਤਾ ਜੀ ਨੂੰ ਅਪਣੀ ਛਾਤੀ ਨਾਲ ਲਾਕੇ ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਿਆ ਅਤੇ ਸੀਸ ਦਾ ਪੂਰੇ ਸਤਿਕਾਰ ਸਹਿਤ ਸਸਕਾਰ ਕੀਤਾ। ਉਸ ਸਥਾਨ ਤੇ ਵੀ ਗੁਰਦੁਆਰਾ ਸੀਸ ਗੰਜ, ਅਨੰਦਪੁਰ ਸਾਹਿਬ ਕਾਇਮ ਹੈ। ਭਾਈ ਲੱਖੀ ਸ਼ਾਹ ਵਣਜਾਰਾ, ਜੋ ਉਸ ਸਮੇਂ ਸਰਕਾਰੀ ਨੌਕਰੀ `ਚ ਸੀ, ਲਾਲ ਕਿਲੇ ਵਲੋਂ ਲਿਆਂਦੇ ਅਪਣੇ ਰੂਈ-ਕਲਈ ਵਾਲੇ ਗੱਡਿਆਂ `ਚ, ਧੱੜ ਨੂੰ ਛੁਪਾਕੇ ਅਪਣੇ ਪਿੰਡ ਰੁਕਾਬ ਲੈ ਗਿਆ ਅਤੇ ਅਪਣੇ ਗ੍ਰਹਿ ਨੂੰ ਸਾਮਾਨ ਸਮੇਤ ਅਗਨੀ ਭੇਟ ਕਰਕੇ ਪਾਤਸ਼ਾਹ ਦੇ ਧੱੜ ਦਾ ਸਸਕਾਰ ਵੀ ਕਰ ਦਿੱਤਾ। ਅਪਣੇ ਹੀ ਘਰ ਨੂੰ ਅੱਗ ਇਸਤਰ੍ਹਾਂ ਲਾਈ ਕਿ ਕਿਸੇ ਨੂੰ ਸ਼ੱਕ ਵੀ ਨਾ ਹੋ ਸਕੇ। ਇਥੇ ਅਜਕਲ ਗੁਰਦੁਆਰਾ ਰੁਕਾਬ ਗੰਜ ਸਾਹਿਬ ਦਿੱਲੀ ਮੌਜੂਦ ਹੈ।
ਇਸ ਸ਼ਹਾਦਤ ਨੇ, ਹਕੂਮਤ ਦੀ ਜ਼ੁਲਮੀ ਤਲਵਾਰ ਨੂੰ ਇੰਨਾ ਖੂੰਡਾ ਕਰ ਦਿੱਤਾ ਕਿ ਹਿੰਦੂਆਂ ਨੂੰ ਖਤਮ ਕਰਨ ਵਾਲੀ ਪਾਲਿਸੀ `ਤੇ ਫ਼ੁਰਮਾਨ ਧਰੇ ਧਰਾਏ ਹੀ ਰਹਿ ਗਏ। ਫ਼ਿਰ ਇਹੀ ਸ਼ਹਾਦਤ ਅੰਤ ਜ਼ੁਲਮੀ ਰਾਜ ਦੇ ਖਾਤਮੇ ਦਾ ਕਾਰਣ ਵੀ ਬਣੀ। ਇਹ ਘੱਟਨਾ ਇੱਕ ਪਾਸੇ ਬਹਾਦੁਰ ਸਿੱਖਾਂ `ਤੇ ਸੰਗਤਾਂ ਦੇ ਗੁਰੂਦਰ ਨਾਲ ਅਥਾਹ ਪਿਆਰ ਅਤੇ ਭਾਰੀ ਜਿੱਤ ਦੀ ਮਿਸਾਲ ਹੈ। ਇਸਦੇ ਨਾਲ ਹੀ ਸਿੱਖਾਂ ਦੀ ਵੱਧੀਆ ਰਣਨੀਤੀ ਦਾ ਸਬੂਤ ਵੀ ਹੈ। ਦੂਜੇ ਪਾਸੇ ਜ਼ਾਲਮ, ਦਰਿੰਦਾ, ਜਨੂੰਨੀ ਹਕੂਮਤ ਦੇ ਮੂੰਹ ਤੇ ਕਾਲਖ ਭਰੀ ਚੱਪਤ `ਤੇ ਦੁਨੀਆਂ ਭਰ `ਚ ਉਸ ਲਈ ਭਾਰੀ ਜ਼ਿੱਲਤ ਵੀ ਸੀ।
ਕੋਈ ਨਾ ਨਿੱਤਰਿਆ? - ਕੁੱਝ ਲਿਖਾਰੀਆਂ ਦਾ ਇਹ ਲਿਖਦੇ-ਪ੍ਰਚਾਰਦੇ ਜਾਣਾ ਕਿ ਉਸ ਸਮੇਂ ਦਿੱਲੀ `ਚੋਂ ਕੋਈ ਸਿੱਖ ਨਾ ਨਿੱਤਰਿਆ। ਇਸੇ ਕਰਕੇ ਦਸਮੇਸ਼ ਜੀ ਨੇ ਸਿੱਖਾਂ ਨੂੰ ਕੇਸਾਧਾਰੀ ਰਹਿਣ ਦਾ ਹੁਕਮ ਕੀਤਾ ਤਾਕਿ ‘ਸਿੱਖ’ ਲੱਖਾਂ ਵਿੱਚੋਂ ਵੀ ਪਹਿਚਾਣਿਆ ਜਾ ਸਕੇ। ਇਹ ਗਲ ਉਸਤਰ੍ਹਾਂ ਹੈ ਜਿਵੇਂ ਸਿੱਖੀ ਦੇ ਦੋਖੀ ਪ੍ਰਚਾਰਦੇ ਹਨ “ਸਿੱਖਾਂ ਦਾ ਕੇਸਾਧਾਰੀ ਹੋਣਾ ਕੇਵਲ ਸਮੇਂ ਦੀ ਲੋੜ ਸੀ `ਤੇ ਹੁਣ ਲੋੜ ਨਹੀਂ” ਕੇਵਲ ਲਫਜਾਂ ਦੀ ਹੀ ਅਦਲਾ-ਬਦਲੀ ਹੈ। ਸੱਚਾਈ ਇਹ ਹੈ ਕਿ ਕੌਮ ਪਹਿਲੇ ਜਾਮੇ ਤੋਂ ਹੀ ਕੇਸਾਧਾਰੀ, ਕੰਘਾਧਾਰੀ `ਤੇ ਕਛਿਹਰਾਧਾਰੀ ਸੀ। ਛੇਵੇਂ ਜਾਮੇਂ ਤੋਂ ਸ਼ਸਤ੍ਰਧਾਰੀ ਵੀ ਹੋ ਗਈ। ਵੇਰਵੇ ਲਈ ਗੁਰਮਤਿ ਪਾਠ ਨੰ: 63, 68, 75 ‘ਵਿਸਾਖੀ ਸੰਨ 1469’, ‘ਲੇਖਾ-ਜੋਖਾ ਤਿੰਨ ਸੌ ਸਾਲਾ’ ਅਤੇ ‘ਦਸਮੇਸ਼ ਪਿਤਾ ਅਤੇ ਇਤਿਹਾਰ ਵਿੱਚ ਰੱਲ ਗੱਢ’ ਸੰਗਤਾਂ `ਚ ਦਿਤੇ ਜਾ ਚੁਕੇ ਹਨ, ਪੜ੍ਹੋ `ਤੇ ਪ੍ਰਚਾਰ ਹਿੱਤ ਸੰਗਤਾਂ ਵਿੱਚ ਵੰਡੋ ਜੀ। ਮੁੱਕਦੀ ਗਲ ਕਿ ਦਿੱਲੀ ਤਾਂ ਪਹਿਲੇ ਜਾਮੇ ਤੋਂ ਹੀ ਸਿੱਖੀ ਪ੍ਰਚਾਰ ਦਾ ਗੜ੍ਹ ਸੀ। ਸਿੱਖਾਂ ਦੇ ਛੁਪਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਅਤੇ ਨਾ ਹੀ ਇਸਦੀ ਲੋੜ ਸੀ। ਸ਼ਹਾਦਤ ਦਾ ਹੁਕਮ ਕੇਵਲ ਪਾਤਸ਼ਾਹ ਲਈ ਸੀ, ਨਾਲ ਆਏ ਪੰਜਾਂ ਲਈ ਵੀ ਨਹੀਂ ਸੀ। ਗੁਰਦੇਵ ਤੋਂ ਪਹਿਲਾਂ ਤਿੰਨ ਸਿੱਖਾਂ ਦੀ ਸ਼ਾਹਦਤ, ਪੰਥ ਦਾ ਆਪਣਾ ਨਿਰਣਾ ਸੀ। ਸਰਕਾਰੀ ਰਿਕਾਰਡਾਂ `ਚ ਉਨ੍ਹਾਂ ਦੀ ਗ੍ਰਿਫਤਾਰੀ ਵੀ ਨਹੀਂ ਸੀ। ਇਸਦਾ ਵੱਡਾ ਸਬੂਤ ਗੁਰਦੇਵ ਰਾਹੀਂ ਨਾਲ ਆਏ ਤਿੰਨ ਸਿੱਖਾਂ ਦਾ ਵਾਪਸ ਚਲੇ ਜਾਣਾ ਅਤੇ ਭਾਈ ਸਤੀਦਾਸ ਦਾ ਬਾਹਰੋਂ ਆਕੇ ਸ਼ਹੀਦਾਂ `ਚ ਸ਼ਾਮਲ ਹੋਣਾ ਹੈ।
ਦਿੱਲੀ `ਚ ਹਨੇਰੀ-ਤੂਫ਼ਾਨ? - ਇਹ ਪ੍ਰਚਾਰ ਕਿ ਸ਼ਹਾਦਤ ਸਮੇਂ ਭਾਰੀ ਹਨੇਰੀ-ਤੁਫਾਨ ਆਇਆ, ਸਾਰੀ ਦਿੱਲੀ ਲਾਲ ਹੋ ਗਈ। ਇਸ ਨਾਲ ਹਕੂਮਤ ਦੇ ਸਾਰੇ ਸੁਰਖਿਆ ਪ੍ਰਬੰਧ ਉੱਖੜ ਗਏ। ਕੇਵਲ ਪੌਰਾਣਕ ਗਪੌੜ `ਤੇ ਬ੍ਰਾਹਮਣੀ ਵਿਚਾਰਧਾਰਾ ਹੈ। ਨਵੰਬਰ ਦੇ ਮਹੀਨੇ ਦਿੱਲੀ `ਚ ਕਦੇ ਹਨੇਰੀਆਂ ਚਲੀਆਂ ਹੀ ਨਹੀਂ। ਏਹੋ ਜਹੀਆਂ ਘਾੜਤਾਂ ਕੇਵਲ ਸਿੱਖੀ ਸਿੱਦਕ ਨੂੰ ਸਮਝੇ ਬਿਨਾਂ ਹਨ। ਕੀ ਇਸਦਾ ਮਤਲਬ ਇਹ ਲਿਆ ਜਾਵੇ ਕਿ ਜੇਕਰ ਉਸ ਸਮੇਂ ਹਨੇਰੀ-ਤੁਫਾਨ ਨਾ ਆਉਂਦਾ ਤਾਂ ਹਕੂਮਤ ਨੇ ਅਪਣੇ ਪੋ੍ਰਗਰਾਮ ਅਨੁਸਾਰ ਗੁਰਦੇਵ ਦੇ ਸਰੀਰ ਦੀ ਬੇਅਦਬੀ ਵੀ ਕਰ ਦੇਣੀ ਸੀ। ਸਾਡੇ ਲਈ ਉਸ ਸਮੇਂ ਦੇ ਸਿੱਖਾਂ ਦੀ ਬਹਾਦੁਰੀ, ਰਣਨੀਤੀ, ਦੂਰਅੰਦੇਸ਼ੀ `ਤੇ ਗੁਰੂ ਸਾਹਿਬ ਦੇ ਸਤਿਕਾਰ ਤੋਂ ਆਪਾ ਕੁਰਬਾਣ ਕਰਣ ਵਾਲੀ ਭਾਵਨਾ ਨੂੰ ਸਮਝਣਾ ਜ਼ਰੂਰੀ ਹੈ।
ਦੋ ਤੋਂ ਤਿੰਨ ਵਾਲੇ ਗਪੌੜ? - ਕੁੱਝ ਇਹੋ ਜਹੀਆਂ ਕਹਾਣੀਆਂ ਵੀ ਪ੍ਰਚਲਤ ਹਨ ਕਿ ਗੁਰਦੇਵ ਨੇ ਕੇਸ ਹਰੇ ਕਰਦੇ ਆਖਿਆ ‘ਔਰੰਗਜ਼ੇਬ ਤੂੰ ਦੋ ਤੋਂ ਇੱਕ ਕੌਮ ਬਨਾਉਣੀ ਚਾਹੁੰਦਾ ਹੈ ਪਰ ਮੈਂ ਤਾਂ ਦੋ ਤੋ ਤਿੰਨ ਦੇਖ ਰਿਹਾ ਹਾਂ’। ਇਸੇਤਰ੍ਹਾਂ ਦੀ ਗਲ ਅੱਗ `ਚ ਲਾਲ ਮਿਰਚਾ ਸੁੱਟਣ ਦੀ ਵੀ ਪ੍ਰਚਲਤ ਹੈ। ਇਹ ਵੀ ਪ੍ਰਚਲਤ ਹੈ ਕਿ ਗੁਰਦੇਵ ਨੇ ਦੂਰ ਦੇਖਦੇ ਫ਼ੁਰਮਾਇਆ ਮੈਨੂੰ ਤਾਂ ਪੱਛਮ ਤੌ ਟੋਪੀਆਂ ਵਾਲੇ ਸਿੱਖ ਆਉਂਦੇ ਦਿਖਾਈ ਦੇ ਰਹੇ ਜਿਹੜੇ ਭਾਰਤ ਤੇ ਰਾਜ ਕਰਨਗੇ ਆਦਿ। ਜਦਕਿ ਸੱਚਾਈ ਇਹ, ਇੱਕ ਤਾਂ ਔਰੰਗਜ਼ੇਬ ਉਦੋਂ ਦਿੱਲੀ `ਚ ਹੈ ਹੀ ਨਹੀਂ ਸੀ। ਦੂਜਾ-ਪਹਿਲੇ ਜਾਮੇਂ ਤੋਂ ਹੀ ਜੰਜੂ ਪਾਉਣ ਤੋਂ ਇਨਕਾਰ ਕਰਕੇ ਬ੍ਰਾਹਮਣੀ ਰਹਿਣੀ ਦਾ ਤਿਆਗ ਕੀਤਾ ਜਾ ਚੁੱਕਾ ਸੀ ਅਤੇ ਸਿੱਖਾਂ ਦੀ ਵੱਖ ਪਹਿਚਾਣ ‘ਕੇਸਾਧਾਰੀ ਸਰੂਪ’ ਵੀ ਸਪੱਸ਼ਟ ਸੀ। ਇਸੇਤਰ੍ਹਾਂ ਅਜੇਹੀ ਇੱਕ ਹੋਰ ਕਹਾਣੀ-ਪਿੰਜਰੇ `ਚੋਂ ਰੋਜ਼ਾਨਾ ਕਿਸੇ ਸਿੱਖ ਦੇ ਘਰ ਪ੍ਰਸ਼ਾਦਿ ਛੱਕਣ ਜਾਣਾ, ਗੁਰਦੇਵ ਦੀ ਮਹਾਨ ਸ਼ਹਾਦਤ ਨੂੰ ਨਾ ਸਮਝਣ ਦੇ ਤੁੱਲ ਹੈ।
ਬਲੁ ਛੁਟਕਿਓ ਬੰਧਨ ਪਰੇ? - ‘ਸਲੋਕ ਮਹਲਾ 9’ ਦੇ ਸਲੋਕ ਨੰ: 53 ਤੋਂ 56, ਚਾਰ ਸਲੋਕਾਂ ਦਾ ਕੈਦ ਸਮੇਂ ਨਾਵੇਂ ਪਾਤਸ਼ਾਹ ਰਾਹੀਂ ਅਪਣੀ ਉਦਾਸ ਅਵਸਥਾ `ਚ ਲਿਖੇ ਪ੍ਰਚਾਰਨਾ ਜਾਂ ਫਿਰ ਦਸਮੇਸ਼ ਜੀ ਦਾ ਇਮਤਿਹਾਨ ਲੈਣ ਲਈ ਸਲੋਕ ਨੰ: 53 `ਤੇ 55 ਨੂੰ ਲਿਖੇ ਦਸਣਾ। ਫ਼ਿਰ ਇਸਦੇ ਨਾਲ ਹੀ ਸਲੋਕ ਨੰ: 54 `ਤੇ 56 ਨੂੰ ਦਸਮੇਸ਼ ਜੀ ਵਲੋਂ ਉੱਤਰ ਕਹਿਣਾ-ਗੁਰਬਾਣੀ ਸਿਧਾਂਤ ਅਤੇ ਅਰਥਾਂ ਬਾਰੇ ਨਾਸਮਝੀ ਹੈ। ਪਹਿਲੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਮੇਸ਼ ਜੀ ਦੀ ਇੱਕ ਪੰਕਤੀ ਵੀ ਦਰਜ ਨਹੀਂ। ਫਿਰ ਜੇਕਰ ਇਹ ਸਲੋਕ ਦਸਮੇਸ਼ ਜੀ ਰਚਤ ਸਨ ਜੋ ਅਜੇ ਗੁਰੂ ਪੱਦ ਨੂੰ ਵੀ ਪ੍ਰਾਪਤ ਨਹੀਂ ਸਨ ਤਾਂ ਗੁਰਬਾਣੀ ਦਾ ਹਿੱਸਾ ਕਿਵੇਂ ਬਣ ਗਏ ਅਤੇ ਇਨ੍ਹਾਂ `ਚ ‘ਨਾਨਕ’ ਪਦ ਕਿਵੇਂ ਦਰਜ ਹੋ ਗਿਆ?
ਹਿੰਦ ਦੀ ਹੀ ਨਹੀਂ, ‘ਧਰਮ ਦੀ ਚਾਦਰ’ - ਜਿਨ੍ਹਾਂ ਮਜ਼ਲੂਮ ਹਿੰਦੂਆਂ ਖਾਤਿਰ ਗੁਰਦੇਵ ਨੇ ਆਪ ਕਾਤਿਲ ਕੋਲ ਪਹੁੰਚਕੇ ਉਲਟੀ ਗੰਗਾ ਬਹਾਈ ਤੇ ਤਸੀਹੇ ਭਰਭੂਰ ਸ਼ਹੀਦੀ ਦਿੱਤੀ; ਉਸ ਸਮੇਂ ਉਨ੍ਹਾਂ ਹਿੰਦੂਆਂ ਦੇ ਧੁਰ ਹਿਰਦੇ ਤੋਂ ਇਹ ਸ਼ਬਦ ਆਪ-ਮੁਹਾਰੇ ਨਿਕਲੇ ‘ਗੁਰੂ ਤੇਗ ਬਹਾਦੁਰ-ਹਿੰਦ ਦੀ ਚਾਦਰ’। ਸਾਰੀ ਮਾਨਵਤਾ ਤੇ ਮਜ਼ਲੂਮਾਂ ਦੀ ਰਾਖੀ ਕਰਨ ਵਾਲੇ ‘ਧਰਮ ਦੀ ਚਾਦਰ’ ਗੁਰਦੇਵ ਲਈ ਇਹ ਲਫ਼ਜ ਨਿਗੁਣਾ `ਤੇ ਛੇਟਾ ਹੈ ਪਰ ਹਿੰਦੂਆਂ ਦੇ ਧੁਰ ਅੰਦਰੋਂ ਸਤਿਕਾਰ ਦਾ ਪ੍ਰਗਟਾਵਾ ਇਹ ਲਫ਼ਜ਼, ਕੌਮ ਨੇ ਮੋੜਿਆ ਨਹੀਂ। ਸੱਚਾਈ ਇਹ, ਜੇਕਰ ਇਹੀ ਜ਼ੁਲਮ ਉਸ ਸਮੇਂ ਮੁਸਲਮਾਨਾਂ ਜਾਂ ਕਿਸੇ ਹੋਰ ਉਪਰ ਹੋ ਰਿਹਾ ਹੁੰਦਾ ਤਾਂ ਗੁਰਦੇਵ ਉਨ੍ਹਾਂ ਦੀ ਬਾਂਹ ਪੱਕੜਦੇ। ਇਹ ਫ਼ਰਜ਼ ਤਾਂ ਹਿੰਦੂਆਂ ਦਾ ਹੈ ਜੇਕਰ ਉਹ ਇਸ ਇਹਸਾਨ ਦੀ ਕੀਮਤ ਪਾ ਸਕਣ ਤਾਂ।
ਵੈਰਾਗਮਈ ਬਾਣੀ? - ਨਾਵੇਂ ਪਾਤਸ਼ਾਹ ਦੀ ਬਾਣੀ ਨੂੰ ਉਚੇਚੇ ਵੈਰਾਗਮਈ ਭਾਵ ਦੁਨੀਆਂ ਤੋਂ ਉਦਾਸ `ਤੇ ਵਿਰੱਕਤ ਮਨ ਤੋਂ ਨਿਕਲੀ ਅਤੇ ਜਾਂ ਪ੍ਰਵਾਰ ਤਿਆਗ ਕੇ ਵੈਰਾਗੀ ਬਨਣ ਵਾਲੀ ਬਾਣੀ ਪ੍ਰਚਾਰਨਾ, ਵੱਡੀ ਭੁੱਲ `ਤੇ ਨਾਸਮਝੀ ਹੈ। ਜਿਸ ਮਨੁੱਖ ਨੂੰ ਤਨੋ-ਮਨੋ ਬਾਣੀ ਨਾਲ ਸਾਂਝ ਹੈ, ਉਸਨੂੰ ਨਾਵੇਂ ਪਾਤਸ਼ਾਹ ਦੀ ਬਾਣੀ ਰਚਨਾ ਵਿੱਚੋਂ ਅਜੇਹਾ ਲੇਸ਼ ਮਾਤਰ ਵੀ ਪ੍ਰਭਾਵ ਨਹੀਂ ਮਿਲੇਗਾ। ਇਸ ਗ਼ਲਤ ਪ੍ਰਚਾਰ ਦਾ ਮੁੱਖ ਕਾਰਣ ਵੀ ‘ਭੋਰੇ’ ਤੋਂ ਕਿਸੇ ਬ੍ਰਾਹਮਣੀ ਤੱਪ ਸਾਧਨਾ ਲਈ ਗੁੱਫਾ ਨੁਮਾ ਭੌਰੇ ਦੇ ਅਰਥ ਦਾ ਲੈ ਲੈਣਾ ਹੀ ਹੋ ਸਕਦਾ ਹੈ, ਵੇਰਵਾ ਆ ਚੁੱਕਾ ਹੈ। ਚੇਤੇ ਰਹੇ, ਉਸ ਵੱਕਤ ਸਭ ਤੋਂ ਵੱਡਾ ਮਸਲਾ ਨਿੱਰਬਲ `ਤੇ ਦਿਲ ਹਾਰ ਚੁੱਕੇ ਮਜ਼ਲੂਮ ਹਿੰਦੂਆਂ ਨੂੰ ‘ਮੋਹ ਮਾਇਆ `ਤੇ ਬ੍ਰਾਹਮਣੀ ਕਰਮਕਾਂਡਾਂ ਦੇ ਜੂਲੇ `ਚੋਂ ਕੱਢ ਕੇ ਪ੍ਰਭੂ ਨਾਲ ਜੋੜਣਾ `ਤੇ ਉਨ੍ਹਾਂ ਨੂੰ ਬਲਸ਼ਾਲੀ ਬਨਾਉਣਾ ਸੀ।
ਇਸਤਰ੍ਹਾਂ ਜਦੋਂ ਸਾਰੇ ਪ੍ਰਚਾਰ ਦਾ ਆਧਾਰ ਹੀ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” (ਪੰ: 1427) ਚਲ ਰਿਹਾ ਹੋਵੇ ਤਾਂ ਵਿਚਾਰਧਾਰਾ ਦਾ ਸਰੂਪ ਕੀ ਹੋ ਸਕਦਾ ਹੈ? ਸੱਚਾਈ ਨੂੰ ਸਮਝਦੇ ਦੇਰ ਨਹੀਂ ਲਗੇਗੀ। ਫ਼ਿਰ ਵੀ ਬਾਣੀ ਵਿੱਚਲਾ ਇਹ ਪੱਖ ਤਾਂ ਪਹਿਲੇ ਜਾਮੇ ਤੋਂ ਹੀ ਪ੍ਰਬਲ ਹੈ, ਇਥੇ ਨਵਾਂ ਨਹੀਂ। ਹੋਰ ਤਾਂ ਹੋਰ, ਉੱਤਰ-ਪੂਰਬ ਦੇ ਰੁਝੇਵੇਂ ਵੱਧ ਹੋਣ ਕਰਕੇ ਨੌਵੇਂ ਮਹਲੇ ਦੀ ਬਾਣੀ `ਚ ਹਿੰਦੀ ਸ਼ਬਦਾਵਲੀ ਅਤੇ ਗਜ, ਦਰੋਪਦੀ, ਅਜਾਮਲ, ਗਣਿਕਾ ਆਦਿ ਦੀਆਂ ਮਿਸਾਲਾਂ ਵਧੇਰੇ ਹਨ ਤਾਕਿ ਉਹ ਲੋਕ ਸਹਿਜੇ ਹੀ ਬਾਣੀ ਦੇ ਸੱਚ ਨੂੰ ਸਮਝ ਕੇ ਇਸਦਾ ਪੂਰਾ ਲਾਭ ਲੈ ਸਕਣ।
‘ਤੇ ਹੁਣ ਉਹੀ ਕਦਮ ਹੁਣ ਸਿੱਖ ਮੱਤ ਵਲ - ਆਓ ਜ਼ਰਾ ਜਾਗੀਏ! ! ! ਬੁੱਧ ਮੱਤ ਦਾ ਜਨਮ ਭਾਰਤ ਵਿੱਚ ਈਸਵੀ ਸੰਨ ਤੋਂ 600 ਸਾਲ ਪਹਿਲਾਂ ਹੋਇਆ। ਮਹਾਰਾਜਾ ਅਸ਼ੋਕ `ਤੇ ਹਰਸ਼ ਵਰਧਨ ਸਮੇਂ ਇਹ ਭਾਰਤ ਦਾ ਰਾਜਸੀ ਧਰਮ ਵੀ ਬਣਿਆ। ਭਾਰਤ `ਚ ਪੈਦਾ ਹੋਏ, ਪ੍ਰਵਾਣ ਚੜੇ੍ਹ ਇਸ ਧਰਮ ਨੂੰ ਲਗਾਤਾਰ ਤੇਰ੍ਹਾਂ-ਚੌਦਾ ਸੌ ਸਾਲ ਅਪਣੀਆਂ ਜੜ੍ਹਾਂ ਭਾਰਤ `ਚ ਜਮਾਉਣ ਦਾ ਪੂਰਾ ਮੌਕਾ ਮਿਲਿਆ `ਤੇ ਚੰਗਾ ਵੱਧਿਆ-ਫੁਲਿਆ ਵੀ। ਇਹੀ ਨਹੀਂ, ਵਿਦੇਸ਼ਾਂ `ਚ ਵੀ ਇਸਦੇ ਭਿੱਕਸ਼ੂ ਰਾਜਸੀ ਪੱਧਰ ਤੇ ਭੇਜੇ ਗਏ। ਉਸੇ ਦਾ ਨਤੀਜਾ, ਅਜ ਵੀ ਲੰਕਾ, ਬਰਮਾ, ਤਿੱਬਤ, ਚੀਨ, ਜਾਪਾਨ, ਥਾਈਲੈਂਡ, ਸਿੰਘਾਪੁਰ, ਜਰਮਨ ਆਦਿ ਕਈ ਦੇਸ਼ ਇਸ ਦੇ ਕੇਂਦ੍ਰ ਹਨ। ਇਸਦੇ ਉਲਟ ਅਪਣੀ ਹੀ ਜਨਮਭੂਮੀ ਵਿਚੋਂ ਇਸ ਦੀਆਂ ਜੜ੍ਹਾਂ ਵੀ ਪੁੱਟੀਆਂ ਜਾ ਚੁੱਕੀਆਂ ਹਨ ਕਿਉਂ? ਭਾਰਤ ਵਿਚੋਂ ਇਸਦੀਆਂ ਜੜ੍ਹਾਂ ਕੱਟਣ ਵਾਲੀ ਕੋਈ ਹੋਰ ਸ਼ਕਤੀ ਨਹੀਂ, ਬ੍ਰਾਹਮਣੀ ਸੋਚ ਹੀ ਸੀ, ਜਿਸ ਕੋਲ ਅਪਣਾ ਕੋਈ ਦਲੀਲ ਜਾਂ ਸਿਧਾਂਤ ਨਹੀਂ। ਜਿਸਦਾ ਆਧਾਰ ਹੀ ਵਹਿਮ-ਸਹਿਮ-ਕਰਮਕਾਂਡ, ਅੰਧ ਵਿਸ਼ਵਾਸ, ਵਰਣ-ਵੰਡ, ਅਨ੍ਹੀ-ਸ਼ਰਧਾ ਹੈ। ਇਸਦਾ ਸਾਰਾ ਰਸਤਾ ਹੀ ਰੱਬ ਦਾ ਭੁਲੇਖਾ ਦੇਕੇ ਬ੍ਰਾਹਮਣ (ਸ਼ਖਸੀ) -ਪੂਜਾ ਹੈ। ਇਹੀ ਕਾਰਣ ਹੈ ਕਿ ਇਸਨੂੰ ਕੋਈ ਵੀ ਦਲੀਲ-ਵਿਸ਼ਵਾਸ ਜਾਂ ਸੱਚੀ-ਸ਼ਰਧਾ, ਸੋਝੀ ਵਾਲੀ ਗਲ ਰਾਸ ਹੀ ਨਹੀਂ ਅਉਂਦੀ।
ਆਖਿਰ ਕੀ ਹੋਇਆ-ਜਿਹੜਾ ਧਰਮ ਇਥੇ ਜੰਮਿਆ, ਪ੍ਰਵਾਣ ਚੱੜ੍ਹਿਆ, ਰਾਜ-ਪਾਟ ਦਾ ਮਾਲਕ ਬਣਿਆ। ਵਿਦੇਸ਼ਾਂ `ਚ ਅੱਜ ਵੀ ਇਸਦੀਆ ਜੜ੍ਹਾਂ ਪਾਤਾਲ ਤੀਕ ਗਹਿਰੀਆਂ ਹਨ, ਪਰ ਅਪਣੀ ਜਨਮ ਭੂਮੀ ਵਿੱਚ ਲਗਭਗ ਇਸਦਾ ਬੀਜ ਹੀ ਨਾਸ ਹੋ ਚੁੱਕਾ ਹੈ। ਇਤਿਹਾਸਕ ਗਹਿਰਾਈ ਵਿੱਚ ਜਾਈਏ ਤਾਂ ਇਸ ਸੱਚ ਨੂੰ ਪਹਿਚਾਣਦੇ ਦੇਰ ਨਹੀਂ ਲਗਦੀ। ਇਥੇ ਇਸਨੂੰ ਨਿਗਲਣ ਵਾਲਾ ਕੋਈ ਹੋਰ ਨਹੀਂ ਬਲਕਿ ਬ੍ਰਾਹਮਣਵਾਦ ਦਾ ‘ਖੀਰ ਸਮੁੰਦਰ’ ਹੀ ਸੀ।
ਅੱਠਵੀਂ ਸ਼ੱਤਾਬਦੀ ਦੇ ਅਰੰਭ `ਚ ਭਾਰਤ `ਚ ਸ਼ੰਕਰਾਚਾਰਿਆ ਦਾ ਜਨਮ ਹੋਇਆ। ਉਨ੍ਹਾਂ ਰਾਹੀਂ ਬੁੱਧ ਮੱਤ ਉਪਰ ਕਾਮ-ਸਾਮ-ਦਾਮ ਦੰਡ ਨਾਲ ਹਰ ਪਾਸਿਉਂ ਬ੍ਰਾਹਮਣੀ ਕੁਟਲਨੀਤੀ ਦੇ ਤਾਬੜ ਤੋੜ ਹਮਲੇ ਕੀਤੇ ਗਏ। ਬੋਧੀਆਂ ਦੇ ਵੱਡੇ ਵੱਡੇ ਧਰਮ-ਸਥਾਨ ਕਬਜ਼ੇ `ਚ ਕਰਕੇ ਉਨ੍ਹਾਂ ਦੇ ਰੂਪ-ਇਤਿਹਾਸ-ਨਾਮ ਤੀਕ ਬਦਲ ਦਿੱਤੇ ਜਾਂ ਸਾੜ ਕੇ ਖਤਮ ਕਰ ਦਿਤੇ ਗਏ। ਰਹਿ ਚੁੱਕੇ ਬਹੁਤੇ ਧਰਮ-ਸਥਾਨਾਂ ਦੇ ਨਾਲ ਅਪਣੇ ਧਰਮਸਥਾਨ ਖੜੇ ਕਰਕੇ ਉਨ੍ਹਾਂ ਨੂੰ ਝੱਗੜਿਆਂ `ਚ ਉਲਝਾ ਦਿੱਤਾ ਗਿਆ। ਲੱਖਾਂ ਬੋਧੀਆਂ ਦਾ ਕਤਲੇਆਮ ਹੋਇਆ ਜਾਂ ਜਾਨ ਬਚਾਉਣ ਲਈੇ ਦੇਸ਼ ਛੱਡਣ ਲਈ ਮਜਬੂਰ ਹੋ ਗਏ। ਜ਼ਾਹਿਰਾ ਤੌਰ ਬ੍ਰਾਹਮਣ-ਮਹਾਤਮਾ ਬੁੱਧ ਦਾ ਵੱਡਾ ਉਪਾਸ਼ਕ ਤੇ ਪ੍ਰਸ਼ੰਸਕ ਵੀ ਬਣ ਬੈਠਾ, ਕੇਵਲ ਇਸ ਲਈ ਕਿ ਉਸਦੀ ਵਿਚਾਰਧਾਰਾ, ਰਹਿਣੀ ਨੂੰ ਸੌਖੇ ਨੇਸਤੋ ਨਾਬੂਦ ਕੀਤਾ ਜਾ ਸਕੇ। ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦੱਸਵਾਂ ਅਵਤਾਰ ਘੋਸ਼ਤ ਕਰਕੇ ਉਸਦੀਆਂ ਮੂਰਤੀਆਂ ਨੂੰ ਮੰਦਰਾਂ `ਚ ਟਿਕਾਅ ਦਿੱਤਾ। ਉਨ੍ਹਾਂ ਦੇ ਇਤਿਹਾਸ `ਚ ਭਰਵੀਂ ਰੱਲ-ਗੱਢ ਕੀਤੀ ਗਈ। ਆਬਾਦੀਆਂ `ਚ ਬਚੇ-ਖੁਚੇ ਬੋਧੀਆਂ ਲਈ ਰੱਲ-ਗੱਢ ਵਾਲਾ ਬੋਧੀ ਲਿਟ੍ਰੇਚਰ ਪ੍ਰਚਲਤ ਕੀਤਾ ਗਿਆ। ਆਮ ਬੋਧੀਆਂ ਨੂੰ ਬ੍ਰਾਹਮਣੀ ਰੰਗ `ਚ ਰੰਗਣ ਦੀ ਕੋਈ ਕੱਸਰ ਨਹੀਂ ਰਹਿਣ ਦਿੱਤੀ। ਇਸੇਤਰ੍ਹਾਂ ਜਿਸ ਵੀ ਛੋਟੇ ਮੋਟੇ ਧਰਮ ਜਾਂ ਵਿਚਾਰਧਾਰਾ ਨੇ ਸਿਰ ਚੁੱਕਿਆ ਭਾਰਤ `ਚ ਉਸ ਦਾ ਵੀ ਇਹੀ ਹਸ਼ਰ ਹੋਇਆ, ਕੇਵਲ ਇਸੇ ਤਰੀਕੇ। ਆਖਿਰ ਕੇਵਲ ਪੰਜ ਸੌ ਸਾਲ ਪੁਰਾਣੇ ਸਿੱਖ ਧਰਮ ਨਾਲ ਕੀ ਹੋ ਰਿਹਾ ਹੈ? ਹਿਸਾਬ ਲਾਂਦੇ ਦੇਰ ਨਹੀਂ ਲਗਦੀ।
ਨੌਵੇਂ ਪਾਤਸ਼ਾਹ ਦੇ ਜੀਵਨ ਸੰਬੰਧੀ ਹੋਰ ਵੇਰਵੇ ਲਈ ਇਸੇ ਕਲਮ ਤੋਂ ‘ਲਾਸਾਨੀ ਮਸੀਹਾ-ਮਰਦ ਸੂਰਮਾ-ਨੌਵੇਂ ਪਾਤਸ਼ਾਹ ‘ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ’ ਅਤੇ ‘ਨੌਵੇਂ ਪਾਤਸ਼ਾਹ ਦੀ ਸ਼ਹੀਦੀ ਕਿਨ੍ਹਾਂ ਵਾਸਤੇ `ਤੇ ਕਿਉਂ’ ਕਰਮਵਾਰ ਗੁਰਮਤਿ ਪਾਠ ਨੰ: 51 ਅਤੇ 27 ਵੀ ਪ੍ਰਾਪਤ ਹਨ ਜੀ।
#98s82.02s06#

Including this Self Learning Gurmat Lesson No 98
ਗੁਰਮਤਿ ਸੇਧਾਂ -ਜੀਵਨ ਗੁਰੂ ਤੇਗ਼ ਬਹਾਦੁਰ ਜੀ ਵਿਚੋਂ
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com




.