.

ਪਤਿਤਪੁਣੇ ਵਲ ਵੱਧ ਰਹੇ ਵੀਰੋ ਤੇ ਭੈਣੋ!

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਕੇਸ ਸਿੱਖੀ ਦੀ ਜਾਣ ਹਨ-ਸਿੱਖ ਦੀ ਸ਼ਾਨ ਹਨ। ਗੁਰੂ ਕੇ ਸਿੱਖ ਦੀ ਪਛਾਣ ਹਨ। ਅਜ ਸਾਰੇ ਸੰਸਾਰ ‘ਚ ਸਿੱਖ ਕੇਵਲ ਅਪਣੇ ਇਸ ਕੇਸਾਂ-ਦਾੜ੍ਹੀ ਵਾਲੇ ਸਰੂਪ ਕਰਕੇ ਹੀ ਪਛਾਣਿਆ ਜਾਂਦਾ ਹੈ। ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ ਕਿਸੇ ਮਨੁੱਖ ਨੇ ਨਹੀਂ, ਬਲਕਿ ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ ਜੇ ਕੱਟ-ਵੱਢ ਨਾ ਕਰੋ ਤਾਂ ਪਤਾ ਲਗ ਜਾਵੇਗਾ ਕਿ ਜਨਮ ਤੋਂ ਹੀ ਇਸਨੂੰ ਜਨਮ ਦੇਣ ਵਾਲੇ ਪ੍ਰਭੁ ਨੇ ਆਪ ਬਖਸ਼ਿਆ ਹੈ। ਦੂਜੇ ਲਫ਼ਜ਼ਾਂ ‘ਚ ਮਨੁੱਖ ਦਾ ਕੇਸਾਂ ਵਾਲਾ ਸੰਪੂਰਣ ਸਰੂਪ ਪ੍ਰਭੁ ਨੇ ਮਨੁੱਖ ਲਈ ਆਪ ਹੀ ਘੜਿਆ ਹੈ, ਇਹ ਮਨੁੱਖ ਦਾ ਕੁੱਦਰਤੀ ਸਰੂਪ ਹੈ ਅਤੇ ਇਹ ਭੇਖ ਵੀ ਨਹੀਂ। ਇਸਤੋਂ ਛੁੱਟ ਕੇਸਾਂ ਦੀ ਕੱਟ-ਵੱਢ ਜਾਂ ਕੇਸਾਂ ਨਾਲ ਕੋਈ ਵੀ ਛੇੜ-ਛਾੜ ਸਭ ਬਨਾਵਟਾਂ ਹਨ। ਇਸੇ ਤਰ੍ਹਾਂ ਬੈਰਾਗੀ, ਸੰਨਿਆਸੀ, ਬਿਭੂਤਧਾਰੀ, ਨਾਂਗੇ, ਸੰਤ, ਸਾਧ, ਭਗਤ, ਕੈਮੀਕਲਾਂ ਨਾਲ ਲੰਮੀਆਂ -ਲੰਮੀਆ ਜਟਾਵਾਂ ਵਧਾਉਣੀਆਂ ਜਾਂ ਉਕਾ ਰੋਂਡ-ਮੋਂਡ ਹੋ ਜਾਣਾ-ਗੁਰੂ ਸਾਹਿਬ ਨੇ ਇਨ੍ਹਾਂ ਸਾਰੇ ਕਰਮਾਂ ਨੂੰ ਮਨੁੱਖ ਦਾ ਧਰਮੀ ਹੋਣਾ ਨਹੀ ਬਲਕਿ ਇਸਨੂੰ ਉਸਦਾ ਭੇਖੀ ਹੋਣਾ ਕਿਹਾ ਹੈ। ਇਹ ਸਭ ਮੰਨਮੱਤ ਜਾਂ ਹੂੜਮੱਤ ਦੀ ਹੀ ਪੈਦਾਵਾਰ ਹਨ ਅਤੇ ਗੁਰੂਦਰ ਤੇ ਪ੍ਰਵਾਨ ਨਹੀਂ ਹਨ।
ਮਨੁੱਖ ਨੂੰ ਕੇਸਾਂ ਵਾਲੀ ਸ਼ਕਲ-ਮਨੁੱਖ ਨੂੰ ਕੇਸਾਂ ਵਾਲੀ ਸ਼ਕਲ ਤਾਂ ਮਨੁੱਖ ਨੂੰ ਅਕਾਲਪੁਰਖੁ ਦੀ ਰਜ਼ਾ ‘ਚ ਹੀ ਪ੍ਰਾਪਤ ਹੁੰਦੀ ਹੈ। ਇੰਨਾ ਹੀ ਨਹੀਂ, ਸੰਪੂਰਣ ਕੇਸਾਂ ਵਾਲਾ ਸਰੂਪ ਸਿੱਖ ਧਰਮ ਦਾ ਅਤਿ ਜ਼ਰੂਰੀ, ਅਣਿਖੜਵਾਂ ਅੰਗ ਵੀ ਹਨ ਕਿਉਂਕਿ ਸਿੱਖ ਤਾਂ ਹੈ ਹੀ ਪ੍ਰਭੁ ਦੀ ਰਜ਼ਾ ਵਿੱਚ ਚਲਣ ਵਾਲਿਆਂ ਦਾ ਟੋਲਾ। ਕੇਸਾਂ ਵਾਲੇ ਸਰੂਪ ਦੀ ਸੰਭਾਲ ਕਰਨ ਤੋਂ ਪਹਿਲਾਂ ਕੋਈ ਵੀਰ ਜਾਂ ਬੀਬੀ ਗੁਰੂ ਨਾਨਕ ਦਰ ਦੇ ਸ਼ਰਧਾਲੂ ਤਾਂ ਹੋ ਸਕਦੇ ਹਨ ਪਰ ਸਿੱਖ ਅਖਵਾਉਣ ਲਈ ਸਰੂਪ ਜ਼ਰੂਰੀ ਹੈ। ਕੇਸਾਂ ਦੀ ਕੱਟ-ਵੱਢ, ਬਾਬ ਕੱਟ ਹੋਣਾ, ਭਰਵੱਟੇ ਆਦਿ ਕਟਵਾਉਣਾ ਇੱਕ ਪਾਸੇ ਤਾਂ ਸਿੱਖੀ ਸਰੂਪ ਨਾਲ ਛੇੜਾਖਾਣੀ ਹੈ ਦੂਜਾ ਅਪਣੇ ਆਪ ‘ਚ ਮਨ ਕਰਕੇ ਸਿੱਖੀ ਜੀਵਨ ਤੇ ਸਿਖੀ ਸੋਝੀ ਪਖੋਂ ਕੱਚਾ ਤੇ ਕਮਜ਼ੋਰ ਹੋਣ ਦਾ ਸਬੂਤ ਵੀ ਹਨ। ਇੰਨਾ ਹੋਣ ਦੇ ਬਾਵਜੂਦ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਕੇਵਲ ਕੇਸਾਧਾਰੀ ਹੋ ਜਾਣਾ ਵੀ ਸਿੱਖੀ ਜੀਵਨ ਦਾ ਵਾਰਿਸ ਹੋ ਜਾਣਾ ਨਹੀਂ, ਇਸਦੇ ਨਾਲ ਨਾਲ ਸਿੱਖ ਲਈ ਇਹ ਵੀ ਜ਼ਰੂਰੀ ਹੈ ਕਿ ਉਸਦੇ ਜੀਵਨ ਅੰਦਰ ਗੁਰਬਾਣੀ ਸਿਖਿਆ ਦੀ ਰੋਸ਼ਨੀ ਅਤੇ ਸਤਿਕਾਰ ਵੀ ਹੋਵੇ। ਸਿੱਖ ਹੋਣ ਵਾਸਤੇ ਬਾਣੀ ਦੀ ਸਿਖਿਆ ਤੇ ਚਲਣਾ ਉੰਨਾ ਹੀ ਜ਼ਰੂਰੀ ਹੈ ਜਿੰਨਾ ਸੰਪੂਰਣ ਕੇਸਾਧਾਰੀ ਸਰੂਪ ‘ਚ ਵਿੱਚਰਣਾ। ਗੁਰਬਾਣੀ ਅਨੁਸਾਰ ਸਿੱਖ ਦਾ ਇਕੋ ਹੀ ਮਤਲਬ ਹੈ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਮਨੁੱਖ-ਕੇਸਾਂ ਵਾਲਾ ਸੰਪੂਰਣ ਸਰੂਪ ਤਾਂ ਉਸ ‘ਚ ਅਪਣੇ ਆਪ ਹੀ ਆ ਜਾਂਦਾ ਹੈ ਜਦੋਂ ਉਸਨੂੰ ‘ਹੁਕਮਿ ਰਜ਼ਾਈ ਚਲਣਾ’ ਵਾਲੀ ਗਲ ਦੀ ਸਮਝ ਆ ਜਾਂਦੀ ਹੈ।
ਪਰ ਮੇਰੇ ਵੀਰ! ਤੂੰ ਅਜ ਕਿੱਥੇ ਖਲੌਤਾ ਹੈ? ਸ਼ਾਇਦ ਇਹੀ ਭੁਲੇਖਾ ਹੈ, ਜਿਹੜਾ ਤੂੰ ਖਾਂਦਾ ਹੈ। ਖਾਲੀ ਕੇਸਾਂ ਨੂੰ ਹੀ ਤੂੰ ਸਮੁੱਚਾ ਸਿੱਖ ਧਰਮ ਮੰਨ ਤੇ ਸਮਝ ਬੈਠਾ। ਸਿੱਖੀ ਤੇਰੇ ਅੰਦਰ ਨਹੀਂ ਸੀ, ਜਿਸ ਤੋਂ ਕੇਸਾਂ ਦੀ ਅਸਲੀਅਤ, ਕੇਸਾਂ ਦੀ ਅਮੁੱਲੀ ਕੀਮਤ, ਕੇਸਾਂ ਵਾਲੀ ਵਿਲੱਖਣਤਾ, ਕੇਸਾਂ ਪਿੱਛੇ ਤੇਰਾ ਨਿਆਰਾਪਣ, ਕੇਸਾਂ ਪਿੱਛੇ ਤਿਆਰ ਹੋਣ ਵਾਲਾ ਤੇਰਾ ਗੁਰਬਾਣੀ ਸਿੱਖਿਆ ਨਾਲ ਘੜਿਆ ਜਾਣ ਵਾਲਾ ਇਲਾਹੀ ‘ਤੇ ਰੱਬੀ ਜੀਵਨ- ਕਾਸ਼! ਇਸ ਸਾਰੇ ਦੀ ਤੈਨੂੰ ਸਮਝ ਆ ਸਕਦੀ। ਘੱਟ ਤੋਂ ਘੱਟ ਤੈਨੂੰ ਇਹ ਪਤਾ ਤਾਂ ਲਗ ਜਾਂਦਾ ਕਿ ਤੇਰੀ ਅਮੁੱਲੀ ਵਿਰਾਸਤ ਕੀ ਹੈ? ਇਸੇ ਲਈ ਤਾਂ ਤੂੰ ਭੁਲੇਖਾ ਖਾ ਗਿਉ, ਕੁਰਾਹੇ ਪੈ ਗਿਉਂ ਤੇ ਅਪਣਾ ਆਪ ਗੁਆ ਰਿਹਾ ਹੈਂ।
ਅਜੇ ਕਲ ਦੀ ਗਲ ਹੈ, ਮੇਰੇ ਵੀਰ! - ਇਹ ਤੇਰਾ ਕੇਸਾਂ ਵਾਲਾ ਸੁਹਣਾ ਸਰੂਪ ਹੀ ਸੀ, ਜਿਸ ਨੂੰ ਬਚਾਉਣ ਲਈ ਤੂੰ ਪਾਕਿਸਤਾਨ ਛੱਡਿਆ, ਘਰ ਘਾਟ ਖੁਆਏ, ਜਾਨ ਤੋਂ ਵੱਧ ਪਿਆਰੇ ਪਿਤਾ ‘ਤੇ ਪੁੱਤ ਕੁਹਾਏ। ਭੈਣਾਂ ਨੇ ਅਪਣੇ ਵੀਰ ‘ਤੇ ਸੁਹਾਗਣਾ ਨੇ ਅਪਣੇ ਸੁਹਾਗ ਖੁਹਾ ਲਏ ਪਰ ਆਪਣੇ ਸਿੱਖੀ ਸਰੂਪ ਤੇ ਆਂਚ ਨਹੀਂ ਆਉਣ ਦਿੱਤੀ। ਜੇ ਸੱਚਮੁੱਚ ਇੰਨਾ ਹੀ ਸੌਖਾ ਸੀ ਤੇਰੇ ਲਈ, ਤੇਰੇ ਸਰੂਪ ਦਾ ਤਿਆਗਣਾ-ਤਾਂਤੇ ਸਿਰ ਮੂੰਹ ਮੁਨਵਾ ਕੇ ਤੂੰ ਪਾਕਿਸਤਾਨ ‘ਚ ਵੀ ਰਹਿ ਸਕਦਾ ਸੀ, ਪਰ ਨਹੀਂ ਰਿਹਾ, ਕਿਉਂ-ਕਿਉਂਕਿ ਉਸ ਵੱਕਤ ਤੂੰ ਜਾਗਦਾ ਸੀ। ਨਹੀਂ ਤਾਂ ਤੈਨੂੰ ਲੋੜ ਨਹੀਂ ਸੀ ਅਪਣੀਆਂ ਬਹੁ-ਬੇਟੀਆਂ, ਭੈਣਾਂ ਤੇ ਸਿੰਘਣੀਆਂ ਦੀ ਇਜ਼ਤ ਬਚਾਉਣ ਲਈ ਉਨ੍ਹਾਂ ਨੂੰ ਅਪਣੇ ਹੱਥੀਂ ਸ਼ਹੀਦ ਕਰਣ ਦੀ। ਤੂੰ ਉਨ੍ਹਾਂ ਤੋਂ ਜੀਂਦੇ ਜੀਅ ਖੂਹਾਂ ‘ਚ ਛਾਲਾਂ ਮਰਵਾਈਆਂ ਅਤੇ ਮਰਦ-ਸੂਰਮਿਆਂ ਦੀ ਤਰ੍ਹਾਂ ਅਪਣੀਆਂ ਸ਼ਹੀਦੀਆਂ ਵੀ ਦਿੱਤੀਆਂ ਪਰ ਅਪਣੇ ਗੁਰੂ ਬਖਸ਼ੇ ਇਸ ਸੋਹਣੇ ਸਰੂਪ ਤੇ ਆਂਚ ਨਹੀਂ ਸੀ ਆਉਣ ਦਿੱਤੀ। ਸ਼ਾਇਦ ਉਸ ਵੱਕਤ ਤੂੰ ਇਸਦੀ ਕੀਮਤ ਨੂੰ ਜਾਣਦਾ ਸੈਂ ਪਰ ਅੱਜ ਕਈ ਵਿਰੋਧੀ ਤਾਕਤਾਂ ਤੈਨੂੰ ਅਪਣੇ ਵਿਰਸੇ ਤੋਂ ਅਣਜਾਣ ਕਰਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਨੇ ‘ਤੇ ਤੂੰ ਉਨ੍ਹਾਂ ਦੀ ਕਠਪੁਤਲੀ ਬਣ ਕੇ ਅਪਣਾ ਆਪ ਤਬਾਹ ਕਰ ਰਿਹਾਂ ਹੈਂ। ਸ਼ਾਇਦ ਤੈਨੂੰ ਸਮਝ ਨਹੀਂ ਆ ਰਹੀ ਕਿ ਤੂੰ ਕਰ ਕੀ ਰਿਹਾਂ ਹੈ। ਜਾਗ ਮੇਰੇ ਵੀਰ ਅਜੇ ਵੀ ਜਾਗ, ਅਜੇ ਵੀ ਸੰਭਲ ਸਕਦਾ ਹੈਂ।
ਮੇਰੇ ਵੀਰ! ਕੀ ਤੈਨੂੰ ਪਤਾ ਏ ਅੱਜ ਤੂੰ ਕੀ ਕਰ ਰਿਹਾ ਏਂ? ਸ਼ਾਇਦ ਤੈਨੂੰ ਬਹੁਤ ਕੁੱਝ ਭੁੱਲਵਾਇਆ ਜਾ ਚੁੱਕਾ ਹੈ। ਇਹ ਉਹੀ ਤੰਗ ਨਜ਼ਰ ਲੋਕ ਹਨ ਜਿਨ੍ਹਾਂ ਨੂੰ ਤੇਰੀ ਵਿਰਾਸਤ, ਤੇਰੇ ਲਈ ਗੁਰਬਾਣੀ ਬਖਸ਼ਿਆ ਲਫ਼ਜ਼ ‘ਸਰਦਾਰ ਜੀ’ ਲਿਖਣਾ-ਕਹਿਣਾ ਵੀ ਭਾਰਾ ਹੋਇਆ ਪਿਆ ਹੈ। ਜਿਨ੍ਹਾਂ ਨੂੰ ਤੇਰੇ ਨਾਂ ਨਾਲ ਤੇਰੀ ਵਿਲਖਣਤਾ ਤੇ ਤੇਰੀ ਪ੍ਰਵਾਰਕ ਪਛਾਣ ‘ਸਿੰਘ ਤੇ ਕੌਰ’ ਲਿਖਨੇ-ਸੁਨਣੇ ਵੀ ਹਜ਼ਮ ਨਹੀਂ ਹੋ ਰਹੇ, ਬਲਕਿ ਹਰ ਮੌਕੇ ਤੈਨੂੰ ਉਕਸਾਇਆ ਜਾਂਦਾ ਹੈ ਅਜ ‘ਸਿੰਘ-ਕੌਰ’ ਦੀ ਕੀ ਲੋੜ, ਅਜ ਕੇਸਾਂ ਦੀ ਕੀ ਲੋੜ। ਪਾਕਿਸਤਾਨ ਨੂੰ ਬਣੇ ਤਾਂ ਫ਼ਿਰ ਵੀ ਕੁੱਝ ਸਮਾਂ ਹੋ ਗਿਆ ਹੈ ਪਰ ਇਹ ਤਾਂ ਬਿਲਕੁਲ ਹੀ ਕਲ ਦੀ ਗਲ ਹੈ ਨਵੰਬਰ ਸੰਨ-84 ਜਦੋਂ ਤੇਰਾ ਕਤਲੇਆਮ ਕੀਤਾ ਗਿਆ ਤੇ ਤੈਨੂੰ ਇਸ ਘਲੂਘਾਰੇ ਵਿਚੋਂ ਨਿਕਲਣਾ ਪਿਆ। ਤੇਰੇ ਗਲਾਂ ‘ਚ ਟਾਇਰ ਪਾ ਕੇ ਤੈਨੂੰ ਸਾੜਿਆ ਗਿਆ। ਬੀਬੀਆਂ ਦੀ ਬੇਪਤੀ ਕੀਤੀ ਗਈ। ਬੱਚਿਆਂ ਨੂੰ ਯਤੀਮ ਕੀਤਾ ਗਿਆ। ਤੇਰੀਆਂ ਘਰ-ਕੋਠਆਂ-ਰੁਜ਼ਗਾਰ ਨੂੰ ਤੀਲੀ ਲਗਾਈ ਤੇ ਸਰੇਆਮ ਲੁਟਿਆ ਗਿਆ। ਇਥੋਂ ਤੀਖ ਕਿ ਇਨ੍ਹਾਂ ਜਨੂਨੀਆਂ ਨੇ ਗੁਰਦੁਆਰੇ ਤੇ ਗੁਰੂ ਸਾਹਿਬਾਂ ਦੇ ਪਵਿਤ੍ਰ ਸਰੂਪਾਂ ਦੀ ਵੀ ਬੇਸ਼ਰਮੀ ਦੀਆਂ ਹੱਦਾਂ ਟੱਪਕੇ, ਬੇਅਦਬੀ ਕੀਤੀ ਤੇ ਮੂੰਹ ਤੇ ਨੀਚਤਾ ਦੀ ਕਾਲਖ ਮਲਵਾਈ। ਬੇਅੰਤ ਪ੍ਰਵਾਰਾਂ ਨੂੰ ਦੂਜੇ ਮੁਲਕਾਂ ‘ਚ ਪਣਾਹ ਲੈਣੀ ਪਈ। ਉਹ ਵੀ ਕੇਵਲ ਇਸਲਈ ਕਿਉਂਕਿ ਤੇਰੇ ਇਨ੍ਹਾਂ ਸਿੱਖੀ ਦੇ ਦੁਸ਼ਮਣਾ ਨੂੰ ਤੇਰਾ ਇਹ ਨਿਆਰਾ ਸਰੂਪ ਬ੍ਰਦਾਸ਼ਤ ਨਹੀਂ ਸੀ ਹੋ ਰਿਹਾ। ਉਹ ਤੇਰਾ ਇਹ ਨਿਆਰਾਪਰਣ, ਤੇਰਾ ਇਹ ਗੁਰੂ ਬਖਸ਼ਿਆ ਇਲਾਹੀ ਤੇ ਰੱਬੀ ਸਰੂਪ, ਤੇਰੀ ਵਿਲਖਣਤਾ ਖਤਮ ਕਰਨ ਤੇ ਤੁਲੇ ਹੋਏ ਸਨ। ਸੱਚਾਈ ਇਹ ਹੈ ਕਿ ਤੇਰੇ ਗੁਰਦੁਆਰੇ ਜਾਣ ਤੋਂ, ਗੁਰਬਾਣੀ ਅਭਿਆਸ ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਉਨ੍ਹਾਂ ਦੀ ਜ਼ਹਿਨੀਅਤ ਦੇਖ ਉਹ ਅਜ ਵੀ ਤੇਰੇ ਇਸ ਕਤਲੇਆਮ ਨੂੰ ਕਤਲੇਆਮ
(Hollocast ) ਨਹੀਂ ਬਲਕਿ ਦੋ ਕੌਮਾਂ ਦਾ ਝੱਗੜਾ (Riots) ਹੀ ਪ੍ਰਚਾਰਦੇ ਹਨ। ਜਦਕਿ ਝਗੜਾ ਤਾਂ ਆਜਮਣੇ-ਸਾਹਮਣੇ ਦਾ ਹੁੰਦਾ ਹੈ, ਮਾਬ ਲੈਕੇ ਸਰਕਾਰੀ ਸ਼ੈ ਤੇ ਪੱਧਰ ਤੇ ਦੂਜਿਆਂ ਉਪਰ ਬਿਨਾ ਕਾਰਣ ਹਮਲੇ ਕਰਨਾ ਨਹੀਂ। ਇਹ ਕਤਲੇਆਮ ਵੀ ਕੀਤਾ ਗਿਆ ਤਾਂ ਬੜੇ ਵਿਉਂਤਬੰਦ ਤਰੀਕੇ, ਪੂਰੇ ਦੇਸ਼ ਦੀ ਪੱਧਰ ਤੇ। ਆਖਿਰ ਉਦੋਂ ਵੀ ਤੂੰ ਸ਼ਹੀਦੀਆਂ ਦਿੱਤੀਆਂ ਤਾਂ ਕਿਉਂ? ਕਿਉਂਕਿ ਅਜੇ ਵੀ ਸਰੂਪ ਤੈਨੂੰ ਜਾਨ ਤੋਂ ਵੱਧ ਪਿਆਰਾ ਸੀ। ਪਰ ਅੱਜ ਤੂੰ ਕੀ ਕਰ ਰਿਹਾ ਹੈਂ। ਕਿੱਧਰੇ ਅਜ ਅਪਣੀ ਹੱਥੀਂ ਤੂੰ ਆਪ ਹੀ ਆਪਣਾ ਨਾਮੋ ਨਿਸ਼ਾਨ ਮਿਟਾਉਣ ਤੇ ਤਾਂ ਨਹੀਂ ਤੁਲਿਆ ਹੋਇਆ? ਜ਼ਰਾ ਸੋਚ ਤਾਂ ਸਹੀ, ਭਾਵੇਂ ਤੇਰੀ ਸੋਚ ‘ਚ ਇਹੋ ਜਹੀ ਕੋਈ ਗਲ ਨਹੀਂ ਪਰ ਜਿਸ ਰਸਤੇ ਚਲ ਰਿਹਾਂ ਹੈ ਇਹ ਰਸਤਾ ਤੇਰੀ ਪੂਰਣ ਤੱਬਾਹੀ ਵੱਲ ਹੀ ਜਾ ਰਿਹਾ ਹੈ। ਕਰਤਾ ਮੇਹਰ ਕਰੇ ‘ਤੇ ਸ਼ਾਇਦ ਅਜੇ ਵੀ ਜਾਗ ਸਕੇਂ।
ਦੋਸ਼ ਤੇਰਾ ਵੀ ਘੱਟ ਨਹੀਂ- ਅਜੋਕੀ ਪਤਿੱਤਪੁਣੇ ਵਲ ਵੱਧ ਰਹੀ ਤੇਰੀ ਦੌੜ ਤੇ ਇਸ ਅਧੋਗਤੀ ‘ਚ ਦੋਸ਼ ਤੇਰਾ ਵੀ ਘੱਟ ਨਹੀਂ। ਅਜ ਤੇਰੇ ਕੋਲ ਸਕੂਲਾਂ ਕਾਲਿਜਾਂ ਦੀ ਪੜ੍ਹਈ ਤੇ ਡਿੱਗਰੀਆਂ ਡਿਪਲੋਮੇ ਵੀ ਹਨ। ਜੇਕਰ ਇਨ੍ਹਾਂ ਡਿੱਗਰੀਆਂ-ਡਿਪਲੋਮਿਆ ਲਈ ਹਾਸਲ ਕੀਤੀ ਪੜ੍ਹਾਈ ਨੂੰ ਅਪਣੇ ਜੁਗੋ-ਜੁਗ ਅਟੱਲ, ਸਦੀਵੀ ‘ਗੁਰੂ’ - ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੇ ਚਰਣਾਂ ‘ਚ ਬੈਠ ਕੇ ਅਪਣੀ ਅਸਲੀਅਤ ਦੀ ਪਛਾਣ ਕਰੇਂ- ਬਾਣੀ ਜਿਸਦਾ ਕਿ ਤੂੰ ਸਿਖ ਹੈਂ, ਉਸਨੂੰ ਸਮਝਣ ਦਾ ਵੀ ਰੱਤਾ ਜੱਤਨ ਕਰੇਂ ਤਾਂ ਤੇਰਾ ਸੰਸਕਾਰ ਜੀਵਨ ਵੀ ਉਚਾ ਹੋ ਜਾਵੇ ਅਤੇ ਜਨੂਨੀਆਂ ਦੇ ਵਾਰ ਵੀ ਤੇਰੇ ਉਪਰ ਅਪਣਾ ਮਾੜਾ ਅਸਰ ਨਾ ਪਾ ਸਕਣ। ਇਸੇ ਲਈ ਤਾਂ ਤੈਨੂੰ ਕਹਿਣਾ ਪੈ ਰਿਹਾ ਹੈ ਕਿ ਇਸ ‘ਚ ਦੋਸ਼ ਤੇਰਾ ਵੀ ਘੱਟ ਨਹੀਂ। ਕੀ ਤੈਨੂੰ ਪਤਾ ਏ ਕਿ ਹੁਣ.... ਹੁਣ.... ਤੂੰ ਕੀ ਕਰ ਰਿਹਾ ਹੈ? ਜਿਹੜੇ ਆਪਣੇ ਸੁਹਣੇ ਸਿੱਖੀ ਸਰੂਪ ਨੂੰ ਤੂੰ ਅੱਜ ਤੋਂ ਕੇਵਲ ਕੁੱਝ ਵਰ੍ਹੇ ਪਹਿਲਾਂ ਇੰਨੀ ਭਾਰੀ ਕੀਮਤ ਦੇ ਕੇ ਬਚਾਇਆ ਸੀ, ਅੱਜ ਅਪਣੇ ਹੱਥੀਂ ਕੈਂਚੀ ਨਾਲ ਅਪਣੀ ਸ਼ੇਰਾਂ ਵਾਲੀ ਸ਼ਕਲ ਤਿਆਗ ਕੇ, ਸੰਸਾਰ ਦੀ ਭੀੜ ‘ਚ ਗੁੱਮ ਹੁੰਦਾ ਜਾ ਰਿਹਾਂ ਏਂ। ਅੱਜ ਤੂੰ ਆਪ ਹੀ ਨਾਈਆਂ ਦੇ ਚੱਕਰ ਕੱਟ ਰਿਹਾ ਏਂ। ਅੱਜ ਤੂੰ ਅਪਣੇ ਮੂੰਹੋਂ ਕਹੀ ਜਾਂਦਾ ਏ ‘ਕੇਸਾਂ ‘ਚ ਕਿਹੜੀ ਸਿੱਖੀ ਪਈ ਏ’ ….. ‘ਦਾਹੜੀ ਨੂੰ ਕਿਹੜੇ ਅੰਬ ਲਗਣੇ ਨੇ’ .... ‘ਕੇਸਾਂ ਤੋਂ ਬਿਨਾਂ ਭਲਾ ਕੋਈ ਸਿੱਖ ਨਹੀਂ ਹੋ ਸਕਦਾ’ … ਵਗੈਰਾ ਵਗੈਰਾ।
ਆਖਿਰ ਇਹੀ ਤਾਂ ਸਿੱਖੀ ਦਾ ਦੁਸ਼ਮਣ ਨੇ ਤੇਰੇ ਮੂਹੋਂ ਅਖਵਾਉਣਾ ਸੀ, ਜਿਥੇ ਕਿ ਉਸ ਨੇ ਤੈਨੂੰ ਪਹੁੰਚਾ ਦਿੱਤਾ। ਗੁਰਬਾਣੀ ਸਿਖਿਆ ਤੋਂ ਲਾਪਰਵਾਹ ਹੋਕੇ ਤੂੰ ਅਪਣੀ ਅੰਦਰਲੀ ਹਾਲਤ ਪਹਿਲ਼ਾਂ ਹੀ ਇਥੇ ਪੁਚਾ ਚੁਕਾ ਸੀ। ਯਕੀਨ ਜਾਣ! ਜੇਕਰ ਅਜ ਤੇਰੇ ਅੰਦਰ ਰੱਤੀ ਭਰ ਵੀ ਗੁਰਬਾਣੀ ਦੀ ਸਿਖਿਆ ਹੁੰਦੀ ਤਾਂ ਘੱਟ ਤੋਂ ਘੱਟ ਤੈਨੂੰ ਅਪਣੀ ਅਮੀਰ ਵਿਰਾਸਤ ਤੇ ਤੈਨੂੰ ਕੁੱਝ ਫ਼ੱਖਰ ਜ਼ਰੂਰ ਹੁੰਦਾ। ਜੇਕਰ ਇੱਕ ਕਨੀ ਵੀ ਸਿੱਖੀ ਦੀ ਤੇਰੇ ਅੰਦਰ ਬਾਕੀ ਰਹਿ ਚੁਕੀ ਹੁੰਦੀ ਤਾਂ ਇਨ੍ਹਾਂ ਕੇਸਾਂ ਦੀ ਤੂੰ ਪੂਜਾ ਕਰਨੀ ਸੀ। ਢੁੱਚਰਾਂ ਤਾਂ ਦੂਰ, ਇਨ੍ਹਾਂ ਦਾੜ੍ਹੀ-ਕੇਸਾਂ ਬਾਰੇ ਇੱਕ ਲਫ਼ਜ਼ ਵੀ ਤੂੰ ਬ੍ਰਦਾਸ਼ਤ ਨਹੀਂ ਸੀ ਕਰਨਾ। ਤੇਰੇ ਸਰੂਪ ਵਲ, ਤੇਰੇ ਸਰੂਪ ਦੇ ਦੁਸ਼ਮਣਾ ਦੀ ਉਂਗਲੀ ਦਾ ਉਠਣਾ ਹੀ ਇਸ ਗਲ ਦਾ ਸਬੂਤ ਹੈ ਕਿ ਸਿੱਖੀ ਪਖੋਂ ਤੂੰ ਅੰਦਰੋਂ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈਂ। ਹੋਰ ਤਾਂ ਹੋਰ, ਅਜ ਗੁਲਾਮੀ ਦੀ ਨਿਸ਼ਾਨੀ ਟੋਪੀਆਂ ਵੀ ਤੇਰੇ ਸਰੂਪ ਤੇ ਹਾਵੀ ਹੁੰਦੀਆਂ ਨਜ਼ਰ ਆ ਰਹੀਆਂ ਹਨ, ਬਾਕੀ ਹਿਸਾਬ ਤੂੰ ਆਪ ਲਾ ਲੈ।
ਕੌਮ ਦਿਆ ਹੀਰਆ! - ‘ਤੇਰੀ ਗੱਠੜੀ ਨੂੰ ਚੋਰ ਤਾਂ ਲਗ ਚੁੱਕਾ ਏ, ਪਿਆਰਿਆ! ਜਾਗ ਜ਼ਰਾ। ਅਸਲ ‘ਚ ਇਹ ਢੁੱਚਰਾਂ ਤੇਰੀਆਂ ਨਹੀਂ। ਪਹਿਲਾਂ ਤੇਰੇ ਅੰਦਰੋਂ ਸਿੱਖੀ ਖੋਹੀ ਗਈ, ਫਿਰ ਬੜੀ ਚਾਲ ਨਾਲ ਤੇਰੇ ਮੂੰਹ ‘ਚ ਇਹ ਢੁੱਚਰਾਂ ਪਾਈਆਂ ਗਈਆਂ, ਪਰ ਤੈਨੂੰ ਉਦੋਂ ਸਿੱਖੀ ਦੇ ਇਸ ਦੁਸ਼ਮਣ ਦੀ ਪਛਾਣ ਨਾ ਆਈ। ਇਹ ਬੜੀ ਲੰਮੀ ਦਰਦ ਭਰੀ ਵਿਥਿਆ ਹੈ।
ਜ਼ਰਾ ਦੇਖ! ਉਸ ਬਦਕਿਸਮਤ ਇਨਸਾਨ ਵਲ-ਜਿਹੜਾ ਤੇਰੀ ਤਰ੍ਹਾਂ ਹੀ ਕਦੇ ਕਹਿੰਦਾ ਸੀ, ਸਿੱਖੀ ਤਾਂ ਕੇਸਾਂ ਤੋਂ ਬਿਨਾਂ ਵੀ ਹੋ ਸਕਦੀ ਹੈ। … ਅਜ ਕੇਵਲ ਦੋ ਪੁਸ਼ਤਾਂ ਬਾਦ ਹੀ- ਉਸਦੇ ਘਰ 'ਚ ਸਿੱਖੀ ਨਾਂ ਦੀ ਚੀਜ਼ ਹੀ ਬਾਕੀ ਨਹੀਂ ਰਹੀ। ਗੁਰੂਨਾਨਕ ਆਗਮਨ ਤੋਂ ਪਹਿਲਾਂ ਵਾਲੀਆਂ ਉਹੀ ਬ੍ਰਾਹਮਣੀ ਘੰਟੀਆਂ ਵੱਜ ਰਹੀਆਂ ਨੇ, ਮੂਰਤੀ ਪੂਜਾ ਹੋ ਰਹੀ ਏ, ਵਰਤ ਮਹੂਰਤ ਤੇ ਥਿੱਤ-ਵਾਰ, ਵਹਿਮ-ਸਹਿਮ-ਭਰਮ, ਟੇਵੇ-ਜਨਮਪਤ੍ਰੀਆਂ ਭਾਵ ਸਾਰੇ ਬ੍ਰਾਹਮਣੀ ਕਰਮਕਾਂਡਾ ਦਾ ਬੋਲ-ਬਾਲਾ ਉਸ ਦੇ ਘਰ ਦਾ ਸ਼ਿੰਗਾਰ ਬਣ ਚੁਕੇ ਨੇ। ਜੁਆਈ ਆਉਂਦੇ ਨੇ ਤਾਂ ਸਿਗਰਟਾਂ ਪੀਣ ਵਾਲੇ, ਨੂੰਹਾਂ ਆਉਂਦੀਆਂ ਨੇ ਤਾਂ ਗੈਰ ਸਿੱਖਾਂ ਦੇ ਘਰੋਂ। ਕਿਉਂਕਿ ਜਾਗਦਾ ਸਿੱਖ ਉਨ੍ਹਾਂ ਨੂੰ ਅਪਣੀ ਬੇਟੀ ਦੇਣ ਨੂੰ ਤਿਆਰ ਨਹੀਂ। ਇਹ ਸਭ ਕਿਉਂ ਹੋਇਆ-ਕੀ ਤੈਨੂੰ ਅਜੇ ਵੀ ਸਮਝ ਨਹੀਂ ਆਈ? ਇਹ ਸਭ ਇਸਲਈ ਕਿ ਉਸ ਅੰਦਰੋਂ ਸਿੱਖੀ ਮੁੱਕ ਜਾਣ ਤੋਂ ਬਾਦ ਵੀ ਬਾਹਰੋਂ ਸਿੱਖੀ ਸ਼ਕਲ ਕਰਕੇ ਜੋ ਬਹੁਤ ਕੁੱਝ ਬਚਿਆ ਪਿਆ ਸੀ-ਕੇਵਲ ਸਰੂਪ ਦੇ ਜਾਂਦੇ ਹੀ ਉਸ ਕੋਲੋਂ ਉਹ ਖਜ਼ਾਨਾ ਵੀ ਜਾਂਦਾ ਰਿਹਾ। ਇਸੇ ਕਰਕੇ ਅਜ ਉਸਦੀ ਤੇ ਉਸਦੇ ਪ੍ਰਵਾਰ ਦੀ, ਉਸਦੀ ਪਨੀਰੀ ਦੀ ਇਹ ਹਾਲਤ ਬਣੀ ਪਈ ਹੈ।
ਕੀ ਤੈਨੂੰ ਚੇਤਾ ਏ!!! ਉਸ ਦਿਨ ਜਦੋਂ ਕੁੱਝ ਬੰਦੇ ਸਿਗਰਟ ਪੀਣ ਵਾਲਾ ਦਾ ਘਟੀਆ ਕੰਮ ਕਰ ਰਹੇ ਸਨ। ਇਸ ਜਗਤ ਜੂਠ ਨੂੰ ਤੇਰੇ ਵਲ ਕਰਨ ਲਈ ਕਿਸੇ ਦਾ ਹੀਆ ਨਾ ਹੋਇਆ। ਕਿਉਂ ਜੁ ਤੇਰਾ ਸਿੱਖੀ ਸਰੂਪ ਇਸ ਗਲ ਦਾ ਸਬੂਤ ਸੀ ਕਿ ਤੂੰ ਇਸ ਗੰਦਗੀ ਤੋਂ ਕੋਹਾਂ ਦੂਰ ਸੈਂ। ਪਰ ਨਾਲ ਬੈਠੇ ਉਸ ਵਿਚਾਰੇ ਗੈਰਸਿੱਖ ਅਗੇ ਸਿਗਰਟ ਕਰ ਦਿੱਤੀ, ਜਿਹੜਾ ਜਨਮ ਤੋਂ ਗੁਰਦੁਆਰੇ ਜਾਂਦਾ ਸੀ। ਉਸ ਨੂੰ ਮੂੰਹੋਂ ਕਹਿਣਾ ਪਿਆ ‘ਨਾ ਭਾਈ! ਇਹ ਮੈਂ ਨਹੀਂ ਪੀਂਦਾ’ । ਜੇ ਉਸ ਕੋਲ ਵੀ ਘੱਟ ਤੋਂ ਘੱਟ ਤੇਰੇ ਵਰਗੀ ਕੇਸਾਂ-ਦਾੜ੍ਹੀ-ਪੱਗੜੀ ਵਾਲੀ ਸਿੱਖੀ ਦੀ ਸੋਹਣੀ ਸ਼ਕਲ ਹੀ ਹੁੰਦੀ ਤਾਂ ਉਸ ਨਾਲ ਵੀ ਕਦੇ ਕੋਈ ਅਜੇਹੀ ਜੁਰੱਅਤ ਨਾ ਕਰਦਾ, ਪਰ ਸ਼ਾਇਦ ਤੈਨੂੰ ਉਦੋਂ ਵੀ ਸਮਝ ਨਾ ਆਈ।
ਹੁਣ ਤਾਂ ਸ਼ਾਇਦ ਸਮਝ ਆ ਹੀ ਜਾਵੇ, ਮੇਰੇ ਵੀਰ- ਸਿੱਖੀ ਤਾਂ ਗੁਰਬਾਣੀ ਦਾ ਸੱਚਾ ਸੁੱਚਾ ਗਿਆਨ ਅਤੇ ਬਾਣੀ ਸਿਖਿਆ ਉਪਰ ਅਮਲ ਦਾ ਨਾਂ ਹੈ। ਬਾਣੀ ਸਿਖਿਆ ਤੇ ਚਲਕੇ ਹੀ ਸਾਡਾ ਸੋਹਣਾ, ਇਜ਼ਤ-ਮਾਣ ਤੇ ਵੱਧੀਆ ਸੰਸਕਾਰਾਂ ਵਾਲਾ ਜੀਵਨ ਘੜਿਆ ਜਾਣਾ ਹੈ। ਇਸ ਕੰਮ ਲਈ ਵੱਡੇ ਭਾਈਚਾਰੇ ਦੀ ਲੋੜ ਹੈ ‘ਤੇ ਤੇਰਾ ਇਹ ਭਾਈਚਾਰਾ ਬਣਾਉਣਾ ਹੈ ਤੇਰੇ ਇਸ ਸੋਹਣੇ ਕੇਸਾਂ ਵਾਲੇ ਸਰੂਪ ਨੇ। ਤੇਰਾ ਇਹ ਕੇਸਾਂ ਵਾਲਾ ਸਰੂਪ ਹੀ ਤਾਂ ਤੇਰੀ ਸਿੱਖੀ ਦੀ ਸੰਭਾਲ ‘ਤੇ ਫੈਲਾਅ ਦਾ ਰਸਤਾ ਵੀ ਏ ਜਿਸਨੂੰ ਅੱਜ ਤੂੰ ਇਨੀ ਲਾਪਰਵਾਹੀ ਨਾਲ ਲੈ ਰਿਹਾ ‘ਤੇ ਅਣਜਾਣੇ ‘ਚ ਅਪਣੀ ਹੱਥੀਂ ਅਪਣਾ ਹੀ ਘਰ-ਕੁੱਲਾ ਲੁਟਾਉਣ ਵਲ ਪਿਆ ਹੈਂ। ਮੇਰੇ ਵੀਰ! ਵਾੜ ਖੇਤ ਅੰਦਰ ਨਹੀਂ ਹੁੰਦੀ ਅਤੇ ਨਾ ਹੀ ਵਾੜ ਹੀ ਖੇਤ ਹੁੰਦੀ ਹੈ। ਪਰ ਵਾੜ ਤੋਂ ਬਿਨਾਂ ਖੇਤੀ ਵੱਧ ਫੁਲ ਨਹੀਂ ਸਕਦੀ। ਉਗਨ ਤੋਂ ਪਹਿਲਾਂ ਹੀ ਉਸਨੂੰ ਰਾਹਗੀਰ ਪੈਰਾਂ ਹੇਠ ਲਿਤਾੜ ਜਾਂਦੇ ਨੇ ਅਤੇ ਜੇ ਕੁੱਝ ਉਗ ਵੀ ਪਈ ਤਾਂ ਪਸ਼ੂ ਚਰ ਜਾਂਦੇ ਨੇ। ਹੋਰ ਸੁਣ!
ਬਾਰੂਦ ‘ਤੇ ਤਾਕਤ ਕਿੰਨੀ ਵੱਧ ਹੋਵੇ, ਜੇ ਕਿਲ੍ਹੇ ਦੀਆਂ ਦੀਵਾਰਾਂ ਮਜ਼ਬੂਤ ਨਹੀਂ ਤਾਂ ਸੱਭ ਜ਼ਾਇਆ ਹੋ ਸਕਦਾ ਏ। ਬਲਕਿ ਬਾਰੂਦ ਤਾਂ ਉਲਟਾ ਦੁਸ਼ਮਣ ਨੂੰ ਲਾਭ ਦੇ ਸਕਦਾ ਏ। ਬਚਾਇਆ ਕਿਸਨੇ? ਮਜ਼ਬੂਤ ਦੀਵਾਰਾਂ ਨੇ। ਕੇਸਾਂ ਵਾਲਾ ਤੇਰਾ ਸਰੂਪ ਤਾਂ ਤੇਰੀ ਸਿੱਖੀ ਦੀਆਂ ਮਜ਼ਬੂਤ ਦੀਵਾਰਾਂ ਵੀ ਨੇ, ਗੁਰਬਾਣੀ ਗਿਆਨ ਨਾਲ ਸਿੱਖੀ ਨੇ ਤਾਂ ਇਸ ਸਰੀਰ ਰੂਪੀ ਕਿਲੇ ਅੰਦਰ ਪਣਪਣਾ ਏ।
ਮੇਰੇ ਪਿਆਰੇ ਵੀਰ! ਕੇਸਾਂ ਕਰ ਕੇ ਹੀ ਤੇਰੇ ਸਿੱਖ ਹੋਣ ਦੀ ਪਛਾਣ ਹੈ। ਕੇਸਾਂ ਕਰਕੇ ਹੀ ਤੇਰੇ ਸੁਹਣੇ ਖਿੱਡਾਰੀ, ਵੱਧੀਆ ਕਿਸਾਨ, ਬਹਾਦੁਰ ਜੁਆਨ, ਡਾਕਟਰ, ਵਪਾਰੀ, ਸਾਈੰਸਦਾਨ, ਇੰਜੀਨੀਅਰ ਆਦਿ ਹੋਣ ਦਾ ਸੰਸਾਰ ਨੂੰ ਪਤਾ ਲਗਦਾ ਹੈ। ਦੂਜੇ ਵੀ ਤਾਂ ਹਨ ਜਿਹੜੇ ਇਨ੍ਹਾਂ ਰੁਤਬਿਆਂ ਨੂੰ ਹਾਸਲ ਕਰਦੇ ਹਨ ਪਰ ਦੁਨੀਆਂ ਦੀ ਭੀੜ ‘ਚ ਉਨ੍ਹਾ ਨੂੰ ਕੋਈ ਪਛਾਣਦਾ ਵੀ ਨਹੀ। ਕੇਵਲ ਇੱਕ ਤੂੰ ਹੀ ‘ਗੁਰੂ ਕਾ ਸਿੱਖ’ ਹੈਂ ਜਿਸਦੀ ਚਰਚਾ ਸਾਰੀ ਦੁਨੀਆਂ ‘ਚ ਪੁੱਜ ਜਾਂਦੀ ਹੈ-ਕੇਵਲ ਤੇਰੇ ਸਰੂਪ ਕਾਰਨ। ਜੇਕਰ ਤੇਰੇ ਅੰਦਰ ਗੁਰਬਾਣੀ-ਸਿਖਿਆ-ਸੋਝੀ ਵੀ ਹੋਵੇ ਤਾਂ ਤੈਨੂੰ ਅਪਣੀ ਅਮੁਲਾ ਵਿਰਾਸਤ ਦੀ ਵਿਲਖਣਤਾ ਦਾ ਵੀ ਪਤਾ ਲਗ ਜਾਵੇ। ਬਸ ਅਜ ਇਹੀ ਘਾਟਾ ਹੈ ਤੇਰੇ ਅੰਦਰ। ਇਹ ਸਰੂਪ ਹੀ ਤਾਂ ਤੇਰੀ ਸਿੱਖੀ ਦੀ ਸੰਭਾਲ ਏ। ਇਸ ਸਰੂਪ ਤੋਂ ਤੇਰਾ ਵੱਧੀਆ ਸਿੱਖੀ ‘ਪ੍ਰਵਾਰ’ ਬਣਦਾ ਹੈ ਤੇ ਤੈਨੂੰ ਆਪਣੇ ਵੱਧੀਆ ਭਾਈਚਾਰੇ ‘ਤੇ ਪਿਛੌਕੜ ਦਾ ਪਤਾ ਲਗਦਾ ਏ।
ਸਿੱਖ ਧਰਮ ‘ਚ ਸ਼ਹੀਦਾਂ ਦੀਆਂ ਕਤਾਰਾਂ- ਸ਼ਾਇਦ ਹੁਣ ਤੈਨੂੰ ਕੁੱਝ ਸਮਝ ਆ ਚੁਕੀ ਹੋਵੇ ਕਿ ਆਖਿਰ ਸਿੱਖ ਧਰਮ ਹੀ ਸ਼ਹੀਦਾਂ ਨਾਲ ਕਿਉਂ ਭਰਿਆ ਪਿਆ ਹੈ। ਫ਼ਿਰ ਉਹ ਸ਼ਹੀਦ ਜਿਨ੍ਹਾਂ ਉਪਰ ਕੇਵਲ ਇਹੀ ਸ਼ਰਤ ਸੀ, ‘ਜੇਕਰ ਸਰੂਪ ਤਿਆਗ ਦੇਣ ਤਾਂ ਉਨ੍ਹਾਂ ਦੀ ਜਾਣ ਬਖਸ਼ ਦਿਤੀ ਜਾਵੇਗੀ’ । ਫ਼ਿਰ ਵੀ ਉਨ੍ਹਾਂ ਸ਼ਹੀਦੀਆਂ ਦੇ ਦਿਤੀਆਂ ਪਰ ਸਰੂਪ ਨਹੀਂ ਤਿਆਗਿਆ। ਕਾਰਣ ਇਕੋ ਸੀ, ਕਿਉਂਕਿ ਉਨ੍ਹਾਂ ਨੂੰ ਅਪਣੇ ਅੰਦਰ ਵਸ ਰਹੀ ‘ਸਿੱਖੀ’ ਭਾਵ ਗੁਰਬਾਣੀ ਜੀਵਨ ਦੀ ਸੋਝੀ, ਅਪਣੀ ਜ਼ਿੰਦਗੀ ਤੋਂ ਵੱਧ ਕੀਮਤੀ ਸੀ ਅਤੇ ਉੇਹ ਇਸਦੀ ਅਮੁਲਤਾ ਨੂੰ ਜਾਣਦੇ ਸਨ। ਉਹ ਗੁਰੂ ਤੋਂ ਬੇਮੁਖ ਹੋਕੇ ਜ਼ਿੰਦਾ ਰਹਿਣ ਨਾਲੋਂ, ਸ਼ਹੀਦੀ ਤਾਂ ਕੀ ਬਲਕਿ ਤਸੀਹੇ ਭਰਪੂਰ ਸ਼ਹੀਦੀ ਨੂੰ ਵੀ ਤੁੱਛ ਸਮਝਦੇ ਸਨ। ਯਾਦ ਰਖੋ! ਅਜ ਸਾਡੇ ਕੋਲ ਜੋ ਸਿੱਖੀ ਹੈ ਉਹ ਉਨ੍ਹਾਂ ਬਜ਼ੁਰਗਾਂ ਤੋਂ ਹੀ ਵਿਰਾਸਤ ‘ਚ ਆਈ ਹੋਈ ਹੈ ਅਤੇ ਪਿਤਾ-ਪੁਰਖੀ ਹੈ। ਅਸਾਂ ਆਪ ਇਸ ਦੇ ਲਈ ਕਮਾਈ ਨਹੀਂ ਕੀਤੀ, ਇਸੇ ਕਾਰਣ ਸਾਨੂੰ ਇਸਦਾ ਮੁਲ ਵੀ ਪਤਾ ਨਹੀਂ। ਮੇਰੇ ਵੀਰ! ਜੇ ਸੱਚਮੁਚ ਤੇਰੇ ਅੰਦਰ ਵੀ ਗੁਰੂ-ਗੁਰਬਾਣੀ ਦੀ ਸਿੱਖੀ ਆ ਜਾਵੇ, ਤਾਂ ਤੂੰ ਵੀ ਭਾਈ ਤਾਰੂ ਸਿੰਘ ਦੀ ਤਰ੍ਹਾਂ ਖੋਪੜੀ ਤਾਂ ਲੁਹਾ ਲਵੇਂਗਾ, ਪਰ ਕੇਸਾਂ ਨਾਲ ਤੇਰਾ ਪਿਆਰ ਜਾਨ ਤੋਂ ਵੱਧ ਹੋਵੇਗਾ। ਜ਼ਰਾ ਸੋਚ! ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ ਅਤੇ ਬੇਅੰਤ ਸ਼ਹੀਦਾਂ ਨੂੰ ਕੀ ਅਪਣੀ ਜਾਨ ਪਿਆਰੀ ਨਹੀਂ ਸੀ? ਬਾਬਾ ਬੰਦਾ ਸਿੰਘ ਬਹਾਦੁਰ ਅਤੇ ਉਨ੍ਹਾਂ ਨਾਲ ਆਏ 760 ਦੇ 760 ਸਿੰਘਾ ਤੇ ਕਿਹੜਾ ਜ਼ੁਲਮ ਹੈ ਜਿਹੜਾ ਨਹੀਂ ਢਾਇਆ ਗਿਆ, ਕਿਹੜੀ ਹੁੱਜਤ ‘ਤੇ ਜ਼ਲਾਲਤ ਸੀ ਜਿਸਦਾ ਉਨ੍ਹਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ; ਫ਼ਿਰ ਉਨ੍ਹਾਂ ਦੀ ਸ਼ਹੀਦੀ ਵੀ ਦਿਲ ਕੰਬਾਊ ਸ਼ਹੀਦੀ ਨਹੀਂ ਸੀ? ਬਾਬਾ ਬੰਦਾ ਸਿੰਘ ਜੀ ਦੀ ਅਪਣੀ ਸ਼ਹਾਦਤ ਤਾਂ ਹੋਰ ਵੀ ਦਿੱਲ ਦਹਿਲਾਣ ਵਾਲੀ ਸੀ। 760+1ਸਾਰਿਆਂ ਵਿਚੋਂ ਇੱਕ ਨੇ ਵੀ ਸਰੂਪ ਨਹੀਂ ਤਿਆਗਿਆ, ਖਿੜੇ ਮੱਥੇ ਸ਼ਹੀਦੀਆਂ ਦਿੱਤੀਆਂ ਤਾਂ ਕਿਉਂ? ਭਾਈ ਮਨੀ ਸਿੰਘ ਦੇ ਬੰਦ-ਬੰਦ ਕਟੇ ਗਏ, ਭਾਈ ਮਤੀ ਦਾਸ ਨੂੰ ਆਰੇ ਨਾਲ ਦੋਫਾੜ ਕੀਤਾ ਗਿਆ, ਦਇਆਲਾ ਜੀ ਨੂੰ ਆਲੂਆਂ ਵਾਂਙ ਉਬਾਲਿਆ ਗਿਆ, ਸਤੀ ਦਾਸ ਨੂੰ ਰੂਈ ‘ਚ ਲਪੇਟ ਕੇ ਸਾੜਿਆ ਗਿਆ। ਸੱਤ ਤੇ ਨੌਂ ਸਾਲ ਦੇ ਸਾਹਿਬਜ਼ਾਦਿਆਂ ਨੇ ਅਪਣੇ ਆਪ ਨੂੰ ਜੀਂਦੇ ਜੀਅ ਨੀਹਾਂ ‘ਚ ਚਿਨਵਾ ਲਿਆ ਪਰ ਸਰੂਪ ਨਹੀਂ ਤਿਆਗਿਆ। ਲਿਸਟ ਇੰਨੀ ਲਮੀਂ ਹੈ ਕਿ ਮੁਕੱਣ ਵਾਲੀ ਨਹੀਂ। ਕੀ ਸਚਮੁਚ ਤੂੰ ਅਜ ਉਨ੍ਹਾ ਬੇਅੰਤ ਸ਼ਹੀਦਾਂ ਤੋਂ ਵੀ ਵੱਧ ਸਿਆਣਾ ਹੋ ਗਿਆ ਹੈਂ? ਯਕੀਨਣ ਨਹੀਂ, ਫ਼ਰਕ ਇਹ ਹੈ ਜਿਹੜੀ ਸਿੱਖੀ ਉਨ੍ਹਾਂ ਕੋਲ ਸੀ ਤੂੰ ਉਸਤੋਂ ਬਹੁਤ ਦੂਰ ਖਲੋਤਾ ਹੈਂ।
ਮੇਰੇ ਵੀਰ! ਜ਼ਰਾ ਇਮਾਨਦਾਰੀ ਨਾਲ ਵਿਚਾਰ-ਅਜ ਜਿਸ ਸਰੂਪ ਨੂੰ ਤੂੰ ਕੌਡੀਆਂ ਦੇ ਮੁੱਲ ਲੁਟਾਉਣ ਲਈ ਉਤਾਵਲਾ ਹੋਇਆ ਫ਼ਿਰਦਾ ਹੈਂ ਕੀ ਤੇਰੇ ਕੋਲ ਤੇਰਾ ਇਹ ਸਰੂਪ ਉਨ੍ਹਾਂ ਪੂਰਵਜਾਂ ਦੀ ਹੀ ਅਮਾਨਤ ਤਾਂ ਨਹੀਂ? ਕੀ ਇਸਦੀ ਕੱਟ-ਵੱਢ ਦਾ ਤੇਰੇ ਕੋਲ ਕੋਈ ਹੱਕ ਵੀ ਹੈ? ਕੀ ੲਹ ਤੇਰੀ ਅਮਾਨਤ ‘ਚ ਖਿਆਣਤ ਵਸਲੀ ਗਲ ਤਾਂ ਨਹੀਂ? ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰੇ ਉਨ੍ਹਾਂ ਵਡੇਰਿਆਂ ਨੂੰ ਛੇ-ਛੇ ਦਿਨ ਭੁੱਖੇ-ਪਿਆਸੇ ਘੋੜਿਆਂ ਦੀਆਂ ਕਾਠੀਆਂ ਤੇ ਵੀ ਰਹਿਣਾ ਪਿਆ, ਚੌਵੀ-ਚੌਵੀ ਘੰਟੇ ਉਨ੍ਹਾਂ ਪਿੱਛੇ ਜ਼ਾਲਮਾਂ ਦੀਆਂ ਫ਼ੌਜਾਂ ਸਨ। ਹਰੇਕ ਤਸੀਹਾ ‘ਤੇ ਜ਼ੁਲਮ ਉਨ੍ਹਾਂ ਨੇ ਸਵੀਕਾਰ ਕਰ ਲਿਆ ਪਰ ਸਿੱਖੀ ਸਰੂਪ ਤੇ ਆਂਚ ਨਹੀਂ ਆਉਣ ਦਿੱਤੀ। ਮਾਤਾਵਾਂ ਨੇ ਦੁੱਧ ਚੁੰਙਦੇ ਬੱਚਿਆਂ ਦੇ ਸਿਰ ਨੇਜ਼ਿਆਂ ਤੇ ਟੰਗਵਾਉਣੇ ‘ਤੇ ਅਪਣੇ ਗਲਿਆਂ ‘ਚ ਉਨ੍ਹਾ ਦੇ ਹਾਰ ਪੁਆਉਣੇ ਤਾਂ ਮਨਜ਼ੂਰ ਕਰ ਲਏ ਪਰ ਗੁਰੂ ਬਖਸ਼ੀ-ਜਾਨ ਤੋਂ ਵੱਧ ਪਿਆਰੀ ਸਿੱਖੀ ਨੂੰ ਤਿਆਗਣਾ ਮਨਜ਼ੂਰ ਨਹੀਂ ਕੀਤਾ। ਪਤਾ ਈ ਕਿਉਂ? ਕਿਉਂਕਿ ਉਨ੍ਹਾਂ ਨੂੰ ਇਸ ਸਰੂਪ ਦੀ ਕੀਮਤ ਦਾ ਪਤਾ ਸੀ। ਸ਼ਾਇਦ ਅੱਜ ਤੈਨੂੰ ਸਭਕੁਝ ਭੁਲਿਆ ਤੇ ਭੁਲਵਾਇਆ ਜਾ ਚੁਕਾ ਹੈ।
ਚੇਤੇ ਰੱਖ! ਘੋਖ ਅਪਣੇ ਪਿਛੋਕੜ ਨੂੰ- ਪਛਾਨਣ ਦਾ ਜਤਣ ਕਰ ਅਪਣੀ ਅਸਲੀਅਤ ਨੂੰ। ਤੈਨੂੰ ਸਮਝ ਆ ਜਾਵੇਗੀ, ਅਜ ਤੇਰੇ ਕੋਲ ਜਿਹੜੀ ਸਿੱਖੀ ਹੈ ਉਹ ਕੇਵਲ ਤੇਰੇ ਸਰੂਪ ਕਾਰਨ ਹੀ ਹੈ। ਐ ਨਾਸਮਝ ‘ਤੇ ਭੁਲੇ ਇਨਸਾਨ! ਕੀ ਤੂੰ ਅਪਣੀ ਉਲਾਦ ਪਾਸੋਂ ਇਸਨੂੰ ਵੀ ਖੋਹਣ ਦਾ ਜਤਨ ਤਾਂ ਨਹੀਂ ਕਰ ਰਿਹਾ। ਚੇਤੇ ਰੱਖ! ਇਸ ‘ਚ ਦੋ ਰਾਵਾਂ ਨਹੀਂ ‘ਤੇ ਅਸਲੀਅਤ ਵੀ ਇਹੀ ਹੈ ਕਿ ਅਜ ਜਿਹੜੀ ਤੇਰੇ ਕੋਲ ਸਿੱਖੀ ਸੰਭਾਲੀ ਪਈ ਹੈ ਉਹ ਕੇਵਲ ਸਰੂਪ ਕਾਰਨ ਹੀ ਹੈ। ਸਮਝ ਲੈ, ਜੇ ਅੱਜ ਤੇਰੇ ਕੋਲੋਂ ਇਹ ਸਰੂਪ ਵੀ ਚਲਾ ਗਿਆ ਤਾਂ ਤੇਰੀ ਉਲਾਦ ਕੋਲ ਇਹ ਸਰੂਪ ਕਾਰਣ ਬਚੀ ਹੋਈ ਸਿੱਖੀ ਵੀ ਨਹੀਂ ਪੁਜੇਗੀ। ਅੰਦਾਜ਼ਾ ਕਰ ਉਸ ਸਮੇਂ ਤੇਰੀ ਉਹ ਉਲਾਦ ਕਿਸ ਹਾਲਤ ‘ਚ ਪੁਜ ਚੁਕੀ ਹੋਵੇਗੀ? ਪਰ ਇਸ ਸਾਰੀ ਤ੍ਰਾਸਦੀ ਦਾ ਜ਼ਿਮੇਵਾਰ ਤੂੰ ਆਪ ਹੀ ਹੋਵੇਂਗਾ, ਕੋਈ ਦੂਜਾ ਨਹੀਂ।
ਖੋਤੇ ਤੇ ਸ਼ੇਰ ਦੀ ਖੱਲ-ਯਾਦ ਤਾਂ ਕਰ ਖੋਤੇ ਤੇ ਸ਼ੇਰ ਦੀ ਖੱਲ ਵਾਲੀ ਉਸ ਘਟਣਾ ਨੂੰ ਜਦੋਂ ਦਸਮੇਸ਼ ਪਿੱਤਾ ਨੇ ਖੋਤੇ ‘ਤੇ ਸ਼ੇਰ ਦੀ ਖੱਲ ਪੁਆਕੇ ਤੈਨੂੰ ਸਮਝਾਇਆ ਸੀ ‘ਸਿੰਘਾ! ਜੇ ਤੂੰ ਅੰਦਰੋਂ ਰਹਿਣੀ ‘ਤੇ ਬਾਣੀ ਜੀਵਨ ਦਾ ਸਿੱਖ ਨਾ ਰਿਹਾ ਤਾਂ ਤੇਰੇ ਲਈ ਇਹ ਸਿੱਖੀ ਸਰੂਪ ਵੀ ਏਸੇਤਰ੍ਹਾਂ ਹੋਵੇਗਾ, ਜਿਵੇਂ ਖੋਤੇ ਤੇ ਸ਼ੇਰ ਦੀ ਖੱਲ। ‘ਅੰਦਰ ਦੀ ਸਿੱਖੀ ਤੋਂ ਬਿਨਾਂ ਇਸ ਕੇਸਾਂ ਵਾਲੇ ਰੱਬੀ ਸਰੂਪ ਨੂੰ ਵੀ ਤੂੰ ਬਹੁਤੇ ਦਿਨ ਸੰਭਾਲਕੇ ਨਹੀਂ ਰਖ ਸਕੇਂਗਾ’ । ਅਜ ਤੇਰੇ ਨਾਲ ਇਹੀ ਵਾਪਰ ਰਿਹਾ ਹੈ। ਪਹਿਲਾਂ ਤੂੰ ਜੀਵਨ ਕਰਕੇ ਬਾਣੀ ਦੀ ਸਿੱਖਿਆ ਤੋਂ ਲਾਪਰਵਾਹ ਹੁੰਦਾ ਗਿਆ ਜਾਂ ਲਾਪਰਵਾਹ ਕਰਣ ਲਈ ਚਾਲਾਂ ਚਲੀਆਂ ਜਾਂਦੀਆ ਰਹੀਆਂ। ਇਸਤਰ੍ਹਾਂ ਤੇਰੇ ਕੋਲੋਂ ਬਾਣੀ ਦਾ ਜੀਵਨ ਖੋਹਿਆ ਗਿਆ ‘ਤੇ ਹੁਣ ਤੇਰੇ ਕੋਲੋਂ ਸਰੂਪ ਵੀ ਜਾ ਰਿਹਾ ਹੈ, ਸ਼ਇਦ ਤੂੰ ਅਜੇ ਵੀ ਇਸ ਸੱਚਾਈ ਨੂੰ ਸਮਝ ਸਕੇ।
ਦੁਸ਼ਮਣ ਤੈਨੂੰ ਆਪਣੇ ਅੰਦਰ ਜਜ਼ਬ ਕਰਣ ਲਈ ਉਤਾਵਲਾ ਹੈ- ਨਿੱਤ ਨਵੇਂ ਚੁੱਟਕਲੇ, ਸੀਰੀਅਲ, ਨਵੀਆਂ ਢੁੱਚਰਾਂ, ਨਵੀਆਂ ਬੱਕਵਾਸਾਂ ਘੱੜ ਰਿਹਾ ਹੈ- ‘ਜੇ ਸਮਝ ਸਕੇਂ ਤਾਂ ਰੇਡੀਓ, ਟੀ: ਵੀ ਦੇ ਚੈਨਲ, ਮੈਗਜ਼ੀਨਾਂ, ਸਕੂਲਾਂ-ਕਾਲਜਾਂ ਰਸਤੇ ਤੈਨੂੰ ਦਿਤੀ ਜਾ ਰਹੀ ਵਿਦਿਆ, ਨਾਵਲ, ਕਹਾਣੀਆਂ ਕੁੱਝ ਵੀ ਚੁੱਕ ਤੇ ਤੱਕ ਲੈ, ਤੇਰੀ ਤਬਾਹੀ ਲਈ ਸਾਰੇ ਪਾਸੇ ਤੁਫ਼ਾਨ ਪੈਦਾ ਕੀਤਾ ਹੋਇਆ ਹੈ। ਹੋਰ ਤਾਂ ਹੋਰ, ਤੇਰੇ ਨਾਲ ਹੁੰਦੀ ਨਿੱਤ ਦੀ ਗਲਬਾਤ ਦਾ ਹੀ ਤੇ ਇਹ ਨਮੂਨਾ ਹੈ ਜਦੋ ਤੇਰਾ ਜਿੱਗਰੀ ਦੋਸਤ ਤੈਨੂੰ ਕਹਿ ਰਿਹਾ ਸੀ “ਸਿੱਖ ਬੜੇ ਚੰਗੇ ਹੁੰਦੇ ਨੇ... ਬੜੇ ਬਹਾਦਰ ਹੁੰਦੇ ਨੇ... ਮੈਨੂੰ ਬੜੇ ਚੰਗੇ ਲਗਦੇ ਨੇ... ਮੈਂ ਤਾਂ ਜਾਂਦਾ ਈ ਗੁਰਦੁਆਰੇ ਆਂ, ਹੋਰ ਕਿਸੇ ਨੂੰ ਮੰਨਦਾ ਈ ਨਹੀਂ (ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਦੀ ਸ਼ਕਲ ਵੀ ਨਾ ਵੇਖੀ ਹੋਵੇ) ਬਸ ਇਨ੍ਹਾਂ ਦੀ ਇਕੋ ਗੱਲ ਮੈਨੂੰ ਚੰਗੀ ਨਹੀਂ ਲਗੀ, ਜਿਹੜੇ ਗੁਰੂ ਜੀ ਨੇ ਕੇਸ ਰਖਵਾ ਦਿੱਤੇ’’ .. ਵਗੈਰਾ ਵਗੈਰਾ। ਅਜੇ ਵੀ ਪਛਾਣਿਆ ਈ ਕਿ ਨਹੀਂ! ਤੂੰ ਅਪਣੇ ਇਸ ਨਕਾਬਪੋਸ਼ ਸਿੱਖੀ ਦੇ ਦੁਸ਼ਮਣ ਨੂੰ। ਸਿੱਖੀ ਤਾਂ ਪਹਿਲਾਂ ਹੀ ਤੇਰੇ ਕੋਲ ਨਹੀਂ ਸੀ ਰਹਿ ਚੁਕੀ। ਇਸਨੇ ਕਿਵੇਂ ਮਿੱਠੀ ਖੰਡ ਚੜ੍ਹਿਆ ਜ਼ਹਿਰ ਤੈਨੂੰ ਦੇਣਾ ਸ਼ੁਰੂ ਕਰ ਦਿੱਤਾ। ਤੇਰੇ ਸਿੱਖੀ ਸਰੂਪ ਤੇ ਹਮਲਾ ਕੀਤਾ ਪਰ ਤੇਰਾ ਬਣ ਕੇ। ਕੁਟਲਨੀਤੀ ਨਾਲ ਕੇਸਾਂ ਬਾਰੇ ਤੇਰੇ ਅੰਦਰ ਬਚਿਆ ਸਤਿਕਾਰ ਵੀ.... ਅਤੇ ਤੂੰ ਇਸਨੂੰ ਅੰਮ੍ਰਿਤ ਸਮਝ ਪੀਂਦਾ ਗਿਉਂ…ਪੀਂਦਾ ਗਿਉਂ ‘ਤੇ ਇੱਕ ਦਿਨ........।
ਮੇਰੇ ਭੁੱਲੜ ਵੀਰ! ਇਹ ਸਰੂਪ ਜਿਸਨੂੰ ਅੱਜ ਤੂੰ ਕੌਡੀਆਂ ਦੇ ਭਾਅ ਗੁਆ ਰਿਹਾ ਹੈਂ ਤੇਰਾ ਅਪਣਾ ਨਹੀਂ। ਜਿਵੇਂ ਤੈਨੂੰ ਦਸਿਆ ਜਾ ਚੁੱਕਾ ਹੈ ਤੇ ਤੈਨੂੱੰ ਫਿਰ ਪਕਾ ਕਰਵਾ ਦਵੀਏ- ਇਹ ਸਰੂਪ ਤਾਂ ਤੇਰੇ ਕੋਲ ਤੇਰੇ ਉਨ੍ਹਾਂ ਬਜ਼ੁਰਗਾਂ ਦੀ ਅਮਾਨਤ ਹੈ ਜਿਨ੍ਹਾਂ ਨੇ ਛੇ-ਛੇ ਦਿੱਨ ਭੁਖੇ ਭਾਣੇ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰੇ, ਕਿਉਂਕਿ ਪਿੱਛੇ ਦੁਸ਼ਮਨ ਦੀਆਂ ਫੌਜਾਂ ਲਗੀਆਂ ਸਨ। ਤੇਰੀਆਂ ਮਾਤਾਵਾਂ ਨੇ ਮੀਰ ਮਨੂੰ ਦੇ ਬੇਅੰਤ ਤਸੀਹੇ ਤਾਂ ਝੱਲ ਲਏ ਪਰ ਸਿੱਖੀ ਸਰੂਪ ਨੂੰ ਤੇਰੇ ਲਈ ਬਚਾਇਆ। ਅਜ ਜੇਕਰ ਅਪਣੇ ਉਨ੍ਹਾਂ ਹੀ ਬਜ਼ੁਰਗਾਂ ਵਾਲੀ ਸਿੱਖੀ ਵੀ ਤੇਰੇ ਅੰਦਰ ਹੁੰਦੀ ਤਾਂ ਯਕੀਣਨ ਤੂੰ ਵੀ ਕਦੇ ‘ਅਮਾਨਤ ‘ਚ ਇਹੋ ਜਹੀ ਖਿਆਨਤ’ ਨਾ ਕਰਦਾ। ਉਦਮ ਕਰ ਤੇ ਬਾਣੀ-ਅਰਥਾਂ ਨਾਲ ਜੁੜਕੇ ਅਪਣੀ ਪਛਾਣ ਕਰ ਲੈ।
‘ਨਾ ਰਹਿਣਗੇ ਕੇਸ ‘ਤੇ ਨਾ ਲੱਭੇਗਾ ਸਿੱਖ’ -ਦੁਸ਼ਮਣ ਤਾਂ ਇਸ ਤਰ੍ਹਾਂ ਸੋਚ ਰਿਹਾ ਹੈ, ਤੈਨੂੰ ਸੁਚੇਤ ਹੋਣ ਦੀ ਲੋੜ ਹੈ। ਅਜੇ ਵੀ ਇਸ ਕੁੰਭਕਰਣੀ ਨੀਂਦ ਚੋਂ ਉਠ ‘ਤੇ ਪ੍ਰਣ ਕਰ ਲੈ ਅੱਜ ਤੋਂ ਬਾਦ ਤੂੰ ਆਪਣੇ ਇਸ ਰੱਬੀ ਸਰੂਪ ਨੂੰ ਨਹੀਂ ਵਿਗਾੜੇਂਗਾ। ਯਾਦ ਰੱਖ! ਵਾੜ ਲਗੀ ਹੈ ਤਾਂ ਖੇਤ ਆਪਣਾ ਹੈ, ਖੇਤੀ ਭਾਵੇਂ ਨਹੀਂ ਬੀਜੀ। ਕਿੱਲ੍ਹਾ ਹੈ ਤਾਂ ਬਾਰੂਦ ਵੀ ਭਰ ਲਵਂੇਗਾ। ਸਰੂਪ ਹੈ ਤਾਂ ਸਿੱਖੀ ਨਾਲ ਸਾਂਝ ਫਿਰ ਵੀ ਪੈ ਜਾਵੇਗੀ। ਜੇ ਸਰੂਪ ਹੀ ਨਾ ਰਿਹਾ ਤਾਂ ਤੇਰੇ ਕੋਲ ਕੁੱਝ ਵੀ ਨਹੀਂ ਬਚੇਗਾ।
ਮੁਲਕ ਦਾ ਝੰਡਾ ਦੋ ਗਜ਼ ਕਪੜਾ ਹੀ ਹੁੰਦਾ ਹੈ। ਪਰ ਉਸ ਝੰਡੇ ਪਿੱਛੇ ਮੁਲਕ ਦੀ ਆਣ ਤੇ ਸ਼ਾਨ ਛੁਪੀ ਹੁੰਦੀ ਹੈ। ਕਿਉਂਕਿ ਝੰਡਾ ਉਸ ਕੌਮ ਦੀ ਹੋਂਦ ਦਾ ਸਬੂਤ ਹੁੰਦਾ ਹੈ। ਕੇਸਾਂ ਦੀ ਅਪਣੀ ਕੋਈ ਕੀਮਤ ਹੈ ਜਾਂ ਨਹੀਂ ਇਹ ਬਿਲਕੁਲ ਵੱਖ ਵਿਸ਼ਾ ਹੈ ਪਰ ਤੇਰੀ ਸਰਦਾਰੀ ਦਾ ਸਬੂਤ ਹਨ, ਤੇਰੇ ਕੇਸ। ਤੇਰੀ ਆਨ ‘ਤੇ ਸ਼ਾਨ ਇਨ੍ਹਾਂ ਪਿੱਛੇ ਛੁੱਪੀ ਹੈ। ਤੇਰੇ ਅੰਦਰ ਗੁਰੂ ਦੀ ਬਖਸ਼ਿਸ਼ ਆਉਣ ਦਾ ਰਸਤਾ ਤੇਰਾ ਇਹ ਕੇਸਾਂ-ਦਾੜ੍ਹੀ ਵਾਲਾ ਸਰੂਪ ਹੀ ਹੈ, ਰਸਤਾ ਹੀ ਬੰਦ ਕਰ ਬੈਠਾ ਤਾਂ ਤੇਰਾ ਕੌਡੀ ਮੁਲ ਨਹੀਂ ਰਵੇਗਾ।
ਕੇਸ ਤੇਰਾ ਡਸਿਪਲਨ ਵੀ ਹਨ- ਡਸਿਪਲਨ ਉਤੇ ਕਿਉਂ, ਕਿੰਤੂ ਨਹੀਂ ਹੁੰਦੀ ਅਤੇ ਨਾ ਹੀ ਇਸ ਅੰਦਰ ਛੋਟ ਜਾਂ ਕੱਟ-ਵੱਢ ਹੀ ਹੁੰਦੀ ਹੈ। ਡਸਿਪਲਨ ਦੇ ਨਫ਼ੇ-ਨੁਕਸਾਨ ਨਹੀਂ ਢੂੰਡੇ ਜਾਂਦੇ। ਗੁਰੂ ਜੀ ਨੇ ਕਿੱਧਰੇ ਨਹੀਂ ਕਿਹਾ ਕਿ ਕੇਸਾਂ ਦੇ ਇਹ ਜਾਂ ਉਹ ਲਾਭ ਹਨ। ਸਿਪਾਹੀ ਕਦੇ ਨਹੀਂ ਕਹਿੰਦਾ ਹੈ ‘ਵਰਦੀ ਇਸ ਰੰਗ ਦੀ ਹੈ ਜਾਂ ਉਸ ਰੰਗ ਦੀ ਕਿਉਂ ਨਹੀਂ’ । ਕਿਉਂਕਿ ਉਹ ਵਰਦੀ ਉਸਦਾ ਪਹਿਰਾਵਾ ਹੀ ਨਹੀਂ, ਉਸ ਦਾ ਡਸਿਪਲਨ ‘ਤੇ ਪਛਾਣ ਵੀ ਹੈ। ਜੇ ਸੱਚਮੁਚ ਤੇਰੇ ਅੰਦਰ ਗੁਰੂ ਵਾਸਤੇ ਰੱਤੀ ਭਰ ਵੀ ਪਿਆਰ ਜਾਗ ਪਵੇ, ਤਾਂ ਇਹ ਕਿਉਂ-ਕਿੰਤੂ ਰਵੇਗਾ ਹੀ ਨਹੀਂ। ਯਾਦ ਰੱਖ ਗੁਰਬਾਣੀ ਦਾ ਫ਼ੁਰਮਾਨ ਹੈ ‘ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ’ (ਪੰਨਾ25)
ਡਿਸਿਪਲਨ ਤੋਂ ਤੇਰੀ ਥੋੜ੍ਹੀ ਜਿੰਨੀ ਲਾਪਰਵਾਹੀ ਵੀ ਤੇਰੀ ਸਿੱਖੀ ਬਾਰੇ ਵਫ਼ਾਦਾਰੀ ਤੇ ਸ਼ੱਕ ਪੈਦਾ ਕਰ ਸਕਦੀ ਹੈ, ਭਾਵੇਂ ਤੂੰ ਬੇਅਦਬੀ ਮੁੱਛਾਂ-ਦਾੜੀ ਜਾਂ ਬੀਬੀ ਭਰਵਟਿਆਂ ਦੀ ਹੀ ਕਰ ਰਹੀ ਹੋਵੇ। ਤੇਰੀ ਇਹ ਢਿੱਲ ‘ਤੇ ਲਾਪਰਵਾਹੀ, ਤੇਰੇ ਦੁਸ਼ਮਣ ਨੂੰ ਰਸਤਾ ਦੇਣ ਲਈ ਕਾਫੀ ਹੈ। ਉਹ ਤਾਂ ਤੇਰੀ ਸਿੱਖੀ ਤੇ ਵਾਰ ਕਰਕੇ, ਹਰ ਪਲ ਤੈਨੂੰ ਆਪਣੇ ਅੰਦਰ ਜਜ਼ਬ ਕਰਨ ਦੇ ਸੁਪਨੇ ਲੈ ਰਿਹਾ ਹੈ। ਬਾਕੀ ਰਸਤਾ ਤਾਂ ਉੇਹ ਬਣਾ ਹੀ ਲਵੇਗਾ, ਕਿਉਂਕਿ ਇਸ ਸਮੇਂ ਤੂੰ ਆਪ ਹੀ ਸੁੱਤਾ ਪਿਆ ਹੈਂ।
‘ਜ਼ਰਾ ਸੋਚ! ਜਿਸ ਮਕਾਨ ਨੇ ਤੈਨੂੰ ਧੁੱਪ, ਬਾਰਸ਼, ਤੁਫ਼ਾਨ ਤੋਂ ਬਚਾਇਆ, ਤੇਰੇ ਪ੍ਰਵਾਰ ਨੂੰ ਸੰਭਾਲਿਆ-ਉਸਦੀ ਸੰਭਾਲ ਕਰੇਂਗਾ ਜਾਂ ਉਸ ਅੰਦਰ ਤ੍ਰੇੜਾਂ ਪਾ ਕੇ ਉਸਨੂੰ ਤੋੜਣ ਦਾ ਜੱਤਨ ਕਰੇਂਗਾ? ਜਿਸ ਦੁਕਾਨ ਨੇ ਤੇਰਾ ਲੱਖਾਂ-ਕਰੋੜਾਂ-ਅਰਬਾਂ ਦਾ ਸਾਮਾਨ ਸਾਂਭਿਆ, ਤੈਨੂੰ ਰੁਜ਼ਗਾਰ ਦਿੱਤਾ, ਉਸ ਦੀਆਂ ਦੀਵਾਰਾਂ, ਸ਼ੱਟਰ-ਤਾਲੇ ਪੱਕੇ ਕਰੇਂਗਾ ਜਾਂ ਦਰਵਾਜ਼ੇ ਖੁਲ੍ਹੇ ਸੁੱਟ, ਦੀਵਾਰਾਂ ‘ਚ ਮੁਘਾਰ ਪਾ ਕੇ ਚੋਰਾਂ, ਰਾਹਗੀਰਾਂ, ਸੰਨਬਾਜ਼ਾਂ, ਲੁਟੇਰਿਆਂ ਨੂੰ ਲੁਟਾਉਣ ‘ਚ ਮਦਦ ਕਰੇਂਗਾ? ਜ਼ਰਾ ਦੱਸ, ਜੁਆਬ ਤਾਂ ਦੇ। ਸਰੂਪ ਗਿਆ ਤਾਂ ਸਮਝ ਲੈ, ਤੇਰੀ ਔਲਾਦ ਤੋਂ ਸਿੱਖੀ ਵੀ ਗਈ। ਜਿਸ ਸਰੂਪ ਨੇ ਤੇਰੀ ਸਿੱਖੀ ਨੂੰ ਸੰਭਾਲਿਆ। ਜਿਸ ਸਰੂਪ ਨੇ ਅਰਬਾਂ ਖਰਬਾਂ ਦੀ ਦੁਨੀਆਂ ‘ਚ ਤੈਨੂੰ ਸਰਦਾਰੀ ਬਖਸ਼ੀ-ਪ੍ਰਣ ਕਰ ਲੈ, ਉਸ ਦੀ ਹਿਫਾਜ਼ਤ ਲਈ ਤੂੰ ਅਪਣੀ ਜਾਣ ਦੇ ਦੇਵੇਂਗਾ ਪਰ ਇਸ ਦੀ ਬੇਅਦਬੀ ਨਹੀਂ ਹੋਣ ਦੇਵੇਂਗਾ।
ਕਦੇ ਨਾ ਭੁੱਲ, ਮੇਰੇ ਵੀਰ! ਧਰਮ ਤਾਂ ਤੇਰਾ ‘ਸਿੱਖ ਧਰਮ’ ਹੈ ਜਿਸ ਨੇ ਦੁਨੀਆਂ ‘ਚ ਤੈਨੂੰ ਮਨੁੱਖਤਾ ਦਾ ਸਰਦਾਰ ਬਣਾਉਣਾ ਹੈ ਤੇ ਮਿਲਣਾ ਹੈ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ-ਵਿਚਾਰ-ਸਿਖਿਆ ਦੇ ਅਮਲ ਚੋਂ। ਇਸਦੀ ਸੰਭਾਲ, ਇਸਦਾ ਫੈਲਾਅ ਹੋਣਾ ਹੈ ਇਸਦੇ ਸਾਂਝੇ ਇਲਾਹੀ ਸਰੂਪ ‘ਤੇ ਪੰਥਕ ਡਿਸਿਪਲਨ ਦੀ ਪਾਬੰਦੀ ਵਿਚੋਂ। ਜਿਵੇਂ ਬੰਧ ਤੋਂ ਬਿਨਾਂ ਪਾਣੀ ਫੈਲ ਕੇ ਖ਼ਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਸਿੱਖੀ ਵੀ, ਸਰੂਪ ਤੋਂ ਬਿਨਾਂ ਨਹੀਂ ਸੰਭਾਲੀ ਜਾ ਸਕਦੀ। ਕੇਸ ਮਨੁੱਖ ਦੇ ਸਰੂਪ ਦਾ ਕੁਦਰਤੀ ਅਤੇ ਅਣਿਖੜਵਾਂ ਅੰਗ ਹਨ ਅਤੇ ਪ੍ਰਭੁ ਦੀ ਰਜ਼ਾ ‘ਚ ਚਲਣ ਵਲ ਪਹਿਲਾ ਕਦਮ। ਕੇਸ ਕਿਸੇ ਦੇ ਧਰਮੀ ਹੋਣ ਦੀ ਪਹਿਲੀ ਪਉੜੀ ਹਨ, ਉਪ੍ਰੰਤ ਗੁਰਬਾਣੀ ਇਸ ਜੀਵਨ ਲਈ ਰਸਤਾ।
ਸਭ ਤੋਂ ਉਤਮ ਧਰਮ-ਸਿੱਖ ਧਰਮ- ਮੇਰੇ ਵੀਰ ਚੇਤੇ ਰਖ! ਤੂੰ ਉਸ ਧਰਮ ਦਾ ਵਾਰਿਸ ਹੈ ਜੋ ਸੰਸਾਰ ਭਰ ਦੇ ਧਰਮਾਂ ਚੋਂ ਸਭਤੋਂ ਉਤਮ ਹੈ। ਅਕੱਟ ਸਚਾਈ ਹੈ ਜਦੋਂ ਕੋਈ ਮਨੁੱਖ ਸਿੱਖ ਸਜਦਾ ਹੈ ਤਾਂ ਉਸ ਅੰਦਰ ਪਹਿਲਾਂ ਕੁੱਝ ਗੁਣ ਪੈਦਾ ਹੁੰਦੇ ਹਨ। ਉਸਦਾ ਆਉਣ-ਜਾਣ ਸਾਧ ਸੰਗਤ ਵਲ ਵੱਧਦਾ ਹੈ। ਉਸਦੀਆਂ ਬੀੜੀਆਂ, ਸਿਗਰਟਾਂ, ਸ਼ਰਾਬ ਆਦਿ ਦੇ ਨਸ਼ੇ ਤੇ ਐਬ ਛੁੱਟਦੇ ਹਨ। ਉਸਨੂੰ ਵਿੱਭਚਾਰ ਤੋਂ ਨਫ਼ਰਤ ਪੈਦਾ ਹੁੰਦੀ ਜਾਂਦੀ ਹੈ। ਉਸ ਅੰਦਰੋ ਮਨੁਖੀ ਵਿੱਤਕਰੇ, ਛੂਤ-ਛਾਤ, ਜਾਤ-ਪਾਤ ਦਾ ਭਰਮ ਮੁਕਦਾ ਜਾਂਦਾ ਹੈ ਵਗੈਰਾ। ਉਸਦੇ ਜੀਵਨ ‘ਚ ਇਲਾਹੀ ਗੁਣ ਉਪਜਦੇ ਹਨ।
ਇਸ ਦੇ ਉਲਟ ਜਦੋਂ ਕੋਈ ਸਿੱਖੀ ਤੋ ਪਤਿੱਤ ਹੁੰਦਾ ਹੈ ਤਾਂ ਪਹਿਲਾਂ ਘਟੀਆ ਬਿਰਤੀ ਕੁਸੰਗੀਆਂ ਦੀ ਜੱਕੜ ‘ਚ ਆਉਂਦਾ ਹੈ। ਮਾੜੀ ਸੰਗਤ ‘ਚ ਫਸਾਉਣ ਵਾਲੇ ਨੀਚ ਲੋਕ ਪਹਿਲਾਂ ਉਸ ਅੰਦਰ ਗੰਦੀਆਂ ਪਿੱਕਚਰਾਂ, ਪਾਨ, ਜੂਆ, ਸ਼ਰਾਬ, ਨਸ਼ਿਆਂ ਦਾ ਝੱਸ ਪਾਂਦੇ ਹਨ। ਉਸਦੇ ਕੇਸਾਂ ਦਾੜ੍ਹੀ ਤੇ ਜਾਣ ਬੁਝ ਕੇ ਜਗਤ ਜੂਠ ਤੰਬਾਕੂ, ਸਿਗਰਟ ਬੀੜੀ ਦਾ ਧੂਆਂ ਸੱਟੱ-ਸੁੱਟ, ਉਸਦਾ ਆਦੀ ਬਣਾਂਦੇ ਹਨ। ਉਸਨੂੰ ਵਿੱਭਚਾਰ ਲਈ ਪ੍ਰੇਰਿਆ ਜਾਂਦਾ ਹੈ। ਕਲੱਬਾਂ, ਮੈ-ਖਾਨੇ, ਕੈਬਰਿਆਂ ‘ਚ ਉਲਝਾਇਆ ਜਾਂਦਾ ਹੈ। ਸਿੱਖੀ ਪਖੋਂ ਅਨਜਾਣ ‘ਤੇ ਸੁੱਤਾ ਤਾਂ ਹੁੰਦਾ ਹੀ ਹੈ ਨਹੀਂ ਤਾਂ ਇਸ ਪਾਸੇ ਟੁਰਦਾ ਹੀ ਨਾ। ਇਸੇ ਕਰਕੇ ਹੀ ਤਾਂ ਇਨ੍ਹਾਂ ਬਿਮਾਰੀਆਂ ਨੂੰ ਉਸ ਅੰਦਰ ਰਸਤਾ ਮਿਲਦਾ ਹੈ। ਮਾੜੀ ਸੰਗਤ ਉਸ ਤੇ ਹਾਵੀ ਹੁੰਦੀ ਜਾਂਦੀ ਹੈ। ਕੇਸਾਂ ਦਾੜ੍ਹੀ ਬਾਰੇ ਉਸਦੇ ਮਨ ‘ਚ ਹੁੱਜਤਾਂ ਭਰੀਆਂ ਜਾਂਦੀਆਂ ਹਨ ‘ਤੇ ਅੰਤ ਇੱਕ ਦਿਨ….। ਸਚਮੁਚ ਜੇ ਮਨ ਕਰਕੇ ਸਿੱਖੀ ਪਖੋ ਜਾਗਦਾ ਹੁੰਦਾ, ਤਾਂ ਐਬ ਉਸ ਅੰਦਰ ਪੈਦਾ ਹੋ ਹੀ ਨਹੀਂ ਸਨ ਸਕਦੇ। ਜੇ ਅੰਦਰ ਸਿੱਖੀ ਹੈ ਹੀ ਨਹੀਂ ਸੀ ਤਾਂ ਕੇਸਾਂ ਦੀ ਅਸਲੀਅਤ ਦਾ ਗਿਆਨ ਕਿਵੇਂ ਹੁੰਦਾ? ਹੁਣ ਤਾਂ ਅੰਦਰ ਐਬਾਂ ਦੀ ਵਿਸ਼ਟਾ ਵੀ ਭਰ ਗਈ, ਪਤਿੱਤ ਹੁੰਦੇ ਦੇਰ ਨਹੀਂ ਲਗਦੀ।
ਸਿੱਟਾ ਇਹ ਕਿ ਮਨੁੱਖ ਦੀ ਸਾਂਝ ਜਦੋਂ ਗੁਣਾਂ ਨਾਲ ਹੁੰਦੀ ਹੈ ਤਾਂ ਉਹ ਬਦੋਬਦੀ ਸਿੱਖੀ ਨੇੜੇ ਆਊਂਦਾ ਤੇ ਅੰਤ ਸਿੱਖ ਸੱਜ ਜਾਂਦਾ ਹੈ। ਪਰ ਜਦੋਂ ਉਸ ਅੰਦਰ ਅਉਗਣ, ਵਿੱਭਚਾਰ, ਕਮਜ਼ੋਰੀਆਂ ਭਰ ਜਾਂਦੀਆਂ ਹਨ ਤਾਂ ਬਹੁਤੀ ਦੇਰ ਸਿੱਖ ਨਹੀਂ ਰਹਿ ਸਕਦਾ। ਕਿਸੇ ਧਰਮ ਦੇ ਆਪਣੇ ਆਪ ‘ਚ ਸਰਬੋਤਮ ਹੋਣ ਦੀ ਇਸਤੋ ਵੱਡੀ ਪਛਾਣ ਹੋਰ ਕੀ ਹੋ ਸਕਦੀ ਹੈ। ਇਹ ਮਾਪ ਦੰਡ ਹੋਰ ਕਿੱਧਰੇ ‘ਤੇ ਸੰਸਾਰ ਦੇ ਹੋਰ ਕਿਸੇ ਧਰਮ ਉਪਰ ਲਾਗੂ ਨਹੀਂ ਹੁੰਦਾ, ਲਾਗੂ ਹੰਦਾ ਹੈ ਕੇਵਲ ਸਿੱਖ ਧਰਮ ਉਪਰ। ਤਾਂਤੇ ਮੇਰੇ ਵੀਰ! ਸ਼ਾਇਦ ਹੁਣ ਤਾਂ ਤੂੰ ਘੋਖ ਸਕੇਂਗਾ ਕਿ ਤੂੰ ਅਜ ਕਿਥੇ ਖੜਾ ਹੈਂ?
Including this Self Learning Gurmat Lesson No 153

ਪਤਿਤਪੁਣੇ ਵਲ ਵੱਧ ਰਹੇ ਵੀਰੋ ਤੇ ਭੈਣੋ!

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808  

web site- www.gurbaniguru.com

 
.