.

ਗੁਰਬਾਣੀ ਦਾ ਰੱਬ

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਗੁਰੂ ਨਾਨਕ ਪਾਤਸ਼ਾਹ ਦੇ ਇਸ ਜੱਗ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਖਿਤੇ ਵਿੱਚ “ਜਿਨ੍ਹੇ ਕੰਕਰ ਉਨ੍ਹੇ ਸ਼ੰਕਰ” ਦਾ ਮੁਹਾਵਰਾ ਬਹੁਤ ਪ੍ਰਚੱਲਤ ਸੀ ਤੇ ਇਸੇ ਨੂੰ ਅਧਾਰ ਬਣਾ ਕੇ ਮੁਗਲਾਂ ਨੇ ਭਾਰਤੀ ਖਿਤੇ ਦੇ ਲੋਕਾਂ ਨੂੰ 1000 ਸਾਲ ਤਕ ਗੁਲਾਮ ਬਣਾਇਆ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਹੁਤ ਪਹਿਲਾਂ ਮਹਾਤਮਾ ਬੁੱਧ ਜੀ ਆਏ ਤੇ ਉਨ੍ਹਾਂ ਆਰੀਅਨ ਲੋਕਾਂ ਦੇ ਰੱਬ ਨੂੰ ਠੁਕਰਾ ਦਿੱਤਾ ਤੇ ਕਿਹਾ ਕਿ ਜੋ ਰੱਬ ਮਨੁੱਖਤਾ ਵਿਚੋਂ ਪਿਆਰ, ਭਰਾਤਰੀ ਭਾਵ ਨੂੰ ਖਤਮ ਕਰਦਾ ਹੈ ਮੈਂ ਉਸ ਰੱਬ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹਾਂ। ਭਾਵੇ ਬੁੱਧ ਮੱਤ ਨੇ ਹਿੰਦੂ ਮੱਤ ਨੂੰ ਬਹੁਤ ਮਾਤ ਪਾਈ, ਭਾਰਤੀ ਖਿਤੇ ਵਿਚੋਂ ਹਿੰਦੂ ਮੱਤ ਨੂੰ ਅਲੋਪ ਕਰ ਦਿੱਤਾ ਪਰ ਫਿਰ ਵੀ ਸ਼ੰਕਰਾਅਚਾਰੀਆ ਨੇ ਸੋਚੀ ਸਮਝੀ ਚਾਲ ਮੁਤਾਬਕ ਅੱਠਵੀਂ ਸਦੀ ਵਿੱਚ ਹਿੰਦੂ ਮੱਤ ਨੂੰ ਸੁਰਜੀਤ ਕਰਨ ਲਈ ਬੁਧ ਮੱਤ ਦਾ ਭਾਰਤ ਵਿਚੋਂ ਬਿਲਕੁਲ ਸਫਾਇਆ ਕਰ ਦਿੱਤਾ। ਫਿਰ ਹਜ਼ਰੱਤ ਮੁਹੰਮਦ ਸਾਹਿਬ ਨੇ ਵੀ ਇੱਕ ਅੱਲਾ ਤਾਲਾ ਦੇ ਹੋਣ ਦਾ ਪ੍ਰਚਾਰ ਕੀਤਾ ਪਰ ਹਾਲੇ ਵੀ ਬਹੁਤ ਵੱਡੇ ਇਲਾਕੇ ਵਿੱਚ ਆਰੀਅਨ ਲੋਕ ਇੱਟਾਂ ਵੱਟੇ, ਨਦੀਆਂ ਨਾਲੇ, ਥਲ ਡੂੰਗਰ ਅਸਗਾਹ, ਪਸ਼ੂਆਂ ਪੰਛੀਆਂ ਨੂੰ ਪੂਜ ਰਹੇ ਸਨ ਤੇ ਮਨੁੱਖਤਾ ਦਾ ਘਾਣ ਹੋ ਰਿਹਾ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਰੱਬ ਦੀ ਹੋਂਦ ਦੀ ਗੱਲ ਤਾਂ ਕੀਤੀ ਪਰ ਰੱਬ ਦੀ ਹੋਂਦ ਨੂੰ ਮੰਦਰਾਂ ਮਸਜਦਾਂ ਵਿਚੋਂ ਕੱਢ ਕੇ ਹਰ ਮਨੁੱਖੀ ਜੀਵ-ਜੰਤੂ, ਪਸ਼ੂ-ਪੰਛੀ, ਘਾਹ-ਫੂਸ, ਟੋਏ-ਟਿਬੇ ਤੇ ਨਦੀਆਂ-ਨਾਲਿਆਂ ਵਿੱਚ ਰੱਬ ਦੀ ਹੋਂਦ ਦੇ ਹੋਣ ਦਾ ਹੋਕਾ ਦਿੱਤਾ।
ਆਪਣੇ ਤੋਂ ਬਹੁਤ ਪਹਿਲਾਂ ਹੋਏ ਬਾਬਾ ਫਰੀਦ ਜੀ ਦੇ ਵੀਚਾਰਾਂ ਨੂੰ ਆਪਣੀ ਹਿਕ ਨਾਲ ਲਾ ਕੇ ਰੱਬ ਨੂੰ ਜੰਗਲਾਂ ਬੇਲਿਆਂ ਵਿਚੋਂ ਬਾਹਰ ਕੱਢ ਕੇ ਮਨੁੱਖਤਾ ਵਿੱਚ ਰੱਬ ਦੇ ਵੱਸਣ ਦਾ ਪ੍ਰਚਾਰ ਕੀਤਾ। ਲੋਕਾਂ ਦੇ ਦਿਲਾਂ ਵਿੱਚ ਰੱਬ ਵੱਸਦੇ ਨੂੰ ਦੇਖਣਾ ਸਿੱਖ ਧਰਮ ਦੇ ਹਿਸੇ ਹੀ ਆਇਆ ਹੈ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ 1 9॥ {ਪੰਨਾ 1378}
ਫਰੀਦ ਜੀ ਦੇ ਇਨ੍ਹਾਂ ਫੁਰਮਾਣਾਂ ਦੇ ਬਾਵਜੂਦ ਵੀ ਕੀਰਤਨੀਏ ਗੁਰਕੀਰਤ ਸਿੰਘ ਨੇ ਬਾਬਾ ਫਰੀਦ ਜੀ ਨੂੰ ਬਾਰਾਂ ਸਾਲ ਲਈ ਜੰਗਲ ਵਿੱਚ ਪੁਠੇ ਲਟਕਾ ਦਿੱਤਾ ਤੇ ਅਸੀਂ ਨਾਸਮਝੀ ਕਾਰਣ ਉਸ ਨੂੰ ਮਾਲੋ ਮਾਲ ਕਰ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਤਾਂ ਕਣ ਕਣ ਤੇ ਜਰੇ ਜਰੇ ਵਿੱਚ ਰੱਬ ਦੀ ਹੋਂਦ ਦਾ ਢੰਢੋਰਾ ਪਿਟਿਆ, “ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥ ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥5॥ ਪੰਨਾ 1326॥” ਪਰ ਅਸੀਂ ਅੱਜ ਹਰ ਗੁਰਦਵਾਰੇ ਵਿੱਚ 10ਣ10 ਫੁੱਟ ਦਾ ਸੱਚ ਖੰਡ ਬਣਾ ਕੇ ਕਈ ਸਾਰੇ ਨਿਰੰਕਾਰਾਂ ਨੂੰ ਰਾਤ ਨੂੰ ਉਸ ਵਿੱਚ ਬੰਦ ਕਰਕੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਦਾਹਵਾ ਕਰਨ ਲੱਗ ਪਏ। ਜੇ ਕਿਸੇ ਗੁਰਦਵਾਰੇ ਦੇ ਭਾਈ ਜੀ ਨੂੰ ਇਹ ਪੁੱਛ ਹੀ ਲਿਆ ਜਾਵੇ ਕੇ ਜੇ ਅਹਿ ਸੱਚ ਖੰਡ ਹੈ ਤਾਂ ਜਿਥੇ ਦਿਨ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਜਾਂਦੇ ਹਨ ਉਸ ਥਾਂ ਦਾ ਕੀ ਨਾਉ ਹੈ? ਇਸਦਾ ਉਨ੍ਹਾਂ ਕੋਲ ਕੋਈ ਜਵਾਬ ਨਹੀ ਹੁੰਦਾ। ਹਾਂ ਭਾਈ ਵੀਰ ਸਿੰਘ ਜੀ ਵੀ ‘ਸਚ ਖੰਡਿ ਵਸੈ ਨਿਰੰਕਾਰੁ’ ਵਾਲੀ ਪਉੜੀ ਦਾ “ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸੈਂਚੀ ਪਹਿਲੀ)” ਪੰਨਾ168 ਤੇ ਇਹ ਲਿਖਦੇ ਹਨ, “ਇਉਂ ਤਾਂ ਉਸ ਨਿਰੰਕਾਰ ਦਾ ਕਿਸੇ ਦੇਸ਼ ਵਿੱਚ ਟਿਕਾਣਾ ਹੋ ਗਿਆ। ਫਿਰ ਉਹ ਇੱਕ ਦੇਸ਼ੀ ਤੇ ਇੱਕ ਦੇਸ਼ੀ ਹੋਣ ਕਰਕੇ ਪ੍ਰਣਾਮੀ ਹੋ ਗਿਆ” । ਤਦ ਓਥੇ ਪਉੜੀ 37 ਵਿੱਚ ‘ਖੰਡ, ਮੰਡਲ, ਬ੍ਰਹਮੰਡ, ਲੋਅ ਲੋਅ’ ਦੱਸਕੇ ਉਸਦੇ ‘ਸਰਬ ਵਿਆਪੀ’ ਹੋਣ ਦਾ ਭਾਵ ਦਰਸਾਉਂਦੇ ਹਨ। ਕਹਿਣ ਤੋਂ ਭਾਵ ਕਿ ਸਰਬ ਵਿਆਪਕ ਇੱਕ ਥਾਂ ਤੇ ਨਹੀ ਹੋ ਸਕਦਾ।
ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਇਨ੍ਹਾਂ ਪੰਗਤੀਆਂ ਤੋਂ ਰੱਬ ਜੀ ਦੇ ਬਾਰੇ ਕੁੱਝ ਇਸ ਤਰ੍ਹਾਂ ਮਹਿਸੂਸ ਹੋਇਆ ਹੈ।
ਗੁਪਤੁ ਪਰਗਟੁ ਤੂੰ ਸਭਨੀ ਥਾਈ॥ ਗੁਰ ਪਰਸਾਦੀ ਮਿਲਿ ਸੋਝੀ ਪਾਈ॥ ਨਾਨਕ ਨਾਮੁ ਸਲਾਹਿ ਸਦਾ ਤੂੰ, ਗੁਰਮੁਖਿ ਮੰਨਿ ਵਸਾਵਣਿਆ॥8॥24॥25॥ {ਪੰਨਾ 124} ਹੇ ਪ੍ਰਭੂ! ਤੂੰ ਸਭ ਥਾਵਾਂ ਵਿੱਚ ਮੌਜੂਦ ਹੈਂ, ਕਿਤੇ ਤੂੰ ਕਿਸੇ ਰੂਪ ਵਿੱਚ ਦਿਸ ਰਿਹਾ ਹੈਂ ਤੇ ਕਿਤੇ ਤੂੰ ਗੁਪਤ ਰੂਪ ਵਿੱਚ ਵਿਚਰ ਰਿਹਾ ਹੈਂ। ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਰਾਹੀਂ ਤੇਰੇ ਸਰਬ-ਵਿਆਪੀ ਹੋਣ ਦੀ ਸਮਝ ਪੈਂਦੀ ਹੈ।
ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਹੁਕਮ ਨੂੰ ਆਪਣੇ ਮਨ ਵਿੱਚ ਵਸਾਕੇ ਆਪਣਾ ਜੀਵਨ ਸਫਰ ਤਹਿ ਕਰਦਾ ਰਹੋ। ਇਹ ਹੈ ਉਸ ਪ੍ਰਮਾਤਮਾ ਦੀ ਹੋਂਦ ਨੂੰ ਮਨ ਵਿੱਚ ਵਸਾਉਣਾ। 8. 24. 25.
2. ਰਾਗੁ ਆਸਾ ਮਹਲਾ 1 ਛੰਤ ਘਰੁ 2
ੴ ਸਤਿਗੁਰ ਪ੍ਰਸਾਦਿ॥ ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ॥ ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ॥
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਦਾਤਾਂ ਦੇਣ ਵਾਲਾ ਹੈਂ ਤੇ ਮਨੁੱਖੀ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਦੁਖਾਂ ਸੁਖਾਂ ਦਾ ਨਾਸ ਕਰਨ ਵਾਲਾ ਹੈਂ।
3. ਆਸਾ ਘਰੁ 8 ਕਾਫੀ ਮਹਲਾ 5
ੴ ਸਤਿਗੁਰ ਪ੍ਰਸਾਦਿ॥ ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ॥ ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ॥1॥ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ॥ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ॥1॥ਰਹਾਉ ॥
ਹੇ ਪ੍ਰਭੂ ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ। (ਹੇ ਭਾਈ ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ। 1. ਰਹਾਉ।
ਹੇ ਭਾਈ ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ, ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁੱਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ।
ਹੇ ਪ੍ਰਭੂ ! ਮੇਰੇ ਪਾਸ ਜੋ ਕੁੱਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ। 1.
ਜਹ ਦੇਖਾ ਤੂ ਸਭਨੀ ਥਾਈ॥ ਪੂਰੈ ਗੁਰਿ ਸਭ ਸੋਝੀ ਪਾਈ॥ ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ॥12॥ {ਪੰਨਾ 1051-1052} ਹੇ ਪ੍ਰਭੂ ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿੱਚ ਵੱਸਦਾ ਮੈਨੂੰ ਦਿੱਸਦਾ ਹੈਂ, ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ। ਹੇ ਭਾਈ ! ਹਮੇਸ਼ਾ ਹੀ ਪ੍ਰਮਾਤਮਾਂ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰ ਫਿਰ ਤੇਰਾ ਮਨ ਪ੍ਰਭੂ ਗੁਣਾਂ ਵਿੱਚ ਰੰਗਿਆ ਜਾਵੇਗਾ। 12.
ਅਗਮ ਅਗੋਚਰੁ ਸਚੁ ਸਾਹਿਬੁ ਮੇਰਾ॥ ਨਾਨਕੁ ਬੋਲੈ ਬੋਲਾਇਆ ਤੇਰਾ॥4॥23॥29॥ {ਪੰਨਾ 743}
ਹੇ ਪ੍ਰਭੂ ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ । (ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰਣ ਕਰ ਰਿਹਾ ਹੈ । 4. 23. 29.
ਗੁਰੁ ਨਾਨਕ ਪਾਤਸ਼ਾਹ ਦੀਆਂ ਇਨ੍ਹਾਂ ਪੰਗਤੀਆਂ ਮੁਤਾਬਕ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਤੇ ਉਹ ਨਿਰਾਕਾਰ ਹੈ। ਇਹ ਸੱਚ ਹੈ। ਫਿਰ ਜੇ ਕੋਈ ਵਿਆਕਤੀ ਇਹ ਕਹੇ ਕਿ ਰੱਬ ਜੀ ਮੇਰੇ ਕੋਲ ਆ ਕੇ ਦਰਸਨ ਦਿੰਦੇ ਹਨ ਤਾਂ ਸਮਝੋ ਉਹ ਝੂਠ ਬੋਲ ਰਿਹਾ ਹੈ। ਉਹ ਇਸ ਤਰ੍ਹਾਂ ਵੱਸ ਵਿੱਚ ਨਹੀ ਆਉਂਦਾ, ਉਹ ਕਿਸੇ ਤੇ ਰੀਝਦਾ ਨਹੀ, ਉਹ ਪਾਠ ਕਰਨ ਕਰਵਾਉਣ ਨਾਲ, ਉਹ ਰਮਤੇ ਸ਼ਾਧੂਆਂ ਵਾਂਗ ਧਰਤੀ ਦਾ ਭਰਮਣ ਕਰਣ ਨਾਲ, ਉਹ ਦਾਨ ਦੇਣ ਤੇ ਲੈਣ ਨਾਲ ਤੇ ਹੋਰ ਕਿਸੇ ਕਿਸਮ ਦੀਆ ਚਤਰਾਈਆਂ ਨਾਲ ਵੀ ਵਸ ਵਿੱਚ ਨਹੀ ਆਉਂਦਾ।
ਪਉੜੀ॥ ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥10॥ {ਪੰਨਾ 962}
ਹੇ ਅਪਹੁੰਚ ਤੇ ਅਗੋਚਰ ਪ੍ਰਭੂ ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ) । ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ, ਉਨ੍ਹਾਂ ਵਿੱਚ ਵਸਦਾ ਹੈਂ ਜੋ ਸਦਾ ਤੇਰੇ ਹੁਕਮਾਂ/ਨਿਯਮਾਂ ਅਨੁਸਾਰ ਜਿਉਂਦੇ ਹਨ। ਉਨ੍ਹਾਂ ਨੂੰ ਤੇਰਾ ਹੀ ਆਸਰਾ ਹੈ। । 10.
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ॥ ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥4॥1॥ {ਪੰਨਾ 795}
ਜਿਵੇਂ ਕਿਸੇ ਗਲੀ ਵਿੱਚ ਕੋਈ ਓਪਰਾ ਕੁਤਾ ਆ ਜਾਵੇ ਤਾਂ ਉਹ ਆਪਣੇ ਬਚਾਓ ਲਈ ਉਸ ਗਲੀ ਦੇ ਕੁਤਿਆਂ ਨੂੰ ਦੇਖ ਕੇ ਚਊਂ ਚਊਂ ਕਰਦਾ ਹੈ ਤੇ ਡਰਦਾ ਮਾਰਿਆ ਚੰਗੀ ਤਰ੍ਹਾਂ ਭਉਂਕ ਵੀ ਨਹੀ ਸਕਦਾ ਇਸੇ ਹੀ ਤਰ੍ਹਾਂ ਗੁਰੂ ਨਾਨਾਕ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ ਇੱਥੇ ਅਨੇਕਾਂ ਵਿਕਾਰ ਹਨ ਤੇ ਮੈਂ ਇਕੱਲਾ ਇਨ੍ਹਾਂ ਵਿੱਚ ਘਿਰ ਗਿਆ ਹਾਂ ਤੇ ਆਪਣੇ ਬਚਾਓ ਲਈ ਤੇਰੀ ਸਿਫਤ ਸਲਾਹ ਕਰਦਾ ਹਾਂ। ਪਰ ਜੇ ਮੈਂ ਭਗਤ ਹੀਣ ਭਾਵ ਚੰਗੇ ਗੁਣਾਂ ਤੋਂ ਸੱਖਣਾ ਰਹਿ ਗਿਆ ਤਾਂ ਇਸਦਾ ਦੋਸ਼ ਹੇ ਪ੍ਰਮਾਤਮਾ ਜੀ ਮੈਂ ਤੈਨੂੰ ਨਹੀ ਦੇ ਸਕਦਾ ਕਿਉਂ ਕਿ ਕੰਮ ਤਾ ਮੈਂ ਕੋਈ ਚੰਗਾ ਨਹੀ ਕੀਤਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਕਿਸ ਨੇ ਬਣਾਇਆ। ਇਸਦਾ ਜਵਾਬ ਗੁਰੂ ਨਾਨਕ ਸਾਹਿਬ ‘ਜਪੁ’ ਬਾਣੀ ਦੇ ਸ਼ੁਰੂ ਵਿੱਚ ਤੇ ‘ਆਸਾ ਕੀ ਵਾਰ’ ਵਿੱਚ ਦਿੰਦੇ ਹਨ।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਸਲੋਕੁ॥ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ॥ ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥1॥
ਪਉੜੀ॥ ਓਅੰ ਸਾਧ ਸਤਿਗੁਰ ਨਮਸਕਾਰੰ॥ ਆਦਿ ਮਧਿ ਅੰਤਿ ਨਿਰੰਕਾਰੰ॥ ਆਪਹਿ ਸੁੰਨ ਆਪਹਿ ਸੁਖ ਆਸਨ॥ ਆਪਹਿ ਸੁਨਤ ਆਪ ਹੀ ਜਾਸਨ॥ ਆਪਨ ਆਪੁ ਆਪਹਿ ਉਪਾਇਓ॥ ਆਪਹਿ ਬਾਪ ਆਪ ਹੀ ਮਾਇਓ॥ ਆਪਹਿ ਸੂਖਮ ਆਪਹਿ ਅਸਥੂਲਾ॥ ਲਖੀ ਨ ਜਾਈ ਨਾਨਕ ਲੀਲਾ੍‍॥1॥ {ਪੰਨਾ 250}
ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ। ਹੇ ਨਾਨਕ ! ਉਹ ਆਪ ਹੀ ਸਾਰੇ ਜਗਤ ਵਿੱਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ। 1.
ਪਉੜੀ : -ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ, ਜੋ ਜਗਤ ਦੇ ਸ਼ੁਰੂ ਵਿੱਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿੱਚ ਭੀ ਆਪ ਹੀ ਰਹੇਗਾ। (ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿੱਚ ਟਿਕਿਆ ਹੁੰਦਾ ਹੈ, ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।
ਆਪਣੇ ਆਪ ਨੂੰ ਦਿੱਸਦੇ ਸਰੂਪ ਵਿੱਚ ਲਿਆਉਣ ਵਾਲਾ ਭੀ ਆਪ ਹੀ ਹੈ, ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ। ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।
ਹੇ ਨਾਨਕ ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ। 1.

ਪਉੜੀ॥ ਆਪੀਨੈ੍ ਆਪੁ ਸਾਜਿਓ ਆਪੀਨੈ੍ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥॥1॥ {ਪੰਨਾ 463}
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
ਵਡਹੰਸੁ ਮਹਲਾ 1 ਦਖਣੀ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ॥ ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ॥1॥ ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ ਰਹਾਉ ॥ ਪੰਨਾ 580॥
ਉਪਰਲੀ ਸਾਰੀ ਵੀਚਾਰ ਤੋਂ ਇਹ ਜਾਹਰ ਹੁੰਦਾ ਹੈ ਕਿ ਗੁਰਬਾਣੀ ਦੇ ਰੱਬ ਜੀ ਕੁਦਰਤੀ ਨਿਯਮਾਂ ਵਿੱਚ ਸਮਾਏ ਹੋਏ ਹਨ ਤੇ ਇਹ ਨਿਯਮ ਕਿਸੇ ਨਾਲ ਵੈਰ ਨਹੀ ਕਰਦੇ, ਲਾਲਚ ਵਿੱਚ ਨਹੀ ਆਉਂਦੇ, ਪਾਠ ਤੇ ਅਰਦਾਸ ਕਰਨ ਨਾਲ ਵੀ ਵਸ ਵਿੱਚ ਨਹੀ ਆਉਂਦੇ। ਸਾਰੇ ਖੰਡ ਬ੍ਰਹਮੰਡ ਤੇ ਸਾਰੀ ਕਾਇਨਾਤ ਤੇ ਕੁਦਰਤ ਖੁਦ ਕਿਸੇ ਨਿਯਮ ਵਿੱਚ ਚੱਲ ਰਹੀ ਹੈ। ਗੁਰਬਾਣੀ ਦੇ ਰੱਬ ਜੀ ਸਾਨੂੰ ਬਖਸ਼ਿਸ਼ ਵੀ ਸੱਚੇ ਪਿਆਰ ਦੀ ਹੀ ਕਰਦੇ ਹਨ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ।
.