.

ਗੁਰੂ ਗੋਬਿੰਦ ਸਿੰਘ ਅਤੇ ਅਖੌਤੀ ਦਸਮ ਗਰੰਥ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.
ਸਾਬਕਾ ਪ੍ਰੋ: ਗੁਰੂ ਨਾਨਕਦੇਵ ਯੂਨੀਵਰਸਿਟੀ ਅੰਮਿ੍ਤਸਰ

ਦਸਮ ਗਰੰਥ ਨਾਲ ਸੰਬੰਧਤ ਸਾਰੀਆਂ ਕਹਾਣੀਆਂ ਹਾਲੇ ਵੀ ਜੀਉਂਦੀਆਂ ਹਨ ਭਾਵੇਂ ਡਾਕਟਰ ਰਤਨ ਸਿੰਘ ਜੱਗੀ ਨੇ ਆਪਨੇ “ਪੀ. ਐੱਚ. ਡੀ.” ਦੇ ਥੀਸਿਸ ਵਿੱਚ ਸਾਬਤ ਕਰ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਨਾਲ ਕੋਈ ਤੁਅੱਲਕ ਨਹੀਂ। ਇਸ ਝਗੜੇ ਦੀ ਮੋਢੀ ਕਹਾਣੀ ਨੂੰ ਜੀਉਂਦੀਆਂ ਰੱਖਣ ਵਾਲਿਆਂ ਦਾ ਮਕਸਦ ਅਤੇ ਮਨੋਰਥ ਹੈ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾਈ ਰਖਣਾ ਅਤੇ ਆਪੋ ਵਿਚੀ ਲੜਾਉਣਾ। ਇਸ ਲੇਖ ਵਿੱਚ ਸਾਡਾ ਯਤਨ ਹੈ ਕਿ ਤਰਕ ਅਤੇ ਦਲੀਲ ਦੁਆਰਾ ਸਿੱਖ ਜਗਤ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਕਿ ਖੋਜ ਤੋਂ ਉਪਜੇ ਤੱਥ ਕੀ ਫੇਸਲਾ ਦਿੰਦੇ ਹਨ। ਇਨ੍ਹਾਂ ਨੂੰ ਗੌਹ ਨਾਲ ਵਿਚਾਰਨਾ ਗੁਰਸਿਖਾਂ ਦਾ ਆਪਣਾ ਫਰਜ ਹੀ ਨਹੀੰ ਸਗੌਂ ਇਸ ਝਗੜੇ ਨੂੰ ਸਦਾ ਲਈ ਮੁਕਾਉਣਾ ਅਤੇ ਵਿਰੋਧੀਆਂ ਦੀਆਂ ਚਾਲਾਂ ਤੋਂ ਸਦਾ ਲਈ ਸੁਚੇਤ ਰਹਿਣ ਦਾ ਫੇਸਲਾ ਕਰਨਾ ਹੈ। ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਨ ਦਾ ਇਕ ਉਦੇਸ਼ ਇਹ ਵੀ ਸੀ ਕਿ ਕੱਚੀ ਬਾਣੀ ਪਾਉਣ ਵਾਲਿਆਂ ਦੀਆਂ ਸ਼ਰਾਰਤਾਂ ਅਤੇ ਸਾਜ਼ਸ਼ਾਂ ਨੂੰ ਠੱਲ੍ਹ ਲਾਈ ਜਾਏ। ਅਖੌਤੀ ਦਸਮ ਗਰੰਥ ਵਿੱਚ ਇਹੋ ਜੇਹੀ ਸ਼ਬਦਾਬਲੀ ਵਰਤੀ ਗਈ ਹੈ ਜਿਸ ਨੂੰ ਧੀਆਂ ਭੇਣਾਂ ਦੀ ਹਾਜ਼ਰੀ ਵਿਚ ਪੜ੍ਹਣਾ ਮੁਸ਼ਕਲ ਹੀ ਨਹੀਂ ਸਗੋਂ ਸੱਭਿਅਤਾ ਦੀਆਂ ਸਾਰੀਆਂ ਤੰਦਰੁਸਤ ਤੰਦਾਂ ਨੂੰ ਤੋੜਣਾ ਹੈ। ਗੰਭੀਰ ਖੋਜ ਤੋਂ ਉਪਜੇ ਸਿੱਟੇ ਹੇਠਾਂ ਪੇਸ਼ ਕੀਤੇ ਗਏ ਹਨ। ਆਪ ਜੀ ਪੜੋ ‘ਤੇ ਵਿਚਾਰੋ, ਫੈਸਲਾ ਤੁਸਾਂ ਕਰਨਾ ਹੈ।
(1) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਲਿਖੀ ਗਈ ਹੈ। ਅਖੌਤੀ ਦਸਮ ਗਰੰਥ ਦੀ ਬਾਣੀ ਛੰਦਾਂ ਵਿੱਚ ਲਿਖੀ ਹੋਈ ਹੈ ਜੋ ਹਿੰਦੂ ਧਰਮ ਦੇ ਲਿਖਾਰੀਆਂ ਦੀ ਪਰੰਪਰਾ ਰਹੀ ਹੈ । ਪਿਛੋਂ ਕੁਝ ਕੁ ਲਿਖਤਾਂ ਰਾਗਾਂ ਵਿੱਚ ਹਨ ਜੋ ਇੱਕ ਫੀ ਸਦੀ ਤੋਂ ਵੀ ਘੱਟ ਹਨ।
(2) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਪੰਜਾਬੀ ਬੋਲੀ ਦੀਆਂ ਸਥਾਨਕ ਬੋਲੀਆਂ ਦੀ ਵਰਤੌਂ ਕਰਦੀ ਹੈ। ਅਖੌਤੀ ਦਸਮ ਗਰੰਥ ਪਹਾੜੀ ਬੋਲੀ ਦੀ ਹੀ ਵਰਤੌਂ ਕਰਦਾ ਹੈ ਜਿੱਸ ਦਾ ਪੰਜਾਬੀ ਨਾਲ ਦੂਰ ਦਾ ਵੀ ਸੰਬੰਧ ਨਹੀਂ।
(3) ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਸੰਮਤ 1705 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਰਚਤ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਵਾਈ ਸੀ ਜਿੱਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ 1604 ਈਸਵੀ ਦੀ ਰਚਤ ਬੀੜ ਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ ।
(4) ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ।
(5) ਗੁਰੂ ਗੌਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਲਿਖੀ । ਇਸ ਦਾ ਸਬੂਤ ਹੈ ਕਿ ਜੇ ਉਨਾਂ ਨੇ ਕੋਈ ਬਾਣੀ ਲਿਖੀ ਹੁੰਦੀ ਤਾਂ ਉਹ ਜ਼ਰੂਰ ਇਸ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਦੇ ਜਿਸ ਵੇਲੇ ਉਨਾਂ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਮਦਮਾ ਸਾਹਿਬ ਵਿਖੇ ਦਰਜ ਕਰਵਾਈ ਸੀ ।
(6) ਕੱਚੀ ਬਾਣੀ ਲਿਖਣ ਵਾਲਿਆਂ ਵੀ ਗੁਰੂ ਨਾਨਕ ਜੀ ਦਾ ਨਾਉਂ ਵਰਤਿਆ ਸੀ ਤਾਂ ਜੋ ਲੋਕ ਸ਼ਬਦ ਨਾਨਕ ਦੀ ਮੋਹਰ ਲੱਗਣ ਨਾਲ ਇਸ ਨੂੰ ਸੱਚੀ ਬਾਣੀ ਸਮਝਣ ਦਾ ਭੁਲੇਖਾ ਖਾ ਲੈਣ। ਅਖੌਤੀ ਦਸਮ ਗਰੰਥ ਵਿੱਚ ਗੁਰੂ ਨਾਨਕ ਦੀ ਮੋਹਰ ਕਿਤੇ ਵੀ ਲੱਗੀ ਨਹੀਂ ਮਿਲਦੀ । ਸੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀੰ ਮੰਨੀ ਜਾ ਸਕਦੀ ।
(7) ਕੁਝ ਲੋਕ ਦਲੀਲ ਦੇਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਪਾਉਣੀ ਭੁੱਲ ਗਏ ਸਨ। ਉਨਾਂ ਸ਼ਰਧਾਲ਼ੂਆਂ ਦਾ ਧਿਆਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਿਤੀ ਹੇਠ ਲਿਖੀ ਬਾਣੀ ਵੱਲ ਦੁਆਇਆ ਜਾਂਦਾ ਹੈ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਨਾਨਕ ਸਾਚੁ ਨ ਵਿਸਰੈ ਮੇਲੇ ਸਬਦੁ ਅਪਾਰੁ ॥8॥12॥ 1
ਮਹਲਾ 1 ਅ:ਗ:ਗ:ਸ ਪੰਨਾ 61

(8) ਅਖੌਤੀ ਦਸਮ ਗਰੰਥ ਵਿੱਚ ਜਹਾਂਗੀਰ ਨੂੰ ਇੱਕ ਆਦਲ ਭਾਵ ਇਨਸਾਫ ਪਸੰਦ ਬਾਦਸ਼ਾਹ ਕਹਿ ਕੇ ਸਲਾਹਿਆ ਗਿਆ ਹੈ। ਇਹ ਤੁਕ ਹੇਠ ਦਿੱਤੀ ਗਈ ਹੈ। ਇੱਸ ਦਾ ਮੁਲਾਹਜ਼ਾ ਕਰੋ।
ਜਹਾਂਗੀਰ ਆਦਿਲ ਮਰਿ ਗਯੋ ॥ ਸ਼ਾਹਿਜਹਾਂ ਹਜਰਤਿ ਜੂ ਭਣੋ॥1॥ 2
ਅਖੌਤੀ ਦਸਮ ਗਰੰਥ ਪੰਨਾ 916
ਦਸਮ ਗ੍ਰੰਥ ਪ੍ਰਕਾਸ਼ਕ: ਭਾਈ ਚਤਰ ਸਿਘ ਜੀਵਨ ਸਿੰਘ, ਅੰਮ੍ਰਿਤਸਰ, 1998।
ਕੀ ਤੁਸੀਂ ਇਸ ਨੂੰ ਸੱਚ ਮੰਨੋਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋ ਸਕਦੀ ਹੈ? ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਏ ਦਿੱਤੇ ਸਨ ਜਿਨਾਂ ਕਾਰਨ ਉਹ ਸ਼ਹੀਦੀ ਪਾ ਗਏ ਸੀ। ਜਹਾਂਗੀਰ ਆਪਣੀ ਜੀਵਨੀ ਵਿੱਚ ਇੱਸ ਗੱਲ ਨੂੰ ਬੜੇ ਗੌਰਵ ਨਾਲ ਲਿਖਦਾ ਹੈ। ਗੁਰੂ ਹਰਗੋਬਿੰਦ ਜੀ ਨੂੰ ਲੱਗ ਭੱਗ ਅੱਠ ਸਾਲ ਗਵਾਲੀਆਰ ਦੇ ਕਿਲੇ ਵਿੱਚ ਜਹਾਂਗੀਰ ਨੇ ਨਜ਼ਰਬੰਦ ਰਖਿਆ ਸੀ। ਕੀ ਕੋਈ ਸੂਝ ਬੂਝ ਰੱਖਣ ਵਾਲਾ ਵਿਅਕਤੀ ਇਹ ਮੰਨਣ ਲਈ ਤਿਆਰ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਅਖੌਤੀ ਦਸਮ ਗ੍ਰੰਥ ਵਿੱਚ ਜਹਾਂਗੀਰ ਦੀ ਸਿਫਤ ਵਾਸਤੇ ਕੋਈ ਸ਼ਬਦ ਲਿਖਣਗੇ। ਗੁਰੂ ਗੋਬਿੰਦ ਸਿੰਘ ਜੀ ਤਾਂ ਔਰੰਗਜ਼ੇਬ ਦੇ ਸਮਕਾਲੀ ਸਨ ਉਨ੍ਹਾਂ ਦਾ ਜਹਾਂਗੀਰ ਬਾਰੇ ਕੁਝ ਲਿਖਣ ਦਾ ਕੀ ਭਾਵ ਹੋ ਸਕਦਾ ਹੈ? ਇਸ ਨੂੰ ਲਿਖਣ ਵਾਲੇ ਤਾਂ ਜਹਾਂਗੀਰ ਦੇ ਚਾਪਲੂਸ ਹੀ ਹੋ ਸਕਦੇ ਹਨ ਜਿਨ੍ਹਾਂ ਉਸ ਕੋਲੋਂ ਕੋਈ ਕੰਮ ਕਢਣਾ ਹੋਵੇਗਾ।

(9-ੳ) ਸ੍ਰੀ ਗੁਰੂ ਗਰੰਥ ਸਾਹਿਬ ਅਤੇ ਅਖੌਤੀ ਦਸਮ ਗਰੰਥ ਦੇ ਅਧਿਆਨ ਤੋਂ ਪਤਾ ਲੱਗ ਦਾ ਹੈ ਕਿ ਦੋਵਾਂ ਵਿੱਚ ਵਰਤੇ ਗਏ ਕੁਝ ਸ਼ਬਦ ਸਾਂਝੇ ਹਨ। ਪਰ ਇਨਾਂ ਦੀ ਵਰਤੋਂ ਦਾ ਸੰਦਰਭ ਅਤੇ ਅਰਥ ਦੋਵਾਂ ਗਰੰਥਾਂ ਵਿੱਚ ਬਿਲਕੁਲ ਵੱਖਰੇ ਹਨ।

ਮਿਸਾਲ ਵਜੋਂ ਅੰਮ੍ਰਿਤ ਸ਼ਬਦ ਅਖੌਤੀ ਦਸਮ ਗਰੰਥ ਵਿੱਚ ਦੋ ਵਾਰੀ ਆਇਆ ਹੈ। ਇਹ ਤੁਕਾਂ ਹੇਠਾਂ ਦਿਤੀਆਂ ਗਈਆਂ ਹਨ।

ਚਿਤਾ ਜਰਾਇ ਜਰਨ ਜਬ ਲਾਗਯੋ ॥ ਤਬ ਬੈਤਾਲ ਤਹਾ ਤੇ ਜਾਗਯੋ ॥
ਸੀੰਚਿ ਅੰਮ੍ਰਿਤ ਤਿਹ ਦੁਹੁੰਨ ਜਿਯਾਯੋ ॥ ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥64॥ 3
ਅਖੌਤੀ ਦਸਮ ਗਰੰਥ ਪੰਨਾ 929

ਸੁਨੁ ਰਾਜਾ ਤੈਂ ਪਰ ਮੈਂ ਅਟਕੀ ॥ ਭੂਲਿ ਗਈ ਸਭ ਹੀ ਸੁਧਿ ਘਟ ਕੀ ॥
ਜੋ ਮੁਹਿ ਅਬ ਤੁਮ ਦਰਸ ਦਿਖਾਵੋ ॥ ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥6॥ 4
ਅਖੌਤੀ ਦਸਮ ਗਰੰਥ ਪੰਨਾ 1310

ਇਨਾਂ ਦੋਵਾਂ ਤੁਕਾਂ ਵਿਚ ਅੰਮ੍ਰਿਤ ਸ਼ਬਦ ਦੇ ਅਰਥ ਮੋਏ ਨੂੰ ਜੀਉਂਦਾ ਕਰਨ ਲਈ ਵਰਤੇ ਗਏ ਹਨ । ਪਹਿਲੀ ਤੁਕ (3) ਵਿੱਚ ਇੱਕ ਰਾਜਾ ਅਪਣੇ ਅਪਰਾਧ ਦੇ ਪਛਤਾਵੇ ਵਿੱਚ ਚਿਤਾ ਵਿੱਚ ਬੈਠ ਜਲ ਮਰਨ ਲਈ ਤਿਆਰ ਹੈ ਕਿਉਂਕਿ ਉਸ ਹਥੋਂ ਬਰਾਹਮਣ ਅਤੇ ਉਸਦੀ ਪਰੇਮਕਾ ਦੋਵੇਂ ਮਾਰੇ ਗਏ ਹਨ । ਇਕ ਬੈਤਾਲ ਨੇ ਮਰ ਚੁੱਕੇ ਪਰੇਮੀ ਅਤੇ ਉਸਦੀ ਪਰੇਮਕਾ ਦੇ ਮੂੰਹਾਂ ਵਿੱਚ ਅੰਮ੍ਰਿਤ ਪਾ ਕੇ ਦੋਵੇਂ ਜੀਉਂਦੇ ਕਰਕੇ ਰਾਜੇ ਨੂੰ ਬਚਾ ਲਇਆ ਹੈ। ਦੂਜੀ ਤੁਕ (4) ਵਿੱਚ ਮਹਬੂਬਾ ਆਪਣੇ ਮਹਬੂਬ ਜੋ ਇੱਕ ਰਾਜਾ ਹੈ ਦੇ ਪਿਆਰ ਲਈ ਤੜਪ ਰਹੀ ਹੈ ਅਤੇ ਬੇਨਤੀ ਕਰ ਰਹੀ ਹੈ ਕਿ ਉਹ ਮਰ ਚੱਲੀ ਹੈ। ਇੱਸ ਲਈ ਉਸ ਦਾ ਮਹਬੂਬ (ਰਾਜਾ) ਉਸ ਦੇ ਮੂੰਹ ਵਿੱਚ ਅੰਮ੍ਰਿਤ ਪਾ ਕੇ ਉਸਨੂੰ ਜੀਉਂਦੀ ਕਰ ਲਏ।
ਤੁਕਾਂ (5 ਅਤੇ 6) ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਦਿਤੀਆਂ ਗਈਆਂ ਹਨ । ਇਨਾਂ ਵਿੱਚ ਅੰਮ੍ਰਿਤ ਦੇ ਅਰਥ ਟਕਸਾਲ਼ੀ ਹੀ ਹਨ ਪਰ ਕਟਾਖ ਵਿੱਚ ਦਿਤੇ ਗਏ ਹਨ । ਗੁਰੂ ਨਾਨਕ ਦੇਵ ਜੀ ਆਖ ਰਹੇ ਹਨ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਮਰ ਸਮਝ ਸੰਸਾਰ ਵਿੱਚ ਮਾੜੇ ਕੰਮ ਕਰਨ ਲਗ ਪੈਂਦਾ ਹੈ। ਉਹ ਇਸ ਭੁਲੇਖੇ ਵਿੱਚ ਜੀਵਨ ਦਾ ਅਸਲੀ ਮਨੋਰਥ ਭੁੱਲ ਜਾਂਦਾ ਹੈ ਅਤੇ ਅੰਤ ਸਮੇਂ ਪਛਤਾਵਾ ਕਰਦਾ ਹੈ ਕਿ ਉਸ ਆਪਣਾ ਹੀਰਾ ਜਨਮ ਗੁਆ ਕੁਝ ਨਹੀਂ ਖੱਟਿਆ।

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਲਬ ਲੋਭੁ ਮੁਚੁ ਕੂੜੁ ਕਮਾਵਹਿ ਬਹੁਤ ਉਠਾਵਹਿ ਭਾਰੋ ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥1॥1॥13॥
(5)
ਗਉੜੀ ਮਹਲਾ 1 ਅ:ਗ:ਗ:ਸ ਪੰਨਾ 154

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨ ਸੁ ਪੰਚ ਜਨਾ ॥2॥2॥14॥
(6)
ਗਾੳਮਹਲਾ 1 ਅ:ਗ:ਗ:ਸ ਪੰਨਾ 155

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥1॥
(7)
ਸਾਰੰਗ ਮਹਲਾ 2 ਅ.ਗ.ਗ.ਸ ਪੰਨਾ 1238

ਸਿੱਖ ਧਰਮ ਵਿੱਚ ਅੰਮ੍ਰਿਤ ਦੇ ਅਸਲ਼ੀ ਅਤੇ ਪਰਵਾਨਤ ਅਰਥ ਆਖਰੀ ਤੁਕ (7) ਤੋਂ ਮਿਲਦੇ ਹਨ। ਅੰਮ੍ਰਿਤ ਮਨ ਵਿੱਚ ਹੀ ਮੌਜੂਦ ਹੈ। ਪਰ ਇਸ ਨੂੰ ਹਾਸਲ਼ ਕਰਨ ਲਈ ਅਕਾਲਪੁਰਖ ਦੀ ਮਿਹਰ ਮਿਲਣੀ ਜ਼ਰੂਰੀ ਹੈ। ਅਕਾਲਪੁਰਖ ਦੀ ਕਿਰਪਾ ਉਸਦੇ ਹੁਕਮ ਵਿੱਚ ਚਲਣ ਨਾਲ ਹੀ ਮਿਲ ਸਕਦੀ ਹੈ। ਜਿਸ ਵਾਸਤੇ ਲੋਕ ਸੇਵਾ ਅਤੇ ਲੋਕ ਭਲਾਈ ਕਰਨ ਦਾ ਉਦਮ ਪਹਿਲਾ ਕਦਮ ਹੈ।
(9-ਅ) ਭਗਉਤੀ ਸ਼ਬਦ ਵੀ ਦੋਵਾਂ ਗਰੰਥਾਂ ਵਿੱਚ ਆਇਆ ਹੈ ਪਰ ਦੋਵਾਂ ਵਿੱਚ ਇਸ ਦੇ ਅਰਥ ਵੱਖਰੇ ਵੱਖਰੇ ਹਨ। ਅਖੌਤੀ ਦਸਮ ਗਰੰਥ ਵਿੱਚ ਭਗਉਤੀ ਸ਼ਿਵਜੀ ਦੇਵਤੇ ਦੀ ਪਤਨੀ ਸ਼ਿਵਾ ਹੈ। ਕਈ ਵਾਰੀ ਹਿੰਦੂ ਧਰਮ ਵਿੱਚ ਭਗਉਤੀ ਦੇਵੀ ਕਾਲੀ ਜਾਂ ਦੁਰਗਾ ਵੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਬਦ ਭਗਉਤੀ ਕੇਵਲ ਇੱਕ ਭਗਤ ਨੂੰ ਹੀ ਦਰਸਾਉਂਦਾ ਹੈ ਜੋ ਅਕਾਲਪੁਰਖ ਨੂੰ ਮਿਲਣ ਦਾ ਚਾਹਵਾਨ ਹੈ। ਇੱਸ ਦੀ ਵਿਆਖਿਆ ਹੇਠ ਦਿੱਤੇ ਗੁਰੂ ਅਮਰ ਦਾਸ ਜੀ ਦੇ ਸਬਦ ਤੋਂ ਮਿਲ ਜਾਂਦੀ ਹੈ।
ਅੰਤਰਿ ਕਪਟੁ ਭਗਾਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥3॥14॥ 8
ਸਿਰੀ ਮਹਲਾ 3 ਅਗਗਸ ਪੰਨਾ 88


(10) ਰਹਿਰਾਸ ਵਿੱਚ ਕਬਿਯੋਬਾਚ ਬੇਨਤੀ ਅਖੌਤੀ ਦਸਮ ਗਰੰਥ ਵਿਚੋਂ ਪਾਈ ਗਈ ਹੈ। ਇਹ ਚਰਿਤ੍ਰ 404 ਦੇ ਸਲੋਕ 377 ਤੋਂ ਸ਼ੁਰੂ ਹੁੰਦੀ ਹੈ ਅਤੇ ਸਲੋਕ 401 ਨਾਲ ਖਤਮ ਹੁੰਦੀ ਹੈ । ਸੁੰਦਰ ਗੁਟਕਾ (ਪਰਕਾਸ਼ਕ: ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉਪਰੋਕਤ ਦਿਤੇ ਸਲੋਕਾਂ ਦੇ ਨੰਬਰਾਂ ਨੂੰ 1-25 ਲਿਖਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਸਲੋਕਾਂ ਦਾ ਨੰਬਰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਇਹ ਸਲੋਕਾਂ ਦੀ ਪਛਾਣ ਦਾ ਚਿਨ੍ਹ ਹੈ। ਇਹ ਮਰਯਾਦਾ ਕਿਉਂ ਤੋੜੀ ਗਈ ਇਹ ਗੁੰਝਲ ਛੇਤੀ ਹੀ ਖੁਲ੍ਹ ਜਾਵੇਗੀ। ਜਦੋਂ ਅਸੀਂ ਸਲੋਕ 402 ਚਰਿਤ੍ਰ 404 ਵਿੱਚ ਪੜ੍ਹਦੇ ਹਾਂ ਤਾਂ ਗੂੱਥੀ ਵਿਚੋਂ ਸੱਪ ਬਾਹਰ ਨਿਕਲ ਆਉਂਦਾ ਹੈ।

ਕਿਰਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥402॥ 9
ਅਖੌਤੀ ਦਸਮ ਗਰੰਥ ਪੰਨਾ 1388

ਸਾਫ ਜ਼ਾਹਰ ਹੈ ਕਿ ਜਗਮਾਤਾ ਇਨਾਂ ਪੰਝੀ ਸਲੋਕਾਂ ਪਿਛੇ ਲੁਕੀ ਬੈਠੀ ਸੀ। ਲਿਖਾਰੀ ਜਗਮਾਤਾ ਦਾ ਧੰਨਵਾਦ ਕਰਦਾ ਹੈ ਕਿ ਉਸਦੀ ਕਿਰਪਾ ਸਦਕਾ ਕਾਰਜ ਨਿਰਵਿਘਨ ਸਮਾਪਤ ਹੋਇਆ ਹੈ । ਜਗਮਾਤਾ ਕੇਹੜੀ ਦੇਵੀ ਦਾ ਨਾਂਉ ਹੈ ਇਹ ਫੇਸਲਾ ਸਿੱਖਾਂ ਨੇ ਕਰਨਾ ਹੈ। ਕੀ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਕਿ ਨਹੀਂ ਇਹ ਫੇਸਲਾ ਤਾਂ ਹੋ ਹੀ ਗਿਆ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਦੇਵੀ ਅਤੇ ਦੇਵਤਿਆਂ ਦੀ ਸਿੱਖ ਧਰਮ ਵਿੱਚ ਪੂਜਾ ਨਹੀਂ ਹੋ ਸਕਦੀ ਅਤੇ ਇੱਸ ਦੀ ਸਖਤ ਮਨਾਹੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਇਸ ਕਵਿਤਾ ਦੇ ਲੇਖਕ ਹੋ ਸਕਦੇ ਹਨ? ਜਵਾਬ ਕੋਰੀ ਨਾਂਹ ਵਿੱਚ ਹੈ।
(11) ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਜਾਪ ਸਾਹਿਬ ਉਨਾਂ ਤਿੰਨ ਬਾਣੀਆਂ ਵਿਚੋਂ ਇੱਕ ਹੈ ਜੋ ਅਖੌਤੀ ਦਸਮ ਗਰੰਥ ਵਿਚੋਂ ਲਈਆਂ ਗਈਆਂ ਹਨ। ਬਹੁਤ ਸਾਰੇ ਗੁਰਸਿੱਖ ਭਾਈ ਅਤੇ ਭੇਣਾਂ ਜ਼ਜ਼ਬਾਤ ਅਧੀਨ ਜਾਪ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝਦੇ ਹਨ ਅਤੇ ਇਸ ਨੂੰ ਜਪੁਜੀ ਸਾਹਿਬ ਦੇ ਬਰਾਬਰ ਸਤਿਕਾਰ ਦੇਂਦੇ ਹਨ। ਜਪੁਜੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਅਤੇ ਜਾਪ ਸਾਹਿਬ ਅਖੌਤੀ ਦਸਮ ਗਰੰਥ ਦੀ ਪਹਿਲੀ ਬਾਣੀ ਹੈ। ਵਿਸ਼ਲੇਸ਼ਣਾਤਮਕ ਅਧਿਯਾਨ ਦੁਆਰਾ ਪਤਾ ਲੱਗਦਾ ਹੈ ਕਿ {ਅਖੌਤੀ ਦਸਮ ਗਰੰਥ} ਜਾਪ ਸਾਹਿਬ ਵਿੱਚ ਨਮਸਕਾਰ ਦਾ ਸ਼ਬਦ ਕਰੀਬਨ ਹਰ ਤੁਕ ਵਿੱਚ ਆਇਆ ਹੈ ਅਤੇ ਜਾਪ ਸਾਹਿਬ ਦਾ ਮਨੋਰਥ ਕੇਵਲ ਮੱਥਾ ਟੇਕਣ ਤੋਂ ਅੱਗੇ ਨਹੀਂ ਟੁਰਦਾ। ਅਕਾਲ ਅਤੇ ਕਾਲ ਦੇ ਸ਼ਬਦ ਵੀ ਬਰਾਬਰ ਵਾਰੀ ਆਏ ਹਨ। ਕਾਲ ਦੀ ਵਰਤੋਂ ਹਿੰਦੂ ਧਰਮ ਵਿੱਚ ਬਹੁਤ ਕੀਤੀ ਗਈ ਹੈ ਅਤੇ ਇਸ ਦੇ ਅਰਥ ਹਨ ਸ਼ਿਵਜੀ ਦੇਵਤਾ ਜੋ ਮੌਤ ਦਾ ਪਰਤੀਕ ਹੈ । ਜਾਪ ਸਾਹਿਬ ਵਿੱਚ ਕਾਲ ਨੂੰ ਲੈ ਆਉਣਾ ਅਤੇ ਪਿਛੋਂ ਬਾਕੀ ਅਖੌਤੀ ਦਸਮ ਗਰੰਥ ਵਿੱਚ ਇਸ ਦੀ ਖੁਲ੍ਹਮਖੁਲ਼੍ਹਾ ਵਰਤੋਂ ਇੱਕ ਸਾਜ਼ਸ਼ ਦਾ ਚਿੰਨ੍ਹ ਹਨ ਜਿਸ ਦੁਆਰਾ ਸਿੱਖ ਧਰਮ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਦੀ ਫੁਹਾਰ ਹੀ ਮਿਲਦੀ ਹੈ।

(12) ਜਾਪ ਸਾਹਿਬ ਵਿੱਚ ਬਹੁਤ ਦੁਖਦਾਈ ਸਿੱਖ ਧਰਮ ਵਿਰੋਧੀ ਮਿਸਾਲ ਹੇਠਾਂ ਦਿੱਤੇ ਸਲੋਕ ਅਤੇ ਇਸ ਦੇ ਅਰਥਾਂ ਵਿੱਚ ਮਿਲਦੀ ਹੈ ।

ਨਮਸਤਸਤੁ ਦੇਵੇ। ਨਮਸਤੰ ਅਭੇਵੇ।
ਨਮਸਤੰ ਅਜਨਮੇ । ਨਮਸਤੰ ਸੁਬਨਮੇ ।21॥ 10
ਦਸਮ ਗਰੰਥ ਭਾਗ 1 ਜੱਗੀ-ਜੱਗੀ ਪੰਨਾ 2 ।
ਅਰਥ: ਹੇ (ਕਰਮ-ਫਲ) ਦੇਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਭੇਦ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਸਹਿਤ! (ਸੰਤਾਨ ਅਥਵਾ ਪੁੱਤਰ ਰੂਪ ਵਿੱਚ ਪੈਦਾ ਹੋਣ ਵਾਲੇ, ਸੁਵਨੰਯਾ) ਤੈਨੂੰ ਨਮਸਕਾਰ ਹੈ (21) (ਡਾਕਟਰ ਰਤਨ ਸਿੰਘ ਜੱਗੀ)। ਇਹ ਕਿੰਨੀ ਅਸਚਰਜ ਭਰੀ ਅਤੇ ਦੁਖਦਾਈ ਗੱਲ ਹੈ ਕਿ ਜਾਪ ਸਾਹਿਬ ਦਾ ਲਿਖਾਰੀ “ਅਕਾਲਪੁਰਖ” ਨੂੰ ਪੁੱਤਰ ਰੂਪ ਵਿੱਚ ਜਨਮ ਲੈਂਦਾ ਲਿਖਦਾ ਹੈ। ਅਕਾਲਪੁਰਖ ਦਾ ਜਨਮ ਲੈਣਾ ਉਸ ਨੂੰ ਸਾਧਾਰਨ ਵਿਅਕਤੀ ਦਰਸਾਉਂਦਾ ਹੈ ਜੋ ਸਿੱਖ ਧਰਮ ਦੀ ਸਿਖਿਆ ਦੇ ਵਿਰੁਧ ਹੈ। ਸੋ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਹਿਣ ਵਾਲਿਆ ਨੂੰ ਚਿਤਾਵਨੀ ਮਿਲਣੀ ਚਾਹੀਦੀ ਹੈ ਕਿ ਉਹ ਕਿਤੇ ਕੁਰਾਹੇ ਤਾਂ ਨਹੀਂ ਪੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਾਹਿਲਾਂ ਆਪ ਹੀ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ “ਸਬਦ ਗੁਰ” ਸਥਾਪਤ ਕੀਤਾ ਸੀ।

(13) ਅਕਾਲ ਉਸਤਤਿ ਬਾਰੇ ਵਿਚਾਰ: ਅਖੌਤੀ ਦਸਮ ਗਰੰਥ ਦੇ ਅਰਥਾਂ ਦੀ ਪੁਸਤਕ ਭਾਗ ਪਹਿਲਾ (ਡਾਟਕਰ ਰਤਨ ਸਿੰਘ ਜੱਗੀ ਆਦਿਕ, ਪੰਨਾ 82 ਤੋਂ 89 ਤਕ, ਪਰਕਾਸ਼ਕ ਗੋਬਿੰਦ ਸਦਨ, ਨਵੀਂ ਦਿੱਲੀ 1999) ਵਿੱਚ ਅਕਾਲ ਉਸਤਤਿ ਵਿਚਲੇ ਪੰਨਿਆਂ (82 ਤੋਂ 89) ਨੂੰ ਪੜਿਆਂ ਹੈਰਾਨੀ ਅਤੇ ਮੁਸੀਬਤ ਦਾ ਪਹਾੜ ਸਿਰ ਉਤੇ ਡਿਗ ਪੈਂਦਾ ਹੈ । ਇਹ ਤਵਪ੍ਰਸਾਦ/ ਦੀਘਰ ਤ੍ਰਿਭੰਗੀ ਛੰਦ ਸਾਰੇ ਦਾ ਸਾਰਾ ਦੇਵੀ ਪੂਜਾ ਦਾ ਵਰਨਣ ਕਰਦਾ ਹੈ। ਦੇਵੀ ਦਾ ਨਾਉਂ ਭਾਵੇਂ ਨਹੀਂ ਦਿੱਤਾ ਗਿਆ ਪਰ ਉਸ ਦੀ ਉਪਮਾ ਵਿੱਚ ਵਰਤੇ ਸ਼ਬਦਾ ਤੋਂ ਭਲੀ ਭਾਂਤ ਪਤਾ ਲਗ ਜਾਂਦਾ ਹੈ ਕਿ ਇਹ ਦੁਰਗਾ (ਸ਼ਿਵਾ) ਹੀ ਹੋ ਸਕਦੀ ਹੈ। ਮਿਸਾਲ ਵਜੋਂ ਛੰਦ 211 ਦੇ ਅਰਥ ਦਿੱਤੇ ਜਾ ਰਹੇ ਹਨ ।
“ਚਿੱਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉੱਦਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿੱਸ ਦੀ) ਗਤੀ ਬਹੁਤ ਗੰਭੀਰ ਹੈ, (ਹੇ) ਨ ਨਸ਼ਟ ਹੋਣ ਵਾਲੀ, ਨ ਖੰਡਿਤ ਹੋਣ ਵਾਲੀ, ਪ੍ਰਚੰਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾ ਦਾ ਜੂੜਾ ਕਰਨ ਵਾਲੀ, ਅਤੇ ਪ੍ਰਿਥਵੀ ਉਤੇ ਛੱਤਰ ਪਸਾਰਨ ਵਾਲੀ! (ਤੇਰੀ) ਜੈ-ਜੈ ਕਾਰ ਹੋਵੇ ।211।”

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੋਈ ਵੀ ਸਿੱਖਾਂ ਦਾ ਗੁਰੂ ਦੇਵੀ ਪੂਜਾ ਕਰਨ ਦੀ ਇਜਾਜ਼ਤ ਦੇਵੇਗਾ? ਸਿੱਖ ਧਰਮ ਵਿੱਚ ਦੇਵੀ ਜਾਂ ਦੇਵਤੇ ਦੀ ਪੂਜਾ ਵਰਜਤ ਹੈ। ਸਿੱਖ ਧਰਮ ਕੇਵਲ ਇੱਕ ਅਕਾਲਪਰਖ ਨੂੰ ਹੀ ਸਿੱਖਾਂ ਦਾ ਸਤਿਗੁਰੂ ਮੰਨਦਾ ਹੈ ਅਤੇ ਉਸ ਦਾ ਹੁਕਮ ਮੰਨਣ ਦਾ ਉਪਦੇਸ਼ ਕਰਦਾ ਹੈ। ਦਸਮ ਗ੍ਰੰਥ ਦੇ ਲਿਖਾਰੀ ਜਾਂ ਲਿਆਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਉਂ ਹੇਠਾਂ ਇਹ ਗ੍ਰੰਥ ਲਿਖ ਕੇ ਸਿੱਖਾਂ ਨੂੰ ਕੁਰਾਹੈ ਪਾਉਣ ਦਾ ਯਤਨ ਕੀਤਾ ਹੈ। ਸਿੱਖਾਂ ਦੇ ਲੀਡਰਾਂ ਨੂੰ ਮੁਹਤਾਤ ਹੋਣ ਦੀ ਲੋੜ ਹੈ ਅਤੇ ਚੁੱਪ ਧਾਰ ਕੇ ਬੈਠੇ ਰਹਿਣ ਨਾਲ ਗੱਲ ਨਹੀਂ ਜੇ ਬਣਨੀ। ਵਕਤ ਦੀ ਨਜ਼ਾਕਤ ਸਮਝ ਕੇ ਇੱਸ ਨਾਲ ਸਿੱਝਣ ਦੀ ਲੋੜ ਹੈ ਅਤੇ ਅਖੌਤੀ ਦਸਮ ਗ੍ਰੰਥ ਬਾਰੇ ਜਲਦੀ ਫੈਸਲਾ ਲੈਣਾ ਲਾਜ਼ਮੀ ਹੋ ਗਿਆ ਹੈ।
.