.

ਸਿੱਖ ਧਰਮ ਵਿੱਚ ਜਗਤ ਰਚਨਾ ਦਾ ਸਿਧਾਂਤ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.
ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

ਮਨੁੱਖਤਾ ਵਿੱਚ ਸੂਝ ਸਮਝ ਰਖੱਣ ਵਾਲੇ ਵਿਅਕਤੀਆਂ ਨੇ ਬੁਨਿਆਦੀ ਸਵਾਲ, ਇਹ ਸੰਸਾਰ ਕਿਵੇਂ ਬਣਿਆ ਹੈ? , ਦਾ ਜਵਾਬ ਲੱਭਣ ਲਈ ਸੁਰਤ ਦਾ ਸਹਾਰਾ ਲੈ ਕੇ ਮਨ ਵਿੱਚ ਉਪਜੇ ਤੌਖਲੇ ਨੂੰ ਠੰਢਾ ਕਰਨ ਦਾ ਕੋਈ ਨ ਕੋਈ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਜਿਵੇਂ ਹਰ ਬੱਚਾ, ਅਪਣੀ ਆਯੂ ਦੇ ਮੁਢਲੇ ਪੜਾਅ ਵਿਚੋਂ ਲੰਘ ਦਾ, ਕਦੇ ਨ ਕਦੇ, ਮਾਪਿਆਂ ਤੋਂ ਬੜੇ ਸਾਦਾ ਸਵਾਲਾਂ ਦੇ ਉਤਰ ਭਾਲ ਦਾ ਹੈ। ਤਿਵੇਂ ਹਰ ਵਿਅਕਤੀ ਸਿਆਣੇ ਲੋਕਾਂ ਨਾਲ ਗੱਲਬਾਤ ਕਰ ਕੇ ਆਪਣੇ ਮਨ ਵਿੱਚ ਉਪਜੇ ਸਵਾਲਾਂ ਦੇ ਉਤਰ ਸੁਣ ਕੇ ਸੰਤੁਸ਼ਟ ਹੁੰਦਾ ਹੈ ਅਤੇ ਸੰਪੂਰਨ ਮਹਿਸੂਸ ਕਰਦਾ ਹੈ। ਹਰ ਇੱਕ ਧਰਮ ਨੇ ਜਗਤ ਰਚਨਾ ਦੇ ਸੰਕਲਪ ਬਾਰੇ ਵਿਚਾਰ ਲੜੀ ਬਣਾਈ ਹੋਈ ਹੈ ਜੋ ਉਸ ਧਰਮ ਦੇ ਸ਼ਰਧਾਲੂਆਂ ਨੂੰ ਜਗਤ ਰਚਨਾ ਬਾਰੇ ਸਵਾਲ ਪੁੱਛਣ ਉਤੇ ਦੱਸੀ ਜਾਂਦੀ ਹੈ। ਦਾਸ ਨਾਲ ਇੱਕ ਆਪ ਬੀਤੀ ਘਟਨਾ ਇਸ ਵਿਸ਼ੇ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਵੇਗੀ।
1987 ਈ: ਦੀਆਂ ਗਰਮੀਆਂ ਵਿੱਚ ਦਾਸ ਹਾਂਗ ਕਾਂਗ {ਚੀਨ} ਦੇ ਗੁਰਦੁਆਰੇ ਵਿੱਚ ਠਹਿਰਿਆ ਹੋਇਆ ਸੀ। ਸਵੇਰੇ ਚਾਹ ਦੀ ਤਲਾਸ਼ ਵਿੱਚ ਜਦੋਂ ਦਾਸ ਲੰਗਰ ਵਿੱਚ ਪਹੁੰਚਿਆ ਤਾਂ ਇੱਕ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਓਥੇ ਇੱਕ ਫਰਾਂਸੀਸੀ ਸਿੱਖ ਵੀ ਠਹਿਰਿਆ ਹੋਇਆ ਹੈ। ਅਸੀਂ ਇਹ ਗੱਲ ਕਰ ਹੀ ਰਹੇ ਸਾਂ ਜਦੋਂ ਉਹ ਨੌਜਵਾਨ ਵੀ ਆਉਂਦਾ ਨਜ਼ਰ ਆਇਆ। ਦਾਸ ਨੇ ਫਰਾਂਸ ਦੀ ਬੋਲੀ ਵਿੱਚ ਉਸ ਨੂੰ ਸੰਬੋਧਨ ਕੀਤਾ ਤਾਂ ਉਸ ਨੇ ਪੰਜਾਬੀ ਵਿੱਚ ਉਤਰ ਦਿੱਤਾ "ਸਭ ਠੀਕ ਹੈ"। ਦਾਸ ਨੂੰ ਉਸ ਨਾਲ ਅੰਗਰੇਜ਼ੀ ਬੋਲੀ ਵਿੱਚ ਗਲਬਾਤ ਕਰਨ ਨਾਲ ਪਤਾ ਲੱਗਾ ਕਿ ਉਹ ਪੰਜਾਬ ਵਿੱਚ ਅੰਮ੍ਰਿਤਸਰ ਕੁੱਝ ਮਹੀਨੇ ਰਹਿ ਕੇ ਆਇਆ ਹੈ। ਉਹ ਨੌਜਵਾਨ ਫਰਾਂਸ ਦਾ ਰਹਿਣ ਵਾਲਾ ਸੀ ਅਤੇ ਇੱਕ ਧਾਰਮਿਕ ਸਵਾਲ ਦੇ ਜਵਾਬ ਬਾਰੇ ਆਪਣੇ ਮਾਤਾ ਅਤੇ ਪਿਤਾ ਨਾਲ ਆਏ ਮੱਤ ਭੇਦ ਕਾਰਨ ਉਹ ਆਪਣਾ ਘਰ ਅਤੇ ਆਪਣਾ ਦੇਸ਼ ਫਰਾਂਸ ਛੱਡ ਕੇ ਨਵੇਂ ਧਰਮ ਦੀ ਤਲਾਸ਼ ਵਿੱਚ ਫਿਰ ਰਿਹਾ ਸੀ। ਉਸ ਨੂੰ ਸਕੂਲ ਵਿੱਚ ਜਦੋਂ ਬਾਈਬਲ ਦੀ ਕਲਾਸ ਵਿੱਚ ਇਹ ਪੜ੍ਹਾਇਆ ਗਿਆ ਸੀ ਕਿ ਔਰਤ ਆਦਮੀ ਦੀ ਛਾਤੀ ਦੀ ਹੱਡੀ ਨੂੰ ਕੱਢ ਕੇ ਰਚਨਹਾਰ ਨੇ ਬਣਾਈ ਸੀ ਤਾਂ ਉਸ ਨੂੰ ਯਕੀਨ ਨ ਆਇਆ। ਘਰ ਵਿੱਚ ਮਾਂ ਅਤੇ ਪਿਉ ਵੀ ਪਾਦਰੀ ਦੀ ਦੱਸੀ ਗੱਲ ਉਤੇ ਅੜੇ ਰਹੇ। ਉਸ ਦਾ ਮਨ ਉਦਾਸ ਹੋ ਗਿਆ ਅਤੇ ਉਹ ਇਸ ਅਨੋਖੇ ਅਤੇ ਔਖੇ ਫੈਸਲੇ ਉਤੇ ਪੁੱਜਾ ਕਿ ਉਸ ਨੂੰ ਸਹੀ ਧਰਮ ਦੀ ਤਲਾਸ਼ ਆਪ ਹੀ ਕਰਨੀ ਚਾਹੀ ਦੀ ਹੈ। ਮੁੱਕਦੀ ਗੱਲ ਉਸ ਨੇ ਸਾਰੇ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨ ਪਿਛੋਂ ਇਹ ਫੈਸਲਾ ਕੀਤਾ ਸੀ ਕਿ ਸਿੱਖ ਧਰਮ ਉਸ ਦੇ ਮਨ ਵਿੱਚ ਉਪਜੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਉਸ ਨੇ ਅੰਮ੍ਰਿਤਸਰ ਆ ਕੇ ਸਿੱਖ ਧਰਮ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੀ ਅੱਖੀਂ ਸਭ ਕੁੱਝ ਵੇਖ ਕੇ ਸਿੱਖ ਧਰਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਸੀ। ਉਹ ਸਿੱਖ ਸਰੂਪ ਵਿੱਚ ਸੀ ਅਤੇ ਪੰਜਾਬੀ ਵਿੱਚ ਪਾਠ ਕਰਨਾ ਸਿੱਖਣ ਪਿਛੋਂ ਹੀ ਖੰਡੇ ਦੀ ਪਹੁਲ ਛਕਣ ਲਈ ਬਚਨਬੱਧ ਸੀ। 1988 ਦੀਆਂ ਗਰਮੀਆਂ ਵਿੱਚ ਦਾਸ ਨੂੰ ਉਸ ਦੀ ਚਿੱਠੀ ਇੰਗਲੈਂਡ ਤੋਂ ਆਈ ਸੀ। ਇਸ ਵਿੱਚ ਉਸਨੇ ਪੰਜਾਬੀ ਵਿੱਚ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ। ਖੁਸ਼ਵੰਤ ਸਿੰਘ ਨੇ ਕਈ ਵਰੇ੍ਹ ਪਹਿਲਾਂ ਲਿਖਿਆ ਸੀ, ਪੰਜਾਹ ਕੁ ਸਾਲਾਂ ਤਕ ਕੇਸਾਧਾਰੀ ਸਿੱਖ ਨੂੰ ਵੇਖਣ ਲਈ ਲੋਕ ਚਿੜੀਆ ਘਰ ਵਿੱਚ ਹੀ ਜਾਇਆ ਕਰਨਗੇ। ਇਹ ਗੱਲ ਇੱਕ ਫੁਰਨੇ ਵਿੱਚ ਦਾਸ ਨੂੰ ਯਾਦ ਆ ਗਈ। ਦਾਸ ਦੇ ਮੂੰਹ ਵਿਚੋਂ ਮੱਲੋਮੱਲੀ ਨਿਕਲ ਗਿਆ, "ਖੁਸ਼ਵੰਤ ਸਿੰਘ ਖੁਰਾਣਾ ਕੁਫ਼ਰ ਤੋਲਦਾ ਸੀ"। ਸਿੱਖ ਧਰਮ ਨੂੰ ਪੰਜਾਬੀਆਂ ਨੇ ਆਪਣੀ ਹੀ ਮਲਕੀਅੱਤ ਸਮਝਿਆ ਹੋਇਆ ਹੈ। ਇਹ ਤਾਂ ਸਾਰੇ ਸੰਸਾਰ ਦਾ ਸਾਂਝਾ ਧਰਮ ਹੈ। ਕੇਵਲ ਸਿੱਖਾਂ ਨੇ ਹੀ ਇਸ ਨੂੰ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਨਿਕਲਣ ਨਹੀਂ ਦਿੱਤਾ।
ਜਗਤ ਰਚਨਾ ਦਾ ਸਿਧਾਂਤ:
ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਜਪੁ ਜੀ ਪਹਿਲੀ ਬਾਣੀ ਹੈ। ਇਸ ਵਿੱਚ ਪਉੜੀ 16 ਵਿੱਚ ਗੁਰੂ ਸਬਦ ਆਉਂਦਾ ਹੈ ਜੋ ਜਗਤ ਰਚਨਾ ਬਾਰੇ ਇਸ਼ਾਰੇ ਮਾਤਰ ਗਿਆਨ ਦੇਂਦਾ ਹੈ। ਰਾਗ ਮਾਰੂ ਵਿੱਚ ਗੁਰੂ ਨਾਨਕ ਜੀ ਵਿਸਤਾਰ ਨਾਲ ਜਗਤ ਰਚਨਾ ਬਾਰੇ ਜਾਣਕਾਰੀ ਦੇਂਦੇ ਹਨ। ਅਸੀਂ ਪਾਹਿਲਾਂ ਜਪੁ ਜੀ ਵਿਚੋਂ ਪਾਉੜੀ 16 ਵਿੱਚ ਦਿੱਤਾ ਗੁਰੂ ਵਾਕ ਹੇਠਾਂ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਦੇ ਰਹੇ ਹਾਂ।
ਕੀਤਾ ਪਸਾਉ ਇਕੋ ਕਵਾਉ ॥ ਤਿਸ ਤੇ ਹੋਏ ਲਖ ਦਰਿਆਉ ॥ 1. 1
ਜਪੁ ਜੀ ਅ: ਗ: ਗ: ਸ: ਪੰਨਾ 3

ਅਰਥ: {ਅਕਾਲਪੁਰਖ ਨੇ} ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਸੀ, ਅਤੇ ਇਸ ਵਿੱਚ ਉਸ ਦੇ ਹੁਕਮ ਦੁਆਰਾ ਹੀ {ਜਿੰਦਗੀ ਦੇ} ਲੱਖਾਂ ਦਰਿਆ ਚੱਲ ਰਹੇ ਹਨ।
ਹੁਣ ਅਸੀਂ ਰਾਗ ਮਾਰੂ ਵਿਚੋਂ ਜਗਤ ਰਚਨਾ ਬਾਰੇ ਗੁਰੂ ਨਾਨਕ ਜੀ ਦੇ ਸਬਦ ਅਰਥਾਂ ਸਮੇਤ ਪਾਠਕਾਂ ਦੀ ਜਾਣਕਾਰੀ ਵਾਸਤੇ ਹੇਠਾਂ ਦੇ ਰਹੇ ਹਾਂ।
ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਨੀ ਪਾਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥
ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖ ਵਾਸੀ ॥
ਜੋਗੀ ਜੰਗਮ ਭੇਖੁ ਨਾ ਕੋਈ ਨਾ ਕੋ ਨਾਥੁ ਕਹਾਇਦਾ ॥5॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥
ਤੰਤੁ ਮੰਤੁ ਪਾਖੰਡੁ ਨਾ ਕੋਈ ਨਾ ਕੋ ਵੰਸੁ ਵਜਾਇਦਾ ॥7॥
ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥
ਵਰਨ ਭੇਖ ਨਹੀ ਬ੍ਰਹਮਨ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮੁਸਾਇਕੁ ਹਾਜੀ ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥
ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥13॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥14॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥15॥
ਤਾ ਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥16॥3॥15॥ 1. 2
ਮਾਰੂ ਮ: 1 ਸ: ਗ: ਗ: ਸ: ਪੰਨਾ 1035

ਅਰਥ: ਜਗਤ ਰਚਨਾ ਤੋਂ ਪਹਿਲਾਂ (ਅਣਗਿਣਤ ਸਮਾਂ) ਘੁੱਪ ਹਨੇਰਾ ਸੀ (ਜਿੱਸ ਬਾਬਤ ਕੁੱਝ ਵੀ ਪਤਾ ਨਹੀਂ)। ਉਦੋਂ ਨ ਧਰਤੀ ਅਤੇ ਨ ਅਕਾਸ਼ ਸਨ। ਕਿਤੇ ਵੀ ਅਕਾਲਪੁਰਖ ਦਾ ਹੁਕਮ ਨਹੀਂ ਸੀ ਚੱਲ ਰਿਹਾ। ਉਦੋਂ ਦਿਨ ਅਤੇ ਰਾਤ ਵੀ ਨਹੀਂ ਸਨ, ਨਾ ਹੀ ਸੂਰਜ ਅਤੇ ਚੰਦ ਸਨ। ਉਸ ਵੇਲੇ ਅਕਾਲਪੁਰਖ ਆਪਣੇ ਆਪ ਵਿੱਚ ਹੀ ਸਮਾਧੀ ਲਾਈ ਬੈਠਾ ਸੀ, ਜਿੱਸ ਵਿੱਚ ਕਿਸੇ ਕਿਸਮ ਦਾ ਫੁਰਨਾ ਜਾਂ ਕੋਈ ਹਰਕਤ ਨਹੀਂ ਸੀ। 1..
ਉਦੋਂ ਜਗਤ ਰਚਨਾ ਦੀਆਂ ਦਸ ਖਾਣੀਆਂ ਵੀ ਨਹੀਂ ਸਨ ਅਤੇ ਨਾ ਹੀ ਜੀਵਾਂ ਦੀਆਂ ਬਾਣੀਆਂ ਸਨ। ਉਸ ਵੇਲੇ ਹਵਾ, ਪਾਣੀ, ਉਤਪਤੀ, ਪਰਲੋ ਅਤੇ ਨਾ ਹੀ ਜੰਮਣਾ ਅਤੇ ਮਰਨਾ ਸੀ। ਉਦੋਂ ਧਰਤੀ ਦੇ ਨੌਂ ਖੰਡ, ਪਤਾਲ ਅਤੇ ਸਮੁੰਦਰ ਵੀ ਨਹੀਂ ਸਨ ਅਤੇ ਨਾ ਹੀ ਨਦੀਆਂ ਵਿੱਚ ਪਾਣੀ ਵਹਿ ਰਿਹਾ ਸੀ। 2.
ਸਵਰਗ-ਲੋਕ, ਮਾਤ-ਲੋਕ ਅਤੇ ਪਤਾਲ ਵੀ ਨਹੀਂ ਸਨ। ਬਹਿੱਸ਼ਤ, ਦੋਜ਼ਖ, ਅਤੇ ਮੌਤ ਲੈ ਆਉਣ ਵਾਲਾ ਕਾਲ ਵੀ ਨਹੀਂ ਸੀ। ਕੋਈ ਜੰਮ ਦਾ ਜਾਂ ਮਰ ਦਾ ਵੀ ਨਹੀਂ ਸੀ। 3.
ਉਦੋਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਵੀ ਨਹੀਂ ਸਨ। ਕੇਵਲ ਅਕਾਲਪੁਰਖ ਹੀ ਸੀ ਅਤੇ ਹੋਰ ਕੋਈ ਵਿਅਕਤੀ ਨਹੀ ਸੀ। ਕੋਈ ਮਰਦ, ਇਸਤ੍ਰੀ, ਜਾਤ ਅਤੇ ਨਾ ਹੀ ਕੋਈ ਜਾਤ ਵਿੱਚ ਜਨਮ ਲੈਂਦਾ ਸੀ। 4.
ਉਦੋਂ ਕੋਈ ਜਤੀ, ਸਤੀ ਅਤੇ ਤਿਆਗੀ ਵੀ ਨਹੀਂ ਸੀ। ਉਸ ਵੇਲੇ ਨ ਕੋਈ ਸਿੱਧ, ਸਾਧਿਕ ਜਾਂ ਕੋਈ ਗ੍ਰਿਸਤੀ ਵੀ ਨਹੀਂ ਸੀ। 5.
ਉਦੋਂ ਜਪ ਅਤੇ ਤਪ ਵੀ ਨਹੀਂ ਸਨ ਅਤੇ ਨਾ ਹੀ ਸੰਜਮ ਸਾਧੇ ਜਾਂਦੇ ਸਨ। ਕੋਈ ਵਰਤ ਵੀ ਨਹੀਂ ਸੀ ਰੱਖ ਦਾ ਅਤੇ ਨਾ ਹੀ ਪੂਜਾ ਹੁੰਦੀ ਸੀ। ਅਕਾਲਪੁਰਖ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਸੀ। ਉਦੋਂ ਅਕਾਲਪੁਰਖ ਆਪ ਹੀ ਆਪਣੇ ਆਪ ਵਿੱਚ ਪ੍ਰਗਟ ਹੋ ਕੇ ਖੁਸ਼ ਹੋ ਰਿਹਾ ਸੀ ਅਤੇ ਆਪਣੀ ਵਡੱਤਣ ਦਾ ਮੁੱਲ ਆਪ ਹੀ ਪਾਉਂਦਾ ਸੀ। 6.
ਉਦੋਂ ਕੋਈ ਸੁੱਚ ਵੀ ਨਹੀਂ ਸੀ ਰੱਖੀ ਜਾਂਦੀ ਅਤੇ ਨ ਕੋਈ ਸੰਜਮ ਕੀਤਾ ਜਾਂਦਾ ਸੀ। ਉਦੋਂ ਕੋਈ ਤੁਲਸੀ ਦੀ ਮਾਲਾ ਵੀ ਨਹੀਂ ਸੀ। ਕਾਨ੍ਹ ਅਤੇ ਗੋਪੀਆਂ ਵੀ ਨਹੀਂ ਸਨ ਅਤੇ ਨਾ ਹੀ ਕੋਈ ਗਊਆਂ ਦਾ ਰਾਖਾ ਸੀ। ਤੰਤ੍ਰ, ਮੰਤ੍ਰ ਦੇ ਪਾਖੰਡ ਵੀ ਨਹੀਂ ਸਨ ਅਤੇ ਨ ਕੋਈ ਬੰਸਰੀ ਵਜਉਂਦਾ ਸੀ। 7.
ਧਾਰਮਿਕ ਕਰਮ-ਕਾਂਡ ਅਤੇ ਮਿੱਠੀ ਮਾਇਆ ਵੀ ਨਹੀਂ ਸਨ। ਕਿਤੇ ਉਚੀ ਜਾਂ ਨੀਵੀਂ ਜਾਤ ਵੀ ਨਹੀਂ ਸੀ ਜਿੱਸ ਵਿੱਚ ਕੋਈ ਜਨਮ ਲੈਂਦਾ ਅੱਖੀਂ ਵੇਖਿਆ ਜਾਂਦਾ ਹੋਵੇ। ਮਾਇਆ ਦੀ ਮੱਮਤਾ ਦਾ ਜਾਲ ਵੀ ਨਹੀਂ ਸੀ ਅਤੇ ਕਿਸੇ ਦੇ ਸਿਰ ਉਪਰ ਕੂਕ ਦਾ ਕਾਲ ਅਥਵਾ ਮੌਤ ਦਾ ਡਰ ਵੀ ਨਹੀਂ ਸੀ। ਕੋਈ ਕਿਸੇ ਦਾ ਸਿਮਰਨ ਜਾਂ ਧਿਆਨ ਵੀ ਨਹੀਂ ਸੀ ਧਰਦਾ। 8.
ਉਦੋਂ ਨ ਨਿੰਦਿਆ ਹੁੰਦੀ ਸੀ ਅਤੇ ਨਾ ਹੀ ਖੁਸ਼ਾਮਦ। ਜੀਵ ਆਤਮਾ ਜਾਂ ਜਿੰਦ ਵੀ ਨਹੀਂ ਸਨ। ਗੋਰਖ ਅਤੇ ਮਛਿੰਦਰ ਨਾਥ ਵੀ ਨਹੀਂ ਸਨ। ਗਿਆਨ ਦੀ ਚਰਚਾ ਵੀ ਨਹੀਂ ਕੀਤੀ ਜਾਂਦੀ ਸੀ ਅਤੇ ਨਾ ਹੀ ਸਮਾਧੀ-ਇਸਥਿਤ ਧਿਆਨ ਸੀ। ਕੁਲ਼ਾਂ ਦੀ ਉਤਪਤੀ ਵੀ ਨਹੀਂ ਸੀ ਅਤੇ ਨ ਕੋਈ ਕੁਲਾਂ ਦਾ ਮਾਣ ਕਰਨ ਵਾਲਾ ਸੀ। 9.
ਬ੍ਰਾਹਮਨ ਖੱਤ੍ਰੀ ਆਦਿਕ ਵੀ ਨਹੀਂ ਸਨ ਅਤੇ ਨ ਕੋਈ ਜੋਗੀ ਜੰਗਮ ਦੇ ਭੇਖ ਸਨ। ਉਦੋਂ ਨ ਦੇਵਤਾ ਅਤੇ ਨ ਕੋਈ ਮੰਦਰ ਸੀ। ਨ ਕੋਈ ਗਊ ਅਤੇ ਨ ਕੋਈ ਗਾਇਤ੍ਰੀ ਸੀ। ਕਿਤੇ ਕੋਈ ਹਵਨ ਯੱਗ ਨਹੀਂ ਸੀ ਹੁੰਦਾ ਅਤੇ ਨ ਕੋਈ ਤੀਰਥਾਂ ਦਾ ਇਸ਼ਨਾਨ ਕਰ ਦਾ ਸੀ। ਕੋਈ ਪੂਜਾ ਵੀ ਨਹੀਂ ਕੀਤੀ ਜਾਂਦੀ ਸੀ। 10.
ਮੌਲਵੀ ਅਤੇ ਕਾਜ਼ੀ ਵੀ ਨਹੀਂ ਸਨ ਅਤੇ ਕੋਈ ਸ਼ੇਖ ਜਾਂ ਹਾਜੀ ਵੀ ਨਹੀਂ ਸੀ। ਨ ਕੋਈ ਪਰਜਾ ਅਤੇ ਨ ਕੋਈ ਰਾਜਾ ਸੀ। ਦੁਨੀਆਂ ਵਿੱਚ ਅੱਜ ਵਾਲੀ ਹਉਮੈ ਜਾਂ ਇਸ ਬਾਰੇ ਕਿਸੇ ਨੂੰ ਜਾਣਕਾਰੀ ਵੀ ਨਹੀ ਸੀ। 11.
ਪ੍ਰੇਮ ਜਾਂ ਭਗਤੀ ਵੀ ਨਹੀਂ ਸੀ। ਮੂਰਖਤਾ ਅਤੇ ਚੇਤੰਨਤਾ ਵੀ ਨਹੀਂ ਸਨ। ਸਜਨ ਜਾਂ ਮਿੱਤਰ ਵੀ ਨਹੀਂ ਸਨ। ਪਿਤਾ ਦਾ ਵੀਰਜ ਅਤੇ ਮਾਤਾ ਦੀ ਰੱਤ ਵੀ ਨਹੀਂ ਸਨ। ਉਦੋਂ ਅਕਾਲਪੁਰਖ ਆਪ ਹੀ ਸ਼ਾਹੂਕਾਰ ਸੀ ਅਤੇ ਆਪ ਹੀ ਵਣਜਾਰਾ ਸੀ। ਉਸ ਨੂੰ ਇਹੋ ਕੁੱਝ ਹੀ ਚੰਗਾ ਲੱਗ ਦਾ ਸੀ। 12.
ਸ਼ਾਸਤਰ, ਸਿੰਮ੍ਰਿਤੀਆਂ ਅਤੇ ਵੇਦ ਵੀ ਨਹੀਂ ਸਨ ਅਤੇ ਨਾ ਹੀ ਕੁਰਾਨ, ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ। ਪੁਰਾਣਾਂ ਦਾ ਪਾਠ ਅਤੇ ਪਾਠ ਕਰਨ ਵਾਲੇ ਵੀ ਨਹੀਂ ਸਨ। ਸੂਰਜ ਜਾਂ ਚੰਦਰਮਾ ਵੀ ਨਹੀਂ ਸੀ ਚੜ੍ਹਦਾ ਅਤੇ ਨ ਡੁਬਦਾ ਸੀ। ਉਦੋਂ ਗਿਆਨ ਇੰਦਰੀਆਂ ਤੋਂ ਪਰੇ ਰਹਿਣ ਵਾਲਾ ਅਕਾਲਪੁਰਖ ਆਪ ਹੀ ਬੋਲਣ ਵਾਲਾ ਸੀ ਅਤੇ ਉਹ ਆਪ ਅਦ੍ਰਿਸ਼ਟ ਸੀ ਜਾਂ ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ ਸੀ। 13.
ਜਦੋਂ ਅਕਾਲਪੁਰਖ ਨੂੰ ਚੰਗਾ ਲੱਗਾ ਉਸ ਨੇ ਜਗਤ ਰਚਨਾ ਕਰ ਦਿੱਤੀ ਸੀ। ਇਹ ਸਾਰਾ ਜਗਤ ਖਿਲਾਰਾ ਉਸ ਨੇ ਬਿਨਾ ਕਿਸੇ ਦਿੱਸ ਦੇ ਸਹਾਰੇ ਤੋਂ ਆਪਣੀ ਥਾਂ ਟਿਕਾ ਦਿੱਤਾ ਸੀ। ਉਸ ਵੇਲੇ ਉਸ ਨੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਵੀ ਪੈਦਾ ਕਰ ਦਿੱਤੇ ਸਨ। ਜਗਤ ਵਿੱਚ ਮਾਇਆ ਦਾ ਮੋਹ ਵੀ ਵਸਾ ਦਿੱਤਾ ਸੀ। 14.
ਜਿੱਸ ਵੇਲੇ ਸਤਿਗੁਰੂ ਨੇ ਕਿਸੇ ਵਿਰਲੇ ਵਿਅਕਤੀ ਨੂੰ ਉਪਦੇਸ਼ ਦਿੱਤਾ ਕਿ ਅਕਾਲਪੁਰਖ ਨੇ ਜਗਤ ਦੀ ਸਾਜਨਾ ਕਰ ਕੇ ਆਪ ਹੀ ਸੰਭਾਲਿਆ ਹੋਇਆਂ ਹੈ ਤਾਂ ਉਸ ਨੂੰ ਸਮਝ ਆ ਗਈ। ਹਰ ਥਾਂ ਅਕਾਲਪੁਰਖ ਹੁਕਮ ਚਲਾ ਰਿਹਾ ਹੈ। ਸਾਰੇ ਖੰਡ ਬ੍ਰਹਮੰਡ ਅਤੇ ਪਤਾਲ ਅਕਾਲਪੁਰਖ ਨੇ ਬਣਾਏ ਹਨ ਅਤੇ ਉਹ ਆਪ ਵੀ ਗੁਪਤ ਹਾਲਤ ਤੋਂ ਪ੍ਰਗਟ ਹੋਇਆ ਹੈ। 15.
ਸੰਪੂਰਨ ਗੁਰੂ ਤੋਂ ਗਿਆਨ ਮਿਲ ਦਾ ਹੈ ਕਿ ਕੋਈ ਵੀ ਜੀਵ ਅਕਾਲਪੁਰਖ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਹੇ ਨਾਨਕ! ਜੇਹੜੇ ਵਿਅਕਤੀ ਸਦਾ ਥਿਰ ਰਹਿਣ ਵਾਲੇ ਅਕਾਲਪੁਰਖ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਉਸ ਦੀ ਬੇਅੰਤ ਸ਼ਕਤੀ ਦਾ ਕੌਤਕ ਵੇਖ ਕੇ ਅਤੇ ਹੈਰਾਨ ਹੋ ਕੇ ਉਸ ਦੇ ਗੁਣ ਗਾਉਂਦੇ ਹਨ। 16.
ਗੁਰੂ ਨਾਨਕ ਜੀ ਦਾ ਰਾਗ ਬਿਲਾਵਲ ਵਿਚੋਂ ਇੱਕ ਗੁਰੂ ਵਾਕ ਅਰਥਾਂ ਸਮੇਤ ਪਾਠਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤਾ ਗਿਆ ਹੈ। ਇਸ ਤੋਂ ਉਪਰ ਦਿੱਤੇ ਵਿਚਾਰਾਂ ਦੀ ਪ੍ਰੋੜਤਾ ਹੋ ਜਾਂਦੀ ਹੈ।
ਆਪੇ ਸਚੁ ਕੀਆ ਕਰ ਜੋੜਿ ॥ ਅੰਡਜ ਫੋੜਿ ਜੋੜਿ ਵਿਛੋੜਿ ॥
ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ ਰਾਤਿ ਦਿਨੰਤੁ ਕੀਏ ਭਉ ਭਾਉ ॥
ਜਿਨਿ ਕੀਏ ਕਰਿ ਵੇਖਣਹਾਰਾ ॥ ਅਵਰ ਨ ਦੂਜਾ ਸਿਰਜਣਹਾਰਾ ॥3॥1॥ 1. 3
ਬਿਲਾਵਲ ਮ: 1 ਅ: ਗ: ਗ: ਸ: ਪੰਨਾ 839

ਅਰਥ: ਅਕਾਲਪੁਰਖ ਨੇ ਇੱਕ ਬ੍ਰਹਮੰਡ ਪੈਦਾ ਕੀਤਾ ਹੈ ਅਤੇ ਨਾਸ ਕਰ ਕੇ ਫਿਰ ਪੈਦਾ ਕੀਤਾ ਹੈ। ਧਰਤੀ ਅਤੇ ਅਕਾਸ਼ ਜੀਵਾਂ ਦੇ ਵੱਸਣ ਵਾਸਤੇ ਥਾਂ ਬਣਾਏ ਹਨ। ਅਕਾਲਪੁਰਖ ਨੇ ਜੀਵਾਂ ਅੰਦਰ ਪਿਆਰ ਅਤੇ ਡਰ ਪੈਦਾ ਕੀਤਾ ਹੈ। ਅਕਾਲਪੁਰਖ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ ਸੰਭ੍ਹਾਲ ਕਰਦਾ ਹੈ। ਇਸ ਬ੍ਰਹਮੰਡ ਨੂੰ ਹੋਰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। 3. 1.
ਗੁਰੂ ਅਮਰਦਾਸ ਜੀ ਰਾਗ ਰਾਮਕਲੀ ਦੀ ਵਾਰ ਵਿੱਚ ਜਗਤ ਰਚਨਾ ਬਾਰੇ ਵਿਚਾਰ ਦੇਂਦੇ ਹਨ ਜੋ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।
ਅੰਬਰ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥ ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥
ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥6॥ 1. 4
ਵਾਰ ਰਾਮਕਲੀ ਮ: 3 ਅ: ਗ: ਗ: ਸ: ਪੰਨਾ 949

ਅਰਥ: ਸ੍ਰਿਸ਼ਟੀ ਦੇ ਹਰ ਘਰ ਵਿੱਚ ਉਹ ਮੌਜੂਦ ਹੈ ਅਤੇ ਉਸ ਦਾ ਹੁਕਮ ਚੱਲ ਰਿਹਾ ਹੈ। ਅਕਾਲਪੁਰਖ ਜਗਤ ਰੂਪੀ ਤਖ਼ਤ ਉਪਰ ਬੈਠਾ ਅਟੱਲ ਨਿਆਂ ਕਰ ਰਿਹਾਂ ਹੈ। ਅਕਾਲਪੁਰਖ ਨੂੰ ਤਦ ਹੀ ਲਖਿਆ ਜਾ ਸਕਦਾ ਹੈ ਜੇ ਸਤਿਗੁਰ ਦੇ ਸਨਮੁਖ ਹੋਈਏ, ਘਰ ਘਾਟ ਨੂੰ ਤਿਆਗ ਕੇ ਨਹੀਂ। 6.
ਗੁਰੂ ਅਰਜਨ ਜੀ ਰਾਗ ਸੂ੍ਹਹੀ ਵਿੱਚ ਜਗਤ ਰਚਨਾ ਬਾਰੇ ਫਰਮਾਉਂਦੇ ਹਨ। ਇਹ ਗੁਰੂ ਵਾਕ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।
ਰਾਸਿ ਮੰਡਲੁ ਕੀਨੌ ਅਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ਰਹਾਉ ॥
ਬਹੁ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖੁਸੀ ਭੋਗ ਨਹੀ ਹਾਰਾ ॥
ਸਭਿ ਰਸ ਲੈਤ ਬਸਤ ਨਿਰਾਰਾ ॥1॥ ਬਰਨੁ ਚਿਹਨੁ ਨਾਹੀ ਮੁਖੁ ਨ ਮਸਾਰਾ ॥
ਕਹਨੁ ਨ ਜਾਈ ਖੇਲੁ ਤੁਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥ 1. 5
ਸੂਹੀ ਮ: 5 ਅ: ਗ: ਗ: ਸ: ਪੰਨਾ 746

ਅਰਥ: ਇਹ ਜਗਤ ਪਸਾਰਾ ਅਕਾਲਪੁਰਖ ਨੇ ਹੀ ਬਨਾਇਆ ਹੈ ਅਤੇ ਇਸ ਵਿੱਚ ਕਈ ਕਿਸਮ ਦੇ ਕਰਤੱਵ ਹੋ ਰਹੇ ਹਨ। 1. ਰਹਾਉ। ਅਕਾਲਪੁਰਖ ਦੀ ਖ਼ੁਸ਼ੀ ਕਾਰਨ ਇਸ ਵਿੱਚ ਕਈ ਤਰਾਂ ਦੇ ਰੰਗ ਤਮਾਸ਼ੇ ਹੋ ਰਹੇ ਹਨ ਜਿਨ੍ਹਾਂ ਦੂੰ ਉਹ ਮਾਣਦਾ ਹੈ। ਪਰ ਆਪੂੰ ਨਿਰਲੇਪ ਹੈ। 1. ਅਕਾਲਪੁਰਖ ਦਾ ਰਚਿਆ ਸੰਸਾਰ ਬਿਆਨ ਨਹੀਂ ਕੀਤਾ ਜਾ ਸਕਦਾ। ਅਕਾਲਪੁਰਖ ਦਾ ਕੌਈ ਰੰਗ, ਨਿਸ਼ਾਨ ਅਤੇ ਦਾੜ੍ਹਾ ਨਜ਼ਰ ਨਹੀਂ ਆਉਂਦਾ। ਨਾਨਕ ਅਕਾਲਪੁਰਖ ਦੇ ਦਰ ਉਤੇ ਸੰਤ ਜਨਾਂ ਦੀ ਸੇਵਾ ਦਾ ਅਵਸਰ ਮੰਗਦਾ ਹੈ। 2. 2. 45
ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਿੱਖ ਧਰਮ ਵਿੱਚ ਜਗਤ ਰਚਨਾ ਦੇ ਸਿਧਾਂਤ ਬਾਰੇ ਸਪਸ਼ਟੀ ਕਰਨ ਹੋ ਜਾਂਦਾ ਹੈ। ਸੰਖੇਪ ਰੂਪ ਵਿੱਚ ਇੰਜ ਕਹਿ ਸਕ ਦੇ ਹਾਂ ਕਿ ਸਿੱਖ ਧਰਮ ਅਨੁਸਾਰ ਅਕਾਲਪੁਰਖ ਦੀ ਖਾਹਿਸ਼ ਅਤੇ ਖੁਸ਼ੀ ਦੇ ਸਦਕੇ ਸੰਸਾਰ ਦਾ ਪਸਾਰ ਹੋਇਆ ਹੈ ਅਤੇ ਉਸ ਦੇ ਹੁਕਮ ਨਾਲ ਸਭ ਜੀਵ ਜੰਤੂ ਧਰਤੀ ਉਪਰ ਪ੍ਰਵੇਸ਼ ਕਰ ਰਹੇ ਹਨ। ਉਸ ਦੇ ਅੱਟਲ ਹੁਕਮ ਵਿੱਚ ਬੱਝਾ ਸੰਸਾਰ ਸਮੇਂ ਦੇ ਚੱਕਰ ਵਿੱਚ ਚੱਲਣ ਲਈ ਹੁਕਮਬੱਧ ਹੈ। ਅਕਾਲਪੁਰਖ ਤੋਂ ਬਿਨਾ ਕੋਈ ਹੋਰ ਇਸ ਦੀ ਰਵਾਨੀ ਵਿੱਚ ਦਖਲ ਨਹੀਂ ਦੇ ਸਕਦਾ ਕਿਉਂਕਿ ਉਸ ਦਾ ਸਰੀਕ ਜਾਂ ਸਾਂਝੀਵਾਲ ਕੋਈ ਨਹੀਂ ਹੈ, ਜੋ ਅਕਾਲਪੁਰਖ ਦੇ ਅਧਿਕਾਰਾਂ ਦੀ ਵਰਤੋਂ ਕਰ ਸਕੇ।
ਦਸਮ ਗ੍ਰੰਥ ਵਿੱਚ ਜਗਤ ਰਚਨਾ ਦਾ ਸਿਧਾਂਤ: ਅਸੀਂ ਦਸਮ ਗ੍ਰੰਥ ਵਿੱਚ ਦਿੱਤੇ ਜਗਤ ਰਚਨਾ ਦੇ ਸਿਧਾਂਤ ਬਾਰੇ ਵਿਚਾਰ ਸ਼ੁਰੂ ਕਰ ਰਹੇ ਹਾਂ। ਸ: ਹਰਿੰਦਰ ਸਿੰਘ ਮਹਿਬੂਬ ਅਤੇ ਸ: ਦਲਜੀਤ ਸਿੰਘ ਨੇ ਅਪਣੀਆਂ ਲਿਖੀਆਂ ਪੁਸਤਕਾਂ ਵਿੱਚ ਦਸਮ ਗ੍ਰੰਥ ਦੀਆਂ ਪੰਜ ਲਿਖਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਮੰਨਿਆਂ ਹੈ। ਇਨ੍ਹਾਂ ਵਿੱਚ ਅਕਾਲ ਉਸਤਤਿ ਵੀ ਸ਼ਾਮਲ ਹੈ। ਅਕਾਲ ਉਸਤਤਿ ਨੂੰ ਪੜ੍ਹਿਆਂ ਦੋ ਸਲੋਕ ਮਿਲਦੇ ਹਨ ਜੋ ਜਗਤ ਰਚਨਾ ਦੇ ਸਿਧਾਂਤ ਬਾਰੇ ਸੂਚਨਾ ਦੇਂਦੇ ਹਨ। ਇਹ ਦੋਵੇਂ ਤੁਕਾਂ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਵਿਚਾਰ ਵਾਸਤੇ ਹੇਠਾਂ ਦਿੱਤੀਆਂ ਗਈਆਂ ਹਨ।
ਜਿਹ ਅੰਡ ਤੇ ਬ੍ਰਹਮੰਡ। ਕੀਨੋ ਸੁ ਚੌਦਹ ਖੰਡ। 7. 37. 1. 6
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 40
ਅਰਥ: ਜਿੱਸ ਨੇ ਅੰਡੇ ਤੋਂ ਬ੍ਰਹਮੰਡ (ਦੀ ਰਚਨਾ ਕੀਤੀ ਹੈ), ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ। 7. 37.
ਜਿਹ ਅੰਡ ਤੇ ਬ੍ਰਹਮੰਡ ਰਚਿਓ। ਦਸ ਚਾਰ ਕਰੀ ਨਵ ਖੰਡ ਸਚਿਓ। 6. 146. 1. 7
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 66

ਅਰਥ: ਜਿੱਸ ਨੇ ਅੰਡੇ ਤੋਂ ਬ੍ਰਹਮੰਡ ਬਨਾਇਆ ਹੈ ਅਤੇ (ਜਿੱਸ ਨੇ) ਚਾਰ ਦਿਸ਼ਾਵਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ। 6. 146.
ਅਕਾਲ ਉਸਤਤਿ ਵਿੱਚ ਦਿੱਤੀਆਂ ਇਨ੍ਹਾਂ ਦੋਵਾਂ ਤੁਕਾਂ ਦੇ ਅਰਥਾਂ ਵਿੱਚ ਦਸਮ ਗ੍ਰੰਥ ਦੇ ਲੇਖਕ ਅਨੁਸਾਰ ਜਗਤ ਰਚਨਾ ਅੰਡੇ ਤੋਂ ਹੋਈ ਹੈ। (ਜਿਵੇਂ ਮੁਰਗੀ ਆਦਿਕ ਦੇ ਅੰਡੇ ਵਿਚੋਂ ਚੂਜ਼ਾ ਆਪੂੰ ਚੁੰਝ ਮਾਰ ਕੇ ਅੰਡੇ ਨੂੰ ਤੋੜ ਕੇ ਬਾਹਰ ਨਿਕਲ ਆਉਂਦਾ ਹੈ)। ਪਰ ਤੁਕ 1. 6 ਵਿੱਚ 14 ਖੰਡ ਅਤੇ ਤੁਕ 1. 7 ਵਿੱਚ 9 ਖੰਡ ਰੱਚਣ ਦੀ ਚਰਚਾ ਕੀਤੀ ਗਈ ਹੈ। ਸਾਨੂੰ ਇਸ ਗਿਣਤੀ ਤੋਂ ਸ਼ੱਕ ਪੈਂਦਾ ਹੈ ਕਿ ਲੇਖਕ ਨੇ ਭੰਗ ਤਾਂ ਨਹੀਂ ਸੀ ਪੀਤੀ ਹੋਈ।
ਅਸੀਂ ਗੁਰੂ ਨਾਨਕ ਜੀ ਵਲੋਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਜਗਤ ਰਚਨਾ ਦੇ ਸਿਧਾਂਤ ਬਾਰੇ {1. 1-1. 3} ਵਿਚਾਰ ਕਰ ਆਏ ਹਾਂ। ਇਸ ਸਿਧਾਂਤ ਅਨੁਸਾਰ ਅਕਾਲਪੁਰਖ ਨੇ ਆਪਣੀ ਮੌਜ ਵਿੱਚ ਆ ਕੇ ਜਗਤ ਰਚਨਾ ਦਾ ਪਸਾਰਾ ਕੀਤਾ ਸੀ। ਭੌਤਿਕ ਵਿਗਿਆਨ ਅਨੁਸਾਰ ਵੀ ਜਗਤ ਰਚਨਾ ਇੱਕ ਧਮਾਕੇ ਤੋਂ ਹੋਈ ਅੱਜ ਮੰਨੀ ਜਾਂਦੀ ਹੈ। ਗੁਰੂ ਨਾਨਕ ਜੀ ਨੇ ਪੰਜ ਸੌ ਸਾਲ ਪਹਿਲਾਂ ਜਗਤ ਰਚਨਾ ਬਾਰੇ ਆਪਣੇ ਵਿਚਾਰ ਆਪਣੀ ਬਾਣੀ ਵਿੱਚ ਲਿਖਤੀ ਰੂਪ ਵਿੱਚ ਪ੍ਰਗਟ ਕਰ ਦਿੱਤੇ ਸਨ। ਅੱਜ ਸਾਰੀ ਦੁਨੀਆਂ ਦੇ ਧਰਮਾਂ ਨੂੰ ਆਪਣੇ ਆਪਣੇ ਜਗਤ ਰਚਨਾ ਦੇ ਸਿਧਾਂਤਾਂ ਵਿੱਚ ਤਬਦੀਲੀ ਕਰਨ ਦੀ ਲੋੜ ਪੈ ਰਹੀ ਹੈ। ਦਸਮ ਗ੍ਰੰਥ ਅਤੇ ਖਾਸ ਕਰਕੇ ਅਕਾਲ ਉਸਤਤਿ ਵਿੱਚ, ਜਿੱਸ ਨੂੰ ਕਈ ਗੁਰਮੁੱਖ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਦਾ ਭੁਲੇਖਾ ਖਾ ਰਹੇ ਹਨ, ਜਗਤ ਰਚਨਾ ਦਾ ਅੰਡੇ ਤੋਂ ਅਰੰਭ ਹੋਣਾ ਸਾਬਤ ਕਰਦਾ ਹੈ ਕਿ ਅਕਾਲ ਉਸਤਤਿ ਕਦਾਚਿੱਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨੀ ਜਾ ਸਕਦੀ, ਕਿਉਂਕਿ ਉਹ ਤਾਂ ਦਸਵੇਂ ਨਾਨਕ ਸਨ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਪੂਰੀ ਤਰ੍ਹਾਂ ਜਾਣੂ ਸਨ। ਉਹ ਪਹਿਲੇ ਨਾਨਕ ਦੀ ਇਲਾਹੀ ਬਾਣੀ ਦੇ ਉਲਟ ਕਦੇ ਵੀ ਨਹੀੰ ਸਨ ਲਿਖ ਸਕਦੇ। ਹਾਂ! ਇੱਕ ਗੱਲ ਮੰਨਣ ਵਿੱਚ ਆਉਂਦੀ ਹੈ ਕਿ ਸਿੱਖ ਧਰਮ ਦੇ ਵਿਰੋਧੀਆਂ ਨੇ ਸਿੱਖ ਧਰਮ ਨੂੰ ਹਾਨੀ ਪਹੁੰਚਾਉਣ ਲਈ ਇਹ ਅਖੌਤੀ ਗ੍ਰੰਥ ਆਪ ਲਿੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਉਨ੍ਹਾਂ ਦੇ ਨਾਉਂ ਨਾਲ ਜੋੜ ਦਿੱਤਾ ਸੀ। ਪਿਛੋਂ ਮਿਸਲਾਂ ਦੇ ਅਨਜਾਣ ਅਤੇ ਅਨਪੜ੍ਹ ਸਿੱਖ ਸਰਦਾਰਾਂ ਅਤੇ ਰਾਜ ਗੱਦੀਆਂ ਸਾਂਭ੍ਹਣ ਵਾਲੇ ਅਨਪੜ੍ਹ ਰਾਜਿਆਂ ਦੀ ਚਾਪਲੋਸੀ ਕਰ ਕੇ ਇਹ ਵਿਰੋਧੀ ਪੱਕੇ ਪੈਰਾਂ ਉਤੇ ਖਲੋ ਗਏ ਸਨ। ਫਿਰ ਇਹ ਚਾਲਾਕ ਲੋਕ ਸਿੱਖ ਧਰਮ ਦੇ ਆਗੂ ਬਣ ਗਏ ਸਨ ਅਤੇ ਅੱਜ ਤਕ ਆਪਣਾ ਅਸਰ ਰਸੂਖ ਵਰਤ ਕੇ ਸਿੱਖਾਂ ਨੂੰ ਆਪੋ ਵਿੱਚੀ ਲੜਾ ਰਹੇ ਹਨ। ਅੱਜ ਵੀ ਸਿੱਖਾਂ ਵਿੱਚ ਪੜੇ੍ਹ-ਅਨਪੜ੍ਹ ਕੇਸਾਧਾਰੀ ਸਿੱਖ ਮੌਜੂਦ ਹਨ। ਜਿਨ੍ਹਾਂ ਨੂੰ ਇਹ ਮੰਨਣ ਵਿੱਚ ਔਖਿਆਈ ਆ ਰਹੀ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਹੀ ਕੇਵਲ ਇੱਕ ਗ੍ਰੰਥ ਹੈ ਜਿੱਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਦਿੱਤੀ ਸੀ ਅਤੇ ਉਸ ਵਿੱਚ ਦਿੱਤੀ ਗੁਰਬਾਣੀ ਹੀ ਇੱਕ ਵਾਹੱਦ ਸਬਦ ਗੁਰੂ ਹੈ ਜਿੱਸ ਤੋਂ ਹਰ ਇੱਕ ਸਿੱਖ ਨੇ ਸੇਧ ਅਤੇ ਅਗਵਾਈ ਲੈਣੀ ਹੈ। ਗੁਰੂ ਦੇ ਪੰਥ ਨੂੰ ਗੁਰੂ ਗ੍ਰੰਥ ਤੋਂ ਸੇਧ ਲੈ ਕੇ ਸਿੱਖਾਂ ਦੀ ਅਗਵਾਈ ਕਰਨ ਲਈ ਹੰਬਲਾ ਮਾਰਨ ਦੀ ਲੋੜ ਹੈ। ਗੁਰੂ ਦੇ ਪੰਥ ਨੇ ਸਾਰੀ ਦੀ ਸਾਰੀ ਸ਼ਕਤੀ ਗੁਰੂ ਗ੍ਰੰਥ ਤੋਂ ਹੀ ਪ੍ਰਾਪਤ ਕਰਨੀ ਹੈ। ਗੁਰੂ ਦੇ ਪੰਥ ਦੀ ਆਪਣੀ ਅਜ਼ਾਦ ਸ਼ਕਤੀ ਅਤੇ ਨਿੱਜੀ ਹਸਤੀ ਕੋਈ ਨਹੀਂ ਹੈ। ਸਿੱਖ ਧਰਮ ਦੀ ਵੱਡੀ ਸਮੱਸਿਆ ਸਹੀ ਧਾਰਮਿਕ ਗਿਆਨ ਲੋਕਾਂ ਤੱਕ ਪਹੁੰਚਾਉਣ ਦੀ ਰਹੀ ਹੈ ਜੋ ਅੱਜ ਦੀ ਦੁਨੀਆਂ ਦੇ ਮਸਲੇ ਹੱਲ ਕਰਨ ਵਿੱਚ ਸਹਾਈ ਹੋ ਸਕਦਾ ਹੈ। ਇੰਜ ਕਰਨ ਨਾਲ ਅਸੀਂ ਸਿੱਖੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਚੜ੍ਹਦੀ ਕਲਾ ਵੱਲ ਲੈ ਜਾ ਸਕਦੇ ਹਾਂ। ਇਸ ਲੇਖ ਨੂੰ ਸਮਾਪਤ ਕਰਦੇ ਹਾਂ ਇੱਕ ਗੁਰੂ ਵਾਕ ਨਾਲ ਜੋ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਹਾਜ਼ਰ ਹੈ।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ 1. 8
ਸੋਰਠ ਮ: 3 ਸ: ਗ: ਗ: ਸ: ਪੰਨਾ 646




.