.

ਜਦੋਂ ਡਾਰਵਿਨ ਦੀ ਵਿਕਾਸ-ਥਿਊਰੀ ਨੂੰ ਮੁੜ ਤੋਂ ਵਿਚਾਰਿਆ ਜਾਵੇਗਾ!

ਪ੍ਰੋ: ਤਰਲੋਚਨ ਸਿੰਘ ਮਹਾਜਨ
ਫਿਜਿਕਸ ਵਿਭਾਗ
ਖਾਲਸਾ ਕਾਲਜ, ਪਟਿਆਲਾ।
੦੯੧-੯੮੮੮੧੬੯੨੨੬

ਜੀਵ ਉਤਪਤੀ……? ਜਾਂ ਜੀਵ ਵਿਕਾਸ……?

ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ।। (੫੧੯-੧, ਗੂਜਰੀ, ਮਃ ੫)

‘‘ਜੀਵ ਉਤਪਤੀ ਜਾਂ ਫਿਰ ਜੀਵ ਵਿਕਾਸ ਇਨ੍ਹਾਂ ਵਿਚੋਂ ਕੀ ਠੀਕ ਹੈ” ਇਹ ਵਿਗਿਆਨੀਆਂ ਲਈ ਹਮੇਸ਼ਾ ਤੋਂ ਇੱਕ ਗੁੰਝਲਦਾਰ ਵਿਸ਼ਾ ਰਿਹਾ ਹੈ। ਵਿਗਿਆਨੀ ਇਸ ਵਿਸ਼ੇ ਨੂੰ ਸੁਲਝਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਇਸ ਪੇਚੀਦਾ ਵਿਸ਼ੇ ਦਾ ਜਨਮਦਾਤਾ ਜਾਂ ਨਾਇਕ, ਚਾਰਲਸ ਡਾਰਵਿਨ ਹੈ। ਉਸ ਨੇ ਜੀਵ ਰਚਨਾ ਨੂੰ ਜੀਵ ਵਿਕਾਸ ਨਾਲ ਜੋੜ ਦਿੱਤਾ। ਉਸ ਦੀ ਥਿਊਰੀ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਦਕਾ ਹੈ ਕਿ ਅੱਜ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਜਦੋਂ ਕਿ ਸਾਇੰਸ ਅਤੇ ਟੈਕਨਾਲੋਜੀ ਅਜੇ ਬਚਪਨ ਵਿੱਚ ਸੀ ਡਾਰਵਿਨ ਵਲੋਂ ਉਦੋਂ ਦਿੱਤੀ ਥਿਊਰੀ ‘‘ਨੈਚਰੂਲ ਸਿਲੈਕਸ਼ਨ” ਨੂੰ ਅੱਜ ਵੀ ਸਾਰੇ ਸਕੂਲਾਂ, ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ। ਜੀਵ-ਵਿਕਾਸ ਥਿਊਰੀ ਨੂੰ ਡਾਰਵਿਨ ਦੇ ਨੈਚਰੂਲ ਸਿਲੈਕਸ਼ਨ ਨਿਯਮ ਨਾਲ ਜੋੜਿਆ ਜਾਂਦਾ ਹੈ। ਜੀਵ-ਵਿਕਾਸ ਥਿਊਰੀ ਦਾ ਅਧਿਐਨ ਦਸਦਾ ਹੈ ਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਤਰੁਟੀਆਂ ਹਨ। ਇਨ੍ਹਾਂ ਤਰੁੱਟੀਆਂ ਦਾ ਇਸ ਥਿਊਰੀ ਕੋਲ ਕੋਈ ਇਲਾਜ ਨਹੀਂ। ਆਓ ਇਸ ਦਾ ਹੱਲ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਲੱਭਣ ਦੀ ਕੋਸ਼ਿਸ਼ ਕਰੀਏ।
ਡਾਰਵਿਨ ਦਾ ਜਨਮ ਇੰਗਲੈਂਡ ਵਿੱਚ ਸ਼ੂਬਰੇ ਵਿਖੇ ੧੮੦੯ ਵਿੱਚ ਹੋਇਆ। ਉਸ ਦੇ ਪਿਤਾ ਰਾਬਰਟ ਡਾਰਵਿਨ ਡਾਕਟਰੀ ਪੇਸ਼ੇ ਨਾਲ ਸੰਬੰਧਤ ਸਨ। ਉਸ ਦਾ ਦਾਦਾ ਇਰਾਸਮਸ ਡਾਰਵਿਨ ਕਲਾ ਪ੍ਰੇਮੀ ਸਨ। ਕਵਿਤਾ ਲਿਖਣ ਅਤੇ ਜੀਵ-ਜੰਤੂਆਂ, ਪੌਦਿਆਂ ਦਾ ਅਧਿਆਨ ਕਰਨਾ ਉਨ੍ਹਾਂ ਦਾ ਸ਼ੌਂਕ ਸੀ। ਚਾਰਲਸ ਡਾਰਵਿਨ ਅਜੇ ਅੱਠ ਸਾਲ ਦਾ ਹੀ ਸੀ ਜਦੋਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਜੀਵ-ਜੰਤੂਆਂ ਦੇ ਅਧਿਐਨ ਦੀ ਗੁੜਤੀ ਚਾਰਲਸ ਨੂੰ ਆਪਣੇ ਦਾਦੇ ਤੋਂ ਮਿਲੀ।
ਉਸ ਦੇ ਖੋਜ ਕਾਰਜਾਂ ਦਾ ਆਰੰਭ (੧੮੩੧) ਉਦੋਂ ਹੋਇਆ ਜਦੋਂ ਉਸ ਨੇ ਆਪਣੇ ਆਪ ਨੂੰ ਅੰਗਰੇਜ਼ੀ ਜਲ-ਸੈਨਾ ‘‘ਐਚ ਐਮ ਐਸ ਬੈਗਲ” ਨਾਲ ਜੋੜਿਆ। ਦੱਖਣੀ ਅਮਰੀਕਾ ਵਿਚੋਂ ਉਸ ਨੂੰ ਲੁਪਤ ਹੋ ਚੁਕੇ ਉਹੋ ਜਿਹੇ ਜਾਨਵਰਾਂ ਦੇ ਫੌਸਿਲ ਮਿਲੇ ਜਿਹੜੇ ਅੱਜ ਦੀਆਂ ਜਾਤੀਆਂ ਨਾਲ ਮੇਲ ਖਾਂਦੇ ਸਨ। ਉਸ ਨੇ ਸੰਸਾਰ ਦੇ ਅੱਡ-ਅੱਡ ਹਿੱਸਿਆਂ ਤੋਂ ਜਾਨਵਰਾਂ ਅਤੇ ਪੌਦਿਆਂ ਦੇ ਕਈ ਨਮੂਨੇ ਇਕੱਠੇ ਕੀਤੇ। ੧੮੩੬ ਵਿੱਚ, ਲੰਡਨ ਆ ਕੇ ਉਸ ਨੇ ਇਕੱਠੇ ਕੀਤੇ ਨਮੂਨਿਆਂ ਦੀ ਬੜੀ ਗੌਹ ਨਾਲ ਜਾਂਚ-ਪਰਖ ਕੀਤੀ। ਅਖੀਰ ਉਸ ਨੇ ਇਹ ਸਿੱਟਾ ਕੱਢਿਆ ਕਿ ਉਹ ਜੀਵ ਜੰਤੂ ਜਾਂ ਪੌਦੇ ਹੀ ਜਿਉਂਦੇ ਰਹਿ ਸਕਦੇ ਹਨ, ਜਿਹੜੇ ਜੀਵਨ ਨੂੰ ਚਲਦਾ ਰੱਖਣ ਲਈ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਨ ਦੇ ਕਾਬਿਲ ਹੁੰਦੇ ਹਨ। ਡਾਰਵਿਨ ਦੇ ਇਸ ਨਿਚੋੜ ਨੇ ਜੀਵ-ਰਚਨਾ ਨੂੰ ਜੀਵ-ਵਿਕਾਸ ਵੱਲ ਮੋੜ ਦਿੱਤਾ। ਜੀਵ-ਵਿਕਾਸ ਥਿਊਰੀ ਅਨੁਸਾਰ ਜੀਵ-ਜੰਤੂਆਂ ਅਤੇ ਪੌਦਿਆਂ ਦੀਆਂ ਸਾਰੀਆਂ ਜਾਤੀਆਂ ਇਕੱਠੀਆਂ ਹੀ ਪੈਦਾ ਨਹੀਂ ਹੋਈਆਂ ਬਲਕਿ ਇਹ ਇੱਕ ਬਹੁਤ ਲੰਬੇ ਸਮੇ ਤੋਂ (ਜਦੋਂ ਤੋਂ ਧਰਤੀ ਬਣੀ ਹੈ) ਆਹਿਸਤਾ ਆਹਿਸਤਾ ਵਿਕਾਸ ਕਰਦੀਆਂ ਹੋਈਆਂ ਇਥੇ ਤਕ ਪੁੱਜੀਆਂ ਹਨ। ਜੀਵ-ਜੰਤੂਆਂ ਦੀ ਸਾਰੀ ਖੇਡ ਇੱਕ ਜੀਵ-ਸੈੱਲ ਤੋਂ ਸ਼ੁਰੂ ਹੋਈ। ਇਹ ਸਾਰੀ ਉਤਪਤੀ ਇਸ ਜੀਵ-ਸੈੱਲ ਦੇ ਵਿਕਾਸ ਦਾ ਹੀ ਸਿੱਟਾ ਹੈ। ਪਹਿਲਾ ਜੀਵ-ਸੈੱਲ ਹੋਂਦ ਵਿੱਚ ਕਿਵੇਂ ਆਇਆ? ਵਿਕਾਸ ਥਿਊਰੀ ਅਨੁਸਾਰ ਇਹ ਜੀਵ-ਸੈੱਲ ਅਚਾਨਕ ਹੋਈ ਕਿਸੇ ਘਟਨਾ ਦਾ ਨਤੀਜਾ ਹੈ। ਜਿਵੇਂ ਜਿਵੇਂ ਜੀਵ-ਸੈੱਲ ਦਾ ਵਿਕਾਸ ਹੁੰਦਾ ਗਿਆ ਜੀਵ ਬਣਦੇ ਚਲੇ ਗਏ। ਇਹ ਜੀਵ ਪਹਿਲਾਂ ਪਾਣੀ ਅੰਦਰ ਰਹੇ, ਫਿਰ ਛਿਪਕਲੀਆਂ ਦੇ ਰੂਪ ਵਿੱਚ ਪਾਣੀ ਤੋਂ ਬਾਹਰ ਆਏ। ਇਸ ਵਿਕਾਸ ਨੇ ਅੰਤ ਮਨੁੱਖਾ ਰੂਪ ਧਾਰਨ ਕੀਤਾ। ਡਾਰਵਿਨ ਵਲੋਂ ਇਸ ਵਿਕਾਸ ਨੂੰ ਕੁਦਰਤੀ ਚੋਣ (ਨੈਚੁਰਲ ਸਿਲੈਕਸ਼ਨ) ਦਾ ਨਾਮ ਦਿੱਤਾ ਗਿਆ। ਇਸ ਕੁਦਰਤੀ ਚੋਣ ਨਿਯਮ ਅਨੁਸਾਰ ਜੀਵਾਂ ਦੀਆਂ (ਅੱਗੇ ਤੋਂ ਅੱਗੇ) ਆਉਣ ਵਾਲੀਆਂ ਪਰਜਾਤੀਆਂ ਵਿੱਚ ਆਉਣ ਵਾਲੇ ਬਦਲਾਵ ਲਈ ਕੁਦਰਤੀ ਹਾਲਾਤ ਜਿੰਮੇਵਾਰ ਹੁੰਦੇ ਹਨ। ਇਹ ਬਦਲਾਵ ਜੀਵਾਂ ਨੂੰ ਕੁਦਰਤ ਦੇ ਨੇੜੇ ਅਤੇ ਉਸ ਅਨੁਸਾਰ ਰਹਿਣ ਲਈ ਸਹਾਈ ਹੁੰਦੇ ਹਨ। ਇਸੇ ਨਿਯਮ ਤਹਿਤ ਹੀ ਬਾਂਦਰ ਦਾ ਵੀ ਵਿਕਾਸ ਹੋਇਆ। ਇਸ ਵਿਕਾਸ ਨੂੰ ਅਸੀ ਅੱਜ ਮਨੁੱਖ ਦੇ ਰੂਪ ਵਿੱਚ ਪ੍ਰਤੱਖ ਵੇਖ ਰਹੇ ਹਾਂ।
ਇਹ ਠੀਕ ਹੈ ਕਿ ਡਾਰਵਿਨ ਦੀ ‘ਨੈਚੁਰਲ ਸਿਲੈਕਸ਼ਨ ਅਤੇ ਵਿਕਾਸ ਥਿਊਰੀ’ ਸਾਰੀ ਦੁਨੀਆਂ ਵਿੱਚ ਬੇਹੱਦ ਪ੍ਰਚੱਲਤ ਹੋਈ ਅਤੇ ਇਸ ਨੂੰ ਮੰਨਣ ਵਾਲਿਆਂ ਦੀ ਬਹੁਤਾਤ ਹੈ ਪਰ ਫਿਰ ਵੀ ਇਹ ਥਿਊਰੀ ਕੁੱਝ ਤੱਥਾਂ ਤੇ ਖਰੀ ਨਹੀਂ ਉਤਰਦੀ ਅਤੇ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਡਾਰਿਵਨ ਥਿਊਰੀ ਗਲਤ ਹੈ?

(1) ਮੁੱਢਲੇ ਜੀਵ-ਸੈੱਲ ਦਾ ਅਚਾਨਕ ਕਿਸੇ ਘਟਨਾ ਤਹਿਤ ਬਣਨਾ ਸੰਭਵ ਨਹੀਂ ਹੈ ਕਿਉਂਕਿ ਜਿੰਨਾ ਜਟਿਲ ਕਿਸੇ ਸ਼ਹਿਰ ਦਾ ਸੰਚਾਰ ਸਿਸਟਮ ਹੁੰਦਾ ਹੇ ਉਸ ਤੋਂ ਲੱਖਾਂ ਗੁਣਾਂ ਜ਼ਿਆਦਾ ਜੀਵ-ਸੈੱਲ ਦੀ ਜਟਿਲਤਾ ਹੈ। ਡਰਾਵਿਨਿਜ਼ਮ ਨੂੰ ਮੰਨਣ ਵਾਲੇ ਇਹ ਦਲੀਲ ਦਿੰਦੇ ਹਨ ਕਿ ਧਰਤੀ ਦੇ ਬਣਨ ਤੋਂ ਕੁੱਝ ਸਮੇਂ ਮਗਰੋਂ ਕੁਦਰਤੀ ਹਾਲਾਤ ਅਜਿਹੇ ਸਨ ਜਿੰਨ੍ਹਾਂ ਸਦਕਾ ਇਹ ਜੀਵ-ਸੈੱਲ ਹੋਂਦ ਵਿੱਚ ਆਇਆ। ਇਹ ਠੀਕ ਹੈ ਕਿ ਵਿਗਿਆਨੀਆਂ ਨੇ ਕੁੱਝ ਕੁ ਐਸਿਡ ਤਿਆਰ ਕੀਤੇ ਹਨ ਜਿਹੜੇ ਕਿ ਜੀਵ-ਸੈੱਲ ਵਿੱਚ ਪਾਏ ਜਾਂਦੇ ਹਨ ਪਰ ਅੱਜ ਤੱਕ ਇਸ ਦੁਨੀਆ ਦੀ ਕਿਸੇ ਵੀ ਆਧੁਨਿਕ ਲੈਬਾਰਟਰੀ ਵਿੱਚ ਜੀਵ-ਸੈੱਲ ਤਿਆਰ ਨਹੀਂ ਹੋ ਸਕਿਆ। ਕਿਸੇ ਕਾਰ ਦਾ ਪੁਰਜਾ-ਪੁਰਜਾ ਅੱਡ ਕਰ ਕੇ ਉਸ ਨੂੰ ਫਿਰ ਤੋਂ ਜੋੜਿਆ ਜਾ ਸਕਦਾ ਹੈ ਪਰ ਜੀਵ-ਸੈੱਲ ਵਿੱਚ ਮੌਜੂਦ ਸਾਰੇ ਤੱਤਾਂ ਨੂੰ ਜੋੜ ਕੇ ਸੈੱਲ ਨਹੀਂ ਬਣਾਇਆ ਜਾ ਸਕਦਾ। ਜੀਵ-ਸੈੱਲ ਦੇ ਡੀ. ਐਨ. ਏ ਵਿੱਚ ਜੀਵਨ ਨਾਲ ਸੰਬਧਤ ਸਾਢੇ ਤਿੰਨ ਕਰੋੜ ਯੂਨਿਟਾਂ ਦਾ ਇੱਕ ਕੋਡਿੰਗ ਸਿਸਟਮ ਹੁੰਦਾ ਹੈ। ਇਹੋ ਜਿਹੇ ਡੀ. ਐਨ. ਏ ਦਾ ਅਚਾਨਕ ਬਣਨਾ ਸੰਭਵ ਨਹੀਂ ਹੈ। ਕਿਉਂਕਿ ਪਹਿਲੇ ਜੀਵ-ਸੈੱਲ ਦਾ ਅਚਾਨਕ ਕਿਸੇ ਘਟਨਾ ਤਹਿਤ ਬਣਨਾ ਸੰਭਵ ਨਹੀਂ ਇਸ ਲਈ ਇਸ ਦਾ ਬਦਲਵਾਂ ਉੱਤਰ ਵਿਕਾਸ ਥਿਊਰੀ ਵਾਲੇ ਇਹ ਦਿੰਦੇ ਹਨ ਕਿ ਇਹ ਸੈੱਲ ਬਾਹਰਲੇ ਬ੍ਰਹਿਮੰਡ ਤੋਂ ਆਉਣ ਵਾਲੇ ਕਿਸੇ ਮੀਟਉਰਾਇਟਸ ਨਾਲ ਧਰਤੀ ਤੇ ਪੁੱਜਾ। ਪਰੰਤੂ ਉਨ੍ਹਾਂ ਦੀ ਇਸ ਦਲੀਲ ਵਿੱਚ ਕੋਈ ਵਜ਼ਨ ਨਹੀਂ ਲਗਦਾ ਕਿਉਂਕਿ ਹੁਣ ਤਕ ਜਿੰਨੇ ਵੀ ਮੀਟਉਰਾਈਟਸ ਧਰਤੀ ਤੇ ਪੁੱਜੇ ਹਨ ਕਿਸੇ ਵਿੱਚ ਵੀ ਇਹੋ ਜਿਹਾ ਜੀਵ-ਸੈੱਲ ਨਹੀਂ ਪਾਇਆ ਗਿਆ।
(2) ਵਿਕਾਸ ਥਿਊਰੀ ਦੇ ਮੱਤ ਅਨੁਸਾਰ ਜੀਵ-ਸੈੱਲ ਜਿਵੇ-ਜਿਵੇਂ ਵਿਕਾਸ ਵਲ ਤੁਰਿਆ ਇਹ ਪੇਚੀਦਾ ਹੋਰ ਪੇਚੀਦਾ ਹੁੰਦਾ ਚਲਾ ਗਿਆ। ਵਿਕਾਸ ਥਿਊਰ ਦਾ ਸਫਰ ਸੌਖ ਤੋਂ ਔਖ ਵੱਲ ਜਾਂ ਬੇਤਰਤੀਬ ਤੋਂ ਤਰਤੀਬ ਵੱਲ ਹੈ। ਪਰ ਕਿੰਮਬਰੀਅਨ ਏਜ (ਅੱਜ ਤੋਂ ੫੦ ਕਰੋੜ ਸਾਲ ਪਹਿਲਾਂ) ਸਮੇਂ ਦੇ ਕੀੜਆਂ ਦੇ ਫੌਸਿਲ (ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਨਹੀਂ ਹੁੰਦੀ, ਜਿਵੇਂ ਬੇਹੱਦ ਛੋਟਾ ਸਮੁੰਦਰੀ ਜੀਵ ‘ਟਰੈਲੋਬਾਈਟ’) ਵਿਕਾਸ ਥਿਊਰੀ (ਸੌਖ ਤੋਂ ਔਖ ਵਲ ਦੇ ਸਫਰ) ਨੂੰ ਨਕਾਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਦਾ ਲੈਂਜ਼ ਸਿਸਟਮ ਵਿਕਾਸ ਦੇ ਆਰੰਭ ਵਿੱਚ ਹੀ ਬੇਹੱਦ ਵਧੀਆ ਅਤੇ ਜਟਿਲ ਸਨ। ਇਹੋ ਜਿਹਾ ਲੈਂਜ਼ ਸਿਸਟਮ ਹੁਣ ਵੀ ਕੁੱਝ ਮੱਖੀਆਂ ਵਿੱਚ ਪਾਇਆ ਜਾਂਦਾ ਹੈ ਜਿਹੋ ਜਿਹਾ ਅੱਜ ਤੋਂ ੫੦ ਕਰੋੜ ਸਾਲ ਪਹਿਲਾਂ ਸੀ।

(3) ੫੦ ਤੋਂ ੫੭ ਕਰੋੜ ਸਾਲ ਪਹਿਲਾਂ ਦੇ ਵਿਚਕਾਰਲੇ ਸਮੇਂ ਨੂੰ ਕਿੰਮਬਰੀੲਨ ਏਜ ਵਜੋਂ ਜਾਣਿਆ ਜਾਂਦਾ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ, ਕਿਮਬਰੀਏਨ ਏਜ ਤੋਂ ਪਹਿਲਾਂ ਧਰਤੀ ਤੇ ਇਕੋ ਜਾਤੀ ਦੇ ਜੀਵ ‘ਸੈਨੀਡੈਰੀੲਅ’ (ਜੈਲੀਫਸ਼ ਅਤੇ ਕੋਰਲ ਵਗੈਰਾ) ਵਿਚਰ ਰਹੇ ਸਨ ਪਰ ਕਿਮਬਰੀਏਨ ਏਜ ਸਮੇਂ ਇੱਕ ਦਮ ੧੩ ਨਵੀਆਂ ਜੀਵ-ਜਾਤੀਆਂ ਸ਼ਾਮਲ ਹੋ ਗਈਆਂ। ਜੀਵ-ਜਾਤੀਆਂ ਦਾ ਬਹੁਤ ਥੋੜ੍ਹੇ ਸਮੇਂ ਵਿੱਚ ਇੱਕ ਦਮ ਹੋਇਆ ਵਾਧਾ ਵਿਕਾਸ ਥਿਊਰੀ ਨੂੰ ਨਕਾਰਦਾ ਹੈ ਕਿਉਂਕਿ ਵਿਕਾਸ ਥਿਊਰੀ ਕਹਿੰਦੀ ਹੈ ਕਿ ਜੀਵਾਂ ਵਿੱਚ ਵਾਧਾ ਇੱਕ ਦਰਖਤ ਦੀਆਂ ਸ਼ਾਖਾਵਾਂ ਵਿੱਚ ਹੋ ਰਹੇ ਵਾਧੇ ਵਾਂਗੂੰ ਆਹਿਸਤਾ-ਆਹਿਸਤਾ ਅਤੇ ਲਗਾਤਾਰ ਹੁੰਦਾ ਹੈ।
(4) ੫੦ ਕਰੋੜ ਸਾਲ ਪਹਿਲਾਂ ਜਿਵੇਂ ਦੀਆਂ ਸਟਾਰਫਿਸ਼ ਅਤੇ ਜੈਲੀਫਸ਼ ਸਨ (ਬਿਲਕੁਲ ਉਹੋ ਜਿਹੀਆਂ ਉਹ ਹੁਣ ਵੀ ਹਨ) ਕਿਉਂ? ਕੀ ਇਨ੍ਹਾਂ ਵਿੱਚ ਵਿਕਾਸ ਦੀ ਲੋੜ ਨਹੀਂ ਸੀ? ਇਹ ਵਿਕਾਸ ਦੇ ਦੌਰ ਵਿਚੋਂ ਕਿਉਂ ਨਹੀਂ ਗੁਜਰੀਆਂ?
(5) ਬਾਂਦਰ ਜਦੋਂ ਵਿਕਾਸ ਵੱਲ ਨੂੰ ਤੁਰੇ ਤਾਂ ਉਨ੍ਹਾਂ ਦੀ ਪੂਛ ਗਾਇਬ ਹੁੰਦੀ ਚਲੀ ਗਈ। ਅਖੀਰ ਇਨ੍ਹਾਂ ਤੋਂ ਹੀ ਸੋਹਣੇ ਮਨੁੱਖਾਂ ਦੀ ਸਾਜਨਾ ਹੋਈ, ਇਹ ਹੈ ਵਿਕਾਸ ਥਿਊਰੀ ਪਰ ਲੱਖਾਂ ਸਾਲ ਪਹਿਲਾਂ ਦੇ ਦਫਨ ਹੋਏ ਮਨੁੱਖੀ ਪਿੰਜਰ ਇਨ੍ਹਾਂ ਤੱਥਾਂ ਨੂੰ ਝੁਠਲਾ ਰਹੇ ਹਨ। ਤਨਜਾਨੀਆ ਵਿੱਚ ਮਨੁੱਖੀ ਪੈਰਾਂ ਦੇ ਨਿਸ਼ਾਨ ਵਰਗੇ ਪੱਥਰ ਵਿੱਚ ਖੁਦੇ ਹੋਏ ਨਿਸ਼ਾਨ ਮਿਲੇ ਹਨ ਇਨ੍ਹਾਂ ਵਿਚੋਂ ੨੦ ਨਿਸ਼ਾਨ ੧੦ ਸਾਲ ਦੇ ਬੱਚੇ ਦੇ ਹਨ ਅਤੇ ੨੭ ਨਿਸ਼ਾਨ ਇਸ ਤੋਂ ਵੀ ਛੋਟੇ ਬੱਚਿਆਂ ਦੇ ਹਨ। ਇਹ ਨਿਸ਼ਾਨ ੩੬ ਲੱਖ ਸਾਲ ਪੁਰਾਣੇ ਹਨ। ਸੋ ਜ਼ਾਹਿਰ ਹੈ ਕਿ ੩੬ ਲੱਖ ਸਾਲ ਪਹਿਲਾਂ ਵੀ ਮਨੁੱਖ ਸਨ। ਲੁਇਸ ਲੈਕਿ ਨੇ ੧੯੭੦ ਵਿੱਚ ਓਲਡਵਾਈ ਜੀਔਰਜ ਵਿਕ ਇੱਕ ਇਹੋ ਜਿਹੀ ਝੋਂਪੜੀ ਲੱਭੀ ਜਿਹੜੀ ਕਿ ੧੭ ਲੱਖ ਸਾਲ ਪੁਰਾਣੀ ਹੈ। ਅਫਰੀਕਾ ਦੇ ਕੁੱਝ ਕਬੀਲੇ ਹੁਣ ਵੀ ਇਹੋ ਜਿਹੀਆਂ ਝੋਂਪੜੀਆਂ ਬਣਾਉਂਦੇ ਹਨ। ਇਥੋਪੀਆ ਦੇ ਹੈਡਰੀਕਤਰ ਵਿਖੇ ੨੩ ਲੱਖ ਸਾਲ ਪੁਰਾਣਾ ਇੱਕ ਅਜਿਹਾ ਮਨੁੱਖੀ ਜਬਾੜ੍ਹਾ ਲੱਭਾ ਹੈ ਜਿਹੜਾ ਅੱਜ ਦੇ ਇਨਸਾਨੀ ਜਬਾੜੇ ਨਾਲ ਮੇਲ ਖਾਂਦਾ ਹੈ। ਇਹੋ ਜਿਹੇ ਕਈ ਹੋਰ ਨਮੂਨੇ ਵੀ ਵਿਕਾਸ ਥਿਊਰੀ ਨੂੰ ਨਕਾਰਦੇ ਹਨ।
(6) ‘‘ਥਰਮੋਡਾਇਨਾਮਿਕਸ” ਭੌਤਿਕ ਵਿਗਿਆਨ ਦੀ ਇੱਕ ਸਾਖਾ ਹੈ। ਇਸ ਸਾਖਾ ਦੇ ਇੱਕ ਨਿਯਮ ਮੁਤਾਬਿਕ ‘ਐਨਟਰੋਪੀ’ (ਡਿਸਆਰਡਰਨੈਸ ਜਾਂ ਬੇਤਰਤੀਬੀ) ਹਮੇਸ਼ਾਂ ਵਾਧੇ ਵੱਲ ਜਾਂਦੀ ਹੈ। ਇਸੇ ਕਾਰਨ ਹਰ ਸਿਸਟਮ ਤਰਤੀਬ ਤੋਂ ਬੇਤਰਤੀਬੀ ਵੱਲ ਨੂੰ ਵਧਦਾ ਹੈ। ਪਰ ਵਿਕਾਸ ਥਿਊਰੀ ਹੀ ਇੱਕ ਅਜਿਹੀ ਥਿਊਰੀ ਹੈ ਜਿਹੜੀ ਬੇਤਰਤੀਬੀ ਤੋਂ ਤਰਤੀਬ ਵੱਲ ਨੂੰ ਵਧ ਰਹੀ ਹੈ। ਜਿਵੇਂ- ਜਿਵੇਂ ਜੀਵ-ਵਿਕਾਸ ਹੁੰਦਾ ਹੈ, ਉਸ ਦੀ ਬੇਤਰਤੀਬਤਾ ਘਟਦੀ ਹੈ ਅਤੇ ਤਰਤੀਬਤਾ ਵਧਦੀ ਹੈ। ‘ਵਿਕਾਸ ਥਿਊਰੀ’ ‘ਐਨਟਰੋਪੀ ਦੇ ਨਿਯਮ’ ਤੋਂ ਉਲਟ ਭੁਗਤ ਰਹੀ ਹੈ ਤਾਂ ਕੀ ਫਿਰ ਵਿਕਾਸ ਥਿਊਰੀ ਨੂੰ ਕਬੂਲ ਕਰਨਾ ਚਾਹੀਦਾ ਹੈ?
(7) ‘ਮੈਟਾਮੋਰਫੋਸਿਸ’ ਨੂੰ ਵਿਕਾਸ-ਥਿਊਰੀ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ। ‘ਮੈਟਾਮੋਰਫੋਸਿਸ’ ਕਿਸੇ ਇੱਕ ਜਾਤੀ ਦੇ ਅੰਦਰਲਾ ਸਰੀਰਕ ਬਦਲਾਵ ਹੈ। ਸ਼ਹਿਦ ਦੀਆਂ ਮੱਖੀਆਂ, ਤਿਤਲੀਆਂ ਆਦਿ ਨੂੰ ਇਸ ਦੇ ਉਦਹਾਰਨ ਵਜੋਂ ਲਿਆ ਜਾ ਸਕਦਾ ਹੈ। ਇਹ ਬਦਲਾਵ ‘ਮਿਉਟੇਸ਼ਨ’ ਕਾਰਨ ਹੁੰਦਾ ਹੈ। ਇਸੇ ਬਦਲਾਵ ਤਹਿਤ ਹੀ ਪਾਣੀ ਵਿੱਚ ਰਹਿਣ ਵਾਲੇ ਡੱਡੂ ਨੇ ਜਮੀਨ ਤੇ ਰਹਿਣਾ ਸ਼ੁਰੂ ਕੀਤਾ। ਮਿਉਟੇਸ਼ਨ ਦੀ ਜਾਣਕਾਰੀ ਜੀਵ ਦੇ ਜਨਮ ਲੈਂਦੇ ਹੀ ਉਸਦੇ ਜੈਨੇਟਿਕ ਡੈਟੇ ਵਿੱਚ ਸਟੋਰ ਹੁੰਦੀ ਹੈ। ਲਾਰਵੇ ਤੋਂ ਬਣੇ ਮੱਛਰਾਂ ਦੇ ਜੀਨਜ਼ ਵਿੱਚ ਉਹ ਸਾਰੀ ਜਾਣਕਾਰੀ ਹੁੰਦੀ ਹੈ ਜਿਸ ਤਹਿਤ ਉਹ ਪਿਉਪੇ ਤੋਂ ਆਪਣੇ ਪੂਰਨ ਰੂਪ ਵਿੱਚ ਪੁੱਜਦੇ ਹਨ। ਮਿਉਟੇਸ਼ਨ ਰਾਹੀਂ ਕਿਸੇ ਇੱਕ ਜਾਤੀ ਦੇ ਦੂਜੀ ਜਾਤੀ ਵਿੱਚ ਬਦਲਣ ਦੇ ਕੋਈ ਸਬੂਤ ਨਹੀਂ ਹਨ ਅਤੇ ਨਾ ਹੀ ਇਸ ਤਰ੍ਹਾਂ ਦੀ ਜਾਣਕਾਰੀ ਜੀਵ ਦੇ ਜੀਨਜ਼ ਵਿੱਚ ਦਰਜ ਹੈ (ਜਿਵੇਂ ਕਿ ਚੂਹਿਆਂ ਦਾ ਬਿੱਲੀਆਂ ਵਿੱਚ ਬਦਲਣਾ ਅਤੇ ਬਿੱਲੀਆਂ ਦਾ ਕੁੱਤਿਆਂ ਵਿੱਚ ਬਦਲਣਾ ਆਦਿ)। ਜੇ ਇਹ ਮੰਨ ਵੀ ਲਿਆ ਜਾਵੇ ਕਿ ਇੱਕ ਜੀਵ ਜਾਤੀ ਦੂਜੀ ਜੀਵ ਜਾਤੀ ਵਿੱਚ ਬਦਲਦੀ ਹੈ ਤਾਂ ਉਨ੍ਹਾਂ ਨੂੰ ਜੋੜਨ ਲਈ ਉਨ੍ਹਾਂ ਦੇ ਵਿਚਕਾਰ ਦੋਵਾਂ ਜਾਤੀਆਂ ਨਾਲ ਮਿਲਦੇ-ਜੁਲਦੇ ਇੱਕ ਵੱਡੀ ਗਿਣਤੀ ਵਿੱਚ ਹੋਰ ਜੀਵ ਵੀ ਹੋਣੇ ਚਾਹੀਦੇ ਹਨ ਪਰੰਤੂ ਅੱਜ ਤੱਕ ਇਹੋ ਜਿਹੇ ਜੀਵਾਂ ਦੇ ਫੌਸਿਲ ਨਹੀਂ ਲਭੇ। ਜੇ ਇੱਕ ਜੀਵ-ਜਾਤੀ ਜੋ ਅਣਵਿਕਸਤ ਹੋਣ ਕਰਕੇ ਦੂਜੀ ਜੀਵ-ਜਾਤੀ ਵਿੱਚ ਬਦਲਦੀ ਹੈ ਤਾਂ ਫਿਰ ਅਣਵਿਕਸਤ ਦੀ ਹੋਂਦ ਪੂਰਨ ਤੌਰ ਤੇ ਖਤਮ ਕਿਉਂ ਨਹੀਂ ਹੁੰਦੀ? ਜਿਵੇਂ ਜੇ ਬਾਂਦਰਾਂ ਤੋਂ ਇਨਸਾਨ ਬਣੇ ਤਾਂ ਬਾਂਦਰ ਜਾਤੀ ਪੂਰਨ ਰੂਪ ਵਿੱਚ ਲੁਪਤ ਕਿਉਂ ਨਹੀਂ ਹੋਈ?
(8) ਵਿਕਾਸ ਥਿਊਰੀ ਕੋਲ ਇਸ ਦਾ ਵੀ ਕੋਈ ਉੱਤਰ ਨਹੀਂ ਹੈ ਕਿ ਅੱਜ ਤੋਂ ੪੦ ਕਰੋੜ ਸਾਲ ਪਹਿਲਾਂ ਜਿਹੋ ਜਿਹੀ ਸ਼ਾਰਕ ਮੱਛੀ ਸੀ ਉਹੋ ਜਿਹੀ ਹੀ ਉਹ ਹੁਣ ਵੀ ਕਿਉਂ ਹੈ? ਕੀ ਉਹ ਕਰੋੜਾਂ ਸਾਲ ਪਹਿਲਾਂ ਹੀ ਪੂਰਨ ਰੂਪ ਵਿੱਚ ਵਿਕਸਤ ਸੀ? ਜੇ ਹਾਂ ਤਾਂ ਫਿਰ ਕਿਉਂ ਕੁੱਝ ਜੀਵ-ਜਾਤੀਆਂ ਜੀਵਨ ਦੇ ਆਰੰਭ-ਕਾਲ ਵਿੱਚ ਹੀ ਪੂਰਨ ਰੂਪ ਵਿੱਚ ਵਿਕਸਤ ਹੋ ਗਈਆਂ ਸਨ ਅਤੇ ਬਾਕੀਆਂ ਨੂੰ ਇੱਕ ਲੰਮੇ ਵਿਕਾਸ ਦੇ ਦੌਰ ਵਿਚੋਂ ਗੁਜਰਨਾ ਪਿਆ?
(9) ਔਕਟੋਪਸ ਜੋ ਧਰਤੀ ਤੇ ਲੱਖਾਂ ਕਰੋੜਾਂ ਸਾਲ ਪਹਿਲਾਂ ਤੋਂ ਸਨ। ਮੈਮਲਸ (ਉਹ ਜੀਵ ਜੋ ਬਚਿਆਂ ਨੂੰ ਜਨਮ ਦਿੰਦੇ ਹਨ) ਔਕਟੋਪਸ ਤੋਂ ਕਾਫੀ ਸਮਾਂ ਬਾਅਦ ਵਿੱਚ ਆਏ। ਇਹ ਹੈਰਾਨ ਕਰਨ ਵਾਲੇ ਤੱਥ ਹਨ ਕਿ ਔਕਟੋਪਸ ਦੇ ਅੱਖਾਂ ਦੀ ਬਣਤਰ, ਮੈਮਲਸ ਦੀਆਂ ਅੱਖਾਂ ਦੀ ਬਣਤਰ ਨਾਲ ਮਿਲਦੀ ਹੈ
(10) ਬਾਂਦਰ ਤੋਂ ਮਨੁੱਖ ਤਕ ਦੇ ਸਫਰ ਨੂੰ ਵਿਕਾਸ ਥਿਊਰੀ ਚਿਪੈਂਜੀ ਨਾਲ ਜੋੜਦੀ ਹੈ। ਕਿਉਂਕਿ ਮਨੁੱਖ ਦਾ ਅਤੇ ਚਿਪੈਂਜੀ ਦਾ ਡੀ. ਐਨ. ਏ ੯੯% ਇਕੋ ਜਿਹਾ ਹੈ ਇਸ ਲਈ ਚਿਪੈਂਜੀ ਦੇ ਵਿਕਾਸ ਤੋਂ ਹੀ ਮਨੁੱਖ ਬਣਿਆ, ਇਹ ਵਿਕਾਸ ਥਿਊਰੀ ਦਾ ਵਿਸ਼ਵਾਸ਼ ਹੈ। ਚਿਪੈਂਜੀ ਨੂੰ ੯੯% ਮਨੁੱਖ ਵਰਗਾ ਮੰਨਿਆ ਜਾ ਰਿਹਾ ਹੈ। ਸੀ. ਐਨ. ਐਨ. ਡਾਟ ਕਾਮ ਨੇ ਅਕਤੂਬਰ ੨੦੦੨ ਵਿੱਚ ਕੀਤੀ ਖੋਜ ਤੋਂ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਕਿ ‘‘ਮਨੁੱਖ ਅਤੇ ਚਿਪੈਂਜੀ, ਜੀਨਜ਼ ਪਖੋਂ ੯੫% ਤੋਂ ਵੀ ਘੱਟ ਇੱਕ ਸਾਰ ਹਨ। ਜੀਨਜ਼ ਦੀ ਖੋਜ ਤੋਂ ਪਾਇਆ ਗਿਆ ਹੈ ਕਿ ਨੈਮਾਟੋਡ ਕੀੜੇ ਅਤੇ ਮਨੁੱਖਾਂ ਦੇ ਡੀ. ਐਨ. ਏ ਆਪਸ ਵਿੱਚ ੭੫% ਮੇਲ ਖਾਂਦੇ ਹਨ ਪਰ ਕੀ ਇਸ ਤੋਂ ਇਹ ਅੰਦਾਜ਼ਾ ਲੈਣਾ ਚਾਹੀਦਾ ਹੈ ਕਿ ਇਹ ਕੀੜਾ ਅਤੇ ਮਨੁੱਖ ੨੫% ਇੱਕ ਦੂਜੇ ਤੋਂ ਭਿੰਨ ਹਨ?
(11) ਪੰਛੀਆਂ ਦੇ ਪੂਰਵਜ ਡਾਇਨਾਸੋਰ ਹਨ, ਇਹ ਵਿਕਾਸ ਥਿਊਰੀ ਦੀ ਸੋਚ ਹੈ। ਜਿਹੜੇ ਡਾਇਨਾਸੋਰ ਦਰਖਤ ਦੀਆਂ ਟਾਹਣੀਆਂ ਤੇ ਚੜ੍ਹ ਸਕਦੇ ਸਨ, ਉਨ੍ਹਾਂ ਨੂੰ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ ਜਾਣ ਲਈ ਛਲਾਗਾਂ ਲਾਉਣੀਆਂ ਪੈਂਦੀਆਂ ਸਨ ਜਿਸ ਸਦਕਾ ਉਨ੍ਹਾਂ ਦੇ ਪਰ ਨਿਕਲਣੇ ਸ਼ੁਰੂ ਹੋ ਗਏ। ਇਸ ਸੋਚ ਨੂੰ ਵਿਕਾਸ ਥਿਊਰੀ ਨੇ ਅਰਬੋਰੀਅਲ ਥਿਊਰੀ ਦਾ ਨਾਮ ਦਿੱਤਾ ਹੈ। ਤੁਹਾਨੂੰ ਸ਼ਾਇਦ ਮਜਾਕ ਲਗੇ ਪਰ ਇਹ ਸਹੀ ਹੈ ਕਿ ਇਸ ਥਿਊਰੀ ਦੇ ਮੰਨਣ ਵਾਲਿਆਂ ਵਿਚੋਂ ਕੁੱਝ ਇੱਕ ਦੀ ਸੋਚ ਹੈ ਕਿ ਡਾਇਨਾਸੋਰ ਹਵਾ ਵਿਚੋਂ ਤਿਤਲੀਆਂ ਫੜਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਦੇ ਪੰਖ ਨਿਕਲਣੇ ਸ਼ੁਰੂ ਹੋ ਗਏ।

ਜੇ ਇਸ ਥਿਊਰੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਡਾਇਨਾਸੋਰ ਤੇ ਪੰਛੀਆਂ ਦੇ ਵਿਚਕਾਰ ਕੋਈ ਅਜਿਹਾ ਜੀਵ ਚਾਹੀਦਾ ਹੈ ਜਿਹੜਾ ਸ਼ਕਲ ਵਿੱਚ ਅੱਧਾ ਪੰਛੀ ਅਤੇ ਅੱਧਾ ਡਾਇਨਾਸੋਰ ਹੋਵੇ। ਇਹੋ ਜਿਹੇ ਜੀਵ ਦਾ ਜਨਮ ਅੱਜ ਤੋਂ ੧੫ ਕਰੋੜ ਸਾਲ ਪਹਿਲਾਂ ਮੰਨਿਆ ਗਿਆ ਅਤੇ ਨਾਮ ‘ਆਰਕੀਓਪਟਰੈਕਸ` ਰਖਿਆ ਗਿਆ। ਅੱਜ ਤੋਂ ੧੫ ਕਰੋੜ ਸਾਲ ਪਹਿਲਾਂ ਦੇ ਫੌਸਿਲ ਰਿਕਾਰਡ ਦਸਦੇ ਹਨ ਕਿ ਉਦੋਂ ਇੱਕ ਅਜਿਹਾ ਪੰਛੀ ਸੀ ਜਿਹੜਾ ਅੱਜ ਕਲ੍ਹ ਦੇ ਪੰਛੀਆਂ ਨਾਲ ਮੇਲ ਨਹੀਂ ਸੀ ਖਾਂਦਾ। ਵਿਕਾਸ ਥਿਊਰੀ ਨੇ ਇਸ ਦੀ ਆਰਕੀਓਪਟਰੈਕਸ ਵਜੋਂ ਪਹਿਚਾਣ ਕੀਤੀ ਅਤੇ ਦੱਸਿਆ ਕਿ ਇਸ ਦੀ ਬਰੈਸਟਬੋਨ ਨਹੀਂ ਹੈ, ਇਸ ਲਈ ਇਹ ਚੰਗੀ ਤਰ੍ਹਾਂ ਉਡ ਨਹੀਂ ਸੀ ਸਕਦਾ। ਪਰੰਤੂ ਹੁਣ ਲੱਭੇ ਫੌਸਿਲ ਇਹ ਦਸਦੇ ਹਨ ਕਿ ਆਰਕੀਓਪਟਰੈਕਸ ਦੀ ਬਰੈਸਟਬੋਨ ਹੈ ਅਤੇ ਉਸ ਦੇ ਪੰਖਾਂ ਦੀ ਬਣਾਵਟ ਦਸਦੀ ਹੈ ਕਿ ਉਹ ਚੰਗੀ ਤਰ੍ਹਾਂ ਉਡ ਸਕਦਾ ਸੀ। ਇਸ ਦਾ ਵਿਕਾਸ ਥਿਊਰੀ ਕੋਲ ਕੋਈ ਜਵਾਬ ਨਹੀਂ ਹੈ।

ਇਹ ਸਾਰੇ ਤੱਥ ਇਸ ਗਲ ਦੀ ਹਾਮੀ ਭਰਦੇ ਹਨ ਕਿ ਡਾਰਵਿਨ ਦੀ ਵਿਕਾਸ ਥਿਊਰੀ ਨੂੰ ਮੁੜ ਤੋਂ ਵਿਚਾਰਨ ਦੀ ਲੋੜ ਹੈ। ਡਾਰਵਿਨ ਦੀ ਸੋਚ ਆਪਣੇ ਸਮੇਂ ਮੁਤਾਬਿਕ ਠੀਕ ਸੀ ਪਰ ਹੁਣ ਨਹੀਂ ਹੈ ਕਿਉਂਕਿ ਉਸ ਸਮੇਂ ਟੈਕਨਾਲੋਜੀ ਵਿਕਸਤ ਨਹੀਂ ਸੀ ਹੋਈ। ਅੱਜ ਜਦੋਂ ਕਿ ਸਬੂਤ ਸਾਡੇ ਸਾਹਮਣੇ ਹਨ ਤਾਂ ਫਿਰ ਕਿਉਂ ਅਸੀਂ ਇਨ੍ਹਾਂ ਤੇ ਗੌਰ ਨਹੀਂ ਕਰ ਰਹੇ ਅਤੇ ਉਸੇ ਪੁਰਾਣੀ ਥਿਊਰੀ ਨੂੰ ਘੜੀਸੀ ਜਾ ਰਹੇ ਹਾਂ। ਇੱਕ ਦਿਨ ਅਵੱਸ਼ ਅਜਿਹਾ ਆਵੇਗਾ ਜਦੋਂ ਵਿਕਾਸ ਥਿਊਰੀ ਨੂੰ ਮੁੜ ਤੋਂ ਵਿਚਾਰਿਆ ਜਾਵੇਗਾ ਕਿਉਂਕਿ ਅਜਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ:

ਖਿਨ ਮਹਿ ਥਾਪਿ ਉਥਾਪਨਹਾਰਾ। । (੧੦੮-੧੨, ਮਾਝ, ਮਃ ੫)
ਖਿਨ ਮਹਿ ਪ੍ਰਗਟ ਹੋਹਿ ਸੰਸਾਰ। । ੩।। (੧੯੪-੪, ਗਉੜੀ, ਮਃ ੫)
ਓਪਤਿ ਪਰਲਉ ਖਿਨ ਮਹਿ ਕਰਤਾ। । (੩੮੭-੨, ਆਸਾ, ਮਃ ੫)

ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ। । (੫੧੯-੧, ਗੂਜਰੀ, ਮਃ ੫)

ਕਰਣਹਾਰਿ ਖਿਨ ਭੀਤਰਿ ਕਰਿਆ। । (੧੦੩-੧੧, ਮਾਝ, ਮਃ ੫)

ਐਸੋ ਹੈ ਰੇ ਖਸਮੁ ਹਮਾਰਾ। । (੨੧੨-੮, ਗਉੜੀ, ਮਃ ੫)
ਖਿਨ ਮਹਿ ਸਾਜਿ ਸਵਾਰਣਹਾਰਾ। । ੧।। (੨੧੨-੮, ਗਉੜੀ, ਮਃ ੫)


ਉਪਰ ਦਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਵਾਲਿਆਂ ਤੋਂ ਸਪਸ਼ਟ ਹੈ ਕਿ ਇੱਕ ਖਿਨ ਜਿਨੇ ਸਮੇਂ ਵਿੱਚ ਅਨੰਤ ਤਰ੍ਹਾਂ ਦਾ ਜੀਵਨ ਅਤੇ ਇਹ ਸੰਸਾਰ ਪ੍ਰਗਟ ਹੋ ਜਾਂਦਾ ਹੈ। ਇੱਕ ਖਿਨ ਵਿੱਚ ਹੀ ਪਰਲਉ ਆ ਜਾਂਦੀ ਹੈ ਅਤੇ ਅਨੰਤ ਤਰ੍ਹਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਇਹ ਸਭ ਕੁੱਝ ਕਰਨ ਲਈ ਪ੍ਰਭੂ ਨੂੰ ਕਰੋੜਾਂ ਸਾਲਾਂ (ਬਹੁਤ ਜ਼ਿਆਦਾ ਸਮੇਂ) ਦੀ ਲੋੜ ਨਹੀਂ।




.