.

ਅਨਮਤੀ ਤਿਉਹਾਰਾਂ ਦਾ ਸਿੱਖ ਧਰਮ ਤੇ ਪ੍ਰਭਾਵ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਤਿਉਹਾਰ ਕੌਮਾਂ ਦੀ ਜਾਨ ਹੁੰਦੇ ਹਨ। ਤਿਉਹਾਰ ਜਿੱਥੇ ਕੌਮ ਨੂੰ ਉਸਦੇ ਵਿਰਸੇ ਨਾਲ ਜੋੜਦੇ ਹਨ, ਉਥੇ ਨਾਲ ਹੀ ਉਸ ਅੰਦਰ ਨਿੱਤ ਨਵੀਂ ਰੂਹ ਫੂਕਦੇ ਤੇ ਕੌਮ ਨੂੰ ਜ਼ਿੰਦਾ ਰਖਣ ਦਾ ਕਾਰਣ ਵੀ ਹੁੰਦੇ ਹਨ। ਜਿਹੜੀਆਂ ਕੌਮਾਂ ਅਪਣੇ ਤਿਉਹਾਰਾਂ ਤੋਂ ਲਾਪਰਵਾਹ ਹੋ ਜਾਂਦੀਆ ਜਾਂ ਅਨਮਤੀ ਤਿਉਹਾਰਾਂ ਦੇ ਅਸਰ ਹੇਠ ਦੱਬ ਜਾਂਦੀਆਂ ਹਨ, ਉਹ ਕੌਮਾਂ ਬਹੁਤੇ ਦਿਨ ਜ਼ਿੰਦਾ ਨਹੀਂ ਰਹਿ ਸਕਦੀਆਂ, ਇਹੀ ਹਾਲਤ ਅਜ ਸਿੱਖ ਧਰਮ ਦੀ ਹੈ।
ਸਾਰੀ ਦੁਨੀਆਂ `ਚ ਸ਼ਾਇਦ ਸਿੱਖ ਧਰਮ ਹੀ ਅਜੇਹਾ ਧਰਮ ਹੈ ਜਿਸ ਦੇ ਅਨੁਯਾਈਆਂ ਨੂੰ ਇਹ ਦੱਸਣ ਲਈ ਲੰਮੀ ਵਿਚਾਰ ਦੀ ਲੋੜ ਹੈ ਕਿ ਕਿਹੜੇ ਤਿਉਹਾਰ ਉਨ੍ਹਾਂ ਦੇ ਹਨ ਤੇ ਕਿਹੜੇ ਤਿਉਹਾਰ ਉਨ੍ਹਾਂ ਦੇ ਨਹੀਂ। ਸਾਡਾ ਹੱਥਲੇ ਗੁਰਮਤਿ ਪਾਠ ਦਾ ਵਿਸ਼ਾ ਇਸ ਬਾਰੇ ਵਿਚਾਰ ਕਰਨਾ ਨਹੀਂ ਕਿ ਸਿੱਖ ਤਿਉਹਾਰ ਕਿਹੜੇ ਹਨ। ਫ਼ਿਰ ਵੀ ਜੇ ਦੋ ਸੱਤਰਾਂ `ਚ ਕੌਮ ਨੂੰ ਸੁਚੇਤ ਕਰਨਾ ਹੋਵੇ ਕਿ ਉਸਦੇ ਤਿਉਹਾਰ ਕਿਹੜੇ ਹਨ ਤਾਂ ਕਹਿਣਾ ਪਵੇਗਾ- ਗੁਰੂ ਸਾਹਿਬਾਨ ਦੇ ਗੁਰਗੱਦੀ ਤੇ ਜੋਤੀ ਜੋਤ ਜਾਂ ਸ਼ਹੀਦੀ ਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ `ਤੇ ਗੁਰਗੱਦੀ ਦਿਵਸ, ਪੰਥ ਸਾਜਣਾ ਦਿਵਸ ਵਜੋਂ ਵਿਸਾਖੀ (ਜਨਮ ਦਿਨ ਨਹੀਂ), ਹੋਲਾ ਮੁਹੱਲਾ, ਸਿੱਖ ਸੂਰਮਿਆਂ-ਸ਼ਹੀਦਾਂ ਨਾਲ ਸੰਬੰਧਤ ਦਿਹਾੜੇ, ਇਨ੍ਹਾ ਤੋਂ ਛੁੱਟ ਹੋਰ ਕੋਈ ਵੀ ਸਿੱਖ ਤਿਉਹਾਰ ਨਹੀਂ ਹਨ।
ਹੱਥਲੇ ਗੁਰਮਤਿ ਪਾਠ ਦਾ ਵਿਸ਼ਾ ਤਾਂ ਉਨ੍ਹਾਂ ਅਨਮਤੀ ਤਿਉਹਾਰਾਂ ਬਾਰੇ ਕੌਮ ਨੂੰ ਸੁਚੇਤ ਕਰਨਾ ਹੈ ਜਿਨ੍ਹਾ `ਚ ਅਜ ਕੋਮ ਬੁਰੀ ਤਰ੍ਹਾਂ ਜਕੜੀ ਪਈ ਹੈ। ਬਲਕਿ ਗੁਰਪੁਰਬਾਂ ਤੀਕ ਨੂੰ ਭੁਲਾਕੇ ਉਨ੍ਹਾਂ ਨੂੰ ਹੀ ਅਪਣੇ ਤਿਉਹਾਰ ਮੰਨੀ ਬੈਠੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੀਕ ਸਾਨੂੰ ਇਨ੍ਹਾਂ ਤਿਉਹਾਰਾਂ ਤੋਂ, ਜਿਨ੍ਹਾਂ ਦਾ ਵੇਰਵਾ ਅੱਗੇ ਹੈ, ਗੁਰੂ ਸਾਹਿਬਾਨ ਨੇ ਪੂਰੀ ਤਰ੍ਹਾਂ ਬਚਾਇਆ ਹੈ। ਸਾਡੀ ਅਜ ਦੀ ਹਾਲਤ ਬਿਲਕੁਲ ਉਸਦੇ ਉਲਟ ਹੈ। ਇਸਤੋਂ ਪਹਿਲਾਂ ਕਿ ਸਾਨੂੰ ਪਤਾ ਲਗ ਸਕੇ ਕਿ ਇਹ ਤਿਉਹਾਰ ਗੁਰਮਤਿ ਵਿਰੋਧੀ ਕਿਉਂ ਤੇ ਕਿਸਤਰ੍ਹਾਂ ਹਨ ਅਤੇ ਸਾਨੂੰ ਗੁਰੂਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਨਿਆਰੀ ਸਿੱਖੀ ਦੇ ਨੇੜੇ ਕਿਉਂ ਨਹੀਂ ਆਉਣ ਦੇਂਦੇ, ਸੰਬੰਧਤ ਵਿਸ਼ਿਆਂ ਤੇ ਸੰਖੇਪ ਵਿਚਾਰ ਜ਼ਰੂਰੀ ਸਮਝਦੇ ਹਾਂ।
ਥਿੱਤ ਵਾਰ ਮਹੂਰਤ- ਗੁਰਬਾਣੀ ਦਾ ਫ਼ੈਸਲਾ ਹੈ ਕੋਈ ਵੀ ਸਮਾਂ, ਥਿੱਤ-ਵਾਰ, ਮਹੀਨਾ ਸਾਲ ਅਪਣੇ ਆਪ `ਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਚੰਗੀ ਜਾਂ ਮਾੜੀ ਮਨੁੱਖ ਦੀ ਕਰਨੀ ਹੁੰਦੀ ਹੈ। ਮੰਨ ਲਵੋ ਪ੍ਰਕਾਸ਼ ਉਤਸਵ ਹੋਵੇ ਗੁਰੂ ਨਾਨਕ ਪਾਤਸ਼ਾਹ ਦਾ, ਦਿਹਾੜਾ ਚੰਗਾ ਤਾਂ ਉਸ ਲਈ ਹੈ ਜਿਸ ਨੇ ਉਸ ਦਿਨ ਨਾਮ-ਬਾਣੀ ਦਾ ਰੱਸ ਮਾਣਿਆ, ਸਾਧਸੰਗਤ ਕੀਤੀ ਜਾ ਕੋਈ ਮਨੁੱਖੀ ਭਲਾਈ ਦਾ ਉਤੱਮ ਕਰਮ ਕੀਤਾ। ਨਾ ਕਿ ਉਸ ਲਈ ਜਿਸ ਨੇ ਉਸੇ ਦਿਹਾੜੇ ਠੱਗੀਆਂ-ਕੁਕਰਮ ਕੀਤੇ, ਸ਼ਰਾਬਾਂ `ਚ ਡੁਬਾ ਰਿਹਾ। ਗੁਰਬਾਣੀ ਦਾ ਫੈਸਲਾ ਹੈ “ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ” (ਪੰ: 819) ਭਾਵ ਸਮਾ ਉਹੀ ਚੰਗਾ ਹੈ ਜਿਹੜਾ ਪ੍ਰਭੁ ਦੀ ਯਾਦ `ਚ ਬਤੀਤ ਹੋਵੇ ਕਿਉਂਕਿ ਤਾ ਸਮਾਂ ਉਹੀ ਹੁੰਦਾ ਹੈ, ਇੱਕ ਲਈ ਸ਼ੁਭ ਤੇ ਮਹਾਤੱਮ ਵਾਲਾ ਹੈ ਪਰ ਉਸੇ ਸਮੇਂ ਦੂਜੇ ਨਾਲ ਕੋਈ ਮਾੜੀ ਘੱਟਣਾ ਵਾਪਰ ਜਾਂਦੀ ਹੈ। ਜੇ ਸਮੇਂ ਦਾ ਅਪਣਾ ਪ੍ਰਭਾਵ ਸੀ ਤਾਂ ਉਸੇ ਸਮੇਂ ਦੂਜੇ ਨਾਲ ਉਲਟੀ ਘੱਟਣਾ ਨਹੀਂ ਸੀ ਵਾਪਰਣੀ ਚਾਹੀਦੀ। ਇਸਦੇ ਬਾਵਜੂਦ ਖੁੱਦ ਸਿੱਖਾਂ ਵਿਚੋਂ ਹੀ ਅਨੇਕਾਂ ਇਸ ਫੋਕਟ ਵਿਸ਼ਵਾਸ `ਚ ਫਸੇ ਹਨ, ਫ਼ਲਾਣਾ ਦਿਹਾੜਾ ਸ਼ੁਭ ਤੇ ਭਾਗਾਂ ਭਰਿਆ ਹੈ। ਗੁਰਦੁਆਰੇ ਜਾ ਰਹੇ ਹਨ, ਪ੍ਰਸ਼ਾਦਿ ਕਰਵਾ ਰਹੇ ਹਨ, ਦਾਨ ਪੁੰਨ ਦੇ ਭਰਮਾਂ-ਭੁਲੇਖਿਆਂ `ਚ ਉਲਝੇ ਪਏ ਹਨ। ਕੋਈ ਕਾਰਜ ਹੋਵੇ ਤਾਂ ਚੰਗੇ-ਮਾੜੇ ਦਿਨ ਦੀ ਭਾਲ `ਚ ਬ੍ਰਾਹਮਣਾਂ ਪਾਸ ਨਹੀਂ ਤਾਂ ਭਾਈਆਂ ਦੇ ਚੱਕਰ ਕੱਟ ਰਹੇ ਹਨ।
ਗੁਰਦੇਵ ਤਾਂ ਬ੍ਰਾਹਮਣ ਜਿੰਨੇ ਵਿਸ਼ੇਸ਼ ਥਿੱਤਾ-ਵਾਰਾਂ-ਮਹੂਰਤ, ਸਗਨਾਂ-ਅਪਸਗਣਾਂ ਆਦਿ ਦੇ ਭਰਮਾਂ-ਭੁਲੇਖਿਆਂ ਨੂੰ ਜਨਮ ਦੇਕੇ ਸੰਸਾਰ ਨੂੰ ਗੁਮਰਾਹ ਕੀਤਾ, ਨੂੰ ਤਾੜਣਾ ਕਰਦੇ ਹਨ “ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ” (ਪੰ: 970)। ਭਾਵ ਐ ਬ੍ਰਾਹਮਣ! ਚੋਦਸਾਂ ਤੇ ਅਮਾਵਸਾ ਘੜ-ਘੜ ਕੇ ਤੂੰ ਕੇਵਲ ਅਪਣੀ ਉਦਰ ਪੂਰਤੀ ਕਰ ਰਿਹਾ ਹੈਂ। ਅਪਣੇ ਆਪ `ਚ ਤੂੰ ਗਿਆਨ ਦਾਤਾ ਬਣਿਆ ਬੈਠਾ ਹੈ, ਸੱਚਾਈ ਇਹ ਹੈ ਕਿ ਤੂੰ ਆਪ ਹੀ ਅਗਿਆਨਤਾ ਦੇ ਖੂ੍ਹਹ `ਚ ਡਿੱਗਾ ਪਿਆ ਹੈਂ। ਹੋਰ ਲਵੋ “ਥਿਤੀ ਵਾਰ ਸੇਵਹਿ ਮੁਗਧ ਗਵਾਰ” (ਪੰ: 843) ਅਤੇ “ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ” (ਪੰ: 136) ਭਾਵ ਮਹੀਨੇ, ਥਿੱਤ ਵਾਰ, ਪਲ, ਚਸੇ ਉਸ ਮਨੁੱਖ ਲਈ ਹੀ ਚੰਗੇ ਹਨ ਜੋ ਕਰਤਾਰ ਦੀ ਭਖਸ਼ਿਸ਼ ਦੇ ਪਾਤਰ ਬਣੇ ਹਨ, ਜਿਹੜੇ ਉਸਦੇ ਰੰਗ `ਚ ਰੰਗੇ ਗਏ ਹਨ। ਬਾਕੀਆਂ ਦੀ ਹਾਲਤ ਤਾਂ “ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ” (ਪੰ: 692)।
ਦੇਵੀਆਂ ਦੇਵਤੇ- ਗੁਰਮਤਿ ਅਨੁਸਾਰ ਕੇਵਲ ੴ ਭਾਵ ਇੱਕ ਅਕਾਲਪੁਰਖੁ ਦੀ ਗਲ ਹੀ ਸਮਝਾਈ ਹੈ ਤੇ ਫ਼ੈਸਲਾ ਹੈ “ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” ਹੈ। ਕਰਤਾਰ ਕੇਵਲ ਇੱਕ ਹੈ ਅਜੂਨੀ ਹੈ, ਜਨਮ-ਮਰਣ `ਚ ਨਹੀ ਆਉਂਦਾ, ਰੂਪ-ਰੰਗ ਤੋਂ ਨਿਆਰਾ ਹੈ। ਜ਼ਿੰਦਗੀ ਦੇਣ ਵਾਲਾ, ਪਾਲਣਾ ਤੇ ਸੰਘਾਰ ਕਰਵ ਵਾਲਾ ਵੀ ਉਹ ਆਪ ਹੈ ਅਤੇ ‘ਪੁਰਖੁ’ ਭਾਵ ਸਰਬਵਿਆਪਕ ਵੀ ਹੈ।
ਇਸਦੇ ਉਲਟ ਮਨੁੱਖ ਨੇ ਅਗਿਆਨਤਾ ਵਸ ਕਰਤਾਰ ਦੀ ਹਰੇਕ ਦਾਤ ਤੇ ਸ਼ਕਤੀ ਦਾ ਵੱਖ-ਵੱਖ ਦੇਵਤਾ ਭਾਵ ਕੰਟਰੋਲਰ ਮਿੱਥ ਲਿਆ ਤੇ ਸ਼ਕਤੀ ਅਨੁਸਾਰ ਹੀ ਉਸਦੇ ਅੱਡ-ਅੱਡ ਨਾਂ ਵੀ ਪੱਕੇ ਕਰ ਦਿੱਤੇ। ਜਿਵੇਂ ਅਗਨੀ ਦੇਣ ਵਾਲੇ ਨੂੰ ਅਗਣੀ ਦੇਵਤਾ, ਵਰੁਣ ਜਾਂ ਪਾਨੀ ਲਈ ਵਰੁਣ ਦੇਵਤਾ, ਹਵਾ ਦਾ ਕੰਟਰੋਲ ਕਰਨ ਵਾਲੇ ਨੂੰ ਵਾਯੂ ਦੇਵਤਾ ਆਦਿ। ਦੇਵਤਾ ਦੇ ਅਰਥ ਹਨ ‘ਦੇਣ ਵਾਲਾ’ । ਅਜੇਹੇ ਕਲਪਤ ਦੇਵੀ-ਦੇਵਤਿਆਂ ਦੀ ਗਿਣਤੀ ਵੀ ਤੇਤੀ ਕਰੋੜ ਪ੍ਰਚਲਤ ਕੀਤੀ ਗਈ। ਇਸਤੋਂ ਬਾਦ ਸਾਰੇ ਦੇਵੀ ਦੇਵਤਿਆਂ ਦੇ ਰੂਪ ਵੀ ਭਿੰਨ ਭਿੰਨ ਪ੍ਰਚਲਤ ਕੀਤੇ, ਹਰੇਕ ਦੀ ਪੂਜਾ ਦਾ ਸਮਾਂ-ਦਿਨ ਵੀ ਵੱਖ-ਵੱਖ, ਪਸੰਦ ਤੇ ਚੜ੍ਹਾਵੇ ਵੀ ਅੱਡ, ਹਰੇਕ ਤੋਂ ਲੋੜ, ਕਾਮਨਾ ਤੇ ਮੰਗ ਵੀ ਅੱਡ-ਅੱਡ।
ਮਿਸਾਲ ਵਜੋਂ ਤਾਪ ਹਰਣ ਲਈ ਸਨੀਚਰ ਦੀ ਪੂਜਾ ਤੇ ਚੜ੍ਹਾਵਾ ਮਾਹ ਦੀ ਦਾਲ, ਤੇਲ ਲੋਹਾ ਤੇ ਕਾਲੇ ਛੋਲੇ। ਬਲ ਪ੍ਰਾਪਤੀ ਲਈ ਮੰਗਲਵਾਰ, ਹਨੁਮਾਨ ਦੀ ਪੂਜਾ ਤੇ ਚੜ੍ਹਾਵਾ ਸੰਧੂਰ, ਬੂੰਦੀ, ਲੱਡੂ, ਬਰਫ਼ੀ। ਧੰਨ ਦੀ ਕਾਮਨਾ ਲਈ ਲਛਮੀ ਦੇਵੀ ਦੀ ਪੂਜਾ, ਦਿਨ-ਦਿਵਾਲੀ ਦੀ ਰਾਤ। ਇਸੇਤਰ੍ਹਾ ਸੂਰਜ, ਚੰਦ, ਇੰਦਰ ਆਦਿ ਅਨੇਕਾਂ ਦੀ ਪੂਜਾ ਮਿੱਥੀ ਗਈ। ਮਨੁੱਖੀ ਮਨ ਨੂੰ ਇਨ੍ਹਾਂ ਜੱਕੜ ਦਿੱਤਾ ਕਿ ਅਨੇਕਾਂ ਕਲਪਤ ਦੇਵੀ-ਦੇਵਤਿਆਂ ਦੀ ਦਾਸਤਾ `ਚ ਫਸਿਆ ਮਨੁੱਖ ਸਦਾ ਕਾਮਨਾ ਅਧੀਨ ਹੀ ਬਣਿਆ ਰਵੇ। ਇੰਝ ਨਾ ਹੀ ਉਹ ਕਦੇ ਅਪਣੇ ਮਨੁੱਖੀ ਫ਼ਰਜ਼ਾਂ ਨੂੰ ਸਮਝ ਸਕਿਆ ਤੇ ਨਾ ਹੀ ਅਪਣੇ ਕਰਤੇ ਨਾਲ ਉਸਦੀ ਸਾਂਝ ਹੀ ਬਣ ਆਈ। ਇੱਕ ਕਰਤਾਰ ਬਾਰੇ ਅਗਿਆਨਤਾ ਕਾਰਨ ਵਿਚਾਰਾ ਮਨੁੱਖ ਅਨੇਕਾਂ ਦੀ ਬੇਲੋੜੀ ਪੂਜਾ-ਅਰਚਾ ਦਾ ਸ਼ਿਕਾਰ ਹੁੰਦਾ, ਪਰੋਪਕਾਰੀ ਬਣਨ ਦੀ ਬਜਾਏ ਨਿਹਿਤ ਸੁਆਰਥੀ ਹੁੰਦਾ ਗਿਆ। ਇਸਤ੍ਰੀ ਲਿੰਗ ਸ਼ਕਤੀਆਂ ਨੂੰ ਦੇਵੀਆਂ ਤੇ ਪੁਲਿੰਗ ਸ਼ਕਤੀਆਂ ਨੂੰ ਦੇਵਤਿਆਂ ਦਾ ਰੂਪ, ਇਹ ਮਨੁੱਖ ਦੇ ਅਪਣੇ ਹੀ ਮਨ ਦੀ ਉਪਜ ਸਨ। ਗੁਰਬਾਣੀ ਦਾ ਫ਼ੈਸਲਾ ਹੈ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: 129)। ਇਸੇਤਰ੍ਹਾਂ “ਈਸਰੁ ਬ੍ਰਹਮਾ ਦੇਵੀ ਦੇਵਾ ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥ ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ” (ਪੰ: 1034) ਅਤੇ “ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ” (ਪੰ: 464)।
ਇਥੇ ਹੀ ਬੱਸ ਨਹੀਂ ਗੁਰਬਾਣੀ ਦਾ ਫ਼ੈਸਲਾ ਹੈ “ਮਾਇਆ ਮੋਹੇ ਦੇਵੀ ਸਭਿ ਦੇਵਾ” (ਪੰ: 227) ਕਰਤੇ ਦੀਆਂ ਜਿਨ੍ਹਾਂ ਬੇਅੰਤ ਬਖਸ਼ਿਸ਼ਾਂ, ਦਾਤਾਂ ਤੇ ਰਹਿਮਤਾਂ ਨੂੰ ਮਨੁੱਖ ਨੇ ਕਲਪਤ ਦੇਵੀ ਦੇਵਤਿਆਂ ਦੇ ਰੂਪ `ਚ ਪ੍ਰਚਾਰਿਆ, ਉਨ੍ਹਾਂ ਬਾਰੇ ਆਪ ਹੀ ਸਵੈ-ਵਿਰੋਧੀ, ਬੇਸਿਰਪੈਰ ਕਹਾਣੀਆ ਵੀ ਪ੍ਰਚਲਤ ਕਰ ਦਿੱਤੀਆਂ। ਵਿਚਾਰਣ ਦਾ ਵਿਸ਼ਾ ਹੈ ਕਿ ਜੋ ਆਪ ਮਾਇਆ ਦੇ ਅਧੀਨ ਹਨ ਉਹ ਕਿਸੇ ਨੂੰ ਕੁੱਝ ਦੇਣ ਵਾਲੇ ਕਿਵੇਂ ਹੋ ਗਏ। ਕਰਣਹਾਰ-ਕਰਤਾਰ ਨੂੰ ਛੱਡਕੇ ਬੇਅੰਤ ਪੂਜਾਵਾਂ `ਚ ਉਲਝੇ ਮਨੁੱਖ ਨੂੰ ਗੁਰਦੇਵ ਇਥੋਂ ਤੀਕ ਹਲੂਣਾ ਦੇਂਦੇ ਹਨ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ” (ਪੰ: 637) ਭਾਵ ਐ ਮਨੁੱਖ! ਤੂੰ ਮੰਗਦਾ ਕੁੱਝ ਹੈ ਤੇ ਤੈਨੂੰ ਮਿਲਦਾ ਹੋਰ ਹੈ। ਫ਼ਿਰ ਵੀ ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕਰ ਕੀ ਰਿਹਾਂ ਹੈਂ? ਕਿੰਨੀ ਅਜੀਬ ਗਲ ਹੈ ਸੀਤਲਾ ਦੇ ਪੂਜਾਰੀ ਉਸਨੂੰ ਮਾਤਾ ਮੰਨ, ਪੂਜਾ ਕਰ-ਕਰ ਥੱਕਦੇ ਰਹੇ ਪਰ ਉਸਦੀ ਕਰੋਪੀ ਨਾ ਟਲੀ, ਲੱਖਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ। ਇਸ ਦੇ ਲਈ ਇਕੋ ਹੀ ਇੰਜੈਕਸ਼ਨ ਨੇ ਸੀਤਲਾ ਨੂੰ ਅਜੇਹਾ ਦੌੜਾਇਆ ਕਿ ਸੰਸਾਰ ਭਰ ਚੋਂ ਇਸ ਦਾ ਬੀਜ ਨਾਸ ਹੋ ਗਿਆ। ਕਰਵਾਚੌਥ ਤੇ ਪੂਰਨਮਾਸ਼ੀ ਦੇ ਵਰਤ ਰਖਣ ਵਾਲੇ ਚੰਦ ਨੂੰ ਦੇਵਤਾ ਮੰਨ ਉਸਦੀ ਪੂਜਾ ਕਰਦੇ ਰਹੇ, ਦੂਜੇ ਉਸ ਤੇ ਸੈਰਾਂ ਵੀ ਕਰ ਆਏ। ਲਛਮੀ ਦੇ ਪੂਜਾਰੀ ਹਰ ਸਾਲ ਦਿਵਾਲੀ ਦੀਆਂ ਰਾਤਾਂ ਉਸਦੀ ਪੂਜਾ ਕਰਦੇ ਆਏ ਪਰ ਦਿਨੋ-ਦਿਨ ਕੰਗਾਲਤਾ ਵੱਧਦੀ ਗਈ, ਅੱਗਾਂ ਲਗਦੀਆਂ ਤੇ ਦਿਵਾਲੇ ਪਿੱਟਦੇ ਹਨ। ਲਛਮੀ ਜਾ ਪੁਜਦੀ ਹੈ ਸਮਗਲਰਾਂ, ਵਿਭਚਾਰੀਆਂ, ਸਮਾਜ ਦੁਸ਼ਮਨਾਂ ਕੋਲ ਜਾਂ ਅਮਰੀਕਾ ਵਰਗੇ ਮੁਲਕਾਂ `ਚ ਜਿੱਥੇ ਉਸਦਾ ਕੋਈ ਭਗਤ ਨਹੀਂ। ਸਰਸਤੀ ਦੇ ਪੂਜਾਰੀ ਹਰ ਸਮੇਂ ਵਹਿਮਾਂ-ਭਰਮਾਂ-ਠੱਗੀਆਂ ਦਾ ਸ਼ਿਕਾਰ ਹਨ ਤੇ ਧਰਮ ਦੇ ਠੇਕੇਦਰ ਉਨ੍ਹਾਂ ਦੀ ਰੱਤ ਚੂਸ ਰਹੇ ਹਨ। ਇਕੋ-ਇਕ ਸਦੀਵੀ ਤੇ ਸਰਬਵਿਆਪਕ ਖਸਮ ਤੋਂ ਅਨਜਾਣ ਮਨੁੱਖ, ਹਜ਼ਾਰਾਂ ਤੇ ਲਖਾਂ ਖਸਮ ਬਣਾਈ ਬੈਠਾ, ਬੜੀ ਹੀ ਤਰਸਜੋਗ ਹਾਲਤ `ਚ ਜੀਅ ਰਿਹਾ ਹੈ ਤੇ ਇਸ ਅਗਿਆਨਤਾ ਦਾ ਇਕਮਾਤਰ ਹਲ ਹੈ ਗੁਰਬਾਣੀ ਦੇ ਗਿਆਨ ਦਾ ਪ੍ਰਕਾਸ਼।
ਹੋਮ ਜੱਗ- ਮਨੁੱਖ ਨੇ ਜੋ ਅਨੇਕਾਂ ਦੇਵੀਆਂ-ਦੇਵਤੇ ਕਲਪੇ, ਉਨ੍ਹਾਂ ਦੀ ਉਸਤੁੱਤੀ-ਪੂਜਾ-ਅਰਚਾ ਤੇ ਉਨ੍ਹਾਂ ਤੋਂ ਮੱਗਾਂ ਲਈ ਲਖਾਂ ਹੀ ਮੰਤ੍ਰਾ ਦੀ ਰਚਨਾ ਵੀ ਕੀਤੀ ਗਈ। ਉਨ੍ਹਾਂ ਤੋਂ ਮੰਗਾ ਦਾ ਜੋ ਢੰਗ ਉਲੀਕਆ ਗਿਆ ਉਹ ਸੀ ਜਗ-ਹੋਮ-ਹਵਨ। ਅਗਨੀ ਨੂੰ ਸਾਰੇ ਦੇਵਤਿਆਂ ਦੀ ਜੀਭਾ ਮਿਥਿਆ ਤੇ ਜਗਾਂ-ਹਵਨਾਂ ਨੂੰ ਲੋਕ ਪ੍ਰਲੋਕ `ਚ ਪ੍ਰਸੰਨਤਾ ਪ੍ਰਦਾਨ ਕਰਨ ਦਾ ਸਾਧਨ। ਹਰੇਕ ਦੇਵੀ ਦੇਵਤੇ ਦੀ ਰੁਚੀ ਨੂੰ ਮੁੱਖ ਰਖ ਕੇ ਸੰਬੰਧਤ ਜਗ ਦੀ ਆਹੂਤੀ ਜਾਂ ਭੇਟਾ ਵੀ ਨੀਯਤ ਕੀਤੀ ਗਈ। ਇਸਤਰ੍ਹਾਂ ਅੱਡ ਅੱਡ ਭੇਟਾਵਾਂ ਤੇ ਬਲੀਆਂ ਦੇ ਅਧਾਰ ਤੇ ਇਨ੍ਹਾਂ ਜਗਾਂ ਦੇ ਨਾਂ ਵੀ ਪ੍ਰਗਟ ਹੋਏ ਜਿਵੇਂ ਨਰ ਮੇਧ ਜਗ ਸਮੇਂ ਮਨੁੱਖ ਦੀ ਬਲੀ, ਗਉ ਮੇਧ ਜਗ ਸਮੇਂ ਗਊ ਦੀ ਬਲੀ, ਅਜਾ ਮੇਧ, ਭੈਂਸਾ ਮੇਧ, ਅਸ਼ਵ ਮੇਧ ਜਗ ਸਮੇਂ ਬਕਰਾ, ਭੈਂਸੇ, ਘੋੜੇ ਦੀ ਬਲੀ। ਜਹਾਲਤਾਂ `ਚ ਫ਼ਸੇ ਮਨੁੱਖ ਨੇ ਬਲੀਆਂ ਆਦਿ ਵਾਲਾ ਹਰੇਕ ਕੁਕਰਮ ਕੀਤਾ ਪਰ ਧਰਮ ਦੇ ਪੱਜ। ਕਈ ਵਾਰੀ ਤਾਂ ਇਹ ਬਲੀਆਂ ਬਿਨਾਂ ਜਗ-ਹਵਨ ਹੀ ਦੇਵੀ-ਦੇਵਤਿਆ ਦੇ ਅਰਪਣ ਕੀਤੀਆਂ ਜਾਂਦੀਆਂ। ਸਪੱਸ਼ਟ ਹੈ ਗੁਰਬਾਣੀ ਨੇ ਜਦੋਂ ਇਨ੍ਹਾਂ ਜਗਾਂ ਦਾ ਮੂਲ ਦੇਵੀ-ਦੇਵਤਿਆਂ ਨੂੰ ਹੀ ਪ੍ਰਵਾਨ ਨਹੀਂ ਕੀਤਾ ਤਾਂ ਗੁਰੂ ਕੇ ਸਿੱਖ ਲਈ ਜਗਾਂ ਵਾਲੀ ਗਲ ਵੀ ਆਪੇ ਹੀ ਮੁੱਕ ਜਾਂਦੀ ਹੈ। ਫ਼ੁਰਮਾਨ ਹੈ “ਹੋਮ ਜਗ ਸਭਿ ਤੀਰਥਾ ਪੜਿ@ ਪੰਡਿਤ ਥਕੇ ਪੁਰਾਣ ॥ ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ” (ਪੰ: 1417) ਅਤੇ “ਹੋਮ ਜਗ ਉਰਧ ਤਪ ਪੂਜਾ ॥ ਕੋਟਿ ਤੀਰਥ ਇਸਨਾਨੁ ਕਰੀਜਾ ॥ ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ” (ਪੰ: 1349) ਜਾਂ “ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥ ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥ 2 ॥ ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ” (ਪੰ: 214)। ਮੁੱਕਦੀ ਗਲ ਕਿ ਸਿੱਖ ਧਰਮ ਦਾ ਇਨ੍ਹਾਂ ਜਗਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ।
ਇਸਤ੍ਰੀ ਵਰਗ- ਅਕਾਲਪੁਰਖੁ ਦੀ ਬੇਅੰਤ ਰਚਨਾ `ਚ ਸੰਸਾਰ ਚਕ੍ਰ ਨੂੰ ਚਲਾਉਣ ਲਈ ਇਸਤ੍ਰੀ ਤੇ ਪੁਰਖੁ ਦੋਵੇਂ ਇੱਕ ਦੂਜੇ ਦੇ ਪੂਰਕ ਹਨ, ਜਿਵੇਂ ਇਕੋ ਗੱਡੀ ਦੇ ਦੋ ਪਹੀਏ। ਇੱਕ ਦੀ ਲੋੜ ਜਾਂ ਮਹਾਨਤਾ ਦੂਜੇ ਤੋਂ ਘੱਟ ਨਹੀਂ। ਫ਼ਿਰ ਮਨੁੱਖਾ ਜੀਵਨ ਲਈ ਹੀ ਨਹੀਂ, ਮੇਲ-ਫ਼ਿਮੇਲ ਵਾਲਾ ਇਹ ਨੀਯਮ ਕਰਤਾਰ ਦੀ ਹਰੇਕ ਜੀਵ ਸ਼੍ਰੇਣੀ ਤੇ ਲਾਗੂ ਹੈ। ਬਾਵਜੂਦ ਇਸਦੇ, ਲਗਭਗ ਸੰਸਾਰ ਦੇ ਹਰ ਵਰਗ ਨੇ ਇਸਤ੍ਰੀ ਜਾਤੀ ਨਾਲ ਨਿਆਂ ਨਹੀਂ ਕੀਤਾ। ਫ਼ਿਰ ਵੀ ਇਸ ਪਖੋਂ ਜਿੰਨਾਂ ਧੱਕਾ ਇਸਤ੍ਰੀ ਨੂੰ ਦੇਵੀਆਂ ਕਹਿਣ ਵਾਲੇ ਬ੍ਰਹਾਮਣ ਵਰਗ ਨੇ ਕੀਤਾ ਹੈ ਉਸਦੀ ਦੂਜੀ ਮਿਸਾਲ ਵੀ ਸੰਸਾਰ ਤੇ ਨਹੀਂ ਮਿਲਦੀ। ਜੀਵਨ ਦੇ ਹਰ ਕੱਦਮ ਤੇ ਉਸ ਅੰਦਰ ਹੀਣ ਭਾਵ ਪੈਦਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਅਪਣੀ ਕਾਮ ਪੂਰਤੀ ਦੇ ਪੱਜ ਉਸਨੂੰ ਧਰਮ-ਤਿਉਹਾਰਾਂ, ਰੀਤੀ-ਰਿਵਾਜਾਂ ਤੇ ਸਗਣਾਂ ਆਦਿ ਦੇ ਆਧਾਰ ਤੇ ਵੱਧ ਤੋਂ ਦੁਬੇਲ ਬਣਾ ਕੇ ਰਖਣ ਦਾ ਅਜੇਹਾ ਜੱਤਨ ਕੀਤਾ, ਜਿਥੋਂ ਉਹ ਸੁਚੇਤ ਹੀ ਨਾ ਹੋ ਸਕੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਹਿਲੇ ਜਾਮੇਂ `ਚ ਹੀ ਮਨੁੱਖ ਵਰਗ ਨੂੰ ਇਸ ਪਖੋਂ ਕਰੜੀ ਚੇਤਾਵਣੀ ਦਿੱਤੀ ਤੇ ਫ਼ੁਰਮਾਇਆ “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ” (ਪੰ: 473)
ਇਸਦੇ ਅਰਥ ਭਾਵ ਹਨ ਐ ਮਨੁੱਖ! ਜਿਸ ਇਸਤ੍ਰੀ ਨੂੰ ਤੂੰ ਸਦਾ ਤੋਂ ਸਮਾਜ `ਚ ਭੰਡਦਾ ਤੇ ਜ਼ਲੀਲ ਕਰਨ ਦਾ ਜੱਤਨ ਕਰਦਾ ਆਇਆ ਹੈ, ਚੇਤੇ ਰਖ! ਅਕਾਲਪੁਰਖੁ ਦੀ ਰਚਨਾ `ਚ ਜੋ ਲੋੜਾਂ ਇਸਤ੍ਰੀ ਸਰੀਰ ਤੋਂ ਹਨ ਉਨ੍ਹਾਂ ਨੂੰ ਮਨੁੱਖ ਦਾ ਸਰੀਰ ਕਦੇ ਪੂਰਾ ਨਹੀਂ ਕਰ ਸਕਦਾ। ਸੰਸਾਰ ਚੱਕ੍ਰ ਲਈ ਇੱਕ ਦੀ ਲੋੜ ਘੱਟ ਨਹੀਂ ਤੇ ਦੂਜੇ ਦੀ ਵੱਧ ਨਹੀਂ, ਦੋਵੇਂ ਇਕ-ਦੂਜੇ ਦੇ ਪੂਰਕ ਹਨ। ਗੁਰਦੇਵ ਫ਼ੁਰਮਾਂਦੇ ਹਨ “ਇਸਤ੍ਰੀ ਤੋਂ ਹੀ ਜਨਮ ਲਈਦਾ ਹੈ, ਇਸਤ੍ਰੀ ਦੇ ਗਰਭ `ਚ ਹੀ ਸਰੀਰ ਦੀ ਸਥਾਪਨਾ ਹੁੰਦੀ ਤੇ ਸਰੀਰ ਬਣਦਾ ਹੈ। ਇਸਤ੍ਰੀ ਕਾਰਣ ਹੀ ਮਨੁੱਖ ਦੀ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਕਾਰਨ ਹੀ ਮਨੁੱਖ ਦੀ ਸਾਰੀ ਰਿਸ਼ਤੇਦਾਰੀ ਤੇ ਸਾਕ ਸੰਬੰਧ ਬਣਦੇ ਹਨ। ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ। ਜੇਕਰ ਇਸਤ੍ਰੀ ਮਰ ਜਾਏ ਤਾਂ ਮਨੁੱਖ ਹੋਰ ਇਸਤ੍ਰੀ ਲਈ ਟੁਰ ਪੈਂਦਾ ਹੈ। ਇਸਤ੍ਰੀ ਕਾਰਨ ਹੀ ਮਨੁੱਖ ਸਮਾਜ `ਚ ਬੱਝਦਾ, ਸਦਾਚਾਰੀ ਅਖਵਾਉਂਦਾ ਤੇ ਸੱਤਿਕਾਰਿਆ ਜਾਂਦਾ ਹੈ। ਜਿਸ ਇਸਤ੍ਰੀ ਤੋਂ ਸਮਾਜ ਪੱਧਰ ਦੇ ਵੱਡੇ ਵੱਡੇ ਮਹਾਰਾਜੇ, ਵਲ਼ੀ-ਉਲੀਆ, ਪੀਰ, ਪੈਗ਼ੰਬਰ, ਰਹਿਬਰ `ਤੇ ਸਾਰੀਆਂ ਹੀ ਮਹਾਨ ਹੱਸਤੀਆਂ ਜਨਮ ਲੈਂਦੀਆਂ ਹਨ; ਐ ਮਨੁੱਖ! ਤੂੰ ਉਸ ਇਸਤ੍ਰੀ ਨੂੰ ਕਿਸ ਤਰੀਕੇ ਅਪਣੇ ਤੋਂ ਘੱਟੀਆ ਤੇ ਨੀਵਾਂ ਸਮਝਦਾ ਜਾਂ ਮੰਦਾ ਕਹਿੰਦਾ ਹੈਂ? ਇੱਕ ਇਸਤ੍ਰੀ ਤੋਂ ਹੀ ਦੂਜੀ ਇਸਤ੍ਰੀ ਜਨਮ ਲੈਂਦੀ ਹੈ। ਭਾਵ ਜਿਸ ਇਸਤ੍ਰੀ ਕਾਰਣ ਤੂੰ ਸੰਸਾਰ `ਚ ਆਇਆ, ਤੇਰੀ ਉਸ ਮਾਂ ਨੂੰ ਜਨਮ ਦੇਣ ਵਾਲੀ ਵੀ ਇਸਤ੍ਰੀ ਹੀ ਸੀ। ਸਪੱਸ਼ਟ ਹੈ ਕਿ ਸੰਸਾਰ `ਚ ਕੋਈ ਵੀ ਮਨੁੱਖ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਇਥੇ ਪਾਤਸ਼ਾਹ ਬਹੁਤ ਹੀ ਵੱਡੀ ਤੇ ਪਤੇ ਦੀ ਇੱਕ ਹੋਰ ਗਲ ਕਹਿੰਦੇ ਹਨ ਕਿ ਜਿਸ ਕਰਤਾਰ ਨੇ ਇਸਤ੍ਰੀ ਨੂੰ ਘੜਿਆ ਉਸਨੂੰ ਤਾਂ ਅਪਣੇ ਲਈ ਇਸਤ੍ਰੀ ਸਰੀਰ ਦੀ ਲੋੜ ਨਹੀ ਸੀ ਕਿਉਂਕਿ ਉਹ ਅਜੇਹੀ ਹੱਸਤੀ ਹੈ ਜਿਸਨੇ ਇਸਤ੍ਰੀ ਤੋਂ ਜਨਮ ਨਹੀਂ ਲਿਆ, ਉਹ ਅਜੂਨੀ ਵੀ ਹੈ ਤੇ ਸੈਭੰ ਵੀ।
ਤਾਂਤੇ ਜਿਹੜਾ ਮਨੁੱਖ ਅਕਾਲਪੁਰਖੁ ਦੇ ਨਿਰਮਲ ਭਉ `ਚ ਰਹਿੰਦਾ ਹੈ, ਉਸਨੂੰ ਸੰਸਾਰ ਪੱਧਰ ਦੀਆਂ ਸਾਰੀਆਂ ਖੁਸ਼ੀਆਂ ਅਪਣੇ ਆਪ ਪ੍ਰਾਪਤ ਹੋ ਜਾਂਦੀਆਂ ਹਨ। ਅਜੇਹੇ ਮਨੁੱਖ, ਇਸਤ੍ਰੀ ਹੋਵੇ ਜਾਂ ਪੁਰਖ ਉਸਦੀਆਂ ਦਾਤਾਂ `ਚ ਵਿਤਕਰਾ ਨਹੀ ਕਰਦੇ ਅਤੇ ਪ੍ਰਭੁ ਦੇ ਦਰਬਾਰ `ਚ ਵੀ ਸਤਿਕਾਰੇ ਜਾਂਦੇ ਹਨ। ਇਸਤ੍ਰੀ ਪੁਰਖੁ `ਚ ਭੇਦ ਕਰਨ ਵਾਲੇ, ਇੱਕ ਜਾਂ ਦੂਜੇ ਨੂੰ ਦੁਬੇਲ ਬਣਾ ਕੇ ਰਖਣ ਦੀ ਚਾਹ ਵਾਲੇ, ਇਸਤ੍ਰੀ ਨੂੰ ਅਬਲਾ ਕਹਿਕੇ ਉਸਨੂੰ ਸਮਾਜ `ਚ ਨੀਵਾਂ ਦਿਖਾਉਣ ਵਾਲੇ ਮਨੁੱਖ, ਸਮਾਜ ਦੀ ਬਰਾਬਰ ਦੀ ਤਾਕਤ ਦਾ ਕਾਤਿਲ ਤੇ ਅਪਣੇ ਆਪ ਨੂੰ ਕਮਜ਼ੌਰ ਕਰਨ ਦੇ ਜ਼ਿਮੇਵਾਰ ਹੁੰਦੇ ਹਨ। ਫ਼ੁਰਮਾਨ ਹੈ “ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ” (ਪੰ: 983) ਜਾਂ “ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ” (ਪੰ: 879) ਭਾਵ ਨਾਰੀ ਹੋਵੇ ਜਾਂ ਪੁਰਖ ਸੰਸਾਰ ਚੱਕਰ ਨੂੰ ਚਲਾਉਣ ਲਈ ਸਰੀਰ ਦੇ ਦੋ ਰੂਪ ਹਨ ਪਰ ਦੋਨਾਂ ਅੰਦਰ ਆਤਮਾ ਉਸੇ ਪ੍ਰਭੁ ਦੀ ਹੀ ਹੈ। ਇਥੋਂ ਤੀਕ ਕਿ ਤੀਜੇ ਜਾਮੇਂ ਸਮੇਂ ਤਾਂ ਗੁਰਦੇਵ ਨੇ ਅਕਬਰ ਨੂੰ ਕਹਿਕੇ ਸਤੀ ਪ੍ਰਥਾ ਵੀ ਬੰਦ ਕਰਵਾਈ। ਦਰਬਾਰ `ਚ ਸੰਗਤਾਂ ਤੇ ਆਉਣ ਸਮੇ ਇਸਤ੍ਰੀਆਂ ਲਈ ਘੁੰਡ ਨਈ ਕਰਣ ਲਈ ਪਾਬੰਦੀ ਲਾਈ। ਪਹਿਲੇ ਜਾਮੇਂ ਸਮੇਂ ਬੇਬੇ ਨਾਨਕੀ, ਦੂਜੇ ਜਾਮੇ ਸਮੇਂ ਮਾਤਾ ਖੀਵੀ, ਤੀਜੇ ਜਾਮੇ ਸਮੇ ਹੋਰ ਤੋਂ ਇਲਾਵਾ ਗੁਰਦੇਵ ਨੇ ਜੋ ਬਵੰਜਾ ਪੀੜੇ ਸਥਾਪਤ ਕੀਤੇ ਉਨ੍ਹਾਂ `ਚ ਵੀ ਬੀਬੀਆਂ ਦਾ ਵਿਸ਼ੇਸ਼ ਸਥਾਨ ਸੀ ਅਤੇ ਇਸੇਤਰ੍ਹਾਂ ਦਸਮੇਸ਼ ਪਿਤਾ ਤੀਕ।
ਸਿੱਖ ਅਤੇ ਮਨਮੁੱਖ- ਥਿੱਤ ਵਾਰ, ਮਹੂਰਤ, ਦੇਵੀਆਂ-ਦੇਵਤੇ, ਜਗ-ਹੋਮ-ਹਵਨ ਅਤੇ ਇਸਤ੍ਰੀ ਵਰਗ ਆਦਿ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨਾ ਹੋਵੇ ਤਾ ਹਰੇਕ ਪੱਖ ਤੇ ਵੇਰਵੇ ਦੀ ਲੋੜ ਹੈ। ਇਥੇ ਸੰਖੇਪ ਵਿਚਾਰ ਦਿੱਤੀ ਗਈ ਤਾਕਿ ਸਾਨੂੰ ਅੰਦਾਜ਼ਾ ਹੋ ਸਕੇ ਕਿ ਗੁਰਬਾਣੀ ਤੋਂ ਸਾਨੂੰ ਇਨ੍ਹਾਂ ਪਖਾਂ ਤੇ ਕੀ ਸੇਧ ਮਿਲ ਰਹੀ ਹੈ `ਤੇ ਅਨਮਤੀ ਤਿਉਹਾਰਾਂ ਦੇ ਅਸਰ ਹੇਠ ਅਸੀਂ ਗੁਰੂ ਦੇ ਨੇੜੇ ਆ ਰਹੇ ਹਾਂ ਜਾਂ ਗੁਰੂ ਤੋਂ ਧੱਕੇ ਜਾ ਰਹੇ ਹਾਂ। ਗੁਰਬਾਣੀ `ਚ ਤਾਂ ਗੁਰੂ ਦੀ ਸਿਖਿਆ ਨੂੰ ਤਿਆਗ ਕੇ ਅਪਣੀ ਮੱਤ ਪਿਛੇ ਚਲਣ ਵਾਲੇ ਨੂੰ ਸਿੱਖ ਹੀ ਨਹੀਂ ਮੰਨਿਆ, ਮਨਮਤੀਆ ਕਿਹਾ ਹੈ। ਗਿਆਨ ਰਤਨਾਵਲੀ `ਚ ਭਾਈ ਮਨੀ ਸਿੰਘ ਫ਼ੁਰਮਾਂਦੇ ਹਨ – “ਜੋ ਵਚਨ ਆਪਣੇ ਸਤਿਗੁਰਾਂ ਦੇ ਸ਼ਬਦ ਅਨੁਸਾਰ ਹੋਵੇ, ਸਿੱਖ ਸੋਈ ਸੁਣੇ ਤੇ ਪੜੇ। ਗੁਰਾਂ ਦੇ ਸਿਧਾਂਤ ਤੋਂ ਬਿਨਾਂ ਹੋਰ ਬਚਨ ਨਾ ਸੁਣੇ” । ਭਾਈ ਗੁਰਦਾਸ ਫ਼ੁਰਮਾਂਦੇ ਹਨ “ਬਿਨੁ ਗੁਰ ਸ਼ਬਦ ਜੇ ਮੰਨਣਾ, ਊਰਾ ਪਰਥਾਉ” (ਵਾਰ 27)। ਗੁਰਬਾਣੀ ਫ਼ੁਰਮਾਨ ਹੈ “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ” (ਪੰ: 601) ਹੋਰ ਲਵੋ “ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ” (ਪੰ: 465) ਜਾਂ “ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ” (ਪੰ: 967) ਅਤੇ “ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ” (ਪੰ: 919)।
ਅਨਮਤੀ ਤਿਉਹਾਰ ਤੇ ਸਿੱਖ-ਹੁਣ ਅਸਾਂ ਕੇਵਲ ਇਸ਼ਾਰੇ ਮਾਤ੍ਰ ਦੇਖਣ ਦਾ ਜੱਤਨ ਕਰਨਾ ਹੈ ਕਿ ਉਹ ਕਿਹੜੇ ਅਨਮਤੀ ਤਿਉਹਾਰ ਹਨ ਜਿਨ੍ਹਾਂ ਨੂੰ ਸਿੱਖ ਉਚੇਚੇ ਸੰਭਾਲੀ ਬੈਠੇ ਹਨ ਪਰ ਮੂਲ ਰੂਪ `ਚ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ। ਇਥੇ ਅਸੀਂ ਇਸ ਗਲ ਨੂੰ ਪੱਕਾ ਕਰ ਦੇਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਤਿਉਹਾਰ ਹਨ ਉਹ ਜੰਮ-ਜੰਮ ਮਨਾਉਣ, ਸਾਨੂੰ ਇਤਰਾਜ਼ ਨਹੀਂ। ਇਸਦੇ ਉਲਟ ਜੋ ਅਪਣੇ ਆਪ ਨੂੰ ਗੁਰੂ ਨਾਨਕ ਜਾਂ ਗੁਰਬਾਣੀ ਦੇ ਸਿੱਖ ਅਖਵਾਉਂਦੇ ਹਨ ਜਦੌ ਉਹ ਇਨ੍ਹਾਂ ਤਿਉਹਾਰਾਂ ਨੂੰ ਮਨਾਉਂਦੇ ਹਨ ਤਾਂ ਉਨ੍ਹਾ ਦਾ ਅਪਣੇ ਆਪ ਤੋਂ ਨਾਸਮਝ ਹੋਣਾ ਸਾਬਤ ਹੁੰਦਾ ਹੈ। ਇਹ ਉਨ੍ਹਾਂ ਦਾ ਲਿਬਰਲ ਹੋਣਾ ਵੀ ਨਹੀ ਬਲਕਿ ਮਨਮਤੀਏ ਹੋਣ ਦਾ ਸਬੂਤ ਤੇ ਸਿਧਾਂਤ ਵਿਰੁਧ ਕਮਾਂ ਨਾਲ ਸਿੱਖ ਪਨੀਰੀ ਨੂੰ ਸਿੱਖੀ ਤੋਂ ਧੱਕਣ ਦਾ ਤੇ ਪਤਿੱਤ ਕਰਣ ਦਾ ਕਾਰਣ ਹਨ, ਅਜੇਹੇ ਕੁੱਝ ਤਿਉਹਾਰ ਇਸਤਰ੍ਹਾਂ ਹਨ:
(1) ਲੋਹੜੀ- ‘ਕਾਕੇ ਦੀ ਪਹਿਲੀ ਲੋਹੜੀ’ ‘ਕਾਕੇ ਦੇ ਵਿਆਹ ਦੀ ਪਹਿਲੀ ਲੋਹੜੀ’ ਆਦਿ। ਇਹ ਸੱਚਾਈ ਹੈ ਕਿ ਇਸ ਤਿਉਹਾਰ ਤੇ ਅਜ ਬਹੁਤੇ ਹੀ ਸਿੱਖ ਰੀਝੇ ਨਜ਼ਰ ਆਉਂਦੇ ਹਨ। ਖੂਬੀ ਇਹ ਕਿ ਜਿਨ੍ਹਾਂ ਲੋਕਾਂ ਦਾ ਤਿਉਹਾਰ ਹੈ, ਜੇ ਉਨ੍ਹਾਂ ਕੋਲੋ ਵੀ ਇਸ ਬਾਰੇ ਪੁਛਿਆ ਜਾਵੇ ਤਾਂ ਸ਼ਾਇਦ ਉਹ ਆਪ ਵੀ ਉਤਰ ਨਾ ਦੇ ਸਕਣ ਕਿ ਇਸਦਾ ਪਿਛੌਕੜ ਕੀ ਹੈ ਅਤੇ ਉਥੇ ਵੀ `ਚਲਤੇ ਪਾਛੇ ਜਗ ਚਲੇ’ ਵਾਲੀ ਹਾਲਤ ਹੀ ਬਣੀ ਹੋਈ ਹੈ। ਅਸਲ `ਚ ਇਹ ਤਿਉਹਾਰ ਅਗਨੀ ਤੇ ਅੰਨ ਦੇਵਤੇ ਦੀ ਪੂਜਾ ਅਤੇ ਯਗਾਂ ਦੇ ਅਰੰਭ ਦਾ ਸੂਚਕ ਮੰਨਿਆਂ ਜਾਂਦਾ ਹੈ। ਅਗਨੀ ਦੇਵਤੇ ਨੂੰ ਤਿੱਲ, ਰਿਉੜੀਆਂ, ਮੂੰਗਫਲੀ ਆਦਿ ਵਸਤਾਂ ਦੀ ਸ਼ਕਲ `ਚ ਅੰਨ ਦੀ ਆਹੂਤੀ ਦੇਕੇ ਫ਼ਿਰ ਉਸਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਗੁਰੂ ਦਰ ਤੇ ਨਾ ਹੀ ਅਗਨੀ, ਅੰਨ ਆਦਿ ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਹੈ ਅਤੇ ਨਾ ਹੀ ਯਗਾਂ ਦੀ ਮਾਨਤਾ। ਇਹ ਨਿਰੋਲ ਬ੍ਰਾਹਮਣੀ ਤਿਉਹਾਰ ਹੈ, ਸਿੱਖ ਵਿਚਾਰ ਧਾਰਾ ਨਾਲ ਇਸਦਾ ਉਕਾ ਮੇਲ ਨਹੀਂ `ਤੇ ਇਹ ਮੌਸਮੀ ਤਿਉਹਾਰ ਵੀ ਨਹੀਂ ਜਿਵੇਂ ਕਿ ਆਮ ਭੁਲੇਖਾ ਦਿਤਾ ਜਾਂਦਾ ਹੈ। ਇਸ ਸੰਬੰਧੀ ਗੁਰਮਤਿ ਪਾਠ ਨੰ: 61 “ਮੇਲਾ ਮਾਘੀ ਲੋਹੜੀ ਅਤੇ ਸਿੱਖ’ ਸੰਗਤਾਂ `ਚ ਵੰਡਣ ਲਈ ਪ੍ਰਾਪਤ ਹੈ।
(2) ਹੋਲੀਆਂ- ਭਗਤ ਪ੍ਰਹਿਲਾਦ ਦੇ ਬਦਲੇ ਉਸਦੀ ਭੂਆ ਦੇ ਸੜ ਜਾਣ ਵਾਲੀ ਮਿਥਿਹਾਸਕ ਕਹਾਣੀ ਦੇ ਆਧਾਰ ਤੇ ਜਾਂ ਬ੍ਰਹਮਣੀ ਵਰਣ-ਵੰਡ ਅਨੁਸਾਰ ਵਿਸਾਖੀ-ਬ੍ਰਾਹਮਣਾ ਲਈ, ਦੁਸਿਹਰਾ-ਖਤ੍ਰੀਆਂ ਲਈ-ਦਿਵਾਲੀ- ਵੈਸ਼ਿਆ ਲਈ ਲਛਮੀ ਪੂਜਾ ਦਾ ਤੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਹੈ ਹੋਲੀਆਂ ਉਨ੍ਹਾਂ ਦੇ ਹਿੱਸੇ `ਚ ਹੈ। ਦੂਜੇ ਪਾਸੇ ਗੁਰਮਤਿ ਨਾ ਹੀ ਤਾਂ ਇਸ ਬ੍ਰਾਹਮਣੀ ਵਰਣ-ਵੰਡ ਨੂੰ ਪ੍ਰਵਾਣ ਕਰਦੀ ਹੈ ਅਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਦਸਮੇਸ਼ ਪਿਤਾ ਤੀਕ ਕਿਸੇ ਵੀ ਗੁਰੂ ਵਿਅਕਤੀ ਜਾਂ ਸਿੱਖਾਂ ਰਾਹੀਂ ਕਦੇ ਹੋਲੀ ਖੇਡਣ ਦਾ ਕੋਈ ਜ਼ਿਕਰ ਹੀ ਹੈ। ਬਲਕਿ ਹੋਲੀ ਦਾ ਲਫ਼ਜ਼ ਵਰਤ ਕੇ ਗੁਰੂ ਕੀਆਂ ਸੰਗਤਾਂ ਨੂੰ ਜੀਵਨ ਭਰ ਸਾਧ ਸੰਗਤ `ਚ ਸ਼ਾਮਲ ਹੋਕੇ ਨਾਮ-ਬਾਣੀ ਦੇ ਰੰਗ ਨਾਲ ਖੇਡਣ ਦੀ ਹਿਦਾਇਤ ਹੈ। ਤਾਕਿ ਸਾਰਾ ਮਨੁੱਖਾ ਜਨਮ ਹੀ ਪ੍ਰਭੁ ਰੰਗ ਦੀਆਂ ਖੁਸ਼ੀਆਂ ਨਾਲ ਭਰਪੂਰ ਰਵੇ, ਫ਼ੁਰਮਾਣ ਹੈ “ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ” (ਪੰ: 1180)। ਇਥੋਂ ਤੀਕ ਕਿ ਇਸਦੇ ਮਨਾਉਣ ਦੇ ਢੰਗ ਨਾਲ ਵੀ ਗੁਰਮਤਿ ਦਾ ਵਿਰੋਧ ਹੈ ਤੇ ਸੋਹਣੇ, ਸਿੱਖੀ ਸਰੂਪ ਦੀ ਜ਼ਾਹਿਰਾ ਬੇਅਦਬੀ ਹੈ ਇਸਤਰ੍ਹਾਂ ਸਪੱਸ਼ਟ ਤੌਰ ਤੇ ਇਹ ਗੁਰਮਤਿ ਵਿਰੋਧੀ ਤਿਉਹਾਰ ਹੈ। ਇੰਨਾ ਹੀ ਨਹੀਂ ਤਿਉਹਾਰ ਦਾ ਨਾਂ ਲੈਕੇ ਦੂਜਿਆਂ ਉਪਰ ਚਿੱਕੜ-ਵਿਸ਼ਟਾ ਤੀਕ ਸਿਟਣੀ, ਆਪਸੀ ਖੁੰਦਕਾਂ ਅਤੇ ਤਿਉਹਾਰ ਦੇ ਪੱਜ ਸ਼ਰਾਬਾਂ ਤੇ ਵਿੱਭਚਾਰ ਨੂੰ ਖੁਲਾ ਸਦਾ ਹੁੰਦਾ ਹੈ। ਹੋਲੀ ਦੇ ਦਿਨਾਂ’ ਚ ਹੀ ਗੁਰਦੇਵ ਉਚੇਚੇ ਗੋਕੁਲ ਬਿੰਦ੍ਰਾਬਣ ਪੁੱਜੇ ਤੇ ਕੁਰਾਹੇ ਪਏ ਲੋਕਾਂ ਨੂੰ ਇਸ ਤੋਂ ਵਰਜਿਆ। ਇਸ ਦੇ ਜਨਮਦਾਤਾ ਪਾਂਡਿਆਂ ਨੂੰ ਵੰਗਾਰਿਆ ਤੇ ਸਮਝਾਇਆ। ਇਸ ਸੰਬੰਧ `ਚ ਉਥੇ ਗੁਰਦੇਵ ਨੇ ਜੋ ਸ਼ਬਦ ਉਚਾਰਣ ਕੀਤਾ ਉਹ ਹੈ “ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ” (ਪੰ: 902) ਖੂਬੀ ਇਹ ਕਿ ਭਾਰਤ ਦੇ ਹੀ ਵਸਨੀਕ ਮੁਸਲਮਾਨਾਂ ਜਾਂ ਇਸਾਈਆਂ ਤੇ ਤਾਂ ਇਸਦਾ ਉਕਾ ਪ੍ਰਭਾਵ ਨਹੀਂ। ਫ਼ਿਰ ਵੀ ਜੇ ਸਾਰੇ ਨਹੀਂ ਤਾਂ ਕੁੱਝ ਸਿੱਖਾਂ ਨੇ ਆਪਣੇ ਗੁਰੂ ਦੀ ਆਗਿਆ ਨੂੰ ਇਸ ਬਾਰੇ ਸਮਝਣ ਦਾ ਜਤਨ ਨਹੀਂ ਕੀਤਾ। ਚੇਤੇ ਰਹੇ! ਦਸਮੇਸ਼ ਜੀ ਰਾਹੀ ਅਰੰਭ ‘ਹੋਲਾ ਮੁਹੱਲਾ’ ਇਨ੍ਹਾਂ ਬ੍ਰਾਹਮਣੀ ਹੋਲੀਆਂ ਤੋਂ ਬਿਲਕੁਲ ਭਿੰਨ ਤੇ ਹੋਲੀਆਂ ਨਾਲ ਉਸਦਾ ਉਕਾ ਸੰਬੰਧ ਨਹੀਂ। ਵੇਰਵੇ ਲਈ ਗੁਰਮਤਿ ਪਾਠ ਨੰ: 12 ‘ਹੋਲੀ ਤੇ ਹੋਲਾ ਮੁਹੱਲਾ’ ਸੰਗਤਾਂ `ਚ ਪ੍ਰਾਪਤ ਹੈ, ਗੁਰਮਤਿ ਪ੍ਰਸਾਰ ਹਿੱਤ ਸੰਗਤਾਂ `ਚ ਵੰਡੋ ਜੀ।
(3) ਸਰਾਧ- ਪਿਤ੍ਰਾਂ ਨਮਿੱਤ ਬ੍ਰਾਹਮਣਾ ਨੂੰ ਦਾਨ-ਪੁੰਨ ਕਰਨੇ, ਪਿੰਡ ਭਰਵਾਉਣੇ ਤੇ ਬ੍ਰਾਹਮਣਾਂ ਦੇ ਦਸੇ ਖਾਸ ਕਰਮਾਂ ਨੂੰ ਪਿਤ੍ਰਾਂ ਨਮਿੱਤ ਕਰਨ ਦਾ ਨਾਮ ਹੀ ਸਰਾਧ ਕਰਾਨੇ ਹਨ। ਗੁਰਮਤਿ ਅੰਦਰ ਇਸ ਨੂੰ ਫੋਕਟ ਕਰਮ ਕਹਿਕੇ, ਭਰਵਾਂ ਪਾਜ ਉਘੇੜਿਆ ਹੈ। ਫ਼ੁਰਮਾਨ ਹੈ “ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ” (ਪੰ: 138) ਭਾਵ ਇਨਸਾਨ ਜੰਮਦਾ ਤੇ ਮਰ ਜਾਂਦਾ ਹੈ, ਅੰਤ ਸੰਸਾਰ ਚੋਂ ਉਸ ਦਾ ਨਾਂ ਵੀ ਮੁੱਕ ਜਾਂਦਾ ਹੈ। ਪਿਛੋਂ ਜੋ ਪਿੰਡ-ਪੱਤਲ ਕੀਤੇ ਜਾਂਦੇ ਹਨ ਇਹ ਤਾਂ ਕਾਂਵਾਂ-ਕੁਤਿਆਂ ਨੂੰ ਹੀ ਖੁਆਏ ਜਾਂਦੇ ਹਨ। ਜਾਣ ਵਾਲੇ ਨਾਲ ਇਨ੍ਹਾਂ ਦਾ ਸੰਬੰਧ ਨਹੀਂ ਹੁੰਦਾ। ਅਜੇਹੇ ਕਰਮ ਕੇਵਲ ਪ੍ਰਭੁ ਨੂੰ ਭੁਲੇ ਲੋਕ ਹੀ ਅਗਿਆਨਤਾ ਵੱਸ ਕਰਦੇ ਹਨ। ਸੱਚੇ ਗੁਰੂ-ਗੁਰਬਾਣੀ ਦੇ ਲੜ ਲਗੇ ਬਿਨਾਂ, ਜੀਵਨ ਅੰਦਰ ਆਤਮਕ ਜਾਗ੍ਰਤੀ ਪੈਦਾ ਨਹੀਂ ਹੋ ਸਕਦੀ ਤੇ ਮਨੁੱਖਾ ਮਨਮ ਲੈਕੇ ਵੀ ਇਨਸਾਨ ਮੁੜ ਜਨਮ-ਮਰਣ ਦੇ ਗੇੜ੍ਹ `ਚ ਫਸੇ ਰਹਿ ਜਾਂਦੇ ਹਨ। ਇਸੇਤਰ੍ਹਾਂ ਹੋਰ ਲਵੋ “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ” (ਪੰ: 472) ਵਾਲੇ ਆਸਾ ਕੀ ਵਾਰ ਵਿਚਲੇ ਸਲੋਕ, ਕਬੀਰ ਸਾਹਿਬ ਦੇ ਪੰਨਾ 332 ਵਾਲੇ ਸ਼ਬਦ “ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ” ਇਸੇਤਰ੍ਹਾਂ ਪੰਨਾ 358 ਉਪਰ ਆਸਾ ਰਾਗ ਵਿਚਲੇ “ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ” ਵਾਲੇ ਸ਼ਬਦ `ਚ ਵੀ ਗੁਰਦੇਵ ਨੇ ਮਨੁੱਖ ਨੂੰ ਇਸੇ ਅਗਿਆਨਤਾ ਦੇ ਜਾਲ ਵਿਚੋਂ ਕੱਢਿਆ ਹੈ।
ਸਾਡੀ ਇਸ ਪਖੋਂ ਚੇਤਾਵਣੀ ਦਾ ਤਾਲੁੱਕ ਕੇਵਲ ਉਨ੍ਹਾਂ ਹੀ ਸਿੱਖ ਸੰਗਤਾਂ ਨਾਲ ਹੈ ਜੋ ਦੂਜਿਆਂ ਦੀ ਦੇਖੀ ਦੇਖੀ ਇਸ ਭੇਡਚਾਲ ਦਾ ਸ਼ਿਕਾਰ ਹਨ। ਸਰਾਧਾਂ ਦੇ ਇਨ੍ਹਾਂ ਅਖੋਤੀ ਦਿਨਾਂ `ਚ ਪਿਤ੍ਰਾਂ ਦੇ ਨਾਂ ਕਦੇ ਗੁਰਦੁਆਰੇ ਕੜਾਹ ਪ੍ਰਸ਼ਾਦਿ ਕਰਵਾ ਰਹੇ ਹਨ, ਕਦੇ ਮਠਿਆਈਆਂ ਫ਼ਰੂਟ, ਮਿੱਠੇ ਚਾਵਲ ਆਦਿ ਚੁੱਕ ਕੇ ਜਾ ਰਹੇ ਹਨ, ਕਦੇ ਪੰਜਾਂ ਸਿੱਖਾਂ ਨੂੰ ਭੋਜਣ ਛਕਾਉਣ ਤੇ ਵਸਤ੍ਰ ਆਦਿ ਦੇਣ ਦੇ ਫੋਕਟ ਕਰਮਾਂ `ਚ ਰੁਝੇ ਹਨ। ਸੋਚਦੇ ਹਨ, ਇਹ ਸਭ ਪਿਤ੍ਰਾਂ ਨੂੰ ਪੁਜ ਰਿਹਾ ਹੈ। ਚੇਤੇ ਰਹੇ! ਗੁਰਬਾਣੀ ਦੇ ਸਪੱਸ਼ਟ ਫ਼ੁਰਮਾਨਾਂ ਦੇ ਸਨਮੁੱਖ ਇਹ ਜਾਂ ਅਜੇਹੇ ਹੀ ਵਿਸ਼ਵਾਸਾਂ `ਚ ਕੀਤੇ ਸਾਰੇ ਕਾਰਜ ਗੁਰੂ ਦੇ ਸਿੱਖ ਹੋਣਾ ਨਹੀਂ ਬਲਕਿ ਗੁਰੂ ਤੋਂ ਬੇਮੁੱਖ ਹੋਣਾ ਹੈ। ਗੁਰਬਾਣੀ ਅਨੁਸਾਰ ਥਿੱਤਾਂ-ਵਾਰਾਂ ਸੰਬੰਧੀ ਗਲ ਕਰਦੇ ਸਮੇਂ ਅਸੀਂ ਦੇਖ ਚੁੱਕੇ ਹਾਂ ਕਿ ਕੋਈ ਸਮਾਂ ਨਾ ਹੀ ਅਪਣੇ ਆਪ `ਚ ਚੰਗਾ ਹੈ ਅਤੇ ਨਾ ਹੀ ਮਾੜਾ ਹੁੰਦਾ ਹੈ, ਚੰਗੀ ਜਾਂ ਮਾੜੀ ਉਸਦੀ ਵਰਤੋਂ ਹੈ। ਫ਼ਿਰ ਜਿਉਂ ਜਿਉਂ ਗੁਰਬਾਣੀ ਨੂੰ ਸਮਝਣ ਦਾ ਜੱਤਨ ਕਰੋ ਨਾ ਹੀ ਕਿੱਧਰੇ ਕੋਈ ਅਜੇਹਾ ਪਿਤ੍ਰ ਲੋਕ ਹੈ ਜਿਥੇ ਜਾਕੇ ਪਿਤ੍ਰ ਨਿਵਾਸ ਕਰਦੇ ਹਨ, ਨਾ ਹੀ ਗੁਰਮਤਿ ਕਿਸੇ ਧਰਮਰਾਜ, ਜਮਰਾਜ, ਜਮਦੂਤ, ਸੁਰਗ, ਨਰਕ, ਇੰਦ੍ਰਲੋਕ ਆਦਿ `ਚ ਹੀ ਵਿਸ਼ਵਾਸ ਰਖਦੀ ਹੈ। ਇਥੇ ਤਾਂ ਸਿੱਧਾ ਹਿਸਾਬ ਹੈ ਜੋ ਜੀਵਨ ਦੀ ਕਮਾਈ ਕਰਦੇ ਹਨ ਜੀਂਦੇ ਜੀਅ ਜੀਵਨ-ਮੁਕਤ ਭਾਵ ਕਰਤੇ `ਚ ਅਭੇਦ ਹੋ ਜਾਂਦੇ ਹਨ ਅਤੇ ਜੋ ਜੀਵਨ ਦੀ ਬਾਜ਼ੀ ਹਾਰ ਜਾਂਦੇ ਹਨ, ਕਰਤਾਰ ਦੇ ਹੀ ਹੁਕਮ ਦੀ ਖੇਡ `ਚ ਮੁੜ ਜਨਮਾਂ ਦੇ ਗੇੜ੍ਹ `ਚ ਪੈ ਜਾਂਦੇ ਹਨ ਫ਼ੁਰਮਾਨ ਹੈ “ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: 463) ਅਤੇ “ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ” (ਪੰ: 463)।
ਹੁਣ ਜ਼ਰਾ ਪੁਛੋ! ਉਨ੍ਹਾ ਲੋਕਾਂ ਤੋਂ ਜਿਹੜੇ ਇਸਨੂੰ ਸਰਾਧਾ ਦੇ ਦਿਨ ਕਹਿਕੇ ਮਾੜੇ ਦਿਨ ਕਹੀ ਫ਼ਿਰਦੇ ਹਨ ਕੀ ਇਨ੍ਹਾਂ ਦਿਨਾਂ `ਚ ਉਨ੍ਹਾ ਦੇ ਗਰਿਹ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸਨੂੰ ਘਰੋਂ ਕੱਢ ਦੇਂਦੇ ਹਨ? ਜੇ ਕੋਈ ਵੱਡਾ ਲਾਭ ਹੋ ਜਾਵੇ ਤਾਂ ਲੈਣ ਤੋਂ ਇਨਕਾਰ ਕਰ ਦੇਂਦੇ ਹਨ? ਕਦੇ ਨਹੀਂ। ਲੋੜ ਹੈ, ਗੁਰੂ ਕੀਆਂ ਸੰਗਤਾਂ, ਸਰਾਧਾ ਦੇ ਇਨ੍ਹਾਂ ਮਿੱਥੇ ਦਿਨਾਂ `ਚ ਉਚੇਚੇ ਅਨੰਦ ਕਾਰਜ ਆਦਿ ਕਰਨ, ਨਵੇਂ ਕਾਰਜਾਂ ਦਾ ਅਰੰਭ ਕਰਨ ਤਾਕਿ ਵਹਿਮੀ ਲੋਕਾਂ ਕਾਰਣ ਇੱਕ ਤਾਂ ਇਨ੍ਹਾਂ ਦਿਨਾਂ `ਚ ਹਰੇਕ ਚੀਜ਼ ਸੱਸਤੀ ਤੇ ਸੌਖੀ ਮਿਲੇਗੀ ਦੂਜੇ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸੱਚ ਧਰਮ ਦੀ ਰੋਸ਼ਨੀ ਵੀ ਅਗਿਆਨੀ ਮਨਾਂ ਦੇ ਹਨੇਰੇ `ਚ ਉਜਾਲਾ ਕਰੇਗੀ। ਤੀਜੇ, ਗੁਰਬਾਣੀ ਦੇ ਉਜਲੇ ਮਾਰਗ ਤੇ ਚਲਕੇ ਗੁਰੂ ਕੀਆਂ ਸੰਗਤਾਂ ਸਮਾਜ `ਚ ਆਪ ਮੁਹਾਰੇ ਅਗਾਹ ਵਧੂ ਹੋਣ ਦਾ ਸਬੂਤ ਪੇਸ਼ ਕਰਣਗੀਆਂ। ਇਸੇ ਵਿਸ਼ੇ ਤੇ ਹੋਰ ਵੇਰਵੇ ਲਈ ਸੰਗਤਾਂ ਲਈ ਗੁਰਮਤਿ ਪਾਠ ਨੰ: 10 ‘ਸਿੱਖ ਧਰਮ ਅਤੇ ਸਰਾਧ’ ਵੀ ਗੁਰਮਤਿ ਪ੍ਰਸਾਰ ਹਿੱਤ ਸੰਗਤਾਂ `ਚ ਵੰਡਣ ਲਈ ਪ੍ਰਾਪਤ ਹੈ, ਸੰਗਤਾਂ ਉਸਦਾ ਲਾਭ ਲੈ ਸਕਦੀਆਂ ਹਨ।
ਨਾਲ ਲਗਦੇ ਇੱਕ ਗਲ ਇਹ ਵੀ ਸਮਝਣ ਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਅਸੂ ਸੁਦੀ ਦੱਸਵੀ ਭਾਵ ਸਰਾਧਾਂ ਤੋਂ ਪੰਦਰ੍ਹਾਂ ਦਿਨ ਬਾਦ ਆਉਂਦਾ ਹੈ। ਇਤਹਿਾਸਕ ਮਿਲਾਵਟਾਂ ਕਾਰਣ ਇਸਨੂੰ ਅਸੂ ਵਦੀ ਦੱਸਵੀ ਭਾਵ ਸਰਾਧਾਂ ਦੇ ਦਿਨਾਂ `ਚ ਲੈ ਆਂਦਾ ਗਿਆ ਹੈ। ਸੁਆਲ ਇਹ ਹੈ ਮੰਨ ਲਵੋ ਜੋਤੀ ਜੋਤ ਪੁਰਬ, ਅਖੌਤੀ ਸਰਾਧਾਂ `ਚ ਦੱਸਵੀਂ ਵਾਲੇ ਦਿਨ ਹੀ ਪੈਂਦਾ ਹੋਵੇ ਤਾਂ ਕੀ ਸਿੱਖ ਵੀ ਇਸਨੂੰ ਦੱਸਵੀ ਦਾ ਸਰਾਧ ਕਰਕੇ ਹੀ ਮਨਾਉਣ? ਕਿਉਂਕਿ ਕਈ ਵਾਰੀ ਦੇਖਣ `ਚ ਆਇਆ ਹੈ, ਕੁੱਝ ਇਤਿਹਾਸਕ ਗੁਰਦੁਆਰਿਆਂ `ਚ ਵੀ ਗੁਰੂ ਦੇ ਨਿੱਤ ਵਾਲੇ ਲੰਗਰ ਨੂੰ ਬਦਲਕੇ ਬ੍ਰਾਹਮਣੀ ‘ਬੁੱਢਾ ਮਰਨਾ’ ਦੀਆਂ ਲੀਹਾਂ ਤੇ ਖੀਰ-ਪੂੜੀਆਂ ਦੇ ਲੰਗਰ ਚਲਾ ਦਿੱਤੇ ਜਾਂਦੇ ਹਨ ਜੋ ਵੱਡੀ ਅਗਿਆਨਤਾ ਤੇ ਬੇਅਦਬੀ ਵੀ ਹੈ। ਇਸੇ ਕਰਣੀ ਤੋਂ ਕੁੱਝ ਅਣਜਾਣ ਸੰਗਤਾਂ ਇਸਨੂੰ ਗੁਰੂ ਸਾਹਿਬ ਦਾ ਦੱਸਵੀਂ ਦਾ ਸਰਾਧ ਤੀਕ ਕਹਿਣ ਦਾ ਗੁਨਾਹ ਵੀ ਕਰਨਾ ਸ਼ੁਰੂ ਕਰ ਦੇਂਦੀਆਂ ਹਨ। ਸਾਨੂੰ ਇਸ ਪਾਸੇ ਵਿਸ਼ੇਸ਼ ਧਿਆਣ ਦੇਣ ਦੀ ਅਤੇ ਵੈਸੇ ਵੀ ਇਸ ਪੁਰਬ ਦੀਆਂ ਤਾਰੀਖਾਂ ਨੂੰ ਠੀਕ ਕਰਣ ਦੀ ਲੋੜ ਹੈ।
(4) ਨੌਰਾਤੇ- ਸਰਾਧਾਂ ਦੇ ਨਾਲ ਹੀ ਬ੍ਰਾਹਮਣੀ ਹਿਸਾਬ `ਚ ਕੁੱਝ ਦਿਨ ਨੌਰਾਤਿਆਂ ਦੇ ਕਹੇ ਜਾਂਦੇ ਹਨ। ਮੂਲ ਰੂਪ `ਚ ਇਹ ਦਿਨ ਦੇਵੀ ਪੂਜਕਾਂ ਨਾਲ ਸੰਬੰਧਤ ਹੈ। ਉਹ ਲੋਕ ਇਨ੍ਹਾਂ ਦਿਨਾਂ `ਚ ਦੇਵੀ ਪੂਜਾ ਨੂੰ ਮੁੱਖ ਰਖਕੇ ਜਗਰਾਤੇ ਕਰਵਾਉਂਦੇ ਹਨ। ਘਰਾਂ `ਚ ਕੁਆਰੀਆਂ ਕੁੜੀਆਂ ਨੂੰ ਬੁਲਾਕੇ ਕੰਜਕਾਂ ਕਰਦੇ ਹਨ। ਕੁੜੀਆਂ ਦੀਆਂ ਕਲਾਈਆਂ ਤੇ ਮੌਲੀਆਂ ਬਣਦੇ ਤੇ ਕੜਾਹ (ਹਲਵਾ) -ਪੂਰੀਆਂ, ਦੱਛਣਾ (ਪੈਸੇ ਆਦਿ) ਤੇ ਲਾਲ ਚੁੰਨੀਆਂ ਦੇਂਦੇ ਹਨ। ਸਰਾਧਾਂ ਦੇ ਉਲਟ, ਉਹ ਲੋਕ ਇਨ੍ਹਾਂ ਦਿਨਾਂ ਨੂੰ ਪਵਿਤ੍ਰ ਮੰਨਦੇ ਹਨ, ਨਵੀਆਂ ਖਰੀਦ-ਦਾਰੀਆਂ, ਨਵੇਂ ਘਰਾਂ `ਚ ਪ੍ਰਵੇਸ਼ ਜਾਂ ਨਵੇਂ ਕਾਰ ਵਿਹਾਰ ਦਾ ਅਰੰਭ ਵੀ ਕਰਦੇ ਹਨ ਅਤੇ ਇਨ੍ਹਾਂ ਦਿਨਾਂ ਮੱਛੀ-ਅੰਡੇ ਆਦਿ ਦਾ ਇਸਤੇਮਾਲ ਵੀ ਨਹੀਂ ਕਰਦੇ। ਇਸਦੇ ਉਲਟ ਅਸੀਂ ਦੋਹਰਾਣਾ ਚਾਹੁੰਦੇ ਹਾਂ ਕਿ ਗੁਰਬਾਣੀ ਅਨੁਸਾਰ ਕਦੇ ਕੋਈ ਵੀ ਸਮਾਂ, ਥਿੱਤ ਜਾਂ ਵਾਰ ਅਪਣੇ ਆਪ `ਚ ਚੰਗਾ ਜਾਂ ਮਾੜਾ ਨਹੀਂ, ਚੰਗੀ ਜਾਂ ਮਾੜੀ ਉਸਦੀ ਦੀ ਵਰਤੋਂ ਹੁੰਦੀ ਹੈ। ਸਿੱਖ ਧਰਮ ਦਾ ਚੂੰਕਿ ਅਰੰਭ ਹੀ ੴ ਭਾਵ ਇੱਕ ਅਕਾਲਪੁਰਖੁ ਦੀ ਸਰਬਉਚਤਾ ਦੇ ਵਿਸ਼ਵਾਸ ਤੋਂ ਹੈ। ਇਥੇ ਜਦੋਂ ਦੇਵੀ ਦੇਵਤਿਆਂ ਦਾ ਵਜੂਦ ਹੀ ਕਾਲਪਨਕ ਦਸਿਆ ਹੈ ਤਾਂ ਨੌਰਾਤਿਆਂ, ਦੇਵੀ ਪੂਜਾ ਜਾਂ ਕੰਜਕਾਂ ਵਾਲੀ ਗਲ ਹੀ ਮੁੱਕ ਜਾਂਦੀ ਹੈ। ਇਸੇਤਰ੍ਹਾਂ ਜਿਹੜੇ ਗੁਰੂ ਕੇ ਲਾਲ ਮੀਟ ਅੰਡੇ ਦਾ ਇਸਤੇਮਾਲ ਤਾਂ ਕਰਦੇ ਹਨ ਪਰ ਇਨ੍ਹਾਂ ਦਿਨਾਂ `ਚ ਉਚੇਚੇ ਪ੍ਰਹੇਜ਼ ਕਰਣ ਤਾਂ ਊਨ੍ਹਾਂ ਦੀ ਇਹ ਸੋਚ ਗੁਰੂ ਵਾਲੀ ਨਹੀਂ ਬਲਕਿ ਬ੍ਰਾਹਮਣੀ ਸੋਚ ਹੀ ਕਹੀ ਜਾਵੇਗੀ। ਸਪੱਸ਼ਟ ਹੈ ਨੌਰਾਤਿਆਂ, ਕੰਜਕਾਂ ਆਦਿ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ।
(5) ਰੱਖੜੀ-ਟਿੱਕਾ- ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਇਹ ਦੋਵੇਂ ਤਿਉਹਾਰ ਭੈਣ-ਭਰਾ ਦੇ ਪਵਿਤ੍ਰ ਪਿਆਰ ਨਾਲ ਸੰਬੰਧਤ ਹਨ ਪਰ ਇਹ ਸੱਚਾਈ ਨਹੀਂ। ਸੰਸਾਰ ਦੇ 99% ਲੋਕ ਤਾਂ ਇਹ ਦੋਵੇ ਤਿਉਹਾਰ ਮਣਾਂਦੇ ਹੀ ਨਹੀਂ ਤਾਂ ਕੀ ਮੰਨ ਲਿਆ ਜਾਵੇ ਕਿ ਉਨ੍ਹਾਂ ਵਿਚਕਾਰ ਭੈਣ-ਭਰਾ ਦੇ ਰਿਸ਼ਤੇ ਵਾਲਾ ਪਿਆਰ ਨਹੀਂ ਜਦਕਿ ਸੱਚਾਈ ਇਸਦੇ ਉਲਟ ਮਿਲੇਗੀ। ਦਰਅਸਲ ਇਹ ਦੋਵੇਂ ਤਿਉਹਾਰ ਉਸ ਸਮਾਜ ਦੀ ਉਪਜ ਹਨ ਜਿੱਥੇ ਇਸਤ੍ਰੀ ਵਰਗ ਨਾਲ ਹਰ ਪੱਧਰ ਤੇ ਧੱਕਾ ਕੀਤਾ ਗਿਆ ਹੈ। ਜਨਮ ਲੜਕੇ ਦਾ ਹੋਵੇ ਤਾਂ ਮੁਬਾਰਕਾਂ, ਬੈਂਡ ਵਾਜੇ, ਮਠਿਆਈਆਂ, ਹਰੇਕ ਤਿਉਹਾਰ ਕਾਕੇ ਦਾ ਪਹਿਲਾ ਤਿਉਹਾਰ ਤੇ ਹੋਰ ਬਹੁਤ ਕੁਝ। ਜਨਮ ਲੜਕੀ ਦਾ ਹੋਵੇ ਤਾਂ ਧੌਣ ਨੀਵੀ, ਕੋਈ ਮੁਬਾਰਕ ਦੇਵੇ ਤਾਂ ਉਤਰ ਹੁੰਦਾ ਹੈ ‘ਸਾੜਾ ਕਢਣਾ ਸੂ’ । ਸ਼ਾਦੀ ਲੜਕੇ ਦੀ ਹੋਵੇ ਤਾਂ ਕੁੜੀ ਵਾਲਿਆਂ ਕੋਲੋਂ ਮਨ ਮਰਜ਼ੀ ਦੀਆਂ ਮੰਗਾ। ਜਲੂਸ ਤੇ ਬੈਂਡ ਵਾਜੇ ਸੇਹਰੇ ਇਸਤਰ੍ਹਾਂ ਜਿਵੇਂ ਇੱਕ ਬਾਦਸ਼ਾਹ ਦੂਜੇ ਤੇ ਫ਼ਤਿਹ ਹਾਸਲ ਕਰਕੇ, ਸ਼ਾਦਿਆਣੇ ਵਜਾਂਦਾ ਹੈ। ਦੂਜੇ ਪਾਸੇ ਲੜਕੀ ਦੀ ਸ਼ਾਦੀ ਨਹੀਂ ਬਲਕਿ ਦਾਨ-ਦਹੇਜ ਸਹਿਤ ‘ਕਣਿਆ-ਦਾਨ’ ਹੁੰਦਾ ਹੈ, ਕੁੜੀ ਵਾਲਿਆਂ ਦਾ ਸਿਰ ਨੀਵਾਂ ਤੇ ਮੁੰਡੇ ਵਾਲਿਆਂ ਦੇ ਭਾਂਡੇ ਮਾਂਜਣ ਵਾਲੇ ਮਾਂਜੀ ਹੁਂੰਦੇ ਹਨ। ਵਿਧਵਾ ਲੜਕੀ ਨੂੰ ਦੋਬਾਰਾ ਸ਼ਾਦੀ ਦਾ ਹੱਕ ਤਾਂ ਦੂਰ, ਉਸ ਲਈ ਵਿਧਵਾ ਆਡੰਬਰ ਜਾਂ ਸਤੀ ਪ੍ਰਥਾ। ਪਿਤ੍ਰੀ ਕਰਮਾਂ ਦਾ ਹੱਕ ਕੇਵਲ ਪੁਤਰ ਨੂੰ ਹੈ ਪੁਤ੍ਰੀ ਨੂੰ ਨਹੀਂ। ਜੰਜੂ ਜਿਹੜਾ ਬ੍ਰਾਹਮਣ ਮੱਤ ਦੇ ਧਾਰਣੀ ਲਈ ਜ਼ਰੂਰੀ ਹੈ ਉਥੇ ਵੀ ਇਸਦਾ ਦੋ ਨੂੰ ਹੱਕ ਨਹੀਂ ਇੱਕ ਇਸਤ੍ਰੀ ਨੂੰ ਤੇ ਦੂਜਾ ਜਿਸਨੂੰ ਸ਼ੂਦਰ ਕਿਹਾ ਹੈ। ਦੇਵਦਾਸੀ ਤੇ ਰਾਮਜਨੀ ਪ੍ਰਥਾ ਵੀ ਲੜਕੀਆਂ ਲਈ ਨੀਯਤ ਹੈ ਤੇ ਹੋਰ ਬਹੁਤ ਕੁਝ।
ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਲੜਕੀ ਨੂੰ ਅਖੌਤੀ ਸੁਰਗ `ਚ ਜਾਣ ਲਈ ਅਗਲਾ ਜਨਮ ਲੜਕੇ ਦਾ ਲੈਣਾ ਜ਼ਰੂਰੀ ਹੈ। ਇਸੇਤਰ੍ਹਾਂ ਲੜਕੇ ਨੂੰ ਜਨਮ ਦੇ ਕੇ ਵੱਡੇ ਤੋਂ ਵੱਡਾ ਦੁਰਾਚਾਰੀ ਕੁਕਰਮੀ ਵੀ ‘ਪੂੰ’ ਨਾਮਕ ਭਿਆਨਕ ਨਰਕ ਤੋਂ ਬਚ ਜਾਂਦਾ ਹੈ ਫ਼ਿਰ ਭਾਵੇਂ ਲੜਕੇ ਦੇ ਜਨਮ ਲਈ ਨਿਯੋਗ ਵਾਲਾ ਦੂਸ਼ਿਤ ਸਿਧਾਂਤ ਹੀ ਕਿਉਂ ਨਾ ਵਰਤਿਆ ਹੋਵੇ। ਇਸੇ ਹੀ ਸਮਾਜ `ਚ ਮਨੂੰ ਜੀ ਨੇ ਲੜਕੀ ਦੀ ਪੜ੍ਹਾਈ ਤੇ ਲਗਭਗ ਪਾਬੰਦੀ ਹੀ ਲਾ ਰਖੀ ਹੈ। ਤੁਲਸੀਦਾਸ ਅਨੁਸਾਰ ਤਾਂ ਉਸਨੂੰ “ਪਸ਼ੂ, ਢੋਲ ਗੁਆਰ ਅਰ ਨਾਰੀ, ਇਹ ਸਭ ਤਾੜਣ ਕੇ ਅਧੀਕਾਰੀ” ਦੀ ਗਲ ਕੀਤੀ ਹੈ। ਉਸੇ ਬ੍ਰਾਹਮਣੀ ਸਮਾਜ ਦੀ ਉਪਜ ਹਨ ਰਖੜੀ ਤੇ ਟਿੱਕਾ ਦੇ ਤਿਉਹਾਰ। ਰਖੜੀ ਦਾ ਪੂਰਾ ਨਾਂ ‘ਰਖਸ਼ਾ-ਬੰਧਨ’ ਹੈ ਜਿਸਦਾ ਮੱਤਲਬ ਹੈ ਭੈਣ ਦੇ ਰੂਪ `ਚ ਇਸਤ੍ਰੀ ਵਰਗ ਨੇ, ਸਾਲ ਦੇ ਸਾਲ, ਮਰਦ ਰੂਪ ਅਪਣੇ ਭਰਾ ਤੌ ਅਪਣੀ ਰਖਿਆ ਲਈ ਪ੍ਰਣ ਲੈਣਾ ਹੈ। ਦੂਜੇ ਲਫ਼ਜ਼ਾਂ `ਚ ਭੈਣ ਦੇ ਰੂਪ `ਚ ਹਰ ਸਾਲ ਇਸਤ੍ਰੀ ਵਰਗ ਦੇ ਦਿਮਾਗ਼ `ਚ ਪੱਕਾ ਕੀਤਾ ਜਾਂਦਾ ਹੈ ਕਿ ਉਹ ਅਪਣੀ ਰਖਿਆ ਦੇ ਜੋਗ ਨਹੀਂ; ਉਸਨੂੰ ਅਪਣੀ ਰਖਿਆ ਲਈ ਪੁਰਖ ਵਰਗ ਦੀ ਹੀ ਸਦਾ ਲੋੜ ਹੈ। ਵੈਸੇ ਵੀ ਇਸੇ ਹੀ ਸਮਾਜ `ਚ ਇਸਤ੍ਰੀ ਨੂੰ ‘ਅਬਲਾ’ ਕਹਿਕੇ ਵੀ ਉਸ ਅੰਦਰ ਹੀਣ ਭਾਵ ਭਰਿਆ ਗਿਆ ਹੈ। ਰਖੜੀ ਦੀ ਤਰਜ਼ ਤੇ ਹੀ ਇੱਕ ਹੋਰ ਤਿਉਹਾਰ ਪਕਾ ਕੀਤਾ ਗਿਆ ਜਿਸਨੂੰ ਭਈਆ ਦੂਜ ਜਾਂ ਟਿੱਕਾ ਕਿਹਾ ਜਾਂਦਾ ਹੈ। ਉਸ ਦਿਨ ਭੈਣ ਅਪਣੇ ਵੀਰ ਦੇ ਮੱਥੇ ਤੇ ਟਿੱਕਾ ਲਾਕੇ ਕਾਮਨਾ ਕਰਦੀ ਹੈ, ਉਸਦੇ ਵੀਰ ਦੀ ਉਮਰ ਲੰਮੀ ਹੋਵੇ ਪਰ ਬਦਲੇ `ਚ ਕੋਈ ਅਜੇਹਾ ਦਿਨ ਨਹੀਂ ਜਦੋਂ ਵੀਰ ਵੀ ਕਹੇ ਕਿ ਉਸਦੀ ਭੈਣ ਦੀ ਉਮਰ ਲੰਮੀ ਹੋਵੇ। ਕਿੰਨਾ ਵੱਧੀਆ ਤਰੀਕਾ ਹੈ ਇਸਤ੍ਰੀ ਵਰਗ ਨੂੰ ਪ੍ਰਭਾਵ ਦੇਣ ਦਾ ਕਿ ਸਮਾਜ `ਚ ਪੁਰਸ਼ ਵਰਗ ਦੀ ਲੋੜ ਵਧੇਰੇ ਹੈ ਇਸਤ੍ਰੀ ਵਰਗ ਦੀ ਨਹੀਂ। ਧਿਆਨ ਕਰਨ ਦੀ ਲੋੜ ਹੈ ਕਿ ਅਨਮਤੀ ਤਿਉਹਾਰ ਹੋਣ ਦੇ ਨਾਲ-ਨਾਲ ਦੋਵੇ ਤਿਉਹਾਰ ਗੁਰਮਤਿ ਅਤੇ ਸਿੱਖ ਵਿਚਾਰਧਾਰਾ ਦੇ ਬਿਲਕੁਲ ਵਿਰੁਧ ਹਨ। ਅਰੰਭ `ਚ ਦੇਖ ਚੁਕੇ ਹਾਂ ਕਿ ਗੁਰੂਦਰ ਤੇ ਇਸਤ੍ਰੀ-ਪੁਰਖ ਵਿਚਕਾਰ ਵਿੱਤਕਰੇ ਵਾਲੀ ਭਾਵਨਾ ਨੂੰ ਹੀ ਪ੍ਰਵਾਣ ਨਹੀਂ ਕੀਤਾ ਗਿਆ। ਇਸ ਸੰਬੰਧ `ਚ ਹੋਰ ਵੇਰਵੇ ਲਈ ‘ਰਖਸ਼ਾ ਬੰਧਨ (ਰਖੜੀ) ਅਤੇ ਸਿੱਖ ਧਰਮ’ ਗੁਰਮਤਿ ਪਾਠ ਨੰ: 89 ਸੰਗਤਾਂ ਦੀ ਸੇਵਾ `ਚ ਪ੍ਰਾਪਤ ਹੈ, ਗੁਰਮਤਿ ਪ੍ਰਸਾਰ ਹਿੱਤ ਸੈਂਟਰ ਪਾਸੋਂ ਮੰਗਵਾ ਕੇ ਸੰਗਤਾਂ `ਚ ਵੰਡਿਆ ਜਾ ਸਕਦਾ ਹੈ ਜੀ।
(6) ਵਰਤ ਕਰਵਾਚੌਥ ਅਤੇ ਹੋਰ ਵਰਤ-ਸਰੀਰਕ ਲੋੜ ਲਈ ਕਿਸੇ ਦਿਨ ਅੰਨ ਦਾ ਤਿਆਗ ਹੋਰ ਗਲ ਹੈ ਪਰ ਉਚੇਚੇ ਮਿੱਥੇ ਵਿਸ਼ਵਾਸ ਕਾਰਨ ਕਿਸੇ ਵਿਸ਼ੇਸ਼ ਦਿਨ ਅੰਨ ਨਾ ਛੱਕਣਾ ਜਾਂ ਵਰਤ ਰਖਣ ਵਾਲੇ ਹੱਠ ਕਰਮਾਂ ਨੂੰ ਗੁਰੂਦਰ ਤੇ ਕੋਈ ਥਾਂ ਨਹੀਂ। ਭਾਵੇਂ ਇਹ ਵਰਤ ਕਿਸੇ ਸੰਤੋਸ਼ੀ ਮਾਂ ਦਾ ਹੋਵੇ, ਪੂਰਨਮਾਸ਼ੀ, ਕਰਵਾ ਚੋਥ, ਸੋਮਵਾਰ ਦਾ ਜਾਂ ਕੋਈ ਹੋਰ। ਫ਼ੁਰਮਾਨ ਹੈ “ਅੰਨੁ ਨ ਖਾਇਆ ਸਾਦੁ ਗਵਾਇਆ” (ਪੰ: 467) ਹੋਰ ਲਵੋ “ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ” (ਪੰ: 873) ਅਤੇ “ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ” (ਪੰ: 905)। ਇਸਤਰ੍ਹਾਂ ਬਾਣੀ ਚੋਂ ਅਨੇਕਾਂ ਪ੍ਰਮਾਣ ਸਾਬਤ ਕਰਦੇ ਹਨ ਕਿ ਗੁਰਮਤਿ ਮੁਤਾਬਕ ਸਾਰੇ ਹੀ ਵਰਤ ਕੇਵਲ ਪਾਖੰਡ ਕਰਮ ਹਨ ਅਤੇ ਵਰਤਾਂ ਲਈ ਪੂਰੀ ਤਰ੍ਹਾਂ ਮਨਾਹੀ ਹੈ। ਇੰਨਾ ਹੀ ਨਹੀਂ ਜੇਕਰ ਵਰਤਾਂ ਨੂੰ ਪੜਚੋਲਿਆ ਜਾਵੇ ਤਾਂ ਕਿਧਰੇ ਪਤੀ ਕਾਮਨਾ ਲਈ ਵਰਤ; ਕਿਧਰੇ ਪੱਤਨੀ ਵਲੋਂ, ਪਤੀ ਦੀ ਲੰਮੀ ਉਮਰ ਲਈ ਵਰਤ; ਭਾਵ ਬਹੁਤੇ ਵਰਤਾਂ ਦਾ ਮੱਕਸਦ ਹੀ ਇਸਤ੍ਰੀ ਵਰਗ ਉਪਰ ਪੁਰਖ ਸਮਾਜ ਦੀ ਪ੍ਰਭੁਸਤਾ ਨੂੰ ਕਾਇਮ ਕਰਨਾ ਹੀ ਹੈ। ਖੈਰ! ਸਾਰੇ ਵਰਤਾਂ ਵਿਚੋਂ ਸਿੱਖ ਪ੍ਰਵਾਰਾਂ ਤੇ ਕਰਵਾਚੌਥ ਦਾ ਪ੍ਰਭਾਵ ਵਧੇਰੇ ਨਜ਼ਰ ਆਉਂਦਾ ਹੈ। ਇਸਦੇ ਨਾਲ ਇਹ ਵੀ ਠੀਕ ਹੈ ਕਿ ਸੁਲਝੇ ਸਿੱਖ ਪ੍ਰਵਾਰ, ਸਮਝ ਆ ਜਾਣ ਤੇ ਇਸਤੋਂ ਕਿਨਾਰਾ ਕਰਦੇ ਦੇਰ ਨਹੀਂ ਕਰਦੇ। ਇਥੋਂ ਤੀਕ ਵੀ ਦੇਖਣ `ਚ ਆਇਆ ਹੈ ਘਰ-ਪ੍ਰਵਾਰ `ਚ ਨਵੀਂ ਆਈ ਬੱਚੀ ਜੇ ਇਸ ਪਖੋ ਜਾਗਦੀ ਹੈ ਤਾਂ ਵੀ ਕਿੱਧਰੇ ਪਤੀ ਦੇਵ, ਕਿੱਧਰੇ ਸਸੂ ਰਾਣੀ, ਕਿਧਰੇ ਸੋਹਰਾ ਸਾਹਿਬ, ਅਗਿਆਣਤਾ ਵਸ ਉਸਨੂੰ ਮਜਬੂਰ ਕਰਦੇ ਹਨ ਕਿ ਉਹ ਵਰਤ ਜ਼ਰੂਰ ਰਖੇ।
ਦੇਖਣ ਦੀ ਗਲ ਹੈ, ਕਰਵਾਚੌਥ ਦਾ ਵਰਤ ਜ਼ਾਹਿਰਾ ਤੌਰ ਤੇ ਅਕਾਲਪੁਰਖੁ ਤੋਂ ਵੀ ਨਹੀਂ ਬਲਕਿ ਚੰਦ੍ਰਮਾ ਦੇਵਤੇ ਪਾਸੋਂ ਹਰ ਸਾਲ ਸੁਹਾਗਣਾਂ ਵਲੋ, ਪਤੀ ਦੀ ਲੰਮੀ ਉਮਰ ਦੀ ਕਾਮਨਾ ਹੈ। ਅਨੇਕਾਂ ਵਰਤ ਰਖਦੀਆਂ ਦੇ ਪਤੀ ਕਾਲਵਸ ਹੋ ਜਾਂਦੇ ਹਨ ਤਾਂ ਮਜਬੂਰਨ ਵਰਤ ਬੰਦ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਫ਼ਿਰ ਵੀ ਸਮਝ ਨਹੀਂ ਆਉਂਦੀ ਜੇਕਰ ਚੰਦ੍ਰਮਾ ਸੱਚਮੁੱਚ ਹੀ ਕੋਈ ਸ਼ਕਤੀ ਜਾਂ ਦੇਵਤਾ ਹੈ ਤਾਂ ਅਜੇਹੀਆਂ ਸੁਹਾਗਣਾ ਕਦੇ ਵਿੱਧਵਾ ਹੀ ਨਾ ਹੁੰਦੀਆਂ। ਇਸਤੋਂ ਹੀ ਅਜੇਹੀਆਂ ਦੂਜੀਆਂ ਸਿੱਖ ਬੀਬੀਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਇਹ ਬੇਲੋੜਾ ਕਰਮ ਕਿਉਂ ਕਰ ਰਹੀਆਂ ਹਨ। ਸੱਚਮੁਚ ਜੇ ਉਨ੍ਹਾਂ ਅੰਦਰ ਗੁਰਬਾਣੀ ਦੀ ਸੋਝੀ ਹੋਵੇ ਤਾਂ ਪਹਿਲੀ ਗਲ-ਉਹ ਕਦੇ ਵਰਤ ਹੀ ਨਾ ਰਖਣ। ਦੂਜਾ-ਉਨ੍ਹਾਂ ਨੂੰ ਸਮਝ ਹੋਵੇ ਕਿ ਚੰਦ੍ਰਮਾਂ ਦੇਵਤਾ ਨਹੀਂ, ਮਾਰਣ-ਜਿਵਾਲਣ ਤੇ ਪਾਲਣਾ ਕਰਣ ਵਾਲਾ ਅਕਾਲਪੁਰਖੁ ਹੀ ਹੈ, ਹੋਰ ਕੋਈ ਨਹੀਂ। ਤੀਜਾ-ਜੋ ਵੀ ਸੰਸਾਰ `ਚ ਆਉਂਦਾ ਹੈ, ਸੁਆਸਾਂ ਦੀ ਪੂੰਜੀ ਸਭ ਕੋਲ ਅਪਣੀ ਹੁੰਦੀ ਹੈ, ਵਰਤਾਂ ਆਦਿ ਨਾਲ ਉਮਰ ਘੱਟ-ਵੱਧ ਨਹੀਂ ਸਕਦੀ। ਚੌਥਾ- ਸਿੱਖ ਦਾ ਜੀਵਨ ਹੀ ਕਰਤੇ ਦੀ ਰਜ਼ਾ `ਚ ਜੀਉਣਾ ਹੈ, ਮੰਗਾਂ-ਸੁਖਣਾ-ਚਾਲੀਹੇ ਜਾਂ ਹੱਠ ਕਰਮ ਸਿੱਖ ਧਰਮ ਦਾ ਅੰਗ ਨਹੀਂ ਹਨ।
ਜੇਕਰ ਇਸ ਵਰਤ ਬਾਰੇ ਹੋਰ ਗਹਿਰਾਈ `ਚ ਜਾਇਆ ਜਾਵੇ ਤਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ‘ਵਰਤ ਰਖਕੇ ਸੁਹਾਗਣ ਵਲੋਂ ਅਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ, ਕੇਵਲ ਇਸ ਵਰਤ ਦੀ ਉਪਰਲੀ ਚੱਮਕੀਲੀ ਪੜ੍ਹਤ ਤੋਂ ਵੱਧ ਹੋਰ ਕੁੱਝ ਨਹੀ। ਇਥੇ ਤਾਂ ਪਤਨੀ ਦੇ ਰੂਪ `ਚ ਇਸਤ੍ਰੀ ਨੂੰ ਪੁਰਖ ਵਰਗ ਸਾਹਮਣੇ ਇੰਨਾ ਜ਼ਲੀਲ ਕੀਤਾ ਗਿਆ ਹੈ ਕਿ ਪ੍ਰਮਾਤਮਾ ਹੀ ਬਚਾਏ। ਬੇਆ ਵਟਾਉਣ ਵੇਲੇ ਬ੍ਰਾਹਮਣੀ ਵਲੋਂ ਸੁਹਾਗਣਾਂ ਤੋਂ ਬੁਲਵਾਈ ਤੇ ਸੁਣਾਈ ਜਾਂਦੀ ਕਹਾਣੀ ਚੋਂ ਹੀ ਸਾਰੀ ਗਲ ਸਮਝ `ਚ ਆ ਜਾਵੇਗੀ। ਪਹਿਲਾਂ ਤਾਂ ਉਥੇ ਸੁਹਾਗਣ ਹੋਣ ਦੇ ਨਾਤੇ ਉਸਦਾ ਇਕੋ ਹੀ ਕੰਮ ਹੈ ਪਤੀ ਲਈ ਬੱਚੇ ਪੈਦਾ ਕਰਦੇ ਜਾਣਾ। ਦੂਜਾ-ਪਤਨੀ ਹੋਣ ਦੇ ਨਾਤੇ ਉਸਨੇ ਹਰ ਸਮੇਂ ਪਤੀ ਦੀ ਸੇਵਾ `ਚ ਤੱਤਪਰ ਰਹਿਨਾ ਹੈ, ਇਥੋਂ ਤੀਕ ਜੇ ਪਤੀ ਸੁੱਤਾ ਹੋਵੇ ਤਾਂ ਵੀ ਹੱਕ ਨਹੀਂ ਕਿ ਉਸਨੂੰ ਜਗਾਵੇ। ਤੀਜਾ-ਉਸਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਉਸਨੇ ਪਤੀ ਦੀ ਸਾਲ `ਚ 365 ਦਿਨ ਦਾਸੀ ਬਣ ਕੇ ਸੇਵਾ ਕਰਨੀ ਹੈ, ਇਸਦੇ ਉਲਟ ਜੇਕਰ ਇੱਕ ਦਿਨ ਵੀ ਕੋਤਾਹੀ ਹੋ ਗਈ ਤਾਂ ਪਤੀ ਨੂੰ ਹੱਕ ਹੈ, ਉਸਨੂੰ ਪਿਛੇ ਕਰਕੇ ਭਾਵੇਂ ਦਾਸੀ ਨੂੰ ਹੀ ਪਤਨੀ ਜਾਂ ਰਾਣੀ ਬਣਾ ਲਵੇ। ਚੌਥਾ-ਹਰ ਸਾਲ ਉਸਨੇ ਕਰੁਵੇ (ਮਿਟੀ ਦੇ ਕੌਰੇ ਭਾਂਡੇ ਵਿਚੋ) ਚੰਦ੍ਰਮਾ ਦੇਵਤੇ ਸਾਹਮਣੇ ਛਾਣਨੀ ਚੋਂ ਕੇਵਲ ਚੰਦ੍ਰਮਾ ਨੂੰ ਹੀ ਦੇਖਣਾ ਤੇ ਉਸਨੂੰ ਕਰੁਏ ਚੋਂ ਅਰਗ ਕਰਣੀ ਹੈ।
ਦੂਜੇ ਲਫਜ਼ਾਂ `ਚ ਉਸਨੇ ਛਾਨਣੀ ਚੋਂ ਕੇਵਲ ਚੰਦ੍ਰਮਾ ਨੂੰ ਦੇਖਕੇ ਤੇ ਕਰੁਏ ਚੋਂ ਅਰਗ ਰਾਹੀਂ ਸਾਬਤ ਕਰਨਾ ਹੈ ਕਿ ਉਹ ਅਜ ਤੀਕ ਪਤੀਬ੍ਰਤਾ ਹੈ। ਸ਼ਾਦੀ ਤੋਂ ਪਹਿਲਾਂ ਵੀ ਤੇ ਅਜ ਵੀ ਉਹ ਕਰੁਏ (ਕੋਰੇ ਭਾਂਡੇ) ਦੀ ਤਰ੍ਹਾਂ ਕੇਵਲ ਪਤੀ ਲਈੇ ਹੀ ਸੀ ਤੇ ਅਜ ਵੀ ਉਸੇ ਨੂੰ ਹੀ ਦੇਖਦੀ ਹੈ ਜਿਵੇ ਛਾਣਨੀ ਚੋਂ ਕੇਵਲ ਚਮਦ੍ਰਮਾਂ ਨੂੰ। ਹਿਸਾਬ ਲਾਂਦੇ ਦੇਰ ਨਹੀਂ ਲਗਦੀ ਕਿ ਹਰ ਸਾਲ ਇਹ ਪ੍ਰਣ ਤੇ ਸਫ਼ਾਈ ਕੇਵਲ ਪਤਨੀ ਕੋਲੋਂ ਹੀ ਕਿਉਂ? ਕੀ ਦੂਜੇ ਪਾਸੇ ਪਤੀ ਦੇਵ ਲਈ ਅਜੇਹੀ ਲੋੜ ਨਹੀਂ ਕਿ ਉਹ ਵੀ ਪਤਨੀ-ਬ੍ਰਤ ਹੋਣ ਲਈ, ਪਤਨੀ ਨੂੰ ਕੋਈ ਅਜੇਹਾ ਸਬੂਤ ਤੇ ਸਫ਼ਾਈ ਪੇਸ਼ ਕਰਣ। ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਦਾ ਸਂੰਬੰਧ ਪੁਰਖ ਵਰਗ ਨਾਲ ਹੈ ਤੇ ਅਗਨੀ ਪ੍ਰੀਖਆ ਤਾਂ ਹੈ ਹੀ ਸੀਤਾ ਜੀ ਲਈ, ਰਾਮ ਲਈ ਨਹੀਂ। ਖੈਰ! ਜਿਨ੍ਹਾਂ ਦਾ ਧਰਮ ਹੈ, ਜੋ ਚਾਹੁਣ ਕਰਦੇ ਰਹਿਣ; ਪਰ ਜੋ ਸਿੱਖ ਬੀਬੀਆਂ ਕਰਵਾਚੌਥ ਰਖਦੀਆਂ ਜਾਂ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਸਾਡਾ ਕੇਵਲ ਉਨ੍ਹਾਂ ਕੋਲੋ ਸੁਆਲ ਹੈ ਕਿ ਕੀ ਗੁਰਬਾਣੀ ਇਸਤ੍ਰੀ-ਪੁਰਖ ਵਿਚਾਲੇ ਇਸ ਵਿੱਤਕਰੇ ਦੀ ਇਜਾਜ਼ਤ ਦੇਂਦੀ ਹੈ? ਜਦਕਿ ਇਥੇ ਤਾਂ ਦੋਨਾਂ ਲਈ ਇਕੋ ਜਹੇ ਸਦਾਚਾਰਕ ਜੀਵਨ ਦਾ ਵਿਧਾਨ ਹੈ ਅਤੇ ਇਸ ਪਖੋਂ ਕਿਸੇ ਨੂੰ ਛੁੱਟ ਵੀ ਨਹੀਂ। ਇਥੇ ਦੋਨਾਂ ਲਈ ਫ਼ੁਰਮਾਣ ਹੈ “ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ” (ਪੰ: 788)। ਇਸਦੇ ਬਾਵਜੂਦ ਅਪਣੇ ਆਪ ਨੂੰ ਸਿੱਖ ਵੀ ਕਹਿਲਵਾਉਣਾ ਤੇ ਗੁਰਬਾਣੀ ਵਿਰੋਧੀ ਕਰਮਾਂ `ਚ ਵੀ ਉਲਝੇ ਰਹਿਣਾ, ਅਪਣੇ ਆਪ ਨੂੰ ਹੀ ਧੋਖਾ ਦੇਣਾ ਹੈ। ਚੇਤੇ ਰਹੇ! ਗੁਰੂਨਾਨਕ ਪਾਤਸ਼ਾਹ ਦੇ ਦਰ ਤੇ ਮਨੁੱਖ-ਮਨੁੱਖ ਲਈ ਮਾਪਦੰਡ ਵੱਖ-ਵੱਖ ਨਹੀਂ ਹਨ, ਉਥੇ ਤਾਂ ਉਹੀ ਪ੍ਰਵਾਣ ਹੈ ਜਿਸਦਾ ਜੀਵਨ ਗੁਰਬਾਣੀ ਸਿੱਖਿਆ ਅਨੁਸਾਰੀ ਹੈ। ਵਰਤ ਕਰਵਾ ਚੌਥ ਦੇ ਸੰਬੰਧ `ਚ ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: 90 ‘ਵਰਤ ਕਰਵਾਚੌਥ ਅਤੇ ਸਿੱਖ ਧਰਮ’ ਪ੍ਰਾਪਤ ਹੈ, ਲੋੜ ਹੈ ਸੈਂਟਰ ਪਾਸੋਂ ਪ੍ਰਾਪਤ ਕਰਕੇ ਗੁਰਮਤਿ ਪ੍ਰਸਾਰ ਹਿੱਤ ਵੱਧ ਤੋਂ ਵੱਧ ਗੁਰੂ ਕੀਆਂ ਸੰਗਤਾਂ ਵਿਚਕਾਰ ਵੰਡਿਆ ਜਾਵੇ ਜੀ।
(7) ਦਿਵਾਲੀ- ਮੂਲ ਰੂਪ `ਚ ਲਛਮੀ ਪੂਜਾ ਦਾ ਬ੍ਰਾਹਮਣੀ ਤਿਉਹਾਰ ਹੈ। ਲੱਛਮੀ ਦੇਵੀ ਦੀ ਉਡੀਕ `ਚ ਘਰ ਨੂੰ ਰੰਗ-ਰੋਗ਼ਨ-ਸਫ਼ੈਦੀਆਂ ਨਾਲ ਸਜਾਉਣਾ, ਦਿਵਾਲੀ ਦੀ ਰਾਤ ਘਰ `ਚ ਰੋਸ਼ਨੀਆਂ ਕਰਨੀਆਂ, ਆਤਸ਼ਬਾਜ਼ੀਆਂ ਚਲਾਣੀਆਂ। ਮਿੱਟੀ ਦੀ ਹੱਟੀ ਲਿਆਕੇ ਘਰ `ਚ ਉਸਦਾ ਸਗਣ ਕਰਨਾ, ਕਿਉਂਕਿ ਹੱਟੀ ਕਮਾਈ ਦਾ ਸੂਚਕ ਹੈ ਤੇ ਉਸਨੂੰ ਅਧਾਰ ਬਣਾਕੇ ਲਛਮੀ-ਗਣੇਸ਼ ਦੀ ਮੂਰਤੀ ਜਾਂ ਫ਼ੋਟੋ ਰਖਕੇ ਪੂਜਾ ਕਰਨੀ। ਰਾਤ ਨੂੰ ਇਸ ਵਿਸ਼ਵਾਸ ਨਾਲ ਘਰਾਂ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਜਾਂਦੇ ਕਿ ਲਛਮੀ ਮਾਤਾ ਨੇ ਪ੍ਰਵੇਸ਼ ਕਰਨਾ ਹੈ, ਕਿੱਧਰੇ ਦਰਵਾਜ਼ੇ ਬੰਦ ਦੇਖ ਕੇ ਬਾਹਰੋਂ ਨਾ ਮੁੜ ਜਾਵੇ। ਬ੍ਰਾਹਮਣ ਮੱਤ ਦੀ ਘੜੀ ਹੋਈ ਵਰਣਵੰਡ ਅਨੁਸਾਰ ਤਿਉਹਾਰਾਂ ਦੀ ਵੰਡ ਇਸਤਰ੍ਹਾਂ ਹੈ। ਵਿਸਾਖੀ-ਬ੍ਰਾਹਮਣਾ ਦਾ, ਦੁਸੈਹਰਾ-ਖਤ੍ਰੀਆਂ ਦਾ, ਦਿਵਾਲੀ-ਵੈਸ਼ਿਆਂ, ਬਾਣੀਆਂ ਦਾ ਅਤੇ ਹੋਲੀਆਂ- ਸ਼ੂਦਰਾਂ ਦਾ ਤਿਉਹਾਰ ਹੈ। ਦਿਵਾਲੀ ਦੀ ਰਾਤ ਨੂੰ ਬਾਕੀ ਕਰਮਾਂ ਦੇ ਨਾਲ ਹੱਟੀ ਵਾਲਾ ਕਰਮ, ਇਸ ਤਿਉਹਾਰ ਦਾ ਬਾਣੀਆਂ ਲਈ ਨੀਯਤ ਹੋਣਾ ਸਾਬਤ ਕਰਦਾ ਹੈ। ਇੱਕ ਪਾਸੇ ਇਹ ਲੋਕ ਇਸ ਵਿਸ਼ਵਾਸ ਨਾਲ ਜੂਆ ਖੇਡਦੇ ਹਨ ਕਿ ਉਸ ਦਿਨ ਬਿਨਾਂ ਮੇਹਨਤ ਕਮਾਈ ਆਵੇਗੀ ਤੇ ਸਾਲ ਭਰ ਮੇਹਨਤ ਨਹੀ ਕਰਨੀ ਪਵੇਗੀ। ਇਹ ਵੀ ਕਿਹਾ ਹੈ ਜਿਹੜਾ ਦਿਵਾਲੀ ਦੀ ਰਾਤ ਜੂਆ ਨਹੀਂ ਖੇਡੇਗਾ ਉਹ ਖੋਤੇ ਦੀ ਜੂਨ `ਚ ਪਵੇਗਾ, ਦੂਜੇ ਪਾਸੇ ਸ਼ਾਤਰ ਲੋਕ ਇਸੇ ਜੂਏ ਦੇ ਪੱਜ ਅਨੇਕਾਂ ਦੇ ਘਰ-ਕੁਲੇ ਲੁੱਟਣ `ਚ ਸਫ਼ਲ ਹੋ ਜਾਂਦੇ ਹਨ।
ਖੂਬੀ ਇਹ ਕਿ ਲਛਮੀ ਮਾਤਾ ਨੇ ਤਾਂ ਘਰ `ਚ ਪ੍ਰਵੇਸ਼ ਕੀ ਕਰਨਾ ਹੁੰਦਾ ਹੈ ਤਿਉਹਾਰ ਦੇ ਪੱਜ ਕੀਤੇ ਬੇਤਹਾਸ਼ਾ ਖਰਚੇ, ਜੂਏ `ਚ ਹਾਰ, ਸ਼ਰਾਬਾਂ ਦੇ ਦੌਰ ਆਦਿ ਕਾਰਨ ਅਨੇਕਾਂ ਦੇ ਦਿਵਾਲੇ ਪਿੱਟ ਜਾਂਦੇ ਹਨ। ਇੰਨੇ ਕਰਜ਼ੇਈ ਹੋ ਜਾਂਦੇ ਹਨ ਕਿ ਕਈ-ਕਈ ਮਹੀਨੇ ਕਰਜ਼ਿਆਂ `ਚ ਡੁੱਬੇ ਕਿਸ਼ਤਾਂ ਉਤਾਰਦੇ ਰਹਿੰਦੇ ਹਨ। ਪੂਜਾ ਤਾਂ ਹੋ ਰਹੀ ਹੁੰਦੀ ਹੈ ਧੰਨ ਦੀ ਦੇਵੀ ਲਛਮੀ ਦੀ ਪਰ ਦੇਵੀ ਪੁੱਜਦੀ ਹੈ ਠੱਗਾਂ, ਬਲੈਕ ਮਾਰਕੀਟੀਆਂ, ਸਮਗਲਰਾਂ ਤੇ ਵੱਡੇ ਵੱਡੇ ਜੂਏ ਬਾਜ਼ਾਂ ਕੋਲ ਜਾਂ ਫ਼ਿਰ ਅਮਰੀਕਾ ਵਰਗੇ ਦੇਸ਼ਾ `ਚ ਜਿੱਥੇ ਇਸਦਾ ਕੋਈ ਭਗਤ ਹੀ ਨਹੀਂ। ਦੂਜੇ ਪਾਸੇ ਇਸਦੇ ਭਗਤ ਕੰਗਾਲਤਾ ਦਾ ਜੀਵਨ ਬਤੀਤ ਕਰ ਰਹੇ ਹੁੰਦੇ ਹਨ ਫ਼ਿਰ ਵੀ ਸਮਝ ਨਹੀਂ ਆਉਂਦੀ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ” (ਪੰ: 637)। ਇਥੇ ਹੀ ਬੱਸ ਨਹੀਂ ਦਿਵਾਲੀ ਦੀ ਅਤਿਸ਼ਬਾਜ਼ੀ ਕਾਰਨ ਜੋ ਬੇਤਹਾਸ਼ਾ ਪ੍ਰਦੂਸ਼ਨ ਤੇ ਅਗਾਂ ਕਾਰਣ ਤਬਾਹੀਆਂ ਹੁੰਦੀਆਂ ਹਨ, ਸੋ ਅਲਗ।
ਖੈਰ! ਜਿਨ੍ਹਾ ਦਾ ਤਿਉਹਾਰ ਹੈ ਇਹ ਤਾਂ ਉਹ ਜਾਣਨ ਪਰ ਅਸੀਂ ਇਥੇ ਗਲ ਕਰ ਰਹੇ ਹਾਂ ਉਨ੍ਹਾ ਦੀ ਜੋ ਅਪਣੇ ਆਪ ਨੂੰ ਗੁਰੂਨਾਨਕ ਦੇ ਅਖਵਾਉਂਦੇ ਹਨ ਪਰ ਫ਼ਸੇ ਹਨ ਦਿਵਾਲੀਆਂ ਵਾਲੇ ਇਸੇ ਮਾਇਆ ਜਾਲ `ਚ। ਹਾਂ ਇਹ ਲੋਕ ਇਨ੍ਹਾ ਜ਼ਰੂਰ ਕਰ ਲੈਂਦੇ ਹਨ ਕਿ ਰਾਤ ਨੂੰ ਜਦੋ ਹੱਟੀ ਪਾਉਣ ਤੇ ਦਿਵਾਲੀ ਭਾਵ ਲਛਮੀ ਪੂਜਾ ਦਾ ਸਮਾਂ ਹੁੰਦਾ ਹੈ ਤਾਂ ਲਛਮੀ-ਗਣੇਸ਼ ਦੇ ਨਾਲ ਇੱਕ ਫ਼ੋਟੋ ਗੁਰੂਨਾਨਕ ਸਾਹਿਬ ਦੀ ਵੀ ਰਖ ਲੈਂਦੇ ਹਨ। ਦਰਅਸਲ ਅਜੇਹੇ ਲੋਕਾਂ ਨੂੰ ਜਾਗ੍ਰਤ ਹੋਣ ਦੀ ਲੋੜ ਹੈ। ਅਜੇਹੇ ਕਾਰਨਾਮਿਆਂ ਨਾਲ ਉਹ ਅਪਣੇ ਆਪ ਨੂੰ ਤਾਂ ਭੁਲੇਖਾ ਦੇ ਸਕਦੇ ਹਨ ਕਿ ਉਹ ਗੁਰੂਨਾਨਕ ਦੇ ਹਨ ਪਰ ਗੁਰਬਾਣੀ ਅਨੁਸਾਰ ਉਹ ਕਿਸੇਤਰ੍ਹਾਂ ਵੀ ਗੁਰੂ ਦਰ ਤੇ ਪ੍ਰਵਾਣ ਨਹੀਂ ਹਨ। ਬਲਕਿ ਇਸਤਰ੍ਹਾਂ ਉਹ ਵੱਡਾ ਗੁਣਾਹ ਤਾਂ ਅਪਣੀ ਉਲਾਦ ਨਾਲ ਕਰ ਰਹੇ ਹੁੰਦੇ ਹਨ। ਕਿਉਂਕਿ ਜੋ ਕੁੱਝ ਉਹ ਵਿਰਾਸਤ `ਚ ਉਲਾਦ ਨੂੰ ਦੇ ਰਹੇ ਹੁੰਦੇ ਹਨ ਦਰਅਸਲ, ਸਿੱਖ ਵਿਰੋਧੀ ਜੀਵਨ ਦੇ ਕੇ ਉਨ੍ਹਾਂ ਦੇ ਪਤਿਤ ਹੋਣ ਲਈ ਆਪ ਹੀ ਉਨ੍ਹਾਂ ਲਈ ਖੂਹ ਖੋਦ ਰਹੇ ਹੁੰਦੇ ਹਨ। ਚੇਤੇ ਰਹੇ! ਦਿਵਾਲੀ ਨਿਰੋਲ ਬ੍ਰਾਹਮਣੀ ਤੇ ਵਰਣ ਵੰਡ ਤੇ ਆਧਾਰਤ ਤਿਉਹਾਰ ਹੈ। ਜੇ ਇਸਨੂੰ ਰਾਮ ਚੰਦਰ ਜੀ ਦੇ ਬਨਬਾਸ ਨਾਲ ਜੋੜਿਆ ਜਾਂਦਾ ਹੈ ਤਾਂ ਵੀ ਸਿੱਖ ਨਾ ਦੇਵੀ-ਦੇਵਤਿਆਂ ਦਾ ਪੂਜਾਰੀ ਹੈ ਨਾ ਅਵਤਾਰਵਾਦ ਦਾ, ਸਿੱਖ ਦਾ ਧਰਮ ਹੀ ੴ ਤੋਂ ਸ਼ੁਰੂ ਹੁੰਦਾ ਹੈ।
ਦਿਵਾਲੀ ਦਾ ਸੰਬੰਧ ਗੁਰੂ ਹਰਗੋਬਿੰਦ ਜੀ ਦੀ ਗਵਾਲੀਅਰ ਤੋਂ ਰਹਾਈ ਭਾਵ ਬੰਦੀਛੋੜ ਦਿਵਸ ਨਾਲ ਵੀ ਨਹੀ, ਉਹ ਘਟਨਾ ਨਵੰਬਰ ਦੀ ਨਹੀਂ ਬਲਕਿ ਅਗਸਤ ਦੀ ਹੈ। ਬਾਕੀ ਰਹੀ ਗਲ ਸਾਡੇ ਉਨ੍ਹਾਂ ਆਗੂਆਂ ਦੀ ਜੋ ਬੰਦੀ-ਛੋੜ ਦਾ ਨਾਂ ਲੈਕੇ ਇਸਦਾ ਅਰੰਭ ਹੀ ਸਿੱਖਾਂ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ ਤੋਂ ਕਰਦੇ ਹਨ। ਦੀਪਮਾਲਾ ਤੇ ਆਤਿਸ਼ਬਾਜ਼ੀ ਉਪਰ ਗੁਰੂ ਦੀ ਗੋਲਕ ਦੀ ਇੰਨੀ ਮਾਇਆ ਫੂਕਦੇ ਹਨ ਜਿਵੇਂ ਕੋਈ ਬਹੁਤ ਵੱਡਾ ਕਾਰਾ ਕਰ ਰਹੇ ਹੁੰਦੇ ਹਨ ਬਦਲੇ `ਚ ਅਪਣੀ ਪਨੀਰੀ ਨੂੰ ਸਿੱਖ ਧਰਮ ਦੀ ਕਿਹੜੀ ਵਿਰਾਸਤ ਦੇ ਰਹੇ ਹੁੰਦੇ ਹਨ, ਕਰਤਾਰ ਹੀ ਸੁਮੱਤ ਬਖਸ਼ੇ। ਫ਼ਿਰ ਇਸ ਤੋਂ ਵੱਡਾ ਗੁਨਾਹ ਇਹ ਕਰਦੇ ਹਨ ਜਦੋਂ ਦਰਬਾਰ ਸਾਹਿਬ ਤੋਂ ਹੀ ਭਾਈ ਗੁਰਦਾਸ ਜੀ ਦੀ ਵਾਰ 27/6 ਦੀ ਪੰਕਤੀ “ਦਿਵਾਲੀ ਕੀ ਰਾਤ ਦੀਵੇ ਬਾਲੀਅਨਿ” ਅਤੇ ਇਸੇਤਰ੍ਹਾਂ ਗੁਰਬਾਣੀ ਦੀਆਂ ਕੁੱਝ ਹੋਰ ਪੰਕਤੀਆਂ ਉਨ੍ਹਾਂ ਦੇ ਬਿਲਕੁਲ ਉਲਟੇ ਅਰਥ-ਪ੍ਰਭਾਵ ਦੇ ਕੇ ਬਾਰ ਬਾਰ ਪ੍ਰਸਾਰਣ ਕੀਤਾ ਜਾਂਦਾ ਹੈ। ਸਾਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਇਹ ਬਾਣੀ ਦੀ ਭਾਰੀ ਨਿਰਾਦਰੀ ਤੇ ਰਾਮਰਾਇ ਵਾਲੀ ਘੱਟਨਾ ਤੋਂ ਵੀ ਬਹੁਤ ਅਗੇ ਦੀ ਗਲ ਹੈ। ਦਿਵਾਲੀ ਵਾਲੇ ਵਿਸ਼ੇ ਨੂੰ ਹੋਰ ਵੇਰਵੇ ਨਾਲ ਸਮਝਣ ਲਈ ਗੁਰਮਤਿ ਪਾਠ ਨੰ: 17 ‘ਦਿਵਾਲੀ ਅਤੇ ਸਿੱਖ’ ਗੁਰਮਤਿ ਪ੍ਰਸਾਰ ਹਿੱਤ ਸੰਗਤਾਂ `ਚ ਵੰਡਣ ਲਈ ਸੈਂਟਰ ਕੋਲੋਂ ਪ੍ਰਾਪਤ ਹੈ ਜੀ।
(8) ਸੰਗ੍ਰਾਂਦ ਮਸਿਆ ਪੁਰਨਮਾਸ਼ੀ- ਸਾਲ `ਚ ਲਗਭਗ 34 ਗੁਰਪੁਰਬ ਆਉਂਦੇ ਹਨ ਉਹ ਤਾਂ ਸਾਨੂੰ ਚੇਤੇ ਨਹੀਂ ਹੁੰਦੇ ਪਰ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਲੈਕੇ ਸੰਸਾਰ ਭਰ ਦੇ ਗੁਰਦੁਆਰਿਆਂ ਦੇ ਬਾਹਰ ਜਾਂ ਦਰਸ਼ਨੀ ਡਿਉੜੀ `ਚ ਜੋ ਬੋਰਡ ਲਟਕ ਰਹੇ ਹੁੰਦੇ ਹਨ-ਉਥੇ ਗੁਰਪੁਰਬਾਂ ਦਾ ਕਾਲਮ ਲਗਭਗ ਖਾਲੀ ਹੀ ਹੁੰਦਾ ਹੈ ਜਦਕਿ ਸੰਗ੍ਰਾਂਦ, ਮਸਿਆ, ਪੂਰਨਮਾਸ਼ੀ ਦੇ ਕਾਲਮ ਕਦੇ ਖਾਲੀ ਨਹੀਂ ਮਿਲਣਗੇ। ਪਹਿਲੀ ਤਾਰੀਖ ਮਿਟਾਂਦੇ ਹੀ ਆਉਣ ਵਾਲੀ ਤਾਰੀਖ ਵੀ ਚੜ੍ਹਾ ਦਿੱਤੀ ਜਾਂਦੀ ਹੈ। “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ…” (ਪੰ: 305) ਅਨੁਸਾਰ, ਗੁਰਬਾਣੀ ਜਿਸਦਾ ਮੱਕਸਦ ਹੀ ਮਨੁੱਖ ਨੂੰ 365 ਦਿਨ ਗੁਰੂ ਕੀ ਸੰਗਤ `ਚ ਲਿਆਉਣਾ, ਪ੍ਰਭੁ ਰੰਗ `ਚ ਰੰਙਣਾ ਤੇ ਜੀਵਨ ਦੀ ਸੰਭਾਲ ਕਰਨਾ ਹੈ। ਅਣੌਖੀ ਗਲ ਇਹ ਕਿ ਗੁਰਬਾਣੀ ਦੇ ਉਸੇ ਖਜ਼ਾਨੇ ਵਿਚੋ ਬਾਣੀ ਬਾਰਹਮਾਹਾ-ਮਾਝ ਵਾਲੀ ਰਚਨਾ ਦੀ ਕੁਵਰਤੌਂ ਕਰਕੇ ਅਤੇ ਇਸ ਦੇ ਉਲਟੇ ਅਰਥ-ਪ੍ਰਭਾਵ ਦੇ ਕੇ ਸਿੱਖਾਂ ਨੂੰ ਨਿਰੋਲ ਬ੍ਰਾਹਮਣੀ ਲੀਹਾਂ ਤੇ ਥਿੱਤਾਂ-ਵਾਰਾਂ ਦੀ ਗੁਲਾਮੀ ਦਿੱਤੀ ਜਾ ਰਹੀ ਹੈ। ਸੰਗਤਾਂ ਨੂੰ ਗੁਰਬਾਣੀ ਵਿਚਲੀ ਨਿੱਤ ਦੀ ਪ੍ਰੇਰਣਾ ਤੋਂ ਹਟਾਕੇ ਕੇਵਲ ਸੰਗ੍ਰਾਂਦੀ ਸਿੱਖ ਬਣਾਇਆ ਜਾ ਰਿਹਾ ਹੈ ਅਤੇ ਸਿੱਖੀ ਦੀ ਇਹੀ ਵਿਰਾਸਤ ਮਿਲ ਰਹੀ ਹੈ ਮਾਪਿਆਂ ਰਾਹੀਂ ਅਗੇ ਉਲਾਦ ਨੂੰ।
ਇਸਤੋਂ ਵੱਡੀ ਕਮਾਲ ਇਹ ਕਿ ਸੰਗ੍ਰਾਂਦਾ ਵਾਲੇ ਜਿਸ ਮਾਇਆ ਜਾਲ `ਚ ਗੁਰੂ ਕੀਆਂ ਸੰਗਤਾਂ ਨੂੰ ਉਲਝਾਇਆ ਜਾ ਰਿਹਾ ਹੈ, ਸੰਪੂਰਣ ਸਾਹਿਬ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਉਸ ਸੰਗ੍ਰਾਂਦ ਦਾ ਲਫ਼ਜ਼ ਵੀ ਮੌਜੂਦ ਨਹੀਂ। ਬ੍ਰਾਹਮਣ ਮੱਤ ਅਨੁਸਾਰ ਸੂਰਜ ਤੇ ਚੰਦ ਦੀ ਪੂਜਾ ਨਾਲ ਸੰਬੰਧਤ 10 ਤਿਉਹਾਰ ਮਿੱਥੇ ਹਨ: ਸੰਗ੍ਰਾਂਦ, ਮਸਿਆ, ਪੂਰਨਮਾਸ਼ੀ, ਸੂਰਜ ਗ੍ਰਿਹਣ, ਚੰਦ ਗ੍ਰਿਹਣ, ਦੋ ਇਕਾਦਸ਼ੀਆਂ, ਦੋ ਅਸ਼ਟਮੀਆਂ ਤੇ ਚਾਨਣਾ ਇੱਤਵਾਰ। ਫ਼ਿਰ ਇਨ੍ਹਾਂ ਦੀ ਆੜ ਲੈਕੇ ਬ੍ਰਾਹਮਣ ਨੇ ਦਾਨ-ਪੁੰਨ-ਮਹਾਤਮ ਆਦਿ ਦੇ ਬੇਅੰਤ ਵਹਿਮਾਂ-ਭਰਮਾਂ, ਸਗਨਾਂ-ਅਪਸਗਨਾਂ ਦਾ ਤਾਨਾ ਬੁੰਣ ਕੇ ਲੋਕਾਈ ਦੀ ਭਰਵੀਂ ਲੁੱਟ ਖੌਹ ਦੇ ਰਸਤੇ ਬਣਾਏ ਹੋਏ ਹਨ। ਫ਼ਿਰ ਉਸਨੇ ਇਨ੍ਹਾਂ ਵਿਚੋਂ ਵੀ ਹੋਰ ਵੱਡੇ ਮਹਾਤਮ ਵਾਲੇ ਦਿਨ ਦਸੇ ਹਨ। ਸੰਗ੍ਰਾਂਦਾਂ ਵਿਚੋ ‘ਮਾਘੀ ਦੀ ਸੰਗ੍ਰਾਂਦ’ , ਪੂਰਨਮਾਸ਼ੀਆਂ ਵਿਚੋਂ ‘ਕੱਤਕ ਦੀ ਪੂਰਨਮਾਸ਼ੀ’ ਤੇ ਮਸਿਆਵਾਂ ਵਿਚੋਂ ‘ਸੋਮਵਾਰੀ ਮਸਿਆ’ । ਥਿੱਤਾਂ-ਵਾਰਾਂ ਬਾਰੇ ਗੁਰਬਾਣੀ ਦਾ ਕੀ ਫ਼ੈਸਲਾ ਅਸੀਂ ਅਰੰਭ `ਚ ਹੀ ਦੇ ਚੁਕੇ ਹਾਂ, ਅਤੇ ਇਸ ਦੇ ਲਈ ਬ੍ਰਾਹਮਣ ਨੂੰ ਵੀ ਗੁਰਬਾਣੀ ਰਾਹੀਂ ਭਰਵੀਂ ਤਾੜਣਾ ਹੈ “ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ” (ਪੰ: 970)।
ਇਥੇ ਹੀ ਬੱਸ ਨਹੀ ਬਲਕਿ ਸ਼ਰਾਰਤੀ ਲੋਕਾਂ ਨੇ ਬੜੀ ਕੁਟਲਨੀਤੀ ਨਾਲ ਸਾਡੇ ਇਤਿਹਾਸ `ਚ ਵੀ ਮਿਲਾਵਟਾਂ ਕਰਕੇ, ਚਾਲੀ ਮੁੱਕਤਿਆਂ ਦੇ ਮੁੱਕਤਸਰ ਵਾਲੇ ਮਈ ਮਹੀਨੇ ਦੇ ਸਾਕੇ ਨੂੰ ਜਾ ਜੋੜਿਆ, ਜਨਵਰੀ ਮਹੀਨੇ `ਚ ਮਾਘੀ ਦੀ ਸੰਗ੍ਰਾਂਦ ਨਾਲ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਵਿਸਾਖ ਸੁਦੀ ਦੂਜ ਭਾਵ 15 ਅਪ੍ਰੈਲ ਨੂੰ ਚੁੱਕ ਲਿਆਂਦਾ ‘ਕੱਤਕ ਦੀ ਪੂਰਨਮਾਸ਼ੀ’ ਤੇ। ਗੁਰੂਨਾਨਕ ਪਾਤਸ਼ਾਹ ਦੇ ਜੋਤੀ ਜੋਤ ਪੁਰਬ `ਚ 15 ਦਿਨਾਂ ਹੇਰਾਫ਼ੇਰੀ ਕਰਕੇ ਉਸਨੂੰ ਲੈ ਆਂਦਾ ਅਖੌਤੀ ਸਰਾਧਾਂ ਦੇ ਦਿਨਾਂ `ਚ। ਇਸਤਰ੍ਹਾਂ ਸੰਗਤਾਂ ਨੂੰ ਲਿਆ ਫਸਾਇਆ ਸੰਗ੍ਰਾਂਦਾ-ਪੂਰਨਮਾਸ਼ੀਆਂ-ਸਰਾਧਾਂ ਆਦਿ ਦੇ ਮੱਕੜੀ ਜਾਲ `ਚ।
ਇਸੇ ਦਾ ਨਤੀਜਾ, ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦਾ ਭੁਲੇਖਾ ਲੈ ਕੇ ਕਈ ਸਿੱਖ ਵੀ ਪੂਰਨਮਾਸ਼ੀ ਦੇ ਵਰਤ ਰਖ ਰਹੇ ਹਨ। ਜਦਕਿ ਵਰਤਾਂ ਬਾਰੇ ਗੁਰਮਤਿ ਦਾ ਫ਼ੈਸਲਾ ਅਸੀਂ ਅਰੰਭ `ਚ ਹੀ ਦੇਖ ਆਏ ਹਾਂ ਤੇ ਜਾਗਣ ਦੀ ਲੋੜ ਹੈ। ਇਸੇਤਰ੍ਹਾਂ ਕਿਸੇ ਗ੍ਰੰਥੀ, ਪੂਰਨ ਸਿੰਘ ਦੀ ਲਿਖੀ, ਸਿੱਖ ਸਿਧਾਂਤਾਂ ਵਿਰੁਧ ‘ਕਥਾ ਪੂਰਨਮਾਸ਼ੀ’ ਜਿਸਨੂੰ ਨਾਂ ਦਿੱਤਾ ਗਿਆ ਹੈ ਇਹ ਕਥਾ ‘ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਨੂੰ ਸੁਣਾਈ’ ਕਈ ਗੁਰਦੁਆਰਿਆਂ `ਚ ਮਾਈਆਂ-ਬੀਬੀਆਂ ਨੂੰ ਇਸ ਰਸਤੇ ਜ਼ਹਿਰ ਪਿਲਾਇਆ ਜਾ ਰਿਹਾ ਹੈ, ਕੋਈ ਪੁਛਣ ਵਾਲਾ ਨਹੀਂ। ਦੇਖਣ ਦੀ ਗਲ ਹੈ ਕਿ ਸਿੱਖ ਦਾ ਤਾ ਨੀਯਮ ਹੀ ਗੁਰੂ ਚਰਨਾ ਦੀ ਹਾਜ਼ਰੀ ਭਰ ਕੇ ਤੇ ਬਾਣੀ ਤੋਂ ਜੀਵਨ ਸੇਧ ਲੈਕੇ ਅਪਣੇ ਕਾਰ-ਵਿਹਾਰ-ਦਫ਼ਤਰ ਆਦਿ ਜਾਣਾ ਹੈ, ਪਹਿਲਾਂ ਨਹੀਂ। ਤਾਂਤੇ ਇਨ੍ਹਾਂ ਸੰਗ੍ਰਾਂਦਾ, ਪੂਰਨਮਾਸ਼ੀਆਂ, ਮਸਿਆਵਾਂ ਤੋਂ ਕੌਮ ਜਿੰਨੀ ਜਲਦੀ ਛੁੱਟਕਾਰਾ ਪਾਵੇਗੀ ਉਨੀ ਹੀ ਜਲਦੀ ਸੰਭਲ ਸਕਾਂਗੇ। ਵੇਰਵੇ ਲਈ ਇਸ ਸੰਬੰਧ `ਚ ਗੁਰਮਤਿ ਪਾਠ ਨੰ: 66 ‘ਸੰਗ੍ਰਾਂਦ ਮਸਿਆ ਪੂਰਨਮਾਸ਼ੀ’ ਗੁਰਮਤਿ ਪ੍ਰਸਾਰ ਹਿੱਤ ਗੁਰੂ ਕੀਆਂ ਸੰਗਤਾਂ `ਚ ਵੰਡਣ ਲਈ ਸੈਂਟਰ ਪਾਸੋਂ ਮੰਗਵਾ ਕੇ ਲਾਭ ਲਿਆ ਜਾ ਸਕਦਾ ਹੈ ਜੀ।
(9) ਗੁੱਗਾ ਪੂਜਾ- ਇਹ ਭਾਦੋ ਵਦੀ 9 ਨੂੰ ਸੱਪ ਦੀ ਪੂਜਾ ਦਾ ਤਿਉਹਾਰ ਹੈ। ਇਥੇ ਇਹ ਦੇਣ ਦੀ ਸਾਨੂੰ ਇਸ ਲਈ ਲੋੜ ਪਈ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਤੇ ਇਸਦਾ ਵੀ ਪ੍ਰਭਾਵ ਹੈ। ਸੱਚਾਈ ਇਹ ਹੈ ਕਿ ਅਜ ਕਿਸੇ ਵੀ ਅਜੇਹੀ ਬਿਮਾਰੀ ਦਾ ਸਿੱਖਾਂ ਉਪਰ ਇਕਦਮ ਪ੍ਰਭਾਵ ਹੋ ਜਾਣ ਦਾ ਮੁੱਖ ਕਾਰਣ ਹੈ ਉਨ੍ਹਾਂ ਦਾ ਗੁਰਮਤਿ ਪਖੋਂ ਕੋਰਾ ਹੌਣਾ; ਨਹੀਂ ਤਾਂ ਸਿੱਖ ਕੀ `ਤੇ ਇਹ ਬਿਮਾਰੀਆਂ ਕੀ, ਦੋਨਾ ਦਾ ਆਪਸ `ਚ ਕੋਈ ਜੋੜ ਨਹੀਂ। ਕਹਾਣੀ ਇਸਤਰ੍ਹਾਂ ਦਸੀ ਜਾਂਦੀ ਹੈ ਕਿ ਵਾਛਲ ਨਾਮਕ ਚੋਹਾਨ ਰਾਜਪੂਤ ਕੰਨਿਆ ਨੂੰ ਗੋਰਖਨਾਥ ਨੇ ਗੁਗਲ ਦਿੱਤੀ ਜਿਸ ਦਾ ਨਤੀਜਾ ਗੁਗੇ ਜਾਂ ਗੋਗੇ ਦਾ ਜਨਮ ਬੀਕਾਨੇਰ ਰਾਜ ਦੇ ਓਡਰੇ ਪਿੰਡ `ਚ ਹੋਇਆ ਅਤੇ ਉਥੇ ਹੀ ਤੈਹਰ ਨਗਰ `ਚ ਹੀ ਉਸਦੀ ਮੌਤ ਹੋਈ। ਤੈਹਰ ਨਗਰ `ਚ ਤਾਂ ਉਸਦੀ ਕੱਬਰ ਵੀ ਪੂਜੀ ਜਾਂਦੀ ਹੈ। ਗੁਗੇ ਦੀ ਇਸਤ੍ਰੀ ਦਾ ਨਾਂ ਸਿਰਿਯਾਲ ਤੇ ਘੋੜੇ ਦਾ ਨਾਂ ਜੀਵਾਦਿਯਾ ਸੀ। ਗੁਗਾ, ਅਪਣਾ ਧਰਮ ਤਿਆਗ ਕੇ ਮੁਸਲਮਾਨ ਹੋ ਗਿਆ ਅਤੇ ਅਪਣੇ ਸਮੇਂ ਸੱਪ ਦੇ ਕੱਟ ਜਾਣ ਤੇ ਉਸ ਦੇ ਜ਼ਹਿਰ ਨੂੰ ਕੱਢਣ `ਚ ਮਾਹਿਰ ਸੀ। ਚੂੰਕਿ ਭਾਰਤ ਦੇ ਮਿਥਿਹਾਸ `ਚ ਸ਼ੇਸ਼ਨਾਗ ਦੀ ਮਾਨਤਾ ਅਤੇ ਇਸ ਉਪਰ ਵਿਸ਼ਨੂੰ-ਪਾਰਬਤੀ ਦੇ ਸ਼ਯਨ ਦੀਆਂ ਬਹੁਤ ਕਹਾਣੀਆਂ ਪ੍ਰਚਲਤ ਹਨ। ਤਾਂਤੇ ਇਸ ਵਿਸ਼ਵਾਸ ਦੇ ਲੋਕ ਇਸਨੂੰ ਸ਼ੇਸਨਾਗ ਦਾ ਅਵਤਾਰ ਮੰਨਕੇ, ਇਸਦੀ ਮਾੜੀ (ਅਸਥਾਨ) ਬਣਾਕੇ ਪੂਜਦੇ ਤੇ ਉਸ ਅੰਦਰ ਕੱਚੀ ਲੱਸੀ ਦਾ ਚੜ੍ਹਾਵਾ ਚੜ੍ਹਾਂਦੇ ਹਨ। ਸਪੱਸ਼ਟ ਹੈ ਕਿ ਇਸ ਸਾਰੀ ਗਲ ਦਾ ਤਾਲੁਕ ਸ਼ੇਸ਼ਨਾਗ ਦੇ ਪੁਜਾਰੀਆਂ ਨਾਲ ਹੈ ਸਿੱਖ ਧਰਮ ਨਾਲ ਨਹੀਂ। ਅਜੌਕੇ ਸਮੇਂ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਪ੍ਰਬੰਧ `ਚ ਪ੍ਰਬੰਧਕੀ, ਪ੍ਰਚਾਰਕੀ ਤੇ ਸਿਖਾਂ `ਚ ਨਵੀਂ ਜਨਮ ਲੈ ਚੁੱਕੀ ਪੁਜਾਰੀ (ਪਰਜਾਰੀ) ਸ਼੍ਰੇਣੀ ਕਾਰਣ, ਗੁਰਬਾਣੀ ਦੀ ਠੰਡਕ ਸੰਗਤਾਂ ਤੀਕ ਨਹੀਂ ਪੁੱਜ ਰਹੀ। ਇਸੇ ਦਾ ਨਤੀਜਾ ਹੈ ਕਿ ਇਹ ਬਿਮਾਰੀ ਪੰਜਾਬ ਦੇ ਸਿੱਖ ਪ੍ਰਵਾਰਾਂ ਉਪਰ ਵੀ ਭਰਵਾਂ ਅਸਰ ਪਾਈ ਖਲੋਤੀ ਹੈ। ਇਥੇ ਕੇਵਲ ਇੰਨਾ ਹੀ ਕਹਿਣਾ ਚਾਹਾਂਗੇ ਕਿ ਸਿੱਖਾਂ ਨੂੰ ਬਾਣੀ ਪਖੋਂ ਜਾਗ ਕੇ ਇਨ੍ਹਾਂ ਬਾਹਰੀ ਹਮਲਿਆਂ ਤੋਂ ਸਾਵਧਾਨ ਹੋਣਾ ਪਵੇਗਾ, ਨਹੀਂ ਤਾਂ ਹਾਲਤ ਦਿਨੋ-ਦਿਨ ਬੱਦ ਤੋਂ ਬੱਦਤਰ ਹੁੰਦੀ ਜਾ ਰਹੀ ਹੈ।
ਗੁਰਮਤਿ ਪਾਠ ਦੀ ਕੇਵਲ ਇਸ ਚੌਥੀ ਲਿਖਤ ਤੀਕ ਪੰਜਾਬ ਤੋਂ ਹੀ ਇੱਕ ਅਖੌਤੀ ਬਾਬੇ ਪ੍ਰੇਮ ਸਿੰਘ ਬਾਰੇ ਖਬਰ ਛਪੀ ਹੈ ਜੋ ਅਪਣੇ ਆਪ ਨੂੰ ਨਾਗ ਦੇਵਤਾ ਐਲਾਨ ਕਰਦਾ ਹੈ। ਇਹ ਬਾਬਾ ਅਪਣੇ ਡੇਰੇ ਤੇ ਹਰ ਸਾਲ ਅਖੰਡ ਪਾਠ ਦਾ ਭੋਗ ਵੀ ਪਾਂਦਾ ਹੈ। ਲੋਕਾਂ ਦੀਆਂ ਪੁਛਾਂ ਦੇ ਉਤਰ ਦੇਣ ਦਾ ਨਾਟਕ ਵੀ ਕਰਦਾ ਹੈ। ਸਮੇਂ-ਸਮੇਂ ਕੱਚੀ ਲਸੀ ਦੇ ਘੁੱਟ ਭਰਦਾ ਤੇ ਹਾਜ਼ਰ ਸੰਗਤਾਂ ਸਮੇਤ ਗੁਰੂ ਗ੍ਰੰਥ ਸਾਹਿਬ ਤੇ ਫੁੰਕਾਰੇ ਮਾਰਦਾ ਤੇ ਅਗੇ ਪਿਛੇ ਲੇਟਣੀਆਂ ਲੈਂਦਾ ਹੈ। ਜਿਸ ਨੂੰ ਯਕੀਨ ਨਾ ਹੋਵੇ ਪੰਜਾਬੀ ਦੀ ਰੋਜ਼ਾਨਾ ਸਪੋਕਸਮੈਨ ਮਿਤੀ 17 ਜੂਨ ਸਨੀਚਰ ਵਾਰ 2006 `ਚ ਉਸ ਬਾਬੇ ਦੇ ਡੇਰੇ ਸਮੇਤ ਉਸ ਦੀ ਫੋਟੋ ਦੇਖ ਸਕਦਾ ਹੈ ਪਰ ਸ਼੍ਰੋਮਣੀ ਕਮੇਟੀ ਸਮੇਤ ਇਸ ਉਪਰ ਐਕਸ਼ਨ ਲੈਣ ਵਾਲਾ ਕੋਈ ਨਹੀਂ। ਹਿਸਾਬ ਲਾਂਦੇ ਦੇਰ ਨਹੀਂ ਲਗਦੀ ਜਦੋਂ ਸਿੱਖਾਂ ਦੀਆਂ ਸਰਬ ਸਮਰਥ ਸੰਸਥਾਂਵਾ ਦਾ ਜੇਕਰ ਇਹ ਹਾਲ ਹੋਵੇਗਾ ਤਾਂ ਆਮ ਸੰਗਤਾਂ ਨੂੰ ਹਰ ਸਮੇ ਗੁਮਰਾਹ ਕਰਨ ਵਾਲੇ ਅਪਣੇ ਕਾਰਨਾਮੇ ਕਰਣਗੇ ਹੀ।
ਬ੍ਰਾਹਮਣੀ ਕੁਟਲਨੀਤੀ ਦਾ ਇੱਕ ਹੋਰ ਭਿਅੰਕਰ ਰੂਪ- ਬ੍ਰਾਹਮਣੀ ਕਾਮ-ਦਾਮ-ਸਾਮ ਦੰਡ ਨੀਤੀ ਤਾਂ ਜਗ ਜ਼ਾਹਿਰ ਹੈ। ਇਸੇ ਬ੍ਰਾਹਮਣੀ ਮਾਇਆ ਜਾਲ ਦਾ ਇੱਕ ਹੋਰ ਵੀ ਭਿਅੰਕਰ ਰੂਪ ਹੈ ਜਿਹੜਾ ਕਿ ਲੋਕਾਈ ਦੀ ਸਮਝ `ਚ ਆਉਣਾ ਸੌਖਾ ਨਹੀਂ। ਬ੍ਰਾਹਮਣ ਅਪਣੇ ਹਰੇਕ ਤਿਉਹਾਰ ਨੂੰ ਬਹੁਤਾ ਕਰਕੇ ਮੌਸਮ ਨਾਲ ਜੋੜ ਦੇਂਦਾ ਜਾਂ ਉਸ ਲਈ ਸਮਾਜਕ ਰੀਤੀ ਰਿਵਾਜਾਂ ਦਾ ਭੁਲੇਖਾ ਦੇਕੇ ਦੂਜਿਆਂ ਨੂੰ ਇਨ੍ਹਾਂ ਤਿਉਹਾਰਾਂ `ਚ ਉਲਝਾ ਕੇ ਅਪਣੇ ਧਰਮ `ਚ ਜਜ਼ਬ ਕਰ ਲੈਂਦਾ ਹੈ। ਹੋਰ ਨਹੀਂ ਤਾਂ ਦੂਜੇ ਦੇ ਇਤਿਹਾਸ ਦੀਆਂ ਘੱਟਨਾਵਾਂ ਨੂੰ ਅਪਣੇ ਤਿਉਹਾਰਾਂ ਦਾ ਅੰਗ ਬਣਾ ਲੈਂਦਾ ਹੈ। ਦੂਜੇ ਦੀ ਰਹਿਣੀ-ਸੋਚਣੀ ਨੂੰ ਮਿੱਠਾ ਬਣ ਕੇ ਅਪਣੀ ਬੁੱਕੱਲ `ਚ ਲੈ ਲੈਂਦਾ ਹੈ। ਹੱਥਲੀ ਅਨਮਤੀ ਤਿਉਹਾਰਾਂ ਦੀ ਦਿੱਤੀ ਹੋਈ ਲੜੀ ਵਿਚੋਂ ਖਾਸ ਕਰ ਲੋਹੜੀ, ਹੋਲੀਆਂ, ਸਰਾਧ, ਰਖੜੀ-ਟਿੱਕਾ, ਕਰਵਾਚੌਥ, ਦਿਵਾਲੀ, ਸੰਗਰਾਂਦਾਂ ਤੇ ਪੂਰਨਮਾਸ਼ੀਆਂ ਆਦਿ ਦਾ ਸਿੱਖ ਧਰਮ `ਚ ਪ੍ਰਵੇਸ਼ ਇਸਦੀ ਇਸੇ ਕੁਟਲਨੀਤੀ ਕਾਰਨ ਹੈ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਧਰਮ ਦਾ ਜਨਮ ਭਾਰਤ ਦੇ ਅੰਦਰ ਤੇ ਇਸੇ ਬ੍ਰਾਹਮਣੀ ਵਾਤਾਵਰਣ ਦੀ ਜੱਕੜ `ਚ ਫਸੇ ਹੋਏ ਲੋਕਾਂ ਵਿਚਕਾਰ ਹੀ ਹੋਇਆ ਹੈ। ਇਸ ਲਈ ਜਦੋਂ-ਜਦੋਂ ਵੀ ਗੁਰਬਾਣੀ ਪ੍ਰਚਾਰ-ਪ੍ਰਸਾਰ ਦੇ ਸਿਸਟੱਮ `ਚ ਨੁੱਕਸ ਆਉਣਗੇ, ਸਿੱਖਾਂ ਨੂੰ ਇਸ ਬ੍ਰਾਹਮਣੀ ਹਮਲੇ ਤੋਂ ਬਚਾਣਾ ਸੌਖਾ ਨਹੀ ਹੋਵੇਗਾ। ਪੰਥ ਦੀ ਇਸੇ ਸਦੀਵੀ ਸੰਭਾਲ ਲਈ ਗੁਰਮਤਿ ਪਾਠ ਨੰ: 85 ‘ਛੇ (6) ਪੰਥਕ ਲਹਿਰਾਂ ਦੀ ਲੋੜ’ `ਚ ਵੇਰਵਾ ਦਿੱਤਾ ਜਾ ਚੁੱਕਾ ਹੈ, ਗਹਿਰਾਈ ਤੋਂ ਵਾਚਣ ਦੀ ਲੋੜ ਹੈ।
ਤੇ ਉਹੀ ਕਦਮ ਹੁਣ ਸਿੱਖ ਧਰਮ ਵਲ-ਵੇਖਣਾ ਹੈ ਕਿ ਭਾਰਤ ਵਿਚੋਂ ਜੈਨ `ਤੇ ਬੁੱਧਮੱਤ ਦੀ ਚੜ੍ਹਤ ਨੂੰ ਬਹੁਤਾ ਸ਼ਸਤ੍ਰਾਂ ਦੀ ਲੜਾਈ ਨਾਲ ਖਤਮ ਨਹੀਂ ਕੀਤਾ ਗਿਆ। ਉਨ੍ਹਾਂ ਦੀ ਅੱਡਰੀ ਵਿਚਾਰਧਾਰਾ ਨੂੰ ਬਦੋਬਦੀ ਖੱਲਤ-ਮੱਲਤ ਕਰਕੇ ਬ੍ਰਾਹਮਣ ਨੇ ਆਪਣੇ ਧਰਮ ਦਾ ਅੰਗ ਬਣਾਇਆ। ਮਹਾਤਮਾ ਬੁੱਧ ਅਤੇ ਮਹਾਵੀਰ ਸੁਆਮੀ ਦੀਆਂ ਮੂਰਤੀਆਂ ਨੂੰ ਮੰਦਰਾਂ `ਚ ਲਿਆ ਟਿਕਾਇਆ। ਲਗਾਤਾਰ 1300 ਸਾਲਾਂ ਤੋਂ ਭਾਰਤ `ਚ ਹੀ ਪੈਦਾ ਹੋਏ, ਪਰਵਾਣ ਚੜ੍ਹੇ, ਰਾਜ ਸੱਤਾ ਤੀਕ ਪੁਜ ਚੁੱਕੇ ਬੁੱਧ ਧਰਮ ਨੂੰ ਜਦੋਂ ਭਾਰਤ ਵਿਚੋਂ ਹੀ ਚਲਦਾ ਕਰ ਦਿੱਤਾ ਗਿਆ ਤਾਂ ਵਿਸ਼ੇ ਦੀ ਗੰਭੀਰਤਾ ਨੂੰ ਸਮਝਣ ਚ ਦੇਰ ਨਹੀਂ ਲਗਣੀ ਚਾਹੀਦੀ। ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਮੱਤ ਉਪਰ ਤਾਂ ਇਸਦਾ ਹਰ ਪਖੋਂ ਵਾਰ, ਪਹਿਲੇ ਦਿਨ ਤੋਂ ਹੀ ਜਾਰੀ ਹੈ। ਸਾਨੂੰ ਸਵਾਧਾਨ ਹੋਣ ਦੀ ਲੋੜ ਹੈ। ਸਿੱਖ ਧਰਮ ਦੇ ਬਚਾਅ ਦਾ ਇਕੋ ਇੱਕ ਸਾਧਨ ਹੈ ਗੁਰਬਾਣੀ ਵਿਚਾਰਧਾਰ ਤੇ ਪੂਰੀ ਤਰ੍ਹਾਂ ਪਹਿਰੇਦਾਰੀ ਤੇ ਇਸਨੂੰ ਸਿੱਖ ਮਾਨਸ ਤੀਕ ਜਨਮ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਪਹੁੰਚਾਉਣ ਦਾ ਪ੍ਰਬੰਧ ਕਰਨਾ।
ਬੀਜੇ ਬਿਖੁ ਮੰਗੈ ਅੰਮ੍ਰਿਤੁ- ਵਿਸ਼ਾ ਗੰਭੀਰ ਹੈ, ਕੋਮ ਦੀ ਸੰਭਾਲ ਬਾਰੇ ਭਾਰੀ ਲਾਪਰਵਾਹੀ ਹੋਈ ਹੈ। ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦਮ ਬਾਦ ਤੋਂ ਲੈਕੇ ਅਜਤੀਕ ਕੋਮ ਨੂੰ ਕਈ ਪਾਸਿਆਂ ਤੋਂ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਬਾਹਰੀ ਹਮਲੇ ਵੀ ਜਾਰੀ ਹਨ। ਅਜ ਤਾਂ ਹਾਲਤ ਇਹ ਹੋਈ ਪਈ ਹੈ ਕਿ ਬਹੁਤੇ ਸਿੱਖ ਪ੍ਰਵਾਰ ਅਜੇਹੇ ਮਿਲ ਜਾਣਗੇ ਜਿਥੇ ਇਸ ਗੁਰਮਤਿ ਪਾਠ ਦੌਹਰਾਨ ਜ਼ਿਕਰ `ਚ ਆਏ ਸਾਰੇ ਹੀ ਅਨਮਤੀ ਪ੍ਰਭਾਵ ਅਪਣੀਆ ਜੜ੍ਹਾਂ ਜਮਾਈ ਬੈਠੇ ਹਨ। ਇਸ ਤੋਂ ਬਾਦ ਵੀ ਇਹ ਸੋਚਣਾ ਕੌਮ ਦਾ ਨੌਜੁਆਨ ਧੱੜਾ-ਧੜ ਪਤਿੱਤ ਕਿਉਂ ਹੋ ਰਿਹਾ ਹੈ, ਕੇਵਲ ‘ਕੁੱਤੇ ਨੂੰ ਆਉਂਦੇ ਦੇਖ ਬਿੱਲੀ ਦਾ ਅਖਾਂ ਮੀਟ ਲੈਣਾ ਹੀ ਹੈਂ। ਇਸਦਾ ਇਕੋ ਇੱਕ ਹਲ ਹੈ ਮੌਜੂਦਾ ਗਰਦੁਆਰਾ ਇਲੈਕਸ਼ਨ ਸਿੱਸਟਮ ਦਾ ਖਾਤਮਾ, ਪੁਜਾਰੀ ਸ਼੍ਰੇਣੀ ਦਾ ਬਦਲ, ਗੁਰਬਾਣੀ ਜੀਵਨ ਸੋਝੀ ਵਾਲੇ ਜੋਗ ਪ੍ਰਚਾਰਕਾ ਦੀ ਸਥਾਪਨਾ। ਭਾਵ ਕਿਸੇ ਵੀ ਢੰਗ ਕੌਮ ਦੇ ਬੱਚੇ ਲਈ ਜਨਮ ਤੋਂ ਹੀ ਗੁਰਮਤਿ ਸੋਝੀ ਦਾ ਪੰਥਕ ਪੱਧਰ ਤੇ ਪ੍ਰਬੰਧ ਕਰਨਾ ਤਾਕਿ ਸਿੱਖੀ ਫ਼ਸਲ ਤੇ ਟਿੱਡੀ ਦਲ ਦੇ ਹਮਲੇ ਤੋਂ ਸਦੀਵੀ ਬਚਾਅ ਬਣਿਆ ਰਵੇ ਨਹੀਂ ਤਾਂ ਹਾਲਤ ਇਹ ਹੈ ‘ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ’ (ਪੰ: 474)।
ਦਰਅਸਲ ਸਾਨੂੰ ਅਪਣੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ। ਫੁਲ ਅਪਣੀ ਖੁਸ਼ਬੂ ਗੁਆ ਕੇ ਦੂਜਿਆਂ ਨੂੰ ਖੁਸ਼ਬੂ ਨਹੀ ਦੇ ਸਕਦਾ। ਫੁਲ ਤਾਂ ਹੀ ਕਿਸੇ ਨੂੰ ਖੁਸ਼ਬੂ ਦੇ ਸਕਦਾ ਹੈ ਜੇ ਉਸ ਕੋਲ ਅਪਣੀ ਖੁਸ਼ਬੂ ਹੋਵੇ। ਸਿੱਖ ਦੀ ਖੁਸ਼ਬੂ ਗੁਰਬਾਣੀ ਤੋਂ ਪ੍ਰਾਪਤ ਜੀਵਨ ਵਿਚੋਂ ਹੈ, ਦੂਜਿਆ ਦੀ ਰਹਿਣੀ ਨਾਲ ਅਪਣੇ ਆਪ ਨੂ ਖਲਤ-ਮਲਤ ਕਰਕੇ ਜਾਂ ਸਿੱਖੀ ਜੀਵਨ ਦੀਆਂ ਜੜ੍ਹਾਂ ਕੱਟ ਕੇ ਨਹੀਂ। ਮਨੁੱਖ ਨੂੰ ਮਨੁੱਖ ਦੇ ਨੇੜੇ ਕੇਵਲ ਗੁਰਬਾਣੀ ਵਿਚਾਰਧਾਰਾ ਹੀ ਲਿਆ ਸਕਦੀ ਹੈ ਨਹੀਂ ਤਾਂ ਰੰਗ ਨਸਲ, ਜਾਤ, ਵਰਣ, ਲਿੰਗ ਭੇਦ, ਬ੍ਰਾਹਮਣ-ਸ਼ੁਦਰ, ਮਲੇਛ-ਕਾਫ਼ਿਰ ਦੀ ਸੜਾਂਦ `ਚ ਤਾਂ ਮਨੁੱਖ ਸੜ ਹੀ ਰਿਹਾ ਸੀ। ਜੇਕਰ ਗੁਰਬਾਣੀ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ ਹੋਲੀਆਂ, ਦਿਵਾਲੀਆਂ, ਲੋਹੜੀਆਂ, ਕਰਵਾ ਚੌਥ, ਸੰਗ੍ਰਾਂਦਾਂ, ਪੂਰਮਾਸ਼ੀਆਂ, ਮਸਿਆਵਾਂ ਹੀ ਕਰਣੀਆ ਸਨ ਤਾਂ ਪੰਜਵੇਂ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸਮੇਤ ਹਜ਼ਾਰਾਂ ਸ਼ਹੀਦੀਆਂ ਦੀ ਲੋੜ ਹੀ ਨਹੀਂ ਸੀ। ਚੇਤੇ ਰਹੇ! ਸਿੱਖ ਦਾ ਜੀਵਨ ਇਕੋ ਹੀ ਹੈ ਅਤੇ ਉਹ ਹੈ “ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਆ ਸੁਣਿ ਮਨੁ ਭਿੰਨੇ” (ਪੰ: 314)।
ਨਹੀਂ ਤਾਂ ਵੇਰਵੇ `ਚ ਆ ਚੁੱਕੇ ਅਨਮਤੀ ਤਿਉਹਾਰਾਂ ਮੁਤਾਬਕ ਅਜ ਜੋ ਸਾਡੀ ਹਾਲਤ ਹੈ ਉਹ ਇਸਤਰ੍ਹਾਂ ਹੈ “ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ” (ਪੰ: 1009) ਅਤੇ ਉਸਦਾ ਹੱਲ ਵੀ ਇਹੀ ਹੈ “ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ” (ਪੰ: 1009)।
#121s78.4s06#

Including this Self Learning Gurmat Lesson No 121

ਅਨਮਤੀ ਤਿਉਹਾਰਾਂ ਦਾ ਸਿੱਖ ਧਰਮ ਤੇ ਪ੍ਰਭਾਵ
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com
.