.

ਅਨੰਦ ਵਿਆਹ

(ਕਿਸ਼ਤ ਨੰ: 02)

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

 ਪਹਿਲੀ ਤੁਕ ਵਿੱਚ ਪਰਵਿਰਤੀ ਸ਼ਬਦ ਆਇਆ ਏ। ਜਿਸ ਦਾ ਅੱਖਰੀਂ ਅਰਥ ਮਨ ਨੂੰ ਵਿਹਾਰ ਵਲ ਮੋੜਨ ਦਾ ਹੈ। ਗੁਰੂ ਜੀ ਨੇ ਪਰਵਿਰਤੀ ਸ਼ਬਦ ਦੇ ਨਾਲ ਕਰਮ ਸ਼ਬਦ ਦੀ ਵਰਤੋਂ ਕਰਕੇ ਇਸ ਸ਼ਬਦ ਦਾ ਭਾਵ ਅਰਥ ਹੀ ਤਬਦੀਲ ਕਰ ਦਿੱਤਾ ਹੈ, ਕਿ ਸੰਸਾਰ ਵਿੱਚ ਰਹਿੰਦਿਆਂ ਹੀ ਨਿਰਵਿਰਤ ਹੋਣਾ ਹੈ। ਆਮ ਹਾਲਤਾਂ ਵਿੱਚ ਮਨੁੱਖ ਦੋ ਕਿਸਮ ਦੇ ਮਿਲਦੇ ਹਨ। ਇੱਕ ਉਹ ਮਨੁੱਖ ਏ ਜੋ ਸੰਸਾਰ ਦੇ ਮੋਹ ਵਿੱਚ ਲਿਬੜ ਕੇ ਰਹਿ ਗਿਆ ਹੈ ਤੇ ਦੂਜਾ ਇਸ ਤੋਂ ਉਲਟ ਦਿਸ਼ਾ ਵੱਲ ਨੂੰ ਚਲਾ ਗਿਆ। ਦੋਹਾਂ ਦਾ ਸੰਤੁਲਿਤ ਜੀਵਨ ਨਾ ਰਿਹਾ, ਕਈ ਕਿਸਮ ਦੇ ਵਿਗਾੜ ਪੈਦਾ ਹੋ ਗਏ। ਸਿੱਖ ਪੰਥ ਵਿੱਚ ਵੀ ਅਜੇਹੇ ਵਿਹਲੜ ਪੁਰਸ਼ਾਂ ਦੀਆਂ ਭਰਮਾਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ। ਵਿਆਹ ਨਾ ਕਰਉਣ ਵਾਲੇ ਪਾਖੰਡੀ ਵਿਹਲੜਾਂ ਦੀਆਂ ਧ੍ਹਾੜਾਂ ਆਮ ਡੇਰਿਆਂ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦੇ ਚਿੱਠੇ ਅਕਸਰ ਅਖਬਾਰਾਂ ਵਿੱਚ ਛੱਪਦੇ ਹੀ ਰਹਿੰਦੇ ਹਨ। ਸਤਿਗੁਰਾਂ ਨੇ ਪਹਿਲੀ ਤੁਕ ਵਿੱਚ ਪਰਮਾਤਮਾ ਦੇ ਬਖਸ਼ੇ ਉਦਮ ਦੀ ਗੱਲ ਕਰਦਿਆਂ ਸਤਿਗੁਰ ਦੇ ਗਿਆਨ ਨੂੰ ਦ੍ਰਿੜ ਕਰਨ ਲਈ ਕਿਹਾ ਹੈ।
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਹੇ ਮੇਰੇ ਰਾਮ ਜੀੳ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਕਿ ਮੈਨੂੰ ਸਤਿਗੁਰ ਨੇ ਆਪਣਾ ਉਪਦੇਸ਼ ਦੇ ਕੇ ਪਰਵਿਰਤੀ ਕਰਮ ਦੀਆਂ ਬਰੀਕੀਆਂ ਸਮਝਾ ਦਿੱਤੀਆਂ ਹਨ। ਦ੍ਰਿੜਾਇਆ-ਸ਼ਬਦ ਸਤਿਗੁਰ ਦੇ ਗਿਆਨ ਦਾ ਪ੍ਰਤੀਕ ਹੈ। ਅਸਲ ਵਿਆਹ ਤਾਂ ਜੀਵ ਆਤਮਾ ਦਾ ਪਰਮਾਤਮਾ ਨਾਲ ਹੋਣਾ ਹੈ। ਪਰਮਾਤਮਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਅਉਂਦਾ ਇਸ ਲਈ ਸਤਿਗੁਰ ਦੇ ਸਦੀਵ ਕਾਲ ਗਿਆਨ ਵਿਚੋਂ ਸਦ-ਗੁਣਾਂ ਦਾ ਪਰਗਟ ਹੋਣਾ ਤੇ ਇਨ੍ਹਾਂ ਨੂੰ ਅਪਨਉਣਾ ਹੀ ਰੱਬੀ ਮਿਲਾਪ ਹੈ। ਇਹੀ ਪਰਵਿਰਤੀ ਕਰਮ ਦੀ ਵਿਸ਼ੇਸ਼ ਖੂਬੀ ਹੈ। ਸਫਲ ਜੀਵਨ ਲਈ ਪਹਿਲੀ ਲਾਂਵ ਰਾਹੀਂ ਮਨ ਵਿੱਚ ਆਈ ਮਲੀਨ ਸੋਚ ਜਿਸ ਨੂੰ ਪਾਪ ਦਾ ਨਾਂ ਦਿੱਤਾ ਹੈ, ਇਸ ਨੂੰ ਤਿਆਗਣ ਦਾ ਵਲ਼ ਗੁਰੂ ਪਾਸੋਂ ਸਿੱਖਣ ਲਈ ਕਿਹਾ ਹੈ।
ਗੁਰਬਾਣੀ—ਉਪਦੇਸ਼ ਸਮੁੱਚੀ ਮਨੁੱਖਤਾ ਲਈ ਜੀਵਨ ਜਾਚ ਦੀ ਥੰਮੀ ਅਥਵਾ ਸੂਝ ਦਾ ਪ੍ਰਤੀਕ ਹੈ। ਵੇਦਾਂ ਦੇ ਗਿਆਨ ਦਾ ਵਖਰੇਵਾਂ, ਸਨਾਤਨੀ ਕਰਮ-ਕਾਂਡ, ਅਗਨੀ ਪੂਜਾ ਤੇ ਅਖੌਤੀ ਬ੍ਰਹਮਾ ਦੇ ਗਿਆਨ ਨੂੰ ਰੱਦ ਕਰਦਿਆਂ, ਗਿਆਨ ਰੂਪੀ ਧਰਮ ਨੂੰ ਦ੍ਰਿੜ ਕਰਨ ਲਈ ਆਖਦੀ ਹੈ। ਅੰਦਰਲੇ ਪਾਪਾਂ ਨੂੰ ਸਮਝਕੇ ਇਹਨਾਂ ਤੋਂ ਬਚਣ ਦਾ ਸਮਾਧਾਨ ਦੱਸਦੀ ਹੈ।
ਬਾਣੀ, ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਸਿੱਖ ਲਈ ਗੁਰਬਾਣੀ ਗਿਆਨ ਹੀ ਬ੍ਰਹਮਾ ਤੇ ਵੇਦ ਹੈ। ਇਸ ਰੱਬੀ ਗਿਆਨ ਦੇ ਗੁਣਾਂ ਦਾ ਹਰ ਰੋਜ਼ ਅਭਿਆਸ ਕਰਨਾ ਹੈ। ਉਂਜ ਮਨੁੱਖ ਦੀ ਇਹ ਫਿਦਰਤ ਹੈ ਕਿ ਹਰ ਵੇਲੇ ਘੱਟੀਆ ਖਿਆਲਾਂ ਨੂੰ ਚਿਤਵਦਾ ਰਹਿੰਦਾ ਹੈ, ਜੋ ਭਿਆਨਕ ਪਾਪਾਂ ਨੂੰ ਜਨਮ ਦੇਂਦੇ ਹਨ। ਇਸ ਤੁਕ ਵਿੱਚ ਧਰਮ ਨੂੰ ਦ੍ਰਿੜ ਕਰਨ ਦਾ ਸੱਦਾ ਦਿੱਤਾ ਗਿਆ ਹੈ। ਧਰਮ ਦ੍ਰਿੜ ਕਰਨ ਦਾ ਅਰਥ ਏ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ ਜੋ ਗੁਰੂ ਦੇ ਉਪਦੇਸ਼ ਵਿਚੋਂ ਨਿਕਲਦੀ ਹੈ। ਇਸ ਆਤਮ ਚਿੰਤਨ ਨੂੰ ਸਿਮਰਨ ਦਾ ਦਰਜਾ ਵੀ ਦਿੱਤਾ ਗਿਆ ਹੈ। ਧਰਮ ਦ੍ਰਿੜ ਕਰਨਾ-ਗ੍ਰਹਿਸਤ ਦੀਆਂ ਬਰੀਕ ਜ਼ਿਮੇਵਾਰੀਆਂ ਨੂੰ ਸਮਝ ਕੇ ਸਦਾਚਾਰਕ ਗੁਣਾਂ ਦਾ ਹਰ ਰੋਜ਼ ਅਭਿਆਸ ਕਰਨਾ ਇਹ ਪਰਵਿਰਤੀ ਕਰਮ ਹੈ। ਤੀਜੀ ਤੁਕ ਵਿੱਚ ਫਿਰ ਧਰਮ ਨੂੰ ਦ੍ਰਿੜ ਕਰਨ ਤੇ ਨਾਮ ਸਿਮਰਨ ਲਈ ਕਿਹਾ ਗਿਆ ਹੈ। ਜੋ ਲੋਕ ਗ੍ਰਹਿਸਤ ਨੂੰ ਛੱਡ ਕੇ ਬਿਹੰਗਮ ਬਣ ਗਏ ਉਹ ਮਨੁੱਖਤਾ ਦੇ ਫ਼ਰਜ਼ ਤੋਂ ਮੂੰਹ ਮੋੜ ਗਏ।
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮ ਦ੍ਰਿੜਾਇਆ ॥
ਧਰਮ ਨੂੰ ਪੱਕਾ ਕਰਨਾ, ਨਾਮ ਧਿਆਉਣ ਵਿਚੋਂ ਜਨਮ ਲੈਂਦਾ ਹੈ। ਇਹ ਦੋਨੋਂ ਗੱਲਾਂ ਸਤਿਗੁਰ ਦੇ ਉਪਦੇਸ਼ ਵਿਚੋਂ ਨਿਕਲਦੀਆਂ ਹਨ। ਸਿਮ੍ਰਿਤਿ ਨਾਮ ਦ੍ਰਿੜਾਇਆ-ਕੋਈ ਤੋਤਾ ਰਟਨ ਨਹੀਂ ਹੈ ਬਲ ਕੇ ਗੁਰੂ ਗਿਆਨ ਨੂੰ ਨਿੱਤ ਵਰਤੋਂ ਵਿੱਚ ਲਿਆ ਕੇ ਇਸਦਾ ਅਭਿਆਸ ਕਰਨਾ ਹੈ ਤੇ ਇਸ ਨੂੰ ਆਤਮਿਕ ਕਮਾਈ ਕਿਹਾ ਗਿਆ ਹੈ। ਚੌਥੀ ਤੁਕ ਵਿਚੋਂ ਸਾਰੀਆਂ ਗੱਲਾਂ ਦਾ ਉੱਤਰ ਮਿਲ ਜਾਂਦਾ ਹੈ। “ਸਤਿਗੁਰੁ ਗੁਰੁ ਪੂਰਾ ਅਰਾਧਹੁ” ਤਾਂ ਕੇ ਹਿਰਦੇ ਵਿੱਚ ਆਏ ਹੋਏ ਮਲੀਨ ਪਾਪ ਭਾਵ ਘਟੀਆਂ ਸੋਚਾਂ ਤੋਂ ਛੁਟਕਾਰਾ ਮਿਲ ਸਕੇ ਜੋ ਕਿ ਕਿਲਵਿਖ ਕੱਟਣ ਦਾ ਸਿੱਧ ਪੱਧਰਾ ਰਸਤਾ ਹੈ। “ਸਤਿਗੁਰੁ ਗੁਰੁ ਪੂਰਾ ਅਰਾਧਹੁ ਸਭਿ ਕਿਲਬਿਖ ਪਾਪ ਗਵਾਇਆ”
ਹਰ ਮਨੁੱਖ ਆਪਣੇ ਜੀਵਨ ਵਿੱਚ ਸਦਾ ਕਾਲ ਲਈ ਸੁੱਖ ਚਾਹੁੰਦਾ ਏ, ਪਰ ਇਹ ਸੁੱਖ ਬਜ਼ਾਰ ਵਿਚੋਂ ਮੁੱਲ ਨਹੀਂ ਮਿਲਦਾ। ਪਰਵਾਰਕ ਅਨੰਦ ਤੇ ਆਤਮਿਕ ਸੁੱਖ ਦੀ ਪਰਪਤੀ ਗੁਰੂ ਜੀ ਦੇ ਸੁਝਾਏ ਹੋਏ ਮਾਰਗ ਵਿਚੋਂ ਹੀ ਮਿਲ ਸਕਦੀ ਹੈ। ਆਮ ਅਖਬਾਰਾਂ ਵਿੱਚ ਪੜ੍ਹਨ ਸੁਣਨ ਨੂੰ ਮਿਲਦਾ ਏ ਕਿ ਸਾਡੇ ਜੋਤਿਸ਼, ਟੇਵੇ ਤੇ ਦੱਸੇ ਹੋਏ ਉਪਾਵਾਂ ਦੁਆਰਾ ਸੁੱਖ ਮਿਲ ਸਕਦਾ ਹੈ। ਲੋਕ ਸੋਖੇ ਸੁਖ ਦੀ ਭਾਲ ਲਈ ਇਹਨਾਂ ਦੇ ਪਿੱਛੇ ਤੁਰ ਪੈਂਦੇ ਹਨ ਕਿਉਂਕਿ ਗ੍ਰਿਹਸਤੀ ਦੀ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਅਉਣ ਕਾਰਨ ਘਬਰਾਹਟ ਪੈਦਾ ਹੋ ਜਾਂਦੀ ਹੈ। ਪਰ ਲਾਂਵਾਂ ਦੇ ਇਸ ਪਾਠ ਦੁਆਰਾ ਗ੍ਰਿਹਸਤੀ ਦੀ ਆਤਮਿਕ ਤੌਰ ਤੇ ਸੁੱਖ, ਸਹਿਜ ਵਾਲੀ ਅਵਸਥਾ ਹਮੇਸ਼ਾਂ ਲਈ ਬਣਉਣ ਦਾ ਯਤਨ ਕੀਤਾ ਗਿਆ ਹੈ। ਅਜੇਹਾ ਤਾਂ ਹੀ ਹੋ ਸਕਦਾ ਏ ਜੇ ਇਸ ਨੂੰ ਸਤਿਗੁਰ ਦੇ ਉਪਦੇਸ਼-ਗਿਆਨ ਮਨ ਨੂੰ ਮਿੱਠੇ ਲੱਗਣ ਲੱਗ ਪੈਣ।
ਸਹਿਜ ਅਨੰਦੁ ਹੋਆ ਵਡਭਾਗੀ ਮਨ ਹਰਿ ਹਰਿ ਮੀਠਾ ਲਾਇਆ ॥
ਸਤਿਗੁਰ ਦੇ ਮਾਰਗ ਤੇ ਚੱਲਣ ਦਾ ਅਭਿਆਸ ਕਰਨਾ ਹੀ ਵੱਡਿਆਂ ਭਾਗਾਂ ਦੀ ਗੱਲ ਹੈ। ਬਣ ਰਹੀ ਜੋੜੀ ਜਾਂ ਬਣ ਰਹੇ ਨਵੇਂ ਰਿਸ਼ਤੇਦਾਰਾਂ ਵਿਚੋਂ ਕਾਹਲਾਪਨ ਦੂਰ ਹੋ ਜਾਏ ਤੱਹਮਲ ਨਾਲ ਇੱਕ ਦੂਜੇ ਦੀ ਗੱਲ ਸੁਣਨ ਦੇ ਆਦੀ ਹੋ ਜਾਣ ਤਾਂ ਸਹਿਜ ਅਵਸਥਾ ਬਣ ਸਕਦੀ ਹੈ। ਜਦੋਂ ਅਸੀੰ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਰਾਜ਼ੀ ਖੁਸ਼ੀ ਪੁੱਛਣ ਤੇ ਪਤਾ ਲੱਗਦਾ ਹੈ ਕਿ ਜੀ ਅਸੀਂ ਬਿਲਕੁਲ ਚੜ੍ਹਦੀ ਕਲਾ ਤੇ ਅਨੰਦ ਵਿੱਚ ਵਿਚਰ ਰਹੇ ਹਾਂ। ਦਸਾਂ ਕੁ ਮਿੰਟਾਂ ਬਆਦ ਉਹੀ ਆਦਮੀ ਘਰੇਲੂ ਮਜ਼ਬੂਰੀਆਂ ਕਰਕੇ ਰੋਂਦਾ ਹੋਇਆ ਦਿੱਸਦਾ ਹੁੰਦਾ ਹੈ। ਕਹਿਣ ਮਾਤਰ ਅਸੀਂ ਅਨੰਦ ਤੇ ਸਹਿਜ ਅਵਸਥਾ ਵਿੱਚ ਹਾਂ ਉਂਜ ਅਜੇਹੇ ਗੁਣ ਭਾਲਿਆਂ ਵੀ ਨਹੀਂ ਮਿਲਦੇ। ਸਹਿਜ ਅਵਸਥਾ ਦਾ ਅਭਿਆਸ ਕੀਤਆਂ ਜਦੋਂ ਮਨ ਕਰਕੇ ਨਾਮ ਮਿੱਠਾ ਲੱਗਣ ਲੱਗ ਪਿਆ ਤਾਂ ਆਤਮਿਕ ਸੁੱਖ ਦੀ ਪਰਾਪਤੀ ਦਾ ਜਨਮ ਹੁੰਦਾ ਹੈ। ਪਰ ਨਾਮ ਮਿਲਣਾ ਹੈ ਗੁਰਬਾਣੀ ਦੇ ਉਪਦੇਸ਼ ਵਿਚੋਂ, ਜਿਥੋਂ ਸਹਿਜ ਤੇ ਅਨੰਦ ਝਲਕਾਂ ਮਾਰਦੇ ਦਿੱਸਦੇ ਹਨ, ਇਸ ਦਾ ਦੂਜਾ ਨਾਮ ਧੀਰਜ ਵੀ ਰੱਖਿਆ ਗਿਆ ਹੈ। ਪਹਿਲੀ ਲਾਂਵ ਦੁਆਰਾ ਜੀਵ ਆਤਮਾ ਦਾ ਪਰਮਾਤਮਾ ਨਾਲ ਵਿਆਹ ਦਾ ਮੁੱਢ ਬੱਝਦਾ ਹੈ, ਵਿਆਹ ਦਾ ਅਰਥ ਹੀ ਰੱਬੀ ਗੁਣਾਂ ਦਾ ਮਿਲਾਪ ਹੈ।
ਜਨੁ ਕਹੈ ਨਾਨਕੁ ਲਾਵ ਪਹਿਲੀ ਅਰੰਭੁ ਕਾਜੁ ਰਚਾਇਆ ॥
ਵਿਆਹ ਪਰਵਾਰਾਂ ਦੇ ਮਿਲਾਪ ਦੀ ਇੱਕ ਪ੍ਰਕ੍ਰਿਆ ਹੈ, ਜਿਸ ਰਾਂਹੀਂ ਨਵ-ਵਿਆਹੀ ਸੁਭਾਗ ਜੋੜੀ ਦੇ ਰੂਪ ਵਿੱਚ ਸਾਡੇ ਸਾਹਮਣੇ ਅਉਂਦੀ ਹੈ। ਸਰੀਰਕ ਮਿਲਾਪ ਤੋਂ ਸੰਤਾਨ ਦੀ ਉਤਪਤੀ ਹੈ ਤੇ ਸਰੀਰਾਂ ਵਿੱਚ ਬੈਠੀ ਆਤਮਾ ਵਿੱਚ ਚੰਗੇ ਗੁਣ ਆ ਜਾਣੇ ਹੀ ਪਰਮਾਤਮਾ ਦੇ ਮਿਲਣ ਦੀ ਸੰਭਾਵਨਾ ਪਰਗਟ ਕੀਤੀ ਗਈ ਹੈ। ਅਸਲ ਵਿੱਚ ਸਦ ਗੁਣਾਂ ਦੀ ਸਾਂਝ ਹੀ ਆਤਮਿਕ ਸਾਂਝ ਹੈ। ਵਧੀਆ ਮਕਾਨ ਬਣਾਉਣ ਸਮੇਂ ਹਮੇਸ਼ਾਂ ਹੀ ਮਜ਼ਬੂਤ ਨੀਂਹ ਦੀ ਸਿਰਜਣਾ ਕੀਤੀ ਜਾਂਦੀ ਹੈ। ਨੀਹਾਂ ਭਰਨ ਸਮੇਂ ਕੱਚਿਆਈ ਰਹਿ ਜਾਏ ਤਾਂ ਬਣਿਆ ਹੋਇਆ ਸੁੰਦਰ ਮਕਾਨ ਕਦੇ ਵੀ ਡਿੱਗ ਸਕਦਾ ਹੈ। ਦੋ ਆਤਮਾ ਦੇ ਮਿਲਾਪ ਲਈ ਪਹਿਲੀ ਲਾਂਵ ਵਿੱਚ ਉਹ ਅਧਾਰ ਪੇਸ਼ ਕੀਤਾ ਗਿਆ ਜਿਸ ਰਾਂਹੀਂ ਲੰਮੇਰੇ ਸੁਖ ਦੀ ਜਾਚਨਾ ਕੀਤੀ ਗਈ ਹੈ।
(1) ਨਾਮ ਧਿਅਉਣ ਦੀ ਜੁਗਤੀ ਤੇ ਜ਼ੋਰ ਦੇਂਦਿਆਂ, ਸਤਿਗੁਰ ਜੀ ਦੇ ਅਰਾਧਣ ਦਾ ਲੱਕਸ਼ ਰੱਖਿਆ ਗਿਆ ਹੈ, ਜੋ ਇਹਨਾਂ ਦੋਂਹਾਂ ਗੱਲਾਂ ਵਿਚੋਂ ਗੁਰਬਾਣੀ ਵਿਚਾਰਨ ਦਾ ਸਿਧਾਂਤ ਪਰਗਟ ਹੁੰਦਾ ਹੈ।
(2) ਮਨ ਦੇ ਮਲੀਨ ਸੰਕਲਪ, ਜਿਸ ਨੂੰ ਪਾਪ ਕਿਹਾ ਹੈ ਗੁਰਬਾਣੀ ਵਿਚਾਰ ਦੁਅਰਾ ਉਹ ਮਿਟਣੇ ਸ਼ੁਰੂ ਹੋ ਜਾਂਦੇ ਹਨ। ਘਰੇਲੂ ਕਲੇਸ਼ ਤੋਂ ਬੱਚਿਆ ਜਾ ਸਕਦਾ ਹੈ, ਤੇ ਨਿਰੋਈ ਸੋਚ ਜਨਮ ਲੈਂਦੀ ਹੈ।
(3) ਗੁਰਬਾਣੀ ਗਿਆਨ ਤੇ ਇਸ ਦੀਆਂ ਸਦਾਚਾਰਕ ਕੀਮਤਾਂ ਦੀ ਸੇਧ ਵਿੱਚ ਤੁਰਨ ਦਾ ਯਤਨ ਕਰਨਾ ਹੀ ਸਿੱਖ ਲਈ ਬ੍ਰਹਮਾ ਗਿਆਨ ਤੇ ਵੇਦਾ ਦਾ ਪਾਠ ਹੈ।
(4) ਧਰਮ ਨੂੰ ਦ੍ਰਿੜ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ। ਜ਼ਿੰਮੇਵਾਰੀਆਂ ਤੇ ਫਰਜ਼ਾਂ ਪ੍ਰਤੀ ਹਰ ਵੇਲੇ ਸੁਚੇਤ ਰਹਿਣ ਦਾ ਅਭਿਆਸ ਕਰਦੇ ਰਹਿਣਾ।
(5) ਸਹਿਜ ਅਵਸਥਾ ਤੇ ਆਤਮਿਕ ਸੁੱਖ ਵਰਗੇ ਗ੍ਰਿਹਸਤ ਦੇ ਬੂਟੜੇ ਨੂੰ ਮਿੱਠੜੇ ਫ਼ਲ਼ ਲੱਗਦੇ ਹਨ।
ਸਿਆਣਿਆਂ ਦਾ ਵਿਚਾਰ ਹੈ ਕਿ ਜੇ ਪਹਿਲਾ ਕਦਮ ਠੀਕ ਚੁੱਕਿਆ ਜਾਏ ਤਾਂ ਬਾਕੀ ਦੇ ਕਦਮ ਆਪਣੇ ਆਪ ਹੀ ਠੀਕ ਚੱਲਣ ਦੇ ਯੋਗ ਹੋ ਜਾਂਦੇ ਹਨ। ਜ਼ਿੰਦਗੀ ਵਿੱਚ ਸਾਂਝੀ ਪਰਵਾਜ਼ ਭਰਨ ਲਈ ਪਹਿਲਾ ਕਦਮ ਗੁਰੂ ਜੀ ਦੇ ਸਦੀਵ ਕਾਲ ਉਪਦੇਸ਼ ਨੂੰ ਵਰਤੋਂ ਵਿੱਚ ਲਿਆ ਕਿ ਮਨ ਦੇ ਘੱਟੀਆ ਕਿਸਮ ਦੇ ਉਪਜ ਰਹੇ ਵਿਚਾਰਾਂ ਤੋਂ ਛੁਟਕਾਰਾ ਪਉਣਾ ਹੈ। ਆਪਣੀ ਜ਼ਿਮੇਵਾਰੀ ਦਾ ਅਹਿਸਾਸ ਕਰਨਾ ਹੈ।
ਮਨੁੱਖੀ ਮਨ ਦੀ ਸੋਚ ਵਿੱਚ ਦੋ ਵਿਰੋਧ ਆਤਮਿਕ ਭਾਵ ਆਸਾ, ਤ੍ਰਿਸ਼ਨਾ, ਈਰਖਾ, ਦਵੈਸ਼-ਭਾਵਨਾ, ਕਾਮਿਕ ਰੁਚੀਆਂ ਤੇ ਹਲੀਮੀ, ਨਿੰਮ੍ਰਤਾ, ਮਿਠਾਸ, ਪਿਆਰ, ਸੰਤੋਖ, ਸੇਵਾ ਤੇ ਸਦ ਭਾਵਨਾ ਹਰ ਵੇਲੇ ਮੌਜੂਦ ਹਨ। ਜਿਹੋ ਜੇਹੀ ਸੰਗਤ ਮਿਲ ਗਈ ਉਹੋ ਜੇਹੀ ਮਤ ਪ੍ਰਗਟ ਹੋ ਜਾਦੀ ਹੈ। ਸਤਿਗੁਰ ਮਾੜੀ ਮਤ ਤੋਂ ਬਚਾ ਕੇ ਚੰਗੀ ਮਤ ਪ੍ਰਗਟ ਕਰ ਦੇਂਦਾ ਹੈ ਜੋ ਪਰਮਾਤਮਾ ਦੇ ਮਿਲਾਪ ਦਾ ਸਥਾਨ ਹੁੰਦਾ ਹੈ। ਪਹਿਲੀ ਲਾਂਵ ਵਿੱਚ ਗੁਰੂ ਗਿਆਨ ਰਾਂਹੀ ਜੋ ਪ੍ਰਾਪਤੀ ਹੁੰਦੀ ਹੈ ਉਸਦਾ ਵਿਸਥਾਰ ਦੂਸਰੀ ਲਾਂਵ ਵਿੱਚ ਦ੍ਰਿੜ ਕਰਾਇਆ ਗਿਆ ਹੈ।
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਹਰਿ ਆਤਮ ਰਾਮੁ ਪਸਰਾਇਆ ਸੁਆਮੀ ਸਰਬ ਰਹਿਆ ਭਰਪੂਰੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦਿ ਵਜਾਏ ॥

ਗੁਰਬਾਣੀ ਬ੍ਰਹਮ ਦਾ ਗਿਆਨ ਭਾਵ ਰੱਬੀ ਗੁਣਾਂ ਦਾ ਗੋਹਜ ਭਰਿਆ ਖਜ਼ਾਨਾ ਹੈ। ਪਹਿਲੀ ਲਾਵ ਵਿੱਚ ਸਤਿਗੁਰ ਦੇ ਗਿਆਨ ਨੂੰ ਬਾਰ ਬਾਰ ਪੱਕਾ ਕਰਨ ਲਈ ਕਿਹਾ ਗਿਆ ਹੈ। ਇਸ ਗਿਆਨ ਰਾਂਹੀ ਔਗੁਣਾਂ ਦੀ ਕਮੀਨੀ ਕਰਤੂਤ ਤੇ ਆਤਮਿਕ ਗੁਣਾਂ ਦੀ ਸੂਝ ਦਾ ਵਿਸਥਾਰ ਮਿਲਦਾ ਹੈ। ਆਤਮਿਕ ਗੁਣਾਂ ਦਾ ਹਿਰਦੇ ਵਿੱਚ ਵੱਸ ਜਾਣਾ ਹੀ ਪੁਰਖ ਦੇ ਮਿਲਾਪ ਦੀ ਅਵਸਥਾ ਹੈ।
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਵਾਕ ਹੈ---ਸਤਿਗੁਰ ਜੀ ਦੇ ਮਿਲਣ ਨਾਲ ਉਲਟ ਦਿਸ਼ਾ ਵਲ ਜਾ ਰਹੀ ਮਤ ਸਿਧ-ਪੱਧਰੇ ਰਸਤੇ ਤੇ ਆ ਜਾਂਦੀ ਹੈ।
ਜਿਨ ਕਉ ਕ੍ਰਿਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥
ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਆ ਸਹਿਜਿ ਸੁਭਾਇ ॥
ਨਾਨਕ ਭਗਤੀ ਰਤਿਆ ਹਰਿ ਹਰਿ ਨਾਮ ਸਮਾਇ ॥
ਸਸਲੋਕ ਮਹਲਾ 3---1414--

ਗੁਰਬਾਣੀ ਅਮਰ ਗਿਆਨ ਮਨੁੱਖ ਦੀ ਸੁਰਤ ਨੂੰ ਕਾਮ, ਕ੍ਰੋਧ ਤੇ ਵਿਕਾਰਾਂ ਵਲੋਂ ਮੋੜ ਕੇ ਆਤਮਿਕ ਅਡੋਲਤਾ, ਸਹਿਜ ਅਵਸਥਾ ਤੇ ਪ੍ਰਭੂ ਪ੍ਰੀਤੀ ਦੇ ਪਿਆਰ ਨਾਲ ਭਰ ਦੇਂਦਾ ਹੈ। ਮਨ ਵਿੱਚ ਸਹਿਮ-ਸੰਸੇ ਵਹਿਮ ਭਰੇ ਡਰ ਤੇ ਹਊਮੇ ਰੂਪੀ ਮੈਲ਼ ਦੀਆਂ ਬਰੀਕ ਤਹਿਹਾਂ ਉਤਾਰ ਕੇ ਆਤਮਿਕ ਸੂਝ ਦਾ ਰੱਬੀ ਗਿਆਨ ਦਿੱਤਾ ਹੈ। ਹਊਮੇ ਐਸਾ ਭਿਆਨਕ ਰੋਗ ਹੈ ਜੋ ਪਰਵਾਰਕ ਦੂਰੀਆਂ ਨੂੰ ਜਨਮ ਦੇਂਦਾ ਹੈ। ਸੰਸਾਰਿਕ ਸੁਖਾਂ ਦੀ ਖਾਤਰ ਬਹੁਤ ਦਫਾ ਮਨੁੱਖ ਸੁੱਖਣਾ ਸੁੱਖ ਲੈਂਦਾ ਏ ਜਿਸ ਦੀ ਗੁਰਮਤਿ ਵਿੱਚ ਕੋਈ ਵਿਵਸਥਾ ਨਹੀਂ ਹੈ। ਸੁੱਖਣਾ ਦੀ ਪੂਰਤੀ ਦਾ ਡਰ, ਬਾਬਿਆਂ ਦਾ ਸਰਾਪ ਹਰ ਵੇਲੇ ਇਸ ਨੂੰ ਚੂੰਢਦੇ ਰਹਿੰਦੇ ਹਨ। ਸਤਿਗੁਰ ਜੀ ਦੇ ਉਪਦੇਸ਼ ਦੁਆਰਾ ਕਈ ਪਰਕਾਰ ਦੇ ਪਾਲੇ ਹੋਏ ਭਰਮ, ਵਹਿਮ ਦੂਰ ਹੁੰਦੇ ਹਨ ਤੇ ਹਉਮੇ ਦੇ ਦੀਰਘ ਰੋਗ ਤੋਂ ਛੁੱਟਕਾਰਾ ਮਿਲਦਾ ਹੈ।
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਗੁਰੂ ਗਿਆਨ ਦੁਨੀਆਂ ਦੇ ਬੇਲੋੜੇ ਡਰਾਂ ਤੋਂ ਮੁਕਤ ਕਰਕੇ ਨਿੱਡਰ ਬਣਾਉਦਾ ਹੈ। ਹਰ ਪਰਕਾਰ ਦੀ ਹਉਮੇ ਤੋਂ ਛੁਟਕਾਰਾ ਦਿਵਉਂਦਾ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਨੂੰ ਵਿਆਹ ਸਮੇਂ ਉਪਦੇਸ਼ ਦੇਂਦਿਆਂ ਕਿਹਾ ਸੀ, ਪੁੱਤਰੀ ਸਹੁਰੇ ਘਰ ਜਾ ਕੇ ਪੇਕਾ ਮਾਣ ਨਹੀਂ ਜਿਤਾਉਣਾ। ਨਵੇਂ ਬਣੇ ਰਿਸ਼ਤਿਆਂ ਵਿੱਚ ਹਉਮੇ ਦੀ ਦਰਾੜ ਆ ਜਾਣ ਨਾਲ ਤਿੜਕਦਿਆਂ ਚਿਰ ਨਹੀਂ ਲੱਗਦਾ। ਹਉਮੇ ਇਤਨੀ ਬਰੀਕ ਹੈ ਕਿ ਸ਼ੁਰੂ ਹੀ ਧਰਮ ਦੀ ਦੁਨੀਆਂ ਤੋਂ ਹੁੰਦੀ ਹੈ, ਮੈਂ ਸਵੇਰੇ ਉੱਠਦਾ ਹਾਂ, ਨਾਮ ਜਪਦਾ ਹਾਂ, ਸਾਰਾ ਘਰ ਦਾ ਦਾਰੋ ਮਦਾਰ ਮੇਰੇ ਹੀ ਸਿਰ ਤੇ ਖੜਾ ਹੈ, ਮੈਂ ਕਮਾਈ ਕਰਦਾ ਮਰ ਗਿਆ ਹੁਣ ਮੇਰੀ ਗੱਲ ਸੁਣਦਾ ਹੀ ਕੋਈ ਨਹੀਂ। ਪਰਵਾਰਾਂ ਵਿੱਚ ਅਸਲ ਫਸਾਦ ਦੀ ਜੜ੍ਹ ਹਉਮੇ ਹੀ ਹੈ। ਹਉਮੇ ਦੀ ਮੈਲ ਲੱਥਣ ਨਾਲ ਪਵਿੱਤਰ ਡਰ ਪੈਦਾ ਹੁੰਦਾ ਹੈ, ਜੋ ਆਪਸੀ ਅਦਬ-ਸਤਿਕਾਰ ਨੂੰ ਜਨਮ ਦੇਂਦਾ ਹੈ। “ਨਿਰਮਲੁ ਭਉ” —ਸਤਿਕਾਰ ਤੇ ਅਦਬ ਦੀ ਭਾਵਨਾ ਨੂੰ ਪਰਗਟ ਕਰਦਾ ਹੈ। ਇੱਕ ਦੂਸਰੇ ਦਾ ਅਦਬ-ਸਤਕਾਰ ਕਰਨਾ ਰੱਬੀ ਗੁਣ ਹੈ ਤੇ ਇਸ ਗੁਣ ਦਾ ਅਭਿਆਸ ਕਰਨ ਨੂੰ ਹੀ ਗੁਣ ਗਉਣਾ, ਨਾਮ ਸਿਮਰਨਾ ਆਖਿਆ ਗਿਆ ਹੈ।
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਆਦਰ ਸਤਿਕਾਰ ਦਾ ਗੁਣ ਅਪਨਾਇਆਂ ਪਰਾਏ ਵੀ ਆਪਣੇ ਹੋ ਜਾਂਦੇ ਹਨ। ਦੁਸ਼ਮਣੀਆਂ, ਦਿੱਲਾਂ ਦੀਆਂ ਦੂਰੀਆਂ ਖਤਮ ਹੋ ਜਾਂਦੀਆਂ ਹਨ। ਲੜਕੀ ਅਤੇ ਲੜਕਾ ਇੱਕ ਦੂਜੇ ਦੇ ਰਿਸ਼ਤੇਦਾਰਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਣ ਲੱਗ ਪੈਂਦੇ ਹਨ। ਸਾਰਿਆਂ ਵਿੱਚ ਇੱਕ ਜੋਤ ਭਾਵ ਜ਼ਿੰਦਗੀ ਜਿਉਣ ਦਾ ਹੱਕ ਸਮਝ ਵਿੱਚ ਆ ਜਾਂਦਾ ਹੈ।
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਸੌੜੀ ਸੋਚ ਤੇ ਹਉਮੇ ਦੀ ਗੂੜੀ ਪਰਤ ਚੜ੍ਹੀ ਹੋਣ ਕਰਕੇ ਨਿੱਕੀ ਨਿੱਕੀ ਗੱਲ ਤੇ ਹਰੇਕ ਨਾਲ ਝਗੜੇ ਮੁੱਲ ਲੈਣ ਲਈ ਤਿਆਰ ਬੈਠੇ ਹੁੰਦੇ ਹਾਂ। ਦੂਸਰੀ ਲਾਂਵ ਵਿੱਚ “ਸਰਬ ਰਹਿਆ ਭਰਪੂਰੇ” ਸਾਂਝੀ ਵਾਲਤਾ ਦਾ ਸੰਦੇਸ਼ ਖਿੜੇ ਹੋਏ ਫੁੱਲ ਦੀ ਸੱਜਰੀ ਮਹਿਕ ਵਰਗਾ ਹੈ। ਉੱਚੀ ਕੁਲ, ਜਾਤ ਅਭਿਮਾਨ, ਅਖੌਤੀ ਅਮੀਰੀ ਦੇ ਵਿਤਕਰਿਆਂ ਨੂੰ ਮਨੁੱਖਤਾ ਦੇ ਤਲ ਤੇ ਖਤਮ ਕਰਦਿਆਂ ਆਤਮ ਰਾਮ ਦਾ ਪਸਾਰਾ ਦਿਸਦਾ ਹੈ। ਸਾਰੇ ਸੰਸਾਰ ਵਿੱਚ ਉਸ ਦਾ ਹੀ ਖਿਲਾਰਿਆ ਹੋਇਆ ਖਿਲਾਰਾ ਦਿਸਦਾ ਹੈ। ਇਸ ਪਾਵਨ ਪਵਿੱਤਰ ਤੁਕ ਵਿਚੋਂ ਆਪਾ ਭਾਵ ਖਤਮ ਕਰਕੇ ਇੱਕ ਦੂਜੇ ਦੇ ਭੈਣ ਭਰਾਵਾਂ, ਸਾਕਾਂ ਸਬੰਧੀਆਂ ਤੇ ਆਂਢ ਗੁਆਂਢ ਵਿਚੋਂ ਅਪਣਿਆਂ ਦਾ ਝੌਲ਼ਾ ਦਿਸਣਾ ਚਾਹੀਦਾ ਹੈ। ਕਬੀਰ ਜੀ ਦਾ ਬਹੁਤ ਪਿਆਰਾ ਵਾਕ ਹੈ:-----
ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥
ਦੀਸਹਿ ਦਾਧੇ ਕਾਨ ਜਿਉ ਜਿਨ ਮਨਿ ਨਾਹੀ ਨਾਉ ॥
ਪੰਨਾ—1364—ਸਲੋਕ ਨੰ. 4 ॥

ਇਸ ਸਲੋਕ ਵਿੱਚ ਅੰਦਰਲੇ ਅਤੇ ਬਾਹਰਲੇ ਜੀਵਨ ਦਾ ਅਲੰਕਾਰਕ ਢੰਗ ਨਾਲ ਚਿਤਰਨ ਚਿਤਰਿਆ ਹੈ। ਜਿਸ ਤਰ੍ਹਾਂ ਕਿਸੇ ਮਨੁੱਖ ਨੇ ਸੋਨੇ ਦੇ ਵਾਲ਼ੇ ਬਣਾ ਕੇ ਉੱਪਰ ਬਹੁਤ ਕੀਮਤੀ ਲਾਲ ਲਗਾ ਲਏ ਹੋਣ ਪਰ ਮਨ ਵਿਚੋਂ ਰੱਬੀ ਗੁਣ ਲੱਭਦਿਆਂ ਵੀ ਨਾ ਲੱਭਣ ਅਜੇਹੇ ਮਨੁੱਖ ਉਸ ਸੜੇ ਹੋਏ ਕਾਨੇ ਵਰਗੇ ਹਨ ਜੋ ਦੇਖਣ ਨੂੰ ਬਾਹਰੋਂ ਖੁਬਸੂਰਤ ਲੱਗਦੇ ਹਨ ਲੇਕਨ ਅੰਦਰੋਂ ਸੜੇ ਹੋਏ ਹੁੰਦੇ ਹਨ। ਬਾਹਰਲਾ ਪਹਿਰਾਵਾ ਧਰਮੀ ਮਨੁੱਖਾਂ ਵਰਗਾ ਬਣਾਇਆ ਹੋਵੇ ਪਰ ਅੰਦਰੋਂ ਕ੍ਰਿਝਿਆ ਪਿਆ ਹੋਵੇ। ਇਸ ਲਾਵ ਵਿੱਚ ਸਤਿਗੁਰ ਦੇ ਉਪਦੇਸ਼ ਨੂੰ ਲੈ ਕੇ ਅਦਬ ਸਤਕਾਰ ਦੀ ਭਾਵਨਾ ਨੂੰ ਪਰਗਟ ਕਰਦਿਆਂ ਵਿਤਕਰਿਆਂ ਨੂੰ ਖਤਮ ਕਰਨਾ ਹੈ।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰ ਜਨ ਮੰਗਲ ਗਾਏ ॥
ਜਿੱਥੇ ਅੰਤਰਿ ਬਾਹਰਿ ਹਰ ਥਾਂ ਤੇ ਉਸ ਦੇ ਨੂਰ ਨੂੰ ਸਮਝਣਾ ਹੈ ਉਥੇ ਮਨ, ਬਚ, ਕਰਮ ਕਰਕੇ ਵੀ ਇਕਸਾਰਤਾ ਲਿਆਉਣੀ ਹੈ। ਐਸਾ ਨਹੀਂ ਹੋਣਾ ਚਾਹੀਦਾ ਮਨ ਵਿੱਚ ਭਾਵਨਾ ਕੁੱਝ ਹੋਰ ਚਲਦੀ ਹੋਵੇ ਤੇ ਜ਼ਬਾਨ ਉਤੇ ਬੋਲ ਹੋਰ ਚਲਦੇ ਹੋਣ। ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖਦਿਆਂ ਕਿਹਾ ਹੈ ਕਿ ਔਰੰਗਜ਼ੇਬ ਦੁਨੀਆਂ ਤੇ ਉਹ ਇਨਸਾਨ ਅਧੂਰਾ ਹੈ ਜਿਸਦੇ ਮਨ ਵਿੱਚ ਕੁੱਝ ਹੋਰ ਚਲਦਾ ਏ ਤੇ ਜ਼ਬਾਨ ਉਤੇ ਕੁੱਝ ਹੋਰ ਚਲਦਾ ਹੈ। ਜਫਰਨਾਮੇ ਦੀ ਲਿਖਤ ਹੈ----
ਹਮੂ ਮਰਦ ਬਾਇਦ ਨਾ ਸੁਖਨਵਰ।
ਨਾ ਸਿਕਮੇ ਦਿਗਰ ਦਰ ਦਹਾਨੇ ਦਿਗਰ।
-----ਜਫਰਨਾਮਾ----
ਮੰਗਲ ਗਾਏ –ਖੁਸ਼ੀ ਦੇ ਗੀਤ ਉਹ ਹੀ ਗਾ ਸਕਦਾ ਹੈ ਜੋ ਅੰਦਰੋਂ ਇੱਕ ਹੋ ਜਾਏ। ਇਹ ਤਦ ਹੀ ਪਰਵਾਨ ਚੜ੍ਹ ਸਕਦਾ ਏ ਜੇ ਗਿਆਨ ਗੁਰੂ ਦੀ ਸ਼ਰਣ ਵਿੱਚ ਹਉਮੇ ਦੇ ਦੀਰਘ ਰੋਗ ਦੀ ਸਮੱਸਿਆ ਨੂੰ ਸਮਝਿਆ ਜਾਏ। ਗ੍ਰਹਿਸਤ ਦੀ ਦੂਜੀ ਪਉੜੀ ਅਨਹਤ ਸ਼ਬਦ ਨਾਲ ਸਮਾਪਤ ਹੁੰਦੀ ਹੈ।
ਜਨ ਨਾਨਕ ਦੂਜੀ ਲਾਵ ਚਲਾਈ ਅਨਹਤ ਸਬਦ ਵਜਾਏ ॥ ---ਚਲਦਾ
.