.

ਕੀ ਪਟਿਆਲਾ ਰਾਜ ਘਰਾਣੇ ਦੀ ਪੰਥ ਨੂੰ ਕੋਈ ਦੇਣ ਹੈ?

- ਹਰਜਿੰਦਰ ਸਿੰਘ ਸਿੱਧੂ

ਪਟਿਆਲਾ ਰਾਜ ਦੇ ਬਾਨੀ ਬਾਲਾ ਆਲਾ ਸਿੰਘ ਦੇ ਪਿਤਾ ਰਾਮ ਸਿੰਘ ਵੱਡੇ ਭਾਗਾਂ ਵਾਲੇ ਸਨ। 1696 ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਨ੍ਹਾਂ ਨੂੰ ਜੋ ਮਾਣ ਬਖ਼ਸਿਆ ਸੀ, ਉਹ ਕਦੇ ਕਿਸੇ ਹੋਰ ਨੂੰ ਹਾਸਿਲ ਨਹੀਂ ਹੋ ਸਕਿਆ। ਗੁਰੂ ਸਾਹਿਬ ਨੇ ਬਾਬਾ ਰਾਮ ਸਿੰਘ ਦੇ ਘਰ ਨੂੰ ਆਪਣੇ ਘਰ ਦਾ ਦਰਜਾ ਦਿੱਤਾ ਸੀ : “ਤੇਰਾ ਘਰ ਮੇਰਾ ਅਸੈ”।
ਬਾਬਾ ਫੂਲ ਦਾ ਸਪੁੱਤਰ ਬਾਬਾ ਰਾਮ ਸਿੰਘ ਗੁਰੂ ਗੋਬਿੰਦ ਸਾਹਿਬ ਦੇ ਵੇਲੇ ਦਾ ਇਕ ਸੱਚਾ ਸਿੱਖ ਸੀ। ਉਹ ਅਨੰਦਪੁਰ ਸਾਹਿਬ ਵਿਚ ਅਕਸਰ ਜਾਇਆ ਕਰਦਾ ਸੀ। ਗੁਰੂ ਸਾਹਿਬ ਉਸ ਨਾਲ ਏਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਨੇ 1696 ਵਿਚ ਉਸ ਨੂੰ ਆਪਣੀ ਇਕ ਖੂਬਸੂਰਤ ਕਿਰਪਾਨ, ਇਕ ਪੋਥੀ ਤੇ ਹੋਰ ਕਈ ਕੁਝ ਤੋਹਫ਼ੇ ਵਜੋਂ ਭੇਟ ਕੀਤਾ ਸੀ ਜੋ ਅੱਜ ਵੀ ਇਸ ਪਰਵਾਰ ਕੋਲ ਮੌਜੂਦ ਹੈ।
ਅਕਾਲ ਪੁਰਖ ਦੇ ਹੁਕਮ ਹੇਠਾਂ ਗੁਰੂ ਸਾਹਿਬ ਨੂੰ 5-6 ਦਸੰਬਰ 1705 ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਅਗਲੇ ਦਿਨ ਚਮਕੌਰ ਦੀ ਗੜ੍ਹੀ ਵਿਚ ਦੋ ਸਾਹਿਬਜ਼ਾਦੇ, ਪੰਜਾਂ ਵਿਚੋਂ ਤਿੰਨ ਪਿਆਰੇ ਤੇ 40 ਸਿੱਖ ਸ਼ਹੀਦ ਹੋ ਗਏ।ਉਸ ਵੇਲੇ ਰਾਮ ਸਿੰਘ ਤੇ ਤ੍ਰਿਲੋਕ ਸਿੰਘ ਦੋਵੇ ਭਰਾ ਸਰਹਿੰਦ ਆਏ ਹੋਏ ਸਨ। ਸ਼ਹੀਦੀਆਂ ਦੀ ਖ਼ਬਰ ਸੁਣ ਕੇ ਉਹ ਚਮਕੌਰ ਪੁੱਜੇ ਅਤੇ ਸਾਹਿਬਜ਼ਾਦਿਆਂ ਅਤੇ ਬਾਕੀ ਸਿੱਖਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ।
ਮਾਰਚ 1706 ਵਿਚ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਨੇਹਾ ਮਿਲਿਆ ਤੇ ਉਹ ਇਕ ਦਮ ਤਲਵੰਡੀ ਸਾਬੋ ਪੁੱਜ ਗਏ। ਉਹ ਆਪਣੇ ਨਾਲ ਬਹੁਤ ਸਾਰੀ ਮਾਇਆ ਤੇ ਹੋਰ ਸਮਾਨ ਵੀ ਲੈ ਕੇ ਗਏ। ਉਥੇ 29 ਮਾਰਚ 1706 ਦੇ ਦਿਨ ਉਨ੍ਹਾਂ ਨੇ ਗੁਰੂ ਸਾਹਿਬ ਤੋਂ ਖੰਡੇ ਦੀ ਪਾਹੁਲ ਲਈ। ਇਸ ਮਗਰੋਂ ਵੀ ਰਾਮ ਸਿੰਘ ਲੋਕ ਸੇਵਾ ਵਿਚ ਹਿੱਸਾ ਪਾਉਂਦਾ ਰਿਹਾ ਤੇ ਧਰਮ ਦਾ ਰਾਜਾ ਅਖਵਾਇਆ।
1708 ਵਿਚ ਜਦ ਬੰਦਾ ਸਿੰਘ ਜ਼ਾਲਮ ਮੁਗਲ ਹਾਕਮਾਂ ਨੂੰ ਸਜ਼ਾ ਦੇਣ ਵਾਸਤੇ ਨੰਦੇੜ ਤੋਂ ਆਇਆ ਤਾਂ ਰਾਮ ਸਿੰਘ ਉਸ ਨਾਲ ਰਲ ਕੇ ਜੰਗ ਵਿਚ ਸ਼ਾਮਿਲ ਹੋਇਆ। 1714 ਵਿਚ ਉਸ ਦੀ ਮੌਤ ਪਿਛੋਂ ਬਾਬਾ ਆਲਾ ਸਿੰਘ ਨੇ ਰਾਜ ਸੰਭਾਲਿਆ। ਆਲਾ ਸਿੰਘ ਇਕ ਧਰਮਾਤਮਾ ਰਾਜਾ ਸੀ। ਉਸ ਦੀ ਸਿੰਘਣੀ ਮਾਈ ਫਤਹਿ ਕੌਰ "ਲੰਗਰ ਵਾਲੀ ਮਾਈ" ਵਜੋਂ ਵਧੇਰੇ ਜਾਣੀ ਜਾਂਦੀ ਸੀ। ਜੇ ਬਾਬਾ ਆਲਾ ਸਿੰਘ 'ਤੇਗ' ਚਲਾਉਂਦਾ ਸੀ ਤਾਂ ਮਾਈ ਫਤਹਿ ਕੌਰ ਲੋੜਵੰਦਾਂ ਵਾਸਤੇ 'ਦੇਗ' ਚਲਾਇਆ ਕਰਦੀ ਸੀ।
ਆਲਾ ਸਿੰਘ ਦੀ ਲੋਕ ਸੇਵਾ ਦੀ ਰੂਹ ਉਸ ਦੇ ਪੋਤੇ ਅਮਰ ਸਿੰਘ ਵਿਚ ਵੀ ਕਾਇਮ ਰਹੀ। ਉਸ ਨੇ ਸ. ਜੱਸਾ ਸਿੰਘ ਆਹਲੂਵਾਲੀਆ ਤੋਂ ਖੰਡੇ ਦੀ ਪਾਹੁਲ ਲਈ ਸੀ। ਅਮਰ ਸਿੰਘ ਦਾ ਕਾਲ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਦਾ ਵੇਲਾ ਸੀ। ਇਹ ਮਾਣ ਵੀ ਅਮਰ ਸਿੰਘ ਨੂੰ ਹਾਸਿਲ ਹੋਇਆ ਕਿ 1757 ਵਿਚ ਉਸ ਨੇ ਲਖਾਂ ਰੁਪੈ ਦੇ ਕੇ ਹਜ਼ਾਰਾਂ ਹਿੰਦੂ ਕੁੜੀਆਂ ਨੂੰ ਅਹਿਮਦ ਸ਼ਾਹ ਕੋਲੋਂ ਛੁਡਵਾਈਆਂ। ਅਮਰ ਸਿੰਘ ਨੇ ਆਪਣੇ ਕੇਸਾਂ ਨੂੰ ਬਚਾਉਣ ਵਾਸਤੇ ਲੱਖ ਰੁਪੈ ਹਰਜਾਨਾ ਦੇਣਾ ਵੀ ਮਨਜ਼ੂਰ ਕੀਤਾ। ਉਸ ਨੇ ਆਪਣੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤੇ ਸਿੱਖੀ ਦੀ ਅਰਦਾਸ ਪੁਗਾਈ। ਅਮਰ ਸਿੰਘ ਨੇ ਸੈਫ਼ਗੜ੍ਹ ਕਿਲੇ ਦਾ ਹੀ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਬਹਾਦਰਗੜ੍ਹ ਕਰ ਕੇ ਇਸ ਦੀ ਸ਼ਾਨ ਵਧਾਈ।
ਅਮਰ ਸਿੰਘ ਦੀ ਬੇਟੀ ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਤੋਂ ਸਿੱਖ ਰਿਆਸਤ ਨੂੰ ਬਚਾਇਆ। ਬੀਬੀ ਭਿੱਖਾਂ ਤੇ ਮਾਈ ਭਾਗ ਕੌਰ ਦੇ ਵਿਰਸੇ ਨੂੰ ਕਾਇਮ ਰੱਖ ਕੇ ਰਾਣੀ ਸਾਹਿਬ ਕੌਰ ਨੇ ਤਲਵਾਰ ਹੱਥ ਵਿਚ ਫੜ ਕੇ ਸਿੱਖ ਫੌਜ ਦੀ ਅਗਵਾਈ ਕੀਤੀ। ਅਮਰ ਸਿੰਘ ਦਾ ਪੋਤਾ ਕਰਮ ਸਿੰਘ 1813 ਵਿਚ ਗੱਦੀ ਤੇ ਬੈਠਿਆ। 16 ਸਾਲ ਦੀ ਉਮਰ ਵਿਚ ਉਸ ਨੇ ਫੌਜ ਦੀ ਅਗਵਾਈ ਕਰ ਕੇ ਤਿਬਤੀ ਗੋਰਖਿਆਂ ਤੋਂ ਪਹਾੜੀ ਰਿਆਸਤਾਂ ਨੂੰ ਬਚਾਇਆ।
ਸਿੱਖ ਇਤਿਹਾਸ ਵਿਚ ਇਹ ਮਾਣ ਵੀ ਕਰਮ ਸਿੰਘ ਨੂੰ ਹਾਸਿਲ ਹੋਇਆ ਕਿ ਉਸ ਨੇ ਦਰਜਨਾ ਗੁਰਦੁਆਰਿਆਂ ਦੀਆਂ ਈਮਰਤਾਂ ਬਣਾਈਆਂ। ਮਾਲਵੇ ਦੇ ਸਾਰੇ ਵੱਡੇ ਗੁਰਦੁਆਰੇ ਉਸ ਨੇ ਆਪਣੇ ਖਰਚ ਤੇ ਬਣਵਾਏ ਤੇ ਹਰ ਗੁਰਦੁਆਰੇ ਨਾਲ ਕਈ-ਕਈ ਏਕੜ ਜ਼ਮੀਨ ਲਾਈ।
ਮਹਾਰਾਜਾ ਕਰਮ ਸਿੰਘ ਦੇ ਪੋਤਰੇ ਮਹਾਰਾਜਾ ਭੁਪਿੰਦਰ ਸਿੰਘ ਦਾ ਜ਼ਮਾਨਾਂ ਰੰਗਦਾਰ ਇਤਿਹਾਸ ਹੋਇਆ ਹੈ, ਪਰ ਸਿੱਖੀ ਦੀ ਸੇਵਾ ਉਸ ਦੇ ਲੇਖੇ ਵਿਚ ਵੀ ਆਈ ਸੀ। 1923 ਵਿਚ ਨਵੇਂ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਹੋਈ ਤਾਂ “ਸੇਵਕ ਕਉ ਸੇਵਾ ਬਨਿ ਆਈ” ਦੇ ਵਾਕ ਮੁਤਾਬਿਕ ਉਸ ਨੇ ਸਰੋਵਰ ਦੀ ਗਾਰ ਨੂੰ ਸਿਰ ਤੇ ਚੁੱਕ ਕੇ ਸਾਬਿਤ ਕੀਤਾ ਕਿ ਸਿਰ ਤੇ ਤਾਜ ਪਹਿਣ ਕੇ ਵੀ ਇਕ ਨਿਮਾਣੇ ਸਿੱਖ ਵਾਂਗ ਸੇਵਾ ਕਰਨਾ ਮਾਣ ਵਾਲੀ ਗੱਲ ਹੈ। ਇਹ ਮਹਾਰਾਜਾ ਭੂਪਿੰਦਰ ਸਿੰਘ ਹੀ ਸੀ, ਜਿਸ ਨੇ ਸ. ਕਰਮ ਸਿੰਘ ਹਿਸਟੋਰੀਅਨ ਨੂੰ ਸਟੇਟ ਹਿਸਟੋਰੀਅਨ ਦਾ ਦਰਜਾ ਦੇ ਕੇ ਸਹੂਲਤਾਂ ਤੇ ਮਾਣ ਦਿੱਤਾ। ਇਹ ਮਹਾਰਾਜਾ ਭੁਪਿੰਦਰ ਸਿੰਘ ਹੀ ਸੀ ਜਿਸ ਨੇ 1931 ਵਿਚ ਆਪਣੇ ਖਰਚੇ 'ਤੇ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਛਪਵਾਇਆ। ਵਰਨਾ ਪਤਾ ਨਹੀਂ ਸਾਡੇ ਕੋਲ ਮਹਾਨ ਕੋਸ਼ ਪੁੱਜਦਾ ਵੀ ਕਿ ਨਹੀਂ। ਮਹਾਰਾਜਾ ਭੁਪਿੰਦਰ ਸਿੰਘ ਨੇ ਪੰਡਤ ਤਾਰਾ ਸਿੰਘ ਨਰੋਤਮ ਤੇ ਗਿਆਨੀ ਗਿਆਨ ਸਿੰਘ ਨੂੰ ਵੀ ਆਪਣੀਆਂ ਕਿਤਾਬਾਂ ਲਿਖਣ ਵਾਸਤੇ ਚੋਖੀ ਰਕਮ ਦਿੱਤੀ। 1935 ਵਿਚ ਦੋਵਾਂ ਦੀ ਭੁਚਾਲਾਂ ਵੇਲੇ ਵੀ ਮਹਾਰਾਜਾ ਭੁਪਿੰਦਰ ਸਿੰਘ ਨੇ ਬੜੀ ਮਦਦ ਦਿੱਤੀ।
1920 ਵਿਚ ਜਦੋਂ ਰਾਵੀ ਦਰਿਆ ਗੁਰੂ ਨਾਨਕ ਸਾਹਿਬ ਦੇ ਵਸਾਏ ਨਗਰ ਕਰਤਾਰਪੁਰ ਨੂੰ ਰੋੜ੍ਹ ਦੇਣ ਲਗਾ ਤਾਂ ਮਹਾਰਾਜਾ ਭੂਪਿੰਦਰ ਸਿੰਘ ਨੇ ਇਕ ਲੱਖ ਤੀਹ ਹਜ਼ਾਰ ਰੁਪੈ ਖਰਚ ਕੇ ਇਸ ਦਰਿਆ ਦੇ ਬੰਨੇ 'ਤੇ ਪੱਥਰਾਂ ਤੇ ਕੰਕਰੀਟ ਦਾ ਪੱਕਾ ਬੰਨ੍ਹ ਬਣਾ ਕੇ ਇਸ ਨਗਰ ਨੂੰ ਸਦਾ ਵਾਸਤੇ ਮਿਟ ਜਾਣ ਤੋਂ ਬਚਾ ਲਿਆ। ਇਸ ਸੇਵਾ ਸਬੰਧੀ ਇਕ ਪੱਥਰ ਅੱਜ ਵੀ ਉਥੇ ਲੱਗਾ ਹੋਇਆ ਹੈ।
ਮਹਾਰਾਜਾ ਭੁਪਿੰਦਰ ਕੋਲੋਂ ਇਕ ਵੱਡੀ ਗਲਤੀ ਵੀ ਹੋਈ। ਉਸ ਦੇ ਹੱਥੋਂ ਸ੍ਰ. ਸੇਵਾ ਸਿੰਘ ਠੀਕਰੀ ਵਾਲਾ ਸ਼ਹੀਦ ਹੋਇਆ। ਉਸ ਨੇ ਸੇਵਾ ਸਿੰਘ ਦੇ ਦੋਸਤ ਹਰਚੰਦ ਸਿੰਘ ਜੇਜੀ ਨੂੰ ਦੇਸ ਨਿਕਾਲਾ ਦਿੱਤਾ। ਪਰ ਉਸ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੇ ਸ. ਸੇਵਾ ਸਿੰਘ ਤੇ ਸ. ਹਰਚੰਦ ਸਿੰਘ ਜੇਜੀ ਨਾਲ ਟੁੱਟੀ ਗੰਢਣ ਵਾਸਤੇ ਸ. ਹਰਚੰਦ ਸਿੰਘ ਜੇਜੀ ਦੀ ਬੇਟੀ ਨਾਲ ਸ਼ਾਦੀ ਕਰ ਕੇ ਇਕ ਸੱਚੇ ਪੰਥਕ ਪਰਵਾਰ ਨਾਲ ਰਿਸ਼ਤਾ ਗੰਢਿਆ। ਉਸ ਨੇ 1966 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਇੰਗਲੈਂਡ ਚੋਂ ਲਿਆਉਣ ਵਿਚ ਅਹਿਮ ਰੋਲ ਅਦਾ ਕੀਤਾ। 1947 ਵਿਚ ਜਦੋਂ ਪਾਕਿਸਤਾਨ ਬਣਨ ਤੇ ਲੱਖਾਂ ਸਿੱਖ ਪੱਛਮੀ ਪੰਜਾਬ ਚੋਂ ਉਜੜ ਕੇ ਆਏ ਤਾਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਪਟਿਆਲਾ ਰਿਆਸਤ ਵਿਚ ਵਸਾ ਕੇ ਲੱਖਾਂ ਸਿੱਖ ਪਰਵਾਰਾਂ ਦੀ ਮਦਦ ਕੀਤੀ। ਇਨ੍ਹਾਂ ਵਿਚ ਬਾਬਾ ਸੰਗਤ ਸਿੰਘ ਦੋਮਾਲੀਅ ਤੇ ਬਾਬਾ ਪ੍ਰੇਮ ਸਿੰਘ ਹੋਤੀ ਵਰਗੇ ਸਿੱਖ ਵੀ ਸ਼ਾਮਿਲ ਸਨ। ਉਨ੍ਹਾਂ 1942, 1952 ਤੇ 1961 ਵਿਚ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਪ੍ਰਧਾਨਗੀ ਵੀ ਕੀਤੀ। ਆਪਣੇ ਬਾਪ ਵਾਂਗ ਯਾਦਵਿੰਦਰ ਸਿੰਘ ਨੇ ਵੀ 1973 ਵਿਚ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲਿਆ।
ਪਟਿਆਲਾ ਰਾਜ ਘਰਾਣੇ ਦੀ ਪੰਥ ਵਾਸਤੇ ਸੇਵਾ ਵਿਚ ਹਿੱਸਾ ਪਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਅੱਗੇ ਨਿਕਲ ਗਿਆ। ਉਹ 1984 ਵਿਚ ਕਾਂਗਰਸ ਦਾ ਐਮ.ਪੀ. ਸੀ। ਜੂਨ 1984 ਵਿਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਖਿਲਾਫ ਉਸ ਨੇ ਪਾਰਲੀਮੈਂਟ ਤੋਂ ਵੀ ਤੇ ਕਾਂਗਰਸ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਤੇ ਸਾਬਿਤ ਕੀਤਾ ਕਿ ਭਾਵੇਂ ਬਾਦਲ, ਟੌਹੜਾ ਤੇ ਲੌਂਗੋਵਾਲ ਨੇ ਹੱਥ ਖੜੇ ਕਰ ਕੇ ਫੌਜ ਅੱਗੇ ਹਥਿਆਰ ਸੁੱਟੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਹਕੂਮਤ ਦੇ ਸੁੱਖ ਨੂੰ ਲੱਤ ਮਾਰੀ ਸੀ। ਇਸ ਕੈਪਟਨ ਦੀ ਕੁਰਬਾਨੀ ਵੇਖ ਕੇ ਧਰਮੀ ਫੌਜੀ ਵੀ ਬੈਰਕਾਂ ਛੱਡ ਕੇ ਨਿਕਲਣ 'ਚ ਮਾਣ ਮਹਿਸੂਸ ਕਰਨ ਲਗ ਪਏ ਸਨ।
ਕੈਪਟਨ ਅਮਰਿੰਦਰ ਸਿੰਘ 1985 ਵਿਚ ਵਜ਼ੀਰ ਬਣੇ। 30 ਅਪ੍ਰੈਲ 1986 ਦੇ ਦਿਨ ਪੰਜਾਬ ਦੇ ਚੀਫ਼ ਮਨਿਸਟਰ ਸੁਰਜੀਤ ਸਿੰਘ ਬਰਨਾਲਾ ਨੇ ਬਿਨਾਂ ਕਾਰਨ ਦਰਬਾਰ ਸਾਹਿਬ ਵਿਚ ਪੁਲਿਸ ਭੇਜ ਦਿੱਤੀ। ਪੰਥਕ ਅਖਵਾਉਣ ਵਾਲੇ 45 ਅਕਾਲੀ ਐਮ.ਐਲ.ਏਜ਼. ਨੇ ਸੁਰਜੀਤ ਬਰਨਾਲੇ ਵਲੋਂ ਦਰਬਾਰ ਸਾਹਿਬ ਤੇ ਹਮਲੇ ਦੀ ਹਿਮਾਇਤ ਕੀਤੀ। ਪਰ ਕੈਪਟਨ ਅਮਰਿੰਦਰ ਸਿੰਘ ਨੇ 1984 ਵਾਲਾ ਪ੍ਰਣ ਦੋਹਰਾਇਆ ਅਤੇ ਵਜ਼ੀਰੀ ਨੂੰ ਠੋਕਰ ਮਾਰ ਕੇ ਸੱਚੇ ਪੰਥਕ ਸਿੱਖ ਵਾਂਗ ਕੁਰਬਾਨੀ ਦਾ ਸਬੂਤ ਦਿੱਤਾ। ਅਗਲੇ ਦਸ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਤੋਂ ਬਾਹਰ ਰਹਿ ਕੇ ਪੰਥ ਦੀ ਸੇਵਾ ਕੀਤੀ। ਜਦ ਪਹਿਲੀ ਮਈ 1994 ਦੇ ਦਿਨ ਅਕਾਲ ਤਖ਼ਤ ਤੋਂ ਸਾਂਝਾ ਅਕਾਲੀ ਦਲ ਬਣਾਇਆ ਗਿਆ ਤਾਂ ਇਸ ਦੀ ਸੈਂਟਰਲ ਕੈਬਨਿਟ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੁਣਿਆ ਗਿਆ।
ਪਰ ਕੁਝ ਦਿਨ ਮਗਰੋਂ ਹੀ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਸ ਵਿਚ ਸਮਝੌਤਾ ਕਰ ਲਿਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਕੈਪਟਨ ਦੀ ਪੰਥ ਵਾਸਤੇ ਦੋ ਵਾਰ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰ ਕੇ ਉਸ ਨੂੰ ਅਸੈਬਲੀ ਦੀ ਟਿਕਟ ਵੀ ਨਾ ਦਿੱਤੀ ਗਈ। ਇਸ ਦੇ ਮੁਕਾਬਲੇ ਵਿਚ ਸਮਗਰਲਰ, ਦਸ ਨੰਬਰੀਏ ਤੇ ਮਾੜੇ ਆਚਰਣ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ।
1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣ ਗਈ। ਬਾਦਲ ਨੇ ਪੰਥ ਦੇ ਨਾਂ ਤੇ ਚੋਣਾਂ ਜਿੱਤੀਆਂ ਸਨ। ਉਸ ਨੇ ਵਾਅਦਾ ਕੀਤਾ ਸੀ ਉਹ ਜੇਲ੍ਹਾਂ ਵਿਚ ਬੈਠੇ ਸਿੰਘ ਰਿਹਾ ਕਰੇਗਾ, ਦੋਸ਼ੀ ਪੁਲਸੀਆਂ ਨੂੰ ਸਜ਼ਾ ਦਿਵਾਏਗਾ ਤੇ ਪੰਥ ਦੇ ਹੋਰ ਮਸਲੇ ਵੀ ਹੱਲ ਕਰਾਏਗਾ। ਪਰ ਹੋਇਆ ਐਨ ਉਲਟ। ਉਸ ਨੇ ਇਕ ਵੀ ਖਾੜਕੂ ਰਿਹਾ ਨਾ ਕਰਵਾਇਆ। ਉਸ ਨੇ ਪੁਲਸੀਆਂ ਦੀ ਪੂਰੀ ਹਿਫ਼ਾਜਤ ਕੀਤੀ। ਜਿੰਨੇ ਵੀ ਪਲਿਸ ਦੋਸ਼ੀਆਂ ਤੇ ਕੇਸ ਬਣੇ ਸਨ ਉਹ ਕਾਂਗਰਸੀ ਚੀਫ਼ ਮਨਿਸਟਰਾਂ ਹਰਚਰਨ ਸਿੰਘ ਤੇ ਰਜਿੰਦਰ ਕੌਰ ਭੱਠਲ ਵੇਲੇ ਬਣੇ ਸਨ। ਬਾਦਲ ਦਾ ਇਹ ਦੋਗਲਾਪਣ ਵੇਖ ਕੇ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਏ।
ਬਾਦਲ ਨੇ ਊਧਮ ਸਿੰਘ ਨਗਰ ਦੇ ਪੰਜਾਬੀਆਂ ਨਾਲ ਵੀ ਧੋਖਾ ਕੀਤਾ। ਬਾਦਲ ਨੇ ਹਰਿਆਣਾ ਤੋਂ ਇਕ ਕਰੋੜ ਰੁਪੈ ਲੈ ਕੇ ਸਤਲੁਜ ਯਮੁਨਾ ਲਿੰਕ ਨਹਿਰ ਬਣਾ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਮੰਨ ਲਿਆ ਤੇ ਇਸ ਦੇ ਬਦਲੇ ਇਨਾਮ ਵਿਚ ਕੌਡੀਆਂ ਦੇ ਭਾਅ ਜ਼ਮੀਨ ਲੈ ਕੇ ਉਸ 'ਤੇ ਆਰਬਿਟ ਰਿਜ਼ਾਰਟ ਵਰਗਾ ਪੰਜ ਸਿਤਾਰਾ ਹੋਟਲ ਬਣਾਇਆ। ਬਾਦਲ ਨੇ ਹਰਿਆਣੇ ਨੂੰ ਇਸ ਨਹਿਰ ਨੂੰ ਬਣਾ ਕੇ ਦੇਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਸ ਨੇ ਪੰਜਾਬ ਦੀ 9 ਲੱਖ ਏਕੜ ਜ਼ਮੀਨ ਬੰਜਰ ਹੋਣ ਤੇ 18 ਲੱਖ ਲੋਕਾਂ ਦੀ ਰੋਜ਼ੀ ਰੋਟੀ ਬਚਾਉਣ ਵਾਸਤੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ ਕੀਤਾ। ਬਾਦਲ ਦੀ ਹਿਮਾਇਤੀ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਵਿਚ ਕੈਪਟਨ ਦੇ ਖਿਲਾਫ਼ ਖੂਬ ਭੜਾਸ ਕੱਢੀ ਤੇ ਸਾਬਿਤ ਕੀਤਾ ਕਿ ਭਾਜਪਾ ਪੰਜਾਬ ਦੀ ਦੁਸ਼ਮਣ ਪਾਰਟੀ ਹੈ। ਪਰ ਬਾਦਲ ਨੇ ਭਾਜਪਾ ਨਾਲ ਜੱਫੀ ਪਾਈ ਰੱਖੀ ਅਤੇ ਉਨ੍ਹਾਂ ਪੰਜਾਬ ਦੁਸ਼ਮਣਾਂ ਦੀ ਹਰ ਸਿੱਖ ਧਾਰਮਿਕ ਸਮਾਗਮ ਵਿਚ ਬੁਲਾ ਕੇ ਸਨਮਾਨ ਕੀਤਾ ਤੇ ਸ਼ਾਨ ਬਣਾਈ।
ਬਾਦਲ ਸਰਕਾਰ ਪੰਜ ਸਾਲ ਬਣੀ ਰਹੀ। ਪਰ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਾਸਤੇ ਐਲੀਵੇਟਡ ਸੜਕ ਵੀ ਨਾ ਬਣਾ ਸਕਿਆ। ਇਹ ਪੰਥਕ ਸੇਵਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਬਾਦਲ ਨੇ ਆਪਣੀ ਹਕੂਮਤ ਵੇਲੇ ਰਾਧਾ ਸੁਆਮੀ ਡੇਰੇ ਬਿਆਸ ਵਾਸਤੇ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਸੇਲਜ਼ ਟੈਕਸ ਖ਼ਤਮ ਕੀਤਾ ਪਰ ਦਰਬਾਰ ਸਾਹਿਬ ਵਾਸਤੇ ਇਹ ਟੈਕਸ ਖ਼ਤਮ ਨਾ ਕੀਤਾ। ਇਹ ਪੰਥਕ ਸੇਵਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਵਿਚ ਪਈ।
ਨਨਕਾਣਾ ਸਾਹਿਬ ਵਾਸਤੇ ਬੱਸ ਵੀ ਕੈਪਟਨ ਨੇ ਚਲਾਈ। ਬਾਦਲ ਦੀ ਸਰਕਾਰ ਵੇਲੇ ਖਾਲਸਾ ਪ੍ਰਗਟ ਕਰਨ ਦੀ ਤੀਜੀ ਸ਼ਤਾਬਦੀ ਮਨਾਈ ਗਈ। ਇਸ ਵਾਸਤੇ ਕੇਂਦਰ ਨੇ 50 ਕਰੋੜ ਰੁਪੈ ਖਾਲਸਾ ਹੈਰੀਟੇਜ ਕੰਪਲੈਕਸ ਵਾਸਤੇ ਦਿੱਤੇ। ਇਸ ਤੋਂ ਇਲਾਵਾ ਵਾਜਪਾਈ ਸਰਕਾਰ ਨੇ ਪੰਜਾਬ ਨੂੰ ਇਕ ਖੋਟਾ ਪੈਸਾ ਵੀ ਨਹੀਂ ਦਿੱਤਾ, ਨਾ ਪੰਜਾਬ ਵਾਸਤੇ, ਨਾ ਸ਼ਤਾਬਦੀਆਂ ਵਾਸਤੇ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੇਂਦਰ ਤੋਂ ਹਜ਼ਾਰਾਂ ਕਰੋੜਾਂ ਰੁਪਿਆਂ ਦੇ ਪ੍ਰਾਜੈਕਟ ਲੁਆਏ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲੋਂ ਅੰਮ੍ਰਿਤਸਰ ਗਲਿਆਰਾ ਪ੍ਰਾਜੈਕਟ ਵਾਸਤੇ 80 ਕਰੋੜ ਰੁਪੈ ਦਿਵਾਏ । ਗੁਰੂ ਗ੍ਰੰਥ ਸਾਹਿਬ ਦੀ ਚੌਥੀ ਸ਼ਤਾਬਦੀ ਵਾਸਤੇ 26 ਕਰੋੜ ਰੁਪੈ ਨਾਲ ਅੰਮ੍ਰਿਤਸਰ ਵਿਚ ਇਕ ਰਿਸਰਚ ਇੰਸਟੀਚਿਊਟ ਬਣਵਾਈ, ਖਾਲਸਾ ਹੈਰੀਟੇਜ਼ ਕੰਪਲੈਕਸ ਵਾਸਤੇ ਕਰੋੜ ਰੁਪੈ ਦੀ ਗਰਾਂਟ ਦਿਵਾਈ।
ਇਹ ਤਾਂ ਸਨ ਕੇਂਦਰ ਦੀਆਂ ਗਰਾਂਟਾਂ। ਪੰਜਾਬ ਸਰਕਾਰ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼ਤਾਬਦੀ ਦੀ ਯਾਦ ਵਿਚ ਚਮਕੌਰ ਸਾਹਿਬ ਵਿਚ ਥੀਮਪਾਰਕ ਬਣਾਇਆ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਸ਼ਹੀਦੀਆਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਵਿਚ ਚਾਰ ਇਤਿਹਾਸਕ ਗੇਟ ਉਸਾਰੇ। ਮੁਕਤਸਰ ਦੇ 40 ਸ਼ਹੀਦਾਂ ਦੀ ਯਾਦ ਵਿਚ ਮੀਨਾਰੇ-ਮੁਕਤਾ ਬਣਾਇਆ। ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦੀ ਸ਼ਤਾਬਦੀ ਤਰਨਤਾਰਨ ਸਾਹਿਬ ਵਿਚ ਮਨਾਈ ਅਤੇ ਗੁਰੂ ਸਾਹਿਬ ਦੇ ਵਸਾਏ ਤਰਨਤਾਰਨ ਨੂੰ ਜਿਲ੍ਹਾ ਬਣਾ ਦਿੱਤਾ।
ਉਸ ਨੇ ਗੁਰੂ ਅੰਗਦ ਸਾਹਿਬ ਦੇ ਨਾਂ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਬਣਾਈ। ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ "ਪੇਂਡੂ ਯੂਨੀਵਰਸਿਟੀ" ਬਣਾਈ। ਉਸ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਨਗਰ ਨਨਕਾਣਾ ਸਾਹਿਬ ਨੂੰ ਜਿ਼ਲ੍ਹੇ ਦਾ ਦਰਜਾ ਦਿਵਾਇਆ ਅਤੇ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਪਾਕਿਸਤਾਨ ਵਿਚ ਯੂਨੀਵਰਸਿਟੀ ਬਣਵਾਈ। ਉਸ ਨੇ ਧਰਮੀ ਫੌਜੀਆਂ ਅਤੇ ਨਵੰਬਰ 1984 ਦੇ ਘੱਲੂਘਾਰੇ ਦੀਆਂ ਵਿਧਵਾਵਾਂ ਤੇ ਦੂਜੇ ਵਾਰਿਸਾਂ ਨੂੰ ਮੁਆਵਜ਼ਾ ਦਿੱਤਾ।
ਸ਼ਤਾਬਦੀਆਂ ਬਾਦਲ ਅਕਾਲੀ ਦਲ ਨੇ ਵੀ ਮਨਾਈਆਂ ਸਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਖਰਚੇ ਕਰਵਾ ਕੇ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਪਾਰਟੀ ਭਾਜਪਾ ਦੇ ਆਗੂਆਂ ਦਾ ਸਨਮਾਨ ਕੀਤਾ ਜਦ ਕਿ ਕੈਪਟਨ ਸਰਕਾਰ ਨੇ ਆਪਣੇ ਸਮਾਗਮਾਂ ਵਿਚ ਕਿਸੇ ਪੰਜਾਬੀ ਵਿਰੋਧੀ ਨੂੰ ਸਟੇਜ ਤੇ ਵੀ ਨਹੀਂ ਬਿਠਾਇਆ।
ਪਾਟਿਆਲਾ ਦੇ ਸ਼ਾਹੀ ਘਰਾਣੇ ਦੇ ਇਤਿਹਾਸ ਵਿਚ ਜੋ ਦੇਣ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ ਉਹ ਲਾਸਾਨੀ ਹੈ। ਫੂਲ ਬੰਸ ਦੇ ਇਤਿਹਾਸ ਵਿਚ ਉਸ ਦਾ ਨਾਂ ਸ਼ਰਧਾ ਨਾਲ ਲਿਆ ਜਾਵੇਗਾ। ਪੰਜਾਬ ਦਾ ਇਤਿਹਾਸ ਉਸ ਤੇ ਮਾਣ ਕਰੇਗਾ। ਸਿੱਖ ਤਵਾਰੀਖ ਉਸ ਨੂੰ "ਪੰਜਾਬ ਅਤੇ ਪੰਥ ਦਾ ਦਲੇਰ ਸਪੁੱਤਰ" ਆਖ ਕੇ ਸਤਿਕਾਰ ਦੇਵੇਗੀ। ਜੋ ਲੋਕ ਆਪਣੇ ਆਪ ਨੂੰ ਅਕਾਲੀ ਕਹਿੰਦੇ ਹਨ ਤੇ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਹਨ, ਉਹ ਪੰਥ ਦੁਸ਼ਮਣਾਂ ਦੇ ਭਾਈਵਾਲ ਅਤੇ ਚਾਪਲੂਸ ਹਨ। ਉਹ ਅਕਾਲੀ ਅਖਵਾ ਕੇ ਵੀ ਪੰਥ ਨੂੰ ਪਿੱਠ ਦਿਖਾਂਦੇ ਹਨ। ਨਾ ਉਹ ਪੰਥ ਦੇ ਹਨ, ਨਾ ਪੰਜਾਬ ਦੇ।
ਪਰ ਪੰਥ ਦੀ ਗੱਲ ਹੋਵੇ ਜਾਂ ਪੰਜਾਬ ਦੀ, ਕੁਰਬਾਨੀ ਦਲੇਰੀ, ਸੇਵਾ, ਸ਼ਰਧਾ ਤੇ ਸੱਚੀ ਸਿੱਖੀ ਦਾ ਚਿੰਨ੍ਹ ਬਣ ਕੇ ਦਿਖਾਇਆ ਹੈ ਕੈਪਟਨ ਅਮਰਿੰਦਰ ਸਿੰਘ ਨੇ। ਇਹ ਗੁਣ ਉਸ ਨੂੰ ਆਪਣੇ ਖ਼ਾਨਦਾਨ ਦੀ ਤਵਾਰੀਖ ਦੇ ਵਿਰਸੇ ਵਿਚ ਮਿਲਿਆ ਸੀ।
(ਸੰਪਾਦਕੀ ਨੋਟ:- ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਹਮਾਇਤੀ ਜਾਂ ਵਿਰੋਧੀ ਹਾਂ। ਇਹ ਲੇਖ ਸਿੱਖ ਇਤਿਹਾਸ ਨਾਲ ਸੰਬੰਧਤ ਹੋਣ ਦੇ ਕਾਰਨ ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ)
.