.

ਸਿੱਖ ਧਰਮ ਵਿੱਚ ਧੁਰ ਕੀ ਬਾਣੀ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

ਸਭ ਤੋਂ ਪੁਰਾਣੇ ਧਰਮਾਂ ਵਿਚੋਂ ਯਹੂਦੀ ਧਰਮ ਨੇ ਆਪਣੇ ਪੈਗੰਬਰਾਂ ਦੀ ਬਾਣੀ ਨੂੰ ਲਿਖਤੀ ਰੂਪ ਦੇਣ ਦਾ ਉਪਰਾਲਾ ਕਰਨ ਵਿੱਚ ਪਹਿਲ ਕੀਤੀ ਸੀ । ਉਸ ਵੇਲੇ ਦੇ ਲਿਖਣ ਢੰਗ ਵਿੱਚ ਵਿਅੰਜਣ ਅੱਖਰ ਹੀ ਵਰਤੇ ਜਾਂਦੇ ਸਨ, ਜਿਵੇਂ, 'ਵ' ਅਤੇ 'ਲ' । ਇਨ੍ਹਾ ਦੋ ਅੱਖਰਾਂ ਤੋਂ ਕਈ ਸ਼ਬਦ ਜਨਮ ਲੈ ਸਕਦੇ ਹਨ; ਮਿਸਾਲ ਦੇ ਤੌਰ ਉਤੇ, ਵਲ, ਵਾਲ, ਵੇਲ, ਵੇਲਾ, ਵੈਲ, ਆਦਿਕ। ਇਹਨਾ ਸ਼ਬਦਾਂ ਵਿਚੋਂ ਸਹੀ ਸ਼ਬਦ ਦਾ ਉਚਾਰਨ ਸਮਝਣਾ ਬੜਾ ਔਖਾ ਸੀ। ਸ਼ਬਦਾਂ ਨੂੰ ਅੱਜਕਲ੍ਹ ਦੇ ਢੰਗ ਨਾਲ ਲਿਖਣਾ ਦਸਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ ਜਦੋਂ ਸਵਰ ਅੱਖਰਾਂ ਦੀ ਵਰਤੋਂ ਅਰੰਭ ਹੋਈ ਸੀ। ਇਹ ਸਿਆਰੀ ,ਿ ਹੋੜਾ ੋ , ਦੁਲਾਂਵਾਂ ੈ , ਆਦਿਕ ਹਨ। ਅੱਜ ਤੋਂ ਕੋਈ ਦੋ ਕੁ ਹਜ਼ਾਰ ਸਾਲ ਪਹਿਲਾਂ ਯੱਸੂ ਮਸੀਹ ਪੈਦਾ ਹੋਇਆ ਸੀ। ਉੱਸ ਦਾ ਜਨਮ ਯਹੂਦੀ ਧਰਮ ਵਿੱਚ ਹੋਇਆ ਸੀ ਪਰ ਉਸ ਨੇ ਇਸ ਧਰਮ ਦੇ ਰਸਮਾਂ ਰਿਵਾਜਾਂ ਨੂੰ ਉੱਸ ਵਕਤ ਦੀ ਲੋੜ ਪੂਰੀ ਕਰਨ ਵਿੱਚ ਅਪੂਰਨ ਸਮਝਿਆ ਸੀ। ਉਸ ਨੇ ਯਹੂਦੀ ਧਰਮ ਵਿੱਚ ਨਵੇਂ ਰਸਮ ਰਿਵਾਜ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਉਸ ਦੇ ਪੈਰੋਕਾਰਾਂ ਨੇ ਨਵਾਂ ਧਰਮ ਚਲਾ ਕੇ ਯੱਸੂ ਮਸੀਹ ਦੇ ਨਿਯਮਾਂ ਦੀ ਪਾਲਣਾ ਕਰਨੀ ਅਰੰਭ ਕਰ ਦਿੱਤੀ ਸੀ। ਇਸ ਧਰਮ ਦੀ ਪੁਸਤਕ ਵੀ ਕਾਫੀ ਸਮਾਂ ਪਾ ਕੇ ਹੀ ਲਿਖਣੀ ਸ਼ੁਰੂ ਹੋਈ ਸੀ। ਪਹਿਲੋਂ ਪਹਿਲ ਇਹ ਪੁਸਤਕ ਤਿੰਨ ਵੱਖਰੀਆਂ ਬੋਲੀਆਂ ਵਿੱਚ ਤਿੰਨ ਥਾਵਾਂ ਉਤੇ ਵੱਖਰੇ ਵੱਖਰੇ ਲੋਕਾਂ ਨੇ ਲਿਖੀ ਸੀ। ਇਹ ਲੋਕ ਸਨ ਯੁਨਾਨ ਦੇ ਵਾਸੀ, ਅਰਮੀਨੀਆ ਦੇ ਵਾਸੀ ਅਤੇ ਅਰਬ ਦੇਸ਼ਾਂ ਦੇ ਈਸਾਈ। ਇਸ ਤਿੰਨਾਂ ਬੋਲੀਆਂ ਵਿੱਚ ਲਿਖੀ ਪੁਸਤਕ ਵਿੱਚ ਬਹੁਤ ਗੱਲ਼ਾਂ ਨਹੀਂ ਸਨ ਰਲ਼ਦੀਆਂ। ਪਿਛਲੇ ਕਈ ਸੈਂਕੜੇ ਸਾਲਾਂ ਤੋਂ ਇਹਨਾ ਨੂੰ ਇਕਸਾਰ ਕਰਨ ਦਾ ਉਪਰਾਲਾ ਜਾਰੀ ਹੈ ਅਤੇ ਕੁਝ ਪਰਗਤੀ ਵੀ ਹੋਈ ਹੈ। ਇਸਲਾਮ ਦਾ ਬਾਨੀ ਹਜ਼ਰਤ ਮੁਹੱਮਦ ਸੀ ਜਿੱਸ ਨੇ ਕੁਰਾਨ ਸ਼ਰੀਫ਼ ਆਪਣੇ ਸਾਥੀਆਂ ਨੂੰ ਲਿਖਵਾਇਆ ਸੀ ਅਤੇ ਉਸ ਦੀ ਮੌਤ ਪਿਛੋਂ ਇਹ ਪੁਸਤਕ ਸੰਪੂਰਨ ਰੂਪ ਵਿੱਚ ਛਾਪੀ ਗਈ ਸੀ। ਧਾਰਮਿਕ ਇਤਿਹਾਸ ਵਿੱਚ ਹਿੰਦੂ ਧਰਮ ਦਾ ਕੋਈ ਬਾਨੀ ਨਹੀਂ ਮਿਲਦਾ। ਇਸ ਦੀ ਕੋਈ ਇੱਕ ਧਰਮ ਪੁਸਤਕ ਵੀ ਨਹੀਂ ਹੈ। ਇਸ ਦੀਆਂ ਚਾਰ ਪੁਸਤਕਾਂ ਵੇਦ ਹਨ ਅਤੇ ਇਸ ਪਿਛੋਂ ਰਾਮਾਇਣ ਅਤੇ ਮਹਾਭਾਰਤ ਹਨ। ਗੀਤਾ ਮਹਾਭਰਤ ਦਾ ਹੀ ਇੱਕ ਭਾਗ ਹੈ। ਸਿੱਖ ਧਰਮ ਦਾ ਬਾਨੀ ਗੁਰੂ ਨਾਨਕ ਜੀ ਸੀ ਅਤੇ ਉਹਨਾ ਨੇ ਆਪਣੀ ਬਾਣੀ ਅਤੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ। ਗੁਰਗੱਦੀ ਦੇਣ ਵੇਲੇ ਗੁਰੂ ਅੰਗਦ ਜੀ ਨੂੰ ਇਹ ਪੋਥੀ ਦਿੱਤੀ ਸੀ। ਉਸ ਤੋਂ ਪਿਛੋਂ ਇਹ ਪੋਥੀ ਉਤਰ-ਅਧਿਕਾਰੀ ਗੁਰੂ ਸਾਹਿਬਾਨ ਨੂੰ ਦਿੱਤੀ ਜਾਂਦੀ ਰਹੀ ਹੈ। ਹਰ ਗੁਰੂ ਸਾਹਿਬ ਆਪਣੀ ਬਾਣੀ ਇਸ ਪੋਥੀ ਵਿੱਚ ਸ਼ਾਮਲ ਕਰਦਾ ਸੀ ਅਤੇ ਗੁਰਗੱਦੀ ਦੇਣ ਵੇਲੇ ਉਤਰ-ਅਧਿਕਾਰੀ ਗੁਰੂ ਸਾਹਿਬ ਨੂੰ ਇਹ ਪੋਥੀ ਦੇਂਦਾ ਸੀ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਗੁਰਬਾਣੀ ਦਰਜ ਕੀਤੀ ਮਿਲਦੀ ਹੈ। ਇਸ ਪੋਥੀ ਦੀ ਹੋਂਦ ਦੇ ਸਬੂਤ ਵਿੱਚ ਗੁਰੂ ਅਰਜਨ ਜੀ ਦਾ ਗੁਰੂ ਵਾਕ ਹੇਠਾਂ ਦਿੱਤਾ ਗਿਆ ਹੈ।

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ

ਤਾ ਮੈਰੇ ਮਨਿ ਭਇਆ ਨਿਧਾਨਾ

ਰਤਨ ਲਾਲ ਜਾ ਕਾ ਕਛੂ ਨ ਮੋਲੁ

ਭਰੇ ਭੰਡਾਰ ਅਖੂਟ ਅਤੋਲ 2311001.1

ਗਾਉੜੀ ਮ:5 ਅ:ਗ:ਗ:ਸ: ਪੰਨਾ 186

ਬਹੁਤ ਸਾਰੇ ਧਰਮਾਂ ਦਾ ਦਾਅਵਾ ਹੈ ਕਿ ਧਾਰਮਿਕ ਬਾਣੀ ਸੰਸਾਰ ਦੇ ਸਿਰਜਨਹਾਰ ਨੇ ਉਸ ਧਰਮ ਦੇ ਪੈਗ਼ੰਬਰ ਜਾਂ ਪੈਗ਼ੰਬਰਾਂ ਰਾਹੀਂ ਉਸ ਧਰਮ ਦੇ ਪੈਰੋਕਾਰਾਂ ਵਾਸਤੇ ਭੇਜੀ ਹੈ। ਇਸ ਨੂੰ ਆਮ ਲੋਕਾਂ ਦੀ ਬੋਲੀ ਵਿੱਚ ਪਰਗਟ ਹੋਈ ਬਾਣੀ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਗੁਰਬਾਣੀ ਦੇ ਪਰਗਟ ਹੋਣ ਨੂੰ ਧੁਰ ਕੀ ਬਾਣੀ ਦੇ ਨਾਮ ਨਾਲ ਵੀ ਪੁਕਾਰਿਆ ਗਿਆ ਹੈ। ਸਿੱਖ ਧਰਮ ਵਿੱਚ ਗੁਰਬਾਣੀ ਦੇ ਪਰਗਟ ਹੋਣ ਬਾਰੇ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਆਪ ਹੀ ਆਪਣੀ ਬਾਣੀ ਵਿੱਚ ਆਖਿਆ ਹੈ ਕਿ ਇਹ ਬਾਣੀ ਸਾਨੂੰ ਅਕਾਲਪੁੁਰਖ ਵਲੋਂ ਪਰਗਟ ਹੋਈ ਹੈ। ਅਸੀਂ ਆਪਣੇ ਕੋਲੋਂ ਕੁਝ ਨਹੀਂ ਆਖਿਆ। ਇਸ ਕਰ ਕੇ ਅਸੀਂ ਇਸ ਬਾਣੀ ਨੂੰ ਧੁਰ ਕੀ ਬਾਣੀ ਕਹਿੰਦੇ ਹਾਂ ਅਤੇ ਇਹ ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਰਤਿਆ ਗਿਆ ਹੈ।

ਸਿੱਖ ਧਰਮ ਅਤੇ ਧੁਰ ਕੀ ਬਾਣੀ: ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਵਲੋਂ ਧੁਰ ਕੀ ਬਾਣੀ ਬਾਰੇ ਦਿੱਤੇ ਗੁਰੂ ਸਬਦਾਂ ਅਨੁਸਾਰ ਇਸ ਲੇਖ ਵਿੱਚ ਵਿਚਾਰ ਕੀਤੀ ਜਾਵੇਗੀ। ਗੁਰੂ ਨਾਨਕ ਜੀ ਨੇ ਜਪੁ ਜੀ ਦੀ ਪਉੜੀ 19 ਵਿੱਚ ਹੇਠਾਂ ਦਿੱਤੇ ਸਬਦਾਂ ਵਿੱਚ ਧੁਰ ਕੀ ਬਾਣੀ ਬਾਰੇ ਆਪਣੇ ਵਿਚਾਰ ਪਰਗਟ ਕੀਤੇ ਹਨ।

ਅਖਰੀ ਨਾਮੁ ਅਖਰੀ ਸਾਲਾਹ ਅਖਰੀ ਗਿਆਨੁ ਗੀਤ ਗੁਣ ਗਾਹ

ਅਖਰੀ ਲਿਖਣੁ ਬੋਲਣੁ ਬਾਣਿ ਅਖਰਾ ਸਿਰਿ ਸੰਜੋਗੁ ਵਖਾਣਿ

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ

ਜਿਵ ਫੁਰਮਾਏ ਤਿਵ ਤਿਵ ਪਾਹਿ 191.2

ਜਪੁ ਅ:ਗ:ਗ:ਸ ਪੰਨਾ 4

ਅਰਥ: {ਅਲਾਕਪੁਰਖ ਦਾ} ਨਾਮ ਵੀ ਅੱਖਰਾਂ ਦੁਆਰਾ ਲਿਖਿਆ ਜਾਂਦਾ ਹੈ। ਉਸ ਦੀ ਸਿਫਤ ਸਾਲਾਹ ਵੀ ਅੱਖਰਾਂ ਰਾਹੀਂ ਕੀਤੀ ਜਾਂਦੀ ਹੈ।{ਅਕਾਲਪੁਰਖ ਦਾ} ਗਿਆਨ ਵੀ ਅੱਖਰਾਂ ਨਾਲ ਹੀ ਦੱਸਿਆ ਜਾਂਦਾ ਹੈ। ਅੱਖਰਾਂ ਰਾਹੀਂ ਅਕਾਲਪੁਰਖ ਦੇ ਗੀਤਾਂ ਅਤੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹਨਾ ਅੱਖਰਾਂ ਦਾ ਸੰਬੰਧ ਵਿਅਕਤੀ ਦੇ ਦਿਮਾਗ਼ ਨਾਲ ਹੈ। ਜਿਸ ਦੀ ਮਦਦ ਨਾਲ ਇਹ ਬੋਲੇ ਅਤੇ ਲਿਖੇ ਜਾਂਦੇ ਹਨ। ਅਕਾਲਪੁਰਖ ਨੇ ਲਿਖਣ ਵਾਲਿਆਂ {ਗੁਰੂ ਸਹਿਬਾਨ} ਨੂੰ ਜਿਉਂ ਜਿਉਂ ਇਹ ਅੱਖਰ ਭੇਜੇ ਸਨ ਉਨ੍ਹਾ ਲਿਖੇ ਅਤੇ ਵਿਚਾਰੇ ਹਨ। ਇਸ ਤੋਂ ਵੱਧ ਉਨ੍ਹਾ ਦੀ ਹੋਰ ਕੋਈ ਜ਼ੁੰਮੇਵਾਰੀ ਨਹੀਂ ਹੈ।19।.

ਇਨ੍ਹਾ ਅਰਥਾਂ ਤੋਂ ਭਾਵ ਹੈ ਕਿ ਗੁਰੂ ਨਾਨਕ ਜੀ ਕੇਵਲ ਅਕਾਲਪੁਰਖ ਵਲੋਂ ਭੇਜੀ ਗੁਰਬਾਣੀ ਅੱਖਰਾਂ ਵਿੱਚ ਲਿਖ ਕੇ ਸਿੱਖਾਂ ਸੇਵਕਾਂ ਵਾਸਤੇ ਸੰਭ੍ਹਾਲ ਦੇ ਸਨ। ਸੰਗਤ ਵਿੱਚ ਗੁਰੂ ਨਾਨਕ ਜੀ ਸਿੱਖਾਂ ਨੂੰ ਅਕਾਲਪੁਰਖ ਵਲੋਂ ਆਇਆ ਹੁਕਮ ਪਹੁੰਚਾ ਦੇਂਦੇ ਸਨ। ਬਾਬਰ ਬਾਣੀ ਵਿੱਚ ਗੁਰੂ ਨਾਨਕ ਜੀ ਦਾ ਸਬਦ ਹੈ ਜੋ ਉਨ੍ਹਾ ਦੀ ਕ੍ਰਾਂਤੀ ਕਾਰੀ ਪੈਗ਼ੰਬਰੀ ਦਾ ਸਬੂਤ ਹੈ। ਇਹ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤਾ ਗਿਆ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨੁ ਵੇ ਲਾਲੋ 1351.3

ਤਿਲੰਗ ਮ: 1 ਅ:ਗ:ਗ:ਸ: ਪੰਨਾ 722

ਅਰਥ: ਹੇ ਭਾਈ ਲਾਲੋ ! {ਅਕਾਲਪੁਰਖ ਤੋਂ} ਜੋ ਮੈਨੂੰ ਹੁਕਮ ਮਿਲਿਆ ਹੈ, ਮੈਂ ਉੱਸ ਅਨੁਸਾਰ ਤੈਨੂੰ ਜਾਣਕਾਰੀ ਦੇਂਦਾ ਹਾਂ। ਕਾਬਲ ਤੋਂ (ਬਾਬਰ) ਪਾਪ ਦੀ ਜੰਞ (ਫ਼ੌਜ) ਲੈ ਆਇਆ ਹੈ। ਉਹ ਧੱਕੇ ਅਤੇ ਜ਼ੋਰ ਨਾਲ ਹਿੰਦ ਦੀ ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹਾ ਹੈ।1।3।5।

ਉਸ ਔਖੇ ਵੇਲੇ ਭਾਰਤ ਵਾਸਤੇ ਦਰਦ ਭਰੀ ਆਵਾਜ਼ ਗੁਰੂ ਨਾਨਕ ਜੀ ਨੇ ਹੀ ਨਿਧੜਕ ਹੋ ਕੇ ਕੱਢੀ ਸੀ। ਇਹ ਤਵਾਰੀਖ ਦੇ ਪੰਨਿਆਂ ਉਤੇ ਉਕਰੀ ਹੋਈ ਹੈ ਅਤੇ ਧੁਰ ਕੀ ਬਾਣੀ ਦੇ ਰੂਪ ਵਿੱਚ ਲਿਖੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਦੀ ਹੈ। ਗੁਰੂ ਨਾਨਕ ਜੀ ਦੀ ਕਥਨੀ ਅਤੇ ਕਰਨੀ ਵਿੱਚ ਸੁਮੇਲ ਹੈ ਜੋ ਸਿੱਖ ਧਰਮ ਦੀ ਪੱਕੀ ਨੀਂਹ ਹੈ। ਇਸ ਨੀਂਹ ਨੂੰ ਬਚਾਈ ਰਖਣਾ ਸੱਚੇ ਅਤੇ ਸੁੱਚੇ ਸਿੱਖਾਂ ਦਾ ਆਦਰਸ਼ ਅਤੇ ਧਰਮ ਹੈ।

ਤੀਸਰੇ ਨਾਨਕ, ਗੁਰੂ ਅਮਰਦਾਸ ਜੀ, ਦੇ ਧੁਰ ਕੀ ਬਾਣੀ ਨਾਲ ਸੰਬੰਧਤ ਸਬਦ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤੇ ਗਏ ਹਨ।

ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ 430631.4

ਸਿਰੀ ਰਾਗੁ ਮ: 3 ਅ:ਗ:ਗ:ਸ: ਪੰਨਾ 39

ਅਰਥ: ਹੇ ਅਕਾਲਪੁਰਖ ! ਜਿਵੇਂ ਤੂੰ ਬੋਲਣ ਦੀ ਪ੍ਰੇਰਨਾ ਦੇਂਦਾ ਹੈਂ ਤਿਵੇਂ ਹੀ ਵਿਅਕਤੀ ਬੋਲ ਸਕ ਦਾ ਹੈ।4।30।63।

ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ

ਨਾਨਕ ਘਟਿ ਘਟਿ ਏਕੋ ਵਰਤ ਦਾ ਸਬਦਿ ਕਰੇ ਪਰਗਾਸ 581.5

ਸਲੋਕ ਮ: 3 ਅ:ਗ:ਗ:ਸ: ਪੰਨਾ 1420

ਅਰਥ: ਜੀਵਾਂ ਦੇ ਬੋਲਣ ਤੋਂ ਬਿਨਾ ਹੀ (ਹਰ ਜੀਵ ਦੀ) ਹਰ ਲੋੜ ਅਕਾਲਪੁਰਖ ਆਪ ਜਾਣ ਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿੱਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ। ਹੇ ਨਾਨਕ ! (ਗੁਰੂ ਦੇ ਸਬਦ) ਰਾਹੀਂ ਹੀ ਅਕਾਲਪੁਰਖ ਹਰ ਜੀਵ ਅੰਦਰ ਆਤਮਿਕ ਚਾਨਣ ਕਰਦਾ ਹੈ।58।

ਗੁਰੂ ਰਾਮਦਾਸ ਜੀ ਦਾ ਗਉੜੀ ਕੀ ਵਾਰ ਮਹਲਾ 4 ਵਿੱਚ ਸਬਦ ਹੈ ਜਿੱਸ ਵਿੱਚ ਬੜੇ ਅਨੋਖੇ ਢੰਗ ਨਾਲ ਧੁਰ ਕੀ ਬਾਣੀ ਬਿਆਨ ਕੀਤੀ ਗਈ ਹੈ। ਅਸੀਂ ਇਹ ਸਲੋਕ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਪੇਸ਼ ਕਰ ਰਹੇ ਹਾਂ।

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ

ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ 1121.6

ਗਉੜੀ ਮ: 4 ਸ:ਗ:ਗ:ਸ: ਪੰਨਾ 306

ਅਰਥ: ਧੰਨ ਅਕਾਲਪੁਰਖ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ, (ਕਿ) ਜੇ ਕੋਈ ਵਿਅਕਤੀ ਪੂਰੇ ਸਤਿਗੁਰ ਦੀ ਨਿੰਦਾ ਕਰਦਾ ਹੈ, ਸੱਚਾ ਅਕਾਲਪੁਰਖ ਉਸ ਨੂੰ ਆਪ (ਆਤਮਿਕ ਮੌਤੇ) ਮਾਰ ਕੇ ਦੁਖੀ ਕਰ ਦਾ ਹੈ। (ਇਹ) ਨਿਆਂ ਦਾ ਬਚਨ ਉਸ ਅਕਾਲਪੁਰਖ ਨੇ ਆਪ ਆਖਿਆ ਹੈ ਜਿੱਸ ਨੇ ਸਾਰਾ ਸੰਸਾਰ ਰਚਿਆ ਹੈ।1।12।

ਗੁਰੂ ਅਰਜਨ ਜੀ ਦੇ ਧੁਰ ਕੀ ਬਾਣੀ ਨਾਲ ਸੰਬੰਧਤ ਸਬਦ ਅਸੀਂ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਦੇ ਹਾਂ। ਇਨ੍ਹਾ ਉਤੇ ਵਿਚਾਰ ਕਰਨੀ ਵੀ ਲਾਹੇਵੰਦ ਹੋਵੇਗੀ।

ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ 8181.7

ਗੁਜਰੀ ਮ: 5 ਸ:ਗ:ਗ:ਸ: ਪੰਨਾ 508 ਅਰਥ: ਹੇ ਅਕਾਲਪੁਰਖ ! ਸਾਡੀ ਕੀ ਹਸਤੀ ਹੈ? ਜਿਵੇਂ ਤੂੰ ਸਾਨੂੰ ਬੋਲਣ ਦਾ ਹੁਕਮ ਕਰ ਦਾ ਹੈਂ, ਉਸ ਤਰ੍ਹਾਂ ਹੀ ਅਸੀਂ ਬੋਲਦੇ ਹਾਂ।8।1।8।

ਹੁਣ ਅਸੀਂ ਉਹ ਸਬਦ ਦੇਂਦੇ ਹਾਂ ਜਿੱਸ ਵਿੱਚ ਧੁਰ ਕੀ ਬਾਣੀ ਆਈ ਵਾਲੀ ਤੁਕ ਵਰਤੀ ਹੋਈ ਹੈ। ਇਹ ਸੋਰਠ ਰਾਗ ਵਿੱਚ ਹੈ। ਪਾਠਕ ਇਸ ਦਾ ਮੁਲਾਹਜ਼ਾ ਕਰਨ।

ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ 213771.8

ਸੋਰਠ ਮ: 5 ਅ:ਗ:ਗ:ਸ: ਪੰਨਾ 628

ਅਰਥ: ਜਿੱਸ ਵਿਅਕਤੀ ਨੂੰ ਅਕਾਲਪੁਰਖ ਦੀ (ਧੁਰ ਕੀ) ਗੁਰਬਾਣੀ ਪ੍ਰਾਪਤ ਹੋ ਗਈ ਹੈ, ਸਮਝੋ ਉਹ ਭਾਗਾਂ ਵਾਲਾ ਹੈ। ਉਸ ਦੇ ਮਨ ਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ। ਉਸ ਦਾ ਮੇਰ ਤੇਰ ਤੋਂ ਛੁਟਕਾਰਾ ਹੋ ਜਾਂਦਾ ਹੈ।2।13।77।

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ 3} 1.9

ਸੂਹੀ ਮ: 5 ਅ:ਗ:ਗ:ਸ: ਪੰਨਾ 763

ਅਰਥ: ਜੋ ਕੁਝ ਤੈਨੂੰ ਦੱਸਿਆ ਹੈ ਅਕਾਲਪੁਰਖ ਦਾ ਹੁਕਮ ਹੀ ਦੱਸਿਆ ਹੈ। ਮੈਂ ਆਪਣੇ ਵਲੋਂ ਕੁਝ ਨਹੀਂ ਦੱਸ ਰਿਹਾ।3।

ਗੁਰੂ ਸਾਹਿਬਾਨ ਦੇ ਇਨ੍ਹਾ ਸਬਦਾਂ ਦੇ ਅਰਥਾਂ ਤੋਂ ਸਾਫ ਜ਼ਾਹਰ ਹੈ ਕਿ ਸਾਰੀ ਦੀ ਸਾਰੀ ਗੁਰੂ ਸਹਿਬਾਨ ਦੀ ਬਾਣੀ ਉਨ੍ਹਾ ਕੇਵਲ ਅਕਾਲਪੁਰਖ ਵਲੋਂ ਭੇਜੀ ਗਈ ਸੁਗਾਤ ਬਤੌਰ ਅਮਾਨਤ ਲੈ ਕੇ ਸਾਨੂੰ ਇੱਕ ਤੋਹਫਾ ਹੀ ਦਿੱਤਾ ਹੈ। ਇਹ ਸਾਡੀ ਮਲਕੀਅਤ ਹੈ ਅਤੇ ਸਾਨੂੰ ਸੰਭ੍ਹਾਲ ਕੇ ਰੱਖਣੀ ਅਤੇ ਵਰਤਣੀ ਚਾਹੀਦੀ ਹੈ। ਗੁਰੂ ਅਰਜਨ ਜੀ ਨੇ ਗੁਰਬਾਣੀ ਦੀ ਇੱਕ ਗਿਆਨ ਦੇ ਅਨਮੋਲ ਖਜ਼ਾਨੇ ਨਾਲ ਤੁਲਣਾ ਕੀਤੀ ਹੈ। ਇਹ ਸਬਦ ਦੇ ਕੇ ਅਸੀਂ ਧੁਰ ਕੀ ਬਾਣੀ ਬਾਰੇ ਵਿਚਾਰ ਸਮਾਪਤ ਕਰ ਦੇ ਹਾਂ।

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ਤਾ ਮੇਰੈ ਮਨ ਭਇਆ ਨਿਧਾਨਾ

ਰਤਨ ਲਾਲ ਜਾ ਕਾ ਕਛੂ ਨ ਮੋਲੁ ਭਰੇ ਭੰਡਾਰ ਅਖੂਟ ਅਤੋਲ 2311001.10

ਗਉੜੀ ਮ:5 ਅ:ਗ:ਗ:ਸ: ਪੰਨਾ 186

ਅਰਥ: ਜਦੋਂ ਮੈਂ ਗੁਰੂ ਨਾਨਕ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦੀ ਗੁਰਬਾਣੀ ਦਾ ਭੰਡਾਰਾ ਖੋਲ੍ਹ ਕੇ ਵੇਖਿਆ ਤਾਂ ਮੇਰਾ ਮਨ ਆਤਮਿਕ ਅਨੰਦ ਨਾਲ ਭਰਿਆ ਗਿਆ। ਇਸ ਗਿਆਨ ਦੇ ਭੰਡਾਰੇ ਵਿੱਚ ਅਕਾਲਪੁਰਖ ਦੀ ਸਿਫਤ-ਸਾਲਾਹ ਦੇ ਅਮੋਲਕ ਰਤਨ ਅਤੇ ਜਵਾਹਰ ਭਰੇ ਹੋਏ ਸਨ, ਜੇਹੜੇ ਕਦੇ ਮੁੱਕ ਨਹੀਂ ਸਕਦੇ ਅਤੇ ਕਦੇ ਤੋਲੇ ਨਹੀਂ ਜਾ ਸਕਦੇ।2।31।100।

ਇਨ੍ਹਾ ਸਬਦਾਂ ਦੇ ਅਰਥ ਸਪਸ਼ਟ ਕਰ ਦੇ ਹਨ ਕਿ ਗੁਰੂ ਅਰਜਨ ਜੀ ਨੇ ਆਪ ਗੁਰਬਾਣੀ ਇਕੱਠੀ ਨਹੀਂ ਸੀ ਕੀਤੀ। ਉਨ੍ਹਾ ਨੂੰ ਸਾਰੀ ਦੀ ਸਾਰੀ ਗੁਰਬਾਣੀ ਇਕੱਠੀ ਕੀਤੀ ਹੋਈ ਗੁਰੂ ਰਾਮਦਾਸ ਜੀ ਤੋਂ ਹੀ ਮਿਲੀ ਸੀ। ਸੋ ਗੁਰਬਾਣੀ ਭਾਈ ਮੋਹਣ ਕੋਲੋਂ ਜਾਂ ਕਿਸੇ ਹੋਰ ਕੋਲੋਂ ਲੈਣ ਜਾਣ ਵਾਲੀਆਂ ਸਭ ਕਹਾਣੀਆਂ ਮਨਘੜਤ ਅਤੇ ਝੂਠੀਆਂ ਹਨ। ਗੁਰਸਿੱਖ ਵਾਸਤੇ ਮਾਇਆ ਨਾਲ ਜੁੜੀਆਂ ਹੋਈਆਂ ਉਦ੍ਹਾਰਨਾਂ ਰਾਹੀਂ ਖਜ਼ਾਨੇ ਦੇ ਅਰਥ ਵੀ ਕਈ ਵਾਰੀ ਅਨਪੜ੍ਹਤਾ ਦੀ ਹੀ ਦੇਣ ਹਨ। ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਲਈ ਸੰਗਤ ਦੀ ਲੋੜ ਹੈ ਜਿੱਥੇ ਸ਼ੰਕੇ ਦੂਰ ਹੋ ਜਾਣ ਦੀ ਸੰਭਾਵਣਾ ਹੈ। ਇਸ ਬਾਰੇ ਗੁਰੂ ਸਬਦ ਹੇਠਾਂ ਦਿੱਤਾ ਗਿਆ ਹੈ ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ 11191.11

ਬਸੰਤੁ ਮ: 5 ਅ:ਗ:ਗ:ਸ: ਪੰਨਾ 1185

ਅਰਥ: ਹੇ ਭਾਈ ! ਇਕੱਠੇ ਹੋ ਕੇ ਸਾਧ ਸੰਗਤ ਵਿੱਚ ਬੈਠਿਆ ਕਰੋ ਅਤੇ (ਅਕਾਲਪੁਰਖ ਵਿੱਚ) ਸੁਰਤੀ ਜੋਤ ਕੇ ਆਪਣੇ ਮਨ ਦੇ ਸ਼ੰਕੇ ਦੂਰ ਕਰਿਆ ਕਰੋ। ਗੁਰੂ ਦੀ ਸ਼ਰਨ ਵਿੱਚ, ਚੌਂਪੜ ਦੇ ਖਿਡਾਰੀਆਂ ਵਾਂਙੂ ਕਪੜਾ ਵਿਛਾ ਕੇ, ਬੈਠਿਆ ਕਰੋ ਅਤੇ ਗੁਰਬਾਣੀ ਵਿਚਾਰ ਕਰਿਆ ਕਰੋ ।1।1।19।

ਭਾਵ ਅਰਥ ਇਹ ਹੈ ਕਿ ਗੁਰਬਾਣੀ ਤੋਂ ਸੇਧ ਲੈ ਕੇ, ਵਿਚਾਰ ਦੁਆਰਾ, ਆਪਣੀਆਂ ਔਖਿਆਈਆਂ ਦੇ ਹੱਲਾਂ ਦੀ ਤਲਾਸ਼, ਸਾਧਸੰਗਤ ਦੇ ਮਿਲ ਵਰਤਣ ਨਾਲ ਹੀ ਕੀਤੀ ਜਾ ਸਕਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ, ਜੋਤੀ ਜੋਤਿ ਸਮਾਉਣ ਤੋਂ ਪਹਿਲਾਂ, ਆਦਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਬਦ ਗੁਰੂ ਸਥਾਪਤ ਕੀਤਾ ਸੀ। ਉਨ੍ਹਾ ਨੂੰ, ਦਸਮ ਗ੍ਰੰਥ ਲਿਖ ਕੇ, ਇੱਕ ਹੋਰ ਵੱਖਰਾ ਗ੍ਰੰਥ ਬਨਾਉਣ ਦੀ ਕੀ ਲੋੜ ਸੀ? ਜੇ ਉਨ੍ਹਾ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਜ਼ਰੂਰ ਇਸ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਵਿੱਚ ਸ਼ਾਮਲ ਕਰ ਦੇਂਦੇ। ਦਸਮ ਗ੍ਰੰਥ ਨੂੰ ਪੜ੍ਹਨ ਪਿਛੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਵਿੱਚ ਕਿਤੇ ਵੀ ਧੁਰ ਕੀ ਬਾਣੀ ਬਾਰੇ ਲਿਖੀ ਹੋਈ ਕੋਈ ਤੁਕ ਨਹੀਂ ਮਿਲਦੀ। ਕੀ ਗੁਰੂ ਗੋਬਿੰਦ ਸਿੰਘ ਜੀ ਅਜੇਹੀ ਪੁਸਤਕ ਦੇ ਲੇਖਕ ਹੋ ਸਕਦੇ ਹਨ? ਅਸੀਂ ਇਸ ਬਾਰੇ ਪਾਠਕਾਂ ਨੂੰ ਦੋਵੇਂ ਗ੍ਰੰਥ ਪੜ੍ਹ ਕੇ ਕਿਸੇ ਸਿੱਟੇ ਉਤੇ ਪੁੱਜਣ ਲਈ ਬੇਨਤੀ ਕਰਦੇ ਹਾਂ।
.