.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 05)

ਭਾਈ ਸੁਖਵਿੰਦਰ ਸਿੰਘ 'ਸਭਰਾ'

ਖਾਲਸਾ ਜੀ! ਜਾਗੋ
ਸੰਤ ਬਾਬੇ! ਤਿਆਗੋ

ਗੁਰੂ ਖਾਲਸਾ ਜੀਉ। ਐ ਸਿੱਖੀ ਦੇ ਵਾਰਸੋ! ਗੁਰੂ ਸਾਹਿਬ ਦੇ ਪੁੱਤਰੋ, ਧੀਓ! ਅੱਖਾਂ ਖੋਲੋ ਅਤੇ ਸੁਰਤ ਸੰਭਾਲੋ! ਅੱਜ ਦੇ ਸੰਤ ਬਾਬੇ ਮਹਾਂਪੁਰਖ ਮਾਇਆ ਦੇ ਪੁਜਾਰੀ ਹਨੇਰਾ ਵੰਡ ਰਹੇ ਹਨ, ਪ੍ਰੰਤੂ ਰੱਬ ਨੂੰ ਪਹੁੰਚੇ ਹੋਏ ਦੱਸ ਕੇ, ਗੁਰੂ ਦੇ ਸ਼ਰੀਕ ਬਣ ਕੇ, ਇਤਿਹਾਸਕ ਵਿਸ਼ਵਾਸ਼ਘਾਤ ਦੇ ਦੋਸ਼ੀ ਮਸੰਦ ਸਾਬਤ ਹੋਏ ਹਨ। ਸਿੱਖੀ ‘ਚ ਕੋਈ ਵੀ ਸੰਤ ਮਹਾਂਪੁਰਖ ਬ੍ਰਹਮਗਿਆਨੀ ਨਹੀਂ ਕਹਾ ਸਕਦਾ, ਕਹਾਉਣ ਵਾਲੇ ਗੁਰੂ ਸਿਧਾਂਤਾਂ ਤਹਿਤ ਮਰ ਕੇ ਨਕਲੀ ਦੇਹਧਾਰੀ ਗੁਰੂਆਂ ਵਾਂਗ ਹੀ, ਮਰ ਕੇ ਸੱਪ (ਸਰਾਲਾਂ) ਬਣਦੇ ਹਨ ਅਤੇ ਇਹਨਾਂ ਦੇ ਚੇਲੇ, ਚਾਟੜੇ, ਸ਼ਰਧਾਲੂ ਕੀੜੇ ਬਣ ਕੇ ਇਹਨਾਂ ਨੂੰ ਖਾਂਦੇ ਹਨ। ਸੰਤ ਬਾਬੇ ਸਿੱਖੀ ਵਾਸਤੇ ਗੰਭੀਰ ਖ਼ਤਰੇ ਦਾ ਘੜਿਆਲ, ਨਿਰਾ ਧੋਖਾ ਅਤੇ ਕੈਂਸਰ ਰੋਗ ਵਾਂਗ ਹਨ। ਸਿੱਖਾਂ ਵਾਸਤੇ ਕੇਵਲ ਸਰਬਉੱਚ ਅਕਾਲਪੁਰਖ (ਏਕਸ ਬਿਨੁ ਨਾਹੀ ਕੋ ਦੂਜਾ) ਹੀ ਹਨ। ਇਸ ਲਈ ਸੰਤ ਬਾਬੇ ਛੱਡ ਕੇ ‘‘ਵਾਹਿਗੁਰੂ’’ ਦੀ ਪੂਜਾ ਅਤੇ ‘‘ਗੁਰੂ ਗ੍ਰੰਥ ਸਾਹਿਬ’’ ਦੇ ਗੁਰਮਤਿ ਸਿਧਾਂਤ ਅਨੁਸਾਰ ਹੀ ਜੀਵਨ ਬਤੀਤ ਕਰੋ। ਨਹੀਂ ਤਾਂ ਇਤਿਹਾਸ ਵਿਚ ਸੰਸਾਰਿਕ ਪਲੇਟਫਾਰਮ ‘ਚੋਂ ਸਿੱਖੀ ਨੂੰ ਮਿਟਾਉਣ ਅਤੇ ਕੰਮਜ਼ੋਰ ਕਰਨ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ।
ਭਾਈ ਨਿਰਮਲ ਸਿੰਘ
ਲੋਧੀ ਮਾਜਰਾ, ਰੋਪੜ।

ਚਿੱਟੀ ਸਿਊਂਕ ਦੇ ਨੁਕਸਾਨ
R. S. S. ਅਤੇ ਹੋਰ ਸਿੱਖ ਵਿਰੋਧੀ ਜਥੇਬੰਦੀਆਂ ਵੱਡੇ ਲੀਡਰਾਂ ਅਤੇ ਡੇਰੇਦਾਰ ਸਾਧਾਂ ਦੇ ਰਾਹੀਂ ਸਿੱਖ ਵਿਚਾਰਧਾਰਾ ਨੂੰ ਖ਼ਤਮ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਹ ਡੇਰੇਦਾਰ ਸਾਧ ਕਿਵੇਂ R. S. S. ਵਾਲੀ ਬੋਲੀ ਬੋਲਦੇ ਹਨ। ਇਹ ਲਿਖਤੀ ਸਬੂਤ ਅਖ਼ਬਾਰਾਂ, ਮੈਗਜ਼ੀਨਾਂ ਦੀ ਜ਼ੁਬਾਨੀ ਫੋਟੋਆਂ ਸਮੇਤ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਦਿੱਤੇ ਹਨ। ਹੋਰ ਵੀ ਦੇਵਾਂਗੇ ਤਾਂ ਜੋ ਸਿੱਖ ਸੰਗਤਾਂ, ਲੋਹ-ਪੁਰਸ਼ਾਂ ਦੇ ਇਸ ਖਾਲਸ ਪੰਥ ਨੂੰ ਲੱਗੀ ਸਾਧ ਰੂਪੀ ਚਿੱਟੀ ਸਿਊਂਕ ਨੂੰ ਦੇਖ, ਸਮਝ ਸਕਣ। ਸੰਤ ਸਮਾਜ ਬਣਾਉਣੇ ਅਤੇ ਆਪਣੀਆ ਹੀ ਮਰਯਾਦਾ ਬਣਾ ਕੇ ਇਹ ਸਿੱਖ ਪੰਥ ਨੂੰ ਖੇਰੂੰ-ਖੇਰੂੰ ਕਰਨ ‘ਤੇ ਤੁਲੇ ਹੋਏ ਹਨ। ਇਹੀ ਸਬੂਤ ਹੈ ਕਿ ਇਹਨਾਂ ਪਿੱਛੇ ਵਿਰੋਧੀ ਧਿਰਾਂ ਅਤੇ ਸਵਾਰਥੀ ਲੋਕਾਂ ਦਾ ਹੱਥ ਹੈ। ਭਾਵੇਂ ਕਈ ਥਾਵਾਂ ‘ਤੇ ਲੋਕਾਂ ਅੰਦਰ ਜਾਗ੍ਰਿਤੀ ਆਈ ਹੈ ਅਤੇ ਸਾਧਾਂ ਸੰਤਾਂ ਪ੍ਰਤੀ ਸ਼ਰਧਾ ਘੱਟ ਰਹੀ ਹੈ ਪਰ ਇਹਨਾਂ ਵੱਲੋਂ ਫੈਲਾਈ ਵਹਿਮ ਪ੍ਰਸਤੀ ਦੂਰ ਕਰਨ ਵਾਸਤੇ ਅਜੇ ਕੁਰਬਾਨੀਆਂ ਕਰਨ ਦੀ ਲੋੜ ਹੈ। ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਤਖ਼ਤਾਂ ਦੇ ਜਥੇਦਾਰ ਇਹਨਾਂ ਡੇਰੇਦਾਰਾਂ ਦੀ ਤਾਜਪੋਸ਼ੀ ਜਾਂ ਉਹਨਾਂ ਦੇ ਜਾ-ਨਸ਼ੀਨਾਂ ਦੇ ਦਸਤਾਰ ਬੰਨ੍ਹਣ ਦੀ ਰਸਮ ਕਰਨ ਲਈ ਹਾਜ਼ਰ ਹੁੰਦੇ ਹਨ।
ਸਾਡਾ ਸ਼੍ਰੇਸ਼ਟ ਜੀਵਨ ਤਾਂ ਹੀ ਬਣ ਸਕਦਾ ਹੈ ਜੇ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ‘ਚ ਅਪਣਾਈਏ ਅਤੇ ਗੁਰੂ ਪੰਥ ਨੂੰ ਮਜ਼ਬੂਤ ਕਰਨ ਲਈ ਪੰਥਕ ਰਹਿਤ ਮਰਯਾਦਾ ਨੂੰ ਗੁਰੂ ਦਾ ਹੁਕਮ ਸਮਝ ਕੇ ਸਿਰ ਮੱਥੇ ਮੰਨੀਏ।
ਬੋਹੜ ਸਿੰਘ ਫ਼ੌਜੀ

ਭੇਖੀ ਸੰਤ ਬਾਬਿਆਂ ਦੀ ਪ੍ਰਸਿੱਧੀ ਫੈਲਣ ਦੇ ਕਾਰਣ
ਕਹਿੰਦੇ ਹਨ ਕਿ ਬਹੁਤੇ ਸੰਤ ਮਾਲਵੇ ਵਿਚ ਹਨ ਪਰ ਸਭ ਤੋਂ ਵੱਧ ਨਸ਼ੇ ਵੀ ਮਾਲਵੇ ਵਿਚ ਕੀਤੇ ਜਾ ਰਹੇ ਹਨ। ਸਾਲ 2003 ਦੇ ਸ਼ੁਰੂ ਵਿਚ ਇਕ ਪੰਜਾਬੀ ਦੇ ਅਖ਼ਬਾਰ ਦੀ ਖ਼ਬਰ ਸੀ ਕਿ ਮਾਲਵੇ ਦੇ ਨੌਂ ਪਿੰਡ ਅਤੇ ਬਾਬੇ ਛਿਆਲੀ। ਸੰਤਾਂ ਦੀ ਪ੍ਰਸਿੱਧੀ ਇਹਨਾਂ ਵੱਲੋਂ ਰੱਖੇ ਹੋਏ ਏਜੰਟਾਂ ਰਾਹੀਂ ਫੈਲਾਈ ਜਾਂਦੀ ਹੈ। ਇਕ ਸੰਤ ਦੀ ਪ੍ਰਸਿੱਧੀ ਘੱਟ ਸੀ। ਉਸਨੇ ਇਕ ਏਜੰਟ ਨੂੰ, ਜਿੱਥੋਂ ਦੀ ਲੋਕ ਜ਼ਿਆਦਾ ਆਉਂਦੇ ਸਨ ਉਸ ਰਾਹ ‘ਤੇ ਖੜ੍ਹਾ ਕਰ ਦਿੱਤਾ। ਇਕ ਦਿਨ ਉਸ ਏਜੰਟ ਨੇ ਬਾਬੇ ਦੇ ਡੇਰੇ ਵੱਲ ਜਾਂਦੇ ਲੋਕਾਂ ਨੂੰ ਪੁੱਛਿਆ ਕਿਥੇ ਜਾ ਰਹੇ ਹੋ ਉਹ ਲੋਕ ਕਹਿੰਦੇ ਅਸੀਂ ਸੰਤ ਦੇ ਡੇਰੇ ਜਾ ਰਹੇ ਹਾਂ। ਏਜੰਟ ਕਹਿੰਦਾ ਤੁਹਾਡਾ ਬਾਬਾ ਤਾਂ ਭੇਖੀ ਹੈ। ਉਸ ਕੋਲ ਕੋਈ ਸ਼ਕਤੀ ਨਹੀਂ ਚੱਲੋ ਮੈਂ ਪਰਖ ਕਰਾਂਗਾ। ਜਦੋਂ ਜਾ ਕੇ ਬੈਠ ਗਏ ਸੰਤ ਨੇ ਕਥਾ ਸ਼ੁਰੂ ਕਰ ਦਿੱਤੀ ਤਾਂ ਏਜੰਟ, ਬਣਾਈ ਯੋਜਨਾ ਮੁਤਾਬਕ ਵਿਚੋਂ ਹੀ ਉੱਠ ਕੇ ਖੜੋ ਗਿਆ ਅਤੇ ਉੱਚੀ ਬੋਲਿਆ ਤੂੰ ਭੇਖੀ ਹੈਂ, ਤੇਰੇ ਵਿਚ ਕੋਈ ਸ਼ਕਤੀ ਨਹੀਂ ਹੈ।
ਅੱਗੋਂ ਸੰਤ ਨਿਮਰਤਾ ਨਾਲ ਬੋਲਿਆ ਸਾਧਾਂ ਲਈ ਕੌੜਾ ਨਹੀਂ ਬੋਲੀਦਾ। ਏਜੰਟ, ਬਣਾਈ ਸਕੀਮ ਮੁਤਾਬਕ ਹੋਰ ਭਖਿਆ। ਤੂੰ ਕੌਣ ਸਾਧ ਹੈ? ਕੀ ਹੈ ਤੂੰ?
ਦੱਸ ਤਾਂ ਸਹੀ ਮੇਰੀ ਜੇਬ ਵਿਚ ਕਿਤਨੇ ਪੈਸੇ ਹਨ?
ਸਾਧ ਨੇ ਕਿਹਾ ਕਿ ਸਾਧਾਂ ਦੀ ਪਰਖ ਨਹੀਂ ਕਰੀਦੀ ਹੁੰਦੀ।
ਕਿਉਂ ਨਹੀਂ ਕਰੀਦੀ, ਏਜੰਟ ਨੇ ਕਿਹਾ।
ਸੰਤ ਬੋਲਿਆ ਜੇ ਤੂੰ ਪਰਖ ਹੀ ਕਰਨੀ ਹੈ ਤਾਂ ਦੱਸ ਦਿੰਦੇ ਹਾਂ, ਤੇਰੇ ਖੀਸੇ ਵਿਚ ਦਸਾਂ ਦਾ ਨੋਟ ਹੈ। ਇਤਨਾ ਕਹਿਣ ‘ਤੇ ਹੀ ਏਜੰਟ ਉਸ ਸੰਤ ਦੇ ਪੈਰਾਂ ‘ਤੇ ਡਿੱਗ ਪਿਆ ਅਤੇ ਮੁਆਫ਼ੀਆਂ ਮੰਗਣ ਲੱਗਾ ਕੁਝ ਹੀ ਦਿਨਾਂ ਵਿਚ ਉਸ ਸੰਤ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ। ਇਸ ਤਰ੍ਹਾਂ ਅੰਧੀ ਲੋਕਾਈ ਦੀ ਅੰਧੀ ਸ਼ਰਧਾ ਹੈ।
ਕਹਿੰਦੇ ਇਕ ਪਿੰਡ ਵਿਚ ਇਹ ਗੱਲ ਕਿਸੇ ਨੇ ਪ੍ਰਚੱਲਿਤ ਕੀਤੀ ਹੋਈ ਸੀ ਕਿ ਇਸ ਪਿੰਡ ਵਿਚ ਪੰਜ ਸੱਤ ਸੰਤ ਹੋਇਆ ਕਰਨਗੇ, ਇਕ ਪ੍ਰਗਟ ਅਤੇ ਚਾਰ ਗੁਪਤ ਹੀ ਰਿਹਾ ਕਰਨਗੇ। ਪਰ ਗੁਰੂ ਸਾਹਿਬ ਨੇ ਤਾਂ ਕਿਸੇ ਬ੍ਰਹਮਗਿਆਨੀ ਲਈ ਵੀ ਸੰਤ ਪਦ ਨਹੀਂ ਵਰਤਿਆ ਤਾਂ ਫਿਰ ਇਹ ਛੋਛੇ ਛੱਡਣ ਵਾਲੇ ਚਲਾਕ ਲੋਕ ਕੌਣ ਹਨ?
ਇਕ ਸਾਧ ਨੇ ਆਪਣੇ ਇਲਾਕੇ ਵਿਚ ਭੁੱਖ ਦੇ ਮਾਰੇ ਨੇ ਸਾਧ ਹੋਣ ਦਾ ਅਡੰਬਰ ਰਚਿਆ ਗੁਰ ਫੁਰਮਾਣ ਵੀ ਹੈ ‘‘ਭੁੱਖੇ ਮੁੱਲਾਂ ਦੇ ਘਰੇ ਮਸੀਤਿ’’। ਭੁੱਖੇ ਮਰਦਿਆਂ ਮੁੱਲਾਂ ਨੇ ਘਰੇ ਮਸੀਤਾਂ ਬਣਾ ਲਈਆਂ। ਕੰਮ ਨਾ ਚੱਲਦਾ ਦੇਖ ਕੇ ਸਾਧ ਦੂਰ ਬਠਿੰਡੇ ਇਲਾਕੇ ਵੱਲ ਨਿਕਲ ਗਿਆ ਕਿਸੇ ਇਕ ਪਿੰਡ ਵਿਚ ਜਾ ਬੈਠਾ। ਲੱਗੇ ਲੋਕ ਘੁਸਰ-ਮੁਸਰ ਕਰਨ ਕਿ ਕੋਈ ਪਹੁੰਚਿਆ ਸਾਧ ਹੈ। ਇਹਦੇ ਪਿਛਲੇ ਪਿੰਡ ਦੀਆਂ 2 ਮਾਈਆਂ ਕਿਤੇ ਉਥੇ ਮਕਾਣੇ ਗਈਆਂ। ਉਹਨਾਂ ਨੇ ਸੁਣਿਆ ਕਿ ਕੋਈ ਸੰਤ ਕਰਨੀ ਵਾਲਾ ਹੈ ਅਸੀਂ ਵੀ ਦਰਸ਼ਨ ਕਰ ਆਈਏ ਜਦੋਂ ਉਥੇ ਪਹੁੰਚੀਆਂ ਤਾਂ ਕੀ ਦੇਖਿਆ ਕਿ ਉਹ ਸਾਧ ਪੁੱਠਾ ਲਟਕ ਕੇ ਤਪ ਕਰਨ ਦਾ ਪਰਪੰਚ ਰਚ ਰਿਹਾ ਸੀ। ਜਦੋਂ ਮਾਈਆਂ ਨੇ ਦੇਖਿਆ ਕਿ ਇਹ ਤਾਂ ਸਾਡੇ ਪਿੰਡ ਵਾਲਾ ਕਾਲੂ ਸਾਂਸੀ ਹੈ ਤਾਂ ਉਹਨੇ (ਸਾਧ) ਨੇ ਵੀ ਇਹਨਾਂ ਜਨਾਨੀਆਂ ਨੂੰ ਪਹਿਚਾਣ ਲਿਆ ਅਤੇ ਇਕ ਨੂੰ ਕੋਲ ਬੁਲਾ ਕੇ ਹੌਲੀ ਜਿਹੀ ਕਿਹਾ ਕਿ ਜਾਉ ਪਹਿਲਾਂ ਤੁਸੀਂ ਮੇਰੇ ਪਿੰਡ ਵਿਚ ਮੇਰਾ ਕੰਮ ਨਹੀਂ ਚੱਲਣ ਦਿੱਤਾ ਕਿਤੇ ਇਥੇ ਵੀ ਮੇਰਾ ਭਾਂਡਾ ਨਾ ਭੰਨ ਦਿਓ ਜੇ। ਜਾਓ ਰੱਬ ਦਾ ਵਾਸਤਾ ਜਾਓ। ਤਕਰੀਬਨ ਸਭ ਡੇਰੇ ਇਸ ਤਰ੍ਹਾਂ ਹੀ ਬਣੇ ਹਨ ਐਸੀਆਂ ਹੋਰ ਵੀ ਬਹੁਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪੁਸਤਕ ਦਾ ਆਕਾਰ ਵਧਣ ਦੇ ਡਰੋਂ ਸੰਕੋਚ ਕਰਦਾ ਜਾ ਰਿਹਾ ਹਾਂ।
ਜਗਰਾਉਂ ਦੇ ਨੇੜੇ ਇਕ ਥਾਂ ‘ਤੇ ਕਿਸੇ ਘਰੋਂ ਸੋਨੇ ਦੇ ਗਹਿਣੇ ਚੋਰੀ ਹੋ ਗਏ। ਇਕ ਡੇਰੇਦਾਰ ਬਾਬੇ ਨੂੰ ਲਿਆਂਦਾ ਗਿਆ। ਸੋਨਾ ਲੱਭਣ ਵਾਸਤੇ ਉਹ ਬਾਬਾ ਆਪਣਾ ਸਾਮਾਨ ਪੱਤਾ ਲੈ ਕੇ ਆ ਗਿਆ। ਘਰ ਵਾਲੇ ਅਤੇ ਹੋਰ ਲੋਕ ਇਕੱਠੇ ਹੋ ਗਏ। ਬਾਬਾ ਕਹਿੰਦਾ ਅੱਗ ਬਾਲੋ, ਬਲਦੀ ਹੋਈ ਅੱਗ ਦੇ ਨੇੜੇ ਉਸਨੇ ਆਪਣੇ ਨਾਲ ਲਿਆਂਦੀ ਗੜਵੀ ਜਿਹੜੀ ਉਪਰੋਂ ਢੱਕੀ ਹੋਈ ਸੀ, ਉਹ ਰੱਖ ਦਿੱਤੀ ਲੱਗਾ ਝੂਠੇ ਮੰਤਰ ਪੜ੍ਹਨ। ਜਦੋਂ ਗੜਵੀ ਨੂੰ ਸੇਕ ਲੱਗਾ ਗੜਵੀ ਬੁੜਕਣ ਲੱਗੀ ਆਪਣੇ ਆਪ ਗੜਵੀ ਬੁੜਕਦੀ ਦੇਖ ਕੇ ਲੋਕ ਹੈਰਾਨ ਹੋਏ। ਬਾਬਾ ਬੋਲਿਆ ਕਹਿੰਦਾ ਆਹ ਦੇਖੋ ਗੜਵੀ ਆਪਣੇ ਆਪ ਬੁੜਕਦੀ ਹੈ। ਹੁਣ ਇਹ ਗੜਵੀ ਆਪਣੇ ਆਪ ਹੀ ਉਸਦੇ ਮੱਥੇ ਵਿਚ ਵੱਜਣੀ ਹੈ ਜਿਸਨੇ ਸੋਨਾ ਚੋਰੀ ਕੀਤਾ ਹੋਇਆ ਤਾਂ ਉਸ ਵੇਲੇ ਉਹਨਾਂ ਦੀ ਛੋਟੀ ਨੂੰਹ ਆਪਣੀ ਸੱਸ ਨੂੰ ਇਸ਼ਾਰਾ ਕਰਕੇ ਪਰ੍ਹੇ ਲੈ ਗਈ ਅਤੇ ਦੱਸ ਦਿੱਤਾ ਕਿ ਸੋਇਨਾ ਤਾਂ ਉਸ ਦੇ ਕੋਲ ਹੈ। ਸੋ ਇਸ ਤਰ੍ਹਾਂ ਇਹ ਗਵਾਚੇ ਹੋਏ ਸੋਇਨੇ ਲੱਭ ਲੈਂਦੇ ਹਨ।
ਨੋਟ: ਗੜਵੀ ਬੁੜਕਣ ਦਾ ਕਾਰਨ ਇਹ ਸੀ ਕਿ ਉਸ ਸਾਧ ਨੇ ਇਕ ਜਿਊਂਦਾ ਡੱਡੂ ਗੜਵੀ ਵਿਚ ਪਾ ਕੇ ਉਪਰੋਂ ਦੀ ਮੂੰਹ ਬੱਧਾ ਹੋਇਆ ਸੀ ਜਦੋਂ ਗੜਵੀ ਅੱਗ ਲਾਗੇ ਕਰਦਾ ਸੀ ਤਾਂ ਸੇਕ ਨਾਲ ਡੱਡੂ ਬੁੜਕਦਾ ਸੀ ਤਾਂ ਗੜਵੀ ਵੀ ਨਾਲ ਹੀ ਬੁੜਕਦੀ ਸੀ।
ਇਕ ਸਾਧ ਨੇ ਭੁੱਖੇ ਮਰਦੇ ਨੇ ਸੋਚਿਆ ਕਿ ਕੋਈ ਡੇਰਾ ਬਣਾਈਏ। ਬਦਕਿਸਮਤੀ ਨੂੰ ਕਿਤੇ ਰਾਤ ਘੰਮੇ ਘੁਮਿਆਰ ਦਾ ਖੋਤਾ ਖੁੱਲ੍ਹ ਗਿਆ ਉਹ ਕਿਸੇ ਵਿਹਲੇ ਜਿਹੇ ਥਾਂ ਫਿਰਦਾ ਰਿਹਾ। ਸਾਧ ਦੇ ਛੱਡੇ ਏਜੰਟਾਂ ਨੇ ਉਥੇ ਸਵੇਰੇ ਹੀ ਰੌਲਾ ਪਾ ਦਿੱਤਾ ਕਿ ਰਾਤ ‘‘ਗੁਰੂ ਗੋਬਿੰਦ ਸਿੰਘ’’ ਘੋੜੇ ‘ਤੇ ਚੜ੍ਹੇ ਇਥੇ ਫਿਰਦੇ ਰਹੇ ਹਨ। ਆਹ ਦੇਖੋ ਘੋੜੇ ਦੇ ਪੌੜ ਲੱਗੇ ਹੋਏ ਹਨ, ਜਦੋਂ ਘੰਮੇ ਘੁਮਿਆਰ ਨੂੰ ਪਤਾ ਲੱਗਾ ਤਾਂ ਉਹ ਉਥੇ ਗਿਆ ਉਸਨੇ ਬੜਾ ਰੌਲਾ ਪਾਇਆ ਕਿ ਰਾਤੀਂ ਮੇਰਾ ਖੋਤਾ ਖੁੱਲ੍ਹ ਗਿਆ ਸੀ। ਇਹ ਪੈਰ ਘੋੜੇ ਦੇ ਨਹੀਂ ਇਹ ਖੋਤੇ ਦੇ ਹਨ ਪਰ ਕੌਣ ਸੁਣੇ ਉਸਦੀ ਬੜੀ ਜਲਦੀ ਹੀ ਉਥੇ ਪੌੜ ਸਾਹਿਬ ਗੁਰਦੁਆਰਾ ਬਣਾ ਦਿੱਤਾ ਗਿਆ ਅਤੇ ਲਾਗੇ ਬੰਨੇ ਪਿੰਡਾਂ ਵਿਚੋਂ ਪੌੜ ਸਾਹਿਬ ਦੀ ਯਾਤਰਾ ਵਾਸਤੇ ਟਰਾਲੀਆਂ ਦੀਆਂ ਟਰਾਲੀਆਂ ਸੰਗਤਾਂ ਆ ਕੇ ਜਨਮ ਸਫਲੇ ਕਰਨ ਲੱਗ ਪਈਆਂ।
ਸੋ ‘ਜਾਗਹੁ ਜਾਗਹੁ ਸੂਤਿ ਹੋ ਚਕਿਆ ਵਣਜਾਰਾ’ ਪੰਨਾ 418 ਸਦਾ ਯਾਦ ਰੱਖੋ ਪਾਰ ਬ੍ਰਹਮ ਗੁਰ ਸ਼ਬਦ ਹੈ ਸਤਸੰਗਿ ਨਿਵਾਸੀ।। (ਭਾ: ਗੁਰਦਾਸ ਜੀ, ਵਾਰ 9)
ਸੁਖਵਿੰਦਰ ਸਿੰਘ ਸਭਰਾ




.