.

ਆਸਾ ਕੀ ਵਾਰ
ਗੁਰਮਤਿ ਵਿਚਾਰ ਦਰਸ਼ਨ ਅਤੇ ਸਟੀਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਚੌਵੀ ਪਉੜੀਆਂ ਦੀ ਪਉੜੀ ਵਾਰ-ਸੰਖੇਪ ਵਿਚਾਰ: (ਬਿਨਾਂ ਸਲੋਕਾਂ ਦੇ) ਅਰੰਭ ‘ਚ ‘ਮੁਢਲੀ ਜਾਣਕਾਰੀ ਬਾਣੀ ਆਸਾ ਕੀ ਵਾਰ’ ਦੇਂਦੇ ਸਮੇਂ ਇਹ ਗਲ ਸਪਸ਼ਟ ਕਰ ਦਿਤੀ ਗਈ ਸੀ ਕਿ ਵਾਰਾਂ ਦਾ ਮੂਲ ਸਰੂਪ ਸਲੋਕਾਂ ਤੋਂ ਬਿਨਾਂ, ਖਾਲੀ ਪਉੜੀਆਂ ਹੀ ਹਨ। ਇਸਤਰ੍ਹਾਂ ਜੇਕਰ ਵਾਰ ਨੂੰ ਲੜੀ ਵਿਚ ਪਰੁਤੀ ਦੇਖਣਾ ਹੋਵੇ ਤਾਂ ਇਸ ਨੂੰ ਬਿਨਾਂ ਸਲੋਕਾਂ ਦੇ ਦੇਖਣਾ ਪਵੇਗਾ। ਬਾਣੀ ‘ਆਸਾ ਕੀ ਵਾਰ’ ਉਪਰ ਵੀ ਇਹੀ ਨੀਯਮ ਲਾਗੂ ਹੁੰਦਾ ਹੈ। ਸਚਾਈ ਨੂੰ ਸਮਝਣ ਲਈ ਅਸਾਂ ਇਹ ਵੀ ਦੇਖਣਾ ਹੈ, ਜਿਥੇ ਇਕ ਪਉੜੀ ਸਮਾਪਤ ਹੋ ਰਹੀ ਹੈ ਆਉਣ ਵਾਲੀ ਪਉੜੀ ‘ਚ ਉਹੀ ਗਲ ਅਗੇ ਟੋਰੀ ਜਾ ਰਹੀ ਹੈ। ਪੰਜਵੇਂ ਪਾਤਸ਼ਾਹ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਸਮੇਂ ਕੁਲ 22 ਵਾਰਾਂ ਵਿਚੋਂ 20 ਵਾਰਾਂ ਨਾਲ ਪਉੜੀਆਂ ਦੇ ਨਾਲ ਸਲੋਕਾਂ ਨੂੰ ਆਪ ਜੋੜਿਆ।
‘ਬਾਣੀ ਆਸਾ ਕੀ ਵਾਰ’ ਦੀ ਮੁੱਢਲੀ ਜਾਣਕਾਰੀ ਦੇਣ ਸਮੇਂ ਅਸਾਂ ਇਹ ਵੀ ਸਪਸ਼ਟ ਕੀਤਾ ਸੀ ਕਿ ਕੀਰਤਨ ਸਮੇਂ ਪਉੜੀਆਂ ਦੇ ਨਾਲ-ਨਾਲ ਸਲੋਕਾਂ ਨੂੰ ਪੜ੍ਹਣ ਦਾ ਨੀਯਮ ਪਹਿਲੇ ਪਾਤਸ਼ਾਹ ਤੋਂ ਹੀ ਲਾਗੂ ਕਰ ਦਿਤਾ ਗਿਆ ਸੀ। ਇਸੇ ਕਾਰਨ ਬਾਣੀ ‘ਆਸਾ ਕੀ ਵਾਰ’ ਵਿਚ ਦਰਜ ਕੁਲ 59 ਸਲੋਕਾਂ ਵਿਚੋਂ 44 ਸਲੋਕ ਗੁਰੂ ਨਾਨਕ ਪਾਤਸ਼ਾਹ ਦੇ ਉਹੀ ਹਨ ਜੋ ਗੁਰੂ ਨਾਨਕ ਪਾਤਸ਼ਾਹ ਬਾਣੀ ‘ਆਸਾ ਕੀ ਵਾਰ’ ਦੇ ਕੀਰਤਨ ਸਮੇਂ ਪਉੜੀਆਂ ਦੇ ਨਾਲ-ਨਾਲ ਆਪ ਗਾਇਆ ਕਰਦੇ ਸਨ। ਇਸਦੀ ਸੂਚਨਾ ਵੀ ਪੰਜਵੇਂ ਪਾਤਸ਼ਾਹ ਨੇ ਬਾਣੀ ‘ਆਸਾ ਕੀ ਵਾਰ’ ਦਾ ਸਿਰਲੇਖ ਦੇਣ ਸਮੇਂ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਲਿਖ ਕੇ ਆਪ ਹੀ ਦੇ ਦਿਤੀ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਬਾਣੀ ‘ਆਸਾ ਕੀ ਵਾਰ’ ‘ਚ ਮਹਲੇ ਪਹਿਲੇ ਮਹਲੇ ਦੇ ਉਹੀ 44 ਸਲੋਕ ਵਰਤੇ ਹਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਆਪ ਵੀ ਵਰਤਿਆ ਕਰਦੇ ਸਨ।
ਬਾਣੀ ‘ਆਸਾ ਕੀ ਵਾਰ’ ਪਉੜੀ ਵਾਰ ਸੰਖੇਪ ਵਿਚਾਰ:
ਪਉੜੀ ॥ ਆਪੀਨ੍‍ੈ ਆਪੁ ਸਾਜਿਓ ਆਪੀਨ੍‍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥ 1 ॥

1.ਅਕਾਲਪੁਰਖੁ ਅਪਣੇ ਆਪ ਤੋਂ ਹੈ। ਕਰਤਾਰ ਨੂੰ ਕਿਸੇ ਨੇ ਬਣਾਇਆ ਜਾਂ ਪੈਦਾ ਨਹੀਂ ਕੀਤਾ। ਉਸਨੇ ਆਪਣਾ ਨਾਮਣਾ ਵੀ ਆਪ ਬਣਾਇਆ ਭਾਵ ਉਸਦੇ ਬੇਅੰਤ ਗੁਣਾ ਵਿਚੋਂ ਹੀ ਉਸਦੀਆਂ ਬੇਅੰਤ ਸਿਫ਼ਤਾਂ ਅਤੇ ਵਡਿਆਈਆਂ ਵੀ ਆਪ ਹੀ ਪ੍ਰਗਟ ਹੁੰਦੀਆਂ ਹਨ। ਕਰਤਾਰ ਨੇ ਫਿਰ ਕੁਦਰਤ ਰਚੀ ਇਸਤਰ੍ਹਾ ਇਹ ਕੁਦਰਤ ਅਪਣੇ ਆਪ ‘ਚ ਕਰਤਾਰ ਦੀ ਹੀ ਰਚਨਾ ਹੈ ਅਤੇ ਕਾਦਿਰ ਤੋਂ ਬਿਨਾ ਇਸਦਾ ਅਪਨਾ ਕੋਈ ਵਜੂਦ ਨਹੀਂ। ਕਰਤਾ ਇਸ ਰਚਨਾ ਵਿਚ ਹੀ ਅਪਣਾ ਆਸਣ ਟਿਕਾਅ ਕੇ, ਇਸ ‘ਚ ਵਿਆਪਕ ਹੋ ਕੇ, ਜਗਤ ਦਾ ਤਮਾਸ਼ਾ ਵੀ ਬੜੈ ਚਾਅ ਨਾਲ ਆਪ ਹੀ ਵੇਖ ਵੀ ਰਿਹਾ ਹੈ। ਇਸਦੇ ਜ਼ਰੇ-ਜ਼ਰੇ ਵਿਚ ਵਿਆਪਕ ਹੋਕੇ ਅਪਣੀ ਰਚਨਾ ਦੀ ਸੰਭਾਲ ਵੀ ਕਰਤਾ ਆਪ ਹੀ ਕਰਦਾ ਹੈ। ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ, ਉਨ੍ਹਾਂ ਦੀ ਪਾਲਨਾ ਅਤੇ ਸੰਘਾਰ ਕਰਨ ਵਾਲਾ ਵੀ ਪ੍ਰਭੁ ਆਪ ਹੀ ਹੈ।1।
ਪਉੜੀ ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍‍ੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥ 2 ॥

2. ਪੁਰਾਤਨ ਬ੍ਰਾਹਮਣੀ ਵਿਸ਼ਵਾਸ ਦਿਤੇ ਗਏ ਹਨ ਕਿ ਮਰਨੋਬਾਦ ਕੋਈ ਧਰਮਰਾਜ ਦੀ ਕਚਿਹਰੀ ਹੈ। ਇਹ ਵੀ ਕਿਹਾ ਹੈ ਕਿ ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸਚ ਦੇ ਆਧਾਰ ਤੇ ਹੀ ਜੀਵਾਂ ਦੇ ਕਰਮਾਂ ਦਾ ਨਿਬੇੜਾ ਹੁੰਦਾ ਹੈ। ਮੰਦ-ਕਰਮੀ ਚੁਣ ਕੇ ਵਖ ਕੀਤੇ ਜਾਂਦੇ ਹਨ ਅਜੇਹੇ ਜੀਵਾਂ ਨੂੰ ਸੁਰਗ ‘ਚ ਥਾਂ ਨਹੀਂ ਮਿਲਦੀ ਅਤੇ ਉਨ੍ਹਾਂ ਦਾ ਮੂੰਹ ਕਾਲਾ ਕਰ ਕੇ ਉਨ੍ਹਾਂ ਨੂੰ ਨਰਕ ਵਿਚ ਧੱਕ ਦਿਤਾ ਜਾਂਦਾ ਹੈ।
ਇਸਤੇ ਗੁਰਮਤਿ ਦਾ ਸਿਧਾਂਤ ਪ੍ਰਗਟ ਕਰਦੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਧਰਮਰਾਜ, ਜਮਰਾਜ, ਸੁਰਗ-ਨਰਕ ਆਦਿ ਵਾਲੀ ਕੋਈ ਹੋਂਦ ਨਹੀਂ। ਮਰਨੋਬਾਦ ਮਨੁੱਖਾ ਜੀਵਨ ਦੇ ਕੇਵਲ ਦੋ ਹੀ ਪੱਖ ਹਨ ਉਹ ਇਹ ਕਿ ਜੋ ਜੀਵ ਕਰਤੇ ਦੀ ਸਿਫ਼ਤ ਸਲਾਹ ‘ਚ ਰੰਗੇ ਰਹਿਂਦੇ ਹਨ, ਉਹ ਅਪਣੇ ਜੀਵਨ ਦੀ ਬਾਜ਼ੀ ਜਿੱਤ ਕੇ ਅੰਤ ਕਰਤੇ ‘ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ-ਮਰਣ ਦੇ ਗੇੜ੍ਹ ‘ਚ ਨਹੀਂ ਪੈਂਦੇ। ਦੂਜੇ ਜੀਵਨ ਵਿਚ ਠੱਗੀਆਂ ਆਦਿ ਕਰਨ ਵਾਲੇ ਮਨਮੁਖ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਫਿ਼ਰ ਤੋਂ ਜਨਮ-ਮਰਣ ਦੇ ਗੇੜ੍ਹ ‘ਚ ਹੀ ਧੱਕ ਦਿਤੇ ਜਾਂਦੇ ਹਨ ਯਥਾ “ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ” ।2।
ਪਉੜੀ ॥ਆਪੀਨ੍‍ੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਅ ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ ਮਨਿ ਅੰਧੈ ਜਨਮੁ ਗਵਾਇਆ ॥ 3 ॥

3. ਅਕਾਲਪੁਰਖੁ ਆਪ ਅੰਸ਼ ਰੂਪ ਹੋ ਕੇ ਇਨਸਾਨ ਦੇ ਅੰਦਰ ਵੱਸ ਰਿਹਾ ਹੈ। ਇਹ ਭੀ ਕਰਤੇ ਦੀ ਅਜੀਬ ਖੇਡ ਹੈ ਕਿ ਮਨੁੱਖ ਨੂੰ ਅੰਦਰ ਵਸਦਾ ਪ੍ਰਭੁ ਤਾਂ ਦਿਸਦਾ ਨਹੀਂ ਪਰ ਉਸੇ ਪ੍ਰਭੁ ਦੀਆਂ ਬਖਸ਼ੀਆਂ ਬੇਅੰਤ ਦਾਤਾਂ ‘ਚ ਖਚਤ ਰੋਹਕੇ ਉਨ੍ਹਾ ਦਾਤਾ ਨੂੰ ਭੋਗਦਾ ਰਹਿੰਦਾ ਹੈ। ਫਿ਼ਰ ਇਕ ਦਿਨ ਦਾਤਾਂ ‘ਚ ਖਚਤ ਤੇ ਦਾਤਾਂ ਨੂੰ ਦੇਣ ਵਾਲੇ ਦਾਤੇ ਨੂੰ ਭੁਲੇ ਇਨਸਾਨ ਦੇ ਸਰੀਰ ਨੂੰ ਅਚਾਨਕ ਹੀ ਜੀਵਾਤਮਾ ਛਡ ਜਾਂਦੀ ਹੈ। ਇਸਤਰ੍ਹਾਂ ਦਾਤਾਂ ਨੂੰ ਭੋਗਣ ਵਾਲਾ ਸਰੀਰ, ਜਿਸਦੇ ਕਾਰਣ ਜੀਵਾਤਮਾ, ਦਾਤੇ ਨੂੰ ਵੀ ਭੁਲੀ ਹੋਈ ਸੀ, ਮਿੱਟੀ ਦਾ ਢੇਰ ਬਣਕੇ ਰਹਿ ਜਾਂਦਾ ਹੈ ਅਤੇ ਦੁਨੀਆ ਦੇ ਧੰਧਿਆਂ ‘ਚ ਖਚਤ ਮਨੁੱਖ ਚਲਾਣਾ ਕਰ ਜਾਂਦਾ ਹੈ (ਵਡਾ ਹੋ ਜਾਂਦਾ ਹੈ)।
ਉਸ ਸਮੇਂ ਇਸ ਦੇ ਗਲੇ ‘ਚ ਪ੍ਰਭੂ ਦਾ ਹੁਕਮ ਰੂਪੀ ਸੰਗਲ ਪਾਕੇ ਇਸਨੂੰ ਅਗੇ ਲਾ ਲਿਆ ਜਾਂਦਾ ਹੈ। ਕਰਤੇ ਨੂੰ ਭੁਲਾਕੇ ਮਾਇਆ ‘ਚ ਖਚਤ ਰਹਿ ਰਿਹਾ ਇਹ ਜੀਵ ਜਗਤ ਨੂੰ ਛਡਣਾ ਨਹੀਂ ਚਾਹੁੰਦਾ ਪਰ ਰੁਕਣ ਦੀ ਵੀ ਛੂਟ ਨਹੀਂ ਮਿਲਦੀ। ਅਕਾਲਪੁਰਖੁ ਦੇ ਨਿਆਂ ‘ਚ ਤਾਂ ਕਰਤੇ ਦੀ ਕੀਤੀ ਸਿਫ਼ਤ-ਸਾਲਾਹ ਵਾਲੀ ਕਮਾਈ ਹੀ ਕਬੂਲ ਪੈਂਦੀ ਹੈ।
ਨਿਬੇੜੇ ਸਮੇਂ ਜੀਞ ਨਾਲ ਨਾ ਕੋਈ ਰਿਆਇਤ ਹੁੰਦੀ ਹੈ ਅਤੇ ਨਾ ਹੀ ਧਕਾ। ਪ੍ਰਭੁ ਨੂੰ ਭੁਲਾ ਕੇ ਮਾਇਕ ਭੋਗਾਂ ‘ਚ ਖਚਤ ਰਹਿਣ ਕਾਰਨ, ਕੀਤੇ ਕਰਮਾਂ ਅਨੁਸਾਰ ਜਦੋਂ ਫਿ਼ਰ ਤੋਂ ਜਨਮਾਂ ਦੇ ਦੁਖ ਸਹਿਨੇ ਪੈਂਦੇ ਹਨ ਤਾਂ ਉਸ ਸਮੇਂ ਇਸਦਾ ਰੋਣ-ਪਿਟਣ, ਕੂਕ-ਫ਼ਰਿਆਦ ਕੋਈ ਨਹੀਂ ਸੁਣਦਾ। ਅਗਿਆਨਤਾ ‘ਚ ਫ਼ਸਿਆ ਰਹਿ ਚੁਕਾ ਅਗਿਆਨੀ ਮਨੁੱਖ, ਅਮੁਲਾ ਮਨੁੱਖਾ ਜਨਮ ਜ਼ਾਇਆ ਕਰਕੇ ਚਲਾ ਜਾਂਦਾ ਹੈ।3।
ਪਉੜੀ ॥ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍‍ੀ ਵਿਚਹੁ ਆਪੁ ਗਵਾਇਆ ॥ ਜਿਨਿ ਸਚੋ ਸਚੁ ਬੁਝਾਇਆ ॥ 4 ॥

4.ਇਹ ਜੀਵ ਮਨੁੱਖਾ ਜਨਮ ਲੈਕੇ ਵੀ ਜੀਵਨ ਦੇ ਪੁਠੇ ਰਾਹ ਪਿਆ ਜਨਮਾਂ ‘ਚ ਭਟਕਦਾ ਤੇ ਪ੍ਰਭੁ ਤੋਂ ਵਿਛੜਿਆ ਰਹਿੰਦਾ ਹੈ। ਫਿ਼ਰ ਜਦੋਂ ਕਿਸੇ ਮਨੁਖਾ ਜਨਮ ਸਮੇਂ ਅਰਦਾਸੀਆ ਬਣਦਾ ਤੇ ਉਸਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ। ਤਾਂ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਇਸਨੂੰ ਸਦਾ ਥਿਰ ਰਹਿਣ ਵਾਲੇ ਗੁਰੂ (ਸਤਿਗੁਰੂ) ਨਾਲ ਮਿਲਾ ਦੇਂਦਾ ਹੈ। ਤਾਂ ਫਿ਼ਰ ਸਤਿਗੁਰੂ ਇਸਨੂੰ ਸ਼ਬਦ ਰੂਪ ਇਲਾਹੀ ਗਿਆਣ ਬਖਸ਼ਦਾ ਹੈ ਭਾਵ ਇਸਦੇ ਜੀਵਨ ਅੰਦਰ ਆਤਮਕ ਜਾਗ੍ਰਤੀ ਪੈਦਾ ਕਰ ਦੇਂਦਾ ਹੈ। ਤਾਂਤੇ ਗੁਰਦੇਵ ਬੜੇ ਵਜਦ ‘ਚ ਆਕੇ ਫ਼ੁਰਮਾਂਦੇ ਹਨ ਐ ਸੰਸਾਰ ਦੇ ਲੋਕੋ! ਧਿਆਨ ਦੇ ਕੇ ਸੁਣੋ! ਸਤਿਗੁਰੂ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕੀਤਾ ਹੁੰਦਾ ਹੈ ਤਾਂ ਉਹਨਾਂ ਨੂੰ ਸਤਿਗੁਰੂ ਦੇ ਮਿਲਾਪ ਕਾਰਣ ਸਚੇ, ਸਦਾ ੱਿਥਰ ਰਹਿਣ ਵਾਲੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਅਜੇਹੇ ਜੀਵ ਜਨਮ ਮਰਣ ਗੇੜ੍ਹ ਚੋ ਨਿਕਲ ਜਾਂਦੇ ਹਨ।4।
ਪਉੜੀ ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ ਭਰੀਐ ਪਾਈਐ ॥ 5 ॥

5. ਇਸਤਰ੍ਹਾਂ ਗੁਰਦੇਵ ਪਕਾ ਕਰਦੇ ਹਨ ਕਿ ਜੀਵਨ ਦਾ ਮੱਕਸਦ ਹੀ ਇਹੀ ਹੈ ਕਿ ਮਨੁੱਖਾ ਜਨਮ ਲੈਕੇ ਜੀਵ ਪ੍ਰਭੂ ਦੀ ਸਿਫਤ ਸਾਲਾਹ ਕਰੇ ਜਿਸਤੋਂ ਜਨਮ ਮਰਨ ਦੇ ਗੇੜ ‘ਚ ਨਾ ਪਵੇ। ਸਿਫਤ ਸਾਲਾਹ, ਕਰਤੇ ਦੀ ਚਾਪਲੂਸੀ ਨਹੀ ਬਲਕਿ ਜੀਵ ਲਈ ਆਪਣੇ ਆਪ ਦੀ ਪਛਾਣ ਦਾ ਢੰਗ ਹੈ। ਕਿਉਂਕਿ ਸਿਫਤ ਸਾਲਾਹ ਨਾਲ ਹੀ ਇਸਨੂੰ ਸਮਝ ਆ ਸਕਦੀ ਹੈ ਕਿ ਜੀਵ ਪ੍ਰਭੂ ਤੋਂ ਅਡਰੀ ਹਸਤੀ ਨਹੀਂ। ਸਿਫ਼ਤ ਸਲਾਹ ਨਾਲ ਹੀ ਪਤਾ ਲਗਦਾ ਹੈ ਕਿ ਆਤਮਾ ਉਸੇ ਕਰਤਾਰ ਦਾ ਅੰਸ਼ ਹੈ ਜੋਕਿ ਇਸ ਸਰੀਰ ਦਾ ਮਾਲਿਕ ਹੈ। ਇਸਤਰ੍ਹਾਂ ਅਨੇਕਾਂ ਦਾਤਾਂ ਜੋ ਪਭੁ, ਜੀਵ ਨੂੰ ਦੇ ਰਿਹਾ ਹੈ, ਇਹਨਾਂ ਦਾਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਤਾਂਤੇ ਜੇਕਰ ਜੀਵ ਆਪਣੀ ਸੰਭਾਲ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਕਰਣੀ ਨੂੰ ਸੁਧਾਰਨਾ ਚਾਹੀਦਾ ਹੈ ਅਤੇ ਕਰਤੇ ਦੀ ਰਜ਼ਾ ਵਿਚ ਚਲਨਾ ਚਾਹੀਦਾ ਹੈ। ਜਿਸ ਸਰੀਰ ਦੀ ਟਸ-ਮਸ ‘ਚ ਰਹਿਕੇ ਮਨੁਖ ਆਪਣੇ ਬੁਢਾਪੇ ਨੂੰ ਵੀ ਛੁਪਾਉਣ ਦੇ ਆਹਰਾਂ ਚ ਹੀ ਲਗਾ ਰਹਿਕੇ ਸਮਾਂ ਬਰਬਾਦ ਕਰ ਦਿੰਦਾ ਹੈ, ਸਮਾਂ ਪੁਗ ਜਾਣ ਤੇ ਇਹ ਸਰੀਰ ਤਾਂ ਸਾਥ ਛਡ ਦਿੰਦਾ ਹੈ। ਤਾਂ ਤੇ ਇਸ ਸਰੀਰ ਪਿਛੇ ਟੁਰ ਕੇ ਆਪਣੀ ਕਰਨੀ ਨੂੰ ਨਹੀਂ ਵਿਗਾੜਣਾ ਚਾਹੀਦਾ।5।
ਪਉੜੀ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥ 6 ॥

6. ਸਚੇ ਗੁਰੂ ਦੀ ਵਡੀ ਵਡਿਆਈ ਹੈ ਕਿ ਜੀਵ ਅੰਦਰੋਂ ਸੰਸਾਰਕ ਅਤੇ ਸਰੀਰਕ ਰਸਾਂ ਨੂੰ ਤੋੜਦਾ ਹੈ। ਸਤਿਗੁਰੂ ਤੋਂ ਬਿਨਾ ਕਰਤੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਸਚੇ ਗੁਰੂ ਦੀ ਪਛਾਣ ਹੈ ਕਿ ਉਸ ਦੀ ਰਗ-ਰਗ ਵਿਚੋਂ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਹਨ। ਸਚੀ ਅਤੇ ਸਪਸ਼ਟ ਗਲ ਇਹੀ ਹੈ ਕਿ ਜੇ ਸਚਮੁਚ ਜੀਵਨ ਅੰਦਰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ ਭਾਵ ਜੀਵਨ ਅੰਦਰ ਆਤਮਕ ਜਾਗ੍ਰਤੀ ਆ ਜਾਂਦੀ ਹੈ ਤਾਂ ਉਸ ਅੰਦਰ ਕਿਸੇ ਸ਼ਖਸ ਦੀ ਨਹੀਂ ਬਲਕਿ ਉਸਨੂੰ ਤਾਂ ਜ਼ਰੇ ਜ਼ਰੇ ਵਿਚੋਂ ਕਰਤਾਰ ਤੇ ਉਸਦੀਆਂ ਦਾਤਾਂ ਦੇ ਹੀ ਦਰਸ਼ਨ ਹੁੰਦੇ ਹਨ।6।
ਪਉੜੀ ॥ ਸੇਵ ਕੀਤੀ ਸੰਤੋਖੀਈ ਜਿਨ੍‍ੀ ਸਚੋ ਸਚੁ ਧਿਆਇਆ ॥ ਓਨ੍‍ੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓਨ੍‍ੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ ਵਡਿਆਈ ਵਡਾ ਪਾਇਆ ॥ 7 ॥

7. (ਸਚੇ ਗੁਰੂ ਦੇ ਲੜ ਲਗੇ ਮਨੁੱਖ ਦੇ ਆਪਣੇ ਜੀਵਨ ਵਿਚ ਵੀ ਪਲਟਾ ਆ ਜਾਂਦਾ ਹੈ)। ਉਨ੍ਹਾਂ ਮਨੁਖਾਂ ਅੰਦਰੋਂ ਤ੍ਰਿਸ਼ਨਾ-ਭਟਕਣਾ ਦਾ ਨਾਸ ਹੋ ਜਾਂਦਾ ਹੈ ਅਤੇ ਜੀਵਨ ‘ਚ ਸੰਤੋਖ ਤੇ ਟਿਕਾਅ ਆ ਜਾਂਦਾ ਹੈ। ਉਹਨਾਂ ਦੀ ਕਰਨੀ ਇੰਨੀ ਬਲਵਾਨ ਹੋ ਜਾਂਦੀ ਹੈ ਕਿ ਉਨ੍ਹਾਂ ਤੋਂ ਸੁਭਾਅ ਕਰਕੇ ਹੀ ਮਾੜਾ ਕੰਮ ਨਹੀਂ ਹੁੰਦਾ। ਉਨ੍ਹਾਂ ਦਾ ਅਪਣਾ ਜੀਵਨ ਹੀ ਸਚ ਦੀ ਕਮਾਈ ਵਾਲਾ ਹੋ ਜਾਂਦਾ ਹੈ। ਅਜੇਹੇ ਜੀਊੜੇ ਸੰਸਾਰਕ ਰਸਾਂ ਦੀ ਜਕੜ ਤੋਂ ਆਜ਼ਾਦ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਖਾਣਾ ਪਹਿਨਣਾ ਕੇਵਲ ਸਰੀਰ ਦੀ ਲੋੜ ਤੀਕ ਹੀ ਸੀਮਤ ਰਹਿੰਦਾ ਹੈ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਸਾਰੀਆਂ ਬਖਸਿ਼ਸ਼ਾਂ ਦਾ ਮਾਲਿਕ ਕੇਵਲ ਪ੍ਰਭੂ ਹੀ ਹੈ ਅਤੇ ਸਿਫਤ ਸਾਲਾਹ ਰਾਹੀਂ ਹੀ ਜੀਵ ਉਸ ‘ਚ ਅਭੇਦ ਹੋ ਸਕਦਾ ਅਤੇ ਜੀਦੇ ਜੀਅ ਵੀ ਉਸੇ ਪ੍ਰਭੁ ਦਾ ਹੀ ਪ੍ਰਗਟਾਵਾ ਹੋ ਜਾਂਦਾ ਹੈ ।7।
ਪਉੜੀ ॥ ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍‍ੀ ਸਚੁ ਕਮਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍‍ ਕੈ ਹਿਰਦੈ ਸਚੁ ਵਸਾਇਆ ॥ ਮੂਰਖ ਸਚੁ ਨ ਜਾਣਨ੍‍ੀ ਮਨਮੁਖੀ ਜਨਮੁ ਗਵਾਇਆ ॥ ਵਿਚਿ ਦੁਨੀਆ ਕਾਹੇ ਆਇਆ ॥ 8 ॥

8.ਗੁਰਦੇਵ ਦ੍ਰਿੜ ਕਰਵਾਂਦੇ ਹਨ ਕਿ ਕਵੇਲ ਇਕ ਅਕਾਲਪੁਰਖੁ ਹੀ ਥਿਰ ਰਹਿਣ ਵਾਲੀ ਹਸਤੀ ਹੈ ਅਤੇ ਉਸਦਾ ਸਾਰਾ ਵਰਤਾਰਾ ਹੀ ਸਚਾ ਹੈ ਉਸ ‘ਚ ਕੋਈ ਖੋਟ ਨਹੀਂ। ਜਿਨ੍ਹਾਂ ਉਪਰ ਕਰਤੇ ਦੀ ਬਖਸਿ਼ਸ਼ ਹੋ ਜਾਂਦੀ ਹੈ, ਉਹ ਸਤਿਗੁਰੂ (ਆਤਮਕ ਗਿਆਨ) ਦੇ ਮਿਲਾਪ ਰਾਹੀ ਉਹ ਜੀਵਨ ਦੀ ਇਸ ਸਚਾਈ ਨੂੰ ਬੁਝ ਲੈਂਦੇ ਹਨ। ਅਗਿਆਨੀ ਮਨੁੱਖ ਸਚ ਦੀ ਪਛਾਣ ਨਹੀਂ ਕਰ ਸਕਦੇ ਅਤੇ ਮਨਮਤਾਂ, ਹੂੜਮੱਤਾਂ, ਦੁਰਮੱਤਾ ‘ਚ ਫਸੇ ਰਹਿਕੇ ਅਪਣਾ ਅਮੁਲੇ ਮਨੁੱਖਾ ਜਨਮ ਵਾਲਾ ਮੌਕਾ ਗੁਆ ਲੈਂਦੇ ਹਨ। ਉਨ੍ਹਾਂ ਦਾ ਮਨੁੱਖਾ ਜਨਮ ਲੈਕੇ ਸੰਸਾਰ ‘ਚ ਆਉਣਾ ਜਾਂ ਨਾ ਆਉਣਾ ਬਰਾਬਰ ਹੁੰਦਾ ਹੈ ਕਿਉਂਕਿ ਮਨੁੱਖਾ ਜਨਮ ਲੈਕੇ ਵੀ ਉਹ ਫਿ਼ਰ ਤੋਂ ਜਨਮਾਂ ਦੇ ਗੇੜ੍ਹ ‘ਚ ਹੀ ਪੈ ਜਾਂਦੇ ਹਨ।8।
ਪਉੜੀ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍‍ੀ ਧਾਵਦੇ ॥ ਇਕਿ ਮੂਲੁ ਨ ਬੁਝਨ੍‍ ਆਪਣਾ ਅਣਹੋਦਾ ਆਪੁ ਗਣਾਇਦੇ ॥ ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਤਿਨ੍‍ ਮੰਗਾ ਜਿ ਤੁਝੈ ਧਿਆਇਦੇ॥ 9 ॥

9. ਭਗਤ ਭਾਵ ਪ੍ਰਭੂ ਪਿਆਰੇ ਕੇਵਲ ਉਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਦੇ ਜੀਵਨ ਪ੍ਰਭੂ ਦੀਆਂ ਸਿਫਤਾਂ ਨਾਲ ਭਰਪੂਰ ਰਹਿੰਦੇ ਹਨ। ਅਜਿਹੇ ਜੀਊੜੇ ਤਾਂ ਮਾਨੌ ਪ੍ਰਭੂ ਦਰ ਦੇ ਢੰਢੋਰਚੀ ਹੀ ਹੁੰਦੇ ਹਨ ਤੇ ਸੰਗਤ ਵੀ ਪ੍ਰਭੂ ਪਿਆਰਿਆਂ ਦੀ ਹੀ ਲੋੜਦੇ ਹਨ। ਦੂਜੇ ਹੰਕਾਰੀ ਮਨੁੱਖ ਅਗਿਆਨਤਾ ਵਸ ਆਪਣੀ ਅਸਲੀਅਤ ਨੂੰ ਨਹੀਂ ਪਛਾਣਦੇ। ਭੇਖ ਕਰ-ਕਰ ਕੇ ਵਡੇ ਧਰਮੀ (ਭਗਤ) ਅਖਵਾਉਂਦੇ ਹਨ ਪਰ ਪ੍ਰਭੁ ਦੀ ਬਖਸਿ਼ਸ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਅਜੇਹੇ ਭੇਖੀ, ਕਰਤੇ ਦੇ ਦਰ ਤੋਂ ਸਦਾ ਧਕ ਦਿਤੇ ਜਾਂਦੇ ਹਨ।9।
ਪਉੜੀ ॥ ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ ਫਲੁ ਤੇਵਹੋ ਪਾਈਐ ਜੇਵੇਹੀ ਕਾਰ ਕਮਾਈਐ ॥ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍‍ਾ ਦੀ ਪਾਈਐ ॥ ਮਤਿ ਥੋੜੀ ਸੇਵ ਗਵਾਈਐ ॥ 10 ॥

10. (ਸੱਚੇ ਭਗਤ, ਪ੍ਰਭੂ ਪਿਆਰੇ) ਹਮੇਸ਼ਾਂ ਪ੍ਰਭੁ ਪਿਆਰਿਆਂ ਦਾ ਸੰਗ ਹੀ ਲੋੜਦੇ ਹਨ। ਉਨ੍ਹਾਂ ਅੰਦਰੋਂ ਸੰਸਾਰਕ ਖਿਚਾਂ ‘ਤੇ ਮੋਹ-ਮਾਇਆ ਦੇ ਛਲਾਵੇ ਮੁੱਕ ਜਾਂਦੇ ਹਨ। ਦਰਅਸਲ ਮਨੁੱਖ ਜਿਹੋ ਜਿਹਾ ਬੀਜ ਪਾਂਦਾ ਹੈ ਤਾਂ ਉਗਦਾ ਵੀ ਉਹੀ ਹੈ। ਇਸਤਰ੍ਹਾਂ ਸਚੇ ਮਾਰਗ ਤੇ ਚਲਣ ਵਾਲੇ ਪ੍ਰਭੂ ਭਗਤ, ਅਪਣੇ ਆਪ ਪ੍ਰਭੂ ਦੀ ਬਖਸਿ਼ਸ਼ ਦੇ ਪਾਤਰ ਬਣ ਜਾਂਦੇ ਹਨ। ਇਸਦੇ ਉਲਟ ਬਹੁਤੇ ਤਾਂ ਮਨੁੱਖਾ ਜੀਵਨ ਦੇ ਅਸਲ ਮਕਸਦ ਅਤੇ ਸਚੇ ਮਾਰਗ ਨੂੰ ਅਪਣਾਏ ਬਿਨਾ ਅਨੇਕਾਂ ਆਪ ਮਿਥੇ ਧਰਮ-ਕਰਮ, ਭੇਖਾਂ ਤੇ ਕਰਮਕਾਂਡਾਂ ‘ਚ ਹੀ ਉਲਝੇ ਰਹਿੰਦੇ ਅਤੇ ਹਉਮੈ ਵਸ ਆਪਣਾ ਬਹੁਮੁਲਾ ਮਨੁੱਖਾ ਜਨਮ ਬਰਬਾਦ ਕਰਕੇ ਚਲੇ ਜਾਂਦੇ ਹਨ।10।
ਪਉੜੀ ॥ ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ ਸਹਜੇ ਹੀ ਸਚਿ ਸਮਾਇਆ ॥ 11 ॥

11. ਵਡੀ ਪਛਾਣ ਹੈ ਕਿ ਜਿਨ੍ਹਾਂ ਦੇ ਜੀਵਨ ਉਪਰ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਰੰਗ ਚੜ੍ਹ ਜਾਂਦਾ ਹੈ, ਸਮਝ ਲਵੋ ਉਨ੍ਹਾਂ ਨੇ ਸਹਿਜੇ ਹੀ ਅਕਾਲਪੁਰਖੁ ਨੂੰ ਪਾ ਲਿਆ ਹੈ। ਸਫਲ ਜੀਵਨ ਵਾਲੇ ਮਨੁੱਖਾਂ ਅੰਦਰ ਮੈਂ-ਮੇਰੀ ਨਹੀਂ ਬਲਕਿ ਉਨ੍ਹਾਂ ਦਾ ਸੁਭਾਅ ਹੀ ਪ੍ਰਭੂ ਦਰ ਤੇ ਅਰਦਾਸੀਏ ਵਾਲਾ ਬਣ ਜਾਂਦਾ ਹੈ। ਉਨ੍ਹਾਂ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਅਸਲ ‘ਚ ਮਨੁੱਖ ਜਿੰਨਾ ਵੱਧ ਮੈਂ-ਮੇਰੀ ਅਧੀਨ ਧਾਰਮਕ ਕਰਮ-ਕਾਂਡਾ ‘ਤੇ ਭੇਖਾਂ ‘ਚ ਉਲਝਿਆ ਹੁੰਦਾ ਹੈ, ਇਹ ਤਾਂ ਉਲਟਾ ਉਸਦੇ ਪ੍ਰਭੂ ਤੋਂ ਦੂਰ ਹੋਣ ਦੀ ਹੀ ਪਛਾਣ ਹੁੰਦੀ ਹੈ।
ਪ੍ਰਭੁ ਪਿਆਰੇ ਜਾਣਦੇ ਹਨ ਕਿ ਜੀਵ ਦੇ ਅਪਣੇ ਹਥ ਪਲੇ ਕੁਝ ਨਹੀ। ਪ੍ਰਭੂ ਨੇ ਇਹ ਰਚਨਾ ਹੀ ਰੰਗਾ ਰੰਗ ਦੀ ਬਣਾਈ ਹੈ। ਕੁਝ ਤਾਂ ਉਸ ਦੇ ਦਰ ਪ੍ਰਵਾਨ ਹੋ ਜਾਂਦੇ ਹਨ ਅਤੇ ਕੁਝ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦੇਣ ਲਈ ਪ੍ਰਭੂ ਨੇ ਆਪ ਹੀ ਗੁਮਰਾਹ ਕੀਤਾ ਹੁੰਦਾ ਹੈ। ਪ੍ਰਭੂ ਦੀ ਪ੍ਰਾਪਤੀ ਮਨੁੱਖ ਦੀਆਂ ਚਤੁਰਾਈਆਂ ਸਿਆਣਪਾਂ ਨਾਲ ਨਹੀਂ ਬਲਕਿ ਹਉਮੈ ਦਾ ਤਿਆਗ ਤੇ ਸਮਰਪਣ ਦੀ ਭਾਵਣਾ ਨਾਲ ਹੀ ਹੋ ਸਕਦੀ ਹੈ। ਮਨੁੱਖ ਦੀ ਇਹ ਉਤਮ ਸੋਚਣੀ ਵੀ ਸਤਿਗੁਰੂ (ਸਦੀਵੀ ਗੁਰੂ) ਦੇ ਲੜ ਲਗਣ ਕਰਕੇ ਹੀ ਬਣਦੀ ਹੈ।11।
ਪਉੜੀ ॥ ਪੜਿਆ ਹੋਵੈ ਗੁਨਹਾਗਾਰੁ ਤਾ ਓਮੀ ਸਾਧੁ ਨ ਮਾਰੀਐ ॥ ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥ ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥ ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥ ਮੁਹਿ ਚਲੈ ਸੁ ਅਗੈ ਮਾਰੀਐ ॥ 12 ॥

12.(ਖਿਆਲ ਰਹੇ ਕਿ ਵਿਸ਼ਾ ਉਨ੍ਹਾ ਦਾ ਹੀ ਚਲ ਰਿਹਾ ਹੈ ਜੋ ਜੀਵਨ ਤੇ ਕਰਣੀ ਕਰਕੇ ਪ੍ਰਭੁ ਪਿਆਰੇ ਦੇ ਰੁਤਬੇ ਨੂੰ ਪ੍ਰਾਪਤ ਹੋ ਚੁਕੇ ਹਨ ਅਤੇ ਉਸੇ ਵਿਸ਼ੇ ਨੂੰ ਅਗੇ ਵਧਾਉਂਦੇ ਹੋਏ ਗੁਰਦੇਵ ਫ਼ੁਰਮਾਂਦੇ ਹਨ) ਜੇਕਰ ਕੋਈ ਹੋਵੇ ਤਾਂ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਪਰ ਹੋਵੇ ਵਾਧੂ ਚਤੁਰਾਈਆਂ, ਠਗੀਆਂ ਵਾਲੇ ਜੀਵਨ ਵਾਲਾ ਤਾਂ ਖਾਲੀ ਵਿਦਵਾਨ ਹੋਣਾ ਹੀ ਪ੍ਰਭੂ ਦਰ ਤੇ ਪ੍ਰਵਾਨ ਹੋਣ ਦੀ ਗਾਰੰਟੀ ਨਹੀਂ। ਇਸ ਦੇ ਮੁਕਾਬਲੇ ਜੇ ਕੋਈ ਅਨਪੜ੍ਹ ਹੋਵੇ ‘ਤੇ ਕਿਸੇ ਚੰਗੀ ਸੰਗਤ ਕਾਰਣ, ਸੁਭਾਅ ਕਰਕੇ ਉਚੇ ਆਚਰਣ ਵਾਲਾ ਭਲਾ ਪੁਰਖ ਬਣ ਚੁਕਾ ਹੋਵੇ, ਤਾਂ ਅਜੇਹਾ ਸਾਧ ਸੁਭਾਅ ਵਾਲਾ ਮਨੁੱਖ ਸੰਸਾਰ ‘ਚ ਵੀ ਵਾਹ! ਵਾਹ! ਲੈਂਦਾ ਹੈ ਅਤੇ ਪ੍ਰਭੁ ਦਰ ਤੇ ਵੀ ਕਬੂਲ ਹੋ ਜਾਂਦਾ ਹੈ। ਇਸ ਲਈ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਣ ਲਈ ਜੀਵਨ ਦੀ ਸੰਭਾਲ ਜ਼ਰੂਰੀ ਹੈ। ਇਹੀ ਕਾਰਣ ਹੈ ਹੰਕਾਰੀ ਪੁਰਖ ਚਤੁਰਾਈਆਂ ਠਗੀਆਂ ਵਿਚ ਉਲਝਿਆ ਰਹਿਣ ਕਰਕੇ ਅੰਤ ਪਛਤਾਂਦਾ ਅਤੇ ਅਪਣਾ ਮਨੁੱਖਾ ਜਨਮ ਬਰਬਾਦ ਕਰਕੇ ਚਲਾ ਜਾਂਦਾ ਹੈ।12।
ਪਉੜੀ ॥ ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥ ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍‍ੀ ਨੇਤ੍ਰੀ ਜਗਤੁ ਨਿਹਾਲਿਆ ॥ ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥ ਕਰਿ ਕਿਰਪਾ ਪਾਰਿ ਉਤਾਰਿਆ ॥ 13 ॥

13.ਤਾਂਤੇ ਮਨੁੱਖ ਨੂੰ ਇਹ ਗਲ ਦ੍ਰਿੜ ਕਰਕੇ ਸਮਝ ਲੈਣੀ ਚਾਹੀਦੀ ਹੈ ਕਿ ਬਾਹਰ ਦੀਆਂ ਠਗੀਆਂ-ਚਤੁਰਾਈਆਂ, ਧਾਰਮਕ ਭਲ ਤੇ ਭੇਖ ਕਦੇ ਕੰਮ ਨਹੀਂ ਆਉਂਦੇ ਬਲਕਿ ਸੰਸਾਰ ਸਮੁੰਦਰ ਤੋਂ ਕੇਵਲ ਆਤਮਕ ਗਿਆਨ (ਸਤਿਗੁਰੂ) ਤੋਂ ਤਿਆਰ ਜੀਵਨ ਹੀ ਪਾਰ ਕਰਵਾ ਸਕਦਾ ਹੈ। ਜਿਹੜੇ ਮਨੁੱਖ ਪ੍ਰਭੂ ਦਾ ਲੜ ਛਡ ਕੇ ਇਧਰ-ਉਧਰ ਕਰਮਕਾਂਡਾਂ, ਭੇਖਾਂ, ਵਿਕਾਰਾਂ, ਠਗੀਆਂ, ਚਤੁਰਾਈਆਂ ਆਦਿ ‘ਚ ਭਟਕ ਜਾਂਦੇ ਹਨ, ਉਹ ਆਪਣਾ ਜਨਮ ਬਰਬਾਦ ਕਰ ਜਾਂਦੇ ਹਨ। ਸੰਸਾਰ ਦੀ ਅਸਲੀਅਤ ਦਾ ਗਿਆਨ ਸਤਿਗੁਰੂ (ਸਦਾ ਥਿਰ ਰਹਿਣ ਵਾਲੇ ਗੁਰੂ) ਤੋਂ ਬਿਨਾ ਸੰਭਵ ਨਹੀ। ਕੇਵਲ ਆਤਮਕ ਗਿਆਨ ਹੀ ਹੈ ਜਿਸਦੀ ਪ੍ਰਾਪਤੀ ਹੋਣ ਤੇ ਇਨ੍ਹਾਂ ਸਰੀਰਕ ਨੇਤ੍ਰਾਂ ਨਾਲ ਵੀ ਪ੍ਰਭੂ ਦੇ ਦਰਸ਼ਨ ਉਸਦੀ ਇਸੇ ਰਚਨਾ ਵਿਚੋਂ ਹੀ ਹੋ ਜਾਂਦੇ ਹਨ। ਮਨੁੱਖ ਨੂੰ ਅਜਿਹੇ ਸਤਿਗੁਰੂ ਦਾ ਸਦਾ ਰਿਣੀ ਰਹਿਣਾ ਚਾਹੀਦਾ ਹੈ ਅਤੇ ਉਸ ਤੋਂ ਵਾਰੇ-ਵਾਰੇ ਜਾਣਾ ਚਾਹੀਦਾ ਹੈ।13।
ਪਉੜੀ ॥ ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ ਪਛੋਤਾਵਣਾ ॥ 14 ॥

14. ਮਨੁਖਾ ਜਨਮ ਪਾਕੇ, ਮਨੁੱਖ ਨੂੰ ਇਹ ਗਲ ਚੇਤੇ ਰਖਣੀ ਚਾਹੀਦਾ ਹੈ ਕਿ ਅਪਣੇ ਸੁੰਦਰ ਸਰੀਰ ਤੋਂ ਲੈ ਕੇ ਸੰਸਾਰ ਪਧਰ ਦੇ ਧੰਨ ਪਦਾਰਥ ਅਤੇ ਬੇਅੰਤ ਤਾਕਤਾਂ, ਉਹਦੇ, ਸਿਕਦਾਰੀਆਂ, ਲਿਆਕਤਾਂ ਮਨੁੱਖ ਦੇ ਲਈ ਕਰਤੇ ਦੀਆਂ ਦਾਤਾਂ ਹਨ। ਮਨੁੱਖ ਨੂੰ ਇਨ੍ਹਾਂ ਦਾਤਾਂ ਦੀ ਸੁਵਰਤੋਂ ਕਰਨੀ ਚਾਹੀਦੀ ਹੈ। ਪ੍ਰਭੁ ਨੂੰ ਵਿਸਾਰ ਕੇ ਸਰੀਰ ਤੇ ਸਾਧਨਾਂ ਦੇ ਨਸ਼ੇ ‘ਚ ਮਨੁੱਖ ਜੇਕਰ ਦਾਤਾਂ ਦੀ ਕੁਵਰਤੋਂ ‘ਚ ਰੁਝਿਆ ਰਿਹਾ ਤਾਂ ਅੰਤ ਭੁਗਤਣਾ ਵੀ ਉਸੇ ਨੂੰ ਹੀ ਪਵੇਗਾ। ਤਾਂ ਫਿ਼ਰ ਉਸ ਸਮੇਂ ਪਛਤਾਵੇ, ਰੋਣ-ਧੋਣ ਨਾਲ ਸਜ਼ਾ ਤੋਂ ਨਹੀਂ ਬਚ ਸਕੇਗਾ। ਕਿਉਂਕਿ ਕਰਤੇ ਦੇ ਨਿਆਂ ਵਾਲਾ ਰਸਤਾ ਬੜਾ ਤੰਗ ਤੇ ਬਿਨਾਂ ਰਿਆਇਤ ਹੈ।14।
ਪਉੜੀ ॥ ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥ ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥ ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥ 15 ॥

15. ਗੁਰਦੇਵ ਦ੍ਰਿੜ ਕਰਵਾਂਦੇ ਹਨ ਜੇਕਰ ਮਨੁੱਖ ਸਮਰਪਤ ਭਾਵਨਾ ਨਾਲ ਕਰਤਾਰ ਦਾ ਹੋਕੇ ਚਲੇ ਤਾਂ ਉਸਨੂੰ ਅਜੇਹੇ ਤੰਗ ਨਿਆਂ ਦਾ ਸਾਹਮਣਾ ਹੀ ਨਹੀਂ ਕਰਨਾ ਪੈਂਦਾ। ਕਿਉਂਕਿ ਜੀਵ ਜਦੋਂ ਚਲਦਾ ਹੀ ਉਸੇ ਦਾ ਬਣਕੇ ਹੈ ਤਾਂ ਅਕਾਲਪੁਰਖੁ ਵੀ ਜੀਵ ਤੋਂ ਉਹੀ ਕਾਰਜ ਕਰਵਾਉਂਦਾ ਹੈ ਜੋ ਉਸਨੂੰ ਭਾਉਂਦੇ ਹਨ। ਅਜੇਹੇ ਪ੍ਰਭੁ ਪਿਆਰੇ ਦੀ ਰਹਿਣੀ ‘ਚ ਹੂੜਮੱਤ, ਆਪਹੁਦਰਾਪਣ, ਦੁਰਮੱਤ, ਹਉਮੈ ਆਦਿ ਤਾਂ ਰਹਿੰਦੀ ਹੀ ਨਹੀਂ ਜਿਸਦੀ ਕਿ ਉਸਨੂੰ ਸਜ਼ਾ ਭੋਗਣੀ ਪਵੇ। ਅਜੇਹਾ ਸੇਵਕ ਸਹੀ ਅਰਥਾਂ ਵਿਚ ਹੁਕਮੀ ਬੰਦਾ ਹੀ ਹੋ ਨਿਬੜਦਾ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ ਅਜੇਹਾ ਸੇਵਕ ਜੀਂਦੇ ਜੀਅ ਪ੍ਰਮਾਤਮਾ ਦੇ ਗੁਣਾਂ ਦਾ ਹੀ ਪ੍ਰਗਟਾਵਾ ਹੋ ਜਾਂਦਾ ਹੈ। ਜਦੋਂ ਉਸਦੀ ਕਰਣੀ, ਅਪਣੀ ਕਰਣੀ ਰਹਿੰਦੀ ਹੀ ਨਹੀਂ ਤਾਂ ਗਲਤ ਹੋਵੇਗੀ ਕਿਵੇ?15।
ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥ 16 ॥

16.ਜਦੋਂ ਮਨੁੱਖ ਦਾ ਜੀਵਨ ਆਤਮਕ ਤੌਰ ਤੇ ਸਚਮੁੱਚ ਹੀ ਜਾਗ ਉਠਦਾ ਹੈ ਤਾਂ ਉਸਨੂੰ ਇਹ ਵੀ ਯਕੀਨ ਆ ਜਾਂਦਾ ਹੈ ਕਿ ਪ੍ਰਭੁ ਦੀ ਇਹ ਸਾਰੀ ਰਚਨਾ ਪੂਰੀ ਤਰ੍ਹਾਂ, ਪ੍ਰਭੁ ਦੀ ਅਪਣੀ ਸੰਭਾਲ ਵਾਲੇ ਅਟਲ ਨੀਯਮ ‘ਚ ਹੀ ਚਲਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਸੰਸਾਰ ‘ਚ ਵਡਿਆਈਆਂ, ਤਾਕਤਾਂ ਮਿਲਦੀਆਂ ਹਨ ਜਾਂ ਜੋ ਵੀ ਕਰਮ ਕਰਦੇ ਹਨ, ਕਰਤਾ ਆਪ ਹੀ ਉਨ੍ਹਾਂ ਤੋਂ ਕਰਵਾਉਂਦਾ ਹੈ। ਕੇਵਲ ਵਡਾ ਹੀ ਨਹੀਂ ਬਲਕਿ ਕਾਦਿਰ ਇੰਨਾ ਵਡਾ ਹੈ ਕਿ ਉਸ ਤੋਂ ਹੋਰ ਵਡਾ ਕੋਈ ਹੈ ਹੀ ਨਹੀ, ਤੇ ਸਾਰਿਆਂ ਨੂੰ ਨੰਬਰ-ਸਿਰ ਆਹਰੇ, ਧੰਦੇ ਵੀ ਆਪ ਹੀ ਲਾਂਦਾ ਹੈ।
ਖੂਬੀ ਇਹ ਕਿ ਇਹ ਤਾਕਤਾਂ, ਵਡਿਆਈਆਂ ਤਾਂ ਮਾਲਿਕ ਵਲੋਂ ਦਾਤਾਂ ਹੁੰਦੀਆਂ ਹਨ ਪਰ ਅਗਿਆਨੀ ਮਨੁੱਖ ਇਨ੍ਹਾਂ ਨੂੰ ਅਪਣੀਆਂ ਮੰਨ ਕੇ ਇਨ੍ਹਾਂ ਉਪਰ ਵਧ ਤੋਂ ਵਧ ਅਪਣੀ ਪੱਕੜ ਪਕੀ ਰਖਣ ਦੀ ਕੋਸਿ਼ਸ਼ ਕਰਦਾ ਹੈ। ਇਸਤਰ੍ਹਾਂ ਇਸੇ ਉਲਟੀ ਕੋਸਿ਼ਸ਼ ‘ਚ ਡੁਬਾ, ਦੂਜਿਆਂ ਨਾਲ ਧਕਾ-ਜ਼ੁਲਮ ਤੀਕ ਕਰਨੋਂ ਤੇ ਦਾਤਾਂ ਦੀ ਵਧ ਤੋਂ ਵਧ ਕੁਵਰਤੋਂ ਕਰਨੋ ਵੀ ਪਿਛੇ ਨਹੀਂ ਰਹਿੰਦਾ। ਇਸੇ ਗਲਤ ਦੌੜ ‘ਚ ਮਨੁੱਖ ਆਪਣੀ ਅਣਖ, ਗ਼ੈਰਤ, ਸਿਧਾਂਤ ਸਭ ਛਿੱਕੇ ਟੰਗ ਦਿੰਦਾ ਹੈ। ਇਹ ਭੁਲ ਜਾਂਦਾ ਹੈ ਕਿ ਜਿਸ ਮਾਲਿਕ ਨੇ ਇਹ ਤਾਕਤਾਂ, ਵਡਿਆਈਆਂ, ਸਿਫ਼ਤਾਂ ਬਖਸ਼ੀਆਂ ਹਨ, ਉਹ ਇੰਨਾ ਸਮਰਥ ਹੈ ਜੇ ਚਾਹੇ ਤਾਂ ਪਲਾਂ ‘ਚ ਉਸੇ ਹੀ ਤਾਕਤਵਰ ਮਨੁੱਖ ਨੂੰ ਇੰਨਾ ਵਧ ਮੁਹਤਾਜ ਬਣਾ ਦੇਵੇ ਕਿ ਮੰਗਣ ਉਪਰ ਵੀ ਉਸਨੂੰ ਭਿਖਿਆ ਤੀਕ ਵੀ ਕੋਈ ਨਾ ਪਾਵੇ।16।
ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥ 17 ॥

17.ਪ੍ਰਭੂ ਵਲੋਂ ਪ੍ਰਾਪਤ ਇਹਨਾਂ ਵਡਿਆਈਆਂ, ਤਾਕਤਾਂ ਦੀ ਕੁਵਰਤੋਂ ‘ਚ ਉਲਝਿਆ ਮਨੁੱਖ ਆਪਣੇ ਆਪ ਨੂੰ ਐਸ਼ੋ-ਆਰਾਮ ਅਤੇ ਸੰਸਾਰਕ ਰਸਾਂ ਦੀ ਜੱਕੜ ਵਿਚ ਫਸਾ ਦੇਂਦਾ ਹੈ। ਇਨ੍ਹਾਂ ਦਾਤਾਂ ਦੀ ਹੀ ਕੁਵਰਤੋਂ ਕਰਕੇ ਉਹ ਦੂਜਿਆਂ ਉਪਰ ਜ਼ੁਲਮ ਧਕੇ ਠਗੀਆਂ ਕਰਦਾ ਹੈ। ਕਾਰਣ ਹੁੰਦਾ ਹੈ ਉਸ ਦੇ ਮਨ ਵਿਚੋਂ ਪ੍ਰਭੂ ਦਾ ਡਰ ਪੂਰੀ ਤਰ੍ਹਾਂ ਅਲੋਪ ਹੋ ਚੁਕਾ ਹੁੰਦਾ ਹੈ। ਰੰਗ-ਤਮਾਸਿ਼ਆਂ ‘ਚ ਉਲਝੇ ਮਨੁੱਖ ਨੂੰ ਤਾਂ ਨੂੰ ਮੌਤ ਵਰਗੀ ਸਚਾਈ ਵੀ ਭੁਲੀ ਰਹਿੰਦੀ ਹੈ। ਇਸਤਰ੍ਹਾ ਜਿਸ ਸਰੀਰ ਪਿਛੇ ਲਗ ਕੇ ਉਸਨੇ ਆਪਣੀ ਕਰਣੀ ਵਿਗਾੜੀ ਹੁੰਦੀ ਹੈ, ਅਚਾਨਕ ਹੀ ਇਹ ਸਰੀਰ ਇਸਦਾ ਸਾਥ ਛਡ ਦਿੰਦਾ ਹੈ ਅਤੇ ਬੀਤ ਚੁਕਾ ਸਮਾਂ ਫਿਰ ਹਥ ਨਹੀ ਆਉਂਦਾ।
ਪਉੜੀ ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਹਿ ਮੇਲੇ ਤਾ ਨਦਰੀ ਆਈਆ ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਸਹਿ ਤੁਠੈ ਨਉ ਨਿਧਿ ਪਾਈਆ ॥ 18 ॥

18. ਤਾਂਤੇ ਗੁਰਦੇਵ ਪਕਾ ਕਰਦੇ ਹਨ ਕਿ ਕਰਤਾਰ ਦੀ ਬਖਸਿ਼ਸ਼ ਨਾਲ ਜੇਕਰ ਇਹ ਮਨੁੱਖਾ ਸਰੀਰ ਮਿਲਿਆ ਹੈ ਤਾਂ ਇਸਨੂੰ ਪਾਕੇ ਜੀਵ ਨੂੰ ਸਤਿਗੁਰ ਦੇ ਗੁਣ ਗਾਉਣੇ ਚਾਹੀਦੇ ਹਨ। ਕੋਈ ਦੰਭੀ, ਪਾਖੰਡੀ ਜਾਂ ਦੁਨਿਆਵੀ ਗੁਰੂ ਨਹੀਂ ਬਲਕਿ ਸਦੀਵੀ ਗੁਰੂ ਜੋ ਜਨਮ-ਮਰਣ ‘ਚ ਨਹੀਂ ਆਉਂਦਾ ਤੇ ਹੈ ਹੀ ਵਡਿਆਈਆਂ ਦਾ ਖਜ਼ਾਨਾ। ਇਹ ਤਾਕਤ ਵੀ ਅਜੇਹੇ ਸਤਿਗੁਰੂ ‘ਚ ਹੀ ਹੈ ਕਿ ਮਨੁੱਖ ਦੇ ਅੰਦਰੋ ਸਾਰੀਆਂ ਕਮਜੋਰੀਆਂ ਨੂੰ ਆਪਣੀ ਕ੍ਰਿਪਾ ਕਰਕੇ ਮਾਰ ਕਢਦਾ ਹੈ।
ਸਤਿਗੁਰੂ ਕਿੰਨੀਆਂ ਵਡਿਆਈਆਂ ਦਾ ਮਾਲਿਕ ਹੈ, ਇਹ ਸਮਝ ਤਾਂ ਉਦੋਂ ਹੀ ਆਉਂਦੀ ਹੈ ਜਦੋਂ ਕਰਤਾਰ ਕ੍ਰਿਪਾ ਕਰਕੇ ਮਨੁੱਖ ਦਾ ਮਿਲਾਪ ਸਚੇ ਗੁਰੂ ਨਾਲ ਆਪ ਹੀ ਕਰਵਾ ਦੇਂਦਾ ਹੈ। ਫਿ਼ਰ ਇੰਨਾ ਹੀ ਨਹੀਂ, ਸਮਝ ਆ ਜਾਣ ਤੋਂ ਬਾਦ ਵੀ ਕਿ ਸਤਿਗੁਰੂ ਦੀਆਂ ਵਡੀਆਂ ਵਡਿਆਈਆਂ ਕੀ ਹੁੰਦੀਆਂ ਹਨ, ਫਿ਼ਰ ਵੀ ਇਹ ਵਡਿਆਈਆਂ ਜੀਵ ਦੇ ਜੀਵਨ ਦਾ ਹਿੱਸਾ ਤਾਂ ਹੀ ਬਣਦੀਆਂ ਹਨ ਜਦੋਂ ਅਕਾਲਪੁਰਖੁ ਆਪ ਹੀ ਕ੍ਰਿਪਾ ਕਰਦਾ ਹੈ। ਇਸਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਇਹ ਸਾਰੀ ਖੇਡ ਹੀ ਕਰਤਾਰ ਦੀ ਹੈ ਅਤੇ ਜੇ ਉਹ ਤਰੁਠ ਜਾਵੇ ਤਾਂ ਸਮਝ ਲਵੋ ਕਿ ਜੀਵ ਨੂੰ ਸੰਸਾਰ ਦੇ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਹਨ ।18।
ਪਉੜੀ ॥ ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥ 19 ॥

19. ਵਿਰਲਿਆਂ ਨੂੰ ਛਡਕੇ, ਸੰਸਾਰ ‘ਚ ਜੋ ਵੀ ਜਨਮ ਲੈਂਦਾ ਹੈ, ਜਨਮ ਦੇ ਨਾਲ ਹੀ ਉਸਨੂੰ ‘ਮੈਂ ਮੇਰੀ ਵਾਲੀ’ ਪਕੜ ਹੋ ਜਾਂਦੀ ਹੈ। ਦਰਅਸਲ ਇਹੀ ਮੈਂ-ਮੇਰਾ ਮਨੁੱਖ ਨੂੰ ਕੁਰਾਹੇ ਪਾ ਦਿੰਦਾ ਹੈ। ਉਸ ਅੰਦਰ ਹਉਮੈ ਅਤੇ ਸੁਆਰਥ ਪ੍ਰਬਲ ਹੋ ਜਾਂਦਾ ਹੈ। ਮਨੁੱਖ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਅਤੇ ਖਾਸ ਸਮਝਣਾ ਸ਼ੁਰੂ ਕਰ ਦੇਂਦਾ ਹੈ। ਭੁਲ ਜਾਂਦਾ ਹੈ ਕਿ ਪ੍ਰਭੁ ਨੂੰ ਭੁਲਕੇ ਉਹ ਜੋ ਕੁਝ ਵੀ ਕਰ ਰਿਹਾ ਹੈ, ਇਸ ਦਾ ਫਲ ਵੀ ਉਸਨੇ ਅਵਸ਼ ਹੀ ਭੁਗਤਣਾ ਹੈ।
ਤਾਂਤੇ ਗੁਰਦੇਵ ਪੱਕਾ ਕਰਦੇ ਹਨ ਕਿ ਐ ਮਨੁੱਖ! ਚੇਤੇ ਰਖ ਕਿ ਤੂੰ ਸੰਸਾਰ ‘ਚ ਰਹਿਣ ਲਈ ਨਹੀਂ ਆਇਆ। ਇਹ ਜੋ ਕੁਝ ਵੀ ਤੂੰ ਅਪਣਾ ਮੰਨ ਕੇ ਇਨ੍ਹਾ ਦੀ ਕੁਵਰਤੋਂ ‘ਚ ਪੈ ਗਿਆ ਹੈਂ ਇਹ ਸਭ ਤਾਂ ਕਰਤਾਰ ਵਲੋਂ ਤੇਰੇ ਜੀਵਨ ਲਈ ਕੇਵਲ ਵਰਤਣ-ਵਲੇਵੇ ਤੇ ਦਾਤਾਂ ਹਨ; ਇਸ ਲਈ ਤੂੰ ਅੰਹਕਾਰ ਕਿਉਂ ਕਰ ਰਿਹਾਂ ਹੈ, ਤੇਰੀ ਮੌਤ ਦੇ ਨਾਲ ਹੀ ਇਹ ਸਭ ਪਰਾਇਆ ਹੋ ਜਾਣਾ ਹੈ। ਤਾਂਤੇ ਸੰਸਾਰ ‘ਚ ਆਕੇ ਜੇ ਕਰ ਤੂੰ ਕੁਝ ਵਿਦਿਆ ਲਈ ਹੈ ਤਾਂ ਉਸ ਵਿਦਿਆ ਦਾ ਮੱਕਸਦ ਹੈ ਤੂੰ ਜੀਵਨ ਦੀ ਇਸ ਸੱਚਾਈ ਨੂੰ ਸਮਝ ਅਤੇ ਪ੍ਰਭੁ ਵਲੋਂ ਹਾਸਲ ਇਨ੍ਹਾ ਉਹਦਿਆਂ, ਤਾਕਤਾਂ, ਸਾਧਨਾ ਦੇ ਬਲਬੂਤੇ ਤੂੰਂ ਅਪਣੇ ਆਪ ਨੂੰ ਵੱਡਾ ਤੇ ਦੂਜਿਆਂ ਨੂੰ ਅਪਣੇ ਤੋਂ ਘੱਟ ਨਾ ਸਮਝ। ਇਸਦੇ ਨਾਲ ਇਹ ਵੀ ਜ਼ਰੂਰੀ ਹੀ ਕਿ ਹੁੱਜਤਬਾਜ਼ ਮਨੁੱਖ ਨਾਲ ਵੀ ਨਾ ਉਲਝਿਆ ਜਾਵੇ।19।
ਪਉੜੀ ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥ 20 ॥

20. ਸਾਰੀ ਰਚਨਾ ਪ੍ਰਭੂ ਦੀ ਆਪਣੀ ਹੀ ਬਣਾਈ ਹੋਈ ਹੈ। ਜੀਵਨ ਦੇਣ ਵਾਲਾ ਅਤੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਨਿਆਂ ਕਰਣ ਵਾਲਾ ਵੀ ਉਹ ਆਪ ਹੀ ਹੈ। ਜੋ ਵੀ ਸਰੀਰ ਧਾਰੀ ਹੈ, ਉਸ ਨੇ ਬਿਨਸਨਾ ਅਵ‘ਸ਼ ਹੈ। ਇਸ ਲਈ ਜਦੋਂ ਤੀਕ ਸਰੀਰ ਕਾਇਮ ਹੈ, ਲਾਪਰਵਾਹ ਨਾ ਹੋ ਕੇ ਆਪਣੇ ਜੀਵਨ ਦੀ ਸੰਭਾਲ ਆਪ ਹੀ ਕਰਨੀ ਚਾਹੀਦੀ ਹੈ।20।
ਪਉੜੀ ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍‍ਾਲੀਐ ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥ 21 ॥

21. ਗੁਰਦੇਵ ਫਿ਼ਰ ਦੋਹਰਾਂਦੇ ਤੇ ਪੱਕਾ ਕਰਦੇ ਹਨ ਕਿ ਮਨੁੱਖਾ ਜਨਮ ਲੈਕੇ ਮਨੁੱਖ ਨੂੰ ਦੀਰਘ ਦ੍ਰਿਸ਼ਟੀ ਨਾਲ ਆਪਣੇ ਚੰਗੇ-ਮੰਦੇ ਦੀ ਪਛਾਣ ਆਪ ਹੀ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਜਿਵੇ ਕਿਸੇ ਦੱਸਿਆ ਉਸੇ ਪਾਸੇ ਟੁਰ ਪਏ, ਇਹ ਤਾਂ ਆਪਣੇ ਆਪ ਨੂੰ ਹੀ ਬਰਬਾਦ ਕਰਣ ਦੀ ਗੱਲ ਹੈ। ਮਨੁੱਖ ਦੀ ਸੋਚਣੀ ਤੇ ਕਰਨੀ ਉਹ ਹੋਣੀ ਚਾਹੀਦੀ ਹੈ ਜਿਸ ਕਾਰਣ ਇਹ ਜੀਵ ਪ੍ਰਭੂ ਦੀ ਦਰਗਾਹ ‘ਚ ਮਾਨ ਸਤਿਕਾਰ ਹਾਸਲ ਕਰ ਸਕੇ ਅਤੇ ਇਹ ਮਨੁੱਖਾ ਜਨਮ ਬਰਬਾਦ ਨਾ ਹੋ ਜਾਵੇ।21।
ਪਉੜੀ ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ 22 ॥

22. ਜਿਵੇਂ ਸੰਸਾਰ ਪੱਧਰ ਤੇ ਕਿਸੇ ਵੀ ਅਦਾਰੇ ‘ਚ ਮਾਲਿਕ ਨੂੰ ਨੌਕਰ ਉਹੀ ਭਾਉਂਦਾ ਹੈ ਜੋ ਉਸਦੇ ਸੁਭਾਅ ਨਾਲ ਸੁਭਾਅ ਮਿਲਕੇ ਚਲਦਾ ਹੈ। ਅਜੇਹਾ ਨੌਕਰ ਮਾਲਿਕ ਨੂੰ ਚੰਗਾ ਵੀ ਲਗਦਾ ਹੈ ਤੇ ਮਾਲਿਕ ਕੋਲੋਂ ਮਾਨ ਸਤਿਕਾਰ ਤੇ ਤਨਖਾਹ ‘ਚ ਵੀ ਤਰੱਕੀਆਂ ਲੈਦਾ ਹੈ। ਜਦਕਿ ਇਸਦੇ ਉਲਟ ਮਾਲਿਕ ਨਾਲ ਬਰਾਬਰੀ ਕਰਣ ਵਾਲੇ ਨੌਕਰ ਨਾਲ ਸਭ ਕੁਝ ਇਸਦੇ ਉਲਟ ਹੀ ਹੁੰਦਾ ਹੈ। ਠੀਕ ਇਸੇਤਰ੍ਹਾਂ ਪ੍ਰਭੂ ਦੇ ਦਰ ਤੇ ਸੁਰਖਰੂ ਹੋਣ ਲਈ ਵੀ ਮਨੁੱਖ ਨੂੰ ਪ੍ਰਭੂ ਉਪਰ ਹੁਕਮ ਚਲਾਣ ਵਾਲਾ ਸੁਭਾਅ ਤਿਆਗਣਾ ਜ਼ਰੂਰੀ ਹੈ।
ਸੁਖਣਾ, ਚਾਲੀਹੇ ਆਦਿ ਪ੍ਰਭੁ ਨਾਲ ਸ਼ਰਤਾਂ, ਉਸ ਉਪਰ ਹੁਕਮ ਤੇ ਉਸਦੀ ਬਰਾਬਰੀ ਹੀ ਹੁੰਦੇ ਹਨ। ਮਨੁੱਖ ਨੂੰ ਪ੍ਰਭੂ ਅਗੇ ਬੇਨਤੀ ਅਥਵਾ ਅਰਜ਼ੋਈ ਕਰਨੀ ਹੀ ਬਣਦੀ ਹੈ, ਉਸਨੂੰ ਹੁਕਮ ਕਰਨਾ ਜਾਂ ਉਸ ਨਾਲ ਸ਼ਰਤਾਂ ਨਹੀਂ ਲਾਉਣੀਆ। ਕਿਸੇ ਗਲ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਪ੍ਰਭੂ ਦੀ ਅਪਣੀ ਇਛਾ ਹੈ। ਇਸ ਲਈ ਪ੍ਰਭੂ ਪਿਆਰਾ ਉਹੀ ਹੈ ਜੋ ਉਸ ਦੇ ਭਾਣੇ ਨੂੰ ਖਿੜੇ ਮਥੇ ਪ੍ਰਵਾਨ ਕਰੇ ਉਸ ਦੇ ਕੀਤੇ ਉਪਰ ਘੁੰਤਰਾਂ ਕਢ ਕੇ ਬਰਾਬਰੀਆਂ ਕਰਨ ਵਾਲਾ ਸੁਭਾਅ ਨਾ ਬਣਾਏ। ਕਰਤਾਰ ਦੇ ਕੀਤੇ ਉਪਰ ਘੁੰਤਰਾਂ ਕਢਣੀਆਂ ਤੇ ਉਸ ਨਾਲ ਬਰਾਬਰੀ ਕਰਨ ਵਾਲਾ ਮਨੁੱਖ ਕਦੇ ਵੀ ਪ੍ਰਭੂ ਭਗਤ ਨਹੀ ਹੁੰਦਾ।22।
ਪਉੜੀ ॥ ਨਾਨਕ ਅੰਤ ਨ ਜਾਪਨ੍‍ੀ ਹਰਿ ਤਾ ਕੇ ਪਾਰਾਵਾਰ ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ ਇਕਨ੍‍ਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥ 23 ॥

23.ਵਿਸ਼ਾ ਚੂੰਕਿ ਸਮਾਪਤੀ ਤੇ ਪੁਜ ਚੁਕਾ ਹੈ। ਗੁਰਦੇਵ ਸਪਸ਼ਟ ਕਰਦੇ ਹਨ ਕਿ ਕਰਤੇ ਦੀ ਰਚਨਾ ਦਾ ਆਰਲਾ ਜਾਂ ਪਾਰਲਾ ਥਹੁ ਜਾਂ ਫਿ਼ਰ ਉਸਦਾ ਕਿਸੇ ਪਖੋਂ ਵੀ ਅੰਤ ਨਹੀ ਪਾਇਆ ਜਾ ਸਕਦਾ। ਜੀਵਾਂ ਨੂੰ ਬਨਾਉਣ ਮਿਟਾਉਣ ਵਾਲਾ ਅਤੇ ਕਰਣ-ਕਾਰਣ ਵੀ ਪ੍ਰਭੂ ਆਪ ਹੀ ਹੈ। ਪ੍ਰਭੂ ਦੀ ਰਚਨਾ ਵਿਚ ਅਨੇਕਾਂ ਦੁਖਾਂ ਤੇ ਜ਼ਲਾਲਤ ਭਰਿਆ ਜੀਵਨ ਬਿਤਾ ਰਹੇ ਹਨ। ਦੂਜੇ ਉਹ ਹਨ ਜੋ ਸਭ ਤਰ੍ਹਾਂ ਦਾ ਸੰਸਾਰਕ ਅਨੰਦ ਵੀ ਮਾਨ ਰਹੇ ਹਨ। ਇਹ ਸੁਖ ਤੇ ਦੁਖ ਉਸਦੀ ਰਚਨਾ ਦੇ ਦੋਵੇਂ ਜ਼ਰੂਰੀ ਰੰਗ ਹਨ। ਕਮਾਲ ਤਾਂ ਇਹ ਹੈ ਕਿ ਜਿੰਨੀ ਵੀ ਇਹ ਰਚਨਾ ਹੈ, ਪ੍ਰਭੂ ਸਾਰਿਆਂ ਦੀ ਸੰਭਾਲ ਆਪ ਹੀ ਕਰਦਾ ਹੈ। ਤਾਂ ਤੇ ਲੋੜ ਇਸ ਗਲ ਦੀ ਹੈ ਕਿ ਜੀਵ ਨੇ ਜੇਕਰ ਕੋਈ ਮੰਗ ਕਰਨੀ ਵੀ ਹੋਵੇ ਤਾਂ ਕੇਵਲ ਪ੍ਰਭੁ ਦੇ ਦਰ ਤੇ ਹੀ ਕਰਨੀ ਹੈ, ਹੋਰ ਇਧਰ-ਉਧਰ ਭਟਕ ਕੇ ਨਹੀਂ ਕਰਨੀ।23।
ਪਉੜੀ ॥ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨਾ ਜਾਇ ॥ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ ਸੋ ਕਰੇ ਜਿ ਤਿਸੈ ਰਜਾਇ ॥ 24 ॥ 1 ॥

24. ‘ਆਸਾ ਕੀ ਵਾਰ’ ਦੀ ਅਰੰਭਕ ਪਉੜੀ ‘ਚ ਕਹੀ ਗਲ ਨੂੰ ਗੁਰਦੇਵ ਇਸ ਅੰਤਮ ਪਉੜੀ ‘ਚ ਫਿਰ ਪਕਾ ਕਰਦੇ ਹਨ ਕਿ ਭਾਈ ਪੈਦਾ ਕਰਨ ਵਾਲਾ, ਮਾਰਨ ‘ਤੇ ਪਾਲਨਾ ਕਰਨ ਵਾਲਾ, ਸਭ ਕੁਝ ਪ੍ਰਭੂ ਆਪ ਹੀ ਹੈ। ਜੀਵਾਂ ਦੀਆਂ ਲੋੜਾਂ ‘ਤੇ ਉਨ੍ਹਾਂ ਲਈ ਰਿਜ਼ਕ ਵੀ ਉਸਦੇ ਅਟਲ ਨਿਯਮਾਂ ‘ਚ ਹੀ ਜੀਵ ਨੂੰ ਆਪਣੇ ਆਪ ਅਪੜਦਾ ਹੈ। ਸੰਸਾਰ ਦੀ ਖੇਡ ਤਾਂ ਉਹੀ ਵਰਤਦੀ ਹੈ ਜੋ ਕਰਤੇ ਨੂੰ ਭਾਉਂਦੀ ਹੈ ਅਤੇ ਜੋ ਉਸ ਮਾਲਿਕ ਦੀ ਰਜ਼ਾ ‘ਚ ਹੈ, ਉਹ ਉਹੀ ਕਰ ਰਿਹਾ ਹੈ। ਉਸ ਤੋਂ ਸਿਵਾ ਹੋਰ ਕੋਈ ਉਸ ਦੀ ਬਰਾਬਰੀ ਕਰਨ ਵਾਲਾ ਜਾਂ ਉਸ ਜਿਨਾਂ ਵਡਾ ਕੋਈ ਹੈ ਹੀ ਨਹੀਂ। ਉਸ ਕਰਤਾਰ ਦੀਆਂ ਸਿਫਤਾਂ ਵੀ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।24।
ਆਸਾ ਕੀ ਵਾਰ ਦਾ ਕੇਂਦਰੀ ਭਾਵ: ਮਨੁੱਖਾ ਜਨਮ ਅਕਾਲਪੁਰਖੁ ਵਲੋਂ ਜੀਵ ਨੂੰ ਬੜੀ ਵਡੀ ਬਖਸਿ਼ਸ਼ ਹੈ। ਜੇਕਰ ਅਕਾਲਪੁਰਖੁ ਦੀ ਬਖਸਿ਼ਸ਼ ਹੋ ਜਾਵੇ ਤਾਂ ਜੀਵ ਨੂੰ ਸਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੋ ਇਸ ਜੀਵ ਅੰਦਰੋਂ ਹਰ ਤਰ੍ਹਾਂ ਦੇ ਅਉਗੁਣਾਂ, ਮੈਂ ਮੇਰਾ ਵਾਲੀ ਪਕੜ, ਹਉਮੈ ਆਦਿ ਦਾ ਨਾਸ ਕਰਕੇ, ਸਰੀਰ ਦੇ ਇਨ੍ਹਾਂ ਨੇਤ੍ਰਾਂ ਨਾਲ ਹੀ ਅਤੇ ਪ੍ਰਭੂ ਦੀ ਰਚਨਾ ਵਿਚੋ ਹੀ ਕਰਤੇ ਦੇ ਦਰਸ਼ਨ ਕਰਵਾ ਦਿੰਦਾ ਹੈ। ਜਦੋਂ ਤੀਕ ਜੀਵ ਗੁਰੂ ਦੇ ਲੜ ਨਹੀਂ ਲਗਦਾ ਹਉਮੈ ਅਧੀਨ ਉਹ ਅਨੇਕਾਂ ਠਗੀਆਂ, ਕਰਮ-ਕਾਂਡਾਂ ਅਤੇ ਦਿਖਾਵੇ ਦੇ ਧਰਮਾਂ ‘ਚ ਉਲਝਿਆ, ਆਪਣਾ ਮਨੁੱਖਾ ਜੀਵਨ ਬਰਬਾਦ ਕਰਕੇ ਮੁੜ ਜਨਮ-ਮਰਨ ਦੇ ਗੇੜ ‘ਚ ਹੀ ਫਸਿਆ ਰਹਿ ਜਾਂਦਾ ਹੈ।
ਮਹਲਾ’ ਦੇ ਉਚਾਰਣ ਸੰਬੰਧੀ ਜਾਣਕਾਰੀ
(ਸਿਰਲੇਖ ਸਮੇਂ ਦਿਤੇ ਅਰਥਾਂ ਨਾਲ ਮਿਲਾ ਕੇ ਪੜ੍ਹਣ ਲਈ)
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਦੱਸ ਪਾਤਸ਼ਾਹੀਆਂ ਵਿਚੋਂ ਛੇ ਗੁਰੂ ਸਹਿਬਾਨ ਦੀ ਬਾਣੀ ਦਰਜ ਹੈ। ਇਹ ਹਨ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ ਨਾਵੇਂ ਪਾਤਸ਼ਾਹ। ਹਰ ਇਕ ਗੁਰੂ ਹਸਤੀ ਵਾਸਤੇ ਕਾਵਿ ਪਦ ‘ਨਾਨਕ’ ਹੀ ਆਇਆ ਹੈ। ਇਸਦੀ ਪਛਾਣ ਲਈ ਉਥੇ ‘ਮਹਲਾ 1, ਮਹਲਾ 2, ਮਹਲਾ 3, ਮਹਲਾ 4, ਮਹਲਾ 5, ਮਹਲਾ 9ਵਾਂ’ ਦਰਜ ਕੀਤਾ ਹੋਇਆ ਹੈ। ਉਚਾਰਣ ਸੇਧ ਵਾਸਤੇ ਕੁਝ ਸਥਾਨਾਂ ਤੇ ਮਹਲਾ 2 ਜਾਂ 3 ਦੇ ਨਾਲ ਲਫ਼ਜ਼ ’ਦੂਜਾ ਅਤੇ ਤੀਜਾ’ ਅਖ਼ਰਾਂ ਵਿਚ ਵੀ ਦੇ ਦਿਤਾ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਪਾਤਸ਼ਾਹੀਆਂ ਦੀ ਬਾਣੀ ਸਮੇਤ ਕੁਲ ਪੈਂਤੀ ਲਿਖਾਰੀ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਪੰਦਰ੍ਹਾਂ ਭਗਤ, ਯਾਰ੍ਹਾਂ ਭੱਟ ਅਤੇ ਤਿੰਨ ਸਿੱਖਾਂ ਦੀ ਬਾਣੀ ਦਰਜ ਹੈ। ਤਿੰਨ ਸਿੱਖ ਹਨ ਰਬਾਬੀ ਸੱਤਾ, ਬਲਵੰਡ ਅਤੇ ਤੀਜੇ ਭਗਤ ਸੁੰਦਰ ਜੀ। ਭਗਤ ਸੁੰਦਰ ਜੀ, ਤੀਜੇ ਪਾਤਸ਼ਾਹ ਦੇ ਪੜਪੋਤੇ ਸਨ। ਕੁਝ ਲਿਖਾਰੀਆਂ ਨੇ ਇਥੇ ਭਾਈ ਮਰਦਾਨਾ ਜੀ ਨੂੰ ਵੀ ਜੋੜਕੇ ਸਿੱਖਾਂ ਦੀ ਗਿਣਤੀ ਚਾਰ ਲਿਖੀ ਹੈ ਜੋ ਠੀਕ ਨਹੀਂ। ਪੰ: 553 ਦੇ ਜਿਹੜੇ ਤਿੰਨ ਸਲੋਕਾਂ ਬਾਰੇ ਇਨ੍ਹਾਂ ਲਿਖਾਰੀਆਂ ਨੇ ਜੋ ਗਲਤੀ ਖਾਧੀ ਹੈ, ਉਹ ਤਿੰਨੇ ਸਲੋਕ ਪਹਿਲੇ ਪਾਤਸ਼ਾਹ ਦੀ ਰਚਨਾ ਹਨ ਅਤੇ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਉਚਾਰਣ ਕੀਤੇ ਗਏ ਹਨ।
ਜਿਵੇਂ ਭਾਈ ਮਰਦਾਨਾ ਜੀ ਬਾਰੇ ਗੁਰਬਾਣੀ ਸਿਧਾਂਤ ਦੀ ਗਹਿਰਾਈ ਵਿਚ ਜਾਣ ਤੋਂ ਬਿਨਾਂ ਧੋਖਾ ਖਾਧਾ ਹੈ ਇਸੇਤਰ੍ਹਾਂ ਹੋਰ ਵੀ ਅਨੇਕਾਂ ਭੁਲੇਖੇ ਪੰਥ ਵਿਚ ਵਧਾਏੇ ਜਾ ਚੁਕੇ ਹਨ। ਕੁਝ ਡੇਰੇਦਾਰਾਂ ਅਤੇ ਸੰਪ੍ਰਦਾਈ ਸੱਜਣਾਂ ਨੇ ਲਫ਼ਜ਼ ‘ਮਹਲਾ’ ਦੇ ਉਚਾਰਣ ਸੰਬੰਧੀ, ਕੁਝ ਨੇ ਇਸਦਾ ਉਚਾਰਣ ‘ਮਹਿਲਾ’ ਅਤੇ ਕੁਝ ਨੇ ‘ਮਹੱਲਾ’ ਕਹਿਣ ਤੇ ਜ਼ੋਰ ਦਿੱਤਾ ਹੈ, ਜੋ ਠੀਕ ਨਹੀਂ। ਇਸੇ ਦਾ ਨਤੀਜਾ ਹੈ ਕਿ ਪੰਥ ਦੇ ਮਹਾਨ ਵਿਦਵਾਨ, ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਵਿਸ਼ੇ ਨੂੰ ਸਪਸ਼ਟ ਕਰਨ ਵਾਸਤੇ ‘ਗੁਰੂ ਗ੍ਰੰਥ ਦਰਪਣ’ ਭਾਗ ਪਹਿਲਾ ਵਿਚ, ਪੰਨਾ 20 ਤੋਂ 27 ਤੀਕ ਇਸ ਗੁੰਝਲ ਨੂੰ ਬੜੇ ਦਲੀਲ਼ ਭਰਪੂਰ ਢੰਗ ਨਾਲ ਖੋਲਿਆ ਹੈ।
ਜਿਨ੍ਹਾਂ ਸੱਜਣਾਂ ਨੇ ਇਸ ਲਫ਼ਜ਼ ਨੂੰ ‘ਮਹਿਲਾ’ ਭਾਵ ਇਸਤਰੀ ਦੇ ਅਰਥਾਂ ਵਿਚ ਲਿਆ ਅਤੇ ਪ੍ਰਚਾਰਿਆ ਹੈ। ਇਸ ਵਾਸਤੇ ਉਨ੍ਹਾਂ ਨੇ ਅਪਣੇ ਢੰਗ ਦੀਆਂ ਦਲੀਲਾਂ ਦਿਤੀਆਂ ਹਨ । ਜਦੋਂ ਕਿ ਬਾਣੀ ਵਿਚ ਪਾਤਸ਼ਾਹ ਨੇ ਇਸਦੇ ਉਚਾਰਣ ਸੰਬੰਧੀ ਸੱਤ ਵਾਰੀ ਸੇਧ ਵੀ ਦਿਤੀ ਹੈ। ਜਿਵੇਂ-ਰਾਗ ਸਿਰੀ ਰਾਗ ਮਹਲਾ ‘ਪਹਿਲਾ’ 1 (ਪੰਨਾ 14)। ਜੇਕਰ ‘ਮਹਲਾ’ ਲਫ਼ਜ਼ ਇਸਤਰੀ ਲਿੰਗ ਹੁੰਦਾ ਤਾਂ ਇਥੇ ਸੇਧ ‘ਮਹਲਾ ਪਹਿਲਾ’ ਨਹੀਂ ਬਲਕਿ ‘ਮਹਲਾ ਪਹਿਲੀ’ ਅਤੇ ਇਸੇ ਤਰ੍ਹਾਂ ਬਾਕੀ ਵੀ। ਹੋਰ ਲਵੋ-ਭੱਟਾਂ ਦੇ ਸਵਈਆਂ ਵਿਚ ਸਿਰਲੇਖ ਆਉਂਦੇ ਹਨ ‘ਸਵਈਏ ਮਹਲੇ ਪਹਿਲੇ 1 ਕੇ’ ਇਥੇ ਤਾਂ ਪਾਤਸ਼ਾਹ ਨੇ ਉਚੇਚੇ ਤੌਰ ਤੇ ਹਰ ਵਾਰੀ ਲਫ਼ਜ਼ਾਂ ਰਾਹੀਂ ਵੀ ਸੇਧ ਦਿਤੀ ਹੈ ਜਿਵੇਂ ਪਹਿਲੇ ਕੇ, ਦੂਜੇ ਕੇ, ਤੀਜੇ ਕੇ, ਚਉਥੇ ਕੇ, ਪੰਜਵੇਂ ਕੇ’ ਨਾਲ ਹੀ 1, 2, 3, 4, 5 ਵੀ ਦਿਤਾ ਹੈ। ਜੇਕਰ ਮਹਲਾ ਲਫ਼ਜ਼ ਇਸਤ੍ਰੀ ਲਿੰਗ ਹੁੰਦਾ ਤਾਂ ਸੇਧ ਹੁੰਦੀ ਪਹਿਲੀ, ਦੂਜੀ, ਆਦਿ।
ਇਸੇਤਰ੍ਹਾਂ ਜਿਨ੍ਹਾਂ ਸੱਜਣਾਂ ਨੇ ਇਸਨੂੰ ‘ਮਹੱਲ’ ਭਾਵ ਬਿਲਡਿੰਗਾਂ ਅਥਵਾ ਮਹੱਲਾਂ ਦੇ ਅਰਥ ਵਿਚ ਲਿਆ ਹੈ। ਉਨ੍ਹਾਂ ਭਾਣੇ ਇਹ ਲਫ਼ਜ਼ ਪੁਲਿੰਗ ਹੈ ਪਰ ਗੁਰਬਾਣੀ ਕਸਵਟੀ ਤੇ ਇਹ ਗਲ ਵੀ ਸਿਧ ਨਹੀਂ ਹੁੰਦੀ ਅਤੇ ਨਾ ਹੀ ਇਹ ਸੱਜਣ ਇਸ ਬਾਰੇ ਕੋਈ ਵਜ਼ਨਦਾਰ ਦਲੀਲ ਹੀ ਦੇ ਸਕੇ ਹਨ। ਅਸਲ ਵਿਚ ਲਫ਼ਜ਼ ‘ਮਹਲਾ’ ਦਾ ਉਚਾਰਣ ਬਾਣੀ ਵਿਚ ਆਏ ਅਨੇਕਾਂ ਹੋਰ ਲਫ਼ਜ਼ਾਂ ਵਾਂਙ ਹੀ ਹੈ ਜਿਵੇਂ ਰਹਤ, ਬਹਰੇ, ਬਹਲੇ, ਸਹਜੇ, ਗਹਲੇ ਆਦਿ।
ਖੂਬੀ ਇਹ ਹੈ ਕਿ ਗੁਰਬਾਣੀ ਅੰਦਰ ਪਾਤਸ਼ਾਹ ਨੇ ਅਰਥ ਭਰਪੂਰ ਲਗਭਗ 75 (ਪੰਜ੍ਹਤਰ) ਨਵੇਂ ਸ਼ਬਦ ਆਪ ਵੀ ਘੜਕੇ ਦਿਤੇ ਹਨ। ਜਿਵੇਂ ੴ, ਕਰਤਾਪੁਰਖੁ, ਜੀਵਨਮੁਕਤ, ਅੰਮ੍ਰਿਤਵੇਲਾ, ਵਾਹਿਗੁਰੂ, ਗੁਰਪ੍ਰਸਾਦਿ ਆਦਿ। ਇਸੇਤਰ੍ਹਾਂ ਲਫ਼ਜ਼ ‘ਮਹਲਾ’ ਵੀ ਪਾਤਸ਼ਾਹ ਦੀ ਅਪਣੀ ਹੀ ਦੇਣ ਹੈ ਜਿਸਦੇ ਅਰਥ ਵੀ ਪਾਤਸ਼ਾਹ ਦੀ ਬਖ਼ਸ਼ੀ ਸੇਧ ਵਿਚੋਂ ਹੀ ਮਿਲ ਸਕਦੇ ਹਨ, ਬਾਹਰੋਂ ਨਹੀਂ।
ਆਖਿਰ ਸਾਡੀ ਇਹ ਹਾਲਤ ਕਿਉਂ? ਵਿਚਾਰਨ ਦਾ ਵਿਸ਼ਾ ਹੈ ਕਿ ਸਾਡਾ ਸਾਰਿਆ ਦਾ ਗੁਰੂ ਇਕੋ ਇੱਕ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਅਰਥ ਵੀ ਦੋ ਤਰ੍ਹਾਂ ਦੇ ਨਹੀਂ ਹੋ ਸਕਦੇ। ਫਿ਼ਰ ਵੀ ਹਰੇਕ ਵਿਸ਼ੇ ਉਪਰ ਕੌਮ ਨੂੰ ਭਮਲਭੂਸੇ ਵਿਚ ਫਸਾਇਆ ਜਾ ਚੁਕਾ ਹੈ। ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਕੇਵਲ ਕੁਝ ਸਮੇਂ ਵਿਚ ਹੀ ਸਿੱਖ-ਸਿੱਖ ਦੀ ਸੋਚ ਵਿਚ ਹਰ ਵਿਸ਼ੇ ਉਪਰ ਇਨੀ ਭਿੰਨਤਾ ਆ ਚੁਕੀ ਹੈ ਕਿ ਰੱਬ ਹੀ ਰਾਖਾ। ਫਿ਼ਰ ਜੇਕਰ ਸਿੱਖੀ ਸੰਭਾਲ ਬਾਰੇ ਸਾਡੀ ਨਾਸਮਝੀ, ਹੂੜਮੱਤ ਅਤੇ ਲਾਪਰਵਾਹੀ, ਖਿਚ-ਧੂ ਇਸੇ ਤਰ੍ਹਾਂ ਚਲਦੀ ਰਹੀ ਤਾਂ ਆਉਂਦੇ ਹਜ਼ਾਰ ਸਾਲਾਂ ਵਿਚ ਇਸ ਧਰਮ ਦਾ ਕੀ ਬਣੇਗਾ? ਜਦਕਿ ਇਹ ਧਰਮ ਸੰਸਾਰ ਪੱਧਰ ਤੇ ਇਕੋ-ਇਕ ਨਿਵੇਕਲਾ, ਦਲੀਲ ਭਰਪੂਰ, ਅਗਾਂਹ ਵਧੂ ਅਤੇ ਸਦਾ ਨਵਾਂ ਰਹਿਣ ਵਾਲਾ ਅਤੇ ਸੰਸਾਰ ਭਰ ਦੇ ਮਨੁੱਖਾਂ ਦਾ ਮੂਲ ਧਰਮ ਹੈ।
‘ਸੌ ਤਨੀਆਂ ਅਤੇ ਇਕੋ ਗੰਢ’ ਦੀ ਨਿਆਈ ਸਾਨੂੰ ਇਹ ਗਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਗੁਰਬਾਣੀ, ਇਲਾਹੀ ਗਿਆਨ ਨਾਲ ਭਰਪੂਰ, ਮਨੁਖਾ ਜੀਵਨ ਵਾਸਤੇ ਜੀਵਨ ਜਾਚ ਦਾ ਖਜ਼ਾਨਾ ਅਤੇ ਜੀਵਨ ਵਿਗਿਆਨ ਹੈ। ਬਾਣੀ ਵਾਲਾ ਇਹ ਗਿਆਨ ਸਦੀਵੀ ਅਤੇ ਸਰਬ ਉਤਮ-ਸਰਬ ਸਾਂਝਾ ਗਿਆਨ ਹੈ। ਇਸ ਗਿਆਨ ਦਾ ਕਦੇ ਅੰਤ ਨਹੀਂ ਹੋ ਸਕਦਾ। ਇਸਦੀ ਲੋੜ ਹਰੇਕ ਮਨੁੱਖ ਦੇ ਜੀਵਨ ਦੀ ਮੁਖ ਲੋੜ ਹੈ। ਇਸ ਵਾਸਤੇ ਹਰੇਕ ਜਣਾ ਖਣਾ ਇਸਦਾ ਪ੍ਰਚਾਰਕ ਜਾਂ ਪ੍ਰਬੰਧਕ ਨਹੀਂ ਹੋ ਸਕਦਾ ਜਿਵੇਂ ਕਿ ਅੱਜ ਹੋ ਰਿਹਾ ਹੈ। ਕੁਦਰਤ ਵਿਚੋਂ ਨਿੱਤ ਪੈਦਾ ਹੋਣ ਅਤੇ ਅਲੋਪ ਹੋਣ ਵਾਲੇ ਸਾਰੇ ਗਿਆਨ ਇਸ ਇਲਾਹੀ ਗਿਆਨ ਦੀ ਤਾਬਿਆ ਹਨ। ਇਸ ਵਾਸਤੇ ਜਿਸਤਰ੍ਹਾਂ ਅਪਣੇ ਪਹਿਲੇ 239 ਸਾਲਾਂ ਵਿਚ, ਸੰਨ 1469 ਤੋਂ 1708 ਤੀਕ ਇਸ ਰੱਬੀ ਗਿਆਨ ਨੂੰ ਬੜੇ ਵਿਉਂਤ ਬਧ ਤਰੀਕੇ ਨਾਲ ਦੂਰ-ਨੇੜੇ ਮਨੁੱਖ-ਮਨੁੱਖ ਤੀਕ ਪਹੁੰਚਾਇਆ ਗਿਆ।“ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ:67) ਅਨੁਸਾਰ ਮਨੁੱਖ ਮਾਤ੍ਰ ਦੇ ਜੀਵਨ ਵਿਚ ਠੰਡ ਵਰਤਾਈ ਗਈ। ਅਜ ਇਕ ਵਾਰੀ ਫਿ਼ਰ ਗੁਰੂ ਦੇ ਨਿਰਮਲ ਭਉ ਤੇ ਭਯ ਭਾਵਨੀ ਵਿਚ ਜੀਵਨ ਜੀਊਣ ਵਾਲਿਆਂ ਨੂੰ ਪੂਰੀ ਘੋਖ ਕਰਕੇ ਇਸ ਕਾਰਜ ਵਾਸਤੇ ਲੰਮੇ ਸਮੇਂ ਦੇ ਪੀੜ੍ਹੀ ਦਰ ਪੀੜ੍ਹੀ ਵਾਸਤੇ ਢੰਗ ਉਲੀਕਣੇ ਪੈਣਗੇ।
ਜੇਕਰ ਅਜੇ ਵੀ ਨਾ ਸੰਭਲੇ ਤਾਂ ਸੁਆਲ ਕੇਵਲ ਇਕ ਲਫ਼ਜ਼ ‘ਮਹਲਾ’ ਦੇ ਉਚਾਰਣ ਦਾ, ਭਾਈ ਮਰਦਾਨਾ ਜਾਂ ‘ਆਦਿ ਬੀੜ ਦੀ ਸੰਪਾਦਾਨ’ ‘ਭਗਤ ਬਾਣੀ ਦੀ ਸੰਭਾਲ’ ਜਾਂ ਫਿ਼ਰ ‘ਮੰਗਲਾਚਰਣ’ ਆਦਿ ਦਾ ਹੀ ਨਹੀਂ। ਅਜ ਸਿੱਖ ਵਿਚਾਰਧਾਰਾ ਨੂੰ ਇਨਾ ਉਲਝਾਇਆ ਜਾ ਚੁਕਾ ਹੈ ਕਿ ਨਵੇਂ ਪੈਦਾ ਹੋ ਰਹੇ ਸਿੱਖ ਬੱਚੇ ਨੂੰ ਸਿੱਖ ਧਰਮ ਸੰਬੰਧੀ ਸ਼ੰਕਿਆਂ ਅਤੇ ਗੁੰਝਲਾਂ ਤੋ ਸਿਵਾ ਕੁਝ ਵੀ ਪ੍ਰਾਪਤ ਨਹੀਂ ਹੋ ਰਿਹਾ, ਅਤੇ ਉਸਦਾ ਨਤੀਜਾ ਵੀ ਸਾਡੇ ਸਾਹਮਣੇ ਹੈ। ਹਥਲਾ ‘ਮਹਲਾ’ ਵਾਲਾ ਵਿਸ਼ਾ ਤਾਂ ਇਸ ਸੱਚ ਨੂੰ ਉਘਾੜਣ ਵਾਸਤੇ ਕੇਵਲ ਇਕ ਇਸ਼ਾਰਾ ਮਾਤ੍ਰ ਹੈ।
ਕੁਲ ਪਉੜੀਆਂ 24 ਤੀਕ ਉਪਰੰਤ ਸਮਾਪਤੀ ਤੀਕ




.