.

ਸਿੱਖ ਧਰਮ ਵਿੱਚ ਅਕਾਲ ਪੁਰਖ ਦਾ ਸੰਕਲਪ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.
ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

ਧਰਮ ਦਾ ਇਤਿਹਾਸਿਕ ਅਧਿਐਨ ਕਰਨ ਤੋਂ ਪਤਾ ਲੱਗ ਦਾ ਹੈ ਕਿ ਹਿੰਦੂ ਧਰਮ ਵਿੱਚ ਪੁਰਾਣੇ ਧਰਮਾਂ ਦੇ ਅੰਸ਼ ਅੱਜ ਵੀ ਸਾਰੇ ਧਰਮਾਂ ਨਾਲੋਂ ਜਿ਼ਆਦਾ ਹਨ ਅਤੇ ਇਸ ਨੂੰ ਨਵੀਂਨ ਧਰਮਾਂ ਦੀ ਪਧੱਰ ਤੇ ਲੈ ਆਉਣ ਦੇ ਸਭ ਯਤਨ ਨਿਸਫਲ ਸਾਬਤ ਹੋਏ ਹਨ। ਇਸ ਧਰਮ ਵਿੱਚ ਸਿਰਜਨਹਾਰ ਬਾਰੇ ਕਲਪਨਾਂ ਤਾਂ ਮਿਲਦੀ ਹੈ ਪਰ ਉਸ ਦੀ ਸਧਾਰਨ ਹਿੰਦੂ ਵਾਸਤੇ ਕੋਈ ਲੋੜ ਨਹੀਂ ਪਰਵਾਨ ਕੀਤੀ ਗਈ। ਇਸ ਧਰਮ ਵਿੱਚ ਸਾਰਾ ਜ਼ੋਰ ਦੇਵੀ ਜਾਂ ਦੇਵਤੇ ਦੇ ਬੁੱਤ ਦੀ ਪੂਜਾ ਉੱਪਰ ਹੀ ਲੱਗਾ ਹੋਇਆ ਹੈ। ਇਸ ਪਿਛੋਂ ਦੂਜੇ ਨੰਬਰ ਉੱਤੇ ਹੈ ਯਹੂਦੀ ਧਰਮ ਹੈ, ਜਿਸ ਵਿੱਚ ਪਹਿਲੀ ਵਾਰੀ ਇੱਕ ਸਿਰਜਨਹਾਰ ਉੱਤੇ ਜ਼ੋਰ ਦਿੱਤਾ ਗਿਆ ਮਿਲਦਾ ਹੈ। ਪਰ ਉਸ ਵੇਲੇ ਦੇ ਰਿਵਾਜ ਮੁਤਾਬਿਕ ਸਿਰਜਨਹਾਰ ਕੇਵਲ ਯਹੂਦੀ ਧਰਮ ਨੂੰ ਮੰਨਣ ਵਾਲਿਆਂ ਦਾ ਹੀ ਪਾਲਨ ਪੋਸਨ ਕਰਦਾ ਹੈ ਅਤੇ ਬਾਕੀ ਸੰਸਾਰ ਵਾਸਤੇ ਕੁਝ ਨਹੀਂ ਕਰਦਾ। ਅਥਵਾ ਸਿਰਜਨਹਾਰ ਕੇਵਲ ਯਹੂਦੀ ਲੋਕਾਂ ਦੀ ਨਿੱਜੀ ਜਾਇਦਾਦ ਹੈ। ਯਹੂਦੀ ਧਰਮ ਵਿੱਚ ਬੁੱਤ ਪੂਜਾ ਦੀ ਸਖਤ ਮਨਾਹੀ ਹੈ। ਇਸ ਵਿਚੋਂ ਨਿਕਲਿਆ ਹੈ ਈਸਾਈ ਧਰਮ, ਜਿੱਸ ਵਿੱਚ ਸਿਰਜਨਹਾਰ ਦੀ ਔਲਾਦ ਵਿਚੋਂ ਪਰਮੁੱਖ ਬੱਚਾ ਯਸੂ ਮਸੀਹ ਮੰਨਿਆਂ ਗਿਆ ਹੈ। ਉਹ ਹਿੰਦੂ ਧਰਮ ਵਿੱਚ ਪਰਚਲੱਤ ਕਹਾਣੀਆਂ ਵਾਂਙੂ ਅਣਵਿਆਹੀ ਮਾਂ ਨੂੰ ਜੰਮਿਆ ਸੀ ਅਤੇ ਸਿਰਜਨਹਾਰ ਦਾ ਬੱਚਾ ਪਰਵਾਨ ਕੀਤਾ ਗਿਆ ਸੀ। ਇਸਲਾਮ ਵਿੱਚ ਇੱਕ ਖੁਦਾ ਜਾਂ ਅੱਲਾਹ ਸਿਰਜਨਹਾਰ ਮੰਨਿਆ ਜਾਂਦਾ ਹੈ ਪਰ ਉਹ ਆਪਣੇ ਨੁਮਾਇੰਦੇ ਜਾਂ ਪੈਗੰਬਰ ਰਾਹੀਂ ਸੰਸਾਰ ਦਾ ਕਲਿਆਨ ਕਰਦਾ ਹੈ। ਹਜ਼ਰਤ ਮੁਹਮੱਦ ਇਸਲਾਮ ਦਾ ਪਹਿਲਾ ਅਤੇ ਆਖਰੀ ਪੈਗ਼ੰਬਰ ਸੀ। ਸਿੱਖ ਧਰਮ ਤੋਂ ਉਮਰ ਵਿੱਚ ਵੱਡੇ ਇਨ੍ਹਾਂ ਚਾਰ ਧਰਮਾਂ ਵਿੱਚ ਸਿਰਜਣਹਾਰ ਦੀ ਲੋੜ ਤਾਂ ਮਹਿਸੂਸ ਕੀਤੀ ਗਈ ਹੈ ਪਰ ਉਸ ਬਾਰੇ ਕਲਪਨਾ ਵਿੱਚ ਵਿੱਲਖਣਤਾ ਭਰਪੂਰ ਵਿਚਾਰ ਹਨ।
ਸਿੱਖ ਧਰਮ ਵਿੱਚ ਸਿਰਜਨਹਾਰ "ੴ"ਦੇ ਨਿਸ਼ਾਨ ਨਾਲ ਗੁਰੂ ਨਾਨਕ ਨੇ ਪੇਸ਼ ਕੀਤਾ ਸੀ। ਇਸ ਦਾ ੳਚਾਰਨ "ਇੱਕੋਓ" ਦੀ ਅਵਾਜ਼ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਰੋਜ਼ਾਨਾ ਜੀਵਨ ਵਿੱਚ ਅਕਾਲਪੁਰਖ ਤੋਂ ਇਲਾਵਾ ਕਈ ਵਾਰੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਅਤੇ ਇਸਲਾਮ ਦੀਆਂ ਧਾਰਮਿਕ ਪੁਸਤਕਾਂ ਵਿੱਚ ਵਰਤੇ ਗਏ ਸ਼ਬਦਾਂ ਨਾਲ ਵੀ ਸੰਬੋਧਨ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਅਕਾਲਪੁਰਖ ਨੂੰ ਅਤੇ ਕੇਵਲ ਅਕਾਲਪੁਰਖ ਨੂੰ ਹੀ ਸੰਸਾਰ ਦਾ ਸਿਰਜਨਹਾਰ ਅਤੇ ਪਾਲਣ ਪੋਸਣ ਕਰਨ ਵਾਲਾ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿੱਚ ਬੁੱਤ ਪੂਜਾ ਲਈ ਕੋਈ ਥਾਂ ਨਹੀਂ ਅਤੇ ਮਨੁੱਖਤਾ ਦਾ ਸਿੱਧਾ ਰਿਸ਼ਤਾ ਅਕਾਲਪੁਰਖ ਨਾਲ ਪਰਵਾਨ ਕੀਤਾ ਗਿਆ ਹੈ। ਕਿਸੇ ਵਿਚੋਲੇ ਦੀ ਲੋੜ ਨਹੀਂ ਮਹਿਸੂਸ ਕੀਤੀ ਗਈ। ਹਰ ਗੁਰਸਿੱਖ ਵਾਸਤੇ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਕੇਵਲ ਸਬਦ ਗੁਰੂ ਪਰਵਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਗੁਰਬਾਣੀ ਤੋਂ ਹੀ ਹਰ ਕਿਸਮ ਦੀ ਅਗਵਾਈ ਲੈਣ ਦੀ ਸਿਫਾਰਸ਼ ਕੀਤੀ ਗਈ ਹੈ। ਸਿੱਖ ਧਰਮ ਵਿੱਚ ਸਰਬਤ ਦਾ ਭਲਾ ਮੰਗਿਆ ਜਾਂਦਾ ਹੈ। ਅਕਾਲਪੁਰਖ ਸਾਰੇ ਜਗਤ ਦਾ ਰਚਨਹਾਰ ਹੈ ਅਤੇ ਰੱਖਵਾਲਾ ਹੈ।
ਸਿੱਖ ਧਰਮ ਵਿੱਚ ਅਕਾਲਪੁਰਖ ਦਾ ਸੰਕਲਪ : ਆਦਿ ਗੁਰੂ ਗ੍ਰੰਥ ਸਾਹਿਬ ਦੇ ਅਰੰਭਿੱਕ ਸਬਦਾਂ ਵਿੱਚ ਅਕਾਲਪੁਰਖ ਦੀ ਪਰੀਭਾਸ਼ਾ ਦਿੱਤੀ ਗਈ ਹੈ। ਅਸੀਂ ਪਾਠਕਾਂ ਦੀ ਜਾਣਕਾਰੀ ਵਾਸਤੇ ਇਨ੍ਹਾਂ ਸਬਦਾਂ ਨੂੰ ਅਰਥਾਂ ਸਮੇਤ ਹੇਠਾਂ ਦੇ ਰਹੇ ਹਾਂ।

ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 1.1

ਅਰਥ: ਅਕਾਲਪੁਰਖ ਇੱਕ ਹੈ, ਜਿੱਸ ਦਾ ਨਾਮ ਸਚਾਈ ਦੀ ਹੋਂਦ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਭੈ ਰਹਿਤ ਹੈ ਅਤੇ ਵੈਰ ਰਹਿਤ ਹੈ। ਜਿਸ ਦਾ ਸਰੂਪ ਕਾਲ ਰਹਿਤ ਹੈ ਅਤੇ ਜੋ ਜੂਨਾਂ ਵਿੱਚ ਨਹੀਂ ਆਉਂਦਾ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਅਤੇ ਜੋ ਸਤਿਗੁਰੂ ਦੀ ਕ੍ਰਿਪਾ ਦੁਆਰਾ ਸਮਝ ਵਿੱਚ ਆਉਂਦਾ ਹੈ।
ਉੱਪਰ ਦਿੱਤੀ ਪਰੀਭਾਸ਼ਾ ਦੀ ਵਿਆਖਿਆ ਗੁਰਬਾਣੀ ਵਿੱਚ ਹੋਰ ਗੁਰੂ ਵਾਕਾਂ ਦੁਆਰਾ ਕੀਤੀ ਮਿਲ ਦੀ ਹੈ। ਇਨ੍ਹਾਂ ਵਿਚੋਂ ਕੁਝ ਸਬਦ ਅਰਥਾਂ ਸਮੇਤ ਪਾਠਕਾ ਦੀ ਜਾਣਕਾਰੀ ਵਾਸਤੇ ਹੇਠਾਂ ਦਿੱਤੇ ਗਏ ਹਨ।

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥19॥70॥ 1.2
ਗਉੜੀ ਕਬੀਰ ਜੀ ਅ:ਗ:ਗ:ਸ: ਪੰਨਾ 339

ਅਰਥ: ਹੇ ਭਾਈ ! ਜਿਸ ਅਕਾਲਪੁਰਖ ਦਾ ਨਾਮ ਨਿਰੰਜਨ ਹੈ ਉਹ ਜੂਨ ਵਿੱਚ ਨਹੀਂ ਆਉਂਦਾ ਅਤੇ ਉਹ ਜੰਮਣ ਮਰਨ ਦੇ ਚੱਕਰ ਵਿਚੋਂ ਨਹੀਂ ਲੰਘਦਾ। ਕਬੀਰ ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਹੈ, ਜਿਸ ਦੀ ਨ ਕੋਈ ਮਾਂ ਅਤੇ ਨ ਕੋਈ ਪਿਤਾ ਹੈ।2।19।70।
ਕਹਤ ਨਾਮ ਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬਿਚਾਰੀ ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥4॥1॥ 1.3
ਆਸਾ ਨਾਮਦੇਵ ਜੀ ਅ:ਗ:ਗ:ਸ: ਪੰਨਾ 485

ਅਰਥ: ਨਾਮਦੇਵ ਆਖਦਾ ਹੈ- (ਹੇ ਭਾਈ !) ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ ਕਿ ਇਹ ਅਕਾਲਪੁਰਖ ਦੀ ਰਚੀ ਹੋਈ ਰਚਨਾ ਹੈ। ਹਰ ਜੀਵ ਵਿੱਚ ਅਤੇ ਹਰ ਥਾਂ ਉਹ ਵੱਸ ਦਾ ਹੈ।4।1।
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸਕੇ ਵਣਜਾਰੇ ॥
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥6॥1॥13॥ 1.4
ਗਉੜੀ ਮ:1 ਅ:ਗ:ਗ:ਸ: ਪੰਨਾ 155

ਅਰਥ: ਅਕਾਲਪੁਰਖ ਸਾਹੂਕਾਰ ਹੈ ਅਤੇ ਅਸੀਂ ਉਸ ਦੇ ਭੇਜੇ ਹੋਏ ਵਪਾਰੀ ਹਾਂ। ਇਹ ਸਰੀਰ ਅਤੇ ਜਿੰਦ ਉਸ ਸਾਹੂਕਾਰ ਦੀ ਰਾਸ-ਪੁੰਜੀ ਦਿੱਤੀ ਹੋਈ ਹੈ। ਆਪ ਹੀ ਜਿੰਦ ਦੇਂਦਾ ਹੈ ਅਤੇ ਆਪ ਹੀ ਲੈ ਲੈਂਦਾ ਹੈ ।6।1।13।
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥2॥6॥ 1.5
ਸੋਰਠ ਮ:1 ਅ:ਗ:ਗ:ਸ: ਪੰਨਾ 597

ਅਰਥ: ਅਕਾਲਪੁਰਖ ਦਾ ਕੋਈ ਪਿਉ, ਮਾਂ, ਪੁਤੱਰ ਅਤੇ ਰਿਸ਼ਤੇਦਾਰ ਨਹੀਂ ਹੈ। ਅਕਾਲਪੁਰਖ ਦੀ ਨ ਵਹੁਟੀ ਹੈ ਅਤੇ ਨ ਹੀ ਕੋਈ ਕਾਮ ਵਾਸ਼ਨਾ ਹੈ। ਉੱਸ ਦੀ ਕੋਈ ਕੁਲ ਵੀ ਨਹੀਂ ਹੈ। ਉਹ ਬੇਅੰਤ ਹੈ ਅਤੇ ਹਰ ਥਾਂ ਆਪਣੀ ਜੋਤ ਪ੍ਰਕਾਸ਼ ਕਰ ਰਿਹਾ ਹੈ।2।6।
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥2॥7॥14॥ 1.6
ਆਸਾ ਮ:4 ਅ:ਗ:ਗ:ਸ: ਪੰਨਾ 448

ਅਰਥ: ਹੇ ਅਕਾਲਪੁਰਖ ! ਤੂੰ ਸਾਰੇ ਜਗਤ ਦਾ ਮੂਲ ਹੈਂ ਅਤੇ ਸਰਬ ਵਿਆਪਕ ਹੈਂ। ਤੂੰ ਪਰੇ ਤੋਂ ਪਰੇ ਹੈਂ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ ਅਤੇ ਹਰ ਇੱਕ ਸਰੀਰ ਵਿੱਚ ਮੌਜੂਦ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾਂ ਕੋਈ ਨਹੀਂ ਲੱਭ ਸਕ ਦਾ।2।7।14।
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥24॥31 ॥ 1.7
ਮਾਝ ਮ: 5 ਅ:ਗ:ਗ:ਸ: ਪੰਨਾ 103

ਅਰਥ: ਹੇ ਅਕਾਲਪੁਰਖ ! ਤੂੰ ਮੇਰੇ ਪਿਉ (ਦੇ ਥਾਂ) ਹੈਂ, ਤੂੰ ਮੇਰੀ ਮਾਂ (ਦੀੇ ਥਾਂ) ਹੈਂ। ਤੂੰ ਮੇਰੇ ਰਿਸ਼ਤੇਦਾਰ (ਦੇ ਥਾਂ) ਅਤੇ ਮੇਰੇ ਭਰਾ (ਦੇ ਥਾਂ) ਹੈਂ। ਜਦੋਂ ਤੂੰ ਹੀ ਸਭ ਥਾਂਈ ਮੇਰਾ ਰਾਖਾ ਹੈ ਤਾਂ ਮੈਨੂੰ ਕਿਸੇ ਦਾ ਡਰ ਨਹੀਂ ਅਤੇ ਨ ਹੀ ਕੋਈ ਚਿੰਤਾ ਹੈ।1।24।31।
ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ ॥ ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥
ਤੂੰ ਮੇਰੀ ਪਤਿ ਤੂ ਹੈ ਮੇਰਾ ਗਹਣਾ ॥ ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥1॥18॥87॥ 1.8
ਗਉੜੀ ਮ:5 ਅ:ਗ:ਗ:ਸ: ਪੰਨਾ 181

ਅਰਥ: {ਹੇ ਅਕਾਲਪੁਰਖ !} ਤੂੰ ਹੀ ਮੇਰਾ ਰਿਸ਼ਤੇਦਾਰ, ਤੂੰ ਹੀ ਮੇਰਾ ਮਿੱਤਰ ਅਤੇ ਤੂੰ ਹੀ ਮੇਰਾ ਪ੍ਰੀਤਮ ਹੈਂ। ਮੇਰਾ ਤੇਰੇ ਨਾਲ ਪਿਆਰ ਹੈ ਅਤੇ ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕ ਦਾ।1।18।87।
ਜਾ ਤਿਸ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਣੈ ਭਾਣੈ ਲਏ ਸਮਾਏ ॥1॥22॥ 1.9
ਗਉੜੀ ਮ:5 ਅ:ਗ:ਗ:ਸ: ਪੰਨਾ 292

ਅਰਥ: ਅਕਾਲਪੁਰਖ ਨੇ ਆਪਣੀ ਮਰਜ਼ੀ ਨਾਲ ਹੀ ਸੰਸਾਰ ਰਚਿਆ ਹੈ ਅਤੇ ਆਪ ਹੀ ਜਗਤ ਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ।1।
ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥
ਧਰਮਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥2॥5॥140॥ 1.10
ਆਸਾ ਮ:5 ਅ:ਗ:ਗ:ਸ ਪੰਨਾ 406

ਅਰਥ: ਅਕਾਲਪੁਰਖ ਸਾਰੀ ਸ੍ਰਿਸ਼ਟੀ ਪੈਦਾ ਕਰਨ ਵਾਲਾ ਹੈ ਅਤੇ ਇਸ ਨੂੰ ਆਸਰਾ ਦੇਣ ਵਾਲਾ ਹੈ। ਉਹ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। {ਫਿਰ ਕੋਈ ਯੁਗ ਮਾੜਾ ਜਾਂ ਚੰਗਾ ਕਿਵੇਂ ਹੈ ?} ਧਰਮਰਾਜ ਹੈਰਾਨ ਹੋ ਰਿਹਾ ਹੈ ਕਿ ਸਾਰੀ ਦੁਨੀਆਂ ਅਕਾਲਪੁਰਖ ਦੇ ਹੁਕਮ ਨੂੰ ਮੰਨ ਰਹੀ ਹੈ। {ਕੋਈ ਯੁਗ ਚੰਗਾ ਜਾਂ ਮਾੜਾ ਨਹੀਂ, ਮੰਦੇ ਕਰਮ ਹੀ ਯੁਗ ਨੂੰ ਮੰਦਾ ਬਣਾਉਂਦੇ ਹਨ}।2।4।140॥
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥1॥1॥29॥ 1.11
ਸੋਰਠ ਮ:5 ਅ:ਗ:ਗ:ਸ: ਪੰਨਾ 617

ਅਰਥ: ਹੇ ਭਾਈ ! ਜਿਵੇਂ ਸਾਰੇ ਬੂਟਿਆਂ ਵਿੱਚ ਅੱਗ (ਗੁਪਤ) ਹੈ, ਹਰ ਇੱਕ ਕਿਸਮ ਦੇ ਦੁੱਧ ਵਿੱਚ ਘਿਉ ਹੈ। ਤਿਵੇਂ ਸਭ ਜੀਵਾਂ ਵਿੱਚ ਅਕਾਲਪੁਰਖ ਦੀ ਜੋਤ ਸਮਾਈ ਹੋਈ ਹੈ। ਅਕਾਲਪੁਰਖ ਹਰ ਇੱਕ ਸਰੀਰ ਵਿੱਚ ਅਤੇ ਹਰ ਇੱਕ ਜੀਵ ਵਿੱਚ ਮੌਜੂਦ ਹੈ।1।1।29।
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
ਹਭੈ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥2॥7॥ 1.12
ਮਾਰੂ: ਡਖਣੇ ਮ:5 ਅ:ਗ:ਗ:ਸ: ਪੰਨਾ 1096

ਅਰਥ: ਮੇਰਾ ਮਿੱਤਰ ਅਕਾਲਪੁਰਖ ਪਿਆਰ ਭਰੇ ਦਿਲ ਵਾਲਾ ਹੈ। ਉਹ ਹਰ ਕਿਸੇ ਦਾ ਮਿੱਤਰ ਹੈ। ਸਾਰੇ ਹੀ ਜੀਵ ਉੱਸ ਨੂੰ ਆਪਣਾ ਸਮਝਦੇ ਹਨ। ਉਹ ਕਿਸੇ ਦਾ ਦਿਲ ਨਹੀਂ ਤੋੜ ਦਾ।2।7।
ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥1॥18॥31॥ 1.13
ਭੇਰਉ ਮ:5 ਅ:ਗ:ਗ:ਸ: ਪੰਨਾ 1144

ਅਰਥ: ਹੇ ਅਕਾਲਪੁਰਖ ! ਤੂੰ ਮੇਰੇ ਵਾਸਤੇ ਪਿਤਾ ਹੈਂ, ਤੂੰ ਹੀ ਮੇਰੇ ਵਾਸਤੇ ਮਾਤਾ ਹੈਂ। ਤੂੰ ਹੀ ਜਿੰਦ ਅਤੇ ਪਰਾਨ ਦੇਣ ਵਾਲਾ ਹੈਂ। ਤੂੰ ਹੀ ਮੈਨੂੰ ਸਾਰੇ ਸੁੱਖ ਦੇਣ ਵਾਲਾ ਹੈਂ। ਤੂੰ ਮੇਰਾ ਮਾਲਕ ਹੈਂ ਅਤੇ ਮੈਂ ਤੇਰਾ ਸੇਵਕ ਹਾਂ। ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ।1।18।31।
ਪਹਿਲੇ ਸਬਦ ਵਿੱਚ ਦਿੱਤੀ ਅਕਾਲਪੁਰਖ ਦੀ ਪਰੀਭਾਸ਼ਾ ਵਿੱਚ ਉੱਪਰ ਦਿੱਤੇ ਸਲੋਕਾਂ ਰਾਹੀ ਵਿਆਖਿਆ ਕੀਤੀ ਗਈ ਹੈ ਜਾਂ ਵਿਸਤਾਰ ਕੀਤਾ ਗਿਆ ਹੈ। ਅਸੀਂ ਇਨ੍ਹਾਂ ਨੂੰ ਹੇਠ ਦਿੱਤੇ ਭਾਗਾਂ ਵਿੱਚ ਵੰਡ ਕੇ ਸਲੋਕਾਂ ਵਿੱਚ ਦਿੱਤੀ ਵਿਚਾਰ ਨੂੰ ਉਜਾਗਰ ਕਰ ਰਹੇ ਹਾਂ।
1) ਸੰਸਾਰ ਦੀ ਰਚਨਾ ਅਕਾਲਪੁਰਖ ਨੇ ਕੀਤੀ ਹੈ।{1.1, 1.3, 1.6, 1.9, 1.10}.
2) ਹਰ ਜੀਵ ਵਿੱਚ ਅਕਾਲਪੁਰਖ ਮੌਜੂਦ ਹੈ।{1.1, 1.5, 1.11}.
3) ਅਕਾਲਪੁਰਖ ਨ ਜੰਮਦਾ ਹੈ ਅਤੇ ਨ ਮਰਦਾ ਹੈ।{1.1, 1.2}.
4) ਇਹ ਸਰੀਰ ਅਤੇ ਪਰਾਣ ਅਕਾਲਪੁਰਖ ਨੇ ਬਖਸ਼ੇ ਹੋਇ ਹਨ।{1.4, 1.6, 1.13}.
5) ਅਕਾਲਪੁਰਖ ਦੇ ਹੁਕਮ ਨਾਲ ਵਿਅਕਤੀ ਦੀ ਜਿੰਦਗੀ ਅਤੇ ਮੌਤ ਬੱਝੀਆਂ ਹੋਈਆਂ ਹਨ।{1.9}.
6) ਅਕਾਲਪੁਰਖ ਜੂਨਾਂ ਵਿੱਚ ਨਹੀਂ ਆਉਂਦਾ।{1.1, 1.2}.
7) ਅਕਾਲਪੁਰਖ ਦਾ ਨ ਪਿਤਾ ਅਤੇ ਨ ਮਾਤਾ ਹੈ।{1.2, 1.5}.
8) ਅਕਾਲਪੁਰਖ ਦਾ ਪੁੱਤਰ ਜਾਂ ਧੀ ਅਤੇ ਰਿਸ਼ਤੇਦਾਰ ਕੋਈ ਨਹੀਂ ਹੈ।{{1.5}.
9) ਅਕਾਲਪੁਰਖ ਦੀ ਕੋਈ ਵਹੁਟੀ ਨਹੀਂ ਹੈ।{1.5}.
10) ਅਕਾਲਪੁਰਖ ਦਾ ਹਰ ਵਿਅਕਤੀ ਪਿਤਾ ਅਤੇ ਮਾਤਾ ਦੇ ਸਮਾਨ ਸਤਿਕਾਰ ਕਰ ਦਾ ਹੈ।{1.7, 1.8, 1.13}.
11) ਅਕਾਲਪੁਰਖ ਨਾਲ ਹਰ ਵਿਅਕਤੀ ਭਰਾ ਅਤੇ ਸਜਨ ਵਾਂਙੂੰ ਪਿਆਰ ਕਰ ਦਾ ਹੈ।{1.7, 1.8, 1.12}.
12) ਅਕਾਲਪੁਰਖ ਨੂੰ ਹਰ ਵਿਅਕਤੀ ਭਰੋਸੇ ਯੋਗ ਰਖਵਾਲਾ ਮਹਿਸੂਸ ਕਰ ਦਾ ਹੈ।{1.7, 1.8}.
13) ਅਕਾਲਪੁਰਖ ਨਾਲ ਸਾਂਝ ਨੂੰ ਹਰ ਵਿਅਕਤੀ ਆਪਣੀ ਇੱਜ਼ਤ ਅਤੇ ਮਾਣ ਦੀ ਜ਼ਮਾਨਤ ਸਮਝਦਾ ਹੈ।{1.13}.
14) ਅਕਾਲਪੁਰਖ ਹਰ ਯੁੱਗ ਵਿੱਚ ਸ੍ਰਿਸ਼ਟੀ ਵਿੱਚ ਮੌਜੂਦ ਰਿਹਾ ਹੈ ਅਤੇ ਕੋਈ ਯੁੱਗ ਚੰਗਾ ਜਾਂ ਮਾੜਾ ਨਹੀਂ ਹੈ।{1.10}
15) ਅਕਾਲਪੁਰਖ ਜਦੋਂ ਚਾਹੁੰਦਾ ਹੈ ਇਸ ਜਗਤ ਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ।{1.9}
ਉੱਪਰ ਦਿੱਤੀ ਜਾਣਕਾਰੀ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਕਾਫੀ ਹੱਦ ਤਕ ਸਪਸ਼ਟ ਕਰ ਦੇਂਦੀ ਹੈ ਅਤੇ ਇਹ ਸਾਰੀ ਗੁਰਬਾਣੀ ਵਿੱਚ ਦਿੱਤੀ ਗਈ ਮਿਲਦੀ ਹੈ।
ਅਸੀਂ ਦਸਮ ਗ੍ਰੰਥ ਵਿੱਚ ਦਿੱਤੀ ਗਈ ਬਾਣੀ ਦੀ ਪੜਤਾਲ ਕਰਨੀ ਹੈ ਕਿ ਉੱਸ ਵਿੱਚ ਅਕਾਲਪੁਰਖ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ। ਉੱਸ ਦਾ ਅਧਿਐਨ ਕਰ ਕੇ ਵੇਖਣਾ ਹੈ ਕਿ ਕੀ ਉਹ ਵੀ ਇਨ੍ਹਾਂ ਗੁਣਾਂ ਦੀ ਮਾਲਕ ਹੈ ਕਿ ਨਹੀਂ?

ਦਸਮ ਗ੍ਰੰਥ ਵਿੱਚ ਅਕਾਲਪੁਰਖ ਦੀ ਪਰੀਭਾਸ਼ਾ: ਦਸਮ ਗ੍ਰੰਥ ਵਿੱਚ ਪਹਿਲੀ ਬਾਣੀ ਜਾਪੁ ਦੀ ਹੈ ਅਤੇ ਇਸ ਨੂੰ ਜਪੁ ਜੀ ਦੇ ਬਰਾਬਰ ਮੰਨ ਕੇ ਨਿੱਤ ਨੇਮ ਵਿੱਚ ਪਾਇਆ ਗਿਆ ਹੈ। ਆਖਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹੁਲ ਛਕਾਉਣ ਸਮੇਂ ਜਾਪੁ ਵੀ ਜਪੁ ਜੀ ਦੇ ਨਾਲ ਪੜ੍ਹਿਆ ਸੀ। ਆਉ ਅਸੀਂ ਵੇਖੀਏ ਕਿ ਜਾਪੁ ਵਿੱਚ ਦਿੱਤੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਬਾਣੀ ਨਾਲ ਤੁਲਣਾ ਕਰਨ ਉੱਤੇ ਕਿੱਸ ਭਾਅ ਲੱਗਦੀ ਹੈ। ਡਾ. ਜੱਗੀ ਨੇ ਦਸਮ ਗ੍ਰੰਥ ਦੇ ਅਰਥ ਕਰ ਕੇ ਪੰਜ ਭਾਗਾਂ ਵਿੱਚ ਛਪਵਾਏ ਹਨ। ਭਾਗ ਪਹਿਲੇ ਵਿੱਚ ਜਾਪੁ, ਪਹਿਲੀ ਬਾਣੀ, ਦੇ ਅਰਥ ਮਿਲ ਦੇ ਹਨ। ਇਨ੍ਹਾਂ ਦਾ ਅਧਿਐਨ ਕੀਤਿਆਂ ਸਲੋਕ 21 ਦੇ ਅਰਥ ਕੁਝ ਅਸਚ੍ਰਰਜ ਜਾਪਦੇ ਹਨ। ਇਹ ਸਲੋਕ ਅਤੇ ਇਸ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।
ਨਮਸਤੰ ਅਜਨਮੇ । ਨਮਸਤੰ ਸੁਬਨਮੇ ।20।21। 1.14
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 4

ਅਰਥ: ਹੇ ਜਨਮ-ਰਹਿਤ! ਤੈਨੂੰ ਨਮਸਕਾਰ ਹੈ, ਹੇ ਜਨਮ-ਸਹਿਤ! {ਸੰਤਾਨ ਅਥਵਾ ਪੁੱਤਰ ਰੂਪ ਵਿੱਚ ਪੈਦਾ ਹੋਣ ਵਾਲੇ - "ਸਵਨਯਾ " } ਤੈਨੂੰ ਨਮਸਕਾਰ ਹੈ ।20।21।
ਨਮੋ ਸਸਤ੍ਰ ਪਾਣੇ। ਨਮੋ ਅਸਤ੍ਰ ਮਾਣੇ। ਨਮੋ ਪਰਮ ਗਿਆਤਾ। ਨਮੋ ਲੋਕ ਮਾਤਾ।9।52। 1.15
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 8
ਅਰਥ: ਹੇ ਹੱਥ ਵਿੱਚ ਸ਼ਸਤ੍ਰ ਧਾਰਨ ਕਰਨ ਵਾਲੇ (ਤੈਨੂੰ) ਨਮਸਕਾਰ ਹੈ, ਹੇ ਅਸਤ੍ਰ ਵਰਤਨ ਵਾਲੇ (ਤੈਨੂੰ) ਨਮਸਕਾਰ ਹੈ। ਹੇ ਸਭ ਕੁਝ ਜਾਨਣ ਵਾਲੇ (ਤੈਨੂੰ) ਨਮਸਕਾਰ ਹੈ, ਹੇ ਜਗਤ ਦੇ ਮਾਤਾ ਸਰੂਪ! (ਤੈਨੂੰ) ਨਮਸਕਾਰ ਹੈ।9।52।
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ।
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ।
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ।
ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ।1।79। 1.16
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 12
ਅਰਥ: (ਹੇ ਪ੍ਰਭੂ! ਤੂੰ ਸਭ ਦਾ) ਆਦਿ ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, ਅਯੋਨਿਜ ਅਤੇ ਅਪਰ ਅਪਾਰ ਪੁਰਖ ਹੈਂ। ਸਭ ਦਾ ਮਾਣ ਤਿੰਨ ਦੇਵਤਿਆਂ ਦੁਆਰਾ ਮੰਨਣਯੋਗ, ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ। ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ ਦਾ ਕਾਲ-ਰੂਪ ਹੈਂ। ਜਿਥੇ ਕਿਥੇ ਨਿਰਲਿਪਤ ਹੋਣ ਉੱਤੇ ਵੀ ਪਸੀਜਨ ਵਾਲਾ ਹੋ ਕੇ ਬਿਰਾਜ ਰਿਹਾ ਹੈਂ।1।79।

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਕ ਅਦੇਸ ।
ਧਰਮ ਧਾਮ ਸੁ ਭਰਮ ਰਹਤ ਅਭੂਤ ਅਲਖ ਅਭੇਸ ।6।84। 1.17
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 14
ਅਰਥ: (ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ। ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ।6।84।
ਓਅੰਕਾਰ ਆਦਿ । ਕਥਨੀ ਅਨਾਦਿ।
ਖਲ ਖੰਡ ਖਿਆਲ । ਗੁਰ ਬਰ ਅਕਾਲ।7।167। 1.18
ਦਸਮ ਗ੍ਰੰਥ ਭਾਗ 1 ਜੱਗੀ-ਜੱਗੀ ਪੰਨਾ 24
ਅਰਥ: ਤੂੰ ਆਦਿ ਤੋਂ ਓਅੰਕਾਰ ਸਰੂਪ ਹੈਂ ਅਤੇ ਤੇਰਾ ਵਰਨਣ ਕਥਨ ਨਹੀਂ ਹੋ ਸਕਦਾ। ਤੂੰ ਫੁਰਨੇ ਵਿੱਚ ਹੀ ਦੁਸ਼ਟਾਂ ਨੂੰ ਨਸ਼ਟ ਕਰ ਸਕਦਾ ਹੈਂ ਅਤੇ ਗੁਰ ਬਰ ਅਕਾਲ ਹੈਂ।7।167।

ਉਪਰ ਦਿੱਤੇ ਸਲੋਕਾਂ ਤੋਂ ਹੇਠਾਂ ਦਿੱਤੇ ਸਿੱਟੇ ਨਿਕਲ ਦੇ ਹਨ। ਪਹਿਲਾ: ਦਸਮ ਗ੍ਰੰਥ ਦਾ ਅਕਾਲਪੁਰਖ ਪੁੱਤਰ ਰੂਪ ਵਿੱਚ ਜਨਮ ਲੈਂਦਾ ਹੈ{1.14}। ਦੂਜਾ: ਦਸਮ ਗ੍ਰੰਥ ਦਾ ਅਕਾਲਪੁਰਖ ਸ਼ਸਤਰ ਧਾਰਨ ਕਰ ਦਾ ਹੈ{ ਜਿੱਸ ਦਾ ਅਰਥ ਹੈ ਉਹ ਸ਼ਸਤ੍ਰਾਂ ਦੀ ਵਰਤੋਂ ਵੀ ਕਰ ਦਾ ਹੈ, ਹੋਰ ਵਿਅਕਤੀਆਂ ਵਾਂਙੂ}{1.15}। ਤੀਜਾ: ਦਸਮ ਗ੍ਰੰਥ ਦਾ ਅਕਾਲਪੁਰਖ ਮਾਤਾ ਦੇ ਫਰਜ਼ ਵੀ ਨਿਭ੍ਹਾਉਂਦਾ ਹੈ{1.15}{ ਕੀ ਇਹ ਮਾਤਾ ਵਾਂਙੂ ਦੇਵੀ-ਪੂਜਾ ਕਰਨ ਵੱਲ ਇਸ਼ਾਰਾ ਹੈ?}। ਚੌਥਾ: ਦਸਮ ਗ੍ਰੰਥ ਦਾ ਅਕਾਲਪੁਰਖ ਤਿੰਨ ਦੇਵਤਿਆਂ ਦੁਆਰਾ ਮੰਨਣ ਯੋਗ ਮਾਣ ਵੀ ਪ੍ਰਾਪਤ ਕਰਦਾ ਹੈ {ਇਹ ਤਿੰਨ ਦੇਵਤੇ ਤਾਂ ਬ੍ਰਹਮਾ, ਵਿਸ਼ਨੂੰ ਅਤੇ ਸਿ਼ਵਜੀ ਹੀ ਹਨ, ਹੋਰ ਕੌਣ ਹੋ ਸਕਦਾ ਹੈ?। ਪੰਜਵਾਂ: ਉਹ ਸਭ ਦਾ ਨਾਸ਼ਕ ਅਤੇ ਕਾਲ-ਰੂਪ ਵੀ ਹੈ {1.16। ਛੇਵਾਂ: ਅਕਾਲ ਪੁਰਖ ਕਾਲ ਰਹਿਤ ਅਤੇ ਸ਼ਕਤੀ ਸਹਿਤ ਹੈ। ਧਰਮ ਦਾ ਸਰੋਤ ਅਤੇ ਅਦ੍ਰਿਸ਼ ਹੈ। ਸਤਵਾਂ: ਤੂੰ ਅਕਾਲ ਅਤੇ ਗੁਰੁ ਹੈਂ। ਪਾਠਕ ਹੁਣ ਇਹ ਫੈਸਲਾ ਕਰਨ, ਕੀ ਇਹ ਸਾਰੇ ਗੁਣ ਆਦਿ ਗੁਰੂ ਗ੍ਰੰਥ ਸਾਹਿਬ ਦੇ ਅਕਾਲਪੁਰਖ ਨਾਲ ਮਿਲਦੇ ਹਨ ਜਾਂ ਉਸ ਦੇ ਉਲਟ ਹਨ?
ਸ: ਹਰਿੰਦਰ ਸਿੰਘ ਮਹਿਬੂਬ ਨੇ "ਸਹਿਜ ਰਚੀਓ ਖਾਲਸਾ" ਵਿੱਚ; (1) ਜਾਪੁ, (2) ਅਕਾਲ ਉਸਤਤਿ, (3) ਜ਼ਫ਼ਰਨਾਮਾ, (4) 33 ਸਵੈਯੇ ਅਤੇ (5) ਸ਼ਬਦ ਹਜ਼ਾਰੇ, ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਮੰਨੀਆਂ ਹਨ। ਜਾਪੁ ਵਿਚੋਂ ਮਿਸਾਲਾਂ ਦੇਣ ਪਿਛੋਂ ਅਸੀਂ ਸ਼ਬਦ ਹਜ਼ਾਰੇ ਅਤੇ ਸਵੈਯਾਂ ਵਿਚੋਂ ਉਦ੍ਹਾਰਨਾਂ ਪਾਠਕਾਂ ਦੀ ਜਾਣਕਾਰੀ ਵਾਸਤੇ ਹੇਠਾਂ ਦਿੱਤੀਆਂ ਹਨ।
ਰਾਗ ਤਿਲੰਗ: ਕੇਵਲ ਕਾਲ ਈ ਕਰਤਾਰ।
ਆਦਿ ਅੰਤਿ ਅਨੰਤ ਮੂਰਤਿ ਗੜਨ ਭੰਜਨ ਹਾਰ।1।ਰਹਾਉ। 1.19
ਦਸਮ ਗ੍ਰੰਥ ਭਾਗ 3 ਜੱਗੀ-ਜੱਗੀ ਪੰਨਾ 384

ਅਰਥ: ਕੇਵਲ ਕਾਲ ਹੀ ਸਭ ਦਾ ਕਰਤਾ ਹੈ। ਆਦਿ ਤੋਂ ਅੰਤ ਤਕ ਮੂਰਤਾਂ ਬਣਾਉਣ ਅਤੇ ਭੰਨਣ ਵਾਲਾ ਹੈ।1।ਰਹਾਉ।
ਸਵੈਯਾ 23: ਜਾਲ ਬਧੇ ਸਭ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ।
ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ।
ਅੰਤ ਮਰੇ ਪਛਤਾਇ ਪ੍ਰਿਥੀ ਪਰਿ ਜੋ ਜਗ ਮੈ ਅਵਤਾਰ ਕਹਾਏ।
ਰੇ ਮਨ ਲੈਲ਼ ਇਕੇਲ਼ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ।23। 1.20
ਦਸਮ ਗ੍ਰੰਥ ਭਾਗ 3 ਜੱਗੀ-ਜੱਗੀ ਪੰਨਾ 394
ਅਰਥ: ਸਾਰੇ ਹੀ ਮੌਤ ਦੇ ਜਾਲ ਵਿੱਚ ਬੰਨ੍ਹੇ ਹੋਏ ਹਨ, ਕੋਈ ਰਾਮ ਅਤੇ ਰਸੂਲ ਵੀ (ਉਸ ਤੋਂ) ਬਚ ਨਹੀਂ ਸਕਿਆ ਹੈ। ਦੈਂਤ, ਦੇਵ ਅਤੇ ਸ਼ੇਸ਼ਨਾਗ, ਧਰਾਧਰ (ਪਰਬਤ) ਭੂਤ ਕਾਲ ਵਿੱਚ ਪੈਦਾ ਕੀਤੇ ਹਨ ਅਤੇ ਭਵਿਸ਼ ਵਿੱਚ ਮਿਟਾ ਦੇਵੇਗਾ। ਜੋ ਜਗਤ ਵਿੱਚ ਆਪਣੇ ਆਪ ਨੂੰ ਅਵਤਾਰ ਅਖਵਾਉਂਦੇ ਸਨ, ਉਹ ਵੀ ਅੰਤ ਵਿੱਚ ਪਛਤਾਉਂਦੇ ਹੋਏ ਪ੍ਰਿਥਵੀ ਉੱਤੇ ਮਰ ਗਏ ਹਨ। ਹੇ ਮੰਦ ਭਾਗੇ ਮਨ (ਤੂੰ) ਭੱਜ ਕੇ ਇਕੱਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲੱਗ ਜਾਂਦਾ ।23।
ਇਨ੍ਹਾਂ ਅਰਥਾਂ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਦਾ ਕਾਲ ਹੁਣ ਆਦਿ ਗੁਰੂ ਗ੍ਰੰਥ ਸਾਹਿਬ ਦੇ ਅਕਾਲਪੁਰਖ ਦੀਆਂ ਸਾਰੀਆਂ ਖੂਬੀਆਂ ਗ੍ਰਿਹਣ ਕਰ ਗਿਆ ਹੈ। ਅਸੀਂ ਜਾਪੁ ਵਿੱਚ ਤਿੰਨ ਦੇਵਤਿਆਂ ਵੱਲ ਇਸ਼ਾਰਾ ਕਰ ਆਏ ਹਾਂ {ਵੇਖੋ 1.16} ਅਤੇ ਉਨ੍ਹਾਂ ਵਿਚੋਂ ਇੱਕ ਕਾਲ ਜਾਂ ਸਿ਼ਵਜੀ ਹੈ ਜੋ ਹਿੰਦੂ ਧਰਮ ਵਿੱਚ ਜਗਤ ਵਿੱਚ ਮੌਤ ਕਰਨ ਦਾ ਜ਼ੁੰਮੇਵਾਰ ਹੈ। ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਵਾਲੇ ਸਿੱਖ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਮੰਨ ਦੇ ਹਨ? ਜੇ ਉੱਤਰ ਹਾਂ ਵਿੱਚ ਹੈ ਤਾਂ ਇਹ ਦੋਵੇਂ ਗੱਲਾਂ ਕਿਵੇਂ ਮੇਲ ਖਾਂਦੀਆਂ ਹਨ? ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਨੂੰ 1708 ਈ ਵਿੱਚ ਸਬਦ ਗੁਰੂ ਸਥਾਪਤ ਕੀਤਾ ਸੀ। ਕੀ ਗੁਰੂ ਗੋਬਿੰਦ ਸਿੰਘ ਜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪਰਵਾਨ ਕਰ ਦੇ ਸਨ ਜਾਂ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਅਕਾਲਪੁਰਖ ਦੇ ਸ਼ਰੀਕ ਮੰਨਦੇ ਸਨ? ਇਹ ਫੈਸਲਾ ਸਿੱਖਾਂ ਨੇ ਹੀ ਕਰਨਾ ਹੈ। ਉੱਪਰ ਦਿੱਤੀ ਜਾਣਕਾਰੀ ਸਪਸ਼ਟ ਕਰਦੀ ਹੈ ਕਿ ਅਕਾਲਪੁਰਖ ਦਾ ਦਸਮ ਗ੍ਰੰਥ ਵਿੱਚ ਉਲੀਕਿਆ ਹੋਇਆ ਸੰਕਲਪ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਅਕਾਲਪੁਰਖ ਦੇ ਸੰਕਲਪ ਨਾਲੋਂ ਵੱਖਰਾ ਹੈ। ਇਹ ਹਿੰਦੂ ਧਰਮ ਨਾਲ ਮਿਲਦਾ ਜੁਲਦਾ ਹੈ। ਕੀ ਡਾ. ਜੱਗੀ ਕਾਲ ਦੇ ਅਰਥ ਪਰਮ ਸੱਤਾ ਦੇ ਕਰ ਕੇ ਚਲਾਕੀ ਕਰ ਰਿਹਾ ਹੈ ਅਤੇ ਸਿੱਖਾਂ ਨੂੰ ਹਿੰਦੂ ਧਰਮ ਦੇ ਉਪਾਸ਼ਕ ਬਨਾਉਣ ਦਾ ਯਤਨ ਕਰ ਰਿਹਾ ਹੈ? ਫੈਸਲਾ ਸਿੱਖਾਂ ਨੇ ਕਰਨਾ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਕਿ ਨਹੀਂ। ਉੱਪਰ ਦਿੱਤੇ ਤੱਥ ਉੱਤਰ ਨਾਂਹ ਵਿੱਚ ਹੀ ਦੇਂਦੇ ਹਨ।
ਉਪ੍ਰੋਕਤ ਕੀਤੀ ਚਰਚਾ ਤੋਂ ਹੇਠ ਦਿੱਤੀ ਸਮੀਕਰਨ ਉਪਜੀ ਹੈ ਜੋ ਪਾਠਕਾਂ ਦੇ ਸਾਰੇ ਭੁਲੇਖੇ ਦੂਰ ਕਰਨ ਵਿੱਚ ਸਹਇਤਾ ਦੇਂਦੀ ਹੈ। ਦਸਮ ਗ੍ਰੰਥ ਵਿੱਚ ਇਨ੍ਹਾਂ ਤਿੰਨਾਂ ਦਾ ਰਿਸ਼ਤਾ ਸਪਸ਼ਟ ਹੋ ਗਿਆ ਹੈ।
ਕਾਲ = ਅਕਾਲ = ਅਕਾਲਪੁਰਖ 1.21
ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦੇ ਸਲੋਕ ਵਿੱਚ ਸ਼ਬਦ ਕਾਲ ਅਤੇ ਅਕਾਲ ਦਿੱਤੇ ਮਿਲ ਦੇ ਹਨ। ਇਹ ਸਲੋਕ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।
ਕਾਲੁ ਅਕਾਲੁ ਖਸਮ ਕਾ ਕੀਨਾ ਇਹੁ ਪਰਪੰਚੁ ਬੰਧਾਵਨੁ ॥
ਕਹਿ ਕਬੀਰ ਤੇ ਅੰਤੇ ਮੁਕਤੇ ਜਿਨੁ ਹਿਰਦੈ ਰਾਮ ਰਸਾਇਨੁ ॥2॥6॥ 1.22
ਮਾਰੂ ਕਬੀਰ ਜੀ ਅ:ਗ:ਗ:ਸ: ਪੰਨਾ 1104
ਕਬੀਰ ਜੀ ਆਖਦੈ ਹਨ ਕਿ ਇਸ ਜਗਤ ਨੂੰ ਜੀਉਣ (ਮੌਤ ਰਹਿਤ) ਅਤੇ ਮਰਨ (ਮੌਤ ਸਹਿਤ) ਦੇ ਬੰਧਨਾਂ ਵਿੱਚ ਕੇਵਲ ਅਕਾਲਪੁਰਖ, ਭਾਵ ਇੱਕੋਓ, ਨੇ ਹੀ ਪਾਇਆ ਹੋਇਆ ਹੈ। ਇਨ੍ਹਾਂ ਤੋਂ ਉਹ ਵਿਅਕਤੀ ਹੀ ਬਚਦਾ ਹੈ ਜਿਸ ਦੇ ਹਿਰਦੇ ਵਿੱਚ ਅਕਾਲਪਰਖ ਨੂੰ ਯਾਦ ਰੱਖਿਆ ਜਾਂਦਾ ਹੈ। ਭਾਵ ਅਰਥ ਕਿ ਅਕਾਲਪੁਰਖ ਦੇ ਹੁਕਮ ਦੀ ਸੂਝ ਹੈ ਅਤੇ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੈ।2।6।
ਉਪ੍ਰੌਕਤ ਜਾਣਕਾਰੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਦਸਮ ਗ੍ਰੰਥ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਬਾਣੀ ਦੇ ਅਧਾਰ 'ਤੇ ਇਨ੍ਹਾਂ ਦੋਵਾਂ ਵਿੱਚ ਕੋਈ ਸਮੁੱਚੀ ਸਾਂਝ ਨਜ਼ਰ ਨਹੀਂ ਆਉਂਦੀ। ਇਸ ਤੋਂ ਸਿੱਟਾ ਨਿਕਲ ਦਾ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨੀ ਜਾ ਸਕਦੀ।
.