.

ਪੁਤ੍ਰੀ ਕਉਲੁ ਨ ਪਾਲਿਓ,

ਗੁਰਸ਼ਰਨ ਸਿੰਘ ਕਸੇਲ, ਕਨੇਡਾ

ਜਿਥੇ ਅਖੌਤੀ ਸੰਤ ਸਾਧ ਗੁਰਮਤਿ ਦੇ ਉਲਟ ਪ੍ਰਚਾਰ ਕਰਕੇ ਸਿੱਖ ਵਿਰੋਧੀ ਜਥੇਬੰਦੀਆਂ ਤੋਂ ਬਖ਼ਸ਼ਸ਼ਾਂ ਤਾਂ ਲੈਂਦੇ ਹੀ ਹਨ ਇਸ ਦੇ ਨਾਲ-ਨਾਲ ਇਹ ਲੋਕ ਗੁਰੂ ਸਾਹਿਬਾਨ ਉਤੇ ਵੀ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਸਿੱਖੀ ਭੇਸ ਵਿੱਚ ਘੁੰਮ ਰਹੇ ਗੁਰਮਤਿ ਪ੍ਰਚਾਰ ਦੇ ਨਾਂਅ ਹੇਠ ਇਹ ਲੋਕ ਤਾਂ ਗੁਰੂ ਅਰਜਨ ਦੇਵ ਜੀ ਤੇ ਵੀ ਤੋਹਮਤਾਂ ਲਾਈ ਜਾਂਦੇ ਹਨ। ਇਸ ਤਰ੍ਹਾਂ ਦੇ ਬਣੇ ਸੰਤਾਂ ਸਾਧਾਂ ‘ਤੇ ਕਈ ਲੋਕ ਅੰਨੀ ਸ਼ਰਧਾ ਦਾ ਭਰਮ ਪਾਲੀ ਫਿਰਦੇ ਹਨ ਪਰ ਆਪ ਗੁਰਬਾਣੀ ਵਿਚਾਰਨ ਦੀ ਖੇਚਲ ਨਹੀਂ ਕਰਦੇ । ਅਜਿਹੇ ਪ੍ਰਚਾਰਕ ਕੁਝ ਪੁਰਾਣੇ ਗ੍ਰੰਥਾਂ ਅਤੇ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਕਿਤਾਬਾਂ ਵਿੱਚ ਦਰਜ ਕਥਾ ਕਹਾਣੀਆਂ ਨੂੰ ਸਿੱਖਾਂ ਵਿੱਚ ਪ੍ਰਚਾਰਦੇ ਹਨ। ਸਿੱਖਾਂ ਨੇ ਤਾਂ ਗੁਰਮਤਿ ਬਾਰੇ ਉਹੀ ਕੁਝ ਸਿਖਣਾ ਹੈ ਜੋ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਜਾਂਦਾ ਹੈ; ਕਿਉਂਕਿ ਬਹੁਗਿਣਤੀ ਸਿੱਖ ਆਪ ਬਾਣੀ ਪੜ੍ਹਨੀ ਜਾਂ ਹੋਰ ਗੁਰਮਤਿ ਬਾਰੇ ਕਿਤਾਬਾਂ ਪੜ੍ਹਨ ਵੱਲ ਧਿਆਨ ਹੀ ਨਹੀਂ ਦੇਂਦੇ। ਜਿਸ ਕਰਕੇ ਅੱਜ ਸਾਨੂੰ ਗੁਰੂ ਸਾਹਿਬਾਨ ਅਤੇ ਗੁਰਮਤਿ ਵਿਰੋਧੀ ਮਨਘੜ੍ਹਤ ਕਥਾ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਨੀਵੀ ਪਾ ਕੇ ਸੁਣੀ ਜਾ ਰਹੇ ਹਾਂ। ਜਿਵੇਂ ਕਈ ਡੇਰਿਆਂ ਤੋਂ ਪੜ੍ਹੇ ਪ੍ਰਚਾਰਕ ਆਖਦੇ ਹਨ ਕਿ, “ਗੁਰੂ ਅਰਜਨ ਦੇਵ ਜੀ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕਰ ਰਹੇ ਸਨ ਤਾਂ ਸੋਲਵੀ ਅਸਟਪਦੀ ਤੇ ਆ ਕੇ ਰੁਕ ਗਏ ਸਨ, ਅੱਗੋਂ ਗੁਰੂ ਨਾਨਕ ਦੇਵ ਜੀ ਦੇ ਪੁਤਰ ਬਾਬਾ ਸ੍ਰੀ ਚੰਦ ਜੀ ਨੇ ਇਹ ਸਲੋਕ ਉਚਾਰਿਆ, ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥(ਮ:5,ਪੰਨਾ 285) ਤਾਂ ਫਿਰ ਗੁਰੂ ਜੀ ਨੇ ਸੁਖਮਨੀ ਸਾਹਿਬ ਦੀਆਂ 24 ਅਸਟਪਦੀਆਂ ਪੂਰੀਆਂ ਕੀਤੀਆਂ”। ਇਸੇ ਵਿਸ਼ੇ ਤੇ ਹੀ ਇਕ ਹੋਰ ਡੇਰੇਦਾਰ ਪ੍ਰਚਾਰਕ ਆਖ ਰਿਹਾ ਸੀ ਕਿ , “ਗੁਰੂ ਅਰਜਨ ਦੇਵ ਜੀ ਹਰ ਸੰਗਰਾਂਦ ਨੂੰ ਬਾਬਾ ਸ੍ਰੀ ਚੰਦ ਜੀ ਕੋਲ ਸਰੋਪਾ ਲੈਣ ਜਾਂਦੇ ਸਨ। ਗੁਰੂ ਜੀ ਨੇ ਬਾਬਾ ਜੀ ਨੂੰ ਦੱਸਿਆ, ਕਿ ਮੈਂ ਸੁਖਮਨੀ ਬਾਣੀ ਦੀਆਂ 16 ਅਸਟਪਦੀਆਂ ਲਿਖੀਆਂ ਹਨ। ਅੱਗੋਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ, ਅਰਜਨ, ਅੱਠ ਹੋਰ ਅਸਟਪਦੀਆਂ ਲਿਖ; ਇਸ ਤਰ੍ਹਾਂ ਜਿਹੜਾ ਸਿੱਖ ਸਾਰਾ ਸੁਖਮਨੀ ਪੜ੍ਹੇਗਾ ਉਸਦੇ ਸਾਰੇ ਦਿਨ ਦੇ 24 ਹਜ਼ਾਰ ਸਵਾਸ ਸਫਲ ਹੋ ਜਾਣਗੇ; ਕਿਉਂਕਿ ਇਨਸਾਨ ਸਾਰੇ ਦਿਨ ਵਿੱਚ 24000 ਸਾਹ ਲੈਂਦਾ ਹੈ ਅਤੇ ਨਾਲ ਹੀ ਬਾਬਾ ਜੀ ਨੇ ਇਹ ਸਲੋਕ ਉਚਾਰਿਆ: ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥ ਤੇ ਕਿਹਾ ਕਿ ਸਾਡੇ ਪਿਤਾ ਜੀ ਨੇ ਇਹ ਸਲੋਕ ਵਿੱਚ ਭ ਨੂੰ ਬਿਹਾਰੀ ਪਾਈ ਸੀ (ਭੀ) ਸੀ । ਉਹ ਸਾਡੇ ਪਿਤਾ ਸੀ ਇਸ ਕਰਕੇ ਮੈਂ ਸਿਹਾਰੀ ਪਾਈ ਹੈ । ਬਾਕੀ ਸਾਰਾ ਸਲੋਕ ਉਹੀ ਹੈ”।
ਬੜੀ ਹੈਰਾਨੀ ਦੀ ਗੱਲ ਹੈ, ਕਿ ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਅਤੇ ਗੁਰਮਤਿ ਸਿਧਾਂਤ ਦੇ ਉਲਟ ਇਸ ਤਰ੍ਹਾਂ ਦਾ ਪ੍ਰਚਾਰ ਵੀ ਸਾਡੇ ਹੀ ਗੁਰਮਤਿ ਪ੍ਰਚਾਰ ਦੇ ਕੇਂਦਰ ਅਖਵਾਉਣ ਵਾਲੀਆਂ ਥਾਂਵਾਂ ਵਿੱਚ ਹੁੰਦਾ ਹੈ, ਜਿਸਨੂੰ ਅਸੀਂ ਗੁਰਦੁਆਰੇ ਆਖਦੇ ਹਾਂ। ਇਥੇ, ਇਸ ਮਨਘੜ੍ਹਤ ਕਹਾਣੀ ਨੂੰ ਸੁਣਾਉਣ ਵਾਲੇ ਗੁਰੂ ਦੋਖੀ ਇੱਕ ‘ਤੀਰ ਨਾਲ ਦੋ ਸ਼ਿਕਾਰ’ ਵਾਲੀ ਕਹਾਵਤ ਅਪਣਾਉਂਦੇ ਹਨ। ਪਹਿਲਾਂ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਾਬਾ ਸ੍ਰੀ ਚੰਦ ਜੀ ਤੋਂ ਨੀਵਾਂ ਵਿਖਾਉਣ ਦੀ ਕੋਝੀ ਕੋਸਿ਼ਸ਼ ਕਰਦੇ ਹਨ। ਦੂਸਰਾ ਸਿੱਖਾਂ ਨੂੰ ਘੰਟੇ, ਡੇਡ-ਘੰਟੇ, ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਾਕੀ ਸਾਰਾ ਦਿਨ ਗੁਰਮਤਿ ਵਿਰੋਧੀ ਕਰਮ ਕਰਨ ਦੀ ਖੁਲ੍ਹ ਦੇਂਦੇ ਹਨ। ਕੋਈ ਆਦਮੀ ਬਾਕੀ ਦਿਨ ਦੇ ਸਾਡੇ ਬਾਈ, ਤੇਈ ਘੰਟੇ ਭਾਵੇ ਠੱਗੀ ਮਾਰੇ, ਝੂਠ ਬੋਲੇ, ਹੋਰ ਮੰਦੇ ਕਰਮ ਕਰੇ, ਕੀ ਉਸ ਦੇ ਸਵਾਸ ਸਫਲ ਰਹਿਣਗੇ ? ਉਂਝ ਵੀ 24000 ਸੁਆਸਾਂ ਦੀ ਗਿਣਤੀ ਪਤਾ ਨਹੀਂ ਕਿਸ ਨੇ ਅਤੇ ਕਿਵੇਂ ਕੀਤੀ ਹੈ, ਹਰੇਕ ਕੰਮ ਕਰਨ ਨਾਲ ਸਾਹ ਦੀ ਰਫਤਾਰ ਇਕੋ ਜਿੰਨੀ ਨਹੀਂ ਰਹਿੰਦੀ। ਕਈ ਅਜਿਹੇ ਸਾਧ ਤੇ ਪ੍ਰਚਾਰਕ ਇਸ ਬਾਣੀ ਵਿੱਚ 24000 ਸ਼ਬਦਾਂ ਦੀ ਗੱਲ ਵੀ ਕਰਦੇ ਹਨ ਪਰ ਇਹ ਨਹੀਂ ਦੱਸਦੇ ਕਿ ਉਨ੍ਹਾਂ ਨੇ ਗਿਣਤੀ ਕਿਸ ਹਿਸਾਬ ਨਾਲ ਕੀਤੀ ਹੈ। ਕੀ ਅਜਿਹਾ ਪ੍ਰਚਾਰ ਗੁਰਮਤਿ ਦੇ ਵਿਰੁਧ ਨਹੀਂ ਹੈ ? ਗੁਰਬਾਣੀ ਤਾਂ ਸੁਚੇਤ ਕਰਦੀ ਹੈ: ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥(ਮ:5, ਸੁਖਮਨੀ, ਪੰਨਾ 295)
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥(ਮ:5, ਸੁਖਮਨੀ, ਪੰਨਾ 289)
ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥4॥(ਮ:5, ਪੰਨਾ 403)
ਬਾਬਾ, ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ ॥1॥ ਰਹਾਉ ॥(ਭਗਤ ਕਬੀਰ ਜੀ, ਪੰਨਾ 1104)
ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥(ਭਗਤ ਨਾਮਦੇਵ ਜੀ ਪੰਨਾ 485)

ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ, ਕਿ ਜੇਕਰ ਸੁਖਮਨੀ ਸਾਹਿਬ ਵਿੱਚ ਆਇਆ ਸਲੋਕ: ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥ ਬਾਬਾ ਸ੍ਰੀ ਚੰਦ ਜੀ ਦਾ ਹੈ ਤਾਂ ਫਿਰ ਗੁਰੂ ਅਰਜਨ ਸਾਹਿਬ ਜੀ ਆਪਣੇ ਨਾਂਅ ਕਿਵੇਂ ਲਿਖ ਦਿੱਤਾ । ਪੰਚਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਨ ਸਮੇਂ ਜੇਕਰ ਕਿਸੇ ਸਿੱਖ ਜਾਂ ਭਗਤ ਦੀ ਜਿੰਨੀ ਵੀ ਬਾਣੀ ਗੁਰਮਤਿ ਅਨੁਸਾਰ ਦਰਜ ਹੋਣ ਵਾਲੀ ਸੀ, ਉਹ ਉਸ ਦੇ ਨਾਂਅ ਹੇਠ ਹੀ ਦਰਜ ਕੀਤੀ ਹੈ। ਜਿਵੇਂ ਭਗਤ ਸੂਰਦਾਸ ਜੀ ਦੀ ਬਾਣੀ ਦੀ ਸਿਰਫ ਇਕ ਪੰਗਤੀ ਹੈ ਪਰ ਭਗਤ ਸੂਰਦਾਸ ਜੀ ਦੇ ਨਾਂਅ ਹੇਠ ਦਰਜ਼ ਹੈ: ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ (ਭਗਤ ਸੂਰਦਾਸ, ਪੰਨਾ 1253) ਫਿਰ ਜੇਕਰ ਇਹ ਸਲੋਕ ਬਾਬਾ ਸ੍ਰੀ ਚੰਦ ਜੀ ਦਾ ਸੀ ਤਾਂ ਗੁਰੂ ਜੀ ਕਿਵੇਂ ਸਾਰੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਣੇ ਨਾਂਅ ਨਾਲ ਮਹਲਾ ਪੰਜਵਾਂ ਲਿੱਖ ਸਕਦੇ ਸਨ ? ਅਜਿਹੇ ਅਖੌਤੀ ਸੰਤ ਸਾਧ ਅਤੇ ਉਂਨ੍ਹਾਂ ਦੇ ਪੜ੍ਹਾਏ ਪ੍ਰਚਾਰਕ ਗੁਰੂ ਜੀ ਨੂੰ ਬਾਬੇ ਸ੍ਰੀ ਚੰਦ ਜੀ ਦੇ ਉਚਾਰੇ ਹੋਏ ਸਲੋਕ ਨੂੰ ਆਪਣੇ ਨਾਂਅ ਹੇਠ ਲਿਖਣ ਦਾ ਝੂਠਾ ਪ੍ਰਚਾਰ ਕਰਕੇ ਗੁਰੂ ਜੀ ਨੂੰ ਕੀ ਸਿੱਧ ਕਰ ਰਹੇ ਹਨ ? ਗੁਰੂ ਸਾਹਿਬ ਉਤੇ ਅਜਿਹਾ ਘਟੀਆ ਇਲਜ਼ਾਮ ਲਾਉਣ ਵਾਲੇ ਵੀ ਕੀ ਗੁਰੂ ਦੇ ਸਿੱਖ ਹੋ ਸਕਦੇ ਹਨ ?
ਉਂਝ ਵੀ ਆਪਣੀ ਬਾਣੀ ਨਾਲ ‘ਨਾਨਕ’ ਨਾਮ ਲਾਉਣ ਦਾ ਹੱਕ ਸਿਰਫ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਬੈਠੇ ਗੁਰੂ ਸਾਹਿਬਾਨ ਨੂੰ ਹੈ। ਬਾਬਾ ਸ੍ਰੀ ਚੰਦ ਜੀ ਸਲੋਕ ਵਿੱਚ ‘ਨਾਨਕ’ ਲਫਜ ਕਿਵੇਂ ਵਰਤ ਸਕਦੇ ਹਨ ? ਸਿੱਖਾਂ ਲਈ ਇਕ ਅਕਾਲ ਪੁਰਖ ਤੋਂ ਛੁਟ ਕੋਈ ਵੀ ਵਿਅਕਤੀ ਜਾਂ ਗ੍ਰੰਥ ਸਾਡੇ ਦੱਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਉਪਰ ਨਹੀਂ ਹੋ ਸਕਦਾ ਭਾਂਵੇਂ ਉਹ ਗੁਰੂ ਸਾਹਿਬਾਨ ਦੀ ਸੰਤਾਨ ਹੀ ਕਿਉ ਨਾ ਹੋਵੇ।
ਇਸ ਦੇ ਨਾਲ ਇਕ ਹੋਰ ਵਿਚਾਰ ਵੀ ਹੈ; ਜਿਹੜੇ ਅਜਿਹੇ ਅਖੌਤੀ ਸੰਤ ਸਾਧ ਡੇਰਿਆਂ ਜਾਂ ਕਿਸੇ ਹੋਰ ਸੰਪਰਦਾ ਨਾਲ ਸਬੰਧ ਰੱਖਣ ਵਾਲੇ ਬਾਬਾ ਸ੍ਰੀ ਚੰਦ ਜੀ ਦੇ ਉਪਾਸ਼ਕ ਹਨ, ਉਨ੍ਹਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁਤਰਾਂ ਨੂੰ ਸਿੱਖ ਧਰਮ ਦੀ ਵਾਗਡੋਰ ਕਿਸ ਕਾਰਨ ਕਰਕੇ ਨਹੀਂ ਦਿੱਤੀ ਸੀ ? ਕੀ ਬਾਬਾ ਸ੍ਰੀ ਚੰਦ ਜੀ ਆਗਿਆਕਾਰੀ ਸਪੁਤਰ ਸਨ ? ਸਿੱਖਾਂ ਦੇ ਬਣੇ ਇਨ੍ਹਾਂ ਅਖੌਤੀ ਪ੍ਰਚਾਰਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁਤਰਾਂ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਪੰਗਤੀਆਂ ਵੀ ਸ਼ਾਇਦ ਨਹੀਂ ਪੜ੍ਹੀਆਂ: ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍‍ ਮੁਰਟੀਐ ॥ (ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ 967) ਇਨ੍ਹਾਂ ਪੰਗਤੀਆਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਨੇ ਹੀ ਕੀਤਾ ਹੈ। ਕੀ ਗੁਰੂ ਜੀ ਇਸ ਗੱਲ ਤੋ ਬੇਖ਼ਬਰ ਸਨ ਕਿ ਬਾਬਾ ਸ੍ਰੀ ਚੰਦ ਜੀ ਦੀ ਸਿੱਖੀ ਦੇ ਘਰ ਵਿੱਚ ਕੀ ਜਗ੍ਹਾ ਹੈ ?
ਅਜਿਹੇ ਸਿੱਖੀ ਭੇਸ ਵਿੱਚ ਅਖੌਤੀ ਪ੍ਰਚਾਰਕ ਉਸ ਗੁਰੂ ਸਾਹਿਬ ਉਤੇ ਬਾਬਾ ਸ੍ਰੀ ਚੰਦ ਜੀ ਦੀ ਬਾਣੀ ਨੂੰ ਆਪਣੇ ਨਾਂਅ ਹੇਠ ਲਿਖਣ ਦਾ ਕੋਝਾ ਦੋਸ਼ ਲਾ ਰਹੇ ਹਨ । ਜਿਸ ਗੁਰੂ ਜੀ ਨੇ ਸੱਚ ਦੀ ਖਾਤਰ ਤੱਤੀ ਤਵੀ ਉਤੇ ਬੈਠ ਕੇ ਵੀ ਸੱਚ ਦਾ ਪੱਲਾ ਨਹੀਂ ਛਡਿਆ । ਇਸ ਤਰ੍ਹਾਂ ਦੇ ਅਖੌਤੀ ਪ੍ਰਚਾਰਕ ਜਿਹੜੇ ਗੁਰੂ ਜੀ ‘ਤੇ ਤੋਹਮਤਾ ਲਾ ਰਹੇ ਹਨ ਉਹ ਸਿੱਖੀ ਦੇ ਪ੍ਰਚਾਰ ਦੀ ਆੜ੍ਹ ਹੇਠ ਜੋ ਸਿੱਖ ਸਿਧਾਂਤ ਦਾ ਘਾਣ ਕਰਦੇ ਹੋਣਗੇ ਉਸਦਾ ਅੰਦਾਜਾ ਸਿੱਖ ਭਾਈਚਾਰਾ ਭਲੀ-ਭਾਂਤ ਲਾ ਸਕਦਾ ਹੈ ।
ਇੰਝ ਹੀ ਕੁਝ ਸਮਾਂ ਪਹਿਲਾਂ ਕਨੇਡਾ ਵਿਖੇ ਇਕ ਅਖੌਤੀ ਸੰਤ ਆਇਆ ਸੀ। ਉਸਨੇ ਵੀ ਇਕ ਰੇਡੀਓ ਤੇ ਬੋਲਦਿਆਂ ਕਿਹਾ, ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍‍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥1॥ ਰਹਾਉ ॥ (ਮ:5,ਪੰਨਾ 496) ਵਾਲਾ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਾਤਾ ਬੀਬੀ ਭਾਨੀ ਜੀ ਦਾ ਹੈ । ਜਦ ਕਿ ਇਹ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ 5ਵਾਂ ਦੇ ਸਰਲੇਖ ਹੇਠ ਦਰਜ ਹੈ। ਅਜਿਹਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਉਨ੍ਹਾਂ ਦੇ ਅਖੌਤੀ ਸੰਤਾਂ ਸਾਧਾਂ ਦਾ ਅੱਜ ਹਾਲ ਵੀ ਉਹੀ ਹੈ, ਜਿੰਨਾਂ ਤੋਂ ਗੁਰਬਾਣੀ ਸਾਨੂੰ ਇਸ ਸਲੋਕ ਰਾਂਹੀਂ ਸੁਚੇਤ ਕਰਦੀ ਹੈ :
ਸਲੋਕ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥ (ਮ:2, ਪੰਨਾ 1288)
ਅਕਾਲ ਪੁਰਖ ! ਜਿਥੇ ਸਿੱਖਾਂ ਨੂੰ ਅੱਜ ਦੇ ਆਪੇ ਬਣੇ ਫਿਰਦੇ ਸੰਤਾਂ ਸਾਧਾਂ ਅਤੇ ਉਨ੍ਹਾਂ ਦੇ ਪੜ੍ਹਾਏ ਪ੍ਰਚਾਰਕਾਂ ਤੋਂ ਸੁਚੇਤ ਰਹਿਣ ਦੀ ਸੁਮੱਤ ਬਖ਼ਸ਼ੇ; ਉਥੇ ਮਾਇਆ ਦੇ ਲਾਲਚ ਵਿੱਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਅਤੇ ਸਿੱਖ ਸਿਧਾਂਤ ਵਿਰੋਧੀ ਕਥਾ ਕਹਾਣੀਆਂ ਬਣਾਉਣ ਅਤੇ ਸਿੱਖਾਂ ਵਿੱਚ ਪ੍ਰਚਾਰਨ ਵਾਲਿਆਂ ਨੂੰ ਵੀ ਸੋਝੀ ਦੇਵੇ।




.