.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 28)

ਪ੍ਰੋ: ਇੰਦਰ ਸਿੰਘ ‘ਘੱਗਾ’

ਜਨਮੇਜਾ :- ਅਰਜਣ ਦਾ ਪੜਪੋਤਰਾ, ਪ੍ਰੀਕਸ਼ਤ ਦਾ ਪੁੱਤਰ ਰਾਜਾ ਜਨਮੇਜਾ, ਜੋ ਸੱਪਾਂ ਦਾ ਵੈਰੀ ਸੀ। ਕਿਉਂਕਿ ਇਸਦੇ ਪਿਤਾ ਨੇ ਮਖੌਲ ਨਾਲ ਇੱਕ ਸਮਾਧੀ ਸਥਿਤ ਰਿਸ਼ੀ ਦੇ ਗਲ ਵਿਚ, ਸੱਪ ਪਾ ਦਿੱਤਾ ਸੀ। ਰਿਸ਼ੀ ਨੇ ਕ੍ਰੋਧਤ ਹੋ ਕੇ ਸਰਾਪ ਦੇ ਦਿੱਤਾ, ‘‘ਸੱਪ ਦੇ ਡੰਗ ਨਾਲ ਤੇਰੀ ਮੌਤ ਹੋਵੇਗੀ``। ਪ੍ਰੀਕਸ਼ਤ ਦੀ ਮੌਤ ਇਸੇ ਤਰਾਂ ਹੋਈ। ਜਨਮੇਜੇ ਨੇ ਪਿਤਾ ਦਾ ਬਦਲਾ ਲੈਣ ਲਈ ਸਰਪ ਮੇਧ ਜੱਗ ਕੀਤਾ, ਜਿਸ ਵਿਚ ਅਨੰਤ ਸੱਪ ਭਸਮ ਹੋਏ। ਅਸਤਵੀਕ ਰਿਸ਼ੀ ਦੀ ਗੱਲ ਮੰਨਕੇ, ਸੱਪ ਜੱਗ ਬੰਦ ਕੀਤਾ। ਸੱਪਾਂ ਦੇ ਰਾਜੇ ਤੱਛਕ ਦੀ ਜਾਨ ਬਖਸ਼ੀ। ਇੱਕ ਹੋਰ ਕਹਾਣੀ ਮੁਤਾਬਕ ਬਿਆਸ ਨੇ ਪ੍ਰੀਕਸ਼ਤ ਨਾਲ ਹੋਈ ਬੀਤੀ ਜਨਮੇਜੇ ਨੂੰ ਸੁਣਾਈ। ਜਨਮੇਜੇ ਨੇ ਕਿਹਾ ਅਗਰ ਮੈਨੂੰ ਕੋਈ ਭਵਿੱਖ ਬਾਰੇ ਦੱਸ ਦੇਵੇ ਤਾਂ ਮੈਂ ਕਦੀ ਗਲਤੀ ਨਹੀਂ ਕਰਾਂਗਾ। ਇਸ ਤੇ ਬਿਆਸ ਨੇ ਭਵਿੱਖਤ ਵਾਕ ਸੁਣਾਏ -
(੧) ਤੇਰੇ ਨਗਰ ਵਿਚ ਵਪਾਰੀ ਆਉਣ ਤਾਂ ਉਹਨਾਂ ਤੋਂ ਘੋੜਾ ਨਾਂ ਖ੍ਰੀਦੀ। (੨) ਜੇ ਖਰੀਦ ਲਵੇਂ ਸਵਾਰੀ ਨਾਂ ਕਰੀ (੩) ਜੇ ਸਵਾਰੀ ਕਰ ਲਵੇਂ ਤਾਂ ਪੱਛਮ ਵੱਲ ਨਾ ਜਾਈਂ। (੪) ਜੇ ਚਲਾ ਹੀ ਜਾਵੇਂ, ਤੈਨੂੰ ਜੰਗਲ ਵਿਚ ਕੋਈ ਜੁਆਨ ਇਸਤਰੀ ਮਿਲੇ, ਉਹ ਲੱਖ ਕਹੇ ਮਹਿਲ ਵਿਚ ਨਾ ਲਿਆਵੀਂ (੫) ਜੇ ਲੈ ਆਵੇ ਤਾਂ ਉਸ ਨਾਲ ਵਿਆਹ ਨਾ ਕਰਾਈ (੬) ਜੇ ਵਿਆਹ ਕਰਵਾ ਲਵੇ ਤਾਂ ਉਸਦਾ ਕਿਹਾ ਨਾ ਮੰਨੀ।
ਸਮਾ ਬੀਤਣ ਨਾਲ ਇੱਕ ਇੱਕ ਕਰਕੇ ਜਨਮੇਜੇ ਨੇ ਸਾਰੀਆਂ ਗਲਤੀਆਂ ਕੀਤੀਆਂ। ਭਵਿੱਖਤ ਬਚਨ ਸਾਰੇ ਭੁੱਲ ਗਏ। ਰਾਜੇ ਨੇ ਵਿਆਹ ਦੀ ਖੁਸ਼ੀ ਵਿਚ ਬ੍ਰਹਮਭੋਜ ਕੀਤਾ। ਰਾਣੀ ਖੁਦ ਬ੍ਰਾਹਮਣਾਂ ਨੂੰ ਖਾਣਾ ਪਰੋਸਣ ਲੱਗੀ। ਰਾਜੇ ਦੀ ਉਮਰ ਵਡੇਰੀ, ਰਾਣੀ ਜਵਾਨ, ਰਾਣੀ ਦਾ ਕੱਪੜਾ ਹਵਾ ਨਾਲ ਸਰੀਰ ਤੋਂ ਲਹਿ ਗਿਆ। ਬ੍ਰਾਹਮਣ ਹੱਸਣ ਲੱਗੇ। ਰਾਣੀ ਨੇ ਸ਼ਕਾਇਤ ਕੀਤੀ। ਕਿ ਇਹ ਮੇਰੇ ਤੇ ਮੋਹਿਤ ਹੋ ਕੇ ਬਦਕਾਰੀਆਂ ਕਰ ਰਹੇ ਹਨ। ਇਹਨਾਂ ਨੂੰ ਮਾਰ ਦਿੱਤਾ ਜਾਵੇ। ਰਾਜੇ ਨੇ ਰਾਣੀ ਦੇ ਆਖੇ ਸਾਰੇ ਬ੍ਰਾਹਮਣਾਂ ਦੇ ਸਿਰ ਕੱਟ ਦਿੱਤੇ। ਜਨਮੇਜੇ ਨੂੰ ਬ੍ਰਹਮ ਹੱਤਿਆ ਕਾਰਨ ਕੋਹੜ ਲੱਗ ਗਿਆ। ਇਸਨੇ ਗੁਰੂ ਬਿਆਸ ਦੇ ਚਰਨਾਂ ਵਿਚ ਹਾਜਰ ਹੋ ਕੇ ਮੁਆਫੀ ਮੰਗੀ। ਕੋਹੜ ਦੀ ਨਵਿਰਤੀ ਲਈ ਬੇਨਤੀ ਕੀਤੀ। ਬਿਆਸ ਨੇ ਚੇਤਾਵਨੀ ਦਿੱਤੀ - ‘‘ਮੈ ਜੋ ਬੋਲਾਂ ਸੱਤ ਬਚਨ ਆਖਕੇ ਸਵੀਕਾਰ ਕਰ ਲਵੀ, ਕਿੰਤੂ ਪ੍ਰੰਤੂ ਨਾ ਕਰੀਂ``। ਇਸ ਮਗਰੋਂ ਕਈ ਦਿਨ ਲਾ ਕੇ ਬਿਆਸ ਨੇ ਸਾਰਾ ਮਹਾਂਭਾਰਤ ਸੁਣਾਇਆ। ਜਨਮੇਜਾ ‘‘ਸਤ ਬਚਨ`` ਕਹਿੰਦਾ ਰਿਹਾ। ਜਦੋਂ ਬਿਆਸ ਨੇ ਦੱਸਿਆ ਕਿ ਤੇਰੇ ਪੜਦਾਦੇ ਦੇ ਇੱਕ ਤਰ੍ਹਾਂ ਭੀਮ ਨੇ ਹਾਥੀਆਂ ਨੂੰ ਪੂਛਾਂ ਤੋਂ ਫੜ ਫੜ ਕੇ ਆਸਮਾਨ ਵੱਲ ਉਤਾਂਹ ਸੁੱਟ ਦਿੱਤਾ, ਜੋ ਮੁੜ ਧਰਤੀ ਤੇ ਨਹੀਂ ਡਿੱਗੇ। ਜਨਮੇਜਾ ਡੋਲ ਗਿਆ, ਆਖਣ ਲੱਗਾ - ‘‘ਮਹਾਰਾਜ ! ਇੰਨਾ ਝੂਠ ਨਾ ਬੋਲੋ। ਹਾਥੀ ਕਿਵੇਂ ਉੱਪਰ ਸੁੱਟੇ ਜਾ ਸਕਦੇ ਹਨ``?
ਵੇਦ ਬਿਆਸ ਨੇ ਆਪਣੀ ਸ਼ਕਤੀ ਨਾਲ ਹਵਾ ਬੰਦ ਕੀਤੀ, ਹਾਥੀਆਂ ਦੇ ਪਿੰਜਰ ਜ਼ਮੀਨ ਤੇ ਡਿੱਗਣ ਲੱਗੇ। ਪਿੰਜਰ ਵੇਖਕੇ ਜਨਮੇਜੇ ਨੇ ਕਿਹਾ, ‘‘ਸਤ ਬਚਨ ਮਹਾਰਾਜ``। ਬੇਦ ਬਿਆਸ ਨੇ ਦੱਸਿਆ ਕਿ ਤੇਰਾ ਸਾਰਾ ਕੋਹੜ ਹਟ ਗਿਆ ਹੈ। ਬਸ ਅੰਗੂਠੇ ਤੇ ਰਹਿ ਗਿਆ ਹੈ, ਜੇ ਤੂੰ ਕਿੰਤੂ ਪ੍ਰੰਤੂ ਨਾ ਕਰਦਾ ਤਾਂ ਇਹ ਭੀ ਹਟ ਜਾਣਾ ਸੀ। ਅੱਗੋਂ ਮਨੁੱਖਤਾ ਨੂੰ ਤੇਰੀ ਗਲਤੀ ਕਾਰਨ ਫੋੜੇ ਫਿਨਸੀਆਂ ਰਾਹੀਂ ਕੋਹੜ ਦਾ ਦੁਖ ਭੋਗਣਾ ਪਿਆ ਕਰੇਗਾ। (ਮਹਾਨ ਕੋਸ਼ ਪੰਨਾ ੫੦੪)
ਵਿਚਾਰ:- ਬੇ ਸਿਰ ਪੈਰ ਦੀਆਂ ਗੱਪਾਂ ਵਿਚ ਵਾਧਾ ਕਰਦੀ ਇਹ ਇੱਕ ਹੋਰ ਕਹਾਣੀ ਹੈ ਰਾਜਾ ਜਨਮੇਜਾ ਦੀ। ਇਸਦਾ ਉੱਪਰ ਦਿੱਤਾ ਹਿੱਸਾ ਹੀ ਕੇਵਲ ਮਹਾਨ ਕੌਸ਼ ਵਿਚ ਹੈ। ਬਾਕੀ ਦਾ ਕਿੱਸਾ ਮੈਂ ਬਾਪੂ ਜੀ ਤੋਂ ਸੁਣਿਆ ਸੀ। ਪੁਸ਼ਟੀ ਲਈ ਕਈ ਬਜ਼ੁਰਗ ਬ੍ਰਾਹਮਣਾਂ ਤੋਂ ਜਾਣਕਾਰੀ ਲਈ ਜੋ ਸਹੀ ਸਾਬਤ ਹੋਈ। ਸ਼ਬਦਾਰਥ ਪੋਥੀ ਦੇ ਪੰਨਾ ੧੩੪੪ ਤੇ ਇਹ ਨੋਟ ਲੱਭ ਗਿਆ। ਪ੍ਰੀਕਸ਼ਤ ਰਾਜੇ ਨੇ ਬਾ ਕਮਾਲ ਮਖੌਲ ਕੀਤਾ, ਕਿ ਸੱਪ ਸਾਧ ਦੇ ਗਲ ਵਿਚ ਪਾ ਦਿੱਤਾ। ਸਾਧ ਕੋਲ ਰਾਜੇ ਨਾਲ ਲੜਨ ਲਈ ਕਿਹੜੀ ਫੌਜ ਰੱਖੀ ਹੋਈ ਸੀ? ਰਾਜੇ ਨੂੰ ਸਬਕ ਕਿਵੇਂ ਸਿਖਾਉਂਦਾ? ਪਹਿਲਾਂ ਹੀ ਤਿਆਰ ਕੀਤਾ ਮਾਰੂ ਹਥਿਆਰ ‘‘ਸਰਾਪ`` ਦੇ ਦਿੱਤਾ। ‘‘ਜਾਹ ਪਾਪੀ ਰਾਜੇ ਤੂੰ ਸੱਪ ਲੜਕੇ ਹੀ ਮਰੇਂਗਾ``। ਹੁਣ ਭਲਾ ਸਾਧੂ ਜਾਂ ਬ੍ਰਾਹਮਣਾ ਦੀ ਕਰੋਪੀ ਤੋਂ ਕੋਈ ਸੁੱਕਾ ਬਚਕੇ ਕਿਵੇਂ ਜਾ ਸਕਦਾ ਹੈ? ਲੱਖ ਉਪਾ ਕਰਨ ਦੇ ਬਾਵਜੂਦ, ਫੁੱਲਾਂ ਦੇ ਗੁਲਦਸਤੇ ਰਾਹੀਂ ‘‘ਸੱਪਾਂ ਦਾ ਰਾਜਾ ਤੱਛਕ ਨੇ ਰਾਜੇ ਦੇ ਡੰਗ ਮਾਰਕੇ, ਕੰਮ ਤਮਾਮ ਕਰ ਦਿੱਤਾ। ਕਸੂਰ ਸੀ ਰਾਜੇ ਪ੍ਰੀਕਸ਼ਤ ਦਾ, ਸਰਾਪ ਦਿੱਤਾ ਗੁੱਸੇ ਖੋਰ ਸਾਧ ਨੇ। ਜਨਮੇਜੇ ਨੇ ਨਾਂ ਪਿਤਾ ਬਾਰੇ ਕੋਈ ਮੰਦੀ ਭਾਵਨਾਂ ਰੱਖੀ ਨਾ ਰਿਸ਼ੀ ਬਾਰੇ ਕੁੱਝ ਬੁਰਾ ਚਿਤਵਿਆ। ਮਾਰਿਆ ਗਿਆ ਵਿਚਾਰਾ ਸੱਪ ਕਬੀਲਾ ! ਲੱਖਾਂ ਦੀ ਗਿਣਤੀ ਵਿਚ ਸੱਪ ਮਾਰ ਦਿੱਤੇ ਗਏ, ਉਹ ਭੀ ਜੱਗ ਦੀ ਸ਼ਕਤੀ ਰਾਹੀਂ। ਹੈ ਨਾ ਕਮਾਲ ਦੀਆਂ ਕਹਾਣੀਆਂ, ਨਿਰੋਲ ‘‘ਧਾਰਮਕ``? ਉਸ ਤੋਂ ਮਗਰੋਂ ਬਿਆਸ ਨੂੰ ਜਨਮੇਜੇ ਨੇ ਕਿਹਾ, ਮੈਨੂੰ ਕੋਈ ਭਵਿੱਖ ਵਾਕ ਦੱਸੇ ਮੈਂ ਗਲਤੀ ਨਹੀ ਕਰਾਂਗਾ। ਇਸ ਨੂੰ ਤਾਂ ਬਿਆਸ ਨੇ ਕਿੰਨੇ ਸਾਰੇ ਭਵਿੱਖ ਵਾਕ ਸੁਣਾ ਦਿੱਤੇ। ਸਮਾਂ ਪਾ ਕੇ ਸਾਰੇ ਭੁੱਲ ਗਿਆ। ਇਸ ਕਹਾਣੀ ਵਿਚ ਰਾਜਾ ਭੀ ਮੂਰਖ ਸਿੱਧ ਕੀਤਾ ਗਿਆ ਹੈ। ਨਵੀਂ ਵਿਆਹੀ ‘‘ਰਾਣੀ`` ਬੜੀ ਚੰਡਾਲ ਤੇ ਬਦਕਾਰ ਵਿਖਾਈ ਗਈ ਹੈ। ‘‘ਕਿਸੇ ਪਤੀ ਨੂੰ ਪਤਨੀ ਦਾ ਕਹਿਣਾ ਕਦੇ ਨਹੀਂ ਮੰਨਣਾਂ ਚਾਹੀਦਾ``, ਦੀ ਅਨਮੋਲ ਸਿੱਖਿਆ ਭੀ ਮਨੁੱਖਤਾ ਦੇ ਮੱਥੇ ਮੜ੍ਹ ਦਿੱਤੀ ਗਈ। ਮੁਫਤ ਦੀਆਂ ਖਾ ਖਾ ਕੇ ਗੋਗੜਾਂ ਵਧਾਉਣ ਵਾਲੇ, ਰਾਜੇ ਦੀ ਪਤਨੀ ਨੂੰ ਗੰਦੇ ਮਜਾਕ ਕਰਨ ਤਾਂ ਬੁਰੇ ਨਹੀਂ ਸਨ। ਸਜ਼ਾ ਦੇਣ ਕਰਕੇ ਰਾਜਾ ਪਾਪੀ ਬਣਾ ਧਰਿਆ। ਪਾਪੀ ਭੀ ਅਜਿਹਾ ਭਿਆਨਕ, ਕਿ ਕੋਹੜ ਦਾ ਮਰੀਜ। ਭਲਾ ਕਿਉਂ? ਬ੍ਰਾਹਮਣਾ ਨੂੰ ਮਾਰਨ ਤੇ ਬ੍ਰਾਹਮ ਹੱਤਿਆ ਵਰਗਾ ਬੱਜਰ ਪਾਪ ਕੀਤਾ, ਤਾਂ ਕੋਹੜ ਤੋਂ ਕਿਵੇਂ ਬਚਿਆ ਜਾ ਸਕਦਾ ਸੀ? ਸੋ ਰਾਜੇ ਨੂੰ ਕੋਹੜ ਲੱਗ ਗਿਆ, ਉਧਰ ਰਾਜੇ ਦੀ ਤਲਵਾਰ ਬ੍ਰਾਹਮਣਾ ਵੱਲ ਉਠੀ, ਤੇ ਉਸੇ ਵਕਤ ਰਾਜਾ ਕੋਹੜੀ? ਹੈ ਕੋਈ ਦੁਨੀਆ ਦੀ ਤਾਕਤ ਉਸ ਕੋਹੜ ਨੂੰ ਹਟਾ ਦੇਵੇ? ਫਿਰ ਬ੍ਰਾਹਮਣ ਬੇਦ ਬਿਆਸ ਦੇ ਚਰਨੀ ਡਿੱਗਾ। ਉਸਨੇ ‘‘ਸ਼ੁੱਭ ਸਿੱਖਿਆ ਦੇ ਕੇ ਇਹ ਪ੍ਰਣ ਕਰਾਇਆ ਕਿ ਮੁੜ ਕਦੀ ਬਿਪਰ ਦੀ ਕੀਤੀ ਜਾਂ ਕਹੀ ਤੇ ‘‘ਕਿੰਤੂ ਪ੍ਰੰਤੂ`` ਨਹੀਂ ਕਰਨਾ, ਭਾਵੇਂ ਸ਼ਰੇਆਮ ਗਲਤ ਦਿੱਸਦੀ ਹੋਵੇ। ਜਨਮੇਜੇ ਨੇ ਚਰਨਾਂ ਤੇ ਸਿਰ ਰੱਖ ਕੇ ਸਹਿਮਤੀ ਦੇ ਦਿੱਤੀ।
‘‘ਮੈਂ ਇਕ ‘‘ਸੱਚੀ ਕਹਾਣੀ`` ਸੁਣਾਣ ਲੱਗਾ ਹਾਂ ਭਾਵੇਂ ਤੈਨੂੰ ਯਕੀਨ ਨਾਂ ਭੀ ਆਵੇ, ਤਾਂ ਭੀ ਸੱਤ ਬਚਨ ਆਖੀ`` ਬੇਦ ਬਿਆਸ ਨੇ ਸਮਝਾਇਆ। ਰਾਜੇ ਨੇ ਹਾਂ ਕਰ ਦਿੱਤੀ, ਕਹਾਣੀ ਸ਼ੁਰੂ ਹੋ ਗਈ ਮਹਾਂਭਾਰਤ ਦੇ ਜੰਗ ਦੀ। ਕਈ ਦਿਨ ਲਾ ਕੇ ਪੂਰੇ ਵਿਸਥਾਰ ਨਾਲ ਬੇਦ ਬਿਆਸ ਕਹਾਣੀ ਸੁਣਾਉਂਦਾ ਰਿਹਾ, ਜਨਮੇਜਾ ਨੀਵੀਂ ਪਾਈ`` ਹਾਂ ਜੀ, ਠੀਕ ਹੈ ਜੀ, ਸੱਤ ਬਚਨ ਹੈ ਜੀ`` ਕਹਿੰਦਾ ਰਿਹਾ। ਇੱਕ ਥਾਂ ਆ ਕੇ ਤਾਂ ‘‘ਗੰਭੀਰ ਧਰਮ ਸੰਕਟ`` ਖੜ੍ਹਾ ਹੋ ਗਿਆ। ਬਿਆਸਾ ਨੇ ਜਦੋਂ ਦੱਸਿਆ ਕਿ ਤੇਰਾ ਇੱਕ ਪੜਦਾਦਾ ਭੀਮ ਸੈਨ, ਐਨਾ ਬਲਸ਼ਾਲੀ ਸੀ ਕਿ ਜੰਗ ਵਿਚੋਂ ਦੁਸ਼ਮਣਾਂ ਦੇ ਹਾਥੀਆਂ ਨੂੰ ਪੂਛਾਂ ਤੋਂ ਫੜਕੇ, ਜੋਰਦੀ ਘੁਮਾ ਕੇ, ਆਕਾਸ਼ ਵੱਲ ਸੁੱਟ ਦਿੰਦਾ ਸੀ। ਉਹ ਹਾਥੀ ਮੁੜ ਧਰਤੀ ਤੇ ਨਹੀਂ ਡਿੱਗੇ, ਅੱਜ ਤੱਕ ਭੀ ਨਹੀਂ ਡਿੱਗੇ। ਜਨਮੇਜਾ ਚੀਕਿਆ, ਉਸਦੇ ਧੀਰਜ ਦਾ ਬੰਨ ਟੁੱਟ ਗਿਆ। ਕਹਿਣ ਲੱਗਾ - ‘‘ਗੁਰੂ ਜੀ ਮੈਂ ਬਹੁਤ ਔਖਾ ਹੋ ਕੇ ਵਜਨੀ ਗੱਪਾਂ ਕਈ ਦਿਨਾਂ ਤੋਂ ਸੁਣਦਾ ਆ ਰਿਹਾ ਹਾਂ। ਝੂਠ ਦੀ ਭੀ ਕੋਈ ਸੀਮਾ ਹੁੰਦੀ ਹੋਵੇਗੀ। ਬਰਦਾਸ਼ਤ ਕਰਨ ਦੀ ਭੀ ਕੋਈ ਹੱਦ ਹੁੰਦੀ ਹੈ। ਆਹ ‘‘ਆਕਾਸ਼ ਵਿਚ ਹਾਥੀ``? ਇਹ ਨਹੀਂ ‘‘ਸਤ ਬਚਨ`` ਕਿਹਾ ਜਾਂਦਾ। ਬੇਦ ਬਿਆਸ ਨੇ ਆਪਣੀ ਅਲੌਕਿਕ ਸ਼ਕਤੀ ਵਰਤ ਕੇ ਹਵਾ ਬੰਦ ਕਰ ਦਿੱਤੀ। ਉਸੇ ਵਕਤ ਆਕਾਸ਼ ਵਿਚੋਂ ਭਿਆਨਕ ਆਵਾਜਾਂ ਆਉਣ ਲੱਗੀਆਂ, ਨਾਲ ਹੀ ਹਾਥੀਆਂ ਦੇ ਪਿੰਜਰ ਜਮੀਨ ਤੇ ਡਿੱਗਣ ਲੱਗੇ। ਰਾਜੇ ਨੇ ਪਿੰਜਰ ਵੇਖ ਕੇ ਕਿਹਾ, ‘‘ਸਤ ਬਚਨ ਗੁਰੂ ਜੀ``। ‘‘ਹੁਣ ਬਹੁਤ ਦੇਰ ਹੋ ਚੁੱਕੀ ਹੈ ਰਾਜਨ ! ਜੇ ਤੂੰ ਸਹਿਮਤੀ ਦਿੰਦਾ ਰਹਿੰਦਾ ਤਾਂ ਕੋਹੜ ਸਦਾ ਵਾਸਤੇ ਸਾਰੀ ਦੁਨੀਆਂ ਵਿਚੋਂ ਖਤਮ ਹੋ ਜਾਣਾ ਸੀ। ਤੂੰ ਸ਼ੱਕ ਕੀਤਾ, ਇਸ ਲਈ ਤੇਰੇ ਹੱਥ ਦੇ ਅੰਗੂਠੇ ਤੇ ਕੋਹੜ ਰਹਿ ਗਿਆ ਹੈ। ਅਗੋਂ ਭੀ ਇਹ ਕਦੀ ਕਦਾਈਂ ਪ੍ਰਗਟ ਹੁੰਦਾ ਰਹੇਗਾ। ‘‘ਬਿਆਸ ਨੇ ਸਮਝਾਇਆ।``
ਕਿਆ ਲਾਜੁਆਬ ਨੁਸਖਾ ਬਿਆਨ ਕੀਤਾ ਗਿਆ ਹੈ ਬਿਪਰ ਵੱਲੋਂ। ਬ੍ਰਾਹਮਣ ਅਗਰ ਹਿਮਾਲਾ ਪਰਬਤ ਜਿੱਡਾ ਝੂਠ ਭੀ ਬੋਲੇ, ਤੁਸੀਂ ਉਸਨੂੰ ਸੱਚ ਕਰਕੇ ਮੰਨਣਾ ਹੈ। ਜੇ ਨਹੀਂ ਮੰਨੋਗੇ ਤਾਂ ਕੋਹੜ ਵਰਗੀ ਭਿਆਨਕ ਬਿਮਾਰੀ ‘‘ਵੱਟ ਤੇ ਪਈ ਸਮਝੋ``। ਜਨਮਾ ਜਨਮਾ ਤਕ ਤੁਹਾਡੀ ਸੰਤਾਨ ਨੂੰ ਭੀ ਕੋਹੜ ਹੋ ਜਾਵੇਗਾ, ਅਗਰ ਝੂਠ ਨੂੰ ਝੂਠ ਕਹਿਣ ਦੀ ‘‘ਗੁਸਤਾਖੀ`` ਕੀਤੀ। ਫਿਰ ਕੋਹੜ ਹਟਾਉਣ ਲਈ ਭੀ ਬ੍ਰਾਹਮਣ ਤੋਂ ਬਿਨਾਂ ਕੋਈ ਵਿਅਕਤੀ ਮੱਦਤ ਨਹੀਂ ਕਰ ਸਕਦਾ। ਇਹ ਹੈ ਉਹ ਕੁਫਰ, ਜਿਸ ਰਾਹੀਂ ਧਰਮ ਦਾ ਲੇਵਲ ਲਾ ਕੇ, ਭੋਲੇ ਲੋਕਾਂ ਨੂੰ ਝੂਠੀਆਂ, ਫਰੇਬੀ ਨੰਗੀ ਚਿੱਟੀ ਲੁੱਟ ਕਰਨ ਵਾਲੀਆਂ, ਵਿਭਚਾਰ ਕਰਨ ਵਾਲੀਆਂ ਕਹਾਣੀਆਂ ਸੁਣਾ ਕੇ, ਸੱਤ ਬਚਨ ਨਾ ਕਹਿਣ ਤੇ ਮਜਬੂਰ ਕੀਤਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ, ਹਜ਼ਾਰਾਂ ਦੇ ਇਕੱਠਾਂ ਵਿਚ ਲੰਮੀਆਂ ਦਾੜੀਆਂ, ਗਾਤਰੇ ਕਿਰਪਾਨਾਂ ਪਾ ਕੇ ਰੱਖਣ ਵਾਲੇ, ‘‘ਸੰਤ ਬ੍ਰਹਮ ਗਿਆਨੀ, ਟਕਸਾਲੀ ਕਥਾ ਵਾਚਕ``, ਅਜਿਹੀਆਂ ਹੀ ਕੁਫਰ ਕਥਾਵਾਂ ਸੁਣਾਉਂਦੇ ਹਨ। ਸਰੋਤਿਆਂ ਦੇ ਮਨਾਂ ਵਿਚ ਦਹਿਲ ਬਿਠਾ ਦਿੰਦੇ ਹਨ, ‘‘ਕਿੰਤੂ ਪ੍ਰੰਤੂ`` ਨਹੀਂ ਕਰਨਾ। ਬਸ ਧਰਮ ਤਾਂ ਸ਼ਰਧਾ ਨਾਲ ਹੀ ਚਲਦਾ ਹੈ, ਜੇ ਸਵਾਲ ਜੁਆਬ ਕਰੋਗੇ ਸਮਝੋ ਤੁਸੀਂ ਨਾਸਤਕ, ਧਰਮ ਦੋਖੀ ਹੋ, ਤੁਹਾਨੂੰ ਕਿਤੇ ਢੋਈ ਨਹੀਂ ਮਿਲੇਗੀ.....``। ਇਸ ਮਾਰੂ ਪ੍ਰਚਾਰ ਦੀ ਬਦੌਲਤ ਆਮ ਸਿੱਖ ਤੇ ਇੰਨਾ ਗਹਿਰਾ ਅਸਰ ਪੈ ਗਿਆ ਹੈ, ਕਿ ਬੁਲਾਰਾ ਭਾਵੇਂ ਸਟੇਜ ਤੇ ਕਿੰਨਾ ਭੀ ਕੂੜ ਕੁਫਰ, ਗੁਰਮਤਿ ਤੋਂ ਉਲਟ ਭਾਸ਼ਣ ਕਰਕੇ ਚਲਾ ਜਾਵੇ, ਹੈ ਮਜਾਲ ਕਿਸੇ ਦੀ ਉਸਦਾ ਰਾਹ ਰੋਕੇ, ਸਵਾਲ ਕਰ ਸਕੇ? ਆਓ ਜਨਮੇਜੇ ਬਾਰੇ ਪੁਰਾਣਤ ਕਥਾਵਾਂ ਦੇ ਹਵਾਲੇ ਗੁਰਬਾਣੀ ਵਿਚੋਂ ਪੜ੍ਹ ਲਈਏ

ਰੋਵੈ ਜਨਮੇਜਾ ਖੁਇ ਗਇਆ।। ਏਕੀ ਕਾਰਣਿ ਪਾਪੀ ਭਇਆ।। (੯੫੪)

ਇਸ ਲੰਮੇ ਸਲੋਕ ਵਿਚ ਹੋਰ ਪੌਰਾਣਕ ਪਾਤਰਾਂ ਦੀ ਦੁਰਦਸਾ ਬਿਆਨ ਕਰਨ ਦੇ ਨਾਲ ਨਾਲ ਸਤਿਗੁਰੂ ਜੀ ਜਨਮੇਜੇ ਬਾਰੇ ਦੱਸਦੇ ਹਨ। ਹੇ ਭਾਈ ! ਜਨਮੇਜੇ ਨੇ ਬੇਦਬਿਆਸ ਦੀ ਕਹੀ ਨਾ ਮੰਨੀ ਇਸੇ ਕਾਰਨ ਬ੍ਰਾਹਮਣ ਮਾਰ ਦਿੱਤੇ, ਧਾਰਮਕ ਕਹਾਣੀ ਤੇ ਸ਼ੱਕ ਕੀਤਾ। ਨਤੀਜਾ ਕੋਹੜ ਹੋਣ ਦਾ ਨਿਕਲਿਆ। ਉਸ ਵਕਤ ਜਨਮੇਜਾ ਧਾਹਾਂ ਮਾਰ ਰੋਇਆ। ਕਿਉਂਕਿ ਗੁਰੂ ਦੀ ਆਖੀ ਨਹੀਂ ਮੰਨੀ। ਅੱਜ ਗੁਰੂ ਨਾਨਕ ਦੀ ਆਖੀ ਨਾ ਮੰਨਣ ਵਾਲੇ ਪਛਤਾਉਣਗੇ। ਹੋਰ -

ਰਾਜਾ ਜਨਮੇਜਾ ਦੇ ਮਤੀਂ ਬਰਜਿ ਬਿਆਸਿ ਪੜ੍ਹਾਇਆ।।
ਤਿਨ੍ਹਿ ਕਰਿ ਜਗ ਅਠਾਰਹ ਧਾਏ ਕਿਰਤੁ ਨ ਚਲੈ ਚਲਾਇਆ।। .....
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ।।
ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੇ ਪਛੁਤਾਈ।। (੧੩੪੪)

ਹੇ ਭਾਈ ! ਰਾਜਾ ਜਨਮੇਜਾ ਨੂੰ ਗੁਰੂ ਬਿਆਸ ਨੇ ਆਉਣ ਵਾਲੇ ਸਮੇਂ ਬਾਰੇ ਬਹੁਤ ਸਮਝਾਇਆ। ਪਰ ਉਹ ਸਾਰੀਆਂ ਨਸੀਹਤਾਂ, ਭੁੱਲ ਗਿਆ। ਗਲਤੀ ਤੇ ਗਲਤੀ ਕਰਦਾ ਚਲਾ ਗਿਆ। ਉਸਨੇ ਵੱਡੀ ਉਮਰੇ ਵਿਆਹ ਕਰਾਇਆ। ਬ੍ਰਹਮ ਭੋਜ ਸਮੇਂ, ਅਠਾਰਾਂ ਬ੍ਰਾਹਮਣਾਂ ਨੂੰ ਕਤਲ ਕਰ ਦਿੱਤਾ। ਕਿਉਂਕਿ ਉਹ ਰਾਣੀ ਵੱਲ ਮੰਦੀ ਭਾਵਨਾਂ ਨਾਲ ਵੇਖਦੇ ਸੀ। ਇਸੇ ਕਾਰਨ ਕੋਹੜ ਦੀ ਬਿਮਾਰੀ ਲੱਗ ਗਈ। ਗੁਰਮੁਖ ਇਨਸਾਨ ਵਿਕਾਰਾਂ ਤੋਂ ਪਰੇ ਹੋ ਜਾਂਦਾ ਹੈ। ਕਿਉਂਕਿ ਸਦਾ ਗੁਰੂ ਦੀ ਦਿੱਤੀ ਸਿੱਖਿਆ ਤੇ ਜੀਵਨ ਬਤੀਤ ਕਰਦਾ ਹੈ। ਮਨਮੁਖ ਇਨਸਾਨ ਸਦਾ ਭਟਕਦਾ ਹੈ, ਉਸਨੂੰ ਭਵਿੱਖ ਬਾਰੇ ਕੋਈ ਗਿਆਨ ਨਹੀਂ ਹੁੰਦਾ। ਜਦੋਂ ਚਾਰੇ ਬੰਨਿਓ ਮੁਸੀਬਤਾਂ ਵਿੱਚ ਫਸ ਜਾਂਦਾ ਹੈ ਤਦੋਂ ਬਿਲਕਦਾ ਹੈ। ਕੀਤੇ ਤੇ ਪਛਤਾਉਂਦਾ ਹੈ। ਉਸ ਵਕਤ ਕੀ ਬਣ ਸਕਦਾ ਹੈ? ਇਨ੍ਹਾਂ ਕਹਾਣੀਆਂ ਰਾਹੀਂ ਕੇਵਲ ਉਧਾਰਨਾਂ ਦਿੱਤੀਆਂ ਗਈਆਂ ਹਨ। ਸਭ ਸਿਆਣੇ ਮਨੁੱਖ ਜਾਣਦੇ ਹਨ, ਕਿ ਇਸ ਰੂਪ ਵਿੱਚ, ਧਰਤੀ ਤੇ ਕਦੀ ਨਾ ਵਾਪਰਿਆ ਹੈ ਨਾਂ ਵਾਪਰੇਗਾ। ਹਾਂ ਇਨਾਂ ਕੁਫਰ ਕਹਾਣੀਆਂ ਦੁਆਰਾ ਲੋਕਾਂ ਨੂੰ ਦੁਬੇਲ ਭੀ ਬਣਾਇਆ ਗਿਆ ਹੈ। ਤੇ ਲੁੱਟ ਕੇ ਭੀ ਬਹੁਤ ਖਾਦਾ ਗਿਆ ਹੈ। ਸਦੀਆਂ ਤੋਂ ਇਹ ਬਿਪਰੀ ਚਾਲਾਂ ਚਲਦੀਆਂ ਆ ਰਹੀਆਂ ਹਨ। ਇਹ ਪਖੰਡ ਕਰਮ ਸਿੱਖ ਸਰਦਾਰਾਂ ਵਾਲੇ ਬ੍ਰਾਹਮਣਾਂ ਨੇ ਸ਼ੁਰੂ ਕਰ ਦਿੱਤਾ ਹੈ। ਝੂਠ ਕਹਾਣੀਆਂ ਸੱਚ ਦੀ ਸਟੇਜ ਤੇ? ਜੇ ਖਾਲਸਾ ਪੰਥ ਦੇ ਸੁੱਚੇਤ ਤਬਕੇ ਸਾਵਧਾਨ ਨਾ ਹੋਏ, ਤਾਂ ਨਿਆਰਾ ਖਾਲਸਾ ਬ੍ਰਾਹਮਣ ਵਾਦੀ ਖਾਰੇ ਸਮੁੰਦਰ ਵਿਚ ਗਰਕਿਆ ਹੀ ਪਿਆ ਹੈ।




.