.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 04)

ਭਾਈ ਸੁਖਵਿੰਦਰ ਸਿੰਘ 'ਸਭਰਾ'

ਪੰਥਕ ਮਰਯਾਦਾ ਵਿਰੁੱਧ ਸੰਤਾਂ ਦੀ ਮਰਯਾਦਾ

੨੦ਵੀਂ ਵਾਰ ਦੀ ੮ਵੀਂ ਪਉੜੀ ਵਿਚ ਭਾਈ ਗੁਰਦਾਸ ਜੀ ਇਕ ਅਕਾਲ ਪੁਰਖ ਦੀ ਟੇਕ ਨੂੰ ਇਉਂ ਦ੍ਰਿੜ ਕਰਾਉਂਦੇ ਹਨ:
ਸਜਾ ਖਬਾ ਸਉਣ ਨ ਮੰਨਿ ਵਸਾਇਆ।।
ਨਾਰਿ ਖੁਰਖ ਨੋ ਵੇਖਿ ਨ ਪੈਰ ਹਟਾਇਆ।।
ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ।।
ਦੇਵੀ ਦੇਣ ਨ ਸੇਵ, ਨ ਪੂਜ ਕਰਾਇਆ।।
ਭੰਭਲ ਭੂਸੇ ਖਾਇ ਨ ਮਨ ਭਰਮਾਇਆ।।
ਗੁਰਸਿਖ ਸਚਾ ਖੇਤੁ ਬੀਜ ਫਲਾਇਆ।।
ਸਭ ਵਹਿਮਾਂ-ਭਰਮਾਂ, ਭੁਲੇਖਿਆਂ ਤੇ ਅਨ-ਉਪਾਸ਼ਨਾਵਾਂ ਤੋਂ ਉੱਪਰ ਉੱਠ ਕੇ ਕੇਵਲ ਇਕ ਨਿਰੰਕਾਰ ਵੱਲ, ਨੱਕ ਦੀ ਸੇਧੇ ਜਾਣ ਦਾ ਨਾਮ ਸਿੱਖੀ ਹੈ। ੧੯ਵੀਂ ਸਦੀ ਦੇ ਅਖ਼ੀਰ ਵਿਚ ‘ਸਿੰਘ ਸਭਾ ਗੁਰਦੁਆਰਾ ਸੁਧਾਰ ਲਹਿਰ’ ਦਾ ਪੈਦਾ ਹੋਣਾ ਕੌਮੀ ਤੌਰ ‘ਤੇ ਆ ਗਈਆਂ ਢਿਲਆਈਆਂ ਦਾ ਪ੍ਰਤੱਖ ਸਬੂਤ ਹੈ।
ਇਕ ਦਿਨ ਉਹ ਵੀ ਆ ਗਿਆ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਲਿਆ ਕੇ ਟਿਕਾ ਦਿੱਤੀਆਂ ਗਈਆਂ। ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਜੋ ਇਸ ਲਹਿਰ ਦੇ ਮੋਢੀ ਸਨ ਨੇ ਉਹ ਪੱਥਰ ਦੀਆਂ ਮੂਰਤੀਆਂ ਉਥੋਂ ਚੁੱਕਵਾ ਦਿੱਤੀਆਂ। ਉਸ ਵੇਲੇ ਦੇ ਮਹੰਤਾਂ ਪੁਜਾਰੀਆਂ ਜਥੇਦਾਰਾਂ ਨੇ ਪ੍ਰੋ: ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ। ਯਾਦ ਰਹੇ ਕਿ ੧੯੯੫ ਵਿਚ ਵਿਸ਼ਵ ਸਿੱਖ ਸੰਮੇਲਨ ਦੌਰਾਨ ਪ੍ਰੋ: ਗੁਰਮੁਖ ਸਿੰਘ ਹੋਰਾਂ ਨੂੰ ਪੰਥ ਵਿਚ ਸ਼ਾਮਲ ਕਰ ਲਿਆ ਸੀ ਇਥੋਂ ਉਸ ਵੇਲੇ (੧੯ਵੀ ਸਦੀ ਵਾਲੇ) ਪੁਜਾਰੀਆਂ ਦੀ ਨਾਲਾਇਕੀ ਜੱਗ ਜਾਹਿਰ ਹੈ। ਖੈਰ! ੧੮੭੩ ਵਿਚ, ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦੇ ਪੁਰਸ਼ਾਰਥ (ਜਤਨਾ) ਨਾਲ ਲਾਹੌਰ ਤੋਂ ਉਪਰੰਤ ਸ੍ਰੀ ਅੰਮ੍ਰਿਤਸਰ ਪਹਿਲੀ ਵਾਰ ਸਿੰਘ ਸਭਾ ਕਾਇਮ ਹੋਈ ਅਤੇ ਆਖ਼ਰ ਇਹ ਜਦੋ-ਜਹਿਦ ‘ਅਕਾਲੀ ਲਹਿਰ’ ਦਾ ਰੂਪ ਧਾਰਦੀ ਹੋਈ, ਵੱਡੀਆਂ ਕੁਰਬਾਨੀਆਂ ਉਪਰੰਤ ਸਫ਼ਲਤਾ ਸਾਹਿਤ, ਗੁਰਦੁਆਰਾ ਐਕਟ ੧੯੨੫ ਅਧੀਨ ਬਣੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਕਾਇਮੀ ਦੇ ਰੂਪ ਵਿਚ ਜਾ ਨਿਬੜੀ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਿਕ, ਸਮਾਜਿਕ ਤੇ ਵਿੱਦਿਅਕ ਅਗਵਾਈ ਲਈ ਸਭ ਤੋਂ ਵੱਡੀ ਪ੍ਰਤੀਨਿਧ ਜਮਾਤ ਹੈ। ਭਾਵੇਂ ਹੁਣ ਇਹ ਵੀ ਸਿਆਸਤ ਦੇ ਵਹਿਣ ਵਿਚ ਵਹਿ ਗਈ, ਆਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਭੱਜੀ ਹੋਈ ਹੈ, (ਇਹ ਹਾਲਾਤ ਸੰਖੇਪ ਰੂਪ ਵਿਚ ਇਸ ਪੁਸਤਕ ਦੇ ਪਹਿਲੇ ਭਾਗ ਅੰਦਰ ਆਪ ਪੜ੍ਹ ਆਏ ਹੋ) ਇਸ ਭਾਗ ਵਿਚ ਵੀ ਲੋੜ ਪੈਣ ‘ਤੇ ਪ੍ਰਕਰਣ ਮੁਤਾਬਿਕ ਜ਼ਿਕਰ ਕਰਦਾ ਰਹਾਂਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਜਾਣ ਉਪਰੰਤ ਵੀ ਇਸਦੇ ਸੂਝਵਾਨ, ਸੁਘੜ ਤੇ ਦੂਰ ਅੰਦੇਸ਼ ਨੇਤਾਵਾਂ ਨੂੰ ਖਦਸ਼ਾ ਸੀ ਕਿ ਪੰਥ ਕਿਤੇ ਫੇਰ ਵੱਖ-ਵੱਖ ਮਨਮੱਤੀ ਮਨੌਤਾਂ, ਬਾਹਮਣੀ ਰੀਤਾਂ, ਭੰਭਲ-ਭੂਸਿਆਂ ਅਤੇ ਪਰਸਪਰ ਮੱਤਭੇਦਾਂ ਤੇ ਵਖਰੇਵੇਂ ਵਾਲੀਆਂ ਫੋਕਟ ਰੀਤਾਂ, ਰਸਮਾਂ, ਰਿਵਾਜਾਂ ਅਤੇ ਅਰਥਹੀਣ ਸੰਸਕਾਰਾਂ ਦੇ ਭੀਹਾਵਲੇ ਜੰਗਲ ਵਿਚ ਨਾ ਗਵਾਚ ਜਾਵੇ। ਸੋ ਸਤੰਬਰ ੧੯੩੧ ਵਿਚ ਪੰਥ ਦੇ ਸੁਹਿਰਦ ਤੇ ਸੁਘੜ ਵਿਦਵਾਨਾਂ ਦੀ ਇਕ ‘ਰਹੁਰੀਤ ਕਮੇਟੀ’ ਬਣਾਈ ਕਹਿਣ ਤੋਂ ਭਾਵ ਕਿ ਬੜੀ ਮਿਹਨਤ ਨਾਲ ਉਸ ਵੇਲੇ ਦੇ ਸਿੱਖ ਜਗਤ ਦੀਆਂ ਰਾਇਆਂ ਲੈ ਕੇ ਸਹਿਮਤੀ ਲੈ ਕੇ, ਸਿੱਖ ਪੰਥ ਦੀ ਏਕਤਾ ਦੀ ਪ੍ਰਤੀਕ ਸਿੱਖ ਰਹਿਤ ਮਰਯਾਦਾ ਲਾਗੂ ਕੀਤੀ। ਪਰ ਖੁਦਗਰਜ਼ੀਆਂ (ਸਵਾਰਥ) ਦਾ ਮਾਰਿਆ ਡੇਰਾਵਾਦ ਇਸ ਮਰਯਾਦਾ ਦਾ ਕੱਟੜ ਵਿਰੋਧੀ ਹੈ।
ਹਰ ਸਾਧ ਆਪਣੇ ਡੇਰੇ ਦੀ ਮਰਯਾਦਾ ਸਾਰੇ ਪੰਥ ‘ਤੇ ਲਾਗੂ ਕਰਵਾ ਕੇ ਹੀਰੋ ਬਣਨਾ ਚਾਹੁੰਦਾ ਹੈ। ਹਰ ਸਾਧ ਦੇ ਡੇਰੇ ਦੀ ਮਰਯਾਦਾ ਵੱਖਰੀ-ਵੱਖਰੀ ਹੈ। ਸੰਨ ੧੯੯੩ ਵਿਚ ਮਨਸੂਰਾਂ ਜਿਲ੍ਹਾ ਲੁਧਿਆਣਾ ਵਿਖੇ ਇਹਨਾਂ ਸਾਧਾਂ ਨੇ ਇਕ ਇਕੱਠ ਕੀਤਾ, ਜਿਸ ਵਿਚ ਇਹਨਾਂ ਨੇ ੧੦੦ ਮੈਂਬਰਾਂ ਦੀ ਕਮੇਟੀ ਵੀ ਚੁਣੀ ਇਹਨਾਂ ਨੇ ਵੱਖਰੀ ਮਰਯਾਦਾ ਦਾ ਐਲਾਨ ਕੀਤਾ ਹੋਇਆ ਹੈ ਇਥੋਂ ਸਿੱਧ ਹੁੰਦਾ ਹੈ ਕਿ ਇਹ ਸਾਧ, ਗੁਰੂ ਪੰਥ ਨਾਲ ਬਗਾਵਤ ਕਰੀ ਬੈਠੇ ਹਨ, ਇਹਨਾਂ ਦੀ ਆਪਣੀ ਹੀ ਜਾਰੀ ਕੀਤੀ ਹੋਈ ਮਰਯਾਦਾ ਨੂੰ ਵੀ ਇਹ ਕੋਈ ਸਾਧ ਨਹੀਂ ਮੰਨਦਾ, ਇਹਨਾਂ ਆਪਣੀ ਮਨਮਰਜ਼ੀ ਵਾਲੀਆਂ ਸਵਾਰਥੀ ਮਰਯਾਦਾ ਬਣਾਈਆਂ ਹੋਈਆਂ ਹਨ। ਪਤਾ ਨਹੀਂ ਕਿੰਨੇ ਕੁ ਸੰਤ ਸਮਾਜ ਇਹਨਾਂ ਬਣਾਏ ਹਨ ਇਹਨਾਂ ਅੱਗੇ ਸਵਾਲ ਖੜ੍ਹਾ ਹੈ ਕਿ ਲੋਕ ਤਾਂ ਸਰਕਾਰ ਦੇ ਵਿਰੁੱਧ ਯੂਨੀਅਨਾਂ ਬਣਾਉਂਦੇ ਹੁੰਦੇ ਹਨ ਕੀ ਤੁਸੀਂ ‘‘ਗੁਰੂ ਨਾਨਕ ਨਾਮ ਲੇਵਾ’’ ਗੁਰੂ ਪੰਥ ਵਿਰੁੱਧ ਯੂਨੀਅਨ ਬਣਾਈ ਹੈ? ਤਾਂ ਕਿਉਂ?
ਗੁਰੂ ਜੀ ਕਹਿੰਦੇ ਕੋਈ ਜ਼ਾਤ-ਪਾਤ ਨਹੀਂ ਹੈ।
ਇਹ ਸਾਧ ਕਹਿੰਦੇ ਜ਼ਾਤ-ਪਾਤ ਹੈ।
ਗੁਰੂ ਜੀ ਕਹਿੰਦੇ ਕੋਈ ਸੁੱਚ-ਭਿੱਟ, ਸੂਤਕ-ਪਾਤਕ, ਵਹਿਮ-ਭਰਮ, ਜਾਦੂ-ਟੂਣੇ ਨਹੀਂ ਹਨ।
ਇਹ ਸਾਧ ਕਹਿੰਦੇ ਇਹ ਤਾਂ ਸਾਰਾ ਕੁਝ ਹੈ।
ਗੁਰੂ ਜੀ ਕਹਿੰਦੇ ਕੋਈ ਵਰ ਸ਼ਰਾਪ ਨਹੀਂ ਹੈ।
ਇਹ ਸਾਧ ਕਹਿੰਦੇ ਇਹ ਤਾਂ ਜ਼ਰੂਰ ਹੈ।
ਗੁਰੂ ਜੀ ਕਹਿੰਦੇ ਕੋਈ, ਮਰਿਆਂ ਦੇ ਜੁੱਤੀ, ਲੀੜੇ, ਮੰਜ਼ੇ, ਬਿਸਤਰੇ ਨਹੀਂ ਦੇਣੇ।
ਇਹ ਸਾਧ ਕਹਿੰਦੇ, ਇਹੀ ਤਾਂ ਦਾਨ ਹੈ ਜੋ ਅੱਗੇ ਉਸ ਮੁਰਦੇ ਨੂੰ ਮਿਲਣਾ ਹੈ।
ਗੁਰੂ ਜੀ ਕਹਿੰਦੇ ਭਰਮ-ਭੁਲੇਖੇ ਦੂਰ ਕਰੋ।
ਇਹ ਸਾਧ ਕਹਿੰਦੇ ਭਰਮ-ਭੁਲੇਖੇ ਪਾਓ।
ਗੁਰੂ ਜੀ ਕਹਿੰਦੇ ਮੜ੍ਹੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ।
ਇਹ ਕਈ ਸਾਧ ਆਪ ਕਰਦੇ ਵੇਖੇ ਗਏ ਹਨ (ਜਿਹੜੇ ਨਹੀਂ ਕਰਦੇ ਉਹ ਛੱਡ ਕੇ)
ਗੁਰੂ ਜੀ ਕਹਿੰਦੇ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਨੀ।
ਇਹ ਸਾਧ ਕਹਿੰਦੇ ਇਹ ਤਾਂ ਸਾਡੇ ਵੱਡੇ-ਵਡੇਰੇ ਹਨ।
ਗੁਰੂ ਜੀ ਕਹਿੰਦੇ, ਕੋਈ ਚੋਰੀ, ਯਾਰੀ, ਠੱਗੀ, ਛਲ, ਕਪਟ, ਬੇਈਮਾਨੀ, ਧੋਖੇ, ਧੜੇ ਨਹੀਂ ਕਰਨੇ।
ਇਹ ਸਾਧ ਕਹਿੰਦੇ ਇਹ ਸਾਰਾ ਕੁਝ ਮੁਆਫ਼ ਕਰਵਾ ਦਿਆਂਗੇ ਕਰੋ ਤਾਂ ਸਹੀ।
ਗੁਰੂ ਜੀ ਕਹਿੰਦੇ ਧਰਮ ਦੇ ਨਾਂ ‘ਤੇ ਲੁੱਟ ਨਹੀਂ ਕਰਨੀ।
ਇਹ ਸਾਧ ਆਪ ਹੀ ਕਰੀ ਜਾਂਦੇ ਹਨ।
ਗੁਰੂ ਜੀ ਕਹਿੰਦੇ ਸਿੱਖੋ ਤੁਸੀਂ ਸਾਰੇ ਗੁਰੂ ਪੰਥ ਦਾ ਅੰਗ ਹੋ।
ਇਹ ਸਾਧ ਕਹਿੰਦੇ ਅਸੀਂ ਹੀ ਪੰਥ ਹਾਂ।
ਗੁਰੂ ਜੀ ਕਹਿੰਦੇ ਸ਼ਖਸ਼ੀ ਪੂਜਾ ਨਹੀਂ ਕਰਨੀ।
ਇਹ ਸਾਧ ਕਹਿੰਦੇ ਅਸੀਂ ਆਪਣੀ ਹੀ ਪੂਜਾ ਕਰਵਾਵਾਂਗੇ।
ਗੁਰੂ ਜੀ ਕਹਿੰਦੇ ਸਿੰਘੋ ਤੁਸੀਂ ਮੇਰੇ ਨੇੜੇ ਹੁੰਦਿਆਂ ਹੋਇਆ ਵੀ ਸੇਵਕ, ਦਾਸ, ਜਨ ਚੌਕੀਦਾਰ, ਸੇਵਾਦਾਰ ਰਹਿ ਕੇ ਸੇਵਾ ਕਰਨੀ ਹੈ।
ਪਰ ਇਹ ਸਾਧ ਆਪ ਹੀ ਬ੍ਰਹਮਗਿਆਨੀ ਪਰਮੇਸ਼ਵਰ ਬਣੇ ਬੈਠੇ ਹਨ ਆਪਣੇ ਆਪ ਨੂੰ ਗੁਰੂ ਤੋਂ ਉੱਪਰ ਦੱਸ ਰਹੇ ਹਨ।
ਗੁਰੂ ਜੀ ਕਹਿੰਦੇ ਤੱਤ-ਸੱਚ ਗੁਰਮਤਿ ਨੂੰ ਗ੍ਰਹਿਣ ਕਰਨਾ ਅਤੇ ਝੂਠੀ ਮਨਮੱਤ ਨੂੰ ਛੱਡਣਾ ਹੈ।
ਪਰ ਇਹ ਸਾਧ ਆਪ ਖੁਦ ਝੂਠ, ਮਨਮੱਤ ਪ੍ਰਚਾਰ ਰਹੇ ਹਨ।
ਗੁਰੂ ਜੀ ਕਹਿੰਦੇ ਕੋਈ ਕਰਾਮਾਤ ਨਹੀਂ ਹੈ।
ਇਹ ਸਾਧ ਆਪ ਹੀ ਝੂਠੀਆਂ ਕਹਾਣੀਆਂ ਨੂੰ ਕਰਾਮਾਤ ਬਣਾ ਰਹੇ ਹਨ।
ਸੋ ਅਵਤਾਰਵਾਦ ਨੂੰ ਵੀ ਗੁਰਬਾਣੀ ਨੇ ਨਹੀਂ ਮੰਨਿਆ ਪਰ ਇਹ ਸਾਧ ਆਪ ਹੀ ਅਵਤਾਰ ਬਣੇ ਬੈਠੇ ਹਨ। ਇਹਨਾਂ ਵਿਚੋਂ ਕਈ ਆਪਣੇ ਆਪ ਨੂੰ ਗੁਰੂਆਂ ਦੇ ਅਵਤਾਰ ਦੱਸਦੇ ਹਨ ਜਿਹੜੇ ਇਹਨਾਂ ਦੇ ਘਰ ਨਿਆਣੇ ਜੰਮਦੇ ਹਨ ਉਹਨਾਂ ਬਾਰੇ ਵੀ ਇਹ ਕਿਸੇ ਨਾ ਕਿਸੇ ਦੇ ਅਵਤਾਰ ਹੋਣ ਦਾ ਝੂਠਾ ਦਾਅਵਾ ਕਰਦੇ ਹਨ। ਇਸ ਤਰ੍ਹਾਂ ਇਹਨਾਂ ਸਾਧਾਂ ਨੇ ਸਿੱਧੀ ਬਗ਼ਾਵਤ ਕੀਤੀ ਹੋਈ ਹੈ।
ਸੁਖਵਿੰਦਰ ਸਿੰਘ ਸਭਰਾ
 
.