.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 07)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਭਾਰਤ ਦਾ ਲਿਖਤੀ ਇਤਿਹਾਸ ਅਤੇ ਪਾ੍ਰਚੀਨ ਹਿੰਦੂ ਮੰਦਰਾਂ ਤੇ ਰਾਜ-ਮਹਿਲਾਂ ਦੇ ਖੰਡਰਾਤ, ਇਸ ਹਕੀਕਤ ਦੇ ਗਵਾਹ ਹਨ ਕਿ ਅਠਾਰਵੀਂ ਸਦੀ ਵਿਖੇ ‘ਅਕਾਲਮੂਰਤਿ` ਦੇ ਪੂਜਾਰੀਆਂ ਅਤੇ ‘ਸਤਿ ਸ੍ਰੀ ਅਕਾਲ` ਦੇ ਜੈਕਾਰੇ ਗੰਜਾਉਣ ਵਾਲੇ ਸਿੰਘ ਸਰਦਾਰਾਂ ਦੀ ਸਹਾਇਤਾ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਈ ਰਾਜ ਦੀ ਸਥਾਪਨਾ ਹੋਣ ਤੋਂ ਪਹਿਲਾਂ, ਮੰਦਰਾਂ ਵਿੱਚ ਭਗਵਾਨ ਦੇ ਤੌਰ `ਤੇ ਪੂਜੀਆਂ ਜਾਣ ਵਾਲੀਆਂ ਮੂਰਤੀਆਂ ਅਰਬ ਦੇ ਬੁੱਤ-ਸ਼ਿਕੰਨ ਮਜ਼ਹਬੀ ਮੁਸਲਮਾਨ ਹਮਲਾਵਰਾਂ ਵਲੋਂ ਟੁੱਟਦੀਆਂ ਤੇ ਭੱਜਦੀਆਂ ਰਹੀਆਂ ਅਤੇ ਦੀਵਾਰਾਂ ਉੱਪਰ ਉਕਰੀਆਂ ਵੀ ਕਾਲ ਦੀ ਕੁਦਰਤੀ ਮਾਰ ਕਾਰਨ ਸਮਾਂ ਪਾ ਕੇ ਸਹਜੇ ਸਹਜੇ ਝੜਦੀਆਂ ਗਈਆਂ । ਇਸ ਪ੍ਰਕਾਰ ਸ਼ਿਲਪ-ਕਲਾ ਦੇ ਅਦੁੱਤੀ ਨਮੂਨੇ ਵੀ ਅਲੋਪ ਹੁੰਦੇ ਗਏ ।
Encyclopaedai of Skih Ltierature (ਮਹਾਨ ਕੋਸ਼) ਵਿਖੇ ‘ਸੋਮਨਾਥ` ਦੇ ਅੰਦਰਾਜ਼ ਵਿੱਚ ਲਿਖਿਆ ਹੈ ‘‘ਸੋਮਨਾਥ ਦੇ ਮੰਦਿਰ ਵਿੱਚ ਇੱਕ ਪੰਜ ਗਜ ਦੀ ਉੱਚੀ ਸ਼ਿਵ ਦੀ ਮੂਰਤੀ ਭੀ ਸੀ, ਜਿਸ ਨੂੰ ਮਹਮੂਦ ਗਜ਼ਨਵੀ ਨੇ ਸੰਨ 1024 ਵਿੱਚ ਤੋੜ ਕੇ ਚਾਰ ਟੋਟੇ ਕਰ ਦਿੱਤਾ । ਦੋ ਟੁਕੜੇ ਤਾਂ ਉਸ ਨੇ ਗਜ਼ਨੀ ਭੇਜੇ, ਜਿਨ੍ਹਾਂ ਵਿਚੋਂ ਇੱਕ ਮਸਜਿਦ ਦੀ ਪੌੜੀ ਵਿੱਚ ਅਤੇ ਦੂਜਾ ਕਚਿਹਰੀ ਘਰ ਦੀ ਪੌੜੀ ਵਿੱਚ ਜੜਿਆ (ਜਿਥੋਂ ਲੋਕ ਅੰਦਰ ਆਉਂਦੇ ਸਨ) , ਅਤੇ ਦੋ ਟੁਕੜੇ ਮਦੀਨੇ ਭੇਜ ਦਿੱਤੇ । ਸੋਮਨਾਥ ਦਾ ਮੰਦਰ ਭਾਰਤ ਵਿੱਚ (ਕਲਾ ਪੱਖੋਂ) ਅਦੁੱਤੀ ਸੀ । ਇਸ ਦੇ ਰਤਨਾਂ ਨਾਲ ਜੜੇ ਹੋਏ 56 ਥਮਲੇ ਸਨ ਅਰ ਦੋ ਸੌ ਮਣ ਸੋਨੇ ਦਾ ਜੰਜੀਰ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੱਧਾ ਹੋਇਆ ਸੀ ।``
‘ਤਵਾਰੀਖ਼ ਗੁਰੂ ਖ਼ਾਲਸਾ`(ਭਾਸ਼ਾ ਵਿਭਾਗ ਪੰਜਾਬ-ਐਡੀਸ਼ਨ 1993) ਦੇ ਪੰਨਾ 177 ਉਪਰ ਜ਼ਿਕਰ ਹੈ ਕਿ ਸੋਮਨਾਥ ਮੰਦਰ ਦੇ ਕਿਸੇ ਚਾਤਰ ਪਾਂਡੇ ਨੇ ਮੰਦਰ ਦੇ ਗੁੰਬਜ਼ ਵਿੱਚ ਚਾਰ ਚੁੰਬਕੀ-ਸਿਲਾਂ ਚਹੁੰ ਪਾਸੀਂ ਅਤੇ ਇੱਕ ਉੱਪਰ ਲਗਵਾਕੇ ਸ਼ਿਵ ਜੀ ਦੀ ਇੱਕ ਲੋਹੇ ਦੀ ਮੂਰਤੀ, ਜਿਹੜੀ ਅੰਦਰੋਂ ਖੋਖਲੀ ਸੀ , ਨੂੰ ਗੇਰੂਆ ਰੰਗ ਕਰਕੇ ਉਨ੍ਹਾਂ ਪੰਜਾਂ ਸਿਲਾਂ ਦੇ ਦਰਿਮਿਆਨ ਚੁੰਬਕੀ ਖਿੱਚ ਦੇ ਸਹਾਰੇ ਠਹਿਰਾ ਕੇ ਸਾਰੇ ਦੇਸ਼ ਵਿੱਚ ਪ੍ਰਚਾਰ ਕਰ ਦਿੱਤਾ ਕਿ ਸ਼ਿਵ ਜੀ ਮਹਾਰਾਜ ਸਾਖਿਆਤ ਅਕਾਸ਼ ਮਾਰਗ ਤੋਂ ਆ ਕੇ ਮੰਦਰ ਦੇ ਅੰਦਰ ਅਦਰ-ਆਸਨ (ਸਹਾਰੇ ਬਗੈਰ) ਲਗਾ ਕੇ ਬੈਠ ਰਹੇ ਹਨ । ਏਹ ਸੁਣ ਕੇ ਦਰਸ਼ਨ ਅਭਿਲਾਖੀਆਂ ਦੀਆਂ ਭੀੜਾਂ ਉਮੰਡ ਪਈਆਂ ਅਤੇ ਉਹ ਸਾਰੇ ਦੇਖ ਦੇਖ ਕੇ ਸੱਚ ਮੰਨ ਗਏ । ਕਿਉਂਕਿ, ਉਪਾਸ਼ਕ ਦੂਸ਼ਣ ਨਹੀ ਢੂੰਢਦੇ । ਦੂਜੀ ਗੱਲ, ਉਦੋਂ ਤਾਂ ਅਨਪੜ੍ਹਤਾ ਕਾਰਨ ਆਮ ਲੋਕ ਹੁਣ ਨਾਲੋਂ ਵੀ ਸੌ ਗੁਣਾਂ ਸਿੱਧੇ-ਸਾਦੇ ਤੇ ਸ਼ਰਧਾਲੂ ਸਨ । ਇਸ ਤਰ੍ਹਾਂ ਅੰਧ ਵਿਸ਼ਵਾਸ਼ ਅਧੀਨ ਉਥੇ ਚੜ੍ਹਤ ਦੇ ਰੂਪ ਵਿੱਚ ਕਰੋੜਾਂ ਰੁਪੈ ਦੀ ਦੌਲਤ ਇਕੱਠੀ ਹੋ ਗਈ।
ਪੰਡੇ-ਪੂਜਾਰੀਆਂ ਦੀ ਸਦੀਆਂ ਪਹਿਲਾਂ ਦੀ ਚਲਾਕੀ ਭਰੀ ਇਹ ਜੁਗਤੀ ਤੇ ਸੁਆਰਥੀ ਸੋਚ, ਬਿਲਕੁਲ ਓਵੇਂ ਦੀ ਹੈ, ਜਿਵੇਂ, ਅੱਜਕਲ ਦੇ ਪ੍ਰਬੰਧਕ-ਪੂਜਾਰੀਆਂ ਵਲੋਂ ਭਾਰਤ ਵਿਚ ਕਿਧਰੇ ਕਿਸੇ ਮੰਦਰ ਵਿਖੇ ਭਗਵਾਨ ਗਨੇਸ਼ ਦੀ ਮੂਰਤੀ ਵਲੋਂ ਦੁਧ ਪੀਣ ਦੀ, ਕਿਧਰੇ ਕਿਸੇ ਚਰਚ ਵਿੱਚ ਹਜ਼ਰਤ ਈਸਾ ਜੀ ਦੀ ਪੂਜÎ ਮਾਤਾ ਕੁਆਰੀ ਮਰੀਅਮ ਦੀ ਮੂਰਤ ਦੀਆਂ ਅੱਖਾਂ ਵਿਚੋਂ ਹੰਝੂ ਵਗਣ ਦੀ, ਕਿਧਰੇ ਕਿਸੇ ਮਸਜਦ ਜਾਂ ਦਰਗਾਹ ਨੇੜਿਓਂ ਸਮੁੰਦਰ ਦਾ ਪਾਣੀ ਮਿੱਠਾ ਹੋਣ ਦੀ ਅਤੇ ਕਿਧਰੇ ਕਿਸੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਉੱਪਰ ਕਿਸੇ ਬਾਜ਼-ਨੁਮਾ ਪੰਛੀ ਦੇ ਬੈਠਣ ਦੀ ਅਫਵਾ ਫੈਲਾਅ ਕੇ ਜਾਂ ਕਿਸੇ ਗੁਰੂ, ਪੀਰ, ਪੈਬੰਬਰ ਤੇ ਅਵਤਾਰ ਦੀ ਯਾਦ ਨਾਲ ਜੁੜੀ ਹੋਈ ਕੋਈ ਇਤਿਹਾਸਕ ਵਸਤੂ ਰੱਖ ਕੇ ਪੂਜਾ ਦੇ ਲਾਲਚ ਅਧੀਨ ਅੰਧ-ਵਿਸ਼ਵਾਸ਼ੀ ਸ਼ਰਧਾਲੂਆਂ ਦੀ ਭੀੜ ਇਕੱਠੀ ਕੀਤੀ ਜਾਂਦੀ ਹੈ । ਭਾਵੇਂ, ਉਸ ਤਰੀਕੇ ਕਿਸੇ ਮਜ਼ਹਬ ਦੇ ਮੁੱਢਲੇ ਅਸੂਲਾਂ ਦੀ ਉਲੰਘਣਾਂ ਵੀ ਕਿਉਂ ਨਾ ਹੁੰਦੀ ਹੋਵੇ ।


ਤਵਾਰੀਖ਼ ਵਿੱਚ ਐਸਾ ਵੀ ਜ਼ਿਕਰ ਹੈ ਕਿ ਸੋਮਨਾਥ ਮੰਦਰ ਦੇ ਉਸ ਚਾਤਰ ਪੰਡੇ ਨੇ ਚੜ੍ਹਾਵੇ ਨਾਲ ਸੋਨਾ, ਹੀਰੇ, ਮੋਤੀ ਤੇ ਨੀਲਮ ਆਦਿ ਖਰੀਦ ਕੇ ਮੰਦਰ ਦੀ ਮੁੱਖ ਸ਼ਿਵ ਮੂਰਤੀ ਤੋਂ ਇਲਾਵਾ ਹੋਰ ਕਈ ਮੂਰਤੀਆਂ ਅਤੇ ਮੰਦਰ ਦੇ ਖੋਖਲੇ ਥੰਮਾਂ ਵਿੱਚ ਭਰ ਲਏ ਸਨ । ਪੰਡਿਆਂ ਦਾ ਇਹ ਫਰੇਬ ਸਾਰੇ ਦੇਸ਼ ਦੇ ਉਜਾੜੇ ਦਾ ਕਾਰਨ ਬਣਿਆਂ । ਤਦੋਂ ਤੋਂ ਹੀ ਇਹ ਕਹਾਵਤ ਬਣੀ ਹੈ ‘‘ਆਪ ਡੁਬੇਂਦੇ ਬ੍ਰਾਹਮਣਾਂ, ਜਜਮਾਨ ਭੀ ਡੋਬੇ``। ਕਿਉਂਕਿ, ਗਜ਼ਨਵੀ ਨੇ ਜਦੋਂ ਇਹ ਮੂਰਤਾਂ ਭੰਨੀਆਂ ਤੇ ਮੰਦਰ ਤੋੜਿਆ ਤਾਂ ਉਸ ਨੂੰ ਲੁੱਟ ਦੇ ਰੂਪ ਵਿੱਚ ਕਰੋੜਾਂ ਦਾ ਮਾਲ ਹੱਥ ਲੱਗਾ । ਇਸ ਲਾਲਚੀ ਸਵਾਦ ਦੇ ਮਾਰੇ ਗਜ਼ਨਵੀ ਨੇ 30 ਸਾਲਾਂ ਵਿੱਚ ਲਗਾਤਰ 17 ਹਮਲੇ ਕੀਤੇ ਅਤੇ ਸਾਰੇ ਦੇਸ਼ ਨੂੰ ਲੁੱਟ-ਪੁੱਟ ਕੇ ਉਜਾੜ ਛੱਡਿਆ । ਮੰਦਰ ਤੇ ਮੂਰਤੀਆਂ ਭੰਨ ਭੰਨ ਕੇ ਮਣਾਂ-ਮੂੰਹੀਂ ਸੋਨਾ, ਚਾਂਦੀ ਤੇ ਹੀਰੇ ਜਵਾਹਰਾਤ ਆਪਣੇ ਦੇਸ਼ ਲੈ ਗਿਆ ।
ਮਥਰਾ ਸ਼ਹਿਰ, ਜਿਥੇ 22 ਕੋਹ ਵਿੱਚ ਮੰਦਰ ਨਾਲ ਮੰਦਰ ਜੁੜੇ ਹੋਏ ਸਨ, ਦੇ ਇੱਕ ਬੜੇ ਮੰਦਰ ਦਾ ਹਾਲ ਦਾ ਹਾਲ ਮਹਿਮੂਦ ਸ਼ਾਹ ਆਪ ਹੀ ਲਿਖਦਾ ਹੈ ਕਿ ਜੇ ਕਰ ਅੱਸੀ ਕਰੋੜ ਮੋਹਰ ਖਰਚ ਕਰੀਏ ਤੇ ਪੰਜ ਸੌ ਕਾਰੀਗਰ ਸੌ ਬਰਸ ਲੱਗਾ ਰਹੇ ਤਾਂ ਵੀ ਅਜੇਹਾ ਮੰਦਰ ਬਣਨਾ ਮੁਸ਼ਕਲ ਹੈ । ਫਿਰ, ਓਸੇ ਦਾ ਮੀਰ ਮੁਨਸ਼ੀ ਸ਼ਾਹ ਅਨਾਇਤ ਆਪਣੀ ਤਾਰੀਖ਼ ਵਿੱਚ ਲਿਖਦਾ ਹੈ ਕਿ ਉਸ ਮੰਦਰ ਦੀ ਸੁੰਦ੍ਰਤਾਈ ਕਹੀ ਨਹੀ ਜਾ ਸਕਦੀ । ਦੁਨੀਆਂ ਵਿੱਚ ਐਸਾ ਮੰਦਰ ਨਾ ਹੈ, ਨਾ ਹੋਵੇਗਾ । ਮਹਿਮੂਦ ਸ਼ਾਹ ਨੂੰ ਹੀਰੇ ਪੰਨੇ, ਮੋਤੀ, ਮੂੰਗਾ, ਚੂਨੀ, ਲਾਲ, ਫੀਰੋਜ਼ੇ ਤੇ ਸੋਨੇ ਚਾਂਦੀ ਦੀ ਖਾਣ ਇੱਕ ਸੋਮਨਾਥ ਦਾ ਮੰਦਰ ਤੇ ਦੂਜਾ (ਇਹ ਮਥਰਾ ਵਾਲਾ) ਕੇਸ਼ਵ ਜੀ ਦਾ ਮੰਦਰ, ਏਹ ਦੋ ਐਸੇ ਹੱਥ ਆਏ ਜੋ ਫੋਜ ਸਮੇਤ ਦੌਲਤ ਨਾਲ ਰੱਜ ਕੇ ਬੈਠ ਗਿਆ ।
ਇਸ ਪ੍ਰਕਾਰ ਵੱਖ-ਵੱਖ ਅਰਬੀ ਲੁਟੇਰਿਆਂ ਦੀ ਲੁੱਟ ਕਾਰਨ ਅਰਬ ਦੇਸ਼ ਤਾਂ ਅਮੀਰ ਹੋ ਗਏ, ਪਰ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਦੇਸ਼ ਮੱਟੀ ਵਿੱਚ ਮਿਲ ਗਿਆ, ਜਿਹੜਾ ਹੁਣ ਤੱਕ ਗਰੀਬੀ ਨਾਲ ਘੋਲ ਕਰ ਰਿਹਾ ਹੈ । ਦੇਸ਼ ਦੇ ਨੌਜੁਆਨ ਉਥੇ ਮਜ਼ਦੂਰੀ
(Labour) ਕਰਨ ਲਈ ਮਜਬੂਰ ਹੋ ਰਹੇ ਹਨ । ਸਮਕਾਲੀ ਇਤਿਹਾਸਕਾਰ ‘ਫਰਿਸ਼ਤਾ` ਤੇ ਇਤਾਲਵੀ ਲਿਖਦੇ ਹਨ ਕਿ ਉਸ ਵੇਲੇ ਗਜ਼ਨੀ ਸ਼ਹਿਰ ਹਿੰਦੂਆਂ ਦੀ ਨਗਰੀ ਜਾਪਦਾ ਸੀ ਅਤੇ ਉਥੇ ਕੈਦੀਆਂ ਦੇ ਰੂਪ ਵਿੱੱਚ ਗੁਲਾਮ ਬਣੇ ਹਿੰਦੂਆਂ ਨੂੰ ਕੋਈ ਦੋ ਰੁਪੈ ਵਿੱਚ ਵੀ ਖਰੀਦਣ ਨੂੰ ਤਿਆਰ ਨਹੀ ਸੀ ਹੁੰਦਾ ।
‘ਜੈਸਾ ਸੇਵੈ ਤੈਸੋ ਹੋਇ`(ਗੁ.ਗ੍ਰੰ.ਪੰ. ੨੨੪) ਦੇ ਗੁਰਮਤੀ ਤੇ ਮਨੋਵਿਗਿਆਨਕ ਸਿਧਾਂਤ ਮੁਤਾਬਿਕ ਬੁੱਤਾਂ ਨੂੰ ਪੂਜਣ ਵਾਲੇ ਭਾਰਤ ਵਾਸੀ ਕਿਵੇਂ ਮਿੱਟੀ ਦੇ ਬੁੱਤ ਬਣ ਕੇ ਰਹਿ ਗਏ ਸਨ । ਉਨ੍ਹਾਂ ਅੰਦਰਲੀ ਅਣਖ ਤੇ ਗੈਰਤ ਕਿਥੋਂ ਤੱਕ ਮਰ ਚੁਕੀ ਸੀ । ਉਹ ਕਿਸ ਹੱਦ ਤੱਕ ਲਾਲਚੀ ਤੇ ਕਾਇਰ ਬਣ ਚੁੱਕੇ ਸਨ । ਇਨ੍ਹਾਂ ਮਾਨਸਿਕ ਕਮਜ਼ੋਰੀਆਂ ਦਾ ਹੈਰਾਨੀਜਨਕ ਪ੍ਰਮਾਣ ਤਾਂ ਸਭ ਤੋਂ ਵੱਡਾ ਇਹੀ ਹੈ ਕਿ ਕਿ ਮਹਿਮੂਦ ਨੇ ਪੈਸਾ ਵੀ ਇਥੋਂ ਲੁੱਟਿਆ, ਲੁੱਟ-ਮਾਰ ਲਈ ਸੈਨਾ ਵੀ ਇਥੋਂ ਹੀ ਭਰਤੀ ਕੀਤੀ ਅਤੇ ਆਪਣਾ ਸੈਨਾਪਤੀ ਵੀ ਇਥੋਂ ਦੇ ਭੇਤੀ ‘ਤਿਲਕ` ਨਾਮੀ ਹਿੰਦੂ ਨੂੰ ਹੀ ਬਣਾਇਆ । ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪਣੀ ਪ੍ਰਸਿੱਧ ਪੁਸਤਕ
‘The Dsicovery of Indai’ ਵਿੱਚ ਲਿਖਿਆ ਹੈ :
‘‘Mahmud enrolled an army ni Indai and placed ti under one of hsi noted generals, Tlik by name, who was an Indain, And a Hnidu.”{p.247}
ਤਵਾਰੀਖ਼ ਤਾਜੁਲ ਮੁਆਸਰ ਵਿੱਚ ਲਿਖਿਆ ਹੈ ਕਿ ਸੰਨ 1263 ਬਿਕ੍ਰਮੀ (1206 ਈ:) ਨੂੰ ਕੁਤਬੱਦੀਨ ਐਬਕ ਨੇ ਜਦੋਂ ਰਾਜੇ ਬੰਸ ਪਾਲ ਨੂੰ ਮਾਰ ਕੇ ਮੇਰਠ ਨੂੰ ਜਿਤਿਆ ਤਾਂ 700 ਦਿਵਾਲੇ (ਮੰਦਰ) ਤੋੜ ਕੇ ਮਸੀਤਾਂ ਬਣਾਈਆਂ । ਤਿੰਨ ਹਜ਼ਾਰ ਕਾਫ਼ਰ (ਹਿੰਦੂ) ਕਤਲ ਕਰਕੇ ਉਨ੍ਹਾਂ ਦੇ ਲਹੂ ਨਾਲ ਮੂਰਤਾਂ ਨੁਲ੍ਹਾਈਆਂ ਤੇ ਚੂਨਾ ਕਰਕੇ ਮਸੀਤਾਂ ਨੂੰ ਲਾਈਆਂ । ਦਿੱਲੀ ਵਿੱਚ 27 ਹਿੰਦੂ ਤੇ ਜੈਨੀ ਮੰਦਰ ਢਾਹੇ ਅਤੇ ਉਨ੍ਹਾਂ ਦਾ ਸਮਾਨ ਕੁਤਬ-ਮੀਨਾਰ ਦੀ ਉਸਾਰੀ ਲਈ ਵਰਤਿਆ । ਤਾਰੀਖ਼ ਅਲਾਈ ਵਿੱਚ ਲਿਖਿਆ ਹੈ ਕਿ ਜਦ ਅਲਾਉਦੀਨ ਸਿਕੰਦਰ ਨੇ ਸੰਨ 1369 (1426 ਬਿਕ੍ਰਮੀ) ਨੂੰ ਪੁਰਾਣੀ ਦਿੱਲੀ ਵਿੱਚ ਨਵਾਂ ਕਿਲਾ ਬਣਾਇਆ ਤਾਂ ਤਾਂ ਗਿਆਰਾਂ ਹਜ਼ਾਰ (11000) ਮੰਦਰ ਤੁੜਾ ਕੇ ਉਨ੍ਹਾਂ ਦੀਆਂ ਮੂਰਤਾਂ, ਪੱਥਰਾਂ ਤੇ ਇੱਟਾਂ ਨਾਲ ਚਿਣਵਾਇਆ । ਅਸਲ ਵਿੱਚ ਇਸ ਕਿਲੇ ਨੇ ਹੀ ਸਹਜੇ ਸਹਜੇ ‘ਲਾਲ ਕਿਲੇ` ਦਾ ਅਜੋਕਾ ਰੂਪ ਧਾਰਿਆ ।
ਸੰਨ 1989 ਵਿੱਚ ਮੈਂ (ਜਗਤਾਰ ਸਿੰਘ ਜਾਚਕ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ `ਤੇ ਹੋਲੇ-ਮਹੱਲੇ ਦੇ ਵਿਸ਼ੇਸ਼ ਦੀਵਾਨ ਸਮੇਂ ਗੁਰਦੁਆਰਾ ਮੋਤੀਬਾਗ ਦਿੱਲੀ ਵਿਖੇ ਕਥਾ ਕਰਨ ਲਈ ਪਹੁੰਚਾ । ਉਥੋਂ ਦੇ ਵਿਦਵਾਨ ਸਟੇਜ ਸਕੱਤਰ ਪ੍ਰੋ: ਜੁਗਿੰਦਰ ਸਿੰਘ ਨੇ ਆਪਣੀ ਗਲਬਾਤ ਵਿੱਚ ਜ਼ਿਕਰ ਕੀਤਾ ਸੀ ਕਿ ਪਿਛਲੇ ਸਾਲ (1988) ਵਿੱਚ ਕੁਤਬ-ਮੀਨਾਰ ਦੀ ਮੁਰੰਮਤ ਕਰਨ ਵਾਲੇ
Archeologcial Survey of Indai ਦੇ ਕਾਰੀਗਰਾਂ ਨੇ ਇੱਕ ਉਖੜੀ ਹੋਈ ਸਿੱਲ ਨੂੰ ਦੁਬਾਰਾ ਠੀਕ ਢੰਗ ਨਾਲ ਲਗਾਉਣ ਲਈ ਜਦੋਂ ਉਤਾਰਿਆ ਤਾਂ ਉਨ੍ਹਾਂ ਦੇਖਿਆ ਸੀ ਕਿ ਸਿੱਲ ਦੇ ਪਿਛਲੇ ਪਾਸੇ ਇੱਕ ਹਿੰਦੂ ਦੇਵੀ ਦੀ ਮੂਰਤੀ ਉਕਰੀ ਹੋਈ ਹੈ ।
ਨੌਵੀਂ ਸਦੀ ਦੇ ਮੁੱਢਲੇ ਦੌਰ ਵਿੱਚ ‘ਆਦਿ ਸ਼ੰਕਰਾਚਾਰੀਆ` ਦੀ ਅਗਵਾਈ ਵਿੱਚ ਬ੍ਰਾਹਮਣਾਂ ਦੇ ਲੋਟੂ ਟੋਲੇ ਨੇ ਹਿੰਦੋਸਤਾਨ ਵਿਚੋਂ ਬੁੱਧ-ਮੱਤ ਦੀਆਂ ਜੜ੍ਹਾਂ ਉਖੇੜਣ ਲਈ ਬੋਧੀ ਮੱਠਾਂ, ਮੰਦਰਾਂ ਤੇ ਬੁੱਤਾਂ ਨੂੰ ਤੋੜ-ਭੰਨ ਕੇ ਬਾਅਦ ਦੇ ਮੁਸਲਮਾਨ ਪੱਛਮੀ ਹਮਲਾਵਰਾਂ ਲਈ ਉਪਰੋਕਤ ਨਿਰਦਈ ਕਾਰਵਾਈਆਂ ਕਰਨ ਦਾ ਰਾਹ ਤਾਂ ਭਾਵੇਂ ਮੂਰਤੀ-ਪੂਜਕ ਬ੍ਰਾਹਮਣਾਂ ਨੇ ਆਪ ਹੀ ਖੋਲ੍ਹਿਆ ਸੀ । ਜਿਸ ਦਾ ਫਲ ਪੂਰੇ ਦੇਸ਼ ਦੀ ਤਬਾਹੀ ਦੇ ਰੂਪ ਵਿੱਚ ਸਾਰਿਆਂ ਨੂੰ ਭੁਗਤਣਾਂ ਪਿਆ । ਮਜ਼ਹਬੀ ਜਨੂੰਨ ਵਿੱਚ ਅੰਧੇ ਇਨ੍ਹਾਂ ਸਾਰੇ ਜ਼ਾਲਮਾਂ ਨੂੰ, ਪੱਥਰ ਦੇ ਜੜ੍ਹ ਬੁੱਤਾਂ ਜਾਂ ਵਿਚਾਰੀਆਂ ਮੂਰਤੀਆਂ ਨੇ ਤਾਂ ਕੀ ਰੋਕਣਾ ਸੀ, ਉਨ੍ਹਾਂ ਲਈ ਤਾਂ ਮੰਦਰਾਂ ਦੀਆਂ ਦੀਵਾਰਾਂ ਤੇ ਮੂਰਤੀਆਂ ਦੀ ਕਲਾ-ਕ੍ਰਿਤੀ ਅਤੇ ਇਨ੍ਹਾਂ ਪਿੱਛੇ ਲੁਕੀ ਭਾਵਨਾ ਦੀ ਕੋਈ ਝਲਕ ਵੀ ਰੁਕਾਵਟ ਨਾ ਬਣ ਸਕੀ ।
ਇਸ ਪ੍ਰਕਾਰ ਦੇ ਸਾਰੇ ਦੌਰ ਵਿੱਚ ਭਾਰਤੀ ਸ਼ਿਲਪ ਕਲਾ ਦੀ ਜੋ ਤਬਾਹੀ ਹੋਈ, ਗੁਰੂ ਨਾਨਕ ਸਾਹਿਬ ਜੀ ਵਾਲੀ ਸੋਚ, ਸੂਝ ਅਤੇ ਮਾਨਵ ਹਮਦਰਦੀ ਭਰਿਆ ਹਿਰਦਾ ਰੱਖਣ ਵਾਲੇ ਸਿਆਣਿਆਂ ਲਈ ਉਹ ਵੀ ਕੋਈ ਘੱਟ ਦੁੱਖਦਾਈ ਨਹੀ ਸੀ । ਇਹੀ ਕਾਰਨ ਹੈ ਕਿ ਵੀਹਵੀਂ ਸਦੀ ਦੇ ਸੁੰਦਰਤਾ, ਰਾਗ ਤੇ ਚਿਤਰਕਲਾ ਦੇ ਕਦਰਦਾਨ ਗੁਰਸਿੱਖ ਕਵੀ ਭਾਈ ਵੀਰ ਸਿੰਘ ਜੀ ਨੇ ਜਦੋਂ ਕਸ਼ਮੀਰ ਅਤੇ ਅਵਾਂਤੀ ਪੁਰੇ (ਉਜੈਨ) ਦੇ ਪ੍ਰਸਿੱਧ ਮੰਦਰਾਂ ਦੇ ਖੰਡਰਾਂ ਵਿੱਚ ਮੂਰਤੀਆਂ ਨੂੰ ਟੁੱਟਿਆਂ ਤੇ ਕਲਾ ਨੂੰ ਬਰਬਾਦ ਹੋਇਆ ਤੱਕਿਆ, ਤਾਂ ਭਾਵੇਂ ਉਹ ਗੁਰੂ ਨਾਨਕ ਵਿਚਾਰਧਾਰਾ ਦੇ ਅਨੁਆਈ ਹੋਣ ਨਾਤੇ ਮੂਰਤੀ-ਪੂਜਕ ਨਹੀ ਸਨ । ਪਰ, ਕਿਉਂਕਿ, ਉਸ ਦਾ ਗੁਰੂ, ਬਾਬਾ ਫ਼ਰੀਦ ਦੇ ਸ਼ਬਦਾਂ ਵਿੱਚ ਇਹ ਵੀ ਆਖਦਾ ਹੈ ਕਿ ਸਾਰੇ ਜੀਵਾਂ ਦੇ ਮਨ ਮੋਤੀ ਹਨ, ਕਿਸੇ ਨੂੰ ਭੀ ਦੁਖਾਣਾ ਉੱਕਾ ਹੀ ਚੰਗਾ ਨਹੀਂ । ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ :
ਸਭਨਾ ਮਨ ਮਾਣਿਕ, ਠਾਹਣੁ ਮੂਲਿ ਮਚਾਂਗਵਾ ।।
ਜੇ ਤਉ ਪਿਰੀਆ ਦੀ ਸਿਕ, ਹਿਆਉ ਨ ਠਾਹੇ ਕਹੀ ਦਾ ।।(ਪੰਨਾ ੧੩੮੪)

ਇਸ ਲਈ ਭਾਈ ਵੀਰ ਸਿੰਘ ਜੀ ਹੁਰਾਂ ਦੇ ਜਜ਼ਬੇ ਵੇਦਤ ਹੋ ਹਉਕਾ ਭਰ ਕੇ ਬੋਲੇ ਕਿ ਬੁੱਤ ਪੂਜਾ ਰੋਕਣ ਦੇ ਬਹਾਨੇ ਬੁੱਤ ਤੋੜੇ, ਬੁੱਤ ਤਾਂ ਵੀ ਫੇਰ ਵੀ ਬਣ ਗਏ, ਪਰ ਉਹ ਹੁਨਰ (ਕਲਾ) ਨਾ ਪਰਤਿਆ :
ਪਥਰ ਤੋੜੇਂ ? ਦਿਲ ਪਏ ਟੁੱਟਦੇ, ਦਿਲ ਕਾਬਾ ਰਾਬਾਣੇ ।
ਲਾਏਂ ਹਥੌੜਾ ਸਾਨੂੰ ? ਪਰ ਤਕ ਸੱਟ ਪਏ ਰੱਬ ਘਰ ਨੂੰ ।
{ਮੰਦਰ ਮਾਰਤੰਡ ਦੇ ਖੰਡਰ, ਮਟਕ ਹੁਲਾਰੇ}
ਬੁੱਤ ਪੂਜਾ ? ‘ਬੁੱਤ` ਫੇਰ ਹੋ ਪਏ, ਹੁਨਰ ਨਾ ਪਰਤਯਾ ਹਾਇ !
ਮਰ ਮਰ ਕੇ ‘ਬੁੱਤ ਫੇਰ ਉਗਮ ਪਏ, ‘ਗੁਣ` ਨੂੰ ਕੌਣ ਜੀਵਾਏ ।
{ਅਵਾਂਤੀ ਪੁਰੇ ਦੇ ਖੰਡਰ, ਮਟਕ ਹੁਲਾਰੇ}

‘ਅਕਾਲਮੂਰਤਿ` ਦੇ ਚਲਦੇ ਪ੍ਰਕਰਣ ਵਿੱਚ ਐਸੀਆਂ ਇਤਿਹਾਸਕ ਤੇ ਸਾਹਿਤਕ ਮਿਸਾਲਾਂ ਦੇਣ ਦਾ ਸਾਡਾ ਮਨੋਰਥ ਕੇਵਲ ਇਤਨਾ ਹੀ ਹੈ ਕਿ ਸਪਸ਼ਟ ਹੋ ਜਾਵੇ ਕਿ ਸਰਬ ਵਿਆਪਕ ਰੱਬੀ-ਹਸਤੀ ਤੋਂ ਇਲਾਵਾ ਦੁਨਿਆਵੀ ਤਲ ਉੱਪਰ ਐਸੀ ਕੋਈ ਮੂਰਤੀ
(Idol, Statue), ਮੂਰਤ (Pciture, Form, Portrati) ਜਾਂ ਗਰੁੂ, ਪੀਰ, ਪੈਗੰਬਰ ਔਲੀਏ ਤੇ ਅਵਤਾਰ ਦੀ ਸ਼ਖ਼ਸੀ ਸੂਰਤ (Persnal Fgiure) ਨਹੀ, ਜਿਹੜੀ ਕਾਲ ਦੀ ਲਪੇਟ ਵਿੱਚ ਨਾ ਆਉਂਦੀ ਹੋਵੇ । ਜਿਸ ਦੀ ਸਰੀਰਕ ਬਣਤਰ ਟੁੱਟਦੀ, ਭੱਜਦੀ ਤੇ ਬਿਨਸਦੀ ਨਾ ਹੋਵੇ । ਜਿਹੜੀ ‘ਅਕਾਲਮੂਰਤਿ` ਹੋਵੇ । ਤਦੇ ਹੀ ਤਾਂ ਮਨੁੱਖੀ ਸਰੀਰ ਦੀ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਆਖਿਆ ਹੈ ਕਿ ਹੇ ਮੇਰੇ ਸਰੀਰ ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ‘‘ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ`` ।। {ਗੁ.ਗ੍ਰੰ.ਪੰ.੧੫੪} ਅਤੇ, ਭਗਤ ਕਬੀਰ ਸਾਹਿਬ ਜੀ ਆਖਿਆ ਹੈ ਕਿ ‘‘ਜਿਵੇਂ ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ ਹੀ ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ ਇਹ ਸਰੀਰ ਰਚਿਆ ਹੈ । ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਹੈ, ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ`` :

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ।।
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ``।। {ਗੁ.ਗ੍ਰੰ.ਪੰ.੧੩੭੪}

ਇਹੀ ਕਾਰਨ ਹੈ ਕਿ ਗੁਰਸਿੱਖੀ ਮੰਡਲ ਵਿੱਚ ਗਿਆਨ-ਗੁਰੂ ਦੇ ਸਿਧਾਂਤ ਨੂੰ ਹੀ ਮਹਤਵ ਦਿੱਤਾ ਗਿਆ ਹੈ । ਸਮਕਾਲੀ ਅਨਮਤੀਆਂ ਦੀ ਦੇਹਧਾਰੀ ਗੁਰੂ-ਪਰੰਪਰਾ ਦੇ ਉੱਲਟ ਗੁਰੂੁਪਦੇਸ਼ ਸਰੂਪ ਗੁਰਬਾਣੀ ਅਥਵਾ ਗੁਰ-ਸ਼ਬਦ ਨੂੰ ਹੀ ਗੁਰਿਆਈ ਦੀ ਵਡਿਆਈ ਬਖਸ਼ੀ ਗਈ ਹੈ । ਇਥੋਂ ਤੱਕ ਕਿ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ` ਦੇ ਸਰੂਪ ਵਿੱਚ ਵੀ ਗੁਰਬਾਣੀ ਵਿਚਲੇ ਗੁਰਮਤਿ ਗਿਆਨ ਨੂੰ ਹੀ ਗੁਰੂ ਮੰਨਿਆਂ ਗਿਆ ਹੈ । ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਜੋਤਿ-ਸਰੂਪ ਬਾਕੀ ਗੁਰੂ ਸਾਹਿਬਾਨ ਵਾਰ-ਵਾਰ ਇਹੀ ਆਖਦੇ ਰਹੇ ਹਨ ਕਿ ਗੁਰ-ਉਪਦੇਸ਼ ਮੰਨਣ ਨਾਲ ਹੀ ਸੇਵਕ-ਸਿੱਖ ਦਾ ਨਿਸਤਾਰਾ ਹੁੰਦਾ ਹੈ । ਸਤਿਗੁਰੂ ਜੀ ਦੇ ਬਚਨ ਹੀ ਜ਼ਿੰਦਗੀ ਦਾ ਸਹੀ ਮਾਰਗ ਹਨ, ਜਿਨ੍ਹਾਂ ਦੀ ਬਦੌਲਤ ਸੇਵਕ-ਸਿੱਖ ਅੱਠੇ ਪਹਿਰ ਨਿਰੰਕਾਰ ਦੀ ਯਾਦ ਵਿੱਚ ਲੀਨ ਰਹਿਣ ਲਗਦਾ ਹੈ । ਸਤਿਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਦ੍ਰਿੜ ਕਰਨ ਨਾਲ ਹੀ ਮੁਕਤੀ ਹੁੰਦੀ, ਕੇਵਲ ਸਤਿਗੁਰੂ ਨੂੰ ਦੇਖਣ ਨਾਲ ਨਹੀ । ਜਿਵੇਂ, ਗੁਰਵਾਕ ਹਨ :
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ।।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ।।{ਗੁ.ਗ੍ਰੰ.ਪੰਨਾ ੯੮੨}

ਅਰਥ :— (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ । (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ । ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ । ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ । ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ।।
ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ।। {ਗੁ.ਗ੍ਰੰ. ਪੰਨਾ ੧੩੦੯}

ਅਰਥ:— ਹੇ ਭਾਈ! (ਜਿਸ ਮਨੁੱਖ ਦਾ ਮਨ ਗੁਰੂ ਦੀ ਮਤਿ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ ।(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ । (ਕਿਉਂਕਿ, ਉਹਦੀ ਦ੍ਰਿਸ਼ਟੀ ਵਿੱਚ ਸਤਿਗੁਰੂ ਦੇ ਬਚਨ ਰੂਪ ਬਾਣੀ ਅਤੇ ਸਤਿਗੁਰੂ ਵਿੱਚ ਕੋਈ ਅੰਤਰ ਨਹੀ ਰਹਿ ਜਾਂਦਾ ।)
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ।। {ਗੁ.ਗ੍ਰੰ.ਪੰਨਾ ੫੯੪}

ਅਰਥ :—ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ ।
ਕਿਉਂਕਿ, ਸਤਿਗੁਰੂ ਦੀ ਸਿਫ਼ਤ ਕਰਦਿਆਂ ਗੁਰੂ ਰਾਮਦਾਸ ਜੀ ਆਖਦੇ ਹਨ ‘‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ।।`` ਅਤੇ ਗੁਰੂ ਨਾਨਕ ਵਰੁਸਾਏ ਭੱਟ-ਜਨ ਆਖਦੇ ਹਨ : ‘‘ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ`` ।।{ਪੰਨਾ ੧੪੦੪} ਜਿਸ ਦੇ ਅਰਥ ਹਨ : ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ ।} ਸਪਸ਼ਟ ਹੈ ਕਿ ਗੁਰੂ ਤਾਂ ਉਸ ਅਕਾਲ-ਪੁਰਖ ਦਾ ਰੂਪ ਹੈ, ਜਿਹੜਾ ਅਬਿਨਾਸੀ ਹੋਣ ਕਰਕੇ ਸਦਾ ਰਹਿਣ ਵਾਲਾ ਤੇ ਸਰਬ ਵਿਆਪਕ ਹੈ । ਜਿਹੜਾ ਕਾਲ ਦਾ ਵੀ ਕਾਲ (ਅੰਤ) ਕਰਨ ਦੀ ਸਮਰਥਾ ਰਖਦਾ ਹੈ । ਜਿਸ ਨੂੰ ਗੁਰਬਾਣੀ ਵਿੱਚ ‘ਅਕਾਲਮੂਰਤਿ` ਗੁਰਦੇਵਾ ਕਹਿ ਕੇ ਯਾਦ ਕੀਤਾ ਗਿਆ ਹੈ । ਜਿਵੇਂ, ਗੁਰਵਾਕ ਹੈ :
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ।।
ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ।।{ਗੁ.ਗ੍ਰੰ. ਪੰਨਾ ੬੧੪}

ਪਰ, ਇਸ ਤਰਾਂ ਦੀਆਂ ਸਿਫਤਾਂ ਨਾ ਤਾਂ ਕਿਸੇ ਵਿਅਕਤੀਗਤ ਹਸਤੀ ਵਿੱਚ ਹੋ ਸਕਦੀਆਂ ਹਨ ਅਤੇ ਨਾ ਹੀ ਕਿਸੇ ਗ੍ਰੰਥ ਵਿੱਚ । ਕਿਉਂਕਿ, ਗ੍ਰੰਥ ਵੀ ਸੰਸਾਰ ਦੀਆਂ ਹੋਰ ਵਸਤੂਆਂ ਅਤੇ ਜੀਅ-ਜੰਤਾਂ ਦੇ ਸਰੀਰਾਂ ਵਾਂਗ ਸਮਾਂ (ਕਾਲ) ਪਾ ਕੇ ਬਿਰਧ ਹੋ ਜਾਂਦੇ ਹਨ । ਅੱਗ ਜਲ਼ਾ ਦਿੰਦੀ ਹੈ । ਪਾਣੀ ਗਾਲ਼ ਦਿੰਦਾ ਹੈ । ਬਰਸਾਤੀ ਦਿਨਾਂ ਵਿੱਚ ਆਏ ਦਰਿਆਵਾਂ ਦੇ ਹੜਾਂ (Flood), ਸਮੁੰਦਰੀ ਤੁਫ਼ਾਨਾਂ (Tempest) ਅਤੇ ਬਿਜਲੀ ਦੇ ਸ਼ਾਟ ਕਾਰਨ ਲੱਗੀ ਅੱਗ ਸਮੇਂ ਅਜਿਹੀਆਂ ਮੰਦਭਾਗੀ ਘਟਨਾਵਾਂ ਘਟਦੀਆਂ ਹੀ ਰਹਿੰਦੀਆਂ ਹਨ । ਅਸੀਂ ਇਹ ਵੀ ਦੇਖਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀਆਂ ਹੋਰ ਪੋਥੀਆਂ ਦੇ ਸਤਿਕਾਰ ਨੂੰ ਮੁੱਖ ਰਖਦਿਆਂ ਪੰਜਾਬ ਵਿੱਚ ਸ੍ਰੀ ਗੋਇੰਦਵਾਲ ਵਿਖੇ ਬਿਰਧ ਸਰੂਪਾਂ ਦੇ ਸਸਕਾਰ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ, ਜਿਥੇ ਹਰੇਕ ਐਤਵਾਰ ਬਿਰਧ ਸਰੂਪਾਂ ਨੂੰ ਅਦਬੀ ਮਰਯਾਦਾ ਨਾਲ ਅਗਨੀ ਹਵਾਲੇ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਰਾਖ (Ashes) ਨਾਲ ਵਗਦੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ ।
ਜੂਨ 2004 ਦੇ ਗੁਰਦੁਆਰਾ ਗਜ਼ਟ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਇੱਕ ਵਿਸ਼ੇਸ ਅਪੀਲ ਕੀਤੀ ਸੀ ਕਿ ‘‘ਅਕਸਰ ਦੇਖਿਆ ਜਾਂਦਾ ਹੈ ਕਿ ਕਈ ਵਾਰ ਲਾਪਰਵਾਹੀ ਜਾਂ ਮਾਮੂਲੀ ਗਲਤੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਦੁਖਦਾਈ ਘਟਨਾ ਵਾਪਰ ਜਾਂਦੀ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਜਾਂਦੇ ਹਨ`` । ਉਨ੍ਹਾਂ ਇਹ ਵੀ ਕਿਹਾ ਕਿ ‘‘ਸ਼ਰਧਾ ਵਸ ਜਦ ਪਾਲਕੀ ਸਾਹਿਬ ਜਾਂ ਸੁੱਖਆਸਨ ਸਥਾਨ ਪਲੰਘ ਸਾਹਿਬ ਨਾਲ ਬਿਜਲੀ ਦੇ ਬਲਬ ਜਾਂ ਪੱਖੇ ਲਗਾ ਦਿੰਦੇ ਹਨ, ਜੋ ਰਾਤ ਨੂੰ ਚਲਦੇ ਰਹਿੰਦੇ ਹਨ ਜਾਂ ਗਰਮੀ ਦੇ ਮੌਸਮ ਵਿੱਚ ਕਈ ਤਾਪਮਾਨ ਵਧ ਜਾਣ ਤੇ ਹਨੇਰੀਆਂ ਆਦਿ ਦੌਰਾਨ ਬਿਜਲੀ ਦੇ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਲਗਣ ਦੀ ਘਟਨਾ ਵਾਪਰ ਜਾਂਦੀ ਹੈ, ਜਿਸ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਹੈ । ਅਜਿਹੀਆਂ ਘਟਨਾਵਾਂ ਰੋਕਣ ਲਈ ਜ਼ਰੂਰੀ ਹੈ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਦੂਸਰਾ ਸਟਾਫ਼ ਅਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਆਪਣੀ ਨਿਜੀ ਦਿਲਚਸਪੀ ਨਾਲ ਸੇਵਾ ਸੰਭਾਲ ਵਲ ਧਿਆਨ ਦੇਣ``। ---ਚਲਦਾ
.