.

ਸ਼ਤਾਬਦੀਆਂ, ਆਮ ਸਿੱਖ ਤੇ ਵਪਾਰੀ ਪ੍ਰਬੰਧ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਬਹੁਤ ਕੁਝ ਬਦਲ ਗਿਆ ਹੈ। ਤਕਰੀਬਨ ਪੰਜਾਹ ਕੁ ਸਾਲ ਪਹਿਲਾਂ ਸਾਡਿਆਂ ਪਿੰਡਾਂ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਉੱਤੇ ਰਾਤ ਨੂੰ ਦਿਵਾਨ ਲੱਗਦਾ ਹੁੰਦਾ ਸੀ। ਲੋਕਾਂ ਨੇ ਜਥਾ ਸ਼ਕਤ ਉਗਰਾਈ ਦੇਣੀ ਉਸ ਦਾ ਲੰਗਰ ਤੇ ਕੜਾਹ ਪਰਸ਼ਾਦ ਬਣਾ ਲੈਣਾ। ਫਿਰ ਦੀਵਿਆਂ ਦੀ ਲੋਅ ਵਿਚ ਧਾਰਨਾ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨਾ, ਬਜ਼ੁਰਗਾਂ ਦੇ ਕਹਿਣ ਅਨੁਸਾਰ ਕੇ ਵੱਧ ਤੋਂ ਵੱਧ ਗੁਰਬਾਣੀ ਦੇ ਸ਼ਬਦ ਢੋਲਕੀ ਨਾਲ ਪੜ੍ਹਨੇ। ਇਹ ਸ਼ਬਦ ਆਮ ਲੋਕਾਂ ਨੂੰ ਜ਼ਬਾਨੀ ਯਾਦ ਹੀ ਹੁੰਦੇ ਸਨ। ਫਿਰ ਪਿੰਡ ਦੇ ਸਿਆਣੇ ਆਦਮੀ ਨੇ ਗੁਰੂ ਨਾਨਕ ਜੀ ਦੇ ਜੀਵਨ ਵਿਚੋਂ ਕੋਈ ਸਾਖੀ ਸਣਾਉਣੀ ਤੇ ਨਾਲ ਨਾਲ ਰਹਿਤ ਮਰਯਾਦਾ ਦੇ ਨੁਕਤਿਆ ਤੇ ਝਾਤ ਵੀ ਮਰਵਾਈ ਜਾਣੀ। ਕਈ ਕਈ ਦਿਨ ਪਿੰਡ ਦੇ ਲੋਕਾਂ ਨੇ ਖੁੰਡਾਂ ਤੇ ਬੈਠ ਕੇ ਬਾਬੇ ਨਾਨਕ ਦੀਆਂ ਬਾਤਾਂ ਪਾਉਂਦੇ ਰਹਿਣਾ। ਫਿਰ ਵਿਸਾਖੀ ਤੇ ਛਬੀਲਾਂ ਵਾਲਾ ਗੁਰ-ਪੁਰਬ ਹੀ ਮਨਾਇਆ ਜਾਂਦਾ ਸੀ । ਵੱਡਿਆਂ ਪਿੰਡਾਂ ਵਿਚ ਆਮ ਕਰਕੇ ਗ੍ਰੰਥੀ ਸਹਿਬਾਨ ਹੁੰਦੇ ਸਨ ਜਿਸ ਕਰਕੇ ਉੱਥੇ ਹੋਰ ਗੁਰਪੁਰਬ ਵੀ ਮਨਾਏ ਜਾਂਦੇ ਸਨ ਤੇ ਸਮੇਂ ਸਮੇਂ ਯੋਗ ਪਰਚਾਰਕ, ਰਾਗੀ ਤੇ ਢਾਡੀ ਸਿੰਘਾਂ ਨੂੰ ਬੁਲਾ ਕੇ ਸਿੱਖੀ ਦਾ ਪਰਚਾਰ ਕਰਵਾਇਆ ਜਾਂਦਾ ਸੀ। ਗੁਰਦੁਆਰੇ ਵਿਚ ਕੋਈ ਵੀ ਸੱਚ-ਖੰਡ ਨਹੀਂ ਹੁੰਦਾ ਸੀ ਤੇ ਨਿਸ਼ਾਨ ਸਾਹਿਬ ਗੁਰਦੁਆਰੇ ਦੇ ਉੱਚੇ ਥਾਂ ਤੇ ਲੱਗਾ ਹੁੰਦਾ ਸੀ। ਫਿਰ ਗੁਰਪੁਰਬਾਂ ਉੱਤੇ ਸਾਡਿਆਂ ਪਿੰਡਾਂ ਵਿਚ ਸਿਰੀ ਅਖੰਡ-ਪਾਠ ਕਰਨ ਦਾ ਰਿਵਾਜ ਚਲ ਪਿਆ। ਬਿਨਾ ਸਪੀਕਰ ਤੋਂ ਸਾਰੇ ਪਿੰਡ ਨੇ ਸ਼ਰਧਾ ਭਾਵਨਾ ਨਾਲ ਸਿਰੀ ਅਖੰਡ ਪਾਠ ਸੁਣਨਾ। ਗੁਰਦੁਆਰੇ ਰਾਤ ਰਹਿਣ ਦਾ ਚਾਅ ਹੀ ਵੱਖਰਾ ਹੁੰਦਾ ਸੀ। ਸ਼ਹਿਰਾਂ ਵਿਚ ਪਿੰਡਾਂ ਨਾਲੋਂ ਜਿ਼ਆਦਾ ਗੁਰਪੁਰਬ ਮਨਾਏ ਜਾਂਦੇ ਸਨ।
ਗੁਰਪੁਰਬ ਮਨਾਉਣੇ ਕਿਉਂ ਜ਼ਰੁਰੀ ਹਨ? ਇਸ ਲਈ ਕੇ ਸਾਡੀ ਨਵੀਂ ਪੀੜ੍ਹੀ ਨੂੰ ਗੁਰਮਤਿ ਸਿਧਾਂਤ ਸਬੰਧੀ ਮੁਕੰਮਲ ਜਾਣਕਾਰੀ ਮਿਲ ਸਕੇ। ਅਸੀਂ ਮਿਲ ਬੈਠ ਕੇ ਇਹ ਵਿਚਾਰ ਕਰ ਸਕੀਏ ਕੇ ਪਿਛੱਲੇ ਸਮੇਂ ਵਿਚ ਕੀ ਖੱਟਿਆ ਤੇ ਗਵਾਇਆ ਹੈ। ਉਂਜ ਵੀ ਗੁਰੂਆਂ ਦੀਆਂ ਕਥਾ ਕਹਾਣੀਆਂ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾ ਦੇਂਦੀਆਂ ਹਨ। ਗੁਰੂ ਅਮਰਦਾਸ ਜੀ ਦਾ ਪਿਆਰਾ ਵਾਕ ਹੈ---
ਬਬਾਣੀਆ ਕਹਾਣੀਆਂ ਪੁਤ ਸਪੁਤ ਕੇਰਨਿ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਣਿ ਸੇਈ ਕਰਮ ਕਰੇਨਿ॥
ਸਲੋਕ ਮ:3-ਪੰਨਾ-951-----

ਕਿਸੇ ਸ਼ਾਇਰ ਦੇ ਬਹੁਤ ਹੀ ਖੂਬਸੂਰਤ ਵਿਚਾਰ ਹਨ ਕੇ ਹੇ ਬੰਦੇ ਜੇ ਕਰ ਤੂੰ ਆਪਣੀ ਜਿੰਦਗੀ ਵਿਚ ਤਰੱਕੀ ਦੀਆਂ ਮੰਜਿ਼ਲਾਂ ਨੂੰ ਛੂਣ੍ਹਾ ਚਹੁੰਦਾ ਏਂ ਤਾਂ ਕਦੇ ਕਦੇ ਪਿੱਛਲੇ ਇਤਿਹਾਸ ਨੂੰ ਧਿਆਨ ਨਾਲ ਵਿਚਾਰ ਕੇ, ਆਪਣੇ ਜੀਵਨ ਵਿਚ ਆਈਆਂ ਕੰਮਜ਼ੋਰੀਆਂ ਨੂੰ ਦੂਰ ਕਰ ਲਿਆ ਕਰ।
ਤਾਜ਼ਾ ਖਾਹੀ ਦਾਸਤਾਨ ਗਰ ਦਾਗ ਹਾਏ ਸੀਨਾ ਰਾ।
ਗਾਹੇ ਬਾਜ ਖਾਂ ਈ ਕਿੱਸਾ ਹਾਏ ਪਰੀਨਾ ਰਾ।
ਵੱਡੀਆ ਨਹਿਰਾਂ ਵਿਚੋਂ ਜਦੋਂ ਛੋਟੀਆਂ ਨਹਿਰਾਂ ਦੂਰ ਪਾਣੀ ਦੇਣ ਲਈ ਨਿਕਲਦੀਆਂ ਨੇ ਤਾਂ ਉਹਨਾਂ ਦੇ ਪਾਣੀ ਦੀ ਗਤੀ ਧੀਮੀ ਹੋ ਜਾਂਦੀ ਹੈ। ਉਸ ਪਾਣੀ ਦੀ ਗਤੀ ਤੇਜ਼ ਕਰਨ ਲਈ ਛੋਟੀਆ ਨਹਿਰਾਂ ਵਿਚ ਠੋਕਰਾਂ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਪਾਣੀ ਪਿੱਛੇ ਜਮ੍ਹਾ ਹੋ ਜਾਂਦਾ ਏ ਤੇ ਪਾਣੀ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਸ਼ਤਾਬਦੀਆਂ ਜਾਂ ਗੁਰਪੁਰਬ ਮਨਾਉਣ ਦਾ ਅਰਥ ਤਾਂ ਇਹ ਹੀ ਹੈ ਕਿ ਸਾਡੇ ਜੀਵਨ ਵਿਚ ਵੀ ਗੁਰਮਤ ਪ੍ਰਤੀ ਪੂਰੀ ਚੇਤੰਤਾ ਆ ਜਾਏ ਤੇ ਕਰਮ-ਕਾਂਡ, ਆਗਿਆਨਤਾ, ਸਮਾਜਿਕ ਕੁਰਤੀਆਂ, ਤੇ ਧਰਮ ਦੀਆਂ ਕਮਮਜ਼ੋਰੀਆਂ ਤੋਂ ਬਚਿਆ ਜਾ ਸਕੇ।
2003 ਦੀ 20 ਜਨਵਰੀ ਨੂੰ ਕੈਲੇਫੋਰਨੀਆਂ ਦੇ ਗੁਰਦੁਆਰਾ ਐਲਸਬ੍ਰਾਂਡਾ, ਵਿਖੇ ਗੁਰਦੁਆਰਾ ਪ੍ਰਬੰਧ ਸਬੰਧੀ ਇਕ ਸੈਮੀਨਾਰ ਹੋਇਆ ਜਿਸ ਵਿਚ ਮੇਰੇ ਪਰਮ ਮਿੱਤਰ ਵੀਰ ਜਸਵਿੰਦਰ ਸਿੰਘ ਜੀ ਨੇ ਇਕ ਬਹੁਤ ਵਧੀਆ ਨੁੱਕਤਾ ਦਿੱਤਾ। ਕੋਈ ਘਰ ਜਾਂ ਸਭਾ ਸੁਸਾਇਟੀ ਹੋਵੇ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਰ ਅਹਿਮ ਨੁਕਤਿਆਂ ਦੀ ਜ਼ਰੂਰਤ ਹੈ। ਪਹਿਲਾ ਚਲ ਰਿਹਾ ਕੰਮ ਦੂਸਰਾ ਉਸ ਵਿਚ ਆਈ ਕੰਮਜ਼ੋਰੀ ਨੂੰ ਲੱਭਣਾ ਤੀਸਰਾ ਉਸ ਕੰਮਜ਼ੋਰੀ ਨੂੰ ਦੂਰ ਕਰਨਾ ਚੌਥਾ ਚੰਗਾ ਨਤੀਜਾ ਦੇਖਣਾ ਦੀ ਆਸ ਰੱਖਣੀ। ਇੰਜ ਹੀ ਸ਼ਤਬਦੀਆਂ ਜਾਂ ਗੁਰਪੁਰਬ ਮਨਾਉਣੇ ਇਹਨਾਂ ਨੂੰ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਕੀ ਇਦਾਂ ਸ਼ਤਬਾਦੀਆਂ ਜਾਂ ਗੁਰਪੁਰਬ ਮਨਾਇਆਂ ਸਿੱਖੀ ਵਿਚ ਬੌਧਿਕਤਾ ਆਈ ਹੈ ਜਾਂ ਕੇ ਅੱਗੇ ਨਾਲੋਂ ਵੀ ਜਿ਼ਆਦਾ ਨਿਘ੍ਹਾਰ ਆਇਆ ਹੈ।
ਜਦੋਂ ਦੀਆਂ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ ਓਦੋਂ ਤੋਂ ਲੈ ਕੇ ਹੁਣ ਤਕ ਬਹੁਤ ਕੁਝ ਬਦਲ ਚੁੱਕਾ ਹੈ। ਵੋਟਾਂ ਦੀ ਰਾਜਨੀਤੀ ਕਰਕੇ ਇਹਨਾਂ ਸ਼ਤਾਬਦੀਆਂ ਵਿਚੋਂ ਬੌਧਿਕਤਾ ਨਾਂ ਦੀ ਚੀਜ਼ ਹੀ ਖਤਮ ਹੋ ਚੁੱਕੀ ਹੈ। ਗੁਰੂ ਸਿਧਾਂਤ ਅਲੋਪ ਹੋ ਗਿਆ ਹੈ ਤੇ ਧੜ੍ਹੇਬੰਦੀ ਉਭੱਰ ਕੇ ਸਾਹਮਣੇ ਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕ ਸਿੱਖ ਦੂਸਰੇ ਸਿੱਖ ਤੇ ਸ਼ਰਮ ਹਯਾ ਦਾ ਪਰਦਾ ਲਾਹ ਕੇ ਘਟੀਆ ਰਾਜਨੀਤੀ ਦਾ ਗੰਦਾ ਚਿੱਕੜ ਸੁੱਟ ਰਿਹਾ ਹੈ।
ਸਮੇਂ ਨਾਲ ਬਹੁਤ ਕੁਝ ਬਦਲ ਚੁੱਕਾ ਹੈ। ਧਰਮ ਪਰਚਾਰ ਦੇ ਢੰਗ ਤਰੀਕੇ ਲੋਕ ਦਿਖਾਵੇ ਵਿਚ ਬਦਲ ਗਏ ਹਨ। ਧਰਮ ਨੂੰ ਲਾਹੇਵੰਦਾ ਸੌਦਾ ਸਮਝ ਕੇ ਇਸ ਦਾ ਪੂਰਾ ਵਪਰਾਰੀ ਕਰਨ ਹੋ ਗਿਆ ਹੈ। ਸ਼ਤਾਬਦੀਆਂ ਮਨਾਉਣ ਦੀਆਂ ਕੁਝ ਵੰਨਗੀਆਂ ਦੇਖੀਆ ਜਾ ਸਕਦੀਆਂ ਹਨ ਜਿਨਾਂ ਨਾਲ ਆਮ ਸਿੱਖ ਨੂੰ ਤਾਂ ਕੁਝ ਵੀ ਲਾਭ ਨਹੀਂ ਹੋਇਆਂ ਪਰ ਧਰਮ ਦਾ ਵਪਾਰੀ-ਕਰਨ ਹੋਣ ਕਰਕੇ ਚਲਾਕ ਲੋਕਾਂ ਨੂੰ ਥੋਕ ਵਿਚ ਲਾਭ ਪਰਾਪਤ ਹੋਇਆ ਹੈ।
ਇਕ ਸਾਧੜੇ ਨੇ 1999 ਵਿਚ ਇੰਗਲੈਂਡ ਜਾ ਕੇ ਸੰਗਤ ਨੂੰ ਕਿਹਾ-ਸਤ ਸੰਗੀ ਜਨੋਂ ਸ਼ਤਾਬਦੀਆਂ ਰੋਜ਼ ਰੋਜ਼ ਨਹੀਂ ਅਉਂਦੀਆਂ, ਕਿਸੇ ਭਾਗਾਂ ਵਾਲੇ ਦੇ ਜੀਵਨ ਵਿਚ ਹੀ ਸ਼ਤਬਾਦੀਆਂ ਵਾਲਾ ਸੁਭਾਗਾ ਸਮਾਂ ਅਉਂਦਾ ਹੈ, ਸੁ ਦਿੱਲ ਖੋਹਲ ਕੇ ਆਪਾਂ ਸਾਰਿਆ ਨੇ ਇਹ ਮਹਾਨ ਸ਼ਤਾਬਦੀਆਂ ਮਨਾਉਣੀਆਂ ਹਨ ਤੇ ਆਪਾਂ ਨਾਲ ਦੀ ਨਾਲ ਕਿਰਤ ਕਮਾਈਆਂ ਨੂੰ ਵੀ ਸਫਲ ਬਣਾ ਕੇ ਹੀਰੇ ਵਰਗੇ ਜੀਵਨ ਨੂੰ ਸਫਲ ਕਰਨਾ ਹੈ। ਅਸਾਂ ਸੋਚਿਆਂ ਹੈ ਕੇ ਤਿੰਨ ਸੌ ਸਾਲਾ ਖਾਲਸਾ ਪੰਥ ਦੀ ਸਿਰਜਣਾ ਦਾ ਦਿਨ ਹੈ ਇਸ ਲਈ ਆਪਾਂ ਨੇ ਵੀ ਤਿੰਨ ਸੌ ਹੀ ਸ੍ਰਿੀ ਅਖੰਡ-ਪਾਠ ਕਰਾਉਣੇ ਸੋਚੇ ਹਨ ਤਾਂ ਕੇ ਸਰਬੱਤ ਦਾ ਭਲਾ ਹੋ ਸਕੇ, ਕਿਉਂਕਿ ਸੰਸਾਰ ਤੇ ਅੱਗ ਵਰ੍ਹ ਰਹੀ ਹੈ। ਬਾਬਾ ਜੀ ਦਾ ਤੀਰ ਟਿਕਾਣੇ ਲੱਗਿਆ ਤੇ ਬਣੀ ਹੋਈ ਵਿਉਂਤ ਅਨੁਸਾਰ ਸ਼ਰਧਾਲੂ ਸੇਵਕਾਂ ਨੇ ਫਟਾ ਫੱਟ ਜੈਕਾਰੇ ਗੁੰਜਾ ਦਿੱਤੇ। ਇਕ ਅਖੰਡ ਪਾਠ ਦੀ ਭੇਟਾ ਸਤ-ਸੰਗੀ ਜਨੋ ਕੇਵਲ ਸੌ ਪੌਂਡ ਹੈ ਪਰ ਕੋਈ ਵੱਧ ਵੀ ਦੇ ਸਕਦਾ ਹੈ। ਸਾਧ ਸੰਗਤ ਜੀ ਇਹ ਵੇਲਾ ਬਾਰ ਬਾਰ ਹੱਥ ਨਹੀਂ ਆਉਣਾ। ਪਹਿਲਾਂ ਨਾਮ ਲਿਖਾਉਣ ਵਾਲੇ ਦੀ ਵਾਰੀ ਵੀ ਪਹਿਲਾਂ ਹੀ ਆ ਆਏਗੀ। ਇਕ ਸੌ ਪੌਂਡ ਦੀ ਕੀਮਤ ਉਸ ਵੇਲੇ ਤਕਰੀਬਨ ਸਾਢੇ ਸੱਤ ਹਜ਼ਾਰ ਦੇ ਕਰੀਬ ਬਣਦੀ ਸੀ। ਦੇਖਦਿਆਂ ਦੇਖਦਿਆਂ ਹੀ ਸ੍ਰਿੀ ਅਖੰਡ-ਪਾਠਾਂ ਦੀ ਲਿਸਟ ਲੰਬੀ ਹੋ ਗਈ। ਕੀ ਬਾਬਾ ਜੀ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਸ੍ਰਿੀ ਅਖੰਡ-ਪਾਠ ਕਰਾਇਆਂ ਆਮ ਸਿੱਖ ਨੂੰ ਕੀ ਲਾਭ ਹੋਏਗਾ? ਘੜਿਆ ਘੜਾਇਆ ਉੱਤਰ ਮਿਲੇਗਾ ਭਾਈ ਬ੍ਰਹਮ ਗਿਆਨੀਆਂ ਅੱਗੇ ਨਹੀਂ ਬੋਲੀਦਾ, ਮਹਿੰਗਾ ਪੈਂਦਾ ਏ, ਭਾਵ ਸਰਾਪ ਦੇ ਦੇਂਦੇ ਨੇ, ਇਹਨਾਂ ਦੀ ਵੱਡੇ ਮਹਾਂਰਾਜ ਜੀ ਨਾਲ ਸਿੱਧੀ ਗੱਲਬਾਤ ਹੁੰਦੀ ਹੈ।
ਇਕ ਬਾਬਾ ਜੀ ਅਮਰੀਕਾ ਜਾ ਕੇ ਕਹਿ ਰਿਹਾ ਹੈ ਸਤ ਸੰਗੀ ਜਨੋ ਇਸ ਆ ਰਹੀ ਸ਼ਤਾਬਦੀ ਤੇ ਸਿਰੀ ਅਨੰਦਪੁਰ ਸਾਹਿਬ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਇਸ ਲਈ ਲੰਗਰਾਂ ਦੇ ਪ੍ਰਬੰਧ ਦੀ ਸੇਵਾ ਸਾਡੀ ਵੀ ਲੱਗੀ ਹੋਈ ਹੈ। ਆਪਣਾ ਜੀਵਨ ਤੇ ਕਮਾਈ ਨੂੰ ਸਫਲ ਕਰਨ ਲਈ ਦਿੱਲ ਖੋਹਲ ਕੇ ਮਾਇਆ ਭੇਟ ਕਰਾਉ। ਵੇਖਦਿਆਂ ਵੇਖਦਿਆਂ ਡਾਲਰਾਂ ਦੇ ਢੇਰ ਲੱਗ ਗਏ। ਪਰ ਪੰਜਾਬ ਦੇ ਸ਼ਰਧਾਵਾਨ ਲੋਕਾਂ ਦੀ ਸਥਿੱਤੀ ਹੋਰ ਹੈ, ਅਨੰਦ ਪੁਰ ਨੂੰ ਜਾਂਦਿਆਂ ਹੋਲੇ ਮਹੱਲੇ ਤੇ ਹਰ ਪਿੰਡ ਦੇ ਬਾਹਰ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਹਨ, ਪਰ ਇਸ ਬਾਬਾ ਜੀ ਵਲੋਂ ਲਗਾਏ ਲੰਗਰ ਦਾ ਆਮ ਸਿੱਖ ਨੂੰ ਕੀ ਲਾਭ ਹੋ ਸਕਦਾ ਹੈ ? ਇਹ ਤੇ ਬਾਬਾ ਜੀ ਹੀ ਦੱਸ ਸਕਦੇ ਹਨ---
ਸਾਡੀ ਹੋਸ਼ ਵਿਚ ਕੀਰਤਨ ਤਾਂ ਹੁੰਦਾ ਸੀ ਪਰ ਕੀਰਤਨ ਦਰਬਾਰ ਨਹੀਂ ਹੁੰਦੇ ਸਨ। ਕਵੀ ਦਰਬਾਰ ਜ਼ਰੂਰ ਹੁੰਦੇ ਸਨ, ਕਵੀਆਂ ਨੂੰ ਸਮਾਜਿਕ, ਪੰਥ ਪ੍ਰੇਮ ਤੇ ਇਤਿਹਾਸਕ ਸਮੱਸਿਆਂਵਾਂ ਦਿੱਤੀਆਂ ਜਾਂਦੀਆਂ ਸਨ। ਵਿੰਆਂਗਤਮਿਕ ਤੇ ਉਸਾਰੂ ਢੰਗ ਨਾਲ ਕਵੀ ਸਿੱਖੀ ਦਾ ਪਰਚਾਰ ਕਰ ਜਾਂਦੇ ਸੀ। ਹੁਣ ਸ਼ਤਾਬਦੀਆਂ ਦੇ ਨਾਂ ਤੇ ਚਮਕ ਦਮਕ, ਹਲਕੇ ਕਿਸਮ ਦੀ ਡੈਕੋਰੇਸ਼ਨ ਵਿਚ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਪਰ ਅੱਜ ਮੇਰੇ ਪਿੰਡ ਵਿਚ ਹੀ ਦਸ ਕੁ ਪ੍ਰਤੀਸ਼ਤ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਰਹਿ ਗਈਆਂ ਹਨ। ਅਸੀਂ ਕੀਰਤਨ ਦੇ ਵਿਰੋਧ ਵਿਚ ਨਹੀਂ ਹਾਂ, ਕੀਰਤਨ ਤਾਂ ਰੂਹ ਦੀ ਖੁਰਾਕ ਏ ਜੋ ਹੋਣਾ ਚਾਹੀਦਾ ਹੈ। ਪਰ ਨਾਟਕ ਖੇਲਣ ਵਾਂਙੂੰ ਰੰਗ-ਬਰੰਗੀਆਂ ਚਮਕ ਦਮਕ ਵਾਲੀਆਂ ਲੜੀਆਂ ਵਿਚ ਕਰਾਏ ਕੀਰਤਨ ਦਰਬਾਰ ਦਾ ਆਮ ਸਿੱਖ ਨੂੰ ਕੀ ਲਾਭ ਹੈ ? ਇਕ ਹੋਰ ਨਵਾਂ ਨਾਂ ਵੀ ਆ ਗਿਆ ਏ ਆਤਮਰਸ ਕੀਰਤਨ ਦਰਬਾਰ, ਹੈਕ ਨਾ ਨਿਆਰੇ ਖਾਲਸੇ ਦੇ ਨਿਆਰੇ ਰੰਗ--
ਪਹਿਲਾਂ ਪਹਿਲ ਇਹ ਕਿਹਾ ਜਾਂਦਾ ਸੀ ਕੇ ਇਸ ਦਿਨ ਇਸ ਪਾਰਟੀ ਵਲੋਂ ਜਲੂਸ ਕੱਢਿਆ ਜਾ ਰਿਹਾ ਹੈ। ਉਂਜ ਜਲੂਸ ਦੇ ਅਖਰੀਂ ਅਰਥ ਮਹਾਨ ਕੋਸ਼ ਵਿਚ ਇਸ ਤਰ੍ਹਾਂ ਆਏ ਹਨ। ਬੈਠਣਾ, ਰਾਜ ਸਿੰਘਸਨ ਪੁਰ ਬੈਠਣਾ, ਕਚਹਿਰੀ ਕਰਨ ਬੈਠਣਾ ਅਤੇ ਸੱਜ ਧੱਜ ਦੀ ਸਵਾਰੀ ੳੁਤੇ ਇਕੱਠ। ਧਾਰਮਿਕ ਮੌਕਿਆਂ ਤੇ ਨਿਕਲਣ ਵਾਲੇ ਜਲੂਸ ਦਾ ਨਾਮ ਰੱਖਿਆ ਗਿਆ ਨਗਰ ਕੀਰਤਨ। ਇਸ ਦਾ ਅਰਥ ਇਹ ਹੁੰਦਾ ਸੀ ਕੇ ਸਾਰੇ ਪਿੰਡ ਵਿਚ ਕੀਰਤਨ ਕਰਦਿਆਂ ਫਿਰਿਆ ਜਾਂਦਾ ਸੀ ਤੇ ਚੁਰਾਹਿਆਂ ਵਿਚ ਉਚੇਚੇ ਤੌਰ ਤੇ ਦੀਵਾਨ ਸਜਾ ਕੇ ਧਰਮ ਪਰਚਾਰ; ਗੁਰਮਤ ਸਿਧਾਂਤ ਤੇ ਸਿੱਖ ਇਤਿਹਾਸ ਦੀ ਗੱਲ ਸਮਝਾਈ ਜਾਂਦੀ ਸੀ। ਮਾਲਵੇ ਦੇ ਪਿੰਡਾਂ ਵਿਚ ਅੱਜ ਵੀ ਇਸ ਤਰ੍ਹਾਂ ਦੇ ਨਗਰ ਕੀਰਤਨ ਦੇਖਣ ਨੂੰ ਮਿਲ ਜਾਂਦੇ ਹਨ। ਸ਼ਤਾਬਦੀਆਂ ਦੇ ਇਸ ਚੱਲੇ ਦੌਰ ਵਿਚ ਹੁਣ ਚੇਤਨਾ ਮਾਰਚ ਤੇ ਵਿਰਸਾ ਸੰਭਾਲ ਮਾਰਚ ਵੀ ਸ਼ੁਰੂ ਹੋ ਗਏ ਹਨ। ਸਾਡੇ ਵਿਚ ਵੇਖਾ ਵੇਖੀ ਦਾ ਜਿ਼ਆਦਾ ਬੋਲਬਾਲਾ ਹੈ, ਜਿਹੜਾ ਕੰਮ ਇਕ ਨੇ ਕੀਤਾ ਉਸ ਕੰਮ ਦੇ ਪਿੱਛੇ ਸਾਰੀ ਕੌਮ ਹੱਥ ਧੋ ਕੇ ਪਿੱਛੇ ਪੈ ਜਾਂਦੀ ਹੈ। ਇਕ ਨੇ ਨਗਰ ਕੀਰਤਨ ਕੱਢਿਆ ਬੱਸ ਫਿਰ ਕੀ ਹੈ ਹਰ ਗੱਲੀ ਮਹੱਲਾ, ਕੀ ਪਿੰਡ, ਕੀ ਸ਼ਹਿਰ, ਹਰ ਗੁਰਦੁਆਰੇ ਦੇ ਪ੍ਰਬੰਧਕ ਇਸ ਦੌੜ ਵਿਚ ਇਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਹੋੜ ਵਿਚ ਲੱਗੇ ਹੋਏ ਹਨ। ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੋਏ ਵੱਡੇ ਵੱਡੇ ਬੋਰਡ, ਬਣਾਏ ਗੇਟ, ਝੰਡੀਆਂ ਕੰਨ ਪਾੜਵੇਂ ਬੈਂਡ ਬੇ-ਲੋੜੇ ਖਰਚੇ ਦੀ ਮੂੰਹ ਬੋਲਦੀ ਤਸਵੀਰ ਸਾਡੇ ਸਭ ਦੇ ਸਾਹਮਣੇ ਖੜੀ ਹੈ, ਜਿਸ ਦਾ ਆਮ ਸਿੱਖ ਨੂੰ ਕੋਈ ਲਾਭ ਨਹੀਂ ਹੈ। ਸਗੋਂ ਸਿੱਖ ਦੀ ਆਰਥਿਕਤਾ ਨੂੰ ਬਰਬਾਦ ਜ਼ਰੂਰ ਕੀਤਾ ਜਾ ਰਿਹਾ ਹੈ।
ਹਾਂ ਕਦੇ ਕਦਾਈਂ ਸਾਲ ਵਿਚ ਇਕ ਅੱਧ ਵਾਰੀ ਅਮਰੀਕਾ ਦੇ ਗੁਰਦੁਆਰਿਆਂ ਵਾਂਗ ਨਗਰ ਕੀਰਤਨ ਕੱਢਿਆ ਜਾਏ ਤਾਂ ਕੁਦਰਤੀ ਉਤਸ਼ਾਹ ਬਣਦਾ ਹੈ। ਬਾਹਰਲੀਆਂ ਕੌਮਾਂ ਨੂੰ ਵੀ ਸਿੱਖ ਕੌਮ ਦੀ ਹੋਂਦ ਦਾ ਪਤਾ ਲੱਗਦਾ ਹੈ। ਪਰ ਪੰਜਾਬ ਵਿਚ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਕੀਰਤਨ ਦਰਬਾਰ ਤੇ ਨਗਰ ਕਰਿਤਨ ਹੀ ਧਰਮ ਦਾ ਪਰਚਾਰ ਰਹਿ ਗਏ ਹੋਣ। ਹੁਣ ਤੇ ਚੜ੍ਹਾਵੇ ਦੇ ਅਲੋਪ ਹੋਣ ਦੀਆਂ ਖਬਰਾਂ ਵੀ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ। ਸ਼ਤਾਬਦੀਆਂ ਰਾਂਹੀਂ ਤਾਂ ਆਪਣੀ ਤੇ ਆਪਣੀ ਕੌਮ ਦੀ ਸਵੈ ਵਿਚਾਰ ਕਰਨ ਦਾ ਇਕ ਸੁਨਹਿਰੀ ਅਵਸਰ ਹੈ। ਸਮਾਜਿਕ ਕੁਰੀਤੀਆਂ, ਗੁਰਮਤ ਸਿਧਾਂਤ ਨੂੰ ਸਮਝਣ ਦਾ ਕੀਮਤੀ ਸਮਾਂ ਹੈ। ਅਸੀਂ ਇਹਨਾਂ ਕੀਮਤੀ ਸ਼ਤਬਾਦੀਆਂ ਨੂੰ ਸੜਕਾਂ ਤੇ ਭੱਜ ਭੱਜ ਕੇ, ਗਾ ਗਾ ਕੇ ਜਾਂ ਇਸ਼ਤਿਹਾਰਬਾਜ਼ੀ ਕਰ ਕਰ ਕੇ ਘੱਟੇ ਕੌਡੀਆਂ ਗਵਾ ਰਹੇ ਹਾਂ। ਜਿਸ ਢੰਗ ਤਰੀਕੇ ਨਾਲ ਅਸੀਂ ਇਹ ਸ਼ਤਬਾਦੀਆਂ ਮਨਾ ਰਹੇ ਹਾਂ ਇਸ ਦਾ ਆਮ ਸਿੱਖ ਨੂੰ ਕੋਈ ਲਾਭ ਨਹੀਂ ਹੈ। ਹਾਂ ਪ੍ਰਬੰਧਕਾਂ ਦੀ ਹਊਮੇ ਨੂੰ ਪੱਠੇ ਜ਼ਰੂਰ ਪੈ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਵਿਚ ਕਰਮ-ਕਾਂਡ ਨੂੰ ਕੋਈ ਥਾਂ ਨਹੀਂ ਸੀ। ਅਤਿ ਅਧੁਨਿਕ, ਸਿਧਾਂਤਿਕ ਤੇ ਸਮੇਂ ਦਾ ਹਾਣੀ ਹੁੰਦਾ ਹੋਇਆਂ ਵੀ ਇਹ ਧਰਮ ਸਨਾਤਨੀ ਰੀਤਾਂ ਤੇ ਧਰਮ ਦੇ ਠਕੇਦਾਰਾਂ ਦਾ ਹੱਥ ਠੋਕਾ ਬਣ ਕੇ ਰਹਿ ਗਿਆ ਹੈ। ਇਕ ਪਾਸੇ ਤਾਂ ਅਸੀਂ ਸ਼ਤਾਬਦੀਆਂ ਬਹੁਤ ਹੀ ਧੂਮ ਧੜ੍ਹੱਕੇ ਨਾਲ ਮਨਾ ਰਹੇ ਹਾਂ ਦੂਜੇ ਪਾਸੇ ਆਮ ਸਿੱਖ ਸਨਾਤਨੀ ਮਤ ਵਾਲੇ ਉਹੀ ਰੀਤੀ ਰਿਵਾਜ ਕਰ ਰਿਹਾ ਹੈ ਜਿਸ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਾਹਰ ਕੱਢਿਆ ਸੀ। ਇਹਨਾਂ ਸ਼ਤਾਬਦੀਆਂ ਦਾ ਬੌਧਿਕ ਲਾਭ ਆਮ ਸਿੱਖ ਨੂੰ ਪਾਹੁੰਚਣਾ ਚਾਹੀਦਾ ਸੀ, ਜਿਸ ਤੋਂ ਅਸੀ ਬੁਰੀ ਤਰ੍ਹਾਂ ਫੇਹਲ ਹੋਏ ਹਾਂ।
ਅੱਜ ਸਿੱਖ ਕੌਮ ਡੇਰਾਵਾਦ, ਸੰਤਵਾਦ ਤੇ ਕਈ ਪਰਕਾਰ ਦੇ ਕਰਮ-ਕਾਂਡਾਂ ਵਿਚ ਉਲ਼ਝੀ ਪਈ ਹੈ, ਕਿਉਂਕਿ ਗੁਰਬਾਣੀ ਵਿਚਾਰ ਨੂੰ ਆਪਣੀ ਜਿ਼ੰਦਗੀ ਦਾ ਅੰਗ ਨਹੀਂ ਬਣਾ ਸਕੇ। ਗੁਰਬਾਣੀ ਨੂੰ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਜਦ ਕੇ ਇਤਿਹਾਸ ਬੇਗਾਨੇ ਲਿਖਾਰੀਆਂ ਨੇ ਲਿਖਿਆ ਹੈ ਪਰ ਸਾਡਾ ਜੀਵਨ ਕਿਸੇ ਹੋਰ ਸ਼ੈਲੀ ਵਿਚ ਢਲਿ਼ਆ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕੇ ਅਰਬਾਂ ਦੇ ਬਜਟ ਵਾਲੀ ਸਿ਼੍ਰੋਮਣੀ ਕਮੇਟੀ ਗੁਰਬਾਣੀ ਦੀ ਵਿਚਾਰ ਨੂੰ ਆਮ ਸਿੱਖ ਤੱਕ ਪਹੁੰਚਉਣ ਦਾ ਯਤਨ ਕਰਦੀ। ਗੁਰਬਾਣੀ ਦੀ ਵਿਚਾਰ ਤੋਂ ਪੂਰਾ ਲਾਭ ਨਾ ਲੈ ਸਕਣ ਕਰਕੇ ਕਈ ਪਰਕਾਰ ਦੇ ਕਰਮ-ਕਾਂਡਾਂ ਦੀ ਦਲਦਲ ਵਿਚ ਫਸ ਕੇ ਰਹਿ ਗਏ ਹਾਂ। ਜ਼ਰਾ ਦੇਖੀਏ ਸ਼ਤਾਬਦੀਆਂ ਦਾ ਸ਼ੋਰ ਸ਼ਰਾਬਾ ਤੇ ਆਮ ਸਿੱਖ ਦੀ ਰੋਜ਼ ਮਰਾ ਦੀ ਜਿ਼ੰਦਗੀ ਕਿਹੋ ਜੇਹਾ ਤਾਲ ਮੇਲ ਹੈ।
ਚਾਹੀਦਾ ਤਾਂ ਇਹ ਸੀ ਕੇ ਇਹਨਾਂ ਸ਼ਤਾਬਦੀਆਂ ਰਾਂਹੀ ਆਮ ਸਿੱਖ ਨੂੰ ਗੁਰਮਤ ਦੇ ਬੁਨਿਆਦੀ ਨੁਕਤਿਆਂ ਦਾ ਪਤਾ ਲੱਗਦਾ, ਕੌਮ ਨੂੰ ਡੇਰਾ ਵਾਦ ਤੋਂ ਮੁਕਤੀ ਮਿਲਦੀ। ਜਿਹੜੇ ਡੇਰੇ ਪੰਥ ਪਰਵਾਨਤ ਰਹਿਤ ਮਰਯਦਾ ਤੇ ਨਾਨਕ ਸ਼ਾਹੀ ਕਲੰਡਰ ਨੂੰ ਮੁੱਢਲੇ ਤੌਰ ਤੇ ਹੀ ਨਹੀਂ ਮੰਨਦੇ, ਪਰ ਸਾਡੇ ਸਤਿਕਾਰ ਯੋਗ ਜੱਥੇਦਾਰ ਤੇ ਸਿ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਉਹਨਾਂ ਡੇਰਿਆਂ ਤੇ ਜਾ ਕੇ ਉਹਨਾਂ ਨੂੰ ਗੁਰਮਤ ਦਾ ਸਰਟੀਫੀਕੇਟ ਦੇਣ ਤਾਂ ਆਮ ਸਿੱਖ ਫਿਰ ਉਹਨਾਂ ਡੇਰਿਆਂ ਦੀ ਲੁੱਟ ਦਾ ਸਿ਼ਕਾਰ ਹੋਏਗਾ ਹੀ ਹੋਏਗਾ।
ਮਨੁੱਖ ਚੜਾਈ ਕਰ ਜਾਏ ਤਾਂ ਸਿੱਖ ਰਹਿਤ ਮਰਯਾਦਾ ਅਨੁਸਾਰ ਉਸ ਮਨੁੱਖ ਦੀ ਅੰਤਮ ਰਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰਦਾਸ ਕਰਕੇ ਸਪੰਨ ਕੀਤੀ ਜਾਂਦੀ ਹੈ। ਇਸ ਦੇ ਉਪਰੰਤ ਮਿਰਤਕ ਪ੍ਰਾਣੀ ਦੀ ਕੋਈ ਵੀ ਰਸਮ ਬਾਕੀ ਨਹੀਂ ਰਹਿ ਜਾਂਦੀ। ਪਰਚਾਰ ਦੀ ਘਾਟ ਕਰਕੇ ਆਮ ਸਿੱਖ ਵਰ੍ਹੀਣੇ ਤੇ ਸਾਲ੍ਹਾਨਾ ਬਰਸੀਆਂ ਬਹੁਤ ਹੀ ਧੂਮ ਧਾਮ ਨਾਲ ਮਨਾ ਰਿਹਾ ਹੈ। ਸਾਧ ਲਾਣਾ ਤਾਂ ਵੱਡੇ ਮਹਾਂਰਾਜ ਕਹਿ ਕਹਿ ਕੇ ਉਹਨਾਂ ਦੀਆਂ ਬਰਸੀਆਂ ਮਨਾ ਰਿਹਾਂ ਹੈ। ਮਿਰਤਕ ਪ੍ਰਾਣੀ ਦੇ ਫੁੱਲ ਚੁੱਗ ਕੇ, ਕੋਈ ਹਰਦੁਆਰ ਲਿਜਾ ਰਿਹਾ ਹੈ ਤੇ ਕੋਈ ਕੀਰਤਪੁਰ ਨੂੰ ਹੀ ਮੁਕਤੀ ਦਾ ਘਰ ਸਮਝ ਕੇ ਫੁੱਲ ਤਾਰੀ ਜਾ ਰਿਹਾ ਹੈ। ਕੀ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਤਾਂ ਨਹੀਂ ਅਸੀਂ ਕਿਤੇ ਕਰ ਰਹੇ? ਕਈ ਥਾਂਵਾਂ ਤੇ ਮਿਰਤਕ ਪ੍ਰਾਣੀ ਨੂੰ ਗੁਰਦੁਆਰੇ ਲਿਆ ਕੇ ਮੱਥਾ ਟਿਕਾਇਆ ਜਾਂਦਾ ਹੈ, ਇਸ ਲਈ ਕੇ ਗੁਰੂ ਦੀ ਗੋਲਕ ਵਿਚ ਵਾਧਾ ਹੁੰਦਾ ਹੈ। ਇਸ ਵਿਚ ਆਮ ਸਿੱਖ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਕਦੇ ਵੀ ਗੁਰਮਤ ਦੇ ਬੁਨਿਆਦੀ ਨੁਕਤੇ ਦੱਸਣ ਦਾ ਯੋਗ ਪ੍ਰਬੰਧ ਹੀ ਨਹੀਂ ਕੀਤਾ।
ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਅਉਂਦਿਆਂ ਜਾਂ ਜਾਂਦਿਆਂ ਬਿਆਸ ਤੇ ਸਤਲੁਜ ਦਰਿਆਂਵਾਂ ਦੇ ਪੁਲਾਂ ਤੇ ਆਮ ਅੰਮ੍ਰਿਤਧਾਰੀ ਸਿੱਖ ਨਾਰੀਅਲ ਜਾਂ ਕੁਝ ਹੋਰ ਸਮੱਗਰੀ ਜੋ ਕਿਸੇ ਜੋਤਸ਼ੀ ਨੇ ਦੱਸੀ ਹੁੰਦੀ ਹੈ ਰੋੜਦੇ ਦਿਖਾਈ ਦੇਣਗੇ, ਪਰ ਸ਼ਤਾਬਦੀਆਂ ਧੂਮ ਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਸ਼ਨੀਚਰਵਾਰ ਨੂੰ ਆਮ ਸਿੱਖ ਸ਼ਨੀ-ਦੇਵਤੇ ਦੀ ਪੂਜਾ ਕਰਦਾ ਦਿਖਾਈ ਦੇਵੇਗਾ। ਇਸ ਪੂਜਾ ਦਾ ਪ੍ਰਭਾਵ ਹੁਣ ਵੱਡੇ ਗੁਰਦੁਆਰਿਆਂ ਵਿਚ ਵੀ ਦੇਖਿਆ ਜਾ ਸਕਦਾ ਹੈ। ਸ਼ਨੀਚਰਵਾਰ ਨੂੰ ਕਾਲੇ ਛੋਲਿਆਂ ਦਾ ਚੜ੍ਹਾਵਾ ਤੇ ਮੰਗਲਵਾਰ ਨੂੰ ਪੀਲਾ ਪ੍ਰਸ਼ਾਦ ਗੁਰਦੁਆਰਿਆਂ ਦੀ ਸ਼ਾਨ ਬਣਦਾ ਜਾ ਰਿਹਾ ਹੈ, ਤੇ ਕਈ ਭੋਲੇ ਸਿੱਖਾਂ ਦੇ ਕੜੇ ਨਾਲ ਜਾਂ ਦੂਜੀ ਬਾਂਹ ਦੇ ਗੁਟ ਤੇ ਲਾਲ ਰੰਗ ਦਾ ਧਾਗਾ ਵੀ ਬੰਨਿਆਂ ਮਿਲ ਜਾਏਗਾ।
ਪਹਿਲਾਂ ਪੰਡਿਤ ਜੀ ਮਹਾਂਰਾਜ ਪਾਸੋਂ ਮਹੀਨੇ ਦਾ ਨਾਂ ਸਣਿਆਂ ਜਾਂਦਾ ਸੀ ਹੁਣ ਗ੍ਰੰਥੀ ਜੀ ਪਾਸੋਂ ਮਹੀਨੇ ਦਾ ਨਾਂ ਸੁਣ ਕੇ ਆਮ ਸਿੱਖ ਏਸੇ ਨੂੰ ਹੀ ਸਿੱਖੀ ਸਮਝੀ ਬੈਠਾ ਹੈ। ਆਮ ਡੇਰੇ ਵਾਲੇ ਪੂਰਨਮਾਸ਼ੀ ਦੀ ਕਥਾ ਰਾਂਹੀ, ਭੋਲੇ ਸਿੱਖਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਤੋਰੀ ਫੁਲ਼ਕਾ ਤੋਰਨ ਵਿਚ ਮਸਤ ਹਨ ਤਾਂ ਫਿਰ ਨਿਆਰੇ ਖਾਲਸਾ ਕਿਦਾਂ ਹੋਏ ?
ਸਿੱਖੀ ਧੀ ਤੇ ਪੁੱਤਰ ਵਿਚ ਕੋਈ ਅੰਤਰ ਨਹੀਂ ਸਮਝਦੀ, ਪਰ ਜੋ ਦੇਖਣ ਵਿਚ ਆ ਰਿਹਾ ਹੈ ਉਹ ਹਕੀਕਤ ਦੇ ਬਿਲਕੁਲ ੳਲਟ ਦਿਸ਼ਾ ਵਿਚ ਹੈ। ਪੁੱਤਰਾਂ ਦੀ ਲਾਲਸਾ ਪਿੱਛੇ ਆਮ ਸਿੱਖ ਪਾਖੰਡੀ ਸਾਧਾਂ ਪਾਸੋਂ ਅਰਦਾਸਾਂ ਕਰਾ ਰਿਹਾ ਹੈ। ਆਮ ਸਿੱਖ ਸੁੱਖਣਾ ਸੁੱਖ ਕੇ ਅਖੰਡ-ਪਾਠਾਂ ਰਾਂਹੀ ਸੁੱਖਣਾ ਲਾਹ ਰਿਹਾ ਹੈ। ਜਦ ਕੇ ਗੁਰਮਤ ਦਾ ਨਿਰਮਲ ਸਿਧਾਂਤ ਪਰਮਾਤਮਾ ਦੇ ਹੁਕਮ ਵਿਚ ਚੱਲਣ ਦਾ ਹੈ।
ਪਿੱਛਲੇ ਕੁਝ ਦਹਾਕਿਆਂ ਤੋਂ ਸਭਿਆਚਾਰਕ ਪ੍ਰੋਗਰਾਮ ਦੇ ਨਾਮ ਹੇਠ ਕਬਰਾਂ ਦੀ ਪੂਜਾ ਦਾ ਰੁਝਾਨ ਵੀ ਵੱਧਿਆ ਹੈ। ਇਹਨਾਂ ਕਬਰਾਂ ਤੇ ਹਰੇ ਰੰਗ ਦੀਆਂ ਚਾਦਰਾਂ ਚੜਾਈਆਂ ਜਾਂਦੀਆਂ ਨੇ, ਅਸ਼ਲੀਲ ਗਾਣੇ ਗਾ ਕੇ ਸਭਿਅਚਾਰ ਦਾ ਨਾਂ ਦਿੱਤਾ ਜਾ ਰਿਹਾ ਹੈ। ਇਹ ਸਾਰਾ ਕੁਝ ਕਰ ਰਿਹਾ ਹੈ ਆਮ ਸਿੱਖ; ਕਿਉਂਕਿ ਉਸ ਨੂੰ ਸਿੱਖੀ ਦੇ ਬੁਨਿਆਦੀ ਨੁਕਤਿਆਂ ਦਾ ਪਤਾ ਹੀ ਨਹੀਂ ਹੈ। ਸਿੱਖ ਦਾ ਸਭਿਆਚਾਰ ਸਰਹੰਦ ਦੀ ਦੀਵਾਰ, ਚਮਕੌਰ ਦੀ ਜੂਹ ਤੇ ਮਾਈ ਭਾਗੋ ਦਾ ਹੈ।
ਧਰਮ ਦੇ ਨਾਂ ਤੇ ਸਿੱਖੀ ਵਿਚ ਕਈ ਪਰਕਾਰ ਦੀਆਂ ਵੰਡੀਆਂ ਪੈ ਗਈਆਂ ਹਨ। ਕੋਈ ਸਿੱਖ ਆਖਦਾ ਹੈ ਕੇ ਮੈਂ ਸਿਰਫ ਕੀਰਤਨ ਹੀ ਸੁਣਦਾ ਹਾਂ, ਕੋਈ ਕਹਿੰਦਾ ਹੈ ਮੈਂ ਕਥਾ ਸੁਣਦਾ ਹਾਂ, ਕੋਈ ਸਿਰਫ ਨਾਮ ਜੱਪਣ ਦੀ ਹੀ ਗੱਲ ਤੇ ਜ਼ੋਰ ਦੇ ਰਿਹਾ ਹੈ। ਕੋਈ ਸਿਰਫ ਸੁਖਮਨੀ ਦੇ ਪਾਠ ਦੀ ਹੀ ਮਹਾਨਤਾ ਦੱਸ ਰਿਹਾ ਹੈ। ਕੋਈ ਸਾਂਝੇ ਲੰਗਰ ਦਾ ਪ੍ਰਸ਼ਾਦਾ ਛੱਕਣ ਲਈ ਤਿਆਰ ਨਹੀਂ ਤੇ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਲਈ ਤਿਆਰ ਨਹੀਂ ਹੈ। ਕਿਤੇ ਦਲਤ ਵੀਰਾਂ ਦੀਆਂ ਵੱਖਰੀਆਂ ਪੰਗਤਾਂ ਲੱਗਦੀਆਂ ਹਨ; ਸ਼ਤਾਬਦੀਆਂ ਧੂਮ-ਧਾਮ ਨਾਲ ਮਨਾਈਆਂ ਜਾ ਰਹੀਆਂ ਹਨ-ਵਾਹ ਸਿੱਖ ਜੀ ਵਾਹ-
ਰੱਖੜੀਆਂ ਦੀਆਂ ਦੁਕਾਨਾਂ ਸਿੱਖਾਂ ਦੀਆਂ ਤੇ ਰੱਖੜੀਆਂ ਬੰਨਣ ਵਾਲੇ ਸਿੱਖ। ਕੀ ਸਿੱਖੀ ਵਿਚ ਰੱਖੜੀ ਨੂੰ ਮਾਨਤਾ ਹੈ? ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਵੀ ਸ਼ਬਦ ਮਾਲਾ ਫੇਰਨ ਦਾ ਨਹੀਂ ਆਇਆਂ, ਪਰ ਗੁਰਬਾਣੀ ਸੂਝ ਦੀ ਕਮੀ ਕਰਕੇ ਆਮ ਸਿੱਖ ਆਪਣੇ ਹੱਥ ਵਿਚ ਮਾਲ਼ਾ ਪਾਈ ਫਿਰਦਾ ਨਜ਼ਰ ਆਏਗਾ। ਕੀ ਸਿੱਖੀ ਵਿਚ ਮਾਲ਼ਾ ਫੇਰਨ ਦੀ ਮਹਾਨਤਾ ਹੈ? ਜੇ ਨਹੀਂ ਤਾਂ ਹਰ ਗੁਰਦੁਆਰਿਆਂ ਦੇ ਬਾਹਰ ਇਹ ਮਾਲਾ ਕਿਉਂ ਵਿਕਦੀਆਂ ਹਨ ? ਸਿਧਾਂਤ ਦੀ ਗੱਲ ਨਹੀਂ ਸਗੋਂ ਕਿਹਾ ਇਹ ਜਾਂਦਾ ਹੈ ਕੇ ਜੀ ਸਿੱਖੀ ਤਾਂ ਮਨ ਵਿਚ ਹੋਣੀ ਚਾਹੀਦੀ ਹੈ।
ਸਿੱਖ ਧਰਮ ਵਿਚ ਮੂਰਤੀ ਜਾਂ ਮੂਰਤੀ ਪੂਜਾ ਦਾ ਕੋਈ ਥਾਂ ਨਹੀਂ ਹੈ, ਪਰ ਜੇ ਕਰ ਗੁਰੂ ਸਾਹਿਬਾਨ ਜੀ ਦੀਆਂ ਮੂਰਤੀਆਂ ਸਿ਼ਰੋਮਣੀ ਕਮੇਟੀ ਦੇ ਸਿੱਖ ਅਜਾਇਬ ਘਰ ਵਿਚ ਹੀ ਲੱਗੀਆਂ ਹੋਣ ਤਾਂ ਆਮ ਸਿੱਖ ਵਿਚਾਰਾ ਕੀ ਕਰੇ। ਸਾਡੇ ਆਮ ਇਤਿਹਾਸਕ ਗੁਰਦੁਆਰਿਆਂ ਵਿਚ ਪੱਥਰਾਂ, ਕਾਗਜ਼ਾਂ, ਕੱਪੜਿਆਂ ਤੇ ਹੋਰ ਕਈ ਪਰਕਾਰ ਦੀਆਂ ਮੂਰਤੀਆਂ ਸਿ਼ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਤੇ ਜੱਥੇਦਾਰਾਂ ਦੇ ਨੱਕ ਹੇਠ ਵਿਕ ਰਹੀਆਂ ਹਨ ਤੇ ਘਰਾਂ ਵਿਚ ਵੀ ਲੱਗੀਆਂ ਹੋਈਆਂ ਹਨ। ਪੁੱਛਣ ਵਾਲਾ ਹੀ ਕੋਈ ਨਹੀਂ ਹੈ। ਫਿਰ ਆਮ ਸਿੱਖ ਨੂੰ ਏਡੇ ਵੱਡੇ ਅਡੰਬਰ ਰਚ ਕੇ ਮਨਾਈਆਂ ਸ਼ਤਾਬਦੀਆਂ ਦਾ ਕੀ ਲਾਭ ਹੈ?
ਮਾਲਵੇ ਦਾ ਸਾਧ ਪਰਚਾਰਕ ਜੋ ਗੁਰੂ ਨਾਨਕ ਸਾਹਿਬ ਜੀ ਤੇ ਗੋਰਖ ਦੀ ਲੁਕਣ ਮੀਟੀ ਖੇਡਦਿਆਂ ਦੀ ਕਥਾ ਸਣਾਉਂਦਿਆਂ ਕਹਿ ਰਿਹਾ ਸੀ ਕੇ ਗੁਰੂ ਨਾਨਕ ਜੀ ਗੋਰਖ ਨੂੰ ਲੱਭਣ ਚੜ੍ਹੇ ਤਾਂ ਗੋਰਖ ਅੱਗੇ ਇਕ ਮੱਗਰ ਮੱਛ ਦੇ ਪੇਟ ਵਿਚ ਬੈਠ ਕੇ ਵਾਹਿਗੁਰੂ ਵਾਹਗੁਰੂ ਦਾ ਉੱਚੀ ਉੱਚੀ ਨਾਮ ਜਪ ਰਿਹਾ ਸੀ। ਸਤ ਸੰਗੀ ਜਨੋ ਉਹ ਮੱਗਰ ਮੱਛ ਸਤਾਈ ਕੋਹ ਲੰਬਾ ਸੀ। ਬੋਲੋ ਵਾਹਿਗੁਰੂ-ਕੀ ਅਜੇਹੇ ਕੱਚੇ ਪਰਚਾਰ ਨਾਲ ਆਮ ਸਿੱਖ ਦਾ ਜੀਵਨ ਬਦਲ ਸਕਦਾ ਹੈ ?
ਕੁਝ ਸੰਤਾਂ ਨੇ ਭੋਲੇ ਸਿੱਖਾਂ ਨੂੰ ਸੰਪਟ ਪਾਠ ਦੀ ਨਵੀਂ ਰਸਮ ਦੇ ਦਿੱਤੀ ਹੈ ਜਿਸ ਤੇ ਹਜ਼ਾਰਾਂ ਰੁਪਏ ਖਰਚ ਅਉਂਦਾ ਹੈ। ਕੀ ਇਸ ਤਰ੍ਹਾਂ ਦੇ ਜੰਤ੍ਰ ਮੰਤ੍ਰ ਕਰਨੇ ਸਿੱਖੀ ਦੇ ਮੁੱਢਲੇ ਸਿਧਾਂਤ ਤੇ ਸੱਟ ਨਹੀਂ ਵੱਜ ਰਹੀ ?
ਆਮ ਪਿੰਡਾਂ ਵਿਚ ਆਮ ਸਿੱਖ ਅੱਜ ਵੀ ਜਠੇਰਿਆਂ ਦੀਆਂ ਕਬਰਾਂ ਤੇ ਮੇਲੇ ਲਾ ਰਹੇ ਹਨ। ਆਮ ਸਿੱਖ ਹੇਮ ਕੁੰਟ ਤੇ ਮਨੀ ਕਰਨ ਦੀਆਂ ਯਾਤਰਾਵਾਂ ਨੂੰ ਅਸਲੀ ਧਰਮ ਸਮਝੀ ਬੈਠਾ ਹੈ।
ਗੁਰਮਤ ਦੇ ਬੁਨਿਆਦੀ ਨੁਕਤਿਆਂ ਦਾ ਪਰਚਾਰ ਨਾ ਹੋਣ ਕਰਕੇ ਆਮ ਸਿੱਖ ਅਜੇਹੀਆਂ ਬੇ-ਲੋੜੀਆਂ ਰਸਮਾਂ ਵਿਚ ਫਸਿਆ ਪਿਆ ਹੈ। ਹੈਰਨਗੀ ਤਾਂ ਓਦੋਂ ਹੁੰਦੀ ਹੈ ਜਦੋਂ ਸਿੱਖ ਸਿਧਾਂਤਾਂ ਦੀ ਰਾਖੀ ਕਰਨ ਵਾਲੇ ਪਹਿਰੇਦਾਰ ਹੀ ਮੁਕਟ ਬੰਨ੍ਹ ਮੱਥੇ ਤੇ ਤਿਲਕ ਲਗਾ ਆਪਣੀ ਸਾੜ੍ਹ ਸਤੀ ਦੂਰ ਕਰਨ ਲਈ ਹਵਨ ਕਰ ਰਹੇ ਹੋਣ ਤੇ ਪੰਜ ਪੰਜ ਸੌ ਪਾਠ ਰਮਾਇਣ ਦੇ ਕਰਾਉਣ ਤਾਂ ਕਹਿਣਾ ਪਏਗਾ ਇਹ ਸ਼ਤਾਬਦੀਆਂ ਮਨਾਉਣੀਆਂ ਹਵਾ ਵਿਚ ਡਾਂਗਾਂ ਮਾਰਨ ਵਾਲੀ ਗੱਲ ਹੈ।
ਪੁਖਤਾ ਪਰਚਾਰ ਦੀ ਘਾਟ ਕਰਕੇ ਆਮ ਸਿੱਖ ਜੋਤਾਂ ਜਗਾਉਣ, ਨਾਰੀਅਲ ਚੜ੍ਹਾਉਣ ਵਿਚ ਰੁਝਾ ਪਿਆ ਹੈ। ਤਰਨ ਤਾਰਨ ਜਿੱਥੇ ਸੰਸਾਰ ਪੱਧਰ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਚੌਥੀ ਸ਼ਤਾਬਦੀ ਸਿ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਈ ਜਾ ਰਹੀ ਏ, ਉਸ ਦੇ ਨੇੜੇ ਹੀ ਸ਼ੇਖ ਪੱਤੇ ਦੀ ਕਬਰ ਹੈ ਜਿੱਥੇ ਸਿੱਖ ਖੀਰਾਂ ਚੜ੍ਹਾਅ ਕੇ ਮੰਨਤਾਂ ਪੂਰੀਆਂ ਕਰ ਰਹੇ ਹਨ। ਇਸ ਸ਼ਤਾਬਦੀ ਤੇ ਸਿੱਖਾਂ ਨੂੰ ਕਬਰਾਂ ਦੀ ਪੂਜਾ ਤੋਂ ਗੁਰਬਾਣੀ ਪਰਚਾਰ ਦੁਆਰਾ ਮੁਕਤ ਕਰਾਇਆ ਜਾਏ ਤਾਂ ਸਮਝਿਆ ਜਾਏਗਾ ਸ਼ਤਾਬਦੀ ਮਨਾਈ ਸਹੀ ਦਿਸ਼ਾ ਵੱਲ ਨੂੰ ਗਈ ਏ। ਪਰ ਅਜੇਹੀਆ ਕਬਰਾਂ ਦੀ ਪੂਜਾ ਦਾ ਤਾਂ ਏੱਥੇ ਜਿ਼ਕਰ ਵੀ ਨਹੀਂ ਹੋਣਾ। ਸਦਕੇ ਜਾਈਏ ਉਹਨਾਂ ਅਗੂਆਂ ਦੇ ਜੋ ਸਿਧਾਂਤ ਛੱਡ ਕੇ ਸ਼ਤਾਬਦੀਆਂ ਮਨਾ ਰਹੇ ਨੇ।
ਇੰਜ ਲੱਗ ਰਿਹਾ ਹੈ ਕੇ ਇਹ ਸ਼ਤਾਬਦੀ ਵੀ ਪਿੱਛਲੀਆਂ ਸ਼ਤਾਬਦੀਆਂ ਵਾਂਗ ਢੋਲ ਢਮੱਕੇ ਵਿਚ ਗਵਾਚ ਕੇ ਰਹਿ ਜਾਏਗੀ। ਕਿਉਂਕਿ ਇਹ ਸਾਰਾ ਕੁਝ ਲੋਕ ਦਿਖਾਵੇ ਤੇ ਹਉਮੇਂ ਦੀ ਖਾਤਰ ਹੀ ਹੋ ਰਿਹਾ ਹੈ। ਜੇ ਪ੍ਰਬੰਧਕ ਆਪਣੇ ਫਰਜ਼ ਦੀ ਪਹਿਛਾਣ ਕਰਦਿਆਂ ਗੁਰਬਾਣੀ ਪਰਚਾਰ ਤੇ ਸਿੱਖ ਰਹਿਤ ਮਰਯਾਦਾ ਨੂੰ ਸਿਧਾਂਤਕ ਤਰੀਕੇ ਨਾਲ ਆਪਣੇ ਆਪਣੇ ਗੁਰਦੁਆਰਿਆ ਵਿਚ ਲਾਗੂ ਕਰ ਲੈਣ ਤਾਂ ਸ਼ਤਾਬਦੀਆਂ ਸਹੀ ਦਿਸ਼ਾਂ ਵੱਲ ਨੂੰ ਜਾਣਗੀਆਂ। ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੌਮ ਦੇ ਜੱਥੇਦਾਰ ਇਤਿਹਾਸਕ ਗੁਰਦੁਆਰਿਆਂ ਵਿਚ ਸਿੱਖ ਰਹਿਤ ਮਰਯਾਦਾ ਲਾਗੂ ਕਰਾਉਣ।
ਬਹੁਤ ਸਾਰੇ ਪ੍ਰਬੰਧਕਾਂ ਲਈ ਇਹ ਸ਼ਤਾਬਦੀਆਂ ਵਰਦਾਨ ਸਾਬਤ ਹੁੰਦੀਆਂ ਹਨ। ਇਸ ਲਈ ਇਹਨਾਂ ਸ਼ਤਾਬਦੀਆਂ ਦਾ ਕਈ ਥਾਂਵਾਂ ਤੇ ਵਪਾਰੀ ਕਰਨ ਹੋ ਚੁੱਕਾ ਹੈ। ਪਰਚਾਰ ਘੱਟ ਵਪਾਰ ਵੱਧ ਵਾਲੀ ਗੱਲ ਪੂਰਾ ਉਤਰਦਿਆਂ ਨਗਰ ਕੀਰਤਨ, ਕੀਰਤਨ ਦਰਬਾਰ ਵੱਡੀ ਪੱਧਰ ਤੇ ਕਰਾਏ ਜਾ ਰਹੇ ਹਨ ਪਰ ਆਮ ਸਿੱਖਾਂ ਨੂੰ ਇਹਨਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ।
ਉਠੋ, ਵਗਰਨਾ ਮਹਸ਼ਰ ਨਾ ਹੋਗਾ ਫਿਰ ਕਭੀ,
ਦੋੜੋ ਜ਼ਮਾਨਾ ਚਾਲ ਕਿਆਮਤ ਕੀ ਚਲਾ ਗਿਆ।
.