.

ਸਭ ਤੇ ਵਡ ਸਮਰਥ ਗੁਰਦੇਵ

ਭੈਰਉ ਮਹਲਾ 5 ॥

ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥
“ ਤਿੰਨਾਂ ਗ੍ਰੰਥਾਂ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ” ?

ਸਿੱਖ ਕੌਮ ਲਈ ਇਸ ਤੋਂ ਵੱਡਾ ਖ਼ਤਰਾ ਅਤੇ ਗੁੰਮਰਾਹ ਕਰਨ ਵਾਲੀ ਹੋਰ ਕੋਈ ਗੱਲ ਨਹੀਂ ਕਿ ਕੋਈ ਵਿਅਕਤੀ ਜਾਂ ਗ੍ਰੰਥ, ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰੇ । ਕਿਉਂ ਕਿ ਸਤਿਗੁਰੂ ਗ੍ਰੰਥ ਸਹਿਬ ਜੀ ਸਭ ਤੋਂ ਵੱਡੇ ਹਨ ਅਤੇ ਸਾਰੇ ਕਾਰਜ ਸੰਪੂਰਨ ਕਰਨ ਦੇ ਸਮਰੱਥ ਹਨ । ਇਸ ਤੋਂ ਵੱਧ ਅਫ਼ਸੋਸ ਵਾਲੀ ਗੱਲ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਹੋ ਰਹੀ ਹੋਵੇ ਪਰ ਸਿੱਖ ਕੌਮ ਰੋਕਣ ਟੋਕਣ ਦਾ ਕੋਈ ਉਪਰਾਲਾ ਨਾ ਕਰੇ ।

ਸਭ ਤੇ ਵਡ ਸਮਰਥ ਗੁਰਦੇਵ
ਭੂਮਿਕਾ

ਸਤਿਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਸੰਪੂਰਨਤਾ ਦਿਵਸ ਤੇ ਸਿੱਖ ਕੌਮ ਇਹ ਪ੍ਰਣ ਕਰੇ ਅਤੇ ਇਸ ਪ੍ਰਣ ਤੇ ਦ੍ਰਿੜਤਾ ਨਾਲ ਪਹਿਰਾ ਦੇਵੇ ਕਿ ਕੋਈ ਵੀ ਵਿਅਕਤੀ ਜਾਂ ਗ੍ਰੰਥ, ਸਤਿਗੁਰੂ ਗ੍ਰੰਥ ਸਾਹਿਬ ਨਾਲੋਂ ਉੱਚਾ ਨਹੀਂ ਅਤੇ ਕੋਈ ਵੀ ਵਿਅਕਤੀ ਜਾਂ ਗ੍ਰੰਥ, ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ । ਕੇਵਲ ਸਤਿਗੁਰੂ ਗ੍ਰੰਥ ਸਾਹਿਬ ਹੀ ਸੰਪੂਰਨ ਅਤੇ ਸਰਬ ਉੱਚ ਹਨ । ਇਸ ਲਈ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਹੀ ਚਵਰ, ਛਤਰ ਅਤੇ ਤਖ਼ਤ ਦੇ ਮਾਲਕ ਹਨ । ਸਿੱਖ ਦੇ ਜੀਵਨ ਨਾਲ ਸਬੰਧਤ ਸਾਰੇ ਸੰਸਕਾਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸੰਪੂਰਨ ਹੋਣ । ਇਸ ਮਨੋਰਥ ਲਈ ਜੇਕਰ ਖਾਲਸਾ ਪੰਥ ਨੂੰ ‘ਸਿੱਖ ਰਹਿਤ ਮਰਯਾਦਾ’ ਵਿੱਚ ਤਬਦੀਲੀ ਵੀ ਕਰਨੀ ਪਵੇ ਤਾਂ ਸਿੱਖੀ ਦੇ ਕਿਸੇ ਸਿਧਾਂਤ ਦਾ ਵਿਰੋਧ ਨਹੀਂ ਹੋਵੇਗਾ ਕਿਉਂ ਕਿ : -
‘ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ੍ਰੋਮਣੀ ਗੁ. ਪ੍ਰ. ਕਮੇਟੀ ਨੇ ਅਪਣੀ ਇਕੱਤ੍ਰਤਾ ਮਿਤੀ 03-02-1945 ਦੇ ਮਤਾ ਨμ. 97 ਰਾਹੀਂ ਦਿੱਤੀ ਹੈ ।’ (ਸਿੱਖ ਰਹਿਤ ਮਰਯਾਦਾ-ਪੰਨਾ ਨμ.1) ਇਸ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਸਦਾ ਕਾਇਮ ਰਹੇਗੀ । ਸਿੱਖ ਕੌਮ ਨੂੰ ਕਦੇ ਵੀ ਕੋਈ ਗੁਮਰਾਹ ਨਹੀਂ ਕਰ ਸਕੇਗਾ । ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਹੋਵੇਗੀ ਅਤੇ ਇਸ ਵਿੱਚ ਹੀ ਸਰਬੱਤ ਦਾ ਭਲਾ ਹੋਵੇਗਾ ।
ਸਤਿਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਸੰਪੂਰਨਤਾ ਦਿਵਸ ਤੇ ਸਿੱਖ ਕੌਮ ਨੂੰ ‘ਤੋਹਫ਼ਾ’
ਤਿੰਨਾ ਗ੍ਰੰਥ ਦਾ ਧਿਆਨ ਧਰ ਕੇ ਬੋਲੋ ਜੀ ! ਵਾਹਿਗੁਰੂ
ਅਰੰਭਕ ਬੇਨਤੀ ਕਿ ਗੁਰਮਤਿ ਦੇ ਉਲਟ ਗੱਲ ਨੂੰ ‘ਤੋਹਫਾ’ ਕਿਉਂ ਲਿਖਿਆ ? ਤੋਹਫਾ ਉਹ ਚੀਜ ਹੁੰਦੀ ਹੈ ਜਿਸ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਜਾਂਦਾ ਹੈ । ਸਿੱਖ ਕੌਮ ਵੀ ਗੁਰਮਤਿ ਦੇ ਉਲਟ ਗੱਲਾਂ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਰਹੀ ਹੈ । ਇਸ ਲਈ ‘ਤੋਹਫਾ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ ।
‘ਸਿੱਖ ਰਹਿਤ ਮਰਯਾਦਾ’ ਮੁਤਾਬਿਕ ਗੁਰਮਤਿ ਦੀ ਗੱਲ ਇਹ ਸੀ : - ਪੰਨਾ 13 (ਹ)
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ । ਪਰ ਇਸ ਪੰਥਕ ਫੈਸਲੇ ਦੇ ਉਲਟ ‘ਦਸਮ ਗ੍ਰੰਥ’ ਦਾ ਗੁਰੂ ਗਰੰਥ ਸਾਹਿਬ ਵਾਂਗ ਪ੍ਰਕਾਸ਼ ਹੋ ਰਿਹਾ ਹੈ । ਇਸ ਤੋਂ ਅੱਗੇ ਹੁਣ ‘ਦਸਮ ਗ੍ਰੰਥ’ ਨਾਲ ਗੁਰੂ ਸ਼ਬਦ ਦੀ ਵਰਤੋਂ ਵੀ ਹੋ ਰਹੀ ਹੈ । ਇਹ ਸਭ ਕੁਝ ਗੁਰਮਤਿ ਦੇ ਉਲਟ ਹੈ ਅਤੇ ਸਿੱਖ ਕੌਮ ਖੁਸ਼ੀ ਖੁਸ਼ੀ ਇਸ ਨੂੰ ਪ੍ਰਵਾਨ ਕਰ ਰਹੀ ਹੈ ।
ਇਸ ਤੋਂ ਅੱਗੇ ‘ਸਿੱਖ ਰਹਿਤ ਮਰਯਾਦਾ’ ਵਿੱਚ ਸਫਾ 10 ਤੇ ਅਰਦਾਸ ਵਿੱਚ ਲਿਖਿਆ ਹੈ : -
“ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ” ਪਰ ਖਾਲਸਾ ਪੰਥ ਦੇ ਇਸ ਫੈਸਲੇ ਦੇ ਉਲਟ ਪੰਜਾਬ ਦੀ ਧਰਤੀ ਤੇ ਅਰਦਾਸਾਂ ਹੋ ਰਹੀਆਂ ਹਨ । ਤਿੰਨਾਂ ਗ੍ਰੰਥ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ” ਆਸ ਹੈ ਕਿ ਗੁਰਮਤਿ ਦੇ ਉਲਟ ਹੋ ਰਹੀਆਂ ਇਨ੍ਹਾਂ ਅਰਦਾਸਾਂ ਨੂੰ ਵੀ ਸਿੱਖ ਕੌਮ ਇਕ ਸ਼ਾਨਦਾਰ ਤੋਹਫ਼ੇ ਵਾਂਗ ਉਸ ਤਰ੍ਹਾਂ ਹੀ ਪ੍ਰਵਾਨ ਕਰ ਲਵੇਗੀ । ਜਿਵੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਂਗ “ਦਸਮ ਗ੍ਰੰਥ” ਦਾ ਪ੍ਰਕਾਸ਼ ਅਤੇ ਦਸਮ ਗ੍ਰੰਥ ਨਾਲ ਗੁਰੂ ਸ਼ਬਦ ਦਾ ਲੱਗਣਾ ਪੰਥ ਨੇ ਚੁੱਪ ਕਰਕੇ ਪ੍ਰਵਾਨ ਕਰ ਲਿਆ ਹੈ ਪਰ ਦੁਨੀਆਂ ਨੂੰ ਦਿਖਾਉਣ ਲਈ ਸਿੱਖ ਕੌਮ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ 30 ਅਗਸਤ 2006 ਨੂੰ ਆ ਰਿਹਾ 300 ਸਾਲਾ ਸੰਪੂਰਨਤਾ ਦਿਵਸ ਵੀ ਬੜੀ ਧੂਮ-ਧਾਮ ਨਾਲ ਮਨਾਵੇਗੀ ।
ਉਪਰੋਕਤ ਘਟਨਾਵਾਂ ਮੂੰਹੋਂ ਬੋਲਦੀਆਂ ਹਨ ਕਿ ਸਾਡਾ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਭਰੋਸਾ ਨਹੀਂ ।
ਜਿਤਨਾ ਸਮਾਂ ਕਿਸੇ ਗ੍ਰੰਥ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਣ ਦਾ ਆਧਾਰ ਕਾਇਮ ਹੈ ਉਤਨਾ ਸਮਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਅਤੇ ਸਰਬ ਉੱਚ ਦਾ ਸ਼ੱਕ ਬਣਿਆ ਰਹੇਗਾ । ਜਦ ਦੋ ਗ੍ਰੰਥ ਇੱਕ ਦੂਜੇ ਦੇ ਬਰਾਬਰ ਪ੍ਰਕਾਸ਼ ਹੋਣ ਤਾਂ ਫਿਰ ਉੱਚੇ ਨੀਂਵੇ ਦਾ ਫਰਕ ਹੀ ਖ਼ਤਮ ਹੋਇਆ । ਕਿਸ ਨੂੰ ਸੰਪੂਰਨਤ ਤੇ ਸਰਬ ਉੱਚ ਕਹਾਂਗੇ । ਦਸਮ ਗੰ੍ਰਥ ਦੀਆਂ ਤਿੰਨ ਬਾਣੀਆਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਜਾਂਦੀਆਂ ਹਨ, ਜਿਸ ਆਧਾਰ ਤੇ ਇਸ ਨੂੰ ਪ੍ਰਕਾਸ਼ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਦੇ ਹਨ । ਇਸੇ ਆਧਾਰ ਤੇ ਹੀ ਦਸਮ ਗ੍ਰੰਥ ਨਾਲ ਸ਼ਬਦ ‘ਗੁਰੂ’ ਲੱਗਣਾ ਹੀ ਪ੍ਰਚੱਲਤ ਹੋ ਗਿਆ ਅਤੇ ਇਸੇ ਆਧਾਰ ਤੇ ਹੁਣ ਦਸਮ ਗ੍ਰੰਥ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ! ਅਰਦਾਸ ਵਿੱਚ ਕਹਿਆ ਜਾਣ ਲੱਗ ਪਿਆ ਹੈ । ਰਹੀ ਗੱਲ ਸਰਬ ਲੋਹ ਗ੍ਰੰਥ ਦੀ, ਉਸ ਗ੍ਰੰਥ ਦਾ ਭਾਵੇਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਹੋਣ ਦਾ ਆਧਾਰ ਕੋਈ ਨਹੀਂ ਪਰ ਦਾਲ ਤੋਂ ਦਲੀਆ ਤਾਂ ਬਣ ਹੀ ਜਾਂਦਾ ਹੈ । ਜੇਕਰ ਸਿੱਖ ਦੀ ਸੁਰਤ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਦੁਆਲੇ ਘੁੰਮਦੀ ਹੈ ਤਾਂ ਮਨ ਇੱਕ ਸਾਬਤ ਬੀਜ ਵਾਂਗ ਹੈ ਜੋ ਹੋਰ ਬੀਜਾਂ ਨੂੰ ਜਨਮ ਦੇਣ ਦੇ ਸਮਰੱਥ ਹੈ । ਜੇ ਦੋ ਗ੍ਰੰਥਾਂ ਵਲ ਧਿਆਨ ਗਿਆ ਤਾਂ ਮਨ ਦੇ ਦੋ ਟੋਟੇ ਭਾਵ ਬੀਜ ਦਾਲ ਬਣ ਗਿਆ ਇਸ ਤਰ੍ਹਾਂ ਜਿਉਂ ਜਿਉਂ ਗ੍ਰੰਥਾਂ ਦੀ ਗਿਣਤੀ ਵਧਦੀ ਜਾਵੇਗੀ, ਮਨ ਦਾ ਖਿੰਡਾਓ ਵਧਦਾ ਜਾਵੇਗਾ ਅਤੇ ਧਾਰਮਿਕ ਜੀਵਨ ਵਿੱਚ ਕੁੱਝ ਵੀ ਪ੍ਰਾਪਤੀ ਨਹੀਂ ਹੋਵੇਗੀ । ਲੰਮੇ ਤੋਂ ਲੰਮਾ ਸਫ਼ਰ ਮੰਜਿ਼ਲ ਨਹੀਂ ਦੇਵੇਗਾ । ਥਕਾਵਟ ਹੀ ਦੇਵੇਗਾ । ਇੱਕ ਤੇ ਭਰੋਸੇ ਵਿੱਚ ਹੀ ਪ੍ਰਾਪਤੀ ਹੈ ਅਤੇ ਉਹ ਹੈ ਸਤਿਗੁਰੂ ਗ੍ਰੰਥ ਸਾਹਿਬ । ਇਸ ਲਈ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾਂ ਸੰਪੂਰਨਤਾ ਦਿਵਸ ਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਭਾਵਨਾ ਨੂੰ ਸਮਝੀਏ ਜਿਸ ਦੇ ਮੁਤਾਬਿਕ ਉਨ੍ਹਾਂ ਜਤੀ ਜੋਤਿ ਸਮਾਉਣ ਤੋਂ ਪਹਿਲਾਂ ਸਾਨੂੰ ਕੇਵਲ ਅਤੇ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਜਿਨ੍ਹਾਂ ਦਾ ਪਾਵਨ ਫੁਰਮਾਨ ਹੈ : -
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥2॥ (ਪੰਨਾ ਗੁਰੂ ਗ੍ਰੰਥ ਸਾਹਿਬ 590)
ਭਾਵ ਮੈਂ ਉਸ ਰੀਤ ਨੂੰ ਅੱਗ ਲਾਉਂਦਾ ਹਾਂ, ਜਿਸ ਦੇ ਕਾਰਨ ਮੈਨੂੰ ਮੇਰਾ ਪਿਆਰਾ ਭੁੱਲਦਾ ਹੈ । ਸੋ ਜਿਹੜੀ ਰੀਤ ਨਾਲ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਦੀ ਯਾਦ ਆਉਂਦੀ ਹੈ, ਉਹ ਸਤਿਗੁਰੂ ਗ੍ਰੰਥ ਸਾਹਿਬ ਦੀ ਯਾਦ ਨੂੰ ਘਟਾਉਂਦੀ ਹੈ ਅਤੇ ਭੁਲਾਉਣ ਵੱਲ ਪਹਿਲਾ ਕਦਮ ਹੈ । ਸਾਵਧਾਨ ਹੋਈਏ ! ਰੀਤ ਪਿਆਰੀ ਹੈ ਕਿ ਗੁਰੂ ?
ਸਭ ਤੇ ਵਡ ਸਮਰਥ ਗੁਰਦੇਵ (ਪੰਨਾ ਗੁਰੂ ਗ੍ਰੰਥ ਸਾਹਿਬ 1192)
ਸਤਿਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ (30 ਅਗਸਤ 2006)
ਖਾਲਸਾ ਪੰਥ ਵਲੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ ਬੜੇ ਚਾਓ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਸੰਪੂਰਨਤਾ ਦੇ ਦੋ ਪੱਖ ਹਨ । ਸਰੂਪ ਦੀ ਸੰਪੂਰਨਤਾ ਅਤੇ ਗਿਆਨ ਦੀ ਸੰਪੂਰਨਤਾ । ਸਰੂਪ ਦੀ ਸੰਪੂਰਨਤਾ ਤੋਂ ਭਾਵ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਜਿਤਨੀ ਬਾਣੀ ਦਰਜ ਹੋ ਚੁੱਕੀ ਹੈ ਇਸ ਤੋਂ ਵੱਧ ਹੋਰ ਬਾਣੀ ਦਰਜ ਨਹੀਂ ਹੋ ਸਕਦੀ । ਧੁਰ ਕੀ ਬਾਣੀ ਪੂਰੀ ਦੀ ਪੂਰੀ ਦਰਜ ਹੋ ਚੁੱਕੀ ਹੈ ਅਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਪੂਰਨ ਹਨ । ਗਿਆਨ ਦੇ ਪੱਖ ਤੋਂ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹਨ, ਭਾਵ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਰੋਸ਼ਨੀ ਵਿੱਚ ਹੋਰ ਕੋਈ ਅਗਿਆਨਤਾ ਦਾ ਅੰਧੇਰਾ ਰਹਿੰਦਾ ਹੀ ਨਹੀਂ ਜਿਸ ਨੂੰ ਦੂਰ ਕਰਨ ਲਈ ਸਿੱਖ ਨੂੰ ਕਿਸੇ ਹੋਰ ਦਾ ਮੁਥਾਜ ਹੋਣਾ ਪਵੇ । ਸਤਿਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰੱਥ ਅਤੇ ਸੰਪੂਰਨ ਹਨ ।‘ਸਿੱਖ ਰਹਿਤ ਮਰਯਾਦਾ’ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨੂੰ ਸਪੱਸ਼ਟ ਕਰਦੇ ਕੁੱਝ ਫੈਸਲੇ ਹਨ, ਜਿਹਨਾਂ ਬਾਰੇ ਸੰਖੇਪ ਵੀਚਾਰ ਸਾਂਝੀ ਕਰਦੇ ਹਾਂ ।

(ਹ) ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ । ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ । ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ ।’
‘ਸਿੱਖ ਰਹਿਤ ਮਰਯਾਦਾ – (ਗੁਰਦੁਆਰੇ-ਸਫਾ 13)’
ਇਸ ਫੈਸਲੇ ਦੀ ਰੋਸ਼ਨੀ ਵਿੱਚ ਵੀਚਾਰਿਆ ਜਾਵੇ ਕਿ ਕਿਹੜੀ ਕਿਹੜੀ ਥਾਂ ਤੇ ਸਤਿਗੁਰੂ ਗ੍ਰੰਥ ਦੇ ਤੁੱਲ ਕਿਸੇ ਹੋਰ ਪੁਸਤਕ ਨੂੰ ਅਸਥਾਪਨ ਕੀਤਾ ਜਾ ਰਿਹਾ ਹੈ । ਭਾਵ ਕਿ ਚਵਰ, ਛਤਰ ਤੇ ਤਖ਼ਤ ਦੇ ਮਾਲਕ ਕੇਵਲ ਸਤਿਗੁਰੂ ਗ੍ਰੰਥ ਸਹਿਬ ਜੀ ਹਨ । ਜਿੱਥੇ ਵੀ ਸਤਿਗੁਰੂ ਗ੍ਰੰਥ ਸਹਿਬ ਜੀ ਤੋਂ ਬਿਨਾਂ ਕਿਸੇ ਹੋਰ ਪੁਸਤਕ ਨੂੰ ਸਤਿਗੁਰੂ ਗ੍ਰੰਥ ਸਹਿਬ ਵਾਂਗ ਤਖ਼ਤ ਤੇ ਪ੍ਰਕਾਸ਼ ਕੀਤਾ ਜਾਂਦਾ ਹੈ, ਉਪਰ ਚੰਦੋਆ ਤਣਿਆ ਜਾਂਦਾ ਹੈ ਅਤੇ ਚਓਰ ਝੁਲਾਇਆ ਜਾਂਦਾ ਹੈ । ਉੱਥੋ ਦੇ ਪ੍ਰਬੰਧਕਾਂ ਨੂੰ ਪਿਆਰ ਸਤਿਕਾਰ ਨਾਲ ਬੇਨਤੀ ਕੀਤੀ ਜਾਵੇ ਕਿ ਚਵਰ, ਛਤਰ ਤੇ ਤਖ਼ਤ ਦੇ ਮਾਲਕ ਕੇਵਲ ਸਤਿਗੁਰੂ ਗ੍ਰੰਥ ਸਹਿਬ ਜੀ ਹਨ । ਇਸ ਲਈ ਸਿਰਫ਼ ਸਤਿਗੁਰੂ ਗ੍ਰੰਥ ਸਹਿਬ ਜੀ ਨੂੰ ਹੀ ਤਖ਼ਤ ਤੇ ਪ੍ਰਕਾਸ਼ ਵੇਲੇ ਚਓਰ ਝੁਲਾਇਆ ਜਾਵੇ । ਕਿਸੇ ਅਸਥਾਨ ਦੀ ਭਾਵੇਂ ਕਿਤਨੀ ਵੀ ਇਤਿਹਾਸਕ ਮਹੱਤਤਾ ਕਿਉਂ ਨਾ ਹੋਵੇ । ਸਤਿਗੁਰੂ ਗ੍ਰੰਥ ਸਹਿਬ ਜੀ ਵਾਂਗ ਉੱਥੇ ਕਿਸੇ ਵੀ ਹੋਰ ਪੁਸਤਕ ਦਾ ਪ੍ਰਕਾਸ਼ ਨਾ ਕੀਤਾ ਜਾਵੇ, ਤਾਂ ਕਿ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਵਾਲੀ ਸੰਗਤ ਨੂੰ ਕੋਈ ਭੁਲੇਖਾ ਨਾ ਪਵੇ ਅਤੇ ਨਤੀਜੇ ਵਜੋਂ ਦੁਬਿਧਾ ਚੱਲ ਪਵੇ ਕਿ ਸੰਪੂਰਨ ਗੁਰੂ ਕਿਹੜਾ ਹੈ ? ਕੇਵਲ ਸਤਿਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ ।
(ਸ) ‘ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ, ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ । ਸ਼ਬਦ ਦੀ ਤੁੱਕ ਹੀ ਧਾਰਨਾ ਬਣਾਈ ਜਾਵੇ ।
‘ਸਿੱਖ ਰਹਿਤ ਮਰਯਾਦਾ – (ਗੁਰਦੁਆਰੇ-ਸਫਾ 13)’
ਇਸ ਫੈਸਲੇ ਤੇ ਅਮਲ ਹੋਣ ਵਿੱਚ ਬੁਹਤ ਧਿੱਲ ਹੈ । ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਪੂਰੇ ਜ਼ੋਰਾਂ ਤੇ ਹੈ । ਜੋ ਕਿ ਸੱਚੀ ਬਾਣੀ ਦਾ ਘੋਰ ਨਿਰਾਦਰ ਹੈ ਅਤੇ ਉਹ ਵੀ ਸਤਿਗੁਰੂ ਗ੍ਰੰਥ ਸਾਹਿਬ ਸੱਚੀ ਬਾਣੀ ਦੇ ਬੋਹਿਥ ਦੀ ਹਜ਼ੂਰੀ ਵਿੱਚ ।
ਇਸ ਦੇ ਸਬੰਧ ਬੇਨਤੀ ਹੈ ਕਿ ਇਸ ਢਿੱਲ ਜਾਂ ਕੁਰੀਤੀ ਨੂੰ ਦੂਰ ਕਰਨ ਲਈ ਸਤਿਗੁਰੂ ਦੀ ਸੱਚੀ ਬਾਣੀ ਦਾ ਹੀ ਸਹਾਰਾ ਲਿਆ ਜਾਵੇ । ਸੰਪੂਰਨ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ‘ਅਨੰਦੁ’ 40 ਪੌੜੀਆਂ ਹਨ । ਸੰਪੂਰਨ ਅਨੰਦੁ ਵਿੱਚ ਧੁਰ ਕੀ ਬਾਣੀ ਦਾ ਫੁਰਮਾਨ ਹੈ : -
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥…23॥ ਅਤੇ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥……24॥ (ਪੰਨਾ ਗੁਰੂ ਗ੍ਰੰਥ ਸਾਹਿਬ 920)
ਧੁਰ ਕੀ ਬਾਣੀ ਦਾ ਇਹ ਉਪਦੇਸ਼ ਸੰਗਤ ਨੂੰ ਬਾਰ ਬਾਰ ਸੁਣਾਉਣ ਲਈ ਕੋਈ ਉਚੇਚਾ ਯਤਨ ਕਰਨ ਦੀ ਵੀ ਲੋੜ ਨਹੀਂ, ਕਿਉਂ ਕਿ ਹਰੇਕ ਧਾਰਮਿਕ ਸਮਾਗਮ ਦੌਰਾਨ ਅਨੰਦੁ ਸਾਹਿਬ ਪੜ੍ਹਨ ਦੀ ਪ੍ਰੰਪਰਾ ਪਹਿਲਾਂ ਹੀ ਪੰਥ ਵਿੱਚ ਪ੍ਰਚੱਲਤ ਹੈ ਲੋੜ ਸਿਰਫ ਇਤਨੀ ਹੈ ਕਿ ਸੰਪੂਰਨ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੰਪੂਰਨ ਅਨੰਦੁ ਸਾਹਿਬ ਨੂੰ ਪ੍ਰਵਾਨ ਕੀਤਾ ਜਾਵੇ । ਸਤਿਗੁਰ ਦੇ ਹੁਕਮ ਨੂੰ ਸਤਿ ਸਤਿ ਕਰਕੇ ਮੰਨਿਆ ਜਾਵੇ, ਅਪਣੀਆਂ ਦਲੀਲਾਂ ਦੇ ਘੋੜੇ ਨਾਂ ਦੌੜਾਏ ਜਾਣ । ਅਨੰਦੁ ਸਹਿਬ ਦਾ ਧੁਰੋਂ ਆਇਆ ਰੂਪ 40 ਪੌੜੀਆਂ ਬਿਨਾਂ ਕਿਸੇ ਹੀ ਹੌਲ ਹੁਜਤ ਦੇ ਪੜ੍ਹਿਆ ਜਾਵੇ ਬਜਾਏ ਇਸ ਦੇ ਕਿ ਪੰਜ ਪੌੜੀਆਂ ਤੋਂ ਬਾਦ ਛੇਵੀਂ ਪੌੜੀ ਪੜ੍ਹ ਕੇ ਰਸਮ ਪੂਰੀ ਕੀਤੀ ਜਾਵੇ । ਧੁਰ ਕੀ ਬਾਣੀ ਰਸਮ ਪੂਰਤੀ ਲਈ ਨਹੀਂ, ਸਾਡੇ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਨ ਲਈ ਹੈ । ਹਰੇਕ ਧਾਰਮਿਕ ਸਮਾਗਮ ਦੌਰਾਨ ਕੜਾਹ ਪ੍ਰਸਾਦਿ ਦੀ ਦੇਗ ਸਤਿਗੁਰ ਦੀ ਹਜ਼ੂਰੀ ਵਿੱਚ ਲਿਆਈ ਜਾਂਦੀ ਹੈ । ਅਖੰਡ ਪਾਠ ਜਾਂ ਸਹਿਜ ਪਾਠ ਅਰੰਭ ਹੋਵੇ ਜਾਂ ਭੋਗ ਪਵੇ । ਅਨੰਦ ਕਾਰਜ ਜਾਂ ਹੋਰ ਕੋਈ ਖੁਸ਼ੀ ਗ਼ਮੀ ਸਬੰਧੀ ਸਮਾਗਮ ਹੋਵੇ ਹਰੇਕ ਸਮਾਗਮ ਦੀ ਸਮਾਪਤੀ ਤੇ ਅਨੰਦੁ

ਸਾਹਿਬ ਪੜ੍ਹਿਆ ਜਾਂਦਾ ਹੈ । ਜੇਕਰ ਅਧੂਰੇ ਅਨੰਦੁ ਸਾਹਿਬ ਦੀ ਥਾਂ ਪੂਰਾ ਅਨੰਦੁ ਸਾਹਿਬ ਪੜ੍ਹਿਆ ਜਾਵੇ ਤਾਂ ਸੰਗਤ ਬਾਰ ਬਾਰ ਸਤਿਗੁਰ ਜੀ ਦਾ ਇਹ ਹੁਕਮ ਸਰਵਣ ਕਰੇਗੀ : -
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥…23॥ ਅਤੇ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥……24॥ (ਪੰਨਾ ਗੁਰੂ ਗ੍ਰੰਥ ਸਾਹਿਬ 920)

ਤਾਂ ਸਤਿਗੁਰ ਦੀ ਕਲਾ ਵਰਤੇਗੀ । ਸੰਗਤ ਸੱਚੀ ਬਾਣੀ ਨਾਲ ਜੁੜੇਗੀ, ਕੱਚੀ ਬਾਣੀ ਤੋਂ ਕੱਚੀ ਬਾਣੀ ਪੜ੍ਹਨ ਵਾਲਿਆਂ ਤੋਂ ਟੁੱਟੇਗੀ । ਇਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਮੁਤਾਬਿਕ ਸਾਡੇ ਨਿੱਤਨੇਮ ਦੀਆਂ ਬਾਣੀਆਂ ਵਿੱਚ ਵੀ ਅਨੰਦੁ ਸਾਹਿਬ ਸ਼ਾਮਿਲ ਹੈ, ਲੋੜ ਹੈ ਸਿਰਫ਼ ਸੰਪੂਰਨ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਆਏ ਸੰਪੂਰਨ ‘ਅਨੰਦੁ’ (40 ਪੌੜੀਆਂ) ਨੂੰ ਪ੍ਰਵਾਨ ਕਰਨ ਦੀ ਹੈ ।
(ੲ) ‘ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਸਮੇਂ ਕੁੰਭ, ਜੋਤ, ਨਲੀਏਰ (ਨਾਰੀਅਲ) ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ।’ (ਸਿੱਖ ਰਹਿਤ ਮਰਯਾਦਾ–ਸਫਾ 13)
ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਹੋ ਰਿਹਾ ਹੋਵੇ ਉੱਥੇ ਕੁੰਭ, ਜੋਤ ਅਤੇ ਨਲੀਏਰ ਆਦਿ ਰੱਖਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹੋ ਰਹੇ ਅਖੰਡ ਪਾਠ ਵਿੱਚ ਕੁੱਝ ਅਧੂਰਾ-ਪਣ ਹੈ ਜਿਸ ਨੂੰ ਪੂਰਾ ਕਰਨ ਵਾਸਤੇ ਕੁੰਭ, ਜੋਤ ਅਤੇ ਨਲੀਏਰ ਆਦਿ ਰੱਖੇ ਜਾਂਦੇ ਹਨ । ਸਤਿਗੁਰ ਦੀ ਬਾਣੀ ਦੇ ਪੂਰੀ ਹੋਣ ਤੇ ਸ਼ੱਕ ਹੈ । ਪੂਰੇ ਗੁਰੂ ਦੀ ਬਾਣੀ ਦਾ ਪ੍ਰਵਾਹ ਚੱਲਦਿਆਂ ਵੀ ਕੋਈ ਘਾਟ ਮਹਿਸੂਸ ਹੋ ਰਹੀ ਹੈ ਜਿਸ ਕਰਕੇ ਉਸ ਘਾਟ ਨੂੰ ਪੂਰਿਆਂ ਕਰਨ ਲਈ ਉਪਰੋਕਤ ਚੀਜਾਂ ਕੁੰਭ, ਜੋਤ ਅਤੇ ਨਲੀਏਰ ਆਦਿ ਰੱਖੇ ਜਾਂਦੇ ਹਨ । ਇਸ ਤਰ੍ਹਾਂ ਇਹ ਸਿੱਖ ਰਹਿਤ ਮਰਯਾਦਾ ਵਿੱਚ ਲਏ ਪੰਥਕ ਫੈਸਲੇ ਦਾ ਉਲੰਘਣ ਹੈ ।
ਇਸੇ ਤਰ੍ਹਾਂ ਅਖੰਡ ਪਾਠ ਜਾਂ ਹੋਰ ਕਿਸੀ ਤਰ੍ਹਾਂ ਦੇ ਪਾਠ ਦੇ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਵੀ ਇਸੇ ਸੋਚ ਦਾ ਪ੍ਰਤੀਕ ਹੈ ਕਿ ਜੇਕਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਦੇ ਨਾਲ ਨਾਲ ਜਾਂ ਵਿੱਚ ਵਿੱਚ ਹੋਰ ਬਾਣੀ ਨਾਂ ਪੜ੍ਹੀ ਗਈ ਤਾਂ ਪਾਠ ਅਧੂਰਾ ਰਹਿ ਜਾਵੇਗਾ, ਉਸ ਘਾਟ ਨੂੰ ਪੂਰਾ ਕਰਨ ਲਈ ਹੋਰ ਬਾਣੀ ਪੜ੍ਹੀ ਜਾਂਦੀ ਹੈ । ਜਿਵੇਂ ਕਿ ਅਖੰਡ ਪਾਠ ਦੇ ਨਾਲ ਨਾਲ ਜਪੁ ਦੀ ਦਾ ਪਾਠ ਕੀਤਾ ਜਾਂਦਾ ਹੈ ਜਾਂ ਸੰਪਟ ਪਾਠ ਵਿੱਚ ਵਿੱਚ ਕੋਈ ਹੋਰ ਬਾਣੀ ਪੜ੍ਹੀ ਜਾਂਦੀ ਹੈ । ਇਨ੍ਹਾਂ ਸਾਰੀਆਂ ਗੱਲਾਂ ਦਾ ਇਕ ਹੀ ਭਾਵ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਭਰੋਸਾ ਨਹੀਂ । ਕੁਦਰਤੀ ਤੌਰ ਤੇ ਵੀ ਇੱਕ ਥਾਂ ਤੇ ਇਕ ਹੀ ਸਮੇਂ ਦੋ ਵਿਅਕਤੀ ਬੋਲਦੇ ਹੋਣ ਤਾਂ ਕਿਸੇ ਦੀ ਕੋਈ ਵੀ ਗੱਲ ਕਿਸੇ ਨੂੰ ਸਮਝ ਨਹੀਂ ਆ ਸਕਦੀ, ਭਾਵੇਂ ਗੱਲਾਂ ਬਹੁਤ ਚੰਗੀਆਂ ਕਰਦੇ ਹੋਣ । ਜੇ ਕੋਈ ਕਹੇ ਜਪੁ ਜੀ ਸਾਹਿਬ ਦਾ ਪਾਠ ਕਰਨ ਵਾਲਾ ਮੂੰਹ ਵਿੱਚ ਹੌਲੀਂ ਹੌਲੀਂ ਪਾਠ ਕਰ ਸਕਦਾ ਹੈ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਹੌਲੀਂ ਹੌਲੀਂ ਮੂੰਹ ਵਿੱਚ ਪਾਠ ਕਰਨ ਵਾਲੇ ਦਾ ਧਿਆਨ ਆਪਣੇ ਕੀਤੇ ਜਾ ਰਹੇ ਪਾਠ ਵੱਲ ਹੋਵੇਗਾ ਜਾਂ ਲਾਗੇ ਹੋ ਰਹੇ ਅਖੰਡ ਪਾਠ ਵੱਲ , ਕਿਉਂ ਕਿ ਕੁਦਰਤੀ ਤੌਰ ਤੇ ਪੂਰਾ ਧਿਆਨ ਇਕ ਹੀ ਸਮੇਂ ਤਾਂ ਇੱਕ ਹੀ ਪਾਸੇ ਹੋ ਸਕਦਾ ਹੈ । ਇਸ ਲਈ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਉਂਦੇ ਇਹ ਪ੍ਰਣ ਕਰੀਏ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹਨ । ਇਸ ਲਈ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਸਮੇਂ ਕੁੰਭ, ਜੋਤ ਅਤੇ ਨਲੀਏਰ ਆਦਿ ਨਹੀਂ ਰੱਖਣਾ ਅਤੇ ਨਾਂ ਹੀ ਨਾਲ ਨਾਲ ਜਾਂ ਵਿੱਚ ਵਿੱਚ ਹੋਰ ਬਾਣੀ ਦਾ ਪਾਠ ਕਰਨਾ ਹੈ ।
ਆਮ ਜਾਣਕਾਰੀ ਪ੍ਰਾਪਤ ਕਰਨ ਲਈ ਸਿੱਖ ਕੋਈ ਵੀ ਗ੍ਰੰਥ ਜਾਂ ਪੁਸਤਕ ਪੜ੍ਹ ਸਕਦਾ ਹੈ ਪਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਸਦਾ ਲਈ ਕਾਇਮ ਰੱਖਣਾ ਖਾਲਸਾ ਪੰਥ ਦਾ ਪ੍ਰਮੁੱਖ ਫਰਜ਼ ਹੈ । ਕਿਉਂ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਹੈ । ਇਸ ਲਈ ਪੰਥਕ ਫੈਸਲੇ ਮੁਤਾਬਿਕ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਤਖ਼ਤ ਤੇ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਪਰ ਚੰਦੋਆ ਸਾਣਿਆ ਜਾਂਦਾ ਹੈ ਅਤੇ ਪ੍ਰਕਾਸ਼ ਵੇਲੇ ਚਓਰ ਝੁਲਾਇਆ ਜਾਂਦਾ ਹੈ । ਇਹ ਸਤਿਕਾਰ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਲਈ ਹੈ ।
ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ‘ਦਸਮ ਗ੍ਰੰਥ’ ਜਿਸ ਦਾ ਪਹਿਲਾ ਨਾਂ ‘ਬਚਿੱਤਰ ਨਾਟਕ’ ਸੀ ਬਾਦ ਵਿੱਚ ‘ਦਸਵੇਂ ਪਾਤਸ਼ਾਹ ਦਾ ਗ੍ਰੰਥ’ ਅਤੇ ਫਿਰ ਦਸਮ ਗ੍ਰੰਥ ਪ੍ਰਚੱਲਤ ਹੋ ਗਿਆ । ਪਰ ਹੁਣ ਲੁਕਵੇਂ ਢੰਗ ਨਾਲ ‘ਦਸਮ ਗ੍ਰੰਥ’ ਦੇ ਨਾਮ ਨਾਲ ‘ਗੁਰੂ’ ਸ਼ਬਦ ਵੀ ਲੱਗਣ ਲੱਗ ਪਿਆ ਹੈ । ਲਖਨਊ ਇੱਕ ਭਵਨ ਬਾਣੀ ਟ੍ਰੱਸਟ ਹੈ ਜਿਸ ਨੇ ‘ਦਸਮ ਗ੍ਰੰਥ’ ਹਿੰਦੀ ਵਿੱਚ ਛਾਪਿਆ ਹੈ । ਬਾਹਰ ‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ’ ਲਿਖਿਆ ਹੈ । ‘ਦਸਮ ਗ੍ਰੰਥ’ ਦਾ ਆਕਾਰ ਵੀ (1428 ਪੰਨੇ) ਤਕਰੀਬਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ (1430 ਪੰਨੇ) ਜਿਤਨਾ ਹੀ ਹੈ ਅਤੇ ਕੁੱਝ ਥਾਵਾਂ ਤੇ ਪ੍ਰਕਾਸ਼ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਕੀਤਾ ਜਾਂਦਾ ਹੈ । ਜਦੋਂ ਗੁਰੂ ਕੀ ਸੰਗਤ ਉਨ੍ਹਾਂ ਥਾਵਾਂ ਤੇ ਜਾਂਦੀ ਹੈ ਤਾਂ ਮੱਥਾ ਵੀ ਟੇਕਦੀ ਹੈ ਕਿਉਂ ਕਿ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਂਗ ਹੀ ਕੀਤਾ ਹੁੰਦਾ ਹੈ । ਜਦੋਂ ਇਹ ਪ੍ਰੰਪਰਾ ਆਮ ਪ੍ਰਚੱਲਤ ਹੋ ਗਈ ਤਾਂ ਦੁਬਿਧਾ ਖੜੀ ਹੋ ਜਾਵੇਗੀ ਕਿ ਸੰਪੂਰਨ ਅਤੇ ਸਰਬ ਉੱਚ ਗ੍ਰੰਥ ਕਿਹੜਾ ਹੈ ? ਇਸ ਕੋਝੀ ਚਾਲ ਨੂੰ ਸਮਝਿਆ ਜਾਵੇ । ਦੁਬਿਧਾ ਤੋਂ ਬਚਣ ਲਈ ਅਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਤੇ ਸੰਪੂਰਨਤਾ ਨੂੰ ਸਦਾ ਸਦਾ ਲਈ ਕਾਇਮ ਰੱਖਣ ਲਈ ਯੋਗ ਉਪਰਾਲਾ ਕੀਤਾ ਜਾਵੇ ।
ਜਿਨ੍ਹਾਂ ਥਾਵਾਂ ਤੇ ‘ਦਸਮ ਗ੍ਰੰਥ’ ਦਾ ਸਤਿਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਕੀਤਾ ਜਾਂਦਾ ਹੈ ਜੇਕਰ ਉੱਥੋਂ ਦੇ ਪ੍ਰਬੰਧਕਾਂ ਨੂੰ ਕਿਹਾ ਜਾਵੇ ਕਿ ਖਾਲਸਾ ਪੰਥ ਨੇ ਫੈਸਲਾ ਕੀਤਾ ਹੈ : -
(ਹ) ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ ।
‘ਸਿੱਖ ਰਹਿਤ ਮਰਯਾਦਾ – (ਗੁਰਦੁਆਰੇ-ਸਫਾ 13)’
ਫਿਰ ਤੁਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਵਾਂਗ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਿਉਂ ਕਰਦੇ ਹੋ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਅੰਮ੍ਰਿਤ ਤਿਆਰ ਕਰਨ ਸਮੇਂ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੇਵਲ ਦੋ ਬਾਣੀਆਂ (ਜਪੁ ਅਤੇ ਅਨੰਦੁ ਸਾਹਿਬ) ਹੀ ਪੜ੍ਹਦੇ ਹਨ ਪਰ ‘ਦਸਮ ਗ੍ਰੰਥ’ ਦੀਆਂ ਤਿੰਨ ਬਾਣੀਆਂ (ਜਾਪੁ ਸਾਹਿਬ, ਤ੍ਵ-ਪ੍ਰਸਾਦਿ ਸਵੈਈਏ ਅਤੇ ਬੇਨਤੀ ਚੌਪਈ ਪੜ੍ਹੀਆਂ ਜਾਂਦੀਆਂ ਹਨ ਫਿਰ ‘ਦਸਮ ਗ੍ਰੰਥ’ ਦਾ ਗੁਰੂ ਗ੍ਰੰਥ ਸਾਹਿਬ ਵਾਂਗ ਕਿਉਂ ਨਹੀ ਪ੍ਰਕਾਸ਼ ਕੀਤਾ ਜਾ ਸਕਦਾ ।
ਇਕ ਵੀਰ ਜੋ ‘ਦਸਮ ਗ੍ਰੰਥ’ ਦਾ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਕਰਨ ਦੇ ਪੱਖ ਵਿੱਚ ਸੀ ਉਸ ਨੂੰ ਬੇਨਤੀ ਕੀਤੀ ਤਾਂ ਕਹਿਣ ਲੱਗਾ, ਤੁਸੀਂ ਦਸਮ ਗ੍ਰੰਥ ਦੀ ਸੰਥਿਆ ਕਰੋ ਤਾਂ ਤੁਹਾਨੂੰ ‘ਦਸਮ ਗ੍ਰੰਥ’ ਦੇ ਉਪਦੇਸ਼ ਦਾ ਪਤਾ ਲੱਗੇਗਾ । ਅਸੀਂ ਕਿਹਾ ਵੀਰ ਜੀ, ਇਹ ਬਹੁਤ ਚੰਗੀ ਗੱਲ ਹੈ ਤੁਸੀ ਸਾਨੂੰ ‘ਦਸਮ ਗ੍ਰੰਥ’ ਦੀ ਇਸ ਬਾਣੀ ਦੀ ਸੰਥਿਆ ਕਰਾਓ : -
ਭਗ ਸੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਸ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪ ਕੇ ਭਈ ॥25॥
ਗਹਿ ਗਹਿ ਤਿਹ ਕੋ ਗਰੇ ਲਗਾਵਾ ॥ ਆਸਨ ਸੌ ਆਨਹਿ ਛੁਹਾਵਾ ॥
ਅਬਰਨ ਸੌ ਦੋਊ ਅਦਰ ਲਗਾਈ ॥ ਦੁਹੂੰ ਕੁਚਨ ਸੌ ਕੁਚਨ ਮਿਲਾਈ ॥26॥ (ਦਸਮ ਗ੍ਰੰਥ ਪੰਨਾ-1358)
ਕੈ ਜੜ ਪ੍ਰਾਨਨ ਕੀ ਆਸਾ ਤਜ ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਦੈ ਕੈ ਮੋਰਿ ਭਗ ਬਿਖੈ ਲੰਡਾ ॥11॥ (ਦਸਮ ਗ੍ਰੰਥ ਪੰਨਾ-1267)
ਬਹੁ ਭਾਤ ਭਜੀ ॥ ਨਿਸ ਲੌ ਨ ਤਜੀ ॥
ਦੋਊ ਰੀਝ ਰਹੇ ॥ ਨਹਿ ਜਾਤ ਕਹੇ ॥30॥ (ਦਸਮ ਗ੍ਰੰਥ ਪੰਨਾ-616)
ਚਾਰ ਪ੍ਰਕਾਰ ਕੋ ਭੋਗ ਕੀਯੋ ਨਰ ਨਾਰ ਹੁਲਾਸ ਹੀਯੈ ਮੈ ਬਢੈ ਕੈ ॥
ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ ॥
ਬਾਤ ਕਹੀ ਅਨੂਰੁਧ ਕਛੂ ਮੁਸਕਾਇ ਤ੍ਰੀਆ ਸੰਗ ਨੈਨ ਨਚੈ ਕੈ ॥
ਜਿਉ ਹਮਰੀ ਤੁਮ ਹਇ ਰਹੀ ਸੁੰਦਰਿ ਤਿਉ ਹਮਹੂ ਤੁਮਰੇ ਰਹੇ ਹ੍ਵੈ ਕੈ ॥2205॥ (ਦਸਮ ਗ੍ਰੰਥ ਪੰਨਾ-533)

ਪ੍ਰੀਤ ਕਰੇ ਪ੍ਰਭੁ ਪਾਇਤ ਹੈ ਕਿਰਪਾਲ ਨ ਭਜਿਤ ਲਾਂਡ ਕਟਾਏ ॥100॥ (ਦਸਮ ਗ੍ਰੰਥ ਪੰਨਾ-46)
ਤਿਨ ਕੌ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਪਾਰਯੋ ॥
ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸੋਕ ਬਿਦਾ ਕਰ ਡਾਰਯੋ ॥
ਮਤਿ ਹੋ ਚਾਰੋ ਈ ਕੈਫਨ ਸੋ ਸੁਤ ਇੰਦ੍ਰ ਕੈ ਸੈ ਇਸ ਸਯਾਮ ਉਚਾਰਯੋ ॥
ਕਾਮ ਕੀਯੋ ਬ੍ਰਹਮਾ ਘਟਿ ਕਿਉ ਮਦਰਾ ਕੋ ਨ ਆਠਵੋ ਸਿੰਧ ਸਵਾਰਯੋ ॥2॥5॥ (ਦਸਮ ਗ੍ਰੰਥ ਪੰਨਾ-522)
ਕੁਝ ਮਿੰਟ ਉਹ ਵੀਰ ਇਸ ਰਚਨਾਂ ਨੂੰ ਮੂੰਹ ਵਿੱਚ ਹੀ ਪੜ੍ਹਦਾ ਰਿਹਾ, ਫਿਰ ਕੁੱਝ ਮਿੰਟਾਂ ਵਿੱਚ ਹੀ ਉਸ ਦੇ ਪਿਆਰ ਦਾ ਪਾਸਾ ਪਲਟ ਗਿਆ ਅਤੇ ਕਹਿਣ ਲੱਗਾ, ਛੱਡੋ ਇਨ੍ਹਾਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਸੁਣਨੀ ਚਾਹੀਦੀ ਹੈ । ਅਸੀਂ ਕਿਹਾ, ਕਿ ਅਸੀਂ ਵੀ ਇਹੋ ਬੇਨਤੀ ਕਰਦੇ ਹਾਂ, ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਹਨ । ਸਰਬਪੱਖੀ ਗਿਆਨ ਦੇ ਦਾਤੇ ਹਨ ਫਿਰ ਕਿਉਂ ਅਸੀਂ ਹੋਰ ਗ੍ਰੰਥ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਿਆਉਣ ਦੀ ਕੋਸਿ਼ਸ਼ ਕਰਕੇ ਦੁਬਿਧਾ ਖੜੀ ਕਰਦੇ ਹਾਂ । ਫਿਰ ਉਹ ਵੀਰ ਕੁੱਝ ਨਹੀਂ ਬੋਲਿਆ । ਕਹਿਣ ਦਾ ਭਾਵ ਕਿ ਕਈ ਵੀਰ ਸੋਝੀ ਹੀਣ ਸ਼ਰਧਾ ਦੇ ਕਾਰਨ ਹੀ ‘ਦਸਮ ਗ੍ਰੰਥ’ ਦੇ ਪੱਖ ਦੀ ਗੱਲ ਕਰਦੇ ਹਨ । ਸੋਝੀ ਹੋਣ ਤੇ ਉਨ੍ਹਾਂ ਦੀ ਸੋਚ ਬਦਲ ਜਾਂਦੀ ਹੈ । ਇਸ ਲਈ ‘ਦਸਮ ਗ੍ਰੰਥ’ ਦੇ ਪੱਖ ਦੀ ਗੱਲ ਕਰਨ ਵਾਲੇ ਵੀਰਾਂ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ । ਬਲਕਿ ਪਿਆਰ ਨਾਲ ਵੀਚਾਰ ਵਟਾਂਦਰਾ ਕਰਨਾ ਚਾਹੀਦਾ ਹੈ । ਵੀਚਾਰ ਵਟਾਂਦਰੇ ਦਾ ਆਧਾਰ ਵੀ ਇਹ ਹੋਣਾ ਚਾਹੀਦਾ ਹੈ ਕਿ ਹੋਰ ਕਿਸੇ ਵੀ ਗ੍ਰੰਥ ਤੋਂ ਸਾਨੂੰ ਕੋਈ ਇਹੋ ਜਿਹੀ ਸਿੱਖਿਆ ਨਹੀਂ ਮਿਲਦੀ, ਜੋ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਂ ਮਿਲਦੀ ਹੋਵੇ ਕਿਉਂ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਹਨ ।
ਸਮੁੱਚਾ ਪੰਥ ਅਤੇ ਸਾਰੇ ਵਿਦਵਾਨ ਇਸ ਇਤਿਹਾਸਕ ਸਚਾਈ ਨਾਲ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖਾਲਸਾ ਪੰਥ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ । ਸਿੱਖ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਸਪੱਸ਼ਟ ਹੈ ਕਿ ਸਿੱਖ ਜਨਮ ਤੋਂ ਲੈ ਕੇ ਮੌਤ ਤੱਕ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਜੀਵਨ ਬਤੀਤ ਕਰਦਾ ਹੈ ।
(ੳ) ਜਦੋਂ ਸਿੱਖ ਦੇ ਘਰ ਬੱਚੀ-ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੀ ਮਾਤਾ ਤੁਰਨ ਫਿਰਨ ਦੇ ਯੋਗ ਹੋਣ ਤੇ ਬੱਚੇ ਨੂੰ ਮਾਂ ਪਿਓ ਵੱਲੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਜਾਇਆ ਜਾਂਦਾ ਹੈ । ਦੇਗ ਲਿਆ ਕੇ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਅਨμਦੁ’ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ । ਸਤਿਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ, ਫਿਰ ਹੁਕਮਨਾਮਾ ਲਿਆ ਜਾਂਦਾ ਹੈ । ਸਤਿਗੁਰੂ ਗ੍ਰੰਥ ਸਾਹਿਬ ਤੋਂ ਮਿਲੇ ਹੁਕਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਬੱਚੀ ਦਾ ਨਾਮ ਰੱਖਿਆ ਜਾਂਦਾ ਹੈ ।
(ਅ) ਇਸ ਤਰ੍ਹਾਂ ਬੱਚੇ ਬੱਚੀ ਵਿੱਦਿਆ ਪ੍ਰਾਪਤ ਦੇ ਖੇਤਰ ਭਾਵ ਸਕੂਲ ਵਿੱਚ ਦਾਖਿਲ ਕਰਾਉਣ ਵੇਲੇ ਵੀ ਉਪਰੋਕਤ ਵਿਧੀ ਅਨੁਸਾਰ ਸਤਿਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਹੀ ਸਤਿਗੁਰੂ ਜੀ ਦੀ ਅਗਵਾਈ ਪ੍ਰਾਪਤ ਕੀਤੀ ਜਾਂਦੀ ਹੈ ।
(ੲ) ਖੰਡੇ ਬਾਟੇ ਦਾ ‘ਅੰਮ੍ਰਿਤ’ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿਆਰ ਕੀਤਾ ਜਾਂਦਾ ਹੈ । ਪੰਜ ਪਿਆਰੇ ਅੰਮ੍ਰਿਤ ਛਕਾ ਕੇ ਇਹੋ ਉਪਦੇਸ਼ ਦਿੰਦੇ ਹਨ ਕਿ ਅੱਜ ਤੋਂ ਸਤਿਗੁਰੂ ਗ੍ਰੰਥ ਸਾਹਿਬ ਹੀ ਤੁਹਾਡੇ ਗੁਰੂ ਹਨ । ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸੁਣਨੀ, ਵੀਚਾਰਨੀ ਅਤੇ ਮਿਲੀ ਸਿੱਖਿਆ ਤੇ ਅਮਲ ਕਰਨਾ । (ਸਿਰਫ ਅੰਮ੍ਰਿਤ ਨੂੰ ਆਧਾਰ ਬਣਾ ਕੇ ਹੀ ‘ਦਸਮ ਗ੍ਰੰਥ’ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿਉਂ ਕਿ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਵੇਲੇ ਦੋ ਬਾਣੀਆਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਤੇ ਤਿੰਨ ਬਾਣੀਆਂ ‘ਦਸਮ ਗ੍ਰੰਥ’ ਦੀਆਂ ਪੜ੍ਹਦੇ ਹਨ । ਜਿਵੇਂ ਸਿੱਖ ਰਹਿਤ ਮਰਿਯਾਦਾ ਵਿੱਚ ਲਿਖਿਆ ਹੈ ।
(ਸ) ਸਿੱਖ ਬੱਚੀ ਬੱਚੇ ਦਾ ਅਨੰਦ ਕਾਰਜ ਵੀ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ ਹੈ ਅਤੇ ਲਾਵਾਂ ਦੇ ਰੂਪ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਹੀ ਬਾਣੀ ਪੜ੍ਹੀ ਜਾਂਦੀ ਹੈ । ਲੜਕੀ ਲੜਕਾ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਦੇ ਹਨ ।
(ਹ) ਸਿੱਖ ਦੇ ਚੜਾਈ ਕਰ ਜਾਣ ਤੇ ਵੀ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਓਟ ਆਸਰਾ ਲਿਆ ਜਾਂਦਾ ਹੈ । ਸਹਿਜ ਪਾਠ ਜਾਂ ਅਖੰਡ ਪਾਠ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਕੀਤਾ ਜਾਂਦਾ ਹੈ ।

ਸਾਰੇ ਧਾਰਮਿਕ ਸਮਾਗਮ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ । ਇਸ ਤਰ੍ਹਾਂ ਸਿੱਖ ਦਾ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਚਲਦਾ ਹੈ । ਕੇਵਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਤਿੰਨ ਬਾਣੀਆਂ ‘ਦਸਮ ਗ੍ਰੰਥ’ ਦੀਆਂ ਪੜ੍ਹੀਆਂ ਜਾਂਦੀਆਂ ਹਨ । ਇਹ ਫੈਸਲਾ ‘ਸਿੱਖ ਰਹਿਤ ਮਰਿਯਾਦਾ’ ਦਾ ਹੈ ਇਸ ਫੈਸਲੇ ਨੂੰ ਕੋਈ ਇੱਕ ਵਿਅਕਤੀ ਨਹੀਂ ਬਦਲ ਸਕਦਾ । ਹਾਂ, ਸਤਿਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ ਅਤੇ ਸੰਪੂਰਨਤਾ ਨੂੰ ਸਦਾ ਕਾਇਮ ਰੱਖਣ ਲਈ ‘ਸਿੱਖ ਰਹਿਤ ਮਰਿਯਾਦਾ’ ਦੇ ਮੁਤਾਬਿਕ ਵੀਚਾਰ ਸਾਂਝੀ ਕੀਤੀ ਜਾ ਸਕਦੀ ਹੈ । ਫੈਸਲਾ ਖਾਲਸਾ ਪੰਥ ਨੇ ਹੀ ਕਰਨਾ ਹੈ । ‘ਸਿੱਖ ਰਹਿਤ ਮਰਿਯਾਦਾ’ ਬਾਰੇ ‘ਸਿੱਖ ਰਹਿਤ ਮਰਿਯਾਦਾ’ ਵਿੱਚ ਹੀ ਸਫਾ ਨੰ. 1 ਤੇ ਲਿਖਿਆ ਹੈ : -
‘ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੀ ਇੱਕਤ੍ਰਤਾ ਮਿਤੀ 03.02.1945 ਦੇ ਮਤਾ ਨੰ. 97 ਰਾਹੀਂ ਦਿੱਤੀ ।’
ਸੋ ਸਿੱਖ ਰਹਿਤ ਮਰਿਯਾਦਾ ਵਿੱਚ ਲਏ ਗਏ ਪੰਥਕ ਫੈਸਲਿਆਂ ਮੁਤਾਬਿਕ ਸਿੱਖ ਦੇ ਨਿੱਤਨੇਮ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਸ਼ਾਮਿਲ ਹਨ ।
1) ਜਪੁ ਜੀ. 2) ਸੋ ਦਰੁ, 3) ਸੋ ਪੁਰਖੁ. 4) ਸੋਹਿਲਾ. 5) ਅਨੰਦੁ
ਜਿਵੇਂ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਸਮੇਂ ਜਪੁ ਜੀ ਸਾਹਿਬ ਤੋਂ ਬਾਦ ਸਿੱਖਾਂ ਦੇ ਨਿੱਤਨੇਮ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚੋਂ ਹੀ ਚੁਣ ਕੇ ਪੰਜ ਪੰਜ ਸ਼ਬਦਾਂ ਦੀਆਂ ਦੋ ਬਾਣੀਆਂ ‘ਸੋ ਦਰੁ’ ਅਤੇ ‘ਸੋਹਿਲਾ’ ਬਖਸ਼ੀਆਂ । ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰਸਿੱਖਾਂ ਦੇ ਨਿੱਤਨੇਮ ਵਿੱਚ ਹੋਰ ਵਾਧਾ ਕਰਦਿਆਂ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚੋਂ ਹੀ ਚਾਰ ਸ਼ਬਦ ਚੁਣ ਕੇ ‘ਸੋ ਪੁਰਖੁ’ ਬਾਣੀ ਬਖਸ਼ੀ । ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਹੁਣ ਵੀ ਦਰਸ਼ਨ ਕਰ ਸਕਦੇ ਹਾਂ ‘ਸੋ ਦਰੁ’ ਅਤੇ ‘ਸੋ ਪੁਰਖੁ’ ਦੋ ਵੱਖ ਵੱਖ ਬਾਣੀਆਂ ਹਨ । ‘ਸੋ ਦਰੁ’ ਦੇ ਸੰਗ੍ਰਿਹ ਤੋਂ ਬਾਦ ਸ਼ਬਦਾਂ ਦਾ ਜੋੜ ॥5॥ ਲਿਖਿਆ ਹੋਇਆ ਹੈ ਅਤੇ ‘ਸੋ ਪੁਰਖੁ’ ਸੰਗ੍ਰਹਿ ਬਾਦ ਸ਼ਬਦਾਂ ਦਾ ਜੋੜ ॥4॥ ਲਿਖਿਆ ਹੋਇਆ ਹੈ । ‘ਸੋ ਦਰੁ’ ਅਤੇ ‘ਸੋ ਪੁਰਖੁ’ ਇਕ ਬਾਣੀ ਹੁੰਦੀ ਤਾਂ ‘ਸੋ ਪੁਰਖੁ’ ਦੇ ਸੰਗ੍ਰਹਿ ਤੋਂ ਬਾਦ ਸ਼ਬਦਾਂ ਦਾ ਜੋੜ ॥9॥ ਹੁੰਦਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬਾਣੀਆਂ ਦੇ ਸ਼ਬਦ ਜੋੜ ਦੀ ਤਰਤੀਬ ਹੈ । ਪਰ ‘ਸੋ ਪੁਰਖੁ’ ਦੇ ਸੰਗ੍ਰਹਿ ਤੋਂ ਬਾਦ ਸ਼ਬਦ ਜੋੜ ॥9॥ ਨਹੀਂ ।
ਇਸ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਇਹ ਨਿੱਤਨੇਮ ਦੀਆਂ ਚਾਰ ਬਾਣੀਆਂ 1) ਜਪੁ ਜੀ. 2) ਸੋ ਦਰੁ, 3) ਸੋ ਪੁਰਖੁ. 4) ਸੋਹਿਲਾ. ਦਰਜ ਹਨ । ਸਿੱਖ ਰਹਿਤ ਮਰਿਯਾਦਾ ਮੁਤਾਬਿਕ ਵੀ ਇਹ ਚਾਰ ਬਾਣੀਆਂ ਗੁਰਸਿੱਖ ਦੇ ਨਿੱਤਨੇਮ ਵਿੱਚ ਸ਼ਾਮਿਲ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ । ਪੰਜਵੀਂ ਬਾਣੀ ‘ਅਨੰਦੁ’ ਸਾਹਿਬ ਖਾਲਸਾ ਪੰਥ ਨੇ ਫੈਸਲਾ ਕਰਕੇ ਨਿੱਤਨੇਮ ਵਿੱਚ ਸ਼ਾਮਿਲ ਕੀਤੀ ਹੈ । ਇਸ ਤਰ੍ਹਾਂ ਖਾਲਸਾ ਪੰਥ ਦੇ ਫੈਸਲੇ ਮੁਤਾਬਿਕ ਸਤਿਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬਾਣੀਆਂ ਗੁਰਸਿੱਖ ਦੇ ਨਿੱਤਨੇਮ ਵਿੱਚ ਸ਼ਾਮਿਲ ਹਨ ਅਤੇ ‘ਸਿੱਖ ਰਹਿਤ ਮਰਿਯਾਦਾ’ ਵਿੱਚ ਦਰਜ ਹਨ । ਫਰਕ ਸਿਰਫ ਇਤਨਾ ਹੈ ਕਿ ‘ਸੋ ਦਰੁ’ ਤੇ ‘ਸੋ ਪੁਰਖੁ’ ਨੂੰ ਇੱਕ ਹੀ ਬਾਣੀ ਮੰਨਿਆ ਗਿਆ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਫੈਸਲੇ ਮੁਤਾਬਿਕ ਇਹ ਦੋ ਬਾਣੀਆਂ ਹਨ । ਇਸੇ ਤਰ੍ਹਾਂ ਅਨੰਦੁ ਸਾਹਿਬ ਦੀਆਂ ਛੇ ਪੌੜੀਆਂ (ਪੰਜ ਪਹਿਲੀਆਂ ਤੇ ਇੱਕ ਆਖਰੀ) ਨੂੰ ਬਾਣੀ ਮੰਨਿਆ ਗਿਆ ਹੈ । ਪਰ ਗੁਰੂ ਗ੍ਰੰਥ ਸਾਹਿਬ ਮੁਤਾਬਿਕ ‘ਅਨੰਦੁ’ ਸਾਹਿਬ ਦੀਆਂ ਤਰਤੀਬ ਵਾਰ 40 ਪੌੜ੍ਹੀਆਂ ਹਨ । ਖਾਲਸਾ ਪੰਥ ਨੂੰ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਪ੍ਰਵਾਨ ਕਰੇ । ਗੁਰੂ ਗ੍ਰੰਥ ਸਾਹਿ ਜੀ ਸੰਪੂਰਨ ਗੁਰੂ ਹਨ ।
ਹੁਣ ਸਵਾਲ ਹੈ ਕਿ ‘ਸਿੱਖ ਰਹਿਤ ਮਰਿਯਾਦਾ’ ਪੰਥ ਨੇ ਬਣਾਈ ਹੈ ਅਤੇ ਖਾਲਸਾ ਪੰਥ ਹੀ ਇਸ ਵਿੱਚ ਲੋੜ ਮੁਤਾਬਿਕ ਠੀਕ ਢੰਗ ਨਾਲ ਤਬਦੀਲੀ ਕਰ ਸਕਦਾ ਹੈ ਜਿਵੇ ਕਿ ‘ਸਿੱਖ ਰਹਿਤ ਮਰਿਯਾਦਾ’ ਵਿੱਚ ਹੀ ‘ਸਿੱਖ ਰਹਿਤ ਮਰਿਯਾਦਾ’ ਬਾਰੇ ਪੰਥ ਦਾ ਫੈਸਲਾ ਹੈ ।

‘ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ੍ਰੋਮਣੀ ਗੁ. ਪ੍ਰ. ਕਮੇਟੀ ਨੇ ਅਪਣੀ ਇਕੱਤ੍ਰਤਾ ਮਿਤੀ 03-02-1945 ਦੇ ਮਤਾ ਨੰ: 97 ਰਾਹੀਂ ਦਿੱਤੀ ਹੈ ।’ (ਸਿੱਖ ਰਹਿਤ ਮਰਯਾਦਾ-ਪੰਨਾ ਨੰ.1)
ਸੋ ਜਿਸ ਤਰ੍ਹਾਂ ਸਿੱਖ ਦੇ ਜੀਵਨ ਦੇ ਹੋਰ ਸਾਰੇ ਸੰਸਕਾਰ ਜਨਮ ਸੰਸਕਾਰ, ਵਿੱਦਿਆ ਸੰਸਕਾਰ, ਅਨੰਦੁ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਸੰਪੂਰਨ ਹੁੰਦੇ ਹਨ, ਕਿਸੇ ਵੀ ਸੰਸਕਾਰ ਵਿੱਚ ਕਿਸੇ ਹੋਰ ਗ੍ਰੰਥ ਦੀ ਬਾਣੀ ਨਹੀਂ ਪੜ੍ਹੀ ਜਾਂਦੀ, ਇਸੇ ਤਰ੍ਹਾਂ ਸਿੱਖ ਦੇ ਜੀਵਨ ਨਾਲ ਸਬੰਧਤ ‘ਅੰਮ੍ਰਿਤ ਸੰਸਕਾਰ’ ਵੀ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸੰਪੂਰਨ ਹੋਣਾ ਚਾਹੀਦਾ ਹੈ ਕਿਉਂ ਕਿ ਅੰਮ੍ਰਿਤ ਸੰਸਕਾਰ ਦਾ ਤਾਂ ਮਨੋਰਥ ਹੀ ਪ੍ਰਾਣੀ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਹੈ । ਧੀਰਜ ਨਾਲ ਵੀਚਾਰਿਆ ਜਾਵੇ ਤਾਂ ਇਸ ਵਿੱਚ ਕਿਸੇ ਵੀ ਸਿੱਖੀ ਸਿਧਾਂਤ ਦੀ ਉਲੰਘਣਾ ਨਹੀਂ, ਬਲਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਤੇ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਲਈ ਕਾਇਮ ਰੱਖਣ ਦਾ ਇੱਕ ਉਪਰਾਲਾ ਹੈ ।
ਦੂਸਰੀ ਗੱਲ ਹੈ ਵੱਖ ਵੱਖ ਸੋਚ ਦੇ ਧਾਰਨੀ ਸਿੱਖਾਂ ਦਾ ਆਪਸ ਵਿੱਚ ਪਿਆਰ ਇਤਫ਼ਾਕ ਬਣਾਈ ਰੱਖਣਾ ਵੀ ਜ਼ਰੂਰੀ ਹੈ । ਇਸ ਲਈ ਬੇਨਤੀ ਹੈ ਜੋ ਗੁਰਸਿੱਖ ‘ਦਸਮ ਗ੍ਰੰਥ’ ਦੀਆਂ ਬਾਣੀਆਂ ਜਾਪੁ ਸਾਹਿਬ, ਅਕਾਲ ਉਸਤਤਿ, ਸੱਵਈਏ ਆਦਿ ਸ਼ਰਧਾ ਨਾਲ ਪੜ੍ਹਦੇ ਹਨ ਜਾਂ ਜੋ ਨਹੀਂ ਪੜ੍ਹਦੇ ਇੱਕ ਦੂਜੇ ਨੂੰ ਨਫ਼ਰਤ ਨਾ ਕਰਨ । ਕੱਟੜਤਾ ਹਮੇਸ਼ਾ ਨੁਕਸਾਨ ਕਰਦੀ ਹੈ ਅਤੇ ਦ੍ਰਿੜਤਾ ਨਾਲ ਮੰਜਿ਼ਲ ਤਹਿ ਹੁੰਦੀ ਹੈ ।
ਹੋ ਸਕਦਾ ਹੈ ਕਿ ਕੁੱਝ ਵੀਰਾਂ ਦੇ ਮਨ ਵਿੱਚ ਰੋਸ ਹੋਵੇ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਤਬਦੀਲੀ ਦੀ ਗੱਲ ਕਰਕੇ ‘ਸਿੱਖ ਰਹਿਤ ਮਰਿਯਾਦਾ’ ਦੀ ਉਲੰਘਣਾ ਕੀਤੀ ਗਈ ਹੈ । ਇੱਥੇ ਬੇਨਤੀ ਹੈ ਕਿ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ ਮਨਾ ਰਹੇ ਹਾਂ ਇਸ ਲਈ ਖਾਲਸਾ ਪੰਥ ਨਾਲ ਸਾਂਝੀ ਕੀਤੀ ਜਾ ਰਹੀ ਵੀਚਾਰ ਦਾ ਆਧਾਰ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਹੈ । ਕਿਉਂ ਕਿ ਜਦੋਂ ਕਿਸੇ ਸਿੱਖ ਸੰਸਥਾ ਵਿੱਚ ਪੰਜਾਂ ਪਿਆਰਿਆਂ ਵਲੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਪੰਜਾਂ ਪਿਆਰਿਆਂ ਵੱਲੋਂ ਮੁੱਖ ਉਪਦੇਸ਼ ਇਹ ਹੀ ਹੁੰਦਾ ਹੈ ਕਿ “ਖਾਲਸਾ ਜੀ ! ਅੱਜ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋ ਇਸ ਲਈ ਅੱਜ ਤੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਅਤੇ ਆਪਣਾ ਗੁਰੂ ਮੰਨਣਾ । ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਅਪਣਾ ਸਾਰਾ ਜੀਵਨ ਬਤੀਤ ਕਰਨਾ ।” ਇਸ ਲਈ ਖਾਲਸਾ ਪੰਥ ਨੂੰ ਇਹ ਅਧਿਕਾਰ ਹੈ ਕਿ ਜਿਸ ਵੀ ਮਰਿਯਾਦਾ ਦੇ ਕਾਰਨ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਬਾਰੇ ਸ਼ੱਕ ਪੈਦਾ ਹੁੰਦਾ ਹੈ, ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਕਾਇਮ ਰੱਖਣ ਲਈ ਉਸ ਮਰਿਯਾਦਾ ਵਿੱਚ ਯੋਗ ਢੰਗ ਨਾਲ ਤਬਦੀਲੀ ਕਰੇ । ਜਿਵੇਂ ਕਿ ‘ਸਿੱਖ ਰਹਿਤ ਮਰਿਯਾਦਾ’ ਦੇ ਸਫ਼ਾ 1 ਤੇ ਲਿਖਿਆ ਹੈ : -
‘ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ੍ਰੋਮਣੀ ਗੁ. ਪ੍ਰ. ਕਮੇਟੀ ਨੇ ਅਪਣੀ ਇਕੱਤ੍ਰਤਾ ਮਿਤੀ 03-02-1945 ਦੇ ਮਤਾ ਨμ. 97 ਰਾਹੀਂ ਦਿੱਤੀ ਹੈ ।’ (ਸਿੱਖ ਰਹਿਤ ਮਰਯਾਦਾ-ਪੰਨਾ ਨੰ.1)
ਹਰ ਗੁਰਸਿੱਖ ਜਿਸ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦਾ ਪ੍ਰਣ ਕੀਤਾ ਹੈ, ਉਹ ਵੀ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਕਾਇਮ ਰੱਖਣ ਲਈ ਖਾਲਸਾ ਪੰਥ ਨੂੰ ਸਹਿਯੋਗ ਦੇਵੇ । ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦਾ ਫੈਸਲਾ ਖਾਲਸਾ ਪੰਥ ਨੇ ਹੀ ਕੀਤਾ ਹੈ ਅਤੇ ਖਾਲਸਾ ਪੰਥ ਨੂੰ ਹੀ ਇਸ ਵਿੱਚ ਤਬਦੀਲੀ ਕਰਨ ਦਾ ਅਧਿਕਾਰ ਹੈ । ਇਥੇ ਇਹ ਵੀ ਬੇਨਤੀ ਹੈ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਤਬਦੀਲੀ ਦੀ ਗੱਲ ਪਹਿਲੀ ਵਾਰ ਨਹੀਂ ਹੋ ਰਹੀ ਬਲਕਿ ਵੱਖ ਵੱਖ ਰਹਿਤਨਾਮਿਆਂ ਵਿੱਚ ਵੱਖ ਵੱਖ ਬਾਣੀਆਂ ਪੜ੍ਹਨ ਦਾ ਜਿ਼ਕਰ ਹੈ । ਸ਼ਪੱਸ਼ਟੀਕਰਨ ਵਜੋਂ ਕੁੱਝ ਰਹਿਤਨਾਮੇ ਇਉਂ ਹਨ : -

ੳ. ਰਹਿਤਨਾਮਾ ਭਾਈ ਦਯਾ ਸਿੰਘ (ਪਿਆਰਾ) ……… ਉਤਮ ਸਿੰਘ ਲੋਹ ਪਾਤ ਮੇਂ
ਸ੍ਰੀ ਅੰਮ੍ਰਿਤਸਰ ਕਾ ਅੰਮ੍ਰਿਤ ਪਾਵੇ । ਪ੍ਰਥਮ ਸੰਪੂਰਨ ਜਪੁ ਜੀ ਪੂਰਨ ਜਾਪ ਜੀ ਆਦਿ ਅੰਤ ਕਾ ਪਾਠ ਕਰੇਂ, ਚੌਪਈ (ਕਿਹੜੀ) ਪੰਜ ਪੰਜ ਸਵੈਯੇ ਭਿੰਨ ਭਿੰਨ ? 1. ਸ੍ਰਾਵਗ 2. ਦੀਨਨ ਕੀ ਪ੍ਰਤਿਪਾਲ (ਸੰਕੇਤ ਨਹੀਂ) 3. ਪਾਪ ਸਮੂੰਹ ਬਿਨਾਸਨ 4. ਸਤਿ ਸਦੈਵ ਸਦਾ ਬ੍ਰਤ, ਪੰਜ ਪਉੜੀ ਅਨੰਦੁ ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ । ਪੁਨਹ ਏਕ ਸਿੰਘ ਕਰਦ ਉ ਕੀ ਪਾਸ ਮੇ ਧਰ ਦੇ ……।
ਅ. ਭਾਈ ਚੋਪਾ ਸਿੰਘ (ਸ੍ਰੀ ਦਸਮੇਸ਼ ਜੀ ਦਾ ਹਜ਼ੂਰੀ ਸਿੱਖ)…… ਫੇਰ ਸਾਹਿਬ ਪੂਰਨ ਪੁਰਖ ਜੀ ਪੰਥ ਲਗੇ ਨਿਖੇੜਨ, ਸੰਮਤ 1756, ਸਾਵਨ ਦਿਨ ਸਤਵੇਂ ਕੇਸਾਂ ਦੀ ਪਾਹੁਲ ਦਾ ਉਦਮ ਕੀਤਾ, ਬਚਨ ਹੋਇਆ, ਚਉਪਾ ਸਿੰਘ, ਕਟੋਰੇ ਵਿੱਚ ਜਲ ਪਾ ਲੈ ਆਉ, ਸੋ ਲੈ ਆਇਆ, ਤਾਂ ਹੁਕਮ ਹੋਇਆ, “ਹਥਿ ਖੰਡਾ ਪਕੜ ਕੇ ਵਿਚ ਫੇਰਊ” ਅਤੇ ਪੰਜ ਪੰਜ ਸੂਯੇ, ਪੰਜੇ ਪੜ੍ਹਨ ਲਗੇ, ਕਿਹੜੇ ? ਦਯਾ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਧਰਮ ਸਿੰਘ ਅਤੇ ਮੋਹਕਮ ਸਿੰਘ ਇਹ ਪੰਜ ਸਿੰਘ ਸਵੈਯੇ ਲਗੇ ਪੜ੍ਹਨ, ਤਾਂ ਸਾਹਿਬ ਚੰਦ ਦੀਵਾਨ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਜੇ ਵਿੱਚ ਪਤਾਸੇ ਪਾਉਣ ਤਾਂ ਹੱਛਾ ਹੋਵੈ । ਇੰਨੇ ਚਿਰਾਂ ਨੂੰ ਮਾਤਾ ਸ਼ਕਤੀ, ਮਾਤਾ ਸਾਹਿਬ ਦੇਵੀ ਦਾ ਰੂਪ ਧਾਰ ਕੇ, ਪਤਾਸੇ ਵਿੱਚ ਡਾਰ ਗਈ, ਤਾਂ ਸਾਹਿਬ ਪੂਰਨ ਪੁਰਸ਼ ਜੀ, ਵਿਚਹੁੰ ਪੰਜ ਚੁਲੈ ਲੈ ਅੰਮ੍ਰਿਤ ਪੰਜ ਨੇਤ੍ਰੀ, ਫੇਰ ਪੰਜ ਚੁਲੈ ਸੀਸ ਪਾਏ, ਰਸਨਾ ਚੰਡੀ ਚਰਿਤਰ ਦਾ ਸ੍ਵੈਯਾ ਪੜ੍ਹਿਆ :-
ਦੇਹਿ ਸਿ਼ਵਾ ਬਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸ਼ਚੈ ਕਰ ਅਪਨੀ ਜੀਤ ਕਰੋਂ ॥
ਅਰੁ ਸਿੱਖ ਹੋਂ ਅਪਨੇ ਹੀ ਮਨ ਕੋ, ਇਹ ਲਾਲਚ ਹਉਂ ਗੁਨ ਤਉ ਉਚਰੋਂ ॥
ਜਬ ਆਵ ਜੀ ਅਉਧ ਨਿਦਾਨ ਬਨੈ, ਅਤ ਹੀ ਰਨ ਮੇਂ ਤਬ ਜੂਝ ਮਰੋ ॥
ਫਿਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ (ਪੰਨਾ 231) ਦੂਜੇ ਦਿਨ ਹੱਥ ਖੜੇ ਹੋਇ, ਬਚਨ ਹੋਇਆ, ਜੋ ਕੜਾਹ ਪ੍ਰਸਾਦਿ ਕਰਕੇ, ਪੰਜਾਂ ਸਿੰਘਾਂ ਪਾਸੋਂ ਪੰਜ ਸਵੈਯੇ ਪੜ੍ਹ ਕਰਿ ਛਕ ਲੈਣਾ ।
ੲ. ਗੁਰ ਬਿਲਾਸ ਪਾਤਸ਼ਾਹੀ ਦਸਵੀਂ (ਕ੍ਰਿਤ ਭਾਈ ਕੁਇਰ ਸਿੰਘ-ਪੰਨਾ 128 ਅਨੁਸਾਰ) ਇਸ ਦਾ ਰਚਨਾ ਕਾਲ ਸੰਮਤ 1808 ਮੁਤਾਬਿਕ 1751 ਈਸਵੀ, ਸ੍ਰੀ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ 43 ਕੁ ਸਾਲ ਬਾਦ ਦਾ ਮੰਨਿਆ ਜਾਂਦਾ ਹੈ :-
ਸਰਿਤਾ ਜਲ ਲੀਨ ਅਛੂਤ ਮੰਗਾਇ ਕੈ, ਪਾੜ ਲੋਹ ਮੈ ਤਾਂ ਪ੍ਰਭ ਬੇਰੇ ।
ਪੜ੍ਹ ਤੇ ਸੁ ਉਦਾਸ ਹ੍ਵੈ ਮੰਤ੍ਰ ਕੋ, ਪ੍ਰਭ ਠਾਢੇ ਹੈ ਆਪ ਭਏ ਸੋ ਸਵੇਰੇ ।
ਨੋਟ : ਇੱਥੇ ਕੇਵਕ ਮੰਤ੍ਰ (ਮੂਲ ਮੰਤ੍ਰ) ਪੜ੍ਹੇ ਜਾਣ ਦਾ ਅਤਿ ਸੰਖੇਪ ਜਿ਼ਕਰ ਹੈ
ਸ. ਬੰਸਾਵਲੀਨਾਮਾ ਪਾਤਸ਼ਾਹੀ ਦਸਾਂ ਕਾ (ਕ੍ਰਿਤ ਭਾਈ ਕੇਸਰ ਸਿੰਘ ਛਿੱਬਰ ਸੰਮਤ 1826 ਅਨੁਸਾਰ : -
ਬਚਨ ਕੀਤਾ, ਕਟੋਰਾ ਜਲ ਕਾ ਸੁਚੇਤ ਲੈ ਆਉ ।
ਲੈ ਆਇਆ, ਦਿੱਤੀ ਕਰਦ, ਕਹਿਆ ਹਿਲਾਉ ।
ਜਪੁ ਅਤੇ ਅਨੰਦੁ ਰਸਨੀ ਕਰਿ ਉਚਾਰ । (ਦਸਵਾਂ ਚਰਨ)
ਇੱਥੇ ਨੋਟ ਕਰਨ ਯੋਗ ਗੱਲ ਇਹ ਹੈ ਕਿ ‘ਛਿੱਬਰ’ ਨੇ ਖੰਡੇ ਦੀ ਥਾਂ ਕਰਦ ਸ਼ਬਦ ਵਰਤਿਆ ਹੈ, ਅਤੇ ਕੇਵਲ ਦੋ ਬਾਣੀਆਂ ਜਪੁ ਜੀ ਅਤੇ ਅਨੰਦੁ ਪੜ੍ਹਨ ਦਾ ਜਿ਼ਕਰ ਕੀਤਾ ਹੈ ।
(ਸਿੱਖ ਸੰਸਕਾਰ ਅਤੇ ਮਰਯਾਦਾ–ਚੀਫ ਖਾਲਸਾ ਦੀਵਾਨ ਪੰਨਾ 63)
ਉੱਪਰ ਚਾਰ ਰਹਿਤਨਾਮਿਆਂ ਵਿੱਚੋਂ ਕੇਵਲ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦਾ ਸੰਖੇਪ ਜਿ਼ਕਰ ਹੈ । ਕਿਸੇ ਰਹਿਤਨਾਮੇ ਵਿੱਚ ਅੰਮ੍ਰਿਤ ਤਿਆਰ ਕਰਨ ਵੇਲੇ ਜਪੁ ਜੀ, ਜਾਪੁ, ਚੌਪਈ, ਭਿੰਨ ਭਿੰਨ ਪੰਜ ਪੰਜ ਸਵੱਯੇ, ਅਨੰਦੁ ਪੰਜ ਪਉੜੀਆਂ ਪੜ੍ਹਨ ਦਾ ਜਿ਼ਕਰ ਹੈ । ਕਿਸੇ ਵਿੱਚ ਸਿਰਫ ਪੰਜਾਂ ਸਿੰਘਾਂ ਦੁਆਰਾ ਪੰਜ-ਪੰਜ ਸਵੱਯੇ ਪੜ੍ਹਨ ਦਾ ਹੀ ਜਿ਼ਕਰ ਹੈ । ਕਿਸੇ ਵਿੱਚ ਸਿਰਫ਼ ਮੂਲ ਮੰਤ੍ਰ ਪੜ੍ਹਨ ਦਾ ਜਿ਼ਕਰ ਅਤੇ ਕਿਸੇ ਰਹਿਤਨਾਮੇ ਚ ਦੋ ਬਾਣੀਆਂ ਜਪੁ ਜੀ ਅਤੇ ਅਨੰਦੁ ਪੜ੍ਹਨ ਦਾ ਹੀ ਜਿ਼ਕਰ ਹੈ ।

ਭਾਵ ਕਿ ਕਿਸੇ ਵੀ ਰਹਿਤਨਾਮੇ ਵਿੱਚ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੂਜੇ ਰਹਿਤਨਾਮੇ ਵਿੱਚ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਨਾਲ ਨਹੀਂ ਮਿਲਦੀਆਂ । ਇਸ ਲਈ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਇਸ ਵੇਲੇ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਹੀ ਸਭ ਤੋਂ ਪਹਿਲਾਂ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਗਈਆਂ ਸਨ । ਜੇਕਰ ਇਹ ਗੱਲ ਹੁੰਦੀ ਤਾਂ ਪੁਰਾਤਨ ਰਹਿਤਨਾਮਿਆਂ ਵਿੱਚ ਵੱਖ ਵੱਖ ਬਾਣੀਆਂ ਪੜ੍ਹਨ ਦਾ ਜਿ਼ਕਰ ਨਾ ਹੁੰਦਾ । ਇਸ ਲਈ ਅੰਮ੍ਰਿਤ ਤਿਆਰ ਕਰਨ ਲਈ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਤਬਦੀਲੀ ਨੂੰ ਵਾਦ-ਵਿਵਾਦ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ, ਸਗੋਂ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਕਾਇਮ ਰੱਖਣ ਦੀ ਖਾਤਿਰ ਅੰਮ੍ਰਿਤ ਤਿਆਰ ਕਰਨ ਵੇਲੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹਨ ਦਾ ਫੈਸਲਾ ਖਾਲਸਾ ਪੰਥ ਨੂੰ ਪਿਆਰ ਨਾਲ ਵੀਚਾਰ ਵਿਟਾਂਦਰ ਕਰਕੇ ਸਰਬ ਸੰਮਤੀ ਨਾਲ ਕਰਨਾ ਚਾਹੀਦਾ ਹੈ । ਜੇਕਰ ਕੋਈ ਅਜਿਹੀ ਗੱਲ ਅਪਣੇ ਨਿੱਜੀ ਹਿੱਤਾਂ, ਵਡਿਆਈ ਜਾਂ ਕਿਸੇ ਨਾਲ ਵੈਰ ਭਾਵਨਾ ਨਾਲ ਕਰੇ ਤਾਂ ਫਿਰ ਭਾਵੇਂ ਰੱਦ ਕਰ ਦਿੱਤੀ ਜਾਵੇ ਜਦ ਅਜਿਹੀ ਗੱਲ ਦਾ ਭਾਵ ਨਿਰੋਲ ਸਤਿਗੁਰੂ ਗ੍ਰੰਥ ਸਾਹਿਬ ਦੀ ਵਡਿਆਈ, ਸੰਪੂਰਨਤਾ ਅਤੇ ਸਰਬ ਉੱਚਤਾ ਹੋਵੇ ਤਾਂ ਅਜਿਹੀ ਗੱਲ ਨੂੰ ਖਾਲਸਾ ਪੰਥ ਗੰਭੀਰਤਾ ਨਾਲ ਵੀਚਾਰੇ, ਕਿਉਂ ਕਿ ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦਾ ਭਾਵ ਵੀ ਤਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੀ ਹੈ ।
ਇਸ ਲਈ ਖਾਲਸਾ ਪੰਥ ਨੂੰ ਸਨਿਮਰ ਬੇਨਤੀ ਹੈ ਕਿ ਖਾਲਸਾ ਪੰਥ ਨੇ ਸਤਿਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬਾਣੀਆਂ ਸਿੱਖ ਦੇ ਨਿੱਤਨੇਮ ਲਈ ਪਹਿਲਾਂ ਹੀ ਪ੍ਰਵਾਨ ਕੀਤੀਆਂ ਹਨ । 1. ਜਪੁ (ਜੀ) 2. ਸੋ ਦਰੁ 3. ਸੋ ਪੁਰਖੁ 4. ਸੋਹਿਲਾ 5. ਅਨੰਦੁ । ਜੋ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਦਰਜ ਹਨ । ਲੋੜ ਹੈ ਇਨ੍ਹਾਂ ਪੰਜ ਬਾਣੀਆਂ ਨੂੰ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹਨ ਦੀ ਪ੍ਰਵਾਨਗੀ ਖਾਲਸਾ ਪੰਥ ਦੇਵੇ ਤਾਂ ਕਿ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਸਦਾ ਲਈ ਕਾਇਮ ਰੱਖਿਆ ਜਾ ਸਕੇ । ਜਾਣਕਾਰੀ ਲਈ ਕੋਈ ਸਿੱਖ ਕੋਈ ਵੀ ਗ੍ਰੰਥ ਜਾਂ ਕਿਤਾਬ ਪੜ੍ਹ ਸਕਦਾ ਹੈ ਪਰ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਕਾਇਮ ਰੱਖਣਾ ਖਾਲਸਾ ਪੰਥ ਦਾ ਪ੍ਰਮੁੱਖ ਫਰਜ਼ ਹੈ ।
ਇਸ ਲਈ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਪੰਜ ਬਾਣੀਆਂ ਪੰਥ ਨੇ ਸਿੱਖ ਦੇ ਨਿੱਤਨੇਮ ਲਈ ਪਹਿਲਾਂ ਹੀ ਪ੍ਰਵਾਨ ਕੀਤੀਆਂ ਹਨ । ਓਹ ਪੰਜ ਬਾਣੀਆਂ ਅੰਮ੍ਰਿਤ ਤਿਆਰ ਕਰਨ ਲਈ ਪ੍ਰਵਾਨ ਜੋ ਜਾਣ ਤਾਂ ਕਿ ਜਿਵੇਂ ਜਨਮ ਸੰਸਕਾਰ, ਵਿੱਦਿਆ ਸੰਸਕਾਰ, ਅਨੰਦੁ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਨਾਲ ਸੰਪੂਰਨ ਹੁੰਦੇ ਹਨ ਇਸ ਤਰ੍ਹਾਂ ਹੀ ਅੰਮ੍ਰਿਤ ਸੰਸਕਾਰ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਪੜ੍ਹਨ ਹੀ ਸੰਪੂਰਨ ਹੋਵੇ ਤਾਂ ਇਸ ਤਰ੍ਹਾਂ ਦਸਮ ਗ੍ਰੰਥ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਿਤ ਹੋਣ ਦਾ ਆਧਾਰ ਖਤਮ ਹੋਵੇਗਾ ਅਤੇ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਸਦਾ ਸਦਾ ਲਈ ਕਾਇਮ ਰਹੇਗੀ, ਆਖਰੀ ਬੇਨਤੀ ਕਿ ਆਪਸ ਵਿੱਚ ਪਿਆਰ ਇਤਫ਼ਾਕ ਰੱਖਣ ਲਈ, ਅਪਣੀ ਲੋੜ ਮੁਤਾਬਿਕ ਹਰ ਸਿੱਖ ਦਸਮ ਗ੍ਰੰਥ ਦੀ ਬਾਣੀ ਪੜ੍ਹਨ ਕਿਸੇ ਸਿੱਖ ਦੀ ਮਜ਼ਬੂਰੀ ਵੀ ਨਾ ਹੋਵੇ । ਨਿਸ਼ਾਨਾ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦਾ ਸਦਾ ਲਈ ਕਾਇਮ ਰੱਖਣਾ ਹੀ ਹੋਵੇ । ਮਾਮੂਲੀ ਵੀਚਾਰਾਂ ਦੇ ਮਤਭੇਦ ਵੀਚਾਰ ਵਟਾਂਦਰੇ ਰਾਹੀਂ ਦੂਰ ਹੋ ਸਕਦੇ ਹਨ । ਇਕ ਹੀ ਰਾਹ ਤੇ ਚੱਲਣ ਵਾਲੇ ਦੋ ਰਾਹੀਆਂ ਵਿੱਚੋਂ ਇੱਕ ਤਿਲਕ ਜਾਵੇ ਤਾਂ ਦੂਸਰਾ ਉਸ ਦੀ ਬਾਂਹ ਪਕੜਦਾ ਹੈ, ਸਹਾਰਾ ਦਿੰਦਾ ਹੈ, ਧੱਕਾ ਨਹੀਂ ਮਾਰਦਾ । ਵੀਚਾਰਾਂ ਦੇ ਮਤਭੇਦ ਕਾਰਨ ਸਿੱਖ ਇੱਕ ਦੂਜੇ ਨੂੰ ਧੱਕੇ ਨਾ ਮਾਰਨ । ਪਿਆਰ ਨਾਲ ਇੱਕ ਦੂਜੇ ਨੂੰ ਵੀਚਾਰ ਵਿਟਾਂਦਰੇ ਰਾਹੀਂ ਸਮਝਣ ਸਮਝਾਉਣ ਦੀ ਕੋਸਿ਼ਸ਼ ਕਰਨ ਤਾਂ ਸਾਡਾ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ ਮਨਾਇਆ ਸਫ਼ਲਾ ਹੈ । ਸਤਿਗੁਰ ਮਿਹਰ ਕਰਨ ।
ਅੰਤਿਕਾ
ਇਸ ਟ੍ਰੈਕਟ ਨੂੰ ਲਿਖਣ ਦਾ ਮਨੋਰਥ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਸਦੀਵੀ ਕਾਇਮ ਰੱਖਣਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖ਼ਸ਼ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ । ਸਤਿਗੁਰ ਜੀ ਦੀ ਇਸ ਭਾਵਨਾ ਨੂੰ ਅਸੀਂ ਰੋਜ਼ਾਨਾ ਅਰਦਾਸ ਵਿੱਚ ਦੋਹਰੇ ਰਾਹੀਂ ਯਾਦ ਕਰਦੇ ਹਾਂ । ਰਹਿਤ ਮਰਿਯਾਦਾ ਵਿੱਚ ਤਬਦੀਲੀ ਦਾ ਸੁਝਾਅ ਖਾਲਸਾ ਪੰਥ ਨੂੰ ਮਿਲੇ ਕਿਸੇ ਅਧਿਕਾਰ ਦੇ ਘੇਰੇ ਵਿੱਚ ਰਹਿ ਕੇ ਹੀ ਦਿੱਤਾ ਹੈ । ਜੇਕਰ ਉਪਰੋਕਤ ਮਨੋਰਥ ਹੋਰ ਕਿਸੇ ਤਰੀਕੇ ਨਾਲ ਪੂਰਾ ਹੁੰਦਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ । ਬਾਕੀ ਕਿਸੇ ਮਰਯਾਦਾ ਦਾ ਠੀਕ ਜਾਂ ਗਲਤ ਹੋਣਾ, ਉਸ ਦੇ ਨਵੀਂ ਜਾਂ ਪੁਰਾਣੀ ਹੋਣ ਕਰਕੇ ਨਹੀਂ ਬਲਕਿ ਜੋ ਮਰਯਾਦਾ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦੀ ਹੈ ਉਹ ਠੀਕ ਹੈ । ਜੋ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਬਾਰੇ ਸ਼ੰਕੇ ਨੂੰ ਦੂਰ ਕਰਨ ਲਈ ਤਬਦੀਲੀ ਕਰਨੀ ਚਾਹੀਦੀ ਹੈ ।
ਕਿਸੇ ਵੀ ਤਬਦੀਲੀ ਪਿੱਛੇ ਭਾਵਨਾ ਦੀ ਸ਼ੁੱਧੀ ਜ਼ਰੂਰੀ ਹੈ । ਤਬਦੀਲੀ ਵਿਕਾਸ ਲਈ ਹੋਵੇ, ਵਿਨਾਸ਼ ਲਈ ਨਹੀਂ । ਤਬਦੀਲੀ ਮੰਜਿ਼ਲ ਦੇ ਨੇੜੇ ਹੋਣ ਲਈ ਹੋਵੇ, ਦੂਰ ਹੋਣ ਲਈ ਨਹੀਂ । ਤਬਦੀਲੀ ਦੁਬਿਧਾ ਦੂਰ ਕਰਨ ਲਈ ਹੋਵੇ, ਦੁਬਿਧਾ ਪੈਦਾ ਕਰਨ ਲਈ ਨਹੀਂ । ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ ਤਾਂ ਕਿ ਕੋਈ ਵੀ ਸਿੱਖ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣੋ ਇਨਕਾਰੀ ਨਾ ਹੋਵੇ ਤਾਂ ਫਿਰ ਅੱਜ ਕੁੱਝ ਵੀਰਾਂ ਵੱਲੋਂ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਕਰਮ ਕਾਂਡ ਕਹਿ ਕੇ ਰੱਦ ਕਰਨ ਵਾਲੀ ਗੱਲ ਦੁਬਿਧਾ ਹੀ ਖੜ੍ਹੀ ਕਰਦੀ ਹੈ । ਇਸੇ ਤਰ੍ਹਾਂ ਕਕਾਰਾਂ ਤੋਂ ਇਨਕਾਰੀ ਹੋਣਾ ਵੀ ਗਲਤ ਹੈ । ਜਿਵੇਂ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਬਾਹਰ ਨਿਸ਼ਾਨ ਸਾਹਿਬ ਹੀ ਗੁਰਦੁਆਰੇ ਦੀ ਨਿਸ਼ਾਨੀ ਹੈ, ਇਸੀ ਤਰ੍ਹਾਂ ਸਿੱਖ ਦੇ ਅੰਦਰ ਬਾਣੀ ਅਤੇ ਬਾਹਰ ਬਾਣਾ (ਕਕਾਰ) ਸਿੱਖ ਦੀ ਨਿਸ਼ਾਨੀ ਹੈ । ਇਸ ਲਈ ਖਾਲਸਾ ਪੰਥ ਦੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰੀ ਹੈ ਜੋ ਸਾਨੂੰ ਬਾਣੀ ਅਤੇ ਬਾਣੇ ਨਾਲ ਜੋੜਦਾ ਹੈ । ਇਸੇ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਕਾਇਮ ਰੱਖਣ ਲਈ, ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਤਬਦੀਲੀ ਦਾ ਫੈਸਲਾ ਨਹੀਂ ਸੁਝਾਅ ਦਿੱਤਾ ਹੈ । ਜਿਵੇਂ ਜਨਮ ਸੰਸਕਾਰ, ਵਿੱਦਿਆ ਸੰਸਕਾਰ, ਅਨੰਦੁ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸੰਪੂਰਨ ਹੁੰਦੇ ਹਨ । ਇਸੇ ਤਰ੍ਹਾਂ ਅੰਮ੍ਰਿਤ ਸੰਸਾਕਰ ਵੀ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਹੀ ਸੰਪੂਰਨ ਹੋਵੇ । ਫੈਸਲਾ ਖਾਲਸਾ ਪੰਥ ਨੇ ਹੀ ਕਰਨਾ ਹੈ ।

ਇੱਕ ਜੋਦੜੀ ! ਇੱਕ ਤਰਲਾ ! ਇੱਕ ਭਾਵਨਾ !
ਸਾਡਾ ਇਹ ਦਾਅਵਾ ਨਹੀਂ ਕਿ ਜੋ ਲਿਖਿਆ ਸੋ ਠੀਕ ਹੈ ਬਲ ਕਿ ਖਾਲਸਾ ਪੰਥ ਅੱਗੇ ਇੱਕ ਜੋਦੜੀ ਹੈ, ਇੱਕ ਤਰਲਾ ਹੈ, ਇੱਕ ਭਾਵਨਾ ਹੈ । ਕਿ ਸਤਿਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਸਰਬ ਉੱਚਤਾ ਤੇ ਦ੍ਰਿੜ ਭਰੋਸਾ ਹੋਵੇ । ਕਿਉਂ ਕਿ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਲੜ ਲਾਇਆ ਹੈ ਤਾਂ ਕਿ ਖਾਲਸਾ ਪੰਥ ਕੇਵਲ ਸਤਿਗੁਰੂ ਗ੍ਰੰਥ ਜੀ ਦੀ ਹੀ ਅਗਵਾਈ ਪ੍ਰਵਾਨ ਕਰੇ । ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਾਨੂੰ ਪੂਰਨ ਭਰੋਸਾ ਹੋਵੇ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਹਰੇਕ ਕਾਰਜ ਸੰਪੂਰਨ ਕਰਨ ਦੇ ਸਮਰੱਥ ਹਨ । ਜਦੋਂ ਕਿਸੇ ਵੀ ਕਾਰਜ ਦੀ ਸੰਪੂਰਨਤਾ ਲਈ ਕਿਸੇ ਹੋਰ ਗ੍ਰੰਥ ਦਾ ਸਹਾਰਾ ਲੈਣਾ ਪੈਂਦਾ ਹੋਵੇ ਤਾਂ ਸ਼ੱਕ ਪੈਦਾ ਹੁੰਦਾ ਹੈ ਕਿ, ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਇਹ ਕਾਰਜ ਸੰਪੂਰਨ ਨਹੀਂ ਕਰ ਸਕਦੇ ? ਖਾਲਸਾ ਪੰਥ ਜਿਸ ਤਰ੍ਹਾਂ ਠੀਕ ਸਮਝੇ ਇਸ ਸ਼ੱਕ ਨੂੰ ਦੂਰ ਕਰੇ ।
ਖਾਲਸਾ ਪੰਚਾਇਤ,
ਯੂ.ਏ.ਈ.




.