.

ਪਰਲੋ ਕਦੋਂ?

ਪ੍ਰੋ: ਤਰਲੋਚਨ ਸਿੰਘ ਮਹਾਜਨ

ਫਿਜਿਕਸ ਵਿਭਾਗ

ਖਾਲਸਾ ਕਾਲਜ, ਪਟਿਆਲਾ

੦੯੧-੯੮੮੮੧੬੯੨੨੬

ਵਿਗਿਆਨ ਮੁਤਾਬਿਕ:

ਅਜੋਕੀਆਂ ਹਾਲਤਾਂ ਚੁੰਬਕੀ-ਖੇਤਰ ਦੇ ਉਲਟਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੀ ਹਾਮੀ ਭਰਦੀਆਂ ਹਨ ਪਰ ਇਸ ਬਾਰੇ ਵਿਗਿਆਨੀਆਂ ਕੋਲ ਕੋਈ ਠੋਸ ਤੱਥ ਨਹੀਂ ਹਨ ਕਿ ਇਹ ਘਟਨਾ ਪੂਰਨ ਤੋਰ ਤੇ ਕਦੋਂ ਵਾਪਰੇਗੀ। ਉਨ੍ਹਾਂ ਮੁਤਾਬਕ ਇਹ ਬਦਲਾਵ ਇਕ ਦਮ ਵੀ ਹੋ ਸਕਦਾ ਹੈ ਅਤੇ ਹਜਾਰਾਂ ਸਾਲ ਵੀ ਲੱਗ ਸਕਦੇ ਹਨ।

ਗੁਰਬਾਣੀ:

ਓਪਤਿ ਪਰਲਉ ਖਿਨ ਮਹਿ ਕਰਤਾ।।

(੩੮੭-੨, ਆਸਾ, ਮÚ ੫)

ਪਰਲੋ ਅਵੱਸ਼ ਆਏਗੀ

ਪਰਲੋ ਅਵੱਸ਼ ਆਏਗੀ ਪਰ ਡਰੋ ਨਾ, ਐਨੀ ਜਲਦੀ ਵੀ ਨਹੀਂ ਆਏਗੀ। ਇਹ ਜਾਣਨ ਲਈ ਕਿ ਇਹ ਕਦੋਂ ਆਏਗੀ, ਕਿਉਂ ਆਏਗੀ, ਫਿਰ ਕੀ ਹੋਏਗਾ! ਅਤੇ ਗੁਰਬਾਣੀ ਦੇ ਇਨ੍ਹਾਂ ਵਾਕਾਂ ਦੇ ਅਰਥ ਕੀ ਹਨ ‘‘ਓਪਤਿ ਪਰਲਉ ਖਿਨ ਮਹਿ ਕਰਤਾ``? ਸਾਨੂੰ ਪਹਿਲਾਂ ਆਪਣੇ ਆਲੇ-ਦੁਆਲੇ ਵਾਪਰ ਰਹੇ ਕੁਦਰਤੀ ਨਜ਼ਾਰਿਆਂ ਨੂੰ ਡੂੰਘਾਈ ਤਕ ਘੋਖਣਾ ਪਵੇਗਾ। ਕੁਦਰਤ ਦੀ ਹਰ ਵਸਤੂ ਜੀਵ ਜਾਂ ਨਿਰਜੀਵ ਇੱਕ ਬਦਲਾਵ ਦੇ ਨਿਯਮ ਵਿਚ ਬੱਝੀ ਹੋਈ ਹੈ। ਇਹੀ ਬਦਲਾਵ ਉਸ ਨੂੰ ਉਸਦੇ ਜਨਮ ਤੋਂ ਮੌਤ ਤਕ ਲੈ ਜਾਂਦਾ ਹੈ। ਗੁਰਬਾਣੀ ਅਨੁਸਾਰ:

ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ

ਹਰਿ ਕੀਏ ਖਿਨਿ ਪਰਲੇ ।। ੯੭੫

ਤੁਹਾਨੂੰ ਹਰ ਚੀਜ਼ ਵਿਚ ਬਦਲਾਵ ਦਿੱਸੇਗਾ। ਬਨਸਪਤੀ ਵੱਲ ਨਿਗ੍ਹ੍ਹਾ ਮਾਰੋ, ਜਿਹੜੇ ਫੁੱਲ ਕਲ੍ਹ ਨਹੀਂ ਸਨ ਖਿੜੇ, ਅਜ ਉਹ ਖੁਸ਼ਬੂ ਬਿਖੇਰ ਰਹੇ ਹਨ। ਅਸਮਾਨ ਤੇ ਦੇਖੋ ਤੁਹਾਨੂੰ ਨਿਰੰਤਰ ਬਦਲਾਵ ਦੇ ਬੱਦਲ ਮੰਡਰਾਂਉਂਦੇ ਨਜ਼ਰ ਆਉਣਗੇ। ਦਿਨ ਤੇ ਰਾਤ ਦੀ ਖੇਡ ਵਿਚ ਨਿੱਕੇ-ਨਿੱਕੇ ਟਿਮਟਮਾਉਂਦੇ ਤਾਰੇ ਤੁਹਾਨੂੰ ਘਟਦੇ ਵਧਦੇ ਨਜ਼ਰ ਆਉਣਗੇ। ਸਮੇਂ ਨਾਲ ਚੰਦਰਮਾ ਦਾ ਬਦਲਦਾ ਆਕਾਰ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦਾ ਹੈ। ਬਦਲਾਵ ਦਾ ਕੁਦਰਤੀ ਨਿਯਮ ਧਰਤੀ ਉਤੇ ਨਿਰੰਤਰ ਵਰਤ ਰਿਹਾ ਹੈ।

ਨ ਸੂਰ ਸਸਿ ਮੰਡਲੋ।। ਨ ਸਪਤ ਦੀਪ ਨਹ ਜਲੋ।।

ਅੰਨ ਪਉਣ ਥਿਰੁ ਨ ਕੁਈ।। ਏਕੁ ਤੁਈ ਏਕੁ ਤੁਈ।।

ਗੁਰੂ ਨਾਨਕ ਦੇਵ ਜੀ

ਜਿਥੇ ਅੱਜ ਪਹਾੜ ਹਨ ਉਥੇ ਪਹਿਲਾਂ ਵਿਸ਼ਾਲ ਦੀਪ ਸਨ। ਜਿਥੇ ਅੱਜ ਸਮੁੰਦਰ ਹਨ ਉਹ ਜਗ੍ਹਾ ਅੱਜ ਤੋਂ ਕਈ ਸਦੀਆਂ ਪਹਿਲਾਂ ਪਹਾੜਾਂ ਦੀ ਪਰਬਤਮਾਲਾ ਨਾਲ ਢੱਕੀ ਹੋਈ ਸੀ।

ਧਰਤੀ ਦਾ ਆਪਣਾ ਚੁੰਬਕੀ ਖੇਤਰ ਹੈ ਜਿਸ ਦਾ ਇਕ ਸਿਰਾ ਉੱਤਰ ਅਤੇ ਦੂਜਾ ਦੱਖਣ ਹੈ। ਇਹ ਚੁੰਬਕੀ ਖੇਤਰ ਬਿਲਕੁਲ ਉਵੇਂ ਦਾ ਹੈ ਜਿਵੇਂ ਇਕ ਅਸਲ ਚੁੰਬਕ ਦਾ ਹੁੰਦਾ ਹੈ ਯਾਨੀ ਕਿ ਸਾਡੀ ਧਰਤੀ ਵੀ ਇਕ ਚੁੰਬਕ ਹੈ।

ਅੱਜ ਤੋਂ ਕਈ ਸਦੀਆਂ ਪਹਿਲਾਂ ਵਿਗਿਆਨੀਆਂ ਨੇ ਧਰਤੀ ਨੂੰ ਖੋਦ ਕੇ ਉਸ ਚੁੰਬਕ ਦੀ ਤਲਾਸ਼ ਕਰਨੀ ਚਾਹੀ ਪਰੰਤੂ ਉਨ੍ਹਾਂ ਨੂੰ ਅਜਿਹਾ ਕੋਈ ਚੁੰਬਕ ਨਾ ਲੱਭਾ। ਪਰ ਇਕ ਅਸਚਰਜ ਕੁਦਰਤੀ ਭੇਤ ਤੋਂ ਪਰਦਾ ਜ਼ਰੂਰ ਉਠਿਆ ਉਹ ਇਹ ਕਿ ਧਰਤੀ ਦੀ ਕੁੱਖ ਵਿਚ ਇਕ ਭੱਠੀ ਵਿੱਚ ਮੱਚ ਰਹੀ ਅੱਗ ਵਾਂਗੂੰ, ਬੇਅੰਤ ਗਰਮ ਲਾਵਾ ਤੁਫਾਨ ਬਣ ਕੇ ਧਰਤੀ ਦੇ ਅੰਦਰ ਸੱਟਾਂ ਮਾਰ ਰਿਹਾ ਹੈ। ਜਿਥੇ ਧਰਤੀ ਪੋਲੀ ਹੁੰਦੀ ਹੈ ਉਥੋਂ ਇਹ ਲਾਵਾ ਫੁੱਟ ਕੇ ਜਵਾਲਾਮੁਖੀ ਦੇ ਰੂਪ ਵਿਚ ਬਾਹਰ ਆ ਜਾਂਦਾ ਹੈ। ਇਸ ਲਾਵੇ ਵਿਚ ਜ਼ਿਆਦਾ ਮਿਕਦਾਰ ਲੋਹ ਅਤੇ ਨਿਕਲ ਕਣਾਂ ਦੀ ਹੈ। ਹੁਣ ਵਿਗਿਆਨੀਆਂ ਲਈ ਨਵੀਂ ਸਮਸਿਆ ਇਹ ਪੈਦਾ ਹੋ ਗਈ ਕਿ ਚੁੰਬਕੀ ਖੇਤਰ ਦੀ ਹੋਂਦ ਦਾ ਕਾਰਨ ਕੀ ਹੈ? ਅਤੇ ਇਸ ਦਾ ਅੰਤ ਕੀ ਹੈ? ਅੱਜ ਤੱਕ ਵਿਗਿਆਨੀ ਇਸ ਗੁੱਥੀ ਨੂੰ ਪੂਰਨ ਰੂਪ ਵਿਚ ਸਮਝਣ ਤੋਂ ਅਸਫਲ ਰਹੇ ਹਨ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:

ਅੰਤ ਕਾਰਣਿ ਕੇਤੇ ਬਿਲਲਾਹਿ।।

ਤਾ ਕੇ ਅੰਤ ਨ ਪਾਏ ਜਾਹਿ।।

ਜਪੁਜੀ ਸਾਹਿਬ ਜੀ

ਬਹੁਤੇ ਵਿਗਿਆਨੀਆਂ ਦੀ ਇਹ ਰਾਏ ਹੈ ਕਿ ਇਸ ਚੁੰਬਕੀ ਖੇਤਰ ਦੀ ਹੋਂਦ ਲਾਵੇ ਵਿਚ ਪੈਦਾ ਹੋਏ ਕਰੰਟ ਤੋਂ ਹੈ। ਕਰੰਟ ਚਾਰਜ ਕਣਾਂ ਦੇ ਘੁੰਮਣਘੇਰ ਤੋਂ ਬਣਦਾ ਹੈ। ਇਸ ਕਰੰਟ ਨੂੰ ਚਲਦਾ ਰੱਖਣ ਲਈ ਕਿਸੇ ਅਣਦਿੱਸੇ ਡਾਇਨਮੋ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਵਿਗਿਆਨੀਆਂ ਲਈ ਇਹ ਵੀ ਇਕ ਸਵਾਲ ਬਣਿਆ ਹੋਇਆ ਹੈ ਕਿ ਇਸ ਡਾਇਨਮੋ ਨੂੰ ਲਗਾਤਾਰ ਸ਼ਕਤੀ ਕਿਥੋਂ ਮਿਲ ਰਹੀ ਹੈ। ਕੁਝ ਵਿਗਿਆਨੀਆਂ ਦੀ ਧਾਰਨਾ ਇਹ ਹੈ ਕਿ ਇਸ ਡਾਇਨਮੋ ਨੂੰ ਚਲਾਉਣ ਵਾਲੀ ਧਰਤੀ ਦੀ ਗੁਰਤਾ ਸ਼ਕਤੀ ਜਾਂ ਇਸ ਦੇ ਅੰਦਰ ਬਲ ਰਹੀ ਅੱਗ ਦੀ ਵਿਸ਼ਾਲ ਗਰਮੀ ਹੋ ਸਕਦੀ ਹੈ

ਗਲੋਬਲ ਵਾਰਮਿੰਗ ਦਾ ਜਿੰਮੇਵਾਰ ਮਨੁੱਖ ਤਾਂ ਹੈ ਹੀ ਕਿਉਂਕਿ ਉਸ ਨੇ ਕੁਦਰਤ ਨਾਲ ਕੁਝ ਜ਼ਿਆਦਾ ਹੀ ਛੇੜ-ਛਾੜ ਸੁਰੂ ਕਰ ਦਿੱਤੀ ਹੈ ਜਿਵੇਂ ਕਿ ਜੰਗਲਾਂ ਦਾ ਸਫਾਇਆ, ਫਰਿਜ ਅਤੇ ਏ.ਸੀ. ਦੀ ਵਧੇਰੇ ਵਰਤੋਂ, ਫੈਕਟਰੀਆਂ ਅਤੇ ਵਾਹਨਾਂ ਦੇ ਸਲੰਸਰਾਂ ਤੋਂ ਨਿਕਲਦਾ ਕਾਲਾ ਧੁੰਆਂ ਅਤੇ ਰੇਡੀਓ ਤਰੰਗਾਂ ਦੀ ਵਧੇਰੇ ਵਰਤੋਂ ਆਦਿ। ਵਿਗਿਆਨੀ ਰਿਜ਼ਅਰਡ ਅਨੁਸਾਰ ਗਲੋਬਲ ਵਾਰਮਿੰਗ ਦਾ ਇਕ ਅਹਿਮ ਕਾਰਨ ਧਰਤੀ ਅੰਦਰਲੀ ਗਰਮੀ ਦਾ ਬਾਹਰ ਰਿਸਣਾ ਵੀ ਹੈ ਅਤੇ ਜਿਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਇਸ ਦੀ ਦਰ .9 ਮਾਇਕਰੋ-ਕੈਲੋਰੀ ਪ੍ਰਤੀ ਸੈਂਟੀਮੀਟਰ ਸੁਕੇਅਰ ਪ੍ਰਤੀ ਸੈਕਿੰਡ ਸੀ। ਹੁਣ ਇਹ 1.2 ਮਾਇਕਰੋ-ਕੈਲੋਰੀ ਪ੍ਰਤੀ ਸੈਂਟੀਮੀਟਰ ਸੁਕੇਅਰ ਪ੍ਰਤੀ ਸੈਕਿੰਡ ਹੋ ਗਈ ਹੈ ਇਨ੍ਹਾਂ ਤੱਥਾਂ ਅਨੁਸਾਰ ਸਾਡੀ ਧਰਤੀ ਦੀ ਅੰਦਰਲੀ ਗਰਮੀ ਪ੍ਰਤੀ ਵਰਸ਼ 193,000 ਮੈਗਾਟਨ ਟੀ.ਐਨ.ਟੀ ਦੇ ਬਰਾਬਰ ਘਟ ਰਹੀ ਹੈ। ਜਿਸ ਤੋਂ ਇਸ ਦਾ ਕਰੰਟ ਬਣਾਉਣ ਵਾਲਾ ਡਾਇਨਮੋ ਕਮਜੋਰ ਪੈ ਰਿਹਾ ਹੈ ਅਤੇ ਕਰੰਟ ਦੇ ਘਟਣ ਨਾਲ ਇਸ ਦਾ ਚੁੰਬਕੀ ਖੇਤਰ ਪਤਲਾ ਹੋ ਰਿਹਾ ਹੈ।

ਵਿਗਿਆਨੀਆਂ ਦੇ ਸਰਵੇਖਣ ਅਨੁਸਾਰ ਪਿਛਲੇ ਪੰਜ-ਛੇ ਸੌ ਸਾਲਾਂ ਵਿੱਚ ਚੁੰਬਕੀ ਖੇਤਰ ਬਹੁਤ ਜ਼ਿਆਦਾ ਕਮਜੋਰ ਹੋਇਆ ਹੈ। ਇਹ ਤਥ ਵਿਗਿਆਨੀਆਂ ਨੂੰ ਜਵਾਲਾਮੁਖੀ ਦੇ ਲਾਵੇ ਦਾ ਪਰੀਖਣ ਕਰ ਕੇ ਮਿਲੇ ਹਨ। ਜਦੋਂ ਜਵਾਲਾਮੁਖੀ ਫਟਦਾ ਹੈ ਤਾਂ ਉਸ ਵਿਚੋਂ ਵਗ ਰਹੇ ਲਾਵੇ ਵਿਚਲੇ ਲੋਹ ਕਣ ਚੁੰਬਕੀ ਪ੍ਰਭਾਵ ਤੋਂ ਸੱਖਣੇ ਹੁੰਦੇ ਹਨ ਕਿਉਂਕਿ ਲਾਵੇ ਦਾ ਤਾਪਮਾਨ 500 ਡਿਗਰੀ ਸੈਂਟੀਗਰੇਟ ਤੋਂ ਵੀ ਵਧ ਹੁੰਦਾ ਹੈ। ਲਾਵੇ ਦੇ ਠੰਢੇ ਹੋਣ ਦੀ ਪ੍ਰਕਿਰਿਆ ਸਮੇਂ ਉਸ ਵਿਚ ਮੌਜੂਦ ਲੋਹ ਕਣ ਉਸ ਸਮੇਂ ਮੌਜੂਦ ਚੁੰਬਕੀ ਪ੍ਰਭਾਵ ਅਤੇ ਉਸ ਦੀ ਦਿਸ਼ਾ ਨੂੰ ਗ੍ਰਹਿਣ ਕਰ ਲੈਂਦੇ ਹਨ। ਇਸ ਤਰ੍ਹਾਂ ਪ੍ਰਿਥਵੀ ਦੇ ਜਨਮ ਤੋਂ ਲੈ ਕੇ ਹੁਣ ਤਕ ਅੱਡ-ਅੱਡ ਸਮੇਂ ਤੇ ਮੌਜੂਦ ਚੁੰਬਕੀ-ਖੇਤਰ ਦੀ ਤਾਕਤ ਅਤੇ ਉਸ ਦੀ ਦਿਸ਼ਾ ਦਾ ਪਤਾ ਲਗਾਇਆ ਜਾ ਚੁੱਕਾ ਹੈ। ਜਿਹੜੇ ਤੱਥ ਸਾਹਮਣੇ ਆਏ ਹਨ ਉਹ ਬੜੇ ਹੈਰਾਨ ਕਰ ਦੇਣ ਵਾਲੇ ਹਨ। ਇਨ੍ਹਾਂ ਮੁਤਾਬਕ ਚੁੰਬਕੀ-ਖੇਤਰ ਤਕਰੀਬਨ 200.000 ਸਾਲਾਂ ਤੋਂ ਬਾਅਦ ਉਲਟ ਜਾਂਦਾ ਹੈ। ਜਿਥੇ ਹੁਣ ਉੱਤਰੀ-ਧੁਰਾ ਹੈ ਉਹ ਦੱਖਣੀ-ਧੁਰਾ ਬਣ ਜਾਂਦਾ ਹੈ ਅਤੇ ਜਿਥੇ ਹੁਣ ਦੱਖਣੀ-ਧੁਰਾ ਹੈ ਉਹ ਉਤਰੀ-ਧੁਰੇ ਵਿਚ ਬਦਲ ਜਾਂਦਾ ਹੈ। ਇਹ ਵਾਪਰ ਤਾਂ ਲਗਾਤਾਰ ਰਿਹਾ ਹੈ ਪਰੰਤੂ ਇਸ ਦੇ ਵਾਪਰਨ ਦੀ ਮਿਆਦ ਇਕੋ ਜਿਹੀ ਨਹੀ ਹੈ। ਬਦਲਾਵ ਦੀ ਇਹ ਘਟਨਾ ਅਜ ਤੋਂ ਤਕਰੀਬਨ 750,000 ਤੋਂ 780,000 ਸਾਲ ਪਹਿਲਾਂ ਵਾਪਰੀ ਸੀ। ਹੋਰ ਅਹਿਮ ਤੱਥ ਵੀ ਇਸ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਬਦਲਾਵ ਦੀ ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਧਰਤੀ ਦਾ ਚੁੰਬਕੀ ਖੇਤਰ ਕਮਜ਼ੋਰ ਪੈ ਚੁਕਦਾ ਹੈ। ਹੁਣ ਦਾ ਚੁੰਬਕੀ ਖੇਤਰ ਕਮਜ਼ੋਰ ਵੀ ਪੈ ਚੁੱਕਾ ਹੈ ਅਤੇ ਇਹ ਧਰਤੀ ਦੇ ਸਪਿਨ ਐਕਸਿਜ਼ ਤੋਂ 20 ਡਿਗਰੀ ਮੁੜ ਵੀ ਚੁੱਕਾ ਹੈ। ਕੈਨੇਡੀਅਨ ਜੂਆਲੋਜੀ ਸਰਵੇਖਣ ਅਨੁਸਾਰ ਧਰਤੀ ਦੇ ਚੁੰਬਕੀ ਖੇਤਰ ਦੀ ਦਿਸ਼ਾ ਬਦਲ ਰਹੀ ਹੈ। ਇਸ ਦਾ ਉੱਤਰੀ ਚੁੰਬਕੀ ਧੁਰਾ ਆਪਣੀ ਦਿਸ਼ਾ ਤੋਂ ਫਿਸਲਦਾ ਹੋਇਆ ਕੈਨੇਡੀਅਨ ਆਰਕਟੀਕ ਵਲ ਵਧ ਰਿਹਾ ਹੈ। ਇਸ ਦਾ ਇਹ ਮੋੜ ਹਰ ਸਾਲ 40 ਕਿਲੋਮੀਟਰ ਉੱਤਰ-ਪੱਛਮ ਵਲ ਜਾ ਰਿਹਾ ਹੈ। ਅਜੋਕੀਆਂ ਹਾਲਤਾਂ ਇਸ ਚੁੰਬਕੀ-ਖੇਤਰ ਦੇ ਉਲਟਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੀ ਹਾਮੀ ਭਰਦੀਆਂ ਹਨ ਪਰ ਇਸ ਬਾਰੇ ਵਿਗਿਆਨੀਆਂ ਕੋਲ ਕੋਈ ਠੋਸ ਤੱਥ ਨਹੀਂ ਹਨ ਕਿ ਇਹ ਘਟਨਾ ਪੂਰਨ ਤੌਰ ਤੇ ਕਦੋਂ ਵਾਪਰੇਗੀ। ਉਨ੍ਹਾਂ ਮੁਤਾਬਕ ਇਹ ਬਦਲਾਵ ਇਕ ਦਮ ਵੀ ਹੋ ਸਕਦਾ ਹੈ ਅਤੇ ਹਜ਼ਾਰਾਂ ਸਾਲ ਵੀ ਲੱਗ ਸਕਦੇ ਹਨ। ਪਰੰਤੂ ਇਹ ਨਿਸ਼ਚਿਤ ਹੈ ਕਿ ਜਦੋਂ ਬਦਲਾਵ ਦੀ ਪ੍ਰਿਕਰਿਆ ਆਪਣੀ ਚਰਮ ਸੀਮਾ ਤੇ ਹੋਵੇਗੀ ਉਦੋਂ ਧਰਤੀ ਤੇ ਮੌਜੂਦ ਜੀਵ ਜੰਤੁਆਂ ਅਤੇ ਬਨਸਪਤੀ ਲਈ ਸਮਾਂ ਬੜਾ ਨਾਜ਼ੁਕ ਹੋਵੇਗਾ। ਕਿਉਂਕਿ ਉਸ ਸਮੇ ਸੂਰਜ ਅਤੇ ਬਾਹਰਲੇ ਬ੍ਰਹਿਮੰਡ ਤੋਂ ਆਉਣ ਵਾਲੀਆਂ ਜੀਵਨ ਲਈ ਨੁਕਸਾਨਦਾਇਕ ਕਿਰਨਾਂ ਚੁੰਬਕੀ ਖੇਤਰ ਦੇ ਪਤਲੇ ਪੈ ਜਾਣ ਕਰਕੇ ਵਾਪਸ ਨਹੀ ਪਰਤ ਸਕਣਗੀਆਂ ਅਤੇ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੁੰਦੇ ਸਾਰ ਧਰਤੀ ਉਪਰ ਪਨਪ ਰਹੇ ਜੀਵਨ ਨੂੰ ਤਹਿਸ ਨਹਿਸ ਕਰ ਦੇਣਗੀਆਂ। ਚੁੰਬਕੀ-ਖੇਤਰ ਧਰਤੀ ਦੇ ਜੀਵਨ ਨੂੰ ਬਾਹਰਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਬਚਾਉਣ ਲਈ ਇਕ ਢਾਲ ਦਾ ਕੰਮ ਕਰਦਾ ਹੈ। ਪਰ ਜੇ ਇਹ ਢਾਲ ਹੀ ਨਾ ਰਹੀ ਤਾਂ ..! ਤਾਂ ਧਰਤੀ ਦਾ ਤਾਪਮਾਨ ਕਈ ਡਿਗਰੀ ਸੈਂਟੀਗਰੇਡ ਵੱਧ ਜਾਵੇਗਾ। ਚਮੜੀ ਦੇ ਰੋਗਾਂ ਵਿਚ ਬੇਇੰਤਾਹ ਵਾਧਾ ਹੋਵੇਗਾ। ਰੋਗ ਲਾਇਲਾਜ ਹੋ ਜਾਣਗੇ। ਕੈਂਸਰ ਜਿਹੇ ਰੋਗਾਂ ਦਾ ਹੋਰ ਵਾਧਾ ਹੋਵੇਗਾ। ਨਵੀਆਂ ਨਵੀਆਂ ਬਿਮਾਰੀਆਂ ਫੈਲਣਗੀਆਂ। ਜਦੋਂ ਧਰਤੀ ਮੌਜੂਦਾ ਚੁੰਬਕੀ-ਖੇਤਰ ਨੂੰ ਤਿਆਗ ਕੇ ਨਵੇਂ ਚੁੰਬਕੀ-ਖੇਤਰ ਵਿਚ ਦਾਖਲ ਹੋ ਰਹੀ ਹੋਵੇਗੀ ਤਾਂ ਕਿੰਨੀਆਂ ਕੁ ਜਾਨਾਂ ਜਾਣਗੀਆਂ ਉਹ ਲਿਖਣ ਪੜ੍ਹਨ ਤੋਂ ਪਰੇ ਦੀ ਗੱਲ ਹੈ। ਹਾਂ, ਉਹ ਦੁਖਦਾਈ ਸਮਾਂ ਅਵੱਸ਼ ਆਏਗਾ ਪਰ ਪਤਾ ਨਹੀਂ ਕਦੋਂ? ਜਦੋਂ ਸਭ ਪਾਸੇ ਹਾਹਾਕਾਰ ਮਚੇਗੀ, ਚੀਕਾਂ ਅਤੇ ਕੁਰਲਾਹਟਾਂ ਸੁਣਨਗੀਆਂ, ਜੀਵ ਜੰਤੂਆਂ ਦੀਆਂ ਲਾਸ਼ਾਂ ਤੋਂ ਇਲਾਵਾ ਕੁਝ ਨਹੀ ਹੋਵੇਗਾ। ਇਹ ਸਮਾਂ ਪਰਲੋ ਦਾ ਹੋਵੇਗਾ। ਉਸ ਪਰਲੋ ਦਾ ਭਿਆਨਕ ਨਾਚ ਵੇਖਣ ਵਾਲੇ ਬਦਨਸੀਬ ਲੋਕ ਉਦੋਂ ਵੀ ਹੋਣਗੇ ‘‘ਲਖ ਚਉਰਾਸੀਹ ਮੇਦਨੀ, ਸਭ ਆਵੈ ਜਾਸੀ`` ਦੇ ਸਿਧਾਂਤ ਅਨੁਸਾਰ ਇਹ ਦੁਨੀਆ ਮਿਟੇਗੀ ਤੇ ਫਿਰ ਤੋਂ ਨਵੇਂ ਜੀਵਨ ਦੀ ਸ਼ੁਰੂਆਤ ਹੋਵੇਗੀ, ਬਿਲਕੁਲ ਨਵਾਂ ਜੀਵਨ! ਇਕ ਨਵੇਂ ਯੁਗ ਦੀ ਸ਼ੁਰੂਆਤ, ਨਵੀਂ ਪ੍ਰਭਾਤ ਨਾਲ! ਗੁਰੂ ਅਰਜਨ ਦੇਵ ਜੀ ਅਨੁਸਾਰ:

ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ।।

ਬਾਦਿਸਾਹ ਸਾਹ ਉਮਰਾਵਖਾਨ ਢਾਹਿ ਡੇਰੀ ਜਾਸੀ।।

ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ।।

ਕਾਜੀ ਸੇਖ ਸਮਾਇਕਾ ਸਭੇ ਉਠਿ ਜਾਸੀ।।

ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ।।

ਰੋਜਾ ਬਾਗ ਨਿਵਾਜ ਕਤੇਬ ਵਿਣੁ ਬੂਝੇ ਸਭ ਜਾਸੀ।।

ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ।।

(1100)




.