.

ਡਾ: ਜੋਧ ਸਿੰਘ ਦਾ ਪੇਪਰ ‘ਝੂਠ ਦਾ ਪੁਲੰਦਾ’

ਸਰਵਜੀਤ ਸਿੰਘ

10 ਨਵੰਬਰ 2006 ਨੂੰ ਦਸਮ ਗ੍ਰੰਥ ਦੇ ਹਮਾਇਤੀਆਂ ਵਲੋ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਇਕ ਵਿਚਾਰ ਗੋਸ਼ਟੀ ‘ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ’ ਕੀਤੀ ਗਈ ਸੀ। ਹਾਜਰ ਵਿਦਵਾਨਾਂ ਵਿਚੋਂ ਡਾ: ਜੋਧ ਸਿੰਘ ਜੀ ਨੇ ਆਪਣੇ ਪਰਚੇ ਦੇ ਖਾਸ-ਖਾਸ ਨੁਕਤੇ ਸਰੋਤਿਆਂ ਨਾਲ ਸਾਂਝੇ ਕਰਦਿਆ ਕਿਹਾ:
“ਦਾਸ ਨੂੰ ਹਿੰਦੀ ਅਤੇ ਅੰਗਰੇਜੀ ਵਿਚ {ਦਸਮ ਗ੍ਰੰਥ ਦਾ} ਅਨੂਵਾਦ ਕਰਨ ਦਾ ਮੌਕਾ ਮਿਲਿਆ ਅਤੇ ਉਹ ਛਪ ਚੁੱਕਾ ਹੈ। ਅਨੁਵਾਦਕ ਨੂੰ ਦਰਅਸਲ ਇੱਕ-ਇੱਕ ਲਾਈਨ ਪੜ੍ਹਨੀ ਪੈਦੀ ਹੈ ਉਹ ਛੱਡ ਨਹੀ ਸਕਦਾ।”
“ਜਿਦਾਂ ਮੈ ਬਚਿਤ੍ਰ ਨਾਟਕ ਬਾਰੇ ਗੱਲ ਕੀਤੀ ਤਾਂ ਲਵ-ਕੁਸ ਤੋਂ ਲੋਕ ਬੜੇ ਭੜਕੇ ਹੋਏ ਸੀ, ਬੜੀ ਪ੍ਰੇਸ਼ਾਨੀ ਹੋਈ, ਅਸੀਂ ਤੇ ਹਿੰਦੂ ਹੋ ਗਏ ਕਿਉਂਕਿ ਲਵ-ਕੁਸ ਦੀ ਸੰਤਾਨ ਸਾਨੂੰ ਦੱਸ ਦਿੱਤਾ, ਤਾਂ ਦਾਸ ਨੇ ਯਤਨ ਕੀਤਾ ਸੀ ਕਿ ਉਹ ਜਿਹੜੀ ਕਹਾਣੀ ਹੈ ਉਹ ਖਾਨਦਾਨ ਦੱਸਣ ਵਾਸਤੇ ਨਹੀ ਹੈ। ਖਾਨਦਾਨ ਤਾਂ ਇਕ ਪੇਜ ਵਿੱਚ ਦੱਸਿਆ ਜਾ ਸਕਦਾ ਸੀ, ਲੇਕਿਨ ਉਹਦੇ ‘ਚ 100 ਪੇਜ਼ ਭਰਿਆ ਪਿਆ। ਉਹਦਾ ਪਰਪਜ਼ ਹੋਰ ਹੈ। ਦੱਸਣਾ ਗੁਰੂ ਇਹ ਚਾਹੁੰਦਾ ਹੈ ਕਿ ਸਿੱਖਾਂ ਕੋਲ ਰਾਜ ਭਾਗ ਆਉਣਾ ਹੀ ਆਉਣਾ, ਸਿੱਖ ਇੰਨੇ ਸ਼ਕਤੀ ਸ਼ਾਲੀ ਇੰਨੇ ਅਚਾਰਣ ਦੇ ਉੱਚੇ ਤੇ ਸੁੱਚੇ ਹਨ ਕਿ ਇਨ੍ਹਾਂ ਕੋਲ ਰਾਜ ਭਾਗ ਆਉਣਾ ਹੈ ਤੇ ਰਾਜ ਭਾਗ ਦੀਆਂ ਅਲਾਮਤਾ ਕੀ ਹੁੰਦੀਆ ਨੇ ਕਿ ਜਦੋ ਰਾਜ ਭਾਗ ਆਉਂਦਾ ਤਾਂ ਆਪੋ ਵਿੱਚੀ ਲੜਾਈਆਂ ਸ਼ੁਰੂ ਹੋ ਜਾਦੀਆਂ ਨੇ। ਤੇ ਲੜਨ ਨਾ ਮੇਰੇ ਸਿੱਖ, ਇਸ ਕਰਕੇ ਉਹ ਕਹਾਣੀ ਲਿਖੀ ਕਿ ਚੱਕਰਵਰਤੀ ਰਾਜੇ ਦੇ ਮੁੰਡੇ ਸੀਗੇ, ਲੜਕੇ ਸੀਗੇ ਤੇ ਅਖੀਰ ਵਿਚ ਵੀਹ ਪਿੰਡਾਂ ਦੇ ਮਾਲਕ ਰਹਿ ਗਏ।
ਬੀਸ ਗਾਵ ਤਿਨ ਕੇ ਰਹਿ ਗਏ। ਤਿਨ ਮੋ ਜਿਨ ਮੋ ਕਰਤ ਕਿਸਾਨੀ ਭਏ।
ਤਿਨ ਬੇਦੀਅਨ ਕੀ ਕੁਲ ਵਿਖੇ ਪਰਗਟ ਨਾਨਕ।

ਖੈਰ ਮੈ ਉਸ ਚੀਜ ਨੂੰ ਸੁਲਝਾਇਆ ਕਿ ਇਸ ਕਹਾਣੀ ਦਾ ਇਹ ਪਰਪਜ਼ ਨਹੀ ਹੈ, ਪਰਪਜ ਹੀ ਉਹਦਾ ਕੁਝ ਹੋਰ ਹੈ। ਉਹ ਸਾਨੂੰ ਪੜ੍ਹਨਾ ਚਾਹੀਦਾ, ਖੋਜਣਾ ਚਾਹੀਦਾ, ਵਿਚਾਰਨਾ ਚਾਹੀਦਾ।”

ਇਸ ਨੂੰ ਸੁਨਣ ਤੋਂ ਪਿਛੌਂ ਜਦੋਂ ਮੈਂ ਵਿਚਾਰਿਆ ਤਾਂ ਡਾਂ ਜੋਧ ਸਿੰਘ ਦਾ ਝੂਠ ਜੋ ਬੁਹਤ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੋਇਆ ਉਸ ਦਾ ਵੇਰਵਾ ਇਓ ਹੈ-
ਡਾ: ਜੋਧ ਸਿੰਘ ਦੇ ਦੱਸਣ ਮੁਤਾਬਕ ਗੁਰੂ ਜੀ ਨੇ ਆਪਣੇ ਵੰਸ ਦਾ ਵਰਨਣ ਨਹੀਂ ਕੀਤਾ ਸਗੋ ਕਿਸੇ ਰਾਜੇ ਦੇ ਖਾਨਦਾਨ ਵਿਚ ਹੋਏ ਯੁੱਧ ਦਾ ਵਰਨਣ ਕੀਤਾ ਹੈ। ਡਾ: ਜੋਧ ਸਿੰਘ ਜੀ ਨੇ ਦੋ ਪੰਗਤੀਆਂ ਦਾ ਗਲਤ ਉਚਾਰਨ ਵੀ ਕੀਤਾ ਹੈ।
ਬੀਸ ਗਾਵ ਤਿਨ ਕੇ ਰਹਿ ਗਏ। ਤਿਨ ਮੋ ਜਿਨ ਮੋ ਕਰਤ ਕਿਸਾਨੀ ਭਏ।
ਤਿਨ ਬੇਦੀਅਨ ਕੀ ਕੁਲ ਵਿਖੇ ਪਰਗਟ ਨਾਨਕ। (ਪਾਠਕ ਸੰਤ ਸਿਪਾਹੀ ਦੀ ਵੈਬ ਸਾਈਟ ਤੇ ਸੁਣ ਸਕਦੇ ਹਨ।)

ਇਹ ਪੰਗਤੀਆਂ ‘ਬਚਿਤ੍ਰ ਨਾਟਕ’ ਵਿਚ ‘ਪਾਤਸ਼ਾਹੀ ਬਰਨਨੰ’ ਨਾਮ ਵਾਲੇ ‘ਪੰਜਵੇਂ ਅਧਿਆਏ’ ਵਿਚ ਦਰਜ ਹਨ। ਜਿਸ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਕਿਹਾ ਜਾਂਦਾ ਹੈ। ‘ਬਚਿਤ੍ਰ ਨਾਟਕ’ ਦੇ ਕੁਲ 14 ਅਧਿਆਇ ਅਤੇ 471 ਛੰਦ ਹਨ। ਇਸ ਦੇ ਪਹਿਲੇ ਅਧਿਆਏ, ਜਿਸ ਦੇ 101 ਛੰਦ ਹਨ, ਵਿਚ ‘ਸ਼੍ਰੀ ਕਾਲ ਦੀ ਉਸਤਤ’ ਕੀਤੀ ਗਈ ਹੈ। ਦੂਜੇ ਅਧਿਆਇ ਵਿਚ, ਜਿਸ ਦੇ 36 ਛੰਦ ਹਨ, ਕਵੀ ਆਪਣੇ ਬੰਸ ਦਾ ਵਰਨਣ ‘ਸ਼ੁਭ ਬੰਸ ਬਰਨਨ’ ਕਰਦਾ ਹੈ।
ਅਬ ਮੈ ਕਹੋ ਸੁ ਅਪਨੀ ਕਥਾ। ਸੋਢੀ ਬੰਸ ਉਪਜਿਆ ਜਥਾ।8।
ਕਵੀ ਆਪਣੇ ਵੰਸ ਦੀ ਕਥਾ ਸ੍ਰਿਸ਼ਟੀ ਦੇ ਅਰੰਭ ਤੋਂ ਹੀ ਸ਼ੁਰੂ ਕਰਦਾ ਹੈ ਕਿ ਕਿਵੇ ਸ੍ਰਿਸ਼ਟੀ ਦਾ ਅਰੰਭ ਹੋਇਆ।
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।
ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। 13।

ਡਾ: ਜੋਧ ਸਿੰਘ ਜੀ, ਕੀ ਇਹ ਸ੍ਰਿਸ਼ਟੀ ਕੰਨਾ ਦੀ ਮੈਲ ਤੋ ਬਣੀ ਹੈ?। ਕੀ ਗੁਰੂ ਜੀ ਨੇ ਹੀ ਅਜੇਹਾ ਲਿਖਿਆ ਹੋਵੇਗਾ?। ਪਰ ਦੂਜੇ ਪਾਸੇ ਇਸ ਸਾਰੇ ਪਸਾਰੇ ਦੀ ਰਚਨਾ ਬਾਰੇ ਇਲਾਹੀ ਸੱਚ ਅੰਮ੍ਰਿਤਮਈ ਬਾਣੀ ਦਾ ਪਵਿਤੱਰ ਉਪਦੇਸ਼ ਹੈ: ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (4)

ਕਵੀ ਦੈਤਾਂ ਅਤੇ ਦੇਵਤਿਆਂ ਦਾ ਸਖੇਪ ਵਿਚ ਜਿਕਰ ਕਰਦਾ ਹੈ। ਉਸ ਤੋ ਅੱਗੇ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆਂ ਤੇ ਸਾਰੀਆਂ ਹੀ ਵਿਆਹ ਦਿੱਤੀਆਂ ।17। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆਂ (ਦੇਵਤਿਆਂ) ‘ਚੋ ਇਕ ਨੇ ਸੂਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ। ਇਸ ਬੰਸ ਵਿਚ ‘ਰਘੂ’ ਰਾਜਾ ਹੋਇਆ ਜਿਸ ਤੋ ਰਘੂ ਬੰਸ ਚਲਿਆ। ਰਘੂ ਦਾ ਪੁੱਤਰ ‘ਅਜ’ ਅਤੇ ‘ਅਜ’ ਦਾ ਪੁਤਰ ‘ਦਸ਼ਰਥ’ ਹੋਇਆ ਜਿਸ ਨੇ ਤਿੰਨ ਰਾਣੀਆਂ (ਕੌਸ਼ਲਿਆ, ਕੈਕਈ ਅਤੇ ਸੁਮਿਤ੍ਰਾ) ਨਾਲ ਵਿਆਹ ਕੀਤਾ। ਜਿਸ ਦੇ ਚਾਰ ਪੁੱਤਰ (ਰਾਮ, ਭਰਤ, ਲੱਛਮਣ ਅਤੇ ਸ਼ਤਰੂਘਨ) ਪੈਦਾ ਹੋਏ ਅਤੇ ਅੱਗੋ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ਼ ਼ਪੈਦਾ ਹੋਏ ।23। ਉਨ੍ਹਾਂ ਨੇ ਦੋ ਨਗਰ (ਲਹੌਰ ਅਤੇ ਕਸੂਰ) ਵਸਾਏ ਜਿਨ੍ਹਾਂ ਦੀ ਸ਼ੋਭਾ ਦੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ।

ਚੌਹਾਂ ਯੁਗਾ ਦੇ ਰਾਜਿਆ ਦੀ ਗਿਣਤੀ ਨਹੀ ਹੋ ਸਕਦੀ। (ਤਿਨ ਕੇ ਨਾਮ ਨ ਜਾਤ ਗਨਾਏ। 26) ਤੇਰੀ ਕ੍ਰਿਪਾ ਨਾਲ ਕਾਲ ਕੇਤੁ ਅਤੇ ਕਾਲ ਰਾਇ ਦਾ ਨਾਮ ਲੈਂਦਾ ਹਾਂ। 27। ਕਾਲ ਕੇਤੁ ਬਹੁਤ ਹੀ ਸ਼ਕਤੀ ਸ਼ਾਲੀ ਸੀ ਜਿਸ ਨੇ ਕਾਲ ਰਾਇ ਨੂੰ ਨਗਰ ਵਿਚੋਂ ਕੱਢ ਦਿੱਤਾ। ਜਿਸ ਨੇ ਸਨੌਢ ਜਾ ਡੇਰਾ ਲਾਇਆ ਅਤੇ ਉਥੇ ਦੀ ਰਾਜਕੁਮਾਰੀ ਨਾਲ ਵਿਆਹ ਕਰ ਲਿਆ ਜਿਸ ਤੋਂ ਸੋਢ ਰਾਏ ਨੇ ਜਨਮ ਲਿਆ ਜਿਸ ਤੋ ਸੋਢੀ ਬੰਸ਼ ਚਲਿਆ।29। ਸੋਢ ਰਾਏ ਦੇ ਪੁੱਤਰ (ਸੋਢੀ) ਜਗਤ ਵਿਚ ਬੁਹਤ ਪ੍ਰਸਿੱਧ ਹੋਏ। ਉਨ੍ਹਾਂ ਨੇ ਰਾਜਸੂਯ ਅਤੇ ਅਸ਼੍ਵਮੇਧ ਯੱਗ ਕੀਤੇ ਅਤੇ ਆਪਣੇ ਰਾਜ ਦਾ ਬੁਹਤ ਹੀ ਵਿਸਥਾਰ ਕੀਤਾ। ਅੰਤ ਸੋਢੀ ਬੰਸ਼ ਵਿਚ ਆਪਸੀ ਝਗੜਾ ਬੁਹਤ ਹੀ ਵਧ ਗਿਆ ਅਤੇ ਕੋਈ ਵੀ ਉਨ੍ਹਾਂ ਦਾ ਰਾਜੀਨਾਮਾਂ ਨਾ ਕਰਵਾ ਸਕਿਆ। 33।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਮ ਸਤੁ ਸੁਭਮ ਸਤੁ ।2।

ਤੀਜੇ ਅਧਿਆਏ, ਜਿਸ ਦੇ 52 ਛੰਦ ਹਨ, ਵਿਚ ਕਵੀ ਆਪਣੇ ਵੰਸ਼ ਵਿਚ ਹੋਏ ਭਿਆਨਕ ਜੁਧ ਦਾ ਵਰਨਣ ਹੈ।
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ।
ਛਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ। ਘਨੇ ਬਰਖ ਕੀਨੇ ਤਹਾ ਹੀ ਨਿਵਾਸੰ। 52।
ਭਾਵ ਕੁਸ਼ ਦੀ ਵੰਸ ਯੁਧ ਹਾਰ ਗਈ ਤੇ ਜਾਨ ਬਚਾ ਕਿ ਕਾਸ਼ੀ ਜਾ ਵਸੇ । ਉਥੇ ਉਨ੍ਹਾਂ ਨੇ ਚਾਰੇ ਹੀ ਵੇਦ ਪੜ੍ਹ ਲਏ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਲਵੀ ਕੁਸੀ ਜੁਧ ਬਰਨਨੰ ਤ੍ਰਿਤੀਆ ਧਿਆਉ ਸਮਾਪਤ ਸਤੁ ਸੁਭਮ ਸਤੁ ।3।


ਚੌਥਾ ਅਧਿਆਏ, ਜਿਸ ਦੇ ਕੁਲ 10 ਛੰਦ ਹਨ, ਦੀ ਸਖੇਪ ਵਾਰਤਾ ਇਓ ਹੈ।
ਲਵ ਬੰਸ਼ੀ ਰਾਜੇ ਨੇ ਆਪਣੇ ਦੂਤ ਨੂੰ ਇਕ ਪੱਤਰ ਦੇ ਕੇ ਕਾਸ਼ੀ ਭੇਜਿਆ ਕਿ ਆਓ ਭਰਾਵੋ ਆਪਾ ਰਾਜੀਨਾਮਾ ਕਰ ਲਈਏ। ਦੂਤ ਦੀ ਬੇਨਤੀ ਮੰਨ ਕੇ ਬੇਦੀਆਂ (ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ) ਨੇ ਮਦ੍ਰ ਦੇਸ ਨੂੰ ਚਾਲੇ ਪਾ ਦਿੱਤੇ। ਰਾਜੇ ਨੇ ਉਹਨਾਂ ਦਾ ਬੁਹਤ ਸਤਿਕਾਰ ਕੀਤਾ ਤੇ ਵੇਦਾਂ ਦਾ ਪਾਠ ਸੁਣਿਆ। ਚੌਥੇ ਵੇਦ ਦੇ ਪਾਠ ਵੇਲੇ ਰਾਜਾ ਵੈਰਾਗ ਵਿਚ ਆ ਗਿਆ ਅਤੇ ਸਾਰਾ ਰਾਜ-ਭਾਗ ਵੇਦੀਆਂ ਨੂੰ ਸੰਭਾਲ ਕੇ ਰਾਜੇ ਨੇ ਬਨਵਾਸ ਧਾਰਨ ਕਰ ਲਿਆ। ਬੇਦੀ ਰਾਜ ਪ੍ਰਾਪਤ ਕਰਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਸੋਢੀਆਂ ਨੂੰ ਵਰ ਦਿੱਤਾ ਕਿ ਕਲਯੁਗ ਵਿਚ ਜਦੋ ਅਸੀ ਨਾਨਕ ਬਣ ਕਿ ਆਵਾਂਗੇ ਤਾਂ ਤੁਹਾਨੂੰ ਬੁਹਤ ਹੀ ਮਾਣ-ਸਤਿਕਾਰ ਦੇਵਾਂਗੇ।

ਤ੍ਰਿਤੀਯ ਬੇਦ ਸੁਨਬੇ ਤੁਮ ਕੀਆ। ਚਤੁਰ ਬੇਦ ਸੁਨਿ ਭੂਅ ਕੋ ਦੀਆ।
ਤੀਨ ਜਨਮ ਹਮਹੂੰ ਜਬ ਧਰਿ ਹੈ। ਚੌਥੇ ਜਨਮ ਗੁਰੁ ਤੁਹਿ ਕਰਿ ਹੈ।9।
ਕਿਉਕਿ ਵੈਰਾਗ ਚੌਥੇ ਵੇਦ ਦੀ ਕਥਾਂ ਸੁਨਣ ਵੇਲੇ ਆਇਆ ਸੀ ਇਸ ਲਈ ਗੁਰ ਗੱਦੀ ਵੀ ਚੌਥੇ ਥਾਂ ਹੀ ਵਾਪਸ ਦੇਣੀ ਸੀ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਲਵੀ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਸਤੁ ਸੁਭਮ ਸਤੁ ।4।

ਹੁਣ ਸ਼ੁਰੂ ਹੁੰਦੀ ਹੈ ਪੰਜਵੇਂ ਅਧਿਆਏ ‘ਪਾਤਸਾਹੀ ਬਰਨਨੰ’ ਦੀ ਵਾਰਤਾ ਜਿਸ ਦੇ ਕੁਲ 16 ਛੰਦ ਹਨ।

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ।
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ।4।
ਸ੍ਰੀ ਨਾਨਕ ਅੰਗਦਿ ਕਰ ਮਾਨਾ। ਅਮਰ ਦਾਸ ਅੰਗਦ ਪਹਿਚਾਨਾ।
ਅਮਰ ਦਾਸ ਰਾਮਦਾਸ ਕਹਾਯੋ। ਸਾਧਨ ਲਖਾ ਮੂੜ ਵਹਿ ਪਾਯੋ।9।
ਰਾਮਦਾਸ ਹਰਿ ਸੋ ਮਿਲਿ ਗਏ। ਗੁਰਤਾ ਦੇਤ ਅਰਜੁਨਹਿ ਭਏ।
ਜਬ ਅਰਜੁਨ ਪ੍ਰਭ ਲੋਕਿ ਸਿਧਾਏ। ਹਰਿ ਗੋਬਿੰਦ ਤਿਹ ਠਾ ਠਹਰਾਏ।11।
ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ। ਹਰੀ ਰਾਇ ਤਿਹ ਠਾ ਬੈਠਾਰੇ।
ਹਰੀ ਕ੍ਰਿਸਨਿ ਤਿਨ ਕੇ ਸੁਤ ਵਏ। ਤਿਨ ਤੇ ਤੇਗ ਬਹਾਦਰ ਭਏ।12।
ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
ਸਾਧਨ ਹੇਤ ਇਤੀ ਜਿਨਿ ਕਰੀ। ਸੀਸੁ ਦੀਯਾ ਪਰੁ ਸੀ ਨ ਉਚਰੀ।13।
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ।16।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਉ ਸਮਾਪਤ ਸਤ ਸੁਭਮ ਸਤੁ। 5। 215।

ਛੇਵੈ ਅਧਿਆਏ, ਜਿਸ ਦੇ ਕੁਲ 64 ਛੰਦ ਹਨ, ਵਿਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਥਾ ਅਰੰਭ ਕਰਦੇ ਹਨ।
ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸਿੰਰਗ ਸੋਭਿਤ ਹੈ ਤਹਾਂ।1।

ਖਾਨਦਾਨੀ ਲੜਾਈ ਦਾ ਅਰੰਭ ਤਾਂ ਦੂਜੇ ਅਧਿਆਏ ਦੇ 33 ਵੇਂ ਛੰਦ ਤੋ ਸ਼ੁਰੂ ਹੂੰਦਾ ਹੈ ਅਤੇ ਇਸ ਦਾ ਪੂਰਾ ਸ਼ਬਦ ਚਿੱਤਰ ਤੀਜੇ ਅਧਿਆਏ ਵਿਚ ਖਿਚਿਆ ਗਿਆ ਹੈ ਜਿਸ ਦੇ ਕੁਲ 52 ਛੰਦ ਹਨ। ਵੇਦੀਆਂ ਦੀ ਘਰੇਲੂ ਲੜਾਈ ਦਾ ਵਰਨਣ ਪੰਜਵੇਂ ਅਧਿਆਏ ਦੇ ਸਿਰਫ ਪਹਿਲੇ ਹੀ ਛੰਦ ਵਿਚ ਹੈ ਇਸ ਤਰ੍ਹਾਾਂ ਸ੍ਰਿ਼ਸ਼ਟੀ ਦੇ ਅਰੰਭ ਹੋਣ ਤੋ ਲੈ ਕੇ 20 ਪਿਡਾਂ ਦੀ ਮਾਲੀ ਤੱਕ ਦੀ ਕਹਾਣੀ ਦਾ ਜਿਕਰ ਸਿਰਫ ਇਕ ਅਧਿਆਏ ਵਿਚ ਹੀ ਕੀਤਾ ਗਿਆ ਹੈ। (ਕੁਲ 52 ਛੰਦ) ਜਦੋ ਕਿ ਪੂਰੀ ਲਿਖਤ ਦੇ 14 ਅਧਿਆਏ ਅਤੇ 471 ਛੰਦ ਹਨ। ਤੀਜਾ ਅਧਿਆਏ ਅਸਲ ਲਿਖਤ ਵਿਚ ਪੰਨਾ 49 ਤੋਂ ਅਰੰਭ ਹੁੰਦਾ ਹੈ ਅਤੇ ਪੰਨਾ 52 ਤੇ ਖਤਮ ਹੋ ਜਾਂਦਾ ਹੈ ਜਿਸ ਦੇ ਕੁਲ ਸਾਢੇ ਤਿੰਨ ਪੰਨੇ ਬਣਦੇ ਹਨ । ਡਾ: ਜੋਧ ਸਿੰਘ ਜੀ ਨੇ 100 ਪੰਨਾ ਕਿਸ ਹਿਸਾਬ ਨਾਲ ਗਿਣਿਆ ਹੈ? ਜਦੋ ਕਿ ਪੂਰਾ ਬਚਿਤ੍ਰ ਨਾਟਕ ਹੀ ਅਸਲ ਲਿਖਤ ਵਿਚ ਪੰਨਾ 39 ਤੋ 73 ਪੰਨੇ ਤੱਕ, ਕੁਲ 34 ਪੰਨਿਆ ਵਿਚ ਦਰਜ ਹੈ। ਡਾ: ਜੋਧ ਸਿੰਘ ਜੀ ਨੇ ਬਿਆਨ ਕੀਤਾ ਹੈ: “ਅਨੂਵਾਦਕ ਨੂੰ ਦਰਅਸਲ ਇੱਕ-ਇੱਕ ਲਾਈਨ ਪੜ੍ਹਨੀ ਪੈਦੀ ਹੈ ਉਹ ਛੱਡ ਨਹੀ ਸਕਦਾ।” ਦੂਜੇ ਅਧਿਆਇ ਦਾ ਨਾਮ ਹੀ ‘ਸ਼ੁਭ ਬੰਸ ਬਰਨਨ’ ਹੈ, ਕੀ ਆਪ ਜੀ ਨੇ ਇਕ ਇਕ ਲਾਈਨ ਨੂੰ ਨਹੀ ਪੜ੍ਹਿਆ? ਆਪ ਜੀ ਦਾ ਕਹਿਣਾ ਕਿ ਉਹ ਖਾਨਦਾਨ ਦੱਸਣ ਵਾਸਤੇ ਨਹੀ ਹੈ’, ਇਹ ਕੋਰਾ ਝੂਠ ਹੈ। ਜਦੋ ਕਿ ਅਧਿਆਏ ਦਾ ਨਾਮ ਹੀ ‘ਸ਼ੁਭ ਬੰਸ ਬਰਨਨ’ ਹੈ। ਜੋਧ ਸਿੰਘ ਜੀ, ਤੁਸੀ ਆਪਣੀ ਫੋਕੀ ਦਲੀਲ ਨੂੰ ਸਹੀ ਸਾਬਤ ਕਰਨ ਲਈ 33 ਗੁਣਾ ਵਧਾ ਕੇ ਗੱਲ ਕੀਤੀ ਹੈ।
ਇਹ ਸਾਰੀ ਕਹਾਣੀ ਸਿੱਖਾਂ ਨੂੰ ਲਭ-ਕੁਸ ਦੀ ਸੰਤਾਨ ਸਾਬਤ ਕਰਨ ਲਈ ਕਿਸੇ ਛਾਤਰ ਦਿਮਾਗ ਦੀ ਉਪਜ ਹੈ। ਸਿੱਖਾਂ ਦੀ ਸ਼ਕਲੋ ਸੂਰਤ ਵਾਲੇ ਬਿਪ੍ਰਵਾਦੀ ਇਸ ਦਾ ਪ੍ਰਚਾਰ ਕਰ ਰਹੇ ਹਨ ਜਿਸ ਦੀ ਜਿਉਂਦੀ ਜਾਗਦੀ ਤਸਵੀਰ ਡਾ: ਜੋਧ ਸਿੰਘ ਜੀ ਸਮੇਤ ਅਗਿਆਨੀ ਪੂਰਨ ਸਿੰਘ ਹੈ, ਜੋ ਇਸ ਵਿਚਾਰ ਗੋਸ਼ਟੀ ਵਿਚ ਵੀ ਸ਼ਾਮਲ ਸੀ। ਅਗਿਆਨੀ ਪੂਰਨ ਸਿੰਘ ਨੇ ਵੀ ਇਸੇ ਹੀ ‘ਬਚਿਤ੍ਰ ਨਾਟਕ’ ਚੋਂ ਪੜ੍ਹ ਕਿ ਹੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸਿਆ ਸੀ।
ਇਕ ਹੋਰ ਸਬੂਤ, ਟਕਸਾਲ ਦੀ ਵੱਡਅਕਾਰੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ਵਿਚ ‘ਪਵਿਤ੍ਰ ਗੁਰ ਬੰਸਾਵਲੀ’ ਪੰਨਾ 11 ਤੇ ਦਰਜ ਹੈ। ਯਾਦ ਰਹੇ ਇਸ ਸਮਾਗਮ ਦਾ ਕਰਤਾ-ਧਰਤਾ ਭਾਈ ਹਰਨਾਮ ਸਿੰਘ ਧੁੰਮਾ ਸੀ।

ਡਾ: ਜੋਧ ਸਿੰਘ ਜੀ ਦੇ ਬਚਨ ਕਿ “ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ ਔਰਤਾਂ ਦੀਆਂ ਕਹਾਣੀ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆ ਕਹਾਣੀਆ ਨਹੀ, ਨਹੀ ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ ਸਬੰਧਤ ਹਨ ਕਿ ਇਹ ਵੀ ਧੂੜ ਧੋਂਦੇ ਜੇ ਬੁਹਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾ ਤੋ ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ। ਕਿ ਸੁਧਿ ਜਬ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ। ਮੈ ਤੇ ਕਹਿਨਾ ਕਿ ਇਕੱਲਾ ਇਕ ਐਹੋ ਐਡਿਕਟ ਜੇਹੜਾ ਹੈ, ਜਿਹੜੀ ਇਜੰਕਸ਼ਨ ਹੈ ਨਿਜ ਨਾਰੀ ਕਿ ਸੰਗ ਨੇਹੁ ਤੁਮ ਨਿਤ ਬਢੈਯਹੁ। ਅੱਜ ਏਡਜ ਤੋ ਸਾਰੀ ਦੁਨੀਆ ਤਰੱਸਤ ਹੈ ਕਿ ਜੇ ਸਿੱਖ ਏਸ ਗੱਲ ਨੂੰ ਹੀ ਮੰਨ ਲੈਣ ਕਿ ਨਿਜ ਨਾਰੀ ਕੇ ਸੰਗ ਹੀ ਨੇਹੁ ਰੱਖਣਾ ਹੈ ਤਾਂ ਸ਼ਾਇਦ ਇਹ ਜੇਹੜੀ ਬਿਮਾਰੀ ਹੈ ਘੱਟੋ ਘੱਟ ਸਿੱਖਾਂ ਵਿਚ ਤਾ ਨਹੀ ਫੈਲ ਸਕਦੀ।” ਡਾ: ਜੋਧ ਸਿੰਘ ਜੀ ਇਹ ਪੰਗਤੀਆਂ ਗੁਰੂ ਜੀ ਨੇ ਕਦਂੋ, ਕਿਥੇ, ਅਤੇ ਕਿਉਂ ਉਚਾਰਨ ਕੀਤੀਆਂ ਸਨ ?

ਅਖੌਤੀ ਦਸਮ ਗ੍ਰੰਥ ਵਿਚ ਦਰਜ ਤ੍ਰਿਯਾ ਚਰਿਤ੍ਰ (ਕੰਜਰ ਕਵਿਤਾ) ਵਿਚ ਦਰਜ ਨੰ: 21, 22 ਅਤੇ 23 ਦੀ ਇਹ ਕਹਾਣੀ, ਜਿਸ ਨੂੰ ਪਿਆਰਾ ਸਿੰਘ ਪਦਮ ਨੇ ਗੁਰੂ ਜੀ ਦੀ ਆਪ ਬੀਤੀ ਲਿਖਿਆ ਹੈ।
(ਦਸਮ ਗ੍ਰੰਥ ਦਰਸ਼ਨ ਪੰਨਾ 125) ਦੀ ਅਸਲ ਕਹਾਣੀ ਇਓ ਹੈ।
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ । 2 । ਉਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ।4। ਇਕ ਧਨਵਾਨ ਇਸਤਰੀ ਉਥੋਂ ਦੇ ਰਾਜੇ ਤੇ ਮੋਹਿਤ ਹੋ ਗਈ ।5। ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੂੰ ਬੇਨਤੀ ਕੀਤੀ ਜੋ ਮੰਤ੍ਰ ਆਪ ਸਿਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ, ‘ਸਿਖ੍‍ਯੋ ਚਹਤ ਜੋ ਮੰਤ੍ਰ ਤੁਮ ਸੋ ਅਯੋ ਮੁਰ ਹਾਥ’ ਜੋ ਮੈ ਕਰਨ ਨੂੰ ਕਹਾਂ ਹੁਣ ਤੁਸੀਂ ਉਹੋ ਕਰੋ,।9। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ ।10। ਡਾ: ਜੋਧ ਸਿੰਘ ਜੀ ਉਹ ਅਜੇਹਾ ਕਿਹੜਾਂ ਮੰਤਰ ਸੀ ਜਿਸ ਨੂੰ ਸਿੱਖਣ ਵਾਸਤੇ ਗੁਰੂ ਜੀ ਨੂੰ ਰਾਤ ਸਮੇਂ ਭੇਸ ਬਦਲ ਕਿ ਕਿਸੇ ਪਰਾਈ ਔਰਤ ਦੇ ਡੇਰੇ ਤੇ ਜਾਣਾ ਪਿਆ? ਤੁਹਾਡੇ ਨਾਲੋ ਤਾਂ ਸ਼ਰਮ ਜੀ ਚੰਗੀ ਹੈ ਜੋ ਤੁਹਾਡੇ ਕੋਲ ਆਉਣ ਤੋਂ ਵੀ ਸ਼ਰਮ ਕਰਦੀ ਹੈ!
ਇਸਤਰੀ ਨੇ ਫੁਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ।11। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ ।12। ਜਦੋਂ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀਂ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿਚ ਪੈਣ ਤੋਂ ਡਰਦਾ ਹਾਂ। 14। ਮੇਰੇ ਸਰੀਰ ਵਿਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀ ਤਾਂ ਮੈ ਇਸ ਅਗਨੀ ਵਿਚ ਸੜ ਕੇ ਮਰ ਜਾਵਾਂਗੀ। 22। ਰਾਜੇ ਨੇ ਕਿਹਾ ਕਿ ਰੁਦ੍ਰ (ਸਿ਼ਵਜੀ ) ਦਾ ਧਿਆਨ ਧਰ, ਪਰ ਮੇ ਤੇਰੈ ਨਾਲ ਕਾਮ-ਕ੍ਰੀੜਾ ਨਹੀ ਕਰਾਂਗਾ। 24। ਨੂਪ ਕੁਅਰਿ (ਅਨੂਪ ਕੌਰ) ਨੇ ਕਿਹਾ ਕਿ ਹੇ ਮਿਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। 28। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ ਮੈ ਤਾ ਅਪਜਸ ਹੋਣ ਤੋ ਡਰਦਾ ਹਾਂ।29। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ ਹੁਣ ਮੈ ਉਚ ਕੁਲ (ਛਤ੍ਰੀ) ਵਿਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ, ਔਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀਂ ਮੈਨੂੰ ਸ਼ਾਂਤ ਨਾ ਕੀਤਾ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ। 33। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿਚ ਜਾਣਾਂ ਹੀ ਪਵੇਗਾ। 36। ਔਰਤ ਦਾ ਦਬਕਾ,‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀਂ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਦਾ ਹੈ ਜੇ ਭਜਦਾ ਹਾ ਤਾਂ ਮੋਤ।41। ਰਾਜੇ ਨੇ ਇਸਤਰੀ ਨੂੰ ਸਮਝਾਉਣ ਲਈ ਕਿਹਾ ,

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।


ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ। 52। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁਤੱਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ ।54। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ।55। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’। 60। ( ਇਕੀਹਵੇ ਚਰਿਤ੍ਰ ਦੀ ਸਮਾਪਤੀ। ਚਲਦਾ)
ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ । ਪਰ ਰਾਜੇ ਨੇ ਵੀ ਸ਼ੈਤਾਨੀ ਵਰਤੀ ਅਤੇ ਉਸ ਔਰਤ ਦੇ ਭਰਾ ਨੂੰ ਹੀ ਫੜ ਕੇ ਚੋਰ-ਚੋਰ ਕਹਿ ਕੇ ਉਸ ਨੂੰ ਦਾੜ੍ਹੀਓ ਫੜ ਲਿਆ ਅਤੇ ਉਸ ਦੀ ਪੱਗ ਲਾ ਦਿੱਤੀ, ਅਤੇ ਬਾਕੀ ਸਾਰੇ ਵੀ ਉਸ ਨੂੰ ਕੁੱਟਣ ਲੱਗ ਪਏ । ਔਰਤ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ ਲੱਗੀ ਪਰ ਕਿਸੇ ਨੇ ਉਸ ਨੂੰ ਨਾ ਸੁਣਿਆ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾ ਕਸ ਕੇ ਬੰਦੀਖਾਨੇ ਵਿਚ ਬੰਦ ਕਰ ਦਿੱਤਾ। ਕੋਈ ਵੀ ਇਸ ਭੇਦ ਨੂੰ ਨਾ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ। (ਬਾਈਵੇਂ ਚਰਿਤ੍ਰ ਦੀ ਸਮਾਪਤੀ। ਚਲਦਾ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। 1। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ। 2। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀ ਆਵੇਗਾ। 3। ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ। 4 । ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ।।5। ਸੇਵਕਾਂ ਨੇ ਔਰਤ ਨੂੰ ਜੁਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ ।6। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਡਾ: ਜੋਧ ਸਿੰਘ ਜੀ ਹੁਣ ਝੂਠ ਕੋਣ ਬੋਲ ਰਿਹਾ ਹੈ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ।9। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਬੰਨ੍ਹ ਦਿੱਤੀ। 12।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12। (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)
ਇਹ ਹੈ ਉਹ ਪੂਰੀ ਕਹਾਣੀ ਜਿਸ ਵਿਚੋ ਦੋ ਪੰਗਤੀਆਂ ਲੈ ਕੇ ਡਾ: ਜੋਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝਾ ਯਤਨ ਕੀਤਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਦੋ ਪੰਗਤੀਆਂ ਗੁਰੂ ਜੀ ਦੀਆਂ ਹਨ ਤਾਂ ਬਾਕੀ ਸਾਰੀ ਕਹਾਣੀ ਕਿਸ ਦੀ ਹੈ? ਕਹਾਣੀ ਮੁਤਾਬਿਕ ਇਹ ਸਿਖਿਆ ਗੁਰੂ ਤੇਗ ਬਹਾਦਰ ਜੀ ਵਲੋ ਬਾਲਕ ਗੋਬਿੰਦ ਰਾਏ ਨੂੰ ਦਿੱਤੀ ਗਈ ਸੀ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਸਪੁੱਤਰ ਨੂੰ ਅਜੇਹੀ ਸਿਖਿਆ ਦੇਣ ਦੀ ਲੋੜ ਕਿਉ ਪਈ? ਕੀ ਅੱਜ ਵੀ ਕੋਈ ਪਿਤਾਂ ਆਪਣੇ 9 ਸਾਲ ਦੇ ਬੱਚੇ ਨੂੰ ਅਜੇਹੀ ਸਿਖਿਆਂ ਦਿੰਦਾ ਹੈ?
ਉਹ ਕਿਹੜਾ ਮੰਤਰ ਸੀ ਜਿਸ ਨੂੰ ਸਿੱਖਣ ਲਈ ਗੁਰੂ ਜੀ ਨੂੰ ਰਾਤ ਦੇ ਸਮਂੇ ਭੇਸ ਬਦਲ ਕਿ ਉਸ ਔਰਤ ਦੇ ਡੇਰੇ ਤੇ ਜਾਣਾ ਪਿਆ? ਡਾ: ਜੋਧ ਸਿੰਘ ਜੀ, ਆਪਣਾ ਸਮਾਨ ਛੱਡ ਕੇ ਚੋਰਾਂ ਵਾਂਗੂ ਭੱਜਣ ਵਾਲਾ ਫਿਰ ਕੌਣ ਸੀ?
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’।
ਉਸ ਔਰਤ ਨੂੰ 40,000 ਟੱਕਾਂ ਸਲਾਨਾ ਕਿਸ ਨੇ ਅਤੇ ਕਿਉ ਦਿੱਤਾ?
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥ 12॥
ਆਪ ਜੀ ਦੇ ਬਚਨ ਕਿ ‘ਇਹ ਇਸਤਰੀਆਂ ਦੀਆ ਕਹਾਣੀਆਂ ਨਹੀ ਨਹੀ ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾ ਦੇ ਨਾਲ ਵੀ ਸਬੰਧਤ ਹਨ’। ਉਪ੍ਰੋਕਤ 21,22,23 ਦੇ ਨਾਲ ਨਾਲ 15,16 ਅਤੇ 71 ਨੰ: ਵੀ ਪੁਰਖ ਚਰਿਤਰ’ ਹੀ ਹਨ ਜਿੰਨਾਂ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਜੀ ਦੀ ਹੱਡ ਬੀਤੀ ਹੀ ਲਿਖਿਆ ਹੈ (ਦਸਮ ਗ੍ਰੰਥ ਦਰਸ਼ਨ ਪੰਨਾ 125)
ਡਾ: ਜੋਧ ਸਿੰਘ ਜੀ, ਕੀ ਹੁਣ ਤੁਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਧੂੜ ਧੋਣਿਆਂ ਵਿਚ ਸ਼ਾਮਲ ਨਹੀ ਕੀਤਾ?
ਭਾਨਮਤੀ ਦੇ ਪੁੱਤਰ ਦਾ ਪਿਤਾ ਕੋਣ ਸੀ? (ਚਰਿਤ੍ਰ 15)
ਸੱਤ ਵਾਰ ਕਸ਼ੀਦੀ ਹੋਈ ਸ਼ਰਾਬ ਕਿਸ ਨੇ ਮਗਵਾਈ ਸੀ? ਛਜੀਆਂ ਨੂੰ 60 ਮੋਹਰਾਂ ਕਿਸ ਨੇ ਦਿੱਤੀਆਂ ਸਨ? (ਚਰਿਤ੍ਰ 16)। ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਕੌਣ ਹੋਇਆ?
"ਬਚੀ ਸੁ ਬੇਚਿ ਤੁਰਤ ਤਹਿੰ ਲਈ"। (ਚਰਿਤ੍ਰ 71)

ਡਾ: ਜੋਧ ਸਿੰਘ ਜੀ, ਲੜਾਈ ਤਾਂ ਸੌਂਕਣਾ ਵਿਚ ਸੀ ਬੱਚੇ ਨੂੰ ਸਜਾ ਅਜੇਹੀ ਘਣਾਉਣੀ ਸਜਾ (ਗੁਦਾ ਵਿਚ ਭਖੜੈ ਦਾ ਕੰਡਾ) ਕਿਉਂ ਦਿੱਤਾ ਗਿਆ, ਉਸ ਦਾ ਕੀ ਕਸੂਰ ਸੀ?
ਸਿਸ ਕੀ ਗੁਦਾ ਗੋਖਰੂ ਦਿਯਾ ਤਾ ਤੇ ਅਧਿਕ ਦੁਖਿਤ ਤਿਹ ਕਿਯਾਂ। 5। (ਚਰਿਤ੍ਰ ਨੰ: 378)
ਚਰਿਤ੍ਰ ਨੰ: 68 ਵੀ ਪੁਰਖ ਚਰਿਤ੍ਰ ਹੀ ਹੈ ਦੱਸੋ ਕਿ ਸਾਰੇ ਪਿੰਡ ਵਾਸੀਆਂ ਨੂੰ ਅਤੇ ਹਕੀਮ ਨੂੰ ਜੋ ਪੀੜਤ ਪਿੰਡ ਵਾਸੀਆਂ ਦਾ ਹੀ ਇਲਾਜ ਕਰਨ ਲਈ ਆਇਆ ਸੀ ਇੰਨੀ ਭੱਦੀ ਕਿਸਮ ਦੀ ਸਜਾ ਕਿਉ ਮਿਲੀ?
ਕਹਯੋ ਚਮਰੁ ਤੂੰ ਸੋ ਲਗਿ ਗਈ ਅਤਿ ਹਾਸੀ ਗਦਹਾ ਕੋ ਭਈ॥30॥ (ਚਰਿਤ੍ਰ 68)
ਨੰ: 105 ਵੀ ਪੁਰਖ ਚਰਿਤ੍ਰ ਹੀ ਹੈ ਕਰੋ ਉਸ ਦੀ ਵੀ ਵਿਆਖਿਆ ਅਤੇ ਦੱਸੋ ਉਸ ‘ਚ ਕੀ ਸਿਖਿਆ ਮਿਲਦੀ ਹੈ।
ਇਸ ਸਮੇਲਨ ਵਿਚ ਹਰ ਬੁਲਾਰੇ ਨੇ ਬਾਰ-ਬਾਰ ਇਹ ਜਿਕਰ ਕੀਤਾ ਸੀ ਕਿ ਇਹ ਪੰਥ ਦੋਖੀ ਕਾਲੇ ਅਫਗਾਨੇ ਦੇ ਚੇਲੇ ਹਨ। ਡਾ: ਜੋਧ ਸਿੰਘ ਜੀ, ਦਿਓ ਉਪ੍ਰੋਕਤ ਸਵਾਲਾਂ ਦੇ ਜਵਾਬ ਪਾਠਕ ਆਪ ਹੀ ਫੈਸਲਾ ਕਰ ਦੇਣਗੇ ਕਿ ਪੰਥ ਦੋਖੀ ਅਤੇ ਆਰ. ਐਸ. ਐਸ. ਦੇ ਏਜੰਟ ਕਾਲੇ ਅਫਗਾਨੀਏ ਹਨ ਜਾਂ ਚਿੱਟੇ ਅਫਗਾਨੀਏ!




.