.

ਆਸਾ ਕੀ ਵਾਰ
ਗੁਰਮਤਿ ਵਿਚਾਰ ਦਰਸ਼ਨ ਅਤੇ ਸਟੀਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸਲੋਕੁ ਮਹਲਾ 2 ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥ 1 ॥ (475)

ਪਦ ਅਰਥ: ਕਿਨੇਹੀ- ਕਿਹੋ ਜਿਹੀ। ਦਾਤਿ- ਬਖ਼ਸ਼ਿਸ਼। ਏਹ ਕਿਨੇਹੀ ਦਾਤਿ- ਇਹ ਕਿਹੋ ਜੇਹੀ ਬਖਸ਼ਿਸ਼ ਹੈ, ਇਸਨੂੰ ਬਖਸ਼ਿਸ਼ ਨਹੀਂ ਕਿਹਾ ਜਾ ਸਕਦਾ। ਆਪਸ ਤੇ- ਆਪਣੇ ਆਪ, ਅਪਣੇ ਉਦਮ ਨਾਲ, ਆਪ ਮੰਗ ਕੇ। ਕਰਮਾਤਿ- ਦਾਤ, ਬਖਸ਼ਿਸ਼ (ਚੇਤੇ ਰਹੇ ਇਸਨੂੰ ਕਰਾਮਾਤ ਨਹੀਂ ਪੜ੍ਹਣਾ ਬਲਕਿ ਇਹ ਲਫ਼ਜ਼ ‘ਕਰਮਾਤਿ’ ਭਾਵ ਪ੍ਰਭੁ ਦੇ ‘ਕਰਮ’ ਬਖਸ਼ਿਸ਼ ਨਾਲ ਸੰਬੰਧਤ ਹੈ)। ਤੁਠੈ- ਤਰੁਠ ਜਾਵੇ, ਖੁਸ਼ ਹੋ ਜਾਵੇ।1।
ਅਰਥ: ਗੁਰਦੇਵ ਫੁਰਮਾਂਦੇ ਹਨ ਕਿ ਜੋ ਚੀਜ਼ ਕਰਤੇ ਪਾਸੋਂ ਆਪ ਮੰਗ ਕੇ, ਅਰਦਾਸਾਂ ਕਰਕੇ ਪ੍ਰਾਪਤ ਕੀਤੀ ਜਾਵੇ, ਉਸ ਪ੍ਰਾਪਤ ਵਸਤੂ ਨੂੰ ਪ੍ਰਭੂ ਦੀ ਦਾਤ ਨਹੀਂ ਕਿਹਾ ਜਾ ਸਕਦਾ। ਪ੍ਰਭੂ ਦੀ ਬਖਸ਼ਿਸ਼ ਅਥਵਾ ਦਾਤ ਕੇਵਲ ਉਸਨੂੰ ਹੀ ਕਿਹਾ ਜਾ ਸਕਦਾ ਹੈ ਜੋ ਉਸਦੀ ਰਜ਼ਾ ‘ਚ ਅਪਣੇ ਆਪ ਪ੍ਰਾਪਤ ਹੋਵੇ, ਉਸ ਦੇ ਭਾਣੇ ‘ਚ ਪ੍ਰਾਪਤ ਹੋਵੇ।1।
ਗੁਰਮਤਿ ਵਿਚਾਰ ਦਰਸ਼ਨ- 1. ਆਪਸ ਤੇ ਜੋ ਪਾਈਐ- ਆਮ ਤੌਰ ਤੇ ਦੇਖਿਆ ਜਾਂਦਾ ਹੈ ਤ੍ਰਿਸ਼ਨਾਵਾਂ ਅਤੇ ਇਛਾਵਾਂ ਦਾ ਗੁਲਾਮ ਮਨੁੱਖ ਹਰ ਵਕਤ ਕੁਝ ਨਾ ਕੁਝ ਪ੍ਰਾਪਤੀ ਦੀ ਇਛਾ ‘ਚ ਪ੍ਰਭੂ ਅਗੇ ਅਰਦਾਸਾਂ ਕਰਦਾ ਤੇ ਮੰਗਾਂ ਹੀ ਮੰਗਦਾ ਰਹਿੰਦਾ ਹੈ। ਦਰਅਸਲ ਅਗਿਆਨੀ ਮਨੁੱਖ ਇਹ ਨਹੀਂ ਸਮਝਦਾ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਜਨਮ ਦਿਤਾ ਹੈ ਸਾਡੀਆ ਲੌੜਾਂ ਦਾ ਤਾਂ ਉਸ ਨੂੰ ਸਾਡੇ ਤੋਂ ਵੀ ਵੱਧ ਪਤਾ ਹੈ। ਅਗਿਆਨੀ ਮਨੁੱਖ ਤਾਂ ਇਹੀ ਸੋਚਦਾ ਹੈ ਕਿ ਸ਼ਾਇਦ ਮੈਂ ਮੰਗਾਂ ਗਾ ਤਾਂ ਹੀ ਉਸਨੂੰ ਪਤਾ ਲਗੇਗਾ ਕਿ ਮੇਰੀ ਲੋੜ ਕੀ ਹੈ? ਭੁਲਿਆ ਤੇ ਅਗਿਆਨੀ ਮਨੁੱਖ ਇਹ ਵੀ ਭੁਲ ਜਾਂਦਾ ਹੈ ਕਿ ਕਰਤਾ ਪ੍ਰਭੁ, ਮਨੁੱਖ ਨੂੰ ਜਨਮ ਤਾਂ ਬਾਦ ‘ਚ ਦੇਂਦਾ ਪਰ ਮਾਂ ਦੀਆਂ ਛਾਤੀਆਂ ‘ਚ ਦੁੱਧ ਪਹਿਲਾਂ ਉਤਰ ਆਉਂਦਾ ਹੈ, ਕਿਉਂ? ਪਰ ਅਪਣੀ ਅਗਿਆਨਤਾ ਦੀ ਇਸੇ ਦੌੜ ‘ਚ ਕਿਸੇ ਨੂੰ ਉਲਾਦ ਦੀ ਇਛਾ ਹੈ; ਕੋਈ ਵਪਾਰ ‘ਚ ਵਾਧਾ ਮੰਗਦਾ ਹੈ; ਕਿਸੇ ਨੂੰ ਕੋਠੀਆਂ-ਕਾਰਾਂ ਦੀ ਲੋੜ ਹੈ; ਕਿਸੇ ਨੇ ਡਿਗਰੀ ਲੈਣੀ ਹੈ; ਕਿਸੇ ਨੇ ਮੁਕੱਦਮਾ ਜਿੱਤਣਾ ਹੈ; ਕਿਸੇ ਨੇ ਦੁਸ਼ਮਣ ਨੂੰ ਆਪਣੇ ਰਸਤੇ ਚੋਂ ਹਟਾਣਾ ਹੈ ਅਤੇ ਕਿਸੇ ਨੂੰ ਕੁਝ ਹੋਰ।
ਕਈ ਹਾਲਤਾਂ ‘ਚ ਤਾਂ ਇਥੋਂ ਤੀਕ ਦੇਖਿਆ ਜਾਂਦਾ ਹੈ, ਪਹਿਲਾਂ ਤਾਂ ਮਨੁੱਖ ਮੰਗਾਂ ਮੰਗਦਾ ਹੈ ਪਰ ਜਦੋਂ ਉਸਦੀ ਉਸੇ ਮੰਗ ਦੀ ਪੂਰਤੀ ਹੁੰਦੀ ਹੈ ਤਾਂ ਕਹਿੰਦਾ ਹੈ ‘ਇਹ ਨਾ ਮਿਲਦੀ ਤਾਂ ਬਹੁਤ ਚੰਗਾ ਸੀ, ਮੈਂ ਤਾਂ ਐਵੇਂ ਮੰਗਦਾ ਰਿਹਾਂ’। ਅਰਦਾਸਾਂ ਕਰਦਾ ਹੈ ‘ਪੁੱਤਰ ਜ਼ਰੂਰ ਹੋਵੇ’, ਪੁੱਤਰ ਨਿਖੱਟੂ, ਉਜਾੜੂ ਜਾਂ ਵਿਭਚਾਰੀ ਨਿਕਲ ਆਵੇ ਤਾਂ ਕਹਿੰਦਾ ਹੈ ਇਸ ਨਾਲੋਂ ਪੁਤੱਰ ਨਾ ਹੀ ਹੁੰਦਾ ਤਾਂ ਚੰਗਾ ਸੀ। ਧੰਨ-ਪਦਾਰਥ, ਐਸ਼ੋ ਆਰਾਮ ਦੇ ਸਾਮਾਨ ਮੰਗਦਾ ਹੈ। ਫਿਰ ਉਸੇ ਹੀ ਪ੍ਰਾਪਤ ਧੰਨ ਜਾਇਦਾਦ ਕਾਰਣ ਜੇ ਘਰ ‘ਚ ਪ੍ਰਵੇਸ਼ ਕਰ ਜਾਂਦੇ ਹਨ; ਜਾਇਦਾਦ ਦੇ ਹਥਿਆਉਣ ਲਈ ਪ੍ਰਵਾਰਕ ਝਗੜੇ, ਹੁੰਦੀ ਹੈ ਸਿਰ ਫਟੋਲ, ਚਲਦੀਆਂ ਹਨ ਮੁਕੱਦਮੇਬਾਜ਼ੀਆਂ, ਘਰ ਪ੍ਰਵਾਰ ‘ਚ ਕਲੇਸ਼, ਖੂਨ ਖਰਾਬੇ ਤਾਂ ਰੋਂਦਾ ਹੈ। ਯਾਦ ਕਰਦਾ ਹੈ ਉਸ ਪੁਰਾਣੇ ਸਮੇਂ ਨੂੰ, ਕਹਿੰਦਾ ਫ਼ਿਰਦਾ ਹੈ ‘ਇਸ ਨਾਲੋਂ ਉਹ ਸਮਾਂ ਚੰਗਾ ਸੀ ਜਦੋਂ ਦੋ ਰੋਟੀਆਂ ਖਾ ਕੇ ਹੀ ਗੁਜ਼ਾਰਾ ਹੋ ਜਾਂਦਾ ਸੀ’ ਵਗੈਰਾ ਵਗੈਰਾ।
2. ਏਹ ਕਿਨੇਹੀ ਦਾਤਿ- ਉਹ ਲੋਕ ਵੀ ਦੇਖੇ ਜਾ ਸਕਦੇ ਹਨ ਜਦੋਂ ਅਰਦਾਸਾਂ ਤਾਂ ਅਪ ਕਰ ਰਹੇ ਹੁੰਦੇ ਹਨ। ਜਗ੍ਹਾ ਜਗ੍ਹਾਂ ਦੀ ਮਾਨੋ ਖਾਕ ਤੀਕ ਛਾਣ ਰਹੇ ਹੁੰਦੇ ਹਨ ਅਤੇ ਇਸੇ ਦੌੜ ‘ਚ ਜਦੋਂ ਘਰ ‘ਚ ਉਲਾਦ ਜਾਂ ਕਿਸੇ ਅਜੇਹੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਿਸ ਲਈ ਉਹ ਅਰਦਾਸਾਂ ਕਰਦੇ ਰਹੇ, ਮੱਥੇ ਰਗੜਦੇ ਰਹੇ, ਸੁਖਣਾ, ਚਲੀਹੇ ਤੇ ਅਖੰਡ ਪਾਠ ਸੁੱਖਦੇ ਰਹੇ। ਆਖਿਰ ਜੇਕਰਂ ਮੰਗ ਪੂਰੀ ਹੋ ਗਈ ਤਾਂ ਕਹੀ ਫਿਰਦੇ ਹਨ-ਇਹ ਤਾਂ ਪ੍ਰਭੂ ਦੀ ਦਾਤ ਹੈ।
ਇਸ ਸਲੋਕ ਰਾਹੀਂ ਗੁਰਦੇਵ ਨੇ ਬਖਸ਼ਿਸ਼ ਅਤੇ ਮੰਗ ਵਾਲੇ ਵਡੇ ਫਰਕ ਨੂੰ ਸਮਝਾਇਆ ਹੈ। ਇਹ ਉਹ ਵਿਸ਼ਾ ਹੈ ਜਿਸਨੂੰ ਸਮਝੇ ਬਿਨਾ ਧਰਮੀ ਮਨੁੱਖ ਵੀ ਆਪਣੇ ਧੁਰੇ ਭਾਵ ਜੀਵਨ ਦੀ ਅਸਲੀਅਤ ਤੋਂ ਖੁੰਝਿਆ ਰਹਿੰਦਾ ਹੈ। ਇਸੇ ਕਾਰਨ ਇਹ ਨੁਕਤਾ ਵਿਸ਼ੇਸ਼ ਧਿਆਨ ਮੰਗਦਾ ਹੈ। ਕੁਝ ਮਿਲਿਆ ਹੈ ਉਹ ਤਾਂ ਮੰਗਾਂ ਮੰਗ-ਮੰਗ ਕੇ ਮਿਲਿਆ ਹੈ। ਫ਼ਿਰ ਵੀ ਕਹਿੰਦਾ ਫ਼ਿਰਦਾ ਹੈ ‘ਪ੍ਰਮਾਤਮਾ ਦੀ ਦਾਤ’ ਮਿਲੀ ਹੈ, ‘ਅਕਾਲਪੁਰਖੁ ਨੇ ਦਾਤ ਦਿਤੀ ਹੈ’ ਆਦਿ। ਗੁਰਦੇਵ ਦਾ ਫ਼ੈਸਲਾ ਹੈ ਕਿ ਮੰਗ ਕੇ ਲਈ ਵਸਤ ਦਾਤ ਨਹੀਂ ਹੁੰਦੀ। ਜੇ ਪ੍ਰਭੁ ਨੇ ਦਿਤੀ ਹੈ ਤਾਂ ਇਸ ਲਈ ਕਿ ਇਹ ਮਨੁੱਖ ਦੀ ਅਪਣੀ ਮੰਗ ਸੀ ਇਸ ਲਈ ਇਸਦੇ ਵਾਧੇ ਘਾਟੇ ਦਾ ਜ਼ਿਮੇਵਾਰ ਵੀ ਖੁੱਦ ਉਹੀ ਇਨਸਾਨ ਹੈ ਜਿਸਨੇ ਆਪ ਮੰਗ ਕੇ ਲਈ। ਕਿਉਂਕਿ ਅਗਿਆਨੀ ਮਨੁੱਖ ਉਸ ਸਮੇਂ ਜਦੋਂ ਮੰਗਾਂ ਕਰ ਰਿਹਾ ਸੀ ਤਾਂ ਤੇ ਉਹ ਅਪਣੇ ਆਪ ਨੂੰ ਪ੍ਰਭੁ ਤੋਂ ਵੱਧ ਸਿਆਣਾ, ਸਮਝਦਾਰ ਸਮਝਦਾ ਸੀ ਅਤੇ ਹੁਣ ਉਲ੍ਹਾਮਾ ਕਿਸ ਨੂੰ?
3. ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ- ਗੁਰਦੇਵ ਫੈਸਲਾ ਦਿੰਦੇ ਹਨ ਕਿ ਮਨੁੱਖ ਨੂੰ ਜੋ ਕੁਝ ਵੀ ਪ੍ਰਭੂ ਦੀ ਰਜ਼ਾ ‘ਚ ਪ੍ਰਾਪਤ ਹੁੰਦਾ ਹੈ ਕੇਵਲ ਉਸੇ ਨੂੰ ਹੀ, ਦਾਤ-ਬਖਸ਼ਿਸ਼ ਜਾਂ ਕਰਤੇ ਦਾ ਕਰਮ ਕਿਹਾ ਜਾ ਸਕਦਾ ਹੈ। ਜੋ ਕੁਝ ਮਨੁੱਖ ਅਰਦਾਸਾਂ ਕਰਕੇ, ਮੰਗਾਂ ਮੰਗ-ਮੰਗ ਕੇ ਪ੍ਰਾਪਤ ਕਰਦਾ ਹੈ, ਉਸ ਨੂੰ ਪ੍ਰਭੂ ਦੀ ਦਾਤ ਨਹੀਂ ਕਿਹਾ ਜਾਂਦਾ। ਇਥੇ ਇਹ ਗਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਪਹਿਲੀ ਪੰਕਤੀ ‘ਚ ਗੁਰਦੇਵ ਨੇ ਲਫਜ਼ ‘ਕਿਨੇਹੀ’ ਨਾਲ, ਮਨੁੱਖ ਦੀ ਬਣੀ ਹੋਈ ਗਲਤ ਸੋਚਣੀ ਨੂੰ ਕਟਿਆ ਹੈ ਕਿ ਭਾਈ! ਜੇ ਤੂੰ ਆਪ ਮੰਗ ਕੇ ਕੁਝ ਲੈਂਦਾ ਹੈਂ ਤਾਂ ਫਿਰ ਉਸ ਨੂੰ ਤੂੰ ਪ੍ਰਭੁ ਦੀ ਦਾਤ ਕਿਵੇਂ ਆਖਦਾ ਹੈਂ। ਦੂਜੀ ਪੰਕਤੀ ‘ਚ ‘ਸਾ’ ਲਫਜ਼ ਨਾਲ ਪਹਿਲੀ ਪੰਕਤੀ ਦੇ ‘ਕਿਨੇਹੀ’ ਵਾਲੇ ਸੁਆਲ ਦਾ ਹੀ ਉਤਰ ਹੈ ਕਿ ਦਾਤ, ਕੇਵਲ ਉਸ ਨੂੰ ਹੀ ਕਿਹਾ ਜਾ ਸਕਦਾ ਹੈ ਜੋ ਪ੍ਰਭੂ ਦੀ ਰਜ਼ਾ ਦੇ ਦਾਇਰੇ ‘ਚ ਪ੍ਰਾਪਤ ਹੋਵੇ। ਇਸ ਦਾ ਮਤਲਬ ਇਹ ਵੀ ਨਹੀਂ ਕਿ ਮਨੁੱਖ ਨੂੰ ਧੰਨ ਪਦਾਰਥਾਂ ਜਾਂ ਉਲਾਦ ਦੀ ਲੋੜ ਨਹੀਂ ਬਲਕਿ ਇਸ ਸਾਰੇ ਦਾ ਅਰਥ ਇਹ ਹੈ ਕਿ ਕੋਈ ਵੀ ਸੰਸਾਰਕ ਪ੍ਰਾਪਤੀ ਮਨੁੱਖ ਦੇ ਸੁਖ ਦੀ ਗਾਰੰਟੀ ਨਹੀਂ ਹੁੰਦੀ। ਸੱਚਾ ਤੇ ਸਦੀਵੀ ਸੁਖ ਕੇਵਲ ਕਰਤੇ ਦੇ ਭਾਣੇ-ਰਜ਼ਾ ‘ਚ ਰਹਿਕੇ ਅਤੇ ਉਸ ਦੇ ਸ਼ੁਕਰਾਨੇ ‘ਚ ਵਿਚਰ ਕੇ ਹੀ ਮਿਲਦਾ ਹੈ। ਇਸੇਤਰ੍ਹਾ ਦੂਜੀ ਪੰਕਤੀ ‘ਚ ‘ਕਰਮਾਤਿ’ ਸ਼ਬਦ ‘ਕਰਮ’ ਅਥਵਾ ‘ਬਖਸ਼ਿਸ਼’ ਤੋਂ ਹੈ। ਪਹਿਲੀ ਪੰਕਤੀ ‘ਚ ‘ਕਰਮਾਤਿ’ ਲਈ ਹੀ ਸ਼ਬਦ ‘ਦਾਤਿ’ ਹੈ। ‘ਕਰਮਾਤਿ’ ਸ਼ਬਦ ਨੂੰ ‘ਕਰਾਮਾਤ’ ਸਮਝਣਾ ਜਾਂ ਉਚਾਰਣਾ, ਗੁਰਬਾਣੀ ਦਾ ਅਸ਼ੁੱਧ ਉਚਾਰਣ ਤਾਂ ਹੈ ਹੀ ਇਸ ਤੋਂ ਇਲਾਵਾ ਅਰਥਾਂ ਸਮੇਂ ਸਾਨੂੰ ਕੁਰਾਹੇ ਵੀ ਪਾ ਦੇਵੇਗਾ।
ਮਹਲਾ 2 ॥ ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥ 2 ॥ (475)

ਪਦ ਅਰਥ: ਜਿਤੁ- ਜਿਸ ਦੀ ਸੇਵਾ ਰਾਹੀ, ਜਿਸ ਦੀ ਚਾਕਰੀ ਕਰਨ ਨਾਲ। ਕਾਢੀਐ- ਆਖੀਦਾ ਹੈ, ਕਿਹਾ ਜਾਂਦਾ ਹੈ। ਜਿ- ਜੋ ਸੇਵਕ। ਸਮਾਇ- ਲੀਨ ਹੋ ਜਾਏ, ਇਕ ਰੂਪ ਹੋ ਜਾਏ, ਮਾਲਿਕ ਦਾ ਰੂਪ ਹੋ ਜਾਏ ।2।
ਅਰਥ: ਜਿਸ ਸੇਵਾ ਦੇ ਕਰਨ ਨਾਲ ਸੇਵਕ ਦੇ ਦਿਲ ‘ਚੋਂ ਆਪਣੇ ਮਾਲਿਕ ਦਾ ਡਰ ਦੂਰ ਨਾ ਹੋਵੇ ਉਹ ਸੇਵਾ ਅਸਲੀ ਸੇਵਾ ਨਹੀਂ ਹੁੰਦੀ। ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਸੱਚਾ ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਿਕ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ।
ਗੁਰਮਤਿ ਵਿਚਾਰ ਦਰਸ਼ਨ- 1. ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ- ਇਸ ਸਲੋਕ ਰਾਹੀ ਗੁਰਦੇਵ ਨੇ ਸੱਚੇ ਤੇ ਸਮਰਪਤ ਪ੍ਰਭੂ ਭਗਤ ਦੀ ਮਾਨਸਕ ਅਵਸਥਾ ਦਾ ਚਿਤ੍ਰਣ ਕੀਤਾ ਹੈ। ਗੁਰੂ ਸਾਹਿਬ ਨੇ ਇਸ ਸਲੋਕ ਰਾਹੀਂ ਉਸ ਪ੍ਰਭੂ ਪਿਆਰੇ ਅਤੇ ਪ੍ਰਭੂ ਦੇ ਆਪਸੀ ਸੰਬੰਧਾਂ ਨੂੰ ਸਮਝਾਉਣ ਲਈ ਨੌਕਰ ‘ਤੇ ਮਾਲਿਕ ਦੀ ਦੁਨਿਆਵੀ ਤੇ ਸੌਖੀ ਮਿਸਾਲ ਵਰਤੀ ਹੈ। ਕਿਸੇ ਵੀ ਕਾਰਖਾਨੇ, ਫੈਕਟਰੀ ਜਾਂ ਅਦਾਰੇ ਦੇ ਨੌਕਰ ਦਾ ਨਕਸ਼ਾ ਆਪਣੇ ਸਾਹਮਣੇ ਰਖ ਕੇ ਇਸ ਸਲੋਕ ਦੇ ਸਹੀ ਅਰਥਾਂ ਨੂੰ ਭਲੀ ਪ੍ਰਕਾਰ ਸਮਝਿਆ ਜਾ ਸਕਦਾ ਹੈ। ਹਰੇਕ ਫੈਕਟਰੀ, ਕਾਰਖਾਨੇ ਜਾਂ ਅਦਾਰੇ ‘ਚ ਮੋਟੇ ਤੌਰ ਤੇ ਦੋ ਤਰ੍ਹਾਂ ਦੇ ਨੌਕਰ ਆਮ ਦੇਖੇ ਜਾ ਸਕਦੇ ਹਨ।
ਕੁਝ ਨੌਕਰ ਵਫਾਦਾਰ ਅਤੇ ਦੂਜੇ ਕੇਵਲ ਵਕਤ ਕਟੀ ਕਰਨ ਵਾਲੇ। ਵਫ਼ਾਦਾਰ ਨੌਕਰ ਅਜੇਹੇ ਨੌਕਰ ਹੁੰਦੇ ਹਨ ਜੋ ਮਾਲਿਕ ਨਾਲ ਇਕ ਸੁਰ ਹੋ ਚੁੱਕੇ ਹੁੰਦੇ ਹਨ। ਮਾਲਿਕ ਉਨ੍ਹਾਂ ਦੇ ਸਿਰ ਤੇ ਖਲੋਤਾ ਹੋਵੇ ਜਾਂ ਨਾ ਪਰ ਉਹ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਂਦੇ ਹਨ। ਮਾਲਿਕ ਦੇ ਫਾਇਦੇ ਨੂੰ ਆਪਣਾ ਫਾਇਦਾ ਅਤੇ ਮਾਲਿਕ ਦੇ ਨੁਕਸਾਨ ਨੂੰ ਆਪਣਾ ਨੁਕਸਾਨ ਸਮਝਦੇ ਹਨ। ਹੌਲੀ-ਹੌਲੀ ਅਜੇਹੇ ਨੌਕਰ ਨੂੰ ਕੇਵਲ ਆਪਣੇ ਕੰਮ ਤੇ ਨਹੀਂ ਬਲਕਿ ਮਾਲਿਕ ਉਪਰ ਵੀ ਇੰਨਾ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਪੂਰੀ ਤਰ੍ਹਾਂ ਅਪਣੇ ਮਾਲਿਕ ਦਾ ਵਿਸ਼ਾਵਸ ‘ਤੇ ਪਿਆਰ ਨੂੰ ਜਿੱਤ ਲੈਂਦਾ ਹੈ। ਇਸਤਰ੍ਹਾਂ ਉਨ੍ਹਾਂ ਦੇ ਮਨ ‘ਚ ਮਾਲਿਕ ਦਾ ਡਰ ਜਾਂ ਸਹਿਮ ਨਹੀਂ ਬਲਕਿ ਦੂਜਿਆਂ ਤੋਂ ਵੱਧ ਸਤਿਕਾਰ ਹੁੰਦਾ ਹੈ। ਦੂਜੇ ਪਾਸੇ ਉਸਦੇ ਮਾਲਿਕ ਦੇ ਮਨ ਦੀ ਅਵਸਥਾ ਵੀ ਆਪਣੇ ਅਜਿਹੇ ਨੌਕਰ ਲਈ ਇਹੋ ਜਿਹੀ ਹੀ ਬਣ ਚੁੱਕੀ ਹੁੰਦੀ ਹੈ। ਜੇ ਕਿੱਧਰੇ ਉਸ ਪਾਸੋਂ ਗਲਤੀ ਹੋ ਵੀ ਜਾਵੇ ਤਾਂ ਵੀ ਮਾਲਿਕ ਉਸ ਬਾਰੇ ਕਿਸੇ ਦੀ ਚੁਗਲੀ-ਸ਼ਿਕਾਇਤ ਤੇ ਵਿਸ਼ਵਾਸ ਨਹੀਂ ਕਰਦਾ ਜਦ ਤੀਕ ਕਿ ਉਹ ਨੌਕਰ ਆਪਣੇ ਮੂੰਹੋਂ ਹੀ ਨਾ ਆਖੇ ਕਿ ਸਾਬ! ਇਹ ਗਲਤੀ ਤਾਂ ਮੇਰੇ ਤੋਂ ਹੀ ਹੋਈ ਹੈ।
ਇਸਤੋਂ ਇਲਾਵਾ ਉਸੇ ਹੀ ਅਦਾਰੇ ‘ਚ ਦੂਜੀ ਕਿਸਮ ਦੇ ਨੌਕਰ ਵੀ ਹੁੰਦੇ ਹਨ ਜੋ ਮਨ ਕਰਕੇ ਕਦੇ ਵੀ ਮਾਲਕ ਦੇ ਵਫਾਦਾਰ ਨਹੀ ਹੁੰਦੇ। ਇਸੇ ਕਾਰਨ ਉਹਨਾਂ ਦੇ ਮਨ ‘ਚ ਹਰ ਸਮੇਂ ਮਾਲਿਕ ਦਾ ਡਰ ‘ਤੇ ਸਹਿਮ ਬਣਿਆ ਹੀ ਰਹਿੰਦਾ ਹੈ। ਮਾਲਿਕ ਕਿੱਧਰੇ ਗਿਆ ਹੋਵੇ ਤਾਂ ਧਿਆਨ ਹਰਸਮੇਂ ਬਾਹਰ ਵਲ ਹੀ ਰਹਿੰਦਾ ਹੈ, ਕਿਧਰੇ ਮਾਲਿਕ ਅਚਾਨਕ ਆ ਕੇ ਉਹਨਾਂ ਦੀ ਗਲਤੀ ਤੇ ਲਾਪਰਵਾਹੀ ਨੂੰ ਸਿਰੋਂ ਹੀ ਨਾ ਪੱਕੜ ਲਵੇ। ਇਥੋਂ ਤੀਕ ਕਿ ਅਜੇਹੇ ਨੌਕਰ ਕਿਸੇ ਸਮੇਂ ਠੀਕ ਕੰਮ ਕਰਕੇ ਵੀ, ਮਾਲਿਕ ਨੂੰ ਵਿਸ਼ਵਾਸ ਨਹੀਂ ਦੁਆ ਸਕਦੇ ਕਿ ਉਹਨਾਂ ਦਾ ਕੰਮ ਸੱਚਮੁਚ ਹੀ ਠੀਕ ਸੀ। ਆਪਣੇ ਹੀ ਬੇ-ਵਫਾਈ ਦੇ ਸੁਭਾਅ ਕਾਰਣ ਉਹਨਾਂ ਨੂੰ ਤਾਂ ਹਰ ਸਮੇਂ ਆਪਣੀ ਨੌਕਰੀ ਤੀਕ ਦੇ ਛੁੱਟ ਜਾਣ ਦਾ ਡਰ ਵੀ ਬਣਿਆ ਹੀ ਰਹਿੰਦਾ ਹੈ।
2. ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ- ਇਸਤਰ੍ਹਾਂ ਨੌਕਰ ਅਤੇ ਮਾਲਿਕ ਦੀ ਇਸ ਮਿਸਾਲ ਨੂੰ ਦੇ ਕੇ ਗੁਰਦੇਵ ਸਮਝਾਂਦੇ ਹਨ ਕਿ ਜਿਹੜੇ ਮਨੁੱਖ ਪ੍ਰਭੂ ਪਿਆਰ ਦੀ ਇਸ ਹਦ ਨੂੰ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਨੂੰ ਆਪਣੀ ਕਰਣੀ, ਸੋਚਣੀ, ਰਹਿਣੀ ਅਤੇ ਹਰ ਅਵਸਥਾ ‘ਚ ਕਰਤੇ ਦੇ ਹੀ ਦਰਸ਼ਨ ਹੁੰਦੇ ਹਨ, ਦਰਅਸਲ ਅਜੇਹੇ ਪ੍ਰਭੁ ਪਿਆਰੇ ਜੀਂਦੇ ਜੀਅ ਹੀ ਕਰਤਾਰ ਦਾ ਰੂਪ ਹੋ ਚੁੱਕੇ ਹੁੰਦੇ ਹਨ। ਉਹਨਾਂ ਦੇ ਮਨ ਦੀ ਅਵਸਥਾ ਤਾਂ ਉਸ ਵਫਾਦਾਰ ਨੌਕਰ ਵਾਲੀ ਹੁੰਦੀ ਹੈ ਜਿਸ ਦੇ ਮਨ ਅੰਦਰ ਮਾਲਿਕ ਦਾ ਸਹਿਮ ਜਾਂ ਡੱਰ ਤਾਂ ਉੱਕਾ ਹੀ ਨਹੀ ਹੁੰਦਾ ਬਲਕਿ ਮਾਲਿਕ ਲਈ ਉਨ੍ਹਾਂ ਦੇ ਮਨ ‘ਚ ਸਤਿਕਾਰ ਦੂਜਿਆ ਨਾਲੋਂ ਕਈ ਗੁਣਾਂ ਵੱਧ ਹੁੰਦਾ ਹੈ। ਇਨਾ ਹੀ ਨਹੀਂ ਬਲ ਕੇ ਮਾਲਿਕ ਪਾਸੋਂ ਸਭ ਤੋਂ ਵਧ ਪਿਆਰ ਵੀ ਉਹੀ ਲੈਂਦੇ ਹਨ।
ਅਜਿਹੇ ਪ੍ਰਭੂ ਪਿਆਰਿਆਂ ਦੇ ਮਨ ‘ਚ ਇਹ ਖਟਕਾ ਵੀ ਨਹੀ ਰਹਿੰਦਾ ਕਿ ਕਿਹੜਾ ਕੰਮ ਨਾ ਕਰਨ ਜਿਸ ਤੋਂ ਉਹ ਪ੍ਰਭੂ ਨੂੰ ਚੰਗੇ ਨਾ ਲਗਣ। ਬਲਕਿ ਉਹਨਾਂ ਦੀ ਆਤਮਕ ਅਵਸਥਾ ਇੰਨੀ ਉਚੀ ਹੋ ਚੁੱਕੀ ਹੁੰਦੀ ਹੈ ਕਿ ਉਹਨਾਂ ਤੋਂ ਮਾੜਾ ਕੰਮ ਹੋ ਹੀ ਨਹੀ ਸਕਦਾ ਬਲਕਿ ਉਨ੍ਹਾਂ ਦੀ ਅਵਸਥਾ ਤਾਂ “ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕਿ੍ਤੁ ਧਰਮੁ ਕਮਾਇਆ” ਵਾਲੀ ਬਣ ਚੁੱਕੀ ਹੁੰਦੀ ਹੈ। ਤਾਂਤੇ ਗੁਰਦੇਵ ਦਾ ਫੈਸਲਾ ਹੈ ਕਿ ਸਮਰਪਤ ਸੇਵਕ ਉਹੀ ਕਹੇ ਜਾ ਸਕਦੇ ਹਨ ਜੋ ਅਪਣੀ ਕਰਣੀ ਕਰਕੇ ਕਰਤੇ ਦਾ ਰੂਪ ਹੀ ਹੋ ਚੁੱਕੇ ਹੁੰਦੇ ਹਨ। ਇਸਤਰ੍ਹਾਂ ਜਿਹਨਾਂ ਦੇ ਮਨ ‘ਚ ਅਜੇ ਵੀ ਸਹਿਮ ਬਣਿਆ ਹੈ, ਉਹਨਾਂ ਦਾ ਕਿਹੜਾ ਕਰਮ ਪ੍ਰਭੂ ਨੂੰ ਖੁਸ਼ ਕਰਨ ਵਾਲਾ ਹੈ ਅਤੇ ਉਹਨਾਂ ਦੀ ਕਿਸ ਕਰਣੀ ਕਾਰਣ ਪ੍ਰਭੂ ਤੋਂ ਵਿੱਥ ਬਣ ਰਹੀ ਹੈ ਤਾਂ ਅਜਿਹੇ ਮਨੁੱਖਾਂ ਨੂੰ ਪ੍ਰਭੂ ਪਿਆਰਾ ਨਹੀਂ ਕਿਹਾ ਸਕਦਾ।2।
ਪਉੜੀ ॥ ਨਾਨਕ ਅੰਤ ਨ ਜਾਪਨੀ ਹਰਿ ਤਾ ਕੇ ਪਾਰਾਵਾਰ ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥ 23 ॥ (475)

ਪਦ ਅਰਥ: ਜਾਪਨੀ- ਜਾਪਦਾ, ਪਤਾ ਨਹੀਂ ਲਾਇਆ ਜਾ ਸਕਦਾ। ਹਰਿ ਤਾ ਕੇ- ਉਸ ਪ੍ਰਭੂ ਦੇ। ਪਾਰਾਵਾਰ- ਆਰ ਤੇ ਪਾਰ ਦਾ, ਅਰੰਭ ਤੇ ਅੰਤ ਦਾ, ਕਿਹੜਾ ਹੈ ਉਸ ਦੀ ਬੇਅੰਤਤਾ ਦਾ ਉਰਲਾ ਜਾਂ ਪਾਰਲਾ ਬੰਨਾ। ਸਾਖਤੀ- ਸਿਰਜਨਾ, ਪੈਦਾਇਸ਼। ਫਿਰਿ ਆਪਿ ਕਰਾਏ ਮਾਰ- ਫ਼ਿਰ ਉਨ੍ਹਾਂ ਦਾ ਸੰਘਾਰ ਵੀ ਪ੍ਰਭੁ ਆਪ ਹੀ ਕਰਦਾ ਹੈ। ਇਕਨਾ- ਇਕਨਾ ਦੇ, ਕਈਆਂ ਦੇ। ਗਲੀ- ਗਲਾਂ ਵਿਚ ਜੰਜੀਰੀਆ, ਜ਼ਲਾਲਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਕਿ- ਕਈ ਜੀਵ। ਤੁਰੀ- ਘੋੜਿਆਂ ਉਤੇ। ਬਿਸੀਆਰ- ਬਹੁਤ ਸਾਰੇ। ਹਉ- ਮੈ। ਕੈ ਸਿਉ- ਕਿਸ ਦੇ ਅਗੇ। ਕਰਣਾ- ਸ੍ਰਿਸ਼ਟੀ ਦੀ ਰਚਨਾ। ਜਿਨਿ- ਜਿਸ ਪ੍ਰਭੂ ਨੇ। ਸਾਰ- ਸੰਭਾਲ ।23।
ਅਰਥ- ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ (ਜਿਸ ਪ੍ਰਭੁ ਨੇ ਸਾਰੀ ਰਚਨਾ ਬਣਾਈ ਹੈ) ਉਸ ਪ੍ਰਭੂ ਦੀ (ਰਚਨਾ ਦੇ) ਆਰਲੇ ਤੇ ਪਾਰਲੇ ਬੰਨਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੁ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਉਨ੍ਹਾਂ ਦਾ ਸੰਘਾਰ ਵੀ ਕਰਦਾ ਹੈ। ਕਈ ਜੀਵ ਤਾਂ ਜ਼ਲਾਲਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਹਨ ਅਤੇ ਕਈ ਘੋੜਿਆਂ ਤੇ ਚੜ੍ਹੇ ਰਹਿੰਦੇ ਹਨ ਭਾਵ ਹਰੇਕ ਤਰ੍ਹਾਂ ਦੀਆਂ ਮੌਜਾਂ ਮਾਣਦੇ ਤੇ ਸੁਖ-ਆਰਾਮ ਦੀ ਜ਼ਿੰਦਗੀ ਗੁਜ਼ਾਰਦੇ ਹਨ। ਚੂੰਕਿ ਪ੍ਰਭੂ ਆਪ ਹੀ ਇਹ ਸਾਰੇ ਖੇਡ ਤਮਾਸ਼ੇ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਤਾਂਤੇ ਭਾਈ ਦੱਸ) ਕਿ ਮੈਂ ਕਿਸ ਦੇ ਅਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ? ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ, ਸਪਸ਼ਟ ਗਲ ਤਾਂ ਇਹ ਹੈ ਕਿ ਜਿਸ ਕਰਤਾਰ ਨੇ ਇਹ ਰਚਨਾ ਰਚੀ ਹੈ, ਫਿਰ ਇਸਦੀ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ।23।
ਗੁਰਮਤਿ ਵਿਚਾਰ ਦਰਸ਼ਨ: 1. ਆਪਿ ਕਰਾਏ ਸਾਖਤੀ ਫਿਰਿ..- ਗੁਰੂ ਨਾਨਕ ਪਾਤਸ਼ਾਹ ਫੁਰਮਾਂਦੇ ਹਨ, ਅਕਾਲਪੁਰਖੁ ਦੀ ਰਚਨਾ ਦੇ ਆਰਲੇ ਤੇ ਪਾਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਆਪ ਹੀ ਜੀਵਾਂ ਦੀ ਸਿਰਜਨਾ ‘ਤੇ ਉਹਨਾਂ ਦਾ ਸੰਘਾਰ ਕਰਨ ਵਾਲਾ ਵੀ ਆਪ ਹੀ ਹੈ। ਇਸਤਰ੍ਹਾਂ ਜਦੋਂ ਅਕਾਲਪੁਰਖੁ ਆਪ ਹੀ ਕਰਨ-ਕਰਾਵਣ ਹੈ ਅਤੇ ਕਰਤਾਰ ਦੀ ਕਰਣੀ ‘ਚ ਕਿਸੇ ਦਾ ਕੋਈ ਦਖਲ ਨਹੀਂ, ਤਾਂ ਸਪਸ਼ਟ ਹੋਇਆ ਕਿ ਉਸ ਤੋਂ ਛੁੱਟ ਦੱਸੇ ਜਾਂਦੇ ਬ੍ਰਹਮਾ, ਵਿਸ਼ਨੂੰ, ਮਹੇਸ਼ ਉਥੇ ਕੋਈ ਵੁੱਕਤ ਨਹੀਂ ਰਖਦੇ ਅਤੇ ਨਾ ਹੀ ਅਜੇਹੀ ਕੋਈ ਲੋੜ ਹੀ ਹੈ। ਗੁਰਦੇਵ ਨਿਰਣਾ ਦਿੰਦੇ ਹਨ ਕਿ ਮਨੁੱਖ ਨੂੰ ਭਲੀ ਪ੍ਰਕਾਰ ਨਿਸ਼ਚਾ ਕਰਕੇ ਸਮਝ ਲੈਣਾ ਚਾਹੀਦਾ ਹੈ, ਜਿਸ ਕਰਤਾਰ ਦੀ ਇਹ ਸਾਰੀ ਰਚਨਾ ਹੈ, ਉਹ ਇਸ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ
2. ਹਉ ਕੈ ਸਿਉ ਕਰੀ ਪੁਕਾਰ- ਪਾਤਸ਼ਾਹ ਦਸਦੇ ਹਨ, ਕਰਤਾਰ ਦੀ ਰਚਨਾ ‘ਚ ਉਹ ਵੀ ਹਨ ਜੋ ਜ਼ਲਾਲਤ ‘ਤੇ ਦੁਖਾਂ ਭਰੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਉਹ ਵੀ ਹਨ ਜੋ ਬੇਸ਼ੁਮਾਰ ਘੋੜਿਆਂ ਦੀਆਂ ਸੁਆਰੀਆਂ ਦਾ ਅਨੰਦ ਮਾਣਦੇ ਭਾਵ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਂਦੇ ਹਨ। ਫਿਰ ਜਦੋਂ ਇਹ ਸੱਚ ਵੀ ਉਘੜ ਆਵੇ ਕਿ ਕਰਨ ਕਰਾਵਣ, ਉਸ ਪ੍ਰਭੂ ਤੋਂ ਛੁੱਟ ਹੋਰ ਕੋਈ ਨਹੀਂ ਤਾਂਤੇ ਗੁਰਦੇਵ ਸਮਝਾਂਦੇ ਹਨ ਕਿ ਮਨੁੱਖ ਨੂੰ ਆਪਣੀ ਫਰਿਆਦ, ਅਰਦਾਸ, ਅਰਜ਼ੋਦੀ ਕਦੇ ਕਿਸੇ ਹੋਰ ਅਗੇ ਨਹੀਂ ਬਲਕਿ ਕੇਵਲ ਇਕ ਅਕਾਲਪੁਰਖੁ ਅਗੇ ਹੀ ਕਰਨੀ ਚਾਹੀਦੀ ਹੈ। ਪ੍ਰਭੂ ਤੋਂ ਛੁੱਟ ਮਨੁੱਖ ਜਿੱਥੇ ਕਿੱਥੇ ਵੀ ਦੇਵੀਆਂ, ਦੇਵਤੇ, ਮਿੱਥੇ ਭਗਵਾਨਾਂ, ਕਬਰਾਂ, ਪਿਪਲਾਂ-ਪੌਦਿਆਂ, ਮੂਰਤੀਆਂ, ਪੱਥਰਾਂ, ਸਪਾਂ, ਨਦੀਆਂ, ਪਸ਼ੂਆਂ ਪਾਸ ਅਰਜ਼ੋਈਆਂ ਕਰਦਾ ਹੈ, ਗੁਰਬਾਣੀ ਅਨੁਸਾਰ ਇਹ ਸਭ ਸਭ ਵਿਅਰਥ ਹਨ।23।
ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ: ਪਉੜੀ ਵਿਚ ਇਸ ਵਿਸ਼ਵਾਸ ਨੂੰ ਪੱਕਾ ਕੀਤਾ ਹੈ ਕਿ ਕਰਤੇ ਤੋਂ ਛੁੱਟ ਉਸਤੋਂ ਵੱਡੀ ਹੋਰ ਕੋਈ ਵੀ ਤਾਕਤ ਹੈ ਹੀ ਨਹੀਂ। ਇਥੋਂ ਤੀਕ ਕਿ ਮਾਰਨ, ਜਿਵਾਲਣ ਤੇ ਪੈਦਾ ਕਰਨ ਵਾਲਾ ਵੀ ਪ੍ਰਭੁ ਆਪ ਹੀ ਹੈ ਭਾਵ ਦਸੇ ਜਾਂਦੇ ਬ੍ਰਹਮਾ, ਵਿਸ਼ਨੂ, ਮਹੇਸ਼ ਆਦਿ ਨਹੀਂ। ਇਸਲਈ ਮਨੁੱਖ ਨੇ ਜੇਕਰ ਕੋਈ ਫਰਿਆਦ ਕਰਨੀ ਹੈ ਤਾਂ ਸਿਵਾਏ ਅਕਾਲਪੁਰਖੁ ਦੇ ਕਿਸੇ ਹੋਰ ਅਗੇ ਨਹੀਂ ਕਰਨੀ। ਕਿਉਂਕਿ ਜਿਨ੍ਹਾਂ ਦੀ ਨਾ ਕੋਈ ਹੋਂਦ ਜਾਂ ਸਮਰਥਾ ਹੀ ਨਹੀ ਤਾਂ ਫਿਰ ਉਹਨਾਂ ਅਗੇ ਫਰਿਆਦਾਂ ਦਾ ਕੀ ਲਾਭ?
ਇਸਦੇ ਨਾਲ ਮਨੁੱਖ ਨੂੰ ਇਹ ਵੀ ਨਿਸ਼ਚੇ ਕਰਕੇ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਪ੍ਰਭੂ ਦੀ ਇਹ ਰਚਨਾ ਹੈ, ਉਹ ਮਾਲਿਕ ਇਸ ਰਚਨਾ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਉਹ ਇਹ ਨਹੀਂ ਉਡੀਕਦਾ ਕਿ ਕੋਈ ਉਸ ਪਾਸੋਂ ਮੰਗ ਹੀ ਕਰੇ, ਤਾਂ ਹੀ ਉਹ ਕਿਸੇ ਨੂੰ ਕੁਝ ਦੇਵੇ। ਦੂਜੇ ਸ਼ਬਦਾਂ ‘ਚ ਮੰਗਾਂ ‘ਚ ਫਸੇ ਰਹਿਣਾ, ਕਮਜ਼ੋਰ ਮਨ ਵਾਲੇ ਲੋਕਾਂ ਦਾ ਕੰਮ ਹੈ ਜਿਹਨਾਂ ਨੂੰ ਪ੍ਰਭੂ ਦੀ ਮਹਾਨ ਹਸਤੀ ਬਾਰੇ ਸਮਝ ਹੀ ਨਹੀਂ ਆਈ।
ਹੁਣ ਲਵੋ ਸਲੋਕਾ ‘ਚ-ਸਲੋਕਾਂ ਰਾਹੀ ਵੀ ਇਸੇ ਹੀ ਗੱਲ ਦੀ ਵਿਆਖਿਆ ਕੀਤੀ ਹੈ ਕਿ ਮੰਗ ਕੇ ਲਈ ਚੀਜ਼ ਨੂੰ ਦਾਤ ਸਮਝਣਾ ਅਥਵਾ ਕਹਿਣਾ ਭੁੱਲ ਹੈ ਅਤੇ ਜੋ ਪ੍ਰਭੂ ਪਿਆਰੇ ਹੁੰਦੇ ਹਨ, ਉਹ ਪ੍ਰਭੂ ਨਾਲ ਹੀ ਇੱਕ-ਮਿੱਕ ਹੋ ਕੇ ਜੀਂਦੇ ਹਨ। ਉਨ੍ਹਾਂ ਦੇ ਮਨ ਅੰਦਰ ਕਰਤੇ ਦਾ ਡਰ-ਸਹਿਮ ਤਾਂ ਰਹਿੰਦਾ ਹੀ ਨਹੀਂ ਬਲਕਿ ਉਹਨਾਂ ਦੀ ਆਤਮਕ ਅਵਸਥਾ ਇੰਨੀ ਉਚੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਮੰਗਾਂ ਦੀ ਲੋੜ ਹੀ ਨਹੀਂ ਰਹਿੰਦੀ।23।
.