.

ਰੋਗ ਅਤੇ ਨਾਮ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਸਾਰੀ ਤਰਤੀਬ ਵਿਚ ਹੈ, ਇਸ ਵਿਚ ਕਿਸੇ ਵੀ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਗੁਰਬਾਣੀ ਸਲੋਕ, ਸ਼ਬਦ, ਅਸ਼ਟਪਦੀਆਂ, ਸਵੱਯੇ, ਛੰਤ ਤੇ ਪਉੜੀਆਂ ਦੇ ਵੱਖ ਵੱਖ ਰੂਪਾਂ ਵਿਚ ਉਚਾਰਨ ਕੀਤੀ ਗਈ ਹੈ। ਇਸ ਲਈ ਗੁਰਬਾਣੀ ਦੇ ਸ਼ਬਦ ਵਿਚ ਆਏ ਵਿਸ਼ਾ ਵਸਤੂ ਨੂੰ ਮੁੱਖ ਰੱਖ ਕੇ ਸਮਝਣ ਦੀ ਜ਼ਰੂਰਤ ਹੈ। ਸਲੋਕ ਤੇ ਛੰਤ ਦਾ ਆਪਸ ਵਿਚ ਪੂਰਾ ਤਾਲ ਮੇਲ ਹੋਣ ਦੇ ਨਾਤੇ ਇਹ ਇਕ ਮੁਕੰਮਲ ਵਿਸ਼ਾ ਹੁੰਦਾ ਹੈ, ਜਦ ਕਿ ਗੁਰਬਾਣੀ ਦਾ ਹਰ ਸ਼ਬਦ ਇਕ ਨਵਾਂ ਵਿਸ਼ਾ ਲੈ ਕੇ ਸੰਸਾਰ ਨੂੰ ਜੀਵਨ ਜੁਗਤ ਦਸ ਰਿਹਾ ਹੈ। ਕਬੀਰ ਜੀ ਤੇ ਫਰੀਦ ਜੀ ਦੇ ਸਲੋਕਾਂ ਨੂੰ ਹੀ ਲੈ ਲਈਏ, ਕਈ ਸਲੋਕਾਂ ਨੂੰ ਇਕੱਠਿਆਂ ਵਿਚਾਰਾਂਗੇ ਤਾਂ ਉਹਨਾਂ ਵਿਚੋਂ ਪੂਰੇ ਵਿਸ਼ੇ ਦੀ ਸਮਝ ਅਉਂਦੀ ਹੈ। ਵਾਰ ਦੇ ਵਿਸ਼ਾ ਵਸਤੂ ਨੂੰ ਸਮਝਣ ਲਈ ਪਉੜੀ ਤੇ ਉਸ ਨਾਲ ਆਏ ਸਲੋਕਾਂ ਨੂੰ ਇਕੱਠਿਆਂ ਕਰਕੇ ਵਿਚਾਰਾਂਗੇ ਤਾਂ ਉਸ ਵਿਚੋਂ ਪੂਰਾ ਸਬਜੈਕਟ ਮਿਲੇਗਾ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕ ਵਿਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਬਾਕੀ ਸ਼ਬਦ ਵਿਚ ਇਸ ਕੇਂਦਰੀ ਭਾਵ ਨੂੰ ਵਿਸਥਾਰ ਨਾਲ ਖੋਹਲਿਆ ਗਿਆ ਹੁੰਦਾ ਹੈ। ਇੰਜ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿਚ ਸਲੋਕਾਂ ਤੇ ਅਸ਼ਟਪਦੀਆਂ ਨੂੰ ਇਕੱਠਾ ਕਰਕੇ ਵਿਚਾਰਾਂਗੇ ਤਾਂ ਉਸ ਵਿਚੋਂ ਇਕ ਮੁਕੰਮਲ ਵਿਸ਼ੇ ਦੀ ਸਮਝ ਆਏਗੀ।
ਹੋਇਆ ਇਹ ਹੈ ਕਿ ਪਿੱਛਲੇ ਕੁਝ ਸਮੇਂ ਤੋਂ ਅਸੀਂ ਆਪਣੀ ਮਰਜ਼ੀ ਨਾਲ ਇਕ ਤੁਕ ਨੂੰ ਲੈ ਕੇ ਉਸ ਦਾ ਕੀਰਤਨ ਜਾਂ ਕਥਾ ਕੀਤੀ ਹੈ ਜਿਸ ਨਾਲ ਸ਼ਬਦ ਦਾ ਵਿਸ਼ਾ ਵਸਤੂ ਹੀ ਬਦਲ ਕੇ ਰੱਖ ਦਿੱਤਾ ਹੈ। ਮਿਸਾਲ ਦੇ ਤੌਰ ਤੇ “ਗੁਰਸਿਖਾ ਮਨਿ ਵਾਧਾਈਆ ਜਿਨਾ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ” ਇਸ ਦਾ ਅਰਥ ਹੈ—ਹੇ ਭਾਈ ! ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਹੁਣ ਕਿਸੇ ਦੇ ਘਰ ਵਿਚ ਵਿਆਹ ਹੈ, ਅਸਾਂ ਘਰਦਿਆਂ ਨੂੰ ਖੁਸ਼ ਕਰਨ ਲਈ ਆਪਣੇ ਮਨ ਦੀ ਕਾਢ ਨਾਲ ਸ਼ਬਦ ਸ਼ੁਰੂ ਕੀਤਾ ਹੈ, ਵਾਧਾਈਆਂ-ਆਂ-ਆਂ, ਵਾਧਾਈਆਂ-ਆਂ-ਆਂ, ਵਾਧਾਈਆਂ-ਆਂ-ਆਂ-ਆਂ--—ਦਾ ਹੀ ਕੀਰਤਨ ਕਰੀ ਜਾਂਦੇ ਹਾਂ, ਤੇ ਕਿੰਨੇ ਚਿਰ ਬਾਅਦ ਜਾ ਕੇ ਬੋਲਦੇ ਹਾਂ ਗੁਰਸਿੱਖਾਂ ਮਨਿ ਵਾਧਾਈਆਂ ਘਰ ਦੇ ਸਮਝ ਰਹੇ ਹਨ ਕਿ ਸਾਨੂੰ ਵਧਾਈਆਂ ਮਿਲ ਰਹੀਆਂ ਹਨ। ਇੰਜ ਹੀ “ਲਖ ਖੁਸੀਆ ਪਾਤਸਾਹੀਆ ਜੇ ਸਤਿਗੁਰੁ ਨਦਰਿ ਕਰਇ” ਦਾ ਕੀਰਤਨ ਕਰਕੇ ਪਰਵਾਰ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਹੁੰਦੇ ਹਾਂ ਲੱਖਾਂ ਖੁਸ਼ੀਆਂ ਗੁਰੂ ਜੀ ਨੇ ਤੂਹਾਨੂੰ ਹੀ ਦਿੱਤੀਆਂ ਹਨ। ਜਦ ਕੇ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿਚ ਤੇ ਇਹ ਦੱਸਿਆ ਜਾ ਰਿਹਾ ਹੈ ਕਿ “ਮੇਰੇ ਮਨ, ਏਕਸੁ ਸਿਉ ਚਿਤੁ ਲਾਇ॥ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ” ‘ਸਭ ਧੰਧੁ’ ਤੇ ‘ਮਿੱਥਿਆ ਮੋਹ’ ਨੂੰ ਇਕ ਪਾਸੇ ਰੱਖ ਕੇ ਸਿਰਫ ਲਖ ਖੁਸ਼ੀਆਂ ਦੇ ਸ਼ਬਦ ਦਾ ਹੀ ਕੀਰਤਨ ਕੀਤਾ ਜਾ ਰਿਹਾ ਏ ਜੋ ਇਹ ਸਾਡੀ ਆਪਣੀ ਮਰਜ਼ੀ ਹੈ।
ਬਹੁਤੀ ਥਾਂਈ ਕਥਾ ਕੀਰਤਨ ਸੁਣਦਿਆਂ ਅਕਸਰ ਇਹ ਹੀ ਮੁੜ ਮੁੜ ਦ੍ਰਿੜ ਕਰਾਇਆ ਜਾਂਦਾ ਹੈ ਕੇ ਭਾਈ ਨਾਮ ਜੱਪਣ ਤੋਂ ਬਿਨਾਂ ਤੁਹਾਨੂੰ ਸਵਰਗ ਦੀ ਪਰਾਪਤੀ ਨਹੀਂ ਹੋ ਸਕਦੀ। ਦੂਸਰਾ ਸਾਡੇ ਸਰੀਰ ਦੇ ਜਿੰਨੇ ਵੀ ਭਿਆਨਕ ਤੋਂ ਭਿਆਨਕ ਰੋਗ ਹਨ ਉਹ ਨਾਮ ਸਿਮਰਨ ਦੁਆਰਾ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਕੈਂਸਰ, ਟੀ.ਬੀ, ਦਾੜ੍ਹ, ਗਿੱਟਿਆਂ-ਗੋਡਿਆਂ ਤੇ ਸਿਰ ਦੀ ਦਰਦ, ਸਾਹ ਦਾ ਚੜ੍ਹਨਾ, ਹਾਟ ਟ੍ਰਬਲ, ਬੁਖਾਰ ਤੇ ਕੋਹੜ ਵਰਗੀਆਂ ਦੀਰਘ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਤੇ ਗੁਰਬਾਣੀ ਦੀ ਇਹ ਤੁਕ ਪੜ੍ਹ ਕੇ ਸੁਣਾ ਦੇਂਦੇ ਹਾਂ, “ਸਰਬ ਰੋਗ ਕਾ ਅਉਖਦੁ ਨਾਮੁ” ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਵਿਚ ਆਈ ਇਸ ਤੁਕ ਦੀ ਸਿਧਾਂਤਕ ਵਿਚਾਰ ਕੀਤੀ ਜਾਏ ਤਾਂ ਕੇ ਗੁਰੂ ਸਾਹਿਬ ਜੀ ਦਾ ਸਦੀਵ ਕਾਲ ਜੋ ਸੁਨੇਹਾਂ ਸੰਸਾਰ ਨੂੰ ਮਿਲਿਆ ਹੈ ਉਸ ਤੋਂ ਲਾਭ ਉਠਾ ਕਿ ਆਤਮਿਕ ਉੱਨਤੀ ਕੀਤੀ ਜਾ ਸਕੇ।
ਮਨੁੱਖੀ ਸਰੀਰ ਦੀ ਬਣਤਰ ਵਲ ਧਿਆਨ ਮਾਰਿਆ ਜਾਏ ਤਾਂ ਇਹ ਦੋ ਭਾਗਾਂ ਵਿਚ ਵੰਡੀ ਦਿੱਸਦੀ ਹੈ, ਜਿਸ ਦਾ ਇਕ ਭਾਗ ਅੰਦਰਲਾ ਤੇ ਦੂਜਾ ਭਾਗ ਬਾਹਰਲਾ ਦਿੱਸਦਾ ਹੈ, ਜਿਸ ਨੰੂ ਸੂਖਸ਼ਮ ਤੇ ਅਸਥੂਲ ਕਿਹਾ ਗਿਆ ਹੈ। ਗੁਰਬਾਣੀ ਇਹਨਾਂ ਹੀ ਭਾਗਾਂ ਨੂੰ ਈਹਾਂ-ਊਹਾਂ, ਐਥੇ-ਉੱਥੇ, ਲੋਕ-ਪ੍ਰਲੋਕ ਦੇ ਅਲੰਕਾਰਾਂ ਵਿਚ ਵੀ ਪ੍ਰਗਟ ਕਰਦੀ ਹੈ। ਇੰਜ ਕਹਿ ਲਿਆ ਜਾਏ ਕਿ ਆਦਮੀ ਹਮੇਸ਼ਾ ਦੋ ਤਲਾਂ ਤੇ ਜ਼ਿੰਦਗੀ ਜੀਊ ਰਿਹਾ ਹੈ, ਅੰਦਰਲੇ ਸੁਭਾਅ ਵਿਚ ਕੁਝ ਹੋਰ ਹੈ ਤੇ ਬਾਹਰਲੇ ਸੁਭਾਅ ਵਿਚ ਕੁਝ ਹੋਰ ਹੈ। ਗੁਰਬਾਣੀ ਦੀ ਇਹ ਇਕ ਮਹਾਨ ਵਡਿਆਈ ਹੈ ਕਿ ਇਹ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਇਕ ਕਰਨ ਹੋਣ ਦੀ ਤਾਗੀਦ ਕਰਦੀ ਹੈ।
ਕੁਝ ਬਿਮਾਰੀਆਂ ਮਨੁੱਖੀ ਸਰੀਰ ਦੀਆਂ ਹਨ ਤੇ ਕੁਝ ਬਿਮਾਰੀਆਂ ਇਸ ਮਨ ਅਥਵਾ ਆਤਮਾ ਦੀਆਂ ਹਨ। ਸਰੀਰਕ ਬਿਮਾਰੀਆਂ ਵੱਖ ਵੱਖ ਕਿਸਮਾਂ ਦੀਆਂ ਹਨ ਤੇ ਉਹਨਾਂ ਦੇ ਇਲਾਜ ਲਈ ਵੱਖ ਵੱਖ ਹੀ ਹਸਪਤਾਲ ਹਨ। ਇੱਥੋਂ ਤਕ ਕਿ ਸਰੀਰ ਦੇ ਇਕ ਇਕ ਅੰਗ ਜਾਂ ਇਕ ਇਕ ਬਿਮਾਰੀ ਦੇ ਅਗਾਂਹ ਡਾਕਟਰ ਵੀ ਵੱਖਰੇ ਵੱਖਰੇ ਹੁੰਦੇ ਹਨ। ਚੰਗੇ ਹਸਪਤਾਲਾਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਹਰ ਬਿਮਾਰੀ ਦੇ ਮਾਹਰ ਡਾਕਟਰ ਹੀ ਰੱਖਦੇ ਹਨ ਜੋ ਬਿਮਾਰ ਤੋਂ ਬਿਮਾਰ ਆਦਮੀ ਦਾ ਯੋਗ ਤੇ ਢੁੱਕਵਾਂ ਇਲਾਜ ਕਰ ਸਕਣ। ਸੰਸਾਰ ਨੂੰ ਵੀ ਰੋਗੀ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਇਸ ਦਾ ਇਲਾਜ ਕਰਨ ਲਈ ਗੁਰੂ ਗੰ੍ਰਥ ਜੀ ਸਾਹਿਬ ਵਰਗਾ ਮਹਾਨ ਗ੍ਰੰਥ ਸੰਸਾਰ ਦੀ ਝੋਲ਼ੀ ਵਿਚ ਪਾਇਆਂ ਹੈ ਤਾਂ ਕਿ ਸੰਸਾਰੀ ਲੋਕ ਇਸ ਮਹਾਨ ਗੰ੍ਰਥ ਵਿਚੋਂ ਆਤਮਿਕ ਜੀਵਨ ਦੀ ਸੂਝ ਲੈ ਕੇ ਆਪਣੀਆਂ ਅੰਦਰਲੀਆਂ ਸੁਭਾਵਿਕ ਬਿਮਾਰੀਆਂ ਦੂਰ ਕਰ ਸਕਣ। ਗੁਰ ਵਾਕ ਹੈ—”ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ”—ਸਮਾਜ, ਧਰਮ, ਰਾਜਨੀਤੀ ਵਿਚ ਆਈ ਗਿਰਾਵਟ ਨੂੰ ਵੀ ਬਿਮਾਰੀ ਦਾ ਹੀ ਨਾਂ ਦਿੱਤਾ ਗਿਆ ਹੈ।
ਜੋ ਸੁਖਮਨੀ ਸਾਹਿਬ ਜੀ ਦੀ ਮਹਾਨ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਹੈ, ਇਸ ਦਾ ਮੁੱਖ ਭਾਵ ਮਨੁੱਖ ਨੂੰ ਆਪਣੇ ਮਨ ਦੀਆਂ ਬਿਮਾਰੀਆਂ ਤੋਂ ਛੁੱਟਕਾਰਾ ਪਾਉਣ ਦਾ ਹੈ। ਇਸ ਰਚਨਾ ਵਿਚ ਇਕ ਰਹਾਉ ਆਉਂਦਾ ਏ ਜੋ ਇਸ ਪਰਕਾਰ ਹੈ :---
“ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸਰਾਮ”॥ਰਹਾਉ ॥
ਪਰਮਾਤਮਾ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ, ਸਭ ਸੁੱਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ। ਅੰਮ੍ਰਿਤ ਸ਼ਬਦ ਦਾ ਭਾਵ ਹੈ ਆਤਮਿਕ ਸੁੱਖ ਦੇਣ ਵਾਲਾ ਪਰਮਾਤਮਾ ਦਾ ਨਾਮ ਜੋ ਭਗਤਾਂ ਨੇ ਆਪਣੇ ਹਿਰਦੇ ਵਿਚ ਟਿਕਾਇਆ ਹੁੰਦਾ ਹੈ। ਆਮ ਆਦਮੀ ਕਈ ਪਰਕਾਰ ਦੀਆਂ ਮੁਸ਼ਕਲਾਂ, ਸੰਸਿਆਂ, ਚਿੰਤਾਵਾਂ ਵਿਚ ਘਿਰਿਆ ਹੋਇਆ ਆਤਮਿਕ ਤਲ਼ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ, ਪਰ ਭਗਤ ਜਨ ਇਹਨਾਂ ਬਿਮਾਰੀਆਂ ਤੋਂ ਉੱਪਰ ਉੱਠ ਜਾਂਦੇ ਹਨ। ਸਾਰੇ ਸੁਖਮਨੀ ਸਾਹਿਬ ਵਿਚ ਮਨ ਦੀਆਂ ਬਿਮਾਰੀਆਂ ਅਥਵਾ ਰੋਗਾਂ ਦੀ ਗੱਲ ਕਰਦਿਆਂ ਉਹਨਾਂ ਦੇ ਸਮਾਧਾਨ ਦੀ ਗੱਲ ਕੀਤੀ ਗਈ ਹੈ। ਕਈ ਭੋਲੇ ਵੀਰਾਂ ਨੇ ਸਿਰਫ ਇਕ ਤੁਕ ਨੂੰ ਹੀ ਲੈ ਕੇ ਸਰੀਰਕ ਬਿਮਾਰੀਆਂ ਬਾਰੇ ਕਿਹਾ ਸੁਣਿਆ ਹੈ ਤੇ ਡਾਕਟਰੀ ਇਲਾਜ ਨਾ ਕਰਾਉਣ ਦੀ ਸਲਾਹ ਵੀ ਦੇਂਦੇ ਹਨ ਜਦ ਕਿ ਗੁਰਬਾਣੀ ਮਨੁੱਖੀ ਮਨ ਦੇ ਰੋਗਾਂ ਦੀ ਗੱਲ ਕਰਦੀ ਹੈ।”ਸਰਬ ਰੋਗ ਕਾ ਅਉਖਦੁ ਨਾਮੁ”॥ ਵਾਲੀ ਤੁਕ ਨੂੰ ਸਮਝਣ ਲਈ ਇਸ ਸਾਰੀ ਅਸਟਪਦੀ ਨੂੰ ਧਿਆਨ ਵਿਚ ਲਿਆਉਣ ਦੀ ਲੋੜ ਹੈ। ਅੱਖਰੀਂ ਅਰਥ ਤਾਂ ਏਹੀ ਬਣਨਗੇ ਕਿ ਸਾਰੇ ਰੋਗਾਂ ਦੀ ਦਵਾਈ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਜੇ ਸਾਰੀ ਅਸਟਪਦੀ ਨੂੰ ਧਿਆਨ ਨਾਲ ਵਿਚਾਰਿਆ ਜਾਏ ਤਾਂ, ਰੋਗ ਵਿਚੋਂ (ਅਪਰਸ) ਸੁੱਚ ਰੱਖਣ ਦਾ ਨਿਕਲਦਾ ਹੈ। ਨਾਲ ਹੀ ਏਸੇ ਅਸਟਪਦੀ ਦੇ ਸਤਵੇਂ ਬੰਦ ਵਿਚ ਜੀਵਨ ਮੁਕਤੀ ਦਾ ਸੰਕਲਪ ਰੱਖਿਆ ਹੋਇਆ ਦਿਸਦਾ ਹੈ। “ਸਰਬ ਰੋਗ ਕਾ ਅਉਖਦੁ ਨਾਮੁ” ਨੂੰ ਵਿਚਾਰਨ ਲਈ ਇਸ ਅਸਟਪਦੀ ਦੇ ਹਰੇਕ ਬੰਦ ਦੀ ਵਿਚਾਰ ਕੀਤੀ ਜਾਏਗੀ। ਇਸ ਅਸ਼ਟਪਦੀ ਦਾ ਭਾਵ ਅਰਥ ਸਲੋਕ ਵਿਚ ਆਉਂਦਾ ਹੈ ਜੋ ਸਮੁੱਚੇ ਭਾਵ ਨੂੰ ਆਪਣੇ ਵਿਚ ਸਮਾਈ ਬੈਠਾ ਹੈ। ਸਲੋਕ ਤੇ ਅਸਟਪਦੀ ਇਕ ਪੂਰਾ ਸੈੱਟ ਹੋਣ ਕਰਕੇ ਮੁਕੰਮਲ ਵਿਸ਼ਾ ਹੈ।
ਸਲੋਕ-- ਉਰਿ ਧਾਰੈ ਜੋ ਅੰਤਰਿ ਨਾਮੁ॥ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਸਕਾਰੈ॥ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥
ਜੋ ਮਨੁੱਖ ਪਰਮਾਤਮਾ ਦੇ ਨਾਮ ਭਾਵ ਉਹਦੇ ਗੁਣਾਂ ਨੰੂ ਹਿਰਦੇ ਵਿਚ ਧਾਰਨ ਕਰਦਾ ਹੈ, ਉਹ ਭਗਵਾਨ ਨੂੰ ਸਾਰਿਆਂ ਵਿਚ ਵਿਆਪਕ ਦੇਖਦਾ ਹੈ ਤੇ ਹਰੇਕ ਪਲ ਉਹਦੀ ਯਾਦ ਵਿਚ ਗੁਜ਼ਾਰਦਾ ਹੋਇਆ ਅਪਰਸ (ਸੁੱਚਾ) ਹੋ ਜਾਂਦਾ ਹੈ। ਉਹ ਫਿਰ ਹੋਰਨਾਂ ਜੀਵਾਂ ਨੂੰ ਸੰਸਾਰ ਦੇ ਵਿਕਾਰਾਂ ਵਲੋਂ ਹਟਾ ਕੇ ਮੁਕਤੀ ਵਾਲੇ ਰਸਤੇ ਤੇ ਤੋਰਦਾ ਹੈ। ਇਸ ਵਿਚ ਸ਼ਬਦ ਅਪਰਸ ਆਇਆ ਹੈ-ਜਿਸਦਾ ਸਬੰਧ ਸੱੁਚ ਤੇ ਭਿੱਟ ਨਾਲ ਅਉਂਦਾ ਹੈ। ਹਿੰਦੂ ਮਤ ਵਿਚ ਕਈ ਮਨੁੱਖ ਬੜੀ ਸੱੁਚ ਰੱਖਣ ਦੇ ਅਜੇਹੇ ਭਰਮ ਵਿਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਹੱਥ ਦੇ ਬਣੇ ਹੋਏ ਪ੍ਰਸ਼ਾਦੇ ਨੂੰ ਖਾਣਾ ਤਾਂ ਇਕ ਪਾਸੇ ਰਿਹਾ ਵਿਚਾਰੇ ਛੋਂਹਦੇ ਵੀ ਨਹੀਂ ਹਨ; ਗੁਰਮਤ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਦਾ ਹੈ। ਇਸ ਅਸਟਪਦੀ ਵਿਚ ਸਭ ਤੋਂ ਭਿਆਨਕ ਰੋਗ ਸਾਡੇ ਸਾਹਮਣੇ ਅਖੌਤੀ ਭਿੱਟ, ਸੁੱਚ (ਅਪਰਸ) ਦਾ ਆਉਂਦਾ ਹੈ, ਜੋ ਹਉਮੇ ਦੇ ਰੂਪ ਵਿਚ ਵੀ ਪ੍ਰਗਟ ਹੁੰਦੀ ਹੈ। ਗੁਰਬਾਣੀ ਹਉਮੇ ਨੂੰ ਦੀਰਘ ਰੋਗ ਦੱਸਦੀ ਹੈ ਜੋ ਆਤਮਿਕ ਬਿਮਾਰੀਆਂ ਦੀ ਜੜ੍ਹ ਮੰਨੀ ਗਈ ਹੈ। ਇਸ ਪਰਥਾਏ ਕੁਝ ਪ੍ਰਮਾਣ ਵੀ ਵਾਚਣ ਯੋਗ ਹਨ।
1. ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰਹਿ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ਮ:2—ਪੰਨਾ 466--
2. ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ਸਲੋਕ ਮ: 3—ਪੰਨਾ 589--
3. ਹੰਉਮੈ ਅੰਦਰਿ ਖੜਕੁ ਖੜਕੇ ਖੜਕਿ ਵਿਹਾਇ ॥
ਹਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥ ਸਲੋਕ ਮ: 3—ਪੰਨਾ—502
4. ਹਉਮੈ ਵਡਾ ਰੋਗੁ ਹੈ ਸਿਰਿ ਮਾਰੈ ਜਮ ਕਾਲਿ ॥ਮਲਾਰ ਮਹਲਾ 3—ਪੰਨਾ 1258—
5. ਮਨ ਅੰਤਰਿ ਹਉਮੈ ਰੋਗੁ ਹੈ ਭਰਮਿ ਭੁਲੇ ਮਨਮੁਖ ਦੁਰਜਨਾ ॥
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥ ਸਲੋਕੁ ਮ: 4—ਪੰਨਾ—301—
ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿਚੋਂ ਮਿਲਦੇ ਹਨ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਚਲਦਾ ਹੈ ਕਿ ਗੁਰਬਾਣੀ ਸਰੀਰਕ ਰੋਗਾਂ ਦੀ ਗੱਲ ਨਹੀਂ ਕਰਦੀ ਇਹ ਤੇ ਸਗੋਂ ਅੰਦਰਲੇ ਰੋਗਾਂ ਦੀ ਗੱਲ ਕਰ ਰਹੀ ਹੈ। ਹੁਣ ਇਸ ਅਸਟਪਦੀ ਵਿਚ ਮੁਖ ਰੋਗ ਨੀਵੀਂ ਜਾਤੀ ਦੇ ਬੰਦੇ ਦੇ ਛੋਹ ਜਾਣਦਾ ਹੈ—ਜੇ ਕਰ ਨੀਵੀਂ ਜਾਤੀ ਦੇ ਕਿਸੇ ਆਦਮੀ ਦਾ ਪ੍ਰਛਾਵਾਂ ਅਚਾਨਕ ਉੱਚੀ ਕੁਲ ਦੇ ਆਦਮੀ ਉੱਤੇ ਪੈ ਜਾਂਦਾ ਸੀ ਤਾਂ ਉਹ ਭਿਟਿਆ ਹੋਇਆਂ ਸਮਝਿਆ ਜਾਂਦਾ ਸੀ, ਇਕ ਅੱਖ ਦੇ ਇਸ਼ਾਰੇ ਨਾਲ ਹੀ ਉਸ ਦੀ ਪਵਿੱਰਤਾ ਭੰਗ ਹੋ ਜਾਂਦੀ ਸੀ। ਬਨਾਵਟੀ ਸੱੁਚ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਇਹਨਾਂ ਵਿਚਾਰਿਆਂ ਨੂੰ ਕਈ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ ਸੀ,ਪਰ ਇਸ ਭਿਆਨਕ ਬਿਮਾਰੀ ਦੇ ਦਰਸ਼ਨ ਅੱਜ ਵੀ ਖੁਲ੍ਹੇ ਰੂਪ ਵਿਚ ਸਿੱਖਾਂ ਦੇ ਗੁਰਦੁਆਰਿਆਂ ਵਿਚੋਂ ਕੀਤੇ ਜਾ ਸਕਦੇ ਹਨ। ਇਸ ਅਸਟਪਦੀ ਦਾ ਸਲੋਕ ਇਹ ਦੱਸਦਾ ਏ ਕਿ, ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਰੱਖ ਕੇ ਸੁੱਚਾ ਹੋਇਆ ਜਾ ਸਕਦਾ ਹੈ ਭਾਵ ਗੁਰੂ ਜੀ ਵਲੋਂ ਦੱਸੀ ਹੋਈ ਨਿਯਮਾਵਲੀ ਨੂੰ ਅਪਨਾਇਆਂ ਅਸੀਂ ਵਿਕਾਰਾਂ ਵਲੋਂ ਅਪਰਸ ਹੋ ਸਕਦੇ ਹਾਂ। ਇਸ ਅਸਟਪਦੀ ਦੇ ਪਹਿਲੇ ਬੰਦ ਵਿਚ ਕੁਝ ਨੁਕਤੇ ਦਿੱਤੇ ਗਏ ਹਨ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਅਉਂਦੇ ਹੀ ਰਹਿੰਦੇ ਹਨ।
ਜ਼ਬਾਨ ਨੂੰ ਝੂਠ ਬੋਲਣ ਦਾ ਚਸਕਾ, ਪਿਆਰੀਆਂ ਅੱਖਾਂ ਨੂੰ ਪਰਾਇਆਂ ਰੂਪ ਤੱਕਣ ਦਾ ਚੱਸਕਾ, ਕੰਨਾਂ ਨੂੰ ਆਪਣੀ ਤਾਰੀਫ਼ ਤੇ ਗੁਆਢੀਆਂ ਦੀ ਨਿੰਦਿਆ ਸੁਣਨ ਦੀ ਭੈੜੀ ਆਦਤ, ਮਨ ਦੀਆਂ ਮਲੀਨ ਵਾਸ਼ਨਾਵਾਂ, ਤੇ ਘਟੀਆ ਸੋਚਾਂ ਦੇ ਭਿਆਨਕ ਰੋਗ ਇਸ ਨੂੰ ਚਿੰਬੜੇ ਹੋਏ ਹਨ। ਗੁਰੂ ਸਾਹਿਬ ਜੀ ਇਹਨਾਂ ਰੋਗਾਂ ਤੋਂ ਛੁਟਕਾਰੇ ਦੀ ਇਕ ਤਰਕੀਬ ਦੱਸਦੇ ਹਨ। ਜੇ ਰੱਬੀ ਦੀਦਾਰ ਦੀ ਚਾਹਨਾ ਰੱਖਦਾ ਏਂ, ਤਾਂ, ਸੰਗਤ ਦੀ ਸੇਵਾ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝ ਤੇ ਗੁਰੂ ਦੀ ਸੋਚ ਨੂੰ ਅਪਨਾ, ਫਿਰ ਇਹਨਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਏਸੇ ਹੀ ਬੰਦ ਦੀਆਂ ਅਖੀਰਲੀਆਂ ਤੁਕਾਂ ਵਿਚ ਗੁਰੂ ਸਾਹਿਬ ਜੀ ਆਖਦੇ ਹਨ ਕਿ ਭਲੇ ਬੰਦੇ ਆਪਣੇ ਗਿਆਨ ਇੰਦਰਿਆਂ ਨੂੰ ਸਹੀ ਤੇ ਉਸਾਰੂ ਸੋਚ ਵਲ ਗੁਰੂ ਜੀ ਦੇ ਗਿਆਨ ਦੁਆਰਾ ਮੋੜਨ ਦਾ ਯਤਨ ਕਰ ਜਿਸ ਨੂੰ “ਗੁਰ ਪ੍ਰਸਾਦਿ ਬਿਖਿਆ ਪਰਹਰੈ” ਕਿਹਾ ਗਿਆ ਹੈ :---
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥

ਮਨੁੱਖ ਬਾਹਰਲੀ ਸੁੱਚ ਤੇ ਜ਼ੋਰ ਦੇ ਰਿਹਾ ਜਦ ਕਿ ਗੁਰਬਾਣੀ ਇਸ ਨੂੰ ਅੰਦਰੋਂ ਸੱੁਚਾ ਹੋਣ ਲਈ ਕਹਿ ਰਹੀ ਹੈ। ਵਿਸ਼ਨੂੰ ਦੀ ਪੂਜਾ ਕਰਨ ਵਾਲੇ ਨੂੰ ਆਮ ਕਰਕੇ ਵੈਸ਼ਨੂੰ ਕਿਹਾ ਜਾਂਦਾ ਹੈ ਦਰਅਸਲ ਵਿਸ਼ਨੂੰ ਦਾ ਪੁਜਾਰੀ ਬਾਹਰਲੀ ਸੁੱਚ ਭਿੱਟ ਰੱਖ ਕੇ ਆਪਣੇ ਆਪ ਨੂੰ ਪਵਿੱਤਰ ਸਮਝ ਰਿਹਾ ਹੈ, ਵੈਸ਼ਨੂੰ ਭਗਤ ਇਕ ਹੋਰ ਰੋਗ ਵਿਚ ਗ੍ਰਸਤ ਹੈ ਕਿ ਇਹ ਕਰਮ ਕਰਨ ਨਾਲ ਸਾਨੰੂ ਇਸ ਫਲ਼ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਇਕ ਐਸਾ ਮਾਨਸਿਕ ਰੋਗ ਹੈ ਜੋ ਸਾਰੀ ਉਮਰ ਇਸ ਦਾ ਖਹਿੜਾ ਨਹੀਂ ਛੱਡਦਾ। ਸੁਜਾਨ ਵੈਦ ਗੁਰੂ ਨੇ ਇਸ ਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਇਸ ਨੂੰ ਇਕ ਸੁਝਾਅ ਦਿੱਤਾ ਹੈ ਕਿ ਭਲੇ ਆਦਮੀ ਅਸਲ ਵੈਸ਼ਨੂੰ (ਪਵਿੱਤਰ) ਉਹ ਹੀ ਹੈ ਜੋ ਧਰਮ ਅਨੁਸਾਰ ਆਪਣੇ ਫਰਜ਼ ਦੀ ਪਹਿਛਾਣ ਕਰਕੇ ਪਵਿੱਤਰ ਕਰਮ ਕਰਦਾ ਹੋਇਆ ਕਿਸੇ ਫਲ਼ ਦੀ ਆਸ ਨਹੀਂ ਰੱਖਦਾ---ਦੂਸਰੇ ਬੰਦ ਵਿਚ ਬੜਾ ਕੀਮਤੀ ਖਿਆਲ ਦਿੱਤਾ ਹੈ:------
ਕਰਮ ਕਰਤ ਹੋਵੈ ਨਿਹਕਰਮ ॥ਤਿਸੁ ਬੈਸਨੋ ਕਾ ਨਿਰਮਲ ਧਰਮ ॥
ਧਰਮ ਦੀ ਦੁਨੀਆਂ ਵਿਚ ਅਸੀਂ ਬਹੁਤ ਸਾਰੇ ਵਹਿਮ ਵੀ ਪਾਲ਼ੇ ਹੋਏ ਹਨ, ਤੇ ਇਹ ਵਹਿਮ ਹੀ ਸਾਡੇ ਮਾਨਸਿਕ ਰੋਗ ਹਨ। ਕਈ ਦਫਾ ਬੰਦਾ ਅਰਦਾਸ ਕਰਦਿਆਂ ਇਹ ਆਖਦਾ ਹੈ ਹੇ ਕਿ ਵਹਿਗੁਰੂ ਜੀ ! ਮੇਰੀ ਮੰਗ ਹੁਣੇ ਹੀ ਪੂਰੀ ਹੋਣੀ ਚਾਹੀਦੀ ਹੈ, ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਤੂੰ ਮੰਗ ਦੀ ਥਾਂ ਤੇ ਆਪਣੇ ਮਨ ਵਿਚ ਉਹਦੇ ਸ਼ੁਭ ਗੁਣਾਂ ਨੂੰ ਅਪਨਾ ਲੈ, ਬਿਨਾ ਭਿੰਨ ਭਾਵ ਦੇ ਸਾਰਿਆ ਵਿਚ ਉਸ ਪਰਮਾਤਮਾ ਨੂੰ ਦੇਖਣ ਦਾ ਯਤਨ ਕਰ ਜ਼ਿੰਦਗੀ ਵਿਚ ਇਹ ਅਨੋਖੇ ਪਰਮਗਤ ਦੀ ਪਰਾਪਤੀ ਊ---- ਜਿਹਾ ਕਿ ਵਾਕ ਹੈ :----
ਮਨ ਤਨ ਅੰਤਰਿ ਸਿਮਰਨ ਗੋਪਾਲ ॥ ਅਤੇ--------
ਨਾਨਕ ਓਹੁ ਬੈਸਨੋ ਪਰਮਗਤਿ ਪਾਵੈ॥
ਇਸ ਪਵਿੱਤਰ ਅਸਟਪਦੀ ਦੇ ਤੀਸਰੇ ਬੰਦ ਵਿਚ ਮੰਦ ਕਰਮੀਆਂ ਦੀ ਸੰਗਤ ਛੱਡਣ ਦਾ ਸੰਕੇਤ ਆਉਂਦਾ ਹੈ, “ਸਗਲ ਤਿਆਗੈ ਦੁਸਟ ਕਾ ਸੰਗ”। ਸਿਆਣੇ ਕਹਿੰਦੇ ਨੇ ਵਹਿਮ ਦਾ ਇਲਾਜ ਤਾਂ ਲੁਕਮਾਨ ਹਕੀਮ ਦੇ ਪਾਸ ਵੀ ਨਹੀਂ ਸੀ, ਤੇ ਵਹਿਮ ਦੀ ਜੜ੍ਹ ਕੈਂਸਰ ਦੇ ਰੋਗ ਵਾਂਗ ਵੱਧਦੀ ਹੀ ਜਾਂਦੀ ਹੈ, ਆਮ ਆਦਮੀ ਵਹਿਮੀ ਹੋਣ ਕਰਕੇ ਹੀ ਰੋਗੀ ਹੈ। ਗੁਰੂ ਜੀ ਆਖਦੇ ਹਨ ਕਿ ਵਹਿਮ ਅਥਵਾ ਭਰਮ ਦੂਰ ਹੋ ਜਾਂਦੇ ਨੇ ਜੇਕਰ ਗੁਰੂ ਦੀ ਸੰਗਤ ਕੀਤੀ ਜਾਏ। “ਮਨ ਤੇ ਬਿਨਸੈ ਸਗਲਾ ਭਰਮੁ”, ਤੇ ਭਰਮ ਵਹਿਮ ਮਨ ਵਿਚੋਂ ਮਿੱਟਦਿਆਂ ਭਗਤ ਜਨ ਦੀ ਮਤ ਉੱਚੀ ਹੁੰਦੀ ਹੈ। “ਤਿਸੁ ਭਗਉਤੀ ਕੀ ਮਤਿ ਊਤਮ ਹੋਵੈ”, ਆਪਣਾ ਮਨ ਤੇ ਤਨ ਪ੍ਰਭੂ ਪਿਆਰ ਤੋਂ ਵਾਰ ਦੇਂਦਾ ਹੈ। “ਮਨੁ ਤਨੁ ਅਰਪੈ ਬਿਸਨੁ ਪਰੀਤਿ” ਮਨ ਤਨ ਅਰਪਣ ਦਾ ਭਾਵ ਆਪਣੇ ਆਪ ਨੂੰ ਨਿਯਮਬਧ ਕਰਨਾ, ਅਜੇਹਾ ਤਾਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੇ ਚਰਨਾ ਨੂੰ ਆਪਣੇ ਹਿਰਦੇ ਵਿਚ ਵਸਾ ਲਏ, “ਹਰਿ ਕੇ ਚਰਨ ਹਿਰਦੈ ਬਸਾਵੈ” ਪਰਮਾਤਮਾ ਦੇ ਸਰੀਰਕ ਤਲ਼ ਤੇ ਚਰਨ ਹੈ ਕੋਈ ਨਹੀਂ ਇਸ ਲਈ ਪ੍ਰਭੂ ਜੀ ਦੇ ਗੁਣਾਂ ਅਥਵਾ ਉਸ ਦੀ ਨਿਯਮਾਵਲੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਏਹੀ ਉਹਦੇ ਚਰਨ ਹਨ। ਇਸ ਬੰਦ ਵਿਚ ਭੈੜੀ ਦੋਸਤੀ ਤੇ ਵਹਿਮ ਭਰਮ ਦੇ ਰੋਗਾਂ ਤੋਂ ਖਲਾਸੀ ਪਾਉਣ ਨੂੰ ਕਿਹਾ ਗਿਆ ਜਾਪਦਾ ਹੈ।
ਸੁਖਮਨੀ ਸਾਹਿਬ ਦੀ ਇਸ ਨੌਵੀਂ ਅਸਟਪਦੀ ਦੇ ਚੌਥੇ ਬੰਦ ਵਿਚ ਉਸ ਰੋਗੀ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਆਪ ਨੂੰ ਧਰਮ ਦਾ ਸ਼ਾਸ਼ਤਰੀ ਅਖਵਾਉਂਦਾ ਹੈ। ਐ ਧਾਰਮਿਕ ਸਿੱਖਿਆ ਦਾਤਾ ਤੂੰ ਆਪਣੇ ਮਨ ਦੇ ਰੋਗ ਦਾ ਇਲਾਜ ਕਰ, ਪਹਿਲਾਂ ਇਸ ਮਨ ਨੂੰ ਪ੍ਰਬੋਧ, ਧਰਮੀ ਪਰਚਾਰਕ ਜੀਓ ਤੁਸੀਂ ਆਪਣੇ ਮਨ ਦੀ ਸੁੱਚ ਭਿੱਟ ਨੂੰ ਦੂਰ ਕਰਦਿਆਂ, ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਕਰੋ ਤਾਂ ਜੋ ਤੁਸੀਂ ਧਰਮੀ ਪੰਡਿਤ,ਅਥਵਾ ਪਰਚਾਰਕ ਬਣ ਸਕੋ --
ਸੋ ਪੰਡਿਤੁ ਜੋ ਮਨੁ ਪ੍ਰਬੋਧੇ ॥ ਰਾਮ ਨਾਮੁ ਆਤਮੁ ਮਹਿ ਸੋਧੈ ॥
ਗੱਲ ਫਿਰ ਮੁੜ ਕੇ ਹਿਰਦੇ ਦੀ ਆਉਂਦੀ ਹੈ ਪਰ ਅਸੀਂ ਸਰੀਰ ਦੇ ਰੋਗ ਦੀ ਗੱਲ ਕਰ ਰਹੇ ਹੁੰਦੇ ਹਾਂ, “ਹਰਿ ਕੀ ਕਥਾ ਹਿਰਦੈ ਬਸਾਵੈ” ਦਾ ਅਭਿਆਸ ਕੀਤਿਆਂ ਹੰਕਾਰ ਤਥਾ ਆਤਮਿਕ ਮੌਤ ਦੀਆਂ ਜੂਨਾਂ ਵਿਚ ਨਹੀਂ ਆਉਂਦਾ।”ਸੋ ਪੰਡਿਤੁ ਫਿਰਿ ਜੋਨਿ ਨ ਆਵੈ”। ਸਾਡੇ ਮੁਲਕ ਵਿਚ ਤਾਂ ਬਹੁਤ ਸਾਰੇ ਭ੍ਰਿੰਗੀ ਗੁਰੂ ਬਣੀ ਬੈਠੇ ਹਨ ਜੋ ਸਿਰਫ ਉੱਚ ਜਾਤੀਆਂ ਨੂੰ ਹੀ ਉਪਦੇਸ਼ ਦੇਂਦੇ ਹਨ ਦੇਖੋ ਧਾਰਮਿਕ ਪਰਚਾਰਕਾਂ ਨੂੰ ਕਿੱਡਾ ਵੱਡਾ ਰੋਗ ਚਿੰਬੜਿਆ ਹੋਇਆ ਹੈ, ਗੁਰੂ ਸਾਹਿਬ ਜੀ ਨੇ ਇਸ ਰੋਗ ਤੋਂ ਮੁਕਤੀ ਦਿਵਾਉਂਦਿਆ ਹੋਇਆ ਬੜਾ ਪਿਆਰਾ ਫਾਰਮੂਲਾ ਇਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਹੇ ਪੰਡਿਤ, ਗਿਆਨੀ, ਗ੍ਰੰਥੀ, ਮੁਲਾਂ, ਗੱਲ ਕੀ, ਹਰੇਕ ਧਰਮ ਦੇ ਪੁਜਾਰੀਓ ! ਸਾਰੀ ਮਨੁੱਖਤਾ ਨੂੰ ਰੱਬ ਦਾ ਰੂਪ ਜਾਣਦਿਆ ਹੋਇਆਂ, ਮਨੁੱਖਤਾ ਦੀਆਂ ਕਦਰਾਂ ਕੀਮਤਾਂ ਦਾ ਸਾਂਝਾ ਉਪਦੇਸ਼ ਕਿਉਂ ਨਹੀਂ ਤੁਸੀਂ ਦੇ ਰਹੇ, “ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ਉਸੁ ਪੰਡਿਤੁ ਕਉ ਸਦਾ ਅਦੇਸੁ”॥ ਹਾਂ ਜਿਹੜਾ ਇਸ ਸਾਂਝੀਆਂ ਰੱਬੀ ਕੀਮਤਾਂ ਕੱਦਰਾਂ ਨੂੰ ਬਰਕਰਾਰ ਰੱਖ ਰਿਹਾ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਭਾਵ ਆਦਰ ਕਰਦਾ ਹਾਂ।
ਪੰਜਵੇਂ ਬੰਦ ਵਿਚ ਚਾਰ ਕਿਸਮ ਦੇ ਹੋਰ ਰੋਗੀ ਸਾਡੇ ਸਾਹਮਣੇ ਰੱਖੇ ਗਏ ਹਨ, “ਕਰਿ ਕਿਰਪਾ ਅੰਤਰਿ ਉਰਧਾਰੈ ॥ ਪਸੁ, ਪ੍ਰੇਤ, ਮੁਘਦ, ਪਾਥਰ ਕਉ ਤਾਰੈ” ॥ ਅੱਜ ਤੀਕ ਕਿਸੇ ਨੇ ਪੱਥਰ ਤਰਦਾ ਨਹੀਂ ਦੇਖਿਆ ਤੇ ਪ੍ਰੇਤ ਦੀ ਸ਼ਕਲ ਵੀ ਕਿਸੇ ਨੇ ਨਹੀਂ ਦੇਖੀ, ਮੰਨ ਲਉ ਜੇ ਪ੍ਰੇਤ ਦਿਖਾਈ ਦੇ ਦੇਵੇ ਤਾਂ ਮਨੁੱਖ ਦਾ ਕਈ ਦਿਨ ਬੁਖਾਰ ਹੀ ਨਹੀਂ ਉਤਰਨਾ, ਪੁਸ਼ੂਆਂ ਤੋਂ ਮਨੁੱਖ ਬਣਿਆ ਕੋਈ ਨਹੀਂ ਹੈ। ਇਹਨਾਂ ਦੇ ਭਾਵ ਅਰਥ ਲਿਆਂ ਗੱਲ ਸਮਝ ਵਿਚ ਆ ਸਕਦੀ ਹੈ। ਪਸ਼ੂ ਨੰੂ ਮਾੜੀ ਜੇਹੀ ਵੀ ਖੁਲ੍ਹ ਮਿਲ ਜਾਏ ਉਹ ਉਸੇ ਵੇਲੇ ਹੀ ਕੀ ਆਪਣੀਆਂ ਤੇ ਕੀ ਬਿਗਾਨੀਆਂ ਸਭ ਫਸਲਾਂ ਦੀ ਤਬਾਹੀ ਮਚਾਏਗਾ। ਪਸ਼ੂ ਬਿਰਤੀ ਵਾਲਾ ਮਨੁੱਖ ਵੀ ਬਿਨਾ ਸੋਚਣ ਦੇ ਨੁਕਸਾਨ ਕਰੇਗਾ। ਪੱਥਰ ਅਬੋਧ ਹੋਣ ਕਰਕੇ ਅਰਾਮ ਨਾਲ ਘੂਕ ਸੁੱਤਾ ਪਿਆ ਹੈ; ਬਨਾਸਪਤੀ ਦਾ ਇਕ ਹਿੱਸਾ ਜਾਗਦਾ ਹੈ ਤੇ ਤਿੰਨ ਹਿੱਸੇ ਇਸ ਦੇ ਸੁੱਤੇ ਹੋਏ ਹਨ, ਪਸ਼ੂ ਦੋ ਹਿੱਸੇ ਜਾਗਦਾ ਹੈ ਤੇ ਦੋ ਹਿੱਸੇ ਸੁੱਤਾ ਹਇਆ ਹੈ ਤੇ ਮਨੁੱਖ ਭਾਅ ਜੀ ਤਿੰਨ ਹਿੱਸੇ ਜਾਗਦੇ ਹਨ ਤੇ ਇਕ ਹਿੱਸਾ ਇਸਦਾ ਵੀ ਸੁੱਤਾ ਹੋਇਆ ਹੈ। ਜੇ ਮਨੁੱਖ ਭਾਅ ਜੀ ਦਾ ਸੁੱਤਾ ਹੋਇਆ ਹਿੱਸਾ ਜਾਗ ਪਏ ਤਾਂ ਏਹੀ ਦੇਵਤਾ ਸਵਰੂਪ ਬਣ ਸਕਦਾ ਹੈ ਜੇ ਕਰ ਇਸਦਾ ਇਕ ਹਿੱਸਾ ਹੋਰ ਸੌਂ ਜਾਏ ਤਾਂ ਇਹ ਪਸ਼ੂ ਬਿਰਤੀ ਵਿਚ ਵਿਚਰੇਗਾ। ਰੱਬ ਨਾ ਕਰੇ ਜੇ ਕਰ ਇਸ ਦੇ ਤਿੰਨ ਹਿੱਸੇ ਸੌਂ ਜਾਣ ਤਾਂ ਇਹ ਭਾਅ ਜੀ ਸਮਝੋ ਰੁਖਾਂ ਵਾਂਗ ਇਕ ਥਾਂ ਤੇ ਖੜਾ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜੇ ਇਹ ਸਾਰਾ ਹੀ ਸੌਂ ਜਾਏ ਤਾਂ ਇਹ ਪੱਥਰ ਤੋਂ ਵੱਧ ਕੁਝ ਵੀ ਨਹੀਂ ਹੈ। ਗੁਰੂ ਜੀ ਕਹਿ ਰਹੇ ਹਨ ਕੇ “ਕਰਿ ਕਿਰਪਾ ਅੰਤਰਿ ਉਰਧਾਰੈ”, ਹਿਰਦੇ ਵਿਚ ਪਰਮਾਤਮਾ ਦੇ ਨਾਮ ਨੂੰ ਰੱਖ ਤੇ ਇੰਜ ਕਰਨ ਨਾਲ ਤੇਰੇ ਘੱਟੋ ਘੱਟ ਚਾਰ ਰੋਗ ਤਾਂ ਦੂਰ ਹੋਣਗੇ। ਪਸ਼ੂ ਬਿਰਤੀ ਦਾ ਰੋਗ, ਚੰਦਰੀ ਰੂਹ (ਪ੍ਰੇਤ) ਦਾ ਰੋਗ, ਮਨ ਦੇ ਮੂਰਖ ਪੁਣੇ ਦਾ ਰੋਗ, ਪੱਥਰ ਬਿਰਤੀ ਦਾ ਰੋਗ, ਇਹਨਾਂ ਸਾਰੀਆਂ ਆਤਮਿਕ ਕੰਮਜ਼ੋਰੀਆਂ, ਭਾਵ ਅੰਦਰਲੇ ਰੋਗਾਂ ਤੋਂ ਖਹਿੜਾ ਛੱੁਟ ਸਕਦਾ ਹੈ, ਤੇ ਅਸੀ ਸੰਸਾਰ ਵਿਚੋਂ ਤਰ ਸਕਦੇ ਹਾਂ।
ਗੁਰੂ ਸਾਹਿਬ ਜੀ ਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਸਮਾਧਾਨ ਰੱਬੀ ਗਿਆਨ, “ਬੀਜ ਮੰਤਰੁ ਸਰਬ ਕੋ ਗਿਆਨੁ” ਦੱਸਿਆ ਹੈ। ਜਿਹੜਾ ਵੀ ਇਸ ਅਭਿਆਸ ਵਿਚ ਪੈ ਗਿਆ ਉਸ ਦੀ ਹੀ ਗਤ ਭਾਵ ਹਾਲਤ ਬਦਲ ਜਾਏਗੀ।”ਜੋ ਜੋ ਜਪੈ” ਗਿਆਨ ਦਾ ਅਭਿਆਸ ਕਰਨਾ, ਉਸ ਨੂੰ ਸਮਝਣਾ, “ਤਿਸ ਕੀ ਗਤਿ ਹੋਇ” ਆਤਮਿਕ ਸਥਿਤੀ ਦਾ ਸੁਧਾਰ ਤੇ ਆਤਮਿਕ ਰੋਗਾਂ ਦਾ ਦੂਰ ਹੋਣਾ ਹੈ। ਰੋਗਾਂ ਵਲੋਂ ਮੁਕਤ ਹੋਣ ਲਈ, ਉੱਦਮ ਦੀ ਜ਼ਰੂਰਤ ਤੇ ਜ਼ੋਰ ਦੇਂਦਿਆਂ ਸੰਗਤ ਦਾ ਵਿਧੀ ਵਿਧਾਨ ਦਿੱਤਾ ਗਿਆ ਹੈ। ਜੇਹਾ ਕਿ ਏਸੇ ਹੀ ਬੰਦ ਵਿਚ ਆਇਆ ਹੈ, “ਸਾਧ ਸੰਗਿ ਪਾਵੈ ਜਨੁ ਕੋਇ” ਵਿਚੋਂ ; “ਪਾਵੈ ਜਨੁ ਕੋਇ” ਉਦਮੀ ਹੋਣ ਦਾ ਦਮ ਭਰਦਾ ਹੈ। ਮਨੁੱਖੀ ਸੁਭਾਅ ਵਿਚ ਵੱਖ ਵੱਖ ਨੀਵੀਆਂ ਪ੍ਰਵਿਰਤੀਆਂ ਦਾ ਆ ਜਾਣਾ ਮਨ ਦੀ ਕੰਮਜ਼ੋਰੀ ਦੇ ਰੋਗ ਹਨ। ਇਹਨਾਂ ਰੋਗਾਂ ਦਾ ਇਲਾਜ ਵੀ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ; “ਸਰਬ ਰੋਗ ਕਾ ਅਉਖਦੁ ਨਾਮ ॥ ਕਲਿਆਣ ਰੂਪ ਮੰਗਲ ਗੁਣੁ ਗਾਮ”॥ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ ਗੁਣ ਗਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹਨ। ਪਰਮਾਤਮਾ ਦੇ ਨਾਮ ਦਾ ਅਰਥ ਹੈ ਉਸ ਦੇ ਸਦੀਵਕਾਲ ਗੁਣਾਂ ਦਾ ਧਾਰਨੀ ਹੋਣਾ; ਤੇ ਇਹਨਾਂ ਦੇ ਭਾਵ ਅਰਥ ਲੈ ਕੇ ਹੀ ਅਸੀਂ ਨਾਮ ਦੀ ਦਵਾਈ ਨੂੰ ਸਮਝ ਸਕਦੇ ਹਾਂ। ਸ਼ਬਦ ਆਉਂਦਾ ਹੈ,
1 “ਗੁਣ ਗਾਵਾਂ ਦਿਨੁ ਰਾਤਿ ਨਾਨਕ ਚਾਉ ਏਹੁ” ॥762
2 “ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ” ॥ 961
3 “ਗੁਣੁ ਗੁੋਪਾਲ ਦਿਨ ਰੈਣਿ ਧਿਆਇਆ” ॥ 1150

ਚੌਵੀ ਘੰਟੇ ਕੋਈ ਵੀ ਮਨੁੱਖ ਗਾ ਨਹੀਂ ਸਕਦਾ, ਰੋਟੀ ਖਾਣੀ, ਨੌਕਰੀ ਕਰਨੀ, ਸਉਣਾ ਤੇ ਘਰ ਦੇ ਕਈ ਪਰਕਾਰ ਦੇ ਹੋਰ ਕੰਮ ਕਰਨੇ; ਕੀ ਮਨੁੱਖ ਆਪਣੇ ਗਲ਼ ਵਿਚ ਢੋਲਕੀ ਪਾ ਕੇ ਜਾਂ ਹੱਥ ਵਿਚ ਖੜਤਾਲਾਂ ਪਕੜ ਕੇ ਸਾਰਾ ਸਾਰਾ ਦਿਨ ਗਉਂਦਾ ਹੀ ਰਹੇ ? ਇੰਜ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਿੱਖ ਨੰੂ ਕ੍ਰਿਤ; ਨਾਮ ਤੇ ਫਿਰ ਵੰਡ ਕੇ ਛੱਕਣ ਦਾ ਫਾਰਮੂਲਾ ਦਿੱਤਾ ਹੈ। ਹੁਣ ਕ੍ਰਿਤ ਦਾ ਰਿਸ਼ਤਾ ਆਰਥਿਕਤਾ ਨਾਲ ਜੁੜਿਆ ਹੋਇਆ ਏ; ਤੇ ਨਾਮ ਜਪਣ ਵਿਚੋਂ ਧਰਮ ਦਾ ਫੁੱਲ ਖਿੜਦਾ ਦਿਖਾਈ ਦੇਂਦਾ ਹੈ। ਵੰਡ ਕੇ ਛੱਕਣਾ ਸਮਾਜਿਕ ਬਰਾਬਰੀ ਦਾ ਸੰਘਣਾ ਬੱਦਲ ਹੈ; ਜਿਸ ਨੇ ਬਰਸ ਕੇ ਸਾਰਿਆਂ ਨੂੰ ਜਲਥਲ ਕਰਨਾ ਹੈ।
“ਸਰਬ ਰੋਗ ਕਾ ਅਉਖਦੁ ਨਾਮ” ਸਾਡੀਆਂ ਮਾਨਸਿਕ ਬਿਮਾਰੀਆਂ ਦਾ ਸਮਾਧਾਨ ਹੈ ਜੋ ਰੱਬ ਜੀ ਦੇ ਗੁਣ ਗਾਂਦਿਆਂ ਗਾਂਦਿਆਂ ਦੂਰ ਕਰਨੀਆਂ ਹਨ। “ਕਲਿਆਣ ਰੂਪ ਮੰਗਲ ਗੁਣੁ ਗਾਮ” ਗੁਰੂ ਜੀ ਤਾਂ ਦਸ ਰਹੇ ਹਨ ਕਿ ਐ ਭਲੇ ਮਨੁੱਖ ਸੱਚ ਤਾਂ ਇਹ ਹੈ ਕਿ “ਕਰਤੂਤਿ ਪਸੂ ਕੀ ਮਾਨਸ ਜਾਤਿ” ਪਸ਼ੂ ਬਿਰਤੀ ਦਾ ਰੋਗ ਤੇਰੇ ਮਨ ਵਿਚ ਹੈ ਪਰ ਦੇਖਣ ਨੂੰ ਤੂੰ ਮਨੁੱਖ ਲੱਗਦਾ ਏਂ। ਮਾਨਸਿਕ ਬਿਮਾਰੀਆਂ ਦਾ ਇਲਾਜ ਕਰਦਿਆਂ ਗੁਰੂ ਸਾਹਿਬ ਜੀ ਨੇ ਰੱਬ ਦੇ ਗੁਣਾਂ ਦਾ ਹਰ ਵੇਲੇ ਅਭਿਆਸ ਕਰਦੇ ਰਹਿਣਾ ਦੱਸਿਆ ਹੈ ਤੇ ਏਸੇ ਨੂੰ ਹੀ ਉਹ ਦਾ ਨਾਮ ਜੱਪਣਾ ਆਖਿਆ ਹੈ। ਹੋਰ ਰਸਮਾਂ ਰਿਵਾਜਾਂ ਨਾਲ ਜਿਵੇਂ ਠੰਡੇ ਪਾਣੀ ਵਿਚ ਖਲੋ ਕੇ ਬੰਦਗੀ ਕਰਨੀ ਜਾਂ ਧੂਣੀਆਂ ਤਪਾ ਸਰੀਰ ਨੂੰ ਕਸ਼ਟ ਦੇਣੇ; ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ; ਸਾਰੀ ਸਾਰੀ ਰਾਤ ਗਉਂਦੇ ਰਹਿਣ ਨਾਲ ਧਰਮ ਦੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ; “ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ”। ਮਨ ਦੀਆਂ ਬਿਮਾਰੀਆਂ ਦੂਰ ਕਰਨ ਦੀ ਜਿਸ ਦਿਨ ਤੋਂ ਸਮਝ ਆ ਗਈ ਉਸ ਨੂੰ ਧੁਰ (ਮੁੱਢ) ਕਿਹਾ ਗਿਆ ਹੈ। ਇਕ ਮਨੁੱਖ ਨੂੰ ਚੋਰੀ ਕਰਨ ਦੀ ਆਦਤ, ਜਾਂ ਸ਼ਰਾਬ ਪੀਣ ਦੀ ਭੈੜੀ ਵਾਦੀ ਪਈ ਹੋਈ ਹੈ, ਪਰ ਅੱਜ ਉਸ ਨੂੰ ਗੁਰੂ ਦੀ ਮਤ ਦੁਆਰਾ ਸਮਝ ਆ ਗਈ ਕਿ ਮੈਂ ਸਮਾਜ, ਪਰਵਾਰ, ਤੇ ਆਪਣੇ ਆਪ ਉੱਤੇ ਬੋ੍ਹਝ ਹਾਂ ਉਹ ਇਹਨਾਂ ਭੈੜੀਆਂ ਬਿਮਾਰੀਆਂ ਤੋਂ ਮੁਕਤੀ ਹਾਸਲ ਕਰਨ ਦੇ ਯਤਨ ਵਿਚ ਰਹੇਗਾ। ਜਦੋਂ ਆਪਣੇ ਆਪ ਨੂੰ ਇਸ ਅਭਿਆਸ ਵਿਚ ਪਾ ਕੇ ਅਭਿਆਸੀ ਬਣ ਗਿਆ ਤਾਂ ਇਸ ਦੀ ਮੁੱਢਲੀ ਤਬਦੀਲੀ ਨੂੰ ਅਰੰਭਤਾ ਜਾਂ ਧੁਰ ਕਰਮ ਦਾ ਨਾਂ ਦਿੱਤਾ ਹੈ। “ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧਰਿ ਕਰਮਿ”; ਕਿਉਂਕਿ ਬੁਰਾ ਤੇ ਭਲਾ ਦੋਵੇਂ ਬੀਜ ਸਾਡੇ ਮਨ ਦੇ ਵਿਚ ਹੀ ਪਏ ਹੋਏ ਹਨ ਜਿਹੜੀ ਸੰਗਤ ਮਿਲ ਗਈ ੳੇਸੇ ਬੀਜ ਨੇ ਹੀ ਪੁੰਗਰ ਪੈਣਾ ਹੈ ਤੇ ਉਹੀ ਦਰੱਖਤ ਵੱਡਾ ਹੋ ਜਾਣਾ ਹੈ।”ਕਰਣੀ ਕਾਗਦੁ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ”॥ ਇਕ ਆਦਮੀ ਤਾਸ਼ ਖੇਡ ਰਿਹਾ ਹੈ ਉਸ ਨੂੰ ਕਿਹਾ ਜਾਏ ਭਈ ਸਮਾਜ ਦੀ ਸੇਵਾ ਵੀ ਕਰ ਲਿਆ ਕਰ ਤੇ ਉਹ ਅਗੋਂ ਘੜਿਆ ਘੜਾਇਆ ਉੱਤਰ ਦੇਂਦਾ ਹੈ ਕਿ ਮੇਰੇ ਭਾਗਾਂ ਵਿਚ ਸੇਵਾ ਨਹੀਂ ਲਿਖੀ ਕੀ ਉਸ ਭੱਦਰ ਪੁਰਸ਼ ਨੂੰ ਪੱੁਛਿਆ ਜਾ ਸਕਦਾ ਹੈ ਕਿ ਤੇਰੇ ਭਾਗਾਂ ਵਿਚ ਤਾਸ਼ ਖੇਡਣੀ ਲਿਖੀ ਹੋਈ ਹੈ ? ਦਰਅਸਲ ਮਨੱੁਖ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੈ ਇਸ ਲਈ ਸਾਰਾ ਕੁਝ ਰੱਬ ਤੇ ਸੁੱਟ ਆਪ ਸੁਰਖਰੂ ਹੋਣਾ ਚਾਹੁੰਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਵਾਲੇ ਨੂੰ ਹੀ ਰਾਮ ਜੀ ਦਾ ਦਾਸ ਦੱਸਿਆ ਹੈ ਜਿਹਾ ਪੰਜਵੇਂ ਬੰਦ ਵਿਚ ਆਇਆ ਹੈ।
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸ॥ਤਿਸ ਕਾ ਨਾਮੁ ਸਤਿ ਰਾਮਦਾਸ॥
ਦਰਗਾਹ, ਸਮਾਜਿਕ ਭਾਈਚਾਰੇ ਵਿਚ ਉਸ ਨੂੰ ਪਰਵਾਨਗੀ ਮਿਲਦੀ ਹੈ ਕਿਉਂਕਿ ਉਹ ਰਾਮ ਜੀ ਨੂੰ ਹਰ ਵੇਲੇ ਆਪਣੇ ਆਲ਼ੇ- ਦੁਆਲ਼ੇ ਦੇਖਦਾ ਹੈ।”ਆਤਮ ਰਾਮੁ ਤਿਸੁ ਨਦਰੀ ਆਇਆ” ਅਤੇ “ਸੋ ਦਾਸੁ ਦਰਗਹ ਪਰਵਾਨੁ” ਵਾਲੀ ਪਦਵੀ ਤੇ ਪਹੁੰਚਦਾ ਹੈ। ਪਰਵਾਰਕ ਜ਼ਿਮੇਵਾਰੀਆਂ ਨੂੰ ਨਿਬਾਹੁੰਦਾ ਹੋਇਆਂ ਵੀ ਸੰਸਾਰ ਵਿਚ ਨਿਰਲੇਪ ਰਹਿੰਦਾ ਹੈ ਤੇ ਅਜੇਹੀ ਸੂਝ ਆਉਣ ਵਾਲੇ ਨੂੰ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀ ਜਾਚ ਆ ਜਾਂਦੀ ਹੈ।”ਤਿਸੁ ਦਾਸ ਕਉ ਸਭ ਸੋਝੀ ਪਰੈ” ਆਤਮਿਕ ਰੋਗਾਂ ਤੋਂ ਛੁਟਕਾਰਾ ਪਉਣ ਵਾਲੇ ਨੂੰ ਕਿਹਾ ਹੈ “ਐਸੀ ਜੁਗਤਿ ਨਾਨਕ ਰਾਮਦਾਸੁ” ਹੇ ਨਾਨਕ ਇਹੋ ਜੇਹੀ ਜੀਵਨ ਜੁਗਤੀ ਆਉਣ ਨਾਲ ਉਹ ਅਸਲੀ ਰਾਮ ਦਾ ਦਾਸ ਬਣ ਜਾਂਦਾ ਹੈ।
ਹਾਥੀ, ਮੱਛੀ, ਭੌਰਾ, ਹਿਰਨ ਤੇ ਪਤੰਗਾ ਇਕ ਇਕ ਰੋਗ ਦੇ ਮਰੀਜ਼ ਹੋਣ ਕਰਕੇ ਵਿਚਾਰੇ ਆਪਣੀ ਜਾਨ ਗਵਾ ਲੈਂਦੇ ਹਨ; ਜੇਹਾ ਕਿ ਵਾਕ ਹੈ,--”ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ”॥ ਪਰ ਦੇਖੋ ਇਸ ਖੁਦਾਵੰਦ ਕਰੀਮ ਦੇ ਬੇਟੇ ਨੂੰ ਪੰਜੇ ਹੀ ਇਹ ਅਸਾਧ ਰੋਗ ਚਿੰਬੜੇ ਹੋਏ ਹਨ ਕੀ ਇਸ ਦੇ ਬਚਣ ਦੀ ਕੋਈ ਆਸ ਹੋ ਸਕਦੀ ਹੈ ? “ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ”॥ ਆਤਮਿਕ ਬਿਮਾਰੀਆਂ ਨਾਲ ਇਸ ਦੀ ਖਸਤਾ ਹੋਈ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਇਕ ਹੋਰ ਵਾਕ ਰਾਂਹੀ ਇਸ ਦੀ ਅਸਲੀ ਤਸਵੀਰ ਸਾਹਮਣੇ ਰੱਖ ਕੇ ਕਿਹਾ ਹੈ ਕਿ ਹੇ ਪਰਮਾਤਮਾ ਇਸ ਵਿਚਾਰੇ ਦੀਆਂ ਇਹ ਬਿਮਾਰੀਆਂ ਦੂਰ ਕਰ ਦਿਓ। “ਪੰਚ ਦੋਖ ਅਰੁ ਅਹੰ ਇਹ ਤਨਿ ਤੇ ਸਗਲ ਦੂਰਿ ਕੀਨ” ਸਰੀਰਕ ਰੋਗੀ ਦਾ ਇਲਾਜ ਕਰਦਿਆਂ ਡਾਕਟਰ ਲੋਕ ਜਿੱਥੇ ਦਵਾਈ ਦੇਂਦੇ ਨੇ ਉੱਥੇ ਕੁਝ ਪਰਹੇਜ਼ ਵੀ ਦੱਸਦੇ ਹਨ; ਇਹਨਾਂ ਦੋਨਾਂ ਵਿਧੀਆਂ ਦਾ ਪਰਯੋਗ ਕਰਦਿਆਂ ਮਰੀਜ਼ ਦਿਨ—ਬ--ਦਿਨ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਵੀ ਸਾਰੇ ਰੋਗਾਂ ਤੋਂ ਛੁਟਕਾਰਾ ਦਿਵਾਉਂਦਿਆਂ ਹੋਇਆਂ ਦਵਾਈ ਤੇ ਪਰਹੇਜ਼ ਵੀ ਦੱਸੇ ਹਨ, ਜੋ ਗੁਰਬਾਣੀ ਲੋਅ ਵਿਚ ਤੁਰਦਿਆਂ, ਰੱਬੀ ਗੁਣਾਂ ਨੂੰ ਧਾਰਨ ਕਰਨ ਦੇ ਹਨ। ਜਿਸ ਨੇ ਵੀ ਇਸ ਇਲਾਜ ਨੂੰ ਮਨੋ ਸਵੀਕਾਰ ਕੀਤਾ ਉਸ ਨੇ ਹੀ ਅਰੋਗਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਅਜੇਹੇ ਮਾਨਸਿਕ ਤੌਰ ਤੇ ਤੰਦਰੁਸਤ ਹੋਏ ਮਨੁੱਖ ਨੇ ਜ਼ਿੰਦਗੀ ਦੇ ਮਹੱਤਵ ਨੂੰ ਸਮਝਿਆ ਤੇ ਵਿਕਾਰਾਂ ਵਲੋਂ ਮੁਕਤੀ ਪਰਾਪਤ ਕੀਤੀ। ਐਸੀ ਅਦਰਸ਼ਕ ਜ਼ਿੰਦਗੀ ਜਿਉਣ ਵਾਲੇ ਨੂੰ ਆਪਣੇ ਇਸ ਜੀਵਨ ਦੇ ਵਿਚ ਹੀ ਪਰਮਪਦ ਦੀ ਪਰਾਪਤੀ ਹੁੰਦੀ ਹੈ; ਜੋ ਸਤਵੇਂ ਬੰਦ ਵਿਚ ਵਿਸਥਾਰ ਸਾਹਿਤ ਆਈ ਹੈ :----
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੁਗੁ ॥ ਸਦਾ ਅਨੰਦੁ ਤਹਿ ਨਹੀ ਬਿਉਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੈ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨੁ ਮੁਕਤਿ ॥

ਸਰੀਰਕ ਰੋਗਾਂ ਦੀ ਕਹਾਣੀ ਨਹੀਂ ਹੈ ਏੱਥੇ ਤਾਂ ਆਤਮਿਕ ਤਲ ਤੇ ਬਿਮਾਰ ਪਏ ਮਨੁੱਖ ਦਾ ਗੁਰੂ ਸਾਹਿਬ ਜੀ ਇਲਾਜ ਕਰ ਰਹੇ ਹਨ; ਜੋ ਇਸ ਜੀਵਨ ਦੇ ਵਿਚ ਹੀ ਮੁਕਤੀ ਹਾਸਲ ਕਰਨੀ ਹੈ। ਪਰਮਾਤਮਾ ਦੀ ਆਗਿਆ ਨੰੂ ਮਿੱਠਾ ਕਰਕੇ ਮੰਨਣਾ ਭਾਵ ਗੁਰਬਾਣੀ ਦੇ ਦੱਸੇ ਰਾਹ ਤੇ ਤੁਰਨਾ; ਖੁਸ਼ੀ ਗਮ੍ਹੀ ਨੂੰ ਇਕਸਾਰਤਾ ਨਾਲ ਲੈਣਾ; ਸੋਨੇ ਮਿੱਟੀ ਨੂੰ ਬਰਾਬਰ ਹੀ ਜਾਨਣਾ, (ਸੋਨਾ) ਲਾਲਚ ਤੋਂ ਉੱਪਰ ਉੱਠ ਜਾਣਾ; ਮਿੱਠੇ ਕੌੜੇ ਦੇ ਚਸਕਿਆਂ ਦਾ ਤਿਆਗ ਕਰ ਜਾਣਾ; ਕੋਈ ਆਦਰ ਦੇ ਰਿਹਾ ਹੈ ਜਾਂ ਫੋਕੀ ਫੂਕ (ਅਭਿਮਾਨ) ਛਕਾ ਰਿਹਾ ਹੈ ਇਸ ਤੋਂ ਦੂਰ ਰਹਿਣਾ; ਅਮੀਰ ਗਰੀਬ ਵਿਚ ਫਰਕ ਨਾ ਸਮਝਣਾ; ਜੋ ਪ੍ਰਭੂ ਰਜ਼ਾ ਵਰਤਾਉਂਦਾ ਹੈ ਉਸ ਨੂੰ ਹੀ ਜ਼ਿੰਦਗੀ ਦਾ ਗਾਡੀ ਰਾਹ ਸਮਝਣਾ; ਹੇ ਨਾਨਕ ਉਹ ਮਨੁੱਖ ਜ਼ਿਉਂਦਾ ਹੀ ਮੁਕਤ ਹੋ ਜਾਂਦਾ ਹੈ।
ਸਾਰੇ ਸਰੀਰ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ, ਉਸ ਦੇ ਹੁਕਮ ਵਿਚ ਹੀ ਸਾਰਾ ਕੁਝ ਹੋ ਰਿਹਾ ਹੈ। ਜਿਸ ਤਰ੍ਹਾਂ ਸੋਨਾ ਤੇ ਗਹਿਣੇ; ਪਾਣੀ ਤੇ ਉਸ ਦੀਆਂ ਲਹਿਰਾਂ ਵੱਖ ਵੱਖ ਰੂਪ ਨਹੀਂ ਹਨ ਏਸੇ ਤਰ੍ਹਾਂ ਹੀ ਸਾਰਾ ਸੰਸਾਰ ਤੇ ਪਰਮਾਤਮਾ ਦੋ ਵੱਖਰੇ ਵੱਖਰੇ ਰੂਪ ਨਹੀਂ ਹਨ ਇਹ ਸਾਰਾ ਉਸੇ ਦਾ ਹੀ ਪਸਰਿਆ ਹੋਇਆ ਪਾਸਾਰਾ ਹੈ; “ਪਸਰਿਓ ਆਪਿ ਹੋਇ ਅਨਤੁ ਤਰੰਗ॥ ਲਖੇ ਨ ਜਾਇ ਪਾਰਬ੍ਰਹਮ ਕੇ ਰੰਗ”॥ਪਰਮਾਤਮਾ ਦਾ ਹੁਕਮ ਨਾ ਕਦੇ ਮਰਦਾ; ਤੇ ਨਾ ਹੀ ਜੂਨਾਂ ਵਿਚ ਆਉਂਦਾ ਹੈ। ਜੀਵਾਂ ਤੇ ਦਇਆ ਕਰਨ ਵਾਲੇ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ।”ਸਦਾ ਸਦਾ ਸਦਾ ਦਇਆਲ॥ਸਿਮਰਿ ਸਿਮਰਿ ਸਿਮਰਿ ਨਾਨਕ ਭਏ ਨਿਹਾਲ”॥
1 ਸੋ ਸੁਖਮਨੀ ਸਾਹਿਬ ਦੀ ਬਾਣੀ ਦਾ ਮੁੱਖ ਭਾਵ ਜੋ ਇਸ ਦੇ ਰਹਾਉ ਵਿਚ ਆਇਆ ਹੈ, ਕਿ ਪਰਮਾਤਮਾ ਦਾ ਨਾਮ ਸੁੱਖ ਦੇਣ ਵਾਲਾ ਹੈ ਤੇ ਇਹ ਭਗਤ ਜਨਾਂ ਦੇ ਹਿਰਦੇ ਵਿਚ ਟਿਕਿਆ ਹੁੰਦਾ ਹੈ ਭਾਵ ਰੱਬ ਜੀ ਦੇ ਗੁਣ ਮਨੱੁਖ ਨੂੰ ਭਟਕਣਾ ਤੋਂ ਬਚਾਉਂਦੇ ਹਨ।
2 ਨੌਵੀਂ ਅਸਟਪਦੀ ਦੇ ਸਲੋਕ ਵਿਚ ਸੁੱਚ ਭਿੱਟ ਦੀ ਅਖੌਤੀ ਬਿਮਾਰੀ ਤੋਂ ਬਚਣ ਲਈ ਕਿਹਾ ਗਿਆ ਹੈ, ਸੁਭਾਅ ਕਰਕੇ ਰੱਬੀ ਨਾਮ ਭਾਵ ਸਦਾ ਰਹਿਣ ਵਾਲੇ ਗੁਣਾਂ ਨੂੰ ਧਾਰਨ ਕਰਨਾ ਹੈ।
3 ਅਸਟਪਦੀ ਦੇ ਪਹਿਲੇ ਬੰਦ ਵਿਚ ਸਰੀਰ ਦੇ ਗਿਆਨ ਇੰਦ੍ਰਿਆਂ ਨੂੰ ਵੱਖ ਵੱਖ ਚਸਕਿਆਂ ਦੇ ਜੋ ਭਿਆਨਕ ਰੋਗ ਲੱਗੇ ਹੋਏ ਹਨ, ਇਹਨਾਂ ਤੋਂ ਦੂਰੀ ਬਣ ਕੇ ਚੱਲਣਾ ਹੈ।
4 ਨਿਰਾ੍ਹ ਵਿਸ਼ਨੂੰ ਦਾ ਭਗਤ ਅਖਵਾਇਆਂ ਮਨ ਵਿਚ ਪਵਿੱਤਰਤਾ ਨਹੀ ਆ ਸਕਦੀ ਜਿਨ੍ਹਾਂ ਚਿਰ ਦਿਖਾਵੇ ਦੇ ਧਰਮ ਕਰਮ ਨੂੰ ਛੱਡ ਕੇ ਸੰਸਾਰਕ ਖਾਹਸ਼ਾਂ ਤੋਂ ਉੱਪਰ ਨਹੀਂ ਉੱਠਦਾ।
5 ਗੁਰੂ ਉਪਦੇਸ਼ ਰਾਂਹੀ ਮੰਦ ਕਰਮੀਆਂ ਦੀ ਸੰਗਤ ਤਿਆਗਣੀ, ਮਲੀਨ ਸੋਚ ਨੂੰ ਖਤਮ ਕਰਨਾ ਤੇ ਮਤ ਨੂੰ ਉੱਚਿਆਂ ਚੁੱਕ ਕੇ ਲੋਕ ਭਲਾਈ ਦੇ ਕੰਮਾਂ ਵਿਚ ਰੱਚੀ ਪੈਦਾ ਕਰਨੀ, ਗੁਰੂ ਜੀ ਨੂੰ ਮਨੋ ਤਨੋ ਸਮਰਪਣ ਹੋਣਾ।
6 ਅਸਲੀ ਧਰਮੀ ਬੰਦਾ ਉਹ ਹੈ ਜੋ ਪਹਿਲਾਂ ਆਪਣੇ ਮਨ ਦੀ ਬਿਮਾਰੀ ਨੂੰ ਦੂਰ ਕਰਦਾ ਹੈ ਤੇ ਫਿਰ ਸਾਰੀ ਮਨੁੱਖਤਾ ਦਾ ਭਲਾ ਲੋਚਦਾ ਹੋਇਆ, ਇਕੋ ਜੇਹਾ ਦੇਖਦਾ ਹੈ।
7 ਪਸ਼ੂ, ਭੂਤ, ਪੱਥਰ ਤੇ ਪ੍ਰੇਤ ਵਰਗੇ ਸੁਭਾਉ ਜੋ ਮਨਸਿਕ ਬਿਮਾਰੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ,ਉਹ ਸਾਰੇ ਗੁਰੂ ਗਿਆਨ ਦੁਅਰਾ ਦੂਰ ਹੋ ਜਾਂਦੇ ਹਨ, ਸਿਰਫ ਆਪਣੇ ਆਪ ਨੂੰ ਨਿਯਮਬਧ ਕਰਨ ਦੀ ਲੋੜ ਹੈ, ਜਿਸ ਨੂੰ ਗੁਣ ਗਾਮ ਕਿਹਾ ਹੈ।
8 ਜਿਸ ਨੇ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਅਭਿਆਸ ਵਿਚ ਪਾ ਲਿਆ ਹੈ, ਉਸ ਨੇ ਮਨ ਦੇ ਰੋਗ ਦੂਰ ਕਰਦਿਆਂ, ਜ਼ਿੰਦਗੀ ਦੀ ਹਕੀਕਤ ਨੂੰ ਸਮਝਦਿਆਂ, ਸਮਾਜ ਵਿਚੋਂ ਚੰਗੇ ਇਨਸਾਨ ਦੀ ਪਰਵਾਨਗੀ ਲੈ ਲਈ ਹੈ।
9 ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲਦਿਆਂ, ਜੀਵਨ ਦੇ ਹਰ ਪੜਾਅ ਵਿਚ ਤਬਦੀਲੀ ਦੀ ਸਾਫ ਝਲਕ ਦਿਖਾਈ ਦੇਂਦੀ ਹੈ, ਲਾਲਚ, ਖੁਸ਼ਾਮਦ, ਗਮ੍ਹੀ ਤੇ ਚਿੰਤਾ ਵਰਗੇ ਰੋਗ ਆਪਣੇ ਆਪ ਭੱਜ ਨਿਕਲਦੇ ਹਨ।
10 ਪਰਮਾਤਮਾ ਸਮੁੰਦਰ ਹੈ ਤੇ ਅਸੀਂ ਉਸ ਦੀਆਂ ਲਹਿਰਾਂ ਹਾਂ, ਗੁਰੂ ਗਿਆਨ ਵਿਚ ਮਤ ਉੱਚੀ ਕੀਤਿਆਂ ਸਦਾ ਖੁਸ਼ੀਆਂ ਖੇੜੇ ਬਣੇ ਰਹਿੰਦੇ ਹਨ।
ਗੁਰਬਾਣੀ ਅਭਿਆਸ ਕਰਦਿਆਂ ਭਾਵ ਇਸ ਦੇ ਅਰਥ ਭਾਵ ਨੂੰ ਸਮਝਦਿਆਂ, ਮਨੁੱਖ ਦਾ ਮਾਨਸਿਕ ਬਲ ਵੱਧ ਜਾਂਦਾ ਹੈ, ਤੇ ਸਰੀਰਕ ਰੋਗਾਂ ਦੀ ਮਾਰ ਦਾ ਸਾਹਮਣਾ ਕਰਦਿਆਂ ਘਰ ਵਿਚ ਆਏ ਹਰ ਸੰਕਟ ਦਾ ਫਿਰ ਮੁਕਾਬਲਾ ਕਰ ਸਕਦਾ ਹੈ। ਹੁਕਮ ਮੰਨਣ ਦੀ ਜਾਚ ਆਉਂਦੀ ਹੈ।
“ਸਰਬ ਰੋਗ ਕਾ ਅਉਖਦੁ ਨਾਮੁ॥ਕਲਿਆਣ ਰੂਪ ਮੰਗਲ ਗੁਣ ਗਾਮ”
ਜ਼ਰਾ ਕੁ ਧਿਆਨ ਨਾਲ ਵਾਚੀਏ ਤਾਂ ਗੱਲ ਸਮਝ ਵਿਚ ਆ ਸਕਦੀ ਹੈ ਕਿ ਇਹ ਸਰੀਰ ਦੇ ਰੋਗਾਂ ਦੀ ਗੱਲ ਨਹੀਂ ਕੀਤੀ ਏੱਥੇ ਤਾਂ ਪਰਮਾਤਮਾ ਦੇ ਗੁਣ ਗਾਂਇਆਂ ਭਾਵ ਗੁਰੂ ਉਪਦੇਸ਼ ਵਿਚ ਚਲਿਆਂ ਆਤਮਿਕ ਖੁਸ਼ੀਆਂ ਪਰਾਪਤ ਕਰਨੀਆਂ ਹਨ। ਸਾਰੇ ਰੋਗਾਂ (ਵਿਕਾਰਾਂ) ਦੀ ਦਵਾਈ ਨਾਮ ਹੈ ਤੇ ਨਾਮ ਤੋਂ ਮੁਰਾਦ ਗੁਰੂ ਗਿਆਨ ਹੈ। ਸੋਰਠਿ ਰਾਗ ਵਿਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ, ਗੁਰੂ ਤਾਂ ਇਕ ਅਜੇਹਾ ਬੈਦ ਹੈ ਜੋ ਨਾਮ ਦੀ ਦਵਾਈ ਦੇ ਕੇ ਆਤਮਿਕ ਰੋਗਾਂ ਤੋਂ ਸਦਾ ਲਈ ਖਲਾਸੀ ਕਰਾ ਦੇਂਦਾ ਹੈ :---
ਮੇਰਾ ਬੈਦ ਗੁਰੂ ਗੋਵਿੰਦਾ ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥ਰਹਾਉ॥
ਸੋਰਠਿ ਮਹਲਾ 5—ਪੰਨਾ ---618----

ਹੇ ਭਾਈ ! ਗੋਬਿੰਦ ਦਾ ਰੂਪ ਮੇਰਾ ਗੁਰੂ ਪੂਰਾ ਹਕੀਮ ਹੈ।ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿਚ ਹਰਿ ਨਾਮ ਦੀ ਦਵਾਈ ਪਾਂਦਾ ਹੈ, ਉਸ ਦੇ ਜਮਾਂ ਦੀ ਫਾਹੀ ਕੱਟ ਦੇਂਦਾ ਹੈ, (ਭਾਵ ਆਤਮਿਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਅੰਦਰੋਂ ਕੱਟ ਦੇਂਦਾ ਹੈ) ਸੋ, ਗੁਰਬਾਣੀ ਸਰੀਰਕ ਰੋਗਾਂ ਦੀ ਗੱਲ ਨਹੀਂ ਕਰ ਰਹੀ ਇਹ ਤੇ ਆਤਮਿਕ ਰੋਗਾਂ ਨੂੰ ਖਤਮ ਕਰਨ ਦੀ ਜਾਚ ਦੱਸ ਰਹੀ ਹੈ। ਸਰੀਰਕ ਰੋਗਾਂ ਦੇ ਇਲਾਜ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ, ਗੁਰੂ ਹਰਿ ਰਾਏ ਸਾਹਿਬ ਜੀ ਨੇ ਕੀਰਤਪੁਰ ਦਵਾਖਾਨ ਬਣਾਇਆ ਜਿਥੋਂ ਦਾਰਾ ਸ਼ਿਕੋਹ ਦੇ ਇਲਾਜ ਵੀ ਦਵਾਈ ਏੱਥੋਂ ਭੇਜੀ ਗਈ ਸੀ। ਅੱਜ ਦੇ ਵਿਗਿਆਨਕ ਵਿਚ ਯੱੁਗ ਵਿਚ ਮੈਡਕਿਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਤੇ ਇਸ ਤਰੱਕੀ ਦਾ ਹਰ ਮਨੁੱਖ ਨੂੰ ਲਾਭ ਲੈਣਾ ਚਾਹੀਦਾ ਹੈ। ਸਰੀਰ ਦੇ ਰੋਗਾਂ ਲਈ ਹਸਪਤਾਲ ਹਨ, ਜਦ ਕਿ ਆਤਮਿਕ ਰੋਗਾਂ ਲਈ ਗੁਰੂ ਸਾਹਿਬ ਜੀ ਦਾ ਨਾਮ ਰੂਪੀ ਉਪਦੇਸ਼ ਹੈ, ਇਸ ਪ੍ਰਥਾਏ ਗੁਰੂ ਰਾਮਦਾਸ ਜੀ ਦਾ ਇਕ ਪਿਆਰਾ ਵਾਕ ਹੈ।
ਜਿਤੁ ਗ੍ਰਿਹਿ ਗੁਨ ਗਾਵਤੇ, ਹਰਿ ਕੇ ਗੁਨ ਗਾਵਤੇ, ਰਾਮ ਗੁਨ ਗਾਵਤੇ,
ਤਿਤੁ ਗ੍ਰਿਹਿ ਵਾਜੇ ਪੰਚ ਸਬਦ, ਵਡਭਾਗ ਮਥੋਰਾ ॥
ਤਿਨ ਜਨ ਕੇ ਸਭਿ ਪਾਪ ਗਏ, ਸਭਿ ਦੋਖ ਗਏ, ਸਭਿ ਰੋਗ ਗਏ,
ਕਾਮੁ, ਕ੍ਰੋਧੁ, ਲੋਭੁ, ਮੋਹੁ, ਅਭਿਮਾਨੁ ਗਏ,
ਤਿਨ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥
ਰਾਗ ਸਾਰੰਗ ਮਹਲਾ 4—ਪੰਨਾ—1201---
.