.

ਵਿਛੁੜੇ ਮਿਲੇ-ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ
ਅਵਤਾਰ ਸਿੰਘ ਮਿਸ਼ਨਰੀ
510-432-5827

ਮੁਕਤਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਜ਼ਾਦ, ਨਿਰਬੰਧ, ਬੰਧਨ ਰਹਿਤ, ਭੇਦ ਅਤੇ ਭਰਮ ਦੀ ਗਠ ਜਿਸ ਦੇ ਦਿਲ ਵਿੱਚ ਨਹੀਂ ਜੋ ਹਰਵੇਲੇ ਮੁਕਤੀਦਾਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਮੁਕਤਾ ਹੈ-ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨੁ॥(ਪੰਨਾ 1428) ਭਾ. ਕਾਨ੍ਹ ਸਿੰਘ ਨ੍ਹਾਭਾ ਜੀ ਲਿਖਦੇ ਹਨ ਕਿ ਗੁਰਮਤਿ ਅਨੁਸਾਰ ਮੁਕਤੀ ਹੈ ਕਿ ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਦੇ ਤੱਤ ਦੇ ਅਭਿਆਸ ਦੇ ਸਾਧਨ ਨੂੰ ਜਾਣ ਕੇ ਸਿਰਜਣਹਾਰ ਨਾਲ ਲਿਵ ਦਾ ਜੋੜਨਾ, ਹਉਮੈ ਤਿਆਗ ਕੇ ਪਰਉਪਕਾਰ ਕਰਨਾ ਅੰਤਸ਼ਕਰਣ (ਹਿਰਦੇ) ਨੂੰ ਅਵਿਦਿਆ ਅਤੇ ਭਰਮਜਾਲ ਤੋਂ, ਸਰੀਰ ਨੂੰ ਅਪਵਿੱਤਰਤਾ (ਮੰਦੀਆਂ ਵਾਸ਼ਨਾਂ) ਤੋਂ ਪਾਕ ਰੱਖਣਾ ਭਾਵ ਨਾਮ, ਦਾਨ, ਇਸ਼ਨਾਨ ਦਾ ਸੇਵਨ ਕਰਨਾ-ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥(ਪੰਨਾ 1276) ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮਥਾਟ॥(ਪੰਨਾ 188) ਘਰ-ਪਰਵਾਰ ਗ੍ਰਿਹਸਤ ਵਿੱਚ ਰਹਿੰਦਿਆਂ ਹੀ ਦੁਨੀਆਂ ਦੀ ਮੋਹ ਮਾਇਆ, ਵਹਿਮ-ਭਰਮ, ਕਰਮ-ਕਾਂਢ, ਸਗਨ-ਅਪਸਗਨ, ਛੂਆ-ਛਾਤ, ਜਾਤ-ਪਾਤ ਅਤੇ ਦੇਸ਼-ਕਾਲ ਆਦਿ ਦੇ ਬੰਧਨਾਂ ਤੋਂ ਮੁਕਤ ਹੋਣਾ ਹੈ-ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤਿ॥ (ਪੰਨਾ 522)

ਚਾਲੀ ਮੁਕਤਿਆਂ ਬਾਰੇ –ਭਾ. ਕਾਨ੍ਹ ਸਿੰਘ ਜੀ ਨਾ੍ਹਭਾ ਅਨੁਸਾਰ ਚਾਲੀ ਮੁਕਤੇ ਦੋ ਅਸਥਾਨਾਂ ਤੇ ਸ਼ਹੀਦ ਹੋਏ ਹਨ ਪਹਿਲੇ ਚਮਕੌਰ ਵਿਖੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਹ ਵਿੱਚ ਇਉਂ ਕੀਤਾ ਹੈ ਕੀਤਾ ਹੈ-ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ---॥ ਇਨ੍ਹਾਂ ਦੇ ਨਾਮ ਹਨ : ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ,ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ, ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸ਼ਨ ਸਿੰਘ, ਭਗਵਾਨ ਸਿੰਘ, ਮੁਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ, ਅਤੇ ਰਤਨ ਸਿੰਘ, ਆਦਿ।

ਮੁਕਤਸਰ ਦੇ ਸ਼ਹੀਦ ਮੁਕਤੇ- ਸ਼ਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਗ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੱਸਾ ਸਿੰਘ, ਮਾਨ ਸਿੰਘ, ਮਇਆ ਸਿੰਘ, ਰਾਇ ਸਿੰਘ, ਅਤੇ ਲਛਮਣ ਸਿੰਘ, ਆਦਿ

ਮੁਕਤਸਰ ਦਾ ਜੰਗ –ਜੰਗ ਫ਼ਾਰਸੀ ਦਾ ਲਫਜ਼ ਹੈ ਜਿਸ ਦਾ ਅਰਥ ਹੈ ਜੁੱਧ ਲੜਾਈ। ਆਮ ਤੌਰ ਤੇ ਜੰਗਾਂ ਜ਼ਰ-ਜ਼ੋਰੂ-ਜ਼ਮੀਨ ਖਾਤਿਰ ਹਨ ਪਰ ਗੁਰੂ ਜੀ ਨੂੰ ਜ਼ੋਰ ਤੇ ਜ਼ੁਲਮ ਦੇ ਖਿਲ਼ਫ ਲੜਾਈਆਂ ਲੜਨੀਆਂ ਪਈਆਂ। ਹਰ ਪਾਸਿਉਂ ਲਤਾੜੇ ਹੋਏ ਲੋਕਾਂ ਨੂੰ ਸਵੈਮਾਨਤਾ ਭਾਵ ਸਿਰ ਉਚਾ ਕਰਕੇ ਤੁਰਨ-ਫਿਰਨ ਦੀ ਅਜ਼ਾਦੀ ਆਦਿ ਲਈ ਧਰਮ ਜੁੱਧ ਕੀਤੇ। ਦਸ਼ਮੇਸ਼ ਜੀ ਦਾ ਫੁਰਮਾਨ –ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥(ਜ਼ਫ਼ਰਨਾਮਾਂ) ਭਾਵ ਜਦ ਅਮਨ-ਅਮਾਨ, ਸੁਖ-ਸ਼ਾਂਤੀ, ਆਪਸੀ ਗਲ-ਬਾਤ ਦੇ ਸਾਰੇ ਹੀਲੇ-ਚਾਰੇ ਖਤਮ ਹੋ ਜਾਣ ਵਿਰੋਧੀ ਹੇਰਾ-ਫੇਰੀਆਂ ਤੇ ਉੱਤਰ ਆਵੇ ਤਾਂ ਫਿਰ ਤਲਵਾਰ ਪਕੜਨੀ ਜਾਇਜ਼ ਹੈ। ਲਾਲਾ ਦੌਲਤ ਰਾਇ ਵੀ ਲਿਖਦੇ ਹਨ ਕਿ ਗੁਰੂ ਜੀ ਨੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਕੋਈ ਥਾਂ ਨਹੀਂ ਮੱਲੀ ਅਤੇ ਨਾਂ ਹੀ ਵਿਰੋਧੀਆਂ ਤੇ ਕੋਈ ਵਧੀਕੀ ਕੀਤੀ ਬਲਕਿ ਉਹ ਤਾਂ ਮਾਰਸ਼ਲ ਸਪਿਰਟ ਪੈਦਾ ਕਰਨ ਵਿੱਚ ਲੱਗੇ ਹੋਏ ਸਨ ਇਸ ਲਈ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਨ੍ਹਾਂ ਮਜ਼ਬੂਰਨ ਤਲਵਾਰ ਪਕੜੀ। ਗੌਰ ਤਲਬ ਹੈ ਕਿ ਜਦ ਮਕਾਰੀ, ਵਿਕਾਰੀ ਤੇ ਹੰਕਾਰੀ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਸੰਤ-ਸਿਪਾਹੀ ਰਵੱਈਆ ਫੌਜੀ ਟਰੇਨਿੰਗ ਆਦਿਕ ਚੜ੍ਹਦੀ ਕਲਾ ਵਿੱਚ ਜਾਂਦਾ ਵੇਖਿਆਂ, ਜਿਨ੍ਹਾਂ ਗਰੀਬ ਲੋਕਾਂ ਨੂੰ ਹਕੂਮਤ ਅਤੇ ਕੱਟੜਪੰਥੀ ਧਾਰਮਿਕ ਆਗੂਆਂ ਨੇ ਦਬਾਇਆ ਹੋਇਆ ਸੀ ਜਿਹੜੇ ਇੱਥੋਂ ਤੱਕ ਡਰੇ ਹੋਏ ਸਨ ਕਿ –
ਕੰਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ।
ਚਿੜੀ ਉੱਡੇ ਤਉ ਹਮ ਡਰ ਜਾਂਇ। ਦੁਸ਼ਮਣ ਸੇ ਕੈਸੇ ਲੜ ਪਾਂਏ।

ਉਹ ਲੋਕ ਜ਼ੁਲਮ-ਜ਼ਬਰ ਦੇ ਵਿਰੁੱਧ ਉੱਠ ਖੜੇ ਹੋਏ ਤਾਂ ਮੁਗਲੀਆ ਹਕੂਮਤ ਤੇ ਪਹਾੜੀ ਰਾਜਿਆਂ ਗੁਰੂ ਜੀ ਨੂੰ ਅਨੰਦਪੁਰ ਛੱਡ ਜਾਣ ਲਈ ਅਤੇ ਹਕੂਮਤ ਦੇ ਅੰਡਰ ਚੱਲਣ ਲਈ ਕਹਿ ਦਿੱਤਾ ਤਾਂ ਗੁਰੂ ਜੀ ਨੇ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਕਿ ਅਸੀਂ ਕਿਸੇ ਦੀ ਚੱਪਾ ਵੀ ਭੋਇਂ ਨਹੀਂ ਮੱਲੀ ਹੋਈ ਅਨੰਦਪੁਰ ਸਾਡਾ ਜ਼ਰ ਖਰੀਦ ਹੈ ਅਸੀਂ ਅਮਨ ਪਸੰਦ ਸ਼ਹਿਰੀ ਹਾਂ ਅਤੇ ਅਕਾਲ ਪੁਰਖ ਦੇ ਅਧੀਨ ਹਾਂ ਜਿਸ ਦੇ ਅੰਡਰ ਸਮਤ ਜਗਤ ਹੈ। ਪਹਿਲਾਂ ਕਿਸੇ ਤੇ ਵਾਰ ਕਰਦੇ ਨਹੀਂ ਪਰ ਜਦ ਦੁਸ਼ਮਣ ਹੋਸ਼ੇ ਹਥਿਆਰਾਂ ਤੇ ਉੱਤਰ ਆਵੇ ਤਾਂ ਅਸੀਂ ਖ਼ਾਲਸਾ ਅਕਾਲ ਪੁਰਖ ਦੀ ਫੌਜ਼ ਹੁੰਦੇ ਸਵੈਮਾਨ ਲਈ ਜ਼ਾਲਮਾਂ ਦਾ ਮੂੰਹ ਭੰਨ ਸਕਦੇ ਹਾਂ ਜਿਸ ਮੂੰਹ ਨੂੰ ਗਰੀਬਾਂ ਤੇ ਮਜ਼ਲੂਮਾਂ ਦਾ ਖੁਨ ਚੂਸਣ ਦੀ ਆਦਿਤ ਪੈ ਚੁੱਕੀ ਹੈ ਅਸੀਂ ਉਸ ਰਹਿਬਰ ਬਾਬਾ ਨਾਨਕ ਦੇ ਵਾਰਿਸ ਹਾਂ ਜਿਸ ਨੇ ਬਲੰਦ ਬਾਂਗ ਕਿਹਾ ਸੀ-ਰਾਜੇ ਸ਼ੀਹ ਮਕਦਮ ਕੁੱਤੇ॥ਜਾਇ ਜਗਾਇਨ ਬੈਠੇ ਸੁਤੇ॥(ਪੰਨਾ 1288) ਬਾਬਰ ਨੂੰ ਜ਼ਾਬਰ ਕਹਿਣ ਵਾਲੇ ਗੁਰੂ ਦੇ ਅਨੁਯਾਈ ਹਾਂ।

ਜਦ ਜ਼ਾਲਮ ਹਕੂਮਤ ਬਾਜ ਨਾ ਆਈ ਤਾਂ ਪਹਿਲਾਂ ਭੰਗਾਣੀ ਦਾ ਜੁੱਧ ਹੋਇਆ ਜਿਸ ਵਿੱਚ ਵੈਰੀ ਦਾ ਭਾਰੀ ਨੁਕਸਾ ਹੋਇਆ ਗੁਰਸਿੱਖਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਇਵੇਂ ਇੱਕਾ-ਦੁੱਕਾ ਨਦੌਣ, ਗੁਲੇ੍ਹਰ ਦੇ ਜੰਗਾਂ ਬਾਦ ਅਨੰਦਪੁਰ ਦੀਆਂ ਤਿੰਨ ਲੜਾਈਆਂ ਹੋਈਆਂ ਵੈਰੀਆਂ ਨੂੰ ਹਰ ਲੜਾਈ ਵਿੱਚ ਮੂੰਹ ਦੀ ਖਾਣੀ ਪਈ। ਆਖਿਰ ਹਕੂਮਤ ਨੇ ਪਹਾੜੀ ਰਾਜਿਆਂ ਦੀਆਂ ਝੁਠੀਆਂ ਚੁਗਲੀਆਂ ਅਤੇ ਸ਼ਾਹੀ ਫੌਜਾਂ ਦੇ ਵਕਾਰ ਨੂੰ ਦੇਖ ਗੁਰੂ ਨੂੰ ਪਕੜਨ ਵਾਸਤੇ ਅਨੰਦਪੁਰ ਨੂੰ ਦੂਰ-ਦੂਰ ਤੱਕ ਘੇਰਾ ਪਾ ਲਿਆ ਜੋ ਸੱਤ ਮਹੀਨੇ ਤੱਕ ਜਾਰੀ ਰਿਹਾ ਜਦ ਫੇਰ ਵੀ ਕੋਈ ਕਾਮਜ਼ਾਬੀ ਪ੍ਰਾਪਤ ਨਾਂ ਹੋਈ ਤਾਂ ਬਹਰੋਂ ਰਸਤ-ਪਾਣੀ ਦੇ ਰਸਤੇਬੰਦ ਕਰ ਦਿੱਤੇ ਪਰ ਸਿੰਘ ਫਿਰ ਵੀ ਸ਼ੇਰ-ਝੱਪਟ ਦੁਆਰਾ ਰਾਸ਼ਨ-ਪਾਣੀ ਲੈ ਜਾਂਦੇ ਰਹੇ ਤਾਂ ਮੁਗਲ ਸੈਨਾ ਤੇ ਪਹਾੜੀ ਰਾਜਿਆਂ ਆਪਣੀ ਜਾਨ ਖਲਾਸੀ ਦੀ ਖਾਤਿਰ ਕੁਰਾਨ ਤੇ ਗਊ ਦੀਆਂ ਕਸਮਾਂ ਖਾ, ਵਾਸਤੇ ਪਾ ਗੁਰੂ ਜੀ ਨੂੰ ਕਹਿ ਦਿੱਤਾ ਅਤੇ ਔਰੰਗਜ਼ੇਬ ਤੋਂ ਵੀ ਸ਼ਾਹੀ ਫੁਰਮਾਨ ਜ਼ਾਰੀ ਕਰਵਾ ਲਿਆ ਕਿ ਇੱਕ ਵਾਰ ਤੁਸੀਂ ਅਨੰਦਪੁਰ ਖਾਲੀ ਕਰ ਦਿਉ ਅਸੀਂ ਤੁਹਾਨੂੰ ਕੁੱਝ ਨਹੀਂ ਕਹਾਂਗੇ ਸਾਡੀ ਇਜ਼ਤ ਔਰੰਗਜ਼ੇਬ ਦੇ ਦਰਬਾਰ ਬਚ ਜਾਵੇਗੀ ਜਦ ਇਹ ਪਰਵਾਨਾ ਆਇਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਰੀ ਬੜਾ ਮਕਾਰ ਹੈ ਸ਼ਾਮ, ਦਾਮ, ਦੰਡ, ਭੇਦ ਦੀ ਨੀਤੀ ਵਰਤ ਕੇ ਨੁਕਸਾਨ ਕਰਨਾ ਚਾਹੁੰਦਾ ਹੈ ਇਸ ਲਈ ਇਸ ਤੇ ਵਿਸ਼ਵਾਸ਼ ਕਰਨਾ ਖਤਰੇ ਤੋਂ ਖਾਲੀ ਨਹੀਂ ਪਰ ਲੰਬੇ ਅਰਸੇ ਤੋਂ ਰਸਤ ਪਾਣੀ ਮੁੱਕ ਜਾਣ, ਸਿੰਘ-ਸਿੰਘਣੀਆਂ ਤੇ ਜੰਗੀ ਜਨਵਰਾਂ ਦੇ ਬੀਮਾਰ ਤੇ ਕਮਜ਼ੋਰ ਹੋ ਜਾਣ ਕਰਕੇ ਕੁਝ ਸਮੇ ਲਈ ਸਿੰਘਾਂ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਕਿਤੇ ਨਿਵੇਕਲੀ ਥਾਂ ਰਹਿ ਹੋਰ ਮਜ਼ਬੂਤ ਹੋ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾਵੇ ਪਰ ਗੁਰੂ ਜੀ ਨਾਂ ਮੰਨੇ ਤੇ ਫਿਰ ਕਿਹਾ ਇਨ੍ਹਾਂ ਬੇਈਮਾਨਾਂ ਦਾ ਕੋਈ ਭਰੋਸਾ ਨਹੀ ਕਰਨਾ। ਵੈਰੀਆਂ ਦਾ ਇਮਾਨ ਪਰਖਣ ਲਈ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਕੁਝ ਫਟੇ ਪੁਰਾਣੇ ਕਪੜੇ ਤੇ ਟੁੱਟੇ ਫੁੱਟੇ ਛਿੱਤਰਾਂ ਆਦਿ ਦੀਆਂ ਪੰਡਾਂ ਬੰਨ੍ਹ ਕੇ ਕੁਝ ਖੱਚਰਾਂ ਆਦਿ ਤੇ ਲੱਧ ਕੇ ਬਾਹਰ ਭੇਜ ਦਿੱਤੀਆਂ ਜਾਣ ਜਦ ਐਸਾ ਕੀਤਾ ਗਿਆ ਤਾਂ ਵੈਰੀ ਸਭ ਕਸਮਾਂ ਛਿੱਕੇ ਟੰਗ ਪਿਛੇ ਟੁੱਟ ਪਿਆ ਜਦ ਟੁੱਟੇ ਛਿੱਤਰ ਤੇ ਫਟੇ ਕਪੜੇ ਹੀ ਹੱਥ ਲੱਗੇ ਤਾਂ ਨਮੋਸ਼ੀ ਦੀ ਹਾਲਤ ਵਿੱਚ ਪਿਛੇ ਮੁੜ ਗਿਆ ਉਧਰ ਗੁਰੂ ਜੀ ਨੇ ਸਿੰਘਾਂ ਨੂੰ ਕੁਝ ਸਮਾਂ ਹੋਰ ਸਬਰ ਨਾਲ ਜ਼ਬਰ ਦਾ ਟਾਕਰਾ ਕਰਨ ਲਈ ਕਿਹਾ ਤਾਂ ਕੁਝ ਸਮੇ ਬਾਅਦ ਅਖੀਰ ਜਦ ਸਿੰਘ ਜੰਗੀ ਜਾਨਵਰ ਭੁੱਖ, ਬੀਮਾਰੀ ਤੇ ਕਮਜੋਰੀ ਨਾਲ ਨਿਢਾਲ ਹੋ ਮਰਨ ਲੱਗੇ ਤਾਂ ਐਸੇ ਹਲਾਤਾਂ ਵਿੱਚ ਸਿੰਘਾਂ ਦੀ ਬੇਨਤੀ ਮੰਨ, ਕੁਰਾਨ ਤੇ ਗਊ ਦੀਆਂ ਕਸਮਾਂ ਦਾ ਵਾਸਤਾ ਪੈਂਦਾ ਦੇਖ ਅਤੇ ਔਰੰਗਜ਼ੇਬ ਦੇ ਇਹ ਕਹਿਣ ਤੇ ਕਿ ਇੱਕ ਵਾਰ ਤੁਸੀਂ ਅਨੰਦਪੁਰ ਖਾਲੀਕਰ ਦਿਓ ਸਾਡਾ ਸ਼ਾਹੀ ਵਿਕਾਰ ਵੀ ਬਣਿਆ ਰਹੇ ਅਤੇ ਤੁਹਾਡੀ ਵਾ ਵੱਲ ਵੀ ਕੋਈ ਨਹੀਂ ਦੇਖੇਗਾ ਭਾਵੇਂ ਗੁਰੂ ਜੀ ਔਰੰਗੇ ਤੇ ਪਹਾੜੀਆਂ ਬਦ ਨੀਤੀ ਜਾਣਦੇ ਸਨ ਪਰ ਅਨੰਦਪੁਰ ਦੀ ਅੰਦਰਲੀ ਹਾਲਤ ਬਹੁਤ ਹੀ ਪਤਲੀ ਪੈ ਜਾਣ ਕਰਕੇ 6-7 ਪੋਹ ਦੀ ਰਾਤ ਨੂੰ ਭਾਵ ਦਸੰਬਰ ਦੇ ਪਹਿਲੇ ਹਫਤੇ ਅਨੰਦਪੁਰ ਨੂੰ ਸਦਾ ਲਈ ਛੱਡ ਕੀਰਤਪੁਰ ਵੱਲ ਚੱਲ ਪਏ। ਵੈਰੀ ਦਲ ਦੇ ਕੈਂਪ ਵਿੱਚ ਘਿਓ ਦੇ ਦੀਵੇ ਬਾਲੇ ਗਏ ਪਰ ਵੇਖੌ ਗੁਰੂ ਸੂਰਮੇ ਦਾ ਦਿਲ ਵੈਰੀ ਦਲ 10 ਲੱਖ ਦੀ ਗਿਣਤੀ ਵਿੱਚ ਇੱਕ ਸਾਧਾਰਣ ਜਿਹੇ ਨਗਰ ਤੇ ਚੜ੍ਹ ਅੲਅਿਾ ਸੀ ਜਿਸ ਵਿੱਚ ਸਿਰਫ 10 ਹਜ਼ਾਰ ਦੇ ਕਰੀਬ ਉਹ ਹੀ ਸਿੰਘ ਸਨ ਜੋ 1699 ਤੋਂ ਪਹਿਲਾਂ ਉੱਚ ਜਾਤੀਏ ਬੰਦਿਆਂ ਦੀਆਂ ਨਜ਼ਰਾਂ ਵਿੱਚ ਕੰਗਾਲ, ਨਾਈ , ਛੀਂਬੇ, ਝਿਊਰ ਅਤੇ ਜੱਟ ਆਦਿਕ ਹੀ ਸਨ।ਇਸ ਲੰਬੇ ਘੇਰੇ ਵਿੱਚ ਵੀ ਗੁਰੂ ਸੂਰਮੇ ਨੇ ਦਿਲ ਨਹੀਂ ਛੱਡਿਆ, ਵੈਰੀ ਅੱਗੇ ਹੱਥਿਆਰ ਨਹੀਂ ਸੁੱਟੇ ਬੜੀ ਵਿਉਂਤਬੰਦੀ ਨਾਲ ਵੈਰੀ ਦਲ ਨੂੰ ਭੜਥੂ ਪਾਈ ਰੱਖਿਆ।

ਸਰਸਾ ਤੇ ਪਿਆ ਪਰਵਾਰ ਵਿਛੋੜਾ- ਅਜੇ ਗੁਰੂ ਜੀ ਸਿੰਘਾਂ ਸਮੇਤ ਕੀਰਤਪੁਰ ਹੀ ਲੰਘੇ ਸਨ ਕਿ ਦਿਨ ਦੇ ਚੜਦੇ ਸਾਰ ਹੀ ਕਹਿਲੂਰੀਏ ਅਜਮੇਰ ਚੰਦ ਤੇ ਸਰਹੰਦ ਦੇ ਨਾਜ਼ਮ ਵਜੀਰ ਖਾਂ ਨੇ ਆਪਣੀਆਂ ਸ਼ਾਹੀ ਫੌਜਾਂ ਲੈ ਹੱਲਾ ਕਰ ਦਿੱਤਾ ਹੋਰ ਫੌਜੀ ਤੇ ਮੁਲਖਈਆ ਅਨੰਦਪੁਰ ਸਾਹਿਬ ਨੂੰ ਲੁੱਟਣ ਜਾ ਪਏ ਇਧਰ ਜਦ ਵੈਰੀ ਸਾਰੀਆਂ ਕਸਮਾਂ ਤੋੜ ਆ ਗਲ ਪਿਆਂ ਤਾ ਸਰਸਾ ਕਿਨਾਰੇ ਸਿੰਘਾਂ ਨੇ ਭੁੱਖੇ ਸ਼ੇਰਾਂ ਵਾਂਗ ਵੈਰੀ ਦੇ ਚੰਗੇ ਆਹੂ ਲਾਹੇ ਜਿਥੇ ਵੈਰੀ ਦਲ ਦਾ ਭਾਰੀ ਨੁਕਸਾਨ ਹੋਇਆ ਉਥੇ ਗੁਰੂ ਜੀ ਦੇ ਕੁਝ ਜਾਨੋਂ ਪਿਆਰੇ ਸਿੰਘ ਵੀ ਭਾ. ਉਦੇ ਸਿੰਘ ਦੀ ਅਗਵਾਈ ਚ’ ਸ਼ਹੀਦ ਹੋ ਗਏ। ਨਿਰਭਉ ਤੇ ਨਿਰਵੈਰ ਗੁਰੂ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸਿੰਘਾਂ ਨਾਲ ਰਲ ਕੇ ਕੀਤਾ ਅਤੇ ਅਰਦਾਸਾ ਸੋਧ ਕੇ ਸਰਸਾ ਨਦੀ ਪਾਰ ਕਰਨ ਲਈ ਠਿੱਲ ਪਏ। ਬਰਸਾਤ ਕਾਰਨ ਇਸ ਬਰਸਾਤੀ ਨਦੀ ਸਰਸਾ ਦਾ ਵੇਗ ਬਹੁਤ ਤਿੱਖਾ ਸੀ ਸਾਰੇ ਸਿੰਘਾਂ ਕੋਲ ਘੋੜੇ ਵੀ ਨਹੀਂ ਸਨ ਅਤੇ ਹੜ ਅੱਗੇ ਘੋੜਿਆਂ ਦੀ ਵੀ ਪੇਸ਼ ਨਹੀ ਸੀ ਜਾ ਰਹੀ ਇਵੇਂ ਬਹੁਤੇ ਸਿੰਘ ਸਿੰਘਣੀਆਂ ਹੜ ਵਿੱਚ ਰੁੜ੍ਹ ਗਏ। ਕੇਵਲ ਮਾਤਾ ਗੁਜਰੀ ਨਾਲ ਛੋਟੇ ਸਾਹਿਬਜ਼ਾਦੇ, ਗੁਰੂ ਜੀ ਦੇ ਮਹਿਲਾਂ ਨਾਲ ਭਾ. ਮਨੀ ਸਿੰਘ, ਗੁਰੂ ਜੀ ਨਾਲ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਬਚੇ ਸਿੰਘ ਸਰਸਾ ਪਾਰ ਕਰ ਰੋਪੜ ਵੱਲ ਚੱਲ ਪਏ ਪਰ ਵੈਰੀ ਸ਼ੂਕਦੀ ਸਰਸਾ ਵਿੱਚ ਵੜਨੋਂ ਡਰਦਾ ਰਿਹਾ।ਏਨੇ ਨੂੰ ਗੁਰੂ ਜੀ ਬਹੁਤ ਦੂਰ ਚਲੇ ਗਏ ਉਧਰ ਜਿਹੜੇ ਸਿੰਘ ਸਰਸਾ ਵਿੱਚ ਰੁੜ੍ਹ ਗਏ ਤੇ ਕਿਤੇ ਦੂਰ ਲਹਿੰਦੇ ਪਾਸੇ ਰੁੜਦੇ ਹੋਏ ਕੁਝ ਕੰਢੇ ਜਾ ਲਗੇ ਪਰ ਪੋਹ ਦੀ ਸਰਦੀ , ਲੰਬੇ ਸਮੇ ਦੀ ਭੁੱਖ, ਕਮਜੋਰੀ, ਸਰਸਾ ਦੇ ਬਰਫਾਨੀ ਤੇ ਤੂਫਾਨੀ ਪਾਣੀ ਨੇ ਉਨ੍ਹਾਂ ਦਾ ਬੁਰਾ ਹਾਲ ਕਰ ਦਿੱਤਾ।ਉਹ ਨਿਢਾਲ ਹੋਏ ਵੈਰੀ ਦੇ ਹੱਥ ਆਉਣ ਨਾਲੋਂ ਜਿਧਰ ਵੀ ਉਨ੍ਹਾਂ ਨੂੰ ਰਾਹ ਮਿਲਿਆਂ ਚਲੇ ਗਏ।ਇਧਰ ਗੁਰੂ ਜੀ ਵੱਡੇ ਸਾਹਿਬਜ਼ਾਦੇ ਤੇ 40 ਕੁ ਸਿੰਘਾਂ ਨਾਲ ਭਾ. ਬੁੱਧੀ ਚੰਦ ਦੀ ਕੱਚੀ ਹਵੇਲੀ ਵਿੱਚ ਜਾ ਮੁਕਾਮ ਕੀਤਾ ਤਾਂ ਏਨੇ ਨੂੰ ਵੈਰੀ ਦਲ ਦੀ ਤਾਜਾ ਦਮ ਫੌਜ ਗੋਲੀ ਸਿਕੇ ਬਰੂਦ ਤੇ ਅਧੁਨਿਕ ਹਥਿਆਰਾਂ ਨਾਲ ਲੈਸ ਹੋ ਮਾਰੋ-ਮਾਰ ਕਰਦੀ ਹੋਈ ਕੱਚੀ ਗੜੀ ਦੇ ਦੁਆਲੇ ਇੱਕਠੀ ਹੋ ਗਈ, ਇਸ ਵਿੱਚ ਸੂਬਾ ਸਰਹੰਦ, ਲਹੌਰ ਅਤੇ ਕਸ਼ਮੀਰ, ਦਿੱਲੀ ਤੋਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜੇ, ਲੁਟੇਰੇ ਗੁਜਰ ਤੇ ਰੰਗੜ ਆਦਿਕ ਮੁਲਖਈਆ ਵੀ ਸ਼ਾਮਲ ਹੋ ਗਿਆ। ਇਤਿਹਾਸਕਾਰ ਲਿਖਦਾ ਹੈ ਕਿ 10 ਲੱਖ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ ਔਰੰਗੇ ਦਾ ਹੁਕਮ ਸੀ ਕਿ ਗੁਰੂ ਨੂੰ ਜਿੰਦਾ ਗ੍ਰਿਫਤਾਰ ਕਰਨਾ ਹੈ ਜਾਂ ਸਿਰ ਵੱਢ ਕੇ ਲਿਆਉਣਾ ਹੈ ਪਰ “ਪਾਪੀ ਔਰੰਗਾ ਕੀ ਜਾਣੇ ਮੌਜਾਂ ਦੇ ਮਾਹੀ ਸਰਕਾਰ ਦੀਆਂ ਗੁੱਝੀਆਂ ਰਮਜ਼ਾਂ ਨੂੰ” ਮਹਾਂਨ ਜਰਨੈਲ ਸੂਰਮੇ ਨੇ ਸਿੰਘਾਂ ਦੇ ਛੋਟੇ-ਛੋਟੇ ਜਥੇ ਬਣਾ ਕੇ ਭੂਤਰੇ ਹੋਏ ਵੈਰੀ ਨਾਲ ਦੋ ਹੱਥ ਕਰਨ ਦੀ ਤਿਆਰੀ ਕੀਤੀ। ਉਸ ਦਿਨ 8 ਪੋਹ ਦੀ ਰਾਤ ਸੀ ਵੈਰੀ ਨੇ ਧਾਵਾ ਬੋਲ ਦਿੱਤਾ ਤਾਂ ਸਿੰਘ ਵੀ ਬਾਜਾਂ ਵਾਂਗ ਵੈਰੀ ਤੇ ਝਪਟ ਪਏ।ਲੱਖਾਂ ਦੀ ਕਟਾ-ਵੱਢ ਕਰਦੇ ਹੋਏ ਸ਼ਹੀਦੀ ਜ਼ਾਮ ਪੀਂਦੇ ਹੋਏ ਵੇਰੀਆਂ ਦੇ ਸੁਪਨੇ ਚਕਨਾ ਚੂਰ ਕਰ ਗਏ। ਜਿਨ੍ਹਾਂ ਵਿੱਚ ਗੁਰੂ ਜੀ ਦੇ ਵੱਡੇ ਦੋ ਪੁੱਤਰ ਤੇ ਪੰਜਾਂ ਪਿਆਰਿਆਂ ਚੋਂ ਦੋ ਪਿਆਰੇ ਵੀ ਸ਼ਹੀਦੀ ਪਾ ਗਏ।ਬਾਕੀ ਗੜੀ ਅੰਦਰ ਸਿਰਫ 11 ਸਿੰਘ ਬਚੇ-ਭਾ. ਦਇਆ ਸਿੰਘ ਧਰਮ ਸ਼ਿੰਘ, ਮਾਨ ਸਿੰਘ, ਸੰਗਤ ਸਿੰਘ, ਸੰਤ ਸਿੰਘ, ਰਾਮ ਸਿੰਘ, ਕੇਹਰ ਸਿੰਘ, ਸੰਤੋਖ ਸਿੰਘ, ਦੇਵਾ ਸਿੰਘ , ਜਿਊਣ ਸਿੰਘ, ਕਾਠਾ ਸਿੰਘ।

ਵੈਰੀਆਂ ਨੇ ਵੀ ਅੰਦਾਜਾ ਲਾਇਆ ਕਿ ਹੁਣ ਥੋੜੇ ਹੀ ਸਿੰਘ ਗੁਰੂ ਸਮੇਤ ਬਚੇ ਹਨ, ਰਾਤ ਨੂੰ ਤਾਂ ਲੜਾਈ ਦੀ ਲੋੜ ਨਹੀਂ ਸਵੇਰੇ ਹੱਥੋ-ਹੱਥ ਗੁਰੂ ਗੋਬਿੰਦ ਸਿੰਘ ਸਮੇਤ ਸਿੰਘਾਂ ਨੂੰ ਜਿਉਂਦੇ ਫੜ ਲਵਾਂਗੇ ਇਵੇਂ ਜਰਨੈਲਾਂ ਨੂੰ ਬੇਫਿਕਰੀ ਹੋ ਗਈ। ਹੁਣ ਗੁਰੂ ਜੀ ਖੁਦ ਮੈਦਾਨੇ ਜੰਗ ਵਿੱਚ ਵੈਰੀ ਦਾ ਮੁਕਾਬਲਾ ਕਰਕੇ ਸ਼ਹੀਦ ਹੋਣ ਦੀ ਤਮੱਨਾ ਕੀਤੀ ਪਰ ਸਿੰਘਾਂ ਪਰਵਾਨ ਨਾਂ ਕੀਤਾ ਕਿਉਂਕਿ ਗੁਰੂ ਜੀ ਦੇ ਸਾਫ ਬਚ ਕੇ ਨਿਕਲ ਜਾਣ ਨਾਲ ਇੱਕ ਤਾਂ ਵੈਰੀਆਂ ਦੇ ਦਿਲ ਟੁੱਟਣੇ ਤੇ ਆਸਾਂ ਤੇ ਪਾਣੀ ਫਿਰਨਾ ਸੀ ਦੂਜਾ ਗੁਰੂ ਜੀ ਅਨੇਕਾਂ ਸਿੰਘ ਹੋਰ ਪੈਦਾ ਕਰ ਸਕਦੇ ਸਨ। ਗੁਰੂ ਜੀ 1699 ਈ. ਨੂੰ ਹੀ ਸਿੰਘਾਂ ਨੂੰ ਗੁਰੂ ਖਾਲਸਾ ਲਕਬ ਦੇ ਚੁੱਕੇ ਸਨ ਦੀ ਜਾਇਜ ਵਰਤੋਂ ਕਰਦਿਆਂ ਪੰਥ ਨੇ ਪੰਜਾਂ ਦੇ ਰੂਪ ਵਿੱਚ ਗੁਰੂ ਜੀ ਨੂੰ ਗੜੀ ਚੋਂ ਚਲੇ ਜਾਣ ਦਾ ਹੁਕਮ ਦੇ ਦਿੱਤਾ ਤਾਂ ਗੁਰੂ ਜੀ ਹੁਕਮ ਮੰਨ ਤਿਆਰ ਹੋ ਗਏ ਪਰ ਸਿੰਘ ਗੁਰੂ ਜੀ ਨੂੰ ਇਕੱਲਾ ਵੀ ਨਹੀ ਜਾਣ ਦੇਣਾ ਚਾਹੁੰਦੇ ਸਨ। ਸੋ ਪੰਜਾਂ ਚੋਂ ਭਾ.ਦਇਆ ਸਿੰਘ, ਧਰਮ ਸਿੰਘ ਅਤੇ ਭਾ. ਮਾਨ ਸਿੰਘ ਨੂੰ ਨਾਲ ਜਾਣ ਲਈ ਤਿਆਰ ਕੀਤਾ ਗਿਆ। ਹੁਣ ਗੁਰੂ ਜੀ ਸਾਫ ਬਚ ਕੇ ਤਾਂ ਹੀ ਜਾ ਸਕਦੇ ਸਨ ਕਿ ਜੇ ਗੜੀ ਚੋਂ ਕਦੇ-2 ਰੁੱਕ-2 ਗੋਲੀ ਚਲਦੀ ਰਹੇ, ਜੈਕਾਰੇ ਛੁੱਟਦੇ ਤੇ ਧੌਂਸੇ ਵਜਦੇ ਰਹਿਣ। ਬਾਕੀ ਸਿੰਘਾਂ ਚੋਂ ਭਾ. ਸੰਗਤ ਸਿੰਘ ਜੀ ਦੀ ਸ਼ਕਲ ਸੂਰਤ ਗੁਰੂ ਜੀ ਨਾਲ ਮਿਲਦੀ ਸੀ ਵੈਰੀ ਨੂੰ ਭੁਲੇਖਾ ਪਾਉਣ ਲਈ ਗੁਰੂ ਨੇ ਆਪਣਾ ਬਾਣਾ ਤੇ ਕਲਗੀ ਤੋੜਾ ਭਾ. ਸੰਗਤ ਸਿੰਘ ਜੀ ਦੇ ਸੀਸ ਸਜਾ, ਗੜੀ ਦੇ ਚਹੋਂ ਪਾਸਿਓਂ ਭਾ. ਦਇਆ ਸਿੰਘ, ਧਰਮ ਸਿੰਘ ਤੇ ਭਾ. ਮਾਨ ਸਿੰਘ ਸਮੇਤ ਤਾੜੀਆਂ ਵਜਾਉਂਦੇ ਤੇ ਇਹ ਨਾਹਰਾ ਲਾਉਂਦੇ ਹੋਏ ਕਿ “ਪੀਰੇ ਹਿੰਦ ਮੇ ਰਵੱਦ” ਭਾਵ ਹਿੰਦ ਦਾ ਪੀਰ ਗੁਰੂ ਜਾ ਰਿਹਾ ਹੈ ਜਦ ਨਸ਼ੇ ਚ ਘੂਕ ਸੁੱਤੇ ਵੈਰੀਆਂ ਨੇ ਇਹ ਨਾਹਰਾ ਸਣਿਆਂ ਤਾਂ ਉਬੜਵਾਹੇ ਉੱਠੇ ਹਨੇਰੇ ਵਿੱਚ ਹੀ ਤਲਵਾਰਾਂ ਚਲਾਉਂਦੇ ਅਲੀ-ਅਲੀ ਕਰਕੇ ਟੱੁਟ ਪਏ ਆਪਸ ਵਿੱਚ ਹੀ ਕਟਾ-ਵੱਧ ਕਰੀ ਗਏ ਕਿਉਂਕਿ ਨਸ਼ੇ ਵਿੱਚ ਮਤਿ ਮਾਰੀ ਜਾਂਦੀ ਹੈ ਗੁਰ ਫੁਰਮਾਨ ਹੈ-ਜਿਤੁ ਪੀਤੇ ਮਤਿ ਦੂਰਿ ਹੋਇ ਬਰਲ ਪਵੇ ਵਿਚਿ ਆਇ॥ਆਪਨਾ ਪਰਾਇਆ ਨਾ ਪਛਾਨਹੀ ਖਸਮੋਂ ਧਕੇ ਖਾਇ॥(ਪੰਨਾ 554) ਉਧਰ ਗੁਰੂ ਜੀ ਸਿੰਘਾਂ ਨੂੰ ਦੱਸੀ ਤਾਰੇ ਦੀ ਸੇਧ ਮੁਤਾਬਿਕ ਨੰਗੇ ਪੈਰੀਂ ਝਾੜੀਆਂ ਤੇ ਕੰਡਿਆ ਚੋਂ ਲੰਘਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚਜਾ ਪਹੁੰਚੇ ਤੇ ਮਲਿਆਂ ਦੇ ਬੇਰ ਖਾਦਿਓ ਨੇ ਏਨੇ ਨੂੰ ਭਾ.ਦਇਆ ਸਿੰਘ, ਧਰਮ ਸਿੰਘ ਤੇ ਭਾ. ਮਾਨ ਸਿੰਘ ਵੀ ਪਹੁੰਚ ਗਏ ਉਨ੍ਹਾਂ ਗੁਰੂ ਜੀ ਦੇ ਪੈਰਾਂ ਚੋਂ ਕੰਢੇ ਕੱਢੇ ਤੇ ਮੁੱਠੀ ਚਾਪੀ ਵੀ ਕੀਤੀ।

ਉਧਰ ਵੈਰੀ ਨੇ ਦਿਨ ਚੜਦੇ ਸਾਰ ਹੀ ਗੜੀ ਤੇ ਧਾਵਾ ਬੋਲ ਦਿੱਤਾ ਤਾਂ ਗੜੀ ਵਿਚਲੇ ਸਿੰਘ ਵੀ ਤਲਵਾਰਾਂ ਸੂਤ ਕੇ ਬਾਹਰ ਆ ਗਏ ਅਤੇ ਲੜਦੇ ਹੋਏ ਸ਼ਹੀਦੀਆਂ ਪਾ ਗਏ ਪਰ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਏ ਪਰ ਵੈਰੀ ਭਾ. ਸੰਗਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਮਝ ਖੁਸ਼ੀਆਂ ਮਨਾਉਂਣ ਲਗੇ। ਉਧਰ ਭਾ. ਪੰਜਾਬਾ ਤੇ ਗੁਲਾਬਾ ਜੋ ਗੁਰੂ ਜੀ ਦੇ ਉੱਘੇ ਮਸੰਦ ਸਨ ਆਪਨੇ ਘਰ ਲੈ ਗਏ, ਭਾ. ਨਬੀ ਖਾਂ ਤੇ ਗਨੀ ਖਾਂ ਵੀ ਜੋ ਮਾਛੀਵਾੜੇ ਦੇ ਰਹਿੰਣ ਵਾਲੇ ਸਨ ਘੋੜਿਆਂ ਦਾ ਵਾਪਾਰ ਕਰਿਆ ਕਰਦੇ ਸਨ ਏਨ੍ਹਾਂ ਨੂੰ ਜਦ ਪਤਾ ਲਗੱਾ ਤਾਂ ਗੁਰੂ ਦੀ ਪਿਆਰ ਖਿੱਚ ਸਦਕਾ ਆ ਮਿਲੇ। ਕਾਫੀ ਦਿਨ ਗੁਰੂ ਜੀ ਇਥੇ ਰਹੇ ਆਖਿਰ ਗੁੁਰੂ ਜੀ ਉੱਚ ਦੇ ਪੀਰ ਬਣ ਕੇਸ ਖੁੱਲੇ ਛੱਡ, ਉੱਪਰ ਪੱਗ ਬੰਨ੍ਹ, ਨੀਲਾ ਬਾਣਾ ਪਹਿਰ ਲਿਆ ਤੇ ਬਾਕੀ ਸਿੰਘਾਂ ਨੂੰ ਵੀ ਪਹਿਰਾ ਦਿੱਤਾ ਕਿਉਂਕਿ ਸਿੰਧ ਦੇ ਪੀਰ ਇਹੀ ਬਾਣਾ ਪਹਿਨਦੇ ਹਨ। ਗੁਰੂ ਜੀ ਨੂੰ ਇੱਕ ਪਲੰਘ ਤੇ ਬੈਠਾ ਭਾ.ਨਬੀ ਖਾਂ, ਗਨੀ ਖਾਂ, ਭਾ. ਧਰਮ ਸਿੰਘ ਤੇ ਭਾ.ਮਾਨ ਸਿੰਘ ਮੋਢਿਆਂ ਤੇ ਚੱੁਕ ਮਾਛੀਵਾੜੇ ਤੋਂ ਚੱਲ ਪਏ ਅਤੇ ਭਾ. ਦਇਆ ਸਿੰਘ ਮੋਰ ਦੀ ਚੌਰ ਕਰਦੇ ਗਏ। ਰਸਤੇ ਵਿੱਚ ਸੂਬੇ ਸੂਹੀਏ ਮਿਲੇ ਪੁਛਿਆ ਇਹ ਕੌਣ ਹਨ ? ਪ੍ਰੀਤ ਪਿਆਰਿਆਂ ਕਿਹਾ ਸਾਡੇ ਪੀਰ ਹਨ ਤਾਂ ਸੂਹੀਆਂ ਦਾ ਸ਼ੱਕ ਦੂਰ ਹੋ ਗਿਆ ਵੈਸੇ ਵੀ ਭਾ. ਨਬੀ ਖਾਂ ਤੇ ਗਨੀ ਖਾਂ ਦਾ ਉੱਘੇ ਵਾਪਾਰੀ ਹੋਣ ਕਰਕੇ ਲੋਕ ਬੜਾ ਮਾਨ ਤਾਨ ਕਰਦੇ ਸਨ। ਇਉਂ ਗੁਰੂ ਜੀ ਕਈ ਪਿੰਡਾਂ ਚੋਂ ਲੰਘਦੇ ਹੋਏ ਆਲਮਗੀਰ ਪਹੁੰਚੇ ਇਥੇ ਭਾ. ਮਨੀ ਸਿੰਘ ਦਾ ਵੱਡਾ ਭਾਈ ਨਿਗਾਈਆ ਸਿੰਘ ਆਪਣੇ ਪੁੱਤਰ ਸਮੇਤ ਮਿਲਿਆ ਇਹ ਵੀ ਦੋਵੇਂ ਪਿਉ-ਪੁੱਤਰ ਘੋੜਿਆਂ ਦਾ ਵਾਪਾਰ ਕਰਿਆ ਕਰਦੇ ਸਨ ਏਨ੍ਹਾਂ ਨੇ ਸਤਿਗੁਰਾਂ ਨੂੰ ਇੱਕ ਵਧੀਆ ਘੋੜਾ ਭੇਟ ਕੀਤਾ। ਗੁਰੂ ਜੀ ਹੁਣ ਘੜ ਸਵਾਰ ਹੋ ਗਏ ਅਤੇ ਭਾ. ਨਬੀ ਖਾਂ ਤੇ ਭਾ. ਗਨੀ ਖਾਂ ਨੂੰ ਵਡਮੁਲੀ ਸੇਵਾ ਲਈ ਇੱਕ ਯਾਦਗਾਰ ਪੱਤਰ ਦੇ ਬੜੇ ਸਤਕਾਰ ਨਾਲ ਵਿਦਾ ਕੀਤਾ। ਹੁਣ ਗੁਰੂ ਜੀ ਪਿੰਡ ਹੇਹਰੀਂ ਪਹੁੰਚ ਗਏ ਇਥੇ ਮਹੰਤ ਕ੍ਰਿਪਾਲ ਦਾਸ ਦਾ ਡੇਰਾ ਸੀ ਇਸ ਮਹੰਤ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ ਕੁਤਕੇ ਨਾਲ ਵੈਰੀਆਂ ਦੇ ਸਿਰ ਫੇਹੇ ਸਨ ਦੀ ਗੱਦੀ ਤੇ ਇਸ ਦਾ ਇੱਕ ਚੇਲਾ ਸੀ ਨੇ ਬੜੀ ਆਓ ਭਗਤ ਕੀਤੀ ਪਰ ਜਦ ਪਤਾ ਲੱਗਾ ਹਕੂਮਤ ਬਾਗੀ ਗੁਰੂ ਨੂੰ ਪਨਾਹ ਦੇਣ ਵਾਲਿਆਂ ਨੂੰ ਭਾਰੀ ਸਜਾਵਾਂ ਦੇ ਰਹੀ ਹੈ ਨੇ ਗੁਰੂ ਜੀ ਨੂੰ ਜਲਦੀ ਵਿਦਾ ਕਰ ਦਿੱਤਾ। ਇਸ ਤੋਂ 8 ਮੀਲ ਅੱਗੇ ਸੀਲੋਆਣੀ ਪਹੁੰਚੇ ਉੱਥੇ ਰਾਇ ਕੋਟ ਦਾ ਚੌਧਰੀ ਰਾਇ ਕੱਲਾ ਆਇਆ ਹੋਇਆ ਸੀ ਨੇ ਪੀਰ ਸਮਝ ਆਦਰ ਮਾਨ ਕੀਤਾ ਪਰ ਜਦ ਉਸ ਨੂੰ ਮੁਗਲ ਹਕੂਮਤ ਦੀ ਬਦਨੀਤ ਤੇ ਜ਼ੁਲਮਾਂ ਦਾ ਪਤਾ ਲੱਗਾ ਨੇ ਬੜਾ ਅਫਸੋਸ ਕੀਤਾ ਤੇ ਲੋੜੀਂਦੀ ਸੇਵਾ ਲਈ ਆਪਣੇ-ਆਪ ਨੂੰ ਪੇਸ਼ ਕੀਤਾ ਤੇ ਇਥੋਂ ਹੀ ਰਾਇ ਕੱਲੇ ਨੇ ਇੱਕ ਚੌਧਰੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਲਈ ਭੇਜਿਆ ਜਿਸ ਦਾ ਨਾਂ “ਮਾਹੀ” ਸੀ ਇਥੋਂ ਸਰਹੰਦ 25 ਕੁ ਮੀਲ ਤੇ ਹੈ। ਮਾਹੀ ਅਗਲੇ ਦਿਨ ਹੀ ਸਾਹਿਬਜ਼ਾਦਿਆਂ ਦੀ ਖਬਰ ਲੈ ਆਇਆ ਕਿ ਗੁਰੂ ਜੀ ਦੇ ਲੱਖਾਂ ਵੈਰੀਆਂ ਦੇ ਘੇਰੇ ਚੋਂ ਜਿੰਦੇ ਨਿਕਲ ਜਾਣ ਕਰਕੇ ਤੇ ਔਰੰਗੇ ਦੇ ਦਰਬਾਰ ਕੀ ਮੂੰਹ ਵਿਖਾਏਗਾ ਨੂੰ ਸਾਹਮਣੇ ਰੱਖ ਗੁੱਸੇ ਵਿੱਚ ਆ ਕੇ ਲੂਣ ਹਰਾਮੀ ਗੰਗੂ ਬਾਮਣ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੁੱਖਬਰੀ ਕਰਕੇ ਫੜਾਉਂਣ ਤੇ ਫਿਰ ਪਾਪੀ ਤੇ ਕੌਮ ਧਰੋਹੀ ਸੁੱਚਾ ਨੰਦ ਦੇ ਇਹ ਕਹਿਣ ਕਿ ਇਹ ਸਪੋਲੀਏ ਹਨ ਸੱਪ ਦੇ ਬੱਚੇ ਮਾਰ ਦੇਣੇ ਹੀ ਮੁਨਸਬ ਹਨ ਪਰ ਕਾਜੀ ਨੇ ਕਿਹਾ ਜਨਾਬ ਕੁਰਾਨਿ ਪਾਕ ਮਸੂਮਾਂ ਤੇ ਜੁਲਮਦੀ ਇਜ਼ਜਤ ਨਹੀਂ ਦਿੰਦਾ, ਮਲੇਰ ਕੋਟਲੇ ਦਾ ਨਵਾਬ ਸ਼ੇਰ ਖਾ ਵੀ ਹਾਅ ਦਾ ਨਾਹਰਾ ਮਾਰਦਾ ਸੂਬੇ ਦੀ ਕਚਿਹਰੀ ਚੋਂ ਵਾਕ ਆਊਟ ਕਰ ਗਿਆ ਤਾਂ ਸੂਬੇ ਨੇ ਸ਼ਾਹੀ ਕਾਜ਼ੀ ਤੋਂ ਫਤਵਾ ਲੈ ਮਸੂਮਾਂ ਜਿੰਦਾ ਨੂੰ ਬੜੀ ਬੇ ਦਰਦੀ ਨਾਲ ਦੀਵਾਰ ਵਿੱਚ ਚਿਣ ਦਿੱਤਾ ਤੇ ਮਾਤਾ ਗੂਜਰੀ ਜੀ ਨੂੰ ਵੀ ਠੰਡੇ ਬੁਰਜ ਵਿੱਚ ਸ਼ਹੀਦ ਕਰ ਦਿੱਤਾ ਜਿਸ ਬੁਰਜ ਦਾ ਨਾਮੋਂ ਨਿਸ਼ਾਨ ਅੱਜ ਦੇ ਕਾਰ ਸੇਵਾ ਵਾਲੇ ਸਾਧਾਂ ਨੇ ਮਿਟਾ ਦਿੱਤਾ ਹੈ।

ਛੋਟੇ ਬੱਚਿਆਂ ਤੇ ਵਾਰ ਕਰਨਾ ਅੱਤ ਦਰਜੇ ਦੀ ਨੀਚਤਾ ਤੇ ਕਾਇਰਤਾ ਹੈ, ਜਦੋਂ ਕੋਈ ਜ਼ਾਬਰ ਹਕੂਮਤ ਇਤਨੀ ਗਿਰਾਵਟ ਤੱਕ ਆ ਜਾਵੇ ਤਾਂ ਉਸ ਦਾ ਅੰਤ ਨੇੜੇ ਹੁੰਦਾ ਹੈ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਜੜੋਂ ਪੁੱਟਦਿਆਂ ਭਵਿੱਖ ਬਾਣੀ ਕੀਤੀ ਕਿ ਹੁਣ ਜ਼ਾਲਮ ਮੁਗਲ ਹਕੂਮਤ ਦੀਆਂ ਜੜਾਂ ਪੁੱਟੀਆਂ ਗਈਆਂ! ਚੌਧਰੀ ਰਾਇ ਕੱਲੇ ਨੇ ਵਿਦਾਇਗੀ ਸਮੇਂ ਵਧੀਆ ਘੋੜੇ ਤੇ ਸ਼ਸਤਰ ਭੇਟ ਕੀਤੇ ਗੁਰੂ ਜੀ ਨੇ ਪਿਆਰ ਭਰੀ ਯਾਦਗਰ ਵਜੋਂ ਗਾਤਰੇ ਦੀ ਕ੍ਰਿਪਾਨ ਭਾ. ਰਾਏ ਕੱਲੇ ਨੂੰ ਦਿੱਤੇ। ਅੱਗੇ ਸਤਿਗੁਰੂ ਜੀ ਦੀਨੇ ਪਹੁੰਚ ਗਏ ਇਥੇ ਰਾਏ ਜੋਧ ਦੇ ਪੋਤਰੇ ਚੌਧਰੀ ਲਖਮੀਰ –ਸ਼ਮੀ ਤੇ ਤਖਤ ਮੱਲ ਬੇਨਤੀ ਕਰਕੇ ਘਰ ਲੈ ਗਏ, ਇਥੇ ਹੀ ਭਾ. ਰੂਪ ਚੰਦ ਦੇ ਪੋਤਰੇ ਧਰਮ ਸਿੰਘ ਤੇ ਪਰਮ ਸਿੰਘ ਵੀ ਹਜ਼ਰ ਹੋਏ। ਜਿਉਂ-2 ਮਾਲਵੇ ਦੇ ਪਿੰਡਾਂ ਵਿੱਚ ਖਬਰ ਖਿਲਰਦੀ ਗਈ ਹਜਾਰਾਂ ਸਿੰਘ ਦਰਸ਼ਨਾਂ ਨੂੰ ਆਉਣ ਲੱਗ ਪਏ। ਉਧਰ ਚਮਕੌਰ ਦੀ ਗੜੀ ਦੁਆਲੇ ਇਕੱਠਾ ਹੋਇਆ ਵੈਰੀ ਤੇ ਮੁਲਖਈਆ ਇਹ ਖਬਰ ਸੁਣ ਕੇ ਚਾਲੇ ਪਾ ਗਿਆ ਸੀ ਕਿ ਗੁਰੂ ਜੀ ਗੜੀ ਵਿੱਚ ਮਾਰੇ ਗਏ ਹਨ ਤੇ ਕੋਈ ਉਥੇ ਜਿੰਦਾ ਨਹੀਂ ਬਚਿਆ, ਇਹ ਖਬਰ ਅੱਗੇ ਮੁਲਖਈਏ ਨੇ ਸਭ ਪਾਸੇ ਫੈਲਾ ਦਿੱਤੀ। ਗੁਰੂ ਜੀ ਦੀਨੇ ਤੱਕ ਅਜੇ ਪੀਰ ਦੇ ਲਿਬਾਸ ਵਿੱਚ ਹੀ ਸਨ ਵਿਰਲ਼ਿਆਂ ਨੂੰ ਹੀ ਅਸਲੀਅਤ ਦਾ ਪਤਾ ਸੀ। ਇਥੋਂ ਹੀ ਗੁਰੂ ਜੀ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ (ਫਤਿਹ ਦੀ ਚਿੱਠੀ ) ਲਿਖਿਆ ਜਿਸ ਵਿੱਚ ਹਿੰੰਦੂ ਪਹਾੜੀ ਰਾਜਿਆਂ ਤੇ ਔਰੰਜ਼ੇਬ ਦੇ ਜਰਨੈਲਾਂ ਦੀਆਂ ਸਾਰੀਆਂ ਕਾਲੀਆਂ ਲਰਤੂਤਾਂ ਦਾ ਜ਼ਿਕਰ ਕੀਤਾ ਤੇ ਔਰੰਗਜ਼ੇਬ ਨੂੰ ਜਣਾਇਓ ਨੇ ਕਿ ਤੇਰੀ ਤੇ ਤੇਰੇ ਹਾਕਮਾਂ ਦੀ ਇਹ ਨੀਚਤਾ ਤੇਰੀ ਹਕੂਮਤ ਦੀ ਬੇੜੀ ਹੁਣ ਖਾਰੇ ਸਮੰੁਦਰ ਵਿੱਚ ਡੋਬ ਕੇ ਹੀ ਰਹੇਗੀ। ਇਹ ਚਿੱਠੀ ਭਾ. ਦਇਆ ਸਿੰਘ ਸਮੇਤ ਚਾਰ ਸਿੰਘਾਂ ਨੂੰ ਦੇ ਔਰੰਗੇ ਪਾਸ ਪਹੁੰਚਾਈ।

ਇਧਰ ਸੂਬੇ ਸਰਹੰਦ ਨੂੰ ਜਦ ਇਹ ਖਬਰ ਮਿਲੀ ਤਾਂ ਉਸ ਦੀ ਛਾਤੀ ਤੇ ਸੱਪ ਲੇਟ ਗਿਆ । ਉਧਰੋਂ ਔਰੰਗਜ਼ੇਬ ਦੀਆਂ ਝਿੜਕਾਂ ਨੇ ਗੁਰੂ ਜੀ ਵਿਰੁੱਧ ਹੋਰ ਈਰਖਾ-ਵੈਰ ਦੇ ਭਾਂਬੜ ਮਚਾ ਦਿੱਤੇ। ਸੂਬੇ ਨੇ ਚੌਧਰੀ ਲਖਮੀਰ ਨੂੰ ਬੜੀ ਤਾੜਨਾ ਭਰੀ ਚਿੱਠੀ ਲਿਖੀ ਕਿ ਮੁਗਲ ਹਕੂਮਤ ਦੇ ਬਾਗੀ ਗੁਰੂ ਨੂੰ ਮੇਰੇ ਹਵਾਲੇ ਕਰੋ ਨਹੀਂ ਤਾਂ ਤੁਹਾਡਾ ਵੀ ਓਹੀ ਹਾਲ ਹੋਵੇਗਾ ਜੋ ਗੁਰੂ ਦਾ ਹੋਇਆ ਹੈ ਅੱਗੋਂ ਚੌਧਰੀ ਲਖਮੀਰ ਨੇ ਬੜੇ ਠਰੱਮੇ ਨਾਲ ਉੱਤਰ ਭੇਜਿਆ ਜਿਵੇਂ ਤੁਸੀਂ ਆਪਣੇ ਪੀਰਾਂ ਸਦੀ ਖਿਦਮਤ ਕਰਦੇ ਹੋ ਤਿਵੇਂ ਅਸੀਂ ਵੀ ਆਪਣੇ ਦਿਲ ਦੇ ਪਾਤਸ਼ਾਹ ਗੁਰੂ ਦੀ ਸੇਵਾ ਕਰ ਰਹੇ ਹਾਂ ਜਿਸ ਨੇ ਕਦੇ ਕਿਸੇ ਗੁਆਂਢੀ ਤੇ ਹਮਲਾ ਕਰਕੇ ਚੱਪਾ ਜ਼ਮੀਨ ਨਹੀਂ ਸਾਂਭੀ ਸਗੋਂ ਦੂਜਿਆਂ ਦੀ ਖਾਤਿਰ ਦੁੱਖ ਸਹਾਰਨੇ ਉੱਚੀ-ਸੁੱਚੀ ਸ਼ਾਨ ਹੈ। ਗੁਰੂ ਵਾਂਗ ਕੁਰਬਾਨੀ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ ਇਉਂ ਚੌਧਰੀ ਲਖਮੀਰ ਨੇ ਵੀ ਇੱਕ ਆਦਮੀ ਚਿੱਠੀ ਦੇ ਸਰਹੰਦ ਭੇਜਿਆ ਤੇ ਛੇਤੀ ਖਬਰ ਦੇਣ ਲਈ ਕਿਹਾ। ਚੌਧਰੀ ਲਖਮੀਰ ਵਲੋਂ ਕੋਰਾ ਜਵਾਬ ਮਿਲਣ ਤੇ ਸੂਬੇ ਨੇ ਹਸਨ ਖਾਂ ਫੌਜਦਾਰ ਨੂੰ ਗੁਰੂ ਤੇ ਚੜਾਈ ਕਰਨ ਦਾ ਹੁਕਮ ਦੇ ਦਿੱਤਾ। ਇਹ ਖਬਰ ਸਰਹੰਦ ਵਿੱਚ ਖਿਲਰ ਗਈ ਸਰਹੰਦੋਂ ਅੱਗੇ ਦੁਆਬੇ ਤੇ ਮਾਝੇ ਵਿੱਚ ਵੀ ਪਿੰਡ-2 ਸਿੱਖਾਂ ਵਿੱਚ ਖਿਲਰਨ ਲੱਗ ਪਈ ਤਾਂ ਚੌਧਰੀ ਲਖਮੀਰ ਨੇ ਸਤਿਗੁਰੂ ਜੀ ਨੂੰ ਦੀਨੇ ਪਿੰਡ ਖਬਰ ਦੇ ਦਿੱਤੀ। ਓਧਰ ਹਾੜੀ ਦੀ ਫਸਲ ਦੇ ਦਿਨ ਨੇੜੇ ਆ ਗਏ ਸਨ ਕਿਸਾਨ ਫਸਲਾਂ ਸਾਂਭਣ ਵਿੱਚ ਰੁੱਝੇ ਹੋਏ ਸਨ ਜਿੰਨ੍ਹਾਂ ਦੀ ਖਾਤਰ ਗੁਰੂ ਜੀ ਸਭ ਕੁਝ ਕੁਰਬਾਨ ਕਰ ਰਹੇ ਸਨ। ਹੁਣ ਗੁਰੂ ਜੀ ਨੇ ਮਾਲਵੇ ਦੇ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ ਅਨੇਕਾਂ ਨਵੇਂ ਗੱਭਰੂ ਸਿੰਘ ਸਜ ਵਜੀਰ ਖਾਂ ਦੀ ਵਧੀਕੀ ਦਾ ਟਾਕਰਾਂ ਕਰਨ ਲਈ ਤਿਆਰ ਹੋ ਗਏ। ਦੀਨੇ ਕਾਂਗੜੇ ਦਾ ਇਲਾਕਾ ਜੁੱਧ ਪੱਖੋਂ ਠੀਕ ਨਾਂ ਜਾਪਿਆ ਤਾਂ ਗੁਰੂ ਜੀ ਭਦੌੜ, ਭਗਤਾ, ਜੈਤੋ , ਮਲੂਕੇ ਦਾ ਕੋਟ ਆਦਿਕ ਪਿੰਡਾਂ ਚੋਂ ਲੰਘਦੇ ਕੋਟ ਕਪੂਰੇ ਪਹੁੰਚੇ ਦੋ ਤਿੰਨ ਦਿਨ ਠਹਿਰੇ ਇਤਨੇ ਤੱਕ ਗੁਰੂ ਜੀ ਨਾਲ ਸੈਂਕੜੇ ਸਿੰਘ ਇਕੱਠੇ ਹੋ ਗਏ। ਫਿਰ ਗੁਰੂ ਜੀ ਪਿੰਡ ਢਿਕਵੀਂ ਪਹੁੰਚੇ ਜਿਥੇ ਪ੍ਰਿਥੀ ਚੰਦ ਦੀ ਕੁਲ ਚੋਂ ਸੋਢੀ ਕੌਲ ਜੀ ਰਹਿੰਦੇ ਸਨ। ਇਥੇ ਗੁਰੂ ਜੀ ਨੇ ਪੀਰਾਂ ਵਾਲਾ ਨੀਲਾ ਬਾਣਾ ਉਤਾਰ ਦਿੱਤਾ। ਢਿਲਵੀਂ ਇੱਕ ਸਿੰਘ ਸਰਹੰਦ ਤੋਂ ਖਬਰ ਲੈ ਆਇਆ ਕਿ ਸੂਬਾ 7-8 ਹਜ਼ਾਰ ਦੀ ਫੌਜ ਲੈ ਆ ਰਿਹਾ ਹੈ। ਸਰਦਾਰ ਕਪੂਰਾ (ਬੈਰਾੜ ਜੱਟ) ਵੀ ਓਥੇ ਸੀ ਨੇ ਸਲਾਹ ਦਿੱਤੀ ਕਿ ਵੈਰੀ ਦਾ ਮੂੰਹ ਭੰਨਣ ਲਈ ਇਸ ਇਲਾਕੇ ਵਿੱਚ ਖਿਦਰਾਣੇ ਦੀ ਢਾਬ ਸਭ ਤੋਂ ਸੁਰੱਖਿਆਤ ਥਾਂ ਹੈ ਸਿਰਫ ਓਥੇ ਹੀ ਪਾਣੀ ਹੈ ਹੋਰ ਆਲੇ ਧੁਆਲੇ ਕੋਹਾਂ ਤੱਕ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ। ਇਸ ਲਈ ਗੁਰੂ ਜੀ ਪੂਰੇ ਵਹੀਰ ਸਮੇਤ ਉੱਧਰ ਨੂੰ ਚੱਲ ਪਏ।

ਵਿਛੜੇ ਮੁੜ ਮਿਲੇ- ਜਿਹੜੇ ਸਿੰਘ ਸਰਸਾ ਨਦੀ ਦੇ ਰੋੜ੍ਹ ਕਾਰਨ ਵਿਛੜ ਗਏ ਸਨ ਜਿਨ੍ਹਾਂ ਦੀ ਖਾਤਰ ਕਿਹਾ ਜਾਂਦਾ ਹੈ ਕਿ ਇਹ ਗੁਰੂ ਨੂੰ ਬੇਦਾਵਾ ਦੇ ਕੇ ਆ ਗਏ ਸਨ ਸਰਾਸਰ ਇਤਿਹਾਸ ਤੇ ਗੁਰਮਤਿ ਸਿਧਾਂਤ ਵਿਰੋਧੀ ਹੈ ਕਿਸੇ ਪੰਥ ਦੋਖੀ ਦੀ ਜੋੜੀ ਕਹਾਣੀ ਹੈ। ਦੇਖੋ ਆਪਣੀਆਂ ਜਾਂਨਾਂ ਤਲੀ ਤੇ ਰੱਖ ਗੁਰੂ ਜੀ ਦੇ ਹਜ਼ੂਰੀ ਸਿੱਖ ਘੇਰੇ ਪਏ ਸਮੇ ਗੁਰੂ ਦਾ ਸਾਥ ਕਦੀ ਵੀ ਨਹੀਂ ਛੱਡ ਸਕਦੇ। ਉਨ੍ਹਾਂ ਨੂੰ ਤਾਂ ਰਸਤੇ ਵਿੱਚ ਹੀ ਵੈਰੀਆਂ ਨੇ ਮਾਰ ਮੁਕਾਉਣਾ ਸੀ ਜਿਹੜਾ ਵੈਰੀ ਟੁੱਟੇ ਛਿੱਤਰਾਂ ਤੇ ਫਟੇ ਪੁਰਾਣੇ ਕਪੜਿਆਂ ਦੀਆਂ ਗੱਠਾਂ ਤੇ ਹੀ ਟੁੱਟ ਕੇ ਪੈ ਗਿਆਂ ਸੀ ਉਹ ਗੁਰੂ ਦੇ ਸਾਥੀ ਸਿੱਖਾਂ ਨੂੰ ਕਿਵੇਂ ਜਾਣ ਦੇ ਸਕਦਾ ਸੀ ?ਫਿਰ ਭਾਈ ਮਹਾਂ ਸਿੰਘ ਵਰਗੇ ਬਹਾਦਰ ਜਰਨੈਲ ਜਿਨ੍ਹਾਂ ਦਾ ਸਾਰਾ ਪਰਵਾਰ ਹੀ ਸ਼ਹੀਦਾਂ ਨਾਲ ਸਬੰਧ ਰੱਖਦਾ ਹੈ ਗੁਰੂ ਨਾਲ ਬੇਵਫਾਈ ਕਿਵੇਂ ਕਰ ਸਕਦੇ ਸਨ ? ਹਾਂ ਦੁਨੀ ਚੰਦ ਵਰਗੇ ਮਸੰਦ ਜਰੂਰ ਸਾਥ ਛੱਡ ਗਏ ਸਨ ਮਸੰਦ ਤਾਂ ਪਹਿਲਾਂ ਹੀ ਗੁਰੂ ਤੋਂ ਔਖੇ ਸਨ ।
ਪਰ ਸੂਰਮਿਆਂ ਵਾਸਤੇ ਗੁਰਮਤਿ ਸਿਧਾਂਤ ਹੈ-
ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤੁ॥ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾਂ ਛਾਡੇ ਖੇਤੁ॥
ਸਰਸਾ ਦੇ ਬਰਸਾਤੀ ਰੋੜ੍ਹ ਨੇ ਗੁਰੂ ਦੇ ਸਮਸਤ ਸਿੰੰਘ ਪਰਵਾਰ ਨੂੰ ਵਿਛੋੜ ਦਿੱਤਾ ਜਦ ਵਿਛੜੇ ਘਰੀਂ ਪਹੁੰਚੇ ਤਾਂ ਅੱਗੋਂ ਘਰਵਾਲੀਆਂ ਨ ੇਲਾਹਨਤਾਂ ਪਾਈਆਂ ਕਿ ਤੁਸੀਂ ਚਪਣੀਆਂ ਚ’ ਨੱਕ ਡੋਬ ਕੇ ਕਿਉਂ ਨਾਂ ਮਰ ਗਏ ? ਔਖੇ ਵੇਲੇ ਗੁਰੂ ਦਾ ਸਾਥ ਛੱਡ ਆਏ ਹੋ ? ਲੈ ਆਹ ਫੜੋ ਚਕਲੇ-ਵੇਲਣੇ ਤੇ ਪੱਗਾਂ ਦੀ ਥਾਂ ਚੁੰਨੀਆਂ ਪਹਿਨ ਲਵੋ “ਪੱਗਾਂ ਪਾੜ ਕੇ ਸਿਰਾਂ ਤੇ ਲਓ ਲੀੜੇ, ਕਾਲਖ ਤਵੇ ਦੀ ਮੱਥੇ ਨੂੰ ਲਾ ਲਵੋ ਖਾਂ” ਸਿੰਘਾਂ ਨੇ ਜਦ ਗੁਰੂ ਤੋਂ ਵਿਛੋੜੇ ਦਾ ਕਾਰਣ ਦੱਸਿਆਂ ਕਿ ਕਿਵੇਂ ਸਰਸਾ ਨਦੀ ਦੇ ਰੋੜ੍ਹ ਚ’ ਵਹਿੰਦੇ ਹੀ ਵਿਛੜ ਗਏ ਹਾਂ ਹਨੇਰੇ ਵਿੱਚ ਜਿਧਰ ਨੂੰ ਰਾਹ ਮਿਲ਼ਿਆ ਉਧਰ ਨੂੰ ਚਲੇ ਗਏ ਤਾਂ ਕਿਤੇ ਜਾ ਕੇ ਸਿੰਘਣੀਆਂ ਦਾ ਗੁੱਸਾ ਠੰਡਾ ਹੋਇਆ। ਓਧਰੋਂ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਵੈਰੀ ਦਲਾਂ ਨਾਲ ਝੂਜਦੇ ਸ਼ਹੀਦ ਹੋ ਗਏ, ਤੇ ਹੋਰ ਅਨੇਕਾਂ ਅਕੀਦਤਮੰਦ ਸਿੰਘ ਵੈਰੀ ਨੂੰ ਚਨੇ ਚਬਾਂਉਂਦੇ ਸ਼ਹੀਦੀ ਜਾਮ ਪੀ ਗਏ ਤੇ ਛੋਟੇ ਸਰਹੰਦ ਵਿੱਚ ਸਰਹੰਦ ਵਿੱਚ ਗੰਗੂ ਬਾਮਣ ਦੀ ਮੁੱਖਬਰੀ ਅਤੇ ਸੁੱਚਾ ਨੰਦ ਖਤਰੀ ਈਰਖਾ ਬਲਦੀ ਤੇ ਤੇਲ ਪਾਉਣ ਤੇ ਸੂਬਾ ਸਰਹੰਦ ਦੇ ਹੁਕਮ ਨਾਲ ਬੜੀ ਬੇਰਦੀ ਨਾਲ ਦਿਵਾਰ ਵਿੱਚ ਜਿੰਦੇ ਚਿੱਣ ਕੇ ਸ਼ਹੀਦ ਕਰ ਦਿੱਤੇ ਹਨ ਤਾਂ ਮਾਈ ਭਾਗ ਕੌਰ ਤੇ ਭਾ. ਮਹਾਂ ਸਿੰਘ ਜਥੇਦਾਰ ਨੇ ਗੁਰੂ ਵਾਸਤੇ ਮਾਝੇ ਇਲਾਕੇ ਵਿੱਚ ਪੱਲੂ ਫੇਰ ਦਿੱਤਾ ਤਾਂ ਬੜੇ ਜੋਸ਼ ਨਾਲ ਮਾਝੇ ਤੇ ਫਿਰ ਦੁਆਬੇ ਦੇ ਸਿੰਘ ਸਿੰਘਣੀਆਂ ਮਾਈ ਭਾਈ ਹੋਰ ਪਿੰਡੋ-ਪਿੰਡੀ ਜ਼ਾਲਮ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਲੋਕਾਂ ਨੂੰ ਦਸਦੇ ਹੋਏ ਵਹੀਰ ਦੇ ਰੂਪ ਵਿੱਚ ਮਾਈ ਭਾਗ ਕੌਰ ਤੇ ਜਥੇਦਾਰ ਭਾਈ ਮਹਾਂ ਸਿੰਘ ਦੀ ਅਗਵਾਈ ਇਕੱਤਰ ਹੋ ਗੁਰੂ ਜੀ ਵੱਲ ਮਾਲਵੇ ਨੂੰ ਚੱਲ ਪਏ ਤੇ ਪਿੰਡ ਰਾਮੇਆਣੇ ਦੇ ਨੇੜੇ ਜਿਥੇ ਗੁਰੂ ਜੀ ਪਹੁੰਚੇ ਹੋਏ ਸਨ ਓਥੇ ਆਣ ਪਹੁੰਚੇ । ਓਥੋਂ ਖਿਦਰਾਣੇ ਦੀ ਢਾਬ 6 ਕੋਹਾਂ ਤੇ ਸੀ ਅਤੇ ਮਜਬੂਰੀ ਵਿੱਚ ਹੋਈ ਬੇ ਵਫਾਈ ਦੀ ਬਾਦਸ਼ਾਹ ਦਰਵੇਸ਼ ਗੁਰੂ ਪਾਸੋਂ ਖਿੰਮਾਂ ਮੰਗੀ । ਗੁਰੂ ਤਾਂ ਸਦਾ ਹੀ ਬਖਸ਼ਿੰਦ ਹੈ- ਜੈਸਾ ਬਾਰਿਕ ਭਾਇ ਸੁਭਾਈ ਲਖਿ ਅਪਰਾਧ ਕਮਾਵੈ॥ਕਰਿ ਉਪਦੇਸ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲਿ ਲਾਵੈ॥ ਲੱਖੀ ਜੰਗਲ ਵਿੱਚ ਭਾਰੀ ਇਕੱਠ ਹੋਇਆ, ਕਈ ਪੁਰਾਣੇ ਵਿਛੜੇ ਕਵੀ ਵੀ ਆ ਮਿਲੇ- ਲੱਖੀ ਜੰਗਲ ਖਾਲਸਾ ਆਇ ਦਿਦਾਰ ਕੀਤੋ ਨੇ।ਸੁਣ ਕੇ ਸੱਦ ਮਾਹੀ ਦਾ----॥ ਸਰਦਾਰ ਕਪੂਰੇ ਜੱਟ ਨਾਲ ਸਲਾਹ ਮਸ਼ਵਰਾ ਕਰਕੇ ਖਿਰਾਣੇ ਦੀ ਢਾਬ ਤੇ ਮੋਰਚਾ ਬੰਦੀ ਕੀਤੀ ਗਈ। ਗੁਰੂ ਜੀ ਆਪ ਟਿੱਬੀ ਤੇ ਚੱੜ੍ਹ ਗਏ। ਆਲੇ ਦੁਆਲੇ ਜੰਗਲ ਤੇ ਝਾੜੀਆਂ ਹੀ ਝਾੜੀਆਂ ਸਨ ਸਿੰਘਾਂ ਨੇ ਉਨ੍ਹਾਂ ਤੇ ਚਾਦਰਾਂ ਪਾ ਦਿੱਤੀਆਂ ਜੋ ਵੇਖਣ ਨੂੰ ਤੰਬੂ ਲਗਦੇ ਸਨ। ਵੈਸਾਖ ਦੀ 20-21 ਤਾਰੀਖ ਸੀ ਓਧਰੋਂ ਵੈਰੀ ਦਲ ਨੇ ਆ ਹੱਲਾ ਬੋਲਿਆ, ਸਿੰਘਾਂ ਨੇ ਵੀ ਜੈਕਾਰੇ ਬੁਲਾਉਂਦੇ ਹੋਏ ਤਲਵਾਰਾਂ ਸੂਤ ਲਈਆਂ। ਬੜੇ ਘਮਸਾਣ ਦਾ ਜੁੱਧ ਹੋਇਆ ਗੁਰੂ ਜੀ ਤੋਂ ਵਿਛੜੇ ਸਿੰਘਾਂ ਆ ਜ਼ਖਮੀ ਸ਼ੇਰਾਂ ਦੀ ਤਰਾਂ ਵੈਰੀਆਂ ਤੇ ਟੁੱਟ ਪਏ। ਵੈਰੀ ਨੂੰ ਲੈਣੇ ਦੇ ਦੇਣੇ ਪੈ ਗਏ। ਗਾਜਰ ਮੂਲੀਆਂ ਦੀ ਤਰਾਂ ਸਿੰਘਾਂ ਨੇ ਵਜ਼ੀਰ ਖਾਂ ਦੀਆਂ ਪਾਮਰ ਤੇ ਪਾਪੀ ਫੌਜਾਂ ਨੂੰ ਵੱਢਣਾ ਸ਼ੁਰੂ ਕੀਤਾ ਓਧਰੋਂ ਗੁਰੂ ਜੀ ਵੀ ਟਿੱਲੇ ਤੋਂ ਤੀਰਾਂ ਦੀ ਵਰਖਾ ਕਰ ਰਹੇ ਸਨ। ਆਖਰ ਟਿੱਡੀ ਦਲ ਦੇ ਸਾਹਮਣੇ ਕੁਝ ਗਿਣਤੀ ਦੇ ਸਿੰਘ ਕਿੰਨਾ ਕੁ ਚਿਰ ਲੜ ਸਕਦੇ ਸਨ । ਇਉਂ ਬਹੁਤ ਸਾਰੇ ਸਿੰਘ ਵੀ ਸ਼ਹੀਦ ਤੇ ਜ਼ਖਮੀ ਹੋ ਗਏ।ਸੂਬਾ ਸਰਹੰਦ ਆਪਣੀ ਫੌਜ ਦਾ ਭਾਰੀ ਨੁਕਸਾਨ ਕਰਵਾ, ਪਾਣੀ ਵਿਲਕਦੇ ਹੋਏ ਤੇ ਜਾਨਾਂ ਬਚਾਉਂਦੇ ਹੋਏ ਫੌਜੀਆਂ ਸਮੇਤ ਸਰਦਾਰ ਕਪੂਰੇ ਦੀ ਸਲਾਹ ਦੇਣ ਤੇ ਕਿ ਇਥੇ ਨੇੜੇ ਦਸ ਕੋਹਾਂ ਤੱਕ ਪਾਣੀ ਦੀ ਬੂੰਦ ਵੀ ਨਹੀਂ ਤਾਂ ਘਬਰਾਇਆ ਹੋਇਆ ਪਿਛੇ ਮੁੜ ਗਿਆ। ਉਸ ਦੇ ਆਪਣੇ ਫੌਜੀ ਵੀ ਕਹਿਣ ਲੱਗ ਪਏ ਜਿਹੜਾ ਗੁਰੂ ਲੱਖਾਂ ਦੀ ਗਿਣਤੀ ਵਿੱਚ ਘਿਰਿਆ ਸਾਡੇ ਹੱਥ ਨਹੀਂ ਆਇਆ ਇਨ੍ਹਾਂ ਖੁੱਲੀਆਂ ਰੇਤਲੀਆਂ ਤੇ ਖੁਸ਼ਕ ਜੂਹਾਂ ਵਿੱਚ ਉਸ ਨੂੰ ਪਕੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਉਂ ਗੱਲਾਂ ਕਰਦੇ ਮੂੰਹ ਦੀ ਖਾਕੇ ਮੁਗਲ ਤੇ ਪਹਾੜੀ ਤਿੱਤਰ-ਬਿੱਤਰ ਹੋ ਵਾਪਿਸ ਮੁੜ ਗਏ।

ਹੁਣ ਓਧਰੋਂ ਗੁਰੂ ਜੀ ਟਿੱਬੇ ਤੋਂ ਥੱਲੇ ਆਏ ਕੀ ਵਖਿਦੇ ਹਨ ਕਿ ਮੈਦਾਨੇ ਜੰਗ ਵਿੱਚ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋ ਚੁੱਕੇ ਹਨ। ਸਿੰਘਾਂ ਦੀ ਝਾੜੀਆਂ ਤੇ ਚਾਦਰਾਂ ਦੇ ਤੰਬੂ ਤਾਨਣ ਦੀ ਵਿਉਂਤ ਤੇ ਜਾਨਾਂ ਹੂਲ ਕੇ ਸ਼ਹੀਦ ਹੋਣ ਨੂੰ ਵੇਖ ਕੇ ਗੁਰੂ ਜੀ ਦਾ ਹਿਰਦਾ ਦ੍ਰਵ ਗਿਆ । ਆਪਣੇ ਹੱਥਾਂ ਚ’ ਰੁਮਾਲ ਲੈ ਸ਼ਹੀਦ ਸਿੰਘਾਂ ਦੇ ਮੁਖੜੇ ਸਾਫ ਕਰਦਿਆਂ ਕਿਸੇ ਨੂੰ ਪੰਜ ਹਜ਼ਾਰੀ, ਕਿਸੇ ਨੂੰ ਦਸ ਹਜ਼ਾਰੀ, ਕਿਸੇ ਨੂੰ ਵੀਹ ਹਜ਼ਾਰੀ, ਤੀਹ ਹਜ਼ਾਰੀ ਅਤੇ ਕਿਸੇ ਨੂੰ ਪੰਜਾਹ ਹਜ਼ਾਰੀ ਕਿਹਾ। ਮਾਈ ਭਾਗੋ ਵੀ ਇਸ ਜੰਗ ਵਿੱਚ ਜ਼ਖਮੀ ਹੋ ਗਈ ਜੋ ਬਾਅਦ ਵਿੱਚ ਗੁਰੂ ਜੀ ਨਾਲ ਨਾਦੇੜ ਵੱਲ ਚਲੀ ਗਈ ਤੇ ਅੰਤ ਤੱਕ ਨਾਲ ਰਹੀ। ਗੁਰੂ ਜੀ ਜਦ ਸਿੰਘਾਂ ਦੇ ਮੁਖੜੇ ਪੂੰਝਦੇ ਹੋਏ ਜਥੇਦਾਰ ਭਾ. ਮਹਾਂ ਸਿੰਘ ਕੋਲ ਪਹੁੰਚੇ ਜੋ ਅਜੇ ਸਹਿਕ ਰਿਹਾ ਸੀ ਗੁਰੂ ਜੀ ਨੇ ਉਸ ਦਾ ਮੁਖੜਾ ਆਪਣੇ ਰੁਮਾਲ ਨਾਲ ਪੂੰਝਿਆ ਤੇ ਮੁੱਖ ਵਿੱਚ ਕੁੱਝ ਪਾਣੀ ਪਾਇਆ ਤਾਂ ਭਾ. ਮਹਾਂ ਸਿੰਘ ਦੀਆਂ ਕੁਝ ਅੱਖਾਂ ਉਘੜੀਆਂ, ਆਖਰੀ ਸਵਾਸਾਂ ਤੇ ਸਰਬੰਸਦਾਨੀ ਗੁਰੂ ਦੇ ਦਰਸ਼ਨ ਕੀਤੇ ਚਿਹਰੇ ਤੇ ਕੁਝ ਰੌਣਕ ਆਈ , ਵੈਰਾਗ ਤੇ ਪਿਆਰ ਦੀ ਕਾਂਗ ਪੈਦਾ ਹੋ ਗਈ ਦੋਨੋਂ ਹੱਥ ਪਿਆਰੇ ਦੇ ਨੇਂਹ ਵਿੱਚ ਜੁੜ ਗਏ ਗੁਰੂ ਜੀ ਨੇ ਵੀ ਭਾ. ਮਹਾਂ ਸਿੰਘ ਦੀ ਇਹ ਹਾਲਤ ਦੇਖ ਕਿਹਾ ਮਹਾਂ ਸਿੰਘਾ ! ਤੁਸੀਂ ਮਹਾਨ ਹੋ, ਤੁਹਾਡੀਆਂ ਕੁਰਬਾਨੀਆਂ ਮਹਾਨ ਹਨ ਕੋਈ ਮਨ ਅੰਦਰ ਮਹਿਸੂਸ ਨਹੀਂ ਕਰਨਾ ਸਰਸਾ ਤੋਂ ਰੋੜੇ ਪੈ ਵਿਛੜਨ ਦੀ ਬੇ ਵਫਾਈ ਦਾ ਕਿਉਂਕੇ ਮੇਰੇ ਸਿੰਘ ਕਿਸੇ ਵੇਲੇ ਕਿਸੇ ਖਾਸ ਕਾਰਨ ਕਰਕੇ ਵਿਛੜ ਤਾਂ ਸਕਦੇ ਹਨ ਪਰ ਗੁਰੂ ਨੂੰ ਨਹੀਂ ਵਿਸਾਰਦੇ। ਇਹ ਸੁਣ ਮਹਾਂ ਸਿੰਘ ਜੀ ਦੀਆਂ ਅੱਖਾਂ ਚੋਂ ਵੈਰਾਗ ਦਾ ਜਲ ਵਹਿ ਤੁਰਿਆ ਤੇ ਥੜਕਦੀ ਜ਼ਬਾਨ ਵਿੱਚ ਫਿਰ ਵੀ ਮਜਬੂਰੀ ਕਾਰਨ ਹੋਈ ਬੇ ਵਫਾਈ ਦੀ ਖਿਮਾ ਮੰਗੀ। “ਗੁਰ ਬਖਸੰਦ ਸਦਾ ਮਿਹਰਵਾਨਾ” ਦੇ ਮਹਾਂਵਾਕ ਅਨੁਸਾਰ ਗੁਰੂ ਜੀ ਮਹਾਂ ਸਿੰਘ ਦਾ ਮੁੱਖੜਾ ਚੁੰਮਦੇ ਹੋਏ “ਮੁਕਤ ਦਾਨ” ਦੇ ਬਖਸ਼ਿਸ਼ ਕੀਤੀ। ਲੱਗ-ਪੱਗ ਚਾਲੀ ਦੇ ਕਰੀਬ ਸਿੰਘ ਸ਼ਹੀਦ ਹੋਏ। ਜਿਥੇ ਸਤਿਗੁਰੂ ਨੇ ਸਭ ਸ਼ਹੀਦਾਂ ਦਾ ਆਪਣੇ ਕਰ ਕਮਲਾਂ ਨਾਲ ਅੰਤਮ ਸਸਕਾਰ ਕੀਤਾ ਓਥੇ ਮੁਕਤਸਰ ਦਾ ਮਹਾਂਨ ਅਸਥਾਨ ਸੁਭਾਇਮਾਨ ਹੈ। ਮੁਕਤਸਰ ਤੋਂ ਭਾਵ ਹੈ ਮੁਕਤੀ ਦਾ ਸਰੋਵਰ (ਤਲਾਅ) ਜਿਥੇ ਇਹ ਥਾਂ ਪਹਿਲਾਂ ਆਮ ਤਲਾਅ ਸੀ ਸ਼ਹੀਦ ਸ਼ਿੰਘਾਂ ਦਾ ਡੁਲਿਆਂ ਖੂਨ ਤੇ ਗੁਰੂ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਕਰਕੇ ਮੁਕਤਸਰ ਬਣ ਗਿਆ। ਇਤਿਹਾਸ ਅਨੁਸਾਰ ਇਹ ਜੁੱਧ ਵੈਸਾਖ ਵਿੱਚ ਹੋਇਆ। ਵੈਸਾਖੀ ਦੀ ਫਸਲ ਪੱਕੀ ਹੋਈ ਸੀ ਕਿਸਾਨ ਉਸ ਨੂੰ ਸਾਂਭਨ ਵਿੱਚ ਰੁਝੇ ਹੋਏ ਸਨ ਪਰ ਫਿਰ ਵੀ ਸਦੀਆਂ ਤੋਂ ਲਿਤਾੜੇ ਹੋਇਆਂ ਨੂੰ ਸਵੈਮਾਨਤਾ ਦੀ ਜ਼ਿੰਦਗੀ ਬਖਸ਼ਣ ਵਾਲੇ ਮਹਾਂਨ ਗੁਰੂ ਦਾ ਹਰ ਸਮੇ ਸਾਥ ਦਿੱਤਾ। ਮਾਘੀ ਦੀ ਸੰਗਰਾਂਦ ਨਾਲ ਇਸ ਮਹਾਨ ਸਾਕੇ ਦਾ ਕੋਈ ਸਬੰਧ ਨਹੀਂ। ਸੰਗਰਾਦਾਂ ਦੇ ਇਸ਼ਨਾਨ ਤੇ ਪੂਜਾ ਚਲਾਕ ਬ੍ਰਾਹਮਣ ਦੀ ਕਾਢ ਹਨ ਗੁਰ ਫੁਰਮਾਨ ਹੈ-ਚਉਦਸ ਅਮਾਵਸ ਰਚਿ ਰਚਿ ਮਾਗਹਿ ਹਠੇ ਕਰਮ ਕਰਿ ਉਦਰ ਭਰਹਿ॥(ਪੰਨਾ 970) ਪਰ ਚੱਲੀ ਆ ਰਹੀ ਰਵਾਇਤ ਅਨੁਸਾਰ ਇਹ ਜੋੜ ਮੇਲਾ ਮਾਘ ਮਹੀਨੇ ਵਿੱਚ ਹੁੰਦਾ ਹੈ। ਮਾਘੀ ਦੇ ਇਸ਼ਨਾਨ ਬਾਰੇ ਗੁਰੂ ਜੀ ਬਾਰਹ ਮਾਹ ਦੀ ਬਾਣੀ ਵਿੱਚ ਲਿਖਦੇ ਹਨ ਕਿ-ਮਾਘਿ ਮਜਨੁ ਸੰਗਿ ਸਾਧੂਆਂ ਧੂੜੀ ਕਰਿ ਇਸਨਾਨੁ॥ਹਰਿ ਕਾ ਨਾਮੁ ਧਿਅਇ ਸੁਣਿ ਸਭਨਾ ਨੂੰ ਕਰਿ ਦਾਨੁ॥ ਭਾਵ ਭਲੇ ਪੁਰਖਾਂ ਦੀ ਸੰਗਤਿ ਕਰ ਨਿਮਰ ਹੋਣਾ ਹੀ ਮਾਘ ਦਾ ਪਵਿਤਰ ਇਸ਼ਨਾਨ ਅਤੇ ਪ੍ਰਮਾਤਮਾਂ ਦਾ ਨਾਮ ਜਪਣਾ ਹੋਰਨਾਂ ਨੂੰ ਜਪਾਉਂਣਾ ਹੀ ਉੱਤਮ ਦਾਨ ਹੈ। ਇਸ ਮੁਕਤਸਰ ਦੇ ਮਹਾਂਨ ਸਾਕੇ ਤੋਂ ਸਾਨੂੰ ਗੁਰੂ ਨਾਲ ਸਿੰਘਾਂ ਦਾ ਕਿਨਾ ਪਿਆਰ ਸੀ ਦਾ ਸਬਕ ਲੈਣਾ ਚਾਹੀਦਾ ਹੈ ਨਾਂਕਿ ਕੇਵਲ ਤੀਰਥ ਇਸ਼ਨਾਨ ਕਰ ਛੱਡਣਾ ਹੀ ਇਸ ਜੋੜ ਮੇਲੇ ਦਾ ਮਕਸਦ ਹੈ।
.