.

ਆਸਾ ਕੀ ਵਾਰ
ਗੁਰਮਤਿ ਵਿਚਾਰ ਦਰਸ਼ਨ ਅਤੇ ਸਟੀਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸਲੋਕੁ ਮਹਲਾ 2 ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥ 1 ॥ (474)

ਪਦ ਅਰਥ: ਚਾਕਰੁ- ਨੌਕਰ। ਚਾਕਰੁ ਲਗੈ ਚਾਕਰੀ- ਨੌਕਰ ਨੌਕਰੀ ਤਾਂ ਕਰਦਾ ਹੈ। ਨਾਲੇ- ਨੌਕਰੀ ਦੇ ਨਾਲ ਨਾਲ। ਗਾਰਬੁ ਵਾਦੁ- ਹੰਕਾਰ ਭਰੀਆਂ ਗਲਾਂ। ਘਣੇਰੀਆ- ਵੱਧ ਚੜ੍ਹ ਕੇ ਭਾਵ ਇਸ ਪ੍ਰਭਾਵ ਨਾਲ ਜਿਵੇਂ ਕਿ ਉਹ ਕੰਮ ਨਾ ਕਰੇ ਤਾਂ ਸ਼ਾਇਦ ਮਾਲਕ ਦਾ ਕੰਮ ਹੀ ਰੁਕ ਜਾਵੇ। ਸਾਦੁ- ਪ੍ਰਸੰਨਤਾ, ਖੁਸ਼ੀ। ਆਪੁ- ਆਪਣੇ ਆਪ ਨੂੰ, ਅਪਣਤ, ਹਉਮੈ, ਅਹੰਕਾਰ। ਤਾਂ- ਤਦੋਂ। ਮਾਨ- ਮਾਲਿਕ ਕੋਲੋਂ ਸਤਿਕਾਰ। ਜਿਸ ਨੋ ਲਗਾ- ਜਿਸ ਮਾਲਕ ਦੀ ਸੇਵਾ ਕਰਦਾ ਹੈ। ਲਗਾ ਸੋ ਪਰਵਾਨੁ- ਦਰਅਸਲ ਅਜੇਹੇ ਮਨੁੱਖ ਦੀ ਹੀ ਨੌਕਰੀ ਥਾਇ ਪੈਂਦੀ ਹੈ।1।
ਅਰਥ: ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ, ਤੇ ਨਾਲ-ਨਾਲ ਆਪਣੇ ਮਾਲਕ ਅਗੇ ਹੰਕਾਰ ਦੀਆਂ ਗਲਾਂ ਵੀ ਕਰੀ ਜਾਏ। ਇਹੋ ਜਿਹਾ ਵਧ-ਚੜ੍ਹ ਕੇ ਆਕੜ ਦੀਆਂ ਗਲਾਂ ਕਰਣ ਵਾਲਾ ਨੌਕਰ, ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ।
ਜੇਕਰ ਨੌਕਰ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁਝ ਆਦਰ ਮਿਲਦਾ ਹੈ। ਤਾਂ ਤੇ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਅਜੇਹਾ ਮਨੁੱਖ ਆਪਣੇ ਉਸ ਮਾਲਕ ਦੇ ਸੁਭਾਅ ਨੂੰ ਮਿਲ ਪੈਂਦਾ ਹੈ ਜਿਸ ਮਾਲਕ ਦੀ ਸੇਵਾ ਚ ਲਗਾ ਹੋਇਆ ਹੈ ਭਾਵ ਆਪਣਾ ਆਪ ਗੁਆ ਕੇ ਕਰਤੇ ਦੀ ਸੇਵਾ ‘ਚ ਲਗਾ ਹੋਇਆ ਮਨੁੱਖ ਹੀ ਕਰਤੇ ਦੇ ਦਰ ਤੇ ਕਬੂਲ ਹੁੰਦਾ ਹੈ।1।
ਗੁਰਮਤਿ ਵਿਚਾਰ ਦਰਸ਼ਨ- 1. ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ- ਸਲੋਕ ਰਾਹੀ ਗੁਰੂ ਪਾਤਸ਼ਾਹ ਇਕ ਸੰਸਾਰਕ ਨੌਕਰ ਅਤੇ ਮਾਲਕ ਦੀ ਸੌਖੀ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਸੰਸਾਰ ਪੱਧਰ ਤੇ ਵੀ ਕੋਈ ਨੌਕਰ ਅਪਨੇ ਮਾਲਿਕ ਦਾ ਦਿਲ ਤਾਂ ਹੀ ਜਿੱਤ ਸਕਦਾ ਹੈ ਜੇ ਉਹ ਮਾਲਿਕ ਨਾਲ ਸੁਭਾਅ ਮਿਲਾਕੇ ਅਤੇ ਉਸਦੀ ਆਗਿਆ ‘ਚ ਚਲੇ। ਇਸਦੇ ਉਲਟ ਜਿਹੜਾ ਨੌਕਰ, ਨੌਕਰੀ ਵੀ ਕਰੇ ਅਤੇ ਅਪਨੇ ਆਪ ਨੂੰ ਮਾਲਿਕ ਤੋਂ ਵਧ ਸਿਆਣਾ ਬਣਕੇ ਉਸ ਨਾਲ ਹੰਕਾਰ ਭਰੇ ਲਹਿਜੇ ‘ਚ ਵੀ ਚਲੇ ਤਾਂ ਅਜੇਹਾ ਨੌਕਰ ਚਾਹੇ ਕਿੰਨਾ ਵੀ ਵਧੀਆ ਕੰਮ ਕਰ ਦੇਵੇ ਪਰ ਅਪਨੇ ਮਾਲਕ ਦੇ ਹਿਰਦੇ ‘ਚ ਅਪਨੀ ਜਗ੍ਹਾ ਨਹੀਂ ਬਣਾ ਸਕਦਾ।
ਦੁਨਿਆਵੀ ਨੌਕਰ ਦੀ ਮਿਸਾਲ ਦੇਕੇ ਗੁਰਦੇਵ ਸਮਝਾਂਦੇ ਹਨ, ਠੀਕ ਇਸੇਤਰ੍ਹਾਂ ਜੇਕਰ ਮਨੁੱਖ ਚਾਹੁੰਦਾ ਹੈ ਕਿ ਉਹ ਅਕਾਲਪੁਰਖੁ ਦੀ ਦਰਗਾਹ ‘ਚ ਕਬੂਲ ਹੋਵੇ, ਅਕਾਲਪੁਰਖੀ ਗੁਣ ਉਸ ਦੇ ਜੀਵਨ ਚੋਂ ਪ੍ਰਗਟ ਹੋਣ, ਉਸਦੀ ਬਖਸ਼ਿਸ਼ ਨੂੰ ਹਾਸਲ ਕਰ ਸਕੇ ਤਾਂ ਉਸ ਲਈ ਵੀ ਇਹੀ ਤਰੀਕਾ ਹੈ ਕਿ ਸਦਾ ਪ੍ਰਭੁ ਦੇ ਰੰਗ ‘ਚ ਰੰਗਿਆ ਰਵੇ। ਕਰਤਾਰ ਦੀ ਕਰਣੀ ਉਪਰ ਕਿਉਂ-ਕਿੰਤੂ, ਉਲਾਹਣੇ ਵਾਲਾ ਸੁਭਾਅ ਨਾ ਬਣਾਵੇ। ਇਸਤਰ੍ਹਾਂ ਅਪਣੇ ਆਪ ਨੂੰ ਕਰਤਾਰ ਤੋਂ ਵੱਧ ਸਿਆਣਾ ਬਣਾ ਕੇ ਨਾ ਚਲੇ। ਇਹੀ ਇਕ ਢੰਗ ਹੈ ਪ੍ਰਭੁ-ਮਾਲਿਕ ਦੀ ਦਰਗਾਹ ਵਿਚੋਂ ਮਾਣ ਪ੍ਰਾਪਤ ਕਰਨ ਦਾ।
2. ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ- ਆਮ ਤੌਰ ਤੇ ਮਨੁੱਖ ਸੁਆਲ ਕਰਦਾ ਹੈ ਕਿ ਅਕਾਲਪੁਰਖੁ ਅਥਵਾ ਗੁਰੂ ਦੀ ਭਖਸ਼ਿਸ਼ ਹੈ ਕੀ ਅਤੇ ਜੀਵ ਅਕਾਲਪੁਰਖੁ ਅਥਵਾ ਗੁਰੂ ਦੀ ਬਖਸ਼ਿਸ਼ ਜਾਂ ਖੁਸ਼ੀ ਨੂੰ ਪ੍ਰਾਪਤ ਕਿਵੇਂ ਕਰ ਸਕਦਾ ਹੈ। ਗੁਰਦੇਵ ਨੇ ਇਥੇ ਕਮਾਲ ਕਰ ਦਿਤੀ ਹੈ ਜਦੋਂ ਨੌਕਰ-ਮਾਲਿਕ ਦੀ ਰੋਜ਼ਮੱਰਾ ਦੀ ਦੁਨਿਆਵੀ ਮਿਸਾਲ ਦੇ ਕੇ ਇਸ ਸਚਾਈ ਨੂੰ ਬਹੁਤ ਹੀ ਸੌਖੇ ਢੰਗ ਪ੍ਰਗਟ ਕਰ ਦਿਤਾ ਹੈ। ਇਸੇਤਰ੍ਹਾਂ ਅਗਲੇ ਕੁਝ ਸਲੋਕਾਂ ‘ਤੇ ਪਉੜੀਆਂ ਰਾਹੀ ਵੀ ਗੁਰੂ ਸਾਹਿਬ ਨੇ ਨੌਕਰ ਅਤੇ ਮਾਲਿਕ ਵਾਲੀ ਇਸੇ ਮਿਸਾਲ ਨੂੰ ਹੋਰ ਵੀ ਵੇਰਵੇ ਨਾਲ ਲਿਆ ਹੈ।1।
ਮਹਲਾ 2 ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥ 2 ॥ (474)

ਪਦ ਅਰਥ: ਜੀਇ- ਹਿਰਦੇ ਵਿਚ, ਮਨ ਵਿਚ। ਮੁਹ ਕਾ ਕਹਿਆ- ਮੂੰਹ ਦਾ ਆਖਿਆ ਹੋਇਆ, ਦਿਖਾਵੇ ਦੀਆਂ ਗਲਾਂ, ਜ਼ਬਾਨ ਤੇ ਕੁਝ ਹੋਰ ਤੇ ਮਨ ‘ਚ ਕੁਝ ਹੋਰ। ਵਾਉ- ਹਵਾ, ਜਿਵੇਂ ਹਵਾ ਆਈ ਤੇ ਚਲੀ ਗਈ ਉਸੇ ਤਰ੍ਹਾਂ ਓਪਰਾ ਓਪਰਾ, ਵਿਅਰਥ। ਬਿਖੁ- ਜ਼ਹਿਰ, ਸੰਸਕ੍ਰਿਤ ਦੇ ਲਫ਼ਜ਼ ‘ਵਿਸ਼’ ਦਾ ਪੰਜਾਬੀ ਰੂਪ ‘ਬਿਖ’। ਨਿਆਉ- ਨਿਆਂ, ਇਨਸਾਫ। ਵੇਖਹੁ ਏਹੁ ਨਿਆਉ- ਇਸ ਇਨਸਾਫ ਨੂੰ ਵੇਖੋ, ਇਹ ਕਿਹੜੀ ਨਿਆਂ ਦੀ ਗਲ ਹੈ, ਭਾਵ ਇਹ ਨਹੀਂ ਹੋ ਸਕਦਾ।2।
ਅਰਥ: ਜੋ ਮਨੁੱਖ ਦੇ ਸੁਭਾਉ ਅਥਵਾ ਮਨ ਵਿਚ ਹੁੰਦਾ ਹੈ, (ਦਰਅਸਲ) ਉਹੋ ਜਿਹਾ ਹੀ ਮਨੁੱਖ ਦਾ ਜੀਵਨ ਸਾਹਮਣੇ ਆਉਂਦਾ ਹੈ। ਕੇਵਲ ਦਿਖਾਵੇ ਦੀਆਂ ਗਲਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। (ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਜਿਸਤਰ੍ਹਾਂ ਦੀ ਸੋਚਣੀ ਜਾਂ ਅੰਤਰ-ਆਤਮਾ ਹੁੰਦੀ ਹੈ ਉਹੋ ਜਿਹਾ ਉਸ ਦਾ ਜੀਵਨ ਤਿਆਰ ਹੁੰਦਾ ਹੈ) ਇਹ ਨਹੀਂ ਹੋ ਸਕਦਾ ਕਿ ਮਨੁੱਖ ਬੀਜੇ ਤਾਂ ਜ਼ਹਿਰ ਅਤੇ ਫਲ ਮੰਗੇ ਅੰਮ੍ਰਿਤ ਦਾ, ਕਿੰਨਾ ਅਜੀਬ ਇਨਸਾਫ ਹੈ? ਭਾਵ ਕਦੇ ਵੀ ਸੰਭਵ ਨਹੀਂ।
ਜੋ ਕੁਝ ਦਿਲ ਵਿਚ ਹੁੰਦਾ ਹੈ, ਉਹੀ ਪ੍ਰਗਟ ਹਂੰੁਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲਗਦਾ ਹੈ, ਜੇ ਨੀਯਤ ‘ਚ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੀ ਹੁੰਦਾ ਹੈ । ਕੇਡੀ ਅਚਰਜ ਗਲ ਹੈ ਕਿ ਮਨੁੱਖ ਬੀਜਦਾ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ ਪਰ ਫਲ) ਮੰਗਦਾ ਹੈ ਅੰਮ੍ਰਿਤ ਜੋ ਸੰਭਵ ਨਹੀਂ।2।
ਗੁਰਮਤਿ ਵਿਚਾਰ ਦਰਸ਼ਨ- 1. ਜੋ ਜੀਇ ਹੋਇ ਸੁ ਉਗਵੈ- ਸਚਾ ਧਰਮੀ ਹੋਣ ਲਈ ਮਨੁੱਖ ਦਾ ਅੰਦਰੋਂ ਬਾਹਰੋਂ ਇਕੋ ਜਿਹਾ ‘ਤੇ ਉਚੇ ਆਚਰਣ ਵਾਲਾ ਹੋਣਾ ਜ਼ਰੂਰੀ ਹੈ। ਇਹ ਇਕ ਸਚਾਈ ਹੈ ਕਿ ਮਨੁੱਖ ਦਾ ਪ੍ਰਭੁ ਨਾਲ ਰਿਸ਼ਤਾ, ਆਤਮਕ ਹੈ ਸਰੀਰਕ ਨਹੀਂ। ਸਰੀਰ ਤਾਂ ਇਸ ਦੇ ਲਈ ਕੇਵਲ ਪ੍ਰਗਟਾਵਾ ਹੀ ਹੈ। ਇਹੀ ਕਾਰਨ ਹੈ, ਕੋਈ ਮਨੁੱਖ ਬਾਹਰੋਂ ਆਪਣੇ ਆਪ ਨੂੰ ਕੀ ਪੇਸ਼ ਕਰ ਰਿਹਾ ਹੈ ਕਰਤੇ ਦੇ ਦਰ ਤੇ ਇਸ ਦਾ ਕੋਈ ਮੁੱਲ ਨਹੀਂ, ਉਹ ਇਵੇਂ ਹੈ ਜਿਵੇਂ ਹਵਾ ਆਈ ਤੇ ਚਲੀ ਗਈ। ਤਾਂਤੇ ਜ਼ਰੂਰੀ ਹੈ ਜੇਕਰ ਮਨੁੱਖ ਨੇ ਜੀਵਨ ਦੀ ਸਾਂਝ ਅਪਨੇ ਅਸਲੇ ਅਕਾਲਪੁਰਖੁ ਨਾਲ ਬਨਾਉਣੀ ਹੈ ਤਾਂ ਉਸ ਨੂੰ ਮਨ ਕਰਕੇ ਕਰਤਾਰ ਦਾ ਹੀ ਬਨਣਾ ਹੋਵੇਗਾ ਅਤੇ ਮਨ ਨੂੰ ਉਸਦੇ ਰੰਗ ‘ਚ ਹੀ ਰੰਗਣਾ ਹੋਵੇਗਾ। ਵੱਡਾ ਲਾਭ ਇਹ ਹੋਵੇਗਾ, ਜੇਕਰ ਮਨੁੱਖ ਮਨ ਕਰਕੇ ਉਸਦੇ ਨਿਰਮਲ ਭਉ ‘ਚ ਆ ਜਾਵੇਗਾ ਤਾਂ ਸਰੀਰ ਕਦੇ ਉਲਟੇ ਰੁਖ ਜਾ ਹੀ ਨਹੀਂ ਸਕੇਗਾ। ਮਨ ਕਰਕੇ ਸੁਅੱਛ ਤੇ ਸਦ-ਗੁਣੀ ਮਨੁੱਖ ਨੂੰ ਬਾਹਰ ਦੇ ਕਿਸੇ ਦਿਖਾਵੇ ਆਡੰਬਰ ਦੀ ਲੋੜ ਨਹੀਂ ਰਹਿ ਜਾਂਦੀ ਅਤੇ ਇਸਦੇ ਨਾਲ ਉਹ ਸਤਿਕਾਰਜੋਗ ਵੀ ਹੋ ਜਾਂਦਾ ਹੈ।
2. ਬੀਜੇ ਬਿਖੁ ਮੰਗੈ ਅੰਮ੍ਰਿਤੁ- ਬਹੁਤੇ ਲੋਕ, ਦਿਖਾਵੇ ਦੇ ਤਾਂ ਵਧ-ਚੜ੍ਹ ਕੇ ਧਰਮੀ ਹੁੰਦੇ ਹਨ ਪਰ ਸੁਭਾਅ ਕਰਕੇ ਧਰਮੀ ਨਹੀਂ ਹੁੰਦੇ। ਬਾਹਰੋਂ ਸਾਰੇ ਧਰਮ ਕਰਮ ਤੇ ਨੀਯਮ ਕਰਦੇ ਹਨ ਪਰ ਮਨ ਅੰਦਰ ਕੱਪਟ, ਸੁਆਰਥ, ਵਿਭਚਾਰ ਆਦਿ ਅਉਗਣ ਭਰੇ ਹੁੰਦੇ ਹਨ। ਉਨ੍ਹਾਂ ਦੀ ਮੂਲ ਭਾਵਨਾ, ਲੋਕਾਂ ‘ਚ ਕੇਵਲ ਅਪਨੀ ਭੱਲ ਬਨਾਉਣੀ ਜਾ ਦੂਜਿਆਂ ਨੂੰ ਧੋਖਾ ਦੇਣਾ ਹੀ ਹੁੰਦੀ ਹੈ। ‘ਸਿੰਮਲ ਰੁਖ’ ਵਾਲੇ ਸਲੋਕ ‘ਚ ਵੀ ਪਾਤਸ਼ਾਹ ਨੇ ਨਿਮ੍ਰਤਾ ਦੇ ਗੁਣ ਦੀ ਗਲ ਕਰਦਿਆ ਦਸਿਆ ਸੀ, ਜੇਕਰ ਮਨ ‘ਚ ਖੋਟ ਤੇ ਕੱਪਟ ਹੋਵੇ ਫ਼ਿਰ ਮਨੁੱਖ ਬਾਹਰੋਂ ਭਾਵੇਂ ਨਿਮ੍ਰਤਾ ਦੇ ਕਿੰਨੇ ਵਧ ਦਿਖਾਵੇ ਪਿਆ ਕਰੇੇ। ਇਹ ਦਿਖਾਵੇ ਦੀ ਨਿਮ੍ਰਤਾ, ਚੰਗਾ ਮਨੁੱਖ ਬਨਣ ਲਈ ਕਦੇ ਵੀ ਲਾਹੇਵੰਦ ਨਹੀਂ ਹੁੰਦੀ।
ਪਾਤਸ਼ਾਹ ਇਸ ਸਲੋਕ ਰਾਹੀਂ ਇਸੇ ਸਚਾਈ ਨੂੰ ਪ੍ਰਗਟ ਕਰ ਰਹੇ ਹਨ ਕਿ ਮਨੁੱਖ ਦਾ ਜੀਵਨ ਉਹੋ ਜਿਹਾ ਹੀ ਬਣਦਾ ਹੈ ਜਿਸਤਰ੍ਹਾਂ ਉਸ ਦੇ ਮਨ ਦੀ ਤਿਆਰੀ ਹੋਵੇ। ਜੋ ਮਨੁੱਖ ਮਨ ਕਰਕੇ ਖੋਟੀ ਰਹਿਣੀ ਦੇ ਹੁੰਦੇ ਹਨ, ਕਿਸੇ ਲਈ ਤਾਂ ਬਾਦ ‘ਚ ਬਲਕਿ ਪਹਿਲਾਂ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਨ। ਜੀਵਨ ਪਖੋਂ ਤਾਂ ਉਹ ਖੋਖਲੇ ਹੁੰਦੇ ਹੀ ਹਨ, ਕਈ ਵਾਰੀ ਬਾਹਰੀ ਧਾਰਮਕ ਦਿਖਾਵਾ ਵੀ ਜ਼ਿਆਦਾ ਦਿਨ ਨਹੀਂ ਬਣਿਆ ਰਹਿੰਦਾ। ਇਸਦੇ ਨਾਲ ਨਾਲ ਉਹ ਅਪਣੇ ਲਈ ਵੀ ਮੁੜ ਜਨਮ-ਮਰਣ ਦੇ ਗੇੜ੍ਹ ਨੂੰ ਛੇੜਣ ਦਾ ਕਾਰਨ ਬਣੇ ਹੁੰਦੇ ਹਨ। ਕੁੱਦਰਤੀ ਹੈ ਕਿ ਹਰੇਕ ਮਨੁੱਖ ਅਪਨੇ ਲਈ ਸੌਖੀ ਤੇ ਸਤਿਕਾਰ ਭਰਪੂਰ ਜ਼ਿੰਦਗੀ ਹੀ ਚਾਹੁੰਦਾ ਹੈ। ਇਸਦੇ ਉਲਟ ਅੰਦਰ ਦੀ ਖੋਟ ਕਾਰਨ ਜੋ ਲੋਕ ਅਪਨੇ ਲਈ ਹੀ ਗੁਣਾਹਾਂ ਵਾਲਾ ਜ਼ਹਿਰ ਬੀਜ ਰਹੇ ਹੁੰਦੇ ਹਨ ਤੇ ਫ਼ਿਰ ਵੀ ਜੀਵਨ ‘ਚ ਉਗੇ ਚਾਹੁੰਦੇ ਹਨ ਮਿੱਠੇ ਫਲ; ਕਦੇ ਸੰਭਵ ਨਹੀਂ। ਇਸੇ ਕਾਰਨ ਬਾਣੀ ‘ਚ ਮਨੁੱਖ ਲਈ ਸਤਿਸੰਗ ਅਤੇ ਗੁਰੂ ਕੀ ਸੰਗਤ ਵਾਲਾ ਨੀਯਮ ਦਿਤਾ ਹੈ ਤਾਕਿ ਮਨੁੱਖ ਅਪਨੀ ਸੰਭਾਲ ਕਰ ਸਕੇ ਅਤੇ ਅਜੇਹੀ ਬਨਾਵਟੀ ਜ਼ਿੰਦਗੀ ਤੋਂ ਬਚਿਆ ਰਵੇ।
ਮਹਲਾ 2 ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥ 3 ॥ (474)
ਪਦ ਅਰਥ: ਨਾਲਿ ਇਆਣੇ- ਅਧੂਰੇ ਨਾ ਸਮਝ ਮਨ ਨਾਲ। ਇਆਣਾ- ਮਨ। ਦੋਸਤੀ- ਸਾਂਝ, ਇਆਣੇ ਮਨ ਨਾਲ ਦੋਸਤੀ, ਮਨ ਪਿਛੇ ਚਲਣ ਦਾ ਸੁਭਾਅ, ਮਨਮਤੀਆ। ਜੇਹਾ ਜਾਣੈ- ਮਨ ਦੀ ਜਿਹੋ ਜਿਹੀ ਸਮਝ ਹੁੰਦੀ ਹੈ। ਤੇਹੋ ਵਰਤੈ- ਉਹੋ ਜਿਹਾ ਹੀ ਕੰਮ ਕਰਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਨੂੰ ਪਿਛੇ ਲਾ ਲੈਂਦਾ ਹੈ। ਨਿਰਜਾਸਿ- ਨਿਰਣਾ ਕਰਕੇ, ਪਰਖ ਕੇ। ਸਮਾਵੈ- ਪੈ ਸਕਦੀ ਹੈ, ਸਮਾ ਸਕਦੀ ਹੈ, ਇਕਸਾਰ ਹੋ ਸਕਦੀ ਹੈ। ਪਾਸਿ- ਲਾਂਭੇ, ਵਖਰੀ। ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ- ਕਿਸੇ ਇਕ ਚੀਜ਼ ‘ਚ ਕੋਈ ਵਸਤ ਤਾਂ ਹੀ ਇਕਸਾਰ ਹੋ ਸਕਦੀ ਹੈ ਜੇਕਰ ਉਸ ‘ਚ ਪਹਿਲਾਂ ਤੋਂ ਪਈ ਹੋਈ ਵਸਤ ਕਢ ਲਈ ਜਾਵੇ ਤਾਂ, ਇਸੇਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਮੋੜਣ ਲਈ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਬਦਲਿਆ ਜਾਏ। ਸਾਹਿਬ ਸੇਤੀ- ਮਾਲਿਕ ਦੇ ਨਾਲ। ਬਣੈ- ਫਬਦੀ ਹੈ। ਕੂੜਿ ਕਮਾਣੈ- ਛਲ ਕੀਤਿਆਂ, ਧੋਖੇ ਠਗੀਆਂ ਦਾ ਕੰਮ ਕੀਤਿਆ, ਦੁਨਿਆਵੀ ਧੰਦਿਆਂ ‘ਚ ਫਸੇ ਰਹਿਣ ਨਾਲ। ਕੂੜੋ ਹੋਵੈ- ਅਪਨੇ ਜੀਵਨ ਲਈ ਵੀ ਧੋਖਾ ਹੀ ਹੁੰਦਾ ਹੈ, ਇਹ ਤਾਂ ਅਪਣੇ ਅਮੁਲਾ ਜੀਵਨ ਨੂੰ ਹੀ ਕੂੜਾ ਕਰਨਾ ਤੇ ਕੁਰਾਹੇ ਪਾਉਣਾ ਹੈ। ਵਿਗਾਸਿ- ਵਿਗਸੀ ਦਾ ਹੈ, ਅੰਦਰ ਖੇੜਾ ਆਉਂਦਾ ਹੈ, ਮਸਤੀ ਆਉਂਦੀ ਹੈ, ਅਨੰਦ ਤੇ ਟਿਕਾਅ ਆਉਂਦਾ ਹੈ।3।
ਅਰਥ- ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਇਆਣੇ ਮਨ ਨਾਲ ਲਾਈ ਹੋਈ ਦੋਸਤੀ ਕਦੇ ਸਿਰੇ ਨਹੀਂ ਚੜ੍ਹਦੀ। ਕਿਉਂਕਿ ਮਨ ਦਾ ਰਵਈਆ ਉਹੋ ਹੁੰਦਾ ਹੈ ਜਿਹੋ ਜਹੀ ਉਸ ਦੀ ਅਪਨੀ ਬਨਾਵਟ ਹੁੰਦੀ ਹੈ। ਭਾਵ ਮਨ ਦੇ ਆਖੇ ਲਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਮਨੁੱਖ ਨੂੰ ਆਪਣੀ ਸੁਭਾਅ ਮੁਤਾਬਕ ਵਿਕਾਰਾਂ ਵਲ ਹੀ ਲਈ ਫਿਰਦਾ ‘ਤੇ ਮਨਮਤੀਆ ਹੀ ਬਣਾਉਂਦਾ ਹੈ।
ਕਿਸੇ ਇਕ ਚੀਜ਼ (ਬਰਤਨ ਆਦਿ ‘ਚ) ‘ਚ ਹੋਰ ਚੀਜ਼ ਤਾਂ ਹੀ ਇਕਸਾਰ ਹੋ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਚੀਜ਼ ਕਢ ਲਈ ਜਾਏ। (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਮੋੜਣ ਲਈ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਬਣਿਆ ਸੁਭਾਉ ਬਦਲਿਆ ਜਾਵੇ)। (ਦਰਅਸਲ) ਅਕਾਲਪੁਰਖੁ ਅਗੇ ਕਿਸੇ ਦਾ ਹੁਕਮ ਨਹੀਂ ਚਲਦਾ, ਉਸ ਦੇ ਚਰਣਾਂ ‘ਚ ਤਾਂ ਕੇਵਲ ਅਰਦਾਸ (ਸਮਰਪਣ) ਹੀ ਫਬਦੀ ਹੈ।
ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਦੁਨਿਆਵੀ ਧੰਧਿਆਂ ‘ਚ ਰੁਝਾ ਰਹਿਕੇ ਮਨੁੱਖ ਅਸਲ ‘ਚ ਅਪਨਾ ਜੀਵਨ ਹੀ ਬਰਬਾਦ ਕਰਦਾ ਹੈ ਭਾਵ, ਜਿੰਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ‘ਚ ਲਗਾ ਰਹਿੰਦਾ ਹੈ, ਉਨਾ ਚਿਰ ਚਿੰਤਾ-ਭਟਕਣਾ ਚ ਹੀ ਫਸਿਆ ਰਹਿੰਦਾ ਹੈ। ਕਿਉਂਕਿ ਜੀਵਨ ‘ਚ ਅਸਲ ਖੇੜਾ, ਮੱਸਤੀ, ਟਿਕਾਅ ਨੂੰ ਲਿਆਉਣ ਲਈ ਕੇਵਲ ਕਰਤੇ ਦੀ ਸਿਫ਼ਤ ਸਲਾਹ ਵਾਲਾ ਇਕੋ ਇਕ ਨਿਵੇਕਲਾ ਰਸਤਾ ਹੈ ਭਾਵ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਜੀਵਨ ‘ਚ ਖਿੜਾਅ ਲਿਆ ਸਕਦੀ ਹੈ (ਇਸਤਰ੍ਹਾਂ ਸੰਸਾਰਕ ਧੰਦੇ ਵੀ ਪੱਕੜ ਨਹੀਂ ਬਲਕਿ ਪ੍ਰਭੁ ਪਿਆਰ ਦਾ ਮਾਰਗ ਬਣਦੇ ਹਨ)।3।
ਗੁਰਮਤਿ ਵਿਚਾਰ ਦਰਸ਼ਨ: 1. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ- ਗੁਰੂਦਰ ਤੇ ਮਨ ਨੂੰ ਸਦਾ ਇਆਣਾ ਅਤੇ ਮਨ ਪਿਛੇ ਟੁਰਣ ਵਾਲੇ ਨੂੰ ਮਨਮਤੀਆ ਕਿਹਾ ਹੈ। ਮਨਮਤੀਏ ਵਾਸਤੇ ਤਾਂ ਗੁਰਦੇਵ ਨੇ ਗੁਰਬਾਣੀ ‘ਚ ਕਰੜੀ ਤੋਂ ਕਰੜੀ ਸ਼ਬਦਾਵਲੀ ਵਰਤੀ ਹੈ। ਮਨੁੱਖ ਨੂੰ ਸਦਾ ਗੁਰੂ-ਗੁਰਬਾਣੀ ਦੀ ਆਗਿਆ ‘ਚ ਚਲ ਕੇ ਆਪਣੀ ਸੰਭਾਲ ਦੀ ਹਦਾਇਤ ਕੀਤੀ ਹੈ। ਸਪਸ਼ਟ ਕੀਤਾ ਹੈ, ਜਿਹੜੇ ਮਨੁੱਖ ਮਨ ਪਿਛੇ ਟੁਰਦੇ ਹਨ, ਉਹ ਮਨਮਤੀਏ ਕਦੇ ਵੀ ਆਪਣੇ ਜੀਵਨ ਦੀ ਸੰਭਾਲ ਨਹੀਂ ਕਰ ਸਕਦੇ। ਕਿਉਂਕਿ ਮਨ ਦਾ ਕੁਦਰਤੀ ਸੁਭਾਅ ਹੀ ਢਲਾਣ, ਕਮਜ਼ੋਰੀਆਂ, ਅਉਗਣਾ, ਵਿਭਚਾਰ, ਜੁਰਮਾਂ ਆਦਿ ਵਲ ਵਧਣਾ ਹੈ ਜਦੋਂ ਤੀਕ ਕਿ ਇਸਦੀ ਘਾੜਤ ਰੱਬੀ ਗਿਆਨ ਨਾਲ ਹੀ ਨਾ ਹੋ ਜਾਵੇ। ਇਸੇ ਕਾਰਨ ਜਿਹੋ ਜਿਹਾ ਮਨ ਆਪ ਗੁਮਰਾਹ ਹੁੰਦਾ ਹੈ, ਉਹੋ ਜਿਹਾ ਹੀ ਮਨੁੱਖ ਨੂੰ ਵੀ ਕੁਰਾਹੇ ਪਾਂਦਾ ਹੈ। ਦੁਨਿਆਵੀ ਰਸਾਂ-ਕਸਾਂ ‘ਚ ਫਸਿਆ ਮਨ ਮਨੁੱਖ ਦੇ ਜੀਵਨ ਨੂੰ ਕਿਵਂੇ ਕਰਤਾਰ ਵਾਲੇ ਪਾਸੇੇ ਮੋੜ ਸਕਦਾ ਹੈ? ਗੁਰਦੇਵ ਇਥੋਂ ਤੀਕ ਸਲਾਹ ਦਿੰਦੇ ਹਨ ਜੇ ਕੋਈ ਚਾਹੇ ਤਾਂ ਇਸਨੂੰ ਪਰਖ ਕੇ ਵੀ ਤੱਕ ਲਵੇ ਜਾਂ ਉਨ੍ਹਾਂ ਦੇ ਜੀਵਨ ਵਲ ਝਾਤ ਮਾਰ ਦੇਖੇ ਕਿ ਜੋ ਮਨਮਤੀਏ-ਨਿਗੁਰੇ, ਮਨ ਪਿਛੇ ਲਗ ਕੇ ਸੰਸਾਰਕ ਰਸਾਂ, ਕਸਾਂ, ਛਲ, ਕਪਟ, ਹਉਮੈ, ਚਤੁਰਾਈਆਂ ‘ਚ ਫਸੇ ਰਹਿ ਕੇ ਆਪਣੀ ਜੀਵਨ ਦੀ ਨਈਆਂ ਡੁਬੋ ਰਹੇ ਹਨ।
2. ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ- ਜਦੋਂ ਮਨੁੱਖ ਜੀਵਨ ਦੇ ਅਸਲ ਮਾਰਗ ਤੋਂ ਅਣਜਾਣ, ਅਪਣੇ ਮਨ ਪਿੱਛੇ ਦੌੜ ਰਿਹਾ ਹੋਵੇ ਅਤੇ ਉਸ ਵਿਚੋਂ ਜੀਵਨ ਦੀ ਸ਼ਾਂਤੀ ਵੀ ਢੂੰਡ ਰਿਹਾ ਹੋਵੇਾਂ ਇਹ ਇਕ ਅਣਹੋਣੀ ਗਲ ਹੈ। ਤਾਂਤੇ ਹਰ ਸਮੇਂ ਤ੍ਰਿਸ਼ਨਾ, ਭੱਟਕਣਾ, ਕੂੜ ਦੀ ਅੱਗ ‘ਚ ਸੜ ਰਹੇ ਮਨਮਤੀਏ ਮਨੁੱਖ ਨੂੰ ਗੁਰਦੇਵ ਸਪਸ਼ਟ ਕਰਕੇ ਸਮਝਾਂਦੇ ਹਨ, ਕਰਤੇ ਦੀ ਸਿਫ਼ਤ ਸਲਾਹ ਜਿਹੜਾ ਕਿ ਇਸ ਮਨੁੱਖਾ ਜਨਮ ਦੀ ਸਫ਼ਲਤਾ ਦਾ ਦਿਕੋਇਕ ਤੇ ਨਿਵੇਕਲਾ ਰਾਹ ਹੈ ਉਸ ਤੋਂ ਬਿਨਾਂ ਮਨ ਦੀ ਸ਼ਾਂਤੀ ਤਿੰਨ ਕਾਲ ਸੰਭਵ ਨਹੀਂ। ਗੁਰਦੇਵ ਫ਼ੈਸਲਾ ਦੇਂਦੇ ਹਨ, ਇਸਦੇ ਲਈ ਪਹਿਲੀ ਲੌੜ ਇਹੀ ਹੈ ਕਿ ਮਨੁੱਖ ਅਪਣੇ ਸੰਸਾਰਕ ਰਸਾਂ-ਕਸਾਂ ‘ਚ ਖੱਚਤ ਹੋਏ ਮਨ ਦੇ ਪੁਰਾਣੇ ਸੁਭਾਅ ਨੂੰ ਬਦਲੇ ਤਾਂ ਹੀ ਇਹ ਮਨ ਪ੍ਰਭੁ ਦੀ ਸਿਫ਼ਤ ਸਲਾਹ ਵਾਲਾ ਅਸਲ ਮਾਰਗ ਅਪਣਾ ਸਕੇਗਾ। ਜਦੋਂ ਤੀਕ ਇਹ ਸੰਸਾਰਕ ਰਸਾਂ ਵਲ ਹੀ ਖਿਚਿਆ ਤੇ ਇਸ ਅੰਦਰ ਵਿਰੋਧੀ ਜੀਵਨ ਟਿਕਿਆ ਪਿਆ ਹੈ ਉਨੀ ਦੇਰ ਇਸ ‘ਚ ਸਿਫ਼ਤ ਸਲਾਹ ਨਹੀਂ ਟਿਕਾਈ ਜਾ ਸਕਦੀ ਅਤੇ ਨਾ ਹੀ ਮਨੁੱਖ ਨੂੰ ਮਨ ਦੀ ਸ਼ਾਂਤੀ ਹੀ ਪ੍ਰਾਪਤ ਹੋ ਸਕਦੀ ਹੈ। ਸਪਸ਼ਟ ਹੈ ਜਦੋਂ ਤੀਕ ਇਸ ਮਨ ਵਿਚੋਂ ੰਸੰਸਾਰਕ ਰਸਾਂ’ ਵਾਲਾ ਪਹਿਲਾ ਸੁਭਾਅ ਜਾਂ ਪਹਿਲਾਂ ਵਾਲੀ ਇਹ ਵਸਤ ਕੱਢ ਹੀ ਨਾ ਲਈ ਜਾਵੇ ਉਦੋਂ ਤੀਕ ‘ਪ੍ਰਭੁ ਪਿਆਰ’ ਵਾਲੀ ਅਸਲ ਵਸਤ ਨਹੀਂ ਟਿਕਾਈ ਜਾ ਸਕਦੀ।
3. ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ- ਕਿਤਨੀ ਅਜੀਬ ਗਲ ਹੈ, ਮਨੁੱਖ ਜਦੋਂ ਦੁਨਿਆਵੀ ਤੌਰ ਤੇ ਕਿੱਧਰੇ ਮੁਲਾਜ਼ਮ ਹੈ ਤਾਂਤੇ ਦਫਤਰ, ਫੈਕਟਰੀ ਆਦਿ ‘ਚ ਕੇਵਲ ਇਕ ਅਧੀ ਛੁੱਟੀ ਜਾਂ ਕਿਸੇ ਊਣੀ ਜਿਹੀ ਲੋੜ ਖਾਤਿਰ ਤਾਂ ਅਫਸਰ ਅਗੇ ਤਰਲੋ ਮਛੀ ਹੁੰਦਾ ਹੈ। ਉਸਦੀ ਪ੍ਰਕਰਮਾ ਕਰਦਾ ਹੈ ‘ਸਾਬ ਮੇਰਾ ਆਹ ਕੰਮ ਜ਼ਰੂਰ ਕਰ ਦਿਓ’। ਫਿਰ ਵੀ ਯਕੀਨ ਨਹੀ ਹੁੰਦਾ ਕਿ ਉਸ ਦਾ ਸਾਬ ਉਸਦੀ ਮੰਨੇਗਾ ਵੀ ਕਿ ਨਹੀਂ। ਉਹੀ ਮਨੁੱਖ ਅਪਣੀਆਂ ਊਣੀਆਂ ਮੰਗਾਂ ਲਈ ਜਗਤ ਦੇ ਮਾਲਿਕ ਪ੍ਰਭੂ ਨੂੰ ਹੁਕਮ ਕਰਨਾ ਚਾਹੁੰਦਾ ਹੈ ‘ਤੂੰ ਮੇਰਾ ਫਲਾਣਾ ਕੰਮ ਕਰ ‘ਤੇ ਬਦਲੇ ‘ਚ ਮੈਂ ਇਹ ਕਰਾਂਗਾ’। ਅਸਲ ‘ਚ ਇਹ ਵੀ ਉਸ ਦਾ ਕਸੂਰ ਨਹੀਂ ਹੁੰਦਾ ਬਲਕਿ ਇਹ ਕਸੂਰ ਤਾਂ ਉੇਸਦੇ ਇਆਣੇ ਮਨ ਦਾ ਹੁੰਦਾ ਹੈ ਜਿਸ ਪਿਛੇ ਲਗਾ ਹੋਣ ਕਾਰਣ ਉਹ ਮਨਮਤੀਆ ਹੁੰਦਾ ਹੈ ਅਤੇ ਜੀਵਨ ਦੇ ਸਚੇ ਮਾਰਗ ਦੀ ਉਸ ਨੂੰ ਨਾ ਸਮਝ ਹੁੰਦੀ ਹੈ ਨਾ ਪਛਾਣ।
ਪੁਰਾਤਨ ਬ੍ਰਾਹਮਣੀ ਪ੍ਰਭਾਵਾਂ ਅਧੀਨ ਅਗਿਆਨੀ ਲੋਕ ਪ੍ਰਭੂ ਨਾਲ ਸ਼ਰਤਾਂ ਲਾਂਦੇ ਹਨ, ਸੁਖਣਾ ਸੁਖਦੇ ਹਨ। ‘ਐ ਕਰਤਾਰ! ਤੂੰ ਮੇਰਾ ਇਹ ਕੰਮ ਕਰ ਦੇ, ਮੇਰਾ ਉਹ ਕੰਮ ਕਰਦੇ, ਮੈਂ ਅਖੰਡ ਪਾਠ ਕਰਵਾਂਗਾ, ਮੈਂ ਪ੍ਰਸ਼ਦਿ ਕਰਵਾਂਗਾ, ਇੰਨੇ ਪਾਠ ਜਪੁਜੀ ਜਾਂ ਸੁਖਮਨੀ ਦੇ ਕਰਾਂਗਾ, ਚਲੀਹੇ ਕਟਾਂਗਾ ਆਦਿ’। ਚੇਤੇ ਰਹੇ! ਸੁਖਨਾ, ਚਾਲੀਹੇ ਤਾਂ ਪ੍ਰਮਾਤਮਾ ਨਾਲ ਸ਼ਰਤਾਂ ਜਾਂ ਪ੍ਰਭੁ ਨੂੰ ਇਕ ਤਰੀਕੇ ਹੁਕਮ ਕਰਨਾ ਹੀ ਹੁੰਦਾ ਹੈ ਅਤੇ ਗੁਰਮੱਤ ਸਿਧਾਂਤਾਂ ਦੇ ਵਿਰੁੱਧ ਹੈ। ਪ੍ਰਭੁ ਪਿਆਰੇ ਦਾ ਜੀਵਨ ਤਾਂ ਕੇਵਲ ਉਸਦੀ ਰਜ਼ਾ ‘ਚ ਰਹਿਣਾ ਅਤੇ ਉਸਦੇ ਚਰਣਾਂ ‘ਚ ਅਰਦਾਸ ਕਰਨਾ ਹੀ ਹੁੰਦਾ ਹੈ। ਜਦਤੀਕ ਮਨੁੱਖ ਮਨਮਤੀਆ ਹੈ, ਉਦੋਂ ਤੀਕ ਉਸਨੂੰ ਇਸ ਸੱਚਾਈ ਦੀ ਸਮਝ ਆ ਹੀ ਨਹੀਂ ਸਕਦੀ। ਜਦੋਂ ਉਹੀ ਮਨੁੱਖ ਗੁਰੂ-ਗੁਰਬਾਣੀ ਦੀ ਆਗਿਆ ‘ਚ ਆ ਕੇ ਮਨਮਤ ਨੂੰ ਤਿਆਗ ਦੇਂਦਾ ਹੈ ਤਾਂ ਜਾ ਕੇ ਪ੍ਰਭੂ ਪਿਆਰ ਦੀ ਰੰਗਣ ਉਸ ਨੂੰ ਚੜ੍ਹਣੀ ਅਰੰਭ ਹੁੰਦੀ ਹੈ। ਪ੍ਰਭੂ ਦੇ ਦਰ ਤੇ ਪ੍ਰਵਾਣ ਹੋਣ ਲਈ ਮਨੁੱਖ ਜਦੋ ਦ੍ਰਿੜ ਵਿਸ਼ਵਾਸ ਨਾਲ ਸਚ ਦੇ ਮਾਰਗ ਤੇ ਚਲ ਪੈਂਦਾ ਹੈ ਤਾਂ ਸੰਸਾਰਕ ਮੰਗਾਂ, ਵਿਕਾਰ ਅਪਣੇ ਆਪ ਕਮਜ਼ੋਰ ਪੈਂਦੇ ਤੇ ਜੀਵਨ ਚੋਂ ਮੁਕਦੇ ਜਾਂਦੇ ਹਨ। ਉਸਦੇ ਦਰ ਤੇ ਪ੍ਰਵਾਣ ਹੋਣ ਲਈ ਤਾਂ ਮਨ ਕਰਕੇ ਕਰਤਾਰ ਦੇ ਚਰਣਾਂ ‘ਚ ਸਮਰਪਣ ਭਾਵਨਾ ਨਾਲ ਅਰਦਾਸੀਆ ਹੋਣਾ ਹੀ ਬਣਦਾ ਹੈ, ਆਪਣਾ ਆਪ ਨਿਛਾਵਰ ਕਰਨਾ ਤੇ ਹਉਮੈ ਨੂੰ ਤਿਆਗਣਾ ਹੁੰਦਾ ਹੈ, ਹੋਰ ਕੁਝ ਨਹੀਂ।
4. ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ- ਜਿੰਨਾ ਚਿਰ ਮਨੁੱਖ ਕਰਤਾਰ ਨੂੰ ਭੁਲਾ ਕੇ ਦੁਨੀਆ ਦੇ ਧੰਦਿਆਂ ‘ਚ ਫਸਿਆ ਰਹਿੰਦਾ ਹੈ, ਉਨਾ ਚਿਰ ਚਿੰਤਾ-ਭਟਕਣਾ-ਨਿਰਾਸ਼ਾ, ਮਨ ਦਾ ਉਖਾੜ ਆਦਿ ਹੀ ਉਸਦਾ ਜੀਵਨ ਹੁੰਦੇ ਹਨ। ਇਸੇ ਕੂੜ ਦੀ ਕਮਾਈ ਦਾ ਨਤੀਜਾ, ਦੂਜਿਆਂ ਨਾਲ ਤਾਂ ਬਾਦ ‘ਚ ਮਨੁੱਖ ਦਾ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਹੀ ਧੱਕਾ ਹੁੰਦਾ ਹੈ। ਮਨਮੁਖ ਤਾਂ ਮਨ ਪਿਛੇ ਲਗੇ ਰਹਿਕੇ ਹੀ ਸੰਸਾਰ ਤੋਂ ਚਲੇ ਜਾਂਦੇ ਹਨ ਪਰ ਕਰਤੇ ਦੀ ਸਿਫਤ ਸਾਲਾਹ ਵਾਲੇ ਆਪਣੇ ਜੀਵਨ ਨੂੰ ਗੁਣਵਾਨ ‘ਤੇ ਸਫਲ ਬਣਾ ਜਾਂਂਦੇ ਹਨ। ਗੁਰਬਾਣੀ ਦਾ ਫੈਸਲਾ ਹੈ, ਪ੍ਰਭੂ ਦੀ ਸਿਫਤ ਸਲਾਹ ਭਾਵ ਜੀਵਨ ਨੂੰ ਪ੍ਰਭੁ ਦੇ ਰੰਗ ‘ਚ ਰੰਗਣ ਨਾਲ, ਉਸਦੀ ਰਜ਼ਾ ‘ਚ ਚਲਣ ਨਾਲ ਹੀ ਮਨੁੱਖ ਅਪਨੇ ਜੀਵਨ ‘ਚ ਖੇੜਾ, ਮਨ ਦਾ ਟਿਕਾਅ ਤੇ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂਤੇ ਇਹ ਨੁੱਕਤਾ ਪੱਕੀ ਤਰ੍ਹਾਂ ਸਮਝਣ ਵਾਲਾ ਹੈ ਕਿ ਮਨੁੱਖ ਜਦੋਂ ਤੀਕ ਆਤਮਕ ਗਿਆਨ ਪਖੋਂ ਨਹੀਂ ਜਾਗਦਾ ਮਨਮੁਖ ਹੈ, ਤਦਤੀਕ ਉਹ ਕਦੇ ਵੀ ਆਪਣਾ ਜੀਵਨ ਸਫਲ ਨਹੀਂ ਕਰ ਸਕਦਾ। ਮਨੁੱਖਾ ਜੀਵਨ ਦੀ ਸਫਲਤਾ ਲਈ ਮਨ ਦੀ ਮੱਤ ਤੇ ਹਉਮੈ ਦਾ ਤਿਆਗਣਾ ਅਤੇ ਗੁਰੂ ਦੇ ਮਾਰਗ ਤੇ ਚਲਣਾ ਜ਼ਰੂਰੀ ਹੈ। ਇਹੀ ਢੰਗ ਹੈ ਜਿਸਤੋਂ ਮਨ ਦਾ ਸੁਭਾਅ, ਪ੍ਰਭੂ ਦੀ ਸਿਫਤ ਸਾਲਾਹ ਵਾਲਾ ਬਣਦਾ ਹੈ। ਇਸੇਦਾ ਨਤੀਜਾ ਹੁੰਦਾ ਹੈ ਪ੍ਰਭੂ ਦੇ ਗੁਣ ਹੀ ਮਨੁੱਖਾ ਜੀਵਨ ਦੇ ਗੁਣ ਬਣਦੇ ਜਾਂਦੇ ਹਨ ਅਤੇ ਜੀਵਨ ਅੰਦਰੋਂ ਅਗਿਆਨਤਾ ਦਾ ਨਾਸ ਹੁੰਦਾ ਜਾਂਦਾ ਹੈ। ਜੀਵਨ ਖੇੜੇ, ਸ਼ਾਂਤੀ, ਅਨੰਦ ਤੇ ਟਿਕਾਅ ਵਾਲਾ ਬਣਦਾ ਜਾਂਦਾ ਹੈ। ਮਨੁੱਖ ਜੀਂਦੇ ਜੀਅ ਵੀ ਅਨੰਦ ‘ਚ ਵਿਚਰਦਾ ਹੈ ਅਤੇ ਸਰੀਰ ਤਿਆਗਣ ਬਾਦ ਵੀ ਪ੍ਰਭੁ ‘ਚ ਅਭੇਦ ਹੋ ਜਾਂਦਾ ਹੈ, ਜਨਮਾਂ ਦੇ ਗੇੜ੍ਹ ‘ਚ ਨਹੀਂ ਪੈਂਦਾ।3।
ਮਹਲਾ 2 ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥ 4 ॥ (474)
ਪਦ ਅਰਥ: ਇਆਣੇ- ਮਨਮਤੀਏ, ਮਨ ਦੇ ਪਿਛੇ ਟੁਰਣ ਵਾਲੇ ਨਾਲ। ਦੋਸਤੀ- ਸਾਂਝ। ਵਡਾਰੂ- ਅਪਨੇ ਆਪ ਨੂੰ ਵੱਡਾ ਸਮਝਣ ਵਾਲਾ, ਹੰਕਾਰੀ ਮਨੁੱਖ। ਨੇਹੁ-ਪਿਆਰ, ਸਾਂਝ। ਥਾਉ ਨ ਥੇਹੁ- ਥਹੁ ਪਤਾ ਵੀ ਨਹੀਂ ਰਹਿੰਦਾ, ਹੋਂਦ ਨਹੀਂ ਰਹਿੰਦੀ।4।
ਅਰਥ: ਮਨਮਤੀਏ ਨਾਲ ਸਾਂਝ ਜਾਂ ਕਿਸੇ ਹੰਕਾਰੀ ਪੁਰਖ ਨਾਲ ਪ੍ਰੇਮ ਵਧਾਉਣਾ, ਗੁਰਦੇਵ ਫੁਰਮਾਂਦੇ ਹਨ, ਇਹ ਦੋਵੇਂ ਇਵੇਂ ਹਨ ਜਿਵੇਂ ਪਾਣੀ ਅੰਦਰ ਲੀਕ ਪਾਈ ਜਾਵੇ ਤਾਂ ਉਸ ਦੀ ਕੋਈ ਹੋਂਦ ਵੀ ਨਹੀਂ ਰਹਿੰਦੀ।4।
ਗੁਰਬਾਣੀ ਵਿਚਾਰ ਦਰਸ਼ਨ- 1. ਪਾਣੀ ਅੰਦਰਿ ਲੀਕ ਜਿਉ-ਇਸ ਸਲੋਕ ਰਾਹੀਂ ਗੁਰਦੇਵ ਨੇ ਮਨੁੱਖਾ ਜ਼ਿੰਦਗੀ ਦਾ ਇੰਨਾ ਵਡਾ ਸਿਧਾਂਤ ਬਖਸ਼ਿਆ ਹੈ ਕਿ ਮਨੁੱਖ ਜੇਕਰ ਇਸ ਨੂੰ ਅਪਣੇ ਤੇ ਜਿਸ ਸਮਾਜ ‘ਚ ਵਿਚਰ ਰਿਹਾ ਹੈ ਉਸ ਉਪਰ ਲਾਗੂ ਕਰਕੇ ਵਿਹਾਰ ਕਰੇ ਤਾਂ ਕਦੇ ਵੀ ਧੋਖਾ ਨਹੀਂ ਖਾਵੇਗਾ। ਗੁਰਦੇਵ ਫ਼ੁਰਮਾਂਦੇ ਹਨ, ਦੋ ਤਰ੍ਹਾਂ ਦੇ ਮਨੁੱਖ ਇਕ ਮਨਮਤੀਏ ਅਤੇ ਦੂਜੇ ਹੰਕਾਰੀ ਭਾਵ ਅਪਣੇ ਆਪ ਨੂੰ ਵਡਾ ਸਮਝਣ ਵਾਲੇ- ਫ਼ਿਰ ਭਾਵੇਂ ਇਹ ਲੋਕ ਕਿੰਨੇ ਵੀ ਧਰਮ-ਕਰਮ ਤੇ ਧਾਰਮਕ ਆਡੰਬਰ ਕਰਦੇ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹੋਣ-ਕਦੇ ਦੂਜਿਆਂ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਦੇ। ਮਨਮਤੀਏ ਉਹ ਹੁੰਦੇ ਹਨ ਜਿਹੜੇ ਗੁਰੂ ਦੀ ਮੱਤ ਨੂੰ ਤਾਂ ਗ੍ਰਿਹਣ ਨਹੀ ਕਰਦੇ ਕੇਵਲ ਅਪਣੇ ਮਨ ਦੇ ਪਿਛੇ ਹੀ ਟੁਰੇ ਫ਼ਿਰਦੇ ਹਨੇ। ਦੂਜੇ ਉਹ ਜੋ ਹੰਕਾਰੀ ਸੁਭਾਅ ਦੇ ਹੁੰਦੇ ਹਨ ਅਤੇ ਅਪਣੇ ਆਪ ਨੂੰ ਦੂਜਿਆਂ ਤੋਂ ਵੱਡਾ, ਉਚਾ ਜਾਂ ਉਚੀ ਜਾਤ ਵਾਲਾ, ਵਡੇ ਰੁਤਬੇ, ਲਿਆਕਤ ਜਾਂ ਪੈਸੇ ਵਾਲਾ ਮੰਨਦੇ ਹਨ। ਇਹ ਦੋ ਤਰ੍ਹਾਂ ਦੇ ਬੰਦਿਆਂ ਨਾਲ ਨਾ ਹੀ ਕਿਸੇ ਸਾਂਝ ਦਾ ਲਾਭ ਹੁੰਦਾ ਹੈ ਅਤੇ ਨਾ ਅਜੇਹੇ ਸੁਭਾਅ ਵਾਲੇ ਲੋਕ ਦੂਜਿਆਂ ਲਈ ਹੀ ਲਾਹੇਵੰਦ ਹੁੰਦੇ ਹਨ। ਸਹੀ ਅਰਥਾਂ ‘ਚ ਅਜੇਹੇ ਲੋਕਾਂ ਅੰਦਰ ਕਰਤਾਰ ਦਾ ਨਿਰਮਲ ਭਉ, ਜਾਂ ਧਰਮ ਹੁੰਦਾ ਹੀ ਨਹੀਂ।
ਇਹੀ ਕਾਰਨ ਹੈ ਕਿ ਅਜੇਹੇ ਦੋ ਤਰ੍ਹਾਂ ਦੇ ਲੋਕਾਂ ਨਾਲ ਕਿਸੇਤਰ੍ਹਾਂ ਦੀ ਸਾਂਝ ਜਾਂ ਅਪਣਾ-ਪਣ ਇਉਂ ਹੁੰਦਾ ਹੈ ਜਿਵੇਂ ਪਾਣੀ ‘ਚ ਲਕੀਰ। ਇਸਤਰ੍ਹਾਂ ਗੁਰਦੇਵ ਦੋ ਪੱਖਾਂ ਤੋਂ ਮਨੁੱਖ ਨੂੰ ਸਵਾਧਾਨ ਕਰ ਰਹੇ ਹਨ, ਇਕ ਇਹ ਕਿ ਅਸਾਂ ਅਪਣੇ ਜੀਵਨ ਨੂੰ ਇਨ੍ਹਾਂ ਦੋ ਅਉਗਣਾ ਤੋ ਬਚਾਉਣਾ ਹੈ। ਦੂਜਾ ਅਜੇਹੇ ਸੁਭਾਅ ਦੇ ਲੋਕਾਂ ਨਾਲ ਸਾਂਝ ਨਹੀਂ ਵਧਾਉਣੀ, ਜਦਤੀਕ ਉਹ ਸੁਭਾਅ ਹੀ ਨਾ ਬਦਲ ਲੈਣ।
ਮਹਲਾ 2 ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥ 5 ॥
ਪਦ ਅਰਥ: ਇਆਣਾ- ਮਨਮਤੀਆ। ਰਾਸਿ- ਸਿਰੇ ਚੜ੍ਹਾਣਾ। ਆਣਿ ਨ ਸਕੈ ਰਾਸਿ- ਸਿਰੇ ਨਹੀਂ ਚੜ੍ਹ ਸਕਦਾ। ਇਕ ਅਧ- ਥੋੜਾ ਬਹੁਤਾ, ਕੋਈ ਇਕ ਕੰਮ। ਵੈਰਾਸਿ- ਉਲਟ ਪੁਲਟ, ਖਰਾਬ।5।
ਅਰਥ: ਮਨੁੱਖ ਹੋਵੇ ਤਾਂ ਮਨਮਤੀਆਂ ਭਾਵ ਮਨ ਦੇ ਪਿਛੇ ਟੁਰਣ ਵਾਲਾ ਪਰ ਜੇਕਰ (ਜੀਵਨ ਪਖੋਂ) ਆਪਣੀ ਸੰਭਾਲ ਕਰਨੀ ਚਾਹੇ ਤਾਂ ਇਹ ਗਲ ਸਿਰੇ ਨਹੀਂ ਚੜ੍ਹ ਸਕਦੀ ਭਾਵ ਨਿਗੁਰਾ ਮਨੁੱਖ ਕਦੇ ਆਪਣੇ ਜੀਵਨ ਦੀ ਸੰਭਾਲ ਨਹੀਂ ਕਰ ਸਕਦਾ। ਜੇ ਇਕ ਅੱਧੀ ਕੋਈ ਚੰਗੀ ਗਲ ਕਰ ਵੀ ਲਵੇ ਤਾਂ ਨਾਲ ਹੀ ਦੂਜੀ ਉਲਟ ਪੁਲਟ ਅਥਵਾ ਖਰਾਬ ਗਲ ਵੀ ਕਰ ਹੀ ਲੈਂਦਾ ਹੈ।5।
ਗੁਰਮਤਿ ਵਿਚਾਰ ਦਰਸ਼ਨ- 1. ਜੇ ਇਕ ਅਧ ਚੰਗੀ ਕਰੇ- ਇਸ ਸਲੋਕ ਰਾਹੀਂ ਗੁਰਦੇਵ ਬੜੀ ਦ੍ਰਿੜਤਾ ਨਾਲ ਸਮਝਾ ਰਹੇ ਹਨ- ਪਹਿਲੀ ਗਲ ਇਹ ਕਿ ਜਿਸ ਮਨੁੱਖ ਦੇ ਜੀਵਨ ਅੰਦਰ ਆਤਮਕ ਪ੍ਰਕਾਸ਼ ਨਹੀਂ ਹੁੰਦਾ, ਜੋ ਸਦੀਵੀ ਗੁਰੂ ਤੋਂ ਸਿਖਿਆ ਲੈਕੇ ਅਪਨੇ ਜੀਵਨ ਨੂੰ ਨਹੀਂ ਸੰਭਾਲਦਾ। ਉਹ ਮਨੁੱਖ ਉਦੋ ਤੀਕ ਮਨਮਤੀਆ ਰਹਿਕੇ ਕੋਈ ਵੀ ਤੇ ਕਦੇ ਵੀ ਅਪਣੇ ਮਨੁੱਖਾ ਜੀਵਨ ਦੀ ਸੰਭਾਲ ਵਾਲੇ ਪਾਸੇ ਕੱਦਮ ਚੁੱਕ ਹੀ ਨਹੀਂ ਸਕਦਾ। ਕਾਰਨ ਇਕੋ ਹੁੰਦਾ ਹੈ ਕਿ ਜੀਵਨ ਦੀ ਅਸਲੀਅਤ ਦਾ ਤਾਂ ਉਸ ਨੂੰ ਪਤਾ ਹੁੰਦਾ ਹੀ ਨਹੀਂ। ਇਸੇ ਲਈ ਜੀਵਨ ਦੀ ਸੰਭਾਲ ਵਾਲੇ ਪਾਸੇ ਕੋਈ ਵੀ ਉਸਦਾ ਧਰਮ-ਕਰਮ ਜਾਂ ਕਾਰਜ ਕਦੇ ਵੀ ਸਹੀ ਰੁਖ ਨੂੰ ਨਹੀਂ ਹੁੰਦਾ। ਫ਼ਿਰ ਜੇ ਕਿਸੇ ਬਾਹਰਲੇ ਪ੍ਰਭਾਵ ਅਧੀਨ ਜੀਵਨ ਪਖੌਂ ਕੋਈ ਠੀਕ ਕੱਦਮ ਚੁੱਕ ਵੀ ਲੈਂਦਾ ਹੈ ਤਾਂ ਨਾਲ ਹੀ ਨਾਲ ਅਗਲਾ ਕੱਦਮ ਗ਼ਲਤ ਹੀ ਚੁੱਕਦਾ ਹੈ। ਮੁੱਕਦੀ ਗਲ, ਜੇਕਰ ਮਨੁੱਖ ਨੇ ਅਪਨੇ ਅਮੁਲੇ ਮਨੁੱਖਾ ਜਨਮ ਨਾਲ ਨਿਆਂ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਉਹ ਆਪਹੁੱਦਰਾ-ਮਨਮਤੀਆ ਹੋਕੇ ਨਾ ਚਲੇ ਬਲਕਿ ਗੁਰੂ-ਗੁਰਬਾਣੀ ਤੋਂ ਮੱਤ ਲੈਕੇ ਉਸਦੀ ਆਗਿਆ ‘ਚ ਚਲੇ।5।
ਪਉੜੀ ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ 22 ॥ (474)
ਪਦ ਅਰਥ: ਚਾਕਰੁ ਲਗੈ ਚਾਕਰੀ- ਜੇਕਰ ਨੌਕਰ ਹੈ ਅਤੇ ਨੌਕਰੀ ਕਰ ਰਿਹਾ ਹੈ। ਖਸਮੈ ਭਾਇ- ਖਸਮ ਦੀ ਮਰਜ਼ੀ ਅਨੁਸਾਰ, ਆਪਣੇ ਮਾਲਿਕ ਨਾਲ ਸੁਭਾਅ ਮਿਲਾਕੇ ਜਿਵੇਂ ਕਿ ਉਸਦਾ ਮਾਲਕ ਚਾਹੁੰਦਾ ਹੈ। ਹੁਰਮਤਿ- ਇਜ਼ਤ ਮਾਨ। ਅਗਲੀ- ਬਹੁਤੀ, ਵਾਧੂ ‘ਚ। ਵਜਹੁ- ਤਨਖ਼ਾਹ, ਪਗਾਰ। ਗੈਰਤਿ- ਸ਼੍ਰਮਿੰਦਗੀ। ਅੰਦਰਿ ਪਾਇ- ਬਦਲੇ ਵਿਚ। ਗਵਾਏ- ਖੁਹਾ ਬੈਠਦਾ ਹੈ। ਅਗਲਾ- ਜੋ ਪਹਿਲਾਂ ਤੋਂ ਹੈ ਸੀ। ਮੁਹੇ ਮੁਹਿ- ਮੂੰਹ ਉਤੇ। ਪਾਣਾ- ਜੁੱਤੀਆਂ। ਮੁਹੇ ਮੁਹਿ ਪਾਣਾ ਖਾਇ- ਮੂੰਹ ਤੇ ਜੁਤੀਆਂ ਖਾਂਦਾ ਹੈ, ਦੁਰਕਾਰਿਆ ਜਾਂਦਾ ਹੈ, ਤ੍ਰਿਸਕਾਰਿਆ ਜਾਂਦਾ ਹੈ।22।
ਅਰਥ: ਜੇਕਰ ਨੌਕਰ, ਨੌਕਰੀ ਤਾਂ ਕਰ ਰਿਹਾ ਹੈ ਪਰ ਜੇ ਉਹ ਨਂੌਕਰ ਆਪਣੇ ਮਾਲਿਕ ਦੀ ਮਰਜ਼ੀ ਅਨੁਸਾਰ ਤੁਰੇ ਭਾਵ ਉਹੀ ਕਰੇ ਜਿਸ ਤਰ੍ਹਾਂ ਉਸਦਾ ਮਾਲਕ ਚਾਹੁੰਦਾ ਹੈ (ਤਾਂ ਹੀ ਸਮਝੋ) ਕਿ ਉਹ ਮਾਲਿਕ ਦੀ ਨੌਕਰੀ ਨੇਕ ਦਿਲੀ ਨਾਲ ਕਰ ਰਿਹਾ ਹੈ। ਅਜੇਹੇ ਨੌਕਰ ਨੂੰ ਇਜ਼ਤ ਵੀ ਵੱਧ ਮਿਲਦੀ ਹੈ ਅਤੇ ਤਨਖ਼ਾਹ ਵੀ ਮਾਲਿਕ ਪਾਸੋਂ ਦੂਣੀ ਪਾਂਦਾ ਹੈ।
(ਇਸਦੇ ਉਲਟ) ਜੇਕਰ ਉਹ ਸੇਵਕ ਆਪਣੇ ਮਾਲਿਕ ਦੀ ਬਰਾਬਰੀ ਕਰਦਾ ਹੈ, (ਮਾਲਿਕ ਨਾਲ ਸਾਵਾਂ ਹੋਣ ਦਾ ਜੱਤਨ ਕਰਦਾ ਹੈ। ਨਤੀਜਾ ਹੁੰਦਾ ਹੈ ਕਿ ਉਸ ਨੂੰ ਕਈ ਗਲਾਂ ਤੋਂ ਮਾਲਿਕ ਸਾਹਮਣੇ ਮਨ ਹੀ ਮਨ) ਸ਼੍ਰਮਿੰਦਗੀ ਹੀ ਉਠਾਣੀ ਪੈਂਦੀ ਹੈ। (ਇਸ ਤਰੀਕੇ ਕਈ ਵਾਰੀ ਤਾਂ) ਉਹ ਆਪਣੀ ਬਣੀ ਹੋਈ ਤਨਖਾਹ ਭੀ ਗੁਆ ਬੈਠਦਾ ਹੈ (ਭਾਵ ਨੌਕਰੀ ਤੋਂ ਵੀ ਛੁੱਟੀ ਮਿਲ ਜਾਂਦੀ ਹੈ ਨਹੀਂ ਤਾਂ ਘੱਟ ਤੋਂ ਘੱਟ ਮਾਲਕ ਵਲੋਂ) ਸਦਾ ਮੂੰਹ ਤੇ ਜੁੱਤੀਆ ਹੀ ਖਾਂਦਾ ਹੈ, ਭਾਵ ਨਿੱਤ ਹੀ ਬੇਇਜ਼ਤੀ ਕਰਵਾਂਦਾ ਤੇ ਤ੍ਰਿਸਕਾਰਿਆ ਜਾਂਦਾ ਹੈ।
ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ (ਕਿ ਐ ਭਾਈ!) ਜਿਸ ਮਾਲਿਕ ਦਾ ਦਿਤਾ ਖਾਈਦਾ ਹੈ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ। ਮਾਲਿਕ ਉਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅਗੇ ਅਰਜ਼ ਕਰਨੀ ਹੀ ਫਬਦੀ ਹੈ।22।
ਗੁਰਮਤਿ ਵਿਚਾਰ ਦਰਸ਼ਨ- 1. ਜੇ ਚਲੈ ਖਸਮੈ ਭਾਇ- ਇਸ ਪਉੜੀ ਰਾਹੀ ਗੁਰਦੇਵ ਨੌਕਰ ਅਤੇ ਮਾਲਿਕ ਦੀ ਸੰਸਾਰਕ ਤੇ ਸੁਖੱਲੀ ਮਿਸਾਲ ਦੇ ਕੇ ਸਮਝਾਂਦੇ ਹਨ, ਅਸਲ ‘ਚ ਨੌਕਰੀ ‘ਚ ਲਗਾ ਹੋਇਆ ਨੌਕਰ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ ਜਿਹੜਾ ਮਾਲਿਕ ਦਾ ਸੁਭਾਅ ਸਮਝ ਕੇ ਉਸ ਦੀ ਇਛਾ ਤੇ ਨੇਕ ਦਿਲੀ ਨਾਲ ਆਪਨੀ ਨੌਕਰੀ ਕਰਦਾ ਹੈ। ਅਜਿਹੇ ਨੋਕਰ ਦੀ ਤਨਖਾਹ ‘ਚ ਤਾਂ ਵਾਧਾ ਬਲਕਿ ਕਈ ਵਾਰੀ ਤਾਂ ਉਸਦੀ ਤਨਖਾਹ ਦੁਗਣੀ ਵੀ ਹੋ ਜਾਂਦੀ ਹੈ ਅਤੇ ਮਾਲਿਕ ਦੀਆਂ ਨਜ਼ਰਾਂ ‘ਚ ਵੀ ਨਿੱਤ ਉਸਦੀ ਇਜ਼ਤ ‘ਚ ਵਾਧਾ ਹੁੰਦਾ ਹੈ। ਕਿਉਂਕਿ ਉਹ ਪੂਰੀ ਤਰ੍ਹਾਂ ਮਾਲਿਕ ਦੀ ਖੁਸ਼ੀ ਹਾਸਿਲ ਕਰ ਚੁੱਕਾ ਹੁੰਦਾ ਹੈ।
ਦਰਅਸਲ ਗੁਰਦੇਵ ਇਥੇ ਨੌਕਰ ਤੇ ਮਾਲਿਕ ਵਾਲੀ ਮਿਸਾਲ ਦੇ ਕੇ ਸਮਝਾ ਰਹੇ ਹਨ ਕਿ ਸੰਸਾਰ ਦੇ ਮਲਿਕ ਪ੍ਰਭੂ ਦੀ ਕ੍ਰਿਪਾ, ਬਖ਼ਸ਼ਿਸ਼ ‘ਤੇ ਖੁਸ਼ੀ ਹਾਸਲ ਕਰਨ ਲਈ ਵੀ ਲੋੜ ਹੈ ਕਿ ਜੀਵਨ ਨੂੰ ਕਰਤਾਰ ਦੇ ਰੰਗ ‘ਚ ਇਸੇ ਤਰ੍ਹਾਂ ਢਾਲਿਆ ਜਾਵੇ ਤਾਕਿ ਜੀਵ ਉਸਦੀ ਖੁਸ਼ੀ ਦਾ ਪਾਤ੍ਰ ਬਣ ਸਕੇ।
2. ਵਜਹੁ ਗਵਾਏ ਅਗਲਾ- ਦੂਜੇ ਬੰਨੇ ਜਿਹੜਾ ਨੌਕਰ ਮਾਲਿਕ ਨਾਲ ਬਰਾਬਰੀਆਂ ਕਰਦਾ ਹੈ, ਸਾਂਵਾ ਹੁੰਦਾ ਹੈ; ਮਾਲਿਕ ਨੂੰ ਕਦੇ ਵੀ ਮਨ ਕਰਕੇ ਚੰਗਾ ਨਹੀਂ ਲਗਦਾ। ਕਈ ਵਾਰੀ ਤਾਂ ਅਜੇਹੇ ਨੌਕਰ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਜਿਸਤੋਂ ਉਸਦੀ ਬਣੀ ਹੋਈ ਤਨਖਾਹ ਵੀ ਜਾਂਦੀ ਹੈ। ਜੇਕਰ ਇੰਨਾ ਨਹੀਂ ਤਾਂ ਘੱਟ ਤੋਂ ਘੱਟ ਮਾਲਿਕ ਕੋਲੋਂ ਇਜ਼ਤ ਲੈਣ ਦੀ ਬਜਾਏ ਅਜੇਹਾ ਨੌਕਰ, ਕੰਮ ਤਾਂ ਭਾਵੇਂ ਕਰਦਾ ਹੀ ਹੈ ਪਰ ਮਾਲਿਕ ਕੋਲੋਂ ਨਿੱਤ ਹੀ ਅਪਣੀ ਬੇਇਜ਼ਤੀ ਵੀ ਵਾਧੂ ਦੀ ਹੀ ਕਰਵਾਂਦਾ ਹੈ। ਭਾਵ ਨੌਕਰ ਹੋਣ ਦੇ ਨਾਤੇ ਕੰਮ ਤਾਂ ਉਸਨੇ ਕਰਨਾ ਹੀ ਹੁੰਦਾ ਹੈ ਪਰ ਉਸਦੇ ਬਦਲੇ ਬਜਾਏ ਇਜ਼ਤ ਦੇ ਉਸਨੂੰ ਮਾਲਿਕ ਕੋਲੋਂ ਜੁੱਤੀਆਂ ਹੀ ਮਿਲਦੀਆਂ ਹਨ, ਕੇਵਲ ਉਸਦੇ ਅਪਣੇ ਸੁਭਾਅ ਦੀ ਕਮਜ਼ੋਰੀ ਕਾਰਨ।
3. ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ- ਨੌਕਰ ਮਾਲਿਕ ਦੀ ਸਾਧਾਰਨ ਤੇ ਦੁਨਿਆਵੀ ਮਿਸਾਲ ਦੇ ਕੇ ਗੁਰਦੇਵ ਸਾਨੂੰ ਬੜੇ ਸੌਖੇ ਤਰੀਕੇ ਨਾਲ ਸਮਝਾਂਦੇ ਹਨ- ਜਿਹੜੇ ਮਨੁੱਖ ਮਾਲਿਕ ਪ੍ਰਭੂ ਦੀ ਬਖ਼ਸ਼ਿਸ਼, ਖੁਸ਼ੀ ਅਥਵਾ ਕ੍ਰਿਪਾ ਨੂੰ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਉਸ ਦੀ ਰਜ਼ਾ ‘ਚ ਸਦਾ ਖਿੜੇ ਮੱਥੇ ਤੇ ਖੁਸ਼ ਰਹਿਣਾ ਚਾਹੀਦਾ ਹੈ। ਪ੍ਰਭੂ ਦੇ ਕੀਤੇ ਉਪਰ ਕਿਉਂ-ਕਿੰਤੂ ਕਰਨ ਵਾਲੇ ਮਨੁੱਖ ਉਸਦੇ ਦਰ ਤੇ ਕਦੇ ਵੀ ਪ੍ਰਵਾਣ ਨਹੀਂ ਹੋ ਸਕਦੇ ਅਤੇ ਬਾਰ-ਬਾਰ ਦੇ ਜਨਮ-ਮਰਣ ਦੇ ਗੇੜ੍ਹ ‘ਚ ਹੀ ਫਸੇ ਰਹਿ ਜਾਂਦੇ ਹਨ।
ਮਾਲਿਕ ਦੀ ਰਜ਼ਾ ‘ਚ ਕਿਉਂ ਤੇ ਕਿਵੇਂ ਚਲਣਾ ਹੁੰਦਾ ਹੈ ਉਸਦੇ ਲਈ ਵੀ ਗੁਰਦੇਵ ਸਮਝਾਂਦੇ ਹਨ, ਐ ਇਨਸਾਨ! ਸੰਸਾਰ ‘ਚ ਰਹਿਣ ਲਈ ਅਤੇ ਤੇਰੇ ਜੀਵਨ ਨੂੰ ਸੌਖਾ ਕਰਨ ਲਈ ਪ੍ਰਭੁ ਮਾਲਿਕ ਨੇ ਤੈਨੂੰ ਮਨ, ਬੱੁਧੀ, ਹੱਥ-ਪੈਰ, ਸੋਹਣਾ ਸੁਣਖਾ ਰਿਸ਼ਟ-ਪੁਸ਼ਟ ਸਰੀਰ, ਫ਼ਿਰ ਇਸ ਸਰੀਰ ਦੀਆਂ ਵੱਡੀਆਂ ਲੋੜਾਂ ਲਈ ਤੈਨੂੰ ਹਵਾ, ਅਗਨੀ, ਪਾਣੀ; ਪ੍ਰਵਾਰ, ਰਿਸ਼ਤੇਦਾਰੀ, ਸਮਾਜ, ਧਨ, ਪਦਾਰਥ ਅਤੇ ਹੋਰ ਬੇਅੰਤ ਦਾਤਾਂ ਬਖਸ਼ੀਆਂ ਹਨ। ਤਾਂਤੇ ਜਿਸ ਅਕਾਲਪੁਰਖੁ ਨੇ ਤੈਨੂੰ ਜਨਮ ਤੋਂ ਲੈਕੇ ਇਹ ਸਭ ਦਾਤਾਂ ਦਿੱਤੀਆਂ, ਉਸ ਪ੍ਰਭੁ ਦਾ ਤੈਨੂੰ ਸਦਾ ਸ਼ੁਕਰਾਨਾ ਹੀ ਕਰਨਾ ਬਣਦਾ ਹੈ ਨਾ ਕਿ ਉਸਦੇ ਕੀਤੇ ਉਪਰ ਕਿਉਂ ਕਿੰਤੂ ਕਰਦੇ ਰਹਿਣ ਦਾ ਸੁਭਾਉ ਬਣਾਉਣਾ ਹੈ।
4. ਨਾਲਿ ਖਸਮ ਚਲੈ ਅਰਦਾਸਿ- ਐ ਇਨਸਾਨ! ਜੇਕਰ ਤੇਰੀ ਬਿਰਤੀ ਪ੍ਰਭੂ ਮਾਲਿਕ ਉਪਰ ਹੁਕਮ ਚਲਾਉਣ ਦੀ ਹੈ, ਉਸ ਨਾਲ ਸ਼ਰਤਾਂ ਲਾਉਣ ਦੀ ਬਣੀ ਹੋਈ ਹੈ। ਜਦੋਂ ਤੇਰੀ ਸੋਚ ਪੱਧਰ ਹੀ ਇਨੀ ਛੌਟੀ ਹੈ ਕਿ ‘ਮੇਰਾ ਇਹ ਕੰਮ ਹੋ ਜਾਵੇਗਾ ਤਾਂ ਹੀ ਮੈਂ ਮਣਾਂਗਾ ਕਿ ਰੱਬ ਹੈ ਜਾਂ ਨਹੀਂ’, ‘ਰੱਬ ਤਾਂ ਹੈ ਹੀ ਨਹੀਂ ਜੇ ਹੁੰਦਾ ਤਾਂ ਮੇਰਾ ਆਹ ਕੰਮ ਨਾ ਕਰਦਾ, ਉਹ ਕੰਮ ਨਾ ਕਰਦਾ’। ਜਾਂ ਫਿਰ ‘ਜੇਕਰ ਮੇਰਾ ਇਹ ਕੰਮ ਹੋ ਜਾਵੇ ਤਾਂ ਬਦਲੇ ‘ਚ ਮੈਂ ਇਹ ਕਰਾਂਗਾ’ ਭਾਵਂ ਸੁਖਣਾ, ਚਲੀਹੇ ਆਦਿ ਵਾਲੀ ਮਾੜੀ ਬਿਰਤੀ।
ਸਾਹਿਬ ਫੁਰਮਾਂਦੇ ਹਨ ਜੇ ਮਨੁੱਖ ਨੇ ਕਰਤਾਰ ਦੀ ਖੁਸ਼ੀ ਨੂੰ ਹਾਸਲ ਕਰਨਾ ਹੈ ਤਾਂ ਜਿਵੇਂ ਇਸ ਪਉੜੀ ‘ਚ ਨੌਕਰ ਮਾਲਿਕ ਵਾਲੀ ਮਿਸਾਲ ਦੇ ਕੇ ਸਮਝਾਇਆ ਹੈ, ਪ੍ਰਭੁ ਪਿਆਰਾ ਹੋਣ ਲਈ ਵੀ ਮਨੁੱਖ ਲਈੰ ਅਪਨਾ ਸੁਭਾਅ ਉਸੇਤਰ੍ਹਾਂ ਹੀ ਬਦਲਣਾ ਜ਼ਰੂਰੀ ਹੈ। ਉਸ ਪ੍ਰਭੁ ਮਾਲਿਕ ਦੇ ਦਰ ਉਪਰ ਤਾਂ ਜੀਵ ਨੂੰ ਮਨ ਕਰਕੇ ਬੜੀ ਨਮ੍ਰਤਾ ਤੁ ਸਮਰਪਣ ਭਾਵਨਾ ਨਾਲ ਅਰਦਾਸ ਕਰਨੀ ਹੀ ਸ਼ੋਭਾ ਦੇਂਦੀ ਹੈ। ਉਪਰੰਤ, ਮੰਨਣਾ, ਜਾਂ ਨਾ ਮੰਨਣਾ ਇਹ ਵਿਸ਼ਾ ਪ੍ਰਭੂ ਦਾ ਹੈ ਅਤੇ ਉਸੇ ਨੇ ਦੇਖਣਾ ਹੈ।
ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ: ਪਉੜੀ ‘ਚ ਦਰਸ਼ਨ ਕਰੀਏ, ਬਿਲਕੁਲ਼ ਸਪਸ਼ਟ ਹੋ ਜਾਂਦਾ ਹੈ ਕਿ ਗੁਰਦੇਵ ਨੇ ਇਥੇ ਮਾਲਿਕ ਤੇ ਨੌਕਰ ਵਾਲੀ ਸੁਖਾਲੀ ਤੇ ਸੌਖੀ ਸਮਝ ‘ਚ ਆਉਣ ਵਾਲੀ ਮਿਸਾਲ ਨੂੰ ਵਰਤ ਕੇ ਮਨੁੱਖਾ ਜੀਵਨ ਦੇ ਉਚੇ-ਸੁਚੇ ਆਦਰਸ਼ ਤੇ ਮਨੋਰਥ ਨੂੰ ਸਮਝਾਇਆ ਹੈ। ਕਮਾਲ ਤਾਂ ਇਹ ਹੈ ਕਿ ਸਲੋਕਾਂ ‘ਚ ਵੀ ਬਹੁਤਾ ਕਰਕੇ ਉਸੇ ਹੀ ਵਿਸ਼ੇ ਦੀ ਵਿਆਖਿਆ ਕੀਤੀ ਗਈ ਹੈ ਅਤੇ ਨਿਰੋਲ ਉਸੇ ਵਿਸ਼ੇ ਨੂੰ ਹੀ ਸਾਹਮਣੇ ਰਖਕੇ ਸਲੋਕ ਵੀ ਜੋੜੇ ਹਨ। ਬਲਕਿ ਪਉੜੀ ਅਤੇ ਸਲੋਕਾਂ ਵਿੱਚਕਾਰ ਮਿਸਾਲਾਂ ਅਤੇ ਸ਼ਬਦਾਵਲੀ ਦੀ ਵੀ ਵਧੇਰੇ ਸਾਂਝ ਹੈ।22।
 
.