.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 05)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
 

ਇਸ ਵਿੱਚ ਕੋਈ ਸ਼ਕ (Dougt) ਨਹੀ ਕਿ ‘ਅਕਾਲਮੂਰਤਿ` ਦੇ ਇਸ ਜੀਵਨ-ਸੱਚ ਨੇ ਹਜ਼ਰਤ ਈਸਾ ਜੀ ਵਰਗੇ ਧਾਰਮਿਕ ਰਹਿਬਰਾਂ, ਮਨਸੂਰ ਅਤੇ ਸਰਮੱਦ ਵਰਗੇ ਦਰਵੇਸ਼ਾਂ ਤੇ ਸੂਫ਼ੀ ਫ਼ਕੀਰਾਂ ਅਤੇ ਸੁਕਰਾਤ ਵਰਗੇ ਫ਼ਲਸਫ਼ੀ ਸਤਪੁਰਸ਼ਾਂ ਦੀ ਜਿੰਦਗੀ ਵਿਚੋਂ ਵੀ ਕੁਝ ਝਲਕਾਰੇ ਮਾਰੇ ਹਨ । ਪ੍ਰੰਤੂ, ਗੁਰੂ ਸਾਹਿਬਾਨ ਅਤੇ ਭਗਤ-ਜਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਦ੍ਰਿੜਾਏ ਅਤੇ ਫਿਰ ਆਪਣੇ ਆਦਰਸ਼ਕ ਜੀਵਨ ਵਿੱਚ ਪ੍ਰਗਟਾਏ ਇਸ ਸੱਚ ਦੀ ਜਿਹੜੀ ਸ਼ਹਾਦਤ (ਗਵਾਹੀ, Testmiony), ਗੁਰਸਿੱਖਾਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਆਪਣੀਆਂ ਸ਼ਹੀਦੀਆਂ ਦੁਆਰਾ ਦਿੱਤੀ ਹੈ, ਉਸ ਵਰਗੀ ਨਿਰਭੈਤਾ ਤੇ ਦਲੇਰੀ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿੱਚੋਂ ਵੀ ਲਭ ਸਕਣੀ ਅਸੰਭਵ ਹੈ । ਇਹੀ ਕਾਰਨ ਹੈ ਕਿ ਅਠਾਰਵੀਂ ਸਦੀ ਦੇ ਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਵਰਨਣ ਕਰਦਿਆਂ ‘ਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਭਾਈ ਰਤਨ ਸਿੰਘ ‘ਭੰਗੂ` ਜਿਨ੍ਹਾਂ ਦੇ ਬਾਪ ਨੇ ਭਾਈ ਸਾਹਿਬ ਜੀ ਨੂੰ ਲਹੌਰ ਵਿਖੇ ਸ਼ਹੀਦ ਹੁੰਦਿਆਂ ਅੱਖੀਂ ਡਿੱਠਾ ਸੀ, ਨੂੰ ਇਉਂ ਲਿਖਣਾ ਪਿਆ :
ਦੋਹਰਾ : ਮਨਸੂਰ ਮਨਸੂਰ ਇਮ ਜਗ ਭਯੋ, ਕੱਟੇ ਹੱਥ ਇੱਕ ਸੱਟ ।
ਮਨੀਂ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਾਯੋ ਕੱਪ ।੫੫।
ਸੂਲੀ ਰਿਖ ਰਖ ਦੇਹ ਕੋ, ਮਧ ਸੂਲੀ ਦੇਹ ਫਿਰਾਇ ।
ਸੋਈ ਦੇਹ ਇਨ ਨਾ ਰਖੀ, ਇਮ ਮਨੀ ਸਿੰਘ ਅਧਿਕਾਇ ।੫੬।
‘ਮਨਸੂਰ` ਇੱਕ ਇਸਲਾਮਿਕ ਸੂਫ਼ੀ ਫ਼ਕੀਰ ਸੀ । ਜੋ ਈਰਾਨ ਦੇ ਸ਼ਹਿਰ ਬੈਜ਼ਾ ਵਿੱਚ ਪੈਦਾ ਹੋਇਆ । ੳਸ ਦੀ ਜ਼ਿੰਦਗੀ ਦਾ ਮੁੱਢਲਾ ਹਿੱਸਾ ਇਰਾਕ ਦੇ ਵਿੱਚ ਬੀਤਿਆ । ਸੋਲਾਂ ਸਾਲ ਦੀ ਆਯੂ ਵਿੱਚ ਉਸ ਨੇ ‘ਅਹਿਵਾਜ਼` ਦੇ ਥਾਂ `ਤੇ ‘ਸਹਿਲ-ਬਿਨ-ਅਬਦੁੱਲਾ` ਅਤੇ ਫਿਰ ਬਸਰੇ ਵਿੱਚ ਫ਼ਕੀਰ ‘ਉਮਰ` ਤੋਂ ਅਧਿਆਤਮਿਕ ਸਾਧਨਾ ਸਬੰਧੀ ਸਿਖਿਆ ਹਾਸਲ ਕੀਤੀ । ‘ਅਬੁਲਹੁਸੈਨ ਸੂਰੀ` ਅਤੇ ‘ਜੁਦੈਨ` ਬਗਦਾਦੀ ਸੂਫ਼ੀਆਂ ਦੀ ਸੰਗਤ ਤੋਂ ਇਹ ਅਦ੍ਵੈਤਵਾਦੀ ਵਿਚਾਰਧਾਰਾ ਦਾ ਧਾਰਨੀ ਹੋਇਆ ਅਤੇ ਦੇਸ਼-ਦਿਸ਼ਾਤਰਾਂ ਵਿੱਚ ਘੁੰਮ ਕੇ ਆਪਣੇ ਮਤ ਦਾ ਪ੍ਰਚਾਰ ਕਰਨ ਲੱਗਾ ਕਿ ਰੱਬ ਅਤੇ ਜੀਵਾਤਮਾ ਆਪਸ ਵਿੱਚ ਅਭੇਦ ਹਨ ।
ਮਨਸੂਰ ਬਹੁਤ ਨਿਡਰ ਅਤੇ ਅਣਖੀਲਾ ਵਿਅਕਤੀ ਸੀ । ਜਿਸ ਗੱਲ ਨੂੰ ਠੀਕ ਅਤੇ ਸੱਚੀ ਮੰਨਦਾ ਸੀ, ਉਸ ਨੂੰ ਕਹਿਣ ਤੋਂ ਸੰਕੋਚ ਨਹੀ ਸੀ ਕਰਦਾ । ਆਪਣੇ ਵਿਸ਼ਵਾਸ਼ ਅਤੇ ਵਰਤਾਰੇ ਪ੍ਰਤੀ ਦ੍ਰਿੜ ਸੀ ਅਤੇ ਕਿਸੇ ਪ੍ਰਕਾਰ ਦੀ ਰਵਾਦਾਰੀ ਦਾ ਕਾਇਲ ਨਹੀ ਸੀ । ਰੱਬ ਨਾਲ ਇੱਕ-ਸੁਰ ਹੋ ਕੇ ਜੀਉੂਣ ਵਾਲੇ ਲੋਕਾਂ ਵਿੱਚ ਅਜਿਹੇ ਗੁਣ ਭਰ ਜਾਣੇ ਸੁਭਾਵਕ ਹਨ । ਕਿਉਂਕਿ, ਇਹ ਰੱਬੀ ਗੁਣ ਹਨ । ਜਿਵੇਂ, ਵੇਦਾਂਤੀ ਸਜਣ ਆਖਦੇ ਹਨ ‘ਅਹੰਬ੍ਰਹਮਾਸਿਮ` (ਅਹੰ+ਬ੍ਰਹਮ+ਅਸਮੀ) ਅ੍ਰਥਾਤ ‘‘ਮੈਂ ਪਰਮੇਸ਼੍ਵਰ ਹਾਂ`` । ਤਿਵੇਂ ਹੀ ਮਨਸੂਰ ਵੀ ਰੱਬੀ-ਮਸਤੀ ਵਿੱਚ ਭਰ ਕੇ ਬਿਨਾਂ ਕਿਸੇ ਸ਼ੰਕਾ ਅਤੇ ਲੁਕ-ਲੁਕਾਅ ਦੇ ਆਪਣੀ ਅਰਬੀ ਭਾਸ਼ਾ ਵਿੱਚ ‘‘ਅਨਲਹੱਕ`` {ਅਨਾ(ਮੈਂ)+ਅਲਹ+ਹੱਕ(ਸਤਿ ਅਥਵਾ ਸਤÎਬ੍ਰਹਮ)} ਦਾ ਨਾਹਰਾ (Slogan) ਲਾਇਆ ਕਰਦਾ ਸੀ । ਇਸ ਦਾ ਵੀ ਸ਼ਬਦੀ ਅਰਥ ਹੈ; ਮੈਂ ਰੱਬ ਹਾਂ ।
ਭਾਵੇਂ, ਉਹ ਦੇ ਇਸ ਕਥਨ ਦਾ ਭਾਵਾਰਥ ਤਾਂ ਅਸਲ ਵਿੱਚ ਇਹੀ ਸੀ ਕਿ ਉਹ ਇਲਾਹੀ ਜ਼ਾਤ ਦੇ ਨਾਲ ਇੱਕਮਿਕਤਾ ਦੇ ਅਸੂਲ ਨੂੰ ਮੰਨਦਾ ਹੈ । ਭਾਵ, ਰੱਬ ਅਤੇ ਉਸ ਦੀ ਕਿਰਤ ਰੂਪ ਸੰਸਾਰ, ਇੱਕ ਦੂਜੇ ਵਿੱਚ ਅਭੇਦ ਹਨ, ਵੱਖ-ਵੱਖ ਨਹੀ । ਪ੍ਰੰਤੂ, ਕੱਟੜ ਸ਼ਰਈ ਮੁਲਾਣਿਆਂ (ਜਿਹੜੇ ਮਨਸੂਰ ਦੀ ਸੂਫ਼ੀਆਨਾ ਖੁੱਲਦਿਲੀ, ਸਾਂਝੀਵਾਲਤਾ ਤੇ ਸਮਾਨਤਾ ਦੇ ਵਰਤਾਰੇ ਤੋਂ ਔਖੇ ਸਨ) ਨੇ ਆਖਿਆ ਕਿ ‘ਅਨਲਹੱਕ` ਦਾ ਨਾਅਰਾ ਇਸਲਾਮੀ ਸ਼ਰ੍ਹਾ ਦੇ ਉੱਲਟ ਹੈ । ਕੁਰਾਨ ਅਤੇ ਸੁਨੱਤ ਅਨੁਸਾਰ ਅਜਿਹੇ ਵਿਅਕਤੀ ਨੂੰ ਕਾਫ਼ਿਰ ਤੇ ਭੁੱਲੜ ਦੇ ਬਜਾਏ ਹੋਰ ਕੁਝ ਨਹੀ ਮੰਨਿਆਂ ਜਾ ਸਕਦਾ । ਇਸ ਲਈ ਮਨਸੂਰ ਨੇ, ਜਦੋਂ, ਐਸੇ ਸਾਮੰਤਵਾਦੀ ਤੇ ਰਾਜ-ਦਰਬਾਰ ਦੇ ਪੱਖੀ ਮੁਲਾਣਿਆਂ ਦੀਆਂ ਧਮਕੀਆਂ ਭਰੇ ਫਤਵਿਆਂ ਦੀ ਪ੍ਰਵਾਹ ਨਾ ਕੀਤੀ ਤਾਂ ਉਸ ਨੂੰ ਕੈਦ ਕਰ ਲਿਆ ਗਿਆ । ਪਰ, ਅੱਠ ਸਾਲ ਦੀ ਕੈਦ ਕੱਟਣ ਉਪਰੰਤ ਵੀ ਜਦ ਉਹ ਆਪਣੇ ਵਿਸ਼ਵਾਸ਼ ਅਤੇ ਵਰਤਾਰੇ ਪ੍ਰਤੀ ਦ੍ਰਿੜ ਰਿਹਾ ਤਾਂ ਉਸ ਨੂੰ ਕੋਰੜਿਆਂ ਦੀ ਮਾਰ ਮਾਰਦਿਆਂ ਹੱਥ ਕੱਟ ਕੇ ਸੂਲੀ ਉੱਤੇ ਬੈਠਾਅ ਦਿੱਤਾ ਗਿਆ, ਜਿਹੜੀ ਉੇਸ ਦੀ ਗੁਦਾ ਵਿਚੋਂ ਪ੍ਰਵੇਸ਼ ਹੋ ਕੇ ਦੇਹ ਨੂੰ ਵਿੰਨ੍ਹਦੀ ਹੋਈ ਤਾਲੂ ਵਿਚੋਂ ਆਰ–ਪਾਰ ਹੋ ਗਈ ।
ਫ਼ਾਰਸੀ ਦੇ ਪ੍ਰਸਿੱਧ ਕਵੀ ਰੂਮੀ ਨੇ ਮਨਸੂਰ ਦੀ ਪ੍ਰਸੰਸਾ ਵਿੱਚ ਗੀਤ ਗਾਏ । ਅਤਾਰ ਨੇ ਮਨਸੂਰ ਨੂੰ ‘ਸ਼ਹੀਦੇ-ਹੱਕ` ਅਤੇ ਮੁਸਲਮਾਨ ਫ਼ਿਲਾਸਫ਼ਰ ਸ਼ਾਇਰ ਸਰ ਮੁਹੰਮਦ ਇਕਬਾਲ ਨੇ ਉਸ ਨੂੰ ‘ਬੰਦਾ-ਏ-ਹੱਕ` ਕਹਿ ਕੇ ਸਤਿਕਾਰਿਆ । ਇਸ ਪ੍ਰਕਾਰ ਜਗਤ ਵਿੱਚ ਮਨਸੂਰ ਦੀ ਸ਼ਹੀਦੀ ਦੀ ਬਹੁਤ ਚਰਚਾ ਹੋਈ । ਕਿਉਂਕਿ, ਉਹ ਸਖਤ ਤਸੀਹੇ ਝਲਦਾ ਹੋਇਆ ਆਪਣੇ ਵਿਸ਼ਵਾਸ ਉੱਪਰ ਦ੍ਰਿੜ ਰਿਹਾ ਅਤੇ ਮੌਤ ਤੋਂ ਭੈ-ਭੀਤ ਹੋ ਕੇ ਡੋਲਿਆ ਨਹੀ ਸੀ ।
ਇਸ ਲਈ ਪ੍ਰਾਚੀਨ ਪ੍ਰੰਥ ਪ੍ਰਕਾਸ਼ ਦਾ ਕਰਤੇ ਸ੍ਰ:ਰਤਨ ਸਿੰਘ ‘ਭੰਗੂ` ਨੇ ਆਪਣੇ ਉਪਰੋਕਤ ਦੋਹਰਿਆਂ ਵਿੱਚ ਲਿਖਿਆ ਕਿ ‘ਮਨਸੂਰ` ਨੇ ਆਪਣੇ ਵਿਸ਼ਵਾਸ਼ ਦੀ ਸ਼ਹਾਦਤ ਦੇਣ ਹਿੱਤ, ਭਾਵੇਂ, ਇੱਕ ਟੱਕੇ ਆਪਣੇ ਹੱਥ ਕਟਵਾਏ ਅਤੇ ਸੂਲੀ ਦਾ ਕਸ਼ਟ ਸਹਾਰਦਿਆਂ ਸ਼ਹੀਦੀ ਪਾਈ, ਜੋ ਉਸ ਵੇਲੇ ਦਾ ਇੱਕ ਬਹੁਤ ਵੱਡਾ ਸਾਕਾ ਸੀ । ਪਰ, ਭਾਈ ਮਨੀ ਸਿੰਘ ਜੀ ਦੀ ਨਿਰਭੈਤਾ ਭਰੀ ਸ਼ਹਾਦਤ ਤਾਂ ‘ਮਨਸੂਰ` ਦੀਆਂ ਕਾਇਮ ਕੀਤੀਆਂ ਸਿਦਕੀ ਹੱਦਾਂ ਤੋਂ ਵੀ ਬਹੁਤ ਉੱਪਰ ਨਿਕਲ ਗਈ ਹੈ । ਕਿਉਂਕਿ, ਭਾਈ ਸਾਹਿਬ ਜੀ ਨੇ ਤਾਂ ਮਨਸੂਰ ਵਾਂਗ ਆਪਣੀ ਦੇਹ ਵੀ ਸਾਬਿਤ ਨਾ ਰੱਖੀ । ਉਸ ਦੇ ਵੀ ਉਨ੍ਹਾਂ ਨੇ ਹੱਸ ਹੱਸ ਕੇ ਅਤੇ ਦੱਸ-ਦੱਸ ਕੇ ਟੁਕੜੇ ਕਰਵਾ ਲਏ ।
ਭਾਈ ਮਨੀ ਸਿੰਘ ਜੀ ਦਾ ਮੁੱਢਲਾ ਨਾਮ ਸੀ ਭਾਈ ‘ਮਨੀਆ` । ਇਹ ਕੇਵਲ ਪੰਜ ਸਾਲ ਦੇ ਸਨ, ਜਦੋਂ ਇਨ੍ਹਾਂ ਦੇ ਮਾਪਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨੀ ਲਗਾਇਆ । ਸੰਨ 1699 ਦੀ ਵੈਸਾਖੀ ਨੂੰ ਹੀ ਇਨ੍ਹਾਂ ਨੇ ਖੰਡੇ ਦੀ ਪਹੁਲ ਛਕੀ ਅਤੇ ਸਿੰਘ ਪਦਵੀ ਧਾਰਨ ਕੀਤੀ । ਸੰਨ 1704 ਵਿਚ ਜਦੋਂ ਦਸਮ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਨੂੰ ਛੱਡਿਆ, ਤਦੋਂ ਹਜ਼ੂਰ ਦੀ ਆਗਿਆ ਅਨੁਸਾਰ ‘ਭਾਈ ਜੀ` ਗੁਰੂ ਕੇ ਮਹਿਲ ਪੂਜÎ ਮਾਤਾ ਸੁੰਦਰ ਕੌਰ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਅਤੇ ਉਥੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹੇ । ਸੰਨ 1705-06 ਵਿੱਚ ਜਦੋਂ ਇਹ ਮਾਤਾ ਜੀ ਹੁਰਾਂ ਦੇ ਨਾਲ ਸਾਬੋ ਕੀ ਤਲਵੰਡੀ (ਸ਼੍ਰੀ ਦਮਦਮੇ ਸਾਹਿਬ) ਪਹੁੰਚੇ, ਤਾਂ ਦਸਮੇਸ਼ ਜੀ ਨੇ ਓਥੇ ਵੀ ਇਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਕਰਨ ਅਤੇ ਗੁਰਬਾਣੀ ਸੰਥਿਆ ਦੇਣ ਦੀ ਸੇਵਾ ਸਉਂਪੀ ।
ਗੁਰੂ ਜੀ ਮਹਾਰਾਜ ਦੇ ਜੋਤੀ-ਜੋਤ ਸਮਾਉਣ ਅਤੇ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਹੋਣ ਉਪਰੰਤ ਪੰਥਕ ਜਥੇਬੰਦੀ ਆਗੂ ਰਹਿਤ ਹੋਣ ਕਰਕੇ ਜਦੋਂ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋ ਕੇ ਫੁੱਟਣ ਲਗੀ ਤਾਂ ਪੂਜÎਮਾਤਾ ਸੁੰਦਰ ਕੌਰ ਜੀ ਨੇ ਪੰਥਕ ਏਕਤਾ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਭਾਈ ਮਨੀ ਸਿੰਘ ਜੀ ਹੁਰਾਂ ਨੂੰ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਗ੍ਰੰਥੀ ਨਿਯੁਕਤ ਕਰ ਦਿਤਾ । ਪ੍ਰਚੀਨ ਪੰਥ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ :
ਅਕਾਲ ਬੁੰਗੇ ਕੇ ਤਖਤ ਸੁ ਬੈਠੇ । ਖ਼ਤਾਦਾਰ ਕੇ ਕੰਨ ਸੁ ਐਠੇ ।
ਸਿੱਖਨ ਕੋ ਸਿੱਖੀ ਦ੍ਰਿੜਾਵੈ । ਸਿੱਖੀਓਂ ਚੁੱਕੇ ਤਿਸ ਤਨਖ਼ਾਹ ਲਾਵੈ ।
ਭਾਈ ਸਾਹਿਬ ਜੀ ਦੇ ਯਤਨਾਂ ਸਦਕਾ ਜਦੋਂ ਪੰਥਕ ਜਥੇਬੰਦੀ ਮਜ਼ਬੂਤ ਹੋਣ ਲਗੀ ਤਾਂ ਲਹੌਰ ਦੇ ਹਾਕਮ ਜ਼ਕਰੀਆ ਖ਼ਾਂ ਨੇ ਸਿੰਘਾਂ ਦੀ ਜਥੇਬੰਦਕ ਸ਼ਕਤੀ ਤੋਂ ਘਬਰਾ ਕੇ ਉਨ੍ਹਾਂ ਉਪਰ ਹਕੂਮਤ ਵਿਰੁਧ ਬਗਾਵਤੀ ਸਾਜ਼ਸ਼ਾਂ ਘੜਣ ਦਾ ਦੋਸ਼ ਲਗਾ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੀ ਸੰਨ 1737 ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਆਖਿਆ ਗਿਆ ਕਿ ਹੁਣ ਤਹਾਨੂੰ ਇਸਲਾਮ ਕਬੂਲ ਕਰਨ ਦੀ ਸ਼ਰਤ ਉਪਰ ਹੀ ਜਿੰਦਾ ਰਿਹਾਅ ਕੀਤਾ ਜਾ ਸਕਦਾ ਹੈ । ਪਰ, ਭਾਈ ਸਾਹਿਬ ਜੀ ਜਦੋਂ ਕਿਸੇ ਵੀ ਹੀਲੇ ਸਿੱਖੀ ਸਿਦਕ ਨੂੰ ਛੱਡ ਕੇ ਇਸਲਾਮ ਕਬੂਲ ਕਰਨ ਨੂੰ ਤਿਆਰ ਨਾ ਹੋਏ ਤਾਂ ਨਖਾਸ ਚੌਂਕ (ਘੋੜਾ-ਮੰਡੀ) ਲਹੌਰ ਵਿਖੇ ਉਨ੍ਹਾਂ ਦੀ ਦੇਹ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ।
ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਜਦੋਂ ਨਵਾਬ ਨੇ ਭਾਈ ਸਾਹਿਬ ਮਨੀ ਸਿੰਘ ਜੀ ਹੁਰਾਂ ਦੇ ਬੰਦ-ਬੰਦ (ਸਰੀਰਕ ਅੰਗਾਂ ਦੇ ਜੋੜ) ਕੱਟਣ ਦੇ ਆਦੇਸ਼ ਦੇ ਕੇ ਜਲਾਦਾਂ ਹਵਾਲੇ ਕੀਤਾ ਤਾਂ ਉਨ੍ਹਾਂ ਵਿਚੋਂ ਟੋਕਾ ਲੈ ਕੇ ਜਿਹੜਾ ਜਲਾਦ ਬੰਦ-ਬੰਦ ਜੁਦਾ ਕਰਨ ਲਈ ਤਿਆਰ ਹੋਇਆ, ਉਸ ਨੇ ਆਖਿਆ ‘‘ਸਰੀਰ ਦੇ ਬੰਦ (ਜੋੜ) ਚਾਰ ਬਣਦੇ ਹਨ, ਦੋ ਮੋਢਿਆਂ ਦੇ ਅਤੇ ਦੋ ਚੂਲਿਆਂ ਦੇ । ਪਰ, ਭਾਈ ਸਾਹਿਬ ਜੀ ਨੇ ਆਪਣਾ ਹੱਥ ਅੱਗੇ ਵਧਾਦਿਆਂ ਕਿਹਾ ‘‘ਸਜਣਾ, ਇਉਂ ਜਾਪਦਾ ਹੈ ਕਿ ਤੂੰ ਬੰਦ-ਬੰਦ ਕੱਟਣ ਦੇ ਅਰਥ ਨਹੀ ਜਾਣਦਾ । ਮਿਤਰਾ ! ਆ, ਤੈਨੂੰ ਮੈਂ ਦਸਦਾਂ ਹਾਂ । ਕਿਉਂਕਿ, ਮੋਢਿਆਂ ਦੇ ਦੋ ਬੰਦ (ਜੋੜ) ਕੱਟਣ ਤੋਂ ਪਹਿਲਾਂ ਦੋਨਾਂ ਹੱਥਾਂ ਦੀਆਂ ਉਂਗਲੀਆਂ ਦੇ ਤਿੰਨ ਤਿੰਨ ਪੋਟੇ ਵੀ ਹਨ । ਦੋ ਗੁੱਟ ਤੇ ਦੋ ਕੂਹਣੀਆਂ ਵੀ ਹਨ । ਇਸੇ ਤਰ੍ਹਾਂ ਲੱਤਾਂ ਦੇ ਦੋਵੇਂ ਚੂਲੇ ਕੱਟਣ ਤੋਂ ਪਹਿਲਾਂ ਪੈਰਾਂ ਦੇ ਪੋਟੇ ਅਤੇ ਗਿੱਟੇ ਤੇ ਗੋਡੇ ਵੀ ਹਨ :
ਤਬ ਨਵਾਬ ਨੇ ਯੋਂ ਫੁਰਮਾਯੋ । ਬੰਦ ਬੰਦ ਅਬ ਜੁਦਾ ਕਰਾਯੋ।
ਚੰਡਾਲਨ ਸਿੰਘ ਤੁਰਤ ਫੜਾਯਾ । ਨਿਖਾਸ ਚੌਂਕ ਕੇ ਵਿੱਚ ਬਹਾਯਾ ।
ਚੰਡਾਲ ਬੰਦ ਤਬ ਚਾਰ ਬਤਾਏ । ‘ਬਾਹਾਂ ਟੰਗਾਂ ਕਰੋਂ ਜੁਦਾਏ।
ਤਬਹਿ ਮਨੀ ਸਿੰਘ ਉਨ ਸੋਂ ਕਹੀ । ਤੁਮ ਬੰਦ ਬੰਦ ਕੋ ਜਾਨਤ ਨਾਹੀ ।
ਮੈਂ ਬੰਦ ਬੰਦ ਨਿਜ ਦੇਉਂ ਬਤਾਈ । ਤਿਮੈਂ ਤਿਮੈਂ ਤੂੰ ਛੁਰੀ ਚਲਾਈਂ।
ਪਹਿਲੇ ਉਂਗਲੀਓਂ ਪੋਟੇ ਕਟਾਏ । ਫਿਰ ਮਧ ਗੰਢੋਂ ਬੰਦ ਛੁਡਾਏ ।
ਚੰਡਾਲ ਚਾਹੇ ਫਿਰ ਮੋਢਿਓਂ ਲਹਾਈ । ਮਨੀ ਸਿੰਘ ਦਈ ਕੂਹਨੀ ਅੜਾਈ ।
ਕੂਹਣੀ ਕਟਾਇ ਫਿਰ ਮੋਢਿਓਂ ਲਹਾਈ । ਸੱਜੀ ਕਟਾਏ ਫਿਰ ਖੱਬੀ ਫੜਾਈ ।
ਪਰ, ‘ਅਕਾਲਮੂਰਤਿ` ਪਦ ਦੀ ਚਲ ਰਹੀ ਵਿਆਖਿਆ ਵਿੱਚ ਭਾਈ ਸਾਹਿਬ ਜੀ ਦੇ ਇਸ ਸ਼ਹੀਦੀ ਪ੍ਰਸੰਗ ਦੁਆਰਾ ਜਿਹੜੀ ਗੱਲ ਮੈਂ ਗੁਰਮਤਿ ਪ੍ਰੇਮੀਆਂ ਨਾਲ ਵਿਸ਼ੇਸ਼ ਤੌਰ `ਤੇ ਸਾਂਝੀ ਕਰਨੀ ਚਹੁੰਦਾ ਹਾਂ, ਉਹ ਇਹ ਹੈ ਕਿ ਇਸ ਸ਼ਹਾਦਤ ਨੇ ਗੁਰੂ ਸਾਹਿਬ ਜੀ ਵਲੋਂ ‘ਅਕਾਲਮੂਰਤਿ` ਦੇ ਫ਼ਲਸਫ਼ੇ ਦੀ ਰੌਸ਼ਨੀ ਵਿੱਚ ਬੋਲੇ ਇਨ੍ਹਾਂ ਬਚਨਾਂ ‘‘ਨਾ ਓਹੁ ਮਰਤਾ ਨਾ ਹਮ ਡਰਿਆ ।। ਨਾ ਓਹੁ ਬਿਨਸੈ ਨਾ ਹਮ ਕੜਿਆ ।।`` {ਪੰਨਾ ੩੯੧} ਨੂੰ ਕਿਵੇਂ ਅਤੇ ਕਿਸ ਕਦਰ ਸੱਚ ਕਰ ਵਿਖਾਇਆ । ਕਿਉਂਕਿ, ‘ਭੰਗੂ` ਜੀ ਲਿਖਿਆ ਹੈ ਕਿ ਜਦੋਂ ਉਨ੍ਹਾਂ ਦੀ ਦੇਹ ਦੇ ਬੰਦ ਬੰਦ ਕੱਟੇ ਜਾ ਰਹੇ ਸਨ ਤਾਂ ਉਹ ਬੜੀ ਮੌਜ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ । ਪਰ, ਪਾਠ ਕਰਦੇ ਹੋਏ ਜਦੋਂ ਹੇਠ ਲਿਖੀਆਂ ਪੰਕਤੀਆਂ `ਤੇ ਪਹੁੰਚੇ ਤਾਂ ਇਨ੍ਹਾਂ ਪੰਕਤੀਆਂ ਨੂੰ ਉਹ ਉੱਚੀ ਉੱਚੀ ਤੇ ਹੱਸਦੇ ਹੋਏ ਬਾਰ-ਬਾਰ ਗਾਣ ਲੱਗੇ :
‘ਨਹ ਕਿਛੁ ਜਨਮੈ ਨਹ ਕਿਛੁ ਮਰੈ ।। ਆਪਨ ਚਲਿਤੁ ਆਪ ਹੀ ਕਰੈ ।। {ਗੁ.ਗ੍ਰੰ.ਪੰ.੨੮੧}
ਪੰਥ ਪ੍ਰਕਾਸ਼ ਦੀ ਲਿਖਤ ਹੈ :
ਸਿੰਘ ਜੀ ਮੁਖ ਗੁਰ ਪੜ੍ਹਤੋ ਬਾਣੀ । ਨਹਿ ਕੁਛ ਪੀੜ ਦੇਹ ਉਨ ਜਾਨੀ ।
ਪਾਠ ਸੁਖਮਨੀ ਮੁਖੋਂ ਉਚਰੈ । ‘‘ਨਹ ਕਿਛੁ ਜਨਮੈ ਨਹ ਕਿਛ ਮਰੈ`` ।
ਕਹਿੰਦੇ ਹਨ ਕਿ ਭਾਈ ਸਾਹਿਬ ਜੀ ਰਸਨਾ ਤੋਂ ਗੁਰਬਾਣੀ ਦੇ ਇਹ ਬਚਨ ਸੁਣ ਕੇ ਅਤੇ ਉਨ੍ਹਾਂ ਦੀ ਮਸਤੀ ਭਰੀ ਅਵਸਥਾ ਦੇਖ ਕੇ ਜਲਾਦ ਵੀ ਠਠੰਬਰਿਆ (To hestiate) ਅਤੇ ਆਪਣੇ ਨੇੜ੍ਹੇ ਖੜੇ ਸਯਦ ਕਾਜ਼ੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਕੋਈ ਫਾਇਦਾ ਨਹੀ ਦਿਸਦਾ ਇਸ ਬੰਦੇ ਦੇ ਬੰਦ ਬੰਦ ਕਟਣ ਦਾ । ਕਿਉਂਕਿ, ਸਰੀਰਕ ਤਸੀਹੇ ਅਤੇ ਮੌਤ ਦਾ ਡਰ ਤਾਂ ਇਹਦੇ ਲਈ ਇੱਕ (ਚਲਿਤ) ਤਮਾਸ਼ਾ ਜਾਪਦਾ ਹੈ । ਕੀ ਤੁਸੀਂ ਸੁਣ ਨਹੀ ਰਹੇ ਇਹਦੀ ਕਲਾਮ ‘‘ਨਹ ਕਿਛੁ ਜਨਮੈ ਨਹ ਕਿਛ ਮਰੈ`` ?
ਭਾਈ ਸਾਹਿਬ ਜੀ ਬੋਲੇ; ਮਿਤਰੋ ! ਪਹਿਲੀ ਗੱਲ ਤਾਂ ਇਹ ਹੈ ਕਿ ਕਲਾਮ ਮੇਰੀ ਨਹੀ, ਮੇਰੇ ਗੁਰੂ ਦੀ ਹੈ । ਦੂਜੀ ਗੱਲ ਇਹ ਹੈ ਕਿ ਤਮਾਸ਼ਾ ਜਾਪਣ ਦੀ ਗੱਲ ਕੋਈ ਭਰਮ ਨਹੀਂ, ਸਗੋਂ ਇੱਕ ਸੱਚ ਹੈ । ਤੁਸੀਂ ਤਾਂ ਸਮਝ ਰਹੇ ਹੋ ਕਿ ਅਸੀਂ ਗੁਰੂ ਦੇ ਸਿੰਘ ਨੂੰ ਕੱਟ ਕੇ ਡਰਾ ਰਹੇ ਹਾਂ ਜਾਂ ਇਉਂ ਸੋਚ ਰਹੇ ਹੋ ਕਿ ਦੁੱਖ ਦੇ ਕੇ ਮੌਤ ਦੇ ਘਾਟ ਉਤਾਰ ਰਹੇ ਹਾਂ । ਪਰ, ਮੈਨੂੰ ਤਾਂ ਇਸ ਖੌਫ਼ਨਾਕ ਕਿਰਿਆ ਵਿੱਚ ਵੀ ਪਰਮ ਅਨੰਦ ਭਾਸ ਰਿਹਾ ਹੈ । ਕਿਉਂਕਿ, ਮੈਂ ਤਾਂ ਬਹੁਤ ਚਿਰਾਂ ਤੋਂ ਕੂਕ ਰਿਹਾ ਸਾਂ ‘‘ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ।।`` ‘‘ਪ੍ਰਭ ਮੋਹਿ ਕਬ ਗਲਿ ਲਾਵਹਿਗੇ…`` (ਪੰਨਾ:੧੩੨੧) ਜਾਪਦਾ ਹੈ ਕਿ ਹੈ ਕਿ ਮਾਲਕ-ਪ੍ਰਭੂ ਦੀ ਮੇਹਰ ਦੀ ਬਦੌਲਤ ਅੱਜ ਇਸ ਨਿਮਾਣੇ ਆਸਵੰਤ ਦੀ ਉਹ ਵੱਡੀ ਆਸ ਪੂਰੀ ਹੋ ਰਹੀ ਹੈ । ਮੇਰੇ ਤੇ ਮੇਰੇ ਪ੍ਰੀਤਮ ਪ੍ਰਭੂ ਦੇ ਵਿਚਾਲੇ ਜਿਹੜੀ ਥੋੜੀ ਜੇਹੀ ਸਰੀਰਕ ਵਿਥ ਬਣੀ ਹੋਈ ਸੀ , ਤੁਹਾਡੀ ਤਲਵਾਰ ਹੁਣ ਉਸ ਨੂੰ ਵੀ ਮਿਟਾ ਦੇਵੇਗੀ ਅਤੇ ਫਿਰ ‘‘ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ`` ‘‘ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ…`` ।(ਪੰਨਾ:੧੩੨੧)
ਮਿਤਰੋ ! ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਆਰੇ ਪ੍ਰੀਤਮ ਦੇ ਮਿਲਾਪ ਵੇਲੇ ਸੁਹਾਗਣਾਂ ਨੂੰ ਵਿਥ ਬਣਨ ਵਾਲੇ ਬਸਤਰ ਤੇ ਹਾਰ ਸਿੰਗਾਰ ਕਿਥੇ ਸੁਖਾਂਦੇ ਹਨ ? ਅਕਾਸ਼ੀਂ ਚੜੇ ਬਦਲਾਂ `ਚੋਂ ਡਿੱਗੀ ਹੋਈ ਬੂੰਦ ਜਦੋਂ ਨਦੀ-ਨਾਲਿਆਂ ਵਿੱਚ ਮਿਲ ਕੇ ਕਿਧਰੇ ਸ਼ਹੁ-ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਉਸ ਦੀ ਸ਼ਾਨ ਘਟਦੀ ਨਹੀ, ਸਗੋਂ ਵਧਦੀ ਐ । ਮਿਤਰੋ ! ਮਿਲਾਪ ਦੀ ਉਸ ਘੜੀ ਦਾ ਅਨੰਦ ਤਾਂ ਉਹ ਬੂੰਦ ਹੀ ਜਾਣ ਸਕਦੀ ਹੈ, ਹੋਰ ਕੋਈ ਦੂਜਾ ਨਹੀ । ਕਿਉਂਕਿ, ਉਸ ਵੇਲੇ ਤਾਂ ਸ਼ਹੁ-ਸਾਗਰ ਨੂੰ, ਉਹ ਆਪਣੇ ਨਾਲੋਂ ਨਾਲੋਂ ਕਿਸੇ ਪੱਖੋਂ ਵੀ ਵੱਖਰਿਆਂ ਨਹੀ ਵੇਖ ਰਹੀ ਹੁੰਦੀ । ਪ੍ਰੰਤੂ, ਅਜਿਹੀ ਸੋਝੀ ਤਾਂ ਉਸ ਵਡਭਾਗੀ ਜਿਊੜੇ ਨੂੰ ਹੀ ਆ ਸਕਦੀ ਹੈ, ਜਿਸ ਨੇ ਵਡੇ ਭਾਗਾਂ ਨਾਲ ਗੁਰੂ ਨਾਨਕ ਸਰੂਪ ਗਰੁੂ ਗ੍ਰੰਥ ਸਾਹਿਬ ਨੂੰ ਭੇਟਿਆ ਹੋਵੇ । ਭਾਵ, ਸ਼ਰਧਾ ਸਹਿਤ ਵਿਚਾਰ ਨਾਲ ਸਮਝਣ ਦਾ ਯਤਨ ਕੀਤਾ ਹੋਵੇ । ਭਾਈ ਸੁਣਹੁ ! ਉਹ ਕੀ ਆਖਦਾ ਹੈ :
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ।। (ਪੰਨਾ ੮੨੭)
{ਅਰਥ: ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ।} ਇਸ ਲਈ ਸ਼ੁਕਰ ਹੈ ਕਿ ਅੱਜ ਸਾਡੀ ਜੀਵਾਤਮਾ ਰੂਪ ਬੂੰਦ ਦਾ ਵੀ ਸੁਖ ਸਾਗਰ ਪਭੂੂ ਵਿੱਚ ਮਿਲਨ ਹੋ ਰਿਹਾ ਹੈ । ਕਿਤੇ ਅਜਿਹੀ ਅਵਸਥਾ ਵਿੱਚ ਹੀ ਭਗਤ ਕਬੀਰ ਸਾਹਿਬ ਜੀ ਦੇ ਮੁਖੋਂ ਇਹ ਬਚਨ ਨਿਕਲੇ ਸਨ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ।। {ਗੁ.ਗ੍ਰੰ.ਪੰ.੧੩੬੫}
ਭਾਈ ਸਾਹਿਬ ਜੀ ਦੀ ਨਿਰਭੈਤਾ ਭਰੀ ਸ਼ਾਂਤਮਈ ਤੇ ਚੜ੍ਹਦੀ ਕਲਾ ਵਾਲੀ ਅਡੋਲ ਅਵਸਥਾ ਅਤੇ ਮਸਤੀ ਭਰੇ ਉਪਰੋਕਤ ਬਚਨ ਸੁਣ ਕੇ ਕੁਝ ਪਲਾਂ ਲਈ ਤਾਂ ਜਲਾਦ ਪੱਥਰ ਦੇ ਬੁੱਤ ਵਾਂਗ ਖੜਾ ਹੋ ਗਿਆ । ਸਯਦ ਕਾਜ਼ੀ ਆਪਣੇ ਬੁਲ੍ਹਾਂ ਉੱਤੇ ਜੀਭ ਫੇਰਨ ਲੱਗਾ । ਦਰੋਗਾ ਵੀ ਬਿੱਟ-ਬਿੱਟ ਤੱਕਣ ਲੱਗਾ । ਪਰ, ਖ਼ੂਨ ਨਾਲ ਲੱਥ-ਪੱਥ ਹੋਏ ਭਾਈ ਸਾਹਿਬ, ਜਿਨ੍ਹਾਂ ਦੁਆਲੇ ਸਰੀਰਕ ਅੰਗਾਂ ਦੇ ਕੱਟੇ ਹੋਏ ਟੁੱਕੜੇ ਖਿਲਰੇ ਪਏ ਸਨ ਅਤੇ ਖ਼ੂਨ ਦੇ ਜ਼ਿਆਦਾ ਵਗ ਜਾਣ ਕਾਰਨ ਅਵਾਜ਼ ਵੀ ਕੁਝ ਮਧਮ ਪੈ ਰਹੀ ਸੀ, ਆਪਣੀ ਗੱਲ ਜਾਰੀ ਰਖਦੇ ਹੋਏ ਪਿਆਸੇ ਪਾਪੀਹੇ ਵਾਂਗ ਮੁੜ ਬੋਲੇ ;
‘‘ਮਿਤਰੋ ! ਵਡੇ ਭਾਗਾਂ ਨਾਲ ਜਦੋਂ ਮੈਂ ਸਾਧ ਮੂਰਤਿ ਗੁਰੂ ਨਾਨਕ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਿਆ, ਤਦੋਂ ਉਨ੍ਹਾਂ ਮੈਨੂੰ ਇਹੀ ਉਪਦੇਸ ਦਿੱਤਾ ਸੀ ਕਿ ਬੇਟਾ ! ਆਪਣੇ ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ । ‘ਅਕਾਲ ਮੂਰਤਿ` ਹੈ । ਬੇਟਾ ! ਪਰਮਾਤਮਾ ਦਾ ਨਾਮ ਹੀ ਅਸਲ ਖ਼ਜ਼ਾਨਾ ਹੈ, ਰੱਬੀ ਗੁਣਾਂ ਨੂੰ ਜੀਵਨ ਵਿੱਚ ਗ੍ਰਹਿਣ ਕਰਨਾ ਹੀ ਜ਼ਿੰਦਗੀ ਦੀ ਅਸਲ ਖੱਟੀ ਹੈ। ਕਿਉਂਕਿ, ਕੇਵਲ ਇਹੀ ਇੱਕੋ ਇੱਕ ਚੀਜ਼ ਹੈ, ਜਿਹੜੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦੀ ਹੈ । ਜਿਸ ਦੀ ਬਦੌਲਤ ਮਨੁੱਖ ਰੱਬੀ-ਦ੍ਰਿਸ਼ਟੀ ਵਿੱਚ ਪ੍ਰਵਾਨ ਹੁੰਦਾ ਹੈ :
ਸਤਿ ਪੁਰਖ ਅਕਾਲ ਮੂਰਤਿ, ਰਿਦੈ ਧਾਰਹੁ ਧਿਆਨੁ ।। ਨਾਮੁ ਨਿਧਾਨੁ ਲਾਭੁ, ਨਾਨਕ, ਬਸਤੁ ਇਹ ਪਰਵਾਨੁ ।।੨।।{ਗੁ.ਗ੍ਰੰ.ਪੰਨਾ ੧੧੨੧}
ਇਸ ਪਕਾਰ ਜਦੋਂ ਤੋਂ ਮੈਂ ਗੁਰੂ ਦੀ ਕਿਰਪਾ ਨਾਲ ‘ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ, ਧਿਆਨ ਕਉ ।। (ਗੁ.ਗ੍ਰੰ. ਪੰ.੧੨੦੮) {ਅਰਥ: ਸਾਧਾਂ ਸੰਤਾਂ ਦੀ ਧਿਆਨ ਲਗਾਉਣ ਦੀ ਉਤਮ ਥਾਂ (ਨੀਕੀ ਠਾਹਰ) ਅਕਾਲਮੂਰਤਿ ਹੈ।} ਗੁਰਵਾਕ ਦੀ ਸੇਧ ਵਿੱਚ ‘ਅਕਾਲਮੂਰਤਿ` ਦਾ ਧਿਆਨ ਧਰਨ ਵਾਲੀ ਸ੍ਰੇਸ਼ਟ ਗੁਰਮਤੀ ਜੀਵਨ -ਜੁਗਤਿ ਅਪਨਾਈ ਹੈ, ਜਦੋਂ ਤੋਂ ਮੈਂ ਆਪਣੇ ਮਨ ਨੂੰ ਇੰਝ ਸਮਝਾਉਣਾਂ ਸ਼ੁਰੂ ਕੀਤਾ ਹੈ ਹੇ ਮੇਰੇ ਮਨ ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ, ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ । ਹੇ ਮੇਰੇ ਮਨ ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ‘‘ਸਤਿ ਸਤਿ ਸਦਾ ਸਤਿ ।। ਨਿਰਵੈਰੁ, ਅਕਾਲ ਮੂਰਤਿ ।। ਆਜੂਨੀ, ਸੰਭਉ ।। ਮੇਰੇ ਮਨ, ਅਨਦਿਨੁੋ ਧਿਆਇ ਨਿਰੰਕਾਰੁ ਨਿਰਾਹਾਰੀ`` ।। (ਗੁ.ਗ੍ਰੰ.ਪੰ. ੧੨੦੧) ਤਦੋਂ ਤੋਂ ਮੈਂ ਆਪਣੇ ਜਨਮ ਅਤੇ ਮਰਨ ਦੋਵੇਂ ਖ਼ਤਮ ਕਰਾ ਲਏ ਹਨ । ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ । ਮੇਰੇ ਅੰਦਰੋਂ ਮੌਤ ਦਾ ਸਹਮ ਖਤਮ ਹੋ ਗਿਆ ਹੈ ।
ਕਾਰਨ ਇਹ ਹੈ ਕਿ ਹੁਣ ਮੈਨੂੰ ਸਮਝ ਆ ਗਈ ਹੈ ਕਿ ਸਾਡੇ ਅੰਦਰ ਵੱਸਣ ਵਾਲੀ ਚੇਤੰਨਤਾ ਅ੍ਰਥਾਤ ਸਾਡਾ ਜੀਵਤਾਮਾ ਅਬਿਨਾਸੀ ਪਰਮਾਤਮਾ ਦੀ ਅੰਸ ਹੈ ਅਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ, ਜਿਵੇਂ ਕਾਗ਼ਜ਼ ਤੇ ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ ਸਿਆਹੀ :
ਗੁਰ ਪ੍ਰਸਾਦਿ ਮੈ ਡਗਰੋ (ਰਸਤਾ) ਪਾਇਆ ।।
ਜੀਵਨ ਮਰਨੁ ਦੋਊ ਮਿਟਵਾਇਆ ।।
ਕਹੁ ਕਬੀਰ ਇਹੁ ਰਾਮ ਕੀ ਅੰਸੁ ।।
ਜਸ ਕਾਗਦ ਪਰ ਮਿਟੈ ਨ ਮੰਸੁ (ਸਿਆਹੀ) ।।{ਗੁ.ਗ੍ਰੰ.ਪੰਨਾ ੮੭੧}
ਇਸ ਕਰਕੇ ਸਜਣੋਂ ! ਮੈਂਨੂੰ ਪੂਰਨ ਵਿਸ਼ਵਾਸ਼ ਹੈ ਕਿ ਤੁਸੀਂ ਮੈਨੂੰ ਮਾਰ ਨਹੀ ਕਰ ਸਕਦੇ । ਕਿਉਂਕਿ, ਤੁਸਾਂ ਮੇਰੇ ਹੱਥ ਪੈਰ ਕੱਟੇ, ਮੈਂ ਨਹੀ ਮਰਿਆ । ਹੁਣ, ਲੱਤਾਂ ਮੋਢੇ ਕੱਟੇ ਮੈਂ ਨਹੀ ਮਰਿਆ । ਆਖਰ ਹੁਣ ਜਦੋਂ ਤੁਹਾਡਾ ਇਹ ਟੋਕਾ ਜਾਂ ਤਲਵਾਰ ਮੇਰੀ ਗਰਦਨ ਉਤਾਰ ਦੇਵੇਗੀ ਤਾਂ ਵੱਧ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਮੈਂ ਬੋਲ ਨਾ ਸਕਾਂ । ਪਰ, ਇਸ ਦਾ ਇਹ ਅਰਥ ਨਹੀ ਹੋਵੇਗਾ ਕਿ ਮੇਰੀ ਆਤਮਕ-ਹਸਤੀ ਦਾ ਨਾਸ਼ ਹੋ ਗਿਆ ਹੋਵੇ । ਅੱਜ ਮੈਂ ਉੱਚੀ ਬਾਂਹ ਕਰਕੇ ਹੋਰ ਵੀ ਪੱਕੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਤਿਗੁਰੂ ਨੇ ਸੱਚ ਆਖਿਆ ਹੈ ਕਿ ਜਦੋਂ ਉਹ ਅਕਾਲਪੁਰਖ ਕਦੇ ਮਰਦਾ ਨਹੀਂ (ਸਾਡੇ ਅੰਦਰ ਵੀ ਉਹ ਆਪ ਹੀ ਹੈ), ਇਸ ਲਈ ਸਾਨੂੰ ਵੀ ਮੌਤ ਰੂਪ ਕਾਲ ਤੋਂ ਡਰ ਨਹੀਂ ਹੋਣਾ ਚਾਹੀਦਾ । ਉਹ ਅਕਾਲਪੁਰਖ ਕਦੇ ਨਾਸ ਨਹੀਂ ਹੁੰਦਾ, ਇਸ ਲਈ ਸਾਨੂੰ ਵੀ ਆਪਣੇ ਵਿਨਾਸ਼ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ । : ‘‘ਨਾ ਓਹੁ ਮਰਤਾ ਨਾ ਹਮ ਡਰਿਆ ।। ਨਾ ਓਹੁ ਬਿਨਸੈ ਨਾ ਹਮ ਕੜਿਆ ।।`` {ਪੰਨਾ ੩੯੧} ...ਚਲਦਾ




.