.

ਟੋਰਨੈਡੋ ਤਾਰਿਕਾ-ਮੰਡਲੀਆਂ ਅਤੇ ਘੁੰਮਣਘੇਰ

ਘੂਮਨਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥
{ਪੰਨਾ ੯੧੬}

ਪ੍ਰੋ: ਤਰਲੋਚਨ ਸਿੰਘ ਮਹਾਜਨ
ਫਿਜਿਕਸ ਵਿਭਾਗ
ਖਾਲਸਾ ਕਾਲਜ ਪਟਿਆਲਾ
ਫੋਨ ੦੯੧੯੮੮੮੧੬੯੨੨੬

ਸਾਰੀ ਕਾਇਨਾਤ ਇਕ ਅਲੌਕਿਕ ਰਿਦਮ ਵਿਚ ਥਿਰਕ (ਨੱਚ) ਰਹੀ ਹੈ । ਇਸ ਦੇ ਜ਼ਰ੍ਹੇ ਜ਼ਰ੍ਹੇ ਵਿਚੋਂ ਸੰਗੀਤ ਦੀਆਂ ਧੁਨਾਂ ਫੁੱਟ ਰਹੀਆਂ ਹਨ । ਮੀਂਹ ਦੀ ਬੂੰਦਾ-ਬਾਂਦੀ, ਸਮੁੰਦਰ ਦੀਆਂ ਛੱਲਾਂ ਦਾ ਸੰਗੀਤ ਅਤੇ ਹਵਾਵਾਂ ਦੀ ਸ਼ਾਂ ਸ਼ਾਂ ਦੇ ਸੁਰ-ਤਾਲ ਦੀ ਸਰਗਮ ਨੂੰ ਨਾਪਿਆ ਨਹੀਂ ਜਾ ਸਕਦਾ । ਮੋਰ ਜਦੋਂ ਪੈਲ ਪਾਉਂਦਾ ਹੈ ਤਾਂ ਇਉਂ ਲਗਦਾ ਹੈ ਜਿਵੇਂ ਸਮਾ ਰੁਕ ਗਿਆ ਹੋਵੇ । ਕੁਦਰਤੀ ਸੰਗੀਤ ਦੀਆਂ ਫੁਹਾਰਾਂ ਜਦੋਂ ਪਾਣੀ ਦੇ ਰੂਪ ਵਿਚ ਵਰ੍ਹਦੀਆਂ ਹਨ ਤਾਂ ਕਦੀ-ਕਦੀ ਪੀਓ-ਪੀਓ ਕਰਦਾ ਕੋਈ ਭਾਗਾਂ ਵਾਲਾ ਪਪੀਹਾ ਉਸ ਨੂੰ ਪੀਂਦਾ ਹੋਇਆ ਜਨਮਾਂ ਜਨਮਾਂ ਦੀ ਪਿਆਸ ਨੂੰ ਸ਼ਾਂਤ ਕਰ ਲੈਂਦਾ ਹੈ ।
ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥
ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥
{ਪੰਨਾ ੪੫੨}

ਇਹੋ ਕੁਦਰਤੀ ਸੰਗੀਤ ਜਿਸ ਨੂੰ ਧਰਮਾਂ ਦੀ ਭਾਸ਼ਾ ਵਿਚ ਅਨਹਦ ਨਾਦ ਕਹਿੰਦੇ ਹਨ, ਬ੍ਰਹਿਮੰਡ ਦੇ ਜ਼ਰ੍ਹੇ ਜ਼ਰ੍ਹੇ ਦੀ ਧੜਕਣ ਹੈ । “ਅਖੰਡ ਮੰਡਲ ਨਿਰੰਕਾਰ ਮਹਿ, ਅਨਹਦ ਬੇਨੁ ਬਜਾਵਉਗੋ” । ਜੀਵਾਂ ਦੇ ਦਿਲਾਂ ਵਿਚ ਤਾਂ ਇਹ ਧੜਕਦਾ ਹੀ ਹੈ, ਨਿਰਜੀਵਾਂ ਵਿੱਚ ਵੀ ਇਹੋ ਵਿਆਪਕ ਹੈ । ਇਕ ਛੋਟਾ ਬੱਚਾ ਜਿਸ ਨੂੰ ਅਜੇ ਸੰਗੀਤ ਦਾ ਕੋਈ ਇਲਮ ਨਹੀਂ ਜੇ ਉਹਦੇ ਕੋਲ ਢੋਲ ਵਜਾਇਆ ਜਾਏ ਤਾਂ ਉਸ ਦੇ ਹੱਥ ਪੈਰ ਆਪੂੰ ਹਿਲਣੇ ਸ਼ੁਰੂ ਹੋ ਜਾਂਦੇ ਹਨ । ਕਈ ਨਰ ਪੰਛੀ ਮਾਦਾ ਦਾ ਸੰਗ ਹਾਸਲ ਕਰਨ ਲਈ ਕਈ ਤਰ੍ਹਾਂ ਨਾਲ ਉਸ ਦੇ ਆਲੇ-ਦੁਆਲੇ ਨ੍ਰਿਤ ਪੇਸ਼ ਕਰਦੇ ਹਨ । ਬ੍ਰਹਿਮੰਡੀ ਸੰਗੀਤ ਜਾਂ ਨਾਦ ਵਿਚੋਂ ਅਨੰਤ ਘੁੰਮਣ-ਘੇਰੀਆਂ ਵੀ ਜਨਮ ਲੈਂਦੀਆਂ ਹਨ । ਇਹ ਘੁੰਮਣ-ਘੇਰੀਆਂ ਐਨੀਆਂ ਜਿਆਦਾ ਅਤੇ ਐਨੀਆਂ ਵਿਸ਼ਾਲ ਹਨ ਕਿ ਇਨ੍ਹਾਂ ਦਾ ਕਾਗਜ ਕਲਮ ਨਾਲ ਹਿਸਾਬ-ਕਿਤਾਬ ਕਰਨਾ ਸੰਭਵ ਨਹੀਂ ਹੈ ।
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥
ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥
{ਪੰਨਾ ੪੦੩-੪੦੪}

ਇਹ ਘੁੰਮਣਘੇਰੀਆਂ ਕੀ ਹਨ ? ਇਨ੍ਹਾਂ ਦਾ ਮਨੁੱਖ ਨਾਲ ਕੀ ਰਿਸ਼ਤਾ ਹੈ ? ਆਓ ਇਸ ਬਾਰੇ ਵਿਚਾਰ ਕਰੀਏ :
ਜੇ ਕਦੀ ਹਨੇਰੀ ਅਤੇ ਝੱਖੜ ਜਿਹੇ ਖਰਾਬ ਮੌਸਮ ਵਿੱਚ ਦਿਲ ਦਹਿਲਾ ਦੇਣ ਵਾਲੀ ਬੱਦਲਾਂ ਦੀ ਗੜਗੜਾਹਟ ਹੁੰਦੀ ਰਹੇ, ਮੀਂਹ ਦੀਆਂ ਬੇਹੱਦ ਤੇਜ ਬੁਛਾੜਾਂ ਕਦੀ ਸ਼ੁਰੂ ਹੋ ਜਾਣ ਤੇ ਕਦੀ ਬੰਦ, ਤਾਂ ਇਹੋ ਜਿਹੇ ਮੌਸਮ ਵਿੱਚ ਸਾਈਕਲੋਨ ਜਾਂ ਟੋਰਨੈਡੋ ਦੇ ਬਣਨ ਦੀ ਸੰਭਾਵਨਾ ਹੋ ਜਾਂਦੀ ਹੈ । ਹਨੇਰੀ ਜਾਂ ਤੂਫਾਨ ਤੋਂ ਬਣਿਆ ਘੁੰਮਣਘੇਰ ਇਕ ਕੋਨ ਵਰਗੀ ਸੁਰੰਗ ਦਾ ਰੂਪ ਧਾਰਨ ਕਰ ਲੈਂਦਾ ਹੈ । ਬਦਲਾਂ ਦੇ ਧੂੰਏਂ ਤੋਂ ਬਣੀ ਇਸ ਸੁਰੰਗ ਦਾ ਅਕਾਰ ਜ਼ਮੀਨ ਵੱਲ ਘੱਟ ਤੇ ਅਸਮਾਨ ਵੱਲ ਵੱਧ ਹੁੰਦਾ ਹੈ । ਇਹ ਲਾਟੂ ਵਾਂਗੂੰ ਬੜੀ ਤੀਬਰ ਗਤੀ ਨਾਲ ਘੁੰਮਦਾ ਹੈ ਅਤੇ ਹੁੰਦਾ ਬੜਾ ਭਿਆਨਕ ਹੈ ਜੋ ਮਨੁੱਖੀ ਜੀਵਨ ਨੂੰ ਨਹਿਸ-ਤਹਿਸ ਕਰ ਦਿੰਦਾ ਹੈ । ਇਸ ਦੇ ਖਿੱਚਣ ਦੀ ਤਾਕਤ ਐਨੀ ਜਿਆਦਾ ਹੁੰਦੀ ਹੈ ਕਿ ਇਹ ਚਲਦੀਆਂ ਗਡੀਆਂ ਨੁੰ ਆਪਣੀ ਨਲੀ ਰੂਪੀ ਸੁਰੰਗ ਨਾਲ ਚੂਸ ਕੇ ਦੂਰ ਵਗਾਹ ਮਾਰਦਾ ਹੈ । ਟੋਰਨੈਡੋ ਦੇ ਬਣਨ ਦਾ ਅਸਲ ਕਾਰਨ ਅਜੇ ਤਕ ਵਿਗਿਆਨੀਆਂ ਦੀ ਸਮਝ ਵਿੱਚ ਨਹੀਂ ਹੈ । ਹਾਂ ਕੁਝ ਇਕ ਦੀ ਰਾਏ ਹੈ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਤੇਜ਼ ਚਲਣ ਵਾਲੀਆਂ ਲਹਿਰਾਂ ਅੱਡ-ਅੱਡ ਵੇਗ ਨਾਲ ਆਪਸ ਵਿਚ ਟਕਰਾਉਂਦੀਆਂ ਹਨ ਤਾਂ ਟੋਰਨੈਡੋ ਦਾ ਜਨਮ ਹੁੰਦਾ ਹੈ । 26 ਅਪ੍ਰੈਲ 1989 ਨੂੰ ਬੰਗਲਾਦੇਸ਼ ਵਿਚ ਆਏ ਸਾਇਕਲੋਨ ਨੇ 1300 ਜ਼ਿੰਦਗੀਆਂ ਲੈ ਲਈਆਂ । ਯੁਨਾਇਟਿਡ ਸਟੇਟ ਦੇ ਓਕਲੋਮਾ ਨਾਂ ਦੇ ਸ਼ਹਿਰ ਵਿੱਚ 3 ਮਈ 1999 ਨੂੰ ਆਏ ਟੋਰਨੈਡੋ ਨੇ 38 ਮਨੁੱਖਾਂ ਦੀ ਜਾਨ ਲਈ, ਉਸ ਦੇ ਕੋਣ ਦੇ ਘੁੰਮਣਘੇਰ ਦੀ ਰਫਤਾਰ 484 ਕਿਲੋਮੀਟਰ ਪ੍ਰਤੀ ਘੰਟਾ ਸੀ।
ਇਸ ਧਰਤੀ ਉੱਤੇ ਅਤੇ ਬ੍ਰਹਿਮੰਡ ਵਿਚ ਮੌਜੂਦ ਹਰ ਵਸਤੂ ਘੁੰਮਣਘੇਰ ਵਿੱਚ ਹੈ । ਗੁਰਬਾਣੀ ਮੁਤਾਬਕ:
ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥
ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥
{ਪੰਨਾ ੪੬੫}

ਧਰਤੀ ਆਪੂੰ ਵੀ ਇਕ ਘੁੰਮਣਘੇਰ ਹੈ । ਇਹ ਆਪਣੇ ਧੁਰੇ ਦੁਆਲੇ ਘੁੰਮ ਰਹੀ ਹੈ । ਧੁਰੇ ਦੁਆਲੇ ਇਸ ਦਾ ਇਕ ਚੱਕਰ ੨੪ ਘੰਟੇ ਵਿਚ ਪੂਰਾ ਹੁੰਦਾ ਹੈ । ਜਿਸ ਕਾਰਨ ਦਿਨ ਅਤੇ ਰਾਤ ਬਣਦੇ ਹਨ । ਆਪਣੇ ਧੁਰੇ ਦੁਆਲੇ ਘੁੰਮਣ ਦੇ ਨਾਲ-ਨਾਲ ਹੀ ਇਸ ਦਾ ਘੁੰਮਣਘੇਰ ਸੂਰਜ ਦੁਆਲੇ ਵੀ ਹੈ । ਸੂਰਜ ਦੁਆਲੇ ਇਸ ਦਾ ਇੱਕ ਚੱਕਰ ਇੱਕ ਸਾਲ ਵਿਚ ਪੂਰਾ ਹੁੰਦਾ ਹੈ । ਸੂਰਜ ਦੇ ਇਰਦ-ਗਿਰਦ ਚੱਕਰ ਕੱਟਣ ਦਾ ਕਾਰਨ, ਸੂਰਜ ਅਤੇ ਧਰਤੀ ਦੀ ਆਪਸੀ ਖਿੱਚ ਹੈ । ਰੱਬ ਨਾ ਕਰੇ ਜੇ ਇਹ ਖਿੱਚ ਖਤਮ ਹੋ ਜਾਏ ਤਾਂ ਧਰਤੀ ਸੂਰਜ ਨਾਲੋਂ ਹਟ ਕੇ ਅੰਤਾਂ ਦੇ ਡੂੰਘੇ ਘੁੱਪ ਹਨੇਰੇ ਵਿਚ ਡਿਗਦੀ ਚਲੀ ਜਾਏਗੀ, ਜੀਵਨ ਅਲੋਪ ਹੋ ਜਾਏਗਾ ਅਤੇ ਧਰਤੀ ਦਾ ਤਾਪਮਾਨ ਐਨਾ ਘੱਟ ਜਾਏਗਾ ਕਿ ਹਰ ਵਸਤੂ ਬਰਫ ਦਾ ਰੂਪ ਧਾਰਨ ਕਰ ਲਵੇਗੀ । ਸੂਰਜ ਨੇ ਕੇਵਲ ਧਰਤੀ ਨੂੰ ਹੀ ਨਹੀਂ ਬਲਕਿ ਆਪਣੇ ਨਾਲ ਸੰਬੰਧਿਤ ਸਾਰੇ ਗ੍ਰਹਿਆਂ ਨੂੰ ਵੀ ਆਪਣੇ ਨਾਲ ਬੰਨਿ੍ਹਆ ਹੋਇਆ ਹੈ । ਜਿਥੇ ਪਲੂਟੋ ਨੂੰ ਸੂਰਜ ਦੇ ਇਰਦ-ਗਿਰਦ ਚਕਰ ਕਟਣ ਲਈ 247 ਸਾਲ ਲਗਦੇ ਹਨ ਉਥੇ ਬੁੱਧ ਗ੍ਰਹਿ ਨੂੰ ਕੇਵਲ 88 ਦਿਨ ਹੀ ਲਗਦੇ ਹਨ
ਸੂਰਜ ਨਾਲ ਮਿਲ ਕੇ ਸਾਰੇ ਗ੍ਰਹਿ ਇਕ ਸੌਰ ਮੰਡਲ ਬਣਾਉਂਦੇ ਹਨ । ਇਹ ਸੌਰ ਮੰਡਲ ਵੀ ਆਪਣੀ ਤਾਰਿਕਾ ਮੰਡਲੀ (ਅਕਾਸ਼ ਗੰਗਾ) ਦੇ ਕਿਸੇ ਖਾਸ ਬਿੰਦੂ ਦੁਆਲੇ ਘੁੰਮਣਘੇਰ ਵਿਚ ਹੈ । ਹਜ਼ਾਰਾਂ ਕਰੋੜਾਂ ਸੂਰਜਾਂ ਦੇ ਸਮੂਹ ਮਿਲ ਕੇ ਇੱਕ ਤਾਰਿਕਾ ਮੰਡਲੀ ਬਣਾਉਂਦੇ ਹਨ, ਉਹ ਤਾਰਿਕਾ ਮੰਡਲੀ ਵੀ ਘੁੰਮਣਘੇਰੀ ਵਿਚ ਹੈ । ਹਜ਼ਾਰਾਂ ਤਾਰਿਕਾ ਮੰਡਲੀਆਂ ਮਿਲ ਕੇ ਇੱਕ ਮਹਾਨ ਤਾਰਿਕਾ ਮੰਡਲੀ ਨੂੰ ਜਨਮ ਦਿੰਦੀਆਂ ਹਨ ਤੇ ਅੱਗੋਂ ਇਹ ਮਹਾਨ ਤਾਰਿਕਾ ਮੰਡਲੀ ਵੀ ਘੁੰਮਣਘੇਰੀ ਵਿਚ ਹੈ । ਗੁਰਬਾਣੀ ਮੁਤਾਬਕ ਇਸ ਬ੍ਰਹਿਮੰਡ ਵਿੱਚ ਧਰਤੀ ਤੋਂ ਅਸਮਾਨ ਤਕ, ਚੰਨ ਤੋਂ ਤਾਰਿਆਂ ਤਕ ਹਰ ਵਸਤੂ ਗਤੀ ਵਿੱਚ ਹੈ :
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥
ਦਿਨ ਰਵਿ ਚਲੈ, ਨਿਸਿ ਸਸਿ ਚਲੈ, ਤਾਰਿਕਾ ਲਖ ਪਲੋਇ ॥
{ਪੰਨਾ ੬੪}

ਇਹ ਮਹਾਨ ਉਪਗ੍ਰਹਿ, ਗ੍ਰਹਿ, ਸੂਰਜ, ਤਾਰੇ, ਤਾਰਿਕਾ-ਮੰਡਲੀਆਂ ਅਤੇ ਮਹਾਨ ਤਾਰਿਕਾ ਮੰਡਲੀਆਂ ਅਨੰਤ ਘੰਮਣਘੇਰੀਆਂ ਵਿਚ ਫਸੀਆਂ ਹੋਈਆਂ ਹਨ ਇਸ ਵਿੱਚੋਂ ਹੀ ਪੈਦਾ ਹੁੰਦੀਆਂ ਹਨ ਅਤੇ ਇਸੇ ਵਿਚ ਹੀ ਮਰ ਜਾਂਦੀਆਂ ਹਨ ।
ਜਿਥੇ ਇਕ ਪਾਸੇ ਇਹ ਵਿਸ਼ਾਲ ਬ੍ਰਹਿਮੰਡ ਘੁੰਮਣਘੇਰ ਵਿਚ ਹੈ ਉਥੇ ਆਓ ਉਨ੍ਹਾਂ ਨਿਕੇ ਨਿਕੇ ਐਟਮਾਂ ਵੱਲ ਝਾਤ ਮਾਰੀਏ ਜਿਹੜੇ ਨੰਗੀ ਅੱਖ ਨਾਲ ਨਹੀਂ ਦਿਸਦੇ । ਹਰ ਵਸਤੂ ਇਨ੍ਹਾਂ ਐਟਮਾਂ ਦੀ ਬਣੀ ਹੋਈ ਹੈ । ਇਸ ਬੇਹੱਦ ਨਿਕੇ ਐਟਮ ਦੀ ਸ਼ਕਲ ਗੋਲਾਕਾਰ ਹੁੰਦੀ ਹੈ । ਇਸ ਦੇ ਕੇਂਦਰੀ ਭਾਗ ਨੂੰ ਨਿਊਕਲੀਅਸ ਕਹਿੰਦੇ ਹਨ । ਇਲੈਕਟ੍ਰਾਨ ਘੁੰਮਣਘੇਰ ਵਿਚ ਫਸੇ ਨਿਊਕਲੀਅਸ ਦੇ ਇਰਦ-ਗਿਰਦ ਚੱਕਰ ਕੱਟਦੇ ਰਹਿੰਦੇ ਹਨ ।
ਉਪਰ ਦਿੱਤੇ ਹਵਾਲਿਆਂ ਤੋਂ ਸਿੱਧ ਹੁੰਦਾ ਹੈ ਕਿ ਹਰ ਵਸਤੂ, ਚਾਹੇ ਉਹ ਐਨੀ ਨਿਕੀ ਹੈ ਜਿਹੜੀ ਨੰਗੀ ਅੱਖ ਨਾਲ ਨਹੀਂ ਦਿਸਦੀ ਜਾਂ ਉਹ ਐਨੀ ਵੱਡੀ ਹੈ ਕਿ ਸਾਡੀਆਂ ਅੱਖਾਂ ਉਸ ਨੂੰ ਸਮੇਟ ਨਹੀਂ ਸਕਦੀਆਂ, ਅਨੰਤ ਘੁੰਮਣਘੇਰ ਦੀ ਜਕੜ ਵਿਚ ਹੈ ।
ਇਨਸਾਨ ਵੀ ਇਸੇ ਘੁੰਮਣਘੇਰ ਦੇ ਵੱਸ ਵਿਚ ਹੈ । ਜਦੋਂ ਉਹ ਪੈਦਾ ਹੁੰਦਾ ਹੈ ਤਾਂ ਉਸ ਦੇ ਪਹਿਲੇ ਘੁੰਮਣਘੇਰ ਦਾ ਕੇਂਦਰ ਉਸ ਦੇ ਆਪਣੇ ਮਾਂ -ਪਿਓ ਹੀ ਹੁੰਦੇ ਹਨ, ਉਹ ਆਪਣੇ ਮਾਂ ਪਿਓ ਦੇ ਅੱਗੇ ਪਿੱਛੇ ਭੌਂਦਾ ਫਿਰਦਾ ਹੈ । ਜਦੋਂ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਾ ਹੈ ਤਾਂ ਉਸ ਦੇ ਘੁੰਮਣਘੇਰ ਦਾ ਕੇਂਦਰ ਆਪਣੇ ਪਿਆਰ ਨੂੰ ਰਿਝਾਣ ਤੇ ਕੇਂਦ੍ਰਿਤ ਹੋ ਜਾਂਦਾ ਹੈ । ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨੂੰ ਪਾਲਣ-ਪੋਸ਼ਣ ਲਈ ਉਸ ਦੇ ਚੱਕਰ ਘਰ ਤੋਂ ਦਫਤਰ ਤੇ ਦਫਤਰ ਤੋਂ ਘਰ ਦੇ ਸ਼ੁਰੂ ਹੁੰਦੇ ਹਨ । ਉਸ ਦਾ ਇਸ ਘੁੰਮਣਘੇਰ ਵਿਚੋਂ ਬਾਹਰ ਆਉਣਾ ਸੰਭਵ ਨਹੀਂ ਹੁੰਦਾ ।
ਘੂਮਨਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ {ਪੰਨਾ ੯੧੬}
ਹਾਂ, ਸਮੇ ਨਾਲ ਜਿਉਂ-ਜਿਉਂ ਬੁਢਾਪਾ ਨੇੜੇ ਆਉਣ ਲਗਦਾ ਹੈ ਤਾਂ ਇਨ੍ਹਾਂ ਘੁੰਮਣਘੇਰੀਆਂ ਦੀ ਰਫਤਾਰ ਢਿੱਲੀ ਜ਼ਰੂਰ ਹੋਣ ਲਗਦੀ ਹੈ । ਬੁਢਾਪੇ ਵਿਚ ਪਹੁੰਚ ਕੇ ਉਹ ਆਪਣੇ ਆਪ ਨੂੰ ਘੁੰਮਣਘੇਰ ਦੇ ਜਾਲ ਵਿਚ ਦਬਿਆ ਹੋਇਆ ਮਹਿਸੂਸ ਕਰਦਾ ਹੈ, ਉਸ ਨੂੰ ਇਵੇਂ ਲਗਦਾ ਹੈ ਜਿਵੇਂ ਕਈ ਕੁਇੰਟਲ ਬੋਝ ਕਿਸੇ ਨੇ ਉਸ ਤੇ ਲੱਦ ਦਿਤਾ ਹੋਵੇ ।
ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥
ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥
(ਪੰਨਾ ੧੩੦੮)

ਲਾਚਾਰ ਅਤੇ ਬੇਵੱਸ ਹੋਇਆ ਇਕ ਦਿਨ ਉਹ ਇਨ੍ਹਾਂ ਘੁੰਮਣਘੇਰੀਆਂ ਵਿਚ ਹੀ ਆਪਣੀ ਜਾਨ ਗੁਆ ਦਿੰਦਾ ਹੈ ।




.