.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: ੦੧)

ਭਾਈ ਸੁਖਵਿੰਦਰ ਸਿੰਘ 'ਸਭਰਾ'

ਜੋਦੜੀ
ਕਲਗੀ ਵਾਲਿਆ ਪੰਥ ਦਿਆ ਮਾਲਕਾ ਜੀ।
ਸਿੱਖ ਸਿਖੀਓਂ ਪਤਿਤ ਕਿਉਂ ਹੋਣ ਲੱਗ ਪਏ।
ਸਿਖੀ ਰਹਿਤ ਮਰਯਾਦਾ ਨੂੰ ਭੁੱਲ ਕੇ ਤੇ,
ਦਾੜ੍ਹੀ ਕੇਸਾਂ ਨੂੰ ਕਤਲ ਕਰਵਾਉਣ ਲੱਗ ਪਏ।
ਹੰਸ ਮਾਨ ਸਰੋਵਰ ਨੂੰ ਛੱਡ ਕੇ ਤੇ
ਢਾਬਾ ਛੱਪੜਾਂ ‘ਤੇ ਡੇਰੇ ਲਾਉਣ ਲੱਗ ਪਏ।
ਚੋਗ ਛੱਡ ਕੇ ਸੁੱਚਿਆਂ ਮੋਤੀਆਂ ਦੀ
ਚਿੱਤ ਡੱਡੀਆਂ ਉਤੇ ਭਰਮਾਉਣ ਲੱਗ ਪਏ।
ਗੁਰੂ ਸਾਹਿਬ ਜੀ ਪੰਥ ਦੀ ਸਾਰ ਲੈ ਲਉ
ਤੇਰਾ ਪੰਥ ਨਿਸ਼ਾਨੇ ਤੋਂ ਹਿੱਲ ਚੱਲਿਆ,
ਜਿੰਨ੍ਹਾਂ ਵਿਚੋਂ ਕੀਤਾ ਸੀ ਵੱਖ ਇਹਨੂੰ
ਅੱਜ ਉਹਨਾਂ ਦੇ ਵਿਚ ਹੀ ਮਿਲ ਚੱਲਿਆ।
ਅੱਜ ਉਨ੍ਹਾਂ ਵਿਚ ਹੀ ਮਿਲ ਚੱਲਿਆ।

ਪਹਿਲੀ ਪੁਸਤਕ ਬਾਰੇ ਆਏ ਵਿਚਾਰ

ਧਾਰਮਿਕ ਪੁਸਤਕ ‘ਸੰਤਾਂ ਦੇ ਕੌਤਕ’ ਭਾਗ ਪਹਿਲਾ ਦੇ ਸੰਬੰਧ ਵਿਚ ਪਾਠਕਾਂ ਵੱਲੋਂ ਸੈਂਕੜੇ ਟੈਲੀਫੋਨ ਦੇਸ਼ਾਂ ਵਿਦੇਸ਼ ਵਿਚੋਂ ਆਏ ਉਹਨਾਂ ਕੀ ਕਿਹਾ ਮੈਂ ਬਾਅਦ ਵਿਚ ਜ਼ਿਕਰ ਕਰਾਂਗਾ। ਕੇਵਲ 9 ਫੋਨ ਹੁਣ ਤੱਕ ਆਲੋਚਕਾਂ ਦੇ ਆਏ ਹਨ ਪਰ ਜਿਸ ਤਰ੍ਹਾਂ ਵੀ ਅੱਗੋਂ ਕੋਈ ਬੋਲਦਾ ਰਿਹਾ ਹੈ ਮੈਂ ਅੱਗੋਂ ਉਸੇ ਤਰ੍ਹਾਂ ਦਾ ਜਵਾਬ ਦੇਂਦਾ ਰਿਹਾ ਹਾਂ ਕਿਉਂਕਿ ਖੁਸਰਿਆਂ ਵਾਲੀ ਨਿਮਰਤਾ ਵਾਸਤੇ ਸਿੱਖ ਧਰਮ ਅੰਦਰ ਕੋਈ ਥਾਂ ਨਹੀਂ ਜਦੋਂ ਧਾਰਮਿਕ ਆਗੂ ਆਪਣੇ ਫਰਜ਼ਾਂ ਤੋਂ ਪੂਰੀ ਤਰ੍ਹਾਂ ਭੱਜੇ ਹੋਣ, ਗੁਰੂ ਦੇ ਸ਼ਰੀਕ, ਸਿੱਖਾਂ ਦੇ ਦੁਸ਼ਮਣ, ਗੁਰਮਤਿ ਸਿਧਾਂਤ ਨੂੰ ਰੋਲਣ ਵਾਲੇ ਮਨਮਰਜ਼ੀਆਂ ਕਰਨ ਵਾਲੇ, ਧਰਮ ਦੇ ਨਾਂ ਤੇ ਝੂਠ ਬੋਲਣ ਵਾਲੇ ਕੌਮ ਦੇ ਅੰਦਰ ਹੀ ਦੁਸ਼ਮਣ ਪੈਦਾ ਹੋ ਗਏ ਤਾਂ ਬਾਹਰ ਆਸੇ ਪਾਸੇ ਤਾਂ ਪਹਿਲਾਂ ਹੀ ਸਿੱਖੀ ਨੂੰ ਖ਼ਤਮ ਕਰਨ ਵਾਲੇ ਦੁਸ਼ਮਣ ਬੈਠੇ ਹੀ ਹਨ। ਜਦੋਂ ਸੱਜਣ ਹੀ ਦੁਸ਼ਮਣ ਬਣ ਜਾਣ ਤਾਂ ਦੁਸ਼ਮਣਾਂ ਦੀ ਕੀ ਲੋੜ? ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਫੋਨਾਂ ਰਾਹੀਂ ਆਈਆਂ ਹਨ। ਰਾਈਫਲਾਂ ਦੀਆਂ ਧਮਕੀਆਂ ਦੇਣ ਵਾਲਿਆਂ ਨੂੰ ਇਹੀ ਜੁਆਬ ਦਿੱਤਾ ਗਿਆ ਕਿ ਤੁਸੀਂ ਜਦੋਂ ਮਰਜ਼ੀ ਆਓ ਅਸੀਂ ਤਿਆਰੀ ਕਰਕੇ ਹੀ ਰੱਖਦੇ ਹਾਂ। ਅਖ਼ਬਾਰ ਦੇ ਵਿਚ ਵੀ ਇਕ ਅਲੋਚਨਾ ਆਈ ਸੀ ਉਸਦਾ ਜੁਆਬ ਅਖ਼ਬਾਰ ਵਿਚ ਹੀ ਦਿੱਤਾ ਹੈ।
ਪਰ ਕੁਝ ਵੀਰ ਐਸੇ ਦਲਿੱਦਰੀ ਹਨ ਉਹਨਾਂ ਨੇ ਇਕ ਸਫ਼ਾ ਵੀ ਕਿਤਾਬ ਦਾ ਪੂਰਾ ਨਹੀਂ ਪੜ੍ਹਿਆ ਅਤੇ ਕਹਿ ਦਿੱਤਾ ਕਿ ਇਸਨੇ ਸੰਤਾਂ ਦੀ ਨਿੰਦਿਆ ਕੀਤੀ ਹੈ। ਪਰ ਨਿੰਦਿਆ ਹੁੰਦੀ ਕੀ ਹੈ, ਨਿੰਦਿਆ ਕਿਸਨੂੰ ਕਹਿੰਦੇ ਹਨ, ਇਹ ਪੁਸਤਕ ਦੇ ਪਹਿਲੇ ਭਾਗ ਵਿਚ ਸਪੱਸ਼ਟ ਕੀਤਾ ਹੋਇਆ ਸੀ। ਗੁਰਬਾਣੀ ਮੁਤਾਬਿਕ ਸਪੱਸ਼ਟ ਹੈ ਕਿ ਕੋਈ ਵੀ ਮਨੁੱਖ ਸਾਧ, ਸੰਤ, ਬ੍ਰਹਮਗਿਆਨੀ ਪਦ ਆਪਣੇ ਨਾਮ ਨਾਲ ਕਤੱਈ ਨਹੀਂ ਲਾ ਸਕਦਾ (ਇਸਦੇ ਵਿਸਥਾਰ ਵਾਸਤੇ ਅੱਗੇ ਅੰਦਰ ਪੜ੍ਹੋ) ਤਾਂ ਨਿੰਦਿਆ ਕਿਵੇਂ ਹੋ ਗਈ? ਕੀ ਗੁਰੂ ਹੁਕਮਾਂ ਵਿਰੁੱਧ ਸਾਧ, ਸੰਤ, ਬ੍ਰਹਮਗਿਆਨੀ ਪਦ ਨਾਵਾਂ ਨਾਲ ਜੋੜ ਕੇ ਇਹਨਾਂ ਅਖੌਤੀ ਸਾਧਾਂ-ਸੰਤਾਂ ਨੇ ਗੁਰੂ ਦੀ ਤੌਹੀਨ ਨਹੀਂ ਕੀਤੀ? ਕੀ ਇਹਨਾਂ ਨੇ ਗੁਰੂ ਦੀ ਨਿੰਦਿਆ ਨਹੀਂ ਕੀਤੀ? ਨਿੰਦਕ ਇਹ ਹਨ ਕਿ ਮੈਂ? ਆਮ ਕਹਿੰਦੇ ਹੁੰਦੇ ਹਨ ਕਿ ਕੌਣ ਆਖੇ ਰਾਣੀਏ! ਅੱਗਾ ਢੱਕ।
ਜੇ ਕਹਿ ਦਿੱਤਾ ਕਿ ਰਾਣੀਏ! ਅੱਗਾ ਢੱਕ ਤਾਂ ਮੈਂ ਨਿੰਦਕ ਕਿਵੇਂ ਹੋ ਗਿਆ? ਕਦੇ ਸੋਚਿਆ ਜਿਹੜੀ ਫੋਕੀ ਖੁਸ਼ਾਮਦ (ਫੋਕੀ ਪ੍ਰਸ਼ੰਸਾ) ਤੁਸੀਂ ਕਰ ਰਹੇ ਹੋ ਇਹ ਤਾਂ ਨਿੰਦਿਆ ਨਾਲੋਂ ਵੀ ਭੈੜੀ ਹੈ। ਕੀ ਲਕੀਰ ਦੇ ਫ਼ਕੀਰ ਬਣੇ ਰਹਿਣਾ ਹੀ ਸਿੱਖੀ ਹੈ? ਸਿੱਖੀ ਧਰਮ ਨਵੀਨ ਧਰਮ ਹੈ ਇਹ ਰੂੜ੍ਹੀਵਾਦੀ ਧਰਮ ਨਹੀਂ ਹੈ। ਫੋਕੇ ਖੁਸ਼ਾਮਦ ਕਰਾਉਣ ਅਤੇ ਕਰਨ ਵਾਲਿਆਂ ਨੇ ਸਿੱਖ ਧਰਮ ਨੂੰ ਰੂੜ੍ਹੀਵਾਦੀ ਧਰਮ ਬਣਾਉਣ ਵਾਸਤੇ ਪੂਰਾ ਜ਼ੋਰ ਲਾ ਰੱਖਿਆ ਹੈ। ਕਈਆਂ ਨੇ ਕਿਹਾ ਕਿ ਇਹਨੇ ਸੰਤਾਂ ਦੇ ਔਗੁਣ ਲੱਭੇ ਹਨ। ਇਹ ਸਵਾਲ ਵੀ ਬਿਨਾਂ ਕਿਤਾਬ ਪੜ੍ਹੇ ਹੀ ਇਕ ਵੀਰ ਨੇ ਕੀਤਾ ਹੈ। ਸਵਾਲ ਬੜਾ ਹਾਸੋ-ਹੀਣਾ ਹੈ। ਗੁਰੂ ਨੇ ਤਾਂ ਸਿੱਖ ਸਿੰਘ ਸਜਾਏ ਸਿੰਘ ਆਪਸ ਵਿਚ ਵੱਡੇ-ਛੋਟੇ ਭਰਾ ਹੋ ਸਕਦੇ ਹਨ, ਸੰਗਤ-ਪੰਗਤ ਬਰਾਬਰੀ ਪ੍ਰਦਾਨ ਕੀਤੀ। ਪਹਿਲਾਂ ਤਾਂ ਇਹ ਵੀਰ ਜਵਾਬ ਦੇਵੇ ਕਿ ਗੁਰੂ ਹੁਕਮਾਂ ਦੇ ਉਲਟ ਇਹ ਸੰਤ ਕਿੱਥੋਂ ਆ ਗਏ? ਜਦੋਂ ਤੋਂ ਇਹ ਆਏ ਕੀ ਪ੍ਰਾਪਤੀ ਹੋਈ? ਗੁਰੂ ਦੇ ਸਿੱਖ ਨੂੰ ਵੀ ਬੜਾ ਸਾਫ਼ ਸਪੱਸ਼ਟ, ਛਲ-ਕਪਟ ਤੋਂ ਰਹਿਤ ਬੇਈਮਾਨੀ, ਧੋਖੇਬਾਜ਼ੀ ਵਿਭਚਾਰੀ ਤੋਂ ਰਹਿਤ ਹੋਣ ਵਾਸਤੇ ਹੁਕਮ ਹੈ। ਪਰ ਇਕ ਪਾਸੇ ਗੁਰੂ ਹੁਕਮ ਉਲਟ ਇਹਨਾਂ ਨੂੰ ਸੰਤ ਸ਼੍ਰੋਮਣੀ ਬ੍ਰਹਮਗਿਆਨੀ ਆਖੀ ਜਾਂਦੇ ਹੋ, ਦੂਜੇ ਪਾਸੇ ਕਹਿੰਦੇ ਹੋ ਕਿ ਸੁਖਵਿੰਦਰ ਸਿੰਘ ਨੇ ਔਗੁਣ ਲੱਭੇ ਹਨ। ਇਹ ਔਰੰਗਜ਼ੇਬ ਵਾਲਾ ਇਨਸਾਫ ਤਾਂ ਹੋ ਸਕਦਾ ਹੈ ਧਰਮੀ ਸਿੱਖਾਂ ਵਾਲਾ ਨਹੀਂ। ਇਕ ਪਾਸੇ ਇਹੋ ਅਖੌਤੀ ਵੱਡੇ-ਵੱਡੇ ਅਡੰਬਰ ਰਚੀ ਬੈਠੇ ਹਨ, ਇਹ ਅੱਖਾਂ ਮੀਟ ਕੇ ਨਾਮ ਜਪਣ ਦੇ, ਰੱਬ ਨਾਲ ਇਕਮਿਕ ਹੋਣ ਦੇ ਝੂਠੇ ਦਾਅਵੇ ਕਰਦੇ, ਦੂਜੇ ਪਾਸੇ ਇਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਗੁਰੂ ਦੇ ਸਿਧਾਂਤ ਮੁਤਾਬਿਕ ਜ਼ਾਤ-ਪਾਤ ਹੈ ਕਿ ਨਹੀਂ, ਭੂਤ-ਪ੍ਰੇਤ ਹੈ ਕਿ ਨਹੀਂ, ਵਹਿਮ-ਭਰਮ, ਫੋਕੀਆਂ ਰੀਤਾਂ ਠੀਕ ਹਨ ਕਿ ਗ਼ਲਤ, ਕਬਰਾਂ ਮੜ੍ਹੀਆਂ ਨੂੰ ਮੰਨਣਾ ਕਿ ਨਹੀਂ, ਗੁਰੂ ਦਾ ਹੁਕਮ ਕੀ ਹੈ? ਸਾਧ, ਸੰਤ, ਬ੍ਰਹਮਗਿਆਨੀ ਪਦ ਗੁਰਬਾਣੀ ਅੰਦਰ ਕਿਸਦੇ ਵਾਸਤੇ ਵਰਤੇ ਹਨ? ਨਸ਼ੇ ਵਰਤਣੇ ਵਰਤਾਉਣੇ ਹਨ ਕਿ ਨਹੀਂ, ਗੁਰੂ ਪੰਥ ਕੀ ਹੈ, ਕਿਤੇ ਮਿਲਕੇ ਰਹਿਣਾ ਹੈ। ਸਿੱਖ ਕੌਮ ਵਾਸਤੇ ਏਕਤਾ ਜ਼ਰੂਰੀ ਕਿ ਨਹੀਂ, ਤੀਰਥਾਂ ‘ਤੇ ਇਸ਼ਨਾਨ ਬਾਰੇ, ਗੁਰਮਤਿ ਸਿਧਾਂਤ ਕੀ ਹੈ? ਜਿਹੜਾ ਕਹਿੰਦਾ ਕਿ ਸੰਤਾਂ ਦੇ ਔਗੁਣ ਲੱਭੇ ਹਨ, ਕੀ ਉਹ ਕਬਰਾਂ ‘ਤੇ ਤੇਲ ਪਾਉਣ ਵਾਲਾ ਸਿੱਖ ਹੈ? ਕੀ ਉਹ ਰੂੜ੍ਹੀਆਂ ‘ਤੇ ਦੀਵੇ ਜਗਾਉਣ ਵਾਲਾ ਸਿੱਖ ਹੈ? ਕੀ ਉਹ ਸਿੱਖ ਕੌਮ ਨੂੰ ਨਸ਼ਈ ਕਰਨ ਵਾਲਿਆਂ ਦਾ ਸਕਾ ਮਿੱਤਰ ਹੈ? ਕੀ ਉਹ ਅੰਧਵਿਸ਼ਵਾਸ ਨੂੰ ਹੀ ਸ਼ਰਧਾ ਸਮਝੀ ਬੈਠਾ ਹੈ? ਕੀ ਉਹ ਵਿਭਚਾਰੀ ਡੇਰੇਦਾਰਾਂ ਦਾ ਸਿੱਖ ਹੈ? ਕੀ ਉਹ ਸਿੱਖਾਂ ਨੂੰ ਕਛਹਿਰੇ ਵਾਲੇ ਬਾਹਮਣ ਦੇ ਰੂਪ ਵਿਚ ਵੇਖਣਾ ਚਾਹੁੰਦਾ ਹੈ? ਕੀ ਇਹ ਭੇਖੀ ਕਰਮਕਾਂਡੀਆਂ ਦਾ ਸਿੱਖ ਹੈ? ਕੀ ਉਹ ਗੁਰੂ ਦੇ ਸ਼ਰੀਕਾਂ ਦਾ ਹਾਮੀ ਹੈ? ਕੀ ਉਹ ਸਿੱਖਾਂ ਨੂੰ ਖੇਰੂੰ-ਖੇਰੂੰ ਹੋਏ ਦੇਖਣਾ ਚਾਹੁੰਦਾ ਹੈ? ਕੀ ਉਹ ਧਰਮ ਨੂੰ ਦੁਕਾਨਾਂ ‘ਤੇ ਵਿਕਦਾ ਵੇਖਣਾ ਪਸੰਦ ਕਰਦਾ ਹੈ? ਕੀ ਉਹਨੂੰ ਧਰਮ ਦੇ ਨਾਂ ‘ਤੇ ਝੂਠ, ਠੱਗੀ ਪਸੰਦ ਹੈ? ਕੀ ਉਹ ਧਾਰਮਿਕ ਬੁਰਕੇ ਵਿਚ ਠੱਗ ਬੈਠਾ ਦੇਖਣਾ ਪਸੰਦ ਕਰਦਾ ਹੈ? ਕੀ ਉਹ ਦਸਵੇਂ ਪਾਤਸ਼ਾਹ ਦੇ ਪੁੱਤਰਾਂ ਅਤੇ ਸ਼ਹੀਦਾਂ ਦੇ ਖ਼ੂਨ ਦਾ ਮੁੱਲ ਵੱਟਣ ਵਾਲਿਆਂ ਨੂੰ ਸ਼ਹਿ ਦੇ ਰਿਹਾ ਹੈ? ਕੀ ਉਹ ਮਾਰਸ਼ਲ ਸਿੱਖ ਕੌਮ ਨੂੰ ਇਹ ਗ਼ੈਰਾਂ ਦਾ ਗ਼ੁਲਾਮ ਦੇਖਣਾ ਪਸੰਦ ਕਰਦਾ ਹੈ? ਕਾਸ਼! ਕਿ ਇਹ ਵੀਰ ‘ਸੰਤਾਂ ਦੇ ਕੌਤਕ’ ਪੂਰੀ ਤਰ੍ਹਾਂ ਪੜ੍ਹ ਲੈਂਦਾ ਤਾਂ ਨਾਂਹ ਇਹ ਸਵਾਲ ਕਰਦਾ ਨਾਂਹ ਮੈਨੂੰ ਜਵਾਬ ਦੇਣਾ ਪੈਂਦਾ ਪਰ ਫਿਰ ਵੀ ਮੈਂ ਉਸ ਵੀਰ ਨੂੰ ਸਲਾਹ ਦਿਆਂਗਾ ਕਿ ਤੂੰ ਕਹਿਨਾਂ ਔਗੁਣ ਲੱਭੇ ਹਨ, ਇਸ ਤਰ੍ਹਾਂ ਦੇ ਕੋਈ 10 ਸਫ਼ੇ ਲਿਖ ਕੇ ਤਾਂ ਦੇਖ ਫਿਰ ਪਤਾ ਲੱਗੇਗਾ ਕਿ ਔਗੁਣ ਲੱਭੇ ਹਨ ਜਾਂ ਤਲੀ ਤੇ ਰੱਖ ਕੇ ਸੱਚ ਬੋਲਿਆ ਹੈ। ਘਰ ਵਿਚ ਤਾਂ ਸਾਰੇ ਸ਼ੇਰ ਹੁੰਦੇ ਹਨ ਜਦੋਂ ਬਿਗਾਨਿਆਂ ਪੁੱਤਾਂ ਨਾਲ ਵਾਹ ਪੈਂਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਕਿਸ ਭਾਅ ਤੁਲਦੀ ਹੈ। ਜੁੱਲ੍ਹਿਆਂ ਵਿਚ, ਕੁਰਸੀਆਂ ‘ਤੇ ਬੈਠ ਕੇ ਕੇਵਲ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੁੰਦੀਆਂ ਹਨ ਕੀ ਤੁਸੀਂ ਜਾਣਦੇ ਹੋ? ‘ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ’। ਯਾਦ ਰੱਖਿਓ, ‘ਭੁੱਖੇ ਮੁੱਲਾਂ ਘਰੇ ਮਸੀਤਿ’ ਭੁੱਖ ਦੇ ਮਾਰੇ ਮੁੱਲਾਂ ਨੇ ਘਰੇ ਮਸੀਤਾਂ ਬਣਾ ਲਈਆਂ। ਭੁੱਖ ਦੇ ਮਾਰਿਆਂ ਨੇ ਘਰੇ ਡੇਰੇ ਬਣਾ ਲਏ। ਭੁੱਖਿਆਂ ਨੇ ਸਿੱਖ ਕੌਮ ਅੰਦਰ ਸਾਰੇ ਪਾਸੇ ਭੁੱਖ ਹੀ ਵਰਤਾ ਦਿੱਤੀ ਹੈ। ਦਸਵੇਂ ਪਾਤਸ਼ਾਹ ਦਾ ਲਾਡਲਾ ਅਖਵਾਉਣ ਵਾਲਾ ਅੱਜ ਟੋਕਰੀਆਂ ਰੱਖ ਕੇ, ਬੱਸਾਂ ਵਿਚ ਅਤੇ ਹੋਰਾਂ ਥਾਵਾਂ ‘ਤੇ ਰੁਪਈਆ ਰੁਪਈਆ ਮੰਗ ਰਿਹਾ ਹੈ। ਜ਼ਿੰਮੇਵਾਰ ਕੌਣ? ਜੇ ਦਿਮਾਗੀ ਹਾਲਤ ਠੀਕ ਹੈ ਤਾਂ ਐਸੇ ਸਵਾਲ ਕਰਨ ਵਾਲੇ ਸੋਚਣ ਕਿ ਕਸੂਰ ਕਿਸਦਾ ਹੈ? ਜੇ ਅਗਲਾ ਠੀਕ ਹੈ ਤਾਂ ਉਹਨੂੰ ਗ਼ਲਤ ਆਖੀਏ ਇਸਦਾ ਮਤਲਬ ਨਿੰਦਿਆ ਹੈ। ਪਰ ਜੇ ਅਗਲਾ ਧਰਮੀ ਕਹਾਉਂਦਾ ਹੋਇਆ ਅਧਰਮੀ ਹੈ ਤਾਂ ਗ਼ਲਤ ਨੂੰ ਗ਼ਲਤ ਕਹਿਣਾ ਕਦੇ ਵੀ ਨਿੰਦਿਆ ਨਹੀਂ ਹੈ। ਕੀ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ, ਮੁੱਲਾਂ, ਜੋਗੀਆਂ, ਜੈਨੀਆਂ, ਬੋਧੀਆਂ ਆਦਿ ਧਾਰਮਿਕ ਆਗੂਆਂ ਦੇ ਔਗੁਣ ਲੱਭੇ ਸੀ? ਇਹਨਾਂ ਧਾਰਮਿਕ ਆਗੂਆਂ ਦੀ, ਭਗਤਾਂ ਅਤੇ ਗੁਰੂਆਂ ਨੇ ਗੁਰਬਾਣੀ ਵਿਚ ਬੜੀ ਦੁਰਦਸ਼ਾ ਕੀਤੀ ਹੋਈ ਹੈ, ਇਹਨਾਂ ਦੇ ਮੂੰਹ ‘ਤੇ ਸੱਚ ਅਖਿਆ ਕੀ ਗੁਰੂ ਅਤੇ ਭਗਤਾਂ ਨੇ ਇਹਨਾਂ ਦੀ ਨਿੰਦਿਆ ਕੀਤੀ ਹੈ? ਕੀ ਕੇਵਲ ਕੁਰਸੀਆਂ ‘ਤੇ ਬੈਠ ਕੇ ਕੇਵਲ ਮੀਟਿੰਗਾਂ ਕਰਨ ਵਾਲੇ ਹੀ ਸੱਚ ਪੁੱਤਰ ਹਨ? ਇਹਨਾਂ ਦੀ ਤਾਂ ਉਹ ਗੱਲ ਹੈ ‘‘ਗਲੀ ਹਉ ਸੁਹਾਗਣ ਭੈਣੇ ਕੰਤੁ ਨ ਕਬਹੁੰ ਮੈ ਮਿਲਿਆ’’।। ਗੱਲਾਂ ਨਾਲ ਬੜੀਆਂ ਸੁਹਾਗਣੀਆਂ ਬਣੀਆਂ ਫਿਰਦੀਆਂ ਹਨ। ਜਿਹੜੇ ਗੁਰਬਾਣੀ ਗੁਰਮਤਿ ਸਿਧਾਂਤ ਸਮਝਣ ਮੰਨਣ ਦੇ ਕਦੇ ਨੇੜੇ ਨਹੀਂ ਗਏ ਉਹ ਐਸੀਆਂ ਗੱਲਾਂ ਕਰਦੇ ਹਨ। ਐਸੇ ਬੰਦੇ ਜੇ ਪਾਠ ਵੀ ਕਰਦੇ ਹਨ ਤਾਂ ਵਪਾਰ ਦੇਖਾ ਦੇਖੀ ਜਾਂ ਦੁਕਾਨਦਾਰੀ ਵਾਸਤੇ ਕਰਦੇ ਹਨ, ਗੁਰਮਤਿ ਦਾ ਆਸ਼ਾ ਸਮਝਣ ਮੰਨਣ, ਕਮਾਉਣ ਵਾਸਤੇ ਨਹੀਂ ਕਰਦੇ। ਜੋ ਕਿ ਇਹਨਾਂ ਦੀ ਬਦਕਿਸਮਤੀ ਹੈ। ਫਿਰ ਵੀ ਅਲੋਚਕਾਂ ਦਾਂ ਧੰਨਵਾਦ ਕਰਦਾ ਹਾਂ।
ਹੁਣ ਮੈਂ ਉਹਨਾਂ ਦੀ ਗੱਲ ਕਰਾਂ ਜਿਨ੍ਹਾਂ ਨੇ ‘ਸੰਤਾਂ ਦੇ ਕੌਤਕ’ ਪੁਸਤਕ ਨੂੰ ਇਕ ਵਾਰੀ ਨਹੀਂ, ਕਈ ਵਾਰੀ ਪੜ੍ਹਿਆ, ਸਮਝ ਸਮਝ ਕੇ ਪੜ੍ਹਿਆ ਅਤੇ ਸੈਂਕੜੇ ਫੋਨ ਦੇਸ਼ਾਂ ਵਿਦੇਸ਼ਾਂ ਵਿਚੋਂ ਆਏ ਕਿ ਤੁਸੀਂ ਸੈਂਕੜੇ ਸਾਲਾਂ ਤੋਂ ਪੈਂਡਿੰਗ ਪਿਆ ਕੰਮ ਕੀਤਾ ਹੈ। ਮੁਬਾਰਕਾਂ ਹਨ, ਕਿਸੇ ਨੇ ਕਿਹਾ ਕਿ ਇਹ ਬੜੀ ਵੱਡੀ ਸੇਵਾ ਤੁਹਾਡੇ ਹਿੱਸੇ ਆਈ ਹੈ, ਕਿਸੇ ਨੇ ਕਿਹਾ ਕਿ ਤੁਸੀਂ ਬੜੀ ਵੱਡੀ ਕੁਰਬਾਨੀ ਕੀਤੀ ਹੈ। ਕਿਸੇ ਨੇ ਕਿਹਾ ਕਿ ਦੂਜਾ ਭਾਗ ਕਦੋਂ ਆ ਰਿਹਾ ਹੈ? ਕਿਸੇ ਨੇ ਕਿਹਾ ਕਿ ਇਸ ਪੁਸਤਕ ਦੇ ਕਿੰਨੇ ਭਾਗ ਹੋਣਗੇ? ਅਸੀਂ ਆਉਣ ਵਾਲੇ ਭਾਗਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਕਿਸੇ ਨੇ ਕਿਹਾ ਕਿ ਅਸੀਂ ਇਹਨਾਂ ਡੇਰੇਦਾਰਾਂ ਨੂੰ ਕਦੇ ਵੀ ਨਾ ਮੰਨਣ ਦਾ ਪ੍ਰਣ ਕੀਤਾ ਹੈ, ਕਿਸੇ ਨੇ ਕਿਹਾ ਕਿ ਅਸਲੀਅਤ ਸਾਡੇ ਸਾਹਮਣੇ ਆਈ ਹੈ, ਕਿਸੇ ਨੇ ਕਿਹਾ ਕਿ ਤੁਹਾਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਵੇਗਾ ਅਸੀਂ ਤੁਹਾਡੇ ਨਾਲ ਹਾਂ, ਕਿਸੇ ਨੇ ਕਿਹਾ ਕਿ ਕਲਮ ਹੋਰ ਤੇਜ਼ ਕਰੋ, ਕਈਆਂ ਨੇ ਕਿਹਾ ਅਸੀਂ ਮਟੀਰੀਅਲ ਭੇਜ ਰਹੇ ਹਾਂ ਉਹ ਵੀ ਅਗਲੇ ਭਾਗਾਂ ਵਿਚ ਲਿਖ ਦਿਉ ਸੋ ਸਾਰਿਆਂ ਦਾ ਵਰਨਣ ਕਰਨਾ ਇਥੇ ਮੁਸ਼ਕਲ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਦੇਸ਼ਾ-ਵਿਦੇਸ਼ਾਂ ਵਿਚੋਂ ਆਸ ਤੋਂ ਵੀ ਵੱਧ ਹੁੰਗਾਰਾ ਮਿਲਿਆ ਹੈ, ਕਈ ਮੈਗਜ਼ੀਨਾਂ ਦੇ ਐਡੀਟਰਾਂ ਨੇ ਵੀ ਮੈਗਜ਼ੀਨਾਂ ਵਿਚ ਪੁਸਤਕ ‘ਸੰਤਾਂ ਦੇ ਕੌਤਕ’ ਦੇ ਹੱਕ ਵਿਚ ਲਿਖ ਕੇ ਦੂਰ-ਦੂਰ ਤੱਕ ਪਹੁੰਚਾਇਆ, ਧੰਨਵਾਦ ਕਰਦੇ ਹਾਂ। ਅਖ਼ਬਾਰੀ ਪੱਤਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ। ਕਈਆਂ ਵੀਰਾਂ ਨੇ ਸਿੱਖੀ ਸਰੂਪ ਧਾਰਨ ਕਰਨ ਅਤੇ ਅੰਮ੍ਰਿਤਧਾਰੀ ਹੋਣ ਦਾ ਵੀ ਪ੍ਰਣ ਕੀਤਾ ਹੈ, ਕਈਆਂ ਵੀਰਾਂ ਨੇ ਕਿਹਾ ਕਿ ਲਿਖਣ ਦਾ ਤਰੀਕਾ ਬਹੁਤ ਵਧੀਆ ਹੈ। ਵਾਚਕਾਂ, ਸਿੱਖ ਪ੍ਰਚਾਰਕ ਵੀਰਾਂ ਦੇ ਫੋਨ ਵੀ ਹੱਕ ਵਿਚ ਆਏ ਹਨ, ਜਿੰਨਾਂ ਵੀਰਾਂ ਨੇ ਕਿਹਾ ਕਿ ਕੁਰਬਾਨੀ ਕੀਤੀ ਹੈ ਅਖ਼ੀਰ ਵਿਚ ‘‘ਧੰਨ ਗੁਰੂ ਗ੍ਰੰਥ ਸਾਹਿਬ’’ ਅੱਗੇ ਅਰਦਾਸ ਹੈ ਕਿ ਗੁਰਮਤਿ ਸਿਧਾਂਤ ਵਿਚ ਪਹਿਰੇਦਾਰੀ ਦੀ ਸੇਵਾ ਦਾ ਬਲ, ਬੁਧਿ ਬਖ਼ਸ਼ਣ ਅਤੇ ਅੰਤ ਸੱਚ ਸ਼ੁਮਾ ਤੋਂ ਕੁਰਬਾਨ ਹੋ ਜਾਣ ਦਾ ਬਲ ਬਖ਼ਸ਼ਣ ਕਿ ਮੈਂ ਵੀ ‘‘ਪਹਿਲਾਂ ਮਰਨ ਕਬੂਲ’ ਵਾਲੇ ਬਚਨ ਦਾ ਧਾਰਨੀ ਹੋ ਸਕਾਂ।
-ਦਾਸ-
ਸੁਖਵਿੰਦਰ ਸਿੰਘ ਸਭਰਾ




.