.

ਜੇ ਮਨੁੱਖ ਵਿੱਚੋਂ ਮਨੁੱਖਤਾ ਮਰ ਜਾਵੇ ਤਾਂ.....

ਗੁਰਸ਼ਰਨ ਸਿੰਘ ਕਸੇਲ



ਅਕਾਲ ਪੁਰਖ ਦੀ ਸਾਜੀ ਹੋਈ ਇਸ ਦੁਨੀਆਂ ਵਿੱਚ ਮਨੁੱਖਾਂ ਤੋਂ ਇਲਾਵਾ ਬੇਅੰਤ ਜੀਵ ਜੰਤੂ ਹੋਰ ਵੀ ਹਨ ਜਿਹੜੇ ਕੁਦਰਤ ਦੇ ਬਣਾਏ ਹੋਏ ਨਿਯਮ ਅਨੁਸਾਰ ਆਪਣਾ-ਆਪਣਾ ਜੀਵਨ ਜੀਅ ਰਹੇ ਹਨ । ਉਹ ਵੀ ਮਨੁੱਖਾਂ ਵਾਂਗ ਬੱਚੇ ਪੈਦਾ ਕਰਦੇ, ਖਾਂਦੇ-ਪੀਂਦੇ, ਸੌਂਦੇ ਅਤੇ ਕਈ ਤਾਂ ਰਬ ਵੱਲੋਂ ਮਿਲੀ ਸੋਝੀ ਮੁਤਾਬਕ ਆਪਣਾ ਘਰ ਵੀ ਬਣਾਉਂਦੇ ਹਨ । ਉਹਨਾਂ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਇਸ ਜਾਨਵਰ ਨੇ ਇਹ ਹੀ ਕਰਮ ਕਰਨਾ ਹੈ, ਪਰ ਇਕ ਮਨੁੱਖ ਹੀ ਹੈ ਜਿਸ ਨੂੰ ਕਹਿਣਾ ਪੈਦਾ ਹੈ ਕਿ “ਬੰਦਿਆ, ਬੰਦਾ ਬਣ”। ਜਿਵੇਂ ਗੁਰਬਾਣੀ ਸਾਨੂੰ ਸੰਕੇਤ ਕਰਦੀ ਹੈ: ਕਰਤੂਤਿ ਪਸੂ ਕੀ ਮਾਨਸ ਜਾਤਿ ॥(ਪੰਨਾ267)

ਇਹ ਇਸੇ ਕਰਕੇ ਕਹਿਣਾ ਪੈਦਾ ਹੈ, ਕਿਉਂਕਿ ਅਕਾਲ ਪੁਰਖ ਦੇ ਨਿਯਮ ਨੇ ਇਸ ਦੇ ਦਿਮਾਗ ਵਿੱਚ ਚੰਗਾ-ਮਾੜਾ ਸੋਚ-ਵਿਚਾਰ ਕਰਨ ਦੀ ਸਮਰਥਾ ਕਿਤੇ ਵੱਧ ਦਿੱਤੀ ਹੋਈ ਹੈ। ਇਸ ਦੀ ਠੀਕ ਵਰਤੋਂ ਕਰਨ ਨਾਲ ਇਹ ਆਪਣਾ ਜੀਵਨ ਅਤੇ ਸਮਾਜ ਨੂੰ ਚੰਗਾ ਬਣਾ ਸਕਦਾ ਹੈ, ਪਰ ਮੋਹ ਮਾਇਆ ਦੇ ਲਾਲਚ ਵਿੱਚ ਪੈ ਕੇ ਜਿਥੇ ਆਪਣੇ ਜੀਵਨ ਨੂੰ ਤਾਂ ਨਰਕ ਬਣਾਉਂਦਾ ਹੀ ਹੈ, ਉਥੇ ਸਮਾਜ ਵਿੱਚ ਵੀ ਕੋਈ ਉਸਾਰੂ ਯੋਗਦਾਨ ਨਹੀਂ ਪਾ ਸਕਦਾ । ਅਕਾਲ ਪੁਰਖ ਨੇ ਮਨੁੱਖਾ ਸਰੀਰ ਨੂੰ ਬਾਕੀ ਸਭ ਜੀਵਾਂ ਦਾ ਸਰਦਾਰ ਬਣਾਇਆਂ ਹੈ:- ਅਵਰ ਜੋਨਿ ਤੇਰੀ ਪਨਿਹਾਰੀ ॥ ਇਸ ਧਰਤੀ ਮਹਿ ਤੇਰੀ ਸਿਕਦਾਰੀ ॥ ਸੁਇਨਾ ਰੂਪਾ ਤੁਝ ਪਹਿ ਦਾਮ ॥ ਸੀਲੁ ਬਿਗਾਰਿਓ ਤੇਰਾ ਕਾਮ ॥ (ਮ:5,ਪੰਨਾ 374)

ਜਿਥੇ ਗੁਰੂ ਜੀ ਮਨੁੱਖ ਨੂੰ ਇਸ ਧਰਤੀ ਦਾ ਸਰਦਾਰ ਦੱਸਦੇ ਹਨ ਪਰ ਨਾਲ ਹੀ ਇਹ ਵੀ ਆਖਦੇ ਹਨ ਕਿ ਵਿਕਾਰਾਂ ਨੇ ਤੇਰੀ ਸੋਚ ਵਿਗਾੜ ਦਿੱਤੀ ਹੈ । ਮਨੁੱਖ ਵਿੱਚ ਹੋਰਨਾ ਜੂਨਾਂ ਨਾਲੋਂ ਚੰਗਾ ਹੋਣ ਦਾ ਇਕ ਮੁਖ ਕਾਰਨ ਇਸ ਵਿਚ ਇਨਸਾਨੀਅਤ (ਜ਼ਮੀਰ) ਦਾ ਜਿੰਦਾ ਹੋਣਾ ਹੈ ।
ਇਹ ਹੀ ਗੱਲ ਭਗਤ ਕਬੀਰ ਜੀ ਇਸ ਸ਼ਬਦ ਵਿੱਚ ਵੀ ਸਾਨੂੰ ਸਮਝਾ ਰਹੇ ਹਨ। ਇਸ ਸ਼ਬਦ ਦੀ 'ਰਹਾਉ' ਵਾਲੀ ਪੰਗਤੀ ਵਿੱਚ ਸਾਨੂੰ ਸਮਝਾਉਣ ਵਾਸਤੇ ਆਖਦੇ ਹਨ:
ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ ॥ ਮੈ ਕਿਆ ਜਾਨਉ, ਬਾਬਾ ਰੇ ॥੧॥ ਰਹਾਉ ॥
ਹੇ ਬਾਬਾ ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖ਼ਿਆਲ ਹੀ ਨਹੀਂ ਆਉਂਦਾ ।
ਫਿਰ ਕਬੀਰ ਜੀ, ਇਸ ਮਨੁੱਖਾ ਸਰੀਰ ਨੂੰ ਹੋਰਨਾ ਜੂਨਾਂ ਦਾ ਸਰਦਾਰ ਸਮਝਣ ਵਾਲੇ ਇਨਸਾਨ ਨੂੰ ਵਿਕਾਰਾਂ ਵਿੱਚ ਪੈ ਕੇ ਹੋਣ ਵਾਲੇ ਮਾਨਸਿਕ ਨੁਕਸਾਨ ਬਾਰੇ ਸੁਚੇਤ ਕਰਦੇ ਹਨ:
ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ, ਦਸ ਕਾਜ ਸਵਾਰੈ ॥
ਹੇ ਮਨੁੱਖ ! ਜੇ ਤੇਰੇ ਵਿੱਚੋਂ ਮਨੁੱਖਤਾ (ਜ਼ਮੀਰ) ਮਰ ਗਈ ਤਾਂ ਤੇਰੇ ਇਸ ਮਨੁੱਖਾ ਸਰੀਰ ਨਾਲੋਂ ਤਾਂ ਮਰਿਆ ਹੋਇਆ ਪਸ਼ੂ ਵੀ ਚੰਗਾ ਹੈ, ਕਿਉਂਕਿ ਉਹ ਮਰ ਕੇ ਵੀ ਮਨੁੱਖ ਦੇ ਕਈ ਕੰਮ ਸਵਾਰ ਦਾ ਹੈ, ਪਰ ਤੂੰ ਜਿੰਦਾ ਹੋਣ ਦੇ ਬਾਵਜੂਦ ਵੀ ਸਿਰਫ ਆਪਣੇ ਸੁਆਰਥਾਂ ਵਿਚ ਗਰਸਿਆ ਹੋਣ ਕਰਕੇ ਕਿਸੇ ਹੋਰ ਦੇ ਕੰਮ ਨਹੀਂ ਆਉਂਦਾ ।
ਇਸ ਸ਼ਬਦ ਵਿੱਚ ਆਮ ਮਨੁੱਖ ਨੇ ਜਦ ਮਰ ਜਾਣਾ ਹੈ ਤਾਂ ਉਸ ਦੇ ਸਰੀਰ ਦਾ ਅੰਤਮ ਵੇਲੇ ਜੋ ਹਾਲ ਹੋਣਾ ਹੈ, ਉਹ ਭਗਤ ਕਬੀਰ ਜੀ ਮਨੁੱਖ ਦੀ ਆਤਮਾ ਨੂੰ ਝੰਜੋੜਨ ਵਾਸਤੇ ਉਸ ਦਾ ਵੇਰਵਾ ਦੇ ਰਹੇ ਹਨ:

ਹਾਡ ਜਲੇ, ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ, ਜੈਸੇ ਘਾਸ ਕਾ ਪੂਲਾ ॥
ਕਹੁ ਕਬੀਰ, ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥(ਪੰਨਾ 870)
ਇਸੇ ਸ਼ਬਦ ਬਾਰੇ ਇਕ ਪ੍ਰਚਾਰਕ ਸੱਜਣ ਗੱਲ ਸੁਣਾ ਰਹੇ ਸਨ ਕਿ "ਇਕ ਵਿਅਕਤੀ ਮੇਰੇ ਕੋਲ ਆਇਆ ਤੇ ਆਖਣ ਲੱਗਾ ਕਿ, "ਵੇਖੋ ਜੀ, ਗੁਰਬਾਣੀ ਵਿੱਚ ਤਾਂ ਆਇਆ ਹੈ ਕਿ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਫਿਰ ਉਸਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਹੈ; ਪਰ ਹੁਣ ਤਾਂ ਮਨੁੱਖਾ ਸਰੀਰ ਦੇ ਕਈ ਅੰਗ ਮਰਨ ਮਗਰੋਂ ਕੰਮ ਆ ਜਾਂਦੇ ਹਨ"। ਉਹ ਪ੍ਰਚਾਰਕ ਕਹਿੰਦਾ, "ਮੈਂ ਉਸਨੂੰ ਦੱਸਿਆ ਕਿ ਇਹ ਸ਼ਬਦ ਮਨੁੱਖ ਦੀ ਜ਼ਮੀਰ ਮਰਨ ਦੀ ਗੱਲ ਸਮਝਾ ਰਿਹਾ ਹੈ । ਸਰੀਰ ਦੇ ਕਿਸੇ ਹਿੱਸੇ ਦੇ ਕੰਮ ਆਉਣ ਜਾਂ ਨਾਂ ਆਉਣ ਬਾਰੇ ਨਹੀਂ ਹੈ"। ਫਿਰ ਮੈਂ ਉਸ ਪ੍ਰਚਾਰਕ ਵੀਰ ਨੂੰ ਕਿਹਾ, ਕਿ ਅੱਜ ਵੀ ਮੁਰਦਾ ਮਨੁੱਖ ਦੇ ਸਰੀਰਿਕ ਅੰਗ ਉਸੇ ਦੇ ਹੀ ਕੰਮ ਆਉਂਦੇ ਹਨ, ਜਿਸ ਮਨੁੱਖ ਵਿੱਚ ਮਨੁੱਖਤਾ ਜਿੰਦਾ ਹੋਵੇਗੀ; ਉਹ ਹੀ ਮਨੁੱਖ ਕਿਸੇ ਹੋਰ ਦੇ ਭਲੇ ਵਾਸਤੇ ਸੋਚੇਗਾ । ਉਹ ਹੀ ਆਪਣੀ ਸਰੀਰਕ ਮੌਤ ਮਗਰੋਂ, ਆਪਣੇ ਕਿਸੇ ਅੰਗ ਜਿਵੇਂ ਕਿ, ਅੱਖਾਂ, ਗੁਰਦੇ ਜਾਂ ਸਾਰਾ ਸਰੀਰ ਹੀ ਦੇਣ ਵਾਸਤੇ ਲਿਖ ਕੇ ਜਾਵੇਗਾ । ਉਂਝ ਤਾਂ ਮਨੁੱਖ ਦੇ ਮੁਰਦਾ ਸਰੀਰ ਨੂੰ ਅੱਜ ਵੀ ਕੋਈ ਨਹੀਂ ਵਰਤਦਾ । ਕਿੰਨੇ ਲੋਕ ਰੋਜ ਸੜਕਾਂ ਤੇ ਦੁਰਘਟਨਾ ਨਾਲ ਮਰਦੇ ਹਨ ।
ਇੰਜ ਹੀ ਜੇਕਰ ਅਸੀਂ ਗੁਰਬਾਣੀ ਦੇ ਭਾਵ ਨੂੰ ਨਾ ਸਮਝਾਂਗੇ ਅਤੇ ਸਿਰਫ ਲ਼ਫਜ਼ੀ ਅਰਥ ਕਰਾਂਗੇ ਤਾਂ ਗੁਰਬਾਣੀ ਤੋਂ ਸਹੀ ਗਿਆਨ ਨਹੀਂ ਲੈ ਸਕਾਂਗੇ । ਉਦਾਹਰਣ ਦੇ ਤੌਰ ਤੇ ਆਪਾਂ ਗੁਰਬਾਣੀ ਦੀ ਇਹ ਪੰਗਤੀ ਵੇਖਦੇ ਹਾਂ: ਮੇਘ ਬਿਨਾ ਜਿਉ ਖੇਤੀ ਜਾਇ ॥(ਮ:5,ਪੰਨਾ 269)

ਸੋ, ਕੀ ਜੇਕਰ ਅੱਜ ਟਿਊਬਵੈਲ, ਨਹਿਰਾਂ, ਖੂਹ, ਫੁਹਾਰੇ ਜਾਂ ਕੋਈ ਹੋਰ ਵੀ ਸਾਧਨ ਫਸਲਾਂ ਨੂੰ ਪਾਣੀ ਦੇਣ ਵਲੇ ਬਣ ਗਏ ਹਨ, ਤਾਂ ਕੀ ਗੁਰਬਾਣੀ ਗਲਤ ਹੋ ਗਈ ? ਨਹੀਂ ਅਜਿਹੀ ਕੋਈ ਗੱਲ ਨਹੀਂ ਹੈ; ਕਿਉਂਕਿ ਇਥੇ ਵੀ ਗੁਰੂ ਜੀ ਉਸ ਸਮੇਂ (ਬੱਦਲ) ਖਾਸ ਕਰਕੇ ਮੀਂਹ ਨਾਲ ਖੇਤੀ ਹੋਣ ਦੀ ਦੁਨਿਆਵੀ ਉਦਾਹਰਣ ਦੇ ਕੇ ਸਮਝਾ ਰਹੇ ਹਨ, ਕਿਉਂਕਿ ਉਸ ਸਮੇਂ ਮੀਂਹ ਨਾਲ ਹੀ ਖੇਤਾਂ ਨੂੰ ਪਾਣੀ ਮਿਲਦਾ ਸੀ, ਪਰ ਅਸਲ ਚੀਜ ਤਾਂ ਪਾਣੀ ਹੀ ਹੈ, ਸਾਧਨ ਭਾਂਵੇਂ ਕੋਈ ਵੀ ਹੋਵੇ । ਸਾਰੇ ਜਾਣਦੇ ਹਨ ਕਿ ਪਾਣੀ ਤੋਂ ਬਗੈਰ ਅੱਜ ਵੀ ਖੇਤੀ ਨਹੀਂ ਹੋ ਸਕਦੀ । ਇਹ ਗੱਲ ਵੀ ਸਮਝਣ ਵਾਲੀ ਹੈ ਕਿ ਗੁਰੂ ਜੀ ਨੇ ਉਹ ਹੀ ਉਦਾਹਰਣਾਂ ਦਿੱਤੀਆਂ ਹਨ ਜੋ ਉਸ ਸਮੇਂ ਲੋਕਾਂ ਵਿੱਚ ਪ੍ਰਚਲਤ ਸਨ ਜਾਂ ਉਸ ਸਮੇਂ ਜੋ ਵਾਪਰ ਰਿਹਾ ਸੀ, ਕਿਉਂਕਿ ਇਸ ਨਾਲ ਲੋਕਾਂ ਨੂੰ ਸਮਝਾਉਣਾ ਸੋਖਾਂ ਹੁੰਦਾ ਹੈ ।

ਇਥੇ ਨਾਲ ਹੀ ਆਪਣੀ ਇਕ ਦਿਨ ਦੀ ਗੱਲ ਦੱਸਦਾ ਹਾਂ । ਇਕ ਦਿਨ ਅਸੀਂ ਪ੍ਰੀਵਾਰ ਸਮੇਤ ਟੋਰਾਂਟੋ ਤੋਂ ਆਪਣੇ ਘਰ ਨੂੰ ਆ ਰਹੇ ਸੀ । ਜਦੋਂ ਹਾਈ ਵੇ (ਵੱਡੀ ਸੜਕ) ਤੋਂ ਉਤਰ ਕੇ ਘਰ ਵਾਲੀ ਸੜਕ ਤੇ ਜਾ ਰਹੇ ਸੀ ਤਾਂ ਅੱਗੇ ਚੌਂਕ ਦੇ ਇੱਕ ਪਾਸੇ ਇਕ ਗੋਰਾ ਮੰਗਤਾ ਖਲੋਤਾ ਸੀ । ਮੈਂ ਆਪਣੇ ਨਾਲ ਕਾਰ ਵਿਚ ਬੈਠੇ ਬੱਚਿਆਂ ਨੂੰ ਦੱਸਿਆ ਕਿ ਵੇਖ ਲਓ, ਇਹ ਇਥੋਂ ਦਾ ਵਸਨੀਕ ਹੈ । ਬੋਲੀ ਦੀ ਵੀ ਕੋਈ ਮੁਸ਼ਕਲ ਨਹੀਂ ਹੈ, ਸਰੀਰਿਕ ਤੌਰ ਤੇ ਵੀ ਜਵਾਨ ਹੈ; ਪਰ ਇਹ ਮੇਹਨਤ ਕਰਨੀ ਨਹੀਂ ਚਾਹੁੰਦਾ, ਲੋਕਾਂ ਕੋਲੋਂ ਮੰਗਦਿਆਂ ਇਸ ਨੂੰ ਕੋਈ ਸ਼ਰਮਿੰਦਗੀ ਨਹੀਂ ਆਉਂਦੀ । ਇਹ ਮਹਿਸੂਸ ਹੀ ਨਹੀਂ ਕਰ ਰਿਹਾ ਕਿ ਲੋਕ ਮੈਂਨੂੰ ਕੀ ਆਖਣਗੇ, ਕਿਉਂਕਿ ਇਸ ਦੀ ਜ਼ਮੀਰ ਮਰ ਚੁੱਕੀ ਹੈ । ਇਸ ਕਰਕੇ ਜਦੋਂ ਕਿਸੇ ਦੀ ਜ਼ਮੀਰ ਮਰ ਜਾਂਦੀ ਹੈ ਤਾਂ ਉਹ ਮਰੇ ਹੋਏ ਪਸੂ ਨਾਲੋਂ ਵੀ ਮਾੜਾ ਹੋ ਜਾਂਦਾ ਹੈ ।
ਸੋ, ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦੇ ਅੰਤਰੀਵ ਭਾਵ ਨੂੰ ਸਮਝੀਏ । ਜਿਵੇਂ ਭਗਤ ਕਬੀਰ ਜੀ ਦੇ ਇਸ ਸ਼ਬਦ ਦਾ ਭਾਵ ਮਨੁੱਖ ਲਈ ਇਨਸਾਨੀਅਤ ਦਾ ਜਿੰਦਾ ਹੋਣਾ ਬਹੁਤ ਜ਼ਰੂਰੀ ਹੈ । ਜਿਸ ਮਨੁੱਖ ਵਿੱਚੋਂ ਇਨਸਾਨੀਅਤ (ਜ਼ਮੀਰ) ਹੀ ਮਰ ਗਈ ਉਹ ਕਿਸੇ ਵੀ ਸਮੇਂ, ਕਿਸੇ ਦੇ ਕੰਮ ਨਹੀਂ ਆਉਂਦਾ । ਉਹ ਹਰ ਪਾਸੇ ਆਪਣਾ ਹੀ ਲਾਲਚ ਵੇਖਦਾ ਹੈ । ਉਸ ਲਾਲਚ ਦਾ ਰੂਪ ਕੁਝ ਵੀ ਹੋ ਸਕਦਾ ਹੈ ।

ਗੁਰਬਾਣੀ ਹਮੇਸ਼ਾਂ ਹੀ ਮਨੁੱਖ ਨੂੰ ਆਤਮਿਕ ਗਿਆਨ ਦਾ ਚਾਨਣ ਦੇਂਦੀ ਰਹੇਗੀ । ਮਨੁੱਖ ਭਾਂਵੇਂ 15ਵੀਂ ਸਦੀ ਦਾ ਵਾਸੀ ਹੋਵੇ ਜਾਂ 21ਵੀਂ ਸਦੀ ਦਾ, ਜਾਂ ਇਸ ਤੋਂ ਵੀ ਵੱਧ ਦਾ ਹੋਵੇ ਪਰ ਇਹ ਜਰੂਰੀ ਹੈ ਕਿ ਉਹ ਗਿਆਨ ਦਾ ਚਾਨਣ ਲੈਣਾ ਚਾਹੁੰਦਾ ਹੋਵੇ । ਕਈ ਅਜਿਹੇ ਵੀ ਹਨ ਜੋ ਜਾਣਦੇ ਤਾਂ ਹਨ ਪਰ ਆਪਣੇ ਕਾਰ-ਵਿਹਾਰ ਵਿੱਚ ਲਾਗੂ ਨਹੀਂ ਕਰਦੇ । ਜਿਵੇਂ ਭਗਤ ਕਬੀਰ ਜੀ ਦਾ ਇਹ ਸਲੋਕ ਹੈ:- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥(ਪੰਨਾ 1376)

ਆਪਾਂ ਪੜ੍ਹਦੇ ਸੁਣਦੇ ਤੇ ਵੇਖਦੇ ਹਾਂ ਕਿ ਹਰੇਕ ਸਮੇਂ ਹੀ ਕਈ ਸਤਿਕਾਰ ਯੋਗ ਅਹੁਦਿਆਂ 'ਤੇ ਬੈਠੇ ਸਿਆਸੀ ਜਾਂ ਧਾਰਮਿਕ ਲੀਡਰ ਪੈਸੇ ਜਾਂ ਚੌਧਰ ਦੀ ਭੁੱਖ ਦੇ ਕਾਰਨ ਆਪਣੀ ਜ਼ਮੀਰ ਨੂੰ ਮਾਰ ਚੁੱਕੇ ਹੁੰਦੇ ਹਨ/ਸਨ । ਅਜਿਹੇ ਲੀਡਰ ਥਾਂ-ਥਾਂ ਅਤੇ ਪਲ-ਪਲ ਵਿੱਚ ਆਪਣੇ ਬਿਆਨ ਬਦਲਦੇ ਰਹਿੰਦੇ ਸਨ /ਹਨ । ਉਹਨਾਂ ਨੂੰ ਸਿਰਫ ਤੇ ਸਿਰਫ ਪੈਸੇ ਜਾਂ ਅਹੁਦੇ ਤੇ ਟਿਕੇ ਰਹਿਣ ਦੀ ਖਾਹਸ਼ ਰਹਿੰਦੀ ਸੀ/ਹੈ । ਇਸ ਦੇ ਬਦਲੇ ਭਾਂਵੇਂ ਦੇਸ਼, ਕੌਮ, ਜਾਂ ਧਰਮ ਬਰਬਾਦ ਹੋ ਜਾਵੇ; ਅਜਿਹੇ ਲੀਡਰਾਂ ਦੀ ਜ਼ਮੀਰ ‘ਤੇ ਕੋਈ ਫਰਕ ਨਹੀਂ ਪੈਂਦਾ ।
ਸੋ, ਕਿੰਨਾ ਚੰਗਾ ਹੋਵੇ ਜੇਕਰ ਅਸੀਂ ਗੁਰੂ ਦੇ ਸਿੱਖ ਅਖਵਾਉਣ ਵਾਲੇ ਤਾਂ ਗੁਰਮਤਿ ਦੀ ਵਿਚਾਰਧਾਰਾ ਅਨੁਸਾਰ ਆਪਣਾ ਜੀਵਣ ਜੀਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਆਪਣੇ ਅੰਦਰ ਦੀ ਅਵਾਜ ਸੁਣ ਕੇ ਸ਼ਰਮਿੰਦਗੀ ਮਹਿਸੂਸ ਨਾ ਕਰੀਏ; ਕਿਉਂਕਿ ਜਿਸ ਤਰ੍ਹਾਂ ਦੀ ਸਾਡੀ ਸੋਚ ਹੋਵੇਗੀ, ਉਹ ਹੀ ਸਾਡੇ ਦੁਨੀਆਵੀ ਕੰਮ ਵੀ ਹੋਣਗੇ । ਬਾਹਰੀ ਭੇਖ ਬਹੁਤਾ ਚਿਰ ਛੁਪਿਆ ਨਹੀਂ ਰਹਿੰਦਾ ।

ਜਿਵੇਂ ਗੁਰਬਾਣੀ ਦੇ ਹੇਠ ਲਿਖੇ ਸ਼ਬਦ ਸੁਚੇਤ ਕਰਦੇ ਹਨ:- ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ (ਮ:4,ਪੰਨਾ 308)

ਅਰਥ: ਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ (ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ।

ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥ ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥(ਮ:3, ਪੰਨਾ 1417)

ਅਰਥ:- ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ। (ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ।

ਹੇ ਪ੍ਰਭੂ! ਹੇ ਹਰੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਜਿਵੇਂ ਹੋ ਸਕੇ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ। (ਟੀਕਾਕਾਰ : ਪ੍ਰੋ: ਸਾਹਿਬ ਸਿੰਘ ਜੀ )

ਹੇ ਅਕਾਲ ਪੁਰਖ ! ਹਰੇਕ ਮਨੁੱਖ 'ਤੇ ਆਪਣੀ ਮੇਹਰ ਰੱਖੀ, ਤਾਂ ਕਿ ਉਸਦੀ ਜ਼ਮੀਰ (ਇਨਸਾਨੀਅਤ) ਨਾਂ ਮਰ ਜਾਵੇ, ਕਿਉਂਕਿ ਜ਼ਮੀਰ ਦੀ ਮੌਤ ਹੋਣ ਕਰਕੇ ਇਹ ਕਿਤੇ ਦੁਨੀਆਂ ਦੇ ਸਭ ਜੀਵਾਂ ਦਾ ਸਰਦਾਰ ਹੁੰਦਿਆਂ ਹੋਇਆਂ ਵੀ ਮਰੇ ਹੋਏ ਪਸ਼ੂ ਤੋਂ ਵੀ ਭੈੜਾ ਨਾਂ ਬਣ ਜਾਵੇ।




.