.

ਗੁਰਮਤਿ ਅਨੁਸਾਰ ਜਿਉਂਦਿਆਂ ਮੁਕਤੀ
ਗੁਰਸ਼ਰਨ ਸਿੰਘ ਕਸੇਲ

ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾਈ ਨੂੰ ਆਪਣੇ ਬਚਪਨ ਤੋਂ ਹੀ ਜਿਥੇ ਕਰਮਕਾਂਡਾਂ, ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿੱਚ ਪਾਉਣ ਵਾਲੇ ਪੁਜਾਰੀਆਂ ਤੋਂ ਜਾਗਰੂਕ ਕਰਨ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਸੀ, ਉਥੇ ਜੁਲਮ ਕਰਨ ਵਾਲੇ ਦਾ ਵਿਰੋਧ ਕਰਨ ਲਈ ਵੀ ਜਾਗਰੂਕ ਕੀਤਾ ਸੀ । ਉਹਨਾਂ ਦੀ ਹੀ ਵਿਚਾਰਧਾਰਾ ਨੂੰ ਬਾਕੀ ਨੌਵਾਂ ਗੁਰੂ ਸਾਹਿਬਾਨ ਨੇ ਵੀ ਆਪਣੀ ਪੂਰੀ ਤਨਦੇਹੀ ਨਾਲ ਪ੍ਰਚਾਰਿਆ ਸੀ, ਪਰ ਅਫ਼ਸੋਸ ਅੱਜ ਕਈ ਪ੍ਰਚਾਰਕ ਅਤੇ ਉਹਨਾਂ ਗੁਰੂ ਸਾਹਿਬਾਨ ਦੇ ਸਿੱਖ ਅਖਵਾਉਣ ਵਾਲੇ ਹੀ ਉਹਨਾਂ ਦੇ ਨਾਂਵਾਂ ਦੇ ਨਾਲ ਅਜਿਹੀਆਂ ਕਹਾਣੀਆਂ ਜੋੜ ਕੇ ਸੁਣਾਉਂਦੇ ਹਨ ਜਿਹਨਾਂ ਦਾ ਉਹ ਸਾਰੀ ਉਮਰ ਵਿਰੋਧ ਕਰਦੇ ਰਹੇ ਹਨ ।

ਜਿਵੇਂ ਗੁਰਦੁਆਰਿਆਂ ਵਿੱਚ ਅੱਜ ਵੀ ਜਿਆਦਾ ਤਰ ਪ੍ਰਚਾਰਕਾਂ ਵੱਲੋਂ ਇਹ ਆਖਿਆ ਜਾਂਦਾ ਹੈ ਕਿ ਜਮਣਾ ਮਰਨਾ ਚੌਰਾਸੀ ਦਾ ਗੇੜ ਹੈ । ਇਹ ਮਨੁੱਖਾਂ ਜੀਵਨ ਚੌਰਾਸੀ ਲੱਖ ਜੂਨਾਂ ਭੋਗਣ ਤੋਂ ਪਿੱਛੋਂ ਚੰਗੇ ਕਰਮ ਕਰਨ ਕਰ ਕੇ ਮਿਲਿਆ ਹੈ ਆਦਿ । ਇਸ ਕਰਕੇ ਬਹੁਗਿਣਤੀ ਲੋਕ ਜਿਹੜਾ ਵੀ ਪੁੰਨ ਦਾਨ ਜਾਂ ਭਜਨ ਬੰਦਗੀ ਕਰਦੇ ਹਨ, ਉਹ ਮਰਨ ਤੋਂ ਬਾਅਦ ਕਿਸੇ ਹੋਰ ਜੂਨ ਵਿੱਚ ਨਾ ਪੈਣ ਦੇ ਡਰ ਕਰਕੇ ਹੀ ਕਰਦੇ ਹਨ । ਇਸ ਜਨਮ ਵਿੱਚ ਆਪਣਾ ਜੀਵਣ ਜੀਣ ਦਾ ਤਰੀਕਾ ਚੰਗਾ ਬਣਾਉਣ ਖਾਤਰ ਨੇਕ ਕੰਮ ਕਰਨੇ ਤਾਂ ਬਹੁਤ ਘੱਟ ਲੋਕ ਕਰਦੇ ਹਨ । ਆਮ ਤੌਰ ਤੇ ਜਦੋਂ ਕੋਈ ਮਾੜੀ ਘਟਣਾ ਹੋ ਜਾਂਦੀ ਹੈ ਤਾਂ ਬਹੁਤੇ ਪ੍ਰਚਾਰਕਾਂ ਅਤੇ ਕਈ ਲੋਕਾਂ ਵੱਲੋਂ ਵੀ ਇਹ ਹੀ ਆਖਿਆ ਜਾਂਦਾ ਹੈ ਕਿ ਇਹ ਸਾਡੇ ਪਿਛਲੇ ਜਨਮ ਵਿਚ ਕੀਤੇ ਮਾੜੇ ਕਰਮਾਂ ਦਾ ਫਲ ਹੈ । ਇੰਜ਼ ਆਖ ਸਮਝ ਕੇ ਅਸੀਂ ਆਪਣੀ ਗਲਤੀ ਤੋਂ ਸੁਰਖਰੂ ਹੋ ਜਾਂਦੇ ਹਾਂ, ਕਿ ਇਸ ਵਿਚ ਸਾਡਾ ਕੋਈ ਕਸੂਰ ਨਹੀਂ ਹੈ; ਪਰ ਕਿਸ ਕਾਰਨ ਕਰਕੇ ਹੋਇਆ ਅਤੇ ਉਹ ਕਾਰਨ ਦੁਬਾਰਾ ਨਾ ਵਾਪਰੇ ਉਸ ਵੱਲ ਗੋਰ ਨਹੀਂ ਕਰਦੇ । ਸਿੱਖ ਧਰਮ ਦੇ ਪੈਰੋਕਾਰ ਵੀ ਬਹੁਤ ਸਾਰੀਆਂ ਉਹੀ ਮਨੋਤਾਂ ਦੇ ਚਕਰਾਂ ਵਿੱਚ ਪਏ ਹੋਏ ਹਨ ਜੋ ਖਾਸ ਕਰਕੇ ਹਿੰਦੂ ਧਰਮ ਵਾਲੇ ਕਰਦੇ ਹਨ । ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਦੀ ਉਹਨਾਂ ਤੋਂ ਵਖਰੀ ਵਿਚਾਰਧਾਰਾ ਹੈ । ਜਿਵੇਂ ਕਿ ਮਨੁੱਖ ਨੂੰ ਸਰੀਰਕ ਮੌਤ ਦੇ ਬਾਦ ਕਿਸੇ ਮੁਕਤੀ ਦੀ ਆਸ ਰੱਖਣ ਨਾਲੋਂ ਜਿਉਂਦੇ ਜੀਅ ਕਾਰ ਵਿਹਾਰ ਕਰਦਿਆਂ ਹੀ ਮੁਕਤ ਹੋਣ ਦਾ ਵਸੀਲਾ ਦੱਸਿਆ ਹੈ ਅਦਿਕ ।
ਇਸੇ ਲਈ ਗੁਰੂ ਸਾਹਿਬ ਲੋਕਾਈ ਨੂੰ ਸਮਝਾਉਂਦੇ ਹਨ ਕਿ ਮੱਤ ਇਹ ਸੋਚੋ ਸਾਡੇ ਮਰਨ ਤੋਂ ਪਿੱਛੋਂ ਕਿਸੇ ਅਖੌਤੀ ਬ੍ਰਹਮ ਗਿਆਨੀ, ਸੰਤ ਸਾਧ ਤੇ ਪੁਜਾਰੀ ਜਮਾਤ ਦੇ ਕੁਝ ਕਰਮਕਾਂਡ ਕਰਨ ਨਾਲ ਜਾਂ ਸਾਡੇ ਮਿਰਤਕ ਸਰੀਰ ਨੂੰ ਕਿਸੇ ਖਾਸ ਤਰੀਕੇ ਨਾਲ ਖਤਮ ਕਰਨ ਨਾਲ ਸਾਡੀ ਮੁਕਤੀ ਹੋ ਜਾਵੇਗੀ । ਜਿਵੇਂ ਗੁਰਬਾਣੀ ਦਾ ਇਹ ਸਪਸ਼ਟ ਸੰਦੇਸ਼ ਹੈ:
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ।।(ਮ;1,ਪੰਨਾ 648)
ਅਰਥ: (ਮਰਨ ਤੇ) ਕੋਈ ਸਾਡ਼ੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! ਸਰੀਰ ਦੇ) ਇਸ ਸਾਡ਼ਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ।
ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥(ਮ:5,ਪੰਨਾ 1160)
ਅਰਥ:- ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ।

ਮੁਕਤੀ (ਚੋਰਾਸੀ) ਬਾਰੇ ਸਿੱਖਾਂ ਵਿਚ ਇਕ ਜਗ੍ਹਾ ਦੀ ਮਨੌਤ ਬੜੀ ਮਸ਼ਹੂਰ ਹੋਈ ਹੈ । ਸਾਡੇ ਤੋਂ ਕੁਝ ਹੀ ਦੂਰ ਸ੍ਰੀ ਗੋਇੰਦਵਾਲ ਸਾਹਿਬ ਹੈ । ਉਸ ਬਾਰੇ ਕਈ ਸਿੱਖ ਆਖਦੇ ਹਨ ਕਿ ਇਹ ਇਕ ਦਿਨ ਵਿੱਚ ਹੀ ਮੁਕਤ ਕਰ ਦੇਣ ਵਾਲੀ ਥਾਂ ਹੈ । ਦੱਸਿਆ ਜਾਂਦਾ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਦੀ ਬਣੀ ਬਾਉਲੀ ਦੀਆਂ 84 ਪਾਉੜੀਆਂ ਤੇ ਬੈਠ ਕੇ ਜਪੁ ਜੀ ਸਾਹਿਬ ਦੇ ਹਰੇਕ ਪਾਠ ਕਰਨ ਦੇ ਮਗਰੋਂ ਹਰ ਵਾਰੀ ਇਥੇ ਇਸ਼ਨਾਨ ਕਰਨ ਨਾਲ ਸਿਰਫ ਕੁਝ ਘੰਟਿਆਂ ਵਿੱਚ ਹੀ ਚੁਰਾਸੀ ਜਾਂਨੀਕਿ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ ।
ਜੇਕਰ ਵਾਕਿਆ ਹੀ ਇੰਝ ਹੈ, ਫਿਰ ਤਾਂ ਬਹੁਤ ਵਧੀਆ ਹੈ । ਜਿਸਨੇ ਵੀ ਕੁਝ ਘੰਟੇ ਸਮਾਂ ਲਾ ਕੇ ਮੁਕਤੀ ਹਾਸਲ ਕਰ ਲਈ ਫਿਰ ਉਹ ਭਾਂਵੇ ਬਾਕੀ ਦੀ ਸਾਰੀ ਉਮਰ ਜੋ ਮਰਜੀ ਮਾੜੇ ਕੰਮ ਕਰੇ ਉਹ ਤਾਂ ਮੁਕਤ ਹੀ ਹੈ । ਪਰ ਇਥੇ ਇਹ ਵੀ ਵੇਖਣਾ ਬਣਦਾ ਹੈ ਕਿ ਇਸ ਬਾਰੇ ਗੁਰਮਤਿ ਵਿਚਾਰਧਾਰਾ ਅਤੇ ਗੁਰੂ ਅਮਰਦਾਸ ਜੀ ਵੱਲੋਂ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਵਿਚ ਮੁਕਤੀ (ਚੋਰਾਸੀ) ਬਾਰੇ ਲੋਕਾਈ ਨੂੰ ਕੀ ਉਪਦੇਸ਼ ਹੈ । ਇਹ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਹੁਰਾਂ ਦੇ ਸਮੇਂ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਸੀ ਅਤੇ ਗੁਰੂ ਜੀ ਨੇ ਉਥੋਂ ਦੇ ਵਸਨੀਕਾਂ ਦੀ ਪਾਣੀ ਪੀਣ ਦੀ ਲੋੜ ਪੂਰੀ ਕਰਨ ਲਈ 1559 ਈਸਵੀ ਵਿਚ ਬਾਉਲੀ ਬਣਾਉਣੀ ਸ਼ੁਰੂ ਕੀਤੀ ਸੀ । ਅੱਗੇ ਵੇਖਦੇ ਹਾਂ ਗੁਰੂ ਜੀ ਦੇ ਕੁਝ ਸ਼ਬਦ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਕਿ ਗੁਰੂ ਜੀ ਆਪ ਸਾਨੂੰ ਮੁਕਤੀ ਪ੍ਰਾਪਤ ਕਰਨ ਦਾ ਕੀ ਜ਼ਰੀਆ ਦੱਸਦੇ ਹਨ ।
ਗੁਰਬਾਣੀ ਇਸ ਗੱਲ ਦਾ ਖੰਡਣ ਕਰਦੀ ਹੈ ਕਿ ਜਿੰਨਾ ਚਿਰ ਮਨੁੱਖ ਪੰਜਾਂ ਵਿਕਾਰਾਂ ਵਿੱਚ ਫਸਿਆ ਕਰਮਕਾਂਡ ਕਰਦਾ ਫਿਰਦਾ ਹੈ ਉਹਨਾਂ ਚਿਰ ਉਹ ਮੁਕਤ ਨਹੀਂ ਹੋ ਸਕਦਾ । ਗੁਰੂ ਦੀ ਸ਼ਰਨ ਆਇਆ ਹੀ ਇਹ ਵਿਕਾਰ ਕਾਬੂ ਵਿੱਚ ਆਉਂਦੇ ਹਨ:
ਪੰਚ ਦੂਤ ਚਿਤਵਹਿ ਵਿਕਾਰਾ ॥ ਮਾਇਆ ਮੋਹ ਕਾ ਏਹੁ ਪਸਾਰਾ ॥ ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥(ਮ:3,ਪੰਨਾ 1068)
ਜਦੋਂ ਇਨਸਾਨ ਆਤਮਿਕ ਤੌਰ ਤੇ ਇਹਨਾਂ ਵਿਕਾਰਾਂ ਤੋਂ ਨਿਜ਼ਾਤ ਹਾਸਲ ਕਰ ਲੈਂਦਾ ਹੈ ਤਾਂ ਹਰੇਕ ਵਿੱਚ ਅਕਾਲ ਪੁਰਖ ਦੀ ਜੋਤ ਵੇਖਦਾ ਹੈ। ਉਸ ਨੂੰ ਗੁਰਬਾਣੀ ਅਨੁਸਾਰ ਜੀਵਨ ਮੁਕਤ ਆਖਦੇ ਹਨ:
ਜੀਵਤ ਮੁਕਤ ਗੁਰਮਤੀ ਲਾਗੇ ॥ ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥ ਸਤਿਗੁਰੁ ਸੇਵਹਿ ਆਪੁ ਗਵਾਇ ॥ ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥ ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ।।(ਮ:3,ਪੰਨਾ1262)
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥(ਮ:3,ਪੰਨਾ 116)
ਅਰਥ:- ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ। ਉਹ ਗੁਰੂ ਦੇ ਸ਼ਬਦ ਵਿਚ ਜੁਡ਼ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ।
ਗੁਰਮੁਖਿ ਹੋਵਹਿ ਸੇ ਬੰਧਨ ਤੋਡ਼ਹਿ ਮੁਕਤੀ ਕੈ ਘਰਿ ਪਾਇਦਾ ॥(ਮ:3,ਪੰਨਾ 1062)
ਅਰਥ:- ਹੇ ਭਾਈ! ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ। ਜਿਹਡ਼ੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋਡ਼ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ।

ਮਨੁੱਖ ਦੀ ਸਰੀਰਕ ਮੌਤ ਹੋਣ ਦੇ ਬਾਅਦ ਵਾਲੀ ਮੁਕਤੀ ਜਿਹੜੀ ਕਈ ਧਰਮਾਂ ਵਿੱਚ ਪ੍ਰਚਾਰੀ ਜਾਂਦੀ ਹੈ ਪਰ ਗੁਰਮਤਿ ਦੇ ਇਸ ਬਾਰੇ ਵਿਚਾਰ ਕੁਝ ਵੱਖਰੇ ਹਨ । ਗੁਰਮਤਿ ਇਨਸਾਨ ਦੇ ਜਿਉਂਦੇ ਜੀਅ ਹੀ ਮੁਕਤ ਹੋਣ ਵਿੱਚ ਯਕੀਨ ਰੱਖਦੀ ਹੈ । ਇਸ ਬਾਰੇ ਗੁਰਬਾਣੀ ਦੇ ਹੇਠ ਲਿਖੇ ਹੋਰ ਸ਼ਬਦਾਂ ਤੋਂ ਜਾਣਕਾਰੀ ਲੈਂਦੇ ਹਾਂ । ਇਸ ਬਾਰੇ ਗੁਰੂ ਨਾਨਕ ਪਾਤਸ਼ਾਹ ਦੱਸਦੇ ਹਨ ਕਿ ਜੇਕਰ ਧਾਰਮਿਕ ਪਹਿਰਾਵਾ, ਭਜਨ ਬੰਦਗੀ ਅਤੇ ਆਪਣੇ ਅੰਦਰ (ਸੁਭਾਅ) ਜੋ ਚਲ ਰਿਹਾ ਹੈ ਇਕੋ ਜਿਹਾ ਨਹੀਂ ਹੈ ਤਾਂ ਮੁਕਤੀ ਦੀ ਆਸ ਰੱਖਣੀ ਗਲਤ ਹੈ:
ਬਿਨੁ ਗੁਰ ਸਬਦ ਨ ਛੂਟਸਿ ਕੋਇ ॥ ਪਾਖੰਡਿ ਕੀਨ੍ਹ੍ਹੈ ਮੁਕਤਿ ਨ ਹੋਇ ॥ (ਮ:1,ਪੰਨਾ 839)
ਮੁਕਤੀ ਬਾਰੇ ਭਗਤ ਨਾਮਦੇਵ ਜੀ ਅਕਾਲ ਪੁਰਖ ਨੂੰ ਆਖਦੇ ਹਨ ਕਿ ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ । ਇਹ ਪੁਜਾਰੀ ਜੋ ਮੈਂਨੂੰ ਨੀਚ ਆਖ ਰਹੇ ਹਨ ਇਸ ਤਰ੍ਹਾਂ ਤਾਂ ਤੇਰੀ ਹੀ ਇੱਜ਼ਤ ਘਟਦੀ ਹੈ:
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥ (ਪੰਨਾ1292)
ਭਗਤ ਬੇਣੀ ਜੀ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਉਨ੍ਹਾ ਮਨੁੱਖਾਂ ਨੂੰ ਸਮਝਾਉਂਦੇ ਹਨ, ਜਿਹੜੇ ਜਿਉਂਦੇ ਜੀਅ ਤਾਂ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਪਰ ਸਰੀਰਕ ਮੌਤ ਹੋ ਜਾਣ ਦੇ ਪਿੱਛੋਂ ਮੁਕਤ ਹੋਣ ਦੀ ਆਸ ਰੱਖਦੇ ਹਨ:
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥(ਪੰਨਾ93)
ਗੁਰੂ ਅਰਜਨ ਦੇਵ ਜੀ ਹੇਠ ਲਿਖੇ ਸ਼ਬਦ ਰਾਂਹੀ ਲੋਕਾਈ ਨੂੰ ਸਮਝਾਉਂਦੇ ਹਨ ਕਿ ਤੁਸੀਂ ਇਸ ਸੰਸਾਰ ਵਿਚ ਜੀਵਣ ਬਤੀਤ ਕਰਦਿਆਂ ਹੋਇਆ ਕਿਵੇਂ ਮੁਕਤ ਹੋ ਸਕਦੇ ਹੋ :
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆਂ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥(ਮ:5,ਪੰਨਾ 747)
ਗੁਰੂ ਪੰਚਮ ਪਾਤਸ਼ਾਹ ਜੀ ਦਾ ਵੀ ਪਵਿਤਰ ਬਚਨ ਹੈ ਕਿ ਜਿਹਨਾ ਚਿਰ ਇਨਸਾਨ ਵਹਿਮਾਂ ਭਰਮਾਂ ਤੇ ਕਰਮਕਾਡਾਂ ਵਿਚ ਫਸਿਆ ਹੋਇਆ ਹੈ, ਉਹਨਾਂ ਚਿਰ ਉਹ ਮੁਕਤ ਨਹੀ ਹੋ ਸਕਦਾ । ਜਿਹੜਾ ਇਹਨਾਂ ਤੋਂ ਮੁਕਤ ਹੋ ਗਿਆ ਉਹ ਹੀ ਸੁਆਮੀ, ਸੰਤ ਤੇ ਭਗਤ ਹੈ:
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥(ਮ:5,ਪੰਨਾ 680)
ਟੀਕਾਕਾਰ: ਪ੍ਰੋ ਸਾਹਿਬ ਸਿੰਘ ਜੀ ।
ਕਾਸ਼ ! ਅਸੀਂ ਮਰਨ ਮਗਰੋਂ ਕਿਸੇ ਅਖੌਤੀ ਮੁਕਤੀ ਦੀ ਆਸ ਰੱਖਣ ਨਾਲੋਂ ਜਿਉਂਦੇ ਜੀਅ ਆਪਣੀ ਹਉਮੈ, ਵਹਿਮ ਭਰਮ, ਅੰਧਵਿਸ਼ਵਾਸ, ਡਰ ਅਤੇ ਲਾਲਚ ਵਾਲੀ ਮੱਤ ਨੂੰ ਛੱਡੀਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ ਗੁਰੂ) ਵਲੋਂ ਦੱਸੀ ਸਦੀਵੀ ਸੱਚੀ ਜੀਵਨ ਜਾਚ ਅਨੁਸਾਰ ਚਲਦਿਆਂ ਹੋਇਆਂ, ਆਤਮਿਕ ਵਿਕਾਰਾਂ 'ਤੇ ਕਾਬੂ ਪਾਉਂਦੇ ਹੋਏ, ਸੰਸਾਰ ਵਿੱਚ ਰਹਿੰਦਿਆਂ ਦੁਨੀਆਵੀ ਕਾਰ-ਵਿਹਾਰ ਕਰਦੇ ਹੋਏ, ਆਪਣੇ ਜੀਵਨ ਕਾਲ ਵਿੱਚ ਹੀ ਮੁਕਤ ਹੋਣ ਦੀ ਕੋਸ਼ਿਸ਼ ਕਰੀਏ ।
ਜਿਵੇਂ ਗੁਰੂ ਜੀ ਦਾ ਫੁਰਮਾਣ ਹੈ: ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ ਵਿਚੇ ਹੋਵੈ ਮੁਕਤਿ ।।(ਮ:5,ਪੰਨਾ 522)




.